ਯਹੋਵਾਹ ਤੋਂ ਡਰੋ ਤੇ ਜ਼ਿੰਦਗੀ ਦਾ ਆਨੰਦ ਮਾਣੋ
“ਹੇ ਯਹੋਵਾਹ ਦੇ ਸੰਤੋ, ਉਸ ਤੋਂ ਡਰੋ, ਕਿਉਂ ਜੋ ਉਹ ਦੇ ਡਰਨ ਵਾਲਿਆਂ ਨੂੰ ਕੋਈ ਥੁੜ ਨਹੀਂ।”—ਜ਼ਬੂਰਾਂ ਦੀ ਪੋਥੀ 34:9.
1, 2. (ੳ) ਪਰਮੇਸ਼ੁਰ ਦਾ ਡਰ ਰੱਖਣ ਸੰਬੰਧੀ ਚਰਚਾਂ ਦੇ ਪਾਦਰੀਆਂ ਦਾ ਕਿਹੜਾ ਵੱਖੋ-ਵੱਖਰਾ ਨਜ਼ਰੀਆ ਹੈ? (ਅ) ਆਪਾਂ ਕਿਹੜੇ ਸਵਾਲਾਂ ਤੇ ਚਰਚਾ ਕਰਾਂਗੇ?
ਚਰਚਾਂ ਦੇ ਕਈ ਪਾਦਰੀ ਲੋਕਾਂ ਨੂੰ ਪਰਮੇਸ਼ੁਰ ਦਾ ਡਰ ਰੱਖਣਾ ਤਾਂ ਸਿਖਾਉਂਦੇ ਹਨ, ਪਰ ਇਹ ਡਰ ਇਸ ਸਿੱਖਿਆ ਉੱਤੇ ਆਧਾਰਿਤ ਹੁੰਦਾ ਹੈ ਕਿ ਪਰਮੇਸ਼ੁਰ ਪਾਪੀਆਂ ਨੂੰ ਨਰਕ ਵਿਚ ਸਾੜ-ਸਾੜ ਕੇ ਤੜਫ਼ਾਉਂਦਾ ਹੈ। ਉਨ੍ਹਾਂ ਦੀ ਇਹ ਸਿੱਖਿਆ ਬਾਈਬਲ ਦੇ ਖ਼ਿਲਾਫ਼ ਹੈ ਕਿਉਂਕਿ ਬਾਈਬਲ ਸਿਖਾਉਂਦੀ ਹੈ ਕਿ ਯਹੋਵਾਹ ਪਿਆਰ ਅਤੇ ਨਿਆਂ ਕਰਨ ਵਾਲਾ ਪਰਮੇਸ਼ੁਰ ਹੈ। (ਉਤਪਤ 3:19; ਬਿਵਸਥਾ ਸਾਰ 32:4; ਰੋਮੀਆਂ 6:23; 1 ਯੂਹੰਨਾ 4:8) ਹੋਰ ਪਾਦਰੀ ਪਰਮੇਸ਼ੁਰ ਦੇ ਡਰ ਦਾ ਜ਼ਿਕਰ ਹੀ ਨਹੀਂ ਕਰਦੇ। ਉਹ ਸਿਖਾਉਂਦੇ ਹਨ ਕਿ ਪਰਮੇਸ਼ੁਰ ਦਿਆਲੂ ਹੈ ਅਤੇ ਉਹ ਹਰ ਇਨਸਾਨ ਦੀ ਭਗਤੀ ਕਬੂਲ ਕਰਦਾ ਹੈ ਚਾਹੇ ਉਹ ਜਿੱਦਾਂ ਦੇ ਮਰਜ਼ੀ ਕੰਮ ਕਰਨ। ਇਹ ਸਿੱਖਿਆ ਵੀ ਬਾਈਬਲ ਦੇ ਖ਼ਿਲਾਫ਼ ਹੈ।—ਗਲਾਤੀਆਂ 5:19-21.
2 ਬਾਈਬਲ ਸਾਨੂੰ ਪਰਮੇਸ਼ੁਰ ਤੋਂ ਡਰਨ ਦਾ ਉਤਸ਼ਾਹ ਦਿੰਦੀ ਹੈ। (ਪਰਕਾਸ਼ ਦੀ ਪੋਥੀ 14:7) ਇਸ ਕਰਕੇ ਕੁਝ ਸਵਾਲ ਖੜ੍ਹੇ ਹੁੰਦੇ ਹਨ। ਪਿਆਰ ਕਰਨ ਵਾਲਾ ਪਰਮੇਸ਼ੁਰ ਕਿਉਂ ਚਾਹੁੰਦਾ ਹੈ ਕਿ ਅਸੀਂ ਉਸ ਤੋਂ ਡਰੀਏ? ਉਹ ਸਾਨੂੰ ਕਿਸ ਤਰ੍ਹਾਂ ਦਾ ਡਰ ਰੱਖਣ ਲਈ ਕਹਿੰਦਾ ਹੈ? ਪਰਮੇਸ਼ੁਰ ਤੋਂ ਡਰਨ ਨਾਲ ਸਾਨੂੰ ਕਿਵੇਂ ਫ਼ਾਇਦਾ ਹੋਵੇਗਾ? ਜ਼ਬੂਰ 34 ਉੱਤੇ ਅੱਗੋਂ ਚਰਚਾ ਕਰਨ ਦੇ ਨਾਲ-ਨਾਲ ਆਪਾਂ ਇਨ੍ਹਾਂ ਸਵਾਲਾਂ ਤੇ ਗੌਰ ਕਰਾਂਗੇ।
ਪਰਮੇਸ਼ੁਰ ਤੋਂ ਕਿਉਂ ਡਰੀਏ
3. (ੳ) ਪਰਮੇਸ਼ੁਰ ਤੋਂ ਡਰਨ ਬਾਰੇ ਤੁਹਾਡਾ ਕੀ ਖ਼ਿਆਲ ਹੈ? (ਅ) ਯਹੋਵਾਹ ਤੋਂ ਡਰਨ ਵਾਲੇ ਲੋਕ ਖ਼ੁਸ਼ ਕਿਉਂ ਹਨ?
3 ਯਹੋਵਾਹ ਸਾਰੇ ਜਹਾਨ ਦਾ ਸਿਰਜਣਹਾਰ ਅਤੇ ਮਾਲਕ ਹੈ, ਇਸ ਲਈ ਸਾਨੂੰ ਉਸ ਦਾ ਭੈ ਰੱਖਣਾ ਚਾਹੀਦਾ ਹੈ। (1 ਪਤਰਸ 2:17) ਪਰ ਇਹ ਭੈ ਕਿਸੇ ਕਰੂਰ ਦੇਵਤੇ ਦਾ ਖ਼ੌਫ਼ ਨਹੀਂ ਹੈ। ਇਹ ਯਹੋਵਾਹ ਦੀ ਮਹਾਨਤਾ ਕਾਰਨ ਉਸ ਪ੍ਰਤੀ ਸ਼ਰਧਾ ਦਾ ਭਾਵ ਹੈ। ਅਸੀਂ ਉਸ ਨੂੰ ਨਾਰਾਜ਼ ਕਰਨ ਤੋਂ ਡਰਦੇ ਹਾਂ। ਪਰਮੇਸ਼ੁਰ ਦਾ ਡਰ ਰੱਖਣਾ ਚੰਗੀ ਗੱਲ ਹੈ ਕਿਉਂਕਿ ਇਹ ਸਾਡੇ ਭਲੇ ਲਈ ਹੈ ਤੇ ਇਹ ਸਾਨੂੰ ਨਿਰਾਸ਼ ਜਾਂ ਭੈਭੀਤ ਨਹੀਂ ਕਰਦਾ। ਯਹੋਵਾਹ ਖ਼ੁਸ਼ਦਿਲ ਪਰਮੇਸ਼ੁਰ ਹੈ ਤੇ ਉਹ ਚਾਹੁੰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਦਾ ਮਜ਼ਾ ਲਈਏ। ਪਰ ਜ਼ਿੰਦਗੀ ਦਾ ਮਜ਼ਾ ਲੈਣ ਲਈ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੇ ਮਿਆਰਾਂ ਉੱਤੇ ਚੱਲੀਏ। ਇਸ ਤਰ੍ਹਾਂ ਕਰਨ ਲਈ ਸ਼ਾਇਦ ਸਾਨੂੰ ਆਪਣੀ ਜ਼ਿੰਦਗੀ ਵਿਚ ਕੁਝ ਤਬਦੀਲੀਆਂ ਕਰਨ ਦੀ ਲੋੜ ਪਵੇ। ਜੋ ਲੋਕ ਆਪਣੇ ਜੀਉਣ ਦੇ ਤੌਰ-ਤਰੀਕਿਆਂ ਵਿਚ ਜ਼ਰੂਰੀ ਸੁਧਾਰ ਕਰਦੇ ਹਨ, ਉਹ ਦਾਊਦ ਦੇ ਇਨ੍ਹਾਂ ਸ਼ਬਦਾਂ ਦੀ ਸੱਚਾਈ ਅਨੁਭਵ ਕਰਦੇ ਹਨ: “ਚੱਖੋ ਤੇ ਵੇਖੋ ਭਈ ਯਹੋਵਾਹ ਭਲਾ ਹੈ, ਧੰਨ ਹੈ ਉਹ ਪੁਰਸ਼ ਜੋ ਉਸ ਵਿੱਚ ਪਨਾਹ ਲੈਂਦਾ ਹੈ। ਹੇ ਯਹੋਵਾਹ ਦੇ ਸੰਤੋ, ਉਸ ਤੋਂ ਡਰੋ, ਕਿਉਂ ਜੋ ਉਹ ਦੇ ਡਰਨ ਵਾਲਿਆਂ ਨੂੰ ਕੋਈ ਥੁੜ ਨਹੀਂ।” (ਜ਼ਬੂਰਾਂ ਦੀ ਪੋਥੀ 34:8, 9) ਯਹੋਵਾਹ ਤੋਂ ਡਰਨ ਵਾਲਿਆਂ ਨੂੰ ਉਨ੍ਹਾਂ ਚੀਜ਼ਾਂ ਦੀ ਥੁੜ੍ਹ ਨਹੀਂ ਹੁੰਦੀ ਜੋ ਸੱਚ-ਮੁੱਚ ਅਹਿਮੀਅਤ ਰੱਖਦੀਆਂ ਹਨ। ਕਿਉਂ? ਕਿਉਂਕਿ ਉਨ੍ਹਾਂ ਦਾ ਯਹੋਵਾਹ ਨਾਲ ਚੰਗਾ ਰਿਸ਼ਤਾ ਹੁੰਦਾ ਹੈ।
4. ਦਾਊਦ ਅਤੇ ਯਿਸੂ ਨੇ ਕਿਹੜਾ ਯਕੀਨ ਦਿਵਾਇਆ ਸੀ?
4 ਧਿਆਨ ਦਿਓ ਕਿ ਦਾਊਦ ਨੇ ਆਪਣੇ ਜ਼ਮਾਨੇ ਦੇ ਦਸਤੂਰ ਅਨੁਸਾਰ ਆਪਣੇ ਸਾਥੀਆਂ ਨੂੰ ‘ਸੰਤ’ ਯਾਨੀ ਪਵਿੱਤਰ ਲੋਕ ਕਿਹਾ। ਉਹ ਪਰਮੇਸ਼ੁਰ ਦੀ ਪਵਿੱਤਰ ਕੌਮ ਦੇ ਮੈਂਬਰ ਸਨ। ਉਨ੍ਹਾਂ ਨੇ ਦਾਊਦ ਦਾ ਸਾਥ ਦੇਣ ਲਈ ਆਪਣੀਆਂ ਜਾਨਾਂ ਖ਼ਤਰੇ ਵਿਚ ਪਾਈਆਂ ਸਨ। ਉਹ ਰਾਜਾ ਸ਼ਾਊਲ ਤੋਂ ਆਪਣੀ ਜਾਨ ਬਚਾਉਣ ਲਈ ਭੱਜ ਰਹੇ ਸਨ, ਫਿਰ ਵੀ ਦਾਊਦ ਨੂੰ ਯਕੀਨ ਸੀ ਕਿ ਯਹੋਵਾਹ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰੇਗਾ। ਦਾਊਦ ਨੇ ਲਿਖਿਆ: “ਸ਼ੇਰ ਬੱਚਿਆਂ ਨੂੰ ਘਾਟਾ ਪੈਂਦਾ ਅਤੇ ਭੁੱਖ ਲੱਗਦੀ ਹੈ, ਪਰ ਯਹੋਵਾਹ ਦੇ ਤਾਲਿਬਾਂ ਨੂੰ ਕਿਸੇ ਚੰਗੀ ਵਸਤ ਦੀ ਥੁੜ ਨਹੀਂ ਹੋਵੇਗੀ।” (ਜ਼ਬੂਰਾਂ ਦੀ ਪੋਥੀ 34:10) ਯਿਸੂ ਨੇ ਵੀ ਆਪਣੇ ਚੇਲਿਆਂ ਨੂੰ ਇਹੀ ਯਕੀਨ ਦਿਵਾਇਆ ਸੀ।—ਮੱਤੀ 6:33.
5. (ੳ) ਯਿਸੂ ਦੀ ਗੱਲ ਸੁਣਨ ਵਾਲਿਆਂ ਦੇ ਹਾਲਾਤ ਕਿਹੋ ਜਿਹੇ ਸਨ? (ਅ) ਯਿਸੂ ਨੇ ਕਿਸ ਕੋਲੋਂ ਡਰਨ ਦੀ ਸਲਾਹ ਦਿੱਤੀ?
5 ਯਿਸੂ ਦੀ ਗੱਲ ਸੁਣਨ ਵਾਲੇ ਕਈ ਯਹੂਦੀ ਗ਼ਰੀਬ ਸਨ। ਇਸ ਲਈ ਯਿਸੂ ਨੂੰ “ਉਨ੍ਹਾਂ ਉੱਤੇ ਤਰਸ ਆਇਆ ਕਿਉਂ ਜੋ ਉਨ੍ਹਾਂ ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ ਓਹ ਲੋਕ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ।” (ਮੱਤੀ 9:36) ਕੀ ਇਨ੍ਹਾਂ ਗ਼ਰੀਬਾਂ ਕੋਲ ਯਿਸੂ ਦੇ ਦੱਸੇ ਰਾਹ ਤੇ ਚੱਲਣ ਦੀ ਹਿੰਮਤ ਸੀ? ਇਸ ਰਾਹ ਤੇ ਚੱਲਣ ਲਈ ਉਨ੍ਹਾਂ ਨੂੰ ਆਪਣੇ ਅੰਦਰੋਂ ਲੋਕਾਂ ਦਾ ਡਰ ਕੱਢ ਕੇ ਪਰਮੇਸ਼ੁਰ ਦਾ ਡਰ ਪੈਦਾ ਕਰਨ ਦੀ ਲੋੜ ਸੀ। ਯਿਸੂ ਨੇ ਕਿਹਾ: “ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਦੇਹੀ ਨੂੰ ਮਾਰਦੇ ਹਨ ਅਰ ਇਸ ਤੋਂ ਵੱਧ ਹੋਰ ਕੁਝ ਨਹੀਂ ਕਰ ਸੱਕਦੇ। ਪਰ ਮੈਂ ਤੁਹਾਨੂੰ ਦੱਸਦਾ ਹਾਂ ਜੋ ਤੁਸੀਂ ਕਿਹ ਦੇ ਕੋਲੋਂ ਡਰੋ। ਉਸ ਕੋਲੋਂ ਡਰੋ ਜੋ ਮਾਰਨ ਦੇ ਪਿੱਛੋਂ ਨਰਕ [“ਗ਼ਹੈਨਾ,” NW] ਵਿੱਚ ਸੁੱਟਣ ਦਾ ਇਖ਼ਤਿਆਰ ਰੱਖਦਾ ਹੈ। ਹਾਂ, ਮੈਂ ਤੁਹਾਨੂੰ ਆਖਦਾ ਹਾਂ ਜੋ ਉਸੇ ਤੋਂ ਡਰੋ। ਭਲਾ, ਦੋ ਪੈਸਿਆਂ ਨੂੰ ਪੰਜ ਚਿੜੀਆਂ ਨਹੀਂ ਵਿਕਦੀਆਂ? ਪਰ ਇਨ੍ਹਾਂ ਵਿੱਚੋਂ ਇੱਕ ਵੀ ਪਰਮੇਸ਼ੁਰ ਦੇ ਅੱਗੇ ਵਿਸਰੀ ਹੋਈ ਨਹੀਂ। ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ। ਨਾ ਡਰੋ, ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।”—ਲੂਕਾ 12:4-7.
6. (ੳ) ਯਿਸੂ ਦੇ ਕਿਹੜੇ ਸ਼ਬਦਾਂ ਤੋਂ ਮਸੀਹੀਆਂ ਨੂੰ ਹੌਸਲਾ ਮਿਲਿਆ ਹੈ? (ਅ) ਪਰਮੇਸ਼ੁਰ ਦਾ ਭੈ ਰੱਖਣ ਦੇ ਮਾਮਲੇ ਵਿਚ ਯਿਸੂ ਕਿਉਂ ਸਭ ਤੋਂ ਵਧੀਆ ਮਿਸਾਲ ਹੈ?
6 ਜਦੋਂ ਯਹੋਵਾਹ ਤੋਂ ਡਰਨ ਵਾਲਿਆਂ ਦੇ ਦੁਸ਼ਮਣ ਉਨ੍ਹਾਂ ਤੇ ਪਰਮੇਸ਼ੁਰ ਦੀ ਭਗਤੀ ਨਾ ਕਰਨ ਦਾ ਦਬਾਅ ਪਾਉਂਦੇ ਹਨ, ਤਾਂ ਉਹ ਯਿਸੂ ਦੀ ਇਹ ਗੱਲ ਚੇਤੇ ਰੱਖਦੇ ਹਨ: “ਜੋ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਕਰਾਰ ਕਰੇ ਮਨੁੱਖ ਦਾ ਪੁੱਤ੍ਰ ਵੀ ਪਰਮੇਸ਼ੁਰ ਦੇ ਦੂਤਾਂ ਦੇ ਅੱਗੇ ਉਹ ਦਾ ਇਕਰਾਰ ਕਰੇਗਾ। ਪਰ ਜੋ ਮਨੁੱਖਾਂ ਦੇ ਅੱਗੇ ਮੇਰਾ ਇਨਕਾਰ ਕਰੇ ਪਰਮੇਸ਼ੁਰ ਦੇ ਦੂਤਾਂ ਦੇ ਅੱਗੇ ਉਹ ਦਾ ਇਨਕਾਰ ਕੀਤਾ ਜਾਵੇਗਾ।” (ਲੂਕਾ 12:8, 9) ਇਨ੍ਹਾਂ ਸ਼ਬਦਾਂ ਤੋਂ ਮਸੀਹੀਆਂ ਨੂੰ ਬਹੁਤ ਹੌਸਲਾ ਮਿਲਿਆ ਹੈ, ਖ਼ਾਸਕਰ ਉਨ੍ਹਾਂ ਦੇਸ਼ਾਂ ਵਿਚ ਰਹਿੰਦੇ ਮਸੀਹੀਆਂ ਨੂੰ ਜਿੱਥੇ ਸੱਚੀ ਭਗਤੀ ਉੱਤੇ ਪਾਬੰਦੀ ਲੱਗੀ ਹੋਈ ਹੈ। ਇਹ ਮਸੀਹੀ ਲੁਕ-ਛਿਪ ਕੇ ਆਪਣੀਆਂ ਸਭਾਵਾਂ ਵਿਚ ਅਤੇ ਪ੍ਰਚਾਰ ਦਾ ਕੰਮ ਕਰ ਕੇ ਯਹੋਵਾਹ ਦੀ ਵਡਿਆਈ ਕਰ ਰਹੇ ਹਨ। (ਰਸੂਲਾਂ ਦੇ ਕਰਤੱਬ 5:29) “ਪਰਮੇਸ਼ੁਰ ਦਾ ਭੈ” ਰੱਖਣ ਦੇ ਮਾਮਲੇ ਵਿਚ ਯਿਸੂ ਨੇ ਵਧੀਆ ਮਿਸਾਲ ਕਾਇਮ ਕੀਤੀ। (ਇਬਰਾਨੀਆਂ 5:7) ਉਸ ਬਾਰੇ ਭਵਿੱਖਬਾਣੀ ਵਿਚ ਕਿਹਾ ਗਿਆ ਸੀ: ‘ਯਹੋਵਾਹ ਦਾ ਆਤਮਾ ਉਸ ਉੱਤੇ ਠਹਿਰੇਗਾ, ਯਹੋਵਾਹ ਦੇ ਭੈ ਦਾ ਆਤਮਾ। ਅਤੇ ਯਹੋਵਾਹ ਦੇ ਭੈ ਵਿੱਚ ਉਹ ਮਗਨ ਰਹੇਗਾ।’ (ਯਸਾਯਾਹ 11:2, 3) ਇਸ ਲਈ ਯਿਸੂ ਦੀ ਮਿਸਾਲ ਤੋਂ ਹੀ ਅਸੀਂ ਪਰਮੇਸ਼ੁਰ ਦਾ ਭੈ ਰੱਖਣ ਦੇ ਫ਼ਾਇਦਿਆਂ ਬਾਰੇ ਚੰਗੀ ਤਰ੍ਹਾਂ ਸਿੱਖ ਸਕਦੇ ਹਾਂ।
7. (ੳ) ਦਾਊਦ ਨੇ ਆਪਣੇ ਆਦਮੀਆਂ ਨੂੰ ਕੀ ਕਰਨ ਦਾ ਸੱਦਾ ਦਿੱਤਾ ਸੀ ਅਤੇ ਮਸੀਹੀ ਅੱਜ ਇਸ ਨੂੰ ਕਿਵੇਂ ਕਬੂਲ ਕਰ ਰਹੇ ਹਨ? (ਅ) ਮਾਪੇ ਦਾਊਦ ਦੀ ਚੰਗੀ ਮਿਸਾਲ ਉੱਤੇ ਕਿਵੇਂ ਚੱਲ ਸਕਦੇ ਹਨ?
7 ਯਿਸੂ ਦੀ ਮਿਸਾਲ ਤੇ ਚੱਲਣ ਵਾਲੇ ਅਤੇ ਉਸ ਦੀਆਂ ਸਿੱਖਿਆਵਾਂ ਨੂੰ ਮੰਨਣ ਵਾਲੇ ਦਰਅਸਲ ਉਸੇ ਤਰ੍ਹਾਂ ਦੇ ਸੱਦੇ ਨੂੰ ਕਬੂਲ ਕਰ ਰਹੇ ਹਨ ਜੋ ਦਾਊਦ ਨੇ ਆਪਣੇ ਆਦਮੀਆਂ ਨੂੰ ਦਿੱਤਾ ਸੀ: “ਬੱਚਿਓ, ਆਓ, ਮੇਰੀ ਸੁਣੋ, ਅਤੇ ਮੈਂ ਤੁਹਾਨੂੰ ਯਹੋਵਾਹ ਦਾ ਭੈ ਸਿਖਾਵਾਂਗਾ।” (ਜ਼ਬੂਰਾਂ ਦੀ ਪੋਥੀ 34:11) ਇੱਥੇ ਦਾਊਦ ਲਈ ਆਪਣੇ ਆਦਮੀਆਂ ਨੂੰ ‘ਬੱਚੇ’ ਕਹਿਣਾ ਸੁਭਾਵਕ ਗੱਲ ਸੀ ਕਿਉਂਕਿ ਉਹ ਆਦਮੀ ਦਾਊਦ ਨੂੰ ਆਪਣਾ ਆਗੂ ਮੰਨਦੇ ਸਨ। ਦਾਊਦ ਨੇ ਉਨ੍ਹਾਂ ਨੂੰ ਪਰਮੇਸ਼ੁਰ ਦਾ ਭੈ ਰੱਖਣਾ ਸਿਖਾਇਆ ਸੀ ਤਾਂਕਿ ਉਹ ਏਕਤਾ ਨਾਲ ਰਹਿ ਸਕਣ ਅਤੇ ਪਰਮੇਸ਼ੁਰ ਦੀ ਮਿਹਰ ਪਾ ਸਕਣ। ਮਸੀਹੀ ਮਾਪਿਆਂ ਲਈ ਉਸ ਨੇ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ! ਯਹੋਵਾਹ ਨੇ ਮਾਪਿਆਂ ਨੂੰ ਆਪਣੇ ਪੁੱਤਰਾਂ-ਧੀਆਂ ਨੂੰ ‘ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰਨ’ ਦੀ ਜ਼ਿੰਮੇਵਾਰੀ ਦਿੱਤੀ ਹੈ। (ਅਫ਼ਸੀਆਂ 6:4) ਉਹ ਆਪਣੇ ਬੱਚਿਆਂ ਨਾਲ ਹਰ ਰੋਜ਼ ਪਰਮੇਸ਼ੁਰ ਬਾਰੇ ਗੱਲਾਂ ਕਰਦੇ ਹਨ ਅਤੇ ਉਨ੍ਹਾਂ ਨਾਲ ਬਾਕਾਇਦਾ ਬਾਈਬਲ ਅਧਿਐਨ ਕਰਦੇ ਹਨ ਤਾਂਕਿ ਬੱਚੇ ਪਰਮੇਸ਼ੁਰ ਦਾ ਭੈ ਮੰਨਦੇ ਹੋਏ ਜ਼ਿੰਦਗੀ ਦਾ ਮਜ਼ਾ ਲੈਣ।—ਬਿਵਸਥਾ ਸਾਰ 6:6, 7.
ਪਰਮੇਸ਼ੁਰ ਦਾ ਭੈ ਕਿਵੇਂ ਰੱਖੀਏ
8, 9. (ੳ) ਪਰਮੇਸ਼ੁਰ ਦਾ ਭੈ ਰੱਖਣ ਨਾਲ ਸਾਡੀ ਜ਼ਿੰਦਗੀ ਕਿਵੇਂ ਮਜ਼ੇਦਾਰ ਬਣਦੀ ਹੈ? (ਅ) ਆਪਣੀ ਜੀਭ ਨੂੰ ਰੋਕਣ ਦਾ ਕੀ ਮਤਲਬ ਹੈ?
8 ਜਿਵੇਂ ਆਪਾਂ ਪਹਿਲਾਂ ਦੇਖਿਆ ਹੈ, ਯਹੋਵਾਹ ਤੋਂ ਡਰਨ ਦਾ ਇਹ ਮਤਲਬ ਨਹੀਂ ਕਿ ਅਸੀਂ ਖ਼ੁਸ਼ ਨਹੀਂ ਹੋਵਾਂਗੇ। ਦਾਊਦ ਨੇ ਪੁੱਛਿਆ ਸੀ: “ਉਹ ਕਿਹੜਾ ਮਨੁੱਖ ਹੈ ਜਿਹੜਾ ਜੀਵਨ ਨੂੰ ਲੋਚਦਾ ਹੈ, ਅਤੇ ਬਹੁਤ ਦਿਨ ਚਾਹੁੰਦਾ ਹੈ ਤਾਂਕਿ ਭਲਿਆਈ ਵੇਖੇ?” (ਜ਼ਬੂਰਾਂ ਦੀ ਪੋਥੀ 34:12) ਯਹੋਵਾਹ ਦਾ ਭੈ ਰੱਖ ਕੇ ਹੀ ਅਸੀਂ ਖ਼ੁਸ਼ੀ-ਖ਼ੁਸ਼ੀ ਲੰਬੀ ਜ਼ਿੰਦਗੀ ਜੀਵਾਂਗੇ ਅਤੇ ਭਲਿਆਈ ਦੇਖਾਂਗੇ। ਇਹ ਕਹਿਣਾ ਆਸਾਨ ਹੈ ਕਿ “ਮੈਂ ਪਰਮੇਸ਼ੁਰ ਦਾ ਭੈ ਰੱਖਦਾ ਹਾਂ।” ਪਰ ਆਪਣੇ ਚਾਲ-ਚਲਣ ਦੁਆਰਾ ਇਸ ਦਾ ਸਬੂਤ ਦੇਣਾ ਵੱਖਰੀ ਗੱਲ ਹੈ। ਇਸ ਲਈ ਦਾਊਦ ਅੱਗੇ ਸਮਝਾਉਂਦਾ ਹੈ ਕਿ ਅਸੀਂ ਆਪਣੇ ਕੰਮਾਂ ਰਾਹੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਪਰਮੇਸ਼ੁਰ ਦਾ ਭੈ ਰੱਖਦੇ ਹਾਂ।
9 “ਆਪਣੀ ਜੀਭ ਨੂੰ ਬੁਰਿਆਈ ਤੋਂ, ਅਤੇ ਆਪਣੇ ਬੁੱਲ੍ਹਾਂ ਨੂੰ ਮਕਰ ਬੋਲਣ ਤੋਂ ਰੋਕ ਰੱਖ।” (ਜ਼ਬੂਰਾਂ ਦੀ ਪੋਥੀ 34:13) ਪਤਰਸ ਰਸੂਲ ਨੇ ਮਸੀਹੀਆਂ ਨੂੰ ਸਲਾਹ ਦਿੱਤੀ ਸੀ ਕਿ ਉਹ ਇਕ-ਦੂਜੇ ਨਾਲ ਭਰਾਵਾਂ ਵਰਗਾ ਪਿਆਰ ਕਰਨ। (1 ਪਤਰਸ 3:8-12) ਇਹ ਸਲਾਹ ਦੇਣ ਤੋਂ ਬਾਅਦ ਉਸ ਨੇ ਜ਼ਬੂਰ 34 ਦੇ ਸ਼ਬਦਾਂ ਦਾ ਹਵਾਲਾ ਦਿੱਤਾ। ਆਪਣੀ ਜੀਭ ਨੂੰ ਬੁਰਾਈ ਤੋਂ ਰੋਕਣ ਦਾ ਮਤਲਬ ਹੈ ਕਿ ਅਸੀਂ ਦੂਜਿਆਂ ਦੀਆਂ ਚੁਗ਼ਲੀਆਂ ਕਰ ਕੇ ਉਨ੍ਹਾਂ ਬਾਰੇ ਝੂਠੀਆਂ ਗੱਲਾਂ ਨਾ ਫੈਲਾਈਏ। ਇਸ ਦੀ ਬਜਾਇ, ਅਸੀਂ ਦੂਜਿਆਂ ਨਾਲ ਗੱਲ ਕਰਦੇ ਸਮੇਂ ਹਮੇਸ਼ਾ ਉਨ੍ਹਾਂ ਨੂੰ ਉਤਸ਼ਾਹ ਦੇਣ ਦੀ ਕੋਸ਼ਿਸ਼ ਕਰਾਂਗੇ। ਨਾਲੇ ਅਸੀਂ ਦਲੇਰੀ ਨਾਲ ਹਮੇਸ਼ਾ ਸੱਚ ਬੋਲਾਂਗੇ।—ਅਫ਼ਸੀਆਂ 4:25, 29, 31; ਯਾਕੂਬ 5:16.
10. (ੳ) ਬਦੀ ਤੋਂ ਹਟਣ ਦਾ ਕੀ ਮਤਲਬ ਹੈ? (ਅ) ਨੇਕੀ ਕਰਨ ਵਿਚ ਕੀ ਕੁਝ ਸ਼ਾਮਲ ਹੈ?
10 “ਬਦੀ ਤੋਂ ਹਟ ਜਾਹ ਅਤੇ ਨੇਕੀ ਕਰ, ਮੇਲ ਨੂੰ ਭਾਲ ਅਤੇ ਉਹ ਦਾ ਪਿੱਛਾ ਕਰ।” (ਜ਼ਬੂਰਾਂ ਦੀ ਪੋਥੀ 34:14) ਅਸੀਂ ਉਹ ਕੰਮ ਨਹੀਂ ਕਰਦੇ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬੁਰੇ ਹਨ ਜਿਵੇਂ ਵਿਭਚਾਰ ਕਰਨਾ, ਗੰਦੀਆਂ ਤਸਵੀਰਾਂ ਜਾਂ ਫਿਲਮਾਂ ਦੇਖਣੀਆਂ, ਚੋਰੀ ਕਰਨੀ, ਹਿੰਸਾ ਕਰਨੀ, ਜਾਦੂ-ਟੂਣੇ, ਸ਼ਰਾਬੀਪੁਣਾ ਤੇ ਨਸ਼ੇ ਕਰਨੇ। ਅਸੀਂ ਅਜਿਹਾ ਮਨੋਰੰਜਨ ਵੀ ਨਹੀਂ ਕਰਦੇ ਜਿਸ ਵਿਚ ਇਨ੍ਹਾਂ ਘਿਣਾਉਣੀਆਂ ਚੀਜ਼ਾਂ ਨੂੰ ਦਿਖਾਇਆ ਜਾਂ ਇਨ੍ਹਾਂ ਦਾ ਜ਼ਿਕਰ ਕੀਤਾ ਜਾਂਦਾ ਹੈ। (ਅਫ਼ਸੀਆਂ 5:10-12) ਅਸੀਂ ਆਪਣਾ ਸਮਾਂ ਨੇਕ ਕੰਮ ਕਰਨ ਵਿਚ ਗੁਜ਼ਾਰਦੇ ਹਾਂ। ਸਭ ਤੋਂ ਨੇਕ ਕੰਮ ਜੋ ਅਸੀਂ ਕਰ ਸਕਦੇ ਹਾਂ, ਉਹ ਹੈ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨਾ ਅਤੇ ਚੇਲੇ ਬਣਾਉਣਾ ਤਾਂਕਿ ਦੂਜੇ ਲੋਕ ਵੀ ਮੁਕਤੀ ਹਾਸਲ ਕਰ ਸਕਣ। (ਮੱਤੀ 24:14; 28:19, 20) ਨੇਕ ਕੰਮਾਂ ਵਿਚ ਆਪਣੀਆਂ ਸਭਾਵਾਂ ਦੀ ਤਿਆਰੀ ਕਰਨੀ ਤੇ ਇਨ੍ਹਾਂ ਵਿਚ ਹਾਜ਼ਰ ਹੋਣਾ, ਦੁਨੀਆਂ ਭਰ ਵਿਚ ਕੀਤੇ ਜਾਂਦੇ ਪਰਮੇਸ਼ੁਰ ਦੇ ਕੰਮ ਲਈ ਦਾਨ ਦੇਣਾ, ਕਿੰਗਡਮ ਹਾਲ ਦੀ ਸਾਂਭ-ਸੰਭਾਲ ਕਰਨੀ ਅਤੇ ਲੋੜਵੰਦ ਭੈਣਾਂ-ਭਰਾਵਾਂ ਦਾ ਧਿਆਨ ਰੱਖਣਾ ਵੀ ਸ਼ਾਮਲ ਹੈ।
11. (ੳ) ਦਾਊਦ ਨੇ ਮੇਲ ਰੱਖਣ ਬਾਰੇ ਆਪਣੇ ਸ਼ਬਦਾਂ ਨੂੰ ਅਮਲ ਵਿਚ ਕਿਵੇਂ ਲਿਆਂਦਾ? (ਅ) ਕਲੀਸਿਯਾ ਵਿਚ ‘ਮੇਲ ਭਾਲਣ’ ਲਈ ਤੁਸੀਂ ਕੀ ਕਰ ਸਕਦੇ ਹੋ?
11 ਦਾਊਦ ਨੇ ਮੇਲ ਦਾ ਪਿੱਛਾ ਕਰਨ ਯਾਨੀ ਸ਼ਾਂਤੀ ਬਣਾਈ ਰੱਖਣ ਵਿਚ ਵਧੀਆ ਮਿਸਾਲ ਕਾਇਮ ਕੀਤੀ। ਸ਼ਾਊਲ ਨੂੰ ਮਾਰਨ ਦਾ ਉਸ ਨੂੰ ਦੋ ਵਾਰ ਮੌਕਾ ਮਿਲਿਆ। ਦੋਹਾਂ ਮੌਕਿਆਂ ਤੇ ਉਸ ਨੇ ਸ਼ਾਊਲ ਤੋਂ ਬਦਲਾ ਨਹੀਂ ਲਿਆ, ਸਗੋਂ ਸ਼ਾਂਤੀ ਬਣਾਉਣ ਦੀ ਉਮੀਦ ਵਿਚ ਉਸ ਨੇ ਬੜੇ ਆਦਰ ਨਾਲ ਰਾਜੇ ਨਾਲ ਗੱਲ ਕੀਤੀ। (1 ਸਮੂਏਲ 24:8-11; 26:17-20) ਜੇ ਕੋਈ ਅਜਿਹੀ ਸਥਿਤੀ ਖੜ੍ਹੀ ਹੋ ਜਾਵੇ ਜਿਸ ਕਾਰਨ ਕਲੀਸਿਯਾ ਦੀ ਸ਼ਾਂਤੀ ਭੰਗ ਹੋਣ ਦਾ ਖ਼ਤਰਾ ਹੋਵੇ, ਤਾਂ ਕੀ ਕੀਤਾ ਜਾ ਸਕਦਾ ਹੈ? ਸਾਨੂੰ ‘ਮੇਲ ਨੂੰ ਭਾਲਣਾ ਅਤੇ ਉਹ ਦਾ ਪਿੱਛਾ ਕਰਨਾ’ ਚਾਹੀਦਾ ਹੈ। ਜਦ ਸਾਨੂੰ ਅਹਿਸਾਸ ਹੁੰਦਾ ਹੈ ਕਿ ਕਿਸੇ ਭੈਣ ਜਾਂ ਭਰਾ ਨਾਲ ਸਾਡੇ ਰਿਸ਼ਤੇ ਵਿਚ ਦਰਾੜ ਪੈ ਗਈ ਹੈ, ਤਾਂ ਅਸੀਂ ਯਿਸੂ ਦੀ ਸਲਾਹ ਮੰਨਦੇ ਹਾਂ: “ਪਹਿਲਾਂ ਆਪਣੇ ਭਰਾ ਨਾਲ ਮੇਲ ਕਰ।” ਫਿਰ ਅਸੀਂ ਪਰਮੇਸ਼ੁਰ ਦੇ ਹੋਰ ਕੰਮ ਕਰਦੇ ਹਾਂ।—ਮੱਤੀ 5:23, 24; ਅਫ਼ਸੀਆਂ 4:26.
ਪਰਮੇਸ਼ੁਰ ਦਾ ਡਰ ਰੱਖਣ ਦੇ ਫ਼ਾਇਦੇ
12, 13. (ੳ) ਪਰਮੇਸ਼ੁਰ ਤੋਂ ਡਰਨ ਵਾਲਿਆਂ ਨੂੰ ਹੁਣ ਕਿਹੜੇ ਫ਼ਾਇਦੇ ਹੁੰਦੇ ਹਨ? (ਅ) ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਬਹੁਤ ਜਲਦ ਕਿਹੜੀ ਵੱਡੀ ਬਰਕਤ ਮਿਲੇਗੀ?
12 “ਯਹੋਵਾਹ ਦੀਆਂ ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਹਨ।” (ਜ਼ਬੂਰਾਂ ਦੀ ਪੋਥੀ 34:15) ਦਾਊਦ ਨਾਲ ਯਹੋਵਾਹ ਦੇ ਵਰਤਾਅ ਤੋਂ ਇਨ੍ਹਾਂ ਸ਼ਬਦਾਂ ਦੀ ਸੱਚਾਈ ਜ਼ਾਹਰ ਹੁੰਦੀ ਹੈ। ਅੱਜ ਸਾਨੂੰ ਇਹ ਜਾਣ ਕੇ ਖ਼ੁਸ਼ੀ ਅਤੇ ਮਨ ਦੀ ਸ਼ਾਂਤੀ ਮਿਲਦੀ ਹੈ ਕਿ ਯਹੋਵਾਹ ਸਾਡੀ ਨਿਗਰਾਨੀ ਕਰ ਰਿਹਾ ਹੈ। ਸਾਨੂੰ ਯਕੀਨ ਹੈ ਕਿ ਉਹ ਹਮੇਸ਼ਾ ਸਾਡੀਆਂ ਲੋੜਾਂ ਪੂਰੀਆਂ ਕਰੇਗਾ, ਉਦੋਂ ਵੀ ਜਦ ਅਸੀਂ ਬਹੁਤ ਤਣਾਅ ਵਿਚ ਹੁੰਦੇ ਹਾਂ। ਅਸੀਂ ਜਾਣਦੇ ਹਾਂ ਕਿ ਜਲਦੀ ਹੀ ਬਾਈਬਲ ਦੀ ਭਵਿੱਖਬਾਣੀ ਅਨੁਸਾਰ ਮਗੋਗ ਦਾ ਗੋਗ ਸਾਰੇ ਸੱਚੇ ਭਗਤਾਂ ਉੱਤੇ ਹਮਲਾ ਕਰੇਗਾ ਤੇ ਉਦੋਂ ‘ਯਹੋਵਾਹ ਦਾ ਹੌਲਨਾਕ ਦਿਨ’ ਆਵੇਗਾ। (ਯੋਏਲ 2:11, 31; ਹਿਜ਼ਕੀਏਲ 38:14-18, 21-23) ਉਸ ਵੇਲੇ ਅਸੀਂ ਜਿੱਦਾਂ ਦੀ ਵੀ ਸਥਿਤੀ ਵਿਚ ਹੋਵਾਂਗੇ, ਦਾਊਦ ਦੇ ਇਹ ਸ਼ਬਦ ਸਾਡੇ ਤੇ ਪੂਰੇ ਹੋਣਗੇ: “ਧਰਮੀ ਦੁਹਾਈ ਦਿੰਦੇ ਹਨ ਅਤੇ ਯਹੋਵਾਹ ਸੁਣਦਾ ਹੈ, ਅਤੇ ਉਨ੍ਹਾਂ ਨੂੰ ਸਾਰਿਆਂ ਦੁਖਾਂ ਤੋਂ ਛੁਡਾਉਂਦਾ ਹੈ।”—ਜ਼ਬੂਰਾਂ ਦੀ ਪੋਥੀ 34:17.
13 ਉਸ ਵੇਲੇ ਯਹੋਵਾਹ ਨੂੰ ਆਪਣਾ ਮਹਾਨ ਨਾਂ ਵਡਿਆਉਂਦੇ ਦੇਖ ਕੇ ਸਾਨੂੰ ਕਿੰਨੀ ਖ਼ੁਸ਼ੀ ਹੋਵੇਗੀ! ਉਸ ਲਈ ਸਾਡੇ ਦਿਲਾਂ ਵਿਚ ਸ਼ਰਧਾ ਹੋਰ ਵੀ ਵਧ ਜਾਵੇਗੀ। ਉਸ ਸਮੇਂ ਸਾਰੇ ਵਿਰੋਧੀਆਂ ਦਾ ਸ਼ਰਮਨਾਕ ਵਿਨਾਸ਼ ਹੋਵੇਗਾ। “ਯਹੋਵਾਹ ਦਾ ਮੂੰਹ ਕੁਕਰਮੀਆਂ ਦੇ ਵਿਰੁੱਧ ਹੈ, ਭਈ ਉਨ੍ਹਾਂ ਦੀ ਯਾਦ ਧਰਤੀ ਤੋਂ ਮਿਟਾ ਸੁੱਟੇ।” (ਜ਼ਬੂਰਾਂ ਦੀ ਪੋਥੀ 34:16) ਪਰਮੇਸ਼ੁਰ ਦੀ ਨਵੀਂ ਧਰਮੀ ਦੁਨੀਆਂ ਵਿਚ ਦਾਖ਼ਲ ਹੋਣਾ ਕਿੰਨੀ ਵੱਡੀ ਬਰਕਤ ਹੋਵੇਗੀ!
ਵਾਅਦੇ ਜੋ ਸਹਿਣ ਦੀ ਤਾਕਤ ਦਿੰਦੇ ਹਨ
14. ਮੁਸੀਬਤਾਂ ਦੇ ਬਾਵਜੂਦ ਧੀਰਜ ਨਾਲ ਸਹਿਣ ਵਿਚ ਸਾਨੂੰ ਕਿਵੇਂ ਮਦਦ ਮਿਲਦੀ ਹੈ?
14 ਉਹ ਸਮਾਂ ਆਉਣ ਤਕ ਇਸ ਭ੍ਰਿਸ਼ਟ ਦੁਨੀਆਂ ਵਿਚ ਯਹੋਵਾਹ ਦੀ ਆਗਿਆ ਮੰਨਦੇ ਰਹਿਣ ਲਈ ਸਾਨੂੰ ਸਹਿਣਸ਼ੀਲ ਹੋਣ ਦੀ ਲੋੜ ਹੈ। ਪਰਮੇਸ਼ੁਰ ਦਾ ਭੈ ਉਸ ਦੀ ਆਗਿਆ ਮੰਨਣ ਵਿਚ ਸਾਡੀ ਬਹੁਤ ਮਦਦ ਕਰਦਾ ਹੈ। ਇਨ੍ਹਾਂ ਭੈੜੇ ਸਮਿਆਂ ਵਿਚ ਰਹਿੰਦਿਆਂ ਯਹੋਵਾਹ ਦੇ ਕੁਝ ਸੇਵਕ ਬੇਹਿਸਾਬ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹੋਏ ਨਿਰਾਸ਼ਾ ਦੇ ਸਮੁੰਦਰ ਵਿਚ ਡੁੱਬ ਜਾਂਦੇ ਜਾਂਦੇ ਹਨ। ਫਿਰ ਵੀ ਉਹ ਪੂਰਾ ਯਕੀਨ ਰੱਖ ਸਕਦੇ ਹਨ ਕਿ ਜੇ ਉਹ ਯਹੋਵਾਹ ਤੇ ਭਰੋਸਾ ਰੱਖਣ, ਤਾਂ ਉਹ ਉਨ੍ਹਾਂ ਨੂੰ ਸਹਿਣ ਦੀ ਤਾਕਤ ਦੇਵੇਗਾ। ਦਾਊਦ ਦੇ ਇਨ੍ਹਾਂ ਸ਼ਬਦਾਂ ਤੋਂ ਬਹੁਤ ਦਿਲਾਸਾ ਮਿਲਦਾ ਹੈ: “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਆਤਮਾਂ ਵਾਲਿਆਂ ਨੂੰ ਬਚਾਉਂਦਾ ਹੈ।” (ਜ਼ਬੂਰਾਂ ਦੀ ਪੋਥੀ 34:18) ਦਾਊਦ ਹੌਸਲਾ ਦਿੰਦਾ ਹੋਇਆ ਅੱਗੇ ਕਹਿੰਦਾ ਹੈ: “ਧਰਮੀ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਪੈਂਦੀਆਂ ਹਨ, ਪਰ ਯਹੋਵਾਹ ਉਨ੍ਹਾਂ ਸਭਨਾਂ ਤੋਂ ਉਸ ਨੂੰ ਛੁਡਾਉਂਦਾ ਹੈ।” (ਜ਼ਬੂਰਾਂ ਦੀ ਪੋਥੀ 34:19) ਸਾਡੇ ਉੱਤੇ ਭਾਵੇਂ ਜਿੰਨੀਆਂ ਮਰਜ਼ੀ ਮੁਸੀਬਤਾਂ ਆਉਣ, ਯਹੋਵਾਹ ਉਨ੍ਹਾਂ ਸਾਰੀਆਂ ਮੁਸੀਬਤਾਂ ਤੋਂ ਸਾਨੂੰ ਬਚਾਉਣ ਦੀ ਤਾਕਤ ਰੱਖਦਾ ਹੈ।
15, 16. (ੳ) ਜ਼ਬੂਰ 34 ਲਿਖਣ ਤੋਂ ਜਲਦੀ ਬਾਅਦ ਦਾਊਦ ਨੂੰ ਕਿਹੜੀ ਮੁਸੀਬਤ ਦਾ ਪਤਾ ਲੱਗਾ? (ਅ) ਅਜ਼ਮਾਇਸ਼ਾਂ ਸਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰਦੀ ਹੈ?
15 ਜ਼ਬੂਰ 34 ਲਿਖਣ ਤੋਂ ਬਾਅਦ ਦਾਊਦ ਨੇ ਨੋਬ ਦੇ ਲੋਕਾਂ ਉੱਤੇ ਆਈ ਮੁਸੀਬਤ ਬਾਰੇ ਸੁਣਿਆ ਕਿ ਸ਼ਾਊਲ ਨੇ ਪੂਰੇ ਸ਼ਹਿਰ ਦੇ ਲੋਕਾਂ ਅਤੇ ਸਾਰੇ ਜਾਜਕਾਂ ਦਾ ਕਤਲ ਕਰਵਾ ਦਿੱਤਾ। ਇਹ ਸੁਣ ਕੇ ਉਹ ਕਿੰਨਾ ਦੁਖੀ ਹੋਇਆ ਹੋਣਾ ਕਿ ਉਸ ਕਰਕੇ ਹੀ ਨੋਬ ਸ਼ਹਿਰ ਉੱਤੇ ਸ਼ਾਊਲ ਦਾ ਗੁੱਸਾ ਭੜਕਿਆ ਸੀ! (1 ਸਮੂਏਲ 22:13, 18-21) ਬਿਨਾਂ ਸ਼ੱਕ, ਇਸ ਹਾਲਤ ਵਿਚ ਦਾਊਦ ਨੇ ਮਦਦ ਲਈ ਯਹੋਵਾਹ ਨੂੰ ਜ਼ਰੂਰ ਪੁਕਾਰਿਆ ਹੋਣਾ ਅਤੇ ਇਸ ਗੱਲ ਤੋਂ ਉਸ ਨੂੰ ਦਿਲਾਸਾ ਮਿਲਿਆ ਕਿ ਭਵਿੱਖ ਵਿਚ ‘ਧਰਮੀਆਂ ਦਾ ਜੀ ਉੱਠਣਾ ਹੋਵੇਗਾ।’—ਰਸੂਲਾਂ ਦੇ ਕਰਤੱਬ 24:15.
16 ਅੱਜ ਸਾਨੂੰ ਵੀ ਇਸ ਆਸ ਤੋਂ ਹੌਸਲਾ ਮਿਲਦਾ ਹੈ। ਸਾਨੂੰ ਪਤਾ ਹੈ ਕਿ ਸਾਡੇ ਦੁਸ਼ਮਣ ਅਜਿਹਾ ਕੁਝ ਨਹੀਂ ਕਰ ਸਕਦੇ ਜਿਸ ਨਾਲ ਸਾਡਾ ਕੋਈ ਸਦੀਵੀ ਨੁਕਸਾਨ ਹੋਵੇ। (ਮੱਤੀ 10:28, NW) ਦਾਊਦ ਨੇ ਇਸ ਭਰੋਸੇ ਨੂੰ ਇਨ੍ਹਾਂ ਸ਼ਬਦਾਂ ਵਿਚ ਪ੍ਰਗਟ ਕੀਤਾ: “ਉਹ [ਧਰਮੀਆਂ] ਦੀਆਂ ਸਾਰੀਆਂ ਹੱਡੀਆਂ ਦਾ ਰਾਖਾ ਹੈ, ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਤੋੜੀ ਜਾਂਦੀ।” (ਜ਼ਬੂਰਾਂ ਦੀ ਪੋਥੀ 34:20) ਇਹ ਆਇਤ ਯਿਸੂ ਉੱਤੇ ਪੂਰੀ ਹੋਈ ਸੀ। ਭਾਵੇਂ ਕਿ ਯਿਸੂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਗਿਆ ਸੀ, ਪਰ ਉਸ ਦੀ ਇਕ ਵੀ ਹੱਡੀ ਨਹੀਂ ਸੀ ‘ਤੋੜੀ ਗਈ।’ (ਯੂਹੰਨਾ 19:36) ਵੱਡੇ ਪੈਮਾਨੇ ਤੇ ਜ਼ਬੂਰਾਂ ਦੀ ਪੋਥੀ 34:20 ਦੀ ਪੂਰਤੀ ਕਿਵੇਂ ਹੋਵੇਗੀ? ਇਸ ਦੀ ਪੂਰਤੀ ਮਸਹ ਕੀਤੇ ਹੋਏ ਮਸੀਹੀਆਂ ਅਤੇ ਉਨ੍ਹਾਂ ਦੇ ਸਾਥੀਆਂ ਯਾਨੀ ‘ਹੋਰ ਭੇਡਾਂ’ ਉੱਤੇ ਹੋਵੇਗੀ। (ਯੂਹੰਨਾ 10:16) ਉਨ੍ਹਾਂ ਉੱਤੇ ਜਿਹੜੀਆਂ ਮਰਜ਼ੀ ਅਜ਼ਮਾਇਸ਼ਾਂ ਆ ਜਾਣ, ਉਨ੍ਹਾਂ ਨੂੰ ਕੋਈ ਸਥਾਈ ਨੁਕਸਾਨ ਨਹੀਂ ਹੋਵੇਗਾ। ਕਹਿਣ ਦਾ ਮਤਲਬ ਹੈ ਕਿ ਕੋਈ ਵੀ ਉਨ੍ਹਾਂ ਦੀ ਸਦਾ ਦੀ ਜ਼ਿੰਦਗੀ ਦੀ ਉਮੀਦ ਨੂੰ ਨਹੀਂ ਮਿਟਾ ਸਕਦਾ।
17. ਯਹੋਵਾਹ ਦੇ ਲੋਕਾਂ ਨੂੰ ਘਿਰਣਾ ਕਰਨ ਵਾਲਿਆਂ ਉੱਤੇ ਕਿਹੜੀ ਮੁਸੀਬਤ ਆਉਣ ਵਾਲੀ ਹੈ?
17 ਬੁਰੇ ਲੋਕਾਂ ਦਾ ਹਸ਼ਰ ਬੁਰਾ ਹੋਵੇਗਾ। ਉਹ ਬਹੁਤ ਜਲਦੀ ਉਹੀ ਕੁਝ ਵੱਢਣਗੇ ਜੋ ਕੁਝ ਉਨ੍ਹਾਂ ਨੇ ਬੀਜਿਆ ਹੈ। “ਬੁਰਿਆਈ ਦੁਸ਼ਟਾਂ ਨੂੰ ਮਾਰ ਸੁੱਟੇਗੀ, ਅਤੇ ਧਰਮੀ ਦੇ ਘਿਣ ਕਰਨ ਵਾਲੇ ਦੋਸ਼ੀ ਠਹਿਰਨਗੇ।” (ਜ਼ਬੂਰਾਂ ਦੀ ਪੋਥੀ 34:21) ਪਰਮੇਸ਼ੁਰ ਦੇ ਲੋਕਾਂ ਦਾ ਵਿਰੋਧ ਕਰਨ ਵਾਲੇ ਸਾਰੇ ਲੋਕ ਭਵਿੱਖ ਵਿਚ ਆਉਣ ਵਾਲੀ ਸਭ ਤੋਂ ਵੱਡੀ ਮੁਸੀਬਤ ਦਾ ਸਾਮ੍ਹਣਾ ਕਰਨਗੇ। ਯਿਸੂ ਮਸੀਹ ਦੇ ਪ੍ਰਗਟ ਹੋਣ ਤੇ ਉਹ ‘ਸਜ਼ਾ ਭੋਗਣਗੇ ਅਰਥਾਤ ਸਦਾ ਦਾ ਵਿਨਾਸ।’—2 ਥੱਸਲੁਨੀਕੀਆਂ 1:9.
18. “ਵੱਡੀ ਭੀੜ” ਨੂੰ ਹੁਣ ਅਤੇ ਭਵਿੱਖ ਵਿਚ ਕਿਹੜੀਆਂ ਬਰਕਤਾਂ ਮਿਲਣਗੀਆਂ?
18 ਦਾਊਦ ਦਾ ਜ਼ਬੂਰ ਇਨ੍ਹਾਂ ਭਰੋਸੇ ਲਾਇਕ ਸ਼ਬਦਾਂ ਨਾਲ ਸਮਾਪਤ ਹੁੰਦਾ ਹੈ: “ਯਹੋਵਾਹ ਆਪਣੇ ਸੇਵਕਾਂ ਦੀ ਜਾਨ ਦਾ ਮੁੱਲ ਦਿੰਦਾ ਹੈ, ਅਤੇ ਉਸ ਦੇ ਸਾਰੇ ਸ਼ਰਨਾਰਥੀਆਂ ਵਿੱਚੋਂ ਕੋਈ ਦੋਸ਼ੀ ਨਹੀਂ ਠਹਿਰੇਗਾ।” (ਜ਼ਬੂਰਾਂ ਦੀ ਪੋਥੀ 34:22) ਰਾਜਾ ਦਾਊਦ ਨੂੰ ਜਦ 40 ਕੁ ਸਾਲ ਰਾਜ ਕਰਦਿਆਂ ਹੋ ਗਏ ਸਨ, ਤਦ ਉਸ ਨੇ ਕਿਹਾ: ‘ਯਹੋਵਾਹ ਨੇ ਮੇਰੇ ਪ੍ਰਾਣਾਂ ਨੂੰ ਸਾਰਿਆਂ ਦੁਖਾਂ ਤੋਂ ਛੁਡਾਇਆ।’ (1 ਰਾਜਿਆਂ 1:29) ਦਾਊਦ ਦੀ ਤਰ੍ਹਾਂ ਪਰਮੇਸ਼ੁਰ ਤੋਂ ਡਰਨ ਵਾਲੇ ਭਵਿੱਖ ਵਿਚ ਬਹੁਤ ਖ਼ੁਸ਼ ਹੋਣਗੇ ਜਦ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਯਹੋਵਾਹ ਨੇ ਉਨ੍ਹਾਂ ਦੇ ਸਾਰੇ ਪਾਪ ਮਾਫ਼ ਕੀਤੇ ਹਨ, ਉਨ੍ਹਾਂ ਅੰਦਰ ਪੈਦਾ ਹੋਈ ਦੋਸ਼ੀ ਭਾਵਨਾ ਤੋਂ ਉਨ੍ਹਾਂ ਨੂੰ ਮੁਕਤੀ ਦਿਵਾਈ ਹੈ ਅਤੇ ਉਨ੍ਹਾਂ ਨੂੰ ਸਾਰੀਆਂ ਮੁਸੀਬਤਾਂ ਤੋਂ ਛੁਡਾਇਆ ਹੈ। ਜ਼ਿਆਦਾਤਰ ਮਸਹ ਕੀਤੇ ਹੋਏ ਮਸੀਹੀ ਤਾਂ ਪਹਿਲਾਂ ਹੀ ਆਪਣਾ ਸਵਰਗੀ ਇਨਾਮ ਪਾ ਚੁੱਕੇ ਹਨ। ਸਾਰੀਆਂ ਕੌਮਾਂ ਵਿੱਚੋਂ ਆਏ ਲੋਕਾਂ ਦੀ “ਇੱਕ ਵੱਡੀ ਭੀੜ” ਧਰਤੀ ਉੱਤੇ ਯਿਸੂ ਦੇ ਬਾਕੀ ਰਹਿੰਦੇ ਭਰਾਵਾਂ ਨਾਲ ਮਿਲ ਕੇ ਪਰਮੇਸ਼ੁਰ ਦੀ ਸੇਵਾ ਕਰ ਰਹੀ ਹੈ। ਯਹੋਵਾਹ ਦੀਆਂ ਨਜ਼ਰਾਂ ਵਿਚ ਵੱਡੀ ਭੀੜ ਦੇ ਇਹ ਲੋਕ ਸ਼ੁੱਧ ਗਿਣੇ ਗਏ ਹਨ ਕਿਉਂਕਿ ਉਹ ਮੰਨਦੇ ਹਨ ਕਿ ਯਿਸੂ ਦੇ ਵਹਾਏ ਗਏ ਲਹੂ ਦੁਆਰਾ ਉਨ੍ਹਾਂ ਦੇ ਪਾਪ ਮਾਫ਼ ਕੀਤੇ ਜਾ ਸਕਦੇ ਹਨ। ਭਵਿੱਖ ਵਿਚ ਯਿਸੂ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ, ਉਸ ਦੀ ਕੁਰਬਾਨੀ ਦੇ ਆਧਾਰ ਤੇ ਉਨ੍ਹਾਂ ਨੂੰ ਬਰਕਤਾਂ ਮਿਲਣਗੀਆਂ ਤੇ ਉਨ੍ਹਾਂ ਨੂੰ ਮੁਕੰਮਲ ਬਣਾਇਆ ਜਾਵੇਗਾ।—ਪਰਕਾਸ਼ ਦੀ ਪੋਥੀ 7:9, 14, 17; 21:3-5.
19. “ਵੱਡੀ ਭੀੜ” ਦੇ ਲੋਕ ਕੀ ਕਰਨ ਦਾ ਪੱਕਾ ਇਰਾਦਾ ਰੱਖਦੇ ਹਨ?
19 ਪਰਮੇਸ਼ੁਰ ਦੇ ਭਗਤਾਂ ਦੀ “ਵੱਡੀ ਭੀੜ” ਨੂੰ ਇਹ ਸਾਰੀਆਂ ਬਰਕਤਾਂ ਕਿਉਂ ਮਿਲਣਗੀਆਂ? ਕਿਉਂਕਿ ਉਨ੍ਹਾਂ ਦਾ ਇਹ ਪੱਕਾ ਇਰਾਦਾ ਹੈ ਕਿ ਉਹ ਪਰਮੇਸ਼ੁਰ ਦਾ ਭੈ ਰੱਖ ਕੇ ਜੀਣਗੇ, ਸ਼ਰਧਾ ਭਰੇ ਦਿਲਾਂ ਨਾਲ ਉਸ ਦੀ ਸੇਵਾ ਕਰਨਗੇ ਤੇ ਉਸ ਦਾ ਕਹਿਣਾ ਮੰਨਣਗੇ। ਜੀ ਹਾਂ, ਪਰਮੇਸ਼ੁਰ ਦਾ ਭੈ ਰੱਖਣ ਨਾਲ ਅਸੀਂ ਜ਼ਿੰਦਗੀ ਦਾ ਲੁਤਫ਼ ਉਠਾਉਂਦੇ ਹਾਂ। ਇਸ ਦੇ ਨਾਲ-ਨਾਲ ਸਾਨੂੰ ‘ਅਸਲ ਜੀਵਨ ਨੂੰ ਫੜ ਲੈਣ’ ਯਾਨੀ ਸਦਾ ਦੀ ਜ਼ਿੰਦਗੀ ਪਾਉਣ ਦੀ ਆਪਣੀ ਉਮੀਦ ਪੱਕੀ ਕਰਨ ਵਿਚ ਮਦਦ ਮਿਲਦੀ ਹੈ।—1 ਤਿਮੋਥਿਉਸ 6:12, 18, 19; ਪਰਕਾਸ਼ ਦੀ ਪੋਥੀ 15:3, 4.
ਕੀ ਤੁਹਾਨੂੰ ਯਾਦ ਹੈ?
• ਸਾਨੂੰ ਪਰਮੇਸ਼ੁਰ ਤੋਂ ਕਿਉਂ ਡਰਨਾ ਚਾਹੀਦਾ ਹੈ ਤੇ ਉਸ ਤੋਂ ਡਰਨ ਦਾ ਕੀ ਮਤਲਬ ਹੈ?
• ਪਰਮੇਸ਼ੁਰੀ ਡਰ ਦਾ ਸਾਡੇ ਚਾਲ-ਚਲਣ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ?
• ਪਰਮੇਸ਼ੁਰ ਤੋਂ ਡਰਨ ਦੇ ਕੀ ਫ਼ਾਇਦੇ ਹਨ?
• ਕਿਹੜੇ ਵਾਅਦੇ ਸਾਨੂੰ ਅਜ਼ਮਾਇਸ਼ਾਂ ਸਹਿਣ ਦੀ ਤਾਕਤ ਦਿੰਦੇ ਹਨ?
[ਸਫ਼ਾ 26 ਉੱਤੇ ਤਸਵੀਰ]
ਪਾਬੰਦੀਸ਼ੁਦਾ ਥਾਵਾਂ ਤੇ ਯਹੋਵਾਹ ਤੋਂ ਡਰਨ ਵਾਲੇ ਸਮਝਦਾਰੀ ਵਰਤਦੇ ਹਨ
[ਸਫ਼ਾ 28 ਉੱਤੇ ਤਸਵੀਰ]
ਸਭ ਤੋਂ ਨੇਕ ਕੰਮ ਜੋ ਅਸੀਂ ਕਰ ਸਕਦੇ ਹਾਂ, ਉਹ ਹੈ ਆਪਣੇ ਗੁਆਂਢੀਆਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣੀ