ਪਹਿਲਾ ਸਮੂਏਲ
24 ਜਿਉਂ ਹੀ ਸ਼ਾਊਲ ਫਲਿਸਤੀਆਂ ਦਾ ਪਿੱਛਾ ਕਰ ਕੇ ਵਾਪਸ ਆਇਆ, ਉਨ੍ਹਾਂ ਨੇ ਉਸ ਨੂੰ ਦੱਸਿਆ: “ਦੇਖ! ਦਾਊਦ ਏਨ-ਗਦੀ ਦੀ ਉਜਾੜ ਵਿਚ ਹੈ।”+
2 ਇਸ ਲਈ ਸ਼ਾਊਲ ਨੇ ਸਾਰੇ ਇਜ਼ਰਾਈਲ ਵਿੱਚੋਂ ਚੁਣੇ ਹੋਏ 3,000 ਆਦਮੀਆਂ ਨੂੰ ਆਪਣੇ ਨਾਲ ਲਿਆ ਤੇ ਪਹਾੜੀ ਬੱਕਰੀਆਂ ਦੀਆਂ ਪਥਰੀਲੀਆਂ ਚਟਾਨਾਂ ਉੱਤੇ ਦਾਊਦ ਤੇ ਉਸ ਦੇ ਆਦਮੀਆਂ ਨੂੰ ਲੱਭਣ ਗਿਆ। 3 ਸ਼ਾਊਲ ਰਾਹ ਨਾਲ ਲੱਗਦੇ ਪੱਥਰਾਂ ਦੇ ਬਣੇ ਭੇਡਾਂ ਦੇ ਵਾੜੇ ਵਿਚ ਗਿਆ ਜਿੱਥੇ ਇਕ ਗੁਫਾ ਸੀ ਅਤੇ ਉਹ ਹਲਕਾ ਹੋਣ* ਲਈ ਅੰਦਰ ਗਿਆ। ਉਸ ਵੇਲੇ ਦਾਊਦ ਤੇ ਉਸ ਦੇ ਆਦਮੀ ਗੁਫਾ ਅੰਦਰ ਖੂੰਜਿਆਂ ਵਿਚ ਬੈਠੇ ਹੋਏ ਸਨ।+ 4 ਦਾਊਦ ਦੇ ਆਦਮੀਆਂ ਨੇ ਉਸ ਨੂੰ ਕਿਹਾ: “ਅੱਜ ਹੀ ਉਹ ਦਿਨ ਹੈ ਜਦੋਂ ਯਹੋਵਾਹ ਤੈਨੂੰ ਕਹਿ ਰਿਹਾ ਹੈ, ‘ਦੇਖ! ਮੈਂ ਤੇਰੇ ਦੁਸ਼ਮਣ ਨੂੰ ਤੇਰੇ ਹੱਥ ਵਿਚ ਦੇ ਦਿੱਤਾ ਹੈ।+ ਜੋ ਤੈਨੂੰ ਚੰਗਾ ਲੱਗੇ, ਤੂੰ ਉਸ ਨਾਲ ਕਰ।’” ਇਸ ਲਈ ਦਾਊਦ ਉੱਠਿਆ ਤੇ ਚੁੱਪ-ਚਾਪ ਸ਼ਾਊਲ ਦੇ ਬਿਨਾਂ ਬਾਹਾਂ ਵਾਲੇ ਚੋਗੇ ਦਾ ਸਿਰਾ ਕੱਟ ਲਿਆ। 5 ਪਰ ਬਾਅਦ ਵਿਚ ਦਾਊਦ ਦੀ ਜ਼ਮੀਰ* ਉਸ ਨੂੰ ਲਾਹਨਤਾਂ ਪਾਉਣ ਲੱਗੀ+ ਕਿਉਂਕਿ ਉਸ ਨੇ ਸ਼ਾਊਲ ਦੇ ਚੋਗੇ ਦਾ ਸਿਰਾ ਕੱਟਿਆ ਸੀ। 6 ਉਸ ਨੇ ਆਪਣੇ ਆਦਮੀਆਂ ਨੂੰ ਕਿਹਾ: “ਮੈਂ ਆਪਣੇ ਮਾਲਕ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦਾਂ? ਉਹ ਤਾਂ ਯਹੋਵਾਹ ਦਾ ਚੁਣਿਆ ਹੋਇਆ ਹੈ। ਯਹੋਵਾਹ ਦੀਆਂ ਨਜ਼ਰਾਂ ਵਿਚ ਮੇਰੇ ਲਈ ਇਸ ਤਰ੍ਹਾਂ ਸੋਚਣਾ ਵੀ ਗ਼ਲਤ ਹੈ। ਮੈਂ ਉਸ ਖ਼ਿਲਾਫ਼ ਆਪਣਾ ਹੱਥ ਨਹੀਂ ਚੁੱਕ ਸਕਦਾ ਕਿਉਂਕਿ ਉਹ ਯਹੋਵਾਹ ਦਾ ਚੁਣਿਆ ਹੋਇਆ ਹੈ।”+ 7 ਇਹ ਕਹਿ ਕੇ ਦਾਊਦ ਨੇ ਆਪਣੇ ਆਦਮੀਆਂ ਨੂੰ ਰੋਕਿਆ* ਅਤੇ ਉਨ੍ਹਾਂ ਨੂੰ ਸ਼ਾਊਲ ʼਤੇ ਹਮਲਾ ਨਹੀਂ ਕਰਨ ਦਿੱਤਾ। ਅਤੇ ਸ਼ਾਊਲ ਗੁਫਾ ਵਿੱਚੋਂ ਉੱਠਿਆ ਤੇ ਆਪਣੇ ਰਾਹ ਤੁਰ ਪਿਆ।
8 ਫਿਰ ਦਾਊਦ ਉੱਠਿਆ ਤੇ ਗੁਫਾ ਵਿੱਚੋਂ ਨਿਕਲ ਕੇ ਸ਼ਾਊਲ ਨੂੰ ਪਿੱਛਿਓਂ ਆਵਾਜ਼ ਮਾਰੀ: “ਹੇ ਮਹਾਰਾਜ, ਮੇਰੇ ਮਾਲਕ!”+ ਜਦ ਸ਼ਾਊਲ ਨੇ ਪਿੱਛੇ ਮੁੜ ਕੇ ਦੇਖਿਆ, ਤਾਂ ਦਾਊਦ ਨੇ ਮੂੰਹ ਭਾਰ ਜ਼ਮੀਨ ʼਤੇ ਲੰਮਾ ਪੈ ਕੇ ਉਸ ਨੂੰ ਨਮਸਕਾਰ ਕੀਤਾ। 9 ਦਾਊਦ ਨੇ ਸ਼ਾਊਲ ਨੂੰ ਕਿਹਾ: “ਤੂੰ ਉਨ੍ਹਾਂ ਆਦਮੀਆਂ ਦੀਆਂ ਗੱਲਾਂ ਵੱਲ ਕੰਨ ਕਿਉਂ ਲਾਉਂਦਾ ਹੈਂ ਜੋ ਕਹਿੰਦੇ ਹਨ, ‘ਦੇਖ! ਦਾਊਦ ਤੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ’?+ 10 ਤੂੰ ਅੱਜ ਆਪਣੀ ਅੱਖੀਂ ਦੇਖਿਆ ਹੈ ਕਿ ਯਹੋਵਾਹ ਨੇ ਕਿਵੇਂ ਤੈਨੂੰ ਗੁਫਾ ਵਿਚ ਮੇਰੇ ਹੱਥ ਵਿਚ ਦੇ ਦਿੱਤਾ ਸੀ। ਪਰ ਜਦੋਂ ਕਿਸੇ ਨੇ ਤੇਰਾ ਕਤਲ ਕਰਨ ਦੀ ਗੱਲ ਕੀਤੀ,+ ਤਾਂ ਮੈਂ ਤੇਰੇ ʼਤੇ ਤਰਸ ਖਾਧਾ ਤੇ ਕਿਹਾ, ‘ਮੈਂ ਆਪਣੇ ਮਾਲਕ ਖ਼ਿਲਾਫ਼ ਆਪਣਾ ਹੱਥ ਨਹੀਂ ਚੁੱਕਾਂਗਾ ਕਿਉਂਕਿ ਉਹ ਯਹੋਵਾਹ ਦਾ ਚੁਣਿਆ ਹੋਇਆ ਹੈ।’+ 11 ਨਾਲੇ ਹੇ ਮੇਰੇ ਪਿਤਾ, ਆਹ ਦੇਖ, ਤੇਰੇ ਬਿਨਾਂ ਬਾਹਾਂ ਵਾਲੇ ਚੋਗੇ ਦਾ ਸਿਰਾ ਮੇਰੇ ਹੱਥ ਵਿਚ ਹੈ; ਜਦੋਂ ਮੈਂ ਤੇਰੇ ਚੋਗੇ ਦਾ ਸਿਰਾ ਕੱਟਿਆ, ਤਾਂ ਮੈਂ ਤੈਨੂੰ ਜਾਨੋਂ ਨਹੀਂ ਮਾਰਿਆ। ਤੂੰ ਹੁਣ ਆਪ ਦੇਖ ਤੇ ਸਮਝ ਸਕਦਾ ਹੈਂ ਕਿ ਮੇਰਾ ਇਰਾਦਾ ਤੈਨੂੰ ਨੁਕਸਾਨ ਪਹੁੰਚਾਉਣ ਦਾ ਜਾਂ ਬਗਾਵਤ ਕਰਨ ਦਾ ਨਹੀਂ ਹੈ ਅਤੇ ਮੈਂ ਤੇਰੇ ਖ਼ਿਲਾਫ਼ ਪਾਪ ਨਹੀਂ ਕੀਤਾ,+ ਪਰ ਤੂੰ ਮੇਰੀ ਜਾਨ ਲੈਣ ਲਈ ਮੈਨੂੰ ਲੱਭਦਾ ਫਿਰ ਰਿਹਾ ਹੈਂ।+ 12 ਯਹੋਵਾਹ ਮੇਰਾ ਤੇ ਤੇਰਾ ਫ਼ੈਸਲਾ ਕਰੇ+ ਅਤੇ ਯਹੋਵਾਹ ਹੀ ਤੇਰੇ ਤੋਂ ਮੇਰਾ ਬਦਲਾ ਲਵੇ,+ ਪਰ ਮੇਰਾ ਹੱਥ ਤੇਰੇ ਖ਼ਿਲਾਫ਼ ਨਹੀਂ ਉੱਠੇਗਾ।+ 13 ਇਕ ਪੁਰਾਣੀ ਕਹਾਵਤ ਹੈ, ‘ਦੁਸ਼ਟ ਹੀ ਦੁਸ਼ਟਤਾ ਦੇ ਕੰਮ ਕਰਦਾ ਹੈ,’ ਪਰ ਮੇਰਾ ਹੱਥ ਤੇਰੇ ਵਿਰੁੱਧ ਨਹੀਂ ਉੱਠੇਗਾ। 14 ਇਜ਼ਰਾਈਲ ਦਾ ਰਾਜਾ ਕਿਸ ਦੇ ਮਗਰ ਨਿਕਲ ਤੁਰਿਆ ਹੈ? ਤੂੰ ਕਿਸ ਦਾ ਪਿੱਛਾ ਕਰ ਰਿਹਾ ਹੈਂ? ਇਕ ਮਰੇ ਹੋਏ ਕੁੱਤੇ ਦਾ? ਇਕ ਪਿੱਸੂ ਦਾ?+ 15 ਯਹੋਵਾਹ ਨਿਆਂਕਾਰ ਬਣੇ। ਉਹੀ ਤੇਰਾ ਤੇ ਮੇਰਾ ਨਿਆਂ ਕਰੇਗਾ। ਨਾਲੇ ਉਹੀ ਇਸ ਮਾਮਲੇ ਦੀ ਜਾਂਚ ਕਰੇਗਾ ਤੇ ਮੇਰਾ ਮੁਕੱਦਮਾ ਲੜੇਗਾ+ ਅਤੇ ਮੇਰਾ ਨਿਆਂ ਕਰ ਕੇ ਮੈਨੂੰ ਤੇਰੇ ਹੱਥੋਂ ਬਚਾਵੇਗਾ।”
16 ਜਦ ਦਾਊਦ ਸ਼ਾਊਲ ਨੂੰ ਇਹ ਗੱਲਾਂ ਕਹਿ ਚੁੱਕਿਆ, ਤਾਂ ਸ਼ਾਊਲ ਨੇ ਕਿਹਾ: “ਹੇ ਮੇਰੇ ਪੁੱਤਰ ਦਾਊਦ, ਕੀ ਇਹ ਤੇਰੀ ਆਵਾਜ਼ ਹੈ?”+ ਫਿਰ ਸ਼ਾਊਲ ਫੁੱਟ-ਫੁੱਟ ਕੇ ਰੋਣ ਲੱਗ ਪਿਆ। 17 ਉਸ ਨੇ ਦਾਊਦ ਨੂੰ ਕਿਹਾ: “ਤੂੰ ਮੇਰੇ ਨਾਲੋਂ ਜ਼ਿਆਦਾ ਧਰਮੀ ਹੈਂ ਕਿਉਂਕਿ ਤੂੰ ਮੇਰੇ ਨਾਲ ਚੰਗਾ ਸਲੂਕ ਕੀਤਾ ਹੈ ਅਤੇ ਮੈਂ ਤੇਰੇ ਨਾਲ ਬੁਰਾ ਕੀਤਾ ਹੈ।+ 18 ਹਾਂ, ਅੱਜ ਤੂੰ ਮੇਰੀ ਜਾਨ ਬਖ਼ਸ਼ ਕੇ ਦਿਖਾ ਦਿੱਤਾ ਹੈ ਕਿ ਤੂੰ ਮੇਰੇ ਨਾਲ ਭਲਾਈ ਕੀਤੀ ਹੈ ਜਦ ਕਿ ਯਹੋਵਾਹ ਨੇ ਮੈਨੂੰ ਤੇਰੇ ਹੱਥ ਵਿਚ ਦੇ ਦਿੱਤਾ ਸੀ।+ 19 ਕਿਉਂਕਿ ਕਿਹੜਾ ਆਦਮੀ ਹੈ ਜਿਹੜਾ ਹੱਥ ਆਏ ਦੁਸ਼ਮਣ ਨੂੰ ਨੁਕਸਾਨ ਪਹੁੰਚਾਏ ਬਿਨਾਂ ਛੱਡ ਦੇਵੇ? ਤੂੰ ਅੱਜ ਮੇਰੇ ਲਈ ਜੋ ਕੀਤਾ ਹੈ, ਉਸ ਦੇ ਬਦਲੇ ਯਹੋਵਾਹ ਤੇਰੇ ਨਾਲ ਭਲਾਈ ਕਰ ਕੇ ਤੈਨੂੰ ਇਨਾਮ ਦੇਵੇਗਾ।+ 20 ਅਤੇ ਹੁਣ ਦੇਖ! ਮੈਂ ਜਾਣਦਾ ਹਾਂ ਕਿ ਤੂੰ ਜ਼ਰੂਰ ਰਾਜਾ ਬਣੇਂਗਾ+ ਤੇ ਤੇਰੇ ਹੱਥ ਵਿਚ ਇਜ਼ਰਾਈਲ ਦਾ ਰਾਜ ਸਦਾ ਕਾਇਮ ਰਹੇਗਾ। 21 ਹੁਣ ਤੂੰ ਮੇਰੇ ਅੱਗੇ ਯਹੋਵਾਹ ਦੀ ਸਹੁੰ ਖਾ+ ਕਿ ਤੂੰ ਮੇਰੇ ਮਗਰੋਂ ਮੇਰੀ ਔਲਾਦ* ਨੂੰ ਨਾਸ਼ ਨਹੀਂ ਕਰੇਂਗਾ ਤੇ ਤੂੰ ਮੇਰੇ ਪਿਤਾ ਦੇ ਘਰਾਣੇ ਵਿੱਚੋਂ ਮੇਰਾ ਨਾਂ ਨਹੀਂ ਮਿਟਾਏਂਗਾ।”+ 22 ਇਸ ਲਈ ਦਾਊਦ ਨੇ ਸ਼ਾਊਲ ਅੱਗੇ ਸਹੁੰ ਖਾਧੀ ਤੇ ਉਸ ਤੋਂ ਬਾਅਦ ਸ਼ਾਊਲ ਆਪਣੇ ਘਰ ਚਲਾ ਗਿਆ।+ ਪਰ ਦਾਊਦ ਤੇ ਉਸ ਦੇ ਆਦਮੀ ਸੁਰੱਖਿਅਤ ਜਗ੍ਹਾ ਜਾ ਕੇ ਲੁਕ ਗਏ।+