ਖਰਿਆਈ ਕਿਉਂ ਰੱਖੀਏ?
‘ਹੇ ਯਹੋਵਾਹ, ਮੇਰੀ ਸਿਧਿਆਈ [ਖਰਿਆਈ] ਦੇ ਅਨੁਸਾਰ ਮੇਰਾ ਨਿਆਉਂ ਕਰ।’—ਜ਼ਬੂ. 7:8.
1, 2. ਮਸੀਹੀਆਂ ਨੂੰ ਕਿਹੜੇ ਕੁਝ ਹਾਲਾਤਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਿਨ੍ਹਾਂ ਵਿਚ ਉਨ੍ਹਾਂ ਦੀ ਖਰਿਆਈ ਪਰਖੀ ਜਾਂਦੀ ਹੈ?
ਜ਼ਰਾ ਤਿੰਨ ਵੱਖੋ-ਵੱਖਰੇ ਹਾਲਾਤਾਂ ਦੀ ਕਲਪਨਾ ਕਰੋ। ਸਕੂਲ ਵਿਚ ਮੁੰਡੇ ਇਕ ਮੁੰਡੇ ਦਾ ਮਖੌਲ ਉਡਾਉਂਦੇ ਹਨ। ਉਹ ਉਸ ਦਾ ਗੁੱਸਾ ਭੜਕਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂਕਿ ਉਹ ਉਨ੍ਹਾਂ ਨਾਲ ਲੜੇ ਜਾਂ ਗਾਲ਼ਾਂ ਕੱਢੇ। ਕੀ ਉਹ ਮੁੰਡਾ ਇੱਦਾਂ ਕਰੇਗਾ ਜਾਂ ਫਿਰ ਕੀ ਉੱਥੋਂ ਚਲਾ ਜਾਵੇਗਾ? ਘਰ ਵਿਚ ਇਕੱਲਾ ਬੈਠਾ ਇਕ ਪਤੀ ਇੰਟਰਨੈੱਟ ʼਤੇ ਰਿਸਰਚ ਕਰਦਾ ਹੈ। ਸਕ੍ਰੀਨ ʼਤੇ ਇਕ ਡੱਬੀ ਆ ਜਾਂਦੀ ਹੈ ਜਿਸ ਵਿਚ ਗੰਦੀ ਵੈੱਬ-ਸਾਈਟ ਦੀ ਮਸ਼ਹੂਰੀ ਕੀਤੀ ਗਈ ਹੈ। ਕੀ ਉਹ ਵੈੱਬ-ਸਾਈਟ ਨੂੰ ਖੋਲ੍ਹੇਗਾ ਜਾਂ ਫਿਰ ਕੀ ਉਸ ਨੂੰ ਨਜ਼ਰਅੰਦਾਜ਼ ਕਰ ਦੇਵੇਗਾ? ਇਕ ਭੈਣ ਹੋਰ ਭੈਣਾਂ ਨਾਲ ਗੱਲਬਾਤ ਕਰਦੀ ਹੈ। ਜਦੋਂ ਭੈਣਾਂ ਕਲੀਸਿਯਾ ਦੀ ਕਿਸੇ ਭੈਣ ਦੀਆਂ ਚੁਗ਼ਲੀਆਂ ਕਰਨ ਲੱਗਦੀਆਂ ਹਨ, ਤਾਂ ਕੀ ਉਹ ਵੀ ਉਨ੍ਹਾਂ ਦੀ ਗੱਲਬਾਤ ਵਿਚ ਸ਼ਾਮਲ ਹੋ ਜਾਵੇਗੀ ਜਾਂ ਫਿਰ ਕੀ ਉਹ ਗੱਲਬਾਤ ਨੂੰ ਬਦਲਣ ਦੀ ਕੋਸ਼ਿਸ਼ ਕਰੇਗੀ?
2 ਭਾਵੇਂ ਇਨ੍ਹਾਂ ਸਾਰਿਆਂ ਦੇ ਹਾਲਾਤ ਵੱਖੋ-ਵੱਖਰੇ ਹਨ, ਪਰ ਉਨ੍ਹਾਂ ਵਿਚ ਇਕ ਗੱਲ ਮਿਲਦੀ-ਜੁਲਦੀ ਹੈ। ਉਹ ਇਹ ਹੈ ਕਿ ਉਹ ਸਾਰੇ ਮਸੀਹੀ ਹੋਣ ਦੇ ਨਾਤੇ ਆਪਣੀ ਖਰਿਆਈ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਕੀ ਤੁਸੀਂ ਵੀ ਇਸ ਅਹਿਮ ਗੱਲ ਨੂੰ ਧਿਆਨ ਵਿਚ ਰੱਖਦੇ ਹੋ ਜਦੋਂ ਤੁਸੀਂ ਕਿਸੇ ਮੁਸ਼ਕਲ ਦਾ ਸਾਮ੍ਹਣਾ ਕਰਦੇ ਹੋ, ਤੁਹਾਨੂੰ ਕਿਸੇ ਗੱਲ ਦੀ ਚਿੰਤਾ ਹੁੰਦੀ ਹੈ ਜਾਂ ਜ਼ਿੰਦਗੀ ਵਿਚ ਕੋਈ ਟੀਚਾ ਰੱਖਦੇ ਹੋ? ਹਰ ਰੋਜ਼ ਲੋਕ ਆਪਣੀ ਸਿਹਤ, ਸ਼ਕਲ-ਸੂਰਤ, ਗੁਜ਼ਾਰਾ ਤੋਰਨ, ਦੋਸਤਾਂ ਨਾਲ ਚੰਗੇ ਜਾਂ ਮਾੜੇ ਪਲਾਂ ਜਾਂ ਫਿਰ ਰੋਮਾਂਸ ਬਾਰੇ ਸੋਚਦੇ ਹਨ। ਅਸੀਂ ਵੀ ਸ਼ਾਇਦ ਇਨ੍ਹਾਂ ਗੱਲਾਂ ਵੱਲ ਬਹੁਤ ਧਿਆਨ ਦਿੰਦੇ ਹੋਈਏ। ਪਰ ਜਦ ਯਹੋਵਾਹ ਸਾਡੇ ਦਿਲਾਂ ਨੂੰ ਪਰਖਦਾ ਹੈ, ਤਾਂ ਉਹ ਸਾਡੇ ਵਿਚ ਕੀ ਦੇਖਦਾ ਹੈ? (ਜ਼ਬੂ. 139:23, 24) ਸਾਡੀ ਖਰਿਆਈ।
3. ਯਹੋਵਾਹ ਨੇ ਸਾਡੇ ʼਤੇ ਕਿਹੜੀ ਗੱਲ ਛੱਡੀ ਹੈ ਅਤੇ ਅਸੀਂ ਇਸ ਲੇਖ ਵਿਚ ਕੀ ਦੇਖਾਂਗੇ?
3 “ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ” ਦੇਣ ਵਾਲੇ ਪਰਮੇਸ਼ੁਰ ਯਹੋਵਾਹ ਨੇ ਸਾਡੇ ʼਤੇ ਬੇਸ਼ੁਮਾਰ ਬਰਕਤਾਂ ਵਰਸਾਈਆਂ ਹਨ। (ਯਾਕੂ. 1:17) ਉਸ ਨੇ ਸਾਨੂੰ ਸਰੀਰ ਤੇ ਦਿਮਾਗ਼ ਦਿੱਤਾ ਹੈ, ਕੁਝ ਹੱਦ ਤਕ ਚੰਗੀ ਸਿਹਤ ਬਖ਼ਸ਼ੀ ਹੈ ਅਤੇ ਵੱਖੋ-ਵੱਖਰੀਆਂ ਕਾਬਲੀਅਤਾਂ ਦਿੱਤੀਆਂ ਹਨ। (1 ਕੁਰਿੰ. 4:7) ਫਿਰ ਵੀ ਯਹੋਵਾਹ ਸਾਨੂੰ ਖਰਿਆਈ ਰੱਖਣ ਲਈ ਮਜਬੂਰ ਨਹੀਂ ਕਰਦਾ। ਉਸ ਨੇ ਇਹ ਸਾਡੇ ʼਤੇ ਛੱਡਿਆ ਹੈ ਕਿ ਅਸੀਂ ਇਹ ਗੁਣ ਆਪਣੇ ਅੰਦਰ ਪੈਦਾ ਕਰਨਾ ਚਾਹੁੰਦੇ ਹਾਂ ਕਿ ਨਹੀਂ। (ਬਿਵ. 30:19) ਤਾਂ ਫਿਰ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਖਰਿਆਈ ਹੈ ਕੀ? ਨਾਲੇ ਅਸੀਂ ਤਿੰਨ ਕਾਰਨ ਦੇਖਾਂਗੇ ਕਿ ਇਹ ਗੁਣ ਇੰਨਾ ਜ਼ਰੂਰੀ ਕਿਉਂ ਹੈ।
ਖਰਿਆਈ ਕੀ ਹੈ?
4. ਖਰਿਆਈ ਦਾ ਕੀ ਮਤਲਬ ਹੈ ਅਤੇ ਅਸੀਂ ਜਾਨਵਰਾਂ ਦੀਆਂ ਬਲੀਆਂ ਸੰਬੰਧੀ ਯਹੋਵਾਹ ਦੇ ਕਾਨੂੰਨ ਤੋਂ ਕੀ ਸਿੱਖਦੇ ਹਾਂ?
4 ਕਈ ਲੋਕਾਂ ਨੂੰ ਪੱਕਾ ਪਤਾ ਨਹੀਂ ਕਿ ਖਰਿਆਈ ਦਾ ਮਤਲਬ ਕੀ ਹੈ। ਮਿਸਾਲ ਲਈ, ਜਦੋਂ ਸਿਆਸੀ ਨੇਤਾ ਸ਼ੇਖ਼ੀ ਮਾਰਦੇ ਹਨ ਕਿ ਉਹ ਆਪਣੇ ਵਾਅਦਿਆਂ ਨੂੰ ਪੂਰਾ ਕਰਨਗੇ, ਤਾਂ ਉਹ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਹਨ ਕਿ ਉਹ ਈਮਾਨਦਾਰ ਹਨ। ਈਮਾਨਦਾਰ ਹੋਣਾ ਜ਼ਰੂਰੀ ਹੈ, ਪਰ ਇਹ ਖਰਿਆਈ ਦਾ ਸਿਰਫ਼ ਇਕ ਪਹਿਲੂ ਹੈ। ਬਾਈਬਲ ਵਿਚ ਖਰਿਆਈ ਦਾ ਮਤਲਬ ਹੈ ਸ਼ੁੱਧ ਤੇ ਖਰਾ ਚਾਲ-ਚੱਲਣ। “ਖਰਿਆਈ” ਲਈ ਵਰਤੇ ਮੂਲ ਇਬਰਾਨੀ ਸ਼ਬਦਾਂ ਦਾ ਮਤਲਬ ਹੈ ਖਰਾ, ਪੂਰਾ ਜਾਂ ਨੁਕਸ ਤੋਂ ਬਿਨਾਂ। ਇਨ੍ਹਾਂ ਵਿੱਚੋਂ ਇਕ ਸ਼ਬਦ ਯਹੋਵਾਹ ਨੂੰ ਚੜ੍ਹਾਏ ਬਲੀਦਾਨਾਂ ਦੇ ਸੰਬੰਧ ਵਿਚ ਵਰਤਿਆ ਗਿਆ ਹੈ। ਯਹੋਵਾਹ ਉਸੇ ਜਾਨਵਰ ਦੀ ਬਲੀ ਨੂੰ ਸਵੀਕਾਰ ਕਰਦਾ ਸੀ ਜਿਸ ਵਿਚ ਕੋਈ ਨੁਕਸ ਨਹੀਂ ਸੀ ਹੁੰਦਾ। (ਲੇਵੀਆਂ 22:19, 20 ਪੜ੍ਹੋ।) ਯਹੋਵਾਹ ਦਾ ਕ੍ਰੋਧ ਉਨ੍ਹਾਂ ਲੋਕਾਂ ਉੱਤੇ ਭੜਕਦਾ ਸੀ ਜੋ ਲੰਗੜੇ, ਬੀਮਾਰ ਜਾਂ ਅੰਨ੍ਹੇ ਜਾਨਵਰਾਂ ਦੀਆਂ ਬਲੀਆਂ ਚੜ੍ਹਾਉਂਦੇ ਸਨ।—ਮਲਾ. 1:6-8.
5, 6. (ੳ) ਕਿਹੜੀਆਂ ਮਿਸਾਲਾਂ ਤੋਂ ਪਤਾ ਚੱਲਦਾ ਹੈ ਕਿ ਅਸੀਂ ਮੁਕੰਮਲ ਜਾਂ ਪੂਰੀ ਚੀਜ਼ ਨੂੰ ਅਨਮੋਲ ਸਮਝਦੇ ਹਾਂ? (ਅ) ਕੀ ਨਾਮੁਕੰਮਲ ਇਨਸਾਨਾਂ ਲਈ ਖਰਿਆਈ ਰੱਖਣ ਦਾ ਮਤਲਬ ਹਰ ਪੱਖੋਂ ਮੁਕੰਮਲ ਹੋਣਾ ਹੈ? ਸਮਝਾਓ।
5 ਕਿਸੇ ਮੁਕੰਮਲ ਜਾਂ ਪੂਰੀ ਚੀਜ਼ ਨੂੰ ਭਾਲਣਾ ਅਤੇ ਉਸ ਦੀ ਕੀਮਤ ਜਾਣਨੀ ਕੋਈ ਨਵੀਂ ਗੱਲ ਨਹੀਂ ਹੈ। ਮਿਸਾਲ ਲਈ, ਕਲਪਨਾ ਕਰੋ ਕਿ ਵਧੀਆ-ਵਧੀਆ ਕਿਤਾਬਾਂ ਇਕੱਠੀਆਂ ਕਰਨ ਵਾਲੇ ਇਕ ਬੰਦੇ ਨੂੰ ਕਾਫ਼ੀ ਚਿਰ ਤਲਾਸ਼ ਕਰਨ ਪਿੱਛੋਂ ਇਕ ਕਿਤਾਬ ਲੱਭਦੀ ਹੈ। ਪਰ ਉਸ ਕਿਤਾਬ ਦੇ ਕੁਝ ਜ਼ਰੂਰੀ ਪੰਨੇ ਗਾਇਬ ਹਨ। ਨਿਰਾਸ਼ ਹੋ ਕੇ ਉਹ ਕਿਤਾਬ ਵਾਪਸ ਸ਼ੈਲਫ਼ ʼਤੇ ਰੱਖ ਦਿੰਦਾ ਹੈ। ਜਾਂ ਸਮੁੰਦਰ ਦੇ ਕਿਨਾਰੇ ʼਤੇ ਘੁੰਮ-ਫਿਰ ਰਹੀ ਇਕ ਤੀਵੀਂ ਦੀ ਕਲਪਨਾ ਕਰੋ ਜੋ ਸਿੱਪੀਆਂ ਇਕੱਠੀਆਂ ਕਰ ਰਹੀ ਹੈ। ਉਹ ਇਨ੍ਹਾਂ ਵੰਨ-ਸੁਵੰਨੀਆਂ ਸੋਹਣੀਆਂ ਸਿੱਪੀਆਂ ਨੂੰ ਝੁਕ ਕੇ ਗੌਰ ਨਾਲ ਦੇਖਦੀ ਹੈ। ਉਹ ਕਿਹੜੀਆਂ ਸਿੱਪੀਆਂ ਆਪਣੇ ਕੋਲ ਰੱਖੇਗੀ? ਉਹੀ ਜਿਨ੍ਹਾਂ ਵਿਚ ਕੋਈ ਨੁਕਸ ਨਹੀਂ। ਇਸੇ ਤਰ੍ਹਾਂ ਯਹੋਵਾਹ ਉਨ੍ਹਾਂ ਲੋਕਾਂ ਨੂੰ ਭਾਲਦਾ ਹੈ ਜੋ ਖਰੇ ਹਨ।—2 ਇਤ. 16:9.
6 ਪਰ ਤੁਸੀਂ ਸ਼ਾਇਦ ਸੋਚੋ ਕਿ ਖਰਿਆਈ ਰੱਖਣ ਲਈ ਸਾਨੂੰ ਮੁਕੰਮਲ ਹੋਣ ਦੀ ਲੋੜ ਹੈ। ਪਾਪ ਦੇ ਕਾਰਨ ਸਾਡੇ ਵਿਚ ਨੁਕਸ ਆ ਗਿਆ ਹੈ ਜਿਸ ਕਰਕੇ ਅਸੀਂ ਸ਼ਾਇਦ ਆਪਣੇ ਆਪ ਨੂੰ ਉਸ ਅਧੂਰੀ ਕਿਤਾਬ ਜਾਂ ਖ਼ਰਾਬ ਸਿੱਪੀ ਦੀ ਤਰ੍ਹਾਂ ਅਧੂਰੇ ਸਮਝਦੇ ਹਾਂ। ਕੀ ਤੁਸੀਂ ਵੀ ਕਦੇ ਇਸ ਤਰ੍ਹਾਂ ਮਹਿਸੂਸ ਕਰਦੇ ਹੋ? ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਸਾਡੇ ਤੋਂ ਪੂਰੀ ਤਰ੍ਹਾਂ ਮੁਕੰਮਲ ਹੋਣ ਦੀ ਉਮੀਦ ਨਹੀਂ ਰੱਖਦਾ। ਉਹ ਸਾਡੇ ਤੋਂ ਕਦੇ ਉਹ ਕੁਝ ਕਰਨ ਦੀ ਮੰਗ ਨਹੀਂ ਕਰਦਾ ਜੋ ਅਸੀਂ ਨਹੀਂ ਕਰ ਸਕਦੇ।a (ਜ਼ਬੂ. 103:14; ਯਾਕੂ. 3:2) ਫਿਰ ਵੀ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਖਰਿਆਈ ਰੱਖੀਏ। ਪਰ ਕੀ ਖਰਿਆਈ ਅਤੇ ਮੁਕੰਮਲਤਾ ਵਿਚ ਕੋਈ ਫ਼ਰਕ ਹੈ? ਬਿਲਕੁਲ ਹੈ। ਜ਼ਰਾ ਇਸ ਉਦਾਹਰਣ ਉੱਤੇ ਗੌਰ ਕਰੋ: ਇਕ ਮੁੰਡਾ ਇਕ ਕੁੜੀ ਨੂੰ ਪਿਆਰ ਕਰਦਾ ਹੈ ਜਿਸ ਨਾਲ ਉਸ ਨੇ ਵਿਆਹ ਕਰਨਾ ਹੈ। ਉਸ ਲਈ ਆਪਣੀ ਪ੍ਰੇਮਿਕਾ ਤੋਂ ਇਹ ਆਸ ਰੱਖਣੀ ਨਾਸਮਝੀ ਦੀ ਗੱਲ ਹੋਵੇਗੀ ਕਿ ਉਹ ਪੂਰੀ ਤਰ੍ਹਾਂ ਮੁਕੰਮਲ ਹੋਵੇ। ਪਰ ਉਸ ਲਈ ਇਹ ਉਮੀਦ ਰੱਖਣੀ ਅਕਲਮੰਦੀ ਦੀ ਗੱਲ ਹੋਵੇਗੀ ਕਿ ਕੁੜੀ ਸਿਰਫ਼ ਉਸ ਨੂੰ ਹੀ ਆਪਣੇ ਪੂਰੇ ਦਿਲ ਨਾਲ ਪਿਆਰ ਕਰੇ। ਯਹੋਵਾਹ ਵੀ “ਅਣਖ ਵਾਲਾ ਪਰਮੇਸ਼ੁਰ” ਹੈ। (ਕੂਚ 20:5) ਉਸ ਨੂੰ ਪਤਾ ਹੈ ਕਿ ਅਸੀਂ ਹਰ ਪੱਖੋਂ ਮੁਕੰਮਲ ਨਹੀਂ ਹਾਂ, ਪਰ ਉਹ ਚਾਹੁੰਦਾ ਹੈ ਕਿ ਅਸੀਂ ਆਪਣੇ ਪੂਰੇ ਦਿਲ ਨਾਲ ਉਸ ਨੂੰ ਪਿਆਰ ਕਰੀਏ ਅਤੇ ਸਿਰਫ਼ ਉਸ ਦੀ ਹੀ ਭਗਤੀ ਕਰੀਏ।
7, 8. (ੳ) ਯਿਸੂ ਨੇ ਖਰਿਆਈ ਸੰਬੰਧੀ ਕਿਹੜੀ ਮਿਸਾਲ ਕਾਇਮ ਕੀਤੀ? (ਅ) ਬਾਈਬਲ ਅਨੁਸਾਰ ਖਰਿਆਈ ਦਾ ਸਾਰ ਅਸੀਂ ਕਿਨ੍ਹਾਂ ਸ਼ਬਦਾਂ ਵਿਚ ਦੇ ਸਕਦੇ ਹਾਂ?
7 ਸਾਨੂੰ ਯਿਸੂ ਦਾ ਸ਼ਾਇਦ ਉਹ ਜਵਾਬ ਯਾਦ ਆਵੇ ਜਦ ਉਸ ਤੋਂ ਪੁੱਛਿਆ ਗਿਆ ਸੀ ਕਿ ਸਭ ਤੋਂ ਮਹੱਤਵਪੂਰਣ ਹੁਕਮ ਕਿਹੜੇ ਹਨ। (ਮਰਕੁਸ 12:28-30 ਪੜ੍ਹੋ।) ਯਿਸੂ ਨੇ ਸਿਰਫ਼ ਹੁਕਮਾਂ ਬਾਰੇ ਦੱਸਿਆ ਹੀ ਨਹੀਂ ਸੀ, ਸਗੋਂ ਇਨ੍ਹਾਂ ਹੁਕਮਾਂ ʼਤੇ ਚੱਲਿਆ ਵੀ ਸੀ। ਆਪਣੀ ਸਾਰੀ ਬੁੱਧ, ਜਾਨ, ਦਿਲ ਅਤੇ ਸ਼ਕਤੀ ਨਾਲ ਪਰਮੇਸ਼ੁਰ ਨੂੰ ਪਿਆਰ ਕਰ ਕੇ ਯਿਸੂ ਨੇ ਸਭ ਤੋਂ ਬਿਹਤਰੀਨ ਮਿਸਾਲ ਕਾਇਮ ਕੀਤੀ। ਯਿਸੂ ਨੇ ਆਪਣੇ ਸ਼ੁੱਧ ਮਨ ਨਾਲ ਨਾ ਸਿਰਫ਼ ਆਪਣੀ ਕਹਿਣੀ ਦੁਆਰਾ ਸਗੋਂ ਆਪਣੀ ਕਰਨੀ ਦੁਆਰਾ ਵੀ ਖਰਿਆਈ ਰੱਖੀ। ਜੇ ਅਸੀਂ ਖਰਿਆਈ ਰੱਖਣੀ ਹੈ, ਤਾਂ ਜ਼ਰੂਰੀ ਹੈ ਕਿ ਅਸੀਂ ਯਿਸੂ ਦੀ ਨਕਲ ਕਰੀਏ।—1 ਪਤ. 2:21.
8 ਬਾਈਬਲ ਅਨੁਸਾਰ ਖਰਿਆਈ ਦਾ ਸਾਰ ਅਸੀਂ ਇਨ੍ਹਾਂ ਸ਼ਬਦਾਂ ਵਿਚ ਦੇ ਸਕਦੇ ਹਾਂ: ਆਪਣੇ ਪੂਰੇ ਦਿਲ ਨਾਲ ਯਹੋਵਾਹ ਦੀ ਭਗਤੀ ਕਰਨੀ ਅਤੇ ਉਸ ਦੀ ਇੱਛਾ ਤੇ ਮਕਸਦ ਅਨੁਸਾਰ ਜੀਣਾ। ਸਾਡੇ ਲਈ ਖਰਿਆਈ ਰੱਖਣ ਦਾ ਮਤਲਬ ਹੈ ਕਿ ਅਸੀਂ ਹਰ ਰੋਜ਼ ਯਹੋਵਾਹ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰਾਂਗੇ। ਅਸੀਂ ਉਨ੍ਹਾਂ ਗੱਲਾਂ ਨੂੰ ਪਹਿਲ ਦੇਵਾਂਗੇ ਜਿਹੜੀਆਂ ਉਸ ਨੂੰ ਪਸੰਦ ਹਨ। ਆਓ ਆਪਾਂ ਤਿੰਨ ਕਾਰਨਾਂ ʼਤੇ ਵਿਚਾਰ ਕਰੀਏ ਕਿ ਇੱਦਾਂ ਕਰਨਾ ਕਿਉਂ ਜ਼ਰੂਰੀ ਹੈ।
1. ਸਾਡੀ ਖਰਿਆਈ ਅਤੇ ਪਰਮੇਸ਼ੁਰ ਦਾ ਰਾਜ ਕਰਨ ਦਾ ਹੱਕ
9. ਯਹੋਵਾਹ ਦੀ ਹਕੂਮਤ ਦਾ ਸਾਡੀ ਖਰਿਆਈ ਨਾਲ ਕੀ ਸੰਬੰਧ ਹੈ?
9 ਚਾਹੇ ਅਸੀਂ ਖਰਿਆਈ ਰੱਖੀਏ ਜਾਂ ਨਾ ਰੱਖੀਏ, ਇਸ ਨਾਲ ਯਹੋਵਾਹ ਦੇ ਰਾਜ ਕਰਨ ਦੇ ਹੱਕ ʼਤੇ ਕੋਈ ਅਸਰ ਨਹੀਂ ਪੈਂਦਾ। ਭਾਵੇਂ ਕੋਈ ਕੁਝ ਵੀ ਕਹੇ ਜਾਂ ਕਰੇ, ਪਰ ਉਸ ਦੀ ਇਨਸਾਫ਼-ਪਸੰਦ ਹਕੂਮਤ ਹਮੇਸ਼ਾ ਰਹੇਗੀ। ਸਵਰਗ ਵਿਚ ਅਤੇ ਧਰਤੀ ਉੱਤੇ ਯਹੋਵਾਹ ਦੀ ਹਕੂਮਤ ʼਤੇ ਕਲੰਕ ਲਾਇਆ ਗਿਆ ਹੈ। ਇਸ ਲਈ ਉਸ ਕਲੰਕ ਨੂੰ ਮਿਟਾਉਣ ਦੀ ਲੋੜ ਹੈ ਅਤੇ ਸਾਰੀ ਸ੍ਰਿਸ਼ਟੀ ਅੱਗੇ ਇਹ ਸਾਬਤ ਕਰਨ ਦੀ ਲੋੜ ਹੈ ਕਿ ਯਹੋਵਾਹ ਦੀ ਹਕੂਮਤ ਹੀ ਸਹੀ ਹੈ ਅਤੇ ਨਿਆਈ ਹੈ ਕਿਉਂਕਿ ਯਹੋਵਾਹ ਪਿਆਰ ਨਾਲ ਰਾਜ ਕਰਦਾ ਹੈ। ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਅਸੀਂ ਇਸ ਰਾਜ ਬਾਰੇ ਦੂਸਰਿਆਂ ਨਾਲ ਗੱਲ ਕਰਦੇ ਹਾਂ। ਪਰ ਅਸੀਂ ਕਿਸ ਤਰ੍ਹਾਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦਾ ਪੱਖ ਲੈਂਦੇ ਹਾਂ? ਨਾਲੇ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਨੂੰ ਹੀ ਦੁਨੀਆਂ ਦਾ ਮਾਲਕ ਸਮਝਦੇ ਹਾਂ? ਖਰਿਆਈ ਰੱਖ ਕੇ।
10. ਸ਼ਤਾਨ ਨੇ ਖਰਿਆਈ ਸੰਬੰਧੀ ਇਨਸਾਨਾਂ ʼਤੇ ਕੀ ਦੋਸ਼ ਲਾਇਆ ਹੈ ਅਤੇ ਤੁਸੀਂ ਇਸ ਬਾਰੇ ਕੀ ਕਰੋਗੇ?
10 ਆਓ ਆਪਾਂ ਦੇਖੀਏ ਕਿ ਸਾਨੂੰ ਖਰਿਆਈ ਰੱਖਣ ਦੀ ਕਿਉਂ ਲੋੜ ਹੈ। ਸ਼ਤਾਨ ਨੇ ਦਾਅਵਾ ਕੀਤਾ ਕਿ ਕੋਈ ਵੀ ਇਨਸਾਨ ਯਹੋਵਾਹ ਦੀ ਭਗਤੀ ਸੁਆਰਥ ਤੋਂ ਬਿਨਾਂ ਨਹੀਂ ਕਰੇਗਾ। ਸਾਰੇ ਫ਼ਰਿਸ਼ਤਿਆਂ ਅੱਗੇ ਸ਼ਤਾਨ ਨੇ ਯਹੋਵਾਹ ਨੂੰ ਕਿਹਾ: “ਖੱਲ ਦੇ ਬਦਲੇ ਖੱਲ ਸਗੋਂ ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ।” (ਅੱਯੂ. 2:4) ਧਿਆਨ ਦਿਓ ਕਿ ਸ਼ਤਾਨ ਨੇ ਸਿਰਫ਼ ਧਰਮੀ ਅੱਯੂਬ ਬਾਰੇ ਇਹ ਗੱਲ ਨਹੀਂ ਕਹੀ ਸੀ, ਬਲਕਿ ਸਾਰੀ ਮਨੁੱਖਜਾਤੀ ਬਾਰੇ ਕਹੀ ਸੀ। ਇਸ ਕਰਕੇ ਬਾਈਬਲ ਸ਼ਤਾਨ ਨੂੰ “ਸਾਡੇ ਭਰਾਵਾਂ ਨੂੰ ਦੋਸ਼ ਲਾਉਣ ਵਾਲਾ” ਕਹਿੰਦੀ ਹੈ। (ਪਰ. 12:10) ਉਹ ਮਿਹਣੇ ਮਾਰਦਾ ਹੈ ਕਿ ਯਹੋਵਾਹ ਦਾ ਕੋਈ ਵੀ ਭਗਤ, ਇੱਥੋਂ ਤਕ ਕਿ ਤੁਸੀਂ ਵੀ ਯਹੋਵਾਹ ਪ੍ਰਤੀ ਵਫ਼ਾਦਾਰ ਨਹੀਂ ਰਹੋਗੇ। ਸ਼ਤਾਨ ਦਾਅਵਾ ਕਰਦਾ ਹੈ ਕਿ ਤੁਸੀਂ ਆਪਣੀ ਜਾਨ ਬਚਾਉਣ ਦੀ ਖ਼ਾਤਰ ਯਹੋਵਾਹ ਨੂੰ ਛੱਡ ਦੇਵੋਗੇ। ਇਸ ਝੂਠੇ ਦੋਸ਼ ਕਰਕੇ ਤੁਹਾਨੂੰ ਕਿਵੇਂ ਲੱਗਦਾ ਹੈ? ਕੀ ਤੁਸੀਂ ਸ਼ਤਾਨ ਨੂੰ ਝੂਠਾ ਸਾਬਤ ਕਰਨ ਦੇ ਮੌਕੇ ਦਾ ਲਾਹਾ ਨਹੀਂ ਲਓਗੇ? ਹਾਂ, ਤੁਸੀਂ ਯਹੋਵਾਹ ਪ੍ਰਤੀ ਵਫ਼ਾਦਾਰ ਰਹਿ ਕੇ ਇੱਦਾਂ ਕਰ ਸਕਦੇ ਹੋ।
11, 12. (ੳ) ਕਿਨ੍ਹਾਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਹਰ ਰੋਜ਼ ਜੋ ਫ਼ੈਸਲੇ ਕਰਦੇ ਹਾਂ, ਉਨ੍ਹਾਂ ਦਾ ਸੰਬੰਧ ਸਾਡੀ ਖਰਿਆਈ ਨਾਲ ਹੈ? (ਅ) ਖਰਿਆਈ ਰੱਖਣੀ ਮਾਣ ਦੀ ਗੱਲ ਕਿਉਂ ਹੈ?
11 ਖਰਿਆਈ ਰੱਖਣ ਲਈ ਜ਼ਰੂਰੀ ਹੈ ਕਿ ਅਸੀਂ ਹਰ ਰੋਜ਼ ਆਪਣੇ ਚਾਲ-ਚੱਲਣ ਨੂੰ ਸ਼ੁੱਧ ਰੱਖੀਏ ਤੇ ਸਹੀ ਫ਼ੈਸਲੇ ਕਰੀਏ। ਆਓ ਆਪਾਂ ਸ਼ੁਰੂ ਵਿਚ ਜ਼ਿਕਰ ਕੀਤੇ ਤਿੰਨ ਹਾਲਾਤਾਂ ʼਤੇ ਮੁੜ ਝਾਤੀ ਮਾਰੀਏ। ਉਹ ਤਿੰਨ ਵਿਅਕਤੀ ਖਰਿਆਈ ਕਿਵੇਂ ਰੱਖਣਗੇ? ਸਕੂਲ ਦੇ ਮੁੰਡੇ ਉਸ ਮੁੰਡੇ ਨੂੰ ਤੰਗ ਕਰ ਕੇ ਉਸ ਨੂੰ ਗੁੱਸਾ ਚੜ੍ਹਾ ਰਹੇ ਸਨ ਕਿ ਉਹ ਉਨ੍ਹਾਂ ਨਾਲ ਲੜੇ, ਪਰ ਮੁੰਡਾ ਇਸ ਸਲਾਹ ਨੂੰ ਯਾਦ ਕਰਦਾ ਹੈ: “ਆਪਣਾ ਬਦਲਾ ਨਾ ਲਓ ਪਰ ਕ੍ਰੋਧ ਨੂੰ ਜਾਣ ਦਿਓ ਕਿਉਂ ਜੋ ਲਿਖਿਆ ਹੋਇਆ ਹੈ ਕਿ ਪ੍ਰਭੁ ਆਖਦਾ ਹੈ ਭਈ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਾਹਵਾਂਗਾ।” (ਰੋਮੀ. 12:19) ਸੋ ਲੜਨ ਦੀ ਬਜਾਇ ਮੁੰਡਾ ਉੱਥੋਂ ਚਲੇ ਜਾਂਦਾ ਹੈ। ਇੰਟਰਨੈੱਟ ʼਤੇ ਰਿਸਰਚ ਕਰ ਰਿਹਾ ਪਤੀ ਗੰਦੀਆਂ ਤਸਵੀਰਾਂ ਦੇਖ ਸਕਦਾ ਸੀ, ਪਰ ਉਹ ਅੱਯੂਬ ਦੇ ਇਸ ਅਸੂਲ ਨੂੰ ਯਾਦ ਕਰਦਾ ਹੈ: “ਮੈਂ ਇਹ ਪ੍ਰਤਿਗਿਆ ਕੀਤੀ ਹੈ, ਕਿ ਮੈਂ ਕਿਸੇ ਕੁਆਰੀ ਵੱਲ ਬੁਰੀ ਨਜ਼ਰ ਨਾਲ ਨਹੀਂ ਦੇਖਾਂਗਾ।” (ਅੱਯੂ. 31:1, CL) ਅੱਯੂਬ ਦੀ ਮਿਸਾਲ ਉੱਤੇ ਚੱਲਦੇ ਹੋਏ ਉਹ ਪਤੀ ਵੀ ਗੰਦੀਆਂ ਤਸਵੀਰਾਂ ਨਹੀਂ ਦੇਖਦਾ ਜਿਵੇਂ ਕਿ ਉਹ ਜ਼ਹਿਰ ਹੋਣ। ਹੋਰਨਾਂ ਭੈਣਾਂ ਨਾਲ ਗੱਲਬਾਤ ਕਰ ਰਹੀ ਭੈਣ ਵੀ ਦੂਸਰਿਆਂ ਬਾਰੇ ਚੁਗ਼ਲੀਆਂ ਨਹੀਂ ਕਰਦੀ ਕਿਉਂਕਿ ਉਹ ਇਹ ਸਲਾਹ ਯਾਦ ਕਰਦੀ ਹੈ: “ਸਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਨੂੰ ਉਹ ਦੀ ਭਲਿਆਈ ਲਈ ਰਿਝਾਏ ਭਈ ਉਹ ਦੀ ਤਰੱਕੀ ਹੋਵੇ।” (ਰੋਮੀ. 15:2) ਦੂਸਰਿਆਂ ਬਾਰੇ ਚੁਗ਼ਲੀਆਂ ਕਰਨ ਨਾਲ ਨਾ ਤਾਂ ਕਿਸੇ ਦਾ ਹੌਸਲਾ ਵਧਦਾ ਹੈ ਅਤੇ ਨਾ ਹੀ ਉਸ ਭੈਣ ਦਾ ਭਲਾ ਹੁੰਦਾ ਹੈ ਜਿਸ ਦੀ ਚੁਗ਼ਲੀ ਕੀਤੀ ਜਾ ਰਹੀ ਹੈ। ਇਸ ਤੋਂ ਯਹੋਵਾਹ ਵੀ ਖ਼ੁਸ਼ ਨਹੀਂ ਹੁੰਦਾ। ਇਸ ਲਈ ਉਹ ਆਪਣੀ ਜ਼ਬਾਨ ਨੂੰ ਲਗਾਮ ਦਿੰਦੀ ਹੈ ਅਤੇ ਗੱਲ ਹੋਰ ਪਾਸੇ ਲੈ ਜਾਂਦੀ ਹੈ।
12 ਇਨ੍ਹਾਂ ਤਿੰਨਾਂ ਜਣਿਆਂ ਨੇ ਜੋ ਫ਼ੈਸਲਾ ਕੀਤਾ, ਉਸ ਅਨੁਸਾਰ ਉਹ ਕਹਿ ਰਹੇ ਹਨ ਕਿ ‘ਯਹੋਵਾਹ ਮੇਰਾ ਹਾਕਮ ਹੈ। ਮੈਂ ਉਹੀ ਕੁਝ ਕਰਾਂਗਾ ਜੋ ਯਹੋਵਾਹ ਨੂੰ ਇਸ ਮਾਮਲੇ ਵਿਚ ਖ਼ੁਸ਼ ਕਰਦਾ ਹੈ।’ ਕੀ ਤੁਸੀਂ ਵੀ ਇੱਦਾਂ ਹੀ ਸੋਚਦੇ ਹੋ ਜਦੋਂ ਤੁਸੀਂ ਕੋਈ ਫ਼ੈਸਲਾ ਕਰਦੇ ਹੋ? ਜੇ ਹਾਂ, ਤਾਂ ਤੁਸੀਂ ਕਹਾਉਤਾਂ 27:11 ਦੇ ਸ਼ਬਦਾਂ ʼਤੇ ਖਰੇ ਉੱਤਰ ਰਹੇ ਹੋ: “ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ।” ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਅਸੀਂ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰ ਸਕਦੇ ਹਾਂ! ਇਹ ਜਾਣ ਕੇ ਕੀ ਸਾਨੂੰ ਖਰਿਆਈ ਰੱਖਣ ਦੀ ਪੂਰੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ?
2. ਪਰਮੇਸ਼ੁਰ ਦੇ ਨਿਆਂ ਕਰਨ ਦਾ ਆਧਾਰ
13. ਅੱਯੂਬ ਤੇ ਦਾਊਦ ਦੇ ਸ਼ਬਦਾਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਡਾ ਨਿਆਂ ਸਾਡੀ ਖਰਿਆਈ ਦੇ ਅਨੁਸਾਰ ਕਰਦਾ ਹੈ?
13 ਇਹ ਗੱਲ ਸਾਫ਼ ਹੈ ਕਿ ਖਰਿਆਈ ਰੱਖਣ ਨਾਲ ਅਸੀਂ ਯਹੋਵਾਹ ਦਾ ਪੱਖ ਲੈ ਸਕਦੇ ਹਾਂ। ਇਸੇ ਆਧਾਰ ʼਤੇ ਯਹੋਵਾਹ ਸਾਡਾ ਨਿਆਂ ਕਰਦਾ ਹੈ। ਅੱਯੂਬ ਵੀ ਇਹ ਗੱਲ ਜਾਣਦਾ ਸੀ। (ਅੱਯੂਬ 31:6 ਪੜ੍ਹੋ।) ਅੱਯੂਬ ਨੂੰ ਪਤਾ ਸੀ ਕਿ ਯਹੋਵਾਹ ਖਰਿਆਈ ਪਰਖਣ ਲਈ ਆਪਣੇ ਇਨਸਾਫ਼ ਦੇ ਸਹੀ ਮਿਆਰਾਂ ਅਨੁਸਾਰ ਸਾਰੀ ਮਨੁੱਖਜਾਤੀ ਨੂੰ “ਧਰਮ ਤੁਲਾ” ਯਾਨੀ ਸਹੀ ਤੱਕੜੀ ਵਿਚ ਤੋਲਦਾ ਹੈ। ਦਾਊਦ ਨੇ ਵੀ ਕਿਹਾ ਸੀ: “ਹੇ ਯਹੋਵਾਹ, ਮੇਰੇ ਧਰਮ ਅਰ ਮੇਰੀ ਸਿਧਿਆਈ [ਖਰਿਆਈ] ਦੇ ਅਨੁਸਾਰ ਮੇਰਾ ਨਿਆਉਂ ਕਰ . . . ਹੇ ਧਰਮੀ ਪਰਮੇਸ਼ੁਰ, ਜੋ ਦਿਲਾਂ ਅਰ ਗੁਰਦਿਆਂ ਨੂੰ ਜਾਚਦਾ ਹੈਂ।” (ਜ਼ਬੂ. 7:8, 9) ਅਸੀਂ ਜਾਣਦੇ ਹਾਂ ਕਿ ਯਹੋਵਾਹ “ਦਿਲਾਂ ਅਰ ਗੁਰਦਿਆਂ” ਯਾਨੀ ਸਾਨੂੰ ਧੁਰ ਅੰਦਰੋਂ ਜਾਂਚ ਸਕਦਾ ਹੈ। ਪਰ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਸਾਡੇ ਵਿਚ ਉਹ ਕੀ ਦੇਖ ਰਿਹਾ ਹੈ। ਦਾਊਦ ਦੇ ਕਹਿਣ ਅਨੁਸਾਰ ਉਹ ਦੇਖਦਾ ਹੈ ਕਿ ਅਸੀਂ ਖਰਿਆਈ ਰੱਖਦੇ ਹਾਂ ਜਾਂ ਨਹੀਂ ਜਿਸ ਦੇ ਆਧਾਰ ʼਤੇ ਯਹੋਵਾਹ ਸਾਡਾ ਨਿਆਂ ਕਰਦਾ ਹੈ।
14. ਸਾਨੂੰ ਇਹ ਕਿਉਂ ਨਹੀਂ ਮੰਨ ਲੈਣਾ ਚਾਹੀਦਾ ਕਿ ਨਾਮੁਕੰਮਲ ਹੋਣ ਕਰਕੇ ਅਸੀਂ ਖਰਿਆਈ ਬਰਕਰਾਰ ਨਹੀਂ ਰੱਖ ਸਕਦੇ?
14 ਜ਼ਰਾ ਸੋਚੋ ਕਿ ਯਹੋਵਾਹ ਅੱਜ ਅਰਬਾਂ ਹੀ ਲੋਕਾਂ ਦੇ ਦਿਲਾਂ ਨੂੰ ਪਰਖ ਰਿਹਾ ਹੈ। (1 ਇਤ. 28:9) ਉਹ ਕਿੰਨੇ ਕੁ ਜਣਿਆਂ ਨੂੰ ਆਪਣੇ ਸੱਚੇ-ਸੁੱਚੇ ਅਸੂਲਾਂ ʼਤੇ ਚੱਲਦਿਆਂ ਦੇਖਦਾ ਹੈ? ਬਹੁਤ ਹੀ ਘੱਟ ਲੋਕਾਂ ਨੂੰ! ਪਰ ਸਾਨੂੰ ਇਹ ਨਹੀਂ ਮੰਨ ਲੈਣਾ ਚਾਹੀਦਾ ਕਿ ਨਾਮੁਕੰਮਲ ਹੋਣ ਕਰਕੇ ਅਸੀਂ ਆਪਣੀ ਖਰਿਆਈ ਬਰਕਰਾਰ ਨਹੀਂ ਰੱਖ ਸਕਦੇ। ਇਸ ਦੇ ਉਲਟ ਸਾਨੂੰ ਅੱਯੂਬ ਅਤੇ ਦਾਊਦ ਵਾਂਗ ਇਹ ਭਰੋਸਾ ਰੱਖਣਾ ਚਾਹੀਦਾ ਹੈ ਕਿ ਅਸੀਂ ਆਪਣੀ ਖਰਿਆਈ ਬਰਕਰਾਰ ਰੱਖ ਸਕਦੇ ਹਾਂ ਭਾਵੇਂ ਸਾਡੇ ਵਿਚ ਬਹੁਤ ਸਾਰੇ ਨੁਕਸ ਹਨ। ਯਾਦ ਰੱਖੋ ਕਿ ਮੁਕੰਮਲ ਹੋਣਾ ਇਸ ਗੱਲ ਦੀ ਗਾਰੰਟੀ ਨਹੀਂ ਕਿ ਅਸੀਂ ਖਰਿਆਈ ਬਣਾਈ ਰੱਖਾਂਗੇ। ਸਾਨੂੰ ਪਤਾ ਹੈ ਕਿ ਧਰਤੀ ʼਤੇ ਸਿਰਫ਼ ਤਿੰਨ ਮੁਕੰਮਲ ਇਨਸਾਨ ਸਨ। ਉਨ੍ਹਾਂ ਵਿੱਚੋਂ ਦੋ ਜਣਿਆਂ ਯਾਨੀ ਆਦਮ ਤੇ ਹੱਵਾਹ ਨੇ ਪਰਮੇਸ਼ੁਰ ਪ੍ਰਤੀ ਖਰਿਆਈ ਨਹੀਂ ਰੱਖੀ। ਪਰ ਅੱਜ ਲੱਖਾਂ ਹੀ ਨਾਮੁਕੰਮਲ ਇਨਸਾਨ ਖਰਿਆਈ ਬਣਾਈ ਰੱਖ ਸਕੇ ਹਨ। ਤੁਸੀਂ ਵੀ ਇੱਦਾਂ ਕਰ ਸਕਦੇ ਹੋ।
3. ਖਰਿਆਈ ਤੋਂ ਬਿਨਾਂ ਉਮੀਦ ਨਹੀਂ
15. ਦਾਊਦ ਨੇ ਕਿਵੇਂ ਦਿਖਾਇਆ ਕਿ ਸਦਾ ਦੀ ਜ਼ਿੰਦਗੀ ਪਾਉਣ ਲਈ ਖਰਿਆਈ ਰੱਖਣੀ ਜ਼ਰੂਰੀ ਹੈ?
15 ਅਸੀਂ ਦੇਖਿਆ ਹੈ ਕਿ ਯਹੋਵਾਹ ਸਾਡਾ ਨਿਆਂ ਸਾਡੀ ਖਰਿਆਈ ਦੇ ਆਧਾਰ ʼਤੇ ਕਰਦਾ ਹੈ, ਇਸ ਲਈ ਚੰਗੇ ਭਵਿੱਖ ਦੀ ਉਮੀਦ ਵਾਸਤੇ ਖਰਿਆਈ ਰੱਖਣੀ ਬਹੁਤ ਜ਼ਰੂਰੀ ਹੈ। ਦਾਊਦ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਸੀ। (ਜ਼ਬੂਰਾਂ ਦੀ ਪੋਥੀ 41:12 ਪੜ੍ਹੋ।) ਦਾਊਦ ਚਾਹੁੰਦਾ ਸੀ ਕਿ ਯਹੋਵਾਹ ਦੀ ਮਿਹਰ ਹਮੇਸ਼ਾ ਉਸ ʼਤੇ ਰਹੇ। ਅੱਜ ਸੱਚੇ ਮਸੀਹੀਆਂ ਵਾਂਗ ਦਾਊਦ ਵੀ ਸਦਾ ਦੀ ਜ਼ਿੰਦਗੀ ਜੀਣ ਦੀ ਉਮੀਦ ਰੱਖਦਾ ਸੀ ਅਤੇ ਉਸ ਨੇ ਯਹੋਵਾਹ ਨਾਲ ਆਪਣਾ ਰਿਸ਼ਤਾ ਗੂੜ੍ਹਾ ਰੱਖਿਆ। ਦਾਊਦ ਜਾਣਦਾ ਸੀ ਕਿ ਜੇ ਉਸ ਨੇ ਸਦਾ ਦੀ ਜ਼ਿੰਦਗੀ ਪਾਉਣੀ ਸੀ, ਤਾਂ ਉਸ ਲਈ ਆਪਣੀ ਖਰਿਆਈ ਬਰਕਰਾਰ ਰੱਖਣੀ ਜ਼ਰੂਰੀ ਸੀ। ਇਸੇ ਤਰ੍ਹਾਂ ਜਦੋਂ ਅਸੀਂ ਆਪਣੀ ਖਰਿਆਈ ਬਣਾਈ ਰੱਖਦੇ ਹਾਂ, ਤਾਂ ਯਹੋਵਾਹ ਸਾਨੂੰ ਸੰਭਾਲਦਾ ਹੈ, ਸਿਖਾਉਂਦਾ ਹੈ, ਸੇਧ ਤੇ ਬਰਕਤਾਂ ਦਿੰਦਾ ਹੈ।
16, 17. (ੳ) ਤੁਸੀਂ ਆਪਣੀ ਖਰਿਆਈ ਕਾਇਮ ਰੱਖਣ ਦਾ ਪੱਕਾ ਇਰਾਦਾ ਕਿਉਂ ਕੀਤਾ ਹੈ? (ਅ) ਅਸੀਂ ਅਗਲੇ ਲੇਖ ਵਿਚ ਕਿਨ੍ਹਾਂ ਸਵਾਲਾਂ ਦੇ ਜਵਾਬ ਦੇਖਾਂਗੇ?
16 ਅੱਜ ਖ਼ੁਸ਼ ਰਹਿਣ ਲਈ ਵੀ ਇਹ ਉਮੀਦ ਹੋਣੀ ਜ਼ਰੂਰੀ ਹੈ। ਇਸ ਉਮੀਦ ਦੇ ਸਹਾਰੇ ਅਸੀਂ ਮੁਸ਼ਕਲ ਸਮਿਆਂ ਵਿੱਚੋਂ ਗੁਜ਼ਰ ਸਕਦੇ ਹਾਂ ਤੇ ਆਪਣੀ ਖ਼ੁਸ਼ੀ ਬਰਕਰਾਰ ਰੱਖ ਸਕਦੇ ਹਾਂ। ਇਹ ਸਾਡੀਆਂ ਸੋਚਾਂ ਦੀ ਵੀ ਰਾਖੀ ਕਰ ਸਕਦੀ ਹੈ। ਯਾਦ ਰੱਖੋ ਕਿ ਬਾਈਬਲ ਵਿਚ ਉਮੀਦ ਦੀ ਤੁਲਨਾ ਟੋਪ ਨਾਲ ਕੀਤੀ ਗਈ ਹੈ। (1 ਥੱਸ. 5:8) ਜਿਵੇਂ ਟੋਪ ਫ਼ੌਜੀ ਦੇ ਸਿਰ ਦੀ ਰਾਖੀ ਕਰਦਾ ਹੈ, ਉਸੇ ਤਰ੍ਹਾਂ ਸਾਡੀ ਉਮੀਦ ਸਾਨੂੰ ਗ਼ਲਤ ਸੋਚਾਂ ਅਤੇ ਨਿਰਾਸ਼ਾ ਭਰੀਆਂ ਗੱਲਾਂ ਤੋਂ ਬਚਾਉਂਦੀ ਹੈ ਜੋ ਸ਼ਤਾਨ ਇਸ ਦੁਨੀਆਂ ਵਿਚ ਫੈਲਾਉਂਦਾ ਹੈ। ਬਿਨਾਂ ਉਮੀਦ ਦੇ ਜੀਣ ਦਾ ਕੋਈ ਮਕਸਦ ਨਹੀਂ ਹੁੰਦਾ। ਸਾਨੂੰ ਈਮਾਨਦਾਰੀ ਨਾਲ ਆਪਣੀ ਜਾਂਚ ਕਰਨੀ ਪੈਣੀ ਹੈ ਕਿ ਅਸੀਂ ਖਰਿਆਈ ਰੱਖਦੇ ਹਾਂ ਜਾਂ ਨਹੀਂ ਅਤੇ ਸਾਡੀ ਉਮੀਦ ਕਿੰਨੀ ਕੁ ਪੱਕੀ ਹੈ। ਇਹ ਨਾ ਭੁੱਲੋ ਕਿ ਖਰਿਆਈ ਰੱਖਣ ਨਾਲ ਤੁਸੀਂ ਯਹੋਵਾਹ ਦਾ ਪੱਖ ਲੈ ਰਹੇ ਹੋ ਅਤੇ ਭਵਿੱਖ ਲਈ ਆਪਣੀ ਉਮੀਦ ਦੀ ਰਾਖੀ ਕਰ ਰਹੋ ਹੋ। ਸਾਡੀ ਇਹੀ ਦੁਆ ਹੈ ਕਿ ਤੁਸੀਂ ਹਮੇਸ਼ਾ ਆਪਣੀ ਖਰਿਆਈ ਬਣਾਈ ਰੱਖੋ!
17 ਅਸੀਂ ਦੇਖਿਆ ਕਿ ਖਰਿਆਈ ਰੱਖਣੀ ਬਹੁਤ ਜ਼ਰੂਰੀ ਹੈ, ਇਸ ਲਈ ਆਪਾਂ ਕੁਝ ਹੋਰ ਸਵਾਲਾਂ ʼਤੇ ਗੌਰ ਕਰਾਂਗੇ। ਅਸੀਂ ਖਰਿਆਈ ਦੇ ਗੁਣ ਨੂੰ ਕਿਵੇਂ ਪੈਦਾ ਕਰ ਸਕਦੇ ਹਾਂ? ਅਸੀਂ ਖਰਿਆਈ ਨੂੰ ਕਾਇਮ ਕਿਵੇਂ ਰੱਖ ਸਕਦੇ ਹਾਂ? ਉਦੋਂ ਕੀ ਕੀਤਾ ਜਾ ਸਕਦਾ ਹੈ ਜਦੋਂ ਕੋਈ ਖਰੇ ਰਾਹ ʼਤੇ ਚੱਲਣਾ ਛੱਡ ਦਿੰਦਾ ਹੈ? ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਦੂਸਰੇ ਲੇਖ ਵਿਚ ਦੇਖਾਂਗੇ।
[ਫੁਟਨੋਟ]
a ਯਿਸੂ ਨੇ ਕਿਹਾ: “ਜਿਵੇਂ ਤੁਹਾਡਾ ਸੁਰਗੀ ਪਿਤਾ ਸੰਪੂਰਣ ਹੈ ਤਿਵੇਂ ਤੁਸੀਂ ਵੀ ਸੰਪੂਰਣ ਹੋਵੋ।” (ਮੱਤੀ 5:48) ਯਿਸੂ ਨੂੰ ਪਤਾ ਸੀ ਕਿ ਨਾਮੁਕੰਮਲ ਇਨਸਾਨ ਵੀ ਕੁਝ ਹੱਦ ਤਕ ਆਪਣੇ ਪਿਤਾ ਵਾਂਗ ਮੁਕੰਮਲ ਹੋ ਸਕਦੇ ਹਨ। ਇਸ ਲਈ ਅਸੀਂ ਦੂਸਰਿਆਂ ਨੂੰ ਪਿਆਰ ਕਰ ਸਕਦੇ ਹਾਂ ਜਿਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ। ਯਹੋਵਾਹ ਹਰ ਪੱਖੋਂ ਮੁਕੰਮਲ ਤੇ ਬੇਦਾਗ਼ ਹੈ। ਜਦੋਂ “ਖਰਿਆਈ” ਸ਼ਬਦ ਯਹੋਵਾਹ ʼਤੇ ਲਾਗੂ ਹੁੰਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਉਸ ਵਿਚ ਕੋਈ ਨੁਕਸ ਨਹੀਂ ਹੈ।—ਜ਼ਬੂ. 18:30.
ਤੁਸੀਂ ਕਿਵੇਂ ਜਵਾਬ ਦਿਓਗੇ?
• ਖਰਿਆਈ ਦਾ ਕੀ ਮਤਲਬ ਹੈ?
• ਯਹੋਵਾਹ ਦੀ ਹਕੂਮਤ ਨਾਲ ਖਰਿਆਈ ਦਾ ਕੀ ਸੰਬੰਧ ਹੈ?
• ਚੰਗੇ ਭਵਿੱਖ ਦੀ ਉਮੀਦ ਵਾਸਤੇ ਖਰਿਆਈ ਰੱਖਣੀ ਕਿਉਂ ਜ਼ਰੂਰੀ ਹੈ?
[ਸਫ਼ਾ 5 ਉੱਤੇ ਤਸਵੀਰਾਂ]
ਹਰ ਰੋਜ਼ ਸਾਨੂੰ ਖਰਿਆਈ ਰੱਖਣ ਲਈ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ