ਅਸੀਂ ਪਵਿੱਤਰ ਰਹਿ ਸਕਦੇ ਹਾਂ
“ਆਪਣੇ ਹੱਥਾਂ ਨੂੰ ਸਾਫ਼ ਕਰੋ ਅਤੇ . . . ਆਪਣੇ ਦਿਲਾਂ ਨੂੰ ਸ਼ੁੱਧ ਕਰੋ।”—ਯਾਕੂ. 4:8.
1. ਬਹੁਤ ਸਾਰੇ ਲੋਕ ਕਿਹੜੀ ਗੱਲ ਨੂੰ ਆਮ ਸਮਝਦੇ ਹਨ?
ਅਸੀਂ ਅਜਿਹੀ ਦੁਨੀਆਂ ਵਿਚ ਰਹਿੰਦੇ ਹਾਂ ਜਿੱਥੇ ਅਨੈਤਿਕਤਾ ਦਾ ਬੋਲਬਾਲਾ ਹੈ। ਮਿਸਾਲ ਲਈ, ਬਹੁਤ ਸਾਰੇ ਲੋਕ ਸੋਚਦੇ ਹਨ ਕਿ ਸਮਲਿੰਗੀ ਸੰਬੰਧ ਰੱਖਣੇ ਜਾਂ ਕਿਸੇ ਗ਼ੈਰ ਮਰਦ ਜਾਂ ਔਰਤ ਨਾਲ ਜਿਨਸੀ ਸੰਬੰਧ ਕਾਇਮ ਕਰਨੇ ਆਮ ਗੱਲ ਹੈ। ਫ਼ਿਲਮਾਂ, ਕਿਤਾਬਾਂ, ਗਾਣਿਆਂ ਤੇ ਮਸ਼ਹੂਰੀਆਂ ਵਿਚ ਬਹੁਤ ਸਾਰੀ ਅਨੈਤਿਕਤਾ ਦਿਖਾਈ ਜਾਂਦੀ ਹੈ। (ਜ਼ਬੂ. 12:8) ਬਦਚਲਣੀ ਇੰਨੀ ਵਧ ਚੁੱਕੀ ਹੈ ਕਿ ਤੁਸੀਂ ਸ਼ਾਇਦ ਸੋਚੋ, ‘ਕੀ ਪਵਿੱਤਰ ਜ਼ਿੰਦਗੀ ਜੀਉਣੀ ਵਾਕਈ ਮੁਮਕਿਨ ਹੈ?’ ਬਿਲਕੁਲ! ਅਸੀਂ ਪੂਰੇ ਭਰੋਸੇ ਨਾਲ ਇਹ ਕਹਿ ਸਕਦੇ ਹਾਂ ਕਿਉਂਕਿ ਯਹੋਵਾਹ ਦੀ ਮਦਦ ਨਾਲ ਪਵਿੱਤਰ ਰਹਿਣਾ ਮੁਮਕਿਨ ਹੈ।—1 ਥੱਸਲੁਨੀਕੀਆਂ 4:3-5 ਪੜ੍ਹੋ।
2, 3. (ੳ) ਗ਼ਲਤ ਇੱਛਾਵਾਂ ਨਾਲ ਲੜਨਾ ਕਿਉਂ ਜ਼ਰੂਰੀ ਹੈ? (ਅ) ਅਸੀਂ ਇਸ ਲੇਖ ਵਿਚ ਕਿਨ੍ਹਾਂ ਗੱਲਾਂ ʼਤੇ ਗੌਰ ਕਰਾਂਗੇ?
2 ਯਹੋਵਾਹ ਨੂੰ ਖ਼ੁਸ਼ ਕਰਨ ਲਈ ਸਾਨੂੰ ਉਸ ਹਰ ਗੱਲ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਸ ਤੋਂ ਯਹੋਵਾਹ ਨੂੰ ਨਫ਼ਰਤ ਹੈ। ਪਰ ਨਾਮੁਕੰਮਲ ਹੋਣ ਕਰਕੇ ਅਸੀਂ ਸ਼ਾਇਦ ਅਨੈਤਿਕਤਾ ਵੱਲ ਖਿੱਚੇ ਜਾਈਏ ਜਿਸ ਤਰ੍ਹਾਂ ਮੱਛੀ ਕੁੰਡੀ ਨਾਲ ਲੱਗੀ ਸੁੰਡੀ ਵੱਲ ਖਿੱਚੀ ਚਲੀ ਜਾਂਦੀ ਹੈ। ਜਦੋਂ ਸਾਡੇ ਮਨ ਵਿਚ ਗੰਦੇ ਖ਼ਿਆਲ ਆਉਣੇ ਸ਼ੁਰੂ ਹੀ ਹੁੰਦੇ ਹਨ, ਤਾਂ ਉਸੇ ਵੇਲੇ ਸਾਨੂੰ ਇਹ ਖ਼ਿਆਲ ਮਨ ਵਿੱਚੋਂ ਕੱਢ ਦੇਣੇ ਚਾਹੀਦੇ ਹਨ। ਜੇ ਅਸੀਂ ਨਹੀਂ ਕੱਢਦੇ, ਤਾਂ ਗ਼ਲਤ ਇੱਛਾ ਸਾਡੇ ਦਿਲ ਵਿਚ ਜੜ੍ਹ ਫੜ ਲਵੇਗੀ ਜਿਸ ਕਰਕੇ ਮੌਕਾ ਮਿਲਦਿਆਂ ਹੀ ਅਸੀਂ ਗ਼ਲਤ ਕੰਮ ਕਰ ਬੈਠਾਂਗੇ। ਬਾਈਬਲ ਠੀਕ ਹੀ ਕਹਿੰਦੀ ਹੈ: “ਇਹ ਇੱਛਾ ਅੰਦਰ ਹੀ ਅੰਦਰ ਪਲ਼ਦੀ ਰਹਿੰਦੀ ਹੈ ਅਤੇ ਇਹ ਪਾਪ ਨੂੰ ਜਨਮ ਦਿੰਦੀ ਹੈ।”—ਯਾਕੂਬ 1:14, 15 ਪੜ੍ਹੋ।
3 ਗ਼ਲਤ ਇੱਛਾ ਸਾਡੇ ਦਿਲ ਵਿਚ ਉਪਜ ਸਕਦੀ ਹੈ। ਇਸ ਲਈ ਸਾਨੂੰ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕਿਹੜੀਆਂ ਗੱਲਾਂ ਬਾਰੇ ਸੋਚਦੇ ਹਾਂ। ਜੇ ਅਸੀਂ ਗ਼ਲਤ ਇੱਛਾ ਨੂੰ ਜੜ੍ਹ ਫੜਨ ਤੋਂ ਪਹਿਲਾਂ ਹੀ ਕੱਢ ਦਿੰਦੇ ਹਾਂ, ਤਾਂ ਅਸੀਂ ਗ਼ਲਤ ਕੰਮ ਕਰਨ ਅਤੇ ਇਸ ਦੇ ਬੁਰੇ ਅੰਜਾਮਾਂ ਤੋਂ ਬਚ ਸਕਦੇ ਹਾਂ। (ਗਲਾ. 5:16) ਇਸ ਲੇਖ ਵਿਚ ਅਸੀਂ ਤਿੰਨ ਗੱਲਾਂ ʼਤੇ ਗੌਰ ਕਰਾਂਗੇ ਜੋ ਗ਼ਲਤ ਇੱਛਾਵਾਂ ਨਾਲ ਲੜਨ ਵਿਚ ਸਾਡੀ ਮਦਦ ਕਰਨਗੀਆਂ: ਯਹੋਵਾਹ ਨਾਲ ਸਾਡੀ ਦੋਸਤੀ, ਉਸ ਦੇ ਬਚਨ ਤੋਂ ਸਲਾਹ ਤੇ ਨਿਹਚਾ ਵਿਚ ਮਜ਼ਬੂਤ ਭੈਣਾਂ-ਭਰਾਵਾਂ ਤੋਂ ਮਦਦ।
“ਪਰਮੇਸ਼ੁਰ ਦੇ ਨੇੜੇ ਜਾਓ”
4. ਯਹੋਵਾਹ ਦੇ ਨੇੜੇ ਰਹਿਣਾ ਕਿਉਂ ਜ਼ਰੂਰੀ ਹੈ?
4 ਜਿਹੜੇ ਪਰਮੇਸ਼ੁਰ ਦੇ ਨੇੜੇ ਜਾਣਾ ਚਾਹੁੰਦੇ ਹਨ, ਬਾਈਬਲ ਉਨ੍ਹਾਂ ਨੂੰ ਕਹਿੰਦੀ ਹੈ: ‘ਆਪਣੇ ਹੱਥਾਂ ਨੂੰ ਸਾਫ਼ ਕਰੋ ਅਤੇ ਆਪਣੇ ਦਿਲਾਂ ਨੂੰ ਸ਼ੁੱਧ ਕਰੋ।’ (ਯਾਕੂ. 4:8) ਜਦੋਂ ਅਸੀਂ ਇਸ ਗੱਲ ਦੀ ਕਦਰ ਕਰਦੇ ਹਾਂ ਕਿ ਯਹੋਵਾਹ ਸਾਡਾ ਸਭ ਤੋਂ ਚੰਗਾ ਦੋਸਤ ਹੈ, ਤਾਂ ਅਸੀਂ ਨਾ ਸਿਰਫ਼ ਆਪਣੇ ਕੰਮਾਂ ਨਾਲ ਸਗੋਂ ਆਪਣੇ ਖ਼ਿਆਲਾਂ ਨਾਲ ਵੀ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹਾਂਗੇ। ਜੇ ਸਾਡੇ ਖ਼ਿਆਲ ਪਵਿੱਤਰ ਅਤੇ ਸ਼ੁੱਧ ਹੋਣਗੇ, ਤਾਂ ਸਾਡਾ ਦਿਲ ਵੀ ਸ਼ੁੱਧ ਹੋਵੇਗਾ। (ਜ਼ਬੂ 24:3, 4; 51:6; ਫ਼ਿਲਿ. 4:8) ਯਹੋਵਾਹ ਜਾਣਦਾ ਹੈ ਕਿ ਅਸੀਂ ਗ਼ਲਤੀਆਂ ਦੇ ਪੁਤਲੇ ਹਾਂ ਤੇ ਗੰਦੇ ਖ਼ਿਆਲ ਸੌਖਿਆਂ ਹੀ ਸਾਡੇ ਮਨ ਵਿਚ ਆ ਸਕਦੇ ਹਨ। ਪਰ ਅਸੀਂ ਯਹੋਵਾਹ ਨੂੰ ਦੁਖੀ ਨਹੀਂ ਕਰਨਾ ਚਾਹੁੰਦੇ ਜਿਸ ਕਰਕੇ ਅਸੀਂ ਹਮੇਸ਼ਾ ਗੰਦੇ ਖ਼ਿਆਲਾਂ ਨੂੰ ਮਨ ਵਿੱਚੋਂ ਕੱਢਣ ਦੀ ਪੂਰੀ ਕੋਸ਼ਿਸ਼ ਕਰਾਂਗੇ। (ਉਤ. 6:5, 6) ਅਸੀਂ ਆਪਣੇ ਖ਼ਿਆਲਾਂ ਨੂੰ ਸ਼ੁੱਧ ਰੱਖਣ ਲਈ ਜੋ ਕਰ ਸਕਦੇ ਹਾਂ ਕਰਾਂਗੇ।
5, 6. ਗ਼ਲਤ ਇੱਛਾਵਾਂ ਨਾਲ ਲੜਨ ਵਿਚ ਪ੍ਰਾਰਥਨਾ ਸਾਡੀ ਕਿਵੇਂ ਮਦਦ ਕਰ ਸਕਦੀ ਹੈ?
5 ਜਦੋਂ ਅਸੀਂ ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਕਰਦੇ ਰਹਿੰਦੇ ਹਾਂ, ਤਾਂ ਯਹੋਵਾਹ ਗੰਦੇ ਖ਼ਿਆਲਾਂ ਨਾਲ ਲੜਨ ਵਿਚ ਸਾਡੀ ਮਦਦ ਕਰਦਾ ਹੈ। ਉਹ ਸਾਨੂੰ ਆਪਣੀ ਪਵਿੱਤਰ ਸ਼ਕਤੀ ਦਿੰਦਾ ਹੈ ਤਾਂਕਿ ਪਵਿੱਤਰ ਰਹਿਣ ਦਾ ਸਾਡਾ ਇਰਾਦਾ ਪੱਕਾ ਹੋਵੇ। ਆਪਣੀਆਂ ਪ੍ਰਾਰਥਨਾਵਾਂ ਵਿਚ ਅਸੀਂ ਯਹੋਵਾਹ ਨੂੰ ਕਹਿ ਸਕਦੇ ਹਾਂ ਕਿ ਅਸੀਂ ਆਪਣੇ ਮਨ ਦੇ ਵਿਚਾਰਾਂ ਨਾਲ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। (ਜ਼ਬੂ. 19:14) ਅਸੀਂ ਨਿਮਰਤਾ ਨਾਲ ਉਸ ਨੂੰ ਕਹਿ ਸਕਦੇ ਹਾਂ ਕਿ ਉਹ ਸਾਡੇ ਦਿਲ ਦੀ ਜਾਂਚ ਕਰ ਕੇ ਦੇਖੇ ਕਿ ਇਸ ਵਿਚ ਕੋਈ ਬੁਰੀ ਇੱਛਾ ਤਾਂ ਨਹੀਂ ਪਲ਼ ਰਹੀ ਜਿਸ ਕਾਰਨ ਸਾਡੇ ਤੋਂ ਪਾਪ ਹੋ ਸਕਦਾ ਹੈ। (ਜ਼ਬੂ. 139:23, 24) ਸਾਨੂੰ ਯਹੋਵਾਹ ਨੂੰ ਪ੍ਰਾਰਥਨਾ ਵਿਚ ਕਹਿੰਦੇ ਰਹਿਣਾ ਚਾਹੀਦਾ ਹੈ ਕਿ ਉਹ ਸਾਡੀ ਅਨੈਤਿਕਤਾ ਤੋਂ ਦੂਰ ਰਹਿਣ ਅਤੇ ਸਹੀ ਕੰਮ ਕਰਨ ਵਿਚ ਮਦਦ ਕਰੇ, ਉਦੋਂ ਵੀ ਜਦੋਂ ਸਾਡੇ ਲਈ ਇੱਦਾਂ ਕਰਨਾ ਔਖਾ ਹੁੰਦਾ ਹੈ।—ਮੱਤੀ 6:13.
6 ਸਾਡੇ ਪਾਲਣ-ਪੋਸ਼ਣ ਜਾਂ ਸੱਚਾਈ ਵਿਚ ਆਉਣ ਤੋਂ ਪਹਿਲਾਂ ਦੀ ਜ਼ਿੰਦਗੀ ਕਰਕੇ ਅਸੀਂ ਸ਼ਾਇਦ ਅਜਿਹੇ ਕੰਮ ਕਰਨੇ ਪਸੰਦ ਕਰਦੇ ਸੀ ਜਿਨ੍ਹਾਂ ਨੂੰ ਯਹੋਵਾਹ ਪਸੰਦ ਨਹੀਂ ਕਰਦਾ। ਹੋ ਸਕਦਾ ਹੈ ਕਿ ਅਸੀਂ ਅਜੇ ਵੀ ਇਹ ਕੰਮ ਕਰਨ ਦੇ ਝੁਕਾਅ ਨਾਲ ਲੜ ਰਹੇ ਹਾਂ। ਪਰ ਯਹੋਵਾਹ ਜ਼ਰੂਰੀ ਤਬਦੀਲੀਆਂ ਕਰਨ ਵਿਚ ਸਾਡੀ ਮਦਦ ਕਰ ਸਕਦਾ ਹੈ ਤਾਂਕਿ ਅਸੀਂ ਸਹੀ ਤਰੀਕੇ ਨਾਲ ਉਸ ਦੀ ਸੇਵਾ ਕਰ ਕੇ ਉਸ ਨੂੰ ਖ਼ੁਸ਼ ਕਰ ਸਕੀਏ। ਮਿਸਾਲ ਲਈ, ਰਾਜਾ ਦਾਊਦ ਨੇ ਬਥ-ਸ਼ਬਾ ਨਾਲ ਨਾਜਾਇਜ਼ ਸਰੀਰਕ ਸੰਬੰਧ ਕਾਇਮ ਕਰਨ ਤੋਂ ਬਾਅਦ ਤੋਬਾ ਕੀਤੀ ਅਤੇ ਤਰਲੇ ਕੀਤੇ ਕਿ ਉਹ ਉਸ ਨੂੰ “ਇੱਕ ਪਾਕ ਮਨ” ਦੇਵੇ ਅਤੇ ਆਗਿਆਕਾਰ ਰਹਿਣ ਵਿਚ ਮਦਦ ਕਰੇ। (ਜ਼ਬੂ. 51:10, 12) ਭਾਵੇਂ ਅਤੀਤ ਵਿਚ ਗ਼ਲਤ ਇੱਛਾਵਾਂ ਨੇ ਸਾਡੇ ਦਿਲ ਵਿਚ ਜੜ੍ਹ ਫੜੀ ਹੋਈ ਸੀ ਅਤੇ ਜੇ ਅਸੀਂ ਹਾਲੇ ਵੀ ਇਨ੍ਹਾਂ ਇੱਛਾਵਾਂ ਨਾਲ ਲੜ ਰਹੇ ਹਾਂ, ਤਾਂ ਯਹੋਵਾਹ ਸਾਡੇ ਵਿਚ ਇਨ੍ਹਾਂ ਤੋਂ ਵੀ ਗਹਿਰੀ ਇੱਛਾ ਪੈਦਾ ਕਰ ਸਕਦਾ ਹੈ ਤਾਂਕਿ ਅਸੀਂ ਉਸ ਦਾ ਕਹਿਣਾ ਮੰਨੀਏ ਅਤੇ ਸਹੀ ਕੰਮ ਕਰੀਏ। ਜੀ ਹਾਂ, ਉਹ ਨੁਕਸਾਨਦੇਹ ਖ਼ਿਆਲਾਂ ਨੂੰ ਕਾਬੂ ਕਰਨ ਵਿਚ ਸਾਡੀ ਮਦਦ ਕਰ ਸਕਦਾ ਹੈ।—ਜ਼ਬੂ. 119:133.
“ਬਚਨ ਉੱਤੇ ਚੱਲਣ ਵਾਲੇ ਬਣੋ”
7. ਪਰਮੇਸ਼ੁਰ ਦਾ ਬਚਨ ਸਾਡੀ ਕਿਵੇਂ ਮਦਦ ਕਰ ਸਕਦਾ ਹੈ ਤਾਂਕਿ ਗ਼ਲਤ ਵਿਚਾਰ ਸਾਡੇ ʼਤੇ ਹਾਵੀ ਨਾ ਹੋ ਜਾਣ?
7 ਯਹੋਵਾਹ ਆਪਣੇ ਬਚਨ ਰਾਹੀਂ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇ ਸਕਦਾ ਹੈ। ਇਸ ਵਿਚ ਯਹੋਵਾਹ ਦੀ ਬੁੱਧ ਪਾਈ ਜਾਂਦੀ ਹੈ ਜੋ ਬਿਲਕੁਲ “ਸ਼ੁੱਧ” ਹੈ। (ਯਾਕੂ. 3:17) ਜਦੋਂ ਅਸੀਂ ਹਰ ਰੋਜ਼ ਬਾਈਬਲ ਪੜ੍ਹਦੇ ਹਾਂ, ਤਾਂ ਅਸੀਂ ਆਪਣਾ ਮਨ ਚੰਗੇ ਵਿਚਾਰਾਂ ਨਾਲ ਭਰ ਰਹੇ ਹੁੰਦੇ ਹਾਂ। (ਜ਼ਬੂ. 19:7, 11; 119:9, 11) ਨਾਲੇ ਬਾਈਬਲ ਵਿਚ ਕਈ ਮਿਸਾਲਾਂ ਤੇ ਖ਼ਾਸ ਸਲਾਹਾਂ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਗ਼ਲਤ ਵਿਚਾਰਾਂ ਅਤੇ ਇੱਛਾਵਾਂ ਨੂੰ ਆਪਣੇ ʼਤੇ ਹਾਵੀ ਨਹੀਂ ਹੋਣ ਦੇਵਾਂਗੇ।
8, 9. (ੳ) ਇਕ ਨੌਜਵਾਨ ਬਦਚਲਣ ਤੀਵੀਂ ਨਾਲ ਜਿਨਸੀ ਸੰਬੰਧ ਕਿਉਂ ਕਾਇਮ ਕਰ ਬੈਠਾ? (ਅ) ਕਹਾਉਤਾਂ ਦੇ 7ਵੇਂ ਅਧਿਆਇ ਦੀ ਮਿਸਾਲ ਸਾਨੂੰ ਕਿਹੜੇ ਹਲਾਤਾਂ ਤੋਂ ਬਚਾ ਕੇ ਰੱਖ ਸਕਦੀ ਹੈ?
8 ਕਹਾਉਤਾਂ 5:8 ਵਿਚ ਅਸੀਂ ਪੜ੍ਹਦੇ ਹਾਂ: “ਉਸ ਤੀਵੀਂ ਤੋਂ ਆਪਣਾ ਰਾਹ ਦੂਰ ਹੀ ਰੱਖ, ਅਤੇ ਉਹ ਦੇ ਘਰ ਦੇ ਬੂਹੇ ਦੇ ਨੇੜੇ ਵੀ ਨਾ ਜਾਹ।” ਕਹਾਉਤਾਂ ਦੇ 7ਵੇਂ ਅਧਿਆਇ ਵਿਚ ਅਸੀਂ ਇਕ ਨੌਜਵਾਨ ਦੀ ਕਹਾਣੀ ਪੜ੍ਹਦੇ ਹਾਂ ਜੋ ਇਕ ਬਦਚਲਣ ਤੀਵੀਂ ਦੇ ਘਰ ਦੇ ਨੇੜੇ ਤੁਰਨ-ਫਿਰਨ ਚਲਾ ਗਿਆ। ਰਾਤ ਹੋ ਰਹੀ ਸੀ ਤੇ ਉਹ ਤੀਵੀਂ ਗਲੀ ਦੀ ਨੁੱਕਰ ਵਿਚ ਸ਼ਾਇਦ ਅਸ਼ਲੀਲ ਕੱਪੜੇ ਪਾ ਕੇ ਖੜ੍ਹੀ ਸੀ। ਉਹ ਤੀਵੀਂ ਉਸ ਨੌਜਵਾਨ ਕੋਲ ਗਈ, ਉਸ ਨੂੰ ਫੜ ਕੇ ਚੁੰਮਿਆ ਤੇ ਆਪਣੀਆਂ ਮਿੱਠੀਆਂ-ਮਿੱਠੀਆਂ ਗੱਲਾਂ ਨਾਲ ਫ਼ੁਸਲਾਉਣ ਲੱਗ ਪਈ ਜਿਸ ਨਾਲ ਉਸ ਦੇ ਦਿਲ ਵਿਚ ਕਾਮੁਕ ਇੱਛਾ ਜਾਗ ਉੱਠੀ। ਉਹ ਆਪਣੇ ʼਤੇ ਕਾਬੂ ਨਾ ਰੱਖ ਸਕਿਆ ਜਿਸ ਕਰਕੇ ਉਹ ਉਸ ਔਰਤ ਨਾਲ ਜਿਨਸੀ ਸੰਬੰਧ ਕਾਇਮ ਕਰ ਬੈਠਾ। ਉਹ ਇਸ ਇਰਾਦੇ ਨਾਲ ਰਾਤ ਨੂੰ ਘੁੰਮਣ-ਫਿਰਨ ਨਹੀਂ ਨਿਕਲਿਆ ਸੀ। ਉਹ ਨਾਸਮਝ ਨੌਜਵਾਨ ਖ਼ਤਰੇ ਨੂੰ ਭਾਂਪ ਨਾ ਸਕਿਆ। ਪਰ ਹੁਣ ਤਾਂ ਬਹੁਤ ਦੇਰ ਹੋ ਚੁੱਕੀ ਸੀ। ਉਸ ਨੂੰ ਆਪਣੀ ਕਰਨੀ ਦਾ ਫਲ ਭੁਗਤਣਾ ਹੀ ਪੈਣਾ ਸੀ। ਕਾਸ਼ ਕਿ ਉਹ ਉਸ ਦੇ ਨੇੜੇ ਹੀ ਨਾ ਜਾਂਦਾ!—ਕਹਾ. 7:6-27.
9 ਉਸ ਨੌਜਵਾਨ ਦੀ ਤਰ੍ਹਾਂ ਸ਼ਾਇਦ ਸਾਡੇ ਤੋਂ ਵੀ ਗ਼ਲਤ ਫ਼ੈਸਲੇ ਹੋ ਸਕਦੇ ਹਨ ਜੇ ਅਸੀਂ ਖ਼ਤਰੇ ਨੂੰ ਪਹਿਲਾਂ ਤੋਂ ਹੀ ਨਹੀਂ ਭਾਂਪਦੇ। ਮਿਸਾਲ ਲਈ, ਰਾਤ ਨੂੰ ਕਈ ਟੀ. ਵੀ. ਚੈਨਲਾਂ ʼਤੇ ਗੰਦੇ ਪ੍ਰੋਗਰਾਮ ਦਿਖਾਏ ਜਾਂਦੇ ਹਨ, ਇਸ ਲਈ ਐਵੇਂ ਹੀ ਚੈਨਲਾਂ ਨੂੰ ਬਦਲ-ਬਦਲ ਕੇ ਦੇਖੀ ਜਾਣਾ ਸਾਡੇ ਲਈ ਖ਼ਤਰਨਾਕ ਹੋ ਸਕਦਾ ਹੈ। ਉਨ੍ਹਾਂ ਇੰਟਰਨੈੱਟ ਲਿੰਕਾਂ ʼਤੇ ਵੀ ਕਲਿੱਕ ਕਰਨਾ ਖ਼ਤਰਨਾਕ ਹੋ ਸਕਦਾ ਹੈ ਜਿਨ੍ਹਾਂ ਬਾਰੇ ਸਾਨੂੰ ਪਤਾ ਨਹੀਂ ਕਿ ਉਹ ਲਿੰਕ ਸਾਨੂੰ ਕਿੱਥੇ ਲੈ ਜਾ ਸਕਦੇ ਹਨ। ਨਾਲੇ ਚੈਟ ਰੂਮ ਜਾਂ ਵੈੱਬ ਸਾਈਟਾਂ ਵੀ ਖ਼ਤਰੇ ਤੋਂ ਖਾਲੀ ਨਹੀਂ ਹਨ ਜਿਨ੍ਹਾਂ ʼਤੇ ਗੰਦੀਆਂ ਮਸ਼ਹੂਰੀਆਂ ਅਤੇ ਪੋਰਨੋਗ੍ਰਾਫੀ ਦੇ ਲਿੰਕ ਹੁੰਦੇ ਹਨ। ਇਨ੍ਹਾਂ ਹਲਾਤਾਂ ਵਿਚ ਸਾਡੀ ਨਜ਼ਰ ਜਿਨ੍ਹਾਂ ਚੀਜ਼ਾਂ ʼਤੇ ਪਵੇਗੀ, ਉਨ੍ਹਾਂ ਕਰਕੇ ਸਾਡੇ ਅੰਦਰ ਗ਼ਲਤ ਇੱਛਾਵਾਂ ਜਾਗ ਸਕਦੀਆਂ ਹਨ ਤੇ ਅਸੀਂ ਆਪਣੀ ਪਵਿੱਤਰ ਰਹਿਣ ਦੀ ਲੜਾਈ ਹਾਰ ਸਕਦੇ ਹਾਂ।
10. ਫਲਰਟ ਕਰਨਾ ਕਿਉਂ ਖ਼ਤਰਨਾਕ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
10 ਬਾਈਬਲ ਸਾਨੂੰ ਇਹ ਵੀ ਦੱਸਦੀ ਹੈ ਕਿ ਆਦਮੀਆਂ ਤੇ ਔਰਤਾਂ ਨੂੰ ਇਕ-ਦੂਜੇ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ। (1 ਤਿਮੋਥਿਉਸ 5:2 ਪੜ੍ਹੋ।) ਮਸੀਹੀ ਸਿਰਫ਼ ਆਪਣੇ ਜੀਵਨ ਸਾਥੀ ਜਾਂ ਉਸ ਮੁੰਡੇ-ਕੁੜੀ ਨੂੰ ਰੋਮਾਂਟਿਕ ਨਜ਼ਰਾਂ ਨਾਲ ਦੇਖਦੇ ਹਨ ਜਿਸ ਨਾਲ ਉਹ ਵਿਆਹ ਕਰਨਾ ਚਾਹੁੰਦੇ ਹਨ। ਉਹ ਫਲਰਟ ਨਹੀਂ ਕਰਦੇ। ਕੁਝ ਲੋਕ ਸ਼ਾਇਦ ਸੋਚਣ ਕਿ ਆਪਣੀਆਂ ਅਦਾਵਾਂ ਤੇ ਹਾਵਾਂ-ਭਾਵਾਂ ਨਾਲ ਕਿਸੇ ਦਾ ਧਿਆਨ ਖਿੱਚਣ ਜਾਂ ਕਿਸੇ ʼਤੇ ਨਜ਼ਰਾਂ ਦੇ ਤੀਰ ਚਲਾਉਣ ਵਿਚ ਕੋਈ ਹਰਜ ਨਹੀਂ ਹੈ ਜਦ ਤਕ ਤੁਸੀਂ ਉਸ ਨੂੰ ਰੋਮਾਂਟਿਕ ਤਰੀਕੇ ਨਾਲ ਛੂੰਹਦੇ ਨਹੀਂ ਹੋ। ਜਦੋਂ ਮੁੰਡਾ-ਕੁੜੀ ਫਲਰਟ ਕਰਦੇ ਹਨ, ਤਾਂ ਉਨ੍ਹਾਂ ਦੇ ਮਨ ਵਿਚ ਗੰਦੇ ਖ਼ਿਆਲ ਉਪਜਣੇ ਸ਼ੁਰੂ ਹੋ ਸਕਦੇ ਹਨ ਜਿਸ ਕਰਕੇ ਉਹ ਅਨੈਤਿਕਤਾ ਦੇ ਜਾਲ਼ ਵਿਚ ਫਸ ਸਕਦੇ ਹਨ। ਇਸ ਤਰ੍ਹਾਂ ਹੋ ਚੁੱਕਾ ਹੈ ਤੇ ਤੁਹਾਡੇ ਨਾਲ ਵੀ ਹੋ ਸਕਦਾ ਹੈ।
11. ਯੂਸੁਫ਼ ਨੇ ਸਾਡੇ ਲਈ ਕਿਹੜੀ ਵਧੀਆ ਮਿਸਾਲ ਕਾਇਮ ਕੀਤੀ?
11 ਯੂਸੁਫ਼ ਦੀ ਮਿਸਾਲ ਸਾਡੇ ਲਈ ਵਧੀਆ ਹੈ। ਪੋਟੀਫ਼ਰ ਦੀ ਪਤਨੀ ਨੇ ਉਸ ਨੂੰ ਆਪਣੇ ਨਾਲ ਸੈਕਸ ਕਰਨ ਲਈ ਭਰਮਾਇਆ। ਯੂਸੁਫ਼ ਉਸ ਦੀਆਂ ਗੱਲਾਂ ਵਿਚ ਨਹੀਂ ਆਇਆ, ਪਰ ਉਹ ਬਾਜ਼ ਨਹੀਂ ਆਈ ਸਗੋਂ ਲਗਾਤਾਰ ਉਸ ਨੂੰ ਆਪਣੇ ਜਾਲ਼ ਵਿਚ ਫਸਾਉਣ ਦੀ ਕੋਸ਼ਿਸ਼ ਕਰਦੀ ਰਹੀ। ਉਹ ਹਰ ਦਿਨ ਉਸ ਨੂੰ ਕਹਿੰਦੀ ਰਹਿੰਦੀ ਸੀ ਕਿ ਉਹ “ਉਸ ਦੇ ਕੋਲ ਰਹੇ।” (ਉਤ. 39:7, 8, 10) ਇਕ ਬਾਈਬਲ ਵਿਦਵਾਨ ਦੇ ਅਨੁਸਾਰ ਪੋਟੀਫ਼ਰ ਦੀ ਪਤਨੀ ਦੇ ਕਹਿਣ ਦਾ ਅਸਲ ਮਤਲਬ ਇਹ ਸੀ: ‘ਆ ਆਪਾਂ ਦੋ ਪਲ ਇਕੱਠੇ ਗੁਜ਼ਾਰੀਏ। ਉਸ ਨੂੰ ਉਮੀਦ ਸੀ ਕਿ ਜੇ ਉਹ ਦੋਵੇਂ ਇਕੱਲੇ ਹੋਣਗੇ, ਤਾਂ ਯੂਸੁਫ਼ ਪਹਿਲਾ ਕਦਮ ਚੁੱਕੇਗਾ।’ ਪਰ ਯੂਸੁਫ਼ ਨੇ ਪੱਕਾ ਇਰਾਦਾ ਕੀਤਾ ਸੀ ਕਿ ਉਹ ਉਸ ਦੀਆਂ ਚਿਕਨੀਆਂ-ਚੋਪੜੀਆਂ ਗੱਲਾਂ ਵਿਚ ਨਹੀਂ ਆਵੇਗਾ ਤੇ ਨਾ ਹੀ ਉਸ ਨੇ ਉਸ ਨਾਲ ਇੱਦਾਂ ਦੀਆਂ ਗੱਲਾਂ ਕੀਤੀਆਂ। ਇਸ ਤਰ੍ਹਾਂ ਉਹ ਫਲਰਟ ਕਰਨ ਤੋਂ ਦੂਰ ਰਿਹਾ ਜਿਸ ਕਰਕੇ ਉਸ ਦੇ ਦਿਲ ਵਿਚ ਗ਼ਲਤ ਇੱਛਾ ਨੇ ਜੜ੍ਹ ਨਹੀਂ ਫੜੀ। ਜਦੋਂ ਉਸ ਨੇ ਯੂਸੁਫ਼ ਦਾ ਕੱਪੜਾ ਫੜਿਆ ਤੇ ਉਸ ਨੂੰ ਆਪਣੇ ਨਾਲ ਸੈਕਸ ਕਰਨ ਲਈ ਮਜਬੂਰ ਕੀਤਾ, ਤਾਂ ਉਹ ਫ਼ੌਰਨ “ਆਪਣਾ ਕੱਪੜਾ ਉਸ ਦੇ ਹੱਥ ਵਿੱਚ ਛੱਡ ਕੇ ਨੱਠਾ ਅਰ ਬਾਹਰ ਨਿੱਕਲਿਆ।”—ਉਤ. 39:12.
12. ਸਾਨੂੰ ਕਿਵੇਂ ਪਤਾ ਹੈ ਕਿ ਜੋ ਕੁਝ ਅਸੀਂ ਦੇਖਦੇ ਹਾਂ ਉਸ ਦਾ ਅਸਰ ਸਾਡੇ ਦਿਲ ʼਤੇ ਪੈਂਦਾ ਹੈ?
12 ਬਾਈਬਲ ਸਾਨੂੰ ਇਸ ਖ਼ਤਰੇ ਤੋਂ ਖ਼ਬਰਦਾਰ ਕਰਦੀ ਹੈ ਕਿ ਸਾਡੀਆਂ ਅੱਖਾਂ ਸਾਡੇ ਦਿਲ ਨੂੰ ਕੁਰਾਹੇ ਪਾ ਸਕਦੀਆਂ ਹਨ। ਇੱਧਰ-ਉੱਧਰ ਫਿਰਦੀਆਂ ਅੱਖਾਂ ਗ਼ਲਤ ਇੱਛਾਵਾਂ ਨੂੰ ਜਗਾ ਸਕਦੀਆਂ ਹਨ ਜੋ ਵਧ ਕੇ ਇੰਨੀਆਂ ਜ਼ਬਰਦਸਤ ਹੋ ਸਕਦੀਆਂ ਹਨ ਕਿ ਇਨ੍ਹਾਂ ਨੂੰ ਕਾਬੂ ਕਰਨਾ ਔਖਾ ਹੋ ਸਕਦਾ ਹੈ। ਯਿਸੂ ਨੇ ਚੇਤਾਵਨੀ ਦਿੱਤੀ ਸੀ: “ਜੇ ਕੋਈ ਕਿਸੇ ਔਰਤ ਵੱਲ ਗੰਦੀ ਨਜ਼ਰ ਨਾਲ ਦੇਖਦਾ ਰਹਿੰਦਾ ਹੈ, ਤਾਂ ਉਹ ਉਸ ਨਾਲ ਆਪਣੇ ਦਿਲ ਵਿਚ ਹਰਾਮਕਾਰੀ ਕਰ ਚੁੱਕਾ ਹੈ।” (ਮੱਤੀ 5:28) ਯਾਦ ਕਰੋ ਕਿ ਰਾਜਾ ਦਾਊਦ ਨਾਲ ਕੀ ਹੋਇਆ ਸੀ। ‘ਛੱਤ ਤੋਂ ਉਸ ਨੇ ਇੱਕ ਤੀਵੀਂ ਨੂੰ ਡਿੱਠਾ ਜੋ ਨਹਾਉਂਦੀ ਪਈ ਸੀ।’ (2 ਸਮੂ. 11:2) ਦਾਊਦ ਨੇ ਨਾ ਹੀ ਆਪਣੀਆਂ ਨਜ਼ਰਾਂ ਉਸ ਤੋਂ ਹਟਾਈਆਂ ਤੇ ਨਾ ਹੀ ਉਸ ਦਾ ਖ਼ਿਆਲ ਆਪਣੇ ਮਨ ਵਿੱਚੋਂ ਕੱਢਿਆ। ਚਾਹੇ ਉਹ ਕਿਸੇ ਹੋਰ ਦੀ ਪਤਨੀ ਸੀ, ਫਿਰ ਵੀ ਉਸ ਨੇ ਆਪਣੇ ਦਿਲ ਵਿਚ ਉਸ ਨੂੰ ਪਾਉਣ ਦੀ ਇੱਛਾ ਨੂੰ ਪਲ਼ਣ ਦਿੱਤਾ ਤੇ ਉਸ ਨਾਲ ਜਿਨਸੀ ਸੰਬੰਧ ਕਾਇਮ ਕੀਤੇ।
13. ਸਾਨੂੰ ਆਪਣੀਆਂ ਅੱਖਾਂ ਨਾਲ “ਨੇਮ” ਬੰਨ੍ਹਣ ਦੀ ਲੋੜ ਕਿਉਂ ਹੈ ਤੇ ਇਹ ਅਸੀਂ ਕਿਵੇਂ ਕਰਦੇ ਹਾਂ?
13 ਜੇ ਅਸੀਂ ਗੰਦੇ ਖ਼ਿਆਲਾਂ ਨੂੰ ਆਪਣੇ ਮਨ ਵਿੱਚੋਂ ਕੱਢਣਾ ਚਾਹੁੰਦੇ ਹਾਂ, ਤਾਂ ਸਾਨੂੰ ਅੱਯੂਬ ਦੀ ਰੀਸ ਕਰਨ ਦੀ ਲੋੜ ਹੈ। ਉਸ ਨੇ ਕਿਹਾ: “ਮੈਂ ਆਪਣੀਆਂ ਅੱਖਾਂ ਨਾਲ ਨੇਮ ਕੀਤਾ ਹੈ।” (ਅੱਯੂ. 31:1, 7, 9) ਅੱਯੂਬ ਵਾਂਗ ਸਾਨੂੰ ਵੀ ਪੱਕਾ ਧਾਰ ਲੈਣਾ ਚਾਹੀਦਾ ਹੈ ਕਿ ਅਸੀਂ ਕਿਸੇ ਵੱਲ ਮਾੜੀ ਨਜ਼ਰ ਨਾਲ ਕਦੀ ਨਹੀਂ ਦੇਖਾਂਗੇ। ਜੇ ਸਾਡੀ ਨਜ਼ਰ ਕੰਪਿਊਟਰ, ਕਿਸੇ ਇਸ਼ਤਿਹਾਰ ਬੋਰਡ, ਮੈਗਜ਼ੀਨ ਜਾਂ ਕਿਤੇ ਹੋਰ ਅਸ਼ਲੀਲ ਤਸਵੀਰ ʼਤੇ ਪੈ ਜਾਵੇ, ਤਾਂ ਸਾਨੂੰ ਤੁਰੰਤ ਆਪਣੀਆਂ ਅੱਖਾਂ ਫੇਰ ਲੈਣੀਆਂ ਚਾਹੀਦੀਆਂ ਹਨ।
14. ਸਾਨੂੰ ਪਵਿੱਤਰ ਰਹਿਣ ਲਈ ਕੀ ਕਰਨਾ ਚਾਹੀਦਾ ਹੈ?
14 ਹੁਣ ਤਕ ਜਿਨ੍ਹਾਂ ਗੱਲਾਂ ʼਤੇ ਆਪਾਂ ਚਰਚਾ ਕੀਤੀ ਹੈ, ਉਨ੍ਹਾਂ ਉੱਤੇ ਸੋਚ-ਵਿਚਾਰ ਕਰਨ ਨਾਲ ਸ਼ਾਇਦ ਤੁਹਾਨੂੰ ਅਹਿਸਾਸ ਹੋਵੇ ਕਿ ਤੁਹਾਨੂੰ ਆਪਣੀਆਂ ਗ਼ਲਤ ਇੱਛਾਵਾਂ ਨਾਲ ਹੋਰ ਵੀ ਜ਼ਿਆਦਾ ਲੜਨ ਦੀ ਲੋੜ ਹੈ। ਜੇ ਤੁਹਾਨੂੰ ਕੋਈ ਬਦਲਾਅ ਕਰਨ ਦੀ ਲੋੜ ਹੈ, ਤਾਂ ਹੁਣੇ ਕਦਮ ਚੁੱਕੋ। ਜਦੋਂ ਤੁਸੀਂ ਯਹੋਵਾਹ ਦਾ ਕਹਿਣਾ ਮੰਨਦੇ ਹੋ, ਤਾਂ ਤੁਸੀਂ ਅਨੈਤਿਕ ਕੰਮ ਕਰਨ ਦੇ ਫੰਦੇ ਵਿਚ ਫਸਣ ਤੋਂ ਬਚ ਸਕਦੇ ਹੋ ਤੇ ਪਵਿੱਤਰ ਰਹਿ ਸਕਦੇ ਹੋ।—ਯਾਕੂਬ 1:21-25 ਪੜ੍ਹੋ।
‘ਬਜ਼ੁਰਗਾਂ ਨੂੰ ਬੁਲਾਓ’
15. ਜੇ ਤੁਹਾਨੂੰ ਗ਼ਲਤ ਇੱਛਾਵਾਂ ਨਾਲ ਲੜਨਾ ਔਖਾ ਲੱਗ ਰਿਹਾ ਹੈ, ਤਾਂ ਮਦਦ ਭਾਲਣੀ ਕਿਉਂ ਜ਼ਰੂਰੀ ਹੈ?
15 ਜੇ ਤੁਹਾਨੂੰ ਗ਼ਲਤ ਇੱਛਾਵਾਂ ਨਾਲ ਲੜਨਾ ਔਖਾ ਲੱਗ ਰਿਹਾ ਹੈ, ਤਾਂ ਮੰਡਲੀ ਦੇ ਕਿਸੇ ਭੈਣ-ਭਰਾ ਨਾਲ ਗੱਲ ਕਰੋ ਜੋ ਲੰਬੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰ ਰਿਹਾ ਹੈ ਤੇ ਜੋ ਤੁਹਾਨੂੰ ਪਰਮੇਸ਼ੁਰ ਦੇ ਬਚਨ ਤੋਂ ਚੰਗੀ ਸਲਾਹ ਦੇ ਸਕਦਾ ਹੈ। ਸ਼ਾਇਦ ਤੁਹਾਡੇ ਲਈ ਦੂਜਿਆਂ ਨਾਲ ਆਪਣੀਆਂ ਸਮੱਸਿਆਵਾਂ ਬਾਰੇ ਗੱਲ ਕਰਨੀ ਸੌਖੀ ਨਾ ਹੋਵੇ ਪਰ ਬਹੁਤ ਜ਼ਰੂਰੀ ਹੈ ਕਿ ਤੁਸੀਂ ਮਦਦ ਲਈ ਕਿਸੇ ਨਾਲ ਗੱਲ ਕਰੋ। (ਕਹਾ. 18:1; ਇਬ. 3:12, 13) ਸੱਚਾਈ ਵਿਚ ਮਜ਼ਬੂਤ ਭੈਣ-ਭਰਾ ਤੁਹਾਨੂੰ ਦੱਸ ਸਕਦੇ ਹਨ ਕਿ ਤੁਹਾਨੂੰ ਕਿਹੜੇ ਬਦਲਾਅ ਕਰਨ ਦੀ ਲੋੜ ਹੈ। ਫਿਰ ਤੁਰੰਤ ਇਹ ਬਦਲਾਅ ਕਰੋ ਤਾਂਕਿ ਤੁਸੀਂ ਯਹੋਵਾਹ ਦੇ ਦੋਸਤ ਬਣੇ ਰਹਿ ਸਕੋ।
16, 17. (ੳ) ਬਜ਼ੁਰਗ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹਨ ਜਿਨ੍ਹਾਂ ਨੂੰ ਆਪਣੀਆਂ ਗ਼ਲਤ ਇੱਛਾਵਾਂ ਨਾਲ ਲੜਨਾ ਔਖਾ ਲੱਗਦਾ ਹੈ? ਮਿਸਾਲ ਦਿਓ। (ਅ) ਪੋਰਨੋਗ੍ਰਾਫੀ ਦੇਖਣ ਵਾਲਿਆਂ ਲਈ ਤੁਰੰਤ ਮਦਦ ਭਾਲਣੀ ਕਿਉਂ ਜ਼ਰੂਰੀ ਹੈ?
16 ਖ਼ਾਸ ਕਰਕੇ ਮੰਡਲੀ ਦੇ ਬਜ਼ੁਰਗ ਸਾਡੀ ਮਦਦ ਕਰ ਸਕਦੇ ਹਨ। (ਯਾਕੂਬ 5:13-15 ਪੜ੍ਹੋ।) ਬ੍ਰਾਜ਼ੀਲ ਵਿਚ ਇਕ ਨੌਜਵਾਨ ਨੂੰ ਕਈ ਸਾਲਾਂ ਤੋਂ ਆਪਣੀਆਂ ਗ਼ਲਤ ਇੱਛਾਵਾਂ ਨਾਲ ਲੜਨਾ ਔਖਾ ਲੱਗ ਰਿਹਾ ਸੀ। ਉਸ ਨੇ ਕਿਹਾ: “ਮੈਨੂੰ ਪਤਾ ਸੀ ਕਿ ਮੇਰੇ ਖ਼ਿਆਲਾਂ ਤੋਂ ਯਹੋਵਾਹ ਖ਼ੁਸ਼ ਨਹੀਂ ਸੀ, ਪਰ ਮੈਨੂੰ ਇਨ੍ਹਾਂ ਬਾਰੇ ਦੂਜਿਆਂ ਨੂੰ ਦੱਸਣ ਤੋਂ ਬਹੁਤ ਸ਼ਰਮ ਆਉਂਦੀ ਸੀ।” ਇਕ ਬਜ਼ੁਰਗ ਨੂੰ ਅਹਿਸਾਸ ਹੋਇਆ ਕਿ ਇਸ ਨੌਜਵਾਨ ਨੂੰ ਮਦਦ ਦੀ ਲੋੜ ਸੀ ਤੇ ਉਸ ਨੇ ਉਸ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਬਜ਼ੁਰਗਾਂ ਤੋਂ ਮਦਦ ਮੰਗੇ। ਉਸ ਨੌਜਵਾਨ ਨੇ ਕਿਹਾ: “ਮੈਂ ਹੈਰਾਨ ਸੀ ਕਿ ਬਜ਼ੁਰਗ ਕਿੰਨੇ ਪਿਆਰ ਨਾਲ ਮੇਰੇ ਨਾਲ ਪੇਸ਼ ਆਏ! ਮੈਂ ਸੋਚਿਆ ਵੀ ਨਹੀਂ ਸੀ ਕਿ ਉਹ ਇੰਨੇ ਪਿਆਰ ਤੇ ਸਮਝਦਾਰੀ ਨਾਲ ਪੇਸ਼ ਆਉਣਗੇ ਜਿਸ ਦੇ ਮੈਂ ਲਾਇਕ ਵੀ ਨਹੀਂ ਸੀ। ਉਨ੍ਹਾਂ ਨੇ ਮੇਰੀਆਂ ਸਮੱਸਿਆਵਾਂ ਨੂੰ ਬੜੇ ਧਿਆਨ ਨਾਲ ਸੁਣਿਆ। ਉਨ੍ਹਾਂ ਨੇ ਬਾਈਬਲ ਦਾ ਇਸਤੇਮਾਲ ਕਰ ਕੇ ਮੈਨੂੰ ਚੇਤੇ ਕਰਾਇਆ ਕਿ ਯਹੋਵਾਹ ਮੈਨੂੰ ਬਹੁਤ ਪਿਆਰ ਕਰਦਾ ਹੈ ਤੇ ਉਨ੍ਹਾਂ ਨੇ ਮੇਰੇ ਲਈ ਪ੍ਰਾਰਥਨਾ ਵੀ ਕੀਤੀ। ਇਸ ਕਾਰਨ ਮੇਰੇ ਲਈ ਉਨ੍ਹਾਂ ਵੱਲੋਂ ਦਿੱਤੀ ਬਾਈਬਲ ਦੀ ਸਲਾਹ ਨੂੰ ਮੰਨਣਾ ਸੌਖਾ ਹੋ ਗਿਆ।” ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਤੋਂ ਬਾਅਦ ਉਹ ਕਹਿੰਦਾ ਹੈ: “ਹੁਣ ਮੈਨੂੰ ਅਹਿਸਾਸ ਹੋਇਆ ਕਿ ਆਪਣਾ ਭਾਰ ਇਕੱਲੇ ਚੁੱਕਣ ਦੀ ਬਜਾਇ ਦੂਜਿਆਂ ਤੋਂ ਮਦਦ ਲੈਣੀ ਕਿੰਨੀ ਜ਼ਰੂਰੀ ਹੈ।”
17 ਜੇ ਤੁਹਾਨੂੰ ਪੋਰਨੋਗ੍ਰਾਫੀ ਦੇਖਣ ਦੀ ਗੰਦੀ ਆਦਤ ਹੈ, ਤਾਂ ਤੁਰੰਤ ਮਦਦ ਲਓ। ਤੁਸੀਂ ਮਦਦ ਲੈਣ ਵਿਚ ਜਿੰਨੀ ਢਿੱਲ-ਮੱਠ ਕਰੋਗੇ, ਉੱਨਾ ਹੀ ਤੁਹਾਡੇ ਲਈ ਅਨੈਤਿਕ ਕੰਮ ਕਰਨ ਦਾ ਖ਼ਤਰਾ ਵਧ ਜਾਵੇਗਾ। ਇਸ ਤਰ੍ਹਾਂ ਤੁਸੀਂ ਨਾ ਸਿਰਫ਼ ਦੂਜਿਆਂ ਨੂੰ ਦੁੱਖ ਪਹੁੰਚਾਓਗੇ, ਸਗੋਂ ਤੁਹਾਡੇ ਕਾਰਨ ਲੋਕ ਵੀ ਯਹੋਵਾਹ ਦੇ ਨਾਂ ਦੀ ਬਦਨਾਮੀ ਕਰਨਗੇ। ਕਈਆਂ ਨੇ ਬਜ਼ੁਰਗਾਂ ਤੋਂ ਮਦਦ ਲਈ ਹੈ ਤੇ ਉਨ੍ਹਾਂ ਦੀ ਸਲਾਹ ਨੂੰ ਖਿੜੇ-ਮੱਥੇ ਸਵੀਕਾਰ ਕੀਤਾ ਹੈ ਕਿਉਂਕਿ ਉਹ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਸਨ ਅਤੇ ਮੰਡਲੀ ਵਿਚ ਰਹਿਣਾ ਚਾਹੁੰਦੇ ਸਨ।—ਯਾਕੂ. 1:15; ਜ਼ਬੂ. 141:5; ਇਬ. 12:5, 6.
ਪਵਿੱਤਰ ਰਹਿਣ ਦੇ ਇਰਾਦੇ ਨੂੰ ਪੱਕਾ ਰੱਖੋ!
18. ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?
18 ਸ਼ੈਤਾਨ ਦੀ ਦੁਨੀਆਂ ਗੰਦੀ ਤੋਂ ਗੰਦੀ ਹੁੰਦੀ ਜਾ ਰਹੀ ਹੈ। ਪਰ ਯਹੋਵਾਹ ਨੂੰ ਕਿੰਨਾ ਫ਼ਖ਼ਰ ਹੁੰਦਾ ਹੋਣਾ ਜਦੋਂ ਉਹ ਦੇਖਦਾ ਹੈ ਕਿ ਉਸ ਦੇ ਸੇਵਕ ਆਪਣੇ ਖ਼ਿਆਲਾਂ ਨੂੰ ਸ਼ੁੱਧ ਰੱਖਣ ਅਤੇ ਨੈਤਿਕ ਮਿਆਰਾਂ ʼਤੇ ਚੱਲਣ ਦੀ ਪੁਰਜ਼ੋਰ ਕੋਸ਼ਿਸ਼ ਕਰਦੇ ਹਨ। ਇਸ ਲਈ ਆਓ ਆਪਾਂ ਯਹੋਵਾਹ ਦੇ ਨੇੜੇ ਰਹੀਏ, ਉਸ ਦੇ ਬਚਨ ਤੇ ਮੰਡਲੀ ਤੋਂ ਮਿਲਦੀ ਸਲਾਹ ਨੂੰ ਮੰਨੀਏ। ਇਸ ਤਰ੍ਹਾਂ ਕਰਨ ਨਾਲ ਅਸੀਂ ਖ਼ੁਸ਼ ਰਹਾਂਗੇ ਤੇ ਸਾਡਾ ਜ਼ਮੀਰ ਵੀ ਸਾਫ਼ ਰਹੇਗਾ। (ਜ਼ਬੂ. 119:5, 6) ਨਾਲੇ ਭਵਿੱਖ ਵਿਚ ਸ਼ੈਤਾਨ ਦਾ ਸਫ਼ਾਇਆ ਹੋਣ ਤੋਂ ਬਾਅਦ ਅਸੀਂ ਪਰਮੇਸ਼ੁਰ ਦੀ ਸਾਫ਼-ਸੁਥਰੀ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਦਾ ਆਨੰਦ ਮਾਣਾਂਗੇ।