ਆਪਣੇ ਮਹਾਨ ਕਰਤਾਰ ਨੂੰ ਚੇਤੇ ਰੱਖ!
“ਆਪਣੇ [ਮਹਾਨ] ਕਰਤਾਰ ਨੂੰ ਚੇਤੇ ਰੱਖ, ਜਦ ਕਿ ਓਹ ਮਾੜੇ ਦਿਨ ਅਜੇ ਨਹੀਂ ਆਏ।” —ਉਪਦੇਸ਼ਕ ਦੀ ਪੋਥੀ 12:1.
1. ਪਰਮੇਸ਼ੁਰ ਨੂੰ ਸਮਰਪਿਤ ਨੌਜਵਾਨਾਂ ਦੀ ਆਪਣੀ ਜਵਾਨੀ ਅਤੇ ਤਾਕਤ ਦੇ ਸੰਬੰਧ ਵਿਚ ਕੀ ਇੱਛਾ ਹੋਣੀ ਚਾਹੀਦੀ ਹੈ?
ਆਪਣੀ ਇੱਛਾ ਪੂਰੀ ਕਰਾਉਣ ਵਾਸਤੇ ਆਪਣੇ ਸੇਵਕਾਂ ਨੂੰ ਤਾਕਤ ਦਿੰਦਾ ਹੈ। (ਯਸਾਯਾਹ 40:28-31) ਇਹ ਗੱਲ ਉਨ੍ਹਾਂ ਦੀ ਉਮਰ ਉੱਤੇ ਨਿਰਭਰ ਨਹੀਂ ਹੈ। ਪਰ ਪਰਮੇਸ਼ੁਰ ਨੂੰ ਸਮਰਪਿਤ ਨੌਜਵਾਨਾਂ ਦੀ ਖ਼ਾਸ ਕਰਕੇ ਇਹ ਇੱਛਾ ਹੋਣੀ ਚਾਹੀਦੀ ਹੈ ਕਿ ਉਹ ਆਪਣੀ ਜਵਾਨੀ ਅਤੇ ਤਾਕਤ ਨੂੰ ਬੁੱਧ ਨਾਲ ਵਰਤਣ। ਇਸ ਲਈ ਉਹ ਪ੍ਰਾਚੀਨ ਇਸਰਾਏਲ ਦੇ ਰਾਜੇ ਸੁਲੇਮਾਨ, ਯਾਨੀ “ਉਪਦੇਸ਼ਕ,” ਦੇ ਸ਼ਬਦਾਂ ਉੱਤੇ ਚੱਲਦੇ ਹਨ। ਉਸ ਨੇ ਕਿਹਾ: “ਆਪਣੀ ਜੁਆਨੀ ਦੇ ਦਿਨੀਂ ਆਪਣੇ [ਮਹਾਨ] ਕਰਤਾਰ ਨੂੰ ਚੇਤੇ ਰੱਖ, ਜਦ ਕਿ ਓਹ ਮਾੜੇ ਦਿਨ ਅਜੇ ਨਹੀਂ ਆਏ, ਅਤੇ ਓਹ ਵਰਹੇ ਅਜੇ ਨੇੜੇ ਨਹੀਂ ਪੁੱਜੇ ਜਿਨ੍ਹਾਂ ਵਿੱਚ ਤੂੰ ਆਖੇਂਗਾ, ਏਹਨਾਂ ਵਿੱਚ ਮੈਨੂੰ ਕੁਝ ਖੁਸ਼ੀ ਨਹੀਂ ਹੈ।”—ਉਪਦੇਸ਼ਕ ਦੀ ਪੋਥੀ 1:1; 12:1.
2. ਸਮਰਪਿਤ ਮਸੀਹੀਆਂ ਦੇ ਬੱਚਿਆਂ ਨੂੰ ਕੀ ਕਰਨਾ ਚਾਹੀਦਾ ਹੈ?
2 ਜਵਾਨੀ ਦੇ ਦਿਨੀਂ ਆਪਣੇ ਮਹਾਨ ਕਰਤਾਰ ਨੂੰ ਚੇਤੇ ਰੱਖਣ ਦੀ ਸੁਲੇਮਾਨ ਦੀ ਸਲਾਹ ਪਹਿਲਾਂ ਇਸਰਾਏਲ ਦੇ ਗੱਭਰੂਆਂ ਅਤੇ ਮੁਟਿਆਰਾਂ ਨੂੰ ਦਿੱਤੀ ਗਈ ਸੀ। ਉਨ੍ਹਾਂ ਦਾ ਜਨਮ ਪਰਮੇਸ਼ੁਰ ਨੂੰ ਸਮਰਪਿਤ ਕੀਤੀ ਗਈ ਕੌਮ ਵਿਚ ਹੋਇਆ ਸੀ। ਲੇਕਿਨ ਅੱਜ ਦੇ ਸਮਰਪਿਤ ਮਸੀਹੀਆਂ ਦੇ ਬੱਚਿਆਂ ਬਾਰੇ ਕੀ? ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਨੂੰ ਵੀ ਆਪਣੇ ਮਹਾਨ ਕਰਤਾਰ ਨੂੰ ਚੇਤੇ ਰੱਖਣਾ ਚਾਹੀਦਾ ਹੈ। ਜੇਕਰ ਉਹ ਇਸ ਤਰ੍ਹਾਂ ਕਰਨਗੇ ਤਾਂ ਉਹ ਉਸ ਦੀ ਵਡਿਆਈ ਕਰਨਗੇ ਅਤੇ ਆਪ ਵੀ ਲਾਭ ਉਠਾਉਣਗੇ।—ਯਸਾਯਾਹ 48:17, 18.
ਪਿਛਲੇ ਜ਼ਮਾਨੇ ਤੋਂ ਵਧੀਆ ਮਿਸਾਲਾਂ
3. ਯੂਸੁਫ਼, ਸਮੂਏਲ ਅਤੇ ਦਾਊਦ ਨੇ ਕਿਹੜੀਆਂ ਮਿਸਾਲਾਂ ਕਾਇਮ ਕੀਤੀਆਂ ਸਨ?
3 ਬਾਈਬਲ ਵਿਚ ਕਈਆਂ ਨੌਜਵਾਨਾਂ ਨੇ ਆਪਣੇ ਮਹਾਨ ਕਰਤਾਰ ਨੂੰ ਚੇਤੇ ਰੱਖਣ ਦੀਆਂ ਵਧੀਆ ਮਿਸਾਲਾਂ ਕਾਇਮ ਕੀਤੀਆਂ। ਛੋਟੀ ਹੀ ਉਮਰ ਤੋਂ ਯਾਕੂਬ ਦੇ ਪੁੱਤਰ ਯੂਸੁਫ਼ ਨੇ ਆਪਣੇ ਕਰਤਾਰ ਨੂੰ ਚੇਤੇ ਰੱਖਿਆ। ਜਦੋਂ ਪੋਟੀਫ਼ਰ ਦੀ ਪਤਨੀ ਨੇ ਯੂਸੁਫ਼ ਨੂੰ ਉਸ ਨਾਲ ਲੇਟਣ ਲਈ ਪਰਤਾਇਆ, ਤਾਂ ਯੂਸੁਫ਼ ਨੇ ਸਾਫ਼-ਸਾਫ਼ ਇਨਕਾਰ ਕਰ ਕੇ ਕਿਹਾ: “ਮੈਂ ਐੱਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ?” (ਉਤਪਤ 39:9) ਲੇਵੀ ਸਮੂਏਲ ਨੇ ਆਪਣੇ ਕਰਤਾਰ ਨੂੰ ਸਿਰਫ਼ ਬਚਪਨ ਵਿਚ ਹੀ ਨਹੀਂ ਪਰ ਜ਼ਿੰਦਗੀ-ਭਰ ਚੇਤੇ ਰੱਖਿਆ ਸੀ। (1 ਸਮੂਏਲ 1:22-28; 2:18; 3:1-5) ਬੈਤਲਹਮ ਦੇ ਨੌਜਵਾਨ ਦਾਊਦ ਨੇ ਸੱਚ-ਮੁੱਚ ਆਪਣੇ ਕਰਤਾਰ ਨੂੰ ਚੇਤੇ ਰੱਖਿਆ ਸੀ। ਪਰਮੇਸ਼ੁਰ ਵਿਚ ਉਸ ਦਾ ਭਰੋਸਾ ਉਦੋਂ ਦੇਖਿਆ ਗਿਆ ਸੀ ਜਦੋਂ ਉਸ ਨੇ ਗੋਲਿਅਥ ਨਾਂ ਦੇ ਫਲਿਸਤੀ ਦੈਂਤ ਦਾ ਸਾਮ੍ਹਣਾ ਕਰ ਕੇ ਐਲਾਨ ਕੀਤਾ ਕਿ “ਤੂੰ ਤਲਵਾਰ ਅਤੇ ਬਰਛਾ ਅਤੇ ਢਾਲ ਲੈ ਕੇ ਮੇਰੇ ਕੋਲ ਆਉਂਦਾ ਹੈਂ ਪਰ ਮੈਂ ਸੈਨਾਂ ਦੇ ਯਹੋਵਾਹ ਦੇ ਨਾਮ ਉੱਤੇ ਜੋ ਇਸਰਾਏਲ ਦੇ ਦਲਾਂ ਦਾ ਪਰਮੇਸ਼ੁਰ ਹੈ ਜਿਸ ਨੂੰ ਤੈਂ ਲੱਜਿਆਵਾਨ ਕੀਤਾ ਤੇਰੇ ਕੋਲ ਆਉਂਦਾ ਹਾਂ! ਅਤੇ ਅੱਜ ਹੀ ਯਹੋਵਾਹ ਮੇਰੇ ਹੱਥ ਵਿੱਚ ਤੈਨੂੰ ਕਰ ਦੇਵੇਗਾ ਅਤੇ ਮੈਂ ਤੈਨੂੰ ਮਾਰ ਸੁੱਟਾਂਗਾ ਅਤੇ ਤੇਰਾ ਸਿਰ ਤੈਥੋਂ ਵੱਖਰਾ ਕਰ ਦਿਆਂਗਾ . . . ਭਈ ਸਾਰਾ ਸੰਸਾਰ ਜਾਣੇ ਜੋ ਇਸਰਾਏਲ ਵਿੱਚ ਇੱਕ ਪਰਮੇਸ਼ੁਰ ਹੈ। ਅਤੇ ਇਸ ਸਾਰੇ ਕਟਕ ਨੂੰ ਵੀ ਖਬਰ ਹੋਵੇਗੀ ਜੋ ਯਹੋਵਾਹ ਤਲਵਾਰ ਅਤੇ ਬਰਛੀ ਨਾਲ ਨਹੀਂ ਬਚਾਉਂਦਾ ਕਿਉਂ ਜੋ ਜੁੱਧ ਦਾ ਸੁਆਮੀ ਯਹੋਵਾਹ ਹੈ ਅਤੇ ਉਹੋ ਹੀ ਤੁਹਾਨੂੰ ਸਾਡੇ ਹੱਥ ਵਿੱਚ ਦੇਵੇਗਾ!” ਥੋੜ੍ਹੀ ਦੇਰ ਬਾਅਦ ਗੋਲਿਅਥ ਮਰ ਜਾਂਦਾ ਹੈ ਅਤੇ ਫਲਿਸਤੀ ਭੱਜ ਜਾਂਦੇ ਹਨ।—1 ਸਮੂਏਲ 17:45-51.
4. (ੳ) ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਸੀਰੀਆ ਵਿਚ ਇਕ ਕੈਦੀ ਇਸਰਾਏਲੀ ਕੁੜੀ ਨੇ, ਅਤੇ ਜਵਾਨ ਰਾਜਾ ਯੋਸੀਯਾਹ ਨੇ ਆਪਣੇ ਮਹਾਨ ਕਰਤਾਰ ਨੂੰ ਚੇਤੇ ਰੱਖਿਆ ਸੀ? (ਅ) ਬਾਰਾਂ ਸਾਲਾਂ ਦੇ ਯਿਸੂ ਨੇ ਕਿਸ ਤਰ੍ਹਾਂ ਦਿਖਾਇਆ ਸੀ ਕਿ ਉਸ ਨੇ ਆਪਣੇ ਕਰਤਾਰ ਨੂੰ ਚੇਤੇ ਰੱਖਿਆ?
4 ਇਸਰਾਏਲ ਦੇ ਦੇਸ਼ ਵਿੱਚੋਂ ਫੜੀ ਗਈ ਇਕ ਕੁੜੀ ਨੇ ਵੀ ਮਹਾਨ ਕਰਤਾਰ ਨੂੰ ਚੇਤੇ ਰੱਖਿਆ ਸੀ। ਉਸ ਨੇ ਸੀਰੀਆ ਦੇ ਮੁੱਖ ਸੈਨਾਪਤੀ ਨਅਮਾਨ ਦੀ ਪਤਨੀ ਨੂੰ ਇੰਨੀ ਚੰਗੀ ਗਵਾਹੀ ਦਿੱਤੀ ਕਿ ਨਅਮਾਨ ਪਰਮੇਸ਼ੁਰ ਦੇ ਨਬੀ ਨੂੰ ਮਿਲਣ ਗਿਆ, ਤਾਂ ਉਸ ਨੂੰ ਕੋੜ੍ਹ ਤੋਂ ਚੰਗਾ ਕੀਤਾ ਗਿਆ, ਅਤੇ ਉਹ ਯਹੋਵਾਹ ਦਾ ਉਪਾਸਕ ਬਣ ਗਿਆ। (2 ਰਾਜਿਆਂ 5:1-19) ਜਵਾਨ ਰਾਜਾ ਯੋਸੀਯਾਹ ਨੇ ਬਹਾਦਰੀ ਨਾਲ ਯਹੋਵਾਹ ਦੀ ਸ਼ੁੱਧ ਉਪਾਸਨਾ ਨੂੰ ਅੱਗੇ ਵਧਾਇਆ। (2 ਰਾਜਿਆਂ 22:1–23:25) ਲੇਕਿਨ ਛੋਟੀ ਉਮਰ ਵਿਚ ਆਪਣੇ ਮਹਾਨ ਕਰਤਾਰ ਨੂੰ ਚੇਤੇ ਰੱਖਣ ਵਾਲੇ ਦੀ ਸਭ ਤੋਂ ਵਧੀਆ ਮਿਸਾਲ ਨਾਸਰਤ ਦੇ ਯਿਸੂ ਦੀ ਸੀ। ਧਿਆਨ ਦਿਓ ਕਿ ਉਦੋਂ ਕੀ ਹੋਇਆ ਜਦੋਂ ਉਹ 12 ਸਾਲਾਂ ਦਾ ਸੀ। ਉਸ ਦੇ ਮਾਪੇ ਪਸਾਹ ਮਨਾਉਣ ਲਈ ਉਸ ਨੂੰ ਯਰੂਸ਼ਲਮ ਲੈ ਕੇ ਗਏ ਸਨ। ਵਾਪਸੀ ਦੇ ਸਫ਼ਰ ਤੇ ਉਨ੍ਹਾਂ ਨੇ ਦੇਖਿਆ ਕਿ ਯਿਸੂ ਉਨ੍ਹਾਂ ਦੇ ਨਾਲ ਨਹੀਂ ਸੀ; ਇਸ ਲਈ ਉਹ ਉਸ ਨੂੰ ਲੱਭਣ ਲਈ ਵਾਪਸ ਮੁੜ ਗਏ। ਤੀਜੇ ਦਿਨ ਤੇ ਉਨ੍ਹਾਂ ਨੇ ਉਸ ਨੂੰ ਹੈਕਲ ਵਿਚ ਗੁਰੂਆਂ ਨਾਲ ਸ਼ਾਸਤਰ-ਸੰਬੰਧੀ ਸਵਾਲਾਂ ਦੀ ਚਰਚਾ ਕਰਦੇ ਲੱਭਿਆ। ਆਪਣੀ ਮਾਂ ਦੀ ਫ਼ਿਕਰਮੰਦ ਪੁੱਛ-ਗਿੱਛ ਦੇ ਜਵਾਬ ਵਿਚ ਯਿਸੂ ਨੇ ਪੁੱਛਿਆ: “ਤੁਸੀਂ ਮੈਨੂੰ ਕਿਉਂ ਲੱਭ ਰਹੇ ਸਾਉ? ਕੀ ਤੁਸੀਂ ਨਹੀਂ ਜਾਣਦੇ ਸਾਉ ਕਿ ਮੇਰੇ ਲਈ ਆਪਣੇ ਪਿਤਾ ਦੇ ਘਰ ਵਿਚ ਹੋਣਾ ਜ਼ਰੂਰੀ ਸੀ।” (ਲੂਕਾ 2:49, ਪਵਿੱਤਰ ਬਾਈਬਲ ਨਵਾਂ ਅਨੁਵਾਦ) ਹੈਕਲ ਵਿਚ, ਯਾਨੀ “ਆਪਣੇ ਪਿਤਾ ਦੇ ਘਰ ਵਿਚ,” ਕੀਮਤੀ ਰੂਹਾਨੀ ਜਾਣਕਾਰੀ ਹਾਸਲ ਕਰਨੀ ਯਿਸੂ ਲਈ ਲਾਭਦਾਇਕ ਸੀ। ਅੱਜ, ਆਪਣੇ ਮਹਾਨ ਕਰਤਾਰ ਬਾਰੇ ਸਹੀ ਗਿਆਨ ਹਾਸਲ ਕਰਨ ਲਈ ਯਹੋਵਾਹ ਦੇ ਗਵਾਹਾਂ ਦਾ ਰਾਜ ਗ੍ਰਹਿ ਇਕ ਵਧੀਆ ਜਗ੍ਹਾ ਹੈ।
ਯਹੋਵਾਹ ਨੂੰ ਹੁਣ ਚੇਤੇ ਰੱਖੋ!
5. ਆਪਣਿਆਂ ਸ਼ਬਦਾਂ ਵਿਚ ਦੱਸੋ ਕਿ ਉਪਦੇਸ਼ਕ ਦੀ ਪੋਥੀ 12:1 ਵਿਚ ਉਪਦੇਸ਼ਕ ਨੇ ਕੀ ਕਿਹਾ ਸੀ?
5 ਯਹੋਵਾਹ ਦਾ ਸੱਚਾ ਉਪਾਸਕ ਜਿੰਨਾ ਜਲਦੀ ਹੋ ਸਕੇ ਉਸ ਦੀ ਸੇਵਾ ਕਰਨੀ ਚਾਹੁੰਦਾ ਹੈ। ਦਰਅਸਲ, ਉਹ ਜੀਵਨ-ਭਰ ਉਸ ਦੀ ਸੇਵਾ ਕਰਦੇ ਰਹਿਣ ਦੀ ਇੱਛਾ ਰੱਖਦਾ ਹੈ। ਲੇਕਿਨ, ਉਸ ਵਿਅਕਤੀ ਬਾਰੇ ਕੀ ਜਿਸ ਦੀ ਜਵਾਨੀ ਵਿਅਰਥ ਕੰਮਾਂ ਵਿਚ ਲੰਘ ਚੁੱਕੀ ਹੋਵੇ ਕਿਉਂਕਿ ਉਸ ਨੇ ਆਪਣੇ ਕਰਤਾਰ ਨੂੰ ਚੇਤੇ ਨਹੀਂ ਰੱਖਿਆ? ਈਸ਼ਵਰੀ ਪ੍ਰੇਰਣਾ ਅਧੀਨ ਉਪਦੇਸ਼ਕ ਕਹਿੰਦਾ ਹੈ: “ਆਪਣੀ ਜੁਆਨੀ ਦੇ ਦਿਨੀਂ ਆਪਣੇ [ਮਹਾਨ] ਕਰਤਾਰ ਨੂੰ ਚੇਤੇ ਰੱਖ, ਜਦ ਕਿ ਓਹ ਮਾੜੇ ਦਿਨ ਅਜੇ ਨਹੀਂ ਆਏ, ਅਤੇ ਓਹ ਵਰਹੇ ਅਜੇ ਨੇੜੇ ਨਹੀਂ ਪੁੱਜੇ ਜਿਨ੍ਹਾਂ ਵਿੱਚ ਤੂੰ ਆਖੇਂਗਾ, ਏਹਨਾਂ ਵਿੱਚ ਮੈਨੂੰ ਕੁਝ ਖੁਸ਼ੀ ਨਹੀਂ ਹੈ।”—ਉਪਦੇਸ਼ਕ ਦੀ ਪੋਥੀ 12:1.
6. ਕਿਹੜੀ ਗੱਲ ਦਿਖਾਉਂਦੀ ਹੈ ਕਿ ਬਿਰਧ ਸਿਮਓਨ ਅਤੇ ਆੱਨਾ ਨੇ ਆਪਣੇ ਮਹਾਨ ਕਰਤਾਰ ਨੂੰ ਚੇਤੇ ਰੱਖਿਆ ਸੀ?
6 ਕੋਈ ਵੀ ਵਿਅਕਤੀ ਬੁਢਾਪੇ ਦਿਆਂ ‘ਮਾੜਿਆਂ ਦਿਨਾਂ’ ਨਾਲ ਖ਼ੁਸ਼ ਨਹੀਂ ਹੁੰਦਾ। ਪਰ ਜਿਹੜੇ ਸਿਆਣੇ ਲੋਕ ਪਰਮੇਸ਼ੁਰ ਨੂੰ ਯਾਦ ਰੱਖਦੇ ਹਨ ਉਹ ਖ਼ੁਸ਼ ਹਨ। ਮਿਸਾਲ ਲਈ, ਬਿਰਧ ਆਦਮੀ ਸਿਮਓਨ ਨੇ ਹੈਕਲ ਵਿਚ ਨੰਨ੍ਹੇ ਯਿਸੂ ਨੂੰ ਕੁੱਛੜ ਲਿਆ ਅਤੇ ਖ਼ੁਸ਼ੀ ਨਾਲ ਐਲਾਨ ਕੀਤਾ: “ਹੇ ਮਾਲਕ, ਹੁਣ ਤੂੰ ਆਪਣੇ ਦਾਸ ਨੂੰ ਆਪਣੇ ਬਚਨ ਅਨੁਸਾਰ ਸ਼ਾਂਤੀ ਨਾਲ ਵਿਦਿਆ ਕਰਦਾ ਹੈਂ, ਕਿਉਂਕਿ ਮੇਰੀਆਂ ਅੱਖਾਂ ਨੇ ਤੇਰੀ ਮੁਕਤੀ ਡਿੱਠੀ, ਜਿਹੜੀ ਤੈਂ ਸਾਰੇ ਲੋਕਾਂ ਅੱਗੇ ਤਿਆਰ ਕੀਤੀ ਹੈ, ਪਰਾਈਆਂ ਕੌਮਾਂ ਨੂੰ ਉਜਾਲਾ ਕਰਨ ਲਈ ਜੋਤ, ਅਤੇ ਆਪਣੀ ਪਰਜਾ ਇਸਰਾਏਲ ਦੇ ਲਈ ਤੇਜ।” (ਲੂਕਾ 2:25-32) ਚੁਰਾਸ੍ਹੀਆਂ ਵਰ੍ਹਿਆਂ ਦੀ ਆੱਨਾ ਨੇ ਵੀ ਆਪਣੇ ਕਰਤਾਰ ਨੂੰ ਚੇਤੇ ਰੱਖਿਆ। ਉਹ ਹਮੇਸ਼ਾ ਹੈਕਲ ਵਿਚ ਹੁੰਦੀ ਸੀ ਅਤੇ ਜਦੋਂ ਨੰਨ੍ਹੇ ਯਿਸੂ ਨੂੰ ਹੈਕਲ ਵਿਚ ਲਿਆਂਦਾ ਗਿਆ, ਤਾਂ ਉਹ ਉੱਥੇ ਹਾਜ਼ਰ ਸੀ। “ਉਸ ਨੇ ਉਸੇ ਘੜੀ ਉੱਥੇ ਆਣ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਹ ਦਾ ਜ਼ਿਕਰ ਉਨ੍ਹਾਂ ਸਭਨਾਂ ਨਾਲ ਕੀਤਾ ਜਿਹੜੇ ਯਰੂਸ਼ਲਮ ਦੇ ਨਿਸਤਾਰੇ ਦੀ ਉਡੀਕ ਵਿੱਚ ਸਨ।”—ਲੁਕਾ 2:36-38.
7. ਉਨ੍ਹਾਂ ਵਿਅਕਤੀਆਂ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ ਜੋ ਪਰਮੇਸ਼ੁਰ ਦੀ ਸੇਵਾ ਕਰਦੇ-ਕਰਦੇ ਬਿਰਧ ਹੋ ਗਏ ਹਨ?
7 ਅੱਜ ਯਹੋਵਾਹ ਦੇ ਗਵਾਹ ਜੋ ਉਸ ਦੀ ਸੇਵਾ ਕਰਦੇ-ਕਰਦੇ ਬਿਰਧ ਹੋ ਗਏ ਹਨ, ਸ਼ਾਇਦ ਬੁਢਾਪੇ ਦੀਆਂ ਦੁੱਖ-ਤਕਲੀਫ਼ਾਂ ਦਾ ਸਾਮ੍ਹਣਾ ਕਰਨ। ਲੇਕਿਨ, ਉਹ ਕਿੰਨੇ ਖ਼ੁਸ਼ ਹਨ, ਅਤੇ ਅਸੀਂ ਉਨ੍ਹਾਂ ਦੀ ਵਫ਼ਾਦਾਰ ਸੇਵਾ ਦੀ ਕਿੰਨੀ ਕਦਰ ਕਰਦੇ ਹਾਂ! ਉਨ੍ਹਾਂ ਕੋਲ “ਯਹੋਵਾਹ ਦਾ ਅਨੰਦ” ਹੈ ਕਿਉਂਕਿ ਉਹ ਜਾਣਦੇ ਹਨ ਕਿ ਉਸ ਨੇ ਧਰਤੀ ਦੇ ਸੰਬੰਧ ਵਿਚ ਆਪਣੀ ਅਜਿੱਤ ਸ਼ਕਤੀ ਲਾਗੂ ਕੀਤੀ ਹੈ ਅਤੇ ਯਿਸੂ ਮਸੀਹ ਨੂੰ ਇਕ ਸ਼ਕਤੀਸ਼ਾਲੀ ਸਵਰਗੀ ਰਾਜੇ ਵਜੋਂ ਸਥਾਪਿਤ ਕੀਤਾ ਹੈ। (ਨਹਮਯਾਹ 8:10) ਜਵਾਨ ਅਤੇ ਬਿਰਧ ਲੋਕਾਂ ਲਈ ਇਸ ਉਪਦੇਸ਼ ਨੂੰ ਸੁਣਨ ਦਾ ਸਮਾਂ ਹੁਣ ਹੈ ਕਿ “ਗਭਰੂ ਤੇ ਕੁਆਰੀਆਂ, ਬੁੱਢੇ ਤੇ ਜੁਆਨ, ਏਹ ਯਹੋਵਾਹ ਦੇ ਨਾਮ ਦੀ ਉਸਤਤ ਕਰਨ! ਕਿਉਂ ਜੋ ਇਕੱਲਾ ਉਸੇ ਦਾ ਨਾਮ ਮਹਾਨ ਹੈ, ਉਹ ਦਾ ਤੇਜ ਧਰਤੀ ਤੇ ਅਕਾਸ਼ ਦੇ ਉੱਪਰ ਹੈ।”—ਜ਼ਬੂਰ 148:12, 13.
8, 9. (ੳ) “ਮਾੜੇ ਦਿਨ” ਕਿਨ੍ਹਾਂ ਲਈ ਵਿਅਰਥ ਹਨ ਅਤੇ ਇਸ ਤਰ੍ਹਾਂ ਕਿਉਂ ਹੈ? (ਅ) ਤੁਸੀਂ ਉਪਦੇਸ਼ਕ ਦੀ ਪੋਥੀ 12:2 ਨੂੰ ਕਿਸ ਤਰ੍ਹਾਂ ਸਮਝਾਓਗੇ?
8 ਬੁਢਾਪੇ ਦੇ “ਮਾੜੇ ਦਿਨ” ਉਨ੍ਹਾਂ ਲੋਕਾਂ ਲਈ ਵਿਅਰਥ ਜਾਂ ਸ਼ਾਇਦ ਬਹੁਤ ਦੁੱਖ-ਭਰੇ ਹੋਣ ਜਿਨ੍ਹਾਂ ਨੇ ਆਪਣੇ ਮਹਾਨ ਕਰਤਾਰ ਵੱਲ ਧਿਆਨ ਨਹੀਂ ਦਿੱਤਾ ਅਤੇ ਜਿਨ੍ਹਾਂ ਨੂੰ ਉਸ ਦੇ ਸ਼ਾਨਦਾਰ ਮਕਸਦਾਂ ਬਾਰੇ ਕੋਈ ਸਮਝ ਨਹੀਂ। ਉਨ੍ਹਾਂ ਕੋਲ ਅਜਿਹੀ ਕੋਈ ਵੀ ਰੂਹਾਨੀ ਸਮਝ ਨਹੀਂ ਹੈ ਜਿਸ ਦੁਆਰਾ ਉਹ ਬੁਢਾਪੇ ਦੀਆਂ ਅਜ਼ਮਾਇਸ਼ਾਂ ਨੂੰ ਅਤੇ ਸ਼ਤਾਨ ਦੇ ਸਵਰਗੋਂ ਸੁੱਟੇ ਜਾਣ ਦੇ ਕਾਰਨ ਮਨੁੱਖਜਾਤੀ ਉੱਤੇ ਆਏ ਕਸ਼ਟਾਂ ਦਾ ਸਾਮ੍ਹਣਾ ਕਰ ਸਕਣ। (ਪਰਕਾਸ਼ ਦੀ ਪੋਥੀ 12:7-12) ਇਸ ਲਈ, ਉਪਦੇਸ਼ਕ ਸਾਨੂੰ ਉਤੇਜਿਤ ਕਰਦਾ ਹੈ ਕਿ “ਜਦ ਤੀਕਰ ਸੂਰਜ ਅਤੇ ਚਾਨਣ, ਅਤੇ ਚੰਦਰਮਾ ਅਤੇ ਤਾਰੇ ਅਨ੍ਹੇਰੇ ਨਹੀਂ ਹੁੰਦੇ, ਅਤੇ ਬੱਦਲ ਵਰ੍ਹਨ ਦੇ ਪਿੱਛੋਂ ਫੇਰ ਨਹੀਂ ਮੁੜਦੇ” ਆਪਣੇ ਕਰਤਾਰ ਨੂੰ ਚੇਤੇ ਰੱਖੋ। (ਉਪਦੇਸ਼ਕ ਦੀ ਪੋਥੀ 12:2) ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਹੈ?
9 ਸੁਲੇਮਾਨ ਜਵਾਨੀ ਦੀ ਤੁਲਨਾ ਪਲਸਤੀਨੀ ਗਰਮੀਆਂ ਦੀ ਰੁੱਤ ਨਾਲ ਕਰਦਾ ਹੈ ਜਦੋਂ ਸੂਰਜ, ਚੰਦ ਅਤੇ ਤਾਰੇ ਨਿੰਬਲ ਆਕਾਸ਼ ਤੋਂ ਆਪਣਾ ਚਾਨਣ ਦਿੰਦੇ ਹਨ। ਉਦੋਂ ਸਭ ਕੁਝ ਬਹੁਤ ਸੋਹਣਾ ਲੱਗਦਾ ਹੈ। ਲੇਕਿਨ, ਬੁਢਾਪੇ ਵਿਚ ਵਿਅਕਤੀ ਦੇ ਦਿਨ ਸਰਦੀਆਂ ਦੀ ਰੁੱਤ ਦੇ ਠੰਢੇ ਅਤੇ ਬਰਸਾਤੀ ਦਿਨਾਂ ਵਾਂਗ ਹੁੰਦੇ ਹਨ, ਜਿਨ੍ਹਾਂ ਵਿਚ ਦੁੱਖਾਂ ਦੀ ਇਕ ਤੋਂ ਬਾਅਦ ਦੂਸਰੀ ਵਰਖਾ ਪੈਂਦੀ ਹੈ। (ਅੱਯੂਬ 14:1) ਇਹ ਕਿੰਨੇ ਅਫ਼ਸੋਸ ਦੀ ਗੱਲ ਹੈ ਜੇ ਅਸੀਂ ਕਰਤਾਰ ਬਾਰੇ ਜਾਣਦੇ ਹੋਏ ਵੀ ਜ਼ਿੰਦਗੀ ਦੀ ਗਰਮੀਆਂ ਦੀ ਰੁੱਤ ਵਿਚ ਉਸ ਦੀ ਸੇਵਾ ਨਾ ਕਰੀਏ! ਬੁਢਾਪੇ ਦੀ ਸਰਦੀਆਂ ਦੀ ਰੁੱਤ ਵਿਚ, ਉਦਾਸੀ-ਹੀ-ਉਦਾਸੀ ਛਾਂ ਜਾਂਦੀ ਹੈ, ਖ਼ਾਸ ਕਰਕੇ ਉਨ੍ਹਾਂ ਲਈ ਜਿਨ੍ਹਾਂ ਨੇ ਜਵਾਨੀ ਵਿਚ ਵਿਅਰਥ ਕੰਮਾਂ-ਧੰਦਿਆਂ ਵਿਚ ਹਿੱਸਾ ਲੈਣ ਦੇ ਕਾਰਨ ਯਹੋਵਾਹ ਦੀ ਸੇਵਾ ਵਿਚ ਪੇਸ਼ ਕੀਤੇ ਗਏ ਮੌਕਿਆਂ ਨੂੰ ਹੱਥੋਂ ਨਿਕਲਣ ਦਿੱਤਾ ਹੈ। ਲੇਕਿਨ, ਉਮਰ ਦੇ ਬਾਵਜੂਦ ਆਓ ਆਪਾਂ ‘ਯਹੋਵਾਹ ਦੇ ਪਿੱਛੇ ਲੱਗੇ ਰਹੀਏ’ ਜਿਵੇਂ ਮੂਸਾ ਨਬੀ ਦੇ ਵਫ਼ਾਦਾਰ ਸਾਥੀ ਕਾਲੇਬ ਨੇ ਕੀਤਾ ਸੀ।—ਯਹੋਸ਼ੁਆ 14:6-9.
ਵਧਦੀ ਉਮਰ ਦੇ ਅਸਰ
10. (ੳ) “ਘਰ ਦੇ ਰਖਵਾਲੇ” ਕਿਨ੍ਹਾਂ ਨੂੰ ਸੰਕੇਤ ਕਰਦੇ ਹਨ? (ਅ) “ਤਕੜੇ ਲੋਕ” ਕੌਣ ਹਨ?
10 ਸੁਲੇਮਾਨ ਦੀ ਅਗਲੀ ਗੱਲ ਉਸ ਦਿਨ ਦੀਆਂ ਸਮੱਸਿਆਵਾਂ ਵੱਲ ਸੰਕੇਤ ਕਰ ਰਹੀ ਹੈ “ਜਿਸ ਦਿਨ ਘਰ ਦੇ ਰਖਵਾਲੇ ਕੰਬਣ ਲੱਗ ਪੈਣ, ਅਤੇ ਤਕੜੇ ਲੋਕ ਕੁੱਬੇ ਹੋ ਜਾਣ, ਅਤੇ ਪੀਹਣਵਾਲੀਆਂ ਥੋੜੀਆਂ ਹੋਣ ਦੇ ਕਾਰਨ ਖੁੱਟ ਜਾਣ, ਅਤੇ ਓਹ ਜੋ ਬਾਰੀਆਂ ਵਿੱਚੋਂ ਦੀ ਤੱਕਦੀਆਂ ਹਨ ਧੁੰਧਲੀਆਂ ਹੋ ਜਾਣ।” (ਉਪਦੇਸ਼ਕ ਦੀ ਪੋਥੀ 12:3) “ਘਰ,” ਮਨੁੱਖੀ ਸਰੀਰ ਵੱਲ ਸੰਕੇਤ ਕਰਦਾ ਹੈ। (ਮੱਤੀ 12:43-45; 2 ਕੁਰਿੰਥੀਆਂ 5:1-8) ਉਸ ਦੇ “ਰਖਵਾਲੇ,” ਬਾਹਾਂ ਅਤੇ ਹੱਥ ਹਨ ਜੋ ਕਿ ਸਰੀਰ ਦੀ ਦੇਖ-ਭਾਲ ਕਰਦੇ ਹਨ ਅਤੇ ਉਸ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ। ਬੁਢਾਪੇ ਵਿਚ ਇਹ ਅਕਸਰ ਕਮਜ਼ੋਰੀ, ਘਬਰਾਹਟ ਅਤੇ ਬੇਬੱਸੀ ਦੇ ਕਾਰਨ ਕੰਬਣ ਲੱਗ ਪੈਂਦੇ ਹਨ। “ਤਕੜੇ ਲੋਕ,” ਯਾਨੀ ਲੱਤਾਂ, ਹੁਣ ਖੰਭਿਆਂ ਵਾਂਗ ਤਕੜੀਆਂ ਨਹੀਂ ਹਨ ਪਰ ਕਮਜ਼ੋਰ ਹੋ ਕੇ ਕੁੱਬੀਆਂ ਹੋ ਗਈਆਂ ਹਨ ਜਿਸ ਦੇ ਕਾਰਨ ਪੈਰ ਘੜੀਸ-ਘੜੀਸ ਕੇ ਚੱਲਦੇ ਹਨ। ਲੇਕਿਨ ਕੀ ਤੁਸੀਂ ਵੱਡੀ ਉਮਰ ਦੇ ਸੰਗੀ ਵਿਸ਼ਵਾਸੀਆਂ ਨੂੰ ਮਸੀਹੀ ਸਭਾਵਾਂ ਤੇ ਦੇਖ ਕੇ ਖ਼ੁਸ਼ ਨਹੀਂ ਹੁੰਦੇ?
11. ਲਾਖਣਿਕ ਤੌਰ ਤੇ, “ਪੀਹਣਵਾਲੀਆਂ” ਅਤੇ ‘ਬਾਰੀਆਂ ਵਿੱਚੋਂ ਦੀ ਤੱਕਣ ਵਾਲੀਆਂ’ ਕੌਣ ਹਨ?
11 ‘ਪੀਹਣਵਾਲੀਆਂ ਥੋੜੀਆਂ ਹੋਣ ਦੇ ਕਾਰਨ ਖੁੱਟ ਗਈਆਂ ਹਨ’—ਲੇਕਿਨ ਕਿਸ ਤਰ੍ਹਾਂ? ਦੰਦ ਸ਼ਾਇਦ ਖ਼ਰਾਬ ਹੋ ਗਏ ਹੋਣ ਜਾਂ ਨਿਕਲ ਗਏ ਹੋਣ, ਸ਼ਾਇਦ ਇਕ-ਦੋ ਹੀ ਰਹਿ ਗਏ ਹੋਣ। ਚਿੱਥਣਾ ਔਖਾ ਹੈ ਜਾਂ ਨਾਮੁਮਕਿਨ ਹੋ ਜਾਂਦਾ ਹੈ। “ਓਹ ਜੋ ਬਾਰੀਆਂ ਵਿੱਚੋਂ ਦੀ ਤੱਕਦੀਆਂ ਹਨ,” ਯਾਨੀ ਅੱਖਾਂ ਅਤੇ ਇਸ ਦੇ ਨਾਲ-ਨਾਲ ਉਹ ਦਿਮਾਗ਼ੀ ਯੋਗਤਾ ਜਿਸ ਦੁਆਰਾ ਅਸੀਂ ਦੇਖਦੇ ਹਾਂ, ਧੁੰਧਲੀਆਂ ਹੋ ਜਾਂਦੀਆਂ ਹਨ ਜਾਂ ਸ਼ਾਇਦ ਬਿਲਕੁਲ ਧੀਮੀਆਂ ਪੈ ਜਾਂਦੀਆਂ ਹਨ।
12. (ੳ) “ਗਲੀ ਦੇ ਬੂਹੇ” ਕਿਸ ਤਰ੍ਹਾਂ ‘ਬੰਦ ਕੀਤੇ ਗਏ’ ਹਨ? (ਅ) ਰਾਜ ਦੇ ਬਿਰਧ ਪ੍ਰਚਾਰਕਾਂ ਬਾਰੇ ਤੁਹਾਡੀ ਕੀ ਰਾਏ ਹੈ?
12 ਉਪਦੇਸ਼ਕ ਅੱਗੇ ਕਹਿੰਦਾ ਹੈ: ‘ਅਤੇ ਗਲੀ ਦੇ ਬੂਹੇ ਬੰਦ ਕੀਤੇ ਗਏ ਹਨ,—ਜਦ ਚੱਕੀ ਦੀ ਅਵਾਜ਼ ਹੌਲੀ ਹੋ ਜਾਵੇ, ਅਤੇ ਪੰਛੀ ਦੀ ਅਵਾਜ਼ ਤੋਂ ਓਹ ਚੌਂਕ ਉੱਠਣ, ਅਤੇ ਰਾਗ ਦੀਆਂ ਸਾਰੀਆਂ ਧੀਆਂ ਲਿੱਸੀਆਂ ਹੋ ਜਾਣ।’ (ਉਪਦੇਸ਼ਕ ਦੀ ਪੋਥੀ 12:4) ਮੂੰਹ ਦੇ ਦੋ ਬੂਹੇ, ਯਾਨੀ ਬੁੱਲ੍ਹ, “ਘਰ” ਜਾਂ ਸਰੀਰ ਦੀਆਂ ਗੱਲਾਂ ਦੱਸਣ ਲਈ ਹੁਣ ਘੱਟ ਹੀ ਖੁੱਲ੍ਹਦੇ ਹਨ। ਇਹ ਉਨ੍ਹਾਂ ਬਿਰਧ ਲੋਕਾਂ ਬਾਰੇ ਸੱਚ ਹੈ ਜੋ ਪਰਮੇਸ਼ੁਰ ਦੀ ਸੇਵਾ ਨਹੀਂ ਕਰਦੇ। ਜ਼ਿੰਦਗੀ ਦੀ “ਗਲੀ” ਵਿਚ ਕੁਝ ਵੀ ਨਹੀਂ ਕੀਤਾ ਜਾਂਦਾ। ਲੇਕਿਨ, ਰਾਜ ਦੇ ਜੋਸ਼ੀਲੇ ਬਿਰਧ ਪ੍ਰਚਾਰਕਾਂ ਬਾਰੇ ਕੀ? (ਅੱਯੂਬ 41:14) ਉਹ ਘਰ-ਘਰ ਪ੍ਰਚਾਰ ਕਰਦੇ ਹੋਏ ਸ਼ਾਇਦ ਹੌਲੀ-ਹੌਲੀ ਤੁਰਨ ਅਤੇ ਮੁਸ਼ਕਲ ਨਾਲ ਗੱਲ ਕਰਨ ਪਰ ਉਹ ਯਹੋਵਾਹ ਦੀ ਉਸਤਤ ਸੱਚ-ਮੁੱਚ ਕਰਦੇ ਹਨ!—ਜ਼ਬੂਰ 113:1.
13. ਵਧਦੀ ਉਮਰ ਦਿਆਂ ਵਿਅਕਤੀਆਂ ਦੀਆਂ ਹੋਰ ਸਮੱਸਿਆਵਾਂ ਬਾਰੇ ਉਪਦੇਸ਼ਕ ਕੀ ਵਰਣਨ ਦਿੰਦਾ ਹੈ, ਪਰ ਬਿਰਧ ਮਸੀਹੀਆਂ ਬਾਰੇ ਕੀ ਸੱਚ ਹੈ?
13 ਦੰਦ ਨਾ ਹੋਣ ਕਾਰਨ ਰੋਟੀ ਬੁੱਟਾਂ ਨਾਲ ਚਿੱਥੀ ਜਾਂਦੀ ਹੈ, ਇਸ ਲਈ ਚੱਕੀ ਦੀ ਆਵਾਜ਼ ਧੀਮੀ ਹੋ ਜਾਂਦੀ ਹੈ। ਰਾਤ ਨੂੰ ਇਕ ਸਿਆਣੇ ਆਦਮੀ ਨੂੰ ਪੂਰੀ ਨੀਂਦ ਨਹੀਂ ਆਉਂਦੀ। ਚਿੜੀ ਦੀ ਚੀਂ-ਚੀਂ ਵੀ ਉਸ ਦੀ ਨੀਂਦ ਖ਼ਰਾਬ ਕਰ ਦਿੰਦੀ ਹੈ। ਉਹ ਗਾਣੇ ਬਹੁਤ ਹੀ ਘੱਟ ਗਾਉਂਦਾ ਹੈ ਅਤੇ ਜਿਹੜੇ ਵੀ ਸੰਗੀਤ ਉਹ ਗੁਣਗੁਣਾਉਂਦਾ ਹੈ ਉਹ ਧੁੰਦਲੇ ਜਿਹੇ ਹੁੰਦੇ ਹਨ। “ਰਾਗ ਦੀਆਂ ਸਾਰੀਆਂ ਧੀਆਂ,” ਯਾਨੀ ਸੰਗੀਤ ਦੇ ਸੁਰ, ‘ਲਿੱਸੀਆਂ ਲੱਗਦੀਆਂ ਹਨ।’ ਬਿਰਧ ਵਿਅਕਤੀਆਂ ਨੂੰ ਦੂਸਰਿਆਂ ਦਾ ਗੀਤ-ਸੰਗੀਤ ਚੰਗੀ ਤਰ੍ਹਾਂ ਸੁਣਾਈ ਨਹੀਂ ਦਿੰਦਾ। ਲੇਕਿਨ, ਬਿਰਧ ਮਸਹ ਕੀਤੇ ਹੋਏ ਅਤੇ ਉਨ੍ਹਾਂ ਦੇ ਸਾਥੀ, ਜਿਨ੍ਹਾਂ ਵਿੱਚੋਂ ਕੁਝ ਬਿਰਧ ਹਨ, ਮਸੀਹੀ ਸਭਾਵਾਂ ਵਿਚ ਉੱਚੀਆਂ-ਉੱਚੀਆਂ ਆਵਾਜ਼ਾਂ ਨਾਲ ਪਰਮੇਸ਼ੁਰ ਨੂੰ ਉਸਤਤ ਦੇ ਗੀਤ ਗਾਉਂਦੇ ਹਨ। ਅਸੀਂ ਕਿੰਨੇ ਖ਼ੁਸ਼ ਹਾਂ ਕਿ ਕਲੀਸਿਯਾ ਵਿਚ ਯਹੋਵਾਹ ਦੇ ਗੁਣ ਗਾਉਣ ਵਿਚ ਇਹ ਸਾਡੇ ਨਾਲ ਹਨ!—ਜ਼ਬੂਰ 149:1.
14. ਬਿਰਧ ਲੋਕਾਂ ਨੂੰ ਕਿਹੜੇ-ਕਿਹੜੇ ਡਰ ਸਤਾਉਂਦੇ ਹਨ?
14 ਬਿਰਧ ਵਿਅਕਤੀਆਂ ਦੀ ਹਾਲਤ ਕਿੰਨੀ ਮਾੜੀ ਹੈ, ਖ਼ਾਸ ਕਰਕੇ ਉਨ੍ਹਾਂ ਦੀ ਜਿਨ੍ਹਾਂ ਨੇ ਆਪਣੇ ਕਰਤਾਰ ਨੂੰ ਚੇਤੇ ਨਹੀਂ ਰੱਖਿਆ ਹੈ! ਉਪਦੇਸ਼ਕ ਕਹਿੰਦਾ ਹੈ: “ਓਹ ਉਚਿਆਈ ਤੋਂ ਵੀ ਡਰਨਗੇ, ਅਤੇ ਰਾਹ ਵਿੱਚ ਭੈਜਲ ਹੋਣਗੇ, ਅਤੇ ਬਦਾਮ ਦਾ ਬੂਟਾ ਲਹਿ ਲਹਿ ਕਰੇਗਾ, ਅਤੇ ਟਿੱਡੀ ਵੀ ਭਾਰੀ ਲੱਗੇਗੀ, ਅਤੇ ਇੱਛਿਆ ਮਿਟ ਜਾਵੇਗੀ [“ਕਰੀਰ ਦੇ ਬੇਰ ਫੱਟ ਜਾਣਗੇ,” ਨਿ ਵ], ਕਿਉਂ ਜੋ ਮਨੁੱਖ ਆਪਣੇ ਸਦੀਪਕ ਦੇ ਟਿਕਾਣੇ ਨੂੰ ਤੁਰ ਜਾਂਦਾ, ਅਤੇ ਸੋਗ ਕਰਨ ਵਾਲੇ ਗਲੀ ਗਲੀ ਭੌਂਦੇ ਹਨ।” (ਉਪਦੇਸ਼ਕ ਦੀ ਪੋਥੀ 12:5) ਕਈਆਂ ਬਿਰਧ ਲੋਕਾਂ ਨੂੰ ਉੱਚੀਆਂ ਪੌੜੀਆਂ ਤੋਂ ਡਿਗਣ ਦਾ ਡਰ ਹੁੰਦਾ ਹੈ। ਕਿਸੇ ਉੱਚੀ ਚੀਜ਼ ਵੱਲ ਦੇਖ ਕੇ ਵੀ ਉਨ੍ਹਾਂ ਨੂੰ ਚੱਕਰ ਆ ਸਕਦੇ ਹਨ। ਜਦੋਂ ਉਨ੍ਹਾਂ ਨੂੰ ਭੀੜ ਨਾਲ ਭਰੀਆਂ ਸੜਕਾਂ ਤੇ ਜਾਣਾ ਪੈਂਦਾ ਹੈ ਤਾਂ ਉਨ੍ਹਾਂ ਨੂੰ ਜਾਂ ਤਾਂ ਸੱਟ ਲੱਗਣ ਦਾ, ਜਾਂ ਚੋਰਾਂ ਦਿਆਂ ਹਮਲਿਆਂ ਦਾ ਡਰ ਰਹਿੰਦਾ ਹੈ।
15. “ਬਦਾਮ ਦਾ ਬੂਟਾ ਲਹਿ ਲਹਿ” ਕਿਸ ਤਰ੍ਹਾਂ ਕਰਦਾ ਹੈ, ਅਤੇ ਟਿੱਡੀ ਕਿਸ ਤਰ੍ਹਾਂ ‘ਭਾਰੀ ਲੱਗਣ ਲੱਗ’ ਪੈਂਦੀ ਹੈ?
15 ਬਿਰਧ ਆਦਮੀ ਦੇ ਸੰਬੰਧ ਵਿਚ “ਬਦਾਮ ਦਾ ਬੂਟਾ ਲਹਿ ਲਹਿ ਕਰੇਗਾ,” ਯਾਨੀ ਉਸ ਦੇ ਧੌਲੇ ਆ ਜਾਣਗੇ। ਧੌਲੇ, ਬਦਾਮ ਦੇ ਬੂਟੇ ਦੇ ਚਿੱਟਿਆਂ ਫੁੱਲਾਂ ਵਾਂਗ ਝਰਦੇ ਹਨ। ਜਿਉਂ ਹੀ ਉਹ ਹੌਲੀ-ਹੌਲੀ ਕੁੱਬ ਕੱਢ ਕੇ ਤਾਂ ਬਾਹਾਂ ਨੂੰ ਲਮਕਾ ਕੇ, ਜਾਂ ਹੱਥਾਂ ਨੂੰ ਲੱਕ ਤੇ ਰੱਖ ਕੇ ਕੂਹਣੀਆਂ ਨੂੰ ਉਤਾਂਹਾਂ ਚੁੱਕ ਕੇ ਅੱਗੇ ਚੱਲਦਾ ਹੈ, ਉਹ ਟਿੱਡੀ ਵਰਗਾ ਲੱਗਦਾ ਹੈ। ਪਰ, ਜੇ ਸਾਡੇ ਵਿੱਚੋਂ ਕੋਈ ਇਸ ਤਰ੍ਹਾਂ ਦਿਖਾਈ ਦਿੰਦਾ ਹੈ, ਆਓ ਆਪਾਂ ਯਾਦ ਰੱਖੀਏ ਕਿ ਅਸੀਂ ਯਹੋਵਾਹ ਦੀ ਟਿੱਡੀਆਂ ਦੀ ਸ਼ਕਤੀਸ਼ਾਲੀ ਅਤੇ ਤੇਜ਼ ਫ਼ੌਜ ਵਿਚ ਹਾਂ!—ਪਹਿਰਾਬੁਰਜ 1 ਮਈ 1998, ਸਫ਼ੇ 7-11 ਦੇਖੋ।
16. (ੳ) ‘ਕਰੀਰ ਦੇ ਬੇਰਾਂ ਦੇ ਫਟਣ’ ਰਾਹੀਂ ਕੀ ਸੰਕੇਤ ਕੀਤਾ ਗਿਆ ਹੈ? (ਅ) ਮਨੁੱਖ ਦਾ ‘ਸਦੀਪਕ ਦਾ ਟਿਕਾਣਾ’ ਕੀ ਹੈ ਅਤੇ ਆ ਰਹੀ ਮੌਤ ਦੇ ਕਿਹੜੇ ਨਿਸ਼ਾਨ ਪ੍ਰਗਟ ਹੋਣ ਲੱਗਦੇ ਹਨ?
16 ਬਿਰਧ ਵਿਅਕਤੀ ਦੇ ਸਾਮ੍ਹਣੇ ਭਾਵੇਂ ਕਰੀਰ ਦੇ ਬੇਰਾਂ ਵਰਗੀ ਕੋਈ ਸੁਆਦਲੀ ਚੀਜ਼ ਵੀ ਰੱਖੀ ਜਾਵੇ ਤਦ ਵੀ ਉਨ੍ਹਾਂ ਦਾ ਕੁਝ ਖਾਣ ਦਾ ਚਿੱਤ ਨਹੀਂ ਕਰਦਾ। ਲੰਬੇ ਸਮੇਂ ਤੋਂ ਕਰੀਰ ਦੇ ਬੇਰ ਭੁੱਖ ਵਧਾਉਣ ਲਈ ਵਰਤੇ ਗਏ ਹਨ। ‘ਕਰੀਰ ਦੇ ਬੇਰਾਂ ਦਾ ਫਟਣਾ’ ਸੰਕੇਤ ਕਰਦਾ ਹੈ ਕਿ ਜਦੋਂ ਬਿਰਧ ਆਦਮੀ ਦੀ ਭੁੱਖ ਮਿਟ ਜਾਂਦੀ ਹੈ, ਤਾਂ ਖਾਣ ਦੀ ਇੱਛਾ ਨੂੰ ਜਗਾਉਣ ਵਿਚ ਇਹ ਫਲ ਵੀ ਅਸਫ਼ਲ ਹੁੰਦਾ ਹੈ। ਅਜਿਹੀਆਂ ਗੱਲਾਂ ਸੰਕੇਤ ਕਰਦੀਆਂ ਹਨ ਕਿ ਉਹ “ਆਪਣੇ ਸਦੀਪਕ ਦੇ ਟਿਕਾਣੇ,” ਯਾਨੀ ਮੌਤ ਵੱਲ ਜਾ ਰਿਹਾ ਹੈ। ਇਹ ਹਮੇਸ਼ਾ ਲਈ ਉਸ ਦਾ ਟਿਕਾਣਾ ਹੋਵੇਗਾ ਜੇ ਉਹ ਆਪਣੇ ਕਰਤਾਰ ਨੂੰ ਚੇਤੇ ਰੱਖਣ ਵਿਚ ਅਸਫ਼ਲ ਹੋਇਆ ਹੈ ਅਤੇ ਜੇ ਉਹ ਅਜਿਹੇ ਦੁਸ਼ਟ ਰਾਹ ਤੇ ਚੱਲਦਾ ਆਇਆ ਹੈ ਜਿਸ ਕਾਰਨ ਪਰਮੇਸ਼ੁਰ ਉਸ ਨੂੰ ਪੁਨਰ-ਉਥਾਨ ਵਿਚ ਵੀ ਚੇਤੇ ਨਹੀਂ ਕਰੇਗਾ। ਬਿਰਧ ਵਿਅਕਤੀ ਦੇ ਮੂੰਹ ਦੇ ਬੂਹੇ ਤੋਂ ਆ ਰਹੇ ਉਦਾਸੀ ਦੇ ਹੌਕੇ ਸੰਕੇਤ ਕਰਦੇ ਹਨ ਕਿ ਮੌਤ ਨਜ਼ਦੀਕ ਹੈ।
17. “ਚਾਂਦੀ ਦੀ ਡੋਰੀ” ਕਿਸ ਤਰ੍ਹਾਂ ਖੋਲ੍ਹੀ ਜਾਂਦੀ ਹੈ, ਅਤੇ “ਸੋਨੇ ਦਾ ਕਟੋਰਾ” ਸ਼ਾਇਦ ਕਿਸ ਚੀਜ਼ ਨੂੰ ਦਰਸਾਉਂਦਾ ਹੈ?
17 “ਇਸ ਤੋਂ ਪਹਿਲਾਂ ਜੋ ਚਾਂਦੀ ਦੀ ਡੋਰੀ ਖੋਲ੍ਹੀ ਜਾਵੇ, ਯਾ ਸੋਨੇ ਦਾ ਕਟੋਰਾ ਟੁੱਟ ਜਾਵੇ, ਯਾ ਘੜਾ ਸੁੰਬ ਦੇ ਕੋਲ ਭੰਨਿਆ ਜਾਵੇ, ਯਾ ਤਲਾਉ ਦੇ ਕੋਲ ਚਰਖੜੀ ਟੁੱਟ ਜਾਵੇ,” ਸਾਨੂੰ ਆਪਣੇ ਕਰਤਾਰ ਨੂੰ ਚੇਤੇ ਰੱਖਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। (ਉਪਦੇਸ਼ਕ ਦੀ ਪੋਥੀ 12:6) “ਚਾਂਦੀ ਦੀ ਡੋਰੀ” ਸ਼ਾਇਦ ਰੀੜ੍ਹ ਦੀ ਹੱਡੀ ਹੈ। ਜਦੋਂ ਦਿਮਾਗ਼ ਨੂੰ ਤਰੰਗ ਭੇਜਣ ਦੇ ਇਸ ਅਦਭੁਤ ਰਾਹ ਵਿਚ ਅਜਿਹਾ ਨੁਕਸ ਪੈ ਜਾਂਦਾ ਹੈ ਜੋ ਠੀਕ ਨਹੀਂ ਕੀਤਾ ਜਾ ਸਕਦਾ ਤਾਂ ਮੌਤ ਨਜ਼ਦੀਕ ਹੁੰਦੀ ਹੈ। “ਸੋਨੇ ਦਾ ਕਟੋਰਾ” ਸ਼ਾਇਦ ਦਿਮਾਗ਼ ਵੱਲ ਇਸ਼ਾਰਾ ਕਰ ਰਿਹਾ ਹੈ, ਜੋ ਕਟੋਰੇ ਵਰਗੀ ਖੋਪੜੀ ਵਿਚ ਹੈ, ਅਤੇ ਰੀੜ੍ਹ ਦੀ ਹੱਡੀ ਨਾਲ ਜੁੜਿਆ ਹੈ। ਕੀਮਤੀ ਹੋਣ ਕਾਰਨ ਇਸ ਨੂੰ ਸੁਨਹਿਰਾ ਕਿਹਾ ਗਿਆ ਹੈ, ਪਰ ਜਦੋਂ ਦਿਮਾਗ਼ ਚੱਲਣੋਂ ਹਟ ਜਾਵੇ ਤਾਂ ਇਸ ਦਾ ਨਤੀਜਾ ਮੌਤ ਹੈ।
18. ‘ਸੁੰਬ ਦੇ ਕੋਲ ਘੜਾ’ ਕੀ ਹੈ ਅਤੇ ਇਸ ਦੇ ਟੁੱਟਣ ਤੇ ਕੀ ਹੁੰਦਾ ਹੈ?
18 ‘ਸੁੰਬ ਦੇ ਕੋਲ ਘੜਾ,’ ਦਿਲ ਹੈ, ਜਿੱਥੇ ਖ਼ੂਨ ਇਕੱਠਾ ਹੁੰਦਾ ਹੈ ਅਤੇ ਫਿਰ ਸਰੀਰ ਵਿਚ ਫੈਲਦਾ ਹੈ। ਮੌਤ ਆਉਣ ਤੇ, ਦਿਲ ਇਕ ਟੁੱਟੇ ਹੋਏ ਘੜੇ ਵਰਗਾ ਬਣ ਜਾਂਦਾ ਹੈ। ਸਰੀਰ ਨੂੰ ਕਾਇਮ ਰੱਖਣ ਲਈ ਅਤੇ ਇਸ ਨੂੰ ਤਾਜ਼ਗੀ ਦੇਣ ਲਈ ਇਸ ਵਿਚ ਹੁਣ ਨਾ ਹੀ ਖ਼ੂਨ ਆਉਂਦਾ ਹੈ, ਨਾ ਹੀ ਰਹਿੰਦਾ ਹੈ ਅਤੇ ਨਾ ਹੀ ਇਹ ਖ਼ੂਨ ਹੁਣ ਫੈਲਾਉਂਦਾ ਹੈ। ‘ਤਲਾਉ ਦੀ ਟੁੱਟੀ ਚਰਖੜੀ’ ਘੁੰਮਣੋਂ ਰੁਕ ਜਾਂਦੀ ਹੈ, ਅਤੇ ਜੀਵਨ ਨੂੰ ਕਾਇਮ ਰੱਖਣ ਵਾਲੇ ਖ਼ੂਨ ਦੇ ਦੌਰੇ ਨੂੰ ਖ਼ਤਮ ਕਰ ਦਿੰਦੀ ਹੈ। ਇਸ ਤਰ੍ਹਾਂ, ਸਤਾਰ੍ਹਵੀਂ ਸਦੀ ਦੇ ਵਿਲੀਅਮ ਹਾਵੀ ਦੇ ਪ੍ਰਦਰਸ਼ਨ ਤੋਂ ਬਹੁਤ ਚਿਰ ਪਹਿਲਾਂ, ਯਹੋਵਾਹ ਨੇ ਸੁਲੇਮਾਨ ਨੂੰ ਖ਼ੂਨ ਦੇ ਦੌਰੇ ਬਾਰੇ ਜਾਣਕਾਰੀ ਪ੍ਰਗਟ ਕੀਤੀ ਸੀ।
19. ਉਪਦੇਸ਼ਕ ਦੀ ਪੋਥੀ 12:7 ਦੇ ਸ਼ਬਦ ਮੌਤ ਦੇ ਸਮੇਂ ਤੇ ਕਿਸ ਤਰ੍ਹਾਂ ਲਾਗੂ ਹੁੰਦੇ ਹਨ?
19 ਉਪਦੇਸ਼ਕ ਅੱਗੇ ਕਹਿੰਦਾ ਹੈ: “ਖਾਕ ਮਿੱਟੀ ਨਾਲ ਪਹਿਲਾਂ ਵਾਂਙੁ ਜਾ ਰਲੇ, ਅਤੇ ਆਤਮਾ [ਸੱਚੇ] ਪਰਮੇਸ਼ੁਰ ਦੇ ਕੋਲ ਮੁੜ ਜਾਵੇ, ਜਿਸ ਨੇ ਉਸ ਨੂੰ ਬਖਸ਼ਿਆ ਸੀ।” (ਉਪਦੇਸ਼ਕ ਦੀ ਪੋਥੀ 12:7) “ਚਰਖੜੀ” ਦੇ ਟੁੱਟਣ ਵਜੋਂ, ਮਨੁੱਖੀ ਸਰੀਰ, ਜੋ ਪਹਿਲਾਂ ਜ਼ਮੀਨ ਦੀ ਮਿੱਟੀ ਤੋਂ ਰਚਾਇਆ ਗਿਆ ਸੀ, ਮਿੱਟੀ ਵਿਚ ਮੁੜ ਜਾਵੇਗਾ। (ਉਤਪਤ 2:7; 3:19) ਪ੍ਰਾਣੀ ਮਰ ਜਾਂਦਾ ਹੈ ਕਿਉਂਕਿ ਆਤਮਾ, ਜਾਂ ਜੀਵਨ-ਸ਼ਕਤੀ, ਜੋ ਪਰਮੇਸ਼ੁਰ ਨੇ ਬਖ਼ਸ਼ੀ ਹੈ, ਸਾਡੇ ਕਰਤਾਰ ਕੋਲ ਮੁੜ ਜਾਂਦੀ ਹੈ ਅਤੇ ਉਸੇ ਕੋਲ ਰਹਿੰਦੀ ਹੈ।—ਹਿਜ਼ਕੀਏਲ 18:4, 20; ਯਾਕੂਬ 2:26.
ਆਪਣੇ ਕਰਤਾਰ ਨੂੰ ਚੇਤੇ ਰੱਖਣ ਵਾਲਿਆਂ ਦਾ ਭਵਿੱਖ ਕੀ ਹੋਵੇਗਾ?
20. ਮੂਸਾ ਆਪਣੀ ਪ੍ਰਾਰਥਨਾ ਵਿਚ ਕਿਸ ਚੀਜ਼ ਦੀ ਮੰਗ ਕਰ ਰਿਹਾ ਸੀ, ਜੋ ਜ਼ਬੂਰ 90:12 ਵਿਚ ਦਰਜ ਹੈ?
20 ਸੁਲੇਮਾਨ ਨੇ ਵਧੀਆ ਤਰੀਕੇ ਵਿਚ ਦਿਖਾਇਆ ਕਿ ਆਪਣੇ ਮਹਾਨ ਕਰਤਾਰ ਨੂੰ ਚੇਤੇ ਰੱਖਣਾ ਕਿੰਨਾ ਮਹੱਤਵਪੂਰਣ ਹੈ। ਬਿਨਾਂ ਸ਼ੱਕ, ਯਹੋਵਾਹ ਨੂੰ ਯਾਦ ਰੱਖਣ ਵਾਲਿਆਂ ਲਈ ਅਤੇ ਸੱਚੇ ਦਿਲੋਂ ਉਸ ਦੀ ਸੇਵਾ ਕਰਨ ਵਾਲਿਆਂ ਲਈ ਸਿਰਫ਼ ਇਹ ਛੋਟਾ ਅਤੇ ਦੁੱਖ-ਭਰਿਆ ਜੀਵਨ ਹੀ ਨਹੀਂ ਹੈ। ਭਾਵੇਂ ਉਹ ਜਵਾਨ ਹਨ ਜਾਂ ਬਿਰਧ, ਉਨ੍ਹਾਂ ਦਾ ਰਵੱਈਆ ਮੂਸਾ ਵਰਗਾ ਹੈ, ਜਿਸ ਨੇ ਪ੍ਰਾਰਥਨਾ ਵਿਚ ਕਿਹਾ: “ਸਾਨੂੰ ਸਾਡੇ ਦਿਨ ਗਿਣਨ ਐਉਂ ਸਿਖਲਾ, ਭਈ ਅਸੀਂ ਹਿਕਮਤ ਵਾਲਾ ਮਨ ਪਰਾਪਤ ਕਰੀਏ।” ਪਰਮੇਸ਼ੁਰ ਦੇ ਨਿਮਰ ਨਬੀ ਦੀ ਦਿਲੀ ਇੱਛਾ ਇਹ ਸੀ ਕਿ ਯਹੋਵਾਹ ਉਸ ਨੂੰ ਅਤੇ ਇਸਰਾਏਲ ਦਿਆਂ ਲੋਕਾਂ ਨੂੰ ‘ਆਪਣੀ ਉਮਰ ਦੇ ਦਿਨਾਂ’ ਦੀ ਕਦਰ ਕਰਨੀ ਸਿਖਾਵੇ, ਤਾਂਕਿ ਉਹ ਆਪਣੇ ਜੀਵਨ ਉਸ ਦੀ ਇੱਛਿਆ ਦੇ ਅਨੁਸਾਰ ਵਰਤ ਸਕਣ।—ਜ਼ਬੂਰ 90:10, 12.
21. ਜੇ ਅਸੀਂ ਯਹੋਵਾਹ ਦੀ ਮਹਿਮਾ ਕਰਨ ਲਈ ਆਪਣੇ ਦਿਨ ਗਿਣਨੇ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
21 ਕਰਤਾਰ ਨੂੰ ਚੇਤੇ ਰੱਖਣ ਦੀ ਉਪਦੇਸ਼ਕ ਦੀ ਸਲਾਹ ਨੂੰ ਖ਼ਾਸ ਕਰਕੇ ਮਸੀਹੀ ਨੌਜਵਾਨਾਂ ਨੂੰ ਧਿਆਨ ਦੇਣ ਦਾ ਪੱਕਾ ਇਰਾਦਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕੋਲ ਪਰਮੇਸ਼ੁਰ ਦੀ ਪਵਿੱਤਰ ਸੇਵਾ ਕਰਨ ਦਾ ਕਿੰਨਾ ਵਧੀਆ ਮੌਕਾ ਹੈ! ਲੇਕਿਨ ਜੇ ਅਸੀਂ ਆਪਣੀ ਉਮਰ ਦੇ ਬਾਵਜੂਦ ਪਰਮੇਸ਼ੁਰ ਦੀ ਮਹਿਮਾ ਕਰਨ ਲਈ ਇਸ “ਓੜਕ ਦੇ ਸਮੇਂ” ਵਿਚ ਆਪਣੇ ਦਿਨ ਗਿਣਦੇ ਰਹੀਏ ਤਾਂ ਹੋ ਸਕਦਾ ਹੈ ਕਿ ਅਸੀਂ ਜ਼ਿੰਦਗੀ-ਭਰ ਆਪਣੇ ਦਿਨ ਗਿਣ ਸਕਾਂਗੇ। (ਦਾਨੀਏਲ 12:4; ਯੂਹੰਨਾ 17:3) ਇਸ ਤਰ੍ਹਾਂ ਕਰਨ ਲਈ ਸਾਨੂੰ ਆਪਣੇ ਮਹਾਨ ਕਰਤਾਰ ਨੂੰ ਚੇਤੇ ਰੱਖਣ ਦੀ ਲੋੜ ਹੈ। ਸਾਨੂੰ ਪਰਮੇਸ਼ੁਰ ਪ੍ਰਤੀ ਆਪਣਾ ਪੂਰਾ ਫ਼ਰਜ਼ ਵੀ ਨਿਭਾਉਣਾ ਚਾਹੀਦਾ ਹੈ।
ਸੀਂ ਕਿਸ ਤਰ੍ਹਾਂ ਜਵਾਬ ਦਿਓਗੇ?
◻ ਨੌਜਵਾਨਾਂ ਨੂੰ ਆਪਣੇ ਕਰਤਾਰ ਨੂੰ ਚੇਤੇ ਰੱਖਣ ਲਈ ਕਿਉਂ ਉਤਸ਼ਾਹਿਤ ਕੀਤਾ ਜਾਂਦਾ ਹੈ?
◻ ਬਾਈਬਲ ਵਿਚ ਉਨ੍ਹਾਂ ਲੋਕਾਂ ਦੀਆਂ ਕਿਹੜੀਆਂ ਮਿਸਾਲਾਂ ਹਨ ਜਿਨ੍ਹਾਂ ਨੇ ਆਪਣੇ ਮਹਾਨ ਕਰਤਾਰ ਨੂੰ ਚੇਤੇ ਰੱਖਿਆ ਸੀ?
◻ ਸੁਲੇਮਾਨ ਨੇ ਵਧਦੀ ਉਮਰ ਦੇ ਕਿਹੜਿਆਂ ਅਸਰਾਂ ਬਾਰੇ ਦੱਸਿਆ ਸੀ?
◻ ਯਹੋਵਾਹ ਨੂੰ ਯਾਦ ਰੱਖਣ ਵਾਲਿਆਂ ਦਾ ਭਵਿੱਖ ਕੀ ਹੋਵੇਗਾ?
[ਸਫ਼ੇ 15 ਉੱਤੇ ਤਸਵੀਰਾਂ]
ਦਾਊਦ, ਕੈਦ ਕੀਤੀ ਇਸਰਾਏਲੀ ਕੁੜੀ, ਆੱਨਾ, ਅਤੇ ਸਿਮਓਨ ਨੇ ਯਹੋਵਾਹ ਨੂੰ ਚੇਤੇ ਰੱਖਿਆ ਸੀ
[ਸਫ਼ੇ 16 ਉੱਤੇ ਤਸਵੀਰਾਂ]
ਯਹੋਵਾਹ ਦੇ ਬਿਰਧ ਗਵਾਹ ਖ਼ੁਸ਼ੀ-ਖ਼ੁਸ਼ੀ ਸਾਡੇ ਮਹਾਨ ਕਰਤਾਰ ਦੀ ਪਵਿੱਤਰ ਸੇਵਾ ਕਰਦੇ ਹਨ