“ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ”
“ਪਿਛਲੇ ਕੁਝ ਮਹੀਨਿਆਂ ਤੋਂ ਮੇਰੀ ਸੇਵਕਾਈ ਦਿਲਚਸਪ ਅਤੇ ਖ਼ੁਸ਼ੀ-ਭਰੀ ਨਹੀਂ ਰਹੀ,” ਨੈਂਸੀ ਕਹਿੰਦੀ ਹੈ।a ਕੁਝ ਦਸਾਂ ਸਾਲਾਂ ਲਈ ਉਹ ਇਕ ਪਾਇਨੀਅਰ, ਯਾਨੀ ਕਿ ਖ਼ੁਸ਼ ਖ਼ਬਰੀ ਦੀ ਪੂਰਣ-ਕਾਲੀ ਪ੍ਰਚਾਰਕ ਵਜੋਂ ਸੇਵਾ ਕਰਦੀ ਆਈ ਹੈ। ਫਿਰ ਵੀ, ਉਹ ਅੱਗੇ ਕਹਿੰਦੀ ਹੈ: “ਜੋ ਕੁਝ ਮੇਰੇ ਨਾਲ ਹੋ ਰਿਹਾ ਹੈ, ਮੈਨੂੰ ਚੰਗਾ ਨਹੀਂ ਲੱਗਦਾ। ਇੱਦਾਂ ਲੱਗਦਾ ਹੈ ਜਿੱਦਾਂ ਮੈਂ ਰਾਜ ਦਾ ਸਨੇਹਾ ਦਿਲੋਂ ਜਾਂ ਚਾਹ ਨਾਲ ਨਹੀਂ ਸੁਣਾ ਰਹੀ। ਮੈਂ ਕੀ ਕਰਾਂ?”
ਕੀਥ ਦੇ ਮਾਮਲੇ ਬਾਰੇ ਵੀ ਵਿਚਾਰ ਕਰੋ, ਜੋ ਯਹੋਵਾਹ ਦਿਆਂ ਗਵਾਹਾਂ ਦੀ ਇਕ ਕਲੀਸਿਯਾ ਵਿਚ ਬਜ਼ੁਰਗ ਹੈ। ਉਹ ਕਿੰਨਾ ਹੈਰਾਨ ਹੋਇਆ ਜਦੋਂ ਉਸ ਦੀ ਪਤਨੀ ਨੇ ਉਸ ਨੂੰ ਕਿਹਾ: “ਤੁਹਾਡੇ ਮੰਨ ਵਿਚ ਜ਼ਰੂਰ ਕੋਈ ਗੱਲ ਹੈ। ਜਿਹੜੀ ਪ੍ਰਾਰਥਨਾ ਤੁਸੀਂ ਹੁਣੀ ਕਹੀ, ਉਸ ਵਿਚ ਤੁਸੀਂ ਖਾਣੇ ਲਈ ਧੰਨਵਾਦ ਕੀਤਾ, ਪਰ ਇਹ ਖਾਣ ਦਾ ਵੇਲਾ ਨਹੀਂ ਹੈ!” ਕੀਥ ਮੰਨਦਾ ਹੈ: “ਮੈਨੂੰ ਪਤਾ ਹੈ ਕਿ ਮੈਂ ਕਈ ਵਾਰ ਬਿਨਾਂ ਸੋਚੇ ਪ੍ਰਾਰਥਨਾ ਕਰ ਦਿੰਦਾ ਹਾਂ।”
ਯਕੀਨ ਹੈ ਕਿ ਤੁਸੀਂ ਨਹੀਂ ਚਾਹੁੰਦੇ ਕਿ ਯਹੋਵਾਹ ਪਰਮੇਸ਼ੁਰ ਲਈ ਤੁਹਾਡੀ ਉਸਤਤ ਰੁੱਖੇ ਦਿਲੋਂ ਜਾਂ ਬਿਨਾਂ ਸੋਚੇ ਕੀਤੀ ਜਾਵੇ। ਇਸ ਦੇ ਉਲਟ, ਤੁਸੀਂ ਸ਼ੁਕਰਗੁਜ਼ਾਰੀ ਦੇ ਕਾਰਨ ਉਸ ਦੀ ਉਸਤਤ ਦਿਲੋਂ ਕਰਨੀ ਚਾਹੁੰਦੇ ਹੋ। ਲੇਕਿਨ, ਜਜ਼ਬਾਤ ਕੱਪੜਿਆਂ ਦੀ ਤਰ੍ਹਾਂ ਪਾਏ ਤਾਂ ਲਾਹੇ ਨਹੀਂ ਜਾ ਸਕਦੇ। ਅਜਿਹੇ ਜਜ਼ਬਾਤ ਵਿਅਕਤੀ ਦੇ ਅੰਦਰੋਂ ਪੈਦਾ ਹੋਣੇ ਚਾਹੀਦੇ ਹਨ। ਇਕ ਵਿਅਕਤੀ ਦਿਲੋਂ ਸ਼ੁਕਰਗੁਜ਼ਾਰੀ ਕਿਵੇਂ ਕਰ ਸਕਦਾ ਹੈ? ਇਸ ਦੇ ਸੰਬੰਧ ਵਿਚ ਜ਼ਬੂਰ 103 ਸਾਨੂੰ ਸਲਾਹ ਦਿੰਦਾ ਹੈ।
ਪ੍ਰਾਚੀਨ ਇਸਰਾਏਲ ਦੇ ਰਾਜਾ ਦਾਊਦ ਨੇ ਜ਼ਬੂਰ 103 ਰਚਿਆ ਸੀ। ਉਹ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਕਰਦਾ ਹੈ: “ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ, ਅਤੇ ਜੋ ਕੁਝ ਮੇਰੇ ਅੰਦਰ ਹੈ, ਉਸ ਦੇ ਪਵਿੱਤਰ ਨਾਮ ਨੂੰ!” (ਜ਼ਬੂਰ 103:1) ਇਕ ਪੁਸਤਕ ਕਹਿੰਦੀ ਹੈ ਕਿ ‘ਜਦੋਂ ਸ਼ਬਦ ਮੁਬਾਰਕ ਆਖ ਪਰਮੇਸ਼ੁਰ ਨੂੰ ਲਾਗੂ ਕੀਤੇ ਜਾਂਦੇ ਹਨ, ਇਨ੍ਹਾਂ ਦਾ ਮਤਲਬ ਹੈ ਉਸਤਤ ਕਰਨੀ; ਇਸ ਵਿਚ ਹਮੇਸ਼ਾ ਪਰਮੇਸ਼ੁਰ ਲਈ ਪਿਆਰ ਅਤੇ ਉਸ ਦੇ ਧੰਨਵਾਦੀ ਹੋਣਾ ਸ਼ਾਮਲ ਹੁੰਦਾ ਹੈ।’ ਪਿਆਰ ਅਤੇ ਕਦਰ ਭਰੇ ਦਿਲ ਨਾਲ ਯਹੋਵਾਹ ਦੀ ਉਸਤਤ ਕਰਨ ਦੀ ਇੱਛਾ ਰੱਖਦੇ ਹੋਏ, ਦਾਊਦ ਆਪਣੀ ਜਾਨ, ਯਾਨੀ ਆਪਣੇ ਆਪ ਨੂੰ ‘ਯਹੋਵਾਹ ਨੂੰ ਮੁਬਾਰਕ ਆਖਣ’ ਲਈ ਪ੍ਰੇਰਦਾ ਹੈ। ਪਰ ਕਿਹੜੀ ਗੱਲ ਦਾਊਦ ਦੇ ਦਿਲ ਵਿਚ ਪਰਮੇਸ਼ੁਰ ਲਈ ਅਜਿਹੇ ਨਿੱਘੇ
ਜਜ਼ਬਾਤ ਪੈਦਾ ਕਰਦੀ ਸੀ?
ਦਾਊਦ ਅੱਗੇ ਕਹਿੰਦਾ ਹੈ: “[ਯਹੋਵਾਹ ਦੇ] ਸਾਰੇ ਉਪਕਾਰ ਨਾ ਵਿਸਾਰ!” (ਜ਼ਬੂਰ 103:2) ਸਪੱਸ਼ਟ ਹੈ ਕਿ ਯਹੋਵਾਹ ਦੇ ਧੰਨਵਾਦੀ ਹੋਣਾ, ‘ਉਸ ਦੇ ਉਪਕਾਰਾਂ’ ਉੱਤੇ ਵਿਚਾਰ ਕਰਨ ਨਾਲ ਸੰਬੰਧ ਰੱਖਦਾ ਹੈ। ਦਾਊਦ ਯਹੋਵਾਹ ਦੇ ਕਿਹੜੇ ਖ਼ਾਸ ਉਪਕਾਰਾਂ ਬਾਰੇ ਸੋਚ ਰਿਹਾ ਸੀ? ਯਹੋਵਾਹ ਪਰਮੇਸ਼ੁਰ ਦੀ ਸ੍ਰਿਸ਼ਟੀ ਵੱਲ ਦੇਖਣ ਨਾਲ ਸਾਡਾ ਦਿਲ ਸ੍ਰਿਸ਼ਟੀਕਰਤਾ ਲਈ ਸ਼ੁਕਰਗੁਜ਼ਾਰੀ ਨਾਲ ਭਰ ਸਕਦਾ ਹੈ, ਜਿਵੇਂ ਕਿ ਕਾਲੀ ਰਾਤ ਨੂੰ ਤਾਰਿਆਂ ਨਾਲ ਭਰੇ ਅਕਾਸ਼ ਵੱਲ ਦੇਖਣਾ। ਤਾਰਿਆਂ ਨਾਲ ਭਰੇ ਅਕਾਸ਼ ਨੇ ਦਾਊਦ ਨੂੰ ਡੂੰਘੀ ਤਰ੍ਹਾਂ ਪ੍ਰਭਾਵਿਤ ਕੀਤਾ। (ਜ਼ਬੂਰ 8:3, 4; 19:1) ਪਰ, ਜ਼ਬੂਰ 103 ਵਿਚ, ਦਾਊਦ ਯਹੋਵਾਹ ਦਾ ਹੋਰ ਵੀ ਕੰਮ ਯਾਦ ਕਰਦਾ ਹੈ।
ਯਹੋਵਾਹ “ਤੇਰੀਆਂ ਸਾਰੀਆਂ ਬੁਰਿਆਈਆਂ ਨੂੰ ਖਿਮਾ ਕਰਦਾ ਹੈ”
ਇਸ ਜ਼ਬੂਰ ਵਿਚ, ਦਾਊਦ ਪਰਮੇਸ਼ੁਰ ਦੇ ਕਿਰਪਾ ਵਾਲੇ ਕੰਮ ਯਾਦ ਕਰਦਾ ਹੈ। ਇਨ੍ਹਾਂ ਵਿੱਚੋਂ ਪਹਿਲੇ ਅਤੇ ਸਭ ਤੋਂ ਜ਼ਰੂਰੀ ਕੰਮ ਬਾਰੇ ਗੱਲ ਕਰਦੇ ਹੋਏ, ਉਹ ਗਾ ਕੇ ਕਹਿੰਦਾ ਹੈ: ‘ਯਹੋਵਾਹ ਤੇਰੀਆਂ ਸਾਰੀਆਂ ਬੁਰਿਆਈਆਂ ਨੂੰ ਖਿਮਾ ਕਰਦਾ ਹੈ।’ (ਜ਼ਬੂਰ 103:3) ਦਾਊਦ ਆਪਣੀ ਅਪੂਰਣ ਹਾਲਤ ਬਾਰੇ ਪੂਰੀ ਤਰ੍ਹਾਂ ਸਚੇਤ ਸੀ। ਜਦੋਂ ਨਾਥਾਨ ਨਬੀ ਨੇ ਬਥ-ਸ਼ਬਾ ਨਾਲ ਦਾਊਦ ਦੇ ਨਾਜਾਇਜ਼ ਸੰਬੰਧ ਬਾਰੇ ਉਸ ਨਾਲ ਗੱਲ ਕੀਤੀ, ਤਾਂ ਦਾਊਦ ਨੇ ਕਬੂਲ ਕੀਤਾ: “ਮੈਂ ਤੇਰਾ [ਯਹੋਵਾਹ], ਹਾਂ, ਤੇਰਾ ਹੀ ਪਾਪ ਕੀਤਾ, ਅਤੇ ਤੇਰੀ ਨਿਗਾਹ ਵਿੱਚ ਏਹ ਬੁਰਿਆਈ ਕੀਤੀ।” (ਜ਼ਬੂਰ 51:4) ਟੁੱਟੇ ਦਿਲ ਤੋਂ, ਉਸ ਨੇ ਬੇਨਤੀ ਕੀਤੀ: “ਹੇ ਪਰਮੇਸ਼ੁਰ, ਆਪਣੀ ਕਿਰਪਾ ਦੇ ਅਨੁਸਾਰ ਮੇਰੇ ਉੱਤੇ ਦਯਾ ਕਰ, ਆਪਣੀਆਂ ਰਹਮਤਾਂ ਦੀ ਰੇਲ ਪੇਲ ਅਨੁਸਾਰ ਮੇਰੇ ਅਪਰਾਧ ਮਿਟਾ ਦੇਹ! ਮੇਰੀ ਬਦੀ ਤੋਂ ਮੈਨੂੰ ਚੰਗੀ ਤਰਾਂ ਧੋ, ਅਤੇ ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ।” (ਜ਼ਬੂਰ 51:1, 2) ਦਾਊਦ ਕਿੰਨਾ ਧੰਨਵਾਦੀ ਹੋਇਆ ਹੋਣਾ ਜਦੋਂ ਉਸ ਨੂੰ ਮਾਫ਼ ਕੀਤਾ ਗਿਆ! ਇਕ ਅਪੂਰਣ ਇਨਸਾਨ ਹੋਣ ਦੇ ਨਾਤੇ, ਉਸ ਨੇ ਆਪਣੀ ਜ਼ਿੰਦਗੀ ਵਿਚ ਹੋਰ ਵੀ ਪਾਪ ਕੀਤੇ ਸਨ, ਲੇਕਿਨ ਹਰੇਕ ਵਾਰ ਉਸ ਨੇ ਤੋਬਾ ਕੀਤੀ, ਝਾੜ ਸਵੀਕਾਰੀ, ਅਤੇ ਆਪਣੇ ਰਾਹ ਸੁਧਾਰੇ। ਦਾਊਦ ਵੱਲ ਯਹੋਵਾਹ ਦੀ ਕਿਰਪਾ ਵਾਲੇ ਇਨ੍ਹਾਂ ਵਧੀਆ ਕੰਮਾਂ ਨੇ ਉਸ ਨੂੰ ਯਹੋਵਾਹ ਨੂੰ ਮੁਬਾਰਕ ਆਖਣ ਲਈ ਪ੍ਰੇਰਿਆ।
ਅਸੀਂ ਵੀ ਪਾਪੀ ਹਾਂ, ਹੈ ਨਾ? (ਰੋਮੀਆਂ 5:12) ਪੌਲੁਸ ਰਸੂਲ ਨੇ ਵੀ ਸੋਗ ਕੀਤਾ: “ਮੈਂ ਤਾਂ ਅੰਦਰਲੇ ਪੁਰਸ਼ ਅਨੁਸਾਰ ਪਰਮੇਸ਼ੁਰ ਦੇ ਕਾਨੂਨ ਵਿੱਚ ਅਨੰਦ ਹੁੰਦਾ ਹਾਂ। ਪਰ ਮੈਂ ਆਪਣੇ ਅੰਗਾਂ ਵਿੱਚ ਇੱਕ ਹੋਰ ਕਾਨੂਨ ਵੀ ਵੇਖਦਾ ਹਾਂ ਜੋ ਮੇਰੀ ਬੁੱਧ ਦੇ ਕਾਨੂਨ ਨਾਲ ਲੜਦਾ ਹੈ ਅਤੇ ਮੈਨੂੰ ਓਸ ਪਾਪ ਦੇ ਕਾਨੂਨ ਦੇ ਜੋ ਮੇਰਿਆਂ ਅੰਗਾਂ ਵਿੱਚ ਹੈ ਬੰਧਨ ਵਿੱਚ ਲੈ ਆਉਂਦਾ ਹੈ। ਮੈਂ ਕਿੱਡਾ ਮੰਦਭਾਗੀ ਮਨੁੱਖ ਹਾਂ! ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਛੁਡਾਵੇਗਾ?” (ਰੋਮੀਆਂ 7:22-24) ਅਸੀਂ ਕਿੰਨੇ ਧੰਨਵਾਦੀ ਹੋ ਸਕਦੇ ਹਾਂ ਕਿ ਯਹੋਵਾਹ ਸਾਡਿਆਂ ਅਪਰਾਧਾਂ ਦਾ ਲੇਖਾ ਨਹੀਂ ਰੱਖਦਾ! ਜਦੋਂ ਅਸੀਂ ਤੋਬਾ ਕਰਦੇ ਹਾਂ ਅਤੇ ਖਿਮਾ ਭਾਲਦੇ ਹਾਂ ਤਾਂ ਉਹ ਖ਼ੁਸ਼ੀ ਨਾਲ ਉਨ੍ਹਾਂ ਨੂੰ ਮਿਟਾ ਦਿੰਦਾ ਹੈ।
ਦਾਊਦ ਆਪਣੇ ਆਪ ਨੂੰ ਚੇਤੇ ਕਰਾਉਂਦਾ ਹੈ: “[ਯਹੋਵਾਹ] ਸਾਰੇ ਰੋਗਾਂ ਤੋਂ ਤੈਨੂੰ ਨਰੋਆ ਕਰਦਾ ਹੈ।” (ਜ਼ਬੂਰ 103:3) ਕਿਉਂਕਿ ਤੰਦਰੁਸਤ ਕਰਨਾ ਬਹਾਲ ਕਰਨ ਦਾ ਕੰਮ ਹੈ, ਇਸ ਵਿਚ ਅਪਰਾਧ ਮਾਫ਼ ਕਰਨ ਤੋਂ ਕੁਝ ਜ਼ਿਆਦਾ ਸ਼ਾਮਲ ਹੁੰਦਾ ਹੈ। ਇਸ ਵਿਚ “ਰੋਗਾਂ,” ਯਾਨੀ ਕਿ ਗ਼ਲਤੀ ਕਰਨ ਦੇ ਬੁਰੇ ਨਤੀਜਿਆਂ ਨੂੰ ਦੂਰ ਕਰਨਾ ਸ਼ਾਮਲ ਹੈ। ਪਰਮੇਸ਼ੁਰ ਦੇ ਬਣੇ ਨਵੇਂ ਸੰਸਾਰ ਵਿਚ, ਯਹੋਵਾਹ ਪਾਪ ਦਿਆਂ ਸਰੀਰਕ ਨਤੀਜਿਆਂ ਨੂੰ ਜ਼ਰੂਰ ਮਿਟਾ ਦੇਵੇਗਾ, ਜਿਵੇਂ ਕਿ ਬਿਮਾਰੀ ਅਤੇ ਮੌਤ। (ਯਸਾਯਾਹ 25:8; ਪਰਕਾਸ਼ ਦੀ ਪੋਥੀ 21:1-4) ਪਰ, ਅੱਜ ਵੀ, ਪਰਮੇਸ਼ੁਰ ਸਾਨੂੰ ਰੂਹਾਨੀ ਰੋਗਾਂ ਤੋਂ ਤੰਦਰੁਸਤ ਕਰ ਰਿਹਾ ਹੈ। ਕੁਝ ਲੋਕਾਂ ਲਈ, ਇਨ੍ਹਾਂ ਵਿਚ ਦੁਖੀ ਜ਼ਮੀਰ ਅਤੇ ਪਰਮੇਸ਼ੁਰ ਤੋਂ ਅੱਡ ਹੋਣਾ ਸ਼ਾਮਲ ਹੈ। ਇਸ ਸੰਬੰਧ ਵਿਚ ਜੋ ਯਹੋਵਾਹ ਸਾਡੇ ਸਾਰਿਆਂ ਲਈ ਨਿੱਜੀ ਤੌਰ ਤੇ ਕਰ ਚੁੱਕਾ ਹੈ ਉਸ ਨੂੰ ‘ਵਿਸਾਰੋ ਨਾ,’ ਯਾਨੀ ਕਿ ਉਸ ਨੂੰ ਭੁੱਲੋ ਨਾ।
ਉਹ ‘ਤੇਰੀ ਜਿੰਦ ਨੂੰ ਨਿਸਤਾਰਾ ਦਿੰਦਾ ਹੈ’
ਦਾਊਦ ਗਾ ਕੇ ਕਹਿੰਦਾ ਹੈ ਕਿ “[ਯਹੋਵਾਹ] ਤੇਰੀ ਜਿੰਦ ਨੂੰ ਟੋਏ ਤੋਂ ਨਿਸਤਾਰਾ ਦਿੰਦਾ ਹੈ।” (ਜ਼ਬੂਰ 103:4) ‘ਟੋਆ’ ਮਨੁੱਖਜਾਤੀ ਦੀ ਆਮ ਕਬਰ ਹੈ—ਸ਼ੀਓਲ, ਜਾਂ ਹੇਡੀਜ਼। ਇਸਰਾਏਲ ਵਿਚ ਰਾਜਾ ਬਣਨ ਤੋਂ ਪਹਿਲਾਂ ਹੀ, ਦਾਊਦ ਮੌਤ ਦੇ ਪੰਜੇ ਵਿਚ ਸੀ। ਉਦਾਹਰਣ ਲਈ, ਇਸਰਾਏਲ ਦੇ ਰਾਜਾ ਸ਼ਾਊਲ ਨੇ ਦਾਊਦ ਨਾਲ ਬਹੁਤ ਵੈਰ ਰੱਖਿਆ ਅਤੇ ਕਈਆਂ ਮੌਕਿਆਂ ਤੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। (1 ਸਮੂਏਲ 18:9-29; 19:10; 23:6-29) ਫਲਿਸਤੀ ਲੋਕ ਵੀ ਦਾਊਦ ਨੂੰ ਜ਼ਿੰਦਾ ਦੇਖ ਕੇ ਖ਼ੁਸ਼ ਨਹੀਂ ਸਨ। (1 ਸਮੂਏਲ 21:10-15) ਪਰ ਹਰ ਵਾਰ, ਯਹੋਵਾਹ ਨੇ ਉਸ ਨੂੰ “ਟੋਏ” ਤੋਂ ਬਚਾਇਆ। ਦਾਊਦ ਯਹੋਵਾਹ ਦਿਆਂ ਇਨ੍ਹਾਂ ਉਪਕਾਰਾਂ ਨੂੰ ਯਾਦ ਕਰ ਕੇ ਕਿੰਨਾ ਸ਼ੁਕਰਗੁਜ਼ਾਰ ਹੋਇਆ ਹੋਣਾ!
ਤੁਹਾਡੇ ਬਾਰੇ ਕੀ? ਕੀ ਯਹੋਵਾਹ ਨੇ ਤੁਹਾਨੂੰ ਨਿਰਾਸ਼ਾ ਜਾਂ ਸੋਗ ਦੇ ਵੇਲੇ ਸੰਭਾਲਿਆ ਹੈ? ਜਾਂ ਕੀ ਤੁਸੀਂ ਉਨ੍ਹਾਂ ਘਟਨਾਵਾਂ ਬਾਰੇ ਜਾਣਦੇ ਹੋ ਜਦੋਂ ਉਸ ਨੇ ਸਾਡੇ ਸਮਿਆਂ ਵਿਚ ਆਪਣਿਆਂ ਵਫ਼ਾਦਾਰ ਗਵਾਹਾਂ ਦੀਆਂ ਜ਼ਿੰਦਗੀਆਂ ਨੂੰ ਸ਼ੀਓਲ ਦੇ ਟੋਏ ਤੋਂ ਬਚਾਇਆ ਹੈ? ਸ਼ਾਇਦ ਇਸੇ ਰਸਾਲੇ ਦਿਆਂ ਸਫ਼ਿਆਂ ਉੱਤੇ ਯਹੋਵਾਹ ਵੱਲੋਂ ਬਚਾਅ ਦੇ ਕੰਮਾਂ ਬਾਰੇ ਬਿਰਤਾਂਤ ਪੜ੍ਹ ਕੇ ਤੁਸੀਂ ਪ੍ਰਭਾਵਿਤ ਹੋਏ ਹੋ। ਕਿਉਂ ਨਾ ਸਮਾਂ ਕੱਢ ਕੇ ਸੱਚੇ ਪਰਮੇਸ਼ੁਰ ਦਿਆਂ ਇਨ੍ਹਾਂ ਉਪਕਾਰਾਂ ਬਾਰੇ ਕਦਰ ਨਾਲ ਵਿਚਾਰ ਕਰੋ? ਅਤੇ, ਨਿਸ਼ਚੇ ਹੀ, ਮੁਰਦਿਆਂ ਦੇ ਜੀ ਉੱਠਣ ਦੀ ਉਮੀਦ ਲਈ ਸਾਡੇ ਸਾਰਿਆਂ ਕੋਲ ਯਹੋਵਾਹ ਦੇ ਧੰਨਵਾਦੀ ਹੋਣ ਦਾ ਕਾਰਨ ਹੈ।—ਯੂਹੰਨਾ 5:28, 29; ਰਸੂਲਾਂ ਦੇ ਕਰਤੱਬ 24:15.
ਯਹੋਵਾਹ ਸਾਨੂੰ ਜ਼ਿੰਦਗੀ ਦੇ ਨਾਲ-ਨਾਲ ਉਸ ਨੂੰ ਸੁਖੀ ਬਣਾਉਣ ਲਈ ਸਭ ਕੁਝ ਦਿੰਦਾ ਹੈ ਤਾਂਕਿ ਅਸੀਂ ਉਸ ਦਾ ਆਨੰਦ ਮਾਣ ਸਕੀਏ। ਜ਼ਬੂਰਾਂ ਦਾ ਲਿਖਾਰੀ ਕਹਿੰਦਾ ਹੈ ਕਿ ਪਰਮੇਸ਼ੁਰ “ਤੇਰੇ ਸਿਰ ਉੱਤੇ ਦਯਾ ਤੇ ਰਹਮ ਦਾ ਮੁਕਟ ਰੱਖਦਾ ਹੈ।” (ਜ਼ਬੂਰ 103:4) ਜਦੋਂ ਮੁਸੀਬਤ ਆਉਂਦੀ ਹੈ ਯਹੋਵਾਹ ਸਾਨੂੰ ਤਿਆਗਦਾ ਨਹੀਂ ਸਗੋਂ ਆਪਣੇ ਦ੍ਰਿਸ਼ਟ ਸੰਗਠਨ ਅਤੇ ਕਲੀਸਿਯਾ ਵਿਚ ਨਿਯੁਕਤ ਬਜ਼ੁਰਗਾਂ, ਜਾਂ ਚਰਵਾਹਿਆਂ, ਰਾਹੀਂ ਵੇਲੇ ਸਿਰ ਸਾਡੀ ਸਹਾਇਤਾ ਕਰਦਾ ਹੈ। ਅਜਿਹੀ ਮਦਦ ਨਾਲ ਅਸੀਂ ਇਕ ਅਜ਼ਮਾਇਸ਼ੀ ਹਾਲਤ ਦਾ ਸਾਮ੍ਹਣਾ ਕਰ ਸਕਦੇ ਹਾਂ, ਅਤੇ ਅਸੀਂ ਆਪਣੇ ਆਪ ਵਿਚ ਥੋੜ੍ਹਾ ਬਹੁਤਾ ਮਾਣ ਵੀ ਰੱਖ ਸਕਦੇ ਹਾਂ। ਮਸੀਹੀ ਚਰਵਾਹੇ ਭੇਡਾਂ ਨੂੰ ਬਹੁਤ ਪਿਆਰ ਕਰਦੇ ਹਨ। ਉਹ ਬੀਮਾਰਾਂ ਅਤੇ ਨਿਰਾਸ਼ ਹੋਇਆਂ ਨੂੰ ਹੌਸਲਾ ਦਿੰਦੇ ਹਨ ਅਤੇ ਜਿਹੜੇ ਡਿੱਗੇ ਹਨ ਉਹ ਉਨ੍ਹਾਂ ਨੂੰ ਵਾਪਸ ਉਠਾਉਣ ਲਈ ਸਭ ਕੁਝ ਕਰਦੇ ਹਨ। (ਯਸਾਯਾਹ 32:1, 2; 1 ਪਤਰਸ 5:2, 3; ਯਹੂਦਾਹ 22, 23) ਯਹੋਵਾਹ ਦੀ ਪਵਿੱਤਰ ਸ਼ਕਤੀ ਇਨ੍ਹਾਂ ਚਰਵਾਹਿਆਂ ਨੂੰ ਪ੍ਰੇਰਿਤ ਕਰਦੀ ਹੈ ਕਿ ਉਹ ਇੱਜੜ ਉੱਤੇ ਤਰਸ ਖਾਣ ਅਤੇ ਉਨ੍ਹਾਂ ਨਾਲ ਪ੍ਰੇਮ ਕਰਨ। ਉਸ ਦੀ “ਦਯਾ ਤੇ ਰਹਮ” ਵਾਕਈ ਮੁਕਟ ਵਾਂਗ ਹਨ ਜੋ ਸਾਨੂੰ ਸਜਾਉਂਦਾ ਅਤੇ ਮਾਣ ਦਿੰਦਾ ਹੈ! ਉਸ ਦਿਆਂ ਉਪਕਾਰਾਂ ਨੂੰ ਕਦੀ ਵੀ ਨਾ ਭੁੱਲਦੇ ਹੋਏ, ਆਓ ਆਪਾਂ ਯਹੋਵਾਹ ਅਤੇ ਉਸ ਦੇ ਪਵਿੱਤਰ ਨਾਂ ਨੂੰ ਮੁਬਾਰਕ ਆਖੀਏ।
ਆਪਣੇ ਆਪ ਨੂੰ ਅੱਗੇ ਉਪਦੇਸ਼ ਦਿੰਦੇ ਹੋਏ, ਜ਼ਬੂਰਾਂ ਦਾ ਲਿਖਾਰੀ, ਦਾਊਦ, ਗਾ ਕੇ ਕਹਿੰਦਾ ਹੈ: “[ਯਹੋਵਾਹ] ਭਲਿਆਈ ਨਾਲ ਤੇਰੇ ਮੂੰਹ ਨੂੰ ਰਜਾਉਂਦਾ ਹੈ, ਤੂੰ ਉਕਾਬ ਵਾਂਙੁ ਆਪਣੀ ਜੁਆਨੀ ਨੂੰ ਨਵਾਂ ਕਰਦਾ ਹੈਂ।” (ਜ਼ਬੂਰ 103:5) ਯਹੋਵਾਹ ਸਾਨੂੰ ਸੰਤੋਖ ਅਤੇ ਖ਼ੁਸ਼ੀ ਵਾਲਾ ਜੀਵਨ ਦਿੰਦਾ ਹੈ। ਵਾਕਈ ਹੀ, ਸੱਚਾਈ ਦਾ ਗਿਆਨ ਇਕ ਅਣਮੋਲ ਖ਼ਜ਼ਾਨਾ ਹੈ ਅਤੇ ਵੱਡੀ ਖ਼ੁਸ਼ੀ ਦਾ ਕਾਰਨ ਵੀ! ਨਾਲੇ ਜ਼ਰਾ ਸੋਚੋ ਕਿ ਯਹੋਵਾਹ ਵੱਲੋਂ ਪ੍ਰਚਾਰ ਅਤੇ ਚੇਲੇ ਬਣਾਉਣ ਦਾ ਕੰਮ ਕਿੰਨਾ ਤਸੱਲੀਬਖ਼ਸ਼ ਹੈ। ਕਿੰਨੀ ਆਨੰਦ ਦੀ ਗੱਲ ਹੈ ਜਦੋਂ ਕੋਈ ਵਿਅਕਤੀ ਸੱਚੇ ਪਰਮੇਸ਼ੁਰ ਬਾਰੇ ਸਿੱਖਣ ਦੀ ਦਿਲਚਸਪੀ ਰੱਖਦਾ ਹੈ ਅਤੇ ਜਦੋਂ ਅਸੀਂ ਯਹੋਵਾਹ ਨੂੰ ਜਾਣਨ ਵਿਚ ਅਤੇ ਉਸ ਨੂੰ ਮੁਬਾਰਕ ਆਖਣ ਵਿਚ ਉਸ ਵਿਅਕਤੀ ਦੀ ਮਦਦ ਕਰ ਸਕਦੇ ਹਾਂ! ਫਿਰ ਵੀ, ਸਾਡੇ ਇਲਾਕੇ ਵਿਚ ਭਾਵੇਂ ਕੋਈ ਸੁਣੇ ਜਾਂ ਨਾ ਸੁਣੇ, ਇਹ ਕਿੰਨਾ ਵੱਡਾ ਸਨਮਾਨ ਹੈ ਕਿ ਅਸੀਂ ਉਸ ਕੰਮ ਵਿਚ ਹਿੱਸਾ ਲੈ ਸਕਦੇ ਹਾਂ ਜੋ ਯਹੋਵਾਹ ਦੇ ਨਾਂ ਨੂੰ ਪਵਿੱਤਰ ਕਰਨ ਅਤੇ ਉਸ ਦੀ ਸਰਬਸੱਤਾ ਦਾ ਦੋਸ਼-ਨਿਵਾਰਣ ਨਾਲ ਸੰਬੰਧ ਰੱਖਦਾ ਹੈ।
ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਦਾ ਕੰਮ ਕਰਦੇ ਹੋਏ, ਕੌਣ ਨਹੀਂ ਹੁੱਸਦਾ ਜਾਂ ਥੱਕਦਾ? ਪਰ ਯਹੋਵਾਹ ਆਪਣਿਆਂ ਸੇਵਕਾਂ ਨੂੰ ਨਵੀਂ ਤਾਕਤ ਬਖ਼ਸ਼ਦਾ ਹੈ, ਅਤੇ ਉਨ੍ਹਾਂ ਨੂੰ ਤਾਕਤਵਰ ਖੰਭਾਂ ਵਾਲੇ ‘ਉਕਾਬਾਂ ਵਾਂਙੁ’ ਬਣਾਉਂਦਾ ਹੈ ਜੋ ਅਕਾਸ਼ ਵਿਚ ਬਹੁਤ ਉੱਚੀ ਉੱਡਦੇ ਹਨ। ਅਸੀਂ ਕਿੰਨੇ ਧੰਨਵਾਦੀ ਹੋ ਸਕਦੇ ਹਾਂ ਕਿ ਸਾਡਾ ਪ੍ਰੇਮਮਈ ਸਵਰਗੀ ਪਿਤਾ ਸਾਨੂੰ ਅਜਿਹੀ “ਸ਼ਕਤੀ” ਦਿੰਦਾ ਹੈ ਤਾਂਕਿ ਅਸੀਂ ਹਰ ਰੋਜ਼ ਵਫ਼ਾਦਾਰੀ ਨਾਲ ਆਪਣੀ ਸੇਵਕਾਈ ਪੂਰੀ ਕਰ ਸਕੀਏ!—ਯਸਾਯਾਹ 40:29-31.
ਮਿਸਾਲ ਵਜੋਂ: ਕਲਾਰਾ ਸਾਰਾ ਦਿਨ ਨੌਕਰੀ ਕਰਦੀ ਹੈ ਅਤੇ ਹਰ ਮਹੀਨੇ ਖੇਤਰ ਸੇਵਕਾਈ ਵਿਚ ਲਗਭਗ 50 ਘੰਟੇ ਵੀ ਗੁਜ਼ਾਰਦੀ ਹੈ। ਉਹ ਕਹਿੰਦੀ ਹੈ: “ਕਦੀ-ਕਦੀ ਮੈਂ ਥੱਕੀ ਹੁੰਦੀ ਹਾਂ, ਅਤੇ ਮੈਂ ਪ੍ਰਚਾਰ ਦੇ ਕੰਮ ਵਿਚ ਜਾਣ ਲਈ ਸਿਰਫ਼ ਇਸੇ ਕਰਕੇ ਜਤਨ ਕਰਦੀ ਹਾਂ ਕਿਉਂਕਿ ਮੈਂ ਕਿਸੇ ਦੇ ਨਾਲ ਕੰਮ ਕਰਨ ਲਈ ਇੰਤਜ਼ਾਮ ਕਰ ਚੁੱਕੀ ਹਾਂ। ਪਰ ਜਦੋਂ ਮੈਂ ਬਾਹਰ ਹੁੰਦੀ ਹਾਂ, ਮੇਰੇ ਵਿਚ ਜਾਨ ਪੈ ਜਾਂਦੀ ਹੈ।” ਤੁਸੀਂ ਵੀ ਸ਼ਾਇਦ ਉਹ ਸ਼ਕਤੀ ਪਾਈ ਹੋਵੇਗੀ ਜੋ ਮਸੀਹੀ ਸੇਵਕਾਈ ਵਿਚ ਪਰਮੇਸ਼ੁਰ ਦੇ ਸਹਾਰੇ ਤੋਂ ਆਉਂਦੀ ਹੈ। ਉਮੀਦ ਹੈ ਕਿ ਇਸ ਜ਼ਬੂਰ ਦੇ ਮੁਢਲੇ ਸ਼ਬਦਾਂ ਵਿਚ, ਤੁਸੀਂ ਵੀ ਦਾਊਦ ਦੀ ਤਰ੍ਹਾਂ ਇਹ ਕਹਿਣ ਲਈ ਪ੍ਰੇਰਿਤ ਹੋਵੋਗੇ: “ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ, ਅਤੇ ਜੋ ਕੁਝ ਮੇਰੇ ਅੰਦਰ ਹੈ, ਉਸ ਦੇ ਪਵਿੱਤਰ ਨਾਮ ਨੂੰ!”
ਯਹੋਵਾਹ ਆਪਣੇ ਲੋਕਾਂ ਨੂੰ ਬਚਾਉਂਦਾ ਹੈ
ਜ਼ਬੂਰਾਂ ਦਾ ਲਿਖਾਰੀ ਗਾ ਕੇ ਇਹ ਵੀ ਕਹਿੰਦਾ ਹੈ: “ਯਹੋਵਾਹ ਧਰਮ ਦੇ ਕੰਮ ਅਤੇ ਨਿਆਉਂ ਸਭ ਦਬਾਏ ਹੋਇਆਂ ਦੇ ਲਈ ਕਰਦਾ ਹੈ। ਉਹ ਨੇ ਆਪਣੇ ਰਾਹ ਮੂਸਾ ਉੱਤੇ, ਅਤੇ ਆਪਣੇ ਕੰਮ ਇਸਰਾਏਲ ਉੱਤੇ ਪਰਗਟ ਕੀਤੇ।” (ਜ਼ਬੂਰ 103:6, 7) ਸੰਭਵ ਹੈ ਕਿ ਦਾਊਦ ਮੂਸਾ ਦੇ ਜ਼ਮਾਨੇ ਵਿਚ ਮਿਸਰੀ ਅਤਿਆਚਾਰੀਆਂ ਹੇਠ ਇਸਰਾਏਲੀਆਂ ਦੇ ‘ਦੱਬੇ ਜਾਣ’ ਬਾਰੇ ਸੋਚ ਰਿਹਾ ਹੈ। ਇਸ ਗੱਲ ਉੱਤੇ ਮਨਨ ਕਰਨ ਨਾਲ ਕਿ ਯਹੋਵਾਹ ਨੇ ਮੂਸਾ ਨੂੰ ਆਪਣੇ ਬਚਾਅ ਦੇ ਤਰੀਕੇ ਕਿਵੇਂ ਪ੍ਰਗਟ ਕੀਤੇ ਸਨ, ਦਾਊਦ ਦਾ ਦਿਲ ਧੰਨਵਾਦੀ ਨਾਲ ਜ਼ਰੂਰ ਭਰ ਗਿਆ ਹੋਵੇਗਾ।
ਇਸਰਾਏਲੀਆਂ ਨਾਲ ਪਰਮੇਸ਼ੁਰ ਦੇ ਸਲੂਕ ਉੱਤੇ ਵਿਚਾਰ ਕਰ ਕੇ ਅਸੀਂ ਵੀ ਅਜਿਹੀ ਸ਼ੁਕਰਗੁਜ਼ਾਰੀ ਦਿਖਾ ਸਕਦੇ ਹਾਂ। ਪਰ ਸਾਨੂੰ ਸਾਡੇ ਜ਼ਮਾਨੇ ਵਿਚ ਯਹੋਵਾਹ ਦਿਆਂ ਸੇਵਕਾਂ ਦੇ ਤਜਰਬੇ ਉੱਤੇ ਵੀ ਮਨਨ ਕਰਨਾ ਚਾਹੀਦਾ ਹੈ, ਜਿਵੇਂ ਕਿ ਪੁਸਤਕ ਯਹੋਵਾਹ ਦੇ ਗਵਾਹ—ਪਰਮੇਸ਼ੁਰ ਦੇ ਰਾਜ ਦੇ ਘੋਸ਼ਕ (ਅੰਗ੍ਰੇਜ਼ੀ) ਦੇ 29ਵੇਂ ਅਤੇ 30ਵੇਂ ਅਧਿਆਵਾਂ ਵਿਚ ਜ਼ਿਕਰ ਕੀਤਾ ਗਿਆ ਹੈ। ਇਸ ਵਿਚ ਅਤੇ ਵਾਚ ਟਾਵਰ ਸੋਸਾਇਟੀ ਦਿਆਂ ਹੋਰ ਪ੍ਰਕਾਸ਼ਨਾਂ ਵਿਚ ਲਿਖੇ ਬਿਰਤਾਂਤ ਸਾਨੂੰ ਇਹ ਦੇਖਣ ਦਿੰਦੇ ਹਨ ਕਿ ਯਹੋਵਾਹ ਨੇ ਸਾਡੇ ਜ਼ਮਾਨੇ ਵਿਚ ਆਪਣਿਆਂ ਲੋਕਾਂ ਨੂੰ ਕੈਦ, ਭੀੜਾਂ ਦੇ ਹਮਲੇ, ਪਾਬੰਦੀਆਂ, ਨਜ਼ਰਬੰਦੀ ਅਤੇ ਵਗਾਰ ਕੈਂਪ ਸਹਿਣ ਦੀ ਕਿਵੇਂ ਮਦਦ ਦਿੱਤੀ ਹੈ। ਬੁਰੁੰਡੀ, ਸਾਬਕਾ ਯੂਗੋਸਲਾਵੀਆ, ਰਵਾਂਡਾ ਅਤੇ ਲਾਈਬੀਰੀਆ ਵਰਗੇ ਯੁੱਧ-ਗ੍ਰਸਤ ਦੇਸ਼ਾਂ ਵਿਚ ਮੁਸੀਬਤਾਂ ਆਈਆਂ ਹਨ। ਜਿੱਥੇ ਕਿੱਤੇ ਸਤਾਹਟ ਹੋਈ ਹੈ, ਯਹੋਵਾਹ ਦੇ ਹੱਥ ਨੇ ਹਮੇਸ਼ਾ ਆਪਣੇ ਵਫ਼ਾਦਾਰ ਸੇਵਕਾਂ ਨੂੰ ਸੰਭਾਲਿਆ ਹੈ। ਸਾਡੇ ਮਹਾਨ ਪਰਮੇਸ਼ੁਰ, ਯਹੋਵਾਹ, ਦਿਆਂ ਇਨ੍ਹਾਂ ਉਪਕਾਰਾਂ ਉੱਤੇ ਵਿਚਾਰ ਕਰਨਾ ਸਾਨੂੰ ਉਸੇ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ ਜਿਸ ਤਰ੍ਹਾਂ ਦਾਊਦ ਮਿਸਰ ਤੋਂ ਬਚ ਨਿਕਲਣ ਦੇ ਬਿਰਤਾਂਤ ਉੱਤੇ ਮਨਨ ਕਰ ਕੇ ਪ੍ਰਭਾਵਿਤ ਹੋਇਆ ਸੀ।
ਇਸ ਉੱਤੇ ਵੀ ਵਿਚਾਰ ਕਰੋ ਕਿ ਯਹੋਵਾਹ ਨਰਮੀ ਅਤੇ ਪਿਆਰ ਨਾਲ ਸਾਨੂੰ ਪਾਪ ਦੇ ਬੋਝ ਤੋਂ ਕਿਵੇਂ ਬਚਾਉਂਦਾ ਹੈ। ਉਸ ਨੇ ‘ਮਸੀਹ ਦੇ ਲਹੂ’ ਦਾ ਪ੍ਰਬੰਧ ਕੀਤਾ ਹੈ ਤਾਂ ਜੋ ‘ਸਾਡੇ ਅੰਤਹਕਰਨ ਨੂੰ ਮੁਰਦਿਆਂ ਕੰਮਾਂ ਤੋਂ ਸ਼ੁੱਧ’ ਕੀਤਾ ਜਾਵੇ। (ਇਬਰਾਨੀਆਂ 9:14) ਜਦੋਂ ਅਸੀਂ ਆਪਣਿਆਂ ਪਾਪਾਂ ਤੋਂ ਤੋਬਾ ਕਰਦੇ ਹਾਂ ਅਤੇ ਮਸੀਹ ਦੇ ਵਹਾਏ ਗਏ ਲਹੂ ਦੇ ਆਧਾਰ ਤੇ ਮਾਫ਼ੀ ਭਾਲਦੇ ਹਾਂ, ਪਰਮੇਸ਼ੁਰ ਸਾਡੇ ਅਪਰਾਧਾਂ ਨੂੰ ਸਾਡੇ ਤੋਂ ਦੂਰ ਕਰ ਦਿੰਦਾ ਹੈ—“ਜਿੰਨਾ ਚੜ੍ਹਦਾ ਲਹਿੰਦੇ ਤੋਂ ਦੂਰ ਹੈ”—ਅਤੇ ਉਹ ਸਾਨੂੰ ਆਪਣੀ ਕਿਰਪਾ ਪ੍ਰਾਪਤ ਕਰਨ ਦਿੰਦਾ ਹੈ। ਅਤੇ ਜ਼ਰਾ ਯਹੋਵਾਹ ਦਿਆਂ ਪ੍ਰਬੰਧਾਂ ਬਾਰੇ ਸੋਚੋ ਜਿਵੇਂ ਮਸੀਹੀ ਸਭਾਵਾਂ, ਉਤਸ਼ਾਹ ਵਾਲੀ ਸੰਗਤ, ਕਲੀਸਿਯਾ ਵਿਚ ਚਰਵਾਹੇ, ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਰਾਹੀਂ ਮਿਲਣ ਵਾਲੇ ਬਾਈਬਲ ਤੇ ਆਧਾਰਿਤ ਪ੍ਰਕਾਸ਼ਨ। (ਮੱਤੀ 24:45) ਕੀ ਯਹੋਵਾਹ ਦੇ ਇਹ ਸਾਰੇ ਉਪਕਾਰ ਉਸ ਨਾਲ ਸਾਡੇ ਰਿਸ਼ਤੇ ਨੂੰ ਮਜ਼ਬੂਤ ਕਰਨ ਵਿਚ ਸਾਨੂੰ ਮਦਦ ਨਹੀਂ ਦਿੰਦੇ? ਦਾਊਦ ਕਹਿੰਦਾ ਹੈ: “ਯਹੋਵਾਹ ਦਯਾਲੂ ਤੇ ਕਿਰਪਾਲੂ ਹੈ, ਗੁੱਸੇ ਵਿੱਚ ਧੀਰਜੀ ਅਤੇ ਦਯਾ ਨਾਲ ਭਰਪੂਰ . . . ਉਹ ਸਾਡੇ ਪਾਪਾਂ ਅਨੁਸਾਰ ਸਾਡੇ ਨਾਲ ਨਹੀਂ ਵਰਤਿਆ, ਨਾ ਸਾਡੀਆਂ ਬਦੀਆਂ ਅਨੁਸਾਰ ਸਾਨੂੰ ਬਦਲਾ ਦਿੱਤਾ।” (ਜ਼ਬੂਰ 103:8-14) ਯਹੋਵਾਹ ਦੀ ਪ੍ਰੇਮਪੂਰਣ ਦੇਖ-ਭਾਲ ਉੱਤੇ ਮਨਨ ਕਰਨ ਨਾਲ ਅਸੀਂ ਉਸ ਦੀ ਮਹਿਮਾ ਕਰਨ ਅਤੇ ਉਸ ਦੇ ਪਵਿੱਤਰ ਨਾਂ ਦੀ ਵਡਿਆਈ ਕਰਨ ਲਈ ਜ਼ਰੂਰ ਪ੍ਰੇਰਿਤ ਹੋਵਾਂਗੇ।
‘ਹੇ ਉਹ ਦੇ ਕਾਰਜੋ, ਯਹੋਵਾਹ ਨੂੰ ਮੁਬਾਰਕ ਆਖੋ’
“ਅਟੱਲ ਪਰਮੇਸ਼ੁਰ,” ਯਹੋਵਾਹ, ਦੀ ਅਮਰਤਾ ਦੀ ਤੁਲਨਾ ਵਿਚ, “ਇਨਸਾਨ ਦੀ ਆਯੂ” ਬਹੁਤ ਛੋਟੀ ਹੈ—ਉਹ “ਘਾਹ ਜਿੰਨੀ ਹੈ।” ਪਰ ਦਾਊਦ ਕਦਰ ਨਾਲ ਗੌਰ ਕਰਦਾ ਹੈ: “ਯਹੋਵਾਹ ਦੀ ਦਯਾ ਆਦ ਤੋਂ ਅੰਤ ਤੀਕ ਆਪਣੇ ਡਰਨ ਵਾਲਿਆਂ ਦੇ ਉੱਤੇ ਹੈ, ਅਤੇ ਉਹ ਦਾ ਧਰਮ ਪੁੱਤ੍ਰਾਂ ਪੋਤ੍ਰਿਆਂ ਤੀਕ, ਅਰਥਾਤ ਉਨ੍ਹਾਂ ਲਈ ਜਿਹੜੇ ਉਹ ਦੇ ਨੇਮ ਨੂੰ ਮੰਨਦੇ, ਤੇ ਉਹ ਦੇ ਫ਼ਰਮਾਨਾਂ ਨੂੰ ਚੇਤੇ ਰੱਖਦੇ ਤੇ ਪੂਰੇ ਕਰਦੇ ਹਨ।” (ਉਤਪਤ 21:33; ਜ਼ਬੂਰ 103:15-18) ਯਹੋਵਾਹ ਉਨ੍ਹਾਂ ਨੂੰ ਨਹੀਂ ਭੁੱਲਦਾ ਜੋ ਉਸ ਦਾ ਭੈ ਰੱਖਦੇ ਹਨ। ਸਹੀ ਸਮੇਂ ਤੇ, ਉਹ ਉਨ੍ਹਾਂ ਨੂੰ ਸਦੀਪਕ ਜੀਵਨ ਬਖ਼ਸ਼ੇਗਾ।—ਯੂਹੰਨਾ 3:16; 17:3.
ਯਹੋਵਾਹ ਦੀ ਪਾਤਸ਼ਾਹੀ ਲਈ ਕਦਰ ਦਿਖਾਉਂਦੇ ਹੋਏ, ਦਾਊਦ ਕਹਿੰਦਾ ਹੈ: “ਯਹੋਵਾਹ ਨੇ ਆਪਣੀ ਰਾਜ ਗੱਦੀ ਸੁਰਗ ਵਿੱਚ ਕਾਇਮ ਕੀਤੀ ਹੈ, ਅਤੇ ਉਹ ਦੀ ਪਾਤਸ਼ਾਹੀ ਦਾ ਹੁਕਮ ਸਭਨਾਂ ਉੱਤੇ ਹੈ।” (ਜ਼ਬੂਰ 103:19) ਭਾਵੇਂ ਕਿ ਕੁਝ ਸਮੇਂ ਲਈ ਯਹੋਵਾਹ ਦੀ ਪਾਤਸ਼ਾਹੀ ਇਸਰਾਏਲ ਦੇ ਰਾਜ ਰਾਹੀਂ ਧਰਤੀ ਉੱਤੇ ਪ੍ਰਗਟ ਕੀਤੀ ਗਈ ਸੀ, ਅਸਲ ਵਿਚ ਉਸ ਦੀ ਰਾਜ-ਗੱਦੀ ਸਵਰਗ ਵਿਚ ਹੈ। ਸ੍ਰਿਸ਼ਟੀਕਰਤਾ ਹੋਣ ਦੇ ਨਾਤੇ, ਯਹੋਵਾਹ ਵਿਸ਼ਵ ਦਾ ਸਰਬਸ਼ਕਤੀਮਾਨ ਰਾਜਾ ਹੈ ਅਤੇ ਉਹ ਸਵਰਗ ਵਿਚ ਅਤੇ ਧਰਤੀ ਉੱਤੇ ਆਪਣੇ ਮਕਸਦਾਂ ਅਨੁਸਾਰ ਆਪਣੀ ਈਸ਼ਵਰੀ ਇੱਛਾ ਪੂਰੀ ਕਰਦਾ ਹੈ।
ਦਾਊਦ ਸਵਰਗੀ ਦੂਤਾਂ ਨੂੰ ਵੀ ਉਪਦੇਸ਼ ਦਿੰਦਾ ਹੈ। ਉਹ ਗਾ ਕੇ ਕਹਿੰਦਾ ਹੈ: “ਹੇ ਉਹ ਦੇ ਦੂਤੋ, ਯਹੋਵਾਹ ਨੂੰ ਮੁਬਾਰਕ ਆਖੋ, ਤੁਸੀਂ ਜਿਹੜੇ ਸ਼ਕਤੀ ਵਿੱਚ ਬਲਵਾਨ ਹੋ, ਅਤੇ ਉਹ ਦਾ ਸ਼ਬਦ ਸੁਣ ਕੇ ਉਹ ਨੂੰ ਪੂਰਿਆਂ ਕਰਦੇ ਹੋ! ਹੇ ਉਹ ਦੀਓ ਸਾਰੀਓ ਸੈਨਾਵੋ, ਯਹੋਵਾਹ ਨੂੰ ਮੁਬਾਰਕ ਆਖੋ, ਤੁਸੀਂ ਜਿਹੜੇ ਉਹ ਦੇ ਸੇਵਕ ਹੋ ਤੇ ਉਹ ਦੀ ਮਰਜ਼ੀ ਨੂੰ ਪੂਰਿਆਂ ਕਰਦੇ ਹੋ! ਹੇ ਉਹ ਦੇ ਕਾਰਜੋ, ਉਹ ਦੀ ਪਾਤਸ਼ਾਹੀ ਦਿਆਂ ਸਾਰਿਆਂ ਥਾਂਵਾਂ ਵਿੱਚ, ਯਹੋਵਾਹ ਨੂੰ ਮੁਬਾਰਕ ਆਖੋ! ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ!” (ਜ਼ਬੂਰ 103:20-22) ਕੀ ਯਹੋਵਾਹ ਦੀ ਕਿਰਪਾ ਦਿਆਂ ਕੰਮਾਂ ਉੱਤੇ ਗੌਰ ਕਰਨ ਨਾਲ ਸਾਨੂੰ ਪ੍ਰੇਰਿਤ ਨਹੀਂ ਹੋਣਾ ਚਾਹੀਦਾ ਕਿ ਅਸੀਂ ਵੀ ਉਸ ਨੂੰ ਮੁਬਾਰਕ ਆਖੀਏ? ਬਿਲਕੁਲ! ਅਤੇ ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਪਰਮੇਸ਼ੁਰ ਦੀ ਉਸਤਤ ਵਿਚ ਸਾਡੀ ਆਵਾਜ਼ ਉਨ੍ਹਾਂ ਉਸਤਤ ਕਰਨ ਵਾਲੀਆਂ ਬਾਕੀ ਆਵਾਜ਼ਾਂ ਵਿਚ ਵੀ ਸੁਣੀ ਜਾਵੇਗੀ, ਜਿਨ੍ਹਾਂ ਵਿਚ ਧਰਮੀ ਦੂਤਾਂ ਦੀਆਂ ਆਵਾਜ਼ਾਂ ਵੀ ਸ਼ਾਮਲ ਹਨ। ਉਮੀਦ ਹੈ ਕਿ ਅਸੀਂ ਆਪਣੇ ਸਵਰਗੀ ਪਿਤਾ ਦੀ ਉਸਤਤ ਦਿਲੋਂ ਕਰਾਂਗਾ, ਅਤੇ ਹਮੇਸ਼ਾ ਉਸ ਬਾਰੇ ਚੰਗਾ ਬੋਲਾਂਗੇ। ਸੱਚ-ਮੁੱਚ ਹੀ, ਆਓ ਆਪਾਂ ਦਾਊਦ ਦਿਆਂ ਸ਼ਬਦਾਂ ਨੂੰ ਆਪਣੇ ਦਿਲਾਂ ਵਿਚ ਬਿਠਾਈਏ, “ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ।”
[ਫੁਟਨੋਟ]
a ਕੁਝ ਨਾਂ ਬਦਲੇ ਗਏ ਹਨ।
[ਸਫ਼ੇ 23 ਉੱਤੇ ਤਸਵੀਰ]
ਦਾਊਦ ਨੇ ਯਹੋਵਾਹ ਦੀ ਕਿਰਪਾ ਦਿਆਂ ਕੰਮਾਂ ਉਤੇ ਮਨਨ ਕੀਤਾ। ਕੀ ਤੁਸੀਂ ਵੀ ਕਰਦੇ ਹੋ?