ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
© 2022 Christian Congregation of Jehovah’s Witnesses
2-8 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਰਾਜਿਆਂ 22-23
“ਸਾਨੂੰ ਨਿਮਰ ਕਿਉਂ ਬਣਨਾ ਚਾਹੀਦਾ ਹੈ?”
ਨਿਮਰ ਯੋਸੀਯਾਹ ਉੱਤੇ ਯਹੋਵਾਹ ਦੀ ਕਿਰਪਾ ਸੀ
ਹੈਕਲ ਦੀ ਮੁਰੰਮਤ ਕਰਨ ਵਾਲੇ ਕਾਮੇ ਸਵੇਰ ਤੋਂ ਲੈ ਕੇ ਸ਼ਾਮ ਤਕ ਮਿਹਨਤ ਕਰਦੇ ਰਹਿੰਦੇ ਸਨ। ਯੋਸੀਯਾਹ ਨੇ ਯਹੋਵਾਹ ਦਾ ਧੰਨਵਾਦ ਜ਼ਰੂਰ ਕੀਤਾ ਹੋਣਾ ਸੀ ਕਿ ਕਾਮੇ ਪਰਮੇਸ਼ੁਰ ਦੇ ਭਵਨ ਨੂੰ ਹੁਣ ਬਣਾ-ਸੁਆਰ ਰਹੇ ਸਨ। ਉਸ ਦੇ ਦੁਸ਼ਟ ਦਾਦਿਆਂ-ਪੜਦਾਦਿਆਂ ਨੇ ਇਸ ਦੀ ਕੋਈ ਕਦਰ ਨਹੀਂ ਸੀ ਕੀਤਾ। ਜਿਉਂ-ਜਿਉਂ ਕੰਮ ਅੱਗੇ ਵਧਦਾ ਗਿਆ ਸ਼ਾਫਾਨ ਆਪਣੇ ਹੱਥ ਵਿਚ ਇਕ ਚੀਜ਼ ਲੈ ਕੇ ਉਸ ਨੂੰ ਕੰਮ ਬਾਰੇ ਰਿਪੋਰਟ ਦੇਣ ਆਇਆ। ਉਸ ਦੇ ਹੱਥ ਵਿਚ ਇਕ ਪੋਥੀ ਸੀ! ਉਸ ਨੇ ਸਮਝਾਇਆ ਕਿ ਪ੍ਰਧਾਨ ਜਾਜਕ ਹਿਲਕੀਯਾਹ ਨੂੰ “ਯਹੋਵਾਹ ਦੀ ਬਿਵਸਥਾ ਦੀ ਪੋਥੀ ਜਿਹੜੀ ਮੂਸਾ ਦੇ ਰਾਹੀਂ ਦਿੱਤੀ ਗਈ ਸੀ ਲੱਭੀ।” (2 ਇਤਹਾਸ 34:12-18) ਇਹ ਕਿੰਨੀ ਵੱਡੀ ਲੱਭਤ ਸੀ! ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਬਿਵਸਥਾ ਦੀ ਅਸਲੀ ਕਾਪੀ ਸੀ।
ਯੋਸੀਯਾਹ ਇਸ ਪੋਥੀ ਦੇ ਹਰੇਕ ਸ਼ਬਦ ਨੂੰ ਸੁਣਨ ਲਈ ਬੜਾ ਉਤਾਵਲਾ ਸੀ। ਜਿਉਂ-ਜਿਉਂ ਸ਼ਾਫਾਨ ਨੇ ਇਸ ਨੂੰ ਪੜ੍ਹਨਾ ਸ਼ੁਰੂ ਕੀਤਾ, ਰਾਜੇ ਨੇ ਇਹ ਦੇਖਣ ਦੀ ਕੋਸ਼ਿਸ਼ ਕੀਤੀ ਕਿ ਇਸ ਵਿਚ ਪਾਏ ਗਏ ਹੁਕਮ ਉਸ ਉੱਤੇ ਅਤੇ ਲੋਕਾਂ ਉੱਤੇ ਕਿਸ ਤਰ੍ਹਾਂ ਲਾਗੂ ਹੁੰਦੇ ਸਨ। ਉਹ ਖ਼ਾਸ ਕਰਕੇ ਇਸ ਗੱਲ ਤੋਂ ਪ੍ਰਭਾਵਿਤ ਹੋਇਆ ਕਿ ਇਸ ਪੋਥੀ ਨੇ ਸੱਚੀ ਉਪਾਸਨਾ ਉੱਤੇ ਕਿੰਨਾ ਜ਼ੋਰ ਦਿੱਤਾ ਸੀ। ਪੋਥੀ ਵਿਚ ਲਿਖਿਆ ਗਿਆ ਸੀ ਕਿ ਜੇ ਲੋਕ ਝੂਠੀ ਪੂਜਾ ਕਰਨਗੇ ਤਾਂ ਉਨ੍ਹਾਂ ਉੱਤੇ ਮਰੀਆਂ ਆਉਣਗੀਆਂ ਅਤੇ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕੱਢਿਆ ਜਾਵੇਗਾ। ਯੋਸੀਯਾਹ ਨੂੰ ਪਤਾ ਲੱਗਾ ਕਿ ਪਰਮੇਸ਼ੁਰ ਦੇ ਸਾਰਿਆਂ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ। ਇਸ ਲਈ ਉਸ ਨੇ ਆਪਣੇ ਬਸਤਰ ਪਾੜ ਦਿੱਤੇ ਅਤੇ ਹਿਲਕੀਯਾਹ, ਸ਼ਾਫਾਨ, ਅਤੇ ਦੂਸਰਿਆਂ ਨੂੰ ਇਹ ਹੁਕਮ ਦਿੱਤਾ ਕਿ ‘ਇਸ ਪੋਥੀ ਦੀਆਂ ਗੱਲਾਂ ਵਿਖੇ ਯਹੋਵਾਹ ਤੋਂ ਪੁੱਛ ਗਿੱਛ ਕਰੋ ਕਿਉਂ ਜੋ ਯਹੋਵਾਹ ਦਾ ਵੱਡਾ ਕ੍ਰੋਧ ਸਾਡੇ ਉੱਤੇ ਇਸੇ ਲਈ ਭੜਕਿਆ ਹੈ ਕਿ ਸਾਡੇ ਪਿਉ ਦਾਦਿਆਂ ਨੇ ਇਸ ਪੋਥੀ ਦੀਆਂ ਗੱਲਾਂ ਨੂੰ ਨਾ ਸੁਣਿਆ।’—2 ਰਾਜਿਆਂ 22:11-13; 2 ਇਤਹਾਸ 34:19-21.
ਨਿਮਰ ਯੋਸੀਯਾਹ ਉੱਤੇ ਯਹੋਵਾਹ ਦੀ ਕਿਰਪਾ ਸੀ
ਯੋਸੀਯਾਹ ਨੇ ਯਰੂਸ਼ਲਮ ਵਿਚ ਹੁਲਦਾਹ ਨਬੀਆ ਕੋਲ ਆਪਣੇ ਬੰਦੇ ਭੇਜੇ ਅਤੇ ਉਹ ਇਕ ਰਿਪੋਰਟ ਲੈ ਕੇ ਵਾਪਸ ਮੁੜੇ। ਹੁਲਦਾਹ ਨੇ ਦੱਸਿਆ ਕਿ ਲੱਭੀ ਗਈ ਪੋਥੀ ਵਿਚ ਜਿਸ ਤਬਾਹੀ ਬਾਰੇ ਲਿਖਿਆ ਸੀ ਉਹ ਇਸ ਧਰਮ-ਤਿਆਗੀ ਕੌਮ ਉੱਤੇ ਜ਼ਰੂਰ ਆਵੇਗੀ। ਪਰ, ਕਿਉਂ ਜੋ ਰਾਜਾ ਯੋਸੀਯਾਹ ਯਹੋਵਾਹ ਦੇ ਅੱਗੇ ਨੀਵਾਂ ਹੋਇਆ ਸੀ ਉਸ ਨੂੰ ਇਸ ਤਬਾਹੀ ਦਾ ਸਾਮ੍ਹਣਾ ਨਹੀਂ ਕਰਨਾ ਪੈਣਾ ਸੀ। ਉਸ ਨੂੰ ਉਸ ਦੇ ਪਿਉ ਦਾਦਿਆਂ ਨਾਲ ਰਲਾਇਆ ਜਾਣਾ ਸੀ ਅਤੇ ਸ਼ਾਂਤੀ ਨਾਲ ਕਬਰ ਵਿੱਚ ਰੱਖਿਆ ਜਾਣਾ ਸੀ।—2 ਰਾਜਿਆਂ 22:14-20; 2 ਇਤਹਾਸ 34:22-28.
ਹੀਰੇ-ਮੋਤੀ
ਤੁਸੀਂ ਭੈੜੀ ਪਰਵਰਿਸ਼ ਦੇ ਬਾਵਜੂਦ ਆਪਣੀ ਜ਼ਿੰਦਗੀ ਕਾਮਯਾਬ ਬਣਾ ਸਕਦੇ ਹੋ
ਯੋਸੀਯਾਹ ਦੇ ਬਚਪਨ ਦੀਆਂ ਭੈੜੀਆਂ ਹਾਲਤਾਂ ਦੇ ਬਾਵਜੂਦ ਉਸ ਨੇ ਉਹ ਕੀਤਾ ਜੋ ਯਹੋਵਾਹ ਦੀ ਨਜ਼ਰ ਵਿਚ ਚੰਗਾ ਸੀ। ਉਸ ਦਾ ਰਾਜ ਇੰਨਾ ਸਫ਼ਲ ਹੋਇਆ ਕਿ ਉਸ ਬਾਰੇ ਬਾਈਬਲ ਕਹਿੰਦੀ ਹੈ: “ਉਸ ਤੋਂ ਪਹਿਲਾਂ ਕੋਈ ਪਾਤਸ਼ਾਹ ਉਹ ਦੇ ਵਰਗਾ ਨਹੀਂ ਹੋਇਆ ਜੋ ਆਪਣੇ ਸਾਰੇ ਮਨ ਅਰ ਆਪਣੀ ਜਾਨ ਅਰ ਆਪਣੀ ਸਾਰੀ ਸ਼ਕਤੀ ਨਾਲ ਮੂਸਾ ਦੀ ਸਾਰੀ ਬਿਵਸਥਾ ਅਨੁਸਾਰ ਯਹੋਵਾਹ ਦੀ ਵੱਲ ਫਿਰਿਆ ਹੋਵੇ ਅਰ ਨਾ ਉਹ ਦੇ ਮਗਰੋਂ ਕੋਈ ਉਹ ਦੇ ਵਰਗਾ ਉੱਠਿਆ।”—2 ਰਾਜਿਆਂ 23:19-25.
ਯੋਸੀਯਾਹ ਦੀ ਇਹ ਉਦਾਹਰਣ ਉਨ੍ਹਾਂ ਲੋਕਾਂ ਲਈ ਕਿੰਨੀ ਚੰਗੀ ਹੈ ਜਿਨ੍ਹਾਂ ਦਾ ਬਚਪਨ ਬਹੁਤ ਹੀ ਭੈੜਾ ਰਿਹਾ ਹੈ! ਅਸੀਂ ਉਸ ਦੀ ਉਦਾਹਰਣ ਤੋਂ ਕੀ ਸਿੱਖ ਸਕਦੇ ਹਾਂ? ਸਹੀ ਰਾਹ ਉੱਤੇ ਚੱਲਦੇ ਰਹਿਣ ਵਿਚ ਕਿਸ ਚੀਜ਼ ਨੇ ਯੋਸੀਯਾਹ ਦੀ ਮਦਦ ਕੀਤੀ ਸੀ?
9-15 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਰਾਜਿਆਂ 24-25
“ਹਮੇਸ਼ਾ ਯਾਦ ਰੱਖੋ ਕਿ ਸਮਾਂ ਬਹੁਤ ਘੱਟ ਰਹਿ ਗਿਆ ਹੈ”
ਯਹੋਵਾਹ ਦਾ ਨਿਆਂ ਦਾ ਦਿਨ ਨੇੜੇ ਹੈ!
2 ਸਫ਼ਨਯਾਹ ਦੀ ਭਵਿੱਖਬਾਣੀ ਨੇ ਨੌਜਵਾਨ ਯੋਸੀਯਾਹ ਨੂੰ ਯਹੂਦਾਹ ਵਿਚ ਕੀਤੀ ਜਾ ਰਹੀ ਝੂਠੀ ਪੂਜਾ ਨੂੰ ਬੰਦ ਕਰਵਾਉਣ ਲਈ ਉਤਸ਼ਾਹਿਤ ਕੀਤਾ ਹੋਵੇਗਾ। ਪਰ ਰਾਜੇ ਨੇ ਭਾਵੇਂ ਦੇਸ਼ ਵਿੱਚੋਂ ਝੂਠੀ ਪੂਜਾ ਬੰਦ ਕਰਵਾ ਦਿੱਤੀ ਸੀ, ਉਹ ਲੋਕਾਂ ਵਿੱਚੋਂ ਬੁਰਾਈ ਨੂੰ ਪੂਰੀ ਤਰ੍ਹਾਂ ਖ਼ਤਮ ਨਾ ਕਰ ਸਕਿਆ ਅਤੇ ਨਾ ਹੀ ਉਹ ਆਪਣੇ ਦਾਦੇ, ਰਾਜਾ ਮਨੱਸ਼ਹ ਦੇ ਪਾਪਾਂ ਦਾ ਪ੍ਰਾਸ਼ਚਿਤ ਕਰ ਸਕਿਆ ਜਿਸ ਨੇ “ਬੇਦੋਸ਼ਿਆਂ ਦੇ ਲਹੂ ਨਾਲ ਯਰੂਸ਼ਲਮ ਨੂੰ ਭਰ” ਦਿੱਤਾ ਸੀ। (2 ਰਾਜਿਆਂ 24:3, 4; 2 ਇਤਹਾਸ 34:3) ਇਸ ਲਈ, ਉਸ ਸਮੇਂ ਯਹੋਵਾਹ ਦਾ ਨਿਆਂ ਦਾ ਦਿਨ ਆਉਣਾ ਹੀ ਸੀ।
ਯਿਰਮਿਯਾਹ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
ਸਾਲ 607 ਈ. ਪੂ. ਸੀ ਤੇ ਸਿਦਕੀਯਾਹ ਆਪਣੀ ਪਾਤਸ਼ਾਹੀ ਦੇ 11ਵੇਂ ਸਾਲ ਵਿਚ ਸੀ। ਬਾਬਲ ਦੇ ਪਾਤਸ਼ਾਹ ਨਬੂਕਦਨੱਸਰ ਨੇ ਯਰੂਸ਼ਲਮ ਨੂੰ ਪਿੱਛਲੇ 18 ਮਹੀਨਿਆਂ ਤੋਂ ਘੇਰਾ ਪਾਇਆ ਹੋਇਆ ਸੀ। ਨਬੂਕਦਨੱਸਰ ਦੀ ਪਾਤਸ਼ਾਹੀ ਦੇ 19ਵੇਂ ਵਰ੍ਹੇ ਦੇ ਪੰਜਵੇਂ ਮਹੀਨੇ ਦੇ ਸੱਤਵੇਂ ਦਿਨ ਬਾਬਲ ਦੇ ਪਾਤਸ਼ਾਹ ਦਾ ਸੈਨਾਪਤੀ ਨਬੂਜ਼ਰਦਾਨ ਯਰੂਸ਼ਲਮ ਪਹੁੰਚਿਆ। (2 ਰਾਜਿਆਂ 25:8) ਸ਼ਾਇਦ ਨਬੂਜ਼ਰਦਾਨ ਨੇ ਸ਼ਹਿਰ ਦੀਆਂ ਦੀਵਾਰਾਂ ਦੇ ਬਾਹਰ ਆਪਣੇ ਕੈਂਪ ਤੋਂ ਸਥਿਤੀ ਦਾ ਜਾਇਜ਼ਾ ਲੈ ਕੇ ਹਮਲੇ ਦੀ ਤਿਆਰ ਕੀਤੀ ਹੋਣੀ। ਤਿੰਨ ਦਿਨਾਂ ਬਾਅਦ, ਮਹੀਨੇ ਦੀ ਦਸਵੀਂ ਤਾਰੀਖ਼ ਨੂੰ ਉਹ ਯਰੂਸ਼ਲਮ “ਵਿੱਚ ਆਇਆ।” ਫਿਰ ਉਸ ਨੇ ਯਰੂਸ਼ਲਮ ਨੂੰ ਅੱਗ ਨਾਲ ਫੂਕ ਦਿੱਤਾ।—ਯਿਰਮਿਯਾਹ 52:12, 13.
ਹੀਰੇ-ਮੋਤੀ
ਰਾਜਿਆਂ ਦੀ ਦੂਜੀ ਪੋਥੀ ਦੇ ਕੁਝ ਖ਼ਾਸ ਨੁਕਤੇ
24:3, 4. ਮਨੱਸ਼ਹ ਦੁਆਰਾ ਲਹੂ ਵਹਾਉਣ ਦੇ ਕਾਰਨ ਯਹੋਵਾਹ ਯਹੂਦਾਹ ਨੂੰ “ਖਿਮਾ ਕਰਨਾ ਨਹੀਂ ਸੀ ਚਾਹੁੰਦਾ।” ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਲਹੂ ਕੀਮਤੀ ਹੈ। ਅਸੀਂ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਬੇਦੋਸ਼ਿਆਂ ਦਾ ਕਤਲ ਕਰਨ ਵਾਲਿਆਂ ਨੂੰ ਨਾਸ਼ ਕਰ ਦੇਵੇਗਾ।—ਜ਼ਬੂਰਾਂ ਦੀ ਪੋਥੀ 37:9-11; 145:20.
16-22 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਇਤਿਹਾਸ 1-3
“ਬਾਈਬਲ ਵਿਚ ਕਥਾ-ਕਹਾਣੀਆਂ ਨਹੀਂ, ਸਗੋਂ ਸੱਚੀਆਂ ਘਟਨਾਵਾਂ ਦਰਜ ਹਨ”
w09 9/1 14 ਪੈਰਾ 1
ਆਦਮ ਤੇ ਹੱਵਾਹ—ਕੀ ਇਹ ਅਸਲੀ ਇਨਸਾਨ ਸਨ?
ਜੇ ਅਸੀਂ ਬਾਈਬਲ ਵਿੱਚੋਂ ਪਹਿਲਾ ਇਤਿਹਾਸ ਦੇ ਅਧਿਆਇ 1 ਤੋਂ 9 ਅਤੇ ਲੂਕਾ ਦਾ ਅਧਿਆਇ 3 ਪੜ੍ਹੀਏ, ਤਾਂ ਅਸੀਂ ਉੱਥੇ ਦੋ ਵੰਸ਼ਾਵਲੀਆਂ ਦੇਖ ਸਕਾਂਗੇ। ਪਹਿਲੀ ਵੰਸ਼ਾਵਲੀ ਵਿਚ 48 ਪੀੜ੍ਹੀਆਂ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਦੂਜੀ ਵਿਚ 75 ਦਾ। ਲੂਕਾ ਨੇ ਯਿਸੂ ਮਸੀਹ ਦੀ ਵੰਸ਼ਾਵਲੀ ਦਰਜ ਕੀਤੀ ਜਦ ਕਿ ਪਹਿਲਾ ਇਤਿਹਾਸ ਦੀ ਕਿਤਾਬ ਵਿਚ ਇਜ਼ਰਾਈਲ ਕੌਮ ਦੇ ਸ਼ਾਹੀ ਖ਼ਾਨਦਾਨ ਅਤੇ ਪੁਜਾਰੀਆਂ ਦੇ ਖ਼ਾਨਦਾਨ ਦੀ ਵੰਸ਼ਾਵਲੀ ਦਰਜ ਕੀਤੀ ਗਈ ਹੈ। ਇਨ੍ਹਾਂ ਦੋਵਾਂ ਵੰਸ਼ਾਵਲੀਆਂ ਵਿਚ ਕੁਝ ਮੰਨੇ-ਪ੍ਰਮੰਨੇ ਲੋਕਾਂ ਦੇ ਨਾਂ ਲਿਖੇ ਗਏ ਹਨ, ਜਿਵੇਂ ਦਾਊਦ, ਯਾਕੂਬ, ਇਸਹਾਕ, ਅਬਰਾਹਾਮ, ਨੂਹ ਅਤੇ ਅਖ਼ੀਰ ਵਿਚ ਆਦਮ। ਇਹ ਸਾਰੇ ਨਾਂ ਅਸਲੀ ਲੋਕਾਂ ਦੇ ਹਨ ਅਤੇ ਇਨ੍ਹਾਂ ਅਸਲੀ ਲੋਕਾਂ ਵਿੱਚੋਂ ਆਦਮ ਦਾ ਨਾਂ ਸਭ ਤੋਂ ਪਹਿਲਾ ਹੈ।
ਨੂਹ ਅਤੇ ਜਲ-ਪਰਲੋ—ਹਕੀਕਤ, ਨਾ ਕਿ ਮਨ-ਘੜਤ ਕਹਾਣੀ
ਬਾਈਬਲ ਵਿਚ ਦਿੱਤੀਆਂ ਦੋ ਬੰਸਾਵਲੀਆਂ ਤੋਂ ਸਬੂਤ ਮਿਲਦਾ ਹੈ ਕਿ ਨੂਹ ਸੱਚ-ਮੁੱਚ ਹੁੰਦਾ ਸੀ। (1 ਇਤਹਾਸ 1:4; ਲੂਕਾ 3:36) ਅਜ਼ਰਾ ਅਤੇ ਲੂਕਾ ਨਾਂ ਦੇ ਭਗਤਾਂ ਨੇ ਇਹ ਬੰਸਾਵਲੀਆਂ ਤਿਆਰ ਕੀਤੀਆਂ ਸਨ ਅਤੇ ਉਹ ਦੋਨੋਂ ਮਾਹਰ ਖੋਜਕਾਰ ਸਨ। ਲੂਕਾ ਦੁਆਰਾ ਤਿਆਰ ਕੀਤੀ ਯਿਸੂ ਮਸੀਹ ਦੀ ਬੰਸਾਵਲੀ ਵਿਚ ਨੂਹ ਦਾ ਜ਼ਿਕਰ ਆਉਂਦਾ ਹੈ।
w09 9/1 14-15
ਆਦਮ ਤੇ ਹੱਵਾਹ—ਕੀ ਇਹ ਅਸਲੀ ਇਨਸਾਨ ਸਨ?
ਮਿਸਾਲ ਲਈ, ਬਾਈਬਲ ਦੀ ਇਕ ਅਹਿਮ ਸਿੱਖਿਆ ʼਤੇ ਗੌਰ ਕਰੋ ਜੋ ਕਈ ਚਰਚਾਂ ਵਿਚ ਸਿਖਾਈ ਜਾਂਦੀ ਹੈ। ਉਹ ਹੈ, ਰਿਹਾਈ ਦੀ ਕੀਮਤ ਦੀ ਸਿੱਖਿਆ। ਇਸ ਸਿੱਖਿਆ ਅਨੁਸਾਰ ਲੋਕਾਂ ਨੂੰ ਪਾਪ ਤੋਂ ਛੁਡਾਉਣ ਲਈ ਯਿਸੂ ਨੇ ਆਪਣਾ ਮੁਕੰਮਲ ਜਾਨ ਰਿਹਾਈ ਦੀ ਕੀਮਤ ਦੇ ਤੌਰ ʼਤੇ ਦਿੱਤਾ। (ਮੱਤੀ 20:28; ਯੂਹੰਨਾ 3:16) “ਰਿਹਾਈ ਦੀ ਕੀਮਤ” ਦਾ ਕੀ ਮਤਲਬ ਹੈ? ਰਿਹਾਈ ਦੀ ਕੀਮਤ ਉਹ ਕੀਮਤ ਹੁੰਦੀ ਹੈ ਜੋ ਕਿਸੇ ਵਿਅਕਤੀ ਨੂੰ ਛੁਡਾਉਣ ਜਾਂ ਕੋਈ ਚੀਜ਼ ਵਾਪਸ ਲੈਣ ਲਈ ਦਿੱਤੀ ਜਾਂਦੀ ਹੈ। ਇਹ ਕੀਮਤ ਉਸ ਵਿਅਕਤੀ ਜਾਂ ਚੀਜ਼ ਦੀ ਕੀਮਤ ਦੇ ਬਰਾਬਰ ਹੁੰਦੀ ਹੈ। ਇਸ ਲਈ ਬਾਈਬਲ ਵਿਚ ਕਿਹਾ ਗਿਆ ਹੈ ਕਿ ਯਿਸੂ ਨੇ “ਰਿਹਾਈ ਦੀ ਬਰਾਬਰ ਕੀਮਤ” ਦੇਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। (1 ਤਿਮੋਥਿਉਸ 2:6) ਪਰ ਸ਼ਾਇਦ ਅਸੀਂ ਸੋਚੀਏ, ਯਿਸੂ ਦੀ ਜਾਨ ਕਿਸ ਦੀ ਜਾਨ ਦੇ ਬਰਾਬਰ ਸੀ? ਬਾਈਬਲ ਵਿਚ ਇਸ ਦਾ ਜਵਾਬ ਦਿੱਤਾ ਗਿਆ ਹੈ: “ਠੀਕ ਜਿਵੇਂ ਆਦਮ ਕਰਕੇ ਸਾਰੇ ਮਰਦੇ ਹਨ, ਉਸੇ ਤਰ੍ਹਾਂ ਮਸੀਹ ਕਰਕੇ ਸਾਰਿਆਂ ਨੂੰ ਜੀਉਂਦਾ ਕੀਤਾ ਜਾਵੇਗਾ।” (1 ਕੁਰਿੰਥੀਆਂ 15:22) ਜੀ ਹਾਂ, ਯਿਸੂ ਨੇ ਜੋ ਆਪਣੀ ਮੁਕੰਮਲ ਜਾਨ ਦਿੱਤੀ ਹੈ, ਉਹ ਉਸ ਜਾਨ ਦੇ ਬਰਾਬਰ ਹੈ ਜੋ ਆਦਮ ਨੇ ਗੁਆ ਲਈ ਸੀ। (ਰੋਮੀਆਂ 5:12) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜੇ ਆਦਮ ਹੋਂਦ ਵਿਚ ਨਾ ਹੁੰਦਾ, ਤਾਂ ਮਸੀਹ ਦੀ ਕੁਰਬਾਨੀ ਕੋਈ ਮਾਅਨੇ ਨਹੀਂ ਰੱਖਦੀ।
ਹੀਰੇ-ਮੋਤੀ
it-1 911 ਪੈਰੇ 3-4
ਔਰਤਾਂ ਦੇ ਨਾਂ। ਕੁਝ ਵੰਸ਼ਾਵਲੀਆਂ ਵਿਚ ਔਰਤਾਂ ਦੇ ਨਾਂ ਇਸ ਲਈ ਦਰਜ ਹਨ ਕਿਉਂਕਿ ਇਤਿਹਾਸ ਦੇ ਹਿਸਾਬ ਨਾਲ ਦੇਖਿਆ ਜਾਵੇ, ਤਾਂ ਇੱਦਾਂ ਕਰਨਾ ਜ਼ਰੂਰੀ ਸੀ। ਉਤਪਤ 11:29, 30 ਵਿਚ ਜ਼ਾਹਰ ਹੈ ਕਿ ਸਾਰਈ (ਸਾਰਾਹ) ਦਾ ਜ਼ਿਕਰ ਇਸ ਲਈ ਕੀਤਾ ਗਿਆ ਹੈ ਕਿਉਂਕਿ ਵਾਅਦਾ ਕੀਤੀ ਹੋਈ ਸੰਤਾਨ ਉਸ ਤੋਂ ਹੀ ਆਉਣੀ ਸੀ, ਨਾ ਕਿ ਅਬਰਾਹਾਮ ਦੀ ਦੂਜੀ ਪਤਨੀ ਤੋਂ। ਇਨ੍ਹਾਂ ਆਇਤਾਂ ਵਿਚ ਮਿਲਕਾਹ ਦਾ ਵੀ ਜ਼ਿਕਰ ਹੈ ਕਿਉਂਕਿ ਉਹ ਇਸਹਾਕ ਦੀ ਪਤਨੀ ਰਿਬਕਾਹ ਦੀ ਦਾਦੀ ਸੀ। ਇਸ ਤੋਂ ਸਾਬਤ ਹੁੰਦਾ ਹੈ ਕਿ ਰਿਬਕਾਹ ਅਬਰਾਹਾਮ ਦੀ ਰਿਸ਼ਤੇਦਾਰ ਸੀ। ਇਹ ਜਾਣਕਾਰੀ ਜ਼ਰੂਰੀ ਸੀ ਕਿਉਂਕਿ ਇਸਹਾਕ ਨੇ ਦੂਜੀਆਂ ਕੌਮਾਂ ਦੀਆਂ ਕੁੜੀਆਂ ਨਾਲ ਵਿਆਹ ਨਹੀਂ ਕਰਾਉਣਾ ਸੀ। (ਉਤਪਤ 22:20-23; 24:2-4) ਉਤਪਤ 25:1 ਵਿਚ ਅਬਰਾਹਾਮ ਦੀ ਦੂਜੀ ਪਤਨੀ ਦਾ ਨਾਂ ਕਟੂਰਾਹ ਦੱਸਿਆ ਗਿਆ ਹੈ। ਇਸ ਤੋਂ ਦੋ ਗੱਲਾਂ ਪਤਾ ਲੱਗਦੀਆਂ ਹਨ। ਪਹਿਲੀ, ਸਾਰਾਹ ਦੀ ਮੌਤ ਤੋਂ ਬਾਅਦ ਅਬਰਾਹਾਮ ਨੇ ਫਿਰ ਤੋਂ ਵਿਆਹ ਕਰਾ ਲਿਆ ਸੀ। ਦੂਜੀ, ਜਦੋਂ ਯਹੋਵਾਹ ਨੇ ਅਬਰਾਹਾਮ ਨੂੰ ਦੁਬਾਰਾ ਬੱਚੇ ਪੈਦਾ ਕਰਨ ਦੀ ਸ਼ਕਤੀ ਦਿੱਤੀ ਸੀ, ਤਾਂ ਉਸ ਦੀ ਇਹ ਸ਼ਕਤੀ 40 ਸਾਲ ਬਾਅਦ ਵੀ ਬਣੀ ਰਹੀ। (ਰੋਮੀ 4:19) ਬਾਈਬਲ ਵਿਚ ਦਿੱਤੀ ਜਾਣਕਾਰੀ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਮਿਦਿਆਨੀ ਅਤੇ ਹੋਰ ਅਰਬੀ ਕੌਮਾਂ ਕਟੂਰਾਹ ਤੋਂ ਆਈਆਂ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਸਾਰੀਆਂ ਕੌਮਾਂ ਇਜ਼ਰਾਈਲੀਆਂ ਦੇ ਰਿਸ਼ਤੇਦਾਰ ਸਨ।
ਬਾਈਬਲ ਵਿਚ ਲੇਆਹ, ਰਾਕੇਲ ਅਤੇ ਯਾਕੂਬ ਦੀਆਂ ਰਖੇਲਾਂ ਦੇ ਨਾਂ ਵੀ ਦਰਜ ਹਨ। (ਉਤ 35:21-26) ਇਸ ਜਾਣਕਾਰੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਯਾਕੂਬ ਦੇ ਪੁੱਤਰਾਂ ਨਾਲ ਜਿਸ ਤਰ੍ਹਾਂ ਪੇਸ਼ ਆਇਆ, ਉਸ ਦੇ ਪਿੱਛੇ ਕੀ ਕਾਰਨ ਸੀ। ਕੁਝ ਔਰਤਾਂ ਦੇ ਨਾਂ ਇਸ ਲਈ ਵੀ ਲਿਖੇ ਗਏ ਸਨ ਤਾਂਕਿ ਇਹ ਪੱਕਾ ਕੀਤਾ ਜਾ ਸਕੇ ਕਿ ਉਨ੍ਹਾਂ ਨੂੰ ਜੋ ਵਿਰਾਸਤ ਦਿੱਤੀ ਗਈ ਸੀ, ਉਹ ਉਨ੍ਹਾਂ ਦੇ ਪਰਿਵਾਰ ਵਿਚ ਹੀ ਰਹੇ। (ਗਿਣ 26:33) ਤਾਮਾਰ, ਰਾਹਾਬ ਅਤੇ ਰੂਥ ਦੀ ਗੱਲ ਅਲੱਗ ਸੀ। ਇਹ ਤਿੰਨੇ ਜਣੀਆਂ ਅਨੋਖੇ ਤਰੀਕੇ ਨਾਲ ਯਿਸੂ ਮਸੀਹ ਦੀਆਂ ਪੂਰਵਜ ਬਣੀਆਂ ਸਨ।—ਉਤ 38; ਰੂਥ 1:3-5; 4:13-15; ਮੱਤੀ 1:1-5.
23-29 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਇਤਿਹਾਸ 4-6
“ਮੇਰੀਆਂ ਪ੍ਰਾਰਥਨਾਵਾਂ ਤੋਂ ਮੇਰੇ ਬਾਰੇ ਕੀ ਪਤਾ ਲੱਗਦਾ ਹੈ?”
ਯਅਬੇਸ ਦਿਲੋਂ ਪ੍ਰਾਰਥਨਾ ਕਰਨ ਵਾਲਾ ਸੀ। ਪ੍ਰਾਰਥਨਾ ਦੇ ਸ਼ੁਰੂ ਵਿਚ ਹੀ ਉਸ ਨੇ ਪਹਿਲਾਂ ਪਰਮੇਸ਼ੁਰ ਕੋਲੋਂ ਬਰਕਤ ਮੰਗੀ। ਫਿਰ ਉਸ ਨੇ ਤਿੰਨ ਬੇਨਤੀਆਂ ਕੀਤੀਆਂ ਜਿਨ੍ਹਾਂ ਤੋਂ ਜ਼ਾਹਰ ਹੁੰਦਾ ਹੈ ਕਿ ਉਸ ਦੀ ਨਿਹਚਾ ਕਿੰਨੀ ਮਜ਼ਬੂਤ ਸੀ।
ਪਹਿਲੀ ਬੇਨਤੀ ਵਿਚ ਯਅਬੇਸ ਨੇ ਕਿਹਾ ਕਿ ਪਰਮੇਸ਼ੁਰ ‘ਉਸ ਦੀਆਂ ਹੱਦਾਂ ਨੂੰ ਵਧਾਵੇ।’ (ਆਇਤ 10) ਇਹ ਨੇਕ ਬੰਦਾ ਕਿਸੇ ਦੂਸਰੇ ਦੀ ਜ਼ਮੀਨ ਜਾਂ ਜਾਇਦਾਦ ਹੜੱਪ ਨਹੀਂ ਸੀ ਕਰਨੀ ਚਾਹੁੰਦਾ। ਹੋ ਸਕਦਾ ਹੈ ਕਿ ਇਸ ਬੇਨਤੀ ਵਿਚ ਉਹ ਜ਼ਮੀਨ ਦੀ ਨਹੀਂ, ਸਗੋਂ ਲੋਕਾਂ ਦੀ ਗੱਲ ਕਰ ਰਿਹਾ ਸੀ। ਸ਼ਾਇਦ ਉਹ ਸੋਚਦਾ ਹੋਵੇ ਕਿ ਉਸ ਦੀ ਜ਼ਮੀਨ ਦੀਆਂ ਸਰਹੱਦਾਂ ਵਧਣ ਤਾਂਕਿ ਉਹ ਉੱਥੇ ਰਹਿਣ ਵਾਲੇ ਹੋਰਨਾਂ ਲੋਕਾਂ ਨੂੰ ਸੱਚੇ ਪਰਮੇਸ਼ੁਰ ਬਾਰੇ ਦੱਸੇ ਅਤੇ ਉਹ ਵੀ ਯਹੋਵਾਹ ਦੀ ਭਗਤੀ ਕਰਨ।
ਦੂਸਰੀ ਬੇਨਤੀ ਵਿਚ ਯਅਬੇਸ ਨੇ ਕਿਹਾ ਕਿ ਪਰਮੇਸ਼ੁਰ ਦਾ “ਹੱਥ” ਉਸ ਉੱਤੇ ਰਹੇ। ਹੱਥ ਪਰਮੇਸ਼ੁਰ ਦੀ ਸ਼ਕਤੀ ਨੂੰ ਦਰਸਾਉਂਦਾ ਹੈ ਜੋ ਉਹ ਆਪਣੇ ਭਗਤਾਂ ਦੀ ਮਦਦ ਕਰਨ ਲਈ ਵਰਤਦਾ ਹੈ। (1 ਇਤਹਾਸ 29:12) ਯਅਬੇਸ ਨੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ ਕਿ ਉਹ ਉਸ ਦੇ ਦਿਲ ਦੀਆਂ ਮੁਰਾਦਾਂ ਪੂਰੀਆਂ ਕਰੇ ਕਿਉਂਕਿ ਉਹ ਜਾਣਦਾ ਸੀ ਕਿ ਉਸ ਦਾ ਹੱਥ ਛੋਟਾ ਨਹੀਂ ਤੇ ਉਹ ਆਪਣੇ ਸੇਵਕਾਂ ਦੀ ਮਦਦ ਕਰਨ ਲਈ ਤਿਆਰ ਹੈ।—ਯਸਾਯਾਹ 59:1.
ਤੀਸਰੀ ਬੇਨਤੀ ਵਿਚ ਯਅਬੇਸ ਨੇ ਕਿਹਾ ਕਿ ‘ਮੈਨੂੰ ਬੁਰਿਆਈ ਤੋਂ ਬਚਾ ਤਾਂ ਜੋ ਉਹ ਮੈਨੂੰ ਦੁਖ ਨਾ ਦੇਵੇ।’ ਕੀ ਯਅਬੇਸ ਬੁਰਾਈ ਤੋਂ ਬਚਣ ਲਈ ਪ੍ਰਾਰਥਨਾ ਕਰ ਰਿਹਾ ਸੀ? ਨਹੀਂ, ਉਹ ਚਾਹੁੰਦਾ ਸੀ ਕਿ ਬੁਰਾਈ ਆਉਣ ਵੇਲੇ ਵੀ ਉਹ ਰੱਬ ਦੀ ਭਗਤੀ ਕਰਦਾ ਰਹੇ।
ਯਅਬੇਸ ਦੀ ਪ੍ਰਾਰਥਨਾ ਤੋਂ ਪਤਾ ਲੱਗਦਾ ਹੈ ਕਿ ਉਸ ਲਈ ਰੱਬ ਦੀ ਭਗਤੀ ਕਰਨੀ ਕਿੰਨੀ ਜ਼ਰੂਰੀ ਸੀ ਅਤੇ ਉਸ ਨੂੰ ਪਰਮੇਸ਼ੁਰ ਯਹੋਵਾਹ ਉੱਤੇ ਬਹੁਤ ਜ਼ਿਆਦਾ ਭਰੋਸਾ ਸੀ। ਕੀ ਯਹੋਵਾਹ ਨੇ ਉਸ ਦੀ ਪ੍ਰਾਰਥਨਾ ਸੁਣੀ? ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਨੇ ਉਹ ਦੀਆਂ ਭਾਉਣੀਆਂ ਪੂਰੀਆਂ ਕੀਤੀਆਂ।”
ਹੀਰੇ-ਮੋਤੀ
ਇਤਹਾਸ ਦੀ ਪਹਿਲੀ ਪੋਥੀ ਦੇ ਕੁਝ ਖ਼ਾਸ ਨੁਕਤੇ
5:10, 18-22. ਰਾਜਾ ਸ਼ਾਊਲ ਦੇ ਦਿਨਾਂ ਵਿਚ ਯਰਦਨ ਦਰਿਆ ਦੇ ਪੂਰਬੀ ਇਲਾਕੇ ਵਿਚ ਵਸੇ ਗੋਤਾਂ ਨੇ ਹਗਰੀਆਂ ਨੂੰ ਹਰਾਇਆ ਸੀ। ਭਾਵੇਂ ਹਗਰੀਆਂ ਦੀ ਗਿਣਤੀ ਇਸਰਾਏਲੀਆਂ ਨਾਲੋਂ ਦੁਗਣੀ ਸੀ, ਫਿਰ ਵੀ ਇਸਰਾਏਲੀਆਂ ਨੇ ਉਨ੍ਹਾਂ ਨੂੰ ਹਰਾਇਆ ਸੀ ਕਿਉਂਕਿ ਉਨ੍ਹਾਂ ਨੇ ਆਪਣੇ ਤੇ ਨਹੀਂ, ਸਗੋਂ ਯਹੋਵਾਹ ਤੇ ਭਰੋਸਾ ਰੱਖਿਆ ਸੀ। ਆਓ ਆਪਾਂ ਵੀ ਯਹੋਵਾਹ ਤੇ ਪੂਰਾ ਭਰੋਸਾ ਰੱਖ ਕੇ ਆਪਣੇ ਦੁਸ਼ਮਣਾਂ ਦਾ ਸਾਮ੍ਹਣਾ ਕਰੀਏ, ਭਾਵੇਂ ਉਨ੍ਹਾਂ ਦੀ ਗਿਣਤੀ ਸਾਡੇ ਨਾਲੋਂ ਕਿਤੇ ਜ਼ਿਆਦਾ ਹੈ।—ਅਫ਼ਸੀਆਂ 6:10-17.
30 ਜਨਵਰੀ–5 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਇਤਿਹਾਸ 7-9
“ਯਹੋਵਾਹ ਦੀ ਮਦਦ ਨਾਲ ਤੁਸੀਂ ਔਖੀਆਂ ਜ਼ਿੰਮੇਵਾਰੀ ਵੀ ਨਿਭਾ ਸਕਦੇ ਹੋ”
ਇਤਹਾਸ ਦੀ ਪਹਿਲੀ ਪੋਥੀ ਦੇ ਕੁਝ ਖ਼ਾਸ ਨੁਕਤੇ
9:26, 27. ਲੇਵੀ ਦਰਬਾਨਾਂ ਨੂੰ ਜ਼ਿੰਮੇਵਾਰੀ ਵਾਲੇ ਅਹੁਦੇ ਦਿੱਤੇ ਗਏ ਸਨ। ਉਨ੍ਹਾਂ ਨੂੰ ਹੈਕਲ ਦੀਆਂ ਪਵਿੱਤਰ ਥਾਵਾਂ ਦੇ ਦਰਵਾਜ਼ੇ ਖੋਲ੍ਹਣ ਦਾ ਕੰਮ ਸੌਂਪਿਆ ਗਿਆ ਸੀ। ਉਹ ਵਫ਼ਾਦਾਰੀ ਨਾਲ ਹਰ ਰੋਜ਼ ਦਰਵਾਜ਼ੇ ਖੋਲ੍ਹਦੇ ਸਨ। ਸਾਨੂੰ ਵੀ ਜ਼ਿੰਮੇਵਾਰੀ ਦਾ ਕੰਮ ਸੌਂਪਿਆ ਗਿਆ ਹੈ ਕਿ ਅਸੀਂ ਆਪਣੇ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਤਕ ਖ਼ੁਸ਼ ਖ਼ਬਰੀ ਪਹੁੰਚਾਈਏ ਤਾਂਕਿ ਉਹ ਵੀ ਯਹੋਵਾਹ ਦੀ ਭਗਤੀ ਕਰਨੀ ਸਿੱਖ ਸਕਣ। ਕੀ ਸਾਨੂੰ ਵੀ ਲੇਵੀ ਦਰਬਾਨਾਂ ਵਾਂਗ ਵਫ਼ਾਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਣੀ ਚਾਹੀਦੀ?
ਚੁਣੌਤੀਆਂ ਦਾ ਸਾਮ੍ਹਣਾ ਕਰਨ ਵੇਲੇ ਕੀ ਤੁਸੀਂ ਫ਼ੀਨਹਾਸ ਵਾਂਗ ਬਣ ਸਕਦੇ ਹੋ?
ਇਸਰਾਏਲ ਵਿਚ ਫ਼ੀਨਹਾਸ ਕੋਲ ਭਾਰੀ ਜ਼ਿੰਮੇਵਾਰੀ ਸੀ, ਪਰ ਉਹ ਹਿੰਮਤ, ਸੂਝ-ਬੂਝ ਅਤੇ ਪਰਮੇਸ਼ੁਰ ਉੱਤੇ ਭਰੋਸਾ ਰੱਖ ਕੇ ਚੁਣੌਤੀਆਂ ਦਾ ਸਫ਼ਲਤਾ ਨਾਲ ਸਾਮ੍ਹਣਾ ਕਰ ਸਕਿਆ। ਫ਼ੀਨਹਾਸ ਨੇ ਪਰਮੇਸ਼ੁਰ ਦੇ ਲੋਕਾਂ ਦੀ ਬਹੁਤ ਚੰਗੀ ਤਰ੍ਹਾਂ ਦੇਖ-ਭਾਲ ਕੀਤੀ ਜਿਸ ਕਰਕੇ ਯਹੋਵਾਹ ਨੇ ਉਸ ਉੱਤੇ ਮਿਹਰ ਕੀਤੀ। ਕੁਝ 1,000 ਸਾਲ ਬਾਅਦ ਅਜ਼ਰਾ ਇਹ ਲਿਖਣ ਲਈ ਪ੍ਰੇਰਿਤ ਹੋਇਆ: “ਫੀਨਹਾਸ ਅਲਆਜ਼ਾਰ ਦਾ ਪੁੱਤ੍ਰ ਪਹਿਲੇ ਸਮੇਂ ਵਿੱਚ ਉਨ੍ਹਾਂ ਦਾ ਹਾਕਮ ਸੀ ਤੇ ਯਹੋਵਾਹ ਉਹ ਦੇ ਨਾਲ ਸੀ।” (1 ਇਤ. 9:20) ਸਾਡੀ ਇਹੀ ਦੁਆ ਹੈ ਕਿ ਯਹੋਵਾਹ ਉਨ੍ਹਾਂ ਦੇ ਨਾਲ ਹੋਵੇ ਜੋ ਅੱਜ ਖ਼ਾਸਕਰ ਉਸ ਦੇ ਲੋਕਾਂ ਦੀ ਅਗਵਾਈ ਕਰਦੇ ਹਨ, ਦਰਅਸਲ ਸਾਰਿਆਂ ਨਾਲ ਹੋਵੇ ਜੋ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਹਨ।
ਹੀਰੇ-ਮੋਤੀ
ਯਹੋਵਾਹ ਲਈ ਗਾਓ!
6 ਹਾਂ, ਯਹੋਵਾਹ ਨੇ ਆਪਣੇ ਨਬੀਆਂ ਰਾਹੀਂ ਆਪਣੇ ਭਗਤਾਂ ਨੂੰ ਦੱਸਿਆ ਕਿ ਉਹ ਭਜਨ ਗਾ ਕੇ ਉਸ ਦੀ ਵਡਿਆਈ ਕਰਨ। ਗਾਉਣ ਵਾਲੇ ਲੇਵੀਆਂ ਨੂੰ ਉਹ ਕੰਮ ਕਰਨ ਦੀ ਲੋੜ ਨਹੀਂ ਸੀ ਜੋ ਦੂਸਰੇ ਲੇਵੀ ਕਰਦੇ ਸਨ। ਇਸ ਤਰ੍ਹਾਂ ਭਜਨ ਗਾਉਣ ਵਾਲੇ ਆਪਣਾ ਪੂਰਾ ਸਮਾਂ ਭਜਨ ਤੇ ਸੰਗੀਤ ਰਚਣ ਅਤੇ ਉਨ੍ਹਾਂ ਦਾ ਅਭਿਆਸ ਕਰਨ ਵਿਚ ਲਗਾ ਸਕਦੇ ਸਨ।—1 ਇਤ. 9:33.
6-12 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਇਤਿਹਾਸ 10-12
“ਯਹੋਵਾਹ ਦੀ ਇੱਛਾ ਪੂਰੀ ਕਰਨ ਦਾ ਪੱਕਾ ਇਰਾਦਾ ਕਰੋ”
“ਤੂੰ ਮੈਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਲਾ”
12 ਅਸੀਂ ਦਾਊਦ ਤੋਂ ਇਕ ਹੋਰ ਗੱਲ ਵੀ ਸਿੱਖ ਸਕਦੇ ਹਾਂ। ਦਾਊਦ ਨੂੰ ਯਹੋਵਾਹ ਦੇ ਅਸੂਲਾਂ ਦੀ ਸਮਝ ਸੀ ਤੇ ਉਹ ਉਨ੍ਹਾਂ ਮੁਤਾਬਕ ਜੀਉਣਾ ਚਾਹੁੰਦਾ ਸੀ। ਜ਼ਰਾ ਧਿਆਨ ਦਿਓ ਕਿ ਉਸ ਸਮੇਂ ਕੀ ਹੋਇਆ ਜਦ ਦਾਊਦ ਨੇ ਕਿਹਾ: ‘ਕਾਸ਼ ਕਿ ਕੋਈ ਬੈਤਲਹਮ ਦੇ ਖੂਹ ਤੋਂ ਮੈਨੂੰ ਪਾਣੀ ਪਿਲਾਵੇ।’ ਦਾਊਦ ਦੇ ਤਿੰਨ ਆਦਮੀ ਆਪਣੀ ਜਾਨ ʼਤੇ ਖੇਡ ਕੇ ਉਸ ਸ਼ਹਿਰ ਤੋਂ ਪਾਣੀ ਲੈ ਕੇ ਆਏ ਜੋ ਫਲਿਸਤੀਆਂ ਦੇ ਕਬਜ਼ੇ ਵਿਚ ਸੀ। ਪਰ ‘ਦਾਊਦ ਨੇ ਪਾਣੀ ਨਾ ਪੀਤਾ ਸਗੋਂ ਉਸ ਨੂੰ ਯਹੋਵਾਹ ਦੇ ਅੱਗੇ ਡੋਹਲ ਦਿੱਤਾ।’ ਕਿਉਂ? ਦਾਊਦ ਨੇ ਸਮਝਾਇਆ: “ਮੈਨੂੰ ਆਪਣੇ ਪਰਮੇਸ਼ੁਰ ਦੀ ਵੱਲੋਂ ਨਿਖਿੱਧ ਹੋਵੇ, ਜੋ ਮੈਂ ਇਹ ਕੰਮ ਕਰਾਂ, ਭਲਾ, ਮੈਂ ਇਨ੍ਹਾਂ ਲੋਕਾਂ ਦਾ ਲਹੂ ਪੀਵਾਂ ਜਿਨ੍ਹਾਂ ਨੇ ਆਪਣੇ ਪ੍ਰਾਣਾਂ ਨੂੰ ਤਲੀ ਉੱਤੇ ਧਰਿਆ ਹੈ? ਕਿਉਂ ਜੋ ਓਹ ਸਿਰੋਂ ਪਰੇ ਦੀ ਖੇਡ ਨਾਲ ਇਸ ਨੂੰ ਲਿਆਏ।”—1 ਇਤ. 11:15-19.
13 ਦਾਊਦ ਜਾਣਦਾ ਸੀ ਕਿ ਮੂਸਾ ਦੇ ਕਾਨੂੰਨ ਵਿਚ ਲਹੂ ਨੂੰ ਖਾਣ ਤੋਂ ਮਨ੍ਹਾ ਕੀਤਾ ਗਿਆ ਸੀ ਕਿਉਂਕਿ “ਸਰੀਰ ਦੀ ਜਿੰਦ ਉਸ ਦੇ ਲਹੂ ਵਿੱਚ ਹੈ।” ਇਸ ਕਰਕੇ ਲਹੂ ਨੂੰ ਯਹੋਵਾਹ ਅੱਗੇ ਡੋਲ੍ਹਣ ਦਾ ਹੁਕਮ ਦਿੱਤਾ ਗਿਆ ਸੀ। ਪਰ ਇਹ ਤਾਂ ਪਾਣੀ ਸੀ, ਲਹੂ ਨਹੀਂ। ਤਾਂ ਫਿਰ ਦਾਊਦ ਨੇ ਇਹ ਪਾਣੀ ਕਿਉਂ ਨਹੀਂ ਪੀਤਾ? ਉਹ ਉਸ ਅਸੂਲ ਨੂੰ ਸਮਝਦਾ ਸੀ ਜਿਸ ਦੇ ਆਧਾਰ ʼਤੇ ਇਹ ਕਾਨੂੰਨ ਦਿੱਤਾ ਗਿਆ ਸੀ। ਦਾਊਦ ਲਈ ਉਹ ਪਾਣੀ ਉਨ੍ਹਾਂ ਤਿੰਨ ਆਦਮੀਆਂ ਦੇ ਲਹੂ ਜਿੰਨਾ ਕੀਮਤੀ ਸੀ। ਇਸ ਕਰਕੇ ਉਹ ਉਸ ਪਾਣੀ ਨੂੰ ਪੀਣ ਬਾਰੇ ਸੋਚ ਵੀ ਨਹੀਂ ਸਕਦਾ ਸੀ। ਪਾਣੀ ਪੀਣ ਦੀ ਬਜਾਇ ਉਸ ਨੇ ਪਾਣੀ ਜ਼ਮੀਨ ʼਤੇ ਡੋਲ੍ਹ ਦਿੱਤਾ।—ਲੇਵੀ. 17:11; ਬਿਵ. 12:23, 24.
ਪਰਮੇਸ਼ੁਰ ਦੇ ਕਾਨੂੰਨਾਂ ਤੇ ਅਸੂਲਾਂ ਨਾਲ ਆਪਣੀ ਜ਼ਮੀਰ ਨੂੰ ਸਿਖਾਓ
5 ਪਰਮੇਸ਼ੁਰ ਦੇ ਕਾਨੂੰਨਾਂ ਤੋਂ ਫ਼ਾਇਦਾ ਪਾਉਣ ਲਈ ਸਾਨੂੰ ਸਿਰਫ਼ ਇਨ੍ਹਾਂ ਨੂੰ ਪੜ੍ਹਨਾ ਜਾਂ ਇਨ੍ਹਾਂ ਨੂੰ ਜਾਣਨਾ ਹੀ ਨਹੀਂ ਚਾਹੀਦਾ, ਸਗੋਂ ਸਾਨੂੰ ਇਨ੍ਹਾਂ ਨੂੰ ਪਿਆਰ ਕਰਨਾ ਤੇ ਇਨ੍ਹਾਂ ਦੀ ਕਦਰ ਕਰਨੀ ਚਾਹੀਦੀ ਹੈ। ਬਾਈਬਲ ਕਹਿੰਦੀ ਹੈ: “ਬਦੀ ਤੋਂ ਘਿਣ ਕਰੋ, ਨੇਕੀ ਨੂੰ ਪਿਆਰ ਕਰੋ।” (ਆਮੋ. 5:15) ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਸਾਨੂੰ ਯਹੋਵਾਹ ਵਰਗਾ ਨਜ਼ਰੀਆ ਅਪਣਾਉਣ ਦੀ ਲੋੜ ਹੈ। ਜ਼ਰਾ ਸੋਚੋ, ਤੁਹਾਨੂੰ ਨੀਂਦ ਨਹੀਂ ਆਉਂਦੀ। ਇਸ ਕਰਕੇ ਡਾਕਟਰ ਤੁਹਾਨੂੰ ਪੌਸ਼ਟਿਕ ਖਾਣਾ ਖਾਣ, ਕਸਰਤ ਕਰਨ ਤੇ ਜ਼ਿੰਦਗੀ ਵਿਚ ਕੁਝ ਤਬਦੀਲੀਆਂ ਕਰਨ ਦੀ ਸਲਾਹ ਦਿੰਦਾ ਹੈ। ਤੁਸੀਂ ਉਸ ਦੀ ਸਲਾਹ ਨੂੰ ਮੰਨਦੇ ਹੋ ਤੇ ਦੇਖਦੇ ਹੋ ਕਿ ਤੁਹਾਨੂੰ ਫ਼ਾਇਦਾ ਹੋਇਆ ਹੈ। ਤੁਸੀਂ ਡਾਕਟਰ ਦੀ ਸਲਾਹ ਬਾਰੇ ਕਿਵੇਂ ਮਹਿਸੂਸ ਕਰਦੇ ਹੋ?
6 ਇਸੇ ਤਰ੍ਹਾਂ ਸਾਡੇ ਸ੍ਰਿਸ਼ਟੀਕਰਤਾ ਨੇ ਸਾਨੂੰ ਕਾਨੂੰਨ ਦਿੱਤੇ ਹਨ ਤਾਂਕਿ ਅਸੀਂ ਪਾਪ ਦੇ ਬੁਰੇ ਨਤੀਜਿਆਂ ਤੋਂ ਬਚ ਸਕੀਏ ਅਤੇ ਸਾਡੀ ਜ਼ਿੰਦਗੀ ਵਿਚ ਸੁਧਾਰ ਹੋ ਸਕੇ। ਮਿਸਾਲ ਲਈ, ਬਾਈਬਲ ਸਾਨੂੰ ਝੂਠ ਬੋਲਣ, ਚੋਰੀ ਕਰਨ, ਹਰਾਮਕਾਰੀ ਕਰਨ, ਹਿੰਸਾ ਕਰਨ ਜਾਂ ਜਾਦੂ-ਟੂਣੇ ਨਾਲ ਜੁੜਿਆ ਹਰ ਕੰਮ ਕਰਨ ਤੋਂ ਮਨ੍ਹਾ ਕਰਦੀ ਹੈ। (ਕਹਾਉਤਾਂ 6:16-19 ਪੜ੍ਹੋ; ਪ੍ਰਕਾ. 21:8) ਜਦੋਂ ਯਹੋਵਾਹ ਦਾ ਕਹਿਣਾ ਮੰਨ ਕੇ ਵਧੀਆ ਨਤੀਜੇ ਨਿਕਲਦੇ ਹਨ, ਤਾਂ ਉਸ ਲਈ ਅਤੇ ਉਸ ਦੇ ਕਾਨੂੰਨਾਂ ਲਈ ਸਾਡਾ ਪਿਆਰ ਹੋਰ ਵੀ ਗੂੜ੍ਹਾ ਹੁੰਦਾ ਹੈ।
ਹੀਰੇ-ਮੋਤੀ
it-1 1058 ਪੈਰੇ 5-6
ਦਿਲ
“ਪੂਰੇ ਦਿਲ” ਨਾਲ ਸੇਵਾ ਕਰਨੀ। ਜਦੋਂ ਇਕ ਵਿਅਕਤੀ ਦੋ ਮਾਲਕਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਸੋਚਦਾ ਕੁਝ ਹੈ ਤੇ ਕਰਦਾ ਕੁਝ ਹੈ ਅਤੇ ਇੱਦਾਂ ਕਰਕੇ ਦੂਜਿਆਂ ਨੂੰ ਧੋਖਾ ਦਿੰਦਾ ਹੈ, ਤਾਂ ਬਾਈਬਲ ਵਿਚ ਉਸ ਨੂੰ “ਦੋਗਲਾ” ਜਾਂ ‘ਦੁਚਿੱਤਾ’ ਵਿਅਕਤੀ ਕਿਹਾ ਗਿਆ ਹੈ। (1 ਇਤਿ 12:33, ਫੁਟਨੋਟ; ਜ਼ਬੂ 119:113) ਯਿਸੂ ਨੇ ਇਸ ਤਰ੍ਹਾਂ ਦੇ ਪਖੰਡੀਆਂ ਦੀ ਸਖ਼ਤ ਨਿੰਦਿਆ ਕੀਤੀ ਸੀ।—ਮੱਤੀ 15:7, 8.
ਜੇ ਅਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਦੁਚਿੱਤੇ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਅੱਧੇ-ਅਧੂਰੇ ਮਨ ਨਾਲ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਦੀ ਬਜਾਇ, ਸਾਨੂੰ ਪੂਰੇ ਦਿਲ ਨਾਲ ਸੇਵਾ ਕਰਨੀ ਚਾਹੀਦੀ ਹੈ। (1 ਇਤਿ 28:9) ਇਸ ਤਰ੍ਹਾਂ ਕਰਨ ਵਿਚ ਬਹੁਤ ਮਿਹਨਤ ਕਰਨ ਦੀ ਲੋੜ ਹੈ ਕਿਉਂਕਿ ਸਾਡਾ ਦਿਲ “ਬੇਸਬਰਾ” ਹੈ ਅਤੇ ਇਹ “ਬੁਰਾਈ ਕਰਨ ਬਾਰੇ ਸੋਚਦਾ ਰਹਿੰਦਾ ਹੈ।” (ਯਿਰ 17:9, 10; ਉਤ 8:21) ਪੂਰੇ ਦਿਲ ਨਾਲ ਸੇਵਾ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ? ਦਿਲੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ (ਜ਼ਬੂ 119:145; ਵਿਰ 3:41), ਬਾਕਾਇਦਾ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨਾ ਚਾਹੀਦਾ ਹੈ (ਅਜ਼ 7:10; ਕਹਾ 15:28), ਜੋਸ਼ ਨਾਲ ਖ਼ੁਸ਼ ਖ਼ਬਰੀ ਸੁਣਾਉਣੀ ਚਾਹੀਦੀ ਹੈ (ਯਿਰ 20:9 ਵਿਚ ਨੁਕਤਾ ਦੇਖੋ) ਅਤੇ ਉਨ੍ਹਾਂ ਲੋਕਾਂ ਨਾਲ ਸੰਗਤ ਕਰਨੀ ਚਾਹੀਦੀ ਹੈ ਜੋ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਦੇ ਹਨ।—2 ਰਾਜ 10:15, 16 ਵਿਚ ਨੁਕਤਾ ਦੇਖੋ।
13-19 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਇਤਿਹਾਸ 13-16
“ਹਿਦਾਇਤਾਂ ਮੰਨ ਕੇ ਸਾਨੂੰ ਸਫ਼ਲਤਾ ਮਿਲਦੀ ਹੈ”
ਕੀ ਤੁਸੀਂ ਪੁੱਛਦੇ ਹੋ, “ਯਹੋਵਾਹ ਕਿੱਥੇ ਹੈ?”
12 ਜਦੋਂ ਨੇਮ ਦਾ ਸੰਦੂਕ ਇਸਰਾਏਲ ਵਿਚ ਵਾਪਸ ਲਿਆਂਦਾ ਗਿਆ ਸੀ, ਤਾਂ ਇਹ ਕਈ ਸਾਲ ਕਿਰਯਥ-ਯਾਰੀਮ ਵਿਚ ਰੱਖਿਆ ਗਿਆ ਸੀ। ਪਰ ਫਿਰ ਦਾਊਦ ਨੇ ਇਸ ਨੂੰ ਯਰੂਸ਼ਲਮ ਵਿਚ ਰੱਖਣਾ ਚਾਹਿਆ। ਉਸ ਨੇ ਸਰਦਾਰਾਂ ਨਾਲ ਸਲਾਹ ਕੀਤੀ ਅਤੇ ਕਿਹਾ ਕਿ ‘ਜੇ ਉਨ੍ਹਾਂ ਨੂੰ ਚੰਗਾ ਲੱਗੇ ਅਤੇ ਜੇ ਏਹ ਯਹੋਵਾਹ ਸਾਡੇ ਪਰਮੇਸ਼ੁਰ ਵੱਲੋਂ ਹੋਵੇ,’ ਤਾਂ ਸੰਦੂਕ ਨੂੰ ਯਰੂਸ਼ਲਮ ਤਕ ਲਿਆਇਆ ਜਾਵੇਗਾ। ਪਰ ਉਸ ਨੇ ਇਹ ਚੰਗੀ ਤਰ੍ਹਾਂ ਪਤਾ ਨਹੀਂ ਕੀਤਾ ਕਿ ਇਸ ਨੂੰ ਚੁੱਕਣ ਬਾਰੇ ਯਹੋਵਾਹ ਦੀ ਮਰਜ਼ੀ ਕੀ ਸੀ। ਜੇਕਰ ਉਸ ਨੇ ਪਤਾ ਕੀਤਾ ਹੁੰਦਾ, ਤਾਂ ਸੰਦੂਕ ਨੂੰ ਗੱਡੇ ਉੱਤੇ ਕਦੇ ਵੀ ਲੱਦਿਆ ਨਾ ਜਾਂਦਾ। ਸਗੋਂ ਜਿਸ ਤਰ੍ਹਾਂ ਪਰਮੇਸ਼ੁਰ ਨੇ ਪਹਿਲਾਂ ਹੀ ਦੱਸਿਆ ਸੀ ਲੇਵੀਆਂ ਨੇ ਉਸ ਨੂੰ ਆਪਣੇ ਮੋਢਿਆਂ ਉੱਤੇ ਚੁੱਕਿਆ ਹੁੰਦਾ। ਭਾਵੇਂ ਪਹਿਲਾਂ ਦਾਊਦ ਨੇ ਕਈ ਵਾਰ ਯਹੋਵਾਹ ਦੀ ਸਲਾਹ ਭਾਲੀ ਸੀ, ਪਰ ਇਸ ਵਾਰ ਉਸ ਨੇ ਸਹੀ ਤਰ੍ਹਾਂ ਨਹੀਂ ਭਾਲੀ। ਇਸ ਦਾ ਨਤੀਜਾ ਬਹੁਤ ਬੁਰਾ ਨਿਕਲਿਆ। ਬਾਅਦ ਵਿਚ ਦਾਊਦ ਨੇ ਕਿਹਾ: “ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਉੱਤੇ ਢਹਿ ਪਿਆ, ਕਿਉਂ ਜੋ ਅਸਾਂ ਉਸ ਦੀ ਭਾਲ ਠਹਿਰਾਈ ਹੋਈ ਰੀਤੀ ਨਾਲ ਨਾ ਕੀਤੀ।”—1 ਇਤਹਾਸ 13:1-3; 15:11-13; ਗਿਣਤੀ 4:4-6, 15; 7:1-9.
ਕੀ ਤੁਸੀਂ ਪੁੱਛਦੇ ਹੋ, “ਯਹੋਵਾਹ ਕਿੱਥੇ ਹੈ?”
13 ਅਖ਼ੀਰ ਵਿਚ ਜਦੋਂ ਲੇਵੀਆਂ ਨੇ ਸੰਦੂਕ ਨੂੰ ਓਬੇਦ-ਅਦੋਮ ਦੇ ਘਰੋਂ ਯਰੂਸ਼ਲਮ ਤਕ ਲਿਆਂਦਾ, ਤਾਂ ਦਾਊਦ ਦੇ ਹੱਥੀਂ ਲਿਖਿਆ ਇਕ ਗੀਤ ਗਾਇਆ ਗਿਆ ਸੀ। ਇਸ ਵਿਚ ਇਹ ਗੱਲ ਯਾਦ ਕਰਾਈ ਗਈ: “ਯਹੋਵਾਹ ਤੇ ਉਹ ਦੀ ਸਮਰੱਥਾ ਦੀ ਭਾਲ ਕਰੋ, ਸਦਾ ਉਹ ਦੇ ਦਰਸ਼ਨ ਨੂੰ ਲੋਚੋ। ਉਹ ਦੇ ਅਸਚਰਜ ਕੰਮਾਂ ਨੂੰ ਜਿਹੜੇ ਉਸ ਨੇ ਕੀਤੇ ਹਨ ਚੇਤੇ ਰੱਖੋ, ਉਹ ਦੇ ਅਚੰਭਿਆਂ ਨੂੰ ਅਤੇ ਉਹ ਦੇ ਮੂੰਹ ਦੇ ਨਿਆਵਾਂ ਨੂੰ ਵੀ।”—1 ਇਤਹਾਸ 16:11, 12.
ਹੀਰੇ-ਮੋਤੀ
ਯੁਗਾਂ-ਯੁਗਾਂ ਦੇ ਰਾਜੇ ਯਹੋਵਾਹ ਦੀ ਭਗਤੀ ਕਰੋ
14 ਜਦ ਦਾਊਦ ਇਕਰਾਰ ਦਾ ਸੰਦੂਕ ਯਰੂਸ਼ਲਮ ਲਿਆਇਆ, ਤਾਂ ਇਸ ਖ਼ੁਸ਼ੀ ਵਾਲੇ ਮੌਕੇ ʼਤੇ ਲੇਵੀਆਂ ਨੇ ਪਰਮੇਸ਼ੁਰ ਦੀ ਮਹਿਮਾ ਕਰਦਿਆਂ ਇਹ ਖ਼ਾਸ ਗੱਲ ਕਹੀ: “ਕੌਮਾਂ ਵਿਚ ਐਲਾਨ ਕਰੋ: ‘ਯਹੋਵਾਹ ਰਾਜਾ ਬਣ ਗਿਆ ਹੈ!’” (1 ਇਤ. 16:31, NW) ਪਰ ਯਹੋਵਾਹ ਤਾਂ ਯੁਗਾਂ-ਯੁਗਾਂ ਦਾ ਰਾਜਾ ਹੈ, ਫਿਰ ਉਸ ਸਮੇਂ ਉਹ ਰਾਜਾ ਕਿਵੇਂ ਬਣਿਆ? ਯਹੋਵਾਹ ਉਦੋਂ ਰਾਜਾ ਬਣਦਾ ਹੈ ਜਦੋਂ ਉਹ ਰਾਜੇ ਵਜੋਂ ਆਪਣਾ ਅਧਿਕਾਰ ਵਰਤਦਾ ਹੈ ਜਾਂ ਕਿਸੇ ਹੋਰ ਨੂੰ ਇਕ ਖ਼ਾਸ ਸਮੇਂ ʼਤੇ ਉਸ ਵੱਲੋਂ ਰਾਜ ਕਰਨ ਦਾ ਹੱਕ ਦਿੰਦਾ ਹੈ। ਸਾਡੇ ਲਈ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਯਹੋਵਾਹ ਕਿਸ ਮਾਅਨੇ ਵਿਚ ਰਾਜਾ ਬਣਦਾ ਹੈ। ਦਾਊਦ ਦੀ ਮੌਤ ਤੋਂ ਪਹਿਲਾਂ ਯਹੋਵਾਹ ਨੇ ਉਸ ਨਾਲ ਵਾਅਦਾ ਕੀਤਾ ਕਿ ਉਸ ਦਾ ਰਾਜ ਹਮੇਸ਼ਾ ਲਈ ਕਾਇਮ ਰਹੇਗਾ: “ਤੇਰੇ ਪਿੱਛੋਂ ਤੇਰੀ ਸੰਤਾਨ ਨੂੰ ਜੋ ਤੇਰੇ ਤੁਖਮ ਤੋਂ ਹੋਵੇਗੀ ਖਲ੍ਹਿਆਰਾਂਗਾ ਅਤੇ ਉਹ ਦੇ ਰਾਜ ਨੂੰ ਪੱਕਾ ਕਰਾਂਗਾ।” (2 ਸਮੂ. 7:12, 13) ਇਹ ਗੱਲ 1,000 ਤੋਂ ਵੀ ਜ਼ਿਆਦਾ ਸਾਲਾਂ ਬਾਅਦ ਪੂਰੀ ਹੋਈ ਜਦੋਂ ਦਾਊਦ ਦੀ ਪੀੜ੍ਹੀ ਵਿੱਚੋਂ ਵਾਅਦਾ ਕੀਤੀ ਹੋਈ “ਸੰਤਾਨ” ਪੈਦਾ ਹੋਈ। ਇਹ ਕੌਣ ਸੀ ਅਤੇ ਉਹ ਰਾਜਾ ਕਦੋਂ ਬਣਿਆ?
20-26 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਇਤਿਹਾਸ 17-19
“ਨਿਰਾਸ਼ਾ ਦੇ ਬਾਵਜੂਦ ਵੀ ਖ਼ੁਸ਼ ਰਹੋ”
ਯਹੋਵਾਹ ਦੇ ਸੰਗਠਨ ਦੀਆਂ ਖੂਬੀਆਂ ਦੇਖੋ
ਪ੍ਰਾਚੀਨ ਇਸਰਾਏਲ ਦੇ ਇਤਿਹਾਸ ਵਿਚ ਦਾਊਦ ਇਕ ਮਹਾਨ ਹਸਤੀ ਹੈ। ਇਸ ਚਰਵਾਹੇ, ਸੰਗੀਤਕਾਰ, ਨਬੀ ਤੇ ਬਾਦਸ਼ਾਹ ਨੇ ਯਹੋਵਾਹ ਉੱਤੇ ਪੱਕਾ ਭਰੋਸਾ ਰੱਖਿਆ ਸੀ। ਦਾਊਦ ਯਹੋਵਾਹ ਲਈ ਗਹਿਰੀ ਸ਼ਰਧਾ ਰੱਖਦਾ ਸੀ ਅਤੇ ਉਸ ਲਈ ਇਕ ਹੈਕਲ ਬਣਾਉਣਾ ਚਾਹੁੰਦਾ ਸੀ ਜਿੱਥੇ ਇਸਰਾਏਲੀਆਂ ਨੇ ਯਹੋਵਾਹ ਦੀ ਭਗਤੀ ਕਰਨ ਆਉਣਾ ਸੀ। ਦਾਊਦ ਜਾਣਦਾ ਸੀ ਕਿ ਹੈਕਲ ਅਤੇ ਇੱਥੇ ਭਗਤੀ ਕਰਨ ਦੇ ਪ੍ਰਬੰਧਾਂ ਤੋਂ ਪਰਮੇਸ਼ੁਰ ਦੇ ਲੋਕਾਂ ਨੂੰ ਖ਼ੁਸ਼ੀ ਤੇ ਲਾਭ ਹੋਣਗੇ। ਇਸ ਲਈ ਦਾਊਦ ਨੇ ਕਿਹਾ: “ਧੰਨ ਹੈ ਉਹ ਜਿਹ ਨੂੰ ਤੂੰ ਚੁਣਦਾ ਤੇ ਆਪਣੇ ਨੇੜੇ ਲਿਆਉਂਦਾ ਹੈਂ, ਭਈ ਉਹ ਤੇਰੇ ਦਰਬਾਰ ਵਿੱਚ ਰਹੇ,—ਅਸੀਂ ਤੇਰੇ ਭਵਨ ਅਰਥਾਤ ਤੇਰੀ ਪਵਿੱਤਰ ਹੈਕਲ ਦੀ ਭਲਿਆਈ ਨਾਲ ਤ੍ਰਿਪਤ ਹੋਵਾਂਗੇ।”—ਜ਼ਬੂਰਾਂ ਦੀ ਪੋਥੀ 65:4.
ਜੋ ਸਨਮਾਨ ਤੁਹਾਡੇ ਕੋਲ ਹਨ, ਉਨ੍ਹਾਂ ਕਰਕੇ ਖ਼ੁਸ਼ ਹੋਵੋ
11 ਇਸੇ ਤਰ੍ਹਾਂ ਸਾਨੂੰ ਵੀ ਯਹੋਵਾਹ ਦੀ ਸੇਵਾ ਵਿਚ ਮਿਲੇ ਕਿਸੇ ਵੀ ਕੰਮ ਨੂੰ ਪੂਰੇ ਜੀ-ਜਾਨ ਨਾਲ ਕਰਨਾ ਚਾਹੀਦਾ ਹੈ ਤਾਂਕਿ ਅਸੀਂ ਹੋਰ ਵੀ ਜ਼ਿਆਦਾ ਖ਼ੁਸ਼ ਰਹਿ ਸਕੀਏ। ਸਾਨੂੰ “ਜ਼ੋਰ-ਸ਼ੋਰ” ਨਾਲ ਪ੍ਰਚਾਰ ਕਰਨ ਵਿਚ ਰੁੱਝੇ ਰਹਿਣਾ ਚਾਹੀਦਾ ਅਤੇ ਮੰਡਲੀ ਦੇ ਕੰਮਾਂ ਵਿਚ ਪੂਰੀ ਤਰ੍ਹਾਂ ਹਿੱਸਾ ਲੈਣਾ ਚਾਹੀਦਾ। (ਰਸੂ. 18:5; ਇਬ. 10:24, 25) ਸਾਨੂੰ ਪੂਰੀ ਤਿਆਰੀ ਕਰ ਕੇ ਮੀਟਿੰਗਾਂ ਵਿਚ ਜਾਣਾ ਚਾਹੀਦਾ ਤਾਂਕਿ ਅਸੀਂ ਹੌਸਲਾ ਵਧਾਉਣ ਵਾਲੀਆਂ ਟਿੱਪਣੀਆਂ ਦੇ ਸਕੀਏ। ਸਾਨੂੰ ਹਫ਼ਤੇ ਦੌਰਾਨ ਹੁੰਦੀਆਂ ਮੀਟਿੰਗਾਂ ਵਿਚ ਕਿਸੇ ਵੀ ਵਿਦਿਆਰਥੀ ਭਾਗ ਨੂੰ ਚੰਗੀ ਤਰ੍ਹਾਂ ਤਿਆਰ ਕਰਨਾ ਚਾਹੀਦਾ ਹੈ। ਜੇ ਸਾਨੂੰ ਮੰਡਲੀ ਵਿਚ ਕੋਈ ਵੀ ਕੰਮ ਕਰਨ ਨੂੰ ਦਿੱਤਾ ਜਾਂਦਾ ਹੈ, ਤਾਂ ਸਾਨੂੰ ਉਹ ਕੰਮ ਸਮੇਂ ਸਿਰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਅਸੀਂ ਭਰੋਸੇਮੰਦ ਸਾਬਤ ਹੋ ਸਕਦੇ ਹਾਂ। ਸਾਨੂੰ ਕਿਸੇ ਵੀ ਕੰਮ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ, ਸਗੋਂ ਉਸ ਕੰਮ ਨੂੰ ਹੋਰ ਵੀ ਚੰਗੀ ਤਰ੍ਹਾਂ ਕਰਨਾ ਸਿੱਖਣਾ ਚਾਹੀਦਾ ਹੈ। (ਕਹਾ. 22:29) ਜਿੰਨਾ ਜ਼ਿਆਦਾ ਅਸੀਂ ਪਰਮੇਸ਼ੁਰ ਦੇ ਕੰਮਾਂ ਅਤੇ ਜ਼ਿੰਮੇਵਾਰੀਆਂ ਨੂੰ ਜੀ-ਜਾਨ ਲਾ ਕੇ ਪੂਰਾ ਕਰਾਂਗੇ, ਉੱਨੀ ਜ਼ਿਆਦਾ ਅਸੀਂ ਤਰੱਕੀ ਕਰਾਂਗੇ ਅਤੇ ਖ਼ੁਸ਼ ਰਹਾਂਗੇ। (ਗਲਾ. 6:4) ਇਸ ਤੋਂ ਇਲਾਵਾ, ਜਦੋਂ ਕਿਸੇ ਹੋਰ ਨੂੰ ਉਹ ਜ਼ਿੰਮੇਵਾਰੀ ਮਿਲਦੀ ਹੈ ਜੋ ਸਾਨੂੰ ਚਾਹੀਦੀ ਸੀ, ਤਾਂ ਅਸੀਂ ਉਸ ਦੀ ਖ਼ੁਸ਼ੀ ਵਿਚ ਸ਼ਾਮਲ ਹੋਵਾਂਗੇ।—ਰੋਮੀ. 12:15; ਗਲਾ. 5:26.
ਹੀਰੇ-ਮੋਤੀ
w20.02 12, ਡੱਬੀ
ਅਸੀਂ ਆਪਣੇ ਪਿਤਾ ਯਹੋਵਾਹ ਨੂੰ ਬੇਹੱਦ ਪਿਆਰ ਕਰਦੇ ਹਾਂ
ਕੀ ਯਹੋਵਾਹ ਮੇਰੇ ਵੱਲ ਧਿਆਨ ਦਿੰਦਾ ਹੈ?
ਕੀ ਤੁਸੀਂ ਕਦੇ ਆਪਣੇ ਆਪ ਨੂੰ ਇਹ ਸਵਾਲ ਪੁੱਛਿਆ ਹੈ, ‘ਦੁਨੀਆਂ ਵਿਚ ਖਰਬਾਂ ਲੋਕ ਹਨ, ਫਿਰ ਯਹੋਵਾਹ ਮੇਰੇ ʼਤੇ ਧਿਆਨ ਕਿਉਂ ਦੇਵੇਗਾ?’ ਬਹੁਤ ਸਾਰੇ ਚੰਗੇ ਲੋਕਾਂ ਨੇ ਇਹੀ ਸਵਾਲ ਪੁੱਛਿਆ ਹੈ। ਰਾਜਾ ਦਾਊਦ ਨੇ ਲਿਖਿਆ: “ਹੇ ਯਹੋਵਾਹ, ਆਦਮੀ ਕੀ ਹੈ ਜੋ ਤੂੰ ਉਹ ਨੂੰ ਸਿਆਣੇਂ, ਤੇ ਆਦਮ ਦਾ ਵੰਸ ਕੀ, ਜੋ ਤੂੰ ਉਹ ਦਾ ਖ਼ਿਆਲ ਕਰੇਂ?” (ਜ਼ਬੂ. 144:3) ਦਾਊਦ ਨੂੰ ਭਰੋਸਾ ਸੀ ਕਿ ਯਹੋਵਾਹ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ। (1 ਇਤ. 17:16-18) ਆਪਣੇ ਬਚਨ ਅਤੇ ਆਪਣੇ ਸੰਗਠਨ ਰਾਹੀਂ ਯਹੋਵਾਹ ਤੁਹਾਨੂੰ ਭਰੋਸਾ ਦਿਵਾਉਂਦਾ ਹੈ ਕਿ ਉਹ ਤੁਹਾਡੇ ਪਿਆਰ ਦੀ ਕਦਰ ਕਰਦਾ ਹੈ। ਇਸ ਗੱਲ ʼਤੇ ਯਕੀਨ ਕਰਨ ਲਈ ਪਰਮੇਸ਼ੁਰ ਦੇ ਬਚਨ ਵਿਚ ਪਾਏ ਜਾਂਦੇ ਕੁਝ ਸ਼ਬਦਾਂ ʼਤੇ ਗੌਰ ਕਰੋ:
• ਯਹੋਵਾਹ ਨੇ ਤੁਹਾਡੇ ਜਨਮ ਤੋਂ ਪਹਿਲਾਂ ਤੁਹਾਡੇ ʼਤੇ ਧਿਆਨ ਲਾਇਆ।—ਜ਼ਬੂ. 139:16.
• ਯਹੋਵਾਹ ਜਾਣਦਾ ਹੈ ਕਿ ਤੁਹਾਡੇ ਦਿਲ ਵਿਚ ਕੀ ਹੈ ਅਤੇ ਤੁਸੀਂ ਕੀ ਸੋਚ ਰਹੇ ਹੋ।—1 ਇਤ. 28:9.
• ਯਹੋਵਾਹ ਆਪ ਤੁਹਾਡੀ ਹਰੇਕ ਪ੍ਰਾਰਥਨਾ ਨੂੰ ਸੁਣਦਾ ਹੈ।—ਜ਼ਬੂ. 65:2.
• ਤੁਹਾਡੇ ਕੰਮ ਯਹੋਵਾਹ ਦੀਆਂ ਭਾਵਨਾਵਾਂ ʼਤੇ ਅਸਰ ਪਾਉਂਦੇ ਹਨ।—ਕਹਾ. 27:11.
• ਯਹੋਵਾਹ ਨੇ ਖ਼ੁਦ ਤੁਹਾਨੂੰ ਆਪਣੇ ਵੱਲ ਖਿੱਚਿਆ ਹੈ।—ਯੂਹੰ. 6:44.
• ਜੇ ਤੁਸੀਂ ਮਰ ਜਾਂਦੇ ਹੋ, ਤਾਂ ਯਹੋਵਾਹ ਤੁਹਾਨੂੰ ਜੀਉਂਦਾ ਕਰ ਸਕਦਾ ਹੈ ਕਿਉਂਕਿ ਉਹ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਹ ਤੁਹਾਨੂੰ ਨਵਾਂ ਸਰੀਰ ਦੇਵੇਗਾ ਅਤੇ ਤੁਹਾਡੇ ਮਨ ਦੇ ਖ਼ਿਆਲਾਂ ਦੇ ਨਾਲ-ਨਾਲ ਤੁਹਾਡੀ ਯਾਦਾਸ਼ਤ ਤੇ ਤੁਹਾਡਾ ਸੁਭਾਅ ਉਹੀ ਹੋਵੇਗਾ ਜੋ ਪਹਿਲਾਂ ਸੀ।—ਯੂਹੰ. 11:21-26, 39-44; ਰਸੂ. 24:15.
27 ਫਰਵਰੀ–5 ਮਾਰਚ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਇਤਿਹਾਸ 20-22
“ਨੌਜਵਾਨਾਂ ਦੀ ਸਫ਼ਲ ਹੋਣ ਵਿਚ ਮਦਦ ਕਰੋ”
“ਉਹ ਗੱਲਾਂ ਤੂੰ ਵਫ਼ਾਦਾਰ ਭਰਾਵਾਂ ਨੂੰ ਸੌਂਪ”
8 ਪਹਿਲਾ ਇਤਹਾਸ 22:5 ਪੜ੍ਹੋ। ਦਾਊਦ ਨੇ ਸ਼ਾਇਦ ਸੋਚਿਆ ਹੋਵੇ ਕਿ ਸੁਲੇਮਾਨ ਇਸ ਅਹਿਮ ਕੰਮ ਦੀ ਅਗਵਾਈ ਕਰਨ ਦੇ ਕਾਬਲ ਨਹੀਂ ਸੀ। ਇਹ ਮੰਦਰ ਬਹੁਤ ਜ਼ਿਆਦਾ ਸ਼ਾਨਦਾਰ ਹੋਣਾ ਸੀ ਅਤੇ ਸੁਲੇਮਾਨ “ਇਆਣਾ ਅਤੇ ਬਾਲਕ” ਸੀ। ਪਰ ਦਾਊਦ ਜਾਣਦਾ ਸੀ ਕਿ ਯਹੋਵਾਹ ਸੁਲੇਮਾਨ ਦੀ ਇਹ ਖ਼ਾਸ ਕੰਮ ਕਰਨ ਵਿਚ ਮਦਦ ਕਰੇਗਾ। ਸੋ ਇਸ ਵੱਡੇ ਕੰਮ ਦੀ ਤਿਆਰੀ ਕਰਨ ਲਈ ਦਾਊਦ ਜੋ ਮਦਦ ਕਰ ਸਕਦਾ ਸੀ, ਉਸ ਨੇ ਉਹ ਸਭ ਕੀਤਾ।
“ਉਹ ਗੱਲਾਂ ਤੂੰ ਵਫ਼ਾਦਾਰ ਭਰਾਵਾਂ ਨੂੰ ਸੌਂਪ”
7 ਦਾਊਦ ਦਿਲੋਂ ਯਹੋਵਾਹ ਲਈ ਮੰਦਰ ਬਣਾਉਣਾ ਚਾਹੁੰਦਾ ਸੀ, ਇਸ ਲਈ ਸ਼ਾਇਦ ਉਹ ਬਹੁਤ ਜ਼ਿਆਦਾ ਦੁਖੀ ਹੋਇਆ ਹੋਣਾ। ਪਰ ਫਿਰ ਵੀ ਉਸ ਨੇ ਮੰਦਰ ਬਣਾਉਣ ਦੇ ਕੰਮ ਦਾ ਪੂਰੀ ਤਰ੍ਹਾਂ ਸਮਰਥਨ ਕੀਤਾ ਜੋ ਉਸ ਦੇ ਮੁੰਡੇ ਸੁਲੇਮਾਨ ਨੇ ਬਣਾਉਣਾ ਸੀ। ਦਾਊਦ ਨੇ ਕਾਮਿਆਂ ਨੂੰ ਇਕੱਠਿਆਂ ਕਰਨ ਵਿਚ ਮਦਦ ਕੀਤੀ। ਨਾਲੇ ਉਸ ਨੇ ਲੋਹਾ, ਤਾਂਬਾ, ਚਾਂਦੀ, ਸੋਨਾ ਅਤੇ ਲੱਕੜ ਵੀ ਇਕੱਠੀ ਕੀਤੀ। ਉਸ ਨੂੰ ਇਸ ਗੱਲ ਦੀ ਚਿੰਤਾ ਨਹੀਂ ਸੀ ਕਿ ਮੰਦਰ ਬਣਾਉਣ ਦੇ ਕੰਮ ਦਾ ਸਿਹਰਾ ਕਿਸ ਨੂੰ ਦਿੱਤਾ ਜਾਵੇਗਾ। ਦਰਅਸਲ, ਇਹ ਮੰਦਰ ਸੁਲੇਮਾਨ ਦੇ ਮੰਦਰ ਵਜੋਂ ਜਾਣਿਆ ਜਾਣ ਲੱਗਾ। ਨਾਲੇ ਦਾਊਦ ਨੇ ਸੁਲੇਮਾਨ ਨੂੰ ਹੱਲਾਸ਼ੇਰੀ ਦਿੱਤੀ: “ਹੁਣ ਹੇ ਮੇਰੇ ਪੁੱਤ੍ਰ, ਯਹੋਵਾਹ ਤੇਰੇ ਅੰਗ ਸੰਗ ਰਹੇ, ਜੋ ਤੂੰ ਭਾਗਵਾਨ ਹੋਵੇਂ ਅਰ ਯਹੋਵਾਹ ਆਪਣੇ ਪਰਮੇਸ਼ੁਰ ਦੇ ਭਵਨ ਨੂੰ ਬਣਾਵੇਂ, ਜਿਵੇਂ ਉਸ ਨੇ ਤੇਰੇ ਲਈ ਆਖਿਆ ਹੈ।”—1 ਇਤ. 22:11, 14-16.
ਮਾਪਿਓ—ਆਪਣੇ ਬੱਚਿਆਂ ਦੀ ਬਪਤਿਸਮਾ ਲੈਣ ਵਿਚ ਮਦਦ ਕਰੋ
14 ਜਦੋਂ ਮਾਪੇ ਆਪਣੇ ਬੱਚਿਆਂ ਦੀ ਬਪਤਿਸਮੇ ਤਕ ਪਹੁੰਚਣ ਵਿਚ ਮਦਦ ਕਰਦੇ ਹਨ, ਤਾਂ ਮਾਪਿਆਂ ਦੁਆਰਾ ਯਹੋਵਾਹ ਦੀ ਸੇਵਾ ਵਿਚ ਰੱਖੇ ਟੀਚਿਆਂ ਦੀ ਬਜ਼ੁਰਗ ਤਾਰੀਫ਼ ਕਰ ਸਕਦੇ ਹਨ। ਇਕ ਭੈਣ ਦੱਸਦੀ ਹੈ ਕਿ ਜਦੋਂ ਉਹ ਛੇ ਸਾਲਾਂ ਦੀ ਸੀ, ਤਾਂ ਭਰਾ ਰਸਲ ਨੇ ਉਸ ਨਾਲ ਗੱਲ ਕੀਤੀ। ਉਸ ਨੇ ਦੱਸਿਆ: “ਉਨ੍ਹਾਂ ਨੇ ਯਹੋਵਾਹ ਦੀ ਸੇਵਾ ਵਿਚ ਰੱਖੇ ਮੇਰੇ ਟੀਚਿਆਂ ਬਾਰੇ 15 ਮਿੰਟ ਤਕ ਮੇਰੇ ਨਾਲ ਗੱਲ ਕੀਤੀ।” ਇਸ ਦਾ ਕੀ ਨਤੀਜਾ ਨਿਕਲਿਆ? ਬਾਅਦ ਵਿਚ ਇਹ ਭੈਣ ਪਾਇਨੀਅਰਿੰਗ ਕਰਨ ਲੱਗ ਪਈ ਅਤੇ ਉਸ ਨੇ 70 ਤੋਂ ਜ਼ਿਆਦਾ ਸਾਲਾਂ ਤਕ ਪਾਇਨੀਅਰਿੰਗ ਕੀਤੀ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਹੱਲਾਸ਼ੇਰੀ ਅਤੇ ਵਧੀਆ ਸ਼ਬਦਾਂ ਦਾ ਇਕ ਵਿਅਕਤੀ ਦੀ ਸਾਰੀ ਜ਼ਿੰਦਗੀ ʼਤੇ ਅਸਰ ਪੈ ਸਕਦਾ ਹੈ। (ਕਹਾ. 25:11) ਨਾਲੇ ਬਜ਼ੁਰਗ ਕਿੰਗਡਮ ਹਾਲ ਵਿਚ ਚੱਲ ਰਹੇ ਕੰਮਾਂ ਵਿਚ ਮਦਦ ਕਰਨ ਲਈ ਮਾਪਿਆਂ ਅਤੇ ਬੱਚਿਆਂ ਨੂੰ ਵੀ ਬੁਲਾ ਸਕਦੇ ਹਨ। ਉਹ ਬੱਚਿਆਂ ਨੂੰ ਉਨ੍ਹਾਂ ਦੀ ਉਮਰ ਅਤੇ ਕਾਬਲੀਅਤ ਮੁਤਾਬਕ ਕੰਮ ਦੇ ਸਕਦੇ ਹਨ।
15 ਮੰਡਲੀ ਦੇ ਹੋਰ ਭੈਣ-ਭਰਾ ਕਿਵੇਂ ਮਦਦ ਕਰ ਸਕਦੇ ਹਨ? ਉਹ ਛੋਟੇ ਬੱਚਿਆਂ ਵਿਚ ਢੁਕਵੀਂ ਦਿਲਚਸਪੀ ਲੈ ਸਕਦੇ ਹਨ। ਮਿਸਾਲ ਲਈ, ਉਹ ਧਿਆਨ ਦੇ ਸਕਦੇ ਹਨ ਕਿ ਬੱਚੇ ਯਹੋਵਾਹ ਦੇ ਹੋਰ ਨੇੜੇ ਜਾਣ ਲਈ ਕੀ ਕਰ ਰਹੇ ਹਨ। ਕੀ ਬੱਚੇ ਨੇ ਸਭਾ ਵਿਚ ਵਧੀਆ ਜਵਾਬ ਦਿੱਤਾ ਜਾਂ ਕੀ ਉਸ ਨੇ ਹਫ਼ਤੇ ਦੌਰਾਨ ਹੋਣ ਵਾਲੀ ਸਭਾ ਵਿਚ ਕੋਈ ਭਾਗ ਪੇਸ਼ ਕੀਤਾ? ਕੀ ਉਸ ਨੇ ਸਕੂਲ ਵਿਚ ਕਿਸੇ ਨੂੰ ਗਵਾਹੀ ਦਿੱਤੀ ਸੀ ਜਾਂ ਕੀ ਉਸ ਨੇ ਉਦੋਂ ਸਹੀ ਕਦਮ ਚੁੱਕਿਆ ਸੀ ਜਦੋਂ ਉਸ ਨੂੰ ਗ਼ਲਤ ਕੰਮ ਕਰਨ ਲਈ ਭਰਮਾਇਆ ਗਿਆ ਸੀ? ਜੇ ਹਾਂ, ਤਾਂ ਉਸ ਦੀ ਤਾਰੀਫ਼ ਕਰਨ ਵਿਚ ਢਿੱਲ ਨਾ ਕਰੋ। ਅਸੀਂ ਸਭਾ ਤੋਂ ਪਹਿਲਾਂ ਅਤੇ ਬਾਅਦ ਵਿਚ ਬੱਚਿਆਂ ਨਾਲ ਗੱਲ ਕਰਨ ਦਾ ਟੀਚਾ ਰੱਖ ਸਕਦੇ ਹਾਂ। ਜਦੋਂ ਅਸੀਂ ਇੱਦਾਂ ਕਰਾਂਗੇ, ਤਾਂ ਉਨ੍ਹਾਂ ਨੂੰ ਲੱਗੇਗਾ ਕਿ ਉਹ “ਮਹਾ ਸਭਾ” ਯਾਨੀ ਮੰਡਲੀ ਦਾ ਹਿੱਸਾ ਹਨ।—ਜ਼ਬੂ. 35:18.
ਹੀਰੇ-ਮੋਤੀ
ਇਤਹਾਸ ਦੀ ਪਹਿਲੀ ਪੋਥੀ ਦੇ ਕੁਝ ਖ਼ਾਸ ਨੁਕਤੇ
21:13-15. ਯਹੋਵਾਹ ਨੇ ਦੂਤ ਨੂੰ ਬਿਪਤਾ ਰੋਕਣ ਲਈ ਕਿਹਾ ਕਿਉਂਕਿ ਉਹ ਆਪਣੇ ਲੋਕਾਂ ਦੇ ਦੁੱਖ ਮਹਿਸੂਸ ਕਰਦਾ। ਬਾਈਬਲ ਕਹਿੰਦੀ ਹੈ ਕਿ “ਉਸ ਦੀਆਂ ਦਯਾਂ ਬਹੁਤ ਵਡੀਆਂ ਹਨ।”