ਇਕੱਠਿਆਂ ਸ਼ੈਤਾਨ ਦੀ ਦੁਨੀਆਂ ਦੇ ਅੰਤ ਦਾ ਸਾਮ੍ਹਣਾ ਕਰੋ
“ਅਸੀਂ ਇੱਕੋ ਸਰੀਰ ਦੇ ਅੰਗ ਹਾਂ।”—ਅਫ਼. 4:25.
1, 2. ਯਹੋਵਾਹ ਆਪਣੇ ਹਰ ਉਮਰ ਦੇ ਭਗਤਾਂ ਲਈ ਕੀ ਚਾਹੁੰਦਾ ਹੈ?
ਕੀ ਤੁਸੀਂ ਨੌਜਵਾਨ ਹੋ? ਜੇ ਹਾਂ, ਤਾਂ ਯਕੀਨ ਰੱਖੋ ਕਿ ਤੁਸੀਂ ਯਹੋਵਾਹ ਦੇ ਸੰਗਠਨ ਦਾ ਅਹਿਮ ਹਿੱਸਾ ਹੋ। ਕਈ ਦੇਸ਼ਾਂ ਵਿਚ ਬਪਤਿਸਮਾ ਲੈਣ ਵਾਲੇ ਜ਼ਿਆਦਾਤਰ ਨੌਜਵਾਨ ਹੁੰਦੇ ਹਨ। ਇੰਨੇ ਸਾਰੇ ਨੌਜਵਾਨਾਂ ਨੂੰ ਯਹੋਵਾਹ ਦੀ ਸੇਵਾ ਕਰਦਿਆਂ ਦੇਖ ਕੇ ਕਿੰਨੀ ਖ਼ੁਸ਼ੀ ਮਿਲਦੀ ਹੈ!
2 ਨੌਜਵਾਨੋ, ਕੋਈ ਸ਼ੱਕ ਨਹੀਂ ਕਿ ਤੁਹਾਨੂੰ ਆਪਣੇ ਸਾਥੀਆਂ ਨਾਲ ਸਮਾਂ ਬਿਤਾ ਕੇ ਚੰਗਾ ਲੱਗਦਾ ਹੈ। ਆਪਣੇ ਦੋਸਤਾਂ ਨਾਲ ਸੰਗਤ ਕਰ ਕੇ ਸਾਨੂੰ ਸਾਰਿਆਂ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਚਾਹੇ ਅਸੀਂ ਕਿਸੇ ਵੀ ਉਮਰ ਜਾਂ ਪਿਛੋਕੜ ਦੇ ਹੋਈਏ, ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਇਕ ਮਨ ਹੋ ਕੇ ਉਸ ਦੀ ਭਗਤੀ ਕਰੀਏ। ਪੌਲੁਸ ਰਸੂਲ ਨੇ ਲਿਖਿਆ ਸੀ ਕਿ ਯਹੋਵਾਹ ਦੀ ਇਹੋ ਇੱਛਾ ਹੈ ਕਿ “ਹਰ ਤਰ੍ਹਾਂ ਦੇ ਲੋਕ ਬਚਾਏ ਜਾਣ ਅਤੇ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ।” (1 ਤਿਮੋ. 2:3, 4) ਪ੍ਰਕਾਸ਼ ਦੀ ਕਿਤਾਬ 7:9 ਵਿਚ ਪਰਮੇਸ਼ੁਰ ਦੇ ਸੇਵਕਾਂ ਬਾਰੇ ਦੱਸਿਆ ਗਿਆ ਹੈ ਕਿ ਉਹ “ਸਾਰੀਆਂ ਕੌਮਾਂ, ਕਬੀਲਿਆਂ, ਨਸਲਾਂ ਅਤੇ ਬੋਲੀਆਂ ਦੇ ਲੋਕਾਂ” ਤੋਂ ਹੋਣਗੇ।
3, 4. (ੳ) ਬਹੁਤ ਸਾਰੇ ਨੌਜਵਾਨ ਕਿਹੋ ਜਿਹਾ ਰਵੱਈਆ ਦਿਖਾਉਂਦੇ ਹਨ? (ਅ) ਅਫ਼ਸੀਆਂ 4:25 ਮੁਤਾਬਕ ਸਾਡਾ ਰਵੱਈਆ ਕੀ ਹੋਣਾ ਚਾਹੀਦਾ ਹੈ?
3 ਯਹੋਵਾਹ ਦੇ ਨੌਜਵਾਨ ਸੇਵਕਾਂ ਅਤੇ ਇਸ ਦੁਨੀਆਂ ਦੇ ਨੌਜਵਾਨਾਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ! ਯਹੋਵਾਹ ਦੀ ਸੇਵਾ ਨਾ ਕਰਨ ਵਾਲੇ ਜ਼ਿਆਦਾਤਰ ਲੋਕ ਬਸ ਆਪਣੇ ਬਾਰੇ ਹੀ ਸੋਚਦੇ ਹਨ ਅਤੇ ਉਨ੍ਹਾਂ ਦਾ ਧਿਆਨ ਆਪਣੀਆਂ ਇੱਛਾਵਾਂ ਪੂਰੀਆਂ ਕਰਨ ʼਤੇ ਹੁੰਦਾ ਹੈ। ਕੁਝ ਵਿਦਵਾਨਾਂ ਨੇ ਕਿਹਾ ਹੈ ਕਿ ਅੱਜ ਦੇ ਨੌਜਵਾਨ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖ਼ੁਦਗਰਜ਼ ਬਣ ਗਏ ਹਨ। ਉਨ੍ਹਾਂ ਦੇ ਗੱਲ ਕਰਨ ਦੇ ਤਰੀਕੇ ਅਤੇ ਪਹਿਰਾਵੇ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਉਹ ਕਿਸੇ ਦਾ ਵੀ ਆਦਰ ਨਹੀਂ ਕਰਦੇ, ਖ਼ਾਸ ਕਰਕੇ ਆਪਣੇ ਤੋਂ ਵੱਡੀ ਉਮਰ ਦੇ ਲੋਕਾਂ ਦਾ।
4 ਇਹ ਰਵੱਈਆ ਹਰ ਪਾਸੇ ਹਵਾ ਵਾਂਗ ਫੈਲਿਆ ਹੋਇਆ ਹੈ। ਇਸ ਲਈ ਯਹੋਵਾਹ ਦੇ ਨੌਜਵਾਨ ਸੇਵਕਾਂ ਨੂੰ ਇਸ ਤੋਂ ਬਚਣ ਲਈ ਅਤੇ ਪਰਮੇਸ਼ੁਰ ਦੇ ਨਜ਼ਰੀਏ ਨੂੰ ਅਪਣਾਉਣ ਲਈ ਜੱਦੋ-ਜਹਿਦ ਕਰਨੀ ਪੈਂਦੀ ਹੈ। ਪਹਿਲੀ ਸਦੀ ਵਿਚ ਵੀ ਪੌਲੁਸ ਨੇ ਕਿਹਾ ਸੀ ਕਿ “ਅਣਆਗਿਆਕਾਰ ਲੋਕਾਂ ਉੱਤੇ ਇਸ ਸੋਚ ਦਾ ਅਸਰ ਦਿਖਾਈ ਦਿੰਦਾ ਹੈ।” ਉਸ ਨੇ ਭੈਣਾਂ-ਭਰਾਵਾਂ ਨੂੰ ਇਹ ਸਲਾਹ ਦੇਣੀ ਜ਼ਰੂਰੀ ਸਮਝੀ ਕਿ ਉਹ ਇਸ ਸੋਚ ਜਾਂ ਰਵੱਈਏ ਤੋਂ ਬਚਣ ਜਿਸ ਮੁਤਾਬਕ ‘ਉਹ ਪਹਿਲਾਂ ਚੱਲਦੇ ਸਨ।’ (ਅਫ਼ਸੀਆਂ 2:1-3 ਪੜ੍ਹੋ।) ਜਿਹੜੇ ਨੌਜਵਾਨ ਇਸ ਰਵੱਈਏ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਹਨ ਅਤੇ ਆਪਣੇ ਭੈਣਾਂ-ਭਰਾਵਾਂ ਨਾਲ ਮਿਲ ਕੇ ਭਗਤੀ ਕਰਦੇ ਹਨ, ਉਹ ਤਾਰੀਫ਼ ਦੇ ਲਾਇਕ ਹਨ। ਇਸ ਤਰ੍ਹਾਂ ਉਹ ਇਸ ਗੱਲ ਦਾ ਸਬੂਤ ਦਿੰਦੇ ਹਨ ਕਿ ‘ਉਹ ਇੱਕੋ ਸਰੀਰ ਦੇ ਅੰਗ ਹਨ।’ (ਅਫ਼. 4:25) ਜਿੱਦਾਂ-ਜਿੱਦਾਂ ਸ਼ੈਤਾਨ ਦੀ ਦੁਨੀਆਂ ਦਾ ਅੰਤ ਨੇੜੇ ਆ ਰਿਹਾ ਹੈ, ਉੱਦਾਂ-ਉੱਦਾਂ ਸਾਨੂੰ ਆਪਣੇ ਭੈਣਾਂ-ਭਰਾਵਾਂ ਨਾਲ ਏਕਤਾ ਵਿਚ ਬੱਝੇ ਰਹਿਣ ਦੀ ਪਹਿਲਾਂ ਨਾਲੋਂ ਜ਼ਿਆਦਾ ਲੋੜ ਹੈ। ਆਓ ਆਪਾਂ ਬਾਈਬਲ ਦੀਆਂ ਕੁਝ ਮਿਸਾਲਾਂ ʼਤੇ ਗੌਰ ਕਰੀਏ ਜਿਨ੍ਹਾਂ ਦੀ ਮਦਦ ਨਾਲ ਅਸੀਂ ਇਕ-ਦੂਜੇ ਨਾਲ ਏਕਤਾ ਦੇ ਬੰਧਨ ਵਿਚ ਬੱਝੇ ਰਹਿ ਸਕਦੇ ਹਾਂ।
ਉਨ੍ਹਾਂ ਨੇ ਇਕ-ਦੂਜੇ ਦਾ ਸਾਥ ਨਹੀਂ ਛੱਡਿਆ
5, 6. ਇਕ-ਦੂਜੇ ਦਾ ਸਾਥ ਨਾ ਛੱਡਣ ਬਾਰੇ ਅਸੀਂ ਲੂਤ ਅਤੇ ਉਸ ਦੀਆਂ ਧੀਆਂ ਤੋਂ ਕਿਹੜਾ ਸਬਕ ਸਿੱਖਦੇ ਹਾਂ?
5 ਪੁਰਾਣੇ ਜ਼ਮਾਨੇ ਵਿਚ ਜਦੋਂ ਯਹੋਵਾਹ ਦੇ ਲੋਕ ਔਖੀਆਂ ਘੜੀਆਂ ਵਿਚ ਇਕ-ਦੂਜੇ ਦਾ ਸਾਥ ਦਿੰਦੇ ਸਨ, ਤਾਂ ਉਹ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਦੀ ਹਿਫਾਜ਼ਤ ਕਰਦਾ ਸੀ। ਅੱਜ ਪਰਮੇਸ਼ੁਰ ਦਾ ਹਰ ਉਮਰ ਦਾ ਸੇਵਕ ਬਾਈਬਲ ਦੀਆਂ ਮਿਸਾਲਾਂ ਤੋਂ ਸਿੱਖ ਸਕਦਾ ਹੈ। ਆਓ ਆਪਾਂ ਲੂਤ ਦੀ ਮਿਸਾਲ ʼਤੇ ਗੌਰ ਕਰੀਏ।
6 ਲੂਤ ਅਤੇ ਉਸ ਦੇ ਪਰਿਵਾਰ ਦੀ ਜਾਨ ਖ਼ਤਰੇ ਵਿਚ ਸੀ ਕਿਉਂਕਿ ਯਹੋਵਾਹ ਸਦੂਮ ਸ਼ਹਿਰ ਨੂੰ ਤਬਾਹ ਕਰਨ ਵਾਲਾ ਸੀ ਜਿੱਥੇ ਉਨ੍ਹਾਂ ਦਾ ਘਰ ਸੀ। ਪਰਮੇਸ਼ੁਰ ਨੇ ਲੂਤ ਕੋਲ ਦੂਤ ਭੇਜ ਕੇ ਉਸ ਨੂੰ ਚੇਤਾਵਨੀ ਦਿੱਤੀ ਕਿ ਉਹ ਸ਼ਹਿਰ ਛੱਡ ਕੇ ਪਹਾੜੀ ਇਲਾਕੇ ਵਿਚ ਜਾ ਕੇ ਆਪਣੀ ਜਾਨ ਬਚਾ ਲਵੇ। ਦੂਤਾਂ ਨੇ ਉਸ ਨੂੰ ਕਿਹਾ: “ਆਪਣੀ ਜਾਨ ਲੈਕੇ ਭੱਜ ਜਾਹ।” (ਉਤ. 19:12-22) ਲੂਤ ਅਤੇ ਉਸ ਦੀਆਂ ਦੋਵੇਂ ਧੀਆਂ ਨੇ ਕਹਿਣਾ ਮੰਨ ਕੇ ਸ਼ਹਿਰ ਛੱਡ ਦਿੱਤਾ। ਪਰ ਅਫ਼ਸੋਸ ਦੀ ਗੱਲ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਕੁਝ ਰਿਸ਼ਤੇਦਾਰਾਂ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ। ਜਿਨ੍ਹਾਂ ਆਦਮੀਆਂ ਨਾਲ ਲੂਤ ਦੀਆਂ ਧੀਆਂ ਦੀ ਮੰਗਣੀ ਹੋਈ ਸੀ, ਉਨ੍ਹਾਂ ਨੂੰ ਲੂਤ “ਮਖੌਲੀਆ ਜਿਹਾ ਜਾਪਿਆ।” ਨਤੀਜੇ ਵਜੋਂ, ਉਹ ਆਪਣੀ ਜਾਨ ਤੋਂ ਹੱਥ ਧੋ ਬੈਠੇ! (ਉਤ. 19:14) ਸਿਰਫ਼ ਲੂਤ ਅਤੇ ਉਸ ਦੀਆਂ ਧੀਆਂ ਬਚ ਗਏ ਕਿਉਂਕਿ ਉਨ੍ਹਾਂ ਨੇ ਇਕ-ਦੂਜੇ ਦਾ ਸਾਥ ਨਹੀਂ ਛੱਡਿਆ।
7. ਮਿਸਰ ਛੱਡਣ ਵੇਲੇ ਇਜ਼ਰਾਈਲੀਆਂ ਦੀ ਏਕਤਾ ਦੇਖ ਕੇ ਯਹੋਵਾਹ ਨੇ ਉਨ੍ਹਾਂ ਦੀ ਮਦਦ ਕਿਵੇਂ ਕੀਤੀ?
7 ਇਕ ਹੋਰ ਮਿਸਾਲ ʼਤੇ ਗੌਰ ਕਰੋ। ਜਦੋਂ ਇਜ਼ਰਾਈਲੀਆਂ ਨੇ ਮਿਸਰ ਛੱਡਿਆ, ਤਾਂ ਉਹ ਵੱਖੋ-ਵੱਖਰੀਆਂ ਟੋਲੀਆਂ ਬਣਾ ਕੇ ਆਪੋ-ਆਪਣੇ ਰਾਹ ਨਹੀਂ ਗਏ। ਨਾਲੇ ਜਦੋਂ “ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕੀਤਾ” ਅਤੇ ਯਹੋਵਾਹ ਨੇ ਸਮੁੰਦਰ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ, ਤਾਂ ਮੂਸਾ ਇਕੱਲਾ ਜਾਂ ਕੁਝ ਕੁ ਇਜ਼ਰਾਈਲੀਆਂ ਨੂੰ ਨਾਲ ਲੈ ਕੇ ਨਹੀਂ ਲੰਘਿਆ। ਇਸ ਦੇ ਉਲਟ, ਸਾਰੇ ਲੋਕ ਇਕੱਠੇ ਲੰਘੇ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਬਚਾਇਆ। (ਕੂਚ 14:21, 22, 29, 30) ਉਨ੍ਹਾਂ ਨੇ ਇਕ-ਦੂਜੇ ਦਾ ਸਾਥ ਦਿੱਤਾ ਅਤੇ ਉਨ੍ਹਾਂ ਨਾਲ ਗ਼ੈਰ-ਯਹੂਦੀਆਂ ਦੀ ਇਕ “ਮਿਲੀ ਜੁਲੀ ਭੀੜ” ਵੀ ਸੀ। (ਕੂਚ 12:38) ਇਹ ਕਿੰਨੀ ਮੂਰਖਤਾ ਦੀ ਗੱਲ ਹੁੰਦੀ ਜੇ ਕੁਝ ਲੋਕ ਜਾਂ ਨੌਜਵਾਨ ਅਲੱਗ ਹੋ ਕੇ ਆਪੋ-ਆਪਣਾ ਰਾਹ ਫੜ ਲੈਂਦੇ। ਜੇ ਕਿਸੇ ਨੇ ਇਸ ਤਰ੍ਹਾਂ ਕੀਤਾ ਹੁੰਦਾ, ਤਾਂ ਯਹੋਵਾਹ ਨੇ ਉਨ੍ਹਾਂ ਦੀ ਹਿਫਾਜ਼ਤ ਨਹੀਂ ਕਰਨੀ ਸੀ।—1 ਕੁਰਿੰ. 10:1.
8. ਯਹੋਸ਼ਾਫ਼ਾਟ ਦੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਲੋਕਾਂ ਨੇ ਏਕਤਾ ਕਿਵੇਂ ਦਿਖਾਈ?
8 ਰਾਜਾ ਯਹੋਸ਼ਾਫ਼ਾਟ ਦੇ ਜ਼ਮਾਨੇ ਵਿਚ ਆਲੇ-ਦੁਆਲੇ ਦੇ ਇਲਾਕਿਆਂ ਤੋਂ “ਇੱਕ ਵੱਡਾ ਭਾਰੀ ਦਲ” ਪਰਮੇਸ਼ੁਰ ਦੇ ਲੋਕਾਂ ʼਤੇ ਹਮਲਾ ਕਰਨ ਆਇਆ। (2 ਇਤ. 20:1, 2) ਇਹ ਚੰਗੀ ਗੱਲ ਹੈ ਕਿ ਪਰਮੇਸ਼ੁਰ ਦੇ ਸੇਵਕਾਂ ਨੇ ਦੁਸ਼ਮਣ ਫ਼ੌਜ ਦਾ ਸਾਮ੍ਹਣਾ ਆਪਣੀ ਤਾਕਤ ਨਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦੀ ਬਜਾਇ, ਉਹ ਮਦਦ ਲਈ ਯਹੋਵਾਹ ਕੋਲ ਗਏ। (2 ਇਤਹਾਸ 20:3, 4 ਪੜ੍ਹੋ।) ਧਿਆਨ ਦਿਓ ਕਿ ਹਰ ਇਜ਼ਰਾਈਲੀ ਨੇ ਇਕੱਲੇ-ਇਕੱਲੇ ਨੇ ਮਦਦ ਨਹੀਂ ਮੰਗੀ। ਬਾਈਬਲ ਦੱਸਦੀ ਹੈ: “ਸਾਰੇ ਯਹੂਦੀ ਯਹੋਵਾਹ ਦੇ ਅੱਗੇ ਸਣੇ ਬੱਚਿਆਂ, ਤੀਵੀਆਂ ਅਤੇ ਪੁੱਤ੍ਰਾਂ ਦੇ ਖਲੋਤੇ ਰਹੇ।” (2 ਇਤ. 20:13) ਛੋਟੇ-ਵੱਡੇ ਸਾਰੇ ਨਿਹਚਾ ਨਾਲ ਯਹੋਵਾਹ ਦੀ ਸੇਧ ਮੁਤਾਬਕ ਚੱਲੇ ਜਿਸ ਕਰਕੇ ਯਹੋਵਾਹ ਨੇ ਦੁਸ਼ਮਣਾਂ ਤੋਂ ਉਨ੍ਹਾਂ ਨੂੰ ਬਚਾਇਆ। (2 ਇਤ. 20:20-27) ਇਹ ਕਿੰਨੀ ਵਧੀਆ ਮਿਸਾਲ ਹੈ ਜਿਸ ਤੋਂ ਯਹੋਵਾਹ ਦੇ ਲੋਕ ਰਲ਼ ਕੇ ਕਿਸੇ ਮੁਸ਼ਕਲ ਦਾ ਸਾਮ੍ਹਣਾ ਕਰਨ ਬਾਰੇ ਸਿੱਖ ਸਕਦੇ ਹਨ।
9. ਅਸੀਂ ਪਹਿਲੀ ਸਦੀ ਦੇ ਮਸੀਹੀਆਂ ਤੋਂ ਕੀ ਸਿੱਖ ਸਕਦੇ ਹਾਂ?
9 ਪਹਿਲੀ ਸਦੀ ਦੇ ਮਸੀਹੀ ਵੀ ਇਕੱਠੇ ਹੋ ਕੇ ਸ਼ਾਂਤੀ ਨਾਲ ਯਹੋਵਾਹ ਦੀ ਭਗਤੀ ਕਰਦੇ ਸਨ। ਮਿਸਾਲ ਲਈ, ਬਹੁਤ ਸਾਰੇ ਯਹੂਦੀ ਅਤੇ ਗ਼ੈਰ-ਯਹੂਦੀ ਲੋਕ ਮਸੀਹੀ ਬਣੇ ਅਤੇ ਉਹ “ਰਸੂਲਾਂ ਤੋਂ ਸਿੱਖਿਆ ਲੈਣ ਵਿਚ, ਆਪਣਾ ਸਭ ਕੁਝ ਦੂਸਰਿਆਂ ਨਾਲ ਸਾਂਝਾ ਕਰਨ ਵਿਚ, ਰਲ਼ ਕੇ ਭੋਜਨ ਕਰਨ ਅਤੇ ਪ੍ਰਾਰਥਨਾ ਕਰਨ ਵਿਚ ਲੱਗੇ ਰਹੇ।” (ਰਸੂ. 2:42) ਅਜ਼ਮਾਇਸ਼ਾਂ ਵੇਲੇ ਉਨ੍ਹਾਂ ਦਾ ਏਕਤਾ ਦਾ ਬੰਧਨ ਹੋਰ ਵੀ ਮਜ਼ਬੂਤ ਹੋਇਆ ਕਿਉਂਕਿ ਉਸ ਸਮੇਂ ਉਨ੍ਹਾਂ ਨੂੰ ਇਕ-ਦੂਜੇ ਦੀ ਸਖ਼ਤ ਜ਼ਰੂਰਤ ਸੀ। (ਰਸੂ. 4:23, 24) ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋ ਕਿ ਇਨ੍ਹਾਂ ਮੁਸ਼ਕਲ ਸਮਿਆਂ ਵਿਚ ਇਕ-ਦੂਜੇ ਦਾ ਸਾਥ ਦੇਣਾ ਸਾਡੇ ਲਈ ਕਿੰਨਾ ਜ਼ਰੂਰੀ ਹੈ?
ਯਹੋਵਾਹ ਦਾ ਦਿਨ ਆਉਣ ਤੋਂ ਪਹਿਲਾਂ ਇਕ-ਮੁੱਠ ਹੋਵੋ
10. ਸਾਡੇ ਲਈ ਇਕ-ਮੁੱਠ ਹੋਣਾ ਪਹਿਲਾਂ ਨਾਲੋਂ ਵੀ ਜ਼ਿਆਦਾ ਜ਼ਰੂਰੀ ਕਦੋਂ ਹੋਵੇਗਾ?
10 ਇਤਿਹਾਸ ਦੀ ਸਭ ਤੋਂ ਔਖੀ ਘੜੀ ਦੇ ਕਾਲੇ ਬੱਦਲ ਛਾਣ ਵਾਲੇ ਹਨ। ਯੋਏਲ ਨਬੀ ਇਸ ਨੂੰ “ਅਨ੍ਹੇਰੇ ਅਰ ਅੰਧਕਾਰ ਦਾ ਦਿਨ” ਕਹਿੰਦਾ ਹੈ। (ਯੋਏ. 2:1, 2; ਸਫ਼. 1:14) ਇਸ ਕਰਕੇ ਉਦੋਂ ਪਰਮੇਸ਼ੁਰ ਦੇ ਲੋਕਾਂ ਲਈ ਇਕ-ਮੁੱਠ ਹੋਣਾ ਹੋਰ ਵੀ ਜ਼ਰੂਰੀ ਹੋਵੇਗਾ। ਜ਼ਰਾ ਯਿਸੂ ਦੇ ਸ਼ਬਦ ਯਾਦ ਕਰੋ: “ਜਿਸ ਰਾਜ ਵਿਚ ਫੁੱਟ ਪੈ ਜਾਵੇ, ਉਹ ਬਰਬਾਦ ਹੋ ਜਾਂਦਾ ਹੈ।”—ਮੱਤੀ 12:25.
11. ਜ਼ਬੂਰਾਂ ਦੀ ਪੋਥੀ 122:3, 4 ਵਿਚ ਲਿਖੀ ਗੱਲ ਅੱਜ ਪਰਮੇਸ਼ੁਰ ਦੇ ਲੋਕਾਂ ਉੱਤੇ ਕਿਵੇਂ ਢੁਕਦੀ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
11 ਬਹੁਤ ਜਲਦ ਇਸ ਦੁਨੀਆਂ ਉੱਤੇ ਮੁਸ਼ਕਲ ਸਮਾਂ ਆਉਣ ਵਾਲਾ ਹੈ ਜਿਸ ਦੌਰਾਨ ਸਾਨੂੰ ਇਕ-ਮੁੱਠ ਹੋਣਾ ਪਵੇਗਾ। ਪੁਰਾਣੇ ਯਰੂਸ਼ਲਮ ਵਿਚ ਜਿਸ ਤਰੀਕੇ ਨਾਲ ਘਰ ਬਣਾਏ ਜਾਂਦੇ ਸਨ, ਅਸੀਂ ਉਸ ਤੋਂ ਇਕ ਸਬਕ ਸਿੱਖ ਸਕਦੇ ਹਾਂ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਕਿ ਯਰੂਸ਼ਲਮ ਇਕ ‘ਸੰਘਣਾ ਸ਼ਹਿਰ’ ਸੀ। ਘਰ ਇਕ-ਦੂਜੇ ਦੇ ਬਿਲਕੁਲ ਨਾਲ-ਨਾਲ ਜੁੜੇ ਹੋਏ ਸਨ ਜਿਸ ਕਰਕੇ ਲੋਕ ਇਕ-ਦੂਜੇ ਦੀ ਮਦਦ ਅਤੇ ਹਿਫਾਜ਼ਤ ਕਰ ਸਕਦੇ ਸਨ। ਨਾਲੇ ਉਨ੍ਹਾਂ ਘਰਾਂ ਵੱਲ ਦੇਖ ਕੇ ਜ਼ਬੂਰਾਂ ਦੇ ਲਿਖਾਰੀ ਨੂੰ ਇਜ਼ਰਾਈਲ ਦੇ ਗੋਤਾਂ ਦੀ ਵੀ ਯਾਦ ਆਈ ਹੋਣੀ ਜੋ ਯਹੋਵਾਹ ਦੀ ਭਗਤੀ ਕਰਨ ਲਈ ਇਕ ਕੌਮ ਵਜੋਂ ਇਕੱਠੇ ਹੁੰਦੇ ਸਨ। (ਜ਼ਬੂਰਾਂ ਦੀ ਪੋਥੀ 122:3, 4 ਪੜ੍ਹੋ।) ਅੱਜ ਅਤੇ ਆਉਣ ਵਾਲੇ ਮੁਸ਼ਕਲ ਭਰੇ ਸਮਿਆਂ ਵਿਚ ਇਹ ਬਹੁਤ ਜ਼ਰੂਰੀ ਹੈ ਕਿ ਯਹੋਵਾਹ ਦੇ ਲੋਕ ਵੀ ਇਕ-ਦੂਜੇ ਦੇ ਕਰੀਬ ਰਹਿਣ।
12. ਕਿਹੜੀ ਗੱਲ ਪਰਮੇਸ਼ੁਰ ਦੇ ਲੋਕਾਂ ਨੂੰ ਆਉਣ ਵਾਲੇ ਹਮਲੇ ਤੋਂ ਬਚਾਉਣ ਵਿਚ ਮਦਦ ਕਰੇਗੀ?
12 ਖ਼ਾਸ ਕਰਕੇ ਭਵਿੱਖ ਵਿਚ ਸਾਨੂੰ ਇਕ-ਦੂਜੇ ਦੇ ਕਰੀਬ ਰਹਿਣ ਦੀ ਲੋੜ ਕਿਉਂ ਪਵੇਗੀ? ਹਿਜ਼ਕੀਏਲ ਦੇ 38ਵੇਂ ਅਧਿਆਇ ਵਿਚ ਭਵਿੱਖਬਾਣੀ ਕੀਤੀ ਗਈ ਹੈ ਕਿ ਪਰਮੇਸ਼ੁਰ ਦੇ ਲੋਕਾਂ ਉੱਤੇ “ਗੋਗ ਜਿਹੜਾ ਮਾਗੋਗ ਦੀ ਧਰਤੀ ਦਾ ਹੈ” ਹਮਲਾ ਕਰੇਗਾ। ਉਸ ਵੇਲੇ ਅਸੀਂ ਕਿਸੇ ਵੀ ਕਾਰਨ ਆਪਣੇ ਵਿਚ ਫੁੱਟ ਨਹੀਂ ਪੈਣ ਦੇਵਾਂਗੇ। ਉਸ ਸਮੇਂ ਅਸੀਂ ਸ਼ੈਤਾਨ ਦੀ ਦੁਨੀਆਂ ਤੋਂ ਮਦਦ ਮੰਗਣ ਦੀ ਗ਼ਲਤੀ ਨਹੀਂ ਕਰਾਂਗੇ। ਇਸ ਦੀ ਬਜਾਇ, ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਇਕ-ਮੁੱਠ ਹੋ ਕੇ ਰਹਾਂਗੇ। ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਡਾ ਬਚਾਅ ਸਿਰਫ਼ ਇਸ ਕਰਕੇ ਹੋਵੇਗਾ ਕਿਉਂਕਿ ਅਸੀਂ ਇਕ ਸਮੂਹ ਦਾ ਹਿੱਸਾ ਹਾਂ। ਸਾਡੇ ਵਿੱਚੋਂ ਹਰੇਕ ਨੂੰ ਯਹੋਵਾਹ ʼਤੇ ਭਰੋਸਾ ਰੱਖਣ ਅਤੇ ਉਸ ਦਾ ਕਹਿਣਾ ਮੰਨਣ ਦੀ ਲੋੜ ਹੈ। ਫਿਰ ਯਹੋਵਾਹ ਅਤੇ ਯਿਸੂ ਸਾਨੂੰ ਉਸ ਮੁਸ਼ਕਲ ਸਮੇਂ ਵਿੱਚੋਂ ਕੱਢ ਕੇ ਆਪਣੀ ਨਵੀਂ ਦੁਨੀਆਂ ਵਿਚ ਲੈ ਜਾਣਗੇ। (ਯੋਏ. 2:32; ਮੱਤੀ 28:20) ਪਰ ਸਾਨੂੰ ਸਾਰਿਆਂ ਨੂੰ ਪਰਮੇਸ਼ੁਰ ਦੇ ਲੋਕਾਂ ਨਾਲ ਇਕ-ਮੁੱਠ ਹੋ ਕੇ ਰਹਿਣਾ ਚਾਹੀਦਾ ਹੈ। ਤੁਹਾਨੂੰ ਕੀ ਲੱਗਦਾ ਕਿ ਜੇ ਹਰ ਕੋਈ ਆਪੋ-ਆਪਣਾ ਰਾਹ ਫੜ ਲਵੇਗਾ, ਤਾਂ ਯਹੋਵਾਹ ਉਸ ਨੂੰ ਬਚਾਵੇਗਾ?—ਮੀਕਾ. 2:12.
13. ਹੁਣ ਤਕ ਚਰਚਾ ਕੀਤੀਆਂ ਗੱਲਾਂ ਤੋਂ ਨੌਜਵਾਨ ਕਿਹੜੇ ਸਬਕ ਸਿੱਖ ਸਕਦੇ ਹਨ?
13 ਤਾਂ ਫਿਰ ਨੌਜਵਾਨੋ, ਕੀ ਤੁਸੀਂ ਦੇਖ ਸਕਦੇ ਹੋ ਕਿ ਦੁਨੀਆਂ ਦੇ ਨੌਜਵਾਨਾਂ ਦੇ ਪਿੱਛੇ ਚੱਲਣ ਦੀ ਬਜਾਇ ਆਪਣੇ ਭੈਣਾਂ-ਭਰਾਵਾਂ ਦੇ ਨੇੜੇ ਰਹਿਣਾ ਕਿੰਨੀ ਅਕਲਮੰਦੀ ਦੀ ਗੱਲ ਹੈ? ਉਹ ਸਮਾਂ ਆ ਰਿਹਾ ਹੈ ਜਦੋਂ ਸਾਨੂੰ ਛੋਟੇ-ਵੱਡੇ ਸਾਰਿਆਂ ਨੂੰ ਇਕ-ਦੂਜੇ ਦੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰਤ ਹੋਵੇਗੀ! ਜੀ ਹਾਂ, ਅੱਜ ਹੀ ਸਮਾਂ ਹੈ ਕਿ ਅਸੀਂ ਇਕ-ਦੂਜੇ ਨਾਲ ਮਿਲ ਕੇ ਸੇਵਾ ਕਰਨੀ ਸਿੱਖੀਏ ਅਤੇ ਏਕਤਾ ਵਿਚ ਬੱਝੇ ਰਹੀਏ ਤਾਂਕਿ ਆਉਣ ਵਾਲੇ ਸਮੇਂ ਵਿਚ ਸਾਡੀਆਂ ਜਾਨਾਂ ਬਚ ਸਕਣ।
“ਇੱਕੋ ਸਰੀਰ ਦੇ ਅੰਗ”
14, 15. (ੳ) ਯਹੋਵਾਹ ਕਿਸ ਮਕਸਦ ਨਾਲ ਹਰ ਉਮਰ ਦੇ ਮਸੀਹੀਆਂ ਨੂੰ ਸਿਖਲਾਈ ਦੇ ਰਿਹਾ ਹੈ? (ਅ) ਏਕਤਾ ਵਿਚ ਬੱਝੇ ਰਹਿਣ ਲਈ ਯਹੋਵਾਹ ਸਾਨੂੰ ਕਿਹੜੀ ਸਲਾਹ ਦਿੰਦਾ ਹੈ?
14 ਅੱਜ ਯਹੋਵਾਹ ਸਾਰਿਆਂ ਦੀ “ਇੱਕ ਮਨ ਹੋ ਕੇ” ਭਗਤੀ ਕਰਨ ਵਿਚ ਮਦਦ ਕਰ ਰਿਹਾ ਹੈ। (ਸਫ਼. 3:8, 9) ਉਹ ਸਾਨੂੰ ਆਉਣ ਵਾਲੇ ਸਮੇਂ ਲਈ ਸਿਖਲਾਈ ਦੇ ਰਿਹਾ ਹੈ ਜਦ ਉਹ ‘ਸਾਰੀਆਂ ਚੀਜ਼ਾਂ ਦੁਬਾਰਾ ਇਕੱਠੀਆਂ ਕਰ ਕੇ ਮਸੀਹ ਦੇ ਅਧੀਨ’ ਕਰੇਗਾ। (ਅਫ਼ਸੀਆਂ 1:9, 10 ਪੜ੍ਹੋ।) ਯਹੋਵਾਹ ਦਾ ਮਕਸਦ ਹੈ ਕਿ ਉਹ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਇਕੱਠਾ ਕਰੇ ਜੋ ਸਵਰਗ ਅਤੇ ਧਰਤੀ ਉੱਤੇ ਉਸ ਦੀ ਭਗਤੀ ਕਰਦੇ ਹਨ। ਨੌਜਵਾਨੋ, ਤੁਸੀਂ ਵੀ ਹਮੇਸ਼ਾ ਲਈ ਉਸ ਦੇ ਪਰਿਵਾਰ ਦਾ ਹਿੱਸਾ ਬਣ ਸਕਦੇ ਹੋ। ਤਾਂ ਫਿਰ, ਕੀ ਤੁਸੀਂ ਯਹੋਵਾਹ ਦੇ ਸੰਗਠਨ ਨਾਲ ਏਕਤਾ ਦੇ ਬੰਧਨ ਵਿਚ ਬੱਝਣਾ ਚਾਹੁੰਦੇ ਹੋ?
15 ਯਹੋਵਾਹ ਅੱਜ ਸਾਨੂੰ ਏਕਤਾ ਨਾਲ ਰਹਿਣਾ ਸਿਖਾ ਰਿਹਾ ਹੈ, ਤਾਂ ਜੋ ਅਸੀਂ ਹਮੇਸ਼ਾ-ਹਮੇਸ਼ਾ ਲਈ ਇਕ-ਦੂਜੇ ਨਾਲ ਸ਼ਾਂਤੀ ਬਣਾ ਕੇ ਰੱਖ ਸਕੀਏ। ਇਸ ਲਈ ਬਾਈਬਲ ਸਾਨੂੰ ਵਾਰ-ਵਾਰ “ਇਕ-ਦੂਜੇ ਦਾ ਖ਼ਿਆਲ ਰੱਖਣ,” ‘ਭਰਾਵਾਂ ਨਾਲ ਪਿਆਰ ਅਤੇ ਮੋਹ ਰੱਖਣ’ ਅਤੇ ‘ਇਕ-ਦੂਜੇ ਨੂੰ ਮਜ਼ਬੂਤ ਕਰਦੇ ਰਹਿਣ’ ਲਈ ਕਹਿੰਦੀ ਹੈ। (1 ਕੁਰਿੰ. 12:25; ਰੋਮੀ. 12:10; 1 ਥੱਸ. 4:18; 5:11) ਯਹੋਵਾਹ ਜਾਣਦਾ ਹੈ ਕਿ ਮਸੀਹੀ ਨਾਮੁਕੰਮਲ ਹਨ ਜਿਸ ਕਰਕੇ ਸਾਡੇ ਲਈ ਏਕਤਾ ਵਿਚ ਬੱਝੇ ਰਹਿਣਾ ਮੁਸ਼ਕਲ ਹੋ ਸਕਦਾ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ‘ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੀਏ।’—ਅਫ਼. 4:32.
16, 17. (ੳ) ਮੀਟਿੰਗਾਂ ਵਿਚ ਜਾਣ ਦਾ ਇਕ ਖ਼ਾਸ ਮਕਸਦ ਕੀ ਹੈ? (ਅ) ਯਿਸੂ ਦੀ ਮਿਸਾਲ ਤੋਂ ਨੌਜਵਾਨ ਕੀ ਸਿੱਖ ਸਕਦੇ ਹਨ?
16 ਯਹੋਵਾਹ ਸਾਨੂੰ ਮੀਟਿੰਗਾਂ ਦੇ ਜ਼ਰੀਏ ਵੀ ਇਕ-ਮੁੱਠ ਹੋਣ ਦੀ ਸਿਖਲਾਈ ਦਿੰਦਾ ਹੈ। ਅਸੀਂ ਅਕਸਰ ਇਬਰਾਨੀਆਂ 10:24, 25 ਵਿਚ ਦਿੱਤੀ ਸਲਾਹ ਪੜ੍ਹਦੇ ਹਾਂ। ਮੀਟਿੰਗਾਂ ਵਿਚ ਜਾਣ ਦਾ ਇਕ ਮਕਸਦ ਹੈ ਕਿ ਅਸੀਂ “ਇਕ-ਦੂਜੇ ਦਾ ਧਿਆਨ ਰੱਖੀਏ ਅਤੇ ਇਕ-ਦੂਜੇ ਨੂੰ ਪਿਆਰ ਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਦੇਈਏ।” ਪਰ ਸਾਨੂੰ ਇਕ ਖ਼ਾਸ ਗੱਲ ਧਿਆਨ ਵਿਚ ਰੱਖਣ ਦੀ ਲੋੜ ਹੈ ਕਿ ਮੀਟਿੰਗਾਂ ਦਾ ਇੰਤਜ਼ਾਮ ਇਸ ਲਈ ਕੀਤਾ ਗਿਆ ਹੈ ਤਾਂਕਿ ਅਸੀਂ “ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੀਏ ਅਤੇ ਉਸ ਦਿਨ ਨੂੰ ਨੇੜੇ ਆਉਂਦਾ ਦੇਖ ਕੇ ਇਸ ਤਰ੍ਹਾਂ ਹੋਰ ਵੀ ਜ਼ਿਆਦਾ ਕਰੀਏ।”
17 ਜਦੋਂ ਯਿਸੂ ਨੌਜਵਾਨ ਸੀ, ਤਾਂ ਉਸ ਨੇ ਅਜਿਹੇ ਇੰਤਜ਼ਾਮਾਂ ਲਈ ਕਦਰ ਦਿਖਾਈ। ਉਹ 12 ਸਾਲ ਦੀ ਉਮਰ ਵਿਚ ਆਪਣੇ ਮਾਪਿਆਂ ਨਾਲ ਇਕ ਵੱਡਾ ਤਿਉਹਾਰ ਮਨਾਉਣ ਲਈ ਗਿਆ। ਪਰ ਤਿਉਹਾਰ ਵਿਚ ਉਹ ਆਪਣੇ ਮਾਪਿਆਂ ਤੋਂ ਵਿਛੜ ਗਿਆ। ਕੀ ਉਹ ਹੋਰਨਾਂ ਮੁੰਡਿਆਂ ਨਾਲ ਘੁੰਮਣ ਚਲਾ ਗਿਆ ਸੀ? ਨਹੀਂ। ਜਦੋਂ ਉਸ ਦੇ ਮਾਪੇ ਉਸ ਨੂੰ ਲੱਭਦੇ-ਲੱਭਦੇ ਆਏ, ਤਾਂ ਉਨ੍ਹਾਂ ਨੇ ਦੇਖਿਆ ਕਿ ਯਿਸੂ ਮੰਦਰ ਵਿਚ ਧਰਮ-ਗੁਰੂਆਂ ਨਾਲ ਧਰਮ-ਗ੍ਰੰਥ ʼਤੇ ਚਰਚਾ ਕਰ ਰਿਹਾ ਸੀ।—ਲੂਕਾ 2:45-47.
18. ਪ੍ਰਾਰਥਨਾਵਾਂ ਸਾਡੇ ਏਕਤਾ ਦੇ ਬੰਧਨ ਨੂੰ ਕਿਵੇਂ ਮਜ਼ਬੂਤ ਕਰਦੀਆਂ ਹਨ?
18 ਅਸੀਂ ਆਪਣੇ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰ ਕੇ ਵੀ ਏਕਤਾ ਦੇ ਬੰਧਨ ਨੂੰ ਮਜ਼ਬੂਤ ਕਰ ਸਕਦੇ ਹਾਂ। ਅਸੀਂ ਯਹੋਵਾਹ ਨੂੰ ਕਹਿ ਸਕਦੇ ਹਾਂ ਕਿ ਉਹ ਮੁਸ਼ਕਲ ਹਾਲਾਤਾਂ ਵਿਚ ਭੈਣਾਂ-ਭਰਾਵਾਂ ਦੀ ਮਦਦ ਕਰੇ। ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਕਰੀਏ, ਮੀਟਿੰਗਾਂ ਵਿਚ ਉਨ੍ਹਾਂ ਦਾ ਹੌਸਲਾ ਵਧਾਈਏ ਤੇ ਉਨ੍ਹਾਂ ਲਈ ਪ੍ਰਾਰਥਨਾ ਕਰੀਏ। ਇੱਦਾਂ ਸਿਰਫ਼ ਵੱਡੀ ਉਮਰ ਦੇ ਭੈਣ-ਭਰਾ ਹੀ ਨਹੀਂ, ਸਗੋਂ ਨੌਜਵਾਨ ਵੀ ਕਰ ਸਕਦੇ ਹਨ। ਨਾਲੇ ਤੁਸੀਂ ਇੱਦਾਂ ਆਪਣੇ ਭੈਣਾਂ-ਭਰਾਵਾਂ ਦੇ ਹੋਰ ਕਰੀਬ ਜਾਓਗੇ। ਇਸ ਦੁਨੀਆਂ ਦੇ ਅੰਤ ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਸ਼ੈਤਾਨ ਦੀ ਦੁਨੀਆਂ ਦੇ ਨਹੀਂ, ਸਗੋਂ ਆਪਣੇ ਭੈਣਾਂ-ਭਰਾਵਾਂ ਦੇ ਨੇੜੇ ਹੋਈਏ।
“ਇਕ ਸਰੀਰ” ਹੋਣ ਦਾ ਸਬੂਤ
19-21. (ੳ) ਇਹ ਦਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ ਕਿ ‘ਅਸੀਂ ਇਕ ਸਰੀਰ ਹਾਂ’? ਮਿਸਾਲ ਦਿਓ। (ਅ) ਤੁਸੀਂ ਉਨ੍ਹਾਂ ਭੈਣਾਂ-ਭਰਾਵਾਂ ਤੋਂ ਕੀ ਸਿੱਖਿਆ ਹੈ ਜਿਨ੍ਹਾਂ ਨੇ ਕੁਦਰਤੀ ਆਫ਼ਤਾਂ ਆਉਣ ʼਤੇ ਮਦਦ ਕੀਤੀ ਹੈ?
19 ਯਹੋਵਾਹ ਦੇ ਲੋਕ ਅੱਜ ਰੋਮੀਆਂ 12:5 ਵਿਚ ਦਿੱਤੇ ਅਸੂਲ ʼਤੇ ਚੱਲ ਰਹੇ ਹਨ। ਇੱਥੇ ਲਿਖਿਆ ਹੈ: ‘ਅਸੀਂ ਇਕ ਸਰੀਰ ਹਾਂ।’ ਜਦੋਂ ਕੁਦਰਤੀ ਆਫ਼ਤਾਂ ਆਉਂਦੀਆਂ ਹਨ, ਤਾਂ ਅਸੀਂ ਇਸ ਗੱਲ ਦਾ ਸਬੂਤ ਦੇਖਦੇ ਹਾਂ। ਮਿਸਾਲ ਲਈ, ਦਸੰਬਰ 2011 ਵਿਚ ਫ਼ਿਲਪੀਨ ਦੇ ਮਿੰਡਾਨੋ ਟਾਪੂ ʼਤੇ ਤੂਫ਼ਾਨ ਆਇਆ। ਰਾਤੋ-ਰਾਤ 40,000 ਤੋਂ ਜ਼ਿਆਦਾ ਲੋਕਾਂ ਦੇ ਘਰ ਹੜ੍ਹ ਵਿਚ ਰੁੜ੍ਹ ਗਏ। ਇਨ੍ਹਾਂ ਵਿਚ ਸਾਡੇ ਭੈਣਾਂ-ਭਰਾਵਾਂ ਦੇ ਘਰ ਵੀ ਸਨ। ਬ੍ਰਾਂਚ ਆਫ਼ਿਸ ਦੱਸਦਾ ਹੈ: “ਰਾਹਤ ਦੇ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੋਰਨਾਂ ਇਲਾਕਿਆਂ ਤੋਂ ਭੈਣਾਂ-ਭਰਾਵਾਂ ਨੇ ਮਦਦ ਕਰਨੀ ਸ਼ੁਰੂ ਕਰ ਦਿੱਤੀ ਸੀ।”
20 ਇਸੇ ਤਰ੍ਹਾਂ ਜਦੋਂ ਪੂਰਬੀ ਜਪਾਨ ਵਿਚ ਭੁਚਾਲ਼ ਅਤੇ ਸੁਨਾਮੀ ਲਹਿਰਾਂ ਆਈਆਂ, ਤਾਂ ਬਹੁਤ ਸਾਰੇ ਭੈਣਾਂ-ਭਰਾਵਾਂ ਦਾ ਜਾਨ-ਮਾਲ ਦਾ ਨੁਕਸਾਨ ਹੋਇਆ। ਕਈਆਂ ਦਾ ਸਭ ਕੁਝ ਬਰਬਾਦ ਹੋ ਗਿਆ। ਯੋਸ਼ੀਕੋ ਨਾਂ ਦੀ ਭੈਣ ਦਾ ਘਰ ਤਬਾਹ ਹੋ ਗਿਆ ਸੀ ਜੋ ਕਿੰਗਡਮ ਹਾਲ ਤੋਂ 40 ਕਿਲੋਮੀਟਰ (ਲਗਭਗ 25 ਮੀਲ) ਦੂਰ ਸੀ। ਉਹ ਦੱਸਦੀ ਹੈ: “ਭੁਚਾਲ਼ ਤੋਂ ਇਕ ਦਿਨ ਬਾਅਦ ਜਦੋਂ ਸਰਕਟ ਓਵਰਸੀਅਰ ਅਤੇ ਇਕ ਹੋਰ ਭਰਾ ਸਾਨੂੰ ਲੱਭਣ ਆਏ, ਤਾਂ ਅਸੀਂ ਹੈਰਾਨ ਰਹਿ ਗਏ।” ਮੁਸਕਰਾਉਂਦੇ ਹੋਏ ਉਹ ਅੱਗੇ ਕਹਿੰਦੀ ਹੈ: “ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਮੰਡਲੀ ਦੇ ਜ਼ਰੀਏ ਸਾਨੂੰ ਹੌਸਲਾ ਦਿੱਤਾ ਗਿਆ। ਇਸ ਤੋਂ ਇਲਾਵਾ ਸਾਡੀਆਂ ਹੋਰ ਲੋੜਾਂ ਵੀ ਪੂਰੀਆਂ ਕੀਤੀਆਂ ਗਈਆਂ, ਜਿਵੇਂ ਕਿ ਸਾਨੂੰ ਕੋਟ, ਜੁੱਤੀਆਂ, ਬੈਗ ਅਤੇ ਸੌਣ ਦੇ ਕੱਪੜੇ ਵੀ ਦਿੱਤੇ ਗਏ।” ਰਾਹਤ ਕਮੇਟੀ ਦਾ ਇਕ ਮੈਂਬਰ ਦੱਸਦਾ ਹੈ: “ਜਪਾਨ ਦੇ ਸਾਰੇ ਭੈਣ-ਭਰਾ ਇਕ-ਮੁੱਠ ਹੋ ਕੇ ਇਕ-ਦੂਜੇ ਦੀ ਮਦਦ ਕਰ ਰਹੇ ਸਨ। ਇੱਥੋਂ ਤਕ ਕਿ ਅਮਰੀਕਾ ਤੋਂ ਵੀ ਭੈਣਾਂ-ਭਰਾਵਾਂ ਨੇ ਆ ਕੇ ਮਦਦ ਕੀਤੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਇੰਨੀ ਦੂਰੋਂ ਕਿਉਂ ਆਏ, ਤਾਂ ਉਨ੍ਹਾਂ ਨੇ ਜਵਾਬ ਦਿੱਤਾ: ‘ਅਸੀਂ ਜਪਾਨ ਦੇ ਭੈਣਾਂ-ਭਰਾਵਾਂ ਨਾਲ ਏਕਤਾ ਵਿਚ ਬੱਝੇ ਹੋਏ ਹਾਂ ਅਤੇ ਉਨ੍ਹਾਂ ਨੂੰ ਮਦਦ ਦੀ ਲੋੜ ਹੈ।’” ਕੀ ਤੁਹਾਨੂੰ ਅਜਿਹੇ ਸੰਗਠਨ ਦਾ ਮੈਂਬਰ ਹੋਣ ਤੇ ਮਾਣ ਮਹਿਸੂਸ ਨਹੀਂ ਹੁੰਦਾ ਜੋ ਆਪਣੇ ਲੋਕਾਂ ਦੀ ਇੰਨੀ ਪਰਵਾਹ ਕਰਦਾ ਹੈ? ਯਹੋਵਾਹ ਵੀ ਅਜਿਹੀ ਏਕਤਾ ਦੇਖ ਕੇ ਬਹੁਤ ਖ਼ੁਸ਼ ਹੁੰਦਾ ਹੈ।
21 ਜੇ ਅਸੀਂ ਅੱਜ ਇਕ-ਦੂਜੇ ਦੀ ਮਦਦ ਕਰਨੀ ਸਿੱਖੀਏ, ਤਾਂ ਅਸੀਂ ਭਵਿੱਖ ਵਿਚ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਹੋ ਸਕਾਂਗੇ। ਸ਼ਾਇਦ ਉਸ ਵੇਲੇ ਹੋਰਨਾਂ ਦੇਸ਼ਾਂ ਦੇ ਭੈਣ-ਭਰਾ ਸਾਡੀ ਮਦਦ ਨਾ ਕਰ ਸਕਣ, ਫਿਰ ਵੀ ਅਸੀਂ ਆਪਣੀ ਮੰਡਲੀ ਦੇ ਭੈਣਾਂ-ਭਰਾਵਾਂ ਦਾ ਸਾਥ ਨਹੀਂ ਛੱਡਾਂਗੇ। ਜਪਾਨ ਵਿਚ ਆਏ ਤੂਫ਼ਾਨ ਵਿੱਚੋਂ ਬਚੀ ਫੂਮੀਕੋ ਨਾਂ ਦੀ ਭੈਣ ਕਹਿੰਦੀ ਹੈ: “ਅੰਤ ਬਹੁਤ ਕਰੀਬ ਹੈ। ਇਸ ਲਈ ਸਾਨੂੰ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਦੇ ਰਹਿਣਾ ਚਾਹੀਦਾ ਹੈ ਅਤੇ ਅਸੀਂ ਉਸ ਸਮੇਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਜਦੋਂ ਕੁਦਰਤੀ ਆਫ਼ਤਾਂ ਨਹੀਂ ਆਉਣਗੀਆਂ।”
22. ਜੇ ਅਸੀਂ ਅੱਜ ਏਕਤਾ ਵਿਚ ਬੱਝੇ ਰਹਿੰਦੇ ਹਾਂ, ਤਾਂ ਇਸ ਦਾ ਸਾਨੂੰ ਭਵਿੱਖ ਵਿਚ ਕੀ ਫ਼ਾਇਦਾ ਹੋਵੇਗਾ?
22 ਆਓ ਆਪਾਂ ਸਾਰੇ ਛੋਟੇ ਤੇ ਵੱਡੇ ਇਕ-ਦੂਜੇ ਦਾ ਸਾਥ ਦੇਈਏ ਤਾਂਕਿ ਅਸੀਂ ਰਲ਼ ਕੇ ਇਸ ਦੁਸ਼ਟ ਦੁਨੀਆਂ ਦੇ ਅੰਤ ਦਾ ਸਾਮ੍ਹਣਾ ਕਰ ਸਕੀਏ। ਪੁਰਾਣੇ ਜ਼ਮਾਨੇ ਦੀ ਤਰ੍ਹਾਂ ਪਰਮੇਸ਼ੁਰ ਆਪਣੇ ਲੋਕਾਂ ਨੂੰ ਜ਼ਰੂਰ ਬਚਾਵੇਗਾ। (ਯਸਾ. 52:9, 10) ਹਮੇਸ਼ਾ ਯਾਦ ਰੱਖੋ ਕਿ ਜੇ ਤੁਸੀਂ ਪਰਮੇਸ਼ੁਰ ਦੇ ਲੋਕਾਂ ਨਾਲ ਮਿਲ ਕੇ ਰਹੋਗੇ, ਤਾਂ ਹੀ ਤੁਸੀਂ ਬਚਣ ਵਾਲਿਆਂ ਵਿੱਚੋਂ ਹੋਵੋਗੇ। ਅਗਲੇ ਲੇਖ ਵਿਚ ਅਸੀਂ ਇਸ ਗੱਲ ʼਤੇ ਚਰਚਾ ਕਰਾਂਗੇ ਕਿ ਸਾਨੂੰ ਪਰਮੇਸ਼ੁਰ ਦੀ ਸੇਵਾ ਕਰਨ ਦੇ ਸਨਮਾਨ ਦੀ ਕਦਰ ਕਰਨੀ ਚਾਹੀਦਾ ਹੈ।