ਅਣਦੇਖੇ ਪਰਮੇਸ਼ੁਰ ਨੂੰ ਦੇਖ ਕੇ ਨਿਹਚਾ ਵਿਚ ਕਾਇਮ ਰਹੋ!
“[ਮੂਸਾ] ਇਸ ਤਰ੍ਹਾਂ ਅਟਲ ਰਿਹਾ, ਜਿਸ ਤਰ੍ਹਾਂ ਕਿ ਉਸ ਨੇ ਅਣਦੇਖੇ ਪਰਮੇਸ਼ਰ ਦਾ ਦਰਸ਼ਨ ਕਰ ਲਿਆ ਸੀ।”—ਇਬਰਾਨੀਆਂ 11:27, ਪਵਿੱਤਰ ਬਾਈਬਲ ਨਵਾਂ ਅਨੁਵਾਦ।
1. ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਪਰਮੇਸ਼ੁਰ ਬਾਰੇ ਕਿਹੜੀ ਅਨੋਖੀ ਗੱਲ ਕਹੀ ਸੀ?
ਯਹੋਵਾਹ ਪਰਮੇਸ਼ੁਰ ਨੂੰ ਦੇਖਿਆ ਨਹੀਂ ਜਾ ਸਕਦਾ। ਜਦੋਂ ਮੂਸਾ ਉਸ ਦਾ ਤੇਜ ਦੇਖਣਾ ਚਾਹੁੰਦਾ ਸੀ ਤਾਂ ਯਹੋਵਾਹ ਨੇ ਜਵਾਬ ਦਿੱਤਾ ਕਿ “ਤੂੰ ਮੇਰਾ ਮੂੰਹ ਨਹੀਂ ਵੇਖ ਸੱਕਦਾ ਕਿਉਂ ਜੋ ਕੋਈ ਆਦਮੀ ਮੈਨੂੰ ਵੇਖ ਕੇ ਜੀ ਨਹੀਂ ਸੱਕਦਾ।” (ਕੂਚ 33:20) ਅਤੇ ਪੌਲੁਸ ਰਸੂਲ ਨੇ ਲਿਖਿਆ ਸੀ: “ਕਿਸੇ [ਇਨਸਾਨ] ਨੇ ਪਰਮੇਸ਼ੁਰ ਨੂੰ ਕਦੇ ਨਹੀਂ ਵੇਖਿਆ।” (ਯੂਹੰਨਾ 1:18) ਜਦੋਂ ਯਿਸੂ ਮਸੀਹ ਧਰਤੀ ਤੇ ਸੀ, ਉਹ ਵੀ ਪਰਮੇਸ਼ੁਰ ਨੂੰ ਦੇਖ ਨਹੀਂ ਸਕਦਾ ਸੀ। ਲੇਕਿਨ ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਕਿਹਾ: “ਧੰਨ ਓਹ ਜਿਹੜੇ ਸ਼ੁੱਧਮਨ ਹਨ ਕਿਉਂ ਜੋ ਓਹ ਪਰਮੇਸ਼ੁਰ ਨੂੰ ਵੇਖਣਗੇ।” (ਮੱਤੀ 5:8) ਯਿਸੂ ਦਾ ਕੀ ਮਤਲਬ ਸੀ?
2. ਅਸੀਂ ਆਪਣੀ ਅੱਖੀਂ ਪਰਮੇਸ਼ੁਰ ਨੂੰ ਕਿਉਂ ਨਹੀਂ ਦੇਖ ਸਕਦੇ?
2 ਬਾਈਬਲ ਦੱਸਦੀ ਹੈ ਕਿ ਯਹੋਵਾਹ ਆਤਮਾ ਹੈ। (ਯੂਹੰਨਾ 4:24; ਕੁਲੁੱਸੀਆਂ 1:15; 1 ਤਿਮੋਥਿਉਸ 1:17) ਇਸ ਲਈ, ਯਿਸੂ ਇਹ ਨਹੀਂ ਕਹਿ ਰਿਹਾ ਸੀ ਕਿ ਇਨਸਾਨ ਸੱਚ-ਮੁੱਚ ਯਹੋਵਾਹ ਨੂੰ ਆਪਣੀ ਅੱਖੀਂ ਦੇਖ ਸਕਦੇ ਹਨ। ਇਹ ਸੱਚ ਹੈ ਕਿ ਜਦੋਂ ਮਸਹ ਕੀਤੇ ਹੋਏ ਮਸੀਹੀ ਆਤਮਿਕ ਪ੍ਰਾਣੀਆਂ ਵਜੋਂ ਜੀ ਉਠਾਏ ਜਾਣਗੇ ਤਾਂ ਉਹ ਯਹੋਵਾਹ ਪਰਮੇਸ਼ੁਰ ਨੂੰ ਸਵਰਗ ਵਿਚ ਦੇਖਣਗੇ। ਪਰ ਜਿਹੜੇ ਇਨਸਾਨ “ਸ਼ੁੱਧਮਨ” ਹਨ ਅਤੇ ਧਰਤੀ ਉੱਤੇ ਸਦਾ ਲਈ ਜੀਉਣ ਦੀ ਉਮੀਦ ਰੱਖਦੇ ਹਨ ਉਹ ਵੀ ਪਰਮੇਸ਼ੁਰ ਨੂੰ ‘ਦੇਖ’ ਸਕਦੇ ਹਨ। ਪਰ ਇਹ ਕਿਵੇਂ ਮੁਮਕਿਨ ਹੈ?
3. ਇਨਸਾਨ ਪਰਮੇਸ਼ੁਰ ਦੇ ਕੁਝ ਗੁਣ ਕਿਵੇਂ ਦੇਖ ਸਕਦੇ ਹਨ?
3 ਜੋ ਚੀਜ਼ਾਂ ਯਹੋਵਾਹ ਨੇ ਬਣਾਈਆਂ ਹਨ ਉਨ੍ਹਾਂ ਵੱਲ ਚੰਗੀ ਤਰ੍ਹਾਂ ਧਿਆਨ ਦੇ ਕੇ ਅਸੀਂ ਯਹੋਵਾਹ ਬਾਰੇ ਸਿੱਖ ਸਕਦੇ ਹਾਂ। ਇਸ ਤਰ੍ਹਾਂ ਅਸੀਂ ਜ਼ਰੂਰ ਉਸ ਦੀ ਸ਼ਕਤੀ ਦੁਆਰਾ ਪ੍ਰਭਾਵਿਤ ਹੋਵਾਂਗੇ ਅਤੇ ਉਸ ਨੂੰ ਸ੍ਰਿਸ਼ਟੀਕਰਤਾ ਵਜੋਂ ਸਵੀਕਾਰ ਕਰਨ ਲਈ ਪ੍ਰੇਰਿਤ ਹੋਵਾਂਗੇ। (ਇਬਰਾਨੀਆਂ 11:3; ਪਰਕਾਸ਼ ਦੀ ਪੋਥੀ 4:11) ਪੌਲੁਸ ਰਸੂਲ ਨੇ ਇਸ ਦੇ ਸੰਬੰਧ ਵਿਚ ਲਿਖਿਆ: “ਜਗਤ ਦੇ ਉਤਪਤ ਹੋਣ ਤੋਂ [ਪਰਮੇਸ਼ੁਰ] ਦਾ ਅਣਡਿੱਠ ਸੁਭਾਉ ਅਰਥਾਤ ਉਹ ਦੀ ਅਨਾਦੀ ਸਮਰੱਥਾ ਅਤੇ ਈਸ਼ੁਰਤਾਈ ਉਹ ਦੀ ਰਚਨਾ ਤੋਂ ਚੰਗੀ ਤਰਾਂ ਦਿੱਸ ਪੈਂਦੀ ਹੈ।” (ਰੋਮੀਆਂ 1:20) ਇਸ ਲਈ ਪਰਮੇਸ਼ੁਰ ਨੂੰ ਦੇਖਣ ਬਾਰੇ ਯਿਸੂ ਦੇ ਸ਼ਬਦਾਂ ਵਿਚ ਯਹੋਵਾਹ ਦੇ ਗੁਣ ਦੇਖਣ ਦੀ ਯੋਗਤਾ ਸ਼ਾਮਲ ਹੈ। ਇਸ ਤਰ੍ਹਾਂ ਦੇਖਣ ਲਈ ਸਹੀ ਗਿਆਨ ਦੀ ਜ਼ਰੂਰਤ ਹੁੰਦੀ ਹੈ ਅਤੇ “ਦਿਲ ਦੀਆਂ ਅੱਖਾਂ” ਦੁਆਰਾ ਰੂਹਾਨੀ ਤੌਰ ਤੇ ਦੇਖਿਆ ਜਾਂਦਾ ਹੈ। (ਅਫ਼ਸੀਆਂ 1:18) ਯਿਸੂ ਦੀ ਕਹਿਣੀ ਅਤੇ ਕਰਨੀ ਤੋਂ ਵੀ ਪਰਮੇਸ਼ੁਰ ਬਾਰੇ ਬਹੁਤ ਕੁਝ ਪ੍ਰਗਟ ਹੁੰਦਾ ਹੈ। ਤਾਹੀਓਂ ਯਿਸੂ ਨੇ ਕਿਹਾ: “ਜਿਨ ਮੈਨੂੰ ਵੇਖਿਆ ਓਨ ਪਿਤਾ ਨੂੰ ਵੇਖਿਆ ਹੈ।” (ਯੂਹੰਨਾ 14:9) ਯਿਸੂ ਦੀ ਸ਼ਖ਼ਸੀਅਤ ਬਿਲਕੁਲ ਯਹੋਵਾਹ ਵਰਗੀ ਸੀ, ਕਿਉਂਕਿ ਉਹ ਉਸ ਦਾ ਅਕਸ ਸੀ। ਇਸ ਲਈ ਯਿਸੂ ਦੀ ਜ਼ਿੰਦਗੀ ਅਤੇ ਸਿੱਖਿਆ ਬਾਰੇ ਗਿਆਨ ਹਾਸਲ ਕਰ ਕੇ ਅਸੀਂ ਪਰਮੇਸ਼ੁਰ ਦੇ ਕੁਝ ਗੁਣਾਂ ਨੂੰ ਸਮਝ ਸਕਦੇ ਹਾਂ।
ਰੂਹਾਨੀ ਚੀਜ਼ਾਂ ਲਈ ਕਦਰ ਬਹੁਤ ਜ਼ਰੂਰੀ ਹੈ
4. ਅੱਜ-ਕੱਲ੍ਹ ਕਈ ਲੋਕ ਕਿਵੇਂ ਪ੍ਰਗਟ ਕਰਦੇ ਹਨ ਕਿ ਉਹ ਰੂਹਾਨੀ ਚੀਜ਼ਾਂ ਵਿਚ ਦਿਲਚਸਪੀ ਨਹੀਂ ਰੱਖਦੇ?
4 ਅੱਜ-ਕੱਲ੍ਹ ਲੋਕਾਂ ਨੂੰ ਨਿਹਚਾ ਅਤੇ ਰੂਹਾਨੀ ਚੀਜ਼ਾਂ ਵਿਚ ਅਸਲੀ ਦਿਲਚਸਪੀ ਨਹੀਂ ਹੈ। ਪੌਲੁਸ ਨੇ ਕਿਹਾ ਸੀ ਕਿ “ਸਭਨਾਂ ਨੂੰ ਨਿਹਚਾ ਨਹੀਂ ਹੈ।” (2 ਥੱਸਲੁਨੀਕੀਆਂ 3:2) ਬਹੁਤ ਸਾਰੇ ਲੋਕ ਆਪਣਿਆਂ ਕੰਮਾਂ-ਕਾਰਾਂ ਵਿਚ ਇੰਨੇ ਰੁੱਝੇ ਹੋਏ ਹਨ ਕਿ ਉਨ੍ਹਾਂ ਕੋਲ ਪਰਮੇਸ਼ੁਰ ਲਈ ਕੋਈ ਸਮਾਂ ਨਹੀਂ ਹੈ, ਉਹ ਉਸ ਵਿਚ ਜ਼ਰਾ ਵੀ ਨਿਹਚਾ ਨਹੀਂ ਕਰਦੇ। ਬੁਰੇ ਚਾਲ-ਚਲਣ ਅਤੇ ਰੂਹਾਨੀ ਚੀਜ਼ਾਂ ਵਿਚ ਦਿਲਚਸਪੀ ਦੀ ਕਮੀ ਕਾਰਨ ਉਹ ਪਰਮੇਸ਼ੁਰ ਨੂੰ ਜਾਣਨ ਅਤੇ ਦੇਖਣ ਤੋਂ ਰੋਕੇ ਜਾਂਦੇ ਹਨ। ਇਸ ਬਾਰੇ ਯੂਹੰਨਾ ਰਸੂਲ ਨੇ ਲਿਖਿਆ ਕਿ “ਜਿਹੜਾ ਬੁਰਾ ਕਰਦਾ ਹੈ ਉਹ ਨੇ ਪਰਮੇਸ਼ੁਰ ਨੂੰ ਨਹੀਂ ਵੇਖਿਆ ਹੈ।” (3 ਯੂਹੰਨਾ 11) ਕਿਉਂ ਜੋ ਅਜਿਹੇ ਲੋਕ ਪਰਮੇਸ਼ੁਰ ਨੂੰ ਆਪਣੀ ਅੱਖੀਂ ਨਹੀਂ ਦੇਖ ਸਕਦੇ ਉਹ ਸਮਝਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਨੂੰ ਵੀ ਨਹੀਂ ਦੇਖ ਸਕਦਾ। (ਹਿਜ਼ਕੀਏਲ 9:9) ਉਹ ਰੂਹਾਨੀ ਚੀਜ਼ਾਂ ਨੂੰ ਤੁੱਛ ਸਮਝਦੇ ਹਨ, ਜਿਸ ਕਰਕੇ ਉਹ “ਪਰਮੇਸ਼ੁਰ ਦੇ ਗਿਆਨ” ਨੂੰ ਪ੍ਰਾਪਤ ਨਹੀਂ ਕਰ ਸਕਦੇ। (ਕਹਾਉਤਾਂ 2:5) ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਪੌਲੁਸ ਨੇ ਕਿਉਂ ਲਿਖਿਆ ਸੀ ਕਿ “ਪ੍ਰਾਣਿਕ ਮਨੁੱਖ ਪਰਮੇਸ਼ੁਰ ਦੇ ਆਤਮਾ ਦੀਆਂ ਗੱਲਾਂ ਨੂੰ ਕਬੂਲ ਨਹੀਂ ਕਰਦਾ ਕਿਉਂ ਜੋ ਓਹ ਉਸ ਦੇ ਲੇਖੇ ਮੂਰਖਤਾਈ ਹਨ ਅਤੇ ਉਹ ਉਨ੍ਹਾਂ ਨੂੰ ਨਹੀਂ ਜਾਣ ਸੱਕਦਾ ਇਸ ਲਈ ਜੋ ਆਤਮਕ ਰੀਤ ਨਾਲ ਉਨ੍ਹਾਂ ਦੀ ਜਾਚ ਕਰੀਦੀ ਹੈ।”—1 ਕੁਰਿੰਥੀਆਂ 2:14.
5. ਰੂਹਾਨੀ ਚੀਜ਼ਾਂ ਵਿਚ ਦਿਲਚਸਪੀ ਰੱਖਣ ਵਾਲੇ ਕਿਹੜੀ ਗੱਲ ਜਾਣਦੇ ਹਨ?
5 ਪਰ ਜੇਕਰ ਅਸੀਂ ਰੂਹਾਨੀ ਚੀਜ਼ਾਂ ਵਿਚ ਦਿਲਚਸਪੀ ਰੱਖਣ ਵਾਲੇ ਹਾਂ ਤਾਂ ਸਾਨੂੰ ਇਹ ਗੱਲ ਹਮੇਸ਼ਾ ਯਾਦ ਰਹੇਗੀ ਕਿ ਭਾਵੇਂ ਯਹੋਵਾਹ ਨੁਕਸ ਕੱਢਣ ਵਾਲਾ ਪਰਮੇਸ਼ੁਰ ਨਹੀਂ ਹੈ, ਉਸ ਨੂੰ ਪਤਾ ਹੈ ਜਦੋਂ ਅਸੀਂ ਕਿਸੇ ਗ਼ਲਤ ਸੋਚ-ਵਿਚਾਰ ਅਤੇ ਇੱਛਾ ਅਨੁਸਾਰ ਚੱਲਦੇ ਹਾਂ। ਜੀ ਹਾਂ, “ਮਨੁੱਖ ਦੇ ਰਾਹ ਯਹੋਵਾਹ ਦੀ ਨਿਗਾਹ ਦੇ ਸਾਹਮਣੇ ਹਨ, ਅਤੇ ਉਹ ਉਸ ਦੇ ਸਾਰੇ ਪਹਿਆਂ ਨੂੰ ਜਾਚਦਾ ਹੈ।” (ਕਹਾਉਤਾਂ 5:21) ਜੇਕਰ ਅਸੀਂ ਪਾਪ ਕਰ ਬੈਠੀਏ, ਤਾਂ ਸਾਨੂੰ ਤੋਬਾ ਕਰਨੀ ਚਾਹੀਦੀ ਹੈ ਅਤੇ ਯਹੋਵਾਹ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਅਸੀਂ ਉਸ ਨਾਲ ਪਿਆਰ ਕਰਦੇ ਹਾਂ ਅਤੇ ਉਸ ਨੂੰ ਦੁੱਖ ਨਹੀਂ ਪਹੁੰਚਾਉਣਾ ਚਾਹੁੰਦੇ।—ਜ਼ਬੂਰ 78:41; 130:3.
ਕਿਹੜੀ ਗੱਲ ਸਾਡੀ ਨਿਹਚਾ ਨੂੰ ਪੱਕਾ ਕਰਦੀ ਹੈ?
6. ਨਿਹਚਾ ਵਿਚ ਪੱਕੇ ਹੋਣ ਦਾ ਕੀ ਮਤਲਬ ਹੈ?
6 ਭਾਵੇਂ ਅਸੀਂ ਯਹੋਵਾਹ ਨੂੰ ਨਹੀਂ ਦੇਖ ਸਕਦੇ, ਆਓ ਆਪਾਂ ਹਮੇਸ਼ਾ ਯਾਦ ਰੱਖੀਏ ਕਿ ਉਹ ਸਾਨੂੰ ਦੇਖ ਸਕਦਾ ਹੈ। ਅਸੀਂ ਜਾਣਦੇ ਹਾਂ ਕਿ ਯਹੋਵਾਹ ਹੈ ਅਤੇ ਕਿ ਉਹ ਉਨ੍ਹਾਂ ਸਾਰਿਆਂ ਦੇ ਨੇੜੇ ਹੈ ਜੋ ਉਹ ਨੂੰ ਪੁਕਾਰਦੇ ਹਨ। (ਜ਼ਬੂਰ 145:18) ਇਹ ਜਾਣਕਾਰੀ ਸਾਡੀ ਨਿਹਚਾ ਨੂੰ ਪੱਕਾ ਕਰਦੀ ਹੈ, ਯਾਨੀ ਉਸ ਪ੍ਰਤੀ ਵਫ਼ਾਦਾਰ ਰਹਿਣ ਵਿਚ ਸਾਨੂੰ ਮਜ਼ਬੂਤ ਅਤੇ ਸਥਿਰ ਬਣਾਉਂਦੀ ਹੈ। ਅਸੀਂ ਵੀ ਮੂਸਾ ਵਰਗੇ ਬਣ ਸਕਦੇ ਹਾਂ, ਜਿਸ ਬਾਰੇ ਪੌਲੁਸ ਨੇ ਲਿਖਿਆ: ‘ਨਿਹਚਾ ਨਾਲ ਉਹ ਨੇ ਪਾਤਸ਼ਾਹ ਦੇ ਕ੍ਰੋਧ ਤੋਂ ਭੈ ਨਾ ਕਰ ਕੇ ਮਿਸਰ ਨੂੰ ਛੱਡ ਦਿੱਤਾ ਕਿਉਂ ਜੋ ਉਹ ਅਣਦੇਖੇ ਪਰਮੇਸ਼ੁਰ ਦਾ ਦਰਸ਼ਨ ਕਰ ਕੇ ਤਕੜਾ ਰਿਹਾ।’—ਇਬਰਾਨੀਆਂ 11:27.
7, 8. ਮੂਸਾ ਨੂੰ ਫ਼ਿਰਊਨ ਦਾ ਸਾਮ੍ਹਣਾ ਕਰਨ ਲਈ ਹਿੰਮਤ ਕਿੱਥੋਂ ਮਿਲੀ ਸੀ?
7 ਮੂਸਾ ਨੂੰ ਪਰਮੇਸ਼ੁਰ ਵੱਲੋਂ ਇਸਰਾਏਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾਉਣ ਦਾ ਕੰਮ ਦਿੱਤਾ ਗਿਆ ਸੀ। ਇਸ ਨੂੰ ਪੂਰਾ ਕਰਨ ਲਈ ਉਸ ਨੂੰ ਅਕਸਰ ਪੰਡਤਾਂ ਅਤੇ ਸਿਪਾਹੀਆਂ ਨਾਲ ਭਰੇ ਹੋਏ ਸ਼ਾਹੀ ਦਰਬਾਰ ਵਿਚ ਨਿਰਦਈ ਫ਼ਿਰਊਨ ਦੇ ਸਾਮ੍ਹਣੇ ਆਉਣਾ ਪੈਂਦਾ ਸੀ। ਸੰਭਵ ਹੈ ਕਿ ਮਹਿਲ ਦੀਆਂ ਕੰਧਾਂ ਬਹੁਤ ਸਾਰੀਆਂ ਮੂਰਤੀਆਂ ਨਾਲ ਭਰੀਆਂ ਹੋਈਆਂ ਸਨ। ਪਰ, ਭਾਵੇਂ ਯਹੋਵਾਹ ਦੇਖਿਆ ਨਹੀਂ ਜਾ ਸਕਦਾ ਸੀ, ਉਹ ਮੂਸਾ ਲਈ ਅਸਲੀ ਸੀ ਅਤੇ ਮਿਸਰ ਦੇ ਬੇਜਾਨ ਦੇਵਤਿਆਂ ਦੀਆਂ ਮੂਰਤੀਆਂ ਤੋਂ ਬਿਲਕੁਲ ਵੱਖਰਾ ਸੀ। ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਮੂਸਾ ਫ਼ਿਰਊਨ ਤੋਂ ਕਿਉਂ ਨਹੀਂ ਡਰਿਆ ਸੀ!
8 ਫ਼ਿਰਊਨ ਦੇ ਸਾਮ੍ਹਣੇ ਵਾਰ-ਵਾਰ ਆਉਣ ਲਈ ਮੂਸਾ ਨੂੰ ਹਿੰਮਤ ਕਿੱਥੋਂ ਮਿਲੀ ਸੀ? ਬਾਈਬਲ ਦੱਸਦੀ ਹੈ ਕਿ “ਉਹ ਮਰਦ ਮੂਸਾ ਸਾਰਿਆਂ ਆਦਮੀਆਂ ਨਾਲੋਂ ਜਿਹੜੇ ਪ੍ਰਿਥਵੀ ਉੱਤੇ ਸਨ ਬਹੁਤ ਅਧੀਨ ਸੀ।” (ਗਿਣਤੀ 12:3) ਸਪੱਸ਼ਟ ਹੈ ਕਿ ਮੂਸਾ ਰੂਹਾਨੀ ਤੌਰ ਤੇ ਮਜ਼ਬੂਤ ਸੀ ਅਤੇ ਵਿਸ਼ਵਾਸ ਕਰਦਾ ਸੀ ਕਿ “ਅਲੱਖ” ਪਰਮੇਸ਼ੁਰ ਨੇ ਉਸ ਨੂੰ ਫ਼ਿਰਊਨ ਕੋਲ ਭੇਜਿਆ ਸੀ। ਇਸ ਵਿਸ਼ਵਾਸ ਤੋਂ ਉਸ ਨੂੰ ਉਹ ਤਾਕਤ ਮਿਲੀ ਜੋ ਮਿਸਰ ਦੇ ਬੇਰਹਿਮ ਰਾਜੇ ਦੇ ਸਾਮ੍ਹਣੇ ਖੜ੍ਹੇ ਹੋਣ ਲਈ ਲੋੜੀਂਦੀ ਸੀ। ਅਣਦੇਖੇ ਪਰਮੇਸ਼ੁਰ ਨੂੰ ‘ਦੇਖਣ’ ਵਾਲੇ ਲੋਕ ਆਪਣੀ ਨਿਹਚਾ ਅੱਜ-ਕੱਲ੍ਹ ਕਿਹੜਿਆਂ ਕੁਝ ਤਰੀਕਿਆਂ ਵਿਚ ਪ੍ਰਗਟ ਕਰਦੇ ਹਨ?
9. ਨਿਹਚਾ ਵਿਚ ਕਾਇਮ ਰਹਿਣ ਦਾ ਇਕ ਤਰੀਕਾ ਕੀ ਹੈ?
9 ਅਣਦੇਖੇ ਪਰਮੇਸ਼ੁਰ ਨੂੰ ਦੇਖ ਕੇ ਨਿਹਚਾ ਵਿਚ ਕਾਇਮ ਰਹਿਣ ਦਾ ਇਕ ਤਰੀਕਾ ਹੈ ਵਿਰੋਧਤਾ ਦੇ ਬਾਵਜੂਦ ਦਲੇਰੀ ਨਾਲ ਪ੍ਰਚਾਰ ਕਰਨਾ। ਯਿਸੂ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਸੀ ਕਿ “ਮੇਰੇ ਨਾਮ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ।” (ਲੂਕਾ 21:17) ਉਸ ਨੇ ਉਨ੍ਹਾਂ ਨੂੰ ਇਹ ਵੀ ਦੱਸਿਆ ਸੀ ਕਿ “ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ। ਜੇ ਉਨ੍ਹਾਂ ਮੈਨੂੰ ਸਤਾਇਆ ਤਾਂ ਓਹ ਤੁਹਾਨੂੰ ਵੀ ਸਤਾਉਣਗੇ।” (ਯੂਹੰਨਾ 15:20) ਯਿਸੂ ਦੇ ਸ਼ਬਦ ਬਿਲਕੁਲ ਸੱਚ ਨਿਕਲੇ। ਉਸ ਦੀ ਮੌਤ ਤੋਂ ਥੋੜ੍ਹੀ ਦੇਰ ਬਾਅਦ ਉਸ ਦੇ ਚੇਲਿਆਂ ਨੂੰ ਧਮਕੀਆਂ, ਕੈਦ, ਅਤੇ ਮਾਰ-ਕੁਟਾਈ ਦੁਆਰਾ ਸਤਾਇਆ ਗਿਆ ਸੀ। (ਰਸੂਲਾਂ ਦੇ ਕਰਤੱਬ 4:1-3, 18-21; 5:17, 18, 40) ਯਿਸੂ ਦੇ ਰਸੂਲ ਅਤੇ ਚੇਲੇ ਵਿਰੋਧਤਾ ਦੇ ਬਾਵਜੂਦ ਦਲੇਰੀ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹੇ।—ਰਸੂਲਾਂ ਦੇ ਕਰਤੱਬ 4:29-31.
10. ਇਹ ਭਰੋਸਾ ਕਿ ਯਹੋਵਾਹ ਹਮੇਸ਼ਾ ਸਾਡੀ ਸੁਰੱਖਿਆ ਕਰੇਗਾ ਰਾਜ ਦਾ ਪ੍ਰਚਾਰ ਕਰਨ ਵਿਚ ਸਾਡੀ ਮਦਦ ਕਿਵੇਂ ਕਰਦਾ ਹੈ?
10 ਮੂਸਾ ਵਾਂਗ, ਯਿਸੂ ਦੇ ਮੁੱਢਲੇ ਚੇਲੇ ਆਪਣੇ ਦੁਸ਼ਮਣਾਂ ਨੂੰ ਦੇਖ ਕੇ ਡਰੇ ਨਹੀਂ ਸਨ। ਉਹ ਪਰਮੇਸ਼ੁਰ ਵਿਚ ਨਿਹਚਾ ਰੱਖਦੇ ਸਨ, ਅਤੇ ਇਸ ਲਈ ਉਹ ਕਠੋਰ ਅਤਿਆਚਾਰ ਨੂੰ ਸਹਿ ਸਕੇ ਸਨ। ਜੀ ਹਾਂ, ਉਹ ਅਣਦੇਖੇ ਪਰਮੇਸ਼ੁਰ ਨੂੰ ਦੇਖ ਕੇ ਨਿਹਚਾ ਵਿਚ ਕਾਇਮ ਰਹੇ! ਅਸੀਂ ਜਾਣਦੇ ਹਾਂ ਕਿ ਯਹੋਵਾਹ ਸਾਡੀ ਸੁਰੱਖਿਆ ਕਰੇਗਾ। ਇਹ ਜਾਣਕਾਰੀ ਸਾਨੂੰ ਰਾਜ ਦਾ ਪ੍ਰਚਾਰ ਦਲੇਰੀ ਅਤੇ ਨਿਡਰਤਾ ਨਾਲ ਕਰਨ ਲਈ ਹੌਸਲਾ ਦਿੰਦੀ ਹੈ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ ਕਿ “ਮਨੁੱਖ ਦਾ ਭੈ ਫਾਹੀ ਲਿਆਉਂਦਾ ਹੈ, ਪਰ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਸੁਖ ਸਾਂਦ ਨਾਲ ਰਹੇਗਾ।” (ਕਹਾਉਤਾਂ 29:25) ਇਸ ਲਈ ਅਸੀਂ ਅਤਿਆਚਾਰ ਦੇ ਡਰ ਕਾਰਨ ਪਿੱਛੇ ਨਹੀਂ ਹਟਦੇ; ਅਤੇ ਨਾ ਹੀ ਅਸੀਂ ਆਪਣੀ ਸੇਵਕਾਈ ਤੋਂ ਸ਼ਰਮਿੰਦਾ ਹੁੰਦੇ ਹਾਂ। ਸਾਡੀ ਨਿਹਚਾ ਸਾਨੂੰ ਆਪਣੇ ਗੁਆਂਢੀਆਂ ਨੂੰ, ਆਪਣੇ ਨਾਲ ਕੰਮ ਕਰਨ ਵਾਲਿਆਂ ਨੂੰ, ਸਕੂਲੇ ਆਪਣੇ ਸਾਥੀਆਂ ਨੂੰ, ਅਤੇ ਦੂਸਰਿਆਂ ਨੂੰ ਦਲੇਰੀ ਨਾਲ ਗਵਾਹੀ ਦੇਣ ਲਈ ਪ੍ਰੇਰਿਤ ਕਰਦੀ ਹੈ।—ਰੋਮੀਆਂ 1:14-16.
ਅਲੱਖ ਪਰਮੇਸ਼ੁਰ ਆਪਣੇ ਲੋਕਾਂ ਦੀ ਅਗਵਾਈ ਕਰਦਾ ਹੈ
11. ਪਤਰਸ ਅਤੇ ਯਹੂਦਾਹ ਦੇ ਅਨੁਸਾਰ ਮਸੀਹੀ ਕਲੀਸਿਯਾ ਨਾਲ ਸੰਗਤ ਰੱਖਣ ਵਾਲੇ ਕੁਝ ਲੋਕਾਂ ਨੇ ਰੂਹਾਨੀ ਕਮਜ਼ੋਰੀ ਦਾ ਸਬੂਤ ਕਿਵੇਂ ਦਿਖਾਇਆ ਸੀ?
11 ਨਿਹਚਾ ਦੁਆਰਾ ਅਸੀਂ ਦੇਖ ਸਕਦੇ ਹਾਂ ਕਿ ਯਹੋਵਾਹ ਹੀ ਧਰਤੀ ਉੱਤੇ ਆਪਣੇ ਸੰਗਠਨ ਦੀ ਅਗਵਾਈ ਕਰਦਾ ਹੈ। ਇਹ ਸਮਝਦੇ ਹੋਏ ਅਸੀਂ ਕਲੀਸਿਯਾ ਦੇ ਜ਼ਿੰਮੇਵਾਰ ਭਰਾਵਾਂ ਦੀ ਨੁਕਤਾਚੀਨੀ ਕਦੇ ਨਹੀਂ ਕਰਾਂਗੇ। ਪਤਰਸ ਰਸੂਲ ਅਤੇ ਯਿਸੂ ਦੇ ਭਰਾ ਯਹੂਦਾਹ ਨੇ ਵੀ ਉਨ੍ਹਾਂ ਬਾਰੇ ਚੇਤਾਵਨੀ ਦਿੱਤੀ ਸੀ ਜੋ ਰੂਹਾਨੀ ਤੌਰ ਤੇ ਇੰਨੇ ਕਮਜ਼ੋਰ ਹੋ ਗਏ ਸਨ ਕਿ ਉਹ ਮਸੀਹੀਆਂ ਵਿਚ ਅਗਵਾਈ ਕਰਨ ਵਾਲਿਆਂ ਦੀ ਨਿੰਦਿਆ ਕਰਨ ਲੱਗ ਪਏ ਸਨ। (2 ਪਤਰਸ 2:9-12; ਯਹੂਦਾਹ 8) ਜੇ ਇਹ ਨੁਕਤਾਚੀਨੀ ਕਰਨ ਵਾਲੇ ਸੱਚ-ਮੁੱਚ ਯਹੋਵਾਹ ਦੇ ਸਾਮ੍ਹਣੇ ਹੁੰਦੇ ਤਾਂ ਕੀ ਉਨ੍ਹਾਂ ਨੇ ਇਸ ਤਰ੍ਹਾਂ ਬੋਲਣਾ ਸੀ? ਬਿਲਕੁਲ ਨਹੀਂ! ਪਰ ਕਿਉਂਕਿ ਉਹ ਪਰਮੇਸ਼ੁਰ ਨੂੰ ਦੇਖ ਨਹੀਂ ਸਕਦੇ ਸਨ ਉਹ ਇਹ ਗੱਲ ਭੁੱਲ ਗਏ ਸਨ ਕਿ ਉਨ੍ਹਾਂ ਨੇ ਪਰਮੇਸ਼ੁਰ ਨੂੰ ਲੇਖਾ ਦੇਣਾ ਸੀ।
12. ਕਲੀਸਿਯਾ ਵਿਚ ਅਗਵਾਈ ਕਰਨ ਵਾਲਿਆਂ ਪ੍ਰਤੀ ਸਾਡਾ ਰਵੱਈਆ ਕੀ ਹੋਣਾ ਚਾਹੀਦਾ ਹੈ?
12 ਇਹ ਸੱਚ ਹੈ ਕਿ ਮਸੀਹੀ ਕਲੀਸਿਯਾ ਅਪੂਰਣ ਇਨਸਾਨਾਂ ਦੀ ਬਣੀ ਹੋਈ ਹੈ। ਬਜ਼ੁਰਗਾਂ ਵਜੋਂ ਸੇਵਾ ਕਰਨ ਵਾਲੇ ਵੀ ਗ਼ਲਤੀਆਂ ਕਰਦੇ ਹਨ ਅਤੇ ਕਦੀ-ਕਦੀ ਇਨ੍ਹਾਂ ਗ਼ਲਤੀਆਂ ਦਾ ਸਾਡੇ ਉੱਤੇ ਵੀ ਅਸਰ ਪੈ ਸਕਦਾ ਹੈ। ਫਿਰ ਵੀ ਯਹੋਵਾਹ ਅਜਿਹੇ ਬੰਦਿਆਂ ਨੂੰ ਆਪਣੇ ਇੱਜੜ ਦੇ ਚਰਵਾਹਿਆਂ ਵਜੋਂ ਵਰਤ ਰਿਹਾ ਹੈ। (1 ਪਤਰਸ 5:1, 2) ਰੂਹਾਨੀ ਤੌਰ ਤੇ ਮਜ਼ਬੂਤ ਭੈਣ-ਭਰਾ ਪਛਾਣਦੇ ਹਨ ਕਿ ਆਪਣਿਆਂ ਲੋਕਾਂ ਦੀ ਅਗਵਾਈ ਕਰਨ ਲਈ ਇਹ ਯਹੋਵਾਹ ਦਾ ਇਕ ਤਰੀਕਾ ਹੈ। ਇਸ ਲਈ ਮਸੀਹੀਆਂ ਵਜੋਂ ਸਾਨੂੰ ਨੁਕਤਾਚੀਨੀ ਕਰਨ ਅਤੇ ਸ਼ਿਕਾਇਤਾਂ ਲਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਉਸ ਪ੍ਰਬੰਧ ਦੀ ਕਦਰ ਕਰਨੀ ਚਾਹੀਦੀ ਹੈ ਜੋ ਪਰਮੇਸ਼ੁਰ ਨੇ ਆਪਣੇ ਲੋਕਾਂ ਦੀ ਅਗਵਾਈ ਕਰਨ ਲਈ ਸਥਾਪਿਤ ਕੀਤਾ ਹੈ। ਇਨ੍ਹਾਂ ਅਗਵਾਈ ਕਰਨ ਵਾਲਿਆਂ ਦੀ ਗੱਲ ਸੁਣਨ ਦੁਆਰਾ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਅਣਦੇਖੇ ਪਰਮੇਸ਼ੁਰ ਨੂੰ ਦੇਖ ਸਕਦੇ ਹਾਂ।—ਇਬਰਾਨੀਆਂ 13:17.
ਪਰਮੇਸ਼ੁਰ ਨੂੰ ਆਪਣੇ ਮਹਾਨ ਗੁਰੂ ਵਜੋਂ ਪਛਾਣੋ
13, 14. ਯਹੋਵਾਹ ਨੂੰ ਮਹਾਨ ਗੁਰੂ ਵਜੋਂ ਪਛਾਣਨਾ ਤੁਹਾਡੇ ਲਈ ਕੀ ਅਰਥ ਰੱਖਦਾ ਹੈ?
13 ਇਕ ਹੋਰ ਗੱਲ ਵਿਚ ਵੀ ਸਾਨੂੰ ਰੂਹਾਨੀ ਸਮਝ ਦਿਖਾਉਣ ਦੀ ਜ਼ਰੂਰਤ ਹੈ। ਯਸਾਯਾਹ ਨੇ ਭਵਿੱਖਬਾਣੀ ਵਿਚ ਕਿਹਾ ਸੀ ਕਿ “ਤੁਹਾਡੀਆਂ ਅੱਖਾਂ ਆਪਣੇ [ਮਹਾਨ] ਗੁਰੂ ਨੂੰ ਵੇਖਣਗੀਆਂ।” (ਯਸਾਯਾਹ 30:20) ਨਿਹਚਾ ਰਾਹੀਂ ਅਸੀਂ ਪਛਾਣ ਸਕਦੇ ਹਾਂ ਕਿ ਯਹੋਵਾਹ ਹੀ ਸਾਨੂੰ ਧਰਤੀ ਉੱਤੇ ਆਪਣੇ ਸੰਗਠਨ ਦੁਆਰਾ ਸਿਖਾ ਰਿਹਾ ਹੈ। (ਮੱਤੀ 24:45-47) ਪਰਮੇਸ਼ੁਰ ਨੂੰ ਆਪਣੇ ਮਹਾਨ ਗੁਰੂ ਵਜੋਂ ਦੇਖਣ ਦਾ ਮਤਲਬ ਸਿਰਫ਼ ਇਹ ਹੀ ਨਹੀਂ ਕਿ ਅਸੀਂ ਬਾਈਬਲ ਦੀ ਸਟੱਡੀ ਕਰਨ ਦੀਆਂ ਚੰਗੀਆਂ ਆਦਤਾਂ ਪਾਈਏ ਅਤੇ ਮਸੀਹੀ ਸਭਾਵਾਂ ਤੇ ਲਗਾਤਾਰ ਹਾਜ਼ਰ ਹੋਈਏ। ਪਰ ਇਸ ਦਾ ਇਹ ਮਤਲਬ ਹੈ ਕਿ ਸਾਨੂੰ ਪਰਮੇਸ਼ੁਰ ਦੇ ਰੂਹਾਨੀ ਪ੍ਰਬੰਧਾਂ ਦਾ ਪੂਰਾ ਫ਼ਾਇਦਾ ਉਠਾਉਣਾ ਚਾਹੀਦਾ ਹੈ। ਮਿਸਾਲ ਲਈ, ਸਾਨੂੰ ਯਿਸੂ ਦੁਆਰਾ ਯਹੋਵਾਹ ਦੀ ਅਗਵਾਈ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਤਾਂਕਿ ਅਸੀਂ ਰੂਹਾਨੀ ਤੌਰ ਤੇ ਵਹਿ ਕੇ ਦੂਰ ਨਾ ਹੋ ਜਾਈਏ, ਯਾਨੀ ਆਪਣੇ ਰਾਹ ਤੋਂ ਭਟਕ ਨਾ ਜਾਈਏ।—ਇਬਰਾਨੀਆਂ 2:1.
14 ਕਦੀ-ਕਦੀ ਰੂਹਾਨੀ ਪ੍ਰਬੰਧਾਂ ਤੋਂ ਪੂਰਾ ਲਾਭ ਹਾਸਲ ਕਰਨ ਲਈ ਜ਼ਿਆਦਾ ਜਤਨ ਕਰਨ ਦੀ ਲੋੜ ਪੈਂਦੀ ਹੈ। ਮਿਸਾਲ ਲਈ, ਹੋ ਸਕਦਾ ਹੈ ਕਿ ਅਸੀਂ ਬਾਈਬਲ ਦੇ ਉਨ੍ਹਾਂ ਬਿਰਤਾਂਤਾਂ ਦਾ ਡੂੰਘਾ ਅਧਿਐਨ ਨਾ ਕਰੀਏ ਜੋ ਸਮਝਣ ਵਿਚ ਸਾਨੂੰ ਔਖੇ ਲੱਗਦੇ ਹਨ। ਜਾਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੜ੍ਹਦੇ ਸਮੇਂ ਅਸੀਂ ਸ਼ਾਇਦ ਕੁਝ ਹੀ ਲੇਖਾਂ ਨੂੰ ਪੜ੍ਹੀਏ ਕਿਉਂਕਿ ਬਾਕੀ ਦੇ ਸਾਨੂੰ ਇੰਨੇ ਦਿਲਚਸਪ ਨਹੀਂ ਲੱਗਦੇ। ਜਾਂ ਹੋ ਸਕਦਾ ਹੈ ਕਿ ਮਸੀਹੀ ਸਭਾ ਤੇ ਧਿਆਨ ਨਾਲ ਸੁਣਨ ਦੀ ਬਜਾਇ ਅਸੀਂ ਹੋਰ ਗੱਲਾਂ ਬਾਰੇ ਸੋਚਣ ਲੱਗ ਪਈਏ। ਪਰ ਅਸੀਂ ਸੁਣੀਆਂ ਗਈਆਂ ਗੱਲਾਂ ਉੱਤੇ ਤਰਕ ਕਰਨ ਦੁਆਰਾ ਸਚੇਤ ਰਹਿ ਸਕਦੇ ਹਾਂ। ਰੂਹਾਨੀ ਸਿੱਖਿਆ ਲਈ ਸਾਡੀ ਗਹਿਰੀ ਕਦਰ ਦਿਖਾਉਂਦੀ ਹੈ ਕਿ ਅਸੀਂ ਯਹੋਵਾਹ ਨੂੰ ਆਪਣੇ ਮਹਾਨ ਗੁਰੂ ਵਜੋਂ ਪਛਾਣਦੇ ਹਾਂ।
ਸਾਨੂੰ ਲੇਖਾ ਦੇਣਾ ਪੈਣਾ ਹੈ
15. ਕੁਝ ਲੋਕ ਆਪਣੇ ਕੰਮਾਂ ਰਾਹੀਂ ਕਿਸ ਤਰ੍ਹਾਂ ਦਿਖਾਉਂਦੇ ਹਨ ਕਿ ਉਨ੍ਹਾਂ ਦੇ ਭਾਣੇ ਯਹੋਵਾਹ ਉਨ੍ਹਾਂ ਨੂੰ ਦੇਖ ਨਹੀਂ ਸਕਦਾ?
15 ਅਣਦੇਖੇ ਪਰਮੇਸ਼ੁਰ ਵਿਚ ਨਿਹਚਾ ਰੱਖਣੀ ਬਹੁਤ ਹੀ ਜ਼ਰੂਰੀ ਹੈ ਖ਼ਾਸ ਕਰਕੇ ‘ਓੜਕ ਦੇ ਇਸ ਸਮੇਂ’ ਵਿਚ ਜਦ ਦੁਸ਼ਟਤਾ ਬਹੁਤ ਫੈਲੀ ਹੋਈ ਹੈ। (ਦਾਨੀਏਲ 12:4) ਬੇਈਮਾਨੀ ਅਤੇ ਲਿੰਗੀ ਅਨੈਤਿਕਤਾ ਦੂਰ ਤਕ ਫੈਲੀ ਹੋਈ ਹੈ। ਇਹ ਯਾਦ ਰੱਖਣਾ ਅਕਲਮੰਦੀ ਦੀ ਗੱਲ ਹੈ ਕਿ ਭਾਵੇਂ ਇਨਸਾਨ ਸਾਨੂੰ ਨਾ ਦੇਖ ਸਕਣ, ਯਹੋਵਾਹ ਹਮੇਸ਼ਾ ਸਾਨੂੰ ਦੇਖ ਸਕਦਾ ਹੈ। ਕਈ ਲੋਕ ਇਸ ਗੱਲ ਨੂੰ ਭੁੱਲ ਗਏ ਹਨ ਅਤੇ ਦੂਸਰਿਆਂ ਦੀਆਂ ਅੱਖਾਂ ਤੋਂ ਓਹਲੇ ਹੋ ਕੇ ਉਹ ਸ਼ਾਇਦ ਅਜਿਹੇ ਕੰਮ ਕਰਨ ਜੋ ਬਾਈਬਲ ਵਿਚ ਮਨ੍ਹਾ ਕੀਤੇ ਗਏ ਹਨ। ਮਿਸਾਲ ਲਈ, ਕਈ ਲੋਕ ਹਾਨੀਕਾਰਕ ਮਨੋਰੰਜਨ ਵਿਚ ਹਿੱਸਾ ਲੈਣ ਅਤੇ ਇੰਟਰਨੈੱਟ, ਟੈਲੀਵਿਯਨ, ਅਤੇ ਹੋਰ ਚੀਜ਼ਾਂ ਤੇ ਗੰਦੀਆਂ ਤਸਵੀਰਾਂ ਦੇਖਣ ਲਈ ਬਹਿਕਾਏ ਗਏ ਹਨ। ਕਿਉਂ ਜੋ ਅਜਿਹੇ ਕੰਮ ਦੂਸਰਿਆਂ ਤੋਂ ਚੋਰੀ-ਛਿਪੇ ਕੀਤੇ ਜਾ ਸਕਦੇ ਹਨ ਕੁਝ ਲੋਕਾਂ ਨੇ ਸੋਚਿਆ ਹੈ ਕਿ ਉਨ੍ਹਾਂ ਦੇ ਕੰਮ ਯਹੋਵਾਹ ਤੋਂ ਵੀ ਛੁਪੇ ਰਹਿੰਦੇ ਹਨ।
16. ਯਹੋਵਾਹ ਦੇ ਉੱਚੇ ਮਿਆਰਾਂ ਅਨੁਸਾਰ ਚੱਲਣ ਲਈ ਸਾਨੂੰ ਕਿਹੜੀ ਗੱਲ ਚੇਤੇ ਰੱਖਣੀ ਚਾਹੀਦੀ ਹੈ?
16 ਪੌਲੁਸ ਰਸੂਲ ਦੇ ਸ਼ਬਦਾਂ ਨੂੰ ਯਾਦ ਰੱਖਣਾ ਚੰਗਾ ਹੈ ਕਿ “ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।” (ਰੋਮੀਆਂ 14:12) ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਅਸੀਂ ਪਾਪ ਕਰਦੇ ਹਾਂ ਤਾਂ ਅਸੀਂ ਯਹੋਵਾਹ ਵਿਰੁੱਧ ਪਾਪ ਕਰਦੇ ਹਾਂ। ਇਸ ਗੱਲ ਨੂੰ ਚੇਤੇ ਰੱਖ ਕੇ ਅਸੀਂ ਉਸ ਦੇ ਉੱਚੇ ਮਿਆਰਾਂ ਅਨੁਸਾਰ ਚੱਲ ਸਕਾਂਗੇ ਅਤੇ ਬੁਰੇ ਚਾਲ-ਚਲਣ ਤੋਂ ਪਰਹੇਜ਼ ਕਰ ਸਕਾਂਗੇ। ਬਾਈਬਲ ਸਾਨੂੰ ਯਾਦ ਕਰਵਾਉਂਦੀ ਹੈ ਕਿ “ਸਰਿਸ਼ਟੀ ਦੀ ਕੋਈ ਵਸਤ ਉਸ ਤੋਂ ਲੁਕੀ ਹੋਈ ਨਹੀਂ, ਪਰ ਜਿਹ ਨੂੰ ਅਸਾਂ ਲੇਖਾ ਦੇਣਾ ਹੈ ਉਹ ਦੇ ਨੇਤਰਾਂ ਦੇ ਅੱਗੇ ਸਾਰੀਆਂ ਵਸਤਾਂ ਨੰਗੀਆਂ ਅਤੇ ਖੁਲ੍ਹੀਆਂ ਪਈਆਂ ਹਨ।” (ਇਬਰਾਨੀਆਂ 4:13) ਇਹ ਗੱਲ ਸੱਚ ਹੈ ਕਿ ਅਸੀਂ ਪਰਮੇਸ਼ੁਰ ਨੂੰ ਲੇਖਾ ਦੇਣਾ ਹੈ, ਪਰ ਉਸ ਦੀ ਇੱਛਾ ਪੂਰੀ ਕਰਨ ਅਤੇ ਉਸ ਦੇ ਧਾਰਮਿਕ ਮਿਆਰਾਂ ਉੱਤੇ ਅਮਲ ਕਰਨ ਦਾ ਮੁੱਖ ਕਾਰਨ ਅਸਲ ਵਿਚ ਯਹੋਵਾਹ ਲਈ ਸਾਡਾ ਗਹਿਰਾ ਪਿਆਰ ਹੈ। ਇਸ ਲਈ ਆਓ ਆਪਾਂ ਸਮਝਦਾਰੀ ਨਾਲ ਮਨੋਰੰਜਨ ਦੀ ਚੋਣ ਕਰੀਏ ਅਤੇ ਆਪਣੇ ਚਾਲ-ਚਲਣ ਉੱਤੇ ਧਿਆਨ ਰੱਖੀਏ ਤਾਂਕਿ ਅਸੀਂ ਕੋਈ ਅਨੈਤਿਕ ਕੰਮ ਨਾ ਕਰ ਬੈਠੀਏ।
17. ਯਹੋਵਾਹ ਸਾਡੀ ਵੱਲ ਕਿਉਂ ਦੇਖਦਾ ਹੈ?
17 ਯਹੋਵਾਹ ਨੂੰ ਸਾਡੇ ਵਿਚ ਦਿਲਚਸਪੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਉਹ ਦੇਖਦਾ ਰਹਿੰਦਾ ਹੈ ਕਿ ਅਸੀਂ ਕਦੋਂ ਗ਼ਲਤੀ ਕਰਦੇ ਹਾਂ ਤਾਂਕਿ ਉਹ ਸਾਨੂੰ ਸਜ਼ਾ ਦੇ ਸਕੇ। ਇਸ ਦੀ ਬਜਾਇ ਉਹ ਪਿਆਰ ਨਾਲ ਸਾਡੇ ਵੱਲ ਦੇਖਦਾ ਹੈ ਜਿਵੇਂ ਇਕ ਪਿਤਾ ਆਪਣੇ ਬੀਬੇ ਬੱਚਿਆਂ ਵੱਲ ਦੇਖਦਾ ਤਾਂਕਿ ਉਹ ਉਨ੍ਹਾਂ ਨੂੰ ਇਨਾਮ ਦੇ ਸਕੇ। ਇਹ ਜਾਣ ਕੇ ਕਿੰਨੀ ਤਸੱਲੀ ਮਿਲਦੀ ਹੈ ਕਿ ਸਾਡਾ ਸਵਰਗੀ ਪਿਤਾ ਸਾਡੀ ਨਿਹਚਾ ਤੋਂ ਖ਼ੁਸ਼ ਹੁੰਦਾ ਹੈ ਅਤੇ ਉਸ ਨੂੰ “ਖੋਜਣ ਵਾਲਿਆਂ ਨੂੰ ਫਲ ਦਿੰਦਾ ਹੈ।” (ਇਬਰਾਨੀਆਂ 11:6, ਨਵਾਂ ਅਨੁਵਾਦ) ਆਓ ਆਪਾਂ ਯਹੋਵਾਹ ਵਿਚ ਪੱਕੀ ਨਿਹਚਾ ਕਰੀਏ ਅਤੇ ਪੂਰੇ ਦਿਲ ਨਾਲ ਉਸ ਦੀ ਸੇਵਾ ਕਰੀਏ।—1 ਇਤਹਾਸ 28:9.
18. ਇਸ ਲਈ ਕਿ ਯਹੋਵਾਹ ਸਾਨੂੰ ਅਤੇ ਸਾਡੀ ਵਫ਼ਾਦਾਰੀ ਨੂੰ ਦੇਖਦਾ ਹੈ, ਬਾਈਬਲ ਤੋਂ ਸਾਨੂੰ ਕਿਹੜਾ ਭਰੋਸਾ ਮਿਲਦਾ ਹੈ?
18 ਕਹਾਉਤਾਂ 15:3 ਵਿਚ ਲਿਖਿਆ ਹੈ: “ਯਹੋਵਾਹ ਦੀਆਂ ਅੱਖਾਂ ਸਭਨੀਂ ਥਾਈਂ ਲੱਗੀਆਂ ਰਹਿੰਦੀਆਂ ਹਨ, ਅਤੇ ਬੁਰੇ ਭਲੇ ਦੋਹਾਂ ਨੂੰ ਤੱਕਦੀਆਂ ਹਨ।” ਜੀ ਹਾਂ, ਪਰਮੇਸ਼ੁਰ ਬੁਰਿਆਂ ਲੋਕਾਂ ਉੱਤੇ ਆਪਣੀ ਨਜ਼ਰ ਰੱਖਦਾ ਹੈ ਅਤੇ ਉਨ੍ਹਾਂ ਦੇ ਕੰਮਾਂ ਅਨੁਸਾਰ ਉਨ੍ਹਾਂ ਨੂੰ ਫਲ ਦਿੰਦਾ ਹੈ। ਪਰ ਜੇ ਅਸੀਂ “ਭਲੇ” ਲੋਕਾਂ ਵਿੱਚੋਂ ਹਾਂ ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀ ਵਫ਼ਾਦਾਰੀ ਵੀ ਦੇਖਦਾ ਹੈ। ਇਹ ਜਾਣ ਕੇ ਸਾਡੀ ਨਿਹਚਾ ਕਿੰਨੀ ਮਜ਼ਬੂਤ ਹੁੰਦੀ ਹੈ ਕਿ ‘ਪ੍ਰਭੁ ਵਿੱਚ ਸਾਡੀ ਮਿਹਨਤ ਥੋਥੀ ਨਹੀਂ ਹੈ’ ਅਤੇ ਅਲੱਖ ਪਰਮੇਸ਼ੁਰ ‘ਸਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਨਹੀਂ ਭੁੱਲੇਗਾ ਜਿਹੜਾ ਅਸੀਂ ਉਹ ਦੇ ਨਾਮ ਨਾਲ ਵਿਖਾਇਆ’ ਹੈ!—1 ਕੁਰਿੰਥੀਆਂ 15:58; ਇਬਰਾਨੀਆਂ 6:10.
ਯਹੋਵਾਹ ਸਾਮ੍ਹਣੇ ਆਪਣੇ ਦਿਲ ਖੋਲ੍ਹੋ
19. ਯਹੋਵਾਹ ਵਿਚ ਦ੍ਰਿੜ੍ਹ ਨਿਹਚਾ ਰੱਖਣ ਦੇ ਕੁਝ ਲਾਭ ਕੀ ਹਨ?
19 ਯਹੋਵਾਹ ਦੀ ਨਜ਼ਰ ਵਿਚ ਉਸ ਦੇ ਵਫ਼ਾਦਾਰ ਸੇਵਕ ਬਹੁਤ ਹੀ ਪਿਆਰੇ ਹਨ। (ਮੱਤੀ 10:29-31) ਭਾਵੇਂ ਕਿ ਪਰਮੇਸ਼ੁਰ ਨੂੰ ਅੱਖੀਂ ਦੇਖਿਆ ਨਹੀਂ ਜਾ ਸਕਦਾ ਫਿਰ ਵੀ ਉਹ ਸਾਡੇ ਲਈ ਅਸਲੀ ਹੋ ਸਕਦਾ ਹੈ ਅਤੇ ਅਸੀਂ ਉਸ ਨਾਲ ਇਕ ਗਹਿਰਾ ਰਿਸ਼ਤਾ ਕਾਇਮ ਕਰ ਸਕਦੇ ਹਾਂ, ਜਿਸ ਕਰਕੇ ਸਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ। ਆਪਣੀ ਪੱਕੀ ਨਿਹਚਾ ਕਰਕੇ ਅਸੀਂ ਸ਼ੁੱਧ ਮਨ ਅਤੇ ਜ਼ਮੀਰ ਨਾਲ ਯਹੋਵਾਹ ਦੇ ਸਾਮ੍ਹਣੇ ਆ ਸਕਦੇ ਹਾਂ। ਸੱਚੀ ਨਿਹਚਾ ਸਾਨੂੰ ਪਖੰਡੀ ਬਣਨ ਤੋਂ ਵੀ ਰੋਕੇਗੀ ਅਤੇ ਅਸੀਂ ਈਮਾਨਦਾਰ ਜੀਵਨ ਜੀ ਸਕਾਂਗੇ। (1 ਤਿਮੋਥਿਉਸ 1:5, 18, 19) ਪਰਮੇਸ਼ੁਰ ਵਿਚ ਆਪਣੀ ਦ੍ਰਿੜ੍ਹ ਨਿਹਚਾ ਕਰਕੇ ਅਸੀਂ ਇਕ ਚੰਗੀ ਮਿਸਾਲ ਕਾਇਮ ਕਰ ਸਕਦੇ ਹਾਂ ਅਤੇ ਇਸ ਦਾ ਸਾਡੇ ਆਲੇ-ਦੁਆਲੇ ਦੇ ਲੋਕਾਂ ਉੱਤੇ ਚੰਗਾ ਅਸਰ ਪੈ ਸਕਦਾ ਹੈ। (1 ਤਿਮੋਥਿਉਸ 4:12) ਇਸ ਤੋਂ ਇਲਾਵਾ, ਅਜਿਹੀ ਨਿਹਚਾ ਕਰਕੇ ਅਸੀਂ ਆਪਣਾ ਚਾਲ-ਚਲਣ ਸ਼ੁੱਧ ਰੱਖਾਂਗੇ ਅਤੇ ਯਹੋਵਾਹ ਦੇ ਜੀ ਨੂੰ ਖ਼ੁਸ਼ ਕਰਾਂਗੇ।—ਕਹਾਉਤਾਂ 27:11.
20, 21. (ੳ) ਇਹ ਚੰਗੀ ਗੱਲ ਕਿਉਂ ਹੈ ਕਿ ਯਹੋਵਾਹ ਸਾਡੇ ਉੱਤੇ ਆਪਣੀ ਨਿਗਾਹ ਰੱਖਦਾ ਹੈ? (ਅ) ਜ਼ਬੂਰ 139:23, 24 ਨੂੰ ਅਸੀਂ ਆਪਣੇ ਉੱਤੇ ਕਿਵੇਂ ਲਾਗੂ ਕਰ ਸਕਦੇ ਹਾਂ?
20 ਜੇਕਰ ਅਸੀਂ ਸੱਚ-ਮੁੱਚ ਬੁੱਧੀਮਾਨ ਹਾਂ ਤਾਂ ਅਸੀਂ ਖ਼ੁਸ਼ ਹੋਵਾਂਗੇ ਕਿ ਯਹੋਵਾਹ ਸਾਡੇ ਉੱਤੇ ਨਿਗਾਹ ਰੱਖਦਾ ਹੈ। ਅਸੀਂ ਸਿਰਫ਼ ਇਹ ਨਹੀਂ ਚਾਹੁੰਦੇ ਕਿ ਉਹ ਸਾਨੂੰ ਦੇਖੇ ਪਰ ਅਸੀਂ ਚਾਹੁੰਦੇ ਹਾਂ ਕਿ ਉਹ ਸਾਡਿਆਂ ਖ਼ਿਆਲਾਂ ਅਤੇ ਕੰਮਾਂ ਦੀ ਪੂਰੀ ਤਰ੍ਹਾਂ ਜਾਂਚ ਕਰੇ। ਚੰਗਾ ਹੋਵੇਗਾ ਜੇ ਅਸੀਂ ਯਹੋਵਾਹ ਨੂੰ ਸਾਡੀ ਜਾਂਚ ਕਰਨ ਲਈ ਪ੍ਰਾਰਥਨਾ ਕਰੀਏ ਤਾਂਕਿ ਉਹ ਦੇਖ ਸਕੇ ਕਿ ਸਾਡੇ ਦਿਲ ਵਿਚ ਕੁਝ ਗ਼ਲਤ ਝੁਕਾਅ ਤਾਂ ਨਹੀਂ ਹਨ। ਇਸ ਤਰ੍ਹਾਂ ਉਹ ਸਮੱਸਿਆਵਾਂ ਦਾ ਸਾਮ੍ਹਣਾ ਕਰਨ ਵਿਚ ਅਤੇ ਲੋੜੀਂਦੀਆਂ ਤਬਦੀਲੀਆਂ ਕਰਨ ਵਿਚ ਸਾਡੀ ਮਦਦ ਕਰ ਸਕਦਾ ਹੈ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਕਿਹਾ: “ਹੇ ਪਰਮੇਸ਼ੁਰ, ਮੈਨੂੰ ਪਰਖ ਅਤੇ ਮੇਰੇ ਦਿਲ ਨੂੰ ਜਾਣ, ਮੈਨੂੰ ਜਾਚ ਅਤੇ ਮੇਰੇ ਖਿਆਲਾਂ ਨੂੰ ਜਾਣ, ਅਤੇ ਵੇਖ ਕਿਤੇ ਮੇਰੇ ਵਿੱਚ ਕੋਈ ਭੈੜੀ ਚਾਲ ਤਾਂ ਨਹੀਂ? ਅਤੇ ਸਦੀਪਕ ਰਾਹ ਵਿੱਚ ਮੇਰੀ ਅਗਵਾਈ ਕਰ!”—ਜ਼ਬੂਰ 139:23, 24.
21 ਦਾਊਦ ਨੇ ਯਹੋਵਾਹ ਅੱਗੇ ਬੇਨਤੀ ਕੀਤੀ ਸੀ ਕਿ ਉਹ ਉਸ ਦੀ ਜਾਂਚ ਕਰ ਕੇ ਦੇਖੇ ਕਿ ਉਸ ਦੇ ਦਿਲ ਵਿਚ ਕੋਈ “ਭੈੜੀ ਚਾਲ” ਤਾਂ ਨਹੀਂ। ਦਾਊਦ ਵਾਂਗ, ਕੀ ਅਸੀਂ ਨਹੀਂ ਚਾਹੁੰਦੇ ਕਿ ਪਰਮੇਸ਼ੁਰ ਸਾਡੇ ਦਿਲ ਦੀ ਜਾਂਚ ਕਰ ਕੇ ਦੇਖੇ ਕਿ ਉਸ ਵਿਚ ਕੋਈ ਗ਼ਲਤ ਇੱਛਾ ਤਾਂ ਨਹੀਂ? ਤਾਂ ਫਿਰ ਆਓ ਆਪਾਂ ਨਿਹਚਾ ਵਿਚ ਯਹੋਵਾਹ ਅੱਗੇ ਬੇਨਤੀ ਕਰੀਏ ਕਿ ਉਹ ਸਾਡੀ ਜਾਂਚ ਕਰੇ। ਪਰ ਉਦੋਂ ਕੀ ਜਦੋਂ ਕਿਸੇ ਗ਼ਲਤੀ ਕਾਰਨ ਸਾਨੂੰ ਚਿੰਤਾ ਹੁੰਦੀ ਹੈ ਜਾਂ ਆਪਣੇ ਦਿਲ ਦੀ ਗ਼ਲਤ ਇੱਛਾ ਕਾਰਨ ਅਸੀਂ ਪਰੇਸ਼ਾਨ ਹੁੰਦੇ ਹਾਂ? ਆਓ ਆਪਾਂ ਆਪਣੇ ਪਿਆਰੇ ਪਰਮੇਸ਼ੁਰ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰਦੇ ਰਹੀਏ ਅਤੇ ਨਿਮਰਤਾ ਨਾਲ ਉਸ ਦੀ ਪਵਿੱਤਰ ਆਤਮਾ ਦੀ ਅਗਵਾਈ ਅਤੇ ਉਸ ਦੇ ਬਚਨ ਦੀ ਸਲਾਹ ਅਨੁਸਾਰ ਚੱਲੀਏ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਹ ਜੀਵਨ ਵੱਲ ਜਾਣ ਵਾਲੇ ਰਾਹ ਉੱਤੇ ਚੱਲਣ ਵਿਚ ਸਾਡੀ ਮਦਦ ਕਰੇਗਾ।—ਜ਼ਬੂਰ 40:11-13.
22. ਅਣਦੇਖੇ ਪਰਮੇਸ਼ੁਰ ਦੀ ਸੇਵਾ ਵਿਚ ਸਾਡਾ ਪੱਕਾ ਇਰਾਦਾ ਕੀ ਹੋਣਾ ਚਾਹੀਦਾ ਹੈ?
22 ਜੀ ਹਾਂ, ਜੇ ਅਸੀਂ ਯਹੋਵਾਹ ਦੀਆਂ ਮੰਗਾਂ ਪੂਰੀਆਂ ਕਰਾਂਗੇ ਤਾਂ ਉਹ ਸਾਨੂੰ ਜ਼ਿੰਦਗੀ ਬਖ਼ਸ਼ੇਗਾ। ਲੇਕਿਨ ਸਾਨੂੰ ਪੌਲੁਸ ਰਸੂਲ ਵਾਂਗ ਉਸ ਦੀ ਸ਼ਕਤੀ ਅਤੇ ਉਸ ਦੇ ਅਧਿਕਾਰ ਨੂੰ ਸਵੀਕਾਰ ਕਰਨ ਦੀ ਲੋੜ ਹੈ। ਪੌਲੁਸ ਨੇ ਲਿਖਿਆ: “ਜੁੱਗਾਂ ਦੇ ਮਹਾਰਾਜ, ਅਬਨਾਸੀ, ਅਲੱਖ, ਅਦੁਤੀ ਪਰਮੇਸ਼ੁਰ ਦਾ ਆਦਰ ਅਤੇ ਤੇਜ ਜੁੱਗੋ ਜੁੱਗ ਹੋਵੇ। ਆਮੀਨ।” (1 ਤਿਮੋਥਿਉਸ 1:17) ਆਓ ਆਪਾਂ ਵੀ ਹਮੇਸ਼ਾ ਯਹੋਵਾਹ ਦਾ ਅਜਿਹਾ ਸਨਮਾਨ ਦਿਲੋਂ ਕਰੀਏ। ਚਾਹੇ ਜੋ ਮਰਜ਼ੀ ਹੋਵੇ, ਆਓ ਆਪਾਂ ਅਣਦੇਖੇ ਪਰਮੇਸ਼ੁਰ ਨੂੰ ਦੇਖ ਕੇ ਨਿਹਚਾ ਵਿਚ ਕਾਇਮ ਰਹਿਣ ਦੇ ਆਪਣੇ ਪੱਕੇ ਇਰਾਦੇ ਉੱਤੇ ਟਿਕੇ ਰਹੀਏ।
ਤੁਸੀਂ ਕਿਵੇਂ ਜਵਾਬ ਦਿਓਗੇ?
• ਇਨਸਾਨ ਪਰਮੇਸ਼ੁਰ ਨੂੰ ਕਿਵੇਂ ਦੇਖ ਸਕਦੇ ਹਨ?
• ਜੇਕਰ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਯਹੋਵਾਹ ਹੈ, ਤਾਂ ਅਸੀਂ ਵਿਰੋਧਤਾ ਦਾ ਸਾਮ੍ਹਣਾ ਕਿਵੇਂ ਕਰਾਂਗੇ?
• ਯਹੋਵਾਹ ਨੂੰ ਆਪਣਾ ਮਹਾਨ ਗੁਰੂ ਮੰਨਣ ਦਾ ਕੀ ਮਤਲਬ ਹੈ?
• ਸਾਡੀ ਇਹ ਇੱਛਾ ਕਿਉਂ ਹੋਣੀ ਚਾਹੀਦੀ ਹੈ ਕਿ ਯਹੋਵਾਹ ਸਾਡੀ ਜਾਂਚ ਕਰੇ?
[ਸਫ਼ੇ 18 ਉੱਤੇ ਤਸਵੀਰ]
ਫ਼ਿਰਊਨ ਤੋਂ ਡਰਨ ਦੀ ਬਜਾਇ ਮੂਸਾ ਨੇ ਇਵੇਂ ਕੰਮ ਕੀਤਾ ਜਿਵੇਂ ਉਹ ਅਣਦੇਖੇ ਪਰਮੇਸ਼ੁਰ ਨੂੰ ਦੇਖ ਸਕਦਾ ਸੀ
[ਸਫ਼ੇ 21 ਉੱਤੇ ਤਸਵੀਰ]
ਆਓ ਆਪਾਂ ਕਦੀ ਵੀ ਨਾ ਸੋਚੀਏ ਕਿ ਯਹੋਵਾਹ ਸਾਨੂੰ ਨਹੀਂ ਦੇਖ ਸਕਦਾ
[ਸਫ਼ੇ 23 ਉੱਤੇ ਤਸਵੀਰ]
ਅਸੀਂ ਤਨ-ਮਨ ਲਾ ਕੇ ਪਰਮੇਸ਼ੁਰ ਦਾ ਗਿਆਨ ਭਾਲਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਅਸੀਂ ਉਸ ਨੂੰ ਆਪਣੇ ਮਹਾਨ ਗੁਰੂ ਵਜੋਂ ਪਛਾਣਦੇ ਹਾਂ