ਯਹੋਵਾਹ ਦਾ ਬਚਨ ਜੀਉਂਦਾ ਹੈ
ਕਹਾਉਤਾਂ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
ਪ੍ਰਾਚੀਨ ਇਸਰਾਏਲ ਦੇ ਬਾਦਸ਼ਾਹ ਸੁਲੇਮਾਨ ਨੇ “ਤਿੰਨ ਹਜ਼ਾਰ ਕਹਾਉਤਾਂ” ਰਚੀਆਂ ਸਨ। (1 ਰਾਜਿਆਂ 4:32) ਕੀ ਉਸ ਦੀਆਂ ਕਹਾਵਤਾਂ ਸਾਡੇ ਫ਼ਾਇਦੇ ਲਈ ਕਿਸੇ ਕਿਤਾਬ ਵਿਚ ਦਰਜ ਹਨ? ਹਾਂ, ਲਗਭਗ 717 ਈ. ਪੂ. ਵਿਚ ਲਿਖੀ ਗਈ ਬਾਈਬਲ ਦੀ ਕਹਾਉਤਾਂ ਦੀ ਕਿਤਾਬ ਵਿਚ ਸੁਲੇਮਾਨ ਦੀਆਂ ਬਹੁਤ ਸਾਰੀਆਂ ਕਹਾਵਤਾਂ ਦਰਜ ਹਨ। ਜ਼ਿਕਰਯੋਗ ਹੈ ਕਿ ਇਸ ਕਿਤਾਬ ਦੇ ਅਖ਼ੀਰਲੇ ਦੋ ਅਧਿਆਇ ਹੋਰਨਾਂ ਦੋ ਲਿਖਾਰੀਆਂ ਯਾਕਹ ਦੇ ਪੁੱਤਰ ਆਗੂਰ ਤੇ ਲਮੂਏਲ ਬਾਦਸ਼ਾਹ ਨੇ ਲਿਖੇ ਸਨ। ਲੇਕਿਨ ਮੰਨਿਆ ਜਾਂਦਾ ਹੈ ਕਿ ਸੁਲੇਮਾਨ ਸ਼ਾਇਦ ਲਮੂਏਲ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਸੀ।
ਕਹਾਉਤਾਂ ਦੀ ਕਿਤਾਬ ਵਿਚ ਦਰਜ ਕਹਾਵਤਾਂ ਦੋ ਤਰੀਕਿਆਂ ਨਾਲ ਸਾਡੀ ਮਦਦ ਕਰਦੀਆਂ ਹਨ। ਇਹ ਸਾਨੂੰ “ਬੁੱਧ ਤੇ ਸਿੱਖਿਆ” ਦਿੰਦੀਆਂ ਹਨ। (ਕਹਾਉਤਾਂ 1:2) ਬੁੱਧ ਕੀ ਹੈ? ਇਹ ਗਿਆਨ ਦੇ ਆਧਾਰ ਤੇ ਸਹੀ-ਗ਼ਲਤ ਦੀ ਪਛਾਣ ਕਰਨ ਅਤੇ ਮਸਲਿਆਂ ਨੂੰ ਹੱਲ ਕਰਨ ਦੀ ਯੋਗਤਾ ਹੈ। ਸੁਲੇਮਾਨ ਦੀਆਂ ਕਹਾਵਤਾਂ ਤੋਂ ਅਸੀਂ “ਸਿੱਖਿਆ” ਵੀ ਹਾਸਲ ਕਰਦੇ ਹਾਂ ਯਾਨੀ ਆਪਣੇ ਵਿਚ ਨੈਤਿਕ ਤੌਰ ਤੇ ਸੁਧਾਰ ਲਿਆ ਸਕਦੇ ਹਾਂ। ਧਿਆਨ ਨਾਲ ਇਨ੍ਹਾਂ ਕਹਾਵਤਾਂ ਦਾ ਅਧਿਐਨ ਕਰਨ ਨਾਲ ਸਾਡੇ ਦਿਲਾਂ ਤੇ ਚੰਗਾ ਅਸਰ ਪਵੇਗਾ ਅਤੇ ਸਾਡੀ ਜ਼ਿੰਦਗੀ ਸੁਖੀ ਤੇ ਸਫ਼ਲ ਬਣੇਗੀ।—ਇਬਰਾਨੀਆਂ 4:12.
‘ਬੁੱਧ ਨੂੰ ਪ੍ਰਾਪਤ ਕਰ ਅਤੇ ਸਿੱਖਿਆ ਨੂੰ ਫੜੀ ਰੱਖ’
ਸੁਲੇਮਾਨ ਕਹਿੰਦਾ ਹੈ: “ਬੁੱਧ ਗਲੀਆਂ ਵਿੱਚ ਉੱਚੀ ਦੇ ਕੇ ਬੋਲਦੀ ਹੈ, ਉਹ ਚੌਂਕਾਂ ਵਿੱਚ ਹਾਕਾਂ ਮਾਰਦੀ ਹੈ।” (ਕਹਾਉਤਾਂ 1:20) ਸਾਨੂੰ ਬੁੱਧ ਦੀ ਉੱਚੀ ਤੇ ਸਪੱਸ਼ਟ ਆਵਾਜ਼ ਸੁਣਨ ਦੀ ਕਿਉਂ ਲੋੜ ਹੈ? ਦੂਸਰੇ ਅਧਿਆਇ ਵਿਚ ਬੁੱਧ ਹਾਸਲ ਕਰਨ ਦੇ ਕਈ ਲਾਭ ਦੱਸੇ ਗਏ ਹਨ। ਤੀਜੇ ਅਧਿਆਇ ਵਿਚ ਯਹੋਵਾਹ ਦੀ ਕਿਰਪਾ ਪਾਉਣ ਬਾਰੇ ਦੱਸਿਆ ਹੈ। ਸੁਲੇਮਾਨ ਅੱਗੇ ਕਹਿੰਦਾ ਹੈ: “ਬੁੱਧ ਦਾ ਮੁੱਢ ਇਹ ਹੈ ਭਈ ਬੁੱਧ ਨੂੰ ਪ੍ਰਾਪਤ ਕਰ, ਅਤੇ ਆਪਣੀ ਸਾਰੀ ਪ੍ਰਾਪਤੀ ਨਾਲ ਸਮਝ ਨੂੰ ਪ੍ਰਾਪਤ ਕਰ। ਸਿੱਖਿਆ ਨੂੰ ਫੜੀ ਰੱਖ, ਉਹ ਨੂੰ ਛੱਡੀਂ ਨਾ।”—ਕਹਾਉਤਾਂ 4:7, 13.
ਸੰਸਾਰ ਦੀ ਹਵਾ ਲੱਗਣ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ? ਕਹਾਉਤਾਂ ਦਾ ਪੰਜਵਾਂ ਅਧਿਆਇ ਜਵਾਬ ਦਿੰਦਾ ਹੈ: ਸਮਝਦਾਰੀ ਵਰਤ ਕੇ ਸੰਸਾਰ ਦੇ ਤੌਰ-ਤਰੀਕੇ ਅਪਣਾਉਣ ਦੇ ਖ਼ਤਰਿਆਂ ਨੂੰ ਪਛਾਣੋ। ਪਰਾਏ ਮਰਦ ਜਾਂ ਤੀਵੀਂ ਨਾਲ ਨਾਜਾਇਜ਼ ਸੰਬੰਧ ਜੋੜਨ ਦੇ ਭੈੜੇ ਨਤੀਜਿਆਂ ਬਾਰੇ ਸੋਚ-ਵਿਚਾਰ ਕਰਨਾ ਵੀ ਫ਼ਾਇਦੇਮੰਦ ਹੈ। ਛੇਵੇਂ ਅਧਿਆਇ ਵਿਚ ਸਾਨੂੰ ਗ਼ਲਤ ਰਵੱਈਏ ਅਤੇ ਕੰਮਾਂ ਬਾਰੇ ਖ਼ਬਰਦਾਰ ਕੀਤਾ ਗਿਆ ਹੈ ਜਿਨ੍ਹਾਂ ਕਰਕੇ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਖ਼ਰਾਬ ਹੋ ਸਕਦਾ ਹੈ। ਸੱਤਵੇਂ ਅਧਿਆਇ ਵਿਚ ਦੱਸਿਆ ਹੈ ਕਿ ਬਦਕਾਰ ਲੋਕ ਕਿਵੇਂ ਦੂਸਰਿਆਂ ਨੂੰ ਆਪਣੇ ਜਾਲ ਵਿਚ ਫਸਾਉਂਦੇ ਹਨ। ਅੱਠਵੇਂ ਅਧਿਆਇ ਵਿਚ ਬੁੱਧ ਦੇ ਲਾਭ ਬਾਰੇ ਵਧੀਆ ਤਰੀਕੇ ਨਾਲ ਦੱਸਿਆ ਹੈ। ਨੌਵੇਂ ਅਧਿਆਇ ਵਿਚ ਅਧਿਆਇ 1-8 ਵਿਚ ਚਰਚਾ ਕੀਤੀਆਂ ਗਈਆਂ ਸਾਰੀਆਂ ਗੱਲਾਂ ਦਾ ਸਾਰ ਦਿੱਤਾ ਗਿਆ ਹੈ। ਇਸ ਵਿਚ ਇਕ ਦਿਲਚਸਪ ਦ੍ਰਿਸ਼ਟਾਂਤ ਰਾਹੀਂ ਸਾਨੂੰ ਬੁੱਧੀਮਾਨ ਬਣਨ ਦੀ ਪ੍ਰੇਰਣਾ ਦਿੱਤੀ ਗਈ ਹੈ।
ਕੁਝ ਸਵਾਲਾਂ ਦੇ ਜਵਾਬ:
1:7; 9:10—ਯਹੋਵਾਹ ਦਾ ਭੈ “ਗਿਆਨ ਦਾ ਮੂਲ” ਅਤੇ “ਬੁੱਧ ਦਾ ਮੁੱਢ” ਕਿਵੇਂ ਹੈ? ਯਹੋਵਾਹ ਸਾਰੀਆਂ ਚੀਜ਼ਾਂ ਦਾ ਸਿਰਜਣਹਾਰ ਅਤੇ ਬਾਈਬਲ ਦਾ ਲੇਖਕ ਹੈ। ਯਹੋਵਾਹ ਦਾ ਭੈ ਰੱਖੇ ਬਿਨਾਂ ਗਿਆਨ ਨਹੀਂ ਮਿਲ ਸਕਦਾ। (ਰੋਮੀਆਂ 1:20; 2 ਤਿਮੋਥਿਉਸ 3:16, 17) ਉਹੀ ਸੱਚੇ ਗਿਆਨ ਦਾ ਸੋਮਾ ਹੈ। ਇਸ ਲਈ ਯਹੋਵਾਹ ਦਾ ਭੈ ਰੱਖ ਕੇ ਯਾਨੀ ਉਸ ਲਈ ਡੂੰਘੀ ਸ਼ਰਧਾ ਰੱਖ ਕੇ ਹੀ ਗਿਆਨ ਪਾਇਆ ਜਾ ਸਕਦਾ ਹੈ। ਇਸ ਨਾਲ ਬੁੱਧ ਵੀ ਮਿਲਦੀ ਹੈ ਕਿਉਂਕਿ ਗਿਆਨ ਤੋਂ ਬਿਨਾਂ ਬੁੱਧ ਹਾਸਲ ਨਹੀਂ ਕੀਤੀ ਜਾ ਸਕਦੀ। ਇਸ ਤੋਂ ਇਲਾਵਾ, ਯਹੋਵਾਹ ਦਾ ਭੈ ਨਾ ਰੱਖਣ ਵਾਲਾ ਵਿਅਕਤੀ ਆਪਣੇ ਗਿਆਨ ਨੂੰ ਸਿਰਜਣਹਾਰ ਦੀ ਮਹਿਮਾ ਕਰਨ ਲਈ ਨਹੀਂ ਵਰਤੇਗਾ।
5:3—ਵੇਸਵਾ ਨੂੰ “ਪਰਾਈ ਤੀਵੀਂ” ਕਿਉਂ ਕਿਹਾ ਗਿਆ ਹੈ? ਕਹਾਉਤਾਂ 2:16, 17 ਵਿਚ ਦੱਸਿਆ ਹੈ ਕਿ “ਪਰਾਈ ਤੀਵੀਂ” ਨੇ “ਆਪਣੇ ਪਰਮੇਸ਼ੁਰ ਦੇ ਨੇਮ ਨੂੰ ਵਿਸਾਰ ਛੱਡਿਆ ਹੈ।” ਹਰ ਉਹ ਵਿਅਕਤੀ ਜੋ ਝੂਠੇ ਦੇਵੀ-ਦੇਵਤਿਆਂ ਨੂੰ ਪੂਜਦਾ ਸੀ ਜਾਂ ਮੂਸਾ ਦੀ ਸ਼ਰਾ ਤੋਂ ਮੂੰਹ ਮੋੜ ਲੈਂਦਾ ਸੀ, ਉਹ ਯਹੋਵਾਹ ਦੀ ਨਜ਼ਰ ਵਿਚ ਪਰਦੇਸੀ ਜਾਂ ਪਰਾਇਆ ਬਣ ਜਾਂਦਾ ਸੀ। ਇਨ੍ਹਾਂ ਵਿਚ ਵੇਸਵਾਵਾਂ ਵੀ ਸ਼ਾਮਲ ਸਨ।—ਯਿਰਮਿਯਾਹ 2:25; 3:13.
7:1, 2—‘ਮੇਰੇ ਹੁਕਮਾਂ’ ਵਿਚ ਕੀ ਕੁਝ ਸ਼ਾਮਲ ਹੈ? ਬਾਈਬਲ ਦੀਆਂ ਸਿੱਖਿਆਵਾਂ ਤੋਂ ਇਲਾਵਾ, ਇਨ੍ਹਾਂ ਵਿਚ ਉਹ ਅਸੂਲ ਵੀ ਸ਼ਾਮਲ ਹਨ ਜੋ ਮਾਪੇ ਆਪਣੇ ਬੱਚਿਆਂ ਦੇ ਭਲੇ ਲਈ ਬਣਾਉਂਦੇ ਹਨ। ਬੱਚਿਆਂ ਨੂੰ ਮਾਪਿਆਂ ਤੋਂ ਮਿਲੀਆਂ ਇਨ੍ਹਾਂ ਸਿੱਖਿਆਵਾਂ ਤੇ ਅਸੂਲਾਂ ਉੱਤੇ ਚੱਲਣਾ ਚਾਹੀਦਾ ਹੈ।
8:30—“ਰਾਜ ਮਿਸਤਰੀ” ਕੌਣ ਹੈ? ਇਸ ਆਇਤ ਵਿਚ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਯਿਸੂ ਨੂੰ ਬੁੱਧ ਵਜੋਂ ਦਰਸਾਇਆ ਗਿਆ ਹੈ। ਅਧਿਆਇ 8 ਵਿਚ ਕੇਵਲ ਬੁੱਧ ਦੇ ਗੁਣ ਬਾਰੇ ਹੀ ਗੱਲ ਨਹੀਂ ਕੀਤੀ ਗਈ, ਸਗੋਂ ਇਸ ਵਿਚ ਦੱਸਿਆ ਗਿਆ ਹੈ ਕਿ ਧਰਤੀ ਤੇ ਆਉਣ ਤੋਂ ਬਹੁਤ ਪਹਿਲਾਂ ਯਿਸੂ ਸਵਰਗ ਵਿਚ ਕੀ ਕੰਮ ਕਰਦਾ ਸੀ। ਉਸ ਨੂੰ ਯਹੋਵਾਹ ਨੇ “ਆਪਣੇ ਕੰਮ ਦੇ ਆਰੰਭ ਵਿੱਚ, ਸਗੋਂ ਆਪਣੇ ਪਰਾਚੀਨ ਕਾਲ ਦੇ ਕੰਮਾਂ ਤੋਂ ਵੀ ਪਹਿਲਾਂ ਰਚਿਆ।” (ਕਹਾਉਤਾਂ 8:22) ਫਿਰ “ਰਾਜ ਮਿਸਤਰੀ” ਦੇ ਤੌਰ ਤੇ ਯਿਸੂ ਨੇ ਬੜੀ ਮਿਹਨਤ ਨਾਲ ਸ੍ਰਿਸ਼ਟੀ ਦੇ ਕੰਮ ਵਿਚ ਯਹੋਵਾਹ ਦਾ ਹੱਥ ਵਟਾਇਆ ਸੀ।—ਕੁਲੁੱਸੀਆਂ 1:15-17.
9:17—“ਚੋਰੀ ਦਾ ਪਾਣੀ” ਕੀ ਹੈ ਤੇ ਇਹ “ਮਿੱਠਾ” ਕਿਉਂ ਹੈ? ਬਾਈਬਲ ਵਿਚ ਪਤੀ-ਪਤਨੀ ਵਿਚਕਾਰ ਆਨੰਦਮਈ ਜਿਨਸੀ ਸੰਬੰਧਾਂ ਦੀ ਤੁਲਨਾ ਖੂਹ ਦੇ ਤਾਜ਼ੇ ਪਾਣੀ ਨਾਲ ਕੀਤੀ ਗਈ ਹੈ। ਤਾਂ ਫਿਰ ‘ਚੋਰੀ ਦੇ ਪਾਣੀ’ ਦਾ ਮਤਲਬ ਹੈ ਕਿਸੇ ਪਰਾਏ ਮਰਦ ਜਾਂ ਔਰਤ ਨਾਲ ਚੋਰੀ-ਛਿਪੇ ਵਿਭਚਾਰ ਕਰਨਾ। (ਕਹਾਉਤਾਂ 5:15-17) ਅਜਿਹਾ ਪਾਣੀ ਉਦੋਂ “ਮਿੱਠਾ” ਲੱਗਦਾ ਹੈ ਜਦ ਇਹ ਗੁਨਾਹ ਚੋਰੀ-ਛਿਪੇ ਕੀਤਾ ਜਾਂਦਾ ਹੈ।
ਸਾਡੇ ਲਈ ਸਬਕ:
1:10-14. ਸਾਨੂੰ ਬੇਈਮਾਨ ਲੋਕਾਂ ਦੀਆਂ ਗੱਲਾਂ ਵਿਚ ਨਹੀਂ ਆਉਣਾ ਚਾਹੀਦਾ ਜੋ ਸਾਨੂੰ ਅਮੀਰ ਬਣਨ ਦੇ ਸੁਪਨੇ ਦਿਖਾਉਂਦੇ ਹਨ।
3:3. ਇਕ ਬੇਸ਼ਕੀਮਤੀ ਹਾਰ ਦੀ ਤਰ੍ਹਾਂ ਸਾਨੂੰ ਦਇਆ ਤੇ ਸਚਿਆਈ ਨੂੰ ਅਨਮੋਲ ਸਮਝ ਕੇ ਇਨ੍ਹਾਂ ਨੂੰ ਆਪਣਾ ਸ਼ਿੰਗਾਰ ਬਣਾਉਣਾ ਚਾਹੀਦਾ ਹੈ। ਇਹ ਦੋਵੇਂ ਗੁਣ ਸਾਡੇ ਦਿਲਾਂ ਉੱਤੇ ਲਿਖੇ ਹੋਣੇ ਚਾਹੀਦੇ ਹਨ ਯਾਨੀ ਇਹ ਸਾਡੀ ਰਗ-ਰਗ ਵਿਚ ਸਮਾਏ ਹੋਣੇ ਚਾਹੀਦੇ ਹਨ।
4:18. ਪਰਮੇਸ਼ੁਰ ਆਪਣੇ ਗਿਆਨ ਦਾ ਚਾਨਣ ਸਹਿਜੇ-ਸਹਿਜੇ ਚਮਕਾਉਂਦਾ ਹੈ। ਇਸ ਚਾਨਣ ਵਿਚ ਰਹਿਣ ਵਾਸਤੇ ਸਾਨੂੰ ਨਿਮਰਤਾ ਤੇ ਹੋਰ ਗੁਣ ਪੈਦਾ ਕਰਨ ਦੀ ਜ਼ਰੂਰਤ ਹੈ।
5:8. ਸਾਨੂੰ ਦੁਨੀਆਂ ਦੀ ਗੰਦਗੀ ਤੋਂ ਦੂਰ ਰਹਿਣ ਦੀ ਲੋੜ ਹੈ ਚਾਹੇ ਇਹ ਅਸ਼ਲੀਲ ਗਾਣੇ, ਇੰਟਰਨੈੱਟ ਵੈੱਬ-ਸਾਈਟਾਂ, ਕਿਤਾਬਾਂ, ਰਸਾਲੇ ਜਾਂ ਮਨੋਰੰਜਨ ਹੀ ਕਿਉਂ ਨਾ ਹੋਣ।
5:21. ਕੀ ਯਹੋਵਾਹ ਦਾ ਸੱਚਾ ਭਗਤ ਅਯਾਸ਼ੀ ਦੇ ਕੁਝ ਪਲਾਂ ਲਈ ਸੱਚੇ ਪਰਮੇਸ਼ੁਰ ਨਾਲੋਂ ਆਪਣੇ ਰਿਸ਼ਤੇ ਨੂੰ ਤੋੜਨ ਦੀ ਬੇਵਕੂਫ਼ੀ ਕਰੇਗਾ? ਬਿਲਕੁਲ ਨਹੀਂ! ਆਪਣੇ ਆਪ ਨੂੰ ਨੈਤਿਕ ਤੌਰ ਤੇ ਸ਼ੁੱਧ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਇਹ ਯਾਦ ਰੱਖਣਾ ਹੈ ਕਿ ਯਹੋਵਾਹ ਸਾਡੇ ਸਾਰੇ ਕੰਮ ਦੇਖਦਾ ਹੈ ਤੇ ਅਸੀਂ ਉਸ ਅੱਗੇ ਜਵਾਬਦੇਹ ਹਾਂ।
6:1-5. ਕਿਸੇ ਦਾ “ਜ਼ਾਮਨ” ਨਾ ਬਣਨ ਜਾਂ ਕਿਸੇ ਹੋਰ ਬੰਦੇ ਦੇ ਕਰਜ਼ ਦੀ ਜ਼ਿੰਮੇਵਾਰੀ ਨਾ ਚੁੱਕਣ ਦੀ ਕਿੰਨੀ ਵਧੀਆ ਸਲਾਹ! ਚੰਗੀ ਤਰ੍ਹਾਂ ਜਾਂਚ-ਪੜਤਾਲ ਕਰਨ ਤੋਂ ਬਾਅਦ ਜੇ ਸਾਨੂੰ ਲੱਗਦਾ ਹੈ ਕਿ ਅਸੀਂ ਕਿਸੇ ਦਾ ਜਾਮਨ ਬਣ ਕੇ ਗ਼ਲਤੀ ਕੀਤੀ ਹੈ, ਤਾਂ ਆਪਣੇ ਆਪ ਨੂੰ ਇਸ ਮੁਸੀਬਤ ਵਿੱਚੋਂ ਕੱਢਣ ਲਈ ਸਾਨੂੰ ਮਿੰਨਤਾਂ ਕਰ-ਕਰ ਕੇ “ਆਪਣੇ ਗੁਆਂਢੀ ਨੂੰ ਮਨਾ” ਲੈਣਾ ਚਾਹੀਦਾ ਹੈ।
6:16-19. ਇਨ੍ਹਾਂ ਸੱਤ ਗੱਲਾਂ ਵਿਚ ਹਰ ਕਿਸਮ ਦੇ ਪਾਪ ਸ਼ਾਮਲ ਹਨ। ਸਾਨੂੰ ਇਨ੍ਹਾਂ ਨਾਲ ਨਫ਼ਰਤ ਕਰਨੀ ਚਾਹੀਦੀ ਹੈ।
6:20-24. ਬਚਪਨ ਤੋਂ ਬਾਈਬਲ ਦੀ ਤਾਲੀਮ ਹਾਸਲ ਕਰਨ ਵਾਲਾ ਵਿਅਕਤੀ ਵਿਭਚਾਰ ਕਰਨ ਦੇ ਸ਼ਿਕੰਜੇ ਵਿਚ ਫਸਣ ਤੋਂ ਆਪਣੇ ਆਪ ਨੂੰ ਬਚਾਈ ਰੱਖ ਸਕਦਾ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਐਸੀ ਤਾਲੀਮ ਤੋਂ ਵਾਂਝਿਆ ਨਹੀਂ ਰੱਖਣਾ ਚਾਹੀਦਾ।
7:4. ਸਾਨੂੰ ਬੁੱਧ ਤੇ ਸਮਝ ਦੀ ਦਿਲੋਂ ਕਦਰ ਕਰਨੀ ਚਾਹੀਦੀ ਹੈ।
ਸੇਧ ਦੇਣ ਵਾਲੀਆਂ ਕਹਾਵਤਾਂ
ਸੁਲੇਮਾਨ ਦੀਆਂ ਬਾਕੀ ਕਹਾਵਤਾਂ ਛੋਟੀਆਂ ਤੇ ਅਰਥ-ਭਰਪੂਰ ਹਨ। ਇਨ੍ਹਾਂ ਕਹਾਵਤਾਂ ਵਿਚ ਜ਼ਿਆਦਾ ਕਰਕੇ ਚੀਜ਼ਾਂ ਵਿਚ ਫ਼ਰਕ ਜਾਂ ਮੇਲ ਦਿਖਾਉਂਦੇ ਹੋਏ ਆਚਰਣ, ਬੋਲੀ ਅਤੇ ਰਵੱਈਏ ਸੰਬੰਧੀ ਵਧੀਆ ਗੱਲਾਂ ਦੱਸੀਆਂ ਗਈਆਂ ਹਨ।
ਅਧਿਆਇ 10 ਤੋਂ 24 ਵਿਚ ਯਹੋਵਾਹ ਲਈ ਡੂੰਘੀ ਸ਼ਰਧਾ ਰੱਖਣ ਦੀ ਗੱਲ ਤੇ ਜ਼ੋਰ ਦਿੱਤਾ ਗਿਆ ਹੈ। ਅਧਿਆਇ 25 ਤੋਂ 29 ਦੀਆਂ ਕਹਾਉਤਾਂ ਯਹੂਦਾਹ ਦੇ “ਪਾਤਸ਼ਾਹ ਹਿਜ਼ਕੀਯਾਹ ਦੇ ਆਦਮੀਆਂ” ਨੇ ਲਿਖੀਆਂ ਸਨ। (ਕਹਾਉਤਾਂ 25:1) ਇਹ ਕਹਾਉਤਾਂ ਸਾਨੂੰ ਯਹੋਵਾਹ ਨੂੰ ਆਪਣਾ ਆਸਰਾ ਬਣਾਉਣ ਅਤੇ ਹੋਰ ਅਹਿਮ ਗੱਲਾਂ ਬਾਰੇ ਸਿਖਾਉਂਦੀਆਂ ਹਨ।
ਕੁਝ ਸਵਾਲਾਂ ਦੇ ਜਵਾਬ:
10:6, NW—ਕਿਵੇਂ “ਦੁਸ਼ਟਾਂ ਦਾ ਮੂੰਹ ਹਿੰਸਾ ਨੂੰ ਢੱਕ ਲੈਂਦਾ ਹੈ”? ਇਸ ਦਾ ਇਹ ਮਤਲਬ ਹੋ ਸਕਦਾ ਹੈ ਕਿ ਦੁਸ਼ਟ ਬੰਦਾ ਦੂਸਰਿਆਂ ਨੂੰ ਹਾਨੀ ਪਹੁੰਚਾਉਣ ਦੀ ਆਪਣੀ ਭੈੜੀ ਨੀਅਤ ਨੂੰ ਆਪਣੀਆਂ ਚਿਕਣੀਆਂ ਚੋਪੜੀਆਂ ਗੱਲਾਂ ਨਾਲ ਛੁਪਾ ਲੈਂਦਾ ਹੈ। ਜਾਂ ਫਿਰ ਇਹ ਹੋ ਸਕਦਾ ਹੈ ਕਿ ਕਿਉਂਕਿ ਬੁਰੇ ਇਨਸਾਨਾਂ ਨਾਲ ਅਕਸਰ ਵੈਰ ਹੀ ਕੀਤਾ ਜਾਂਦਾ, ਇਸ ਵੈਰ ਕਾਰਨ ਉਨ੍ਹਾਂ ਦੀ ਜ਼ਬਾਨ ਬੰਦ ਹੋ ਜਾਂਦੀ ਹੈ।
10:10—‘ਅੱਖੀਆਂ ਮਟਕਾਉਣ’ ਵਾਲਾ ਬੰਦਾ ਕਿਵੇਂ ਮੁਸੀਬਤ ਵਿਚ ਪੈਂਦਾ ਹੈ? “ਨਿਕੰਮਾ ਆਦਮੀ” ਕੇਵਲ ‘ਪੁੱਠੇ ਮੂੰਹ’ ਹੀ ਗੱਲ ਨਹੀਂ ਕਰਦਾ, ਸਗੋਂ ਆਪਣੇ ਹਾਵਾਂ-ਭਾਵਾਂ ਦੁਆਰਾ ਵੀ ਆਪਣੇ ਭੈੜੇ ਮਨੋਰਥਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਆਪਣੀਆਂ ‘ਅੱਖੀਆਂ ਮਟਕਾ ਕੇ’। (ਕਹਾਉਤਾਂ 6:12, 13) ਇਸ ਤਰ੍ਹਾਂ ਦਾ ਛਲ-ਫਰੇਬ ਦੂਸਰੇ ਵਿਅਕਤੀ ਨੂੰ ਬਹੁਤ ਦੁਖੀ ਕਰ ਸਕਦਾ ਹੈ।
10:29—“ਯਹੋਵਾਹ ਦਾ ਰਾਹ” ਕੀ ਹੈ? ਇੱਥੇ ਯਹੋਵਾਹ ਦੇ ਇਨਸਾਨਾਂ ਨਾਲ ਪੇਸ਼ ਆਉਣ ਦੇ ਤਰੀਕੇ ਬਾਰੇ ਗੱਲ ਕੀਤੀ ਗਈ ਹੈ, ਨਾ ਕਿ ਜੀਵਨ ਦੇ ਰਾਹ ਬਾਰੇ ਜਿਸ ਤੇ ਸਾਨੂੰ ਚੱਲਣ ਦੀ ਲੋੜ ਹੈ। ਖਰੇ ਇਨਸਾਨਾਂ ਦੀ ਯਹੋਵਾਹ ਰਾਖੀ ਕਰਦਾ ਅਤੇ ਪਾਪੀਆਂ ਤੇ ਕਹਿਰ ਢਾਹੁੰਦਾ ਹੈ।
11:31—ਧਰਮੀ ਕਿਵੇਂ ਫਲ ਭੋਗਦੇ ਹਨ? ਇੱਥੇ ਜਿਸ ਫਲ ਦੀ ਗੱਲ ਕੀਤੀ ਗਈ ਹੈ, ਉਹ ਕੋਈ ਇਨਾਮ ਨਹੀਂ ਸਗੋਂ ਤਾੜਨਾ ਹੈ ਜੋ ਗ਼ਲਤੀ ਕਰਨ ਵਾਲੇ ਨੂੰ ਦਿੱਤੀ ਜਾਂਦੀ ਹੈ। ਜਦੋਂ ਧਰਮੀ ਬੰਦਾ ਗ਼ਲਤੀ ਕਰਦਾ ਹੈ, ਤਾਂ ਉਸ ਨੂੰ ਫਲ ਵਜੋਂ ਤਾੜਨਾ ਮਿਲਦੀ ਹੈ। ਜਦੋਂ ਦੁਸ਼ਟ ਬੰਦਾ ਜਾਣ-ਬੁੱਝ ਕੇ ਗ਼ਲਤੀ ਕਰਦਾ ਤੇ ਆਪਣੇ ਰਾਹ ਬਦਲਣ ਤੋਂ ਇਨਕਾਰ ਕਰਦਾ ਹੈ, ਤਾਂ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ ਜੋ ਕਿ ਉਸ ਦਾ ਫਲ ਹੈ।
12:23—ਸਿਆਣਾ ਆਦਮੀ ਕਿਵੇਂ “ਗਿਆਨ ਨੂੰ ਲੁਕਾਈ ਰੱਖਦਾ ਹੈ”? ਇੱਥੇ ਗਿਆਨ ਨੂੰ ਲੁਕਾਉਣ ਦਾ ਇਹ ਮਤਲਬ ਨਹੀਂ ਹੈ ਕਿ ਸਿਆਣਾ ਆਦਮੀ ਦੂਜਿਆਂ ਨਾਲ ਗਿਆਨ ਸਾਂਝਾ ਨਹੀਂ ਕਰਦਾ ਹੈ। ਇਸ ਦਾ ਮਤਲਬ ਹੈ ਕਿ ਉਹ ਸਮਝਦਾਰੀ ਨਾਲ ਆਪਣੇ ਗਿਆਨ ਨੂੰ ਜ਼ਾਹਰ ਕਰਦਾ ਹੈ ਅਤੇ ਦੂਸਰਿਆਂ ਅੱਗੇ ਸ਼ੇਖ਼ੀਆਂ ਨਹੀਂ ਮਾਰਦਾ।
18:19—ਕਿਵੇਂ “ਝਗੜੇ ਕਿਲ੍ਹੇ ਦੇ ਹੋੜੇ ਵਰਗੇ ਹੁੰਦੇ ਹਨ”? ਜਦੋਂ ਦੋ ਬੰਦਿਆਂ ਵਿਚ ਝਗੜਾ ਹੁੰਦਾ ਹੈ, ਤਾਂ ਉਹ ਬਿਲਕੁਲ ਇਕ-ਦੂਜੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੁੰਦੇ। ਇਸ ਨਾਲ ਉਨ੍ਹਾਂ ਦੇ ਰਿਸ਼ਤੇ ਵਿਚ ਪਾੜ ਪੈ ਜਾਂਦਾ ਹੈ। ਜਿਵੇਂ ਕਿਲੇ ਦੇ ਦਰਵਾਜ਼ੇ ਤੇ ਹੋੜੇ ਲੱਗੇ ਹੋਣ ਕਾਰਨ ਕਿਲੇ ਅੰਦਰ ਜਾਣਾ ਮੁਸ਼ਕਲ ਹੁੰਦਾ ਹੈ, ਉਸੇ ਤਰ੍ਹਾਂ ਅਜਿਹੇ ਝਗੜੇ ਮੁਕਾਉਣੇ ਮੁਸ਼ਕਲ ਹੋ ਜਾਂਦੇ ਹਨ।
ਸਾਡੇ ਲਈ ਸਬਕ:
10:11-14. ਆਪਣੇ ਬੋਲਾਂ ਰਾਹੀਂ ਦੂਸਰਿਆਂ ਨੂੰ ਉਤਸ਼ਾਹ ਦੇਣ ਵਾਸਤੇ ਸਾਡਾ ਮਨ ਸਹੀ ਗਿਆਨ ਨਾਲ ਭਰਿਆ ਹੋਣਾ ਚਾਹੀਦਾ ਤੇ ਸਾਡੇ ਦਿਲਾਂ ਵਿਚ ਪਿਆਰ ਸਮਾਇਆ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਅਸੀਂ ਜੋ ਕੁਝ ਵੀ ਬੋਲਾਂਗੇ, ਸੋਚ-ਸਮਝ ਕੇ ਬੋਲਾਂਗੇ।
10:19; 12:18; 13:3; 15:28; 17:28. ਸਿਆਣਪ ਇਸੇ ਵਿਚ ਹੈ ਕਿ ਅਸੀਂ ਸੋਚ-ਸਮਝ ਕੇ ਆਪਣੀ ਜ਼ਬਾਨ ਖੋਲ੍ਹੀਏ ਤੇ ਬਹੁਤੀਆਂ ਗੱਲਾਂ ਨਾ ਕਰੀਏ।
11:1; 16:11; 20:10, 23. ਯਹੋਵਾਹ ਚਾਹੁੰਦਾ ਹੈ ਕਿ ਅਸੀਂ ਆਪਣੇ ਕਾਰੋਬਾਰੀ ਮਾਮਲਿਆਂ ਵਿਚ ਈਮਾਨਦਾਰ ਰਹੀਏ।
11:4. ਧਨ-ਦੌਲਤ ਕਮਾਉਣ ਦੀ ਧੁਨ ਵਿਚ ਬਾਈਬਲ ਦਾ ਅਧਿਐਨ ਕਰਨਾ, ਮੀਟਿੰਗਾਂ ਵਿਚ ਜਾਣਾ, ਪ੍ਰਾਰਥਨਾ ਕਰਨੀ ਤੇ ਪ੍ਰਚਾਰ ਦਾ ਕੰਮ ਕਰਨਾ ਛੱਡ ਦੇਣਾ ਮੂਰਖਤਾਈ ਹੈ।
13:4. ਕਲੀਸਿਯਾ ਵਿਚ ਜ਼ਿੰਮੇਵਾਰੀ ਦੀ ਪਦਵੀ ਹਾਸਲ ਕਰਨ ਜਾਂ ਫਿਰ ਨਵੇਂ ਸੰਸਾਰ ਵਿਚ ਜੀਉਣ ਦੀ ‘ਲੋਚ’ ਕਰਨੀ ਕਾਫ਼ੀ ਨਹੀਂ ਹੈ, ਸਗੋਂ ਸਾਨੂੰ ਇਸ ਇੱਛਾ ਨੂੰ ਪੂਰਾ ਕਰਨ ਵਾਸਤੇ ਮਿਹਨਤ ਕਰਨ ਦੀ ਲੋੜ ਹੈ।
13:24; 29:15, 21. ਆਪਣੇ ਬੱਚਿਆਂ ਨੂੰ ਸੱਚ-ਮੁੱਚ ਪਿਆਰ ਕਰਨ ਵਾਲੇ ਮਾਪੇ ਉਨ੍ਹਾਂ ਨੂੰ ਬਹੁਤਾ ਲਾਡ-ਪਿਆਰ ਕਰ ਕੇ ਵਿਗਾੜਦੇ ਨਹੀਂ ਤੇ ਨਾ ਹੀ ਉਨ੍ਹਾਂ ਦੀਆਂ ਮਾੜੀਆਂ ਆਦਤਾਂ ਨੂੰ ਨਜ਼ਰਅੰਦਾਜ਼ ਕਰਦੇ ਹਨ। ਇਸ ਦੀ ਬਜਾਇ ਉਹ ਉਨ੍ਹਾਂ ਨੂੰ ਤਾੜਨਾ ਦਿੰਦੇ ਹਨ, ਇਸ ਤੋਂ ਪਹਿਲਾਂ ਕਿ ਇਹ ਮਾੜੀਆਂ ਆਦਤਾਂ ਜੜ੍ਹ ਫੜ ਲੈਣ।
14:10. ਅਸੀਂ ਹਮੇਸ਼ਾ ਦੂਜਿਆਂ ਅੱਗੇ ਆਪਣੇ ਜਜ਼ਬਾਤ ਖੁੱਲ੍ਹ ਕੇ ਜ਼ਾਹਰ ਨਹੀਂ ਕਰ ਸਕਦੇ ਤੇ ਨਾ ਹੀ ਉਹ ਹਮੇਸ਼ਾ ਸਾਡੇ ਜਜ਼ਬਾਤਾਂ ਨੂੰ ਪੂਰੀ ਤਰ੍ਹਾਂ ਸਮਝ ਪਾਉਂਦੇ ਹਨ। ਇਸ ਲਈ ਦੂਸਰੇ ਸਾਨੂੰ ਕੁਝ ਹੱਦ ਤਕ ਹੀ ਦਿਲਾਸਾ ਦੇ ਸਕਦੇ ਹਨ। ਕੁਝ ਮੁਸ਼ਕਲਾਂ ਅਜਿਹੀਆਂ ਹੋ ਸਕਦੀਆਂ ਹਨ ਜਿਨ੍ਹਾਂ ਨੂੰ ਸਹਿਣ ਲਈ ਸਾਨੂੰ ਯਹੋਵਾਹ ਤੇ ਹੀ ਭਰੋਸਾ ਰੱਖਣਾ ਪੈਂਦਾ ਹੈ।
15:7. ਸਾਨੂੰ ਇੱਕੋ ਸੱਟੇ ਆਪਣਾ ਸਾਰਾ ਗਿਆਨ ਦੂਸਰਿਆਂ ਮੁਹਰੇ ਢੇਰੀ ਨਹੀਂ ਕਰਨਾ ਚਾਹੀਦਾ, ਜਿਵੇਂ ਕਿਸਾਨ ਸਾਰੇ ਬੀ ਇੱਕੋ ਥਾਂ ਨਹੀਂ ਖਿਲਾਰਦਾ। ਸਮਝਦਾਰ ਮਨੁੱਖ ਲੋੜ ਪੈਣ ਤੇ ਆਪਣਾ ਗਿਆਨ ਥੋੜ੍ਹਾ-ਥੋੜ੍ਹਾ ਕਰ ਕੇ ਵੰਡਦਾ ਹੈ।
15:15; 18:14. ਸਾਡਾ ਖ਼ੁਸ਼-ਮਿਜ਼ਾਜੀ ਰਵੱਈਆ ਸਾਡੀ ਦੁੱਖ ਸਹਿਣ ਵਿਚ ਮਦਦ ਕਰ ਸਕਦਾ ਹੈ।
17:24. “ਮੂਰਖ” ਦੀਆਂ ਅੱਖਾਂ ਅਤੇ ਮਨ ਜ਼ਰੂਰੀ ਗੱਲਾਂ ਤੇ ਟਿਕੇ ਰਹਿਣ ਦੀ ਥਾਂ ਇੱਧਰ-ਉੱਧਰ ਭਟਕਦਾ ਰਹਿੰਦਾ ਹੈ। ਉਨ੍ਹਾਂ ਵਾਂਗ ਬਣਨ ਦੀ ਬਜਾਇ ਸਾਨੂੰ ਜ਼ਰੂਰੀ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂਕਿ ਅਸੀਂ ਅਕਲ ਤੋਂ ਕੰਮ ਲੈ ਸਕੀਏ।
23:6-8. ਸਾਨੂੰ ਕੁੜ-ਕੁੜ ਕੇ ਪਰਾਹੁਣਚਾਰੀ ਨਹੀਂ ਕਰਨੀ ਚਾਹੀਦੀ।
27:21. ਕਿਸੇ ਦੇ ਮੂੰਹੋਂ ਆਪਣੀ ਪ੍ਰਸ਼ੰਸਾ ਸੁਣਨ ਤੇ ਜ਼ਾਹਰ ਹੋ ਜਾਂਦਾ ਹੈ ਕਿ ਅਸੀਂ ਕਿਹੋ ਜਿਹੇ ਇਨਸਾਨ ਹਾਂ। ਅਗਰ ਪ੍ਰਸ਼ੰਸਾ ਸੁਣ ਕੇ ਅਸੀਂ ਯਹੋਵਾਹ ਨੂੰ ਵਡਿਆਉਣ ਤੇ ਉਸ ਦੀ ਸੇਵਾ ਵਿਚ ਰੁੱਝੇ ਰਹਿਣ ਲਈ ਪ੍ਰੇਰਿਤ ਹੁੰਦੇ ਹਾਂ, ਤਾਂ ਇਸ ਦਾ ਮਤਲਬ ਹੈ ਕਿ ਅਸੀਂ ਨਿਮਰ ਇਨਸਾਨ ਹਾਂ। ਲੇਕਿਨ ਜੇ ਅਸੀਂ ਫੁੱਲ ਜਾਂਦੇ ਹਾਂ, ਤਾਂ ਇਸ ਤੋਂ ਸਾਡਾ ਘਮੰਡ ਜ਼ਾਹਰ ਹੁੰਦਾ ਹੈ।
27:23-27. ਚਰਵਾਹਿਆਂ ਦੀ ਜ਼ਿੰਦਗੀ ਦੀ ਉਦਾਹਰਣ ਦੇ ਕੇ ਇਹ ਕਹਾਵਤਾਂ ਸੁਖ-ਸੰਤੋਖ ਵਾਲੀ ਸਾਦੀ ਜ਼ਿੰਦਗੀ ਜੀਣ ਅਤੇ ਮਿਹਨਤ ਕਰਨ ਦੀ ਮਹੱਤਤਾ ਤੇ ਜ਼ੋਰ ਦਿੰਦੀਆਂ ਹਨ।a
28:5. ਜੇ ਅਸੀਂ ਪ੍ਰਾਰਥਨਾ ਕਰ ਕੇ ਤੇ ਯਹੋਵਾਹ ਦੇ ਬਚਨ ਦਾ ਅਧਿਐਨ ਕਰ ਕੇ ਉਸ ਦੀ ਭਾਲ ਕਰੀਏ, ਤਾਂ ਅਸੀਂ ਉਹ ‘ਸਭ ਕੁਝ ਸਮਝ’ ਸਕਦੇ ਹਾਂ ਜੋ ਉਸ ਦੀ ਸਹੀ ਢੰਗ ਨਾਲ ਭਗਤੀ ਕਰਨ ਲਈ ਜ਼ਰੂਰੀ ਹੈ।
ਅਹਿਮ ਸੰਦੇਸ਼
ਕਹਾਉਤਾਂ ਦੀ ਕਿਤਾਬ ਦੋ ਅਹਿਮ ਸੰਦੇਸ਼ਾਂ ਨਾਲ ਖ਼ਤਮ ਹੁੰਦੀ ਹੈ। (ਕਹਾਉਤਾਂ 30:1; 31:1) ਪਹਿਲਾ ਆਗੂਰ ਦਾ ਸੰਦੇਸ਼ ਸੀ। ਇਸ ਵਿਚ ਵਧੀਆ ਤਰੀਕੇ ਨਾਲ ਦੱਸਿਆ ਹੈ ਕਿ ਲੋਭ ਕਰਨ ਵਾਲਾ ਇਨਸਾਨ ਕਦੀ ਨਹੀਂ ਰੱਜਦਾ ਤੇ ਇਕ ਬਦਕਾਰ ਆਦਮੀ ਕਿਵੇਂ ਬੜੀ ਚਲਾਕੀ ਨਾਲ ਮੁਟਿਆਰ ਨੂੰ ਆਪਣੇ ਪਿਆਰ ਦੇ ਜਾਲ ਵਿਚ ਫਸਾਉਂਦਾ ਹੈ।b ਇਸ ਵਿਚ ਆਪਣੇ ਤੇ ਘਮੰਡ ਕਰਨ ਅਤੇ ਕਿਸੇ ਤੇ ਗੁੱਸਾ ਕੱਢਣ ਦੇ ਨਤੀਜਿਆਂ ਬਾਰੇ ਵੀ ਦੱਸਿਆ ਗਿਆ ਹੈ।
ਦੂਸਰਾ ਸੰਦੇਸ਼ ਲਮੂਏਲ ਦੀ ਮਾਂ ਦਾ ਸੀ। ਉਸ ਨੇ ਲਮੂਏਲ ਨੂੰ ਬਹੁਤੀ ਸ਼ਰਾਬ ਨਾ ਪੀਣ ਅਤੇ ਲੋਕਾਂ ਦਾ ਇਨਸਾਫ਼ ਕਰਨ ਬਾਰੇ ਚੰਗੀਆਂ ਸਲਾਹਾਂ ਦਿੱਤੀਆਂ। 31ਵੇਂ ਅਧਿਆਇ ਵਿਚ ਇਕ ਪਤਵੰਤੀ ਔਰਤ ਦੀ ਵਡਿਆਈ ਕੀਤੀ ਗਈ ਹੈ। ਇਸ ਦੀ ਆਖ਼ਰੀ ਆਇਤ ਕਹਿੰਦੀ ਹੈ: “ਉਹ ਦੇ ਹੱਥਾਂ ਦਾ ਫਲ ਉਹ ਨੂੰ ਦਿਓ, ਅਤੇ ਉਹ ਦੇ ਕੰਮ ਆਪੇ ਫ਼ਾਟਕ ਵਿੱਚ ਉਹ ਨੂੰ ਜਸ ਦੇਣ!”—ਕਹਾਉਤਾਂ 31:31.
ਬੁੱਧੀਮਾਨ ਬਣੋ, ਤਾੜਨਾ ਸਵੀਕਾਰ ਕਰੋ, ਯਹੋਵਾਹ ਲਈ ਡੂੰਘੀ ਸ਼ਰਧਾ ਰੱਖੋ ਅਤੇ ਉਸ ਤੇ ਭਰੋਸਾ ਰੱਖੋ। ਇਨ੍ਹਾਂ ਕਹਾਵਤਾਂ ਤੋਂ ਅਸੀਂ ਕਿੰਨੀਆਂ ਮਹੱਤਵਪੂਰਣ ਗੱਲਾਂ ਸਿੱਖਦੇ ਹਾਂ! ਆਓ ਅਸੀਂ ਖਿੜੇ ਮੱਥੇ ਇਨ੍ਹਾਂ ਸਲਾਹਾਂ ਤੇ ਚੱਲੀਏ ਅਤੇ “ਯਹੋਵਾਹ ਦਾ ਭੈ” ਮੰਨ ਕੇ ਖ਼ੁਸ਼ੀ ਪਾਈਏ।—ਜ਼ਬੂਰਾਂ ਦੀ ਪੋਥੀ 112:1.
[ਫੁਟਨੋਟ]
[ਸਫ਼ਾ 16 ਉੱਤੇ ਤਸਵੀਰਾਂ]
ਸਾਰੇ ਸੱਚੇ ਗਿਆਨ ਦਾ ਸੋਮਾ ਯਹੋਵਾਹ ਹੈ
[ਸਫ਼ਾ 18 ਉੱਤੇ ਤਸਵੀਰ]
‘ਗਿਆਨ ਨੂੰ ਖਿਲਾਰਨ’ ਦਾ ਕੀ ਮਤਲਬ ਹੈ?