ਬੁੱਧ ਪ੍ਰਾਪਤ ਕਰੋ ਅਤੇ ਸਿੱਖਿਆ ਸਵੀਕਾਰ ਕਰੋ
ਯਹੋਵਾਹ ਪਰਮੇਸ਼ੁਰ ਆਪਣਿਆਂ ਲੋਕਾਂ ਦਾ ਮਹਾਨ ਗੁਰੂ ਹੈ। ਉਹ ਉਨ੍ਹਾਂ ਨੂੰ ਆਪਣੇ ਆਪ ਬਾਰੇ ਸਿਖਾਉਣ ਦੇ ਨਾਲ-ਨਾਲ ਜੀਵਨ ਬਾਰੇ ਵੀ ਸਿਖਾਉਂਦਾ ਹੈ। (ਯਸਾਯਾਹ 30:20; 54:13; ਜ਼ਬੂਰ 27:11) ਮਿਸਾਲ ਲਈ, ਉਪਦੇਸ਼ਕਾਂ ਵਜੋਂ ਕੰਮ ਕਰਨ ਵਾਸਤੇ ਯਹੋਵਾਹ ਨੇ ਇਸਰਾਏਲ ਦੀ ਕੌਮ ਨੂੰ ਨਬੀ, ਲੇਵੀ—ਖ਼ਾਸ ਕਰਕੇ ਜਾਜਕ—ਅਤੇ ਹੋਰ ਬੁੱਧਵਾਨ ਮਨੁੱਖ ਦਿੱਤੇ ਸਨ। (2 ਇਤਹਾਸ 35:3; ਯਿਰਮਿਯਾਹ 18:18) ਨਬੀ, ਲੋਕਾਂ ਨੂੰ ਪਰਮੇਸ਼ੁਰ ਦਿਆਂ ਮਕਸਦਾਂ ਅਤੇ ਗੁਣਾਂ ਬਾਰੇ ਸਿਖਾਉਂਦੇ ਸਨ ਅਤੇ ਉਨ੍ਹਾਂ ਨੂੰ ਸਹੀ ਰਾਹ ਵੀ ਦਿਖਾਉਂਦੇ ਸਨ। ਯਹੋਵਾਹ ਦੀ ਬਿਵਸਥਾ ਸਿਖਾਉਣ ਦੀ ਜ਼ਿੰਮੇਵਾਰੀ ਜਾਜਕਾਂ ਅਤੇ ਲੇਵੀਆਂ ਦੀ ਸੀ। ਅਤੇ ਬੁੱਧਵਾਨ ਮਨੁੱਖ, ਯਾਨੀ ਕਿ ਬਜ਼ੁਰਗ, ਰੋਜ਼ ਦੇ ਜੀਵਨ ਬਾਰੇ ਵਧੀਆ ਸਲਾਹ ਪੇਸ਼ ਕਰਦੇ ਸਨ।
ਦਾਊਦ ਦਾ ਪੁੱਤਰ, ਸੁਲੇਮਾਨ, ਇਸਰਾਏਲ ਦਿਆਂ ਮਨੁੱਖਾਂ ਵਿੱਚੋਂ ਸਭ ਤੋਂ ਬੁੱਧਵਾਨ ਸੀ। (1 ਰਾਜਿਆਂ 4:30, 31) ਉਸ ਦੀ ਸ਼ਾਨੋ-ਸ਼ੌਕਤ ਦੇਖ ਕੇ, ਉਸ ਦੀ ਇਕ ਖ਼ਾਸ ਮਹਿਮਾਨ, ਸ਼ਬਾ ਦੀ ਰਾਣੀ ਨੇ ਸਵੀਕਾਰ ਕੀਤਾ: “ਮੈਨੂੰ ਅੱਧੀਆਂ ਭੀ [ਗੱਲਾਂ] ਨਹੀਂ ਦੱਸੀਆਂ ਗਈਆਂ। ਤੈਂ ਆਪਣੀ ਬੁੱਧੀ ਤੇ ਨੇਕੀ ਨੂੰ ਜਿਹੜੀ ਮੈਂ ਸੁਣੀ ਆਪਣੀ ਧੁੰਮ ਨਾਲੋਂ ਵਧਾਇਆ ਹੋਇਆ ਹੈ।” (1 ਰਾਜਿਆਂ 10:7) ਸੁਲੇਮਾਨ ਦੀ ਬੁੱਧ ਦਾ ਰਾਜ਼ ਕੀ ਸੀ? ਜਦੋਂ 1037 ਸਾ.ਯੁ.ਪੂ. ਵਿਚ ਸੁਲੇਮਾਨ ਇਸਰਾਏਲ ਦਾ ਰਾਜਾ ਬਣਿਆ, ਤਾਂ ਉਸ ਨੇ “ਬੁੱਧ ਤੇ ਗਿਆਨ” ਲਈ ਪ੍ਰਾਰਥਨਾ ਕੀਤੀ। ਉਸ ਦੀ ਬੇਨਤੀ ਤੋਂ ਖ਼ੁਸ਼ ਹੋ ਕੇ ਯਹੋਵਾਹ ਨੇ ਉਸ ਨੂੰ ਗਿਆਨ, ਬੁੱਧ ਅਤੇ ਇਕ ਸਮਝ ਵਾਲਾ ਮਨ ਦਿੱਤਾ। (2 ਇਤਹਾਸ 1:10-12; 1 ਰਾਜਿਆਂ 3:12) ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਸੁਲੇਮਾਨ ਨੇ “ਤਿੰਨ ਹਜ਼ਾਰ ਕਹਾਉਤਾਂ ਰਚੀਆਂ”! (1 ਰਾਜਿਆਂ 4:32) “ਆਗੂਰ” ਅਤੇ “ਲਮੂਏਲ ਪਾਤਸ਼ਾਹ ਦੀਆਂ ਗੱਲਾਂ” ਦੇ ਨਾਲ, ਸੁਲੇਮਾਨ ਦੀਆਂ ਗੱਲਾਂ ਵੀ ਬਾਈਬਲ ਦੀ ਕਹਾਉਤਾਂ ਦੀ ਪੋਥੀ ਵਿਚ ਦਰਜ ਕੀਤੀਆਂ ਗਈਆਂ ਸਨ। (ਕਹਾਉਤਾਂ 30:1; 31:1) ਇਨ੍ਹਾਂ ਕਹਾਵਤਾਂ ਵਿਚ ਪ੍ਰਗਟ ਕੀਤੀਆਂ ਗਈਆਂ ਸੱਚਾਈਆਂ ਪਰਮੇਸ਼ੁਰ ਦੀ ਬੁੱਧ ਦਿਖਾਉਂਦੀਆਂ ਹਨ ਅਤੇ ਇਹ ਸਦੀਵੀ ਹਨ। (1 ਰਾਜਿਆਂ 10:23, 24) ਜਿਹੜਾ ਵੀ ਵਿਅਕਤੀ ਇਕ ਸੁਖੀ ਜੀਵਨ ਚਾਹੁੰਦਾ ਹੈ, ਉਸ ਲਈ ਇਹ ਸੱਚਾਈਆਂ ਅੱਜ ਵੀ ਉੱਨੀਆਂ ਹੀ ਜ਼ਰੂਰੀ ਜਾਂ ਕੀਮਤੀ ਹਨ ਜਿੰਨੀਆਂ ਇਹ ਉਦੋਂ ਸਨ ਜਦੋਂ ਪਹਿਲਾਂ ਕਹੀਆਂ ਗਈਆਂ ਸਨ।
ਅਸੀਂ ਨੈਤਿਕ ਤੌਰ ਤੇ ਸ਼ੁੱਧ ਅਤੇ ਸਫ਼ਲ ਕਿਸ ਤਰ੍ਹਾਂ ਹੋ ਸਕਦੇ ਹਾਂ?
ਕਹਾਉਤਾਂ ਦੀ ਪੋਥੀ ਦਾ ਉਦੇਸ਼ ਉਸ ਦੇ ਪਹਿਲਿਆਂ ਸ਼ਬਦਾਂ ਵਿਚ ਸਮਝਾਇਆ ਗਿਆ ਹੈ: “ਦਾਊਦ ਦੇ ਪੁੱਤ੍ਰ ਇਸਰਾਏਲ ਦੇ ਪਾਤਸ਼ਾਹ ਸੁਲੇਮਾਨ ਦੀਆਂ ਕਹਾਉਤਾਂ,—ਬੁੱਧ ਤੇ ਸਿੱਖਿਆ ਜਾਣਨ ਲਈ, ਅਤੇ ਸਮਝ ਦੀਆਂ ਗੱਲਾਂ ਬੁੱਝਣ ਲਈ, ਚਤਰਾਈ ਦੀ ਸਿੱਖਿਆ ਪ੍ਰਾਪਤ ਕਰਨ ਲਈ, ਨਾਲੇ ਧਰਮ, ਨਿਆਉਂ, ਤੇ ਇਨਸਾਫ਼ ਵੀ, ਭੋਲਿਆਂ ਨੂੰ ਸਿਆਣਪ, ਅਤੇ ਜੁਆਨਾਂ ਨੂੰ ਗਿਆਨ ਤੇ ਮੱਤ ਦੇਣ ਲਈ।”—ਕਹਾਉਤਾਂ 1:1-4.
“ਸੁਲੇਮਾਨ ਦੀਆਂ ਕਹਾਉਤਾਂ” ਨੇ ਕਿੰਨਾ ਉੱਤਮ ਕੰਮ ਕਰਨਾ ਹੈ! ਇਹ “ਬੁੱਧ ਤੇ ਸਿੱਖਿਆ ਜਾਣਨ ਲਈ” ਹਨ। ਬੁੱਧ ਵਿਚ ਮਾਮਲਿਆਂ ਨੂੰ ਸਮਝਣਾ ਸ਼ਾਮਲ ਹੈ। ਅਤੇ ਉਸ ਤੋਂ ਬਾਅਦ ਸਮੱਸਿਆਵਾਂ ਨੂੰ ਸੁਲਝਾਉਣ ਲਈ, ਟੀਚੇ ਹਾਸਲ ਕਰਨ ਲਈ, ਆਪਣੇ ਆਪ ਨੂੰ ਅਤੇ ਦੂਸਰਿਆਂ ਨੂੰ ਖ਼ਤਰਿਆਂ ਤੋਂ ਬਚਾਉਣ ਲਈ ਉਸ ਸਮਝ ਨੂੰ ਵਰਤਣਾ ਸ਼ਾਮਲ ਹੈ। ਇਕ ਪੁਸਤਕ ਵਿਚ ਦੱਸਿਆ ਗਿਆ ਹੈ ਕਿ “ਕਹਾਉਤਾਂ ਦੀ ਪੋਥੀ ਵਿਚ ‘ਬੁੱਧ’ ਦੀਆਂ ਮਹੱਤਵਪੂਰਣ ਗੱਲਾਂ ਹਨ ਜਿਨ੍ਹਾਂ ਦੁਆਰਾ ਅਸੀਂ ਚੰਗੇ ਫ਼ੈਸਲੇ ਕਰ ਸਕਦੇ ਹਾਂ ਅਤੇ ਸਫ਼ਲਤਾ ਨਾਲ ਜ਼ਿੰਦਗੀ ਬਿਤਾ ਸਕਦੇ ਹਾਂ।” ਬੁੱਧ ਪ੍ਰਾਪਤ ਕਰਨੀ ਕਿੰਨੀ ਮਹੱਤਵਪੂਰਣ ਹੈ!—ਕਹਾਉਤਾਂ 4:7.
ਸੁਲੇਮਾਨ ਦੀਆਂ ਕਹਾਵਤਾਂ ਤੋਂ ਸਿੱਖਿਆ ਵੀ ਮਿਲਦੀ ਹੈ। ਕੀ ਸਾਨੂੰ ਇਸ ਸਿਖਲਾਈ ਦੀ ਜ਼ਰੂਰਤ ਹੈ? ਬਾਈਬਲ ਵਿਚ, ਸਿੱਖਿਆ ਨੂੰ ਸੁਧਾਰਨ, ਝਿੜਕਣ, ਜਾਂ ਤਾੜਨ ਨਾਲ ਜੋੜਿਆ ਜਾਂਦਾ ਹੈ। ਇਕ ਬਾਈਬਲ ਵਿਦਵਾਨ ਦੇ ਅਨੁਸਾਰ, ਇਸ ਦਾ “ਮਤਲਬ ਸੀ ਨੈਤਿਕ ਤੌਰ ਤੇ ਸਿਖਲਾਈ ਦੇਣੀ, ਜਿਸ ਰਾਹੀਂ ਉਹ ਝੁਕਾਅ ਸੁਧਾਰੇ ਜਾ ਸਕਦੇ ਸਨ ਜੋ ਸ਼ਾਇਦ ਗ਼ਲਤ ਕੰਮਾਂ ਜਾਂ ਵਿਚਾਰਾਂ ਵੱਲ ਲੈ ਜਾਣ।” ਭਾਵੇਂ ਅਸੀਂ ਆਪ ਸਿੱਖਿਆ ਪ੍ਰਾਪਤ ਕਰੀਏ ਜਾਂ ਦੂਸਰੇ ਸਾਨੂੰ ਸਿਖਾਉਣ, ਇਹ ਸਾਨੂੰ ਨਾ ਸਿਰਫ਼ ਗ਼ਲਤ ਕੰਮਾਂ ਤੋਂ ਬਚਾਵੇਗੀ ਪਰ ਇਹ ਸਾਨੂੰ ਬਿਹਤਰ ਵਿਅਕਤੀ ਬਣਨ ਲਈ ਵੀ ਪ੍ਰੇਰਿਤ ਕਰੇਗੀ। ਹਾਂ, ਜੇ ਅਸੀਂ ਨੈਤਿਕ ਤੌਰ ਤੇ ਸ਼ੁੱਧ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਸਿੱਖਿਆ ਦੀ ਲੋੜ ਹੈ।
ਤਾਂ ਫਿਰ ਇਨ੍ਹਾਂ ਕਹਾਵਤਾਂ ਦਾ ਦੋਹਰਾ ਮਕਸਦ ਹੈ—ਬੁੱਧ ਦੇਣੀ ਅਤੇ ਸਿੱਖਿਆ ਦੇਣੀ। ਨੈਤਿਕ ਸਿੱਖਿਆ ਅਤੇ ਮਾਨਸਿਕ ਯੋਗਤਾ ਦੇ ਕਈ ਪਹਿਲੂ ਹਨ। ਮਿਸਾਲ ਲਈ, ਧਾਰਮਿਕਤਾ ਅਤੇ ਨਿਆਉਂ ਨੈਤਿਕ ਗੁਣ ਹਨ ਅਤੇ ਇਹ ਸਾਨੂੰ ਯਹੋਵਾਹ ਦੇ ਉੱਚੇ ਮਿਆਰਾਂ ਦੇ ਅਨੁਸਾਰ ਚੱਲਣ ਦੀ ਮਦਦ ਦਿੰਦੇ ਹਨ।
ਬੁੱਧ ਵਿਚ ਕਈ ਚੀਜ਼ਾਂ ਸ਼ਾਮਲ ਹਨ, ਜਿਵੇਂ ਕਿ ਸਮਝ, ਚਤੁਰਾਈ, ਸਿਆਣਪ, ਅਤੇ ਮੱਤ। ਸਮਝਣ ਦਾ ਮਤਲਬ ਹੈ ਕਿ ਕਿਸੇ ਮਾਮਲੇ ਦੀ ਅੰਦਰਲੀ ਗੱਲ ਪਛਾਣਨੀ ਅਤੇ ਇਹ ਬੁੱਝਣਾ ਕਿ ਹਰ ਪਹਿਲੂ ਪੂਰੇ ਮਾਮਲੇ ਨਾਲ ਕਿਸ ਤਰ੍ਹਾਂ ਸੰਬੰਧ ਰੱਖਦਾ ਹੈ। ਚਤੁਰਾਈ ਦਾ ਮਤਲਬ ਹੈ ਇਹ ਜਾਣਨਾ ਕਿ ਇਕ ਰਸਤਾ ਸਹੀ ਜਾਂ ਗ਼ਲਤ ਕਿਉਂ ਹੈ ਅਤੇ ਇਸ ਜਾਣਕਾਰੀ ਦੀ ਕਦਰ ਕਰਨੀ। ਮਿਸਾਲ ਲਈ, ਇਕ ਸਮਝਦਾਰ ਆਦਮੀ ਬੁੱਝ ਸਕਦਾ ਹੈ ਕਿ ਕੋਈ ਵਿਅਕਤੀ ਗ਼ਲਤ ਰਸਤੇ ਤੇ ਚੱਲਣ ਵਾਲਾ ਹੈ, ਅਤੇ ਉਸ ਨੂੰ ਖ਼ਤਰੇ ਬਾਰੇ ਫ਼ੌਰਨ ਚੇਤਾਵਨੀ ਦੇ ਸਕਦਾ ਹੈ। ਲੇਕਿਨ ਇਹ ਸਮਝਣ ਵਾਸਤੇ ਚਤੁਰਾਈ ਦੀ ਲੋੜ ਹੈ ਕਿ ਉਹ ਵਿਅਕਤੀ ਉਸ ਰਾਹ ਤੇ ਕਿਉਂ ਚੱਲ ਰਿਹਾ ਹੈ ਅਤੇ ਉਸ ਦੀ ਸਭ ਤੋਂ ਬਿਹਤਰ ਤਰੀਕੇ ਵਿਚ ਕਿਸ ਤਰ੍ਹਾਂ ਮਦਦ ਕੀਤੀ ਜਾ ਸਕਦੀ ਹੈ।
ਸਿਆਣਪ ਵਾਲੇ ਲੋਕ ਭੋਲੇ ਨਹੀਂ ਬਲਕਿ ਸੂਝਵਾਨ ਹਨ। (ਕਹਾਉਤਾਂ 14:15) ਉਹ ਬੁਰੀਆਂ ਗੱਲਾਂ ਬਾਰੇ ਪਹਿਲਾਂ ਹੀ ਜਾਣ ਲੈਂਦੇ ਹਨ ਅਤੇ ਇਨ੍ਹਾਂ ਤੋਂ ਦੂਰ ਰਹਿਣ ਲਈ ਤਿਆਰ ਹੁੰਦੇ ਹਨ। ਬੁੱਧ ਸਾਨੂੰ ਚੰਗੇ ਸੋਚ-ਵਿਚਾਰ ਰੱਖਣ ਦੀ ਮਦਦ ਦਿੰਦੀ ਹੈ ਜੋ ਕਿ ਜੀਵਨ ਨੂੰ ਅਰਥਪੂਰਣ ਨਿਰਦੇਸ਼ਨ ਦਿੰਦੇ ਹਨ। ਬਾਈਬਲ ਦੀਆਂ ਕਹਾਵਤਾਂ ਦਾ ਅਧਿਐਨ ਕਰਨਾ ਸੱਚ-ਮੁੱਚ ਫ਼ਾਇਦੇਮੰਦ ਹੈ। ਇਹ ਕਹਾਵਤਾਂ ਇਸ ਲਈ ਰਿਕਾਰਡ ਕੀਤੀਆਂ ਗਈਆਂ ਸਨ ਕਿ ਅਸੀਂ ਬੁੱਧ ਅਤੇ ਸਿੱਖਿਆ ਪ੍ਰਾਪਤ ਕਰ ਸਕੀਏ। ਕਹਾਵਤਾਂ ਵੱਲ ਧਿਆਨ ਦੇਣ ਦੁਆਰਾ ‘ਭੋਲੇ’ ਵੀ ਸਿਆਣੇ ਬਣ ਸਕਦੇ ਹਨ, ਅਤੇ ‘ਜੁਆਨ’ ਨੂੰ ਗਿਆਨ ਤੇ ਮੱਤ ਮਿਲ ਸਕਦੀ ਹੈ।
ਬੁੱਧਵਾਨਾਂ ਲਈ ਕਹਾਵਤਾਂ
ਲੇਕਿਨ ਬਾਈਬਲ ਦੀਆਂ ਕਹਾਵਤਾਂ ਸਿਰਫ਼ ਭੋਲਿਆਂ ਅਤੇ ਜਵਾਨਾਂ ਲਈ ਹੀ ਨਹੀਂ। ਇਹ ਉਨ੍ਹਾਂ ਸਾਰਿਆਂ ਬੁੱਧਵਾਨਾਂ ਲਈ ਹਨ ਜੋ ਸੁਣਨ ਲਈ ਤਿਆਰ ਹਨ। ਸੁਲੇਮਾਨ ਰਾਜਾ ਕਹਿੰਦਾ ਹੈ ਕਿ “ਬੁੱਧਵਾਨ ਸੁਣ ਕੇ ਆਪਣੇ ਗਿਆਨ ਨੂੰ ਵਧਾਵੇ, ਅਤੇ ਸਮਝ ਵਾਲਾ ਬੁੱਧ ਦੀਆਂ ਜੁਗਤਾਂ ਪ੍ਰਾਪਤ ਕਰੇ, ਭਈ ਓਹ ਕਹਾਉਤਾਂ ਤੇ ਦ੍ਰਿਸ਼ਟਾਂਤਾਂ, ਅਤੇ ਬੁੱਧਵਾਨਾਂ ਦੀਆਂ ਗੱਲਾਂ ਅਤੇ ਬੁਝਾਰਤਾਂ ਨੂੰ ਸਮਝਣ।” (ਕਹਾਉਤਾਂ 1:5, 6) ਜਿਸ ਵਿਅਕਤੀ ਨੇ ਬੁੱਧ ਪ੍ਰਾਪਤ ਕਰ ਲਈ ਹੈ, ਉਹ ਕਹਾਵਤਾਂ ਵੱਲ ਧਿਆਨ ਦੇ ਕੇ ਆਪਣਾ ਗਿਆਨ ਵਧਾਵੇਗਾ, ਅਤੇ ਸਮਝ ਵਾਲਾ ਮਨੁੱਖ ਜੀਵਨ ਵਿਚ ਸਫ਼ਲਤਾ ਨਾਲ ਚੱਲਣ ਦੀ ਆਪਣੀ ਯੋਗਤਾ ਨੂੰ ਵਧਾਵੇਗਾ।
ਇਕ ਕਹਾਵਤ ਅਕਸਰ ਕਿਸੇ ਡੂੰਘੇ ਵਿਚਾਰ ਨੂੰ ਥੋੜ੍ਹਿਆਂ ਕੁ ਲਫ਼ਜ਼ਾਂ ਵਿਚ ਬਿਆਨ ਕਰਦੀ ਹੈ। ਬਾਈਬਲ ਦੀਆਂ ਕੁਝ ਕਹਾਵਤਾਂ ਬੁਝਾਰਤਾਂ ਹਨ, ਯਾਨੀ ਗੁੰਝਲਦਾਰ ਗੱਲਾਂ ਜਿਨ੍ਹਾਂ ਨੂੰ ਸ਼ਾਇਦ ਸੁਲਝਾਉਣਾ ਪਵੇ। (ਕਹਾਉਤਾਂ 1:17-19) ਇਕ ਕਹਾਵਤ ਵਿਚ ਸ਼ਾਇਦ ਲਾਖਣਿਕ ਸ਼ਬਦ ਜਾਂ ਤਸਵੀਰੀ ਭਾਸ਼ਾ ਵੀ ਵਰਤੀ ਜਾਵੇ। ਇਨ੍ਹਾਂ ਨੂੰ ਸਮਝਣ ਵਾਸਤੇ ਸਮਾਂ ਲੱਗਦਾ ਹੈ ਅਤੇ ਇਨ੍ਹਾਂ ਉੱਤੇ ਮਨਨ ਕਰਨ ਦੀ ਜ਼ਰੂਰਤ ਹੈ। ਸੁਲੇਮਾਨ ਨੇ ਕਈ ਕਹਾਵਤਾਂ ਰਚੀਆਂ ਸਨ, ਅਤੇ ਉਸ ਕੋਲ ਸੱਚ-ਮੁੱਚ ਉਨ੍ਹਾਂ ਨੂੰ ਸਮਝਣ ਦੀ ਯੋਗਤਾ ਸੀ। ਕਹਾਉਤਾਂ ਦੀ ਪੋਥੀ ਵਿਚ ਉਹ ਆਪਣਿਆਂ ਪਾਠਕਾਂ ਨੂੰ ਇਹ ਯੋਗਤਾ ਸਮਝਾਉਣ ਦਾ ਕੰਮ ਆਪਣੇ ਜ਼ਿੰਮੇ ਲੈਂਦਾ ਹੈ। ਇਕ ਬੁੱਧਵਾਨ ਵਿਅਕਤੀ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।
ਉਹ ਸ਼ੁਰੂਆਤ ਜੋ ਨਿਸ਼ਾਨੇ ਤਕ ਲੈ ਜਾਂਦੀ ਹੈ
ਬੁੱਧ ਅਤੇ ਸਿੱਖਿਆ ਪ੍ਰਾਪਤ ਕਰਨ ਲਈ ਇਕ ਵਿਅਕਤੀ ਨੂੰ ਕਿੱਥੋਂ ਸ਼ੁਰੂ ਕਰਨਾ ਚਾਹੀਦਾ ਹੈ? ਸੁਲੇਮਾਨ ਜਵਾਬ ਦਿੰਦਾ ਹੈ ਕਿ “ਯਹੋਵਾਹ ਦਾ ਭੈ ਗਿਆਨ ਦਾ ਮੂਲ ਹੈ, ਬੁੱਧ ਅਤੇ ਸਿੱਖਿਆ ਨੂੰ ਮੂਰਖ ਤੁੱਛ ਜਾਣਦੇ ਹਨ।” (ਕਹਾਉਤਾਂ 1:7) ਗਿਆਨ ਯਹੋਵਾਹ ਦੇ ਭੈ ਨਾਲ ਸ਼ੁਰੂ ਹੁੰਦਾ ਹੈ। ਗਿਆਨ ਤੋਂ ਬਗੈਰ ਬੁੱਧ ਅਤੇ ਸਿੱਖਿਆ ਨੂੰ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਤਾਂ ਫਿਰ, ਯਹੋਵਾਹ ਦਾ ਭੈ ਬੁੱਧ ਅਤੇ ਸਿੱਖਿਆ ਦੀ ਸ਼ੁਰੂਆਤ ਹੈ।—ਕਹਾਉਤਾਂ 9:10; 15:33.
ਪਰਮੇਸ਼ੁਰ ਦਾ ਭੈ ਇਕ ਖੌਫ਼ਨਾਕ ਡਰ ਨਹੀਂ ਹੈ। ਇਸ ਦੀ ਬਜਾਇ, ਇਹ ਉਸ ਲਈ ਗਹਿਰਾ ਸਨਮਾਨ ਅਤੇ ਆਦਰ ਹੈ। ਇਸ ਭੈ ਤੋਂ ਬਗੈਰ ਸੱਚਾ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਜੀਵਨ ਯਹੋਵਾਹ ਪਰਮੇਸ਼ੁਰ ਵੱਲੋਂ ਹੈ, ਅਤੇ ਇਸ ਲਈ, ਜੀਵਨ ਬਗੈਰ ਅਸੀਂ ਕੋਈ ਗਿਆਨ ਹਾਸਲ ਨਹੀਂ ਕਰ ਸਕਦੇ। (ਜ਼ਬੂਰ 36:9; ਰਸੂਲਾਂ ਦੇ ਕਰਤੱਬ 17:25, 28) ਇਸ ਤੋਂ ਇਲਾਵਾ, ਪਰਮੇਸ਼ੁਰ ਨੇ ਸਭ ਕੁਝ ਉਤਪੰਨ ਕੀਤਾ ਹੈ; ਇਸ ਲਈ ਸਾਰਾ ਮਾਨਵੀ ਗਿਆਨ ਉਸ ਦੇ ਕੰਮਾਂ ਦੀ ਜਾਂਚ ਉੱਤੇ ਆਧਾਰਿਤ ਹੈ। (ਜ਼ਬੂਰ 19:1, 2; ਪਰਕਾਸ਼ ਦੀ ਪੋਥੀ 4:11) ਪਰਮੇਸ਼ੁਰ ਦਾ ਪ੍ਰੇਰਿਤ ਬਚਨ ਵੀ “ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ।” (2 ਤਿਮੋਥਿਉਸ 3:16, 17) ਇਸ ਲਈ, ਸੱਚੇ ਗਿਆਨ ਦਾ ਸਭ ਤੋਂ ਜ਼ਰੂਰੀ ਹਿੱਸਾ ਯਹੋਵਾਹ ਹੈ, ਅਤੇ ਜੋ ਇਸ ਗਿਆਨ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਉਸ ਨੂੰ ਯਹੋਵਾਹ ਦਾ ਭੈ ਰੱਖਣਾ ਚਾਹੀਦਾ ਹੈ।
ਪਰਮੇਸ਼ੁਰ ਦੇ ਭੈ ਤੋਂ ਬਗੈਰ ਮਾਨਵੀ ਗਿਆਨ ਅਤੇ ਦੁਨਿਆਵੀ ਬੁੱਧ ਕਿਸ ਕੰਮ ਦੇ ਹਨ? ਪੌਲੁਸ ਰਸੂਲ ਨੇ ਲਿਖਿਆ: “ਕਿੱਥੇ ਬੁੱਧਵਾਨ? ਕਿੱਥੇ ਗ੍ਰੰਥੀ? ਕਿੱਥੇ ਇਸ ਜੁੱਗ ਦਾ ਵਿਵਾਦੀ? ਕੀ ਪਰਮੇਸ਼ੁਰ ਨੇ ਸੰਸਾਰ ਦੀ ਬੁੱਧ ਨੂੰ ਮੂਰਖਤਾਈ ਨਹੀਂ ਠਹਿਰਾਇਆ?” (1 ਕੁਰਿੰਥੀਆਂ 1:20) ਈਸ਼ਵਰੀ ਭੈ ਤੋਂ ਬਗੈਰ, ਦੁਨੀਆਂ ਦੀ ਨਜ਼ਰ ਤੋਂ ਬੁੱਧਵਾਨ ਵਿਅਕਤੀ ਜਾਣੀਆਂ-ਪਛਾਣੀਆਂ ਹਕੀਕਤਾਂ ਬਾਰੇ ਗ਼ਲਤ ਸਿੱਟੇ ਕੱਢ ਲੈਂਦਾ ਹੈ ਅਤੇ “ਮੂਰਖ” ਬਣ ਜਾਂਦਾ ਹੈ।
‘ਤੇਰੇ ਗਲ ਦੇ ਲਈ ਇਕ ਕੈਂਠੀ’
ਹੁਣ ਬੁੱਧਵਾਨ ਰਾਜਾ ਨੌਜਵਾਨਾਂ ਨਾਲ ਗੱਲ ਕਰਦਾ ਹੈ: “ਹੇ ਮੇਰੇ ਪੁੱਤ੍ਰ, ਤੂੰ ਆਪਣੇ ਪਿਉ ਦਾ ਉਪਦੇਸ਼ ਸੁਣ, ਅਤੇ ਆਪਣੀ ਮਾਂ ਦੀ ਤਾਲੀਮ ਨੂੰ ਨਾ ਛੱਡੀਂ, ਕਿਉਂ ਜੋ ਓਹ ਤੇਰੇ ਸਿਰ ਲਈ ਸਿੰਗਾਰਨ ਵਾਲਾ ਸਿਹਰਾ ਅਤੇ ਤੇਰੇ ਗਲ ਦੇ ਲਈ ਕੈਂਠਾਂ ਹੋਣਗੀਆਂ।”—ਕਹਾਉਤਾਂ 1:8, 9.
ਪ੍ਰਾਚੀਨ ਇਸਰਾਏਲ ਵਿਚ, ਪਰਮੇਸ਼ੁਰ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਦਿੱਤੀ ਸੀ। ਮੂਸਾ ਨੇ ਪਿਤਾਵਾਂ ਨੂੰ ਸਲਾਹ ਦਿੱਤੀ ਕਿ “ਏਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ। ਤੁਸੀਂ ਓਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ। ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ ਓਹਨਾਂ ਦਾ ਚਰਚਾ ਕਰੋ।” (ਬਿਵਸਥਾ ਸਾਰ 6:6, 7) ਮਾਵਾਂ ਦਾ ਵੀ ਇਸ ਵਿਚ ਵੱਡਾ ਹੱਥ ਸੀ। ਆਪਣੇ ਪਤੀ ਦੇ ਅਧਿਕਾਰ ਦੇ ਅਧੀਨ, ਇਕ ਇਬਰਾਨੀ ਪਤਨੀ ਪਰਿਵਾਰ ਵਿਚ ਨਿਯਮ ਕਾਇਮ ਕਰ ਸਕਦੀ ਸੀ।
ਦਰਅਸਲ, ਬਾਈਬਲ ਦੇ ਅਨੁਸਾਰ ਪਰਿਵਾਰ ਸਿੱਖਿਆ ਦੇਣ ਦਾ ਪ੍ਰਮੁੱਖ ਪ੍ਰਬੰਧ ਹੈ। (ਅਫ਼ਸੀਆਂ 6:1-3) ਜਦੋਂ ਬੱਚੇ ਆਪਣੇ ਮਾਪਿਆਂ ਦੇ ਆਖੇ ਲੱਗਦੇ ਹਨ, ਤਾਂ ਇਸ ਤਰ੍ਹਾਂ ਹੋਵੇਗਾ ਕਿ ਉਨ੍ਹਾਂ ਦੇ ਸਿਰ ਤੇ ਸ਼ਿੰਗਾਰਨ ਵਾਲਾ ਸਿਹਰਾ ਹੈ ਅਤੇ ਗਲੇ ਮਾਣ ਵਾਲੀ ਕੈਂਠੀ।
“ਉਹ ਆਪਣੇ ਮਾਲਕਾਂ ਦੀ ਜਾਨ ਲੈ ਜਾਂਦਾ ਹੈ”
ਇਕ ਏਸ਼ੀਆਈ ਪਿਤਾ ਨੇ ਆਪਣੇ 16 ਸਾਲਾਂ ਦੇ ਪੁੱਤਰ ਨੂੰ ਜ਼ਿਆਦਾ ਸਿੱਖਿਆ ਪ੍ਰਾਪਤ ਕਰਨ ਲਈ ਅਮਰੀਕਾ ਭੇਜਿਆ। ਉਸ ਦੇ ਜਾਣ ਤੋਂ ਪਹਿਲਾਂ ਉਸ ਨੇ ਬੁਰੇ ਲੋਕਾਂ ਤੋਂ ਬਚਣ ਦੀ ਉਸ ਨੂੰ ਸਲਾਹ ਦਿੱਤੀ। ਇਹ ਸਲਾਹ ਸੁਲੇਮਾਨ ਦੀ ਚੇਤਾਵਨੀ ਨੂੰ ਦੁਹਰਾਉਂਦੀ ਹੈ: “ਹੇ ਮੇਰੇ ਪੁੱਤ੍ਰ, ਜੇ ਕਦੀ ਪਾਪੀ ਤੈਨੂੰ ਫ਼ੁਸਲਾਉਣ, ਤਾਂ ਤੂੰ ਉਨ੍ਹਾਂ ਦੀ ਨਾ ਮੰਨੀਂ।” (ਕਹਾਉਤਾਂ 1:10) ਲੇਕਿਨ ਸੁਲੇਮਾਨ ਨੇ ਉਨ੍ਹਾਂ ਚੀਜ਼ਾਂ ਬਾਰੇ ਵੀ ਦੱਸਿਆ ਜੋ ਲੋਕੀ ਦੂਜਿਆਂ ਨੂੰ ਭਰਮਾਉਣ ਵਾਸਤੇ ਵਰਤਦੇ ਹਨ: “ਓਹ ਆਖਣ ਭਈ ਸਾਡੇ ਨਾਲ ਚੱਲ, ਅਸੀਂ ਖ਼ੂਨ ਕਰਨ ਨੂੰ ਦਾਉ ਲਾਈਏ, ਆਪਾਂ ਨਹੱਕ ਬਿਦੋਸ਼ਾਂ ਦੀ ਘਾਤ ਵਿੱਚ ਲੁਕ ਕੇ ਬੈਠੀਏ, ਅਸੀਂ ਓਹਨਾਂ ਨੂੰ ਪਤਾਲ ਵਾਂਙੁ ਜੀਉਂਦਾ ਈ ਭੱਛ ਲਈਏ, ਅਤੇ ਸਾਬਤਾ, ਓਹਨਾਂ ਵਾਂਙੁ ਜੋ ਟੋਏ ਵਿੱਚ ਉਤਰਦੇ ਹਨ! ਸਾਨੂੰ ਸਭ ਪਰਕਾਰ ਦੇ ਅਣਮੁੱਲ ਪਦਾਰਥ ਮਿਲਨਗੇ, ਅਸੀਂ ਲੁੱਟ ਦੇ ਮਾਲ ਨਾਲ ਆਪਣੇ ਘਰ ਭਰ ਲਵਾਂਗੇ! ਸਾਡੇ ਵਿੱਚ ਹੀ ਆਪਣਾ ਗੁਣਾ ਪਾ ਲੈ, ਸਾਡੀ ਸਭਨਾਂ ਦੀ ਇੱਕੋ ਥੈਲੀ ਹੋਊ।”—ਕਹਾਉਤਾਂ 1:11-14.
ਸਪੱਸ਼ਟ ਹੈ ਕਿ ਧਨ-ਦੌਲਤ ਨੂੰ ਭਰਮਾਉਣ ਵਾਸਤੇ ਵਰਤਿਆ ਜਾਂਦਾ ਹੈ। ਵੱਡੇ-ਵੱਡੇ ਨਫ਼ੇ ਕਮਾਉਣ ਲਈ, “ਪਾਪੀ” ਦੂਸਰਿਆਂ ਨੂੰ ਆਪਣੀਆਂ ਹਿੰਸਕ ਜਾਂ ਬੇਈਮਾਨ ਸਕੀਮਾਂ ਵਿਚ ਹਿੱਸਾ ਲੈਣ ਲਈ ਭਰਮਾ ਲੈਂਦੇ ਹਨ। ਭੌਤਿਕ ਚੀਜ਼ਾਂ ਹਾਸਲ ਕਰਨ ਲਈ ਇਹ ਦੁਸ਼ਟ ਲੋਕ ਖ਼ੂਨ ਵਹਾਉਣ ਤੋਂ ਵੀ ਨਹੀਂ ਹਿਚਕਿਚਾਉਂਦੇ। ਉਹ ‘ਆਪਣੇ ਸ਼ਿਕਾਰ ਨੂੰ ਪਤਾਲ ਵਾਂਙੁ ਜੀਉਂਦਾ ਅਤੇ ਸਾਬਤਾ ਹੀ ਭੱਛ ਲੈਂਦੇ ਹਨ,’ ਉਹ ਉਸ ਦਾ ਸਭ ਕੁਝ ਖੋਹ ਲੈਂਦੇ ਹਨ, ਜਿਵੇਂ ਕਬਰ ਵਿਚ ਸਾਬਤਾ ਸਰੀਰ ਜਾਂਦਾ ਹੈ। ਉਹ ਚਾਹੁੰਦੇ ਹਨ ਕਿ ਤੁਸੀਂ ਅਪਰਾਧੀ ਜ਼ਿੰਦਗੀ ਜੀਓ—ਉਹ ‘ਲੁੱਟ ਦੇ ਮਾਲ ਨਾਲ ਆਪਣੇ ਘਰ ਭਰਨੇ’ ਚਾਹੁੰਦੇ ਹਨ ਅਤੇ ਇਹ ਵੀ ਕਿ ਭੋਲਾ ਵਿਅਕਤੀ ‘ਉਨ੍ਹਾਂ ਵਿਚ ਹੀ ਆਪਣਾ ਗੁਣਾ ਪਾਵੇ।’ ਇਹ ਸਾਡੇ ਲਈ ਕਿੰਨੀ ਵਧੀਆ ਚੇਤਾਵਨੀ ਹੈ! ਕੀ ਨੌਜਵਾਨਾਂ ਦੀਆਂ ਟੋਲੀਆਂ ਅਤੇ ਨਸ਼ੇ ਦੇ ਵਪਾਰੀ, ਲੋਕਾਂ ਨੂੰ ਭਰਮਾਉਣ ਲਈ ਅਜਿਹੇ ਤਰੀਕੇ ਨਹੀਂ ਇਸਤੇਮਾਲ ਕਰਦੇ? ਕਾਰੋਬਾਰ ਵਿਚ ਕੀ ਲੋਕੀ ਜਲਦੀ ਧਨ-ਦੌਲਤ ਕਮਾਉਣ ਦਾ ਵਾਅਦਾ ਕਰ ਕੇ ਦੂਜਿਆਂ ਨੂੰ ਨਹੀਂ ਭਰਮਾਉਂਦੇ?
ਬੁੱਧਵਾਨ ਰਾਜਾ ਸਲਾਹ ਦਿੰਦਾ ਹੈ ਕਿ “ਹੇ ਮੇਰੇ ਪੁੱਤ੍ਰ, ਤੂੰ ਉਨ੍ਹਾਂ ਦੇ ਸੰਗ ਉਸ ਰਾਹ ਵਿੱਚ ਨਾ ਤੁਰੀਂ, ਉਨ੍ਹਾਂ ਦੇ ਮਾਰਗ ਤੋਂ ਆਪਣੇ ਪੈਰ ਨੂੰ ਰੋਕੀਂ, ਕਿਉਂ ਜੋ ਉਨ੍ਹਾਂ ਦੇ ਪੈਰ ਬੁਰਿਆਈ ਵੱਲ ਨੱਠਦੇ, ਅਤੇ ਖ਼ੂਨ ਕਰਨ ਨੂੰ ਫੁਰਤੀ ਕਰਦੇ ਹਨ!” ਉਹ ਅੱਗੇ ਉਨ੍ਹਾਂ ਦੇ ਭਿਆਨਕ ਅੰਤ ਬਾਰੇ ਦੱਸਦਾ ਹੈ: “ਕਿਸੇ ਪੰਛੀ ਦੇ ਵੇਖਦਿਆਂ ਜਾਲ ਵਿਛਾਉਣਾ ਵਿਅਰਥ ਹੈ। ਓਹ ਆਪਣਾ ਹੀ ਖ਼ੂਨ ਕਰਨ ਲਈ ਦਾਉ ਲਾਉਂਦੇ ਹਨ, ਓਹ ਆਪਣੀਆਂ ਹੀ ਜਾਨਾਂ ਦੇ ਲਈ ਲੁਕ ਕੇ ਘਾਤ ਵਿੱਚ ਬੈਠਦੇ ਹਨ। ਨਫ਼ੇ ਦੇ ਸਾਰੇ ਲੋਭੀਆਂ ਦੀ ਚਾਲ ਅਜਿਹੀ ਹੁੰਦੀ ਹੈ, ਉਹ ਆਪਣੇ ਮਾਲਕਾਂ ਦੀ ਜਾਨ ਲੈ ਜਾਂਦਾ ਹੈ।”—ਕਹਾਉਤਾਂ 1:15-19.
‘ਨਫ਼ੇ ਦੇ ਸਾਰੇ ਲੋਭੀ’ ਆਪਣੀਆਂ ਕਰਨੀਆਂ ਦੇ ਕਾਰਨ ਤਬਾਹ ਹੋ ਜਾਣਗੇ। ਜੋ ਜਾਲ ਦੁਸ਼ਟ ਲੋਕ ਦੂਸਰਿਆਂ ਲਈ ਵਿਛਾਉਂਦੇ ਹਨ ਉਹ ਖ਼ੁਦ ਉਸ ਵਿਚ ਫੱਸ ਜਾਣਗੇ। ਜਾਣ-ਬੁੱਝ ਕੇ ਦੁਸ਼ਟ ਕੰਮ ਕਰਨ ਵਾਲੇ ਆਪਣੇ ਰਾਹ ਤੋਂ ਕਦੀ ਵੀ ਨਹੀਂ ਮੁੜਨਗੇ। ਹੋ ਸਕਦਾ ਹੈ ਕਿ ਇਕ ਜਾਲ ਬਹੁਤ ਹੀ ਚੰਗੀ ਤਰ੍ਹਾਂ ਦਿੱਸਦਾ ਹੋਵੇ ਪਰ “ਪੰਛੀ,” ਫਿਰ ਵੀ ਉਸ ਵਿਚ ਫੱਸ ਜਾਂਦੇ ਹਨ। ਉਸੇ ਤਰ੍ਹਾਂ, ਦੁਸ਼ਟ, ਆਪਣੇ ਲਾਲਚ ਦੁਆਰਾ ਅੰਨ੍ਹੇ ਕੀਤੇ ਗਏ ਹਨ ਅਤੇ ਉਹ ਅਪਰਾਧ ਕਰਦੇ ਰਹਿੰਦੇ ਹਨ ਭਾਵੇਂ ਕੀ ਉਹ ਕਦੀ-ਨ-ਕਦੀ ਫੜੇ ਜਾਣਗੇ।
ਬੁੱਧ ਦੀ ਆਵਾਜ਼ ਕੌਣ ਸੁਣੇਗਾ?
ਕੀ ਪਾਪੀਆਂ ਨੂੰ ਇਹ ਪਤਾ ਹੈ ਕਿ ਉਨ੍ਹਾਂ ਦਾ ਰਾਹ ਬਿਪਤਾ-ਭਰਿਆ ਹੈ? ਕੀ ਉਨ੍ਹਾਂ ਨੂੰ ਉਨ੍ਹਾਂ ਦੇ ਕੰਮਾਂ ਦਿਆਂ ਨਤੀਜਿਆਂ ਬਾਰੇ ਚੇਤਾਵਨੀ ਦਿੱਤੀ ਗਈ ਹੈ? ਅਣਜਾਣਪੁਣੇ ਦਾ ਬਹਾਨਾ ਨਹੀਂ ਚੱਲੇਗਾ, ਕਿਉਂਕਿ ਇਕ ਬਹੁਤ ਹੀ ਸਪੱਸ਼ਟ ਸੰਦੇਸ਼ ਸਾਰਿਆਂ ਥਾਵਾਂ ਵਿਚ ਐਲਾਨ ਕੀਤਾ ਜਾ ਰਿਹਾ ਹੈ।
ਸੁਲੇਮਾਨ ਨੇ ਕਿਹਾ: “ਬੁੱਧ ਗਲੀਆਂ ਵਿੱਚ ਉੱਚੀ ਦੇ ਕੇ ਬੋਲਦੀ ਹੈ, ਉਹ ਚੌਂਕਾਂ ਵਿੱਚ ਹਾਕਾਂ ਮਾਰਦੀ ਹੈ। ਉਹ ਬਜ਼ਾਰਾਂ ਦਿਆਂ ਸਿਰਿਆਂ ਉੱਤੇ ਹੋਕਾ ਦਿੰਦੀ ਹੈ, ਉਹ ਫਾਟਕਾਂ ਦੇ ਲਾਂਘਿਆਂ ਉੱਤੇ ਅਤੇ ਸ਼ਹਿਰ ਵਿੱਚ ਏਹ ਗੱਲਾਂ ਕਰਦੀ ਹੈ।” (ਕਹਾਉਤਾਂ 1:20, 21) ਇਕ ਉੱਚੀ ਅਤੇ ਸਾਫ਼ ਆਵਾਜ਼ ਵਿਚ ਬੁੱਧ ਸਾਰਿਆਂ ਦੇ ਕੰਨੀ ਪੈਣ ਵਾਸਤੇ ਹਰ ਥਾਂ ਵਿਚ ਹਾਕਾਂ ਮਾਰ ਰਹੀ ਹੈ। ਇਸਰਾਏਲ ਵਿਚ ਸਿਆਣੇ ਮਨੁੱਖ ਸ਼ਹਿਰ ਦੇ ਫਾਟਕਾਂ ਵਿਚ ਬੁੱਧਵਾਨ ਸਲਾਹ ਦਿੰਦੇ ਸਨ ਅਤੇ ਨਿਆਇਕ ਫ਼ੈਸਲੇ ਕਰਦੇ ਸਨ। ਸਾਡੇ ਲਈ, ਯਹੋਵਾਹ ਨੇ ਸੱਚੀ ਬੁੱਧ ਨੂੰ ਆਪਣੇ ਬਚਨ, ਬਾਈਬਲ, ਵਿਚ ਦਰਜ ਕਰਵਾਇਆ ਹੈ ਜੋ ਕਿ ਅੱਜ ਹਰ ਥਾਂ ਮਿਲ ਸਕਦਾ ਹੈ। ਅਤੇ ਅੱਜ ਉਸ ਦੇ ਸੇਵਕ ਉਸ ਦੇ ਬਚਨ ਦਾ ਸੰਦੇਸ਼ ਹਰ ਜਗ੍ਹਾ ਖੁੱਲ੍ਹੇ-ਆਮ ਐਲਾਨ ਕਰਨ ਵਿਚ ਮਗਨ ਹਨ। ਪਰਮੇਸ਼ੁਰ ਸੱਚ-ਮੁੱਚ ਬੁੱਧ ਐਲਾਨ ਕਰਵਾ ਰਿਹਾ ਹੈ।
ਸੱਚੀ ਬੁੱਧ ਕੀ ਕਹਿੰਦੀ ਹੈ? ਇਹੀ ਕਿ “ਹੇ ਭੋਲਿਓ, ਤੁਸੀਂ ਕਦੋਂ ਤਾਈ ਭੋਲੇਪਣ ਨਾਲ ਪ੍ਰੀਤ ਪਾਲੋਗੇ? ਅਤੇ ਮਖੌਲੀਏ ਆਪਣੇ ਮਖੌਲਾਂ ਤੋਂ ਪਰਸੰਨ ਹੋਣਗੇ . . .? ਮੈਂ ਤਾਂ ਆਵਾਜ਼ ਮਾਰੀ ਪਰ ਤੁਸਾਂ ਆਖਾ ਨਾ ਮੰਨਿਆ, ਮੈਂ ਹੱਥ ਪਸਾਰਿਆ ਪਰ ਕਿਸੇ ਨੇ ਵੀ ਧਿਆਨ ਨਾ ਕੀਤਾ।” ਮੂਰਖ ਬੁੱਧ ਦੀ ਆਵਾਜ਼ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ। ਇਸ ਲਈ, “ਓਹ ਆਪਣੀ ਕਰਨੀ ਦਾ ਫਲ ਭੋਗਣਗੇ।” ਉਨ੍ਹਾਂ ਦੀ “ਲਾਪਰਵਾਹੀ ਓਹਨਾਂ ਦਾ ਨਾਸ ਕਰੇਗੀ।”—ਕਹਾਉਤਾਂ 1:22-32.
ਲੇਕਿਨ, ਉਸ ਵਿਅਕਤੀ ਦਾ ਕੀ ਹੋਵੇਗਾ ਜਿਸ ਨੇ ਬੁੱਧ ਦੀ ਆਵਾਜ਼ ਸੁਣਨ ਲਈ ਸਮਾਂ ਕੱਢਿਆ ਹੈ? “ਉਹ ਸੁਖ ਨਾਲ ਵੱਸੇਗਾ, ਅਤੇ ਬਲਾ ਤੋਂ ਨਿਰਭੈ ਹੋ ਕੇ ਸ਼ਾਂਤੀ ਨਾਲ ਰਹੇਗਾ।” (ਕਹਾਉਤਾਂ 1:33) ਸਾਡੀ ਉਮੀਦ ਹੈ ਕਿ ਤੁਸੀਂ ਵੀ ਬਾਈਬਲ ਦੀਆਂ ਕਹਾਵਤਾਂ ਵੱਲ ਧਿਆਨ ਦੇਣ ਦੁਆਰਾ ਉਨ੍ਹਾਂ ਵਿਚਕਾਰ ਹੋਵੋਗੇ ਜੋ ਬੁੱਧ ਅਤੇ ਸਿੱਖਿਆ ਪ੍ਰਾਪਤ ਕਰਦੇ ਹਨ।
[ਸਫ਼ੇ 15 ਉੱਤੇ ਤਸਵੀਰ]
ਸੱਚੀ ਬੁੱਧ ਹਰ ਥਾਂ ਮਿਲਦੀ ਹੈ