‘ਸਿੱਧੇ ਮਾਰਗ’ ਉੱਤੇ ਚੱਲੋ
ਯਸਾਯਾਹ ਨਬੀ ਨੇ ਕਿਹਾ ਕਿ “ਧਰਮੀ ਨੂੰ ਆਖੋ ਕਿ [ਉਸ ਦਾ] ਭਲਾ ਹੋਵੇਗਾ, ਕਿਉਂ ਜੋ ਓਹ ਆਪਣੇ ਕੰਮਾਂ ਦਾ ਫਲ ਖਾਣਗੇ।” ਯਸਾਯਾਹ ਨੇ ਇਹ ਵੀ ਕਿਹਾ ਕਿ “ਧਰਮੀ ਦਾ ਮਾਰਗ ਸਿੱਧਾ ਹੈ।” (ਯਸਾਯਾਹ 3:10; 26:7) ਇਸ ਤੋਂ ਦੇਖਿਆ ਜਾ ਸਕਦਾ ਹੈ ਕਿ ਜੇ ਸਾਨੂੰ ਆਪਣੀ ਸੇਵਾ ਦਾ ਮੇਵਾ ਮਿਲਣਾ ਹੈ ਤਾਂ ਸਾਨੂੰ ਉਹੀ ਕਰਨਾ ਚਾਹੀਦਾ ਹੈ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਹੈ।
ਪਰ ਅਸੀਂ ਸਹੀ ਜਾਂ ਸਿੱਧੇ ਮਾਰਗ ਉੱਤੇ ਕਿੱਦਾਂ ਚੱਲ ਸਕਦੇ ਹਾਂ? ਇਵੇਂ ਕਰਨ ਨਾਲ ਸਾਡੀ ਸੇਵਾ ਦਾ ਮੇਵਾ ਕੀ ਹੋਵੇਗਾ? ਜੇ ਅਸੀਂ ਪਰਮੇਸ਼ੁਰ ਦੇ ਸਹੀ-ਸਹੀ ਮਿਆਰਾਂ ਉੱਤੇ ਚੱਲਾਂਗੇ ਤਾਂ ਕੀ ਦੂਸਰਿਆਂ ਨੂੰ ਵੀ ਇਸ ਦਾ ਫ਼ਾਇਦਾ ਹੋ ਸਕਦਾ ਹੈ? ਪ੍ਰਾਚੀਨ ਇਸਰਾਏਲ ਦਾ ਰਾਜਾ ਸੁਲੇਮਾਨ ਨੇ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਹਨ। ਇਹ ਬਾਈਬਲ ਦੀ ਕਹਾਉਤਾਂ ਨਾਂ ਦੀ ਪੋਥੀ ਦੇ 10ਵੇਂ ਅਧਿਆਇ ਵਿਚ ਪਾਏ ਜਾਂਦੇ ਹਨ। ਇੱਥੇ ਉਸ ਨੇ ਧਰਮੀ ਅਤੇ ਦੁਸ਼ਟ ਲੋਕਾਂ ਦੀ ਤੁਲਨਾ ਕੀਤੀ ਹੈ ਅਤੇ ਉਸ ਨੇ 13 ਵਾਰ “ਧਰਮੀ” ਸ਼ਬਦ ਵਰਤਿਆ। ਤੁਸੀਂ ਆਇਤਾਂ 15 ਤੋਂ 32 ਤਕ ਇਹ ਸ਼ਬਦ 9 ਵਾਰ ਪਾਓਗੇ। ਆਓ ਆਪਾਂ ਕਹਾਉਤਾਂ 10:15-32 ਉੱਤੇ ਵਿਚਾਰ ਕਰੀਏ ਅਤੇ ਦੇਖੀਏ ਕਿ ਇਹ ਸਾਡੇ ਲਈ ਕਿਵੇਂ ਲਾਭਦਾਇਕ ਹੋਵੇਗਾ।a
ਸਿੱਖਿਆ ਨੂੰ ਮੰਨੋ
ਸੁਲੇਮਾਨ ਨੇ ਧਰਮ ਦੇ ਗੁਣ ਦੀ ਜ਼ਰੂਰਤ ਵੱਲ ਧਿਆਨ ਖਿੱਚਿਆ। ਉਹ ਨੇ ਕਿਹਾ ਕਿ “ਧਨੀ ਦਾ ਧਨ ਉਹ ਦਾ ਪੱਕਾ ਨਗਰ ਹੈ, ਪਰ ਕੰਗਾਲਾਂ ਦਾ ਵਿਨਾਸ ਓਹਨਾਂ ਦੀ ਥੁੜੋਂ ਹੈ। ਧਰਮੀ ਦੀ ਮਿਹਨਤ ਜੀਉਣ ਲਈ ਹੈ, ਪਰ ਦੁਸ਼ਟਾਂ ਦਾ ਨਫ਼ਾ ਪਾਪ ਲਈ ਹੈ।”—ਕਹਾਉਤਾਂ 10:15, 16.
ਜ਼ਿੰਦਗੀ ਵਿਚ ਕਈ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਜੇ ਸਾਡੇ ਕੋਲ ਕੁਝ ਪੈਸਾ ਹੋਵੇ ਤਾਂ ਇਸ ਨਾਲ ਸਾਨੂੰ ਸੁਰੱਖਿਆ ਮਿਲ ਸਕਦੀ ਹੈ, ਜਿਸ ਤਰ੍ਹਾਂ ਕਿਸੇ ਹੱਦ ਤਕ ਇਕ ਨਗਰ ਆਪਣੇ ਵਾਸੀਆਂ ਦੀ ਸੁਰੱਖਿਆ ਕਰਦਾ ਹੈ। ਦੂਜੇ ਹੱਥ, ਹਾਲਾਤ ਬਦਲ ਜਾਣ ਤੇ ਗ਼ਰੀਬੀ ਸਾਡਾ ਕਿੰਨਾ ਨੁਕਸਾਨ ਕਰ ਸਕਦੀ ਹੈ! (ਉਪਦੇਸ਼ਕ ਦੀ ਪੋਥੀ 7:12) ਪਰ ਹੋ ਸਕਦਾ ਹੈ ਕਿ ਬੁੱਧਵਾਨ ਰਾਜਾ ਸੁਲੇਮਾਨ ਅਮੀਰੀ ਅਤੇ ਗ਼ਰੀਬੀ ਦੋਹਾਂ ਦੇ ਖ਼ਤਰਿਆਂ ਬਾਰੇ ਗੱਲ ਕਰ ਰਿਹਾ ਸੀ। ਇਕ ਅਮੀਰ ਬੰਦਾ ਸ਼ਾਇਦ ਆਪਣੀ ਧਨ-ਦੌਲਤ ਵਿਚ ਪੂਰਾ ਭਰੋਸਾ ਰੱਖਦਾ ਹੋਵੇ। ਉਹ ਸ਼ਾਇਦ ਸੋਚਦਾ ਹੋਵੇ ਕਿ ਉਸ ਦੀਆਂ ਕੀਮਤੀ ਚੀਜ਼ਾਂ “ਉੱਚੀ ਸ਼ਹਿਰ ਪਨਾਹ ਵਾਂਙੁ” ਹਨ। (ਕਹਾਉਤਾਂ 18:11) ਇਕ ਗ਼ਰੀਬ ਬੰਦਾ ਸ਼ਾਇਦ ਸੋਚਦਾ ਹੋਵੇ ਕਿ ਗ਼ਰੀਬੀ ਕਾਰਨ ਉਸ ਦਾ ਭਵਿੱਖ ਨਿਕੰਮਾ ਹੈ। ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹ ਦੋਵੇਂ ਚੰਗੀ ਨੇਕਨਾਮੀ ਨਹੀਂ ਖੱਟਦੇ।
ਦੂਸਰੇ ਹੱਥ, ਇਕ ਧਰਮੀ ਬੰਦੇ ਕੋਲ ਭਾਵੇਂ ਥੋੜ੍ਹਾ ਹੋਵੇ ਜਾਂ ਬਹੁਤਾ, ਉਸ ਦੇ ਚੰਗੇ ਕੰਮ ਜ਼ਿੰਦਗੀ ਬਖ਼ਸ਼ ਸਕਦੇ ਹਨ। ਇਹ ਕਿਵੇਂ? ਉਹ ਜ਼ਿੰਦਗੀ ਵਿਚ ਆਪਣੇ ਸਾਰੇ ਕੰਮਾਂ-ਕਾਰਾਂ ਨਾਲ ਸੰਤੁਸ਼ਟ ਹੁੰਦਾ ਹੈ। ਉਹ ਪੈਸਿਆਂ ਕਾਰਨ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਵਿਗੜਨ ਨਹੀਂ ਦਿੰਦਾ। ਭਾਵੇਂ ਅਮੀਰ ਜਾਂ ਗ਼ਰੀਬ, ਇਕ ਧਰਮੀ ਬੰਦੇ ਦਾ ਜੀਵਨ ਹੁਣ ਵੀ ਖ਼ੁਸ਼ ਹੁੰਦਾ ਹੈ ਅਤੇ ਭਵਿੱਖ ਲਈ ਵੀ ਉਸ ਕੋਲ ਸਦਾ ਦੀ ਜ਼ਿੰਦਗੀ ਦੀ ਉਮੀਦ ਹੁੰਦੀ ਹੈ। (ਅੱਯੂਬ 42:10-13) ਦੁਸ਼ਟ ਬੰਦੇ ਨੂੰ ਕੋਈ ਲਾਭ ਨਹੀਂ ਹੁੰਦਾ ਭਾਵੇਂ ਉਹ ਅਮੀਰ ਵੀ ਬਣ ਜਾਂਦਾ ਹੈ। ਦੁਸ਼ਟ ਬੰਦਾ ਆਪਣਾ ਪੈਸਾ ਪਾਪ ਦੀ ਜ਼ਿੰਦਗੀ ਲਈ ਵਰਤਦਾ ਹੈ। ਉਹ ਇਸ ਗੱਲ ਦੀ ਕਦਰ ਨਹੀਂ ਕਰਦਾ ਕਿ ਪੈਸਿਆਂ ਤੋਂ ਸੁਰੱਖਿਆ ਮਿਲ ਸਕਦੀ ਹੈ ਅਤੇ ਨਾ ਹੀ ਉਹ ਪਰਮੇਸ਼ੁਰ ਉੱਤੇ ਭਰੋਸਾ ਰੱਖਦਾ ਹੈ।
ਇਸਰਾਏਲ ਦੇ ਰਾਜੇ ਨੇ ਅਗੇ ਕਿਹਾ ਕਿ “ਜਿਹੜਾ ਸਿੱਖਿਆ ਨੂੰ ਮੰਨਦਾ ਉਹ ਤਾਂ ਜੀਉਣ ਦੇ ਰਾਹ ਉੱਤੇ ਹੈ, ਪਰ ਜਿਹੜਾ ਤਾੜ ਨੂੰ ਰੱਦ ਕਰਦਾ ਉਹ ਰਾਹ ਤੋਂ ਭੁੱਲਿਆ ਹੋਇਆ ਹੈ।” (ਕਹਾਉਤਾਂ 10:17) ਬਾਈਬਲ ਦਾ ਇਕ ਵਿਦਵਾਨ ਕਹਿੰਦਾ ਹੈ ਕਿ ਇਸ ਆਇਤ ਦੇ ਦੋ ਮਤਲਬ ਹੋ ਸਕਦੇ ਹਨ। ਇਕ ਮਤਲਬ ਇਹ ਹੋ ਸਕਦਾ ਹੈ ਕਿ ਉਹ ਬੰਦਾ ਜੋ ਸਿੱਖਿਆ ਲੈ ਕੇ ਧਰਮੀ ਬਣ ਜਾਂਦਾ ਹੈ ਉਹ ਜੀਉਣ ਦੇ ਰਾਹ ਉੱਤੇ ਚੱਲਦਾ ਹੈ, ਜਦ ਕਿ ਤਾੜ ਨੂੰ ਰੱਦ ਕਰਨ ਵਾਲਾ ਉਸ ਤੋਂ ਭਟਕ ਜਾਂਦਾ ਹੈ। ਦੂਸਰਾ ਮਤਲਬ ਇਹ ਹੋ ਸਕਦਾ ਹੈ ਕਿ ਸਿੱਖਿਆ ਲੈਣ ਵਾਲੇ ਬੰਦੇ ਦੀ ਚੰਗੀ ਮਿਸਾਲ ਤੋਂ ਦੂਸਰਿਆਂ ਨੂੰ ਵੀ ਲਾਭ ਮਿਲ ਸਕਦਾ ਹੈ, ਪਰ ਜਿਹੜਾ ਤਾੜਨਾ ਨਹੀਂ ਪਸੰਦ ਕਰਦਾ ਉਹ ਦੂਸਰਿਆਂ ਨੂੰ ਵੀ ਭਟਕਾ ਸਕਦਾ ਹੈ। (ਕਹਾਉਤਾਂ 10:17) ਮਤਲਬ ਜੋ ਵੀ ਹੋਵੇ ਸਾਨੂੰ ਪਤਾ ਹੈ ਕਿ ਸਿੱਖਿਆ ਲੈਣੀ ਕਿੰਨੀ ਜ਼ਰੂਰੀ ਗੱਲ ਹੈ ਅਤੇ ਤਾੜਨਾ ਰੱਦ ਕਰਨੀ ਕਿੰਨੀ ਨੁਕਸਾਨਦਾਰ ਹੈ!
ਵੈਰ ਦੀ ਥਾਂ ਪ੍ਰੇਮ ਕਰੋ
ਸੁਲੇਮਾਨ ਦੀ ਅਗਲੀ ਕਹਾਵਤ ਦੇ ਦੋ ਹਿੱਸਿਆਂ ਵਿਚ ਵੀ ਇਹੋ ਜਿਹਾ ਵਿਚਾਰ ਪਾਇਆ ਜਾਂਦਾ ਹੈ। ਦੂਜਾ ਹਿੱਸਾ ਪਹਿਲੇ ਹਿੱਸੇ ਦੇ ਵਿਚਾਰ ਉੱਤੇ ਜ਼ੋਰ ਦਿੰਦਾ ਹੈ। ਸੁਲੇਮਾਨ ਨੇ ਕਿਹਾ ਕਿ “ਜਿਹੜਾ ਵੈਰ ਨੂੰ ਢੱਕ ਰੱਖਦਾ ਹੈ ਉਹ ਝੂਠੇ ਬੁੱਲ੍ਹਾਂ ਵਾਲਾ ਹੈ।” ਜੇਕਰ ਦਿਲੋਂ ਇਕ ਬੰਦਾ ਕਿਸੇ ਨੂੰ ਨਫਰਤ ਕਰਦਾ ਹੈ, ਪਰ ਮਿਠੇ ਅਤੇ ਧੱਖੇਬਾਜ਼ ਸ਼ਬਦਾਂ ਨਾਲ ਇਸ ਗੱਲ ਨੂੰ ਲੁਕਾਉਂਦਾ ਹੈ ਤਾਂ ਉਹ “ਝੂਠੇ ਬੁੱਲ੍ਹਾਂ ਵਾਲਾ ਹੈ।” ਫਿਰ ਬੁੱਧੀਮਾਨ ਰਾਜਾ ਅੱਗੇ ਕਹਿੰਦਾ ਹੈ “ਅਤੇ ਜਿਹੜਾ ਊਜ ਲਾਉਂਦਾ ਹੈ [ਮਤਲਬ ਕਿ ਬਦਨਾਮ ਕਰਦਾ ਹੈ] ਉਹ ਮੂਰਖ ਹੈ।” (ਕਹਾਉਤਾਂ 10:18) ਆਪਣੇ ਵੈਰ ਜਾਂ ਨਫ਼ਰਤ ਨੂੰ ਢੱਕਣ ਦੀ ਬਜਾਇ, ਕਈ ਲੋਕ ਉਸ ਬੰਦੇ ਉੱਤੇ ਝੂਠੇ ਇਲਜ਼ਾਮ ਲਗਾਉਂਦੇ ਹਨ ਅਤੇ ਉਸ ਨੂੰ ਬਦਨਾਮ ਕਰਦੇ ਹਨ ਜਿਸ ਨੂੰ ਉਹ ਪਸੰਦ ਨਹੀਂ ਕਰਦੇ। ਇਹ ਮੂਰਖਤਾ ਹੈ ਕਿਉਂਕਿ ਬਦਨਾਮੀ ਉਸ ਬੰਦੇ ਦੀ ਅਸਲੀਅਤ ਨੂੰ ਨਹੀਂ ਬਦਲ ਸਕਦੀ। ਸਮਝਦਾਰ ਬੰਦਾ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਵੈਰ ਨੂੰ ਦੇਖ ਪਾਵੇਗਾ ਅਤੇ ਉਸ ਦੀਆਂ ਨਜ਼ਰਾਂ ਵਿਚ ਨਿੰਦਿਆ ਕਰਨ ਵਾਲਾ ਘਟੀਆ ਬਣ ਜਾਵੇਗਾ। ਫਿਰ ਬਦਨਾਮ ਕਰਨ ਵਾਲਾ ਆਪਣਾ ਹੀ ਨੁਕਸਾਨ ਕਰਦਾ ਹੈ।
ਸਭ ਤੋਂ ਜ਼ਰੂਰੀ ਗੱਲ ਤਾਂ ਇਹ ਹੈ ਕਿ ਅਸੀਂ ਨਾ ਧੋਖੇਬਾਜ਼ ਬਣੀਏ ਅਤੇ ਨਾ ਹੀ ਕਿਸੇ ਨੂੰ ਬਦਨਾਮ ਕਰੀਏ। ਪਰਮੇਸ਼ੁਰ ਨੇ ਇਸਰਾਏਲੀ ਲੋਕਾਂ ਨੂੰ ਕਿਹਾ ਸੀ ਕਿ “ਤੂੰ ਆਪਣੇ ਭਰਾ ਨਾਲ ਆਪਣੇ ਮਨ ਵਿੱਚ ਵੈਰ ਨਾ ਰੱਖੀਂ।” (ਲੇਵੀਆਂ 19:17) ਯਿਸੂ ਨੇ ਆਪਣੇ ਸੁਣਨ ਵਾਲਿਆਂ ਨੂੰ ਕਿਹਾ ਸੀ ਕਿ ਤੁਸੀਂ “ਆਪਣੇ ਵੈਰੀਆਂ ਨਾਲ [ਵੀ] ਪਿਆਰ ਕਰੋ ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ। ਤਾਂ ਜੋ ਤੁਸੀਂ ਆਪਣੇ ਪਿਤਾ ਦੇ ਜਿਹੜਾ ਸੁਰਗ ਵਿੱਚ ਹੈ ਪੁੱਤ੍ਰ ਹੋਵੋ।” (ਮੱਤੀ 5:44, 45) ਆਪਣੇ ਦਿਲਾਂ ਵਿਚ ਵੈਰ ਨਾਲੋਂ ਪਿਆਰ ਹੋਣਾ ਕਿੰਨੀ ਬਿਹਤਰ ਗੱਲ ਹੈ!
‘ਆਪਣਿਆਂ ਬੁੱਲ੍ਹਾਂ ਨੂੰ ਰੋਕੋ’
ਜ਼ਬਾਨ ਉੱਤੇ ਕਾਬੂ ਰੱਖਣ ਦੀ ਜ਼ਰੂਰਤ ਬਾਰੇ ਬੁੱਧਵਾਨ ਰਾਜੇ ਨੇ ਕਿਹਾ ਕਿ “ਗੱਪਾਂ ਦੇ ਵਾਧੇ ਵਿੱਚ ਅਪਰਾਧ ਦੀ ਕਮੀ ਨਹੀਂ, ਪਰ ਜੋ ਆਪਣਿਆਂ ਬੁੱਲ੍ਹਾਂ ਨੂੰ ਰੋਕਦਾ ਹੈ ਉਹ ਦਾਨਾ ਹੈ।”—ਕਹਾਉਤਾਂ 10:19.
“ਮੂਰਖ ਢੇਰ ਸਾਰੀਆਂ ਗੱਪਾਂ ਹੱਕਦਾ ਹੈ।” (ਉਪਦੇਸ਼ਕ ਦੀ ਪੋਥੀ 10:14) ਉਹ ਦੇ ਮੂੰਹੋਂ “ਬੱਸ ਮੂਰਖਤਾਈ ਉੱਛਲਦੀ ਹੈ।” (ਕਹਾਉਤਾਂ 15:2) ਇਸ ਦਾ ਇਹ ਮਤਲਬ ਨਹੀਂ ਕਿ ਜਿਹੜਾ ਵੀ ਇਨਸਾਨ ਬਹੁਤ ਬੋਲਦਾ ਹੈ ਉਹ ਮੂਰਖ ਹੁੰਦਾ ਹੈ। ਪਰ ਜ਼ਿਆਦਾ ਬੋਲਣ ਵਾਲੇ ਬੰਦੇ ਲਈ ਗੱਪਾਂ ਮਾਰਨੀਆਂ ਜਾਂ ਕਿਸੇ ਦੀ ਚੁਗ਼ਲੀ ਕਰਨੀ ਕਿੰਨਾ ਸੌਖਾ ਹੈ! ਇਸ ਵਿਚ ਦੂਸਰਿਆਂ ਦਾ ਕਿੰਨਾ ਨੁਕਸਾਨ ਹੁੰਦਾ ਹੈ। ਬਕਵਾਸ ਬੋਲਣ ਕਰਕੇ ਅਸੀਂ ਦੂਸਰਿਆਂ ਨੂੰ ਬਦਨਾਮ ਕਰ ਸਕਦੇ ਹਾਂ, ਉਨ੍ਹਾਂ ਨੂੰ ਦੁੱਖ ਪਹੁੰਚਾ ਸਕਦੇ ਹਾਂ, ਉਨ੍ਹਾਂ ਨਾਲ ਆਪਣਾ ਰਿਸ਼ਤਾ ਖ਼ਰਾਬ ਕਰ ਸਕਦੇ ਹਾਂ, ਅਤੇ ਉਨ੍ਹਾਂ ਦੀ ਸਹਿਤ ਉੱਤੇ ਵੀ ਅਸਰ ਪੈ ਸਕਦਾ ਹੈ। “ਅਧਿਕ ਬੋਲਨ ਵਾਲਾ ਮਨੁੱਖ ਅਧਿਕ ਪਾਪ ਦੇ ਲਾਗੇ ਹੈ।” (ਕਹਾਉਤਾਂ 10:19, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਸ ਤੋਂ ਇਲਾਵਾ, ਐਸੇ ਵਿਅਕਤੀ ਤੋਂ ਕਿੰਨੀ ਖਿੱਝ ਆਉਂਦੀ ਹੈ ਜੋ ਹਰ ਵਿਸ਼ੇ ਉੱਤੇ ਆਪਣੇ ਵਿਚਾਰ ਜ਼ਰੂਰ ਸੁਣਾਉਣਾ ਚਾਹੁੰਦਾ ਹੈ। ਹਾਂ, ਸਾਨੂੰ ਜ਼ਰੂਰਤ ਤੋਂ ਜ਼ਿਆਦਾ ਨਹੀਂ ਬੋਲਣਾ ਚਾਹੀਦਾ ਹੈ।
ਆਪਣਿਆਂ ਬੁੱਲ੍ਹਾਂ ਨੂੰ ਰੋਕਣ ਵਾਲਾ ਸਿਰਫ਼ ਝੂਠ ਤੋਂ ਹੀ ਨਹੀਂ ਬਚਦਾ ਪਰ ਉਹ ਸਮਝਦਾਰੀ ਵੀ ਵਰਤਦਾ ਹੈ। ਉਹ ਬੋਲਣ ਤੋਂ ਪਹਿਲਾਂ ਸੋਚਦਾ ਹੈ। ਐਸਾ ਬੰਦਾ ਪ੍ਰਗਟ ਕਰਦਾ ਹੈ ਕਿ ਉਹ ਯਹੋਵਾਹ ਨੂੰ ਪਿਆਰ ਕਰਦਾ ਹੈ ਅਤੇ ਉਹ ਸੱਚ-ਮੁੱਚ ਹੀ ਦੂਸਰਿਆਂ ਦੀ ਮਦਦ ਕਰਨੀ ਚਾਹੁੰਦਾ ਹੈ। ਉਹ ਦੂਸਰਿਆਂ ਉੱਤੇ ਆਪਣੀਆਂ ਗੱਲਾਂ ਦੇ ਪ੍ਰਭਾਵ ਬਾਰੇ ਸੋਚਦਾ ਹੈ, ਇਸ ਲਈ ਉਹ ਪਿਆਰ ਭਰੀਆਂ ਗੱਲਾਂ ਕਰਦਾ ਹੈ। ਉਹ ਪਹਿਲਾਂ ਸੋਚਦਾ ਹੈ ਕਿ ਕੀ ਇਹ ਗੱਲ ਕਿਸੇ ਨੂੰ ਪੰਸਦ ਆਵੇਗੀ ਅਤੇ ਕੀ ਇਹ ਕਿਸੇ ਫ਼ਾਇਦੇ ਦੀ ਹੋਵੇਗੀ? ਉਸ ਦੇ “ਬਚਨ ਚਾਂਦੀ ਦੀ ਝੰਜਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ।” ਇਹ ਇਕ ਕਲਾ ਹੈ ਅਤੇ ਅਜਿਹੇ ਵਿਅਕਤੀ ਦੇ ਬੋਲ ਸਤਿਕਾਰ ਪ੍ਰਗਟ ਕਰਦੇ ਹਨ।—ਕਹਾਉਤਾਂ 25:11.
‘ਬਹੁਤਿਆਂ ਨੂੰ ਰਜਾਉਂਦੇ ਰਹੋ’
ਸੁਲੇਮਾਨ ਨੇ ਅੱਗੇ ਕਿਹਾ ਕਿ “ਧਰਮੀ ਦੀ ਰਸਨਾ ਖਰੀ ਚਾਂਦੀ ਹੈ, ਦੁਸ਼ਟ ਦਾ ਮਨ ਤੁੱਛ ਹੈ।” (ਕਹਾਉਤਾਂ 10:20) ਧਰਮੀ ਦੇ ਬੋਲ ਖਰੀ ਤੋਂ ਖਰੀ ਚਾਂਦੀ ਜਿੰਨੇ ਸ਼ੁੱਧ ਹੁੰਦੇ ਹਨ। ਇਹ ਗੱਲ ਯਹੋਵਾਹ ਦੇ ਗਵਾਹਾਂ ਦੇ ਸੰਬੰਧ ਵਿਚ ਸੱਚ ਹੈ। ਉਹ ਲੋਕਾਂ ਨਾਲ ਪਰਮੇਸ਼ੁਰ ਦੇ ਬਚਨ ਤੋਂ ਜੀਵਨ ਦੇਣ ਵਾਲੇ ਗਿਆਨ ਬਾਰੇ ਬੋਲਦੇ ਹਨ। ਉਨ੍ਹਾਂ ਦੇ ਮਹਾਂ ਗੁਰੂ ਯਹੋਵਾਹ ਪਰਮੇਸ਼ੁਰ ਨੇ ਉਨ੍ਹਾਂ ਨੂੰ ਸਿੱਖਿਆ ਦੇ ਕੇ ‘ਚੇਲਿਆਂ ਦੀ ਜ਼ਬਾਨ ਦਿੱਤੀ, ਭਈ ਉਹ ਜਾਣਨ ਕਿ ਹੁੱਸੇ ਹੋਏ ਨੂੰ ਕਿਵੇਂ ਬਚਨ ਨਾਲ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ।’ (ਯਸਾਯਾਹ 30:20; 50:4) ਸੱਚ-ਮੁੱਚ ਹੀ ਉਨ੍ਹਾਂ ਦੀ ਜ਼ਬਾਨ ਖਰੀ ਚਾਂਦੀ ਵਰਗੀ ਹੈ ਕਿਉਂਕਿ ਉਹ ਬਾਈਬਲ ਦੀ ਸੱਚਾਈ ਦੱਸਦੀ ਹੈ। ਈਮਾਨਦਾਰ ਬੰਦਿਆਂ ਲਈ ਇਨ੍ਹਾਂ ਲੋਕਾਂ ਦੀਆਂ ਗੱਲਾਂ ਦੁਸ਼ਟਾਂ ਦੇ ਇਰਾਦਿਆਂ ਨਾਲੋਂ ਕਿੰਨੀਆਂ ਕੀਮਤੀ ਹਨ! ਇਸ ਲਈ ਪਰਮੇਸ਼ੁਰ ਦੇ ਬਾਰੇ ਅਤੇ ਉਸ ਦੇ ਅਸਚਰਜ ਕੰਮਾਂ ਬਾਰੇ ਬੋਲਣ ਤੋਂ ਨਾ ਝਿਜਕੋ।
ਧਰਮੀ ਬੰਦਾ ਆਪਣੇ ਸਾਥੀਆਂ ਲਈ ਇਕ ਬਰਕਤ ਹੁੰਦਾ ਹੈ। ਸੁਲੇਮਾਨ ਅੱਗੇ ਕਹਿੰਦਾ ਹੈ ਕਿ “ਧਰਮੀ ਦੇ ਬੁੱਲ੍ਹ ਬਹੁਤਿਆਂ ਨੂੰ ਰਜਾਉਂਦੇ ਹਨ, ਪਰ ਮੂਰਖ ਬੇਸਮਝੀ ਦੇ ਕਾਰਨ ਮਰਦੇ ਹਨ।”—ਕਹਾਉਤਾਂ 10:21.
ਧਰਮੀ ਦੇ ਬੁੱਲ੍ਹ ਬਹੁਤਿਆਂ ਨੂੰ ਕਿਸ ਤਰ੍ਹਾਂ ਰਜਾਉਂਦੇ ਹਨ? ਇੱਥੇ ਇਬਰਾਨੀ ਭਾਸ਼ਾ ਵਿਚ ਵਰਤੇ ਗਏ “ਰਜਾਉਂਦੇ” ਸ਼ਬਦ ਦਾ ਅਰਥ ਹੈ “ਚਾਰਨਾ।” (ਕਹਾਉਤਾਂ 10:21) ਇਸ ਵਿਚ ਮਾਰਗ ਦਿਖਾਉਣਾ ਅਤੇ ਦੇਖ-ਭਾਲ ਕਰਨਾ ਵੀ ਸ਼ਾਮਲ ਹੈ, ਜਿੱਦਾਂ ਪ੍ਰਾਚੀਨ ਸਮਿਆਂ ਵਿਚ ਚਰਵਾਹੇ ਆਪਣੀਆਂ ਭੇਡਾਂ ਦੀ ਰੱਖਿਆ ਕਰਦੇ ਹੁੰਦੇ ਸਨ। (1 ਸਮੂਏਲ 16:11; ਜ਼ਬੂਰ 23:1-3; ਸਰੇਸ਼ਟ ਗੀਤ 1:7) ਧਰਮੀ ਬੰਦੇ ਦੇ ਬੋਲ ਸੁਣਨ ਵਾਲਿਆਂ ਲਈ ਫ਼ਾਇਦੇਮੰਦ ਹੁੰਦੇ ਹਨ ਅਤੇ ਉਹ ਦੂਸਰਿਆਂ ਨੂੰ ਸਿੱਧਾ ਮਾਰਗ ਦਿਖਾਉਂਦੇ ਹਨ। ਇਸ ਕਰਕੇ ਉਨ੍ਹਾਂ ਦੀ ਜ਼ਿੰਦਗੀ ਖ਼ੁਸ਼ ਹੁੰਦੀ ਹੈ ਅਤੇ ਉਹ ਸ਼ਾਇਦ ਸਦਾ ਦਾ ਜੀਵਨ ਵੀ ਪਾ ਸਕਦੇ ਹਨ।
ਪਰ ਮੂਰਖ ਬੰਦੇ ਬਾਰੇ ਕੀ ਕਿਹਾ ਜਾ ਸਕਦਾ ਹੈ? ਬੇਸਮਝੀ ਦੇ ਕਾਰਨ ਉਹ ਲਾਪਰਵਾਹੀ ਦਿਖਾਉਂਦਾ ਹੈ ਅਤੇ ਨਤਿਜਿਆਂ ਬਾਰੇ ਨਹੀਂ ਸੋਚਦਾ। ਉਹ ਹੋਰ ਕਿਸੇ ਬਾਰੇ ਨਹੀਂ ਸੋਚਦਾ ਪਰ ਆਪਣੀ ਹੀ ਮਰਜ਼ੀ ਕਰਦਾ ਹੈ। ਇਸ ਕਰਕੇ ਉਹ ਆਪਣੀਆਂ ਕਰਨੀਆਂ ਦਾ ਫਲ ਆਪ ਹੀ ਭੁਗਤਦਾ ਹੈ। ਜਦ ਕਿ ਧਰਮੀ ਬੰਦਾ ਦੂਜਿਆਂ ਦੀ ਜਾਨ ਬਚਾਉਂਦਾ ਹੈ, ਮੂਰਖ ਆਪਣੇ ਆਪ ਨੂੰ ਹੀ ਨਹੀਂ ਬਚਾ ਸਕਦਾ।
ਬਦਚਲਣੀ ਤੋਂ ਦੂਰ ਰਹੋ
ਇਕ ਬੰਦੇ ਦੀਆਂ ਪੰਸਦਾਂ ਜਾਂ ਨਾ-ਪੰਸਦਾਂ ਤੋਂ ਪਤਾ ਚੱਲਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਵਿਅਕਤੀ ਹੈ। ਇਸਰਾਏਲ ਦੇ ਰਾਜੇ ਨੇ ਇਹੀ ਗੱਲ ਕਹੀ ਕਿ “ਮੂਰਖ ਲਈ ਤਾਂ ਸ਼ਰਾਰਤ ਕਰਨੀ ਹਾਸੇ ਦੀ ਗੱਲ ਹੈ, ਪਰ ਸਮਝ ਵਾਲੇ ਮਨੁੱਖ ਲਈ ਬੁੱਧ ਹੈ।”—ਕਹਾਉਤਾਂ 10:23.
ਕਈ ਲੋਕ ਸੋਚਦੇ ਹਨ ਕਿ ਬਦਚਲਣੀ ਸਿਰਫ਼ “ਹਾਸਾ-ਮਖੌਲ” ਹੀ ਹੁੰਦਾ ਹੈ। ਐਸੇ ਲੋਕ ਇਸ ਗੱਲ ਬਾਰੇ ਨਹੀਂ ਸੋਚਦੇ ਕਿ ਅਸੀਂ ਸਾਰਿਆਂ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ। ਉਨ੍ਹਾਂ ਨੂੰ ਆਪਣੇ ਕੰਮ ਗ਼ਲਤ ਨਹੀਂ ਲੱਗਦੇ। (ਰੋਮੀਆਂ 14:12) ਉਹ ਸੋਚਣ ਲੱਗ ਪੈਂਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਦੀ ਬਦਚਲਣੀ ਨਹੀਂ ਦੇਖਦਾ। ਅਸਲ ਵਿਚ ਉਹ ਆਪਣੀਆਂ ਕਰਨੀਆਂ ਰਾਹੀਂ ਕਹਿੰਦੇ ਹਨ ਕਿ “ਪਰਮੇਸ਼ੁਰ ਹੈ ਹੀ ਨਹੀਂ।” (ਜ਼ਬੂਰ 14:1-3; ਯਸਾਯਾਹ 29:15, 16) ਉਹ ਕਿੱਡੇ ਵੱਡੇ ਮੂਰਖ ਹਨ!
ਦੂਜੇ ਹੱਥ, ਸੋਚ-ਸਮਝ ਵਾਲਾ ਬੰਦਾ ਇਹ ਜਾਣਦਾ ਹੈ ਕਿ ਬਦਚਲਣੀ ਇਕ ਖੇਡ ਨਹੀਂ ਹੈ। ਉਹ ਜਾਣਦਾ ਹੈ ਕਿ ਪਰਮੇਸ਼ੁਰ ਇਸ ਤੋਂ ਨਾਰਾਜ਼ ਹੁੰਦਾ ਹੈ ਅਤੇ ਇਹ ਉਸ ਨਾਲ ਸਾਡੇ ਰਿਸ਼ਤੇ ਨੂੰ ਖ਼ਤਮ ਕਰ ਸਕਦਾ ਹੈ। ਐਸਾ ਚਾਲ-ਚੱਲਣ ਮੂਰਖਤਾਈ ਹੈ ਅਤੇ ਇਹ ਲੋਕਾਂ ਦੀ ਇੱਜ਼ਤ ਨਸ਼ਟ ਕਰਦਾ ਹੈ, ਵਿਆਹਾਂ ਨੂੰ ਤੋੜਦਾ ਹੈ, ਦਿਲ ਅਤੇ ਦਿਮਾਗ਼ ਉੱਤੇ ਬੁਰਾ ਅਸਰ ਪਾਉਂਦਾ ਹੈ, ਅਤੇ ਪਰਮੇਸ਼ੁਰੀ ਗੱਲਾਂ ਲਈ ਕਦਰ ਘਟਾਉਂਦਾ ਹੈ। ਸਾਨੂੰ ਬਦਚਲਣੀ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਬੁੱਧ ਲਈ ਇਵੇਂ ਪ੍ਰੇਮ ਵਧਾਉਣਾ ਚਾਹੀਦਾ ਹੈ ਜਿਵੇਂ ਕਿ ਉਹ ਸਾਡੀ ਬਹੁਤ ਪਿਆਰੀ ਭੈਣ ਹੈ।—ਕਹਾਉਤਾਂ 7:4.
ਆਪਣੀ ਜ਼ਿੰਦਗੀ ਸਹੀ ਨੀਂਹ ਉੱਤੇ ਸਥਾਪਿਤ ਕਰੋ
ਸਾਨੂੰ ਆਪਣੀ ਜ਼ਿੰਦਗੀ ਸਹੀ ਨੀਂਹ ਉੱਤੇ ਸਥਾਪਿਤ ਕਰਨੀ ਚਾਹੀਦੀ ਹੈ। ਸੁਲੇਮਾਨ ਨੇ ਇਵੇਂ ਕਰਨ ਦੇ ਫ਼ਾਇਦੇ ਬਾਰੇ ਦੱਸਿਆ ਜਦੋਂ ਉਸ ਨੇ ਕਿਹਾ ਕਿ “ਦੁਸ਼ਟ ਦਾ ਭੈ ਓਹੋ ਉਸ ਉੱਤੇ ਆਣ ਪਵੇਗਾ, ਪਰ ਧਰਮੀ ਦੀ ਇੱਛਿਆ ਪੂਰੀ ਕੀਤੀ ਜਾਵੇਗੀ। ਜਿਵੇਂ ਵਾਵਰੋਲਾ ਲੰਘ ਜਾਂਦਾ ਹੈ ਓਵੇਂ ਦੁਸ਼ਟ ਨਹੀਂ ਰਹਿੰਦਾ, ਪਰ ਧਰਮੀ ਇੱਕ ਅਟੱਲ ਨੀਉਂ ਹੈ।”—ਕਹਾਉਤਾਂ 10:24, 25.
ਦੁਸ਼ਟ ਬੰਦਾ ਦੂਸਰਿਆਂ ਨੂੰ ਡਰਾਉਂਦਾ ਹੈ। ਪਰ ਅਖ਼ੀਰ ਵਿਚ ਜਿਸ ਚੀਜ਼ ਤੋਂ ਉਹ ਆਪ ਡਰਦਾ ਹੈ ਉਹੀ ਚੀਜ਼ ਉਸ ਉੱਤੇ ਆ ਪੈਂਦੀ ਹੈ। ਕਿਉਂਕਿ ਉਸ ਦੇ ਅਸੂਲ ਸਹੀ ਨਹੀਂ ਹੁੰਦੇ, ਉਹ ਇਕ ਡਗਮਗਾਉਂਦੀ ਇਮਾਰਤ ਵਾਂਗ ਹੁੰਦਾ ਹੈ ਜੋ ਇਕ ਭਿਆਨਕ ਤੂਫ਼ਾਨ ਵਿਚ ਢਹਿ ਜਾਂਦੀ ਹੈ। ਇਸੇ ਤਰ੍ਹਾਂ ਉਹ ਬੰਦਾ ਦਬਾਅ ਆਉਣ ਤੇ ਢਹਿ ਜਾਂਦਾ ਹੈ। ਦੂਜੇ ਹੱਥ, ਧਰਮੀ ਬੰਦਾ ਉਸ ਬੰਦੇ ਵਰਗਾ ਹੁੰਦਾ ਹੈ ਜੋ ਯਿਸੂ ਦੇ ਬਚਨਾਂ ਅਨੁਸਾਰ ਚੱਲਦਾ ਹੈ। ਉਸ ਨੇ ਕਿਹਾ ਕਿ ਉਹ “ੳਸ ਬੁੱਧਵਾਨ ਵਰਗਾ ਜਾਣਿਆ ਜਾਵੇਗਾ ਜਿਹ ਨੇ ਪੱਥਰ ਉੱਤੇ ਆਪਣਾ ਘਰ ਬਣਾਇਆ। ਅਤੇ ਮੀਂਹ ਵਰ੍ਹਿਆ ਅਤੇ ਹੜ੍ਹ ਆਏ ਅਤੇ ਅਨ੍ਹੇਰੀਆਂ ਵਗੀਆਂ ਅਰ ਉਸ ਘਰ ਨੂੰ ਧੱਕਾ ਮਾਰਿਆ ਪਰ ਉਹ ਨਾ ਡਿੱਗਿਆ ਕਿਉਂਕਿ ਉਹ ਦੀ ਨਿਉਂ ਪੱਥਰ ਉੱਤੇ ਧਰੀ ਹੋਈ ਸੀ।” (ਮੱਤੀ 7:24, 25) ਜਿਸ ਬੰਦੇ ਦੇ ਸੋਚ-ਵਿਚਾਰ ਅਤੇ ਕੰਮ-ਕਾਰ ਪਰਮੇਸ਼ੁਰ ਦੇ ਅਸੂਲਾਂ ਉੱਤੇ ਪੱਕੀ ਤਰ੍ਹਾਂ ਆਧਾਰਿਤ ਹੁੰਦੇ ਹਨ ਉਹ ਬੰਦਾ ਸਥਿਰ ਹੁੰਦਾ ਹੈ।
ਦੁਸ਼ਟ ਅਤੇ ਧਰਮੀ ਦੀ ਤੁਲਨਾ ਵਿਚ ਹੋਰ ਕੁਝ ਕਹਿਣ ਤੋਂ ਪਹਿਲਾਂ, ਬੁੱਧਵਾਨ ਰਾਜੇ ਨੇ ਇਕ ਛੋਟੀ ਜਿਹੀ ਪਰ ਜ਼ਰੂਰੀ ਚੇਤਾਵਨੀ ਦਿੱਤੀ। ਉਸ ਨੇ ਕਿਹਾ ਕਿ “ਜਿਵੇਂ ਦੰਦਾਂ ਲਈ ਸਿਰਕਾ ਅਤੇ ਅੱਖੀਆਂ ਲਈ ਧੂੰਆਂ ਹੈ, ਓਵੇਂ ਹੀ ਆਲਸੀ ਆਪਣੇ ਘੱਲਣ ਵਾਲਿਆਂ ਲਈ ਹੈ।” (ਕਹਾਉਤਾਂ 10:26) ਸਿਰਕਾ ਮੂੰਹ ਅਤੇ ਦੰਦਾਂ ਨੂੰ ਖੱਟਾ ਕਰ ਦਿੰਦਾ ਹੈ। ਧੂੰਆਂ ਅੱਖਾਂ ਵਿਚ ਸਾੜ ਲਾਉਂਦਾ ਹੈ। ਇਸੇ ਤਰ੍ਹਾਂ ਜੇ ਤੁਸੀਂ ਇਕ ਆਲਸੀ ਨੂੰ ਮਜ਼ਦੂਰੀ ਤੇ ਰੱਖੋਗੇ ਜਾਂ ਉਸ ਨੂੰ ਕਿਸੇ ਕੰਮ ਲਈ ਭੇਜੋਗੇ ਉਹ ਤੁਹਾਨੂੰ ਨਿਰਾਸ਼ ਕਰੇਗਾ ਅਤੇ ਤੁਹਾਡਾ ਨੁਕਸਾਨ ਹੀ ਹੋਵੇਗਾ।
‘ਯਹੋਵਾਹ ਦਾ ਰਾਹ ਪੱਕਾ ਕਿਲਾ ਹੈ’
ਇਸਰਾਏਲ ਦੇ ਰਾਜੇ ਨੇ ਅੱਗੇ ਕਿਹਾ ਕਿ “ਯਹੋਵਾਹ ਦਾ ਭੈ ਉਮਰ ਵਧਾਉਂਦਾ ਹੈ, ਪਰ ਦੁਸ਼ਟਾਂ ਦੇ ਵਰਹੇ ਥੋੜੇ ਹੋਣਗੇ। ਧਰਮੀ ਦੀ ਆਸ ਅਨੰਦਤਾ ਹੈ, ਪਰ ਦੁਸ਼ਟ ਦੀ ਉਡੀਕ ਮਿਟ ਜਾਵੇਗੀ।”—ਕਹਾਉਤਾਂ 10:27, 28.
ਧਰਮੀ ਬੰਦੇ ਨੂੰ ਪਰਮੇਸ਼ੁਰ ਦਾ ਭੈ ਹੁੰਦਾ ਹੈ ਅਤੇ ਉਹ ਆਪਣੀ ਸਾਰੀ ਬੋਲ-ਬਾਣੀ, ਆਪਣੇ ਸਾਰੇ ਵਿਚਾਰਾਂ, ਅਤੇ ਕੰਮ-ਕਾਰਾਂ ਦੁਆਰਾ ਯਹੋਵਾਹ ਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰਮੇਸ਼ੁਰ ਉਸ ਦੀ ਪਰਵਾਹ ਕਰਦਾ ਹੈ ਅਤੇ ਉਸ ਦੀਆਂ ਉਚਿਤ ਆਸਾਂ ਪੂਰੀਆਂ ਕਰਦਾ ਹੈ। ਪਰ ਦੁਸ਼ਟ ਬੰਦਾ ਪਰਮੇਸ਼ੁਰ ਵੱਲ ਕੋਈ ਧਿਆਨ ਨਹੀਂ ਦਿੰਦਾ। ਕਈ ਵਾਰ ਇੱਦਾਂ ਲੱਗਦਾ ਹੈ ਕਿ ਉਸ ਦੀਆਂ ਆਸਾਂ ਪੂਰੀਆਂ ਹੋ ਰਹੀਆਂ ਹਨ ਪਰ ਇਹ ਥੋੜ੍ਹੇ ਚਿਰ ਲਈ ਹੀ ਹੁੰਦਾ ਹੈ ਕਿਉਂਕਿ ਅਕਸਰ ਉਸ ਦੇ ਜੀਵਨ-ਢੰਗ ਕਾਰਨ ਉਸ ਦੀ ਜ਼ਿੰਦਗੀ ਹਿੰਸਾ ਜਾਂ ਕਿਸੇ ਬੀਮਾਰੀ ਨਾਲ ਖ਼ਤਮ ਕੀਤੀ ਜਾਂਦੀ ਹੈ। ਮੌਤ ਦੇ ਦਿਨ ਉਸ ਦੀਆਂ ਸਾਰੀਆਂ ਉਮੀਦਾਂ ਨਸ਼ਟ ਹੋ ਜਾਂਦੀਆਂ ਹਨ।—ਕਹਾਉਤਾਂ 11:7.
ਸੁਲੇਮਾਨ ਨੇ ਕਿਹਾ ਕਿ “ਯਹੋਵਾਹ ਦਾ ਰਾਹ ਖਰਿਆਂ ਲਈ ਪੱਕਾ ਕਿਲਾ ਹੈ, ਪਰ ਕੁਕਰਮੀਆਂ ਲਈ ਵਿਨਾਸ ਹੈ।” (ਕਹਾਉਤਾਂ 10:29) ਇੱਥੇ ਯਹੋਵਾਹ ਦਾ ਰਾਹ ਜ਼ਿੰਦਗੀ ਦੇ ਉਸ ਰਾਹ ਦਾ ਜ਼ਿਕਰ ਨਹੀਂ ਹੈ ਜਿਸ ਉੱਤੇ ਸਾਨੂੰ ਚੱਲਣਾ ਚਾਹੀਦਾ ਹੈ, ਪਰ ਇਹ ਪਰਮੇਸ਼ੁਰ ਦਾ ਮਨੁੱਖਜਾਤੀ ਨਾਲ ਮਿਲਵਰਤਨ ਦਾ ਤਰੀਕਾ ਹੈ। ਮੂਸਾ ਨੇ ਕਿਹਾ ਸੀ ਕਿ “ਉਹ ਚਟਾਨ ਹੈ, ਉਸ ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ।” (ਬਿਵਸਥਾ ਸਾਰ 32:4) ਪਰਮੇਸ਼ੁਰ ਦੇ ਨਿਆਂ ਵਾਲੇ ਮਾਰਗ ਧਰਮੀ ਬੰਦਿਆਂ ਲਈ ਸੁਰੱਖਿਆ ਹਨ ਅਤੇ ਦੁਸ਼ਟਾਂ ਲਈ ਵਿਨਾਸ਼।
ਯਹੋਵਾਹ ਆਪਣੇ ਲੋਕਾਂ ਲਈ ਕਿੰਨਾ ਪੱਕਾ ਕਿਲਾ ਹੈ! “ਧਰਮੀ ਤਾਂ ਸਦਾ ਅਟੱਲ ਰਹਿਣਗੇ, ਪਰ ਦੁਸ਼ਟ ਧਰਤੀ ਉੱਤੇ ਨਾ ਵੱਸਣਗੇ। ਧਰਮੀ ਦਾ ਮੂੰਹ ਬੁੱਧ ਦਾ ਫਲ ਦਿੰਦਾ ਹੈ, ਪਰ ਟੇਢੀ ਜੀਭ ਵੱਢੀ ਜਾਵੇਗੀ। ਧਰਮੀ ਦੇ ਬੁੱਲ੍ਹ ਮਨ ਭਾਉਂਦੀ ਗੱਲ ਜਾਣਦੇ ਹਨ, ਪਰ ਦੁਸ਼ਟ ਦਾ ਮੂੰਹ ਉਲਟੀਆਂ ਗੱਲਾਂ ਬੋਲਦਾ ਹੈ।”—ਕਹਾਉਤਾਂ 10:30-32.
ਧਰਮੀ ਬੰਦਿਆਂ ਦਾ ਭਲਾ ਹੁੰਦਾ ਹੈ ਅਤੇ ਸਿੱਧੇ ਰਾਹ ਉੱਤੇ ਚੱਲਣ ਕਰਕੇ ਉਹ ਮੁਬਾਰਕ ਹਨ। ਸੱਚ-ਮੁੱਚ “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।” (ਕਹਾਉਤਾਂ 10:22) ਫਿਰ ਸਾਨੂੰ ਹਮੇਸ਼ਾ ਪਰਮੇਸ਼ੁਰ ਦੇ ਅਸੂਲਾਂ ਉੱਤੇ ਚੱਲਣ ਬਾਰੇ ਧਿਆਨ ਰੱਖਣਾ ਚਾਹੀਦਾ ਹੈ। ਆਓ ਆਪਾਂ ਵੀ ਆਪਣੇ ਬੁੱਲ੍ਹਾਂ ਨੂੰ ਰੋਕੀਏ। ਆਓ ਆਪਾਂ ਆਪਣੀ ਜ਼ਬਾਨ ਵਰਤਦਿਆਂ ਦੂਸਰਿਆਂ ਨੂੰ ਪਰਮੇਸ਼ੁਰ ਦੇ ਬਚਨ ਤੋਂ ਜੀਵਨ ਦੇਣ ਵਾਲੀ ਸੱਚਾਈ ਦੱਸੀਏ ਅਤੇ ਉਨ੍ਹਾਂ ਨੂੰ ਧਰਮ ਦੇ ਰਾਹ ਉੱਤੇ ਲਾਈਏ।
[ਫੁਟਨੋਟ]
a ਕਹਾਉਤਾਂ 10:1-14 ਬਾਰੇ ਜ਼ਿਆਦਾ ਜਾਣਕਾਰੀ ਲਈ 15 ਜੁਲਾਈ 2001 ਦੇ ਪਹਿਰਾਬੁਰਜ ਦੇ ਸਫ਼ੇ 24-7 ਦੇਖੋ।
[ਸਫ਼ੇ 26 ਉੱਤੇ ਤਸਵੀਰ]
ਸਾਡੀ ਜ਼ਬਾਨ “ਖਰੀ ਚਾਂਦੀ” ਵਰਗੀ ਹੋ ਸਕਦੀ ਹੈ