“ਸਿਆਣਾ ਵੇਖ ਭਾਲ ਕੇ ਚੱਲਦਾ ਹੈ”
ਸਿਆਣਾ ਇਨਸਾਨ ਕੰਮ ਕਰਨਾ ਅਤੇ ਮਾਮਲੇ ਨੂੰ ਸੁਧਾਰਨਾ ਜਾਣਦਾ ਹੈ, ਉਹ ਦੂਰ-ਦ੍ਰਿਸ਼ਟੀ ਵਾਲਾ ਅਤੇ ਹੁਸ਼ਿਆਰ ਹੁੰਦਾ ਹੈ, ਉਸ ਦੀ ਰਾਇ ਚੰਗੀ ਅਤੇ ਉਸ ਦੀ ਸਮਝ ਤੇਜ਼ ਹੁੰਦੀ ਹੈ, ਉਹ ਅਕਲਮੰਦ, ਪਾਰਖੂ ਅਤੇ ਤੋਲ ਕੇ ਗੱਲ ਕਹਿਣ ਵਾਲਾ ਹੁੰਦਾ ਹੈ। ਉਹ ਨਾ ਤਾਂ ਚਾਲਬਾਜ਼ ਹੁੰਦਾ ਹੈ ਤੇ ਨਾ ਹੀ ਹੇਰਾ-ਫੇਰੀ ਕਰਨ ਵਾਲਾ। ਕਹਾਉਤਾਂ 13:16 ਵਿਚ ਕਿਹਾ ਗਿਆ ਹੈ: “ਹਰ ਸਿਆਣਾ ਪੁਰਸ਼ ਬੁੱਧ ਨਾਲ ਕੰਮ ਕਰਦਾ ਹੈ।” ਜੀ ਹਾਂ, ਸਿਆਣਪ ਦਾ ਗੁਣ ਹਰ ਕੋਈ ਪਸੰਦ ਕਰਦਾ ਹੈ।
ਅਸੀਂ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਸਿਆਣਪ ਦੇ ਗੁਣ ਨੂੰ ਕਿਵੇਂ ਜ਼ਾਹਰ ਕਰ ਸਕਦੇ ਹਾਂ? ਇਸ ਗੁਣ ਦਾ ਸਾਡੇ ਤੇ ਕੀ ਪ੍ਰਭਾਵ ਪੈਂਦਾ ਹੈ ਜਦ ਅਸੀਂ ਕੋਈ ਫ਼ੈਸਲਾ ਕਰਦੇ ਹਾਂ, ਹੋਰਨਾਂ ਨਾਲ ਪੇਸ਼ ਆਉਂਦੇ ਹਾਂ ਜਾਂ ਕਿਸੇ ਸਮੱਸਿਆ ਦਾ ਸਾਮ੍ਹਣਾ ਕਰਦੇ ਹਾਂ? ਸਿਆਣੇ ਇਨਸਾਨਾਂ ਨੂੰ ਕੀ ਫਲ ਮਿਲਦਾ ਹੈ? ਉਹ ਕਿਹੋ ਜਿਹੀਆਂ ਬਰਬਾਦੀਆਂ ਤੋਂ ਬਚਦੇ ਹਨ? ਪ੍ਰਾਚੀਨ ਇਸਰਾਏਲ ਦੇ ਪਾਤਸ਼ਾਹ ਸੁਲੇਮਾਨ ਨੇ ਇਨ੍ਹਾਂ ਸਵਾਲਾਂ ਦੇ ਵਧੀਆ ਜਵਾਬ ਦਿੱਤੇ ਸਨ। ਆਓ ਆਪਾਂ ਕਹਾਉਤਾਂ 14:12-25 ਉੱਤੇ ਗੌਰ ਕਰੀਏ।a
ਬੁੱਧੀਮਤਾ ਨਾਲ ਆਪਣਾ ਰਾਹ ਚੁਣੋ
ਜੇ ਕਿਸੇ ਨੇ ਅਕਲਮੰਦੀ ਨਾਲ ਫ਼ੈਸਲੇ ਕਰਨੇ ਹਨ ਅਤੇ ਆਪਣੀ ਜ਼ਿੰਦਗੀ ਵਿਚ ਸਫ਼ਲਤਾ ਪ੍ਰਾਪਤ ਕਰਨੀ ਹੈ, ਤਾਂ ਉਸ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਕੀ ਸਹੀ ਹੈ ਤੇ ਕੀ ਗ਼ਲਤ ਹੈ। ਪਰ ਬਾਈਬਲ ਵਿਚ ਇਹ ਚੇਤਾਵਨੀ ਵੀ ਦਿੱਤੀ ਗਈ ਹੈ: “ਅਜਿਹਾ ਰਾਹ ਵੀ ਹੈ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹ ਦੇ ਅੰਤ ਵਿੱਚ ਮੌਤ ਦੇ ਰਾਹ ਹਨ।” (ਕਹਾਉਤਾਂ 14:12) ਇਸ ਲਈ ਇਹ ਵੀ ਜ਼ਰੂਰੀ ਹੈ ਕਿ ਅਸੀਂ ਸਹੀ ਰਾਹ ਅਤੇ ਸਹੀ ਜਾਪਣ ਵਾਲੇ ਰਾਹ ਵਿਚ ਫ਼ਰਕ ਦੇਖਣਾ ਸਿੱਖੀਏ। “ਮੌਤ ਦੇ ਰਾਹ” ਕਹਿਣ ਦਾ ਮਤਲਬ ਹੈ ਕਿ ਇਕ ਨਹੀਂ ਬਲਕਿ ਅਨੇਕ ਪੁੱਠੇ ਰਾਹ ਹਨ ਜੋ ਸਾਨੂੰ ਸਹੀ ਜਾਪ ਸਕਦੇ ਹਨ। ਆਓ ਆਪਾਂ ਗੌਰ ਕਰੀਏ ਕਿ ਸਾਨੂੰ ਕਿਨ੍ਹਾਂ ਰਾਹਾਂ ਤੇ ਚੱਲਣ ਤੋਂ ਦੂਰ ਰਹਿਣਾ ਚਾਹੀਦਾ ਹੈ।
ਆਮ ਤੌਰ ਤੇ ਸੰਸਾਰ ਦੇ ਦੌਲਤਮੰਦ ਤੇ ਮਸ਼ਹੂਰ ਲੋਕਾਂ ਦਾ ਆਦਰ-ਸਤਿਕਾਰ ਕੀਤਾ ਜਾਂਦਾ ਹੈ। ਉਨ੍ਹਾਂ ਦੀ ਕਾਮਯਾਬੀ ਦੇਖ ਕੇ ਇਸ ਤਰ੍ਹਾਂ ਲੱਗਦਾ ਕਿ ਉਨ੍ਹਾਂ ਨੇ ਜੋ ਵੀ ਕੀਤਾ ਸਹੀ ਹੀ ਕੀਤਾ। ਪਰ ਕੀ ਤੁਸੀਂ ਕਦੇ ਸੋਚਿਆ ਕਿ ਉਹ ਦੌਲਤਮੰਦ ਤੇ ਮਸ਼ਹੂਰ ਕਿਵੇਂ ਬਣੇ ਹਨ? ਕੀ ਉਹ ਹਮੇਸ਼ਾ ਈਮਾਨਦਾਰੀ ਨਾਲ ਸਹੀ ਚਾਲ ਚੱਲੇ ਸਨ? ਕੁਝ ਅਜਿਹੇ ਲੋਕ ਵੀ ਹਨ ਜੋ ਆਪਣੇ ਧਰਮ ਲਈ ਬਹੁਤ ਅਣਖ ਰੱਖਦੇ ਹਨ। ਪਰ ਕੀ ਉਨ੍ਹਾਂ ਦੀ ਇਹ ਅਣਖ ਇਸ ਗੱਲ ਦਾ ਸਬੂਤ ਦਿੰਦੀ ਹੈ ਕਿ ਜਿਨ੍ਹਾਂ ਗੱਲਾਂ ਵਿਚ ਉਹ ਵਿਸ਼ਵਾਸ ਕਰਦੇ ਹਨ ਉਹ ਸਹੀ ਹਨ?—ਰੋਮੀਆਂ 10:2, 3.
ਆਪਣੇ ਆਪ ਨੂੰ ਧੋਖਾ ਦੇਣ ਕਾਰਨ ਵੀ ਸਾਨੂੰ ਕੋਈ ਰਾਹ ਸਹੀ ਜਾਪ ਸਕਦਾ ਹੈ। ਜੇ ਅਸੀਂ ਆਪਣੇ ਦਿਲ ਦੀ ਸੁਣ ਕੇ ਫ਼ੈਸਲੇ ਕਰਦੇ ਹਾਂ, ਤਾਂ ਅਸੀਂ ਧੋਖਾ ਖਾ ਰਹੇ ਹਾਂ। (ਯਿਰਮਿਯਾਹ 17:9) ਜੇ ਸਾਡੀ ਜ਼ਮੀਰ ਸਾਧੀ ਹੋਈ ਨਾ ਹੋਵੇ, ਤਾਂ ਅਸੀਂ ਪੁੱਠੇ ਰਾਹ ਨੂੰ ਸਹੀ ਸਮਝ ਸਕਦੇ ਹਾਂ। ਤਾਂ ਫਿਰ ਸਹੀ ਰਾਹ ਤੇ ਚੱਲਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?
ਬਾਈਬਲ ਦੀਆਂ ਡੂੰਘੀਆਂ ਸੱਚਾਈਆਂ ਦਾ ਧਿਆਨ ਨਾਲ ਅਧਿਐਨ ਕਰ ਕੇ ਅਸੀਂ ਆਪਣੀਆਂ ‘ਗਿਆਨ ਇੰਦਰੀਆਂ ਨੂੰ ਭਲੇ ਬੁਰੇ ਦੀ ਜਾਂਚ ਕਰਨੀ’ ਸਿਖਾ ਸਕਦੇ ਹਾਂ। ਇਸ ਤੋਂ ਇਲਾਵਾ, ਬਾਈਬਲ ਦੇ ਸਿਧਾਂਤਾਂ ਤੇ ਚੱਲ ਕੇ ਅਸੀਂ ਇਨ੍ਹਾਂ ਇੰਦਰੀਆਂ ਨੂੰ ਸਾਧ ਸਕਦੇ ਹਾਂ। (ਇਬਰਾਨੀਆਂ 5:14) ਸਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਜੇ ਕੋਈ ਗੱਲ ਸਾਨੂੰ ਸਹੀ ਲੱਗਦੀ ਹੈ, ਤਾਂ ਅਸੀਂ ਉਸ ਗੱਲ ਨੂੰ ਮੰਨ ਕੇ ‘ਜੀਉਣ ਨੂੰ ਜਾਂਦੇ ਭੀੜੇ ਰਾਹ ਨੂੰ ਛੱਡ ਨਾ ਦੇਈਏ।’—ਮੱਤੀ 7:13, 14.
ਜਦੋਂ “ਹਾਸੇ ਵਿੱਚ ਵੀ ਚਿੱਤ ਉਦਾਸ ਰਹਿੰਦਾ ਹੈ”
ਜਦ ਸਾਡੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ, ਤਾਂ ਕੀ ਅਸੀਂ ਖ਼ੁਸ਼ ਹੋ ਸਕਦੇ ਹਾਂ? ਕੀ ਅਸੀਂ ਹਾਸੇ-ਮਜ਼ਾਕ ਨਾਲ ਦਿਲ ਦੀ ਉਦਾਸੀ ਨੂੰ ਭੁਲਾ ਸਕਦੇ ਹਾਂ? ਜੇ ਕੋਈ ਸ਼ਰਾਬਾਂ ਪੀ-ਪੀ ਕੇ, ਨਸ਼ੇ ਕਰ-ਕਰ ਕੇ ਜਾਂ ਬਦਚਲਣ ਜ਼ਿੰਦਗੀ ਜੀ ਕੇ ਆਪਣਾ ਦਿਲ ਹੌਲਾ ਕਰਨਾ ਚਾਹੇ, ਤਾਂ ਕੀ ਉਹ ਆਪਣੀ ਉਦਾਸੀ ਨੂੰ ਭੁਲਾ ਸਕੇਗਾ? ਬਾਈਬਲ ਕਹਿੰਦੀ ਹੈ ਨਹੀਂ। ਬੁੱਧੀਮਾਨ ਪਾਤਸ਼ਾਹ ਸੁਲੇਮਾਨ ਨੇ ਕਿਹਾ: “ਹਾਸੇ ਵਿੱਚ ਵੀ ਚਿੱਤ ਉਦਾਸ ਰਹਿੰਦਾ ਹੈ।”—ਕਹਾਉਤਾਂ 14:13ੳ.
ਹਾਸਾ ਭਾਵੇਂ ਦਰਦ ਨੂੰ ਛੁਪਾ ਲਵੇ, ਪਰ ਇਹ ਉਸ ਦਰਦ ਨੂੰ ਮਿਟਾਉਂਦਾ ਨਹੀਂ। ਬਾਈਬਲ ਕਹਿੰਦੀ ਹੈ ਕਿ “ਹਰੇਕ ਕੰਮ ਦਾ ਇੱਕ ਸਮਾ ਹੈ . . . ਇੱਕ ਰੋਣ ਦਾ ਵੇਲਾ ਹੈ ਅਤੇ ਇੱਕ ਹੱਸਣ ਦਾ ਵੇਲਾ ਹੈ, ਇੱਕ ਸੋਗ ਕਰਨ ਦਾ ਵੇਲਾ ਹੈ ਅਤੇ ਇੱਕ ਨੱਚਣ ਦਾ ਵੇਲਾ ਹੈ।” (ਉਪਦੇਸ਼ਕ ਦੀ ਪੋਥੀ 3:1, 4) ਜੇ ਸਾਡੀ ਉਦਾਸੀ ਦੂਰ ਨਹੀਂ ਹੁੰਦੀ, ਤਾਂ ਸਾਨੂੰ “ਚੰਗੀ ਮੱਤ ਲੈ” ਕੇ ਕੁਝ ਕਰਨਾ ਜ਼ਰੂਰ ਚਾਹੀਦਾ ਹੈ। (ਕਹਾਉਤਾਂ 24:6) ਭਾਵੇਂ ਸਾਨੂੰ ਹਾਸਾ-ਮਜ਼ਾਕ ਚੰਗਾ ਲੱਗਦਾ ਹੈ, ਪਰ ਇਸ ਦਾ ਸਾਨੂੰ ਬਹੁਤਾ ਫ਼ਾਇਦਾ ਨਹੀਂ ਹੁੰਦਾ। ਹਰਦਮ ਦਿਲਪਰਚਾਵਾ ਕਰਦੇ ਰਹਿਣ ਖ਼ਿਲਾਫ਼ ਚੇਤਾਵਨੀ ਦਿੰਦੇ ਹੋਏ ਸੁਲੇਮਾਨ ਨੇ ਕਿਹਾ: “ਅਨੰਦ ਦੇ ਅੰਤ ਵਿੱਚ ਸੋਗ ਹੁੰਦਾ ਹੈ।”—ਕਹਾਉਤਾਂ 14:13ਅ.
ਚੰਗੇ ਤੇ ਮਾੜੇ ਇਨਸਾਨ ਨੂੰ ਆਪਣੀ ਕੀਤੀ ਦਾ ਫਲ ਮਿਲਦਾ
ਇਸਰਾਏਲ ਦੇ ਪਾਤਸ਼ਾਹ ਨੇ ਅੱਗੇ ਕਿਹਾ: “ਮਨਮੁੱਖ ਆਪਣੀ ਚਾਲ ਦਾ, ਅਤੇ ਸਰਮੁਖ ਆਪਣੀ ਕੀਤੀ ਦਾ ਫਲ ਭੋਗੇਗਾ।” (ਕਹਾਉਤਾਂ 14:14) ਬੇਵਫ਼ਾ ਬੰਦਾ ਅਤੇ ਚੰਗਾ ਆਦਮੀ, ਦੋਵੇਂ ਆਪਣੇ ਅਮਲਾਂ ਦੇ ਫਲਾਂ ਨੂੰ ਕਿਵੇਂ ਭੋਗਦੇ ਹਨ?
ਮਨਮੁੱਖੀਆ ਜਾਂ ਬੇਵਫ਼ਾ ਬੰਦਾ ਇਹ ਨਹੀਂ ਸੋਚਦਾ ਕਿ ਪਰਮੇਸ਼ੁਰ ਅੱਗੇ ਉਸ ਨੂੰ ਆਪਣੀ ਕੀਤੀ ਦਾ ਲੇਖਾ ਦੇਣਾ ਪੈਣਾ ਹੈ। ਇਸ ਲਈ ਉਸ ਵਾਸਤੇ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਰਾਹ ਤੇ ਤੁਰਨ ਦਾ ਕੋਈ ਫ਼ਾਇਦਾ ਨਹੀਂ ਹੈ। (1 ਪਤਰਸ 4:3-5) ਉਹ ਆਪਣੀ ਧਨ-ਦੌਲਤ ਜੋੜਨ ਵਾਲੀ ਜ਼ਿੰਦਗੀ ਜੀ ਕੇ ਹੀ ਖ਼ੁਸ਼ ਹੈ। (ਜ਼ਬੂਰਾਂ ਦੀ ਪੋਥੀ 144:11-15ੳ) ਪਰ ਇਕ ਸਰਮੁਖ ਜਾਂ ਚੰਗੇ ਆਦਮੀ ਨੂੰ ਪਰਮੇਸ਼ੁਰ ਦੀਆਂ ਗੱਲਾਂ ਵਿਚ ਦਿਲਚਸਪੀ ਹੁੰਦੀ ਹੈ। ਉਹ ਹਰ ਗੱਲ ਵਿਚ ਹਮੇਸ਼ਾ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰਦਾ ਹੈ। ਅਜਿਹੇ ਇਨਸਾਨ ਨੂੰ ਆਪਣੀ ਕੀਤੀ ਦਾ ਫਲ ਮਿਲਦਾ ਹੈ ਕਿਉਂਕਿ ਯਹੋਵਾਹ ਉਸ ਦਾ ਪਰਮੇਸ਼ੁਰ ਹੈ ਅਤੇ ਉਹ ਇਨਸਾਨ ਸਰਬਸ਼ਕਤੀਮਾਨ ਪਰਮੇਸ਼ੁਰ ਦੀ ਸੇਵਾ ਕਰ ਕੇ ਖ਼ੁਸ਼ ਹੁੰਦਾ ਹੈ।—ਜ਼ਬੂਰਾਂ ਦੀ ਪੋਥੀ 144:15ਅ.
“ਹਰੇਕ ਗੱਲ ਨੂੰ ਸੱਤ” ਨਾ ਮੰਨੋ
ਭੋਲੇ ਅਤੇ ਸਿਆਣੇ ਇਨਸਾਨ ਦੀ ਤੁਲਨਾ ਕਰਦੇ ਹੋਏ ਸੁਲੇਮਾਨ ਨੇ ਕਿਹਾ: “ਭੋਲਾ ਹਰੇਕ ਗੱਲ ਨੂੰ ਸੱਤ ਮੰਨਦਾ ਹੈ, ਪਰ ਸਿਆਣਾ ਵੇਖ ਭਾਲ ਕੇ ਚੱਲਦਾ ਹੈ।” (ਕਹਾਉਤਾਂ 14:15) ਸਿਆਣਾ ਇਨਸਾਨ ਨਾ ਤਾਂ ਭੋਲਾ-ਭਾਲਾ ਹੁੰਦਾ ਹੈ ਤੇ ਨਾ ਹੀ ਕੰਨਾਂ ਦਾ ਕੱਚਾ ਹੁੰਦਾ ਹੈ। ਲਾਈਲੱਗ ਹੋਣ ਦੀ ਬਜਾਇ ਉਹ ਧਿਆਨ ਨਾਲ ਕਦਮ ਚੁੱਕਦਾ ਹੈ। ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਉਹ ਪੂਰੀ ਜਾਣਕਾਰੀ ਲੈ ਕੇ ਫ਼ੈਸਲੇ ਕਰਦਾ ਹੈ।
ਮਿਸਾਲ ਲਈ ਜਦੋਂ ਪਰਮੇਸ਼ੁਰ ਦੀ ਹੋਂਦ ਦਾ ਸਵਾਲ ਉੱਠਦਾ ਹੈ, ਤਾਂ ਭੋਲਾ ਇਨਸਾਨ ਪ੍ਰਸਿੱਧ ਲੋਕਾਂ ਦੇ ਵਿਚਾਰ ਜਾਂ ਪ੍ਰਚਲਿਤ ਖ਼ਿਆਲਾਂ ਨੂੰ ਸਵੀਕਾਰ ਕਰ ਲੈਂਦਾ ਹੈ। ਪਰ ਸਿਆਣਾ ਇਨਸਾਨ ਰੋਮੀਆਂ 1:20 ਅਤੇ ਇਬਰਾਨੀਆਂ 3:4 ਵਰਗੇ ਹਵਾਲਿਆਂ ਉੱਤੇ ਵਿਚਾਰ ਕਰਦਾ ਹੈ ਤੇ ਮਾਮਲੇ ਦੀ ਜਾਂਚ ਕਰ ਕੇ ਸਹੀ ਰਾਹ ਅਪਣਾਉਂਦਾ ਹੈ। ਧਰਮ ਦੇ ਮਾਮਲੇ ਵਿਚ ਉਹ ਧਾਰਮਿਕ ਆਗੂਆਂ ਦੀ ਰਾਇ ਨੂੰ ਝੱਟ ਸਵੀਕਾਰ ਨਹੀਂ ਕਰ ਲੈਂਦਾ। ਉਹ ‘ਹਰੇਕ ਗੱਲ ਨੂੰ ਪਰਖਦਾ ਭਈ ਓਹ ਪਰਮੇਸ਼ੁਰ ਤੋਂ ਹੈ ਕਿ ਨਹੀਂ।’—1 ਯੂਹੰਨਾ 4:1.
ਇਹ ਕਿੰਨੀ ਵਧੀਆ ਸਲਾਹ ਹੈ ਕਿ ‘ਹਰੇਕ ਗੱਲ ਨੂੰ ਸੱਤ ਨਾ ਮੰਨੋ’! ਖ਼ਾਸਕਰ ਉਨ੍ਹਾਂ ਭਰਾਵਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੂੰ ਕਲੀਸਿਯਾ ਵਿਚ ਤਾੜਨਾ ਦੇਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਨੂੰ ਪੂਰੀ ਗੱਲ ਜਾਣਨ ਦੀ ਲੋੜ ਹੈ, ਨਾ ਕਿ ਅੱਧੀ ਜਾਣਕਾਰੀ ਲੈਣ ਤੋਂ ਬਾਅਦ ਹੀ ਸਲਾਹ-ਮਸ਼ਵਰਾ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।—ਕਹਾਉਤਾਂ 18:13; 29:20.
ਸਮਝਦਾਰਾਂ ਨਾਲ ਵੈਰ ਕੀਤਾ ਜਾਂਦਾ ਹੈ
ਸੁਲੇਮਾਨ ਨੇ ਬੁੱਧੀਮਾਨ ਅਤੇ ਮੂਰਖ ਇਨਸਾਨ ਵਿਚ ਇਕ ਹੋਰ ਫ਼ਰਕ ਦਿਖਾਇਆ: “ਬੁੱਧਵਾਨ ਤਾਂ ਭੈ ਕਰ ਕੇ ਬੁਰਿਆਈ ਤੋਂ ਲਾਂਭੇ ਰਹਿੰਦਾ ਹੈ, ਪਰ ਮੂਰਖ ਢੀਠ ਹੋ ਕੇ ਨਿਡਰ ਰਹਿੰਦਾ ਹੈ। ਜਿਹੜਾ ਛੇਤੀ ਗੁੱਸੇ ਹੋ ਜਾਂਦਾ ਉਹ ਮੂਰਖਤਾਈ ਕਰਦਾ ਹੈ, ਅਤੇ ਬੁਰੇ ਮਤੇ ਪਕਾਉਣ ਵਾਲੇ ਨਾਲ ਵੈਰ ਕੀਤਾ ਜਾਂਦਾ ਹੈ।”—ਕਹਾਉਤਾਂ 14:16, 17.
ਬੁੱਧੀਮਾਨ ਇਨਸਾਨ ਪੁੱਠੇ ਰਾਹ ਤੇ ਤੁਰਨ ਦੇ ਭੈੜੇ ਨਤੀਜਿਆਂ ਤੋਂ ਡਰਦਾ ਹੈ। ਇਸ ਲਈ ਜਦ ਉਸ ਨੂੰ ਬੁਰਾਈ ਤੋਂ ਲਾਂਭੇ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ, ਤਾਂ ਉਹ ਖ਼ੁਸ਼ੀ-ਖ਼ੁਸ਼ੀ ਉਸ ਨੂੰ ਕਬੂਲ ਕਰ ਲੈਂਦਾ ਹੈ। ਪਰ ਮੂਰਖ ਨੂੰ ਕਿਸੇ ਗੱਲ ਦਾ ਡਰ ਨਹੀਂ। ਉਸ ਨੂੰ ਆਪਣੇ ਆਪ ਤੇ ਇੰਨਾ ਯਕੀਨ ਹੁੰਦਾ ਹੈ ਕਿ ਉਹ ਕਿਸੇ ਦੀ ਗੱਲ ਸੁਣਨ ਲਈ ਤਿਆਰ ਹੀ ਨਹੀਂ ਹੁੰਦਾ। ਉਸ ਨੂੰ ਗੁੱਸਾ ਵੀ ਛੇਤੀ ਚੜ੍ਹ ਜਾਂਦਾ ਹੈ ਤੇ ਉਹ ਮੂਰਖਤਾਈ ਕਰ ਬੈਠਦਾ ਹੈ। ਪਰ ਇਸ ਗੱਲ ਦਾ ਕੀ ਮਤਲਬ ਹੈ ਕਿ “ਬੁਰੇ ਮਤੇ ਪਕਾਉਣ ਵਾਲੇ ਨਾਲ ਵੈਰ ਕੀਤਾ ਜਾਂਦਾ ਹੈ”?
ਜਿਸ ਇਬਰਾਨੀ ਸ਼ਬਦ ਦਾ ਤਰਜਮਾ “ਬੁਰੇ ਮਤੇ” ਕੀਤਾ ਗਿਆ ਹੈ, ਉਸ ਦੇ ਦੋ ਅਰਥ ਹਨ। ਇਕ ਮਤਲਬ ਸਿਆਣਪ ਜਾਂ ਸਮਝਦਾਰੀ ਹੋ ਸਕਦਾ ਹੈ। (ਕਹਾਉਤਾਂ 1:4; 2:11; 3:21) ਦੂਜੇ ਪਾਸੇ, ਇਸ ਦਾ ਅਰਥ ਬੁਰੇ ਮਤੇ ਜਾਂ ਜੁਗਤਾਂ ਵੀ ਹੋ ਸਕਦਾ ਹੈ।—ਜ਼ਬੂਰਾਂ ਦੀ ਪੋਥੀ 37:7; ਕਹਾਉਤਾਂ 12:2; 24:8.
ਜੇ ਇਸ ਦਾ ਅਰਥ ਬੁਰੇ ਮਤੇ ਪਕਾਉਣ ਵਾਲਾ ਹੈ, ਤਾਂ ਅਸੀਂ ਆਸਾਨੀ ਨਾਲ ਸਮਝ ਸਕਦੇ ਹਾਂ ਕਿ ਅਜਿਹੇ ਇਨਸਾਨ ਨਾਲ ਵੈਰ ਕਿਉਂ ਕੀਤਾ ਜਾਂਦਾ ਹੈ। ਪਰ ਜੇ ਇਸ ਦਾ ਮਤਲਬ ਸਿਆਣਾ ਜਾਂ ਸਮਝਦਾਰ ਇਨਸਾਨ ਹੈ, ਤਾਂ ਫਿਰ ਅਜਿਹੇ ਇਨਸਾਨ ਨਾਲ ਵੈਰ ਕਿਉਂ ਕੀਤਾ ਜਾਂਦਾ ਹੈ? ਦਰਅਸਲ, ਤੁਸੀਂ ਵੀ ਦੇਖਿਆ ਹੋਣਾ ਕਿ ਜਿਨ੍ਹਾਂ ਲੋਕਾਂ ਵਿਚ ਸਿਆਣਪ ਦੀ ਘਾਟ ਹੈ, ਉਹ ਸਿਆਣੇ ਇਨਸਾਨ ਨਾਲ ਨਫ਼ਰਤ ਕਰਦੇ ਹਨ। ਮਿਸਾਲ ਲਈ ਜਿਹੜੇ ਲੋਕ ਆਪਣੀ ਅਕਲ ਵਰਤ ਕੇ ਇਸ “ਜਗਤ ਦੇ ਨਹੀਂ” ਬਣਦੇ, ਜਗਤ ਉਨ੍ਹਾਂ ਨਾਲ ਵੈਰ ਕਰਦਾ ਹੈ। (ਯੂਹੰਨਾ 15:19) ਜਿਹੜੇ ਨੌਜਵਾਨ ਮੱਤ ਉੱਤੇ ਚੱਲਦੇ ਹੋਏ ਆਪਣੇ ਹਾਣੀਆਂ ਦੇ ਗ਼ਲਤ ਰਾਹ ਤੇ ਚੱਲਣ ਤੋਂ ਇਨਕਾਰ ਕਰਦੇ ਹਨ, ਉਨ੍ਹਾਂ ਦਾ ਮਖੌਲ ਉਡਾਇਆ ਜਾਂਦਾ ਹੈ। ਸੱਚ ਤਾਂ ਇਹ ਹੈ ਕਿ ਪਰਮੇਸ਼ੁਰ ਦੇ ਸੇਵਕਾਂ ਨਾਲ ਸੰਸਾਰ ਦੇ ਲੋਕ ਵੈਰ ਕਰਦੇ ਹਨ ਕਿਉਂਕਿ ਸਾਰਾ ਸੰਸਾਰ ਸ਼ਤਾਨ ਦੇ ਵੱਸ ਵਿਚ ਹੈ।—1 ਯੂਹੰਨਾ 5:19.
‘ਭੈੜਿਆਂ ਨੂੰ ਨਿਉਣਾ ਪਵੇਗਾ’
ਸਿਆਣਿਆਂ ਅਤੇ ਭੋਲਿਆਂ ਵਿਚ ਇਕ ਹੋਰ ਵੀ ਫ਼ਰਕ ਹੈ। “ਭੋਲਿਆਂ ਲੋਕਾਂ ਦੇ ਵੰਡੇ ਵਿੱਚ ਤਾਂ ਮੂਰਖਤਾਈ ਆਉਂਦੀ ਹੈ, ਪਰ ਸਿਆਣਿਆਂ ਦੇ ਸਿਰ ਉੱਤੇ ਗਿਆਨ ਦਾ ਮੁਕਟ ਰੱਖਿਆ ਜਾਂਦਾ ਹੈ।” (ਕਹਾਉਤਾਂ 14:18) ਸਮਝ ਦੀ ਘਾਟ ਕਾਰਨ ਭੋਲੇ ਪੁੱਠਾ ਰਾਹ ਚੁਣਦੇ ਹਨ ਅਤੇ ਉਨ੍ਹਾਂ ਦੇ ਹੱਥ ਸਿਰਫ਼ ਮੂਰਖਤਾਈ ਲੱਗਦੀ ਹੈ। ਪਰ ਜਿਵੇਂ ਰਾਜੇ ਦੇ ਸਿਰ ਦਾ ਮੁਕਟ ਉਸ ਦੀ ਸ਼ਾਨ ਵਧਾਉਂਦਾ ਹੈ, ਉਸੇ ਤਰ੍ਹਾਂ ਗਿਆਨ ਨਾਲ ਸਿਆਣੇ ਇਨਸਾਨ ਦੀ ਸ਼ਾਨ ਵਧਦੀ ਹੈ।
ਸੁਲੇਮਾਨ ਨੇ ਅੱਗੇ ਕਿਹਾ: “ਭੈੜੇ ਭਲਿਆਂ ਦੇ ਅੱਗੇ ਨਿਉਂਦੇ ਹਨ, ਅਤੇ ਦੁਸ਼ਟ ਧਰਮੀਆਂ ਦੇ ਫਾਟਕਾਂ ਦੇ ਅੱਗੇ।” (ਕਹਾਉਤਾਂ 14:19) ਸੁਲੇਮਾਨ ਦੇ ਕਹਿਣ ਦਾ ਮਤਲਬ ਹੈ ਕਿ ਆਖ਼ਰਕਾਰ ਜਿੱਤ ਭਲੇ ਬੰਦੇ ਦੀ ਹੁੰਦੀ ਹੈ। ਜ਼ਰਾ ਸੋਚੋ ਕਿ ਪਰਮੇਸ਼ੁਰ ਦੀ ਸੇਵਾ ਕਰਨ ਵਾਲਿਆਂ ਦੀ ਗਿਣਤੀ ਵਿਚ ਕਿੰਨਾ ਵਾਧਾ ਹੋ ਰਿਹਾ ਹੈ ਅਤੇ ਉਨ੍ਹਾਂ ਦਾ ਜੀਵਨ-ਢੰਗ ਕਿੰਨਾ ਵਧੀਆ ਹੈ! ਕਈ ਵਿਰੋਧੀ ਇਨ੍ਹਾਂ ਗੱਲਾਂ ਨੂੰ ਦੇਖ ਕੇ ਯਹੋਵਾਹ ਦੀ ਸਵਰਗੀ ਤੀਵੀਂ ਅੱਗੇ ‘ਨਿਉਣ’ ਲਈ ਮਜਬੂਰ ਹੁੰਦੇ ਹਨ, ਜਿਸ ਨੂੰ ਧਰਤੀ ਤੇ ਰਹਿੰਦੇ ਮਸਹ ਕੀਤੇ ਹੋਏ ਮਸੀਹੀ ਦਰਸਾਉਂਦੇ ਹਨ। ਜੇ ਪਹਿਲਾਂ ਨਹੀਂ ਤਾਂ ਆਰਮਾਗੇਡਨ ਦੀ ਜੰਗ ਦੇ ਸਮੇਂ ਇਨ੍ਹਾਂ ਵਿਰੋਧੀਆਂ ਨੂੰ ਸਵੀਕਾਰ ਕਰਨਾ ਪਵੇਗਾ ਕਿ ਪਰਮੇਸ਼ੁਰ ਦਾ ਜ਼ਮੀਨੀ ਸੰਗਠਨ ਸਵਰਗੀ ਸੰਗਠਨ ਨੂੰ ਦਰਸਾਉਂਦਾ ਹੈ।—ਯਸਾਯਾਹ 60:1, 14; ਗਲਾਤੀਆਂ 6:16; ਪਰਕਾਸ਼ ਦੀ ਪੋਥੀ 16:14, 16.
‘ਮਸਕੀਨਾਂ ਉੱਤੇ ਤਰਸ ਖਾਓ’
ਲੋਕਾਂ ਦੇ ਕੁਦਰਤੀ ਸੁਭਾਅ ਬਾਰੇ ਗੱਲ ਕਰਦੇ ਹੋਏ ਸੁਲੇਮਾਨ ਨੇ ਕਿਹਾ: “ਕੰਗਾਲ ਆਪਣੇ ਗੁਆਂਢੀ ਲਈ ਵੀ ਘਿਣਾਉਣਾ ਹੈ, ਪਰ ਧੰਨਵਾਨ ਦੇ ਪ੍ਰੇਮੀ ਢੇਰ ਸਾਰੇ ਹੁੰਦੇ ਹਨ।” (ਕਹਾਉਤਾਂ 14:20) ਇਹ ਗੱਲ ਪਾਪੀ ਇਨਸਾਨਾਂ ਬਾਰੇ ਕਿੰਨੀ ਸਹੀ ਹੈ! ਅਸੀਂ ਸੁਭਾਵਕ ਤੌਰ ਤੇ ਸੁਆਰਥੀ ਹਾਂ ਅਤੇ ਆਮ ਕਰਕੇ ਗ਼ਰੀਬ ਲੋਕਾਂ ਦੀ ਬਜਾਇ ਅਮੀਰਾਂ ਨੂੰ ਪਸੰਦ ਕਰਦੇ ਹਾਂ। ਇਸੇ ਲਈ ਦੌਲਤਮੰਦ ਇਨਸਾਨਾਂ ਲਈ ਦੋਸਤਾਂ-ਮਿੱਤਰਾਂ ਦੀ ਕੋਈ ਘਾਟ ਨਹੀਂ, ਪਰ ਉਹ ਦੌਲਤਮੰਦਾਂ ਦੇ ਲਾਗੇ ਉੱਨੀ ਦੇਰ ਰਹਿੰਦੇ ਹਨ ਜਿੰਨੀ ਦੇਰ ਦੌਲਤਮੰਦਾਂ ਕੋਲ ਪੈਸੇ ਹੁੰਦੇ ਹਨ। ਤਾਂ ਫਿਰ ਕੀ ਸਾਨੂੰ ਪੈਸੇ ਜਾਂ ਚਾਪਲੂਸੀ ਨਾਲ ਦੋਸਤ ਬਣਾਉਣ ਤੋਂ ਪਰਹੇਜ਼ ਨਹੀਂ ਕਰਨਾ ਚਾਹੀਦਾ?
ਪਰ ਜੇ ਸਾਨੂੰ ਆਪਣੀ ਜਾਂਚ ਕਰਨ ਤੋਂ ਬਾਅਦ ਲੱਗਦਾ ਹੈ ਕਿ ਅਸੀਂ ਦੌਲਤਮੰਦ ਇਨਸਾਨਾਂ ਨੂੰ ਚਿਕਣੀਆਂ ਚੋਪੜੀਆਂ ਗੱਲਾਂ ਸੁਣਾਉਣੀਆਂ ਪਸੰਦ ਕਰਦੇ ਹਾਂ, ਪਰ ਗ਼ਰੀਬ ਇਨਸਾਨ ਦੀ ਇੱਜ਼ਤ ਨਹੀਂ ਕਰਦੇ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ? ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਬਾਈਬਲ ਵਿਚ ਇਸ ਤਰ੍ਹਾਂ ਦੇ ਪੱਖਪਾਤ ਨੂੰ ਮਨ੍ਹਾ ਕੀਤਾ ਗਿਆ ਹੈ। ਬਾਈਬਲ ਕਹਿੰਦੀ ਹੈ: “ਜਿਹੜਾ ਆਪਣੇ ਗੁਆਂਢੀ ਨੂੰ ਤੁੱਛ ਜਾਣਦਾ ਹੈ ਉਹ ਪਾਪ ਕਰਦਾ ਹੈ, ਅਤੇ ਜੋ ਮਸਕੀਨਾਂ ਉੱਤੇ ਤਰਸ ਖਾਂਦਾ ਹੈ ਉਹ ਧੰਨ ਹੈ।”—ਕਹਾਉਤਾਂ 14:21.
ਸਾਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਜਿਨ੍ਹਾਂ ਉੱਤੇ ਮਾੜੀ ਘੜੀ ਆਉਂਦੀ ਹੈ। (ਯਾਕੂਬ 1:27) ਇਹ ਅਸੀਂ ਕਿਵੇਂ ਕਰ ਸਕਦੇ ਹਾਂ? ਜੇ ਸਾਡੇ “ਕੋਲ ਸੰਸਾਰ ਦੇ ਪਦਾਰਥ” ਹਨ, ਤਾਂ ਅਸੀਂ ਮਾਲੀ ਤੌਰ ਤੇ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ, ਨਹੀਂ ਤਾਂ ਅਸੀਂ ਰੋਟੀ, ਕੱਪੜਾ ਤੇ ਮਕਾਨ ਦਾ ਬੰਦੋਬਸਤ ਕਰ ਸਕਦੇ ਹਾਂ। (1 ਯੂਹੰਨਾ 3:17) ਜਿਹੜੇ ਇਸ ਤਰ੍ਹਾਂ ਕਰਨਗੇ ਉਹੀ ਖ਼ੁਸ਼-ਨਸੀਬ ਗਿਣੇ ਜਾਣਗੇ ਕਿਉਂਕਿ ਬਾਈਬਲ ਕਹਿੰਦੀ ਹੈ ਕਿ “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।”—ਰਸੂਲਾਂ ਦੇ ਕਰਤੱਬ 20:35.
ਉਨ੍ਹਾਂ ਦਾ ਕੀ ਬਣੂ?
ਇਹ ਸਿਧਾਂਤ ਕਿ “ਮਨੁੱਖ ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਭੀ” ਸਿਆਣੇ ਅਤੇ ਮੂਰਖ ਦੋਹਾਂ ਉੱਤੇ ਹੀ ਲਾਗੂ ਹੁੰਦਾ ਹੈ। (ਗਲਾਤੀਆਂ 6:7) ਸਿਆਣਾ ਇਨਸਾਨ ਭਲਾ ਕਰਦਾ ਹੈ ਤੇ ਮੂਰਖ ਇਨਸਾਨ ਨੂੰ ਬੁਰਾਈ ਹੀ ਸੁੱਝਦੀ ਹੈ। ਬੁੱਧੀਮਾਨ ਪਾਤਸ਼ਾਹ ਨੇ ਪੁੱਛਿਆ: “ਜਿਹੜੇ ਬੁਰੀਆਂ ਜੁਗਤਾਂ ਕੱਢਦੇ ਹਨ ਭਲਾ, ਓਹ ਭੁੱਲ ਨਹੀਂ ਕਰਦੇ?” ਜੀ ਹਾਂ “ਬੁਰਾਈ ਕਰਨ ਵਾਲਾ ਆਪਣੇ ਵਿਰੁਧ ਗਲਤੀ ਕਰਦਾ ਹੈ।” (ਪਵਿੱਤਰ ਬਾਈਬਲ ਨਵਾਂ ਅਨੁਵਾਦ) “ਪਰ ਜਿਹੜੇ ਭਲੀਆਂ ਜੁਗਤਾਂ ਕਰਦੇ ਹਨ ਉਨ੍ਹਾਂ ਨਾਲ ਦਯਾ ਤੇ ਸਚਿਆਈ ਹੁੰਦੀ ਹੈ।” (ਕਹਾਉਤਾਂ 14:22) ਭਲਾ ਕਰਨ ਵਾਲਿਆਂ ਨਾਲ ਭਲਾ ਕੀਤਾ ਜਾਂਦਾ ਹੈ ਤੇ ਪਰਮੇਸ਼ੁਰ ਵੀ ਉਨ੍ਹਾਂ ਤੇ ਮਿਹਰਬਾਨ ਹੁੰਦਾ ਹੈ।
ਫਿਰ ਸੁਲੇਮਾਨ ਨੇ ਮਿਹਨਤ ਨੂੰ ਮਿੱਠੇ ਫਲ ਨਾਲ ਜੋੜਿਆ, ਪਰ ਫੋਕੀਆਂ ਗੱਲਾਂ ਨੂੰ ਨਾਕਾਮੀ ਨਾਲ ਜਦ ਉਸ ਨੇ ਕਿਹਾ: “ਮਿਹਨਤ ਨਾਲ ਸਦਾ ਖੱਟੀ ਹੁੰਦੀ ਹੈ, ਪਰ ਬੁੱਲ੍ਹਾਂ ਦੇ ਬਕਵਾਸ ਨਾਲ ਤਾਂ ਥੁੜ ਹੀ ਰਹਿੰਦੀ ਹੈ।” (ਕਹਾਉਤਾਂ 14:23) ਇਹ ਗੱਲ ਪਰਮੇਸ਼ੁਰ ਦੀ ਸੇਵਾ ਕਰਨ ਵਾਲਿਆਂ ਉੱਤੇ ਵੀ ਲਾਗੂ ਹੁੰਦੀ ਹੈ। ਜਦ ਅਸੀਂ ਪ੍ਰਚਾਰ ਦੇ ਕੰਮ ਵਿਚ ਮਿਹਨਤ ਕਰਦੇ ਹਾਂ ਅਤੇ ਲੋਕਾਂ ਤਕ ਪਰਮੇਸ਼ੁਰ ਦੇ ਬਚਨ ਦਾ ਸੁਨੇਹਾ ਪਹੁੰਚਾਉਂਦੇ ਹਾਂ, ਤਾਂ ਇਨ੍ਹਾਂ ਜਤਨਾਂ ਦਾ ਸਾਨੂੰ ਮਿੱਠਾ ਫਲ ਜ਼ਰੂਰ ਮਿਲਦਾ ਹੈ। ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਵਿਚ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਕੇ ਸਾਨੂੰ ਖ਼ੁਸ਼ੀ ਮਿਲਦੀ ਹੈ।
ਕਹਾਉਤਾਂ 14:24 ਵਿਚ ਲਿਖਿਆ ਹੈ ਕਿ “ਬੁੱਧਵਾਨਾਂ ਦਾ ਧਨ ਉਨ੍ਹਾਂ ਦਾ ਮੁਕਟ ਹੈ, ਪਰ ਮੂਰਖਾਂ ਦੀ ਲੜੀ ਮੂਰਖਤਾਈ ਹੀ ਹੈ।” ਇਸ ਦਾ ਮਤਲਬ ਹੋ ਸਕਦਾ ਹੈ ਕਿ ਇਕ ਬੁੱਧੀਮਾਨ ਇਨਸਾਨ ਆਪਣੀ ਸਿਆਣਪ ਨੂੰ ਕੀਮਤੀ ਸਮਝਦਾ ਹੈ ਅਤੇ ਇਹ ਉਸ ਨੂੰ ਮੁਕਟ ਵਾਂਗ ਸ਼ਿੰਗਾਰਦੀ ਹੈ। ਪਰ ਦੂਜੇ ਪਾਸੇ ਇਕ ਮੂਰਖ ਦੇ ਪੱਲੇ ਸਿਰਫ਼ ਮੂਰਖਤਾਈ ਹੀ ਪੈਂਦੀ ਹੈ। ਇਕ ਕਿਤਾਬ ਦੇ ਮੁਤਾਬਕ ਇਸ ਕਹਾਵਤ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ “ਦੌਲਤ ਨੂੰ ਸਹੀ ਤਰ੍ਹਾਂ ਵਰਤਣ ਵਾਲੇ ਸਿਆਣੇ ਲੋਕਾਂ ਲਈ ਇਹ ਸਜਾਵਟ ਹੈ, ਪਰ ਮੂਰਖ ਲੋਕਾਂ ਦੀ ਬੇਵਕੂਫ਼ੀ ਉਨ੍ਹਾਂ ਨੂੰ ਹੋਰ ਬੇਵਕੂਫ਼ ਬਣਾ ਦਿੰਦੀ ਹੈ।” ਅਰਥ ਜੋ ਮਰਜ਼ੀ ਹੋਵੇ, ਪਰ ਇਹ ਗੱਲ ਸੱਚ ਹੈ ਕਿ ਬੁੱਧੀਮਾਨ ਇਨਸਾਨ ਦਾ ਭਵਿੱਖ ਮੂਰਖ ਦੇ ਭਵਿੱਖ ਨਾਲੋਂ ਚੰਗਾ ਹੈ।
ਸੁਲੇਮਾਨ ਨੇ ਹੋਰ ਕਿਹਾ: “ਸੱਚਾ ਗਵਾਹ ਤਾਂ ਪ੍ਰਾਣਾਂ ਨੂੰ ਛੁਡਾ ਲੈਂਦਾ ਹੈ, ਪਰ ਧੋਖੇਬਾਜ਼ ਕੂੜ ਮਾਰਦਾ ਹੈ।” (ਕਹਾਉਤਾਂ 14:25) ਕਾਨੂੰਨੀ ਤੌਰ ਤੇ ਤਾਂ ਇਹ ਗੱਲ ਸੋਲਾਂ ਆਨੇ ਸਹੀ ਹੈ, ਪਰ ਜ਼ਰਾ ਸੋਚੋ ਕਿ ਸਾਡੀ ਸੇਵਕਾਈ ਲਈ ਇਸ ਦਾ ਕੀ ਮਤਲਬ ਹੈ। ਜਦ ਅਸੀਂ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਦੇ ਹਾਂ, ਤਾਂ ਅਸੀਂ ਬਾਈਬਲ ਦੀ ਸੱਚਾਈ ਬਾਰੇ ਗਵਾਹੀ ਦਿੰਦੇ ਹਾਂ। ਇਹ ਗਵਾਹੀ ਸੁਣ ਕੇ ਨੇਕ-ਦਿਲ ਇਨਸਾਨ ਝੂਠੇ ਧਰਮ ਦੇ ਫੰਦੇ ਤੋਂ ਬਚ ਕੇ ਆਪਣੀ ਜਾਨ ਬਚਾ ਸਕਦੇ ਹਨ। ਅਸੀਂ ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ ਕੇ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾ ਸਕਦੇ ਹਾਂ। (1 ਤਿਮੋਥਿਉਸ 4:16) ਇਸ ਰਾਹ ਤੇ ਚੱਲਦੇ ਹੋਏ ਆਓ ਆਪਾਂ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਸਿਆਣਪ ਦਾ ਗੁਣ ਜ਼ਾਹਰ ਕਰੀਏ।
[ਫੁਟਨੋਟ]
a ਕਹਾਉਤਾਂ 14:1-11 ਦੀ ਚਰਚਾ ਲਈ 15 ਨਵੰਬਰ 2004 ਦੇ ਪਹਿਰਾਬੁਰਜ ਦੇ ਸਫ਼ੇ 26-29 ਦੇਖੋ।
[ਸਫ਼ੇ 18 ਉੱਤੇ ਤਸਵੀਰ]
ਬਾਈਬਲ ਦੀਆਂ ਡੂੰਘੀਆਂ ਸੱਚਾਈਆਂ ਦਾ ਧਿਆਨ ਨਾਲ ਅਧਿਐਨ ਕਰਨਾ ਜ਼ਰੂਰੀ ਹੈ ਜੇ ਅਸੀਂ ਆਪਣੀਆਂ ‘ਗਿਆਨ ਇੰਦਰੀਆਂ ਨੂੰ ਭਲੇ ਬੁਰੇ ਦੀ ਜਾਂਚ ਕਰਨੀ’ ਸਿਖਾਉਣੀ ਹੈ
[ਸਫ਼ੇ 18 ਉੱਤੇ ਤਸਵੀਰ]
ਕੀ ਧਨ-ਦੌਲਤ ਜੋੜਨ ਵਾਲੀ ਜ਼ਿੰਦਗੀ ਜੀ ਕੇ ਸੱਚ-ਮੁੱਚ ਸੰਤੁਸ਼ਟੀ ਮਿਲਦੀ ਹੈ?