“ਪ੍ਰਭੁ ਦਾ ਭੈ, ਉਹੀ ਬੁੱਧ ਹੈ”
“ਹੁਣ ਅਸੀਂ ਸਾਰੇ ਬਚਨਾਂ ਦਾ ਸਾਰ ਸੁਣੀਏ,—ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।” (ਉਪਦੇਸ਼ਕ ਦੀ ਪੋਥੀ 12:13) ਪ੍ਰਾਚੀਨ ਇਸਰਾਏਲ ਦੇ ਬਾਦਸ਼ਾਹ ਸੁਲੇਮਾਨ ਨੇ ਪਰਮੇਸ਼ੁਰ ਦੀ ਆਤਮਾ ਦੀ ਮਦਦ ਨਾਲ ਜ਼ਿੰਦਗੀ ਦਾ ਨਿਚੋੜ ਕੱਢਿਆ ਸੀ! ਅੱਯੂਬ ਨੇ ਵੀ ਪਰਮੇਸ਼ੁਰ ਦੇ ਭੈ ਦਾ ਮਤਲਬ ਸਮਝਿਆ ਸੀ ਜਦ ਉਸ ਨੇ ਕਿਹਾ: “ਵੇਖ, ਪ੍ਰਭੁ ਦਾ ਭੈ, ਉਹੀ ਬੁੱਧ ਹੈ, ਅਤੇ ਬਦੀ ਤੋਂ ਦੂਰ ਰਹਿਣਾ, ਸਮਝ ਹੈ!”—ਅੱਯੂਬ 28:28.
ਬਾਈਬਲ ਵਿਚ ਯਹੋਵਾਹ ਦੇ ਭੈ ਨੂੰ ਬਹੁਤ ਅਹਿਮੀਅਤ ਦਿੱਤੀ ਗਈ ਹੈ। ਆਪਣੇ ਦਿਲ ਵਿਚ ਪਰਮੇਸ਼ੁਰ ਦੇ ਭੈ ਨੂੰ ਪਾਲਣਾ ਬੁੱਧੀਮਤਾ ਦੀ ਗੱਲ ਕਿਉਂ ਹੈ? ਪਰਮੇਸ਼ੁਰ ਦੇ ਭੈ ਦਾ ਸਾਨੂੰ ਨਿੱਜੀ ਤੌਰ ਤੇ ਅਤੇ ਉਸ ਦੇ ਭਗਤਾਂ ਦੇ ਸਮੂਹ ਵਜੋਂ ਕੀ ਫ਼ਾਇਦਾ ਹੁੰਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਕਹਾਉਤਾਂ ਦੇ 14ਵੇਂ ਅਧਿਆਇ ਦੀਆਂ 26 ਤੋਂ 35 ਆਇਤਾਂ ਵਿਚ ਮਿਲਦੇ ਹਨ।a
‘ਪੱਕੇ ਭਰੋਸੇ’ ਦਾ ਸੋਤਾ
ਸੁਲੇਮਾਨ ਨੇ ਕਿਹਾ: “ਯਹੋਵਾਹ ਦੇ ਭੈ ਵਿੱਚ ਪੱਕਾ ਭਰੋਸਾ ਹੈ, ਅਤੇ ਉਹ ਦੇ ਪੁੱਤ੍ਰਾਂ ਲਈ ਪਨਾਹ ਦਾ ਥਾਂ ਹੈ।” (ਕਹਾਉਤਾਂ 14:26) ਪਰਮੇਸ਼ੁਰ ਦਾ ਭੈ ਰੱਖਣ ਵਾਲਾ ਇਨਸਾਨ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਉੱਤੇ ਪੱਕੀ ਆਸ਼ਾ ਰੱਖ ਸਕਦਾ ਹੈ। ਅਜਿਹਾ ਬੰਦਾ ਪੱਕੇ ਭਰੋਸੇ ਨਾਲ ਆਪਣੇ ਆਉਣ ਵਾਲੇ ਕੱਲ੍ਹ ਦਾ ਸਾਮ੍ਹਣਾ ਕਰਦਾ ਹੈ! ਉਸ ਦਾ ਭਵਿੱਖ ਜੁੱਗੋ-ਜੁੱਗ ਲੰਬਾ ਅਤੇ ਖ਼ੁਸ਼ੀਆਂ ਭਰਿਆ ਹੋਵੇਗਾ।
ਪਰ ਉਨ੍ਹਾਂ ਲੋਕਾਂ ਬਾਰੇ ਕੀ ਕਿਹਾ ਜਾ ਸਕਦਾ ਜੋ ਇਸ ਦੁਨੀਆਂ ਦੀਆਂ ਸਕੀਮਾਂ, ਇਸ ਦੇ ਸੰਗਠਨਾਂ, ਫ਼ਲਸਫ਼ੇ ਅਤੇ ਇਸ ਦੀਆਂ ਨਵੀਆਂ ਕਾਢਾਂ ਉੱਤੇ ਭਰੋਸਾ ਰੱਖਦੇ ਹਨ? ਉਹ ਭਾਵੇਂ ਜੋ ਮਰਜ਼ੀ ਸੋਚ ਰਹੇ ਹੋਣ, ਪਰ ਉਨ੍ਹਾਂ ਦਾ ਭਵਿੱਖ ਲੰਬਾ ਨਹੀਂ ਹੈ ਕਿਉਂਕਿ ਬਾਈਬਲ ਕਹਿੰਦੀ ਹੈ: “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” (1 ਯੂਹੰਨਾ 2:17) ਜੇ ਇਸ ਤਰ੍ਹਾਂ ਹੋਣ ਵਾਲਾ ਹੈ, ਤਾਂ ਫਿਰ ਅਸੀਂ ‘ਸੰਸਾਰ ਨਾਲ ਜਾਂ ਸੰਸਾਰ ਵਿਚਲੀਆਂ ਵਸਤਾਂ ਨਾਲ ਮੋਹ’ ਕਿਉਂ ਰੱਖੀਏ?—1 ਯੂਹੰਨਾ 2:15.
ਪਰਮੇਸ਼ੁਰ ਦਾ ਭੈ ਰੱਖਣ ਵਾਲੇ ਮਾਪੇ ਕੀ ਕਰ ਸਕਦੇ ਹਨ ਤਾਂਕਿ ਉਨ੍ਹਾਂ ਦੇ ਬੱਚਿਆਂ ਲਈ “ਪਨਾਹ ਦਾ ਥਾਂ” ਹੋਵੇ? ਜ਼ਬੂਰਾਂ ਦੇ ਇਕ ਲਿਖਾਰੀ ਨੇ ਕਿਹਾ: “ਬੱਚਿਓ, ਆਓ, ਮੇਰੀ ਸੁਣੋ, ਅਤੇ ਮੈਂ ਤੁਹਾਨੂੰ ਯਹੋਵਾਹ ਦਾ ਭੈ ਸਿਖਾਵਾਂਗਾ।” (ਜ਼ਬੂਰਾਂ ਦੀ ਪੋਥੀ 34:11) ਜਦ ਮਾਂ-ਬਾਪ ਆਪਣੇ ਬੱਚਿਆਂ ਨੂੰ ਆਪਣੀ ਮਿਸਾਲ ਅਤੇ ਤਾਲੀਮ ਦੇ ਜ਼ਰੀਏ ਪਰਮੇਸ਼ੁਰ ਤੋਂ ਡਰਨਾ ਸਿਖਾਉਂਦੇ ਹਨ, ਤਾਂ ਉਹ ਵੱਡੇ ਹੋ ਕੇ ਵੀ ਯਹੋਵਾਹ ਤੇ ਪੱਕਾ ਭਰੋਸਾ ਰੱਖਦੇ ਹਨ।—ਕਹਾਉਤਾਂ 22:6.
ਸੁਲੇਮਾਨ ਨੇ ਅੱਗੇ ਕਿਹਾ: “ਯਹੋਵਾਹ ਦਾ ਭੈ ਜੀਉਣ ਦਾ ਸੋਤਾ ਹੈ, ਜੋ ਮੌਤ ਦੀ ਫਾਹੀ ਤੋਂ ਪਰੇ ਰੱਖਦਾ ਹੈ।” (ਕਹਾਉਤਾਂ 14:27) ਯਹੋਵਾਹ ਦਾ ਭੈ “ਜੀਉਣ ਦਾ ਸੋਤਾ” ਹੈ ਕਿਉਂਕਿ ਸੱਚਾ ਪਰਮੇਸ਼ੁਰ ‘ਜੀਉਂਦੇ ਪਾਣੀ ਦਾ ਸੋਤਾ’ ਹੈ। (ਯਿਰਮਿਯਾਹ 2:13) ਯਹੋਵਾਹ ਤੇ ਯਿਸੂ ਬਾਰੇ ਗਿਆਨ ਲੈ ਕੇ ਅਸੀਂ ਸਦਾ ਦੀ ਜ਼ਿੰਦਗੀ ਪਾ ਸਕਦੇ ਹਾਂ। (ਯੂਹੰਨਾ 17:3) ਪਰਮੇਸ਼ੁਰ ਦਾ ਭੈ ਸਾਨੂੰ ਮੌਤ ਦੀ ਫਾਹੀ ਤੋਂ ਵੀ ਪਰੇ ਰੱਖਦਾ ਹੈ। ਕਿਵੇਂ? ਕਹਾਉਤਾਂ 13:14 ਵਿਚ ਲਿਖਿਆ ਹੈ: “ਬੁੱਧਵਾਨ ਦੀ ਤਾਲੀਮ ਜੀਉਣ ਦਾ ਸੋਤਾ ਹੈ, ਜੋ ਮੌਤ ਦੀ ਫਾਹੀ ਤੋਂ ਪਰੇ ਰਹਿਣ ਲਈ ਹੈ।” ਜਦ ਅਸੀਂ ਯਹੋਵਾਹ ਤੋਂ ਡਰਦੇ ਹਾਂ, ਉਸ ਦੀਆਂ ਆਗਿਆਵਾਂ ਦੀ ਪਾਲਣਾ ਕਰਦੇ ਹਾਂ ਅਤੇ ਉਸ ਦੇ ਬਚਨ ਤੇ ਅਮਲ ਕਰਦੇ ਹਾਂ, ਤਾਂ ਕੀ ਅਸੀਂ ਬੁਰੀਆਂ ਆਦਤਾਂ ਅਤੇ ਪਰੇਸ਼ਾਨੀਆਂ ਤੋਂ ਨਹੀਂ ਬਚਦੇ ਜਿਨ੍ਹਾਂ ਕਾਰਨ ਲੋਕ ਅਨਿਆਈ ਮੌਤ ਮਰ ਜਾਂਦੇ ਹਨ?
“ਰਾਜੇ ਦੀ ਸ਼ਾਨ”
ਸੁਲੇਮਾਨ ਨੇ ਆਪਣੇ ਰਾਜ ਦੇ ਜ਼ਿਆਦਾਤਰ ਸਾਲਾਂ ਦੌਰਾਨ ਯਹੋਵਾਹ ਦੀ ਆਗਿਆ ਦੀ ਪਾਲਣਾ ਕੀਤੀ ਅਤੇ ਉਸ ਦਾ ਭੈ ਰੱਖਿਆ। ਇਸ ਕਰਕੇ ਉਸ ਦੀ ਬਾਦਸ਼ਾਹਤ ਕਾਮਯਾਬ ਹੋਈ। ਇਕ ਬਾਦਸ਼ਾਹ ਦੀ ਕਾਮਯਾਬੀ ਕਿਸ ਗੱਲ ਤੇ ਨਿਰਭਰ ਕਰਦੀ ਹੈ? ਸਾਨੂੰ ਕਹਾਉਤਾਂ 14:28 ਵਿਚ ਇਸ ਦਾ ਜਵਾਬ ਮਿਲਦਾ ਹੈ: “ਰਈਅਤ ਦੇ ਵਾਧੇ ਨਾਲ ਰਾਜੇ ਦੀ ਸ਼ਾਨ ਹੁੰਦੀ ਹੈ, ਪਰ ਉੱਮਤ ਦੇ ਘਟ ਹੋਣ ਨਾਲ ਹਾਕਮ ਦੀ ਤਬਾਹੀ ਹੁੰਦੀ ਹੈ।” ਰਾਜੇ ਦੀ ਕਾਮਯਾਬੀ ਉਸ ਦੀ ਰਈਅਤ ਯਾਨੀ ਪਰਜਾ ਤੋਂ ਦੇਖੀ ਜਾ ਸਕਦੀ ਹੈ। ਜੇਕਰ ਪਰਜਾ ਉਸ ਦੇ ਅਧੀਨ ਰਹਿਣਾ ਚਾਹੁੰਦੀ ਹੈ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਇਕ ਚੰਗਾ ਰਾਜਾ ਹੈ। ਸੁਲੇਮਾਨ ਦੀ ਪਰਜਾ “[ਲਾਲ] ਸਮੁੰਦਰੋਂ ਲੈ ਕੇ [ਭੂਮੱਧ] ਸਮੁੰਦਰ ਤੀਕ ਅਤੇ [ਫਰਾਤ] ਦਰਿਆ ਤੋਂ ਲੈ ਕੇ ਧਰਤੀ ਦੇ ਬੰਨੇ ਤੀਕ” ਸੀ। (ਜ਼ਬੂਰਾਂ ਦੀ ਪੋਥੀ 72:6-8) ਉਸ ਦੇ ਰਾਜ ਦੌਰਾਨ ਦੇਸ਼ ਵਿਚ ਹਰ ਪਾਸੇ ਅਮਨ-ਚੈਨ ਸੀ। (1 ਰਾਜਿਆਂ 4:24, 25) ਸੁਲੇਮਾਨ ਦਾ ਰਾਜ ਕਾਮਯਾਬ ਹੋਇਆ ਸੀ। ਪਰ ਜੇ ਲੋਕਾਂ ਨੂੰ ਆਪਣੇ ਦੇਸ਼ ਦੀ ਸਰਕਾਰ ਪਸੰਦ ਨਾ ਹੋਵੇ, ਤਾਂ ਇਸ ਨਾਲ ਰਾਜ ਕਰਨ ਵਾਲਿਆਂ ਦੀ ਸ਼ਾਨ ਵਿਚ ਕਮੀ ਆਉਂਦੀ ਹੈ।
ਇਸ ਸੰਬੰਧ ਵਿਚ ਅਸੀਂ ਵੱਡੇ ਸੁਲੇਮਾਨ ਯਾਨੀ ਯਿਸੂ ਮਸੀਹ ਬਾਰੇ ਕੀ ਕਹਿ ਸਕਦੇ ਹਾਂ? ਉਹ ਪਰਮੇਸ਼ੁਰ ਦੇ ਰਾਜ ਦਾ ਰਾਜਾ ਹੈ ਅਤੇ ਅੱਜ ਵੀ ਉਸ ਦੀ ਪਰਜਾ ਹੈ। ਦੁਨੀਆਂ ਭਰ ਵਿਚ ਪਰਮੇਸ਼ੁਰ ਦਾ ਭੈ ਰੱਖਣ ਵਾਲੇ 60 ਲੱਖ ਤੋਂ ਜ਼ਿਆਦਾ ਆਦਮੀਆਂ ਅਤੇ ਤੀਵੀਆਂ ਨੇ ਯਿਸੂ ਮਸੀਹ ਦੇ ਰਾਜ ਅਧੀਨ ਰਹਿਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਨੇ ਯਿਸੂ ਉੱਤੇ ਨਿਹਚਾ ਕੀਤੀ ਹੈ ਅਤੇ ਇਹ ਸਾਰੇ ਇਕ ਹੋ ਕੇ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਦੇ ਹਨ। (ਯੂਹੰਨਾ 14:1) ਯਿਸੂ ਦਾ ਇਕ ਹਜ਼ਾਰ ਸਾਲ ਦਾ ਰਾਜ ਪੂਰਾ ਹੋਣ ਤਕ ਸਾਰੇ ਮਰੇ ਹੋਏ ਲੋਕ ਜੋ ਪਰਮੇਸ਼ੁਰ ਦੀ ਯਾਦਾਸ਼ਤ ਵਿਚ ਹਨ ਜ਼ਿੰਦਾ ਕੀਤੇ ਜਾ ਚੁੱਕੇ ਹੋਣਗੇ। ਇਹ ਧਰਤੀ ਫਿਰਦੌਸ ਬਣ ਗਈ ਹੋਵੇਗੀ ਅਤੇ ਧਰਮੀ ਤੇ ਖ਼ੁਸ਼ਹਾਲ ਲੋਕਾਂ ਨਾਲ ਭਰੀ ਹੋਈ ਹੋਵੇਗੀ ਜਿਨ੍ਹਾਂ ਦੇ ਦਿਲ ਆਪਣੇ ਰਾਜੇ ਲਈ ਕਦਰਦਾਨੀ ਨਾਲ ਭਰੇ ਹੋਏ ਹੋਣਗੇ। ਇਹ ਯਿਸੂ ਮਸੀਹ ਦੇ ਰਾਜ ਦੀ ਕਾਮਯਾਬੀ ਦੀ ਸਭ ਤੋਂ ਵਧੀਆ ਗਵਾਹੀ ਹੋਵੇਗੀ। ਆਓ ਆਪਾਂ ਆਪਣੀ ਇਸ ਆਸ਼ਾ ਨੂੰ ਕਦੇ ਨਾ ਛੱਡੀਏ।
ਸਰੀਰ ਤੇ ਮਨ ਨੂੰ ਫ਼ਾਇਦਾ
ਪਰਮੇਸ਼ੁਰ ਦੇ ਭੈ ਨਾਲ ਸਾਡੇ ਦਿਲ ਨੂੰ ਸਕੂਨ ਤੇ ਮਨ ਨੂੰ ਸ਼ਾਂਤੀ ਮਿਲ ਸਕਦੀ ਹੈ ਕਿਉਂਕਿ ਬੁੱਧੀਮਾਨ ਹੋਣ ਦਾ ਮਤਲਬ ਹੈ ਸਮਝਦਾਰ ਹੋਣਾ। ਕਹਾਉਤਾਂ 14:29 ਵਿਚ ਸੁਲੇਮਾਨ ਨੇ ਕਿਹਾ: “ਜਿਹੜਾ ਛੇਤੀ ਕ੍ਰੋਧ ਨਹੀਂ ਕਰਦਾ ਉਹ ਵੱਡਾ ਸਮਝ ਵਾਲਾ ਹੈ, ਪਰ ਤੱਤੀ ਤਬੀਅਤ ਵਾਲਾ ਮੂਰਖਤਾਈ ਨੂੰ ਉੱਚਾ ਕਰਦਾ ਹੈ।” ਬੁੱਧੀਮਾਨ ਇਨਸਾਨ ਸਮਝਦਾ ਹੈ ਕਿ ਬਹੁਤਾ ਗੁੱਸਾ ਕਰਨ ਨਾਲ ਉਸ ਦੀ ਭਗਤੀ ਤੇ ਬੁਰਾ ਅਸਰ ਪੈਂਦਾ ਹੈ। ਬਾਈਬਲ ਵਿਚ “ਵੈਰ, ਝਗੜੇ, ਹਸਦ, ਕ੍ਰੋਧ, ਧੜੇਬਾਜ਼ੀਆਂ” ਨੂੰ ਉਨ੍ਹਾਂ ਕੰਮਾਂ ਦੀ ਸੂਚੀ ਵਿਚ ਦਰਜ ਕੀਤਾ ਗਿਆ ਜੋ ਸਾਨੂੰ “ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ” ਬਣਨ ਦੇਣਗੇ। (ਗਲਾਤੀਆਂ 5:19-21) ਭਾਵੇਂ ਸਾਡੇ ਕੋਲ ਗੁੱਸਾ ਕਰਨ ਦਾ ਜਾਇਜ਼ ਕਾਰਨ ਹੋਵੇ, ਫਿਰ ਵੀ ਸਾਨੂੰ ਦਿਲ ਵਿਚ ਕੁੜ੍ਹਨੋਂ ਵਰਜਿਆ ਗਿਆ ਹੈ। (ਅਫ਼ਸੀਆਂ 4:26, 27) ਅਸੀਂ ਬੇਸਬਰੇ ਹੋ ਕੇ ਅਜਿਹੀਆਂ ਪੁੱਠੀਆਂ-ਸਿੱਧੀਆਂ ਗੱਲਾਂ ਕਰ ਸਕਦੇ ਹਾਂ ਜਿਨ੍ਹਾਂ ਕਾਰਨ ਸਾਨੂੰ ਬਾਅਦ ਵਿਚ ਸ਼ਰਮਿੰਦਾ ਹੋਣਾ ਪੈ ਸਕਦਾ ਹੈ।
ਸੁਲੇਮਾਨ ਨੇ ਗੁੱਸਾ ਕਰਨ ਵਾਲੇ ਦੇ ਸਰੀਰ ਤੇ ਮਾੜੇ ਅਸਰਾਂ ਬਾਰੇ ਦੱਸਦੇ ਹੋਏ ਕਿਹਾ: “ਸ਼ਾਂਤ ਮਨ ਸਰੀਰ ਦਾ ਜੀਉਣ ਹੈ, ਪਰ ਖ਼ੁਣਸ ਹੱਡੀਆਂ ਦਾ ਸਾੜ ਹੈ।” (ਕਹਾਉਤਾਂ 14:30) ਕ੍ਰੋਧ ਤੇ ਗੁੱਸੇ ਕਾਰਨ ਸਰੀਰ ਨੂੰ ਕਈ ਰੋਗ ਲੱਗ ਸਕਦੇ ਹਨ ਜਿਵੇਂ ਕਿ ਸਾਹ ਦੀ ਕਸਰ, ਹਾਈ ਬਲੱਡ-ਪ੍ਰੈਸ਼ਰ, ਜਿਗਰ ਦੀ ਬੀਮਾਰੀ ਅਤੇ ਪੈਨਕ੍ਰੀਅਸ ਤੇ ਮਾੜਾ ਅਸਰ। ਡਾਕਟਰ ਕਹਿੰਦੇ ਹਨ ਕਿ ਕ੍ਰੋਧ ਤੇ ਗੁੱਸੇ ਕਾਰਨ ਅਲਸਰ, ਛਪਾਕੀ, ਦਮਾ, ਬਦਹਜ਼ਮੀ ਅਤੇ ਚਮੜੀ ਦੇ ਰੋਗ ਵੀ ਹੋ ਸਕਦੇ ਹਨ। ਦੂਜੇ ਪਾਸੇ “ਮਨ ਦਾ ਚੈਨ ਮਨੁੱਖ ਨੂੰ ਚੰਗੀ ਸਿਹਤ ਦਿੰਦਾ ਹੈ।” (ਕਹਾਉਤਾਂ 14:30, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਸ ਲਈ ਆਓ ‘ਅਸੀਂ ਓਹਨਾਂ ਗੱਲਾਂ ਦਾ ਪਿੱਛਾ ਕਰਨ’ ਵਿਚ ਸਮਝਦਾਰੀ ਦਿਖਾਈਏ “ਜਿਨ੍ਹਾਂ ਤੋਂ ਮਿਲਾਪ ਅਤੇ ਇੱਕ ਦੂਏ ਦੀ ਤਰੱਕੀ ਹੋਵੇ।”—ਰੋਮੀਆਂ 14:19.
ਪਰਮੇਸ਼ੁਰ ਦਾ ਭੈ ਸਾਨੂੰ ਨਿਰਪੱਖ ਬਣਾਉਂਦਾ ਹੈ
ਸੁਲੇਮਾਨ ਨੇ ਕਿਹਾ: “ਜਿਹੜਾ ਗਰੀਬ ਉੱਤੇ ਅਨ੍ਹੇਰ ਕਰਦਾ ਹੈ ਉਹ ਆਪਣੇ ਕਰਤਾ ਨੂੰ ਉਲਾਂਭਾ ਦਿੰਦਾ ਹੈ, ਪਰ ਜਿਹੜਾ ਕੰਗਾਲ ਉੱਤੇ ਦਯਾ ਕਰਦਾ ਹੈ ਉਹ ਉਸ ਦੀ ਮਹਿਮਾ ਕਰਦਾ ਹੈ।” (ਕਹਾਉਤਾਂ 14:31) ਪਰਮੇਸ਼ੁਰ ਤੋਂ ਡਰਨ ਵਾਲਾ ਇਨਸਾਨ ਜਾਣਦਾ ਹੈ ਕਿ ਯਹੋਵਾਹ ਪਰਮੇਸ਼ੁਰ ਸਾਰੇ ਇਨਸਾਨਾਂ ਦਾ ਸਿਰਜਣਹਾਰ ਹੈ। ਇਸ ਲਈ ਅਸੀਂ ਸਾਰੇ ਭੈਣ-ਭਾਈ ਹਾਂ ਅਤੇ ਅਸੀਂ ਉਨ੍ਹਾਂ ਨਾਲ ਜਿਵੇਂ ਪੇਸ਼ ਆਵਾਂਗੇ ਉਸ ਦਾ ਸਾਡੇ ਮਾਲਕ ਤੇ ਅਸਰ ਪਵੇਗਾ। ਪਰਮੇਸ਼ੁਰ ਦੀ ਮਹਿਮਾ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਸਾਰਿਆਂ ਨੂੰ ਬਰਾਬਰ ਸਮਝੀਏ। ਕਿਸੇ ਵੱਲ ਘੱਟ ਜਾਂ ਵੱਧ ਧਿਆਨ ਨਹੀਂ ਦਿੱਤਾ ਜਾਣਾ ਚਾਹੀਦਾ। ਸਾਨੂੰ ਸਾਰਿਆਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣੀ ਚਾਹੀਦੀ ਹੈ, ਭਾਵੇਂ ਕੋਈ ਗ਼ਰੀਬ ਹੋਵੇ ਜਾਂ ਅਮੀਰ।
ਸੁਲੇਮਾਨ ਨੇ ਪਰਮੇਸ਼ੁਰ ਦੇ ਭੈ ਦਾ ਇਕ ਹੋਰ ਫ਼ਾਇਦਾ ਦੱਸਿਆ: “ਦੁਸ਼ਟ ਆਪਣੇ ਬੁਰੇ ਕੰਮ ਦੁਆਰਾ ਹੀ ਨਾਸ਼ ਹੋ ਜਾਂਦਾ ਹੈ, ਪਰ ਭਲਾ ਆਦਮੀ ਆਪਣੇ ਖਰੇਪਨ ਦੁਆਰਾ ਬਚ ਜਾਂਦਾ ਹੈ।” (ਕਹਾਉਤਾਂ 14:32, ਨਵਾਂ ਅਨੁਵਾਦ) ਦੁਸ਼ਟ ਨਾਸ਼ ਕਿਵੇਂ ਹੁੰਦਾ ਹੈ? ਕਿਹਾ ਗਿਆ ਕਿ ਇਸ ਦਾ ਮਤਲਬ ਹੈ ਕਿ ਭੈੜਾ ਇਨਸਾਨ ਬਿਪਤਾ ਵਿਚ ਢਹਿ ਜਾਂਦਾ ਹੈ। ਦੂਜੇ ਪਾਸੇ ਜਦ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਇਨਸਾਨ ਤੇ ਔਖੀ ਘੜੀ ਆਉਂਦੀ ਹੈ, ਤਾਂ ਉਹ ਆਪਣੀ ਖਰਿਆਈ ਵਿਚ ਪਨਾਹ ਲੈਂਦਾ ਹੈ। ਮੌਤ ਤਕ ਯਹੋਵਾਹ ਤੇ ਪੂਰਾ ਭਰੋਸਾ ਰੱਖ ਕੇ ਉਹ ਅੱਯੂਬ ਵਾਂਗ ਕਹਿੰਦਾ ਹੈ: “ਮੈਂ ਆਪਣੇ ਮਰਨ ਤੀਕ ਆਪਣੀ ਖਰਿਆਈ ਨਾ ਛੱਡਾਂਗਾ।”—ਅੱਯੂਬ 27:5.
ਆਪਣੇ ਆਪ ਨੂੰ ਖਰੇ ਰੱਖਣ ਲਈ ਪਰਮੇਸ਼ੁਰ ਦਾ ਭੈ ਅਤੇ ਬੁੱਧ ਦੀ ਲੋੜ ਹੈ। ਸਾਨੂੰ ਬੁੱਧ ਕਿੱਥੋਂ ਮਿਲ ਸਕਦੀ ਹੈ? ਕਹਾਉਤਾਂ 14:33 ਵਿਚ ਦੱਸਿਆ ਗਿਆ: “ਸਮਝ ਵਾਲੇ ਦੇ ਮਨ ਵਿੱਚ ਬੁੱਧ ਵਾਸ ਕਰਦੀ ਹੈ, ਪਰ ਮੂਰਖ ਦੇ ਅੰਦਰ ਜੋ ਕੁਝ ਹੈ ਉਹ ਪਰਗਟ ਹੋ ਜਾਂਦਾ ਹੈ।” ਜੀ ਹਾਂ, ਬੁੱਧ ਉਸ ਇਨਸਾਨ ਅੰਦਰ ਪਾਈ ਜਾਂਦੀ ਹੈ ਜੋ ਸਮਝਦਾਰ ਹੈ। ਪਰ ਮੂਰਖ ਦੇ ਅੰਦਰ ਦੀ ਗੱਲ ਪ੍ਰਗਟ ਕਿਵੇਂ ਹੋ ਜਾਂਦੀ ਹੈ? ਇਕ ਪੁਸਤਕ ਦੇ ਮੁਤਾਬਕ, “ਮੂਰਖ ਇਨਸਾਨ ਆਪਣੇ ਆਪ ਨੂੰ ਅਕਲਮੰਦ ਸਾਬਤ ਕਰਨ ਲਈ ਹੂੜ੍ਹ-ਮੱਤ ਦੀਆਂ ਗੱਲਾਂ ਕਰਦਾ ਹੈ ਤੇ ਨਤੀਜੇ ਵਜੋਂ ਆਪਣੀ ਮੂਰਖਤਾ ਜ਼ਾਹਰ ਕਰ ਬੈਠਦਾ ਹੈ।”
“ਕੌਮ ਦੀ ਉੱਨਤੀ”
ਪਰਮੇਸ਼ੁਰ ਦੇ ਭੈ ਦਾ ਸਿਰਫ਼ ਇਨਸਾਨ ਤੇ ਅਸਰ ਨਹੀਂ ਪੈਂਦਾ ਹੈ, ਪਰ ਕੌਮ ਤੇ ਵੀ ਪੈਂਦਾ ਹੈ। ਇਸ ਦੀ ਗੱਲ ਕਰਦੇ ਹੋਏ ਸੁਲੇਮਾਨ ਨੇ ਅੱਗੇ ਕਿਹਾ: “ਧਰਮ ਕੌਮ ਦੀ ਉੱਨਤੀ ਕਰਦਾ ਹੈ, ਪਰ ਪਾਪ ਉੱਮਤਾਂ ਲਈ ਮੂੰਹ ਕਾਲਾ ਹੈ।” (ਕਹਾਉਤਾਂ 14:34) ਇਹ ਸਿਧਾਂਤ ਇਸਰਾਏਲ ਕੌਮ ਤੇ ਸੋਲਾਂ ਆਨੇ ਸੱਚ ਸਾਬਤ ਹੋਇਆ ਸੀ। ਜਿੰਨਾ ਚਿਰ ਉਹ ਪਰਮੇਸ਼ੁਰ ਦੇ ਉੱਚੇ ਮਿਆਰਾਂ ਤੇ ਚੱਲਦੇ ਰਹੇ, ਉੱਨਾ ਚਿਰ ਉਹ ਆਲੇ-ਦੁਆਲੇ ਦੀਆਂ ਕੌਮਾਂ ਵਿਚ ਆਪਣਾ ਸਿਰ ਉੱਚਾ ਰੱਖ ਕੇ ਜੀ ਸਕੇ। ਪਰ ਆਖ਼ਰਕਾਰ ਉਨ੍ਹਾਂ ਦੇ ਅਨੇਕ ਅਣਆਗਿਆਕਾਰ ਕੰਮਾਂ ਦੇ ਕਾਰਨ ਉਨ੍ਹਾਂ ਦੀ ਬੇਇੱਜ਼ਤੀ ਹੋਈ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਤਿਆਗ ਦਿੱਤਾ। ਇਸ ਕਹਾਵਤ ਦਾ ਸਿਧਾਂਤ ਅੱਜ ਪਰਮੇਸ਼ੁਰ ਦੇ ਲੋਕਾਂ ਉੱਤੇ ਵੀ ਲਾਗੂ ਹੁੰਦਾ ਹੈ। ਯਹੋਵਾਹ ਦੇ ਲੋਕ ਦੁਨੀਆਂ ਦੇ ਲੋਕਾਂ ਤੋਂ ਵੱਖਰੇ ਹਨ ਕਿਉਂਕਿ ਉਹ ਉਸ ਦੇ ਧਰਮੀ ਸਿਧਾਂਤਾਂ ਤੇ ਅਮਲ ਕਰਦੇ ਹਨ। ਪਰ ਜੇ ਅਸੀਂ ਇਸ ਸ਼ੋਭਾ ਵਾਲੀ ਸਥਿਤੀ ਵਿਚ ਰਹਿਣਾ ਚਾਹੁੰਦੇ ਹਾਂ, ਤਾਂ ਜ਼ਰੂਰੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਨੇਕ ਤੇ ਸ਼ੁੱਧ ਰੱਖੀਏ। ਪਾਪ ਕਰਨ ਦੀ ਆਦਤ ਨਾ ਸਿਰਫ਼ ਸਾਡੀ ਬੇਇੱਜ਼ਤੀ ਕਰਦੀ ਹੈ, ਸਗੋਂ ਪਰਮੇਸ਼ੁਰ ਅਤੇ ਉਸ ਦੇ ਲੋਕਾਂ ਨੂੰ ਵੀ ਬਦਨਾਮ ਕਰਦੀ ਹੈ।
ਸੁਲੇਮਾਨ ਨੇ ਦੱਸਿਆ ਕਿ ਕਿਹੜੀ ਗੱਲ ਰਾਜੇ ਦੇ ਜੀਅ ਨੂੰ ਖ਼ੁਸ਼ ਕਰਦੀ ਹੈ: “ਬੁੱਧਵਾਨ ਨੌਕਰ ਤੋਂ ਪਾਤਸ਼ਾਹ ਪਰਸੰਨ ਹੁੰਦਾ ਹੈ, ਪਰ ਲੱਜਿਆਵਾਨ ਕਰਨ ਵਾਲੇ ਉੱਤੇ ਉਹ ਦੀ ਕਰੋਪੀ ਹੁੰਦੀ ਹੈ।” (ਕਹਾਉਤਾਂ 14:35) ਅੱਗੇ ਕਹਾਉਤਾਂ 16:13 ਵਿਚ ਕਿਹਾ ਗਿਆ: “ਧਰਮੀ ਬੁੱਲ੍ਹਾਂ ਤੋਂ ਪਾਤਸ਼ਾਹ ਪਰਸੰਨ ਹੁੰਦੇ ਹਨ, ਅਤੇ ਜਿਹੜਾ ਸਿੱਧੀ ਗੱਲ ਕਰਦਾ ਹੈ ਉਹ ਦੇ ਨਾਲ ਉਹ ਪ੍ਰੇਮ ਰੱਖਦਾ ਹੈ।” ਜੀ ਹਾਂ, ਸਾਡਾ ਆਗੂ ਤੇ ਪਾਤਸ਼ਾਹ ਯਿਸੂ ਮਸੀਹ ਸਾਡਾ ਨੇਕ ਚਾਲ-ਚਲਣ ਦੇਖ ਕੇ ਖ਼ੁਸ਼ ਹੁੰਦਾ ਹੈ। ਜਦ ਅਸੀਂ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਦੇ ਹਾਂ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈਂਦੇ ਹਾਂ, ਤਾਂ ਉਸ ਦਾ ਜੀਅ ਪ੍ਰਸੰਨ ਹੁੰਦਾ ਹੈ। ਇਸ ਲਈ ਆਓ ਆਪਾਂ ਇਸ ਕੰਮ ਵਿਚ ਰੁੱਝੇ ਰਹੀਏ ਅਤੇ ਸੱਚੇ ਪਰਮੇਸ਼ੁਰ ਦਾ ਭੈ ਰੱਖ ਕੇ ਖ਼ੁਸ਼ੀ ਪਾਈਏ।
[ਫੁਟਨੋਟ]
a ਕਹਾਉਤਾਂ 14:1-25 ਬਾਰੇ ਜਾਣਕਾਰੀ ਲੈਣ ਲਈ 15 ਨਵੰਬਰ 2004 ਦੇ ਪਹਿਰਾਬੁਰਜ ਦੇ ਸਫ਼ੇ 26-29 ਅਤੇ 15 ਜੁਲਾਈ 2005 ਦੇ ਪਹਿਰਾਬੁਰਜ ਦੇ ਸਫ਼ੇ 17-20 ਦੇਖੋ।
[ਸਫ਼ੇ 15 ਉੱਤੇ ਤਸਵੀਰ]
ਪਰਮੇਸ਼ੁਰ ਦਾ ਭੈ ਰੱਖਣਾ ਸਿੱਖਿਆ ਜਾ ਸਕਦਾ ਹੈ