ਔਰਤਾਂ ਅਤੇ ਉਨ੍ਹਾਂ ਦੇ ਕੰਮ ਦੀ ਕਦਰ ਕਰਨੀ
ਤਿੰਨ ਹਜ਼ਾਰ ਸਾਲ ਪਹਿਲਾਂ, ਲਮੂਏਲ ਨਾਮਕ ਮਨੁੱਖ ਨੇ ਪਤਵੰਤੀ ਇਸਤਰੀ ਦਾ ਇਕ ਜੋਸ਼ੀਲਾ ਵਰਣਨ ਲਿਖਿਆ। ਇਹ ਬਾਈਬਲ ਵਿਚ ਕਹਾਉਤਾਂ ਦੇ 31ਵੇਂ ਅਧਿਆਇ ਵਿਚ ਦਰਜ ਹੈ। ਜਿਸ ਔਰਤ ਦੇ ਉਹ ਗੁਣ ਗਾਉਂਦਾ ਸੀ ਉਹ ਔਰਤ ਨਿਸ਼ਚੇ ਹੀ ਆਪਣੇ ਆਪ ਨੂੰ ਕੰਮ ਵਿਚ ਰੁਝਾਈ ਰੱਖਦੀ ਸੀ। ਉਸ ਨੇ ਆਪਣੇ ਪਰਿਵਾਰ ਦੀ ਦੇਖ-ਭਾਲ ਕੀਤੀ, ਬਾਜ਼ਾਰ ਵਿਚ ਵਪਾਰ ਕੀਤਾ, ਜ਼ਮੀਨ ਖ਼ਰੀਦੀ ਅਤੇ ਵੇਚੀ, ਆਪਣੇ ਟੱਬਰ ਲਈ ਕੱਪੜੇ ਸੀਤੇ, ਅਤੇ ਖੇਤਾਂ ਵਿਚ ਕੰਮ ਕੀਤਾ।
ਇਸ ਔਰਤ ਨੂੰ ਮਾਮੂਲੀ ਨਹੀਂ ਸਮਝਿਆ ਗਿਆ। ‘ਉਹ ਦੇ ਬੱਚੇ ਉਹ ਨੂੰ ਧੰਨ ਧੰਨ ਆਖਦੇ ਹਨ, ਅਤੇ ਉਹ ਦਾ ਪਤੀ ਉਹ ਦੀ ਸਲਾਹੁਤ ਕਰਦਾ ਹੈ।’ ਅਜਿਹੀ ਪਤਨੀ ਇਕ ਖ਼ਜ਼ਾਨਾ ਹੈ। ਬਾਈਬਲ ਕਹਿੰਦੀ ਹੈ, “ਉਹ ਦੀ ਕਦਰ ਲਾਲਾਂ ਨਾਲੋਂ ਬਹੁਤ ਵਧੇਰੇ ਹੈ।”—ਕਹਾਉਤਾਂ 31:10-28.
ਲਮੂਏਲ ਦੇ ਸਮੇਂ ਤੋਂ, ਔਰਤਾਂ ਦਾ ਕੰਮ ਹੋਰ ਵੀ ਔਖਾ ਹੋ ਗਿਆ ਹੈ। ਉਨ੍ਹਾਂ ਦੀ 20ਵੀਂ ਸਦੀ ਦੀ ਭੂਮਿਕਾ ਉਨ੍ਹਾਂ ਤੋਂ ਪਤਨੀਆਂ, ਮਾਵਾਂ, ਨਰਸਾਂ, ਅਤੇ ਅਧਿਆਪਕਾਵਾਂ ਬਣਨ ਦੀ ਮੰਗ ਕਰਦੀ ਹੈ, ਨਾਲੇ ਉਨ੍ਹਾਂ ਨੂੰ ਰੋਟੀ ਕਮਾਉਣੀ ਅਤੇ ਖੇਤੀ ਕਰਨੀ ਪੈਂਦੀ ਹੈ—ਸਭ ਕੁਝ ਇੱਕੋ ਸਮੇਂ। ਅਣਗਿਣਤ ਔਰਤਾਂ ਆਪਣੇ ਬੱਚਿਆਂ ਨੂੰ ਕੁਝ ਖੁਆਉਣ ਲਈ ਵੱਡੀਆਂ ਕੁਰਬਾਨੀਆਂ ਕਰਦੀਆਂ ਹਨ। ਕੀ ਇਹ ਸਾਰੀਆਂ ਔਰਤਾਂ ਵੀ ਕਦਰ ਅਤੇ ਤਾਰੀਫ਼ ਦੇ ਯੋਗ ਨਹੀਂ ਹਨ?
ਰੋਟੀ ਕਮਾਉਣ ਵਾਲੀਆਂ ਔਰਤਾਂ
ਅੱਗੇ ਨਾਲੋਂ ਅੱਜ ਕਿਤੇ ਜ਼ਿਆਦਾ ਔਰਤਾਂ ਨੂੰ ਆਪਣੇ ਪਰਿਵਾਰ ਦੀ ਮਦਦ ਕਰਨ ਲਈ ਘਰ ਤੋਂ ਬਾਹਰ ਕੰਮ ਕਰਨਾ ਪੈਂਦਾ ਹੈ ਜਾਂ ਉਹ ਇਕੱਲੀਆਂ ਹੀ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਦੀਆਂ ਹਨ। ਔਰਤਾਂ ਅਤੇ ਸੰਸਾਰ ਦਾ ਆਰਥਿਕ ਸੰਕਟ (ਅੰਗ੍ਰੇਜ਼ੀ) ਨਾਮਕ ਪੁਸਤਕ ਇਕ ਰਿਪੋਰਟ ਵੱਲ ਧਿਆਨ ਦਿੰਦੀ ਹੈ ਜਿਸ ਨੇ ਬਿਆਨ ਕੀਤਾ: “ਔਰਤਾਂ ਸਿਰਫ਼ ਘਰੇਲੂ ਕੰਮ ਹੀ ਨਹੀਂ ਕਰਦੀਆਂ ਹਨ। ਸੰਸਾਰ ਵਿਚ ਬਹੁਤ ਥੋੜ੍ਹੀਆਂ ਔਰਤਾਂ ਹਨ ਜੋ ‘ਸਿਰਫ਼ ਘਰ ਦਾ ਕੰਮ ਕਰਨ ਵਾਲੀ’ ਹੋਣ ਦਾ ਦਾਅਵਾ ਕਰ ਸਕਦੀਆਂ ਹਨ।” ਅਤੇ ਔਰਤਾਂ ਦਾ ਕੰਮ ਘੱਟ ਹੀ ਠਾਠ-ਬਾਠ ਵਾਲਾ ਹੁੰਦਾ ਹੈ। ਭਾਵੇਂ ਰਸਾਲੇ ਜਾਂ ਟੈਲੀਵਿਯਨ ਦੇ ਨਾਟਕ ਔਰਤਾਂ ਨੂੰ ਸ਼ਾਨਦਾਰ ਦਫ਼ਤਰਾਂ ਵਿਚ ਅਫ਼ਸਰਣੀਆਂ ਵਜੋਂ ਦਿਖਾਉਂਦੇ ਹਨ, ਪਰ ਆਮ ਤੌਰ ਤੇ ਅਸਲੀਅਤ ਕੁਝ ਹੋਰ ਹੁੰਦੀ ਹੈ। ਸੰਸਾਰ ਦੀਆਂ ਬਹੁਤ ਔਰਤਾਂ ਥੋੜ੍ਹੇ ਜਿਹੇ ਭੌਤਿਕ ਫਲ ਵਾਸਤੇ ਕਈ ਘੰਟਿਆਂ ਲਈ ਮਿਹਨਤ ਕਰਦੀਆਂ ਹਨ।
ਕਰੋੜਾਂ ਔਰਤਾਂ ਖੇਤੀ ਦਾ ਕੰਮ ਕਰਦੀਆਂ ਹਨ। ਉਹ ਫ਼ਸਲਾਂ ਦੀ ਵਾਹੀ ਕਰਦੀਆਂ, ਪਰਿਵਾਰ ਦੀ ਥੋੜ੍ਹੀ-ਬਹੁਤ ਜ਼ਮੀਨ ਉੱਤੇ ਖੇਤੀ ਕਰਦੀਆਂ ਹਨ, ਜਾਂ ਪਸ਼ੂਆਂ ਦੀ ਦੇਖ-ਭਾਲ ਕਰਦੀਆਂ ਹਨ। ਇਹ ਮਜ਼ਦੂਰੀ, ਜਿਸ ਲਈ ਅਕਸਰ ਥੋੜ੍ਹੀ ਜਾਂ ਕੋਈ ਤਨਖ਼ਾਹ ਨਹੀਂ ਦਿੱਤੀ ਜਾਂਦੀ ਹੈ, ਸੰਸਾਰ ਦੀ ਅੱਧੀ ਜਨਸੰਖਿਆ ਦਾ ਢਿੱਡ ਭਰਦੀ ਹੈ। “ਅਫ਼ਰੀਕਾ ਵਿਚ, 70 ਫੀ ਸਦੀ ਅਨਾਜ ਔਰਤਾਂ ਦੁਆਰਾ ਪੈਦਾ ਕੀਤਾ ਜਾਂਦਾ ਹੈ, ਏਸ਼ੀਆ ਵਿਚ ਇਹ ਅੰਕ 50-60 ਫੀ ਸਦੀ ਹੈ ਅਤੇ ਲਾਤੀਨੀ ਅਮਰੀਕਾ ਵਿਚ 30 ਫੀ ਸਦੀ ਹੈ,” ਔਰਤਾਂ ਅਤੇ ਵਾਤਾਵਰਣ (ਅੰਗ੍ਰੇਜ਼ੀ) ਨਾਮਕ ਪੁਸਤਕ ਰਿਪੋਰਟ ਕਰਦੀ ਹੈ।
ਜਦੋਂ ਔਰਤਾਂ ਕੋਲ ਤਨਖ਼ਾਹ ਵਾਲੀ ਨੌਕਰੀ ਵੀ ਹੁੰਦੀ ਹੈ, ਤਾਂ ਵੀ ਉਹ ਅਕਸਰ ਆਦਮੀਆਂ ਨਾਲੋਂ ਘੱਟ ਕਮਾਉਂਦੀਆਂ ਹਨ, ਸਿਰਫ਼ ਇਸ ਲਈ ਕਿ ਉਹ ਔਰਤਾਂ ਹਨ। ਇਹ ਪੱਖਪਾਤ ਖ਼ਾਸ ਕਰਕੇ ਪਰਿਵਾਰ ਵਿਚ ਇਕੱਲੀ ਰੋਟੀ ਕਮਾਉਣ ਵਾਲੀ ਮਾਂ ਲਈ ਕੌੜੇ ਘੁੱਟ ਭਰਨ ਵਰਗਾ ਹੁੰਦਾ ਹੈ। ਇਹ ਭੂਮਿਕਾ ਦਿਨੋ-ਦਿਨ ਆਮ ਹੁੰਦੀ ਜਾ ਰਹੀ ਹੈ। ਸੰਯੁਕਤ ਰਾਸ਼ਟਰ-ਸੰਘ ਦੀ ਇਕ ਰਿਪੋਰਟ ਅੰਦਾਜ਼ਾ ਲਾਉਂਦੀ ਹੈ ਕਿ ਅਫ਼ਰੀਕਾ, ਕੈਰੀਬੀਅਨ, ਅਤੇ ਲਾਤੀਨੀ ਅਮਰੀਕਾ ਵਿਚ ਸਾਰੇ ਪਰਿਵਾਰਾਂ ਵਿੱਚੋਂ 30 ਤੋਂ 50 ਫੀ ਸਦੀ ਪਰਿਵਾਰ, ਆਪਣੇ ਗੁਜ਼ਾਰੇ ਲਈ ਇਕ ਔਰਤ ਉੱਤੇ ਨਿਰਭਰ ਹਨ। ਅਤੇ ਜ਼ਿਆਦਾ ਵਿਕਸਿਤ ਦੇਸ਼ਾਂ ਵਿਚ ਵੀ, ਔਰਤਾਂ ਦੀ ਵਧਦੀ ਗਿਣਤੀ ਨੂੰ ਘਰ ਦਾ ਗੁਜ਼ਾਰਾ ਤੋਰਨਾ ਪੈ ਰਿਹਾ ਹੈ।
ਵਿਕਾਸਸ਼ੀਲ ਦੇਸ਼ਾਂ ਦੇ ਬਹੁਤੇ ਹਿੱਸਿਆਂ ਵਿਚ ਪੇਂਡੂ ਲੋਕਾਂ ਦੀ ਗ਼ਰੀਬੀ ਇਸ ਰੁਝਾਨ ਨੂੰ ਵਧਾ ਰਹੀ ਹੈ। ਜਿਸ ਪਤੀ ਨੂੰ ਆਪਣੇ ਪਰਿਵਾਰ ਨੂੰ ਖੁਆਉਣ ਲਈ ਲਗਾਤਾਰ ਸੰਘਰਸ਼ ਕਰਨਾ ਪੈਂਦਾ ਹੈ, ਉਹ ਕੰਮ ਲੱਭਣ ਲਈ ਸ਼ਾਇਦ ਕਿਸੇ ਨੇੜਲੇ ਸ਼ਹਿਰ ਜਾਂ ਕਿਸੇ ਹੋਰ ਦੇਸ਼ ਨੂੰ ਜਾਣ ਦਾ ਫ਼ੈਸਲਾ ਕਰੇ। ਉਹ ਪਰਿਵਾਰ ਦੀ ਦੇਖ-ਭਾਲ ਕਰਨ ਲਈ ਆਪਣੀ ਪਤਨੀ ਨੂੰ ਪਿੱਛੇ ਛੱਡ ਜਾਂਦਾ ਹੈ। ਜੇ ਉਹ ਨੌਕਰੀ ਲੱਭਣ ਵਿਚ ਸਫ਼ਲ ਹੋ ਜਾਵੇ, ਤਾਂ ਉਹ ਘਰ ਪੈਸੇ ਭੇਜਦਾ ਹੈ। ਲੇਕਿਨ ਆਪਣੇ ਚੰਗੇ ਇਰਾਦਿਆਂ ਦੇ ਬਾਵਜੂਦ, ਉਹ ਅਕਸਰ ਇੰਜ ਕਰਨਾ ਜਾਰੀ ਨਹੀਂ ਰੱਖਦਾ ਹੈ। ਉਸ ਦਾ ਪਿੱਛੇ ਛੱਡਿਆ ਪਰਿਵਾਰ ਹੋਰ ਗ਼ਰੀਬੀ ਵਿਚ ਡੁੱਬ ਸਕਦਾ ਹੈ, ਅਤੇ ਉਨ੍ਹਾਂ ਦਾ ਕਲਿਆਣ ਹੁਣ ਮਾਂ ਉੱਤੇ ਨਿਰਭਰ ਕਰਦਾ ਹੈ।
ਇਹ ਕੁੱਚਕਰ, ਜਿਸ ਦਾ ਵਰਣਨ ਉਚਿਤ ਢੰਗ ਨਾਲ “ਗ਼ਰੀਬੀ ਦੇ ਨਾਰੀ ਰੂਪ” ਵਜੋਂ ਕੀਤਾ ਗਿਆ ਹੈ, ਲੱਖਾਂ ਹੀ ਔਰਤਾਂ ਉੱਤੇ ਭਾਰਾ ਬੋਝ ਪਾਉਂਦਾ ਹੈ। “ਅੰਦਾਜ਼ੇ ਅਨੁਸਾਰ ਸੰਸਾਰ ਦੇ ਕੁੱਲ ਪਰਿਵਾਰਾਂ ਵਿੱਚੋਂ ਇਕ-ਤਿਹਾਈ ਪਰਿਵਾਰਾਂ ਵਿਚ ਔਰਤਾਂ ਅਗਵਾਈ ਕਰਦੀਆਂ ਹਨ, ਅਤੇ ਅਜਿਹੇ ਪਰਿਵਾਰਾਂ ਦੀ ਗਿਣਤੀ ਵੱਧ ਰਹੀ ਹੈ। ਇਹ ਪਰਿਵਾਰ ਉਨ੍ਹਾਂ ਨਾਲੋਂ ਕਈ ਗੁਣਾ ਜ਼ਿਆਦਾ ਗ਼ਰੀਬ ਹੁੰਦੇ ਹਨ ਜਿਨ੍ਹਾਂ ਵਿਚ ਆਦਮੀ ਅਗਵਾਈ ਕਰਦੇ ਹਨ,” ਔਰਤਾਂ ਅਤੇ ਸਿਹਤ (ਅੰਗ੍ਰੇਜ਼ੀ) ਨਾਮਕ ਪੁਸਤਕ ਵਿਆਖਿਆ ਕਰਦੀ ਹੈ। ਪਰ ਰੋਟੀ ਦਾ ਪ੍ਰਬੰਧ ਕਰਨਾ ਭਾਵੇਂ ਕਿੰਨਾ ਹੀ ਮੁਸ਼ਕਲ ਕਿਉਂ ਨਾ ਹੋਵੇ, ਇਸ ਤੋਂ ਇਲਾਵਾ ਔਰਤਾਂ ਹੋਰ ਵੀ ਕਈ ਚੁਣੌਤੀਆਂ ਦਾ ਸਾਮ੍ਹਣਾ ਕਰਦੀਆਂ ਹਨ।
ਮਾਵਾਂ ਅਤੇ ਅਧਿਆਪਕਾਵਾਂ
ਇਕ ਮਾਂ ਨੂੰ ਆਪਣੇ ਬੱਚਿਆਂ ਦੇ ਭਾਵਾਤਮਕ ਕਲਿਆਣ ਦੀ ਦੇਖ-ਭਾਲ ਵੀ ਕਰਨੀ ਪੈਂਦੀ ਹੈ। ਉਹ ਬੱਚੇ ਨੂੰ ਪਿਆਰ ਅਤੇ ਸਨੇਹ ਬਾਰੇ ਸਿੱਖਣ ਦੀ ਮਦਦ ਦੇਣ ਵਿਚ ਇਕ ਅਤਿ-ਮਹੱਤਵਪੂਰਣ ਕੰਮ ਕਰਦੀ ਹੈ—ਅਜਿਹੇ ਸਬਕ ਜੋ ਉਸ ਦੀਆਂ ਸਰੀਰਕ ਲੋੜਾਂ ਨੂੰ ਪੂਰਾ ਕਰਨ ਜਿੰਨੇ ਜ਼ਰੂਰੀ ਹੋ ਸਕਦੇ ਹਨ। ਇਕ ਸੰਤੁਲਿਤ ਬਾਲਗ ਬਣਨ ਲਈ, ਬੱਚੇ ਨੂੰ ਵੱਡੇ ਹੁੰਦੇ ਸਮੇਂ ਇਕ ਨਿੱਘ ਭਰਿਆ, ਸੁਰੱਖਿਅਤ ਮਾਹੌਲ ਚਾਹੀਦਾ ਹੈ। ਇਸ ਮਾਮਲੇ ਵਿਚ ਵੀ ਮਾਂ ਦਾ ਕੰਮ ਆਵੱਸ਼ਕ ਹੈ।
ਵੱਡਾ ਹੋ ਰਿਹਾ ਬੱਚਾ (ਅੰਗ੍ਰੇਜ਼ੀ) ਨਾਮਕ ਪੁਸਤਕ ਵਿਚ, ਹੈਲਨ ਬੀ ਲਿਖਦੀ ਹੈ: “ਇਕ ਸਨੇਹੀ [ਮਾਂ] ਆਪਣੇ ਬੱਚੇ ਦੀ ਪਰਵਾਹ ਕਰਦੀ ਹੈ, ਉਸ ਨੂੰ ਪਿਆਰ ਕਰਦੀ ਹੈ, ਅਕਸਰ ਜਾਂ ਬਾਕਾਇਦਾ ਉਸ ਦੀਆਂ ਲੋੜਾਂ ਨੂੰ ਪਹਿਲਾਂ ਰੱਖਦੀ ਹੈ, ਬੱਚੇ ਦੇ ਕੰਮਾਂ ਲਈ ਰੁਚੀ ਦਿਖਾਉਂਦੀ ਹੈ, ਅਤੇ ਬੱਚੇ ਦੇ ਜਜ਼ਬਾਤਾਂ ਪ੍ਰਤੀ ਲਿਹਾਜ਼ ਅਤੇ ਹਮਦਰਦੀ ਦਿਖਾਉਂਦੀ ਹੈ।” ਜਿਨ੍ਹਾਂ ਬੱਚਿਆਂ ਨੇ ਇਕ ਪ੍ਰੇਮਮਈ ਮਾਂ ਤੋਂ ਅਜਿਹਾ ਸਨੇਹ ਪ੍ਰਾਪਤ ਕੀਤਾ ਹੈ, ਉਨ੍ਹਾਂ ਨੂੰ ਜ਼ਰੂਰ ਉਸ ਲਈ ਆਪਣੀ ਕਦਰ ਦਿਖਾਉਣੀ ਚਾਹੀਦੀ ਹੈ।—ਕਹਾਉਤਾਂ 23:22.
ਦੁੱਧ ਚੁੰਘਾਉਣ ਦੁਆਰਾ, ਕਈ ਮਾਵਾਂ ਜਨਮ ਤੋਂ ਆਪਣੇ ਬੱਚੇ ਲਈ ਇਕ ਪਿਆਰ ਭਰੇ ਮਾਹੌਲ ਦਾ ਪ੍ਰਬੰਧ ਕਰਦੀਆਂ ਹਨ। ਖ਼ਾਸ ਕਰਕੇ ਗ਼ਰੀਬ ਘਰਾਂ ਵਿਚ ਮਾਂ ਦਾ ਆਪਣਾ ਦੁੱਧ ਇਕ ਅਮੁੱਲ ਦਾਤ ਹੈ ਜੋ ਉਹ ਆਪਣੇ ਨਵ-ਜੰਮੇ ਬੱਚੇ ਨੂੰ ਦੇ ਸਕਦੀ ਹੈ। (ਸਫ਼ੇ 10-11 ਉੱਤੇ ਡੱਬੀ ਦੇਖੋ।) ਦਿਲਚਸਪੀ ਦੀ ਗੱਲ ਹੈ ਕਿ ਬਾਈਬਲ ਸਾਨੂੰ ਦੱਸਦੀ ਹੈ ਕਿ ਪੌਲੁਸ ਰਸੂਲ ਨੇ ਥੱਸਲੁਨੀਕਿਯਾ ਦੇ ਮਸੀਹੀਆਂ ਲਈ ਆਪਣੇ ਕੋਮਲ ਜਜ਼ਬਾਤ ਦੀ ਤੁਲਨਾ ਇਕ “ਮਾਤਾ ਜੋ ਆਪਣੇ ਬੱਚਿਆਂ ਨੂੰ ਪਾਲਦੀ ਹੈ” ਦੇ ਜਜ਼ਬਾਤਾਂ ਨਾਲ ਕੀਤੀ ਸੀ।—1 ਥੱਸਲੁਨੀਕੀਆਂ 2:7, 8.
ਆਪਣੇ ਬੱਚਿਆਂ ਨੂੰ ਖੁਆਉਣ-ਪਿਆਉਣ ਅਤੇ ਪਿਆਰ ਦੇਣ ਤੋਂ ਇਲਾਵਾ, ਮਾਂ ਆਮ ਤੌਰ ਤੇ ਉਨ੍ਹਾਂ ਦੀ ਮੁੱਖ ਅਧਿਆਪਕਾ ਹੁੰਦੀ ਹੈ। ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਵਿਚ ਮਾਵਾਂ ਦੀ ਵੱਡੀ ਭੂਮਿਕਾ ਵੱਲ ਸੰਕੇਤ ਕਰਦੇ ਹੋਏ ਬਾਈਬਲ ਸਲਾਹ ਦਿੰਦੀ ਹੈ: “ਹੇ ਮੇਰੇ ਪੁੱਤ੍ਰ, ਤੂੰ ਆਪਣੇ ਪਿਉ ਦਾ ਉਪਦੇਸ਼ ਸੁਣ, ਅਤੇ ਆਪਣੀ ਮਾਂ ਦੀ ਤਾਲੀਮ ਨੂੰ ਨਾ ਛੱਡੀਂ।” (ਕਹਾਉਤਾਂ 1:8) ਮੁੱਖ ਤੌਰ ਤੇ, ਮਾਂ ਜਾਂ ਦਾਦੀ ਹੀ ਧੀਰਜ ਨਾਲ ਬੱਚੇ ਨੂੰ ਬੋਲਣਾ, ਤੁਰਨਾ, ਅਤੇ ਘਰੇਲੂ ਕੰਮ-ਕਾਜ ਕਰਨੇ ਅਤੇ ਹੋਰ ਕਈ ਗੱਲਾਂ ਸਿਖਾਉਂਦੀ ਹੈ।
ਦਇਆ ਦੀ ਸਖ਼ਤ ਜ਼ਰੂਰਤ
ਦਇਆ ਇਕ ਸਭ ਤੋਂ ਵੱਡੀ ਦਾਤ ਹੈ ਜੋ ਔਰਤਾਂ ਆਪਣੇ ਪਰਿਵਾਰਾਂ ਨੂੰ ਦੇ ਸਕਦੀਆਂ ਹਨ। ਜਦੋਂ ਪਰਿਵਾਰ ਦਾ ਇਕ ਮੈਂਬਰ ਬੀਮਾਰ ਹੋ ਜਾਂਦਾ ਹੈ, ਤਾਂ ਮਾਂ ਆਪਣੀਆਂ ਬਾਕੀ ਸਾਰੀਆਂ ਜ਼ਿੰਮੇਵਾਰੀਆਂ ਸੰਭਾਲਦੀ ਹੋਈ ਵੀ ਨਰਸ ਦਾ ਕੰਮ ਕਰਦੀ ਹੈ। “ਦਰਅਸਲ ਔਰਤਾਂ ਸੰਸਾਰ ਵਿਚ ਸਭ ਤੋਂ ਜ਼ਿਆਦਾ ਸਿਹਤ-ਸੰਬੰਧੀ ਦੇਖ-ਭਾਲ ਕਰਦੀਆਂ ਹਨ,” ਔਰਤਾਂ ਅਤੇ ਸਿਹਤ ਨਾਮਕ ਪੁਸਤਕ ਵਿਆਖਿਆ ਕਰਦੀ ਹੈ।
ਮਾਂ ਦੀ ਦਇਆ ਉਸ ਨੂੰ ਪ੍ਰੇਰਿਤ ਵੀ ਕਰ ਸਕਦੀ ਹੈ ਕਿ ਉਹ ਖ਼ੁਦ ਘੱਟ ਖਾਣਾ ਖਾਵੇ ਤਾਂਕਿ ਉਸ ਦੇ ਬੱਚੇ ਭੁੱਖੇ ਨਾ ਰਹਿ ਜਾਣ। ਖੋਜਕਾਰਾਂ ਨੇ ਪਾਇਆ ਹੈ ਕਿ ਅਪੂਰਣ ਖ਼ੁਰਾਕ ਦੇ ਅਸਰ ਦੇ ਬਾਵਜੂਦ ਵੀ ਕੁਝ ਔਰਤਾਂ ਮੰਨਦੀਆਂ ਹਨ ਕਿ ਉਹ ਲੋੜ ਅਨੁਸਾਰ ਕਾਫ਼ੀ ਭੋਜਨ ਖਾ ਰਹੀਆਂ ਹਨ। ਉਹ ਆਪਣੇ ਪਤੀਆਂ ਅਤੇ ਬੱਚਿਆਂ ਨੂੰ ਭੋਜਨ ਦਾ ਜ਼ਿਆਦਾ ਹਿੱਸਾ ਦੇਣ ਲਈ ਇੰਨੀਆਂ ਗਿੱਝੀਆਂ ਹੋਈਆਂ ਹਨ ਕਿ ਜਿੰਨਾ ਚਿਰ ਉਹ ਕੰਮ ਕਰ ਸਕਦੀਆਂ ਹਨ, ਉਹ ਆਪਣੇ ਆਪ ਨੂੰ ਰੱਜੀਆਂ-ਪੁੱਜੀਆਂ ਸਮਝਦੀਆਂ ਹਨ।
ਕਦੀ-ਕਦੀ ਔਰਤ ਦੀ ਦਇਆ ਸਥਾਨਕ ਵਾਤਾਵਰਣ ਬਾਰੇ ਉਸ ਦੀ ਚਿੰਤਾ ਵਿਚ ਪ੍ਰਗਟ ਹੁੰਦੀ ਹੈ। ਉਸ ਦੇ ਲਈ ਇਹ ਵਾਤਾਵਰਣ ਖ਼ਾਸ ਮਹੱਤਤਾ ਰੱਖਦਾ ਹੈ, ਕਿਉਂਕਿ ਜਦੋਂ ਸੋਕਾ, ਰੇਗਿਸਤਾਨ ਦਾ ਫੈਲਾਅ, ਅਤੇ ਜੰਗਲਾਂ ਦੀ ਕਟਾਈ, ਜ਼ਮੀਨ ਨੂੰ ਬੰਜਰ ਬਣਾ ਦਿੰਦੇ ਹਨ, ਤਾਂ ਉਸ ਦਾ ਵੀ ਨੁਕਸਾਨ ਹੁੰਦਾ ਹੈ। ਭਾਰਤ ਦੇ ਇਕ ਕਸਬੇ ਵਿਚ, ਔਰਤਾਂ ਕ੍ਰੋਧਿਤ ਹੋਈਆਂ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਕ ਲੱਕੜ ਦੀ ਕੰਪਨੀ ਨੇੜਲੇ ਜੰਗਲ ਵਿਚ ਕੁਝ 2,500 ਦਰਖ਼ਤ ਕੱਟਣ ਵਾਲੀ ਹੈ। ਔਰਤਾਂ ਨੂੰ ਭੋਜਨ, ਬਾਲਣ, ਅਤੇ ਪੱਠਿਆਂ ਲਈ ਇਨ੍ਹਾਂ ਦਰਖ਼ਤਾਂ ਦੀ ਲੋੜ ਸੀ। ਜਦੋਂ ਲੱਕੜ ਕੱਟਣ ਵਾਲੇ ਕਾਮੇ ਆਏ, ਤਾਂ ਇਕ ਦੂਜੀ ਦਾ ਹੱਥ ਫੜ ਕੇ ਔਰਤਾਂ ਦਰਖ਼ਤਾਂ ਦੇ ਦੁਆਲੇ ਘੇਰਾ ਪਾ ਕੇ ਉਨ੍ਹਾਂ ਨੂੰ ਬਚਾਉਣ ਲਈ, ਪਹਿਲਾਂ ਹੀ ਤਿਆਰ ਖੜ੍ਹੀਆਂ ਸਨ। ‘ਜੇਕਰ ਤੁਸੀਂ ਇਨ੍ਹਾਂ ਦਰਖ਼ਤਾਂ ਨੂੰ ਕੱਟਣਾ ਚਾਹੁੰਦੇ ਹੋ, ਤਾਂ ਪਹਿਲਾਂ ਤੁਹਾਨੂੰ ਸਾਡੇ ਸਿਰ ਕੱਟਣੇ ਪੈਣਗੇ,’ ਔਰਤਾਂ ਨੇ ਲੱਕੜ ਕੱਟਣ ਵਾਲਿਆਂ ਨੂੰ ਕਿਹਾ। ਇਸ ਤਰ੍ਹਾਂ ਜੰਗਲ ਬਚਾਇਆ ਗਿਆ।
“ਉਹ ਦੇ ਹੱਥਾਂ ਦਾ ਫਲ ਉਹ ਨੂੰ ਦਿਓ”
ਚਾਹੇ ਔਰਤ ਰੋਟੀ ਕਮਾਉਣ ਵਾਲੀ ਹੋਵੇ, ਮਾਂ ਹੋਵੇ, ਅਧਿਆਪਕਾ ਹੋਵੇ, ਜਾਂ ਦਇਆ ਦਾ ਸ੍ਰੋਤ ਹੋਵੇ, ਉਸ ਦੀ ਅਤੇ ਉਸ ਦੇ ਕੰਮ ਦੀ ਇੱਜ਼ਤ ਅਤੇ ਕਦਰ ਕੀਤੀ ਜਾਣੀ ਚਾਹੀਦੀ ਹੈ। ਆਦਰ ਨਾਲ ਪਤਵੰਤੀ ਇਸਤਰੀ ਦਾ ਜ਼ਿਕਰ ਕਰਨ ਵਾਲੇ ਬੁੱਧੀਮਾਨ ਮਨੁੱਖ ਲਮੂਏਲ ਨੇ ਔਰਤ ਦੇ ਕੰਮ ਅਤੇ ਉਸ ਦੀ ਸਲਾਹ ਦੋਹਾਂ ਦੀ ਕਦਰ ਕੀਤੀ। ਦਰਅਸਲ, ਬਾਈਬਲ ਵਿਆਖਿਆ ਕਰਦੀ ਹੈ ਕਿ ਮੁੱਖ ਰੂਪ ਵਿਚ ਉਸ ਦਾ ਸੰਦੇਸ਼ ਉਸ ਨੂੰ ਆਪਣੀ ਮਾਂ ਤੋਂ ਮਿਲੀ ਸਿੱਖਿਆ ਤੇ ਆਧਾਰਿਤ ਸੀ। (ਕਹਾਉਤਾਂ 31:1) ਲਮੂਏਲ ਦ੍ਰਿੜ੍ਹ ਵਿਸ਼ਵਾਸ ਰੱਖਦਾ ਸੀ ਕਿ ਇਕ ਮਿਹਨਤੀ ਪਤਨੀ ਅਤੇ ਮਾਂ ਨੂੰ ਮਾਮੂਲੀ ਨਹੀਂ ਸਮਝਿਆ ਜਾਣਾ ਚਾਹੀਦਾ ਹੈ। “ਉਹ ਦੇ ਹੱਥਾਂ ਦਾ ਫਲ ਉਹ ਨੂੰ ਦਿਓ,” ਉਸ ਨੇ ਲਿਖਿਆ। ‘ਉਹ ਦੇ ਕੰਮ ਆਪੇ ਉਹ ਨੂੰ ਜਸ ਦਿੰਦੇ ਹਨ।’—ਕਹਾਉਤਾਂ 31:31.
ਪਰ, ਜਦੋਂ ਲਮੂਏਲ ਨੇ ਇਹ ਦ੍ਰਿਸ਼ਟੀਕੋਣ ਦਰਜ ਕੀਤੇ, ਤਾਂ ਇਹ ਸਿਰਫ਼ ਮਾਨਵੀ ਸੋਚਣੀ ਦੀ ਝਲਕ ਨਹੀਂ ਸਨ। ਇਹ ਬਾਈਬਲ ਵਿਚ ਦਰਜ ਹਨ, ਜੋ ਪਰਮੇਸ਼ੁਰ ਦਾ ਬਚਨ ਹੈ। “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ।” (2 ਤਿਮੋਥਿਉਸ 3:16) ਔਰਤਾਂ ਬਾਰੇ ਇਹ ਮਨੋਭਾਵ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹਨ, ਕਿਉਂਕਿ ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਇਹ ਲਿਖਤਾਂ ਸਾਡੀ ਸਿੱਖਿਆ ਲਈ ਬਾਈਬਲ ਵਿਚ ਦਰਜ ਕੀਤੀਆਂ ਗਈਆਂ ਹਨ।
ਇਸ ਤੋਂ ਇਲਾਵਾ, ਪਰਮੇਸ਼ੁਰ ਦਾ ਪ੍ਰੇਰਿਤ ਬਚਨ ਕਹਿੰਦਾ ਹੈ ਕਿ ਪਤੀਆਂ ਨੂੰ ‘ਆਪਣੀਆਂ ਪਤਨੀਆਂ ਦਾ ਆਦਰ ਕਰਨਾ’ ਚਾਹੀਦਾ ਹੈ। (1 ਪਤਰਸ 3:7) ਅਤੇ ਅਫ਼ਸੀਆਂ 5:33 ਵਿਚ ਪਤੀ ਨੂੰ ਦੱਸਿਆ ਗਿਆ ਹੈ: “ਤੁਸਾਂ ਵਿੱਚੋਂ . . . ਹਰੇਕ ਆਪੋ ਆਪਣੀ ਪਤਨੀ ਨਾਲ ਆਪਣੇ ਹੀ ਜਿਹਾ ਪ੍ਰੇਮ ਕਰੇ।” ਵਾਕਈ, ਅਫ਼ਸੀਆਂ 5:25 ਕਹਿੰਦਾ ਹੈ: “ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਜਿਵੇਂ ਮਸੀਹ ਨੇ ਵੀ ਕਲੀਸਿਯਾ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ।” ਜੀ ਹਾਂ, ਮਸੀਹ ਨੇ ਆਪਣੇ ਪੈਰੋਕਾਰਾਂ ਨਾਲ ਇੰਨਾ ਪ੍ਰੇਮ ਕੀਤਾ ਕਿ ਉਹ ਉਨ੍ਹਾਂ ਵਾਸਤੇ ਮਰਨ ਲਈ ਤਿਆਰ ਸੀ। ਉਸ ਨੇ ਪਤੀਆਂ ਲਈ ਕਿੰਨੀ ਵਧੀਆ, ਨਿਰਸੁਆਰਥ ਮਿਸਾਲ ਕਾਇਮ ਕੀਤੀ! ਅਤੇ ਜਿਨ੍ਹਾਂ ਮਿਆਰਾਂ ਨੂੰ ਯਿਸੂ ਨੇ ਸਿਖਾਇਆ ਅਤੇ ਜਿਨ੍ਹਾਂ ਅਨੁਸਾਰ ਉਹ ਚੱਲਿਆ, ਉਹ ਪਰਮੇਸ਼ੁਰ ਦੇ ਮਿਆਰਾਂ ਦਾ ਅਕਸ ਸਨ, ਜੋ ਸਾਡੇ ਫ਼ਾਇਦੇ ਲਈ ਬਾਈਬਲ ਵਿਚ ਦਰਜ ਹਨ।
ਫਿਰ ਵੀ, ਇੰਨੇ ਖੇਤਰਾਂ ਵਿਚ ਔਰਤਾਂ ਦੀ ਸਖ਼ਤ ਮਿਹਨਤ ਦੇ ਬਾਵਜੂਦ, ਕਈ ਔਰਤਾਂ ਨੂੰ ਆਪਣੀ ਮਿਹਨਤ ਲਈ ਘੱਟ ਹੀ ਮਾਨਤਾ ਮਿਲਦੀ ਹੈ। ਉਹ ਆਪਣਾ ਜੀਵਨ ਹੁਣ ਵੀ ਕਿਵੇਂ ਸੁਧਾਰ ਸਕਦੀਆਂ ਹਨ? ਨਾਲੇ, ਕੀ ਕੋਈ ਉਮੀਦ ਹੈ ਕਿ ਉਨ੍ਹਾਂ ਪ੍ਰਤੀ ਰਵੱਈਆ ਬਦਲੇਗਾ? ਭਵਿੱਖ ਵਿਚ ਔਰਤਾਂ ਲਈ ਕਿਹੜੀਆਂ ਸੰਭਾਵਨਾਵਾਂ ਹਨ?
[ਸਫ਼ੇ 10, 11 ਉੱਤੇ ਡੱਬੀ/ਤਸਵੀਰ]
ਔਰਤ ਵਾਸਤੇ ਆਪਣੇ ਜੀਵਨ ਨੂੰ ਸੁਧਾਰਨ ਦੇ ਤਿੰਨ ਤਰੀਕੇ
ਪੜ੍ਹਾਈ-ਲਿਖਾਈ। ਸੰਸਾਰ ਵਿਚ ਕੁਝ 60 ਕਰੋੜ ਔਰਤਾਂ ਅਨਪੜ੍ਹ ਹਨ—ਜਿਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਨੂੰ ਸਕੂਲ ਜਾਣ ਦਾ ਕਦੀ ਮੌਕਾ ਨਹੀਂ ਮਿਲਿਆ। ਤੁਸੀਂ ਖ਼ੁਦ ਵੀ ਸ਼ਾਇਦ ਘੱਟ ਹੀ ਸਕੂਲੀ ਸਿੱਖਿਆ ਪ੍ਰਾਪਤ ਕੀਤੀ ਹੋਵੇ, ਲੇਕਿਨ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਆਪਣੇ ਆਪ ਨੂੰ ਸਿੱਖਿਆ ਨਹੀਂ ਦੇ ਸਕਦੇ ਹੋ। ਇਹ ਸੌਖਾ ਨਹੀਂ ਹੈ, ਪਰ ਕਈ ਔਰਤਾਂ ਕਾਮਯਾਬ ਹੋਈਆਂ ਹਨ। “ਬਾਲਗਾਂ ਨੂੰ ਪੜ੍ਹਨ-ਲਿਖਣ ਦੀ ਯੋਗਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਹੋਣ ਵਿਚ ਧਾਰਮਿਕ ਕਾਰਨ ਇਕ ਮਹੱਤਵਪੂਰਣ ਭੂਮਿਕਾ ਅਦਾ ਕਰ ਸਕਦੇ ਹਨ,” ਔਰਤਾਂ ਅਤੇ ਪੜ੍ਹਾਈ-ਲਿਖਾਈ ਦੀ ਯੋਗਤਾ (ਅੰਗ੍ਰੇਜ਼ੀ) ਨਾਮਕ ਪੁਸਤਕ ਵਿਆਖਿਆ ਕਰਦੀ ਹੈ। ਆਪਣੇ ਆਪ ਲਈ ਬਾਈਬਲ ਪੜ੍ਹ ਸਕਣਾ, ਪੜ੍ਹਨ ਦੀ ਯੋਗਤਾ ਪ੍ਰਾਪਤ ਕਰਨ ਦਾ ਇਕ ਚੰਗਾ ਫਲ ਹੈ। ਪਰ ਹੋਰ ਵੀ ਕਈ ਫ਼ਾਇਦੇ ਹਨ।
ਪੜ੍ਹੀ-ਲਿਖੀ ਮਾਂ ਦੇ ਕੋਲ ਨਾ ਕੇਵਲ ਬਹੁਤ ਸਾਰੇ ਆਰਥਿਕ ਮੌਕੇ ਹੁੰਦੇ ਹਨ ਪਰ ਉਹ ਚੰਗੀ ਸਿਹਤ ਦੀਆਂ ਆਦਤਾਂ ਬਾਰੇ ਵੀ ਸਿੱਖ ਸਕਦੀ ਹੈ। ਭਾਰਤ ਦਾ ਕੇਰਲਾ ਸੂਬਾ ਪੜ੍ਹਨ-ਲਿਖਣ ਦੀ ਯੋਗਤਾ ਦੇ ਫ਼ਾਇਦਿਆਂ ਦੀ ਇਕ ਉੱਤਮ ਮਿਸਾਲ ਹੈ। ਭਾਵੇਂ ਕਿ ਕਮਾਈ ਦੇ ਸੰਬੰਧ ਵਿਚ ਇਹ ਇਲਾਕਾ ਆਮ ਨਾਲੋਂ ਨੀਵੇਂ ਦਰਜੇ ਤੇ ਹੈ, ਪਰ ਇਸ ਦੀਆਂ 87 ਫੀ ਸਦੀ ਔਰਤਾਂ ਪੜ੍ਹੀਆਂ-ਲਿਖੀਆਂ ਹਨ। ਦਿਲਚਸਪੀ ਦੀ ਗੱਲ ਹੈ ਕਿ ਇਸ ਸੂਬੇ ਵਿਚ, ਬਾਲ ਮੌਤਾਂ ਦੀ ਗਿਣਤੀ ਬਾਕੀ ਭਾਰਤ ਨਾਲੋਂ ਪੰਜ ਗੁਣਾ ਘੱਟ ਹੈ; ਔਸਤ ਤੌਰ ਤੇ ਔਰਤਾਂ 15 ਸਾਲ ਜ਼ਿਆਦਾ ਜੀਉਂਦੀਆਂ ਹਨ; ਅਤੇ ਸਾਰੀਆਂ ਕੁੜੀਆਂ ਸਕੂਲ ਜਾਂਦੀਆਂ ਹਨ।
ਸੁਭਾਵਕ ਤੌਰ ਤੇ, ਪੜ੍ਹੀ-ਲਿਖੀ ਮਾਂ ਆਪਣੇ ਬੱਚਿਆਂ ਦੀ ਸਿੱਖਿਆ ਵਿਚ ਰੁਚੀ ਨੂੰ ਵਧਾਉਂਦੀ ਹੈ—ਅਤੇ ਇਹ ਕੋਈ ਮਾਮੂਲੀ ਪ੍ਰਾਪਤੀ ਨਹੀਂ। ਕੁੜੀਆਂ ਦੀ ਪੜ੍ਹਾਈ-ਲਿਖਾਈ ਇਕ ਵਧੀਆ ਪੂੰਜੀ ਹੈ। ਸੰਯੁਕਤ ਰਾਸ਼ਟਰ ਬਾਲ ਫ਼ੰਡ (ਯੂਨੀਸੈਫ਼) ਦਾ ਪ੍ਰਕਾਸ਼ਨ ਸੰਸਾਰ ਦੇ ਬੱਚਿਆਂ ਦੀ ਹਾਲਤ 1991 (ਅੰਗ੍ਰੇਜ਼ੀ) ਗੌਰ ਕਰਦਾ ਹੈ ਕਿ ਪਰਿਵਾਰ ਦੀ ਸਿਹਤ ਅਤੇ ਖ਼ੁਦ ਔਰਤਾਂ ਦੀਆਂ ਜ਼ਿੰਦਗੀਆਂ ਨੂੰ ਸੁਧਾਰਨ ਲਈ ਹੋਰ ਕੋਈ ਚੀਜ਼ ਇੰਨੀ ਪ੍ਰਭਾਵਕਾਰੀ ਨਹੀਂ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਕ ਚੰਗੀ ਮਾਂ ਅਤੇ ਰੋਟੀ ਕਮਾਉਣ ਵਾਲੀ ਬਣਨ ਲਈ ਪੜ੍ਹਨ-ਲਿਖਣ ਦੀ ਯੋਗਤਾ ਤੁਹਾਡੀ ਮਦਦ ਕਰੇਗੀ।a
ਸਿਹਤ। ਇਕ ਮਾਂ ਹੋਣ ਦੇ ਨਾਤੇ, ਤੁਹਾਨੂੰ ਆਪਣੀ ਦੇਖ-ਭਾਲ ਕਰਨੀ ਚਾਹੀਦੀ ਹੈ, ਖ਼ਾਸ ਕਰਕੇ ਜੇ ਤੁਸੀਂ ਗਰਭਵਤੀ ਹੋ ਜਾਂ ਬੱਚੇ ਨੂੰ ਦੁੱਧ ਚੁੰਘਾ ਰਹੇ ਹੋ। ਕੀ ਤੁਸੀਂ ਹੋਰ ਚੰਗੀ ਖ਼ੁਰਾਕ ਖਾ ਸਕਦੇ ਹੋ? ਅਫ਼ਰੀਕਾ ਅਤੇ ਦੱਖਣੀ ਤੇ ਪੱਛਮੀ ਏਸ਼ੀਆ ਵਿਚ ਗਰਭਵਤੀ ਔਰਤਾਂ ਵਿੱਚੋਂ ਤਕਰੀਬਨ ਦੋ-ਤਿਹਾਈ ਔਰਤਾਂ ਵਿਚ ਖ਼ੂਨ ਦੀ ਕਮੀ ਹੈ। ਕਮਜ਼ੋਰੀ ਤੋਂ ਛੁੱਟ, ਇਹ ਹਾਲਤ ਜਣੇਪੇ ਸੰਬੰਧੀ ਖ਼ਤਰਿਆਂ ਨੂੰ ਵਧਾਉਂਦੀ ਹੈ ਅਤੇ ਇਸ ਕਰਕੇ ਮਲੇਰੀਆ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਭਾਵੇਂ ਮੀਟ ਜਾਂ ਮੱਛੀ ਮੁਸ਼ਕਲ ਨਾਲ ਮਿਲਦੀ ਹੋਵੇ ਜਾਂ ਮਹਿੰਗੀ ਹੋਵੇ, ਆਂਡੇ ਅਤੇ ਆਇਰਨ ਭਰਪੂਰ ਫਲ ਜਾਂ ਸਬਜ਼ੀਆਂ ਸ਼ਾਇਦ ਮਿਲਦੀਆਂ ਹੋਣ। ਵਹਿਮ ਦੇ ਕਾਰਨ ਪੌਸ਼ਟਿਕ ਭੋਜਨ ਖਾਣ ਤੋਂ ਪਰਹੇਜ਼ ਨਾ ਕਰੋ, ਅਤੇ ਸਥਾਨਕ ਰਿਵਾਜਾਂ ਕਰਕੇ ਪਰਿਵਾਰ ਦੇ ਭੋਜਨ ਵਿੱਚੋਂ ਆਪਣਾ ਹਿੱਸਾ ਨਾ ਛੱਡੋ।b
ਦੁੱਧ ਚੁੰਘਾਉਣਾ ਤੁਹਾਡੇ ਲਈ ਨਾਲੇ ਤੁਹਾਡੇ ਬੱਚੇ ਲਈ ਚੰਗਾ ਹੈ। ਮਾਂ ਦਾ ਦੁੱਧ ਓਪਰੇ ਦੁੱਧ ਨਾਲੋਂ ਸਸਤਾ, ਜ਼ਿਆਦਾ ਸਿਹਤਮੰਦ, ਅਤੇ ਜ਼ਿਆਦਾ ਪੌਸ਼ਟਿਕ ਹੁੰਦਾ ਹੈ। ਯੂਨੀਸੈਫ਼ ਹਿਸਾਬ ਲਾਉਂਦਾ ਹੈ ਕਿ ਹਰ ਸਾਲ ਦਸ ਲੱਖ ਬੱਚਿਆਂ ਦੀਆਂ ਮੌਤਾਂ ਰੋਕੀਆਂ ਜਾ ਸਕਦੀਆਂ ਹਨ ਜੇਕਰ ਮਾਵਾਂ ਆਪਣੇ ਬੱਚਿਆਂ ਨੂੰ ਪਹਿਲੇ ਚਾਰ ਤੋਂ ਛੇ ਮਹੀਨਿਆਂ ਵਿਚ ਦੁੱਧ ਚੁੰਘਾਉਣ। ਲੇਕਿਨ, ਜੇ ਮਾਂ ਨੂੰ ਕੋਈ ਛੂਤ ਦੀ ਬੀਮਾਰੀ ਹੈ, ਜੋ ਦੁੱਧ ਚੁੰਘਾਉਣ ਰਾਹੀਂ ਬੱਚੇ ਨੂੰ ਲੱਗ ਸਕਦੀ ਹੈ, ਤਾਂ ਫਿਰ ਕੋਈ ਹੋਰ ਸੁਰੱਖਿਅਤ ਓਪਰਾ ਦੁੱਧ ਪਿਲਾਇਆ ਜਾਣਾ ਚਾਹੀਦਾ ਹੈ।
ਜੇ ਤੁਸੀਂ ਆਪਣੇ ਘਰ ਦੇ ਅੰਦਰ ਚੁੱਲ੍ਹੇ ਉੱਤੇ ਖਾਣਾ ਪਕਾਉਂਦੇ ਹੋ ਤਾਂ ਨਿਸ਼ਚਿਤ ਕਰੋ ਕਿ ਕਮਰਾ ਹਵਾਦਾਰ ਹੈ। “ਖਾਣਾ ਪਕਾਉਂਦੇ ਸਮੇਂ ਬਣਨ ਵਾਲੀਆਂ ਜ਼ਹਿਰੀਲੀਆਂ ਗੈਸਾਂ ਅਤੇ ਧੂੰਏਂ ਵਾਲਾ ਵਾਤਾਵਰਣ ਸ਼ਾਇਦ ਅੱਜ ਸਿਹਤ ਸੰਬੰਧੀ ਖ਼ਤਰਿਆਂ ਵਿੱਚੋਂ ਸਭ ਤੋਂ ਗੰਭੀਰ ਹੈ,” ਔਰਤਾਂ ਅਤੇ ਸਿਹਤ ਨਾਮਕ ਪੁਸਤਕ ਖ਼ਬਰਦਾਰ ਕਰਦੀ ਹੈ।
ਤਮਾਖੂ ਨਾ ਪੀਓ, ਭਾਵੇਂ ਪੀਣ ਲਈ ਤੁਹਾਡੇ ਤੇ ਕਿੰਨਾ ਹੀ ਜ਼ੋਰ ਕਿਉਂ ਨਾ ਪਾਇਆ ਜਾਵੇ। ਵਿਕਾਸਸ਼ੀਲ ਦੇਸ਼ਾਂ ਵਿਚ ਸਿਗਰਟ ਦੀ ਵਿਆਪਕ ਇਸ਼ਤਿਹਾਰਬਾਜ਼ੀ ਔਰਤਾਂ ਨੂੰ ਨਿਸ਼ਾਨਾ ਬਣਾ ਰਹੀ ਹੈ, ਅਤੇ ਉਨ੍ਹਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਤਮਾਖੂ ਪੀਣਾ ਸਭਿਆਵਾਨ ਹੈ। ਇਹ ਗੱਲ ਬਿਲਕੁਲ ਝੂਠੀ ਹੈ। ਤਮਾਖੂ ਪੀਣਾ ਤੁਹਾਡੇ ਬੱਚਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਤੁਹਾਡੀ ਜਾਨ ਲੈ ਸਕਦਾ ਹੈ। ਇਹ ਹਿਸਾਬ ਲਾਇਆ ਗਿਆ ਹੈ ਕਿ ਆਖ਼ਰਕਾਰ ਤਮਾਖੂ ਪੀਣ ਵਾਲੇ ਲੋਕਾਂ ਦਾ ਚੌਥਾ ਹਿੱਸਾ ਆਪਣੀ ਇਸ ਆਦਤ ਕਾਰਨ ਮਰ ਜਾਂਦਾ ਹੈ। ਇਸ ਤੋਂ ਇਲਾਵਾ, ਮਾਹਰ ਚੇਤਾਵਨੀ ਦਿੰਦੇ ਹਨ ਕਿ ਪਹਿਲੀ ਵਾਰ ਸਿਗਰਟ ਪੀਣ ਵਾਲੇ ਵਿਅਕਤੀ ਲਈ ਤਮਾਖੂ ਦਾ ਆਦੀ ਬਣਨ ਦੀ ਸੰਭਾਵਨਾ ਬਹੁਤ ਹੀ ਵੱਡੀ ਹੈ।
ਸਫ਼ਾਈ। ਸਫ਼ਾਈ ਦੇ ਸੰਬੰਧ ਵਿਚ ਤੁਹਾਡੀ ਮਿਸਾਲ ਅਤੇ ਤੁਹਾਡੀ ਸਲਾਹ ਤੁਹਾਡੇ ਪਰਿਵਾਰ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ। ਜੀਵਨ ਲਈ ਤੱਥ (ਅੰਗ੍ਰੇਜ਼ੀ) ਨਾਮਕ ਪ੍ਰਕਾਸ਼ਨ ਵਿਚ ਸਫ਼ਾਈ ਸੰਬੰਧੀ ਬੁਨਿਆਦੀ ਕਦਮ ਦੱਸੇ ਗਏ ਹਨ, ਜੋ ਹੇਠਾਂ ਦਿੱਤੇ ਗਏ ਹਨ:
• ਮਲ ਛੋਹਣ ਤੋਂ ਬਾਅਦ ਅਤੇ ਭੋਜਨ ਨੂੰ ਹੱਥ ਲਾਉਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਧੋਵੋ। ਨਿਸ਼ਚਿਤ ਕਰੋ ਕਿ ਤੁਹਾਡੇ ਬੱਚੇ ਰੋਟੀ ਖਾਣ ਤੋਂ ਪਹਿਲਾਂ ਆਪਣੇ ਹੱਥ ਧੋਣ।
• ਪਖਾਨਾ ਇਸਤੇਮਾਲ ਕਰੋ, ਅਤੇ ਉਸ ਨੂੰ ਸਾਫ਼ ਅਤੇ ਢੱਕ ਕੇ ਰੱਖੋ। ਜੇ ਇਹ ਸੰਭਵ ਨਹੀਂ, ਤਾਂ ਆਪਣੇ ਘਰ ਤੋਂ ਜਿੰਨਾ ਦੂਰ ਹੋ ਸਕੇ ਉੱਨਾ ਦੂਰ ਜਾ ਕੇ ਮਲ ਤਿਆਗੋ, ਅਤੇ ਉਸ ਨੂੰ ਫ਼ੌਰਨ ਮਿੱਟੀ ਹੇਠ ਦੱਬ ਦਿਓ।—ਤੁਲਨਾ ਕਰੋ ਬਿਵਸਥਾ ਸਾਰ 23:12, 13.
• ਆਪਣੇ ਪਰਿਵਾਰ ਲਈ ਸਾਫ਼ ਪਾਣੀ ਵਰਤਣ ਦਾ ਜਤਨ ਕਰੋ। ਇਸ ਲਈ, ਖੂਹ ਨੂੰ ਢੱਕ ਕੇ ਰੱਖੋ ਅਤੇ ਪਾਣੀ ਲਿਆਉਣ ਲਈ ਸਾਫ਼ ਭਾਂਡੇ ਵਰਤੋ।
• ਜੇਕਰ ਤੁਹਾਨੂੰ ਸਾਫ਼ ਪੀਣ ਵਾਲਾ ਪਾਣੀ ਨਹੀਂ ਮਿਲਦਾ ਹੈ, ਤਾਂ ਪਾਣੀ ਨੂੰ ਉਬਾਲੋ ਅਤੇ ਫਿਰ ਪੀਣ ਤੋਂ ਪਹਿਲਾਂ ਉਸ ਨੂੰ ਠੰਢਾ ਹੋਣ ਦਿਓ। ਨਾ ਉਬਾਲਿਆ ਗਿਆ ਪਾਣੀ ਭਾਵੇਂ ਦੇਖਣ ਨੂੰ ਸਾਫ਼ ਲੱਗਦਾ ਹੋਵੇ, ਉਹ ਫਿਰ ਵੀ ਗੰਦਾ ਹੋ ਸਕਦਾ ਹੈ।
• ਯਾਦ ਰੱਖੋ ਕਿ ਕੱਚੇ ਖਾਣੇ ਤੋਂ ਛੂਤ ਦੀ ਬੀਮਾਰੀ ਲੱਗਣੀ ਜ਼ਿਆਦਾ ਸੰਭਵ ਹੈ। ਕੱਚੀਆਂ ਖਾਣ ਵਾਲੀਆਂ ਚੀਜ਼ਾਂ ਖਾਣ ਤੋਂ ਪਹਿਲਾਂ ਧੋਤੀਆਂ ਅਤੇ ਫ਼ੌਰਨ ਖਾਧੀਆਂ ਜਾਣੀਆਂ ਚਾਹੀਦੀਆਂ ਹਨ। ਦੂਸਰੇ ਭੋਜਨ-ਪਦਾਰਥ ਚੰਗੀ ਤਰ੍ਹਾਂ ਪਕਾਏ ਜਾਣੇ ਚਾਹੀਦੇ ਹਨ, ਖ਼ਾਸ ਕਰਕੇ ਮੀਟ।
• ਭੋਜਨ ਨੂੰ ਸਾਫ਼ ਅਤੇ ਢੱਕ ਕੇ ਰੱਖੋ ਤਾਂ ਜੋ ਕੀੜੇ ਮਕੌੜੇ ਜਾਂ ਪਸ਼ੂ ਉਸ ਨੂੰ ਗੰਦਾ ਨਾ ਕਰ ਸਕਣ।
• ਘਰ ਦਾ ਕੂੜਾ ਜਲਾ ਦਿਓ ਜਾਂ ਦੱਬ ਦਿਓ।c
[ਫੁਟਨੋਟ]
a ਯਹੋਵਾਹ ਦੇ ਗਵਾਹ ਬਾਈਬਲ ਸਿੱਖਿਆ ਦੇ ਆਪਣੇ ਕਾਰਜਕ੍ਰਮ ਵਿਚ ਪੜ੍ਹਾਈ-ਲਿਖਾਈ ਦੀਆਂ ਕਲਾਸਾਂ ਦਾ ਮੁਫ਼ਤ ਪ੍ਰਬੰਧ ਕਰਦੇ ਹਨ।
b ਕੁਝ ਦੇਸ਼ਾਂ ਵਿਚ, ਲੋਕ ਵਹਿਮ ਕਰਦੇ ਹਨ ਕਿ ਅਣਜੰਮੇ ਬੱਚੇ ਨੂੰ ਨੁਕਸਾਨ ਪਹੁੰਚਾਉਣ ਦੇ ਡਰ ਕਰਕੇ ਗਰਭ-ਅਵਸਥਾ ਦੌਰਾਨ ਔਰਤਾਂ ਨੂੰ ਮੱਛੀ, ਆਂਡੇ, ਜਾਂ ਕੁੱਕੜ ਦਾ ਮੀਟ ਨਹੀਂ ਖਾਣਾ ਚਾਹੀਦਾ ਹੈ। ਕਦੀ-ਕਦੀ ਰਿਵਾਜ ਅਨੁਸਾਰ ਔਰਤਾਂ ਆਦਮੀਆਂ ਅਤੇ ਮੁੰਡਿਆਂ ਦੇ ਰੋਟੀ ਖਾਣ ਤੋਂ ਬਾਅਦ ਬਚਿਆ-ਖੁੱਚਿਆ ਖਾਣਾ ਖਾਂਦੀਆਂ ਹਨ।
c ਹੋਰ ਵੇਰਵਿਆਂ ਲਈ ਅਪ੍ਰੈਲ 8, 1995, ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਸਫ਼ੇ 6-11 ਦੇਖੋ।
[ਸਫ਼ੇ 8 ਉੱਤੇ ਤਸਵੀਰ]
ਪੱਛਮੀ ਦੇਸ਼ਾਂ ਵਿਚ ਕਈ ਔਰਤਾਂ ਦਫ਼ਤਰਾਂ ਵਿਚ ਕੰਮ ਕਰਦੀਆਂ ਹਨ
[ਸਫ਼ੇ 8, 9 ਉੱਤੇ ਤਸਵੀਰ]
ਕਈ ਔਰਤਾਂ ਨੂੰ ਭੈੜੀਆਂ ਹਾਲਤਾਂ ਵਿਚ ਕੰਮ ਕਰਨਾ ਪੈਂਦਾ ਹੈ
[ਕ੍ਰੈਡਿਟ ਲਾਈਨ]
Godo-Foto
[ਸਫ਼ੇ 9 ਉੱਤੇ ਤਸਵੀਰ]
ਮਾਵਾਂ ਘਰ ਵਿਚ ਅਧਿਆਪਕਾਵਾਂ ਦਾ ਕੰਮ ਕਰਦੀਆਂ ਹਨ