ਪਰਮੇਸ਼ੁਰ ਨਾਲ ਨੇੜਤਾ ਵਧਾਓ
“ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ,” ਚੇਲੇ ਯਾਕੂਬ ਨੇ ਲਿਖਿਆ। (ਯਾਕੂਬ 4:8) ਅਤੇ ਜ਼ਬੂਰਾਂ ਦੇ ਲਿਖਾਰੀ ਨੇ ਗਾਇਆ: “ਯਹੋਵਾਹ ਦਾ ਭੇਤ ਉਸ ਦੇ ਭੈ ਮੰਨਣ ਵਾਲਿਆਂ ਦੇ ਲਈ ਹੈ, ਅਤੇ ਉਹ ਆਪਣਾ ਨੇਮ ਉਨ੍ਹਾਂ ਨੂੰ ਦੱਸੇਗਾ।” (ਜ਼ਬੂਰ 25:14) ਨਿਰਸੰਦੇਹ, ਯਹੋਵਾਹ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸ ਨਾਲ ਨੇੜਲਾ ਰਿਸ਼ਤਾ ਬਣਾਈਏ। ਪਰ, ਜ਼ਰੂਰੀ ਨਹੀਂ ਕਿ ਪਰਮੇਸ਼ੁਰ ਦੀ ਉਪਾਸਨਾ ਕਰਨ ਵਾਲਾ ਤੇ ਉਸ ਦੇ ਨਿਯਮਾਂ ਨੂੰ ਮੰਨਣ ਵਾਲਾ ਹਰ ਬੰਦਾ ਆਪਣੇ ਆਪ ਨੂੰ ਉਸ ਦੇ ਨੇੜੇ ਮਹਿਸੂਸ ਕਰੇ।
ਤੁਹਾਡੇ ਬਾਰੇ ਕੀ? ਕੀ ਤੁਹਾਡਾ ਨਿੱਜੀ ਤੌਰ ਤੇ ਪਰਮੇਸ਼ੁਰ ਨਾਲ ਨੇੜਲਾ ਰਿਸ਼ਤਾ ਹੈ? ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਤੁਸੀਂ ਉਸ ਦੇ ਨੇੜੇ ਜਾਣਾ ਚਾਹੁੰਦੇ ਹੋ। ਪਰ ਅਸੀਂ ਪਰਮੇਸ਼ੁਰ ਨਾਲ ਨੇੜਤਾ ਕਿਵੇਂ ਬਣਾ ਸਕਦੇ ਹਾਂ? ਇਸ ਦਾ ਸਾਡੇ ਉੱਤੇ ਕੀ ਅਸਰ ਪਵੇਗਾ? ਬਾਈਬਲ ਵਿਚਲੀ ਕਹਾਉਤਾਂ ਦੀ ਕਿਤਾਬ ਦਾ ਤੀਸਰਾ ਅਧਿਆਇ ਇਨ੍ਹਾਂ ਦੋਹਾਂ ਸਵਾਲਾਂ ਦੇ ਜਵਾਬ ਦਿੰਦਾ ਹੈ
ਦਇਆ ਅਤੇ ਸੱਚਾਈ ਦਿਖਾਓ
ਪ੍ਰਾਚੀਨ ਇਸਰਾਏਲ ਦੇ ਰਾਜੇ ਸੁਲੇਮਾਨ ਨੇ ਕਹਾਉਤਾਂ ਦਾ ਤੀਸਰਾ ਅਧਿਆਇ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਕੀਤਾ: “ਹੇ ਮੇਰੇ ਪੁੱਤ੍ਰ, ਤੂੰ ਮੇਰੀ ਤਾਲੀਮ ਨੂੰ ਨਾ ਭੁੱਲ, ਸਗੋਂ ਆਪਣੇ ਚਿੱਤ ਨਾਲ ਮੇਰੇ ਹੁਕਮਾਂ ਨੂੰ ਮੰਨ, ਕਿਉਂ ਜੋ ਓਹ ਉਮਰ ਦੀ ਲੰਬਾਈ, ਜੀਉਣ ਦੇ ਵਰ੍ਹੇ, ਅਤੇ ਸ਼ਾਂਤੀ ਤੇਰੇ ਲਈ ਵਧਾਉਣਗੇ।” (ਕਹਾਉਤਾਂ 3:1, 2) ਕਿਉਂਕਿ ਸੁਲੇਮਾਨ ਨੇ ਇਹ ਸਲਾਹ ਪਰਮੇਸ਼ੁਰੀ ਪ੍ਰੇਰਣਾ ਹੇਠ ਆ ਕੇ ਲਿਖੀ, ਇਸ ਲਈ ਇਹ ਪ੍ਰੇਮਮਈ ਸਲਾਹ ਅਸਲ ਵਿਚ ਸਾਡੇ ਪਿਤਾ ਯਹੋਵਾਹ ਪਰਮੇਸ਼ੁਰ ਵੱਲੋਂ ਸਾਨੂੰ ਦਿੱਤੀ ਗਈ ਹੈ। ਸਾਨੂੰ ਇੱਥੇ ਪਰਮੇਸ਼ੁਰੀ ਚੇਤਾਵਨੀਆਂ, ਯਾਨੀ ਕਿ ਬਾਈਬਲ ਵਿਚ ਦਿੱਤੇ ਉਸ ਦੇ ਨਿਯਮਾਂ, ਸਿੱਖਿਆਵਾਂ ਅਤੇ ਹੁਕਮਾਂ ਦੀ ਪਾਲਣਾ ਕਰਦੇ ਰਹਿਣ ਦੀ ਸਲਾਹ ਦਿੱਤੀ ਗਈ ਹੈ। ਜੇਕਰ ਅਸੀਂ ਇੰਜ ਕਰਾਂਗੇ, ਤਾਂ ਸਾਡੀ “ਉਮਰ ਦੀ ਲੰਬਾਈ, ਜੀਉਣ ਦੇ ਵਰ੍ਹੇ, ਅਤੇ ਸ਼ਾਂਤੀ” ਵਧੇਗੀ। ਜੀ ਹਾਂ, ਅੱਜ ਵੀ ਅਸੀਂ ਸ਼ਾਂਤੀਪੂਰਣ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਹਾਂ ਅਤੇ ਉਨ੍ਹਾਂ ਕੰਮਾਂ ਤੋਂ ਬਚ ਸਕਦੇ ਹਾਂ ਜਿਨ੍ਹਾਂ ਕਰਕੇ ਬੁਰਿਆਰ ਅਕਸਰ ਉਮਰ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਇਸ ਤੋਂ ਇਲਾਵਾ, ਅਸੀਂ ਸ਼ਾਤੀਪੂਰਣ ਨਵੇਂ ਸੰਸਾਰ ਵਿਚ ਸਦੀਪਕ ਜੀਵਨ ਦੀ ਉਮੀਦ ਰੱਖ ਸਕਦੇ ਹਾਂ।—ਕਹਾਉਤਾਂ 1:24-31; 2:21, 22.
ਸੁਲੇਮਾਨ ਅੱਗੇ ਕਹਿੰਦਾ ਹੈ: “ਦਯਾ ਅਤੇ ਸਚਿਆਈ ਤੈਨੂੰ ਨਾ ਛੱਡਣ, ਓਹਨਾਂ ਨੂੰ ਆਪਣੇ ਗਲ ਦੇ ਦੁਆਲੇ ਬੰਨ੍ਹ ਲੈ, ਓਹਨਾਂ ਨੂੰ ਆਪਣੇ ਮਨ ਦੀ ਤਖ਼ਤੀ ਉੱਤੇ ਲਿਖ ਲੈ, ਤਾਂ ਤੂੰ ਪਰਮੇਸ਼ੁਰ ਅਤੇ ਆਦਮੀ ਦੀਆਂ ਨਜ਼ਰਾਂ ਵਿੱਚ ਕਿਰਪਾ ਅਤੇ ਨੇਕ ਨਾਮੀ ਪਾਏਂਗਾ।”—ਕਹਾਉਤਾਂ 3:3, 4.
ਇਬਰਾਨੀ ਭਾਸ਼ਾ ਦੇ ਸ਼ਬਦ “ਦਯਾ” ਨੂੰ ਦੂਜੇ ਸ਼ਬਦਾਂ ਵਿਚ “ਨਿਸ਼ਠਾਵਾਨ ਪ੍ਰੇਮ” ਕਿਹਾ ਜਾਂਦਾ ਹੈ ਜਿਸ ਵਿਚ ਸ਼ਰਧਾ, ਏਕਤਾ ਅਤੇ ਵਫ਼ਾਦਾਰੀ ਸ਼ਾਮਲ ਹੁੰਦੀ ਹੈ। ਜੋ ਵੀ ਹੋਵੇ, ਕੀ ਅਸੀਂ ਯਹੋਵਾਹ ਦੇ ਨੇੜੇ ਰਹਿਣ ਲਈ ਦ੍ਰਿੜ੍ਹ ਹਾਂ? ਕੀ ਅਸੀਂ ਆਪਣੇ ਸੰਗੀ ਵਿਸ਼ਵਾਸੀਆਂ ਨਾਲ ਦਇਆ ਨਾਲ ਵਰਤਾਉ ਕਰਦੇ ਹਾਂ? ਕੀ ਅਸੀਂ ਉਨ੍ਹਾਂ ਨਾਲ ਨੇੜਤਾ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਹਾਂ? ਉਨ੍ਹਾਂ ਨਾਲ ਆਪਣੇ ਰੋਜ਼ਾਨਾ ਵਿਹਾਰ ਤੋਂ ਇਲਾਵਾ ਕੀ ਔਖੇ ਹਾਲਾਤਾਂ ਵਿਚ ਵੀ ਸਾਡੀ “ਰਸਨਾ ਉੱਤੇ ਦਯਾ ਦੀ ਸਿੱਖਿਆ” ਰਹਿੰਦੀ ਹੈ?—ਕਹਾਉਤਾਂ 31:26.
ਦਇਆ ਨਾਲ ਭਰਪੂਰ ਹੋਣ ਕਰਕੇ ਯਹੋਵਾਹ “ਮਾਫ਼ ਕਰਨ ਲਈ ਤਿਆਰ ਹੈਂ।” (ਜ਼ਬੂਰ 86:5, ਨਿ ਵ) ਜੇਕਰ ਬੀਤੇ ਸਮੇਂ ਵਿਚ ਕੀਤੇ ਪਾਪਾਂ ਤੋਂ ਤੌਬਾ ਕਰਕੇ ਅਸੀਂ ਹੁਣ ਸਿੱਧੇ ਰਾਹ ਤੁਰਨ ਲੱਗ ਪਏ ਹਾਂ, ਤਾਂ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਵੱਲੋਂ “ਸੁਖ ਦੇ ਦਿਨ” ਜ਼ਰੂਰ ਆਉਣਗੇ। (ਰਸੂਲਾਂ ਦੇ ਕਰਤੱਬ 3:19) ਕੀ ਸਾਨੂੰ ਆਪਣੇ ਪਰਮੇਸ਼ੁਰ ਦੀ ਰੀਸ ਕਰਦੇ ਹੋਏ ਦੂਜਿਆਂ ਦੀਆਂ ਗ਼ਲਤੀਆਂ ਨੂੰ ਮਾਫ਼ ਨਹੀਂ ਕਰਨਾ ਚਾਹੀਦਾ?—ਮੱਤੀ 6:14, 15.
ਯਹੋਵਾਹ ‘ਸਚਿਆਈ ਦਾ ਪਰਮੇਸ਼ੁਰ’ ਹੈ ਅਤੇ ਜਿਹੜੇ ਉਸ ਨਾਲ ਨੇੜਤਾ ਬਣਾਉਣੀ ਚਾਹੁੰਦੇ ਹਨ, ਉਹ ਉਨ੍ਹਾਂ ਕੋਲੋਂ “ਸਚਿਆਈ” ਦੀ ਮੰਗ ਕਰਦਾ ਹੈ। (ਜ਼ਬੂਰ 31:5) ਕੀ ਅਸੀਂ ਦੋਹਰੀ ਜ਼ਿੰਦਗੀ ਜੀ ਕੇ, ਯਾਨੀ ਮਸੀਹੀ ਕਲੀਸਿਯਾ ਵਿਚ ਕਿਸੇ ਹੋਰ ਤਰ੍ਹਾਂ ਦੀ ਤੇ ਬਾਹਰ ਕਿਸੇ ਹੋਰ ਤਰ੍ਹਾਂ ਦੀ ਜ਼ਿੰਦਗੀ ਜੀ ਕੇ, ਯਹੋਵਾਹ ਨੂੰ ਆਪਣਾ ਦੋਸਤ ਬਣਾਉਣ ਦੀ ਉਮੀਦ ਰੱਖ ਸਕਦੇ ਹਾਂ, ਠੀਕ ਉਨ੍ਹਾਂ “ਨਿਕੰਮਿਆਂ” ਲੋਕਾਂ ਵਾਂਗ ਜੋ ਬਾਹਰੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਨਜ਼ਰ ਆਉਂਦੇ ਹਨ? (ਜ਼ਬੂਰ 26:4) ਇੰਜ ਕਰਨਾ ਕਿੰਨੀ ਵੱਡੀ ਮੂਰਖਤਾ ਹੋਵੇਗੀ ਕਿਉਂਕਿ ਯਹੋਵਾਹ “ਦੇ ਨੇਤਰਾਂ ਦੇ ਅੱਗੇ ਸਾਰੀਆਂ ਵਸਤਾਂ ਨੰਗੀਆਂ ਅਤੇ ਖੁਲ੍ਹੀਆਂ ਪਈਆਂ ਹਨ”!—ਇਬਰਾਨੀਆਂ 4:13.
ਦਇਆ ਅਤੇ ਸੱਚਾਈ ਸਾਡੇ ‘ਗਲੇ ਦੇ ਦੁਆਲੇ’ ਪਾਏ ਬੇਸ਼ਕੀਮਤੀ ਹਾਰ ਵਾਂਗ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਇਹ ਗੁਣ ਸਾਨੂੰ “ਪਰਮੇਸ਼ੁਰ ਅਤੇ ਆਦਮੀ ਦੀਆਂ ਨਜ਼ਰਾਂ ਵਿੱਚ ਕਿਰਪਾ ਅਤੇ ਨੇਕ ਨਾਮੀ” ਦਿਵਾਉਣ ਵਿਚ ਮਦਦਗਾਰ ਸਿੱਧ ਹੋਣਗੇ। ਸਾਨੂੰ ਇਨ੍ਹਾਂ ਗੁਣਾਂ ਦਾ ਸਿਰਫ਼ ਦਿਖਾਵਾ ਹੀ ਨਹੀਂ ਕਰਨਾ ਚਾਹੀਦਾ, ਸਗੋਂ ਇਨ੍ਹਾਂ ਨੂੰ “ਆਪਣੇ ਮਨ ਦੀ ਤਖ਼ਤੀ ਉੱਤੇ ਲਿਖ” ਲੈਣਾ ਚਾਹੀਦਾ ਹੈ, ਮਤਲਬ ਕਿ ਇਨ੍ਹਾਂ ਨੂੰ ਆਪਣੀ ਸ਼ਖ਼ਸੀਅਤ ਦਾ ਜ਼ਰੂਰੀ ਹਿੱਸਾ ਬਣਾ ਲੈਣਾ ਚਾਹੀਦਾ ਹੈ।
ਯਹੋਵਾਹ ਵਿਚ ਪੱਕਾ ਭਰੋਸਾ ਵਧਾਓ
ਬੁੱਧੀਮਾਨ ਰਾਜਾ ਅੱਗੋਂ ਹੋਰ ਕਹਿੰਦਾ ਹੈ ਕਿ “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।”—ਕਹਾਉਤਾਂ 3:5, 6.
ਯਹੋਵਾਹ ਸਾਡੇ ਪੂਰੇ ਭਰੋਸੇ ਦੇ ਯੋਗ ਹੈ। ਸ੍ਰਿਸ਼ਟੀਕਰਤਾ ਹੋਣ ਦੇ ਨਾਤੇ, ਉਹ “ਡਾਢੇ ਬਲ” ਵਾਲਾ ਅਤੇ “ਵੱਡੀ ਸ਼ਕਤੀ” ਦਾ ਸੋਮਾ ਹੈ। (ਯਸਾਯਾਹ 40:26, 29) ਉਹ ਆਪਣੇ ਸਾਰੇ ਮਕਸਦਾਂ ਨੂੰ ਪੂਰਾ ਕਰਨ ਦੇ ਯੋਗ ਹੈ। ਅਸਲ ਵਿਚ, ਉਸ ਦੇ ਨਾਂ ਦਾ ਸ਼ਾਬਦਿਕ ਅਰਥ ਹੈ “ਉਹ ਬਣਨ ਦਾ ਕਾਰਨ ਹੁੰਦਾ ਹੈ” ਅਤੇ ਇਹ ਉਸ ਵੱਲੋਂ ਵਾਅਦਾ ਕੀਤੇ ਮਕਸਦਾਂ ਨੂੰ ਪੂਰਾ ਕਰਨ ਦੀ ਯੋਗਤਾ ਵਿਚ ਸਾਡੀ ਨਿਹਚਾ ਵਧਾਉਂਦਾ ਹੈ! “ਪਰਮੇਸ਼ੁਰ ਦਾ ਝੂਠ ਬੋਲਣਾ ਅਣਹੋਣਾ ਹੈ,” ਇਹ ਹਕੀਕਤ ਉਸ ਨੂੰ ਸੱਚਾਈ ਦੀ ਮੂਰਤ ਬਣਾਉਂਦੀ ਹੈ। (ਇਬਰਾਨੀਆਂ 6:18) ਪ੍ਰੇਮ ਉਸ ਦਾ ਸਭ ਤੋਂ ਵੱਡਾ ਗੁਣ ਹੈ। (1 ਯੂਹੰਨਾ 4:8) “ਯਹੋਵਾਹ ਆਪਣੇ ਸਾਰੇ ਰਾਹਾਂ ਵਿੱਚ ਧਰਮੀ ਹੈ, ਅਤੇ ਆਪਣੇ ਸਾਰੇ ਕੰਮਾਂ ਵਿੱਚ ਦਯਾਵਾਨ ਹੈ।” (ਜ਼ਬੂਰ 145:17) ਜੇਕਰ ਅਸੀਂ ਪਰਮੇਸ਼ੁਰ ਵਿਚ ਭਰੋਸਾ ਨਹੀਂ ਰੱਖ ਸਕਦੇ, ਤਾਂ ਹੋਰ ਕਿਸ ਵਿਚ ਰੱਖ ਸਕਦੇ ਹਾਂ? ਨਿਰਸੰਦੇਹ, ਉਸ ਵਿਚ ਨਿਹਚਾ ਵਧਾਉਣ ਲਈ, ਸਾਨੂੰ ਬਾਈਬਲ ਵਿੱਚੋਂ ਸਿੱਖੀਆਂ ਗੱਲਾਂ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰ ਕੇ ਅਤੇ ਇਸ ਦੇ ਚੰਗੇ ਨਤੀਜਿਆਂ ਉੱਤੇ ਮਨਨ ਕਰ ਕੇ ‘ਚਖਣਾ ਤੇ ਵੇਖਣਾ’ ਚਾਹੀਦਾ ਹੈ ਕਿ “ਯਹੋਵਾਹ ਭਲਾ ਹੈ।”—ਜ਼ਬੂਰ 34:8.
ਅਸੀਂ ‘ਆਪਣੇ ਸਾਰਿਆਂ ਰਾਹਾਂ ਵਿੱਚ ਯਹੋਵਾਹ ਨੂੰ’ ਕਿਵੇਂ ਪਛਾਣ ਸਕਦੇ ਹਾਂ? ਜ਼ਬੂਰਾਂ ਦੇ ਪ੍ਰੇਰਿਤ ਲਿਖਾਰੀ ਨੇ ਕਿਹਾ: “ਮੈਂ ਤੇਰੇ ਸਾਰੇ ਕੰਮਾਂ ਉੱਤੇ ਵਿਚਾਰ ਕਰਾਂਗਾ, ਅਤੇ ਮੈਂ ਤੇਰੇ ਕਾਰਜਾਂ ਉੱਤੇ ਧਿਆਨ ਕਰਾਂਗਾ।” (ਜ਼ਬੂਰ 77:12) ਕਿਉਂਕਿ ਅਸੀਂ ਪਰਮੇਸ਼ੁਰ ਨੂੰ ਦੇਖ ਨਹੀਂ ਸਕਦੇ, ਇਸ ਲਈ ਉਸ ਨਾਲ ਨੇੜਤਾ ਬਣਾਉਣ ਵਿਚ ਉਸ ਦੇ ਮਹਾਨ ਕੰਮਾਂ ਅਤੇ ਲੋਕਾਂ ਨਾਲ ਉਸ ਦੇ ਵਰਤਾਉ ਬਾਰੇ ਮਨਨ ਕਰਨਾ ਬਹੁਤ ਲਾਜ਼ਮੀ ਹੈ।
ਪ੍ਰਾਰਥਨਾ ਵੀ ਯਹੋਵਾਹ ਨੂੰ ਪਛਾਣਨ ਦਾ ਇਕ ਅਹਿਮ ਤਰੀਕਾ ਹੈ। ਰਾਜਾ ਦਾਊਦ “ਸਾਰਾ ਦਿਨ” ਯਹੋਵਾਹ ਨੂੰ ਪੁਕਾਰਦਾ ਰਿਹਾ। (ਜ਼ਬੂਰ 86:3) ਜਦੋਂ ਦਾਊਦ ਜੰਗਲ ਵਿਚ ਭਗੌੜਾ ਸੀ, ਤਾਂ ਉਸ ਨੇ ਅਕਸਰ ਸਾਰੀ-ਸਾਰੀ ਰਾਤ ਪ੍ਰਾਰਥਨਾ ਕੀਤੀ। (ਜ਼ਬੂਰ 63:6, 7) ਰਸੂਲ ਪੌਲੁਸ ਨੇ ਕਿਹਾ: “ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ।” (ਅਫ਼ਸੀਆਂ 6:18) ਅਸੀਂ ਕਿੰਨੀ ਕੁ ਵਾਰ ਪ੍ਰਾਰਥਨਾ ਕਰਦੇ ਹਾਂ? ਕੀ ਅਸੀਂ ਪਰਮੇਸ਼ੁਰ ਨਾਲ ਦਿਲੀ ਗੱਲ-ਬਾਤ ਕਰਨ ਦਾ ਆਨੰਦ ਮਾਣਦੇ ਹਾਂ? ਕੀ ਅਸੀਂ ਅਜ਼ਮਾਇਸ਼ਾਂ ਦੌਰਾਨ ਮਦਦ ਲਈ ਉਸ ਨੂੰ ਬੇਨਤੀ ਕਰਦੇ ਹਾਂ? ਕੀ ਅਹਿਮ ਫ਼ੈਸਲੇ ਲੈਣ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਕਰ ਕੇ ਉਸ ਕੋਲੋਂ ਅਗਵਾਈ ਮੰਗਦੇ ਹਾਂ? ਸਾਡੀਆਂ ਦਿਲੋਂ ਕੀਤੀਆਂ ਗਈਆਂ ਪ੍ਰਾਰਥਨਾਵਾਂ ਸਾਨੂੰ ਉਸ ਦਾ ਚਹੇਤਾ ਬਣਾਉਣਗੀਆਂ। ਅਤੇ ਸਾਨੂੰ ਪੂਰਾ ਭਰੋਸਾ ਹੈ ਕਿ ਉਹ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣੇਗਾ ਅਤੇ ਸਾਡੇ ‘ਮਾਰਗਾਂ ਨੂੰ ਸਿੱਧਾ ਕਰੇਗਾ।’
ਯਹੋਵਾਹ ਵਿਚ ਆਪਣਾ ਪੂਰਾ-ਪੂਰਾ ਭਰੋਸਾ ਰੱਖਣ ਦੀ ਬਜਾਇ, ‘ਆਪਣੀ ਹੀ ਸਮਝ ਉੱਤੇ ਅਤਬਾਰ’ ਕਰਨਾ ਜਾਂ ਸੰਸਾਰ ਦੇ ਉੱਘੇ ਵਿਅਕਤੀਆਂ ਉੱਤੇ ਭਰੋਸਾ ਰੱਖਣਾ ਕਿੰਨੀ ਵੱਡੀ ਮੂਰਖਤਾ ਹੈ! ਸੁਲੇਮਾਨ ਨੇ ਕਿਹਾ: “ਤੂੰ ਆਪਣੀ ਨਿਗਾਹ ਵਿੱਚ ਬੁੱਧਵਾਨ ਨਾ ਹੋ।” ਇਸ ਦੀ ਬਜਾਇ, ਉਸ ਨੇ ਸਲਾਹ ਦਿੱਤੀ: “ਯਹੋਵਾਹ ਦਾ ਭੈ ਰੱਖ ਅਤੇ ਬੁਰਿਆਈ ਤੋਂ ਲਾਂਭੇ ਰਹੁ। ਏਸ ਤੋਂ ਤੇਰੀ ਨਾਭੀ ਨਿਰੋਗ, ਅਤੇ ਤੇਰੀਆਂ ਹੱਡੀਆਂ ਪੁਸ਼ਟ ਰਹਿਣਗੀਆਂ।” (ਕਹਾਉਤਾਂ 3:7, 8) ਪਰਮੇਸ਼ੁਰ ਨੂੰ ਨਾਰਾਜ਼ ਕਰਨ ਦੇ ਹਿਤਕਾਰੀ ਡਰ ਦਾ ਅਸਰ ਸਾਡੇ ਕੰਮਾਂ, ਸਾਡੀਆਂ ਸੋਚਾਂ ਅਤੇ ਸਾਡੀਆਂ ਭਾਵਨਾਵਾਂ ਉੱਤੇ ਪੈਣਾ ਚਾਹੀਦਾ ਹੈ। ਇਹੋ ਜਿਹਾ ਸ਼ਰਧਾਮਈ ਡਰ ਸਾਨੂੰ ਬੁਰਾਈ ਕਰਨ ਤੋਂ ਬਚਾਉਂਦਾ ਹੈ ਅਤੇ ਅਧਿਆਤਮਿਕ ਤੌਰ ਤੇ ਸਾਨੂੰ ਤੰਦਰੁਸਤ ਅਤੇ ਨਰੋਆ ਰੱਖਦਾ ਹੈ।
ਯਹੋਵਾਹ ਨੂੰ ਆਪਣਾ ਸਭ ਤੋਂ ਉੱਤਮ ਦਿਓ
ਅਸੀਂ ਹੋਰ ਕਿਹੜੇ ਤਰੀਕੇ ਨਾਲ ਯਹੋਵਾਹ ਦੇ ਨੇੜੇ ਜਾ ਸਕਦੇ ਹਾਂ? “ਆਪਣਾ ਮਾਲ ਅਤੇ ਆਪਣੀ ਸਾਰੀ ਪੈਦਾਵਾਰ ਦੇ ਪਹਿਲੇ ਫਲ ਨਾਲ ਯਹੋਵਾਹ ਦੀ ਮਹਿਮਾ ਕਰ,” ਰਾਜੇ ਨੇ ਹਿਦਾਇਤ ਦਿੱਤੀ। (ਕਹਾਉਤਾਂ 3:9) ਯਹੋਵਾਹ ਦੀ ਮਹਿਮਾ ਕਰਨ ਦਾ ਮਤਲਬ ਹੈ, ਉਸ ਦਾ ਬਹੁਤ ਜ਼ਿਆਦਾ ਆਦਰ-ਸਤਿਕਾਰ ਕਰਨਾ ਤੇ ਲੋਕਾਂ ਵਿਚ ਉਸ ਦੇ ਨਾਂ ਦੀ ਵਡਿਆਈ ਕਰਨਾ। ਇਹ ਅਸੀਂ ਖੁੱਲ੍ਹੇ-ਆਮ ਪ੍ਰਚਾਰ ਕਰ ਕੇ ਅਤੇ ਉਸ ਦੇ ਨਾਂ ਦੀ ਘੋਸ਼ਣਾ ਕਰਨ ਵਿਚ ਮਦਦ ਦੇ ਕੇ ਕਰ ਸਕਦੇ ਹਾਂ। ਉਹ ਮਾਲ ਜਿਸ ਨਾਲ ਅਸੀਂ ਯਹੋਵਾਹ ਦੀ ਮਹਿਮਾ ਕਰ ਸਕਦੇ ਹਾਂ, ਉਹ ਹੈ ਸਾਡਾ ਸਮਾਂ, ਸਾਡੀਆਂ ਯੋਗਤਾਵਾਂ, ਸਾਡੀ ਤਾਕਤ ਅਤੇ ਅਤੇ ਸਾਡਾ ਪੈਸਾ-ਧੇਲਾ ਆਦਿ। ਇਹ ਸਾਡਾ ਪਹਿਲਾ ਫਲ ਹੋਣਾ ਚਾਹੀਦਾ ਹੈ—ਸਭ ਤੋਂ ਉੱਤਮ। ਜਿਸ ਤਰੀਕੇ ਨਾਲ ਅਸੀਂ ਆਪਣਾ ਮਾਲ-ਧਨ ਇਸਤੇਮਾਲ ਕਰਦੇ ਹਾਂ, ਕੀ ਉਸ ਤਰੀਕੇ ਤੋਂ ਇਹ ਜ਼ਾਹਰ ਨਹੀਂ ਹੁੰਦਾ ਕਿ ਅਸੀਂ ‘ਪਹਿਲਾਂ ਪਰਮੇਸ਼ੁਰ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲਦੇ’ ਹਾਂ ਜਾਂ ਨਹੀਂ?—ਮੱਤੀ 6:33.
ਆਪਣੇ ਮਾਲ-ਧਨ ਨਾਲ ਯਹੋਵਾਹ ਦੀ ਮਹਿਮਾ ਕਰਨਾ ਬੇਕਾਰ ਨਹੀਂ ਜਾਂਦਾ। “ਤਾਂ ਤੇਰੇ ਖਾਤੇ ਪੈਦਾਵਾਰ ਨਾਲ ਭਰੇ ਪੂਰੇ ਰਹਿਣਗੇ, ਅਤੇ ਤੇਰੇ ਦਾਖਾਂ ਦੇ ਵੇਲਣੇ ਨਵੇਂ ਰਸ ਨਾਲ ਛਲਕਣਗੇ,” ਸੁਲੇਮਾਨ ਭਰੋਸਾ ਦਿਵਾਉਂਦਾ ਹੈ। (ਕਹਾਉਤਾਂ 3:10) ਬੇਸ਼ੱਕ ਅਧਿਆਤਮਿਕ ਖ਼ੁਸ਼ਹਾਲੀ ਨਾਲ ਮਾਲ-ਧਨ ਦੀ ਖ਼ੁਸ਼ਹਾਲੀ ਤਾਂ ਨਹੀਂ ਹੁੰਦੀ, ਪਰ ਆਪਣੀਆਂ ਭੌਤਿਕ ਚੀਜ਼ਾਂ ਨੂੰ ਯਹੋਵਾਹ ਦੀ ਮਹਿਮਾ ਲਈ ਇਸਤੇਮਾਲ ਕਰਨ ਨਾਲ ਚੋਖੀਆਂ ਬਰਕਤਾਂ ਜ਼ਰੂਰ ਮਿਲਦੀਆਂ ਹਨ। ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਯਿਸੂ ਲਈ ਜੀਵਨਦਾਇਕ “ਭੋਜਨ” ਵਾਂਗ ਸੀ। (ਯੂਹੰਨਾ 4:34) ਇਸੇ ਤਰ੍ਹਾਂ, ਯਹੋਵਾਹ ਦੀ ਮਹਿਮਾ ਲਈ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈਣ ਨਾਲ ਸਾਨੂੰ ਤਾਕਤ ਮਿਲਦੀ ਹੈ। ਜੇਕਰ ਅਸੀਂ ਇਸ ਕੰਮ ਵਿਚ ਲੱਗੇ ਰਹਿੰਦੇ ਹਾਂ, ਤਾਂ ਸਾਡੇ ਅਧਿਆਤਮਿਕ ਖ਼ਜ਼ਾਨੇ ਮਾਲਾ-ਮਾਲ ਰਹਿਣਗੇ। ਨਵੇਂ ਰਸ ਰੂਪੀ ਸਾਡੀ ਖ਼ੁਸ਼ੀ ਡੁੱਲ੍ਹ-ਡੁੱਲ੍ਹ ਪਵੇਗੀ।
ਕੀ ਅਸੀਂ ਹਰ ਦਿਨ ਦੇ ਭੋਜਨ ਦੀ ਬਹੁਤਾਤ ਲਈ ਯਹੋਵਾਹ ਤੋਂ ਆਸ ਰੱਖ ਕੇ ਉਸ ਨੂੰ ਪ੍ਰਾਰਥਨਾ ਨਹੀਂ ਕਰਦੇ? (ਮੱਤੀ 6:11) ਅਸਲ ਵਿਚ, ਜੋ ਕੁਝ ਵੀ ਸਾਡੇ ਕੋਲ ਹੈ, ਉਹ ਸਭ ਸਾਡੇ ਪ੍ਰੇਮਮਈ ਸਵਰਗੀ ਪਿਤਾ ਯਹੋਵਾਹ ਤੋਂ ਸਾਨੂੰ ਮਿਲਿਆ ਹੈ। ਅਸੀਂ ਜਿਸ ਹੱਦ ਤਕ ਆਪਣੀਆਂ ਕੀਮਤੀ ਚੀਜ਼ਾਂ ਉਸ ਦੀ ਮਹਿਮਾ ਲਈ ਇਸਤੇਮਾਲ ਕਰਦੇ ਹਾਂ, ਯਹੋਵਾਹ ਸਾਨੂੰ ਉਸ ਤੋਂ ਵੀ ਕਿਤੇ ਜ਼ਿਆਦਾ ਬਰਕਤਾਂ ਦੇਵੇਗਾ।—1 ਕੁਰਿੰਥੀਆਂ 4:7.
ਯਹੋਵਾਹ ਦੇ ਅਨੁਸ਼ਾਸਨ ਨੂੰ ਖ਼ੁਸ਼ੀ ਨਾਲ ਮੰਨੋ
ਯਹੋਵਾਹ ਨਾਲ ਨੇੜਤਾ ਬਣਾਉਣ ਵਿਚ ਅਨੁਸ਼ਾਸਨ ਦੀ ਅਹਿਮੀਅਤ ਬਾਰੇ ਟਿੱਪਣੀ ਕਰਦੇ ਹੋਏ, ਇਸਰਾਏਲ ਦਾ ਰਾਜਾ ਸਾਨੂੰ ਸਲਾਹ ਦਿੰਦਾ ਹੈ: “ਹੇ ਮੇਰੇ ਪੁੱਤ੍ਰ, ਤੂੰ ਯਹੋਵਾਹ ਦੀ ਤਾੜ ਨੂੰ ਤੁੱਛ ਨਾ ਜਾਣ, ਅਤੇ ਜਾਂ ਉਹ ਤੈਨੂੰ ਝਿੜਕੇ ਤਾਂ ਅੱਕ ਨਾ ਜਾਈਂ, ਕਿਉਂ ਜੋ ਯਹੋਵਾਹ ਓਸੇ ਨੂੰ ਤਾੜਦਾ ਹੈ ਜਿਹ ਦੇ ਨਾਲ ਪਿਆਰ ਕਰਦਾ ਹੈ, ਜਿਵੇਂ ਪਿਉ ਉਸ ਪੁੱਤ੍ਰ ਨੂੰ ਜਿਸ ਤੋਂ ਉਹ ਪਰਸੰਨ ਹੈ।”—ਕਹਾਉਤਾਂ 3:11, 12.
ਫਿਰ ਵੀ, ਤਾੜਨਾ ਮੰਨਣੀ ਔਖੀ ਲੱਗ ਸਕਦੀ ਹੈ। ਪੌਲੁਸ ਨੇ ਲਿਖਿਆ: “ਸਾਰੀ ਤਾੜਨਾ ਤਾਂ ਓਸ ਵੇਲੇ ਅਨੰਦ ਦੀ ਨਹੀਂ ਸਗੋਂ ਸੋਗ ਦੀ ਗੱਲ ਸੁੱਝਦੀ ਹੈ ਪਰ ਮਗਰੋਂ ਉਹ ਓਹਨਾਂ ਨੂੰ ਜਿਹੜੇ ਉਹ ਦੇ ਨਾਲ ਸਿਧਾਏ ਗਏ ਹਨ ਧਰਮ ਦਾ ਸ਼ਾਂਤੀ-ਦਾਇਕ ਫਲ ਦਿੰਦੀ ਹੈ।” (ਇਬਰਾਨੀਆਂ 12:11) ਤਾੜਨਾ ਅਤੇ ਅਨੁਸ਼ਾਸਨ ਸਾਡੀ ਜ਼ਿੰਦਗੀ ਦਾ ਇਕ ਅਜਿਹਾ ਜ਼ਰੂਰੀ ਹਿੱਸਾ ਹੈ ਜੋ ਸਾਨੂੰ ਪਰਮੇਸ਼ੁਰ ਦੇ ਨੇੜੇ ਲੈ ਕੇ ਜਾਂਦਾ ਹੈ। ਯਹੋਵਾਹ ਵੱਲੋਂ ਅਨੁਸ਼ਾਸਨ—ਚਾਹੇ ਮਾਂ-ਬਾਪ ਰਾਹੀਂ, ਮਸੀਹੀ ਕਲੀਸਿਯਾ ਰਾਹੀਂ ਜਾਂ ਨਿੱਜੀ ਅਧਿਐਨ ਦੌਰਾਨ ਬਾਈਬਲ ਉੱਤੇ ਮਨਨ ਕਰਨ ਰਾਹੀਂ ਮਿਲੇ—ਸਾਡੇ ਨਾਲ ਉਸ ਦੇ ਪ੍ਰੇਮ ਦਾ ਇਜ਼ਹਾਰ ਹੈ। ਇਸ ਲਈ ਅਨੁਸ਼ਾਸਨ ਨੂੰ ਖਿੜੇ ਮੱਥੇ ਮੰਨਣਾ ਸਾਡੇ ਲਈ ਅਕਲਮੰਦੀ ਦੀ ਗੱਲ ਹੈ।
ਬੁੱਧ ਅਤੇ ਸਮਝ ਨੂੰ ਫੜੀ ਰੱਖੋ
ਇਸ ਤੋਂ ਬਾਅਦ, ਸੁਲੇਮਾਨ ਪਰਮੇਸ਼ੁਰ ਨਾਲ ਨੇੜਲਾ ਰਿਸ਼ਤਾ ਬਣਾਉਣ ਲਈ ਬੁੱਧ ਅਤੇ ਸਮਝ ਦੀ ਅਹਿਮੀਅਤ ਉੱਤੇ ਜ਼ੋਰ ਦਿੰਦਾ ਹੈ। ਉਹ ਕਹਿੰਦਾ ਹੈ: “ਧੰਨ ਹੈ ਉਹ ਆਦਮੀ ਜਿਹ ਨੂੰ ਬੁੱਧ ਲੱਭਦੀ ਹੈ, ਅਤੇ ਉਹ ਪੁਰਸ਼ ਜਿਹ ਨੂੰ ਸਮਝ ਪ੍ਰਾਪਤ ਹੁੰਦੀ ਹੈ, ਕਿਉਂ ਜੋ ਉਹ ਦੀ ਪ੍ਰਾਪਤੀ ਚਾਂਦੀ ਦੀ ਪ੍ਰਾਪਤੀ ਨਾਲੋਂ, ਅਤੇ ਉਹ ਦਾ ਲਾਭ ਚੋਖੇ ਸੋਨੇ ਨਾਲੋਂ ਚੰਗਾ ਹੈ। . . . ਜਿਹੜੇ ਉਹ ਨੂੰ ਗ੍ਰਹਿਣ ਕਰਦੇ ਹਨ ਉਹ ਓਹਨਾਂ ਲਈ ਜੀਉਣ ਦਾ ਬਿਰਛ ਹੈ, ਅਤੇ ਜੋ ਕੋਈ ਉਹ ਨੂੰ ਫੜੀ ਰੱਖਦਾ ਹੈ ਉਹ ਖੁਸ਼ ਰਹਿੰਦਾ ਹੈ।”—ਕਹਾਉਤਾਂ 3:13-18.
ਯਹੋਵਾਹ ਦੀ ਸ੍ਰਿਸ਼ਟੀ ਦੇ ਸ਼ਾਨਦਾਰ ਕੰਮਾਂ ਵਿਚ ਦਿਖਾਈ ਦਿੰਦੀ ਬੁੱਧੀ ਅਤੇ ਸਮਝ ਬਾਰੇ ਯਾਦ ਦਿਵਾਉਂਦੇ ਹੋਏ, ਰਾਜੇ ਨੇ ਕਿਹਾ: “ਯਹੋਵਾਹ ਨੇ ਬੁੱਧ ਨਾਲ ਧਰਤੀ ਦੀ ਨਿਉਂ ਧਰੀ, ਅਤੇ ਸਮਝ ਨਾਲ ਅਕਾਸ਼ ਨੂੰ ਕਾਇਮ ਕੀਤਾ। . . . ਹੇ ਮੇਰੇ ਪੁੱਤ੍ਰ, ਦਨਾਈ ਅਤੇ ਸੋਝੀ ਨੂੰ ਸਾਂਭ ਕੇ ਰੱਖ, ਏਹਨਾਂ ਨੂੰ ਆਪਣੀਆਂ ਅੱਖੀਆਂ ਤੋਂ ਪਰੋਖੇ ਨਾ ਹੋਣ ਦੇਹ। ਓਹ ਤੇਰੇ ਜੀ ਲਈ ਜੀਉਣ, ਅਤੇ ਤੇਰੇ ਗਲ ਲਈ ਸਿੰਗਾਰ ਹੋਣਗੀਆਂ।”—ਕਹਾਉਤਾਂ 3:19-22.
ਬੁੱਧੀ ਅਤੇ ਸਮਝ ਪਰਮੇਸ਼ੁਰੀ ਗੁਣ ਹਨ। ਸਾਨੂੰ ਇਨ੍ਹਾਂ ਗੁਣਾਂ ਨੂੰ ਸਿਰਫ਼ ਪੈਦਾ ਹੀ ਨਹੀਂ ਕਰਨਾ ਚਾਹੀਦਾ, ਸਗੋਂ ਉੱਦਮ ਨਾਲ ਬਾਈਬਲ ਅਧਿਐਨ ਕਰਕੇ ਅਤੇ ਆਪਣੀ ਜ਼ਿੰਦਗੀ ਵਿਚ ਲਾਗੂ ਕਰਕੇ ਇਨ੍ਹਾਂ ਵਿਚ ਹੋਰ ਵੀ ਨਿਖਾਰ ਲਿਆਉਣਾ ਚਾਹੀਦਾ ਹੈ। ਉੱਦਮ ਨਾਲ ਬਾਈਬਲ ਅਧਿਐਨ ਕਰ ਕੇ ਅਤੇ ਸਿੱਖੀਆਂ ਗੱਲਾਂ ਨੂੰ ਲਾਗੂ ਕਰ ਕੇ ਇਨ੍ਹਾਂ ਨੂੰ ਫੜ ਕੇ ਰੱਖਣਾ ਚਾਹੀਦਾ ਹੈ। ਸੁਲੇਮਾਨ ਨੇ ਅੱਗੋਂ ਕਿਹਾ: “ਫੇਰ ਤੂੰ ਆਪਣੇ ਰਾਹ ਵਿੱਚ ਬੇਖਟਕੇ ਚੱਲੇਂਗਾ, ਅਤੇ ਤੇਰਾ ਪੈਰ ਠੇਡਾ ਨਾ ਖਾਵੇਗਾ। ਜਿਸ ਵੇਲੇ ਤੂੰ ਲੰਮਾ ਪਵੇਂਗਾ ਤਾਂ ਤੈਨੂੰ ਡਰ ਨਾ ਲੱਗੇਗਾ,—ਹਾਂ, ਤੂੰ ਲੰਮਾ ਪਵੇਂਗਾ ਅਤੇ ਤੇਰੀ ਨੀਂਦ ਮਿੱਠੀ ਹੋਵੇਗੀ।”—ਕਹਾਉਤਾਂ 3:23, 24.
ਜੀ ਹਾਂ, ਸ਼ਤਾਨ ਦੇ ਦੁਸ਼ਟ ਸੰਸਾਰ ਉੱਤੇ ਚੋਰ ਵਾਂਗ ਆਉਣ ਵਾਲੇ “ਅਚਾਣਕ ਨਾਸ” ਦੇ ਦਿਨ ਨੂੰ ਉਡੀਕਦਿਆਂ ਸਾਨੂੰ ਡਰਨ ਦੀ ਲੋੜ ਨਹੀਂ ਹੈ। (1 ਥੱਸਲੁਨੀਕੀਆਂ 5:2, 3; 1 ਯੂਹੰਨਾ 5:19) ਇੱਥੋਂ ਤਕ ਕਿ ਸਿਰ ਤੇ ਮੰਡਲਾਉਂਦੀ ਵੱਡੀ ਬਿਪਤਾ ਵੇਲੇ ਵੀ ਅਸੀਂ ਇਹ ਭਰੋਸਾ ਰੱਖ ਸਕਦੇ ਹਾਂ: “ਅਚਾਣਕ ਦੇ ਭੈ ਤੋਂ ਨਾ ਡਰੀਂ, ਅਤੇ ਨਾ ਹੀ ਦੁਸ਼ਟਾਂ ਉੱਤੇ ਆਉਣ ਵਾਲੀ ਵਿਰਾਨੀ ਤੋਂ, ਕਿਉਂ ਜੋ ਯਹੋਵਾਹ ਤੇਰੀ ਆਸ ਹੋਵੇਗਾ, ਅਤੇ ਉਹ ਤੇਰੇ ਪੈਰ ਨੂੰ ਫਸਣ ਤੋਂ ਬਚਾਵੇਗਾ।”—ਕਹਾਉਤਾਂ 3:25, 26; ਮੱਤੀ 24:21.
ਭਲਾ ਕਰੋ
ਸੁਲੇਮਾਨ ਨੇ ਕਿਹਾ: “ਜੇ ਤੇਰੇ ਹੱਥ ਵੱਸ ਹੋਵੇ, ਤਾਂ ਜਿਨ੍ਹਾਂ ਦਾ ਹੱਕ ਹੈ ਉਨ੍ਹਾਂ ਦਾ ਭਲਾ ਕਰਨੋਂ ਨਾ ਰੁਕੀਂ।” (ਕਹਾਉਤਾਂ 3:27) ਦੂਜਿਆਂ ਦਾ ਭਲਾ ਕਰਨ ਵਿਚ ਇਹ ਸ਼ਾਮਲ ਹੈ ਕਿ ਅਸੀਂ ਆਪਣੇ ਸਾਧਨਾਂ ਨੂੰ ਦੂਜਿਆਂ ਲਈ ਦਿਲ ਖੋਲ੍ਹ ਕੇ ਵਰਤੀਏ ਅਤੇ ਇੰਜ ਕਰਨ ਦੇ ਕਈ ਤਰੀਕੇ ਹਨ। ਪਰ ਕੀ ਇਸ “ਓੜਕ ਦੇ ਸਮੇਂ” ਵਿਚ ਦੂਜਿਆਂ ਨਾਲ ਭਲਾਈ ਕਰਨ ਦਾ ਸਭ ਤੋਂ ਵਧੀਆ ਤਰੀਕਾ ਉਨ੍ਹਾਂ ਨੂੰ ਸੱਚੇ ਪਰਮੇਸ਼ੁਰ ਨਾਲ ਨੇੜਲਾ ਰਿਸ਼ਤਾ ਬਣਾਉਣ ਵਿਚ ਮਦਦ ਕਰਨਾ ਨਹੀਂ ਹੈ? (ਦਾਨੀਏਲ 12:4) ਇਸ ਲਈ, ਇਹ ਸਮਾਂ ਰਾਜ ਪ੍ਰਚਾਰ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਆਪਣਾ ਪੂਰਾ ਜੋਸ਼ ਦਿਖਾਉਣ ਦਾ ਹੈ।—ਮੱਤੀ 28:19, 20.
ਬੁੱਧੀਮਾਨ ਰਾਜੇ ਨੇ ਸਾਨੂੰ ਕਈ ਕੰਮਾਂ ਤੋਂ ਬਚਣ ਦੀ ਸਲਾਹ ਵੀ ਦਿੱਤੀ, ਉਸ ਨੇ ਕਿਹਾ: “ਜੇ ਤੇਰੇ ਕੋਲ ਹੋਵੇ ਤਾਂ ਆਪਣੇ ਗੁਆਂਢੀ ਨੂੰ ਇਹ ਨਾ ਆਖੀਂ, ਭਈ ਤੂੰ ਜਾਹ, ਫੇਰ ਆਵੀਂ, ਮੈਂ ਭਲਕੇ ਤੈਨੂੰ ਦੇਵਾਂਗਾ। ਜਦ ਤੇਰਾ ਗੁਆਂਢੀ ਨਿਚਿੰਤ ਤੇਰੇ ਕੋਲ ਵੱਸਦਾ ਹੈ, ਤਾਂ ਉਹ ਦੀ ਬੁਰਿਆਈ ਦੀ ਜੁਗਤ ਨਾ ਕਰ। ਜਿਹ ਨੇ ਤੇਰਾ ਕੋਈ ਵਿਗਾੜ ਨਾ ਕੀਤਾ ਹੋਵੇ, ਉਹ ਦੇ ਨਾਲ ਐਵੇਂ ਬਖੇੜਾ ਨਾ ਕਰ। ਜ਼ਾਲਮ ਦੀ ਰੀਸ ਨਾ ਕਰ, ਨਾ ਉਹ ਦੀਆਂ ਸਾਰੀਆਂ ਗੱਲਾਂ ਵਿੱਚੋਂ ਕੋਈ ਚੁਣ।”—ਕਹਾਉਤਾਂ 3:28-31.
ਸੁਲੇਮਾਨ ਨੇ ਇਹ ਸਲਾਹਾਂ ਕਿਉਂ ਦਿੱਤੀਆਂ, ਇਸ ਦਾ ਨਿਚੋੜ ਦਿੰਦੇ ਹੋਏ ਉਸ ਨੇ ਕਿਹਾ: “ਕਿਉਂ ਜੋ ਕੱਬੇ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰ ਸਚਿਆਰਾਂ ਨਾਲ ਉਹ ਦੀ ਦੋਸਤੀ ਹੈ। ਦੁਸ਼ਟਾਂ ਦੇ ਘਰ ਉੱਤੇ ਯਹੋਵਾਹ ਦਾ ਸਰਾਪ ਪੈਂਦਾ ਹੈ, ਪਰ ਧਰਮੀਆਂ ਦੇ ਨਿਵਾਸ ਨੂੰ ਉਹ ਬਰਕਤ ਦਿੰਦਾ ਹੈ। ਸੱਚੀਂ ਮੁੱਚੀਂ ਠੱਠਾ ਕਰਨ ਵਾਲਿਆਂ ਉੱਤੇ ਉਹ ਠੱਠਾ ਮਾਰਦਾ ਹੈ, ਪਰ ਮਸਕੀਨਾਂ ਉੱਤੇ ਉਹ ਕਿਰਪਾ ਕਰਦਾ ਹੈ। ਬੁੱਧਵਾਨ ਆਦਰ ਦੇ ਵਾਰਸ ਹੋਣਗੇ, ਪਰ ਮੂਰਖਾਂ ਦੀ ਤਰੱਕੀ ਬੱਸ ਸ਼ਰਮ ਹੀ ਹੋਵੇਗੀ!”—ਕਹਾਉਤਾਂ 3:32-35.
ਜੇਕਰ ਅਸੀਂ ਯਹੋਵਾਹ ਨਾਲ ਨੇੜਤਾ ਦਾ ਆਨੰਦ ਮਾਨਣਾ ਚਾਹੁੰਦੇ ਹਾਂ, ਤਾਂ ਸਾਨੂੰ ਚਾਲਬਾਜ਼ ਅਤੇ ਨੁਕਸਾਨਦੇਹ ਚਾਲਾਂ ਹਰਗਿਜ਼ ਨਹੀਂ ਬਣਾਉਣੀਆਂ ਚਾਹੀਦੀਆਂ। (ਕਹਾਉਤਾਂ 6:16-19) ਜਿਹੜੇ ਕੰਮ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਠੀਕ ਹਨ, ਸਿਰਫ਼ ਉਹੀ ਕੰਮ ਕਰਨ ਤੇ ਅਸੀਂ ਉਸ ਦੀ ਮਨਜ਼ੂਰੀ ਅਤੇ ਬਰਕਤ ਪ੍ਰਾਪਤ ਕਰ ਸਕਦੇ ਹਾਂ। ਜਦੋਂ ਦੂਸਰੇ ਲੋਕ ਸਾਨੂੰ ਪਰਮੇਸ਼ੁਰੀ ਬੁੱਧੀ ਮੁਤਾਬਕ ਚੱਲਦੇ ਦੇਖਣਗੇ, ਤਾਂ ਹੋ ਸਕਦਾ ਹੈ ਕਿ ਉਹ ਸਾਨੂੰ ਆਪਣੇ-ਆਪ ਆਦਰ ਵੀ ਦੇਣ ਲੱਗ ਪੈਣ। ਇਸ ਲਈ, ਆਓ ਅਸੀਂ ਇਸ ਦੁਸ਼ਟ ਅਤੇ ਹਿੰਸਕ ਸੰਸਾਰ ਦੇ ਚਾਲਬਾਜ਼ ਤਰੀਕਿਆਂ ਨੂੰ ਠੁਕਰਾਈਏ। ਆਓ ਅਸੀਂ ਧਰਮੀ ਰਾਹ ਤੇ ਚੱਲੀਏ ਤੇ ਯਹੋਵਾਹ ਨਾਲ ਨੇੜਤਾ ਬਣਾਈਏ!
[ਸਫ਼ੇ 25 ਉੱਤੇ ਤਸਵੀਰਾਂ]
‘ਆਪਣੇ ਮਾਲ-ਧਨ ਨਾਲ ਯਹੋਵਾਹ ਦੀ ਮਹਿਮਾ ਕਰੋ’