ਮੁੱਖ ਪੰਨੇ ਤੋਂ | ਕੀ ਮੌਤ ਹੋਣ ਤੇ ਸਭ ਕੁਝ ਖ਼ਤਮ ਹੋ ਜਾਂਦਾ ਹੈ?
ਮੌਤ ਦੇ ਖ਼ਿਲਾਫ਼ ਇਨਸਾਨ ਦੀ ਲੜਾਈ
ਮੌਤ ਇਕ ਖ਼ੌਫ਼ਨਾਕ ਦੁਸ਼ਮਣ ਹੈ। ਅਸੀਂ ਪੂਰਾ ਜ਼ੋਰ ਲਾ ਕੇ ਇਸ ਨਾਲ ਲੜਦੇ ਹਾਂ। ਜਦੋਂ ਇਹ ਸਾਡੇ ਕਿਸੇ ਅਜ਼ੀਜ਼ ਨੂੰ ਸਾਡੇ ਤੋਂ ਖੋਹ ਲੈਂਦੀ ਹੈ, ਤਾਂ ਸਾਨੂੰ ਯਕੀਨ ਨਹੀਂ ਆਉਂਦਾ। ਜਾਂ ਫਿਰ ਜਵਾਨੀ ਦੇ ਜੋਸ਼ ਵਿਚ ਅਸੀਂ ਇਸ ਗ਼ਲਤਫ਼ਹਿਮੀ ਵਿਚ ਰਹਿੰਦੇ ਹਾਂ ਕਿ ਮੌਤ ਸਾਡੇ ਨੇੜੇ ਵੀ ਨਹੀਂ ਆਵੇਗੀ। ਵਧਦੀ ਉਮਰ ਵਿਚ ਵੀ ਅਸੀਂ ਇਸ ਭਰਮ ਵਿਚ ਰਹਿੰਦੇ ਹਾਂ।
ਮੌਤ ਤੋਂ ਬਾਅਦ ਜੀਉਂਦੇ ਰਹਿਣ ਬਾਰੇ ਪੁਰਾਣੇ ਮਿਸਰ ਦੇ ਰਾਜਿਆਂ ਨੇ ਜਿੰਨਾ ਸੋਚਿਆ ਸੀ, ਉੱਨਾ ਕਿਸੇ ਹੋਰ ਨੇ ਨਹੀਂ ਸੋਚਿਆ ਹੋਣਾ। ਉਨ੍ਹਾਂ ਦੁਆਰਾ ਬਣਾਏ ਪਿਰਾਮਿਡ ਮੌਤ ਦੇ ਖ਼ਿਲਾਫ਼ ਉਨ੍ਹਾਂ ਦੀ ਲੜਾਈ ਦਾ ਸਬੂਤ ਹਨ। ਇਨ੍ਹਾਂ ਪਿਰਾਮਿਡਾਂ ਨੂੰ ਬਣਾਉਣ ਵਿਚ ਉਨ੍ਹਾਂ ਰਾਜਿਆਂ ਅਤੇ ਹਜ਼ਾਰਾਂ ਮਜ਼ਦੂਰਾਂ ਨੇ ਆਪਣੀ ਸਾਰੀ ਜ਼ਿੰਦਗੀ ਲਾ ਦਿੱਤੀ। ਇਨ੍ਹਾਂ ਵੱਡੇ-ਵੱਡੇ ਪਿਰਾਮਿਡਾਂ ਵਿਚ ਕਬਰਾਂ ਹੁੰਦੀਆਂ ਸਨ ਜਿਨ੍ਹਾਂ ਵਿਚ ਸ਼ਾਹੀ ਘਰਾਣਿਆਂ ਦੇ ਮੈਂਬਰਾਂ ਦੀਆਂ ਲਾਸ਼ਾਂ ਸਾਂਭ ਕੇ ਰੱਖੀਆਂ ਜਾਂਦੀਆਂ ਸਨ ਤਾਂਕਿ ਉਨ੍ਹਾਂ ਦੀਆਂ ਆਤਮਾਵਾਂ ਕਦੀ-ਕਦੀ ਦੁਬਾਰਾ ਸਰੀਰਾਂ ਨੂੰ ਇਸਤੇਮਾਲ ਕਰ ਸਕਣ। ਪਰ ਉਨ੍ਹਾਂ ਦੀਆਂ ਲਾਸ਼ਾਂ ਨਸ਼ਟ ਹੋ ਗਈਆਂ। ਸੋ ਪਿਰਾਮਿਡ ਇਸ ਲੜਾਈ ਵਿਚ ਉਨ੍ਹਾਂ ਦੀ ਹਾਰ ਦੀ ਨਿਸ਼ਾਨੀ ਹਨ।
ਚੀਨੀ ਰਾਜੇ ਵੀ ਕਦੀ ਨਾ ਮਰਨ ਦੇ ਸੁਪਨੇ ਦੇਖਦੇ ਸਨ। ਪਰ ਉਨ੍ਹਾਂ ਨੇ ਆਪਣਾ ਸੁਪਨਾ ਪੂਰਾ ਕਰਨ ਲਈ ਜ਼ਿੰਦਗੀ ਦੇਣ ਵਾਲਾ ਚਮਤਕਾਰੀ ਅੰਮ੍ਰਿਤ ਜਲ ਬਣਾਉਣ ਦੀ ਕੋਸ਼ਿਸ਼ ਕੀਤੀ। ਰਾਜੇ ਕਿਨ ਸ਼ੀ ਹਵਾਂਗ ਨੇ ਆਪਣੇ ਹਕੀਮਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਇਕ ਜਾਦੂਮਈ ਦਵਾਈ ਬਣਾਉਣ ਜਿਸ ਦੇ ਪੀਣ ਨਾਲ ਮੌਤ ਉਸ ਦੇ ਨੇੜੇ ਨਾ ਆਵੇ। ਪਰ ਬਹੁਤ ਸਾਰੀਆਂ ਦਵਾਈਆਂ ਵਿਚ ਜ਼ਹਿਰੀਲਾ ਪਾਰਾ ਹੁੰਦਾ ਸੀ। ਸ਼ਾਇਦ ਇਨ੍ਹਾਂ ਵਿੱਚੋਂ ਕੋਈ ਦਵਾਈ ਪੀਣ ਨਾਲ ਉਸ ਦੀ ਮੌਤ ਹੋ ਗਈ।
16ਵੀਂ ਸਦੀ ਵਿਚ ਪੋਰਟੋ ਰੀਕੋ ਤੋਂ ਸਪੇਨੀ ਖੋਜਕਾਰ ਹੁਆਨ ਪੌਂਸ ਡ ਲੈਓਨ ਇਕ ਚਮਤਕਾਰੀ ਚਸ਼ਮੇ ਦੀ ਭਾਲ ਵਿਚ ਨਿਕਲਿਆ ਜਿਸ ਦਾ ਪਾਣੀ ਪੀ ਕੇ ਹਮੇਸ਼ਾ ਜਵਾਨ ਰਿਹਾ ਜਾ ਸਕਦਾ ਸੀ। ਭਾਲ ਕਰਦਿਆਂ-ਕਰਦਿਆਂ ਉਹ ਉਸ ਜਗ੍ਹਾ ਪਹੁੰਚਿਆ ਜੋ ਅੱਜ ਅਮਰੀਕਾ ਦਾ ਫ਼ਲੋਰਿਡਾ ਰਾਜ ਕਹਾਉਂਦਾ ਹੈ। ਪਰ ਇਸ ਤੋਂ ਕੁਝ ਸਾਲਾਂ ਬਾਅਦ ਹੀ ਅਮਰੀਕਾ ਦੇ ਆਦਿਵਾਸੀ ਲੋਕਾਂ ਨਾਲ ਲੜਾਈ ਵਿਚ ਉਸ ਦੀ ਮੌਤ ਹੋ ਗਈ। ਜਿਹੜੇ ਚਮਤਕਾਰੀ ਚਸ਼ਮੇ ਦੀ ਭਾਲ ਵਿਚ ਉਹ ਨਿਕਲਿਆ ਸੀ, ਅਜਿਹਾ ਚਸ਼ਮਾ ਕਦੇ ਕਿਸੇ ਨੂੰ ਨਹੀਂ ਲੱਭਾ।
ਰਾਜਿਆਂ ਤੇ ਖੋਜਕਾਰਾਂ ਨੇ ਮੌਤ ਨੂੰ ਜਿੱਤਣ ਦੀ ਹਰ ਕੋਸ਼ਿਸ਼ ਕੀਤੀ। ਭਾਵੇਂ ਕਿ ਸਾਨੂੰ ਉਨ੍ਹਾਂ ਦੇ ਤਰੀਕੇ ਅਜੀਬ ਲੱਗਣ, ਫਿਰ ਵੀ ਸਾਡੇ ਵਿੱਚੋਂ ਕੌਣ ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਮਜ਼ਾਕ ਉਡਾਏਗਾ? ਸਾਡੇ ਸਾਰਿਆਂ ਦੇ ਦਿਲਾਂ ਵਿਚ ਇਹੀ ਇੱਛਾ ਹੈ ਕਿ ਅਸੀਂ ਕਦੀ ਨਾ ਮਰੀਏ।
ਕੀ ਮੌਤ ਨੂੰ ਜਿੱਤਿਆ ਜਾ ਸਕਦਾ ਹੈ?
ਅਸੀਂ ਮੌਤ ਨਾਲ ਕਿਉਂ ਲੜਦੇ ਹਾਂ? ਬਾਈਬਲ ਇਸ ਦਾ ਜਵਾਬ ਦਿੰਦੀ ਹੈ। ਸਾਡੇ ਸਿਰਜਣਹਾਰ ਯਹੋਵਾਹ ਪਰਮੇਸ਼ੁਰa ਬਾਰੇ ਗੱਲ ਕਰਦੇ ਹੋਏ ਇਹ ਕਹਿੰਦੀ ਹੈ: ‘ਉਸ ਨੇ ਹਰੇਕ ਵਸਤ ਆਪੋ ਆਪਣੇ ਸਮੇਂ ਵਿੱਚ ਸੁੰਦਰ ਬਣਾਈ ਹੈ ਅਤੇ ਉਸ ਨੇ ਸਦੀਪਕਾਲ ਨੂੰ ਵੀ ਮਨੁੱਖਜਾਤੀ ਦੇ ਮਨ ਵਿੱਚ ਟਿਕਾ ਦਿੱਤਾ ਹੈ।’ (ਉਪਦੇਸ਼ਕ ਦੀ ਪੋਥੀ 3:11) ਅਸੀਂ ਸਾਰੇ ਸਿਰਫ਼ 80-90 ਸਾਲ ਜੀਉਂਦੇ ਰਹਿ ਕੇ ਨਹੀਂ, ਸਗੋਂ “ਸਦੀਪਕਾਲ” ਤਕ ਯਾਨੀ ਹਮੇਸ਼ਾ ਜੀਉਂਦੇ ਰਹਿ ਕੇ ਧਰਤੀ ਦੀ ਖ਼ੂਬਸੂਰਤੀ ਦਾ ਆਨੰਦ ਮਾਣਨਾ ਚਾਹੁੰਦੇ ਹਾਂ। (ਜ਼ਬੂਰਾਂ ਦੀ ਪੋਥੀ 90:10) ਇਹ ਸਾਡੀ ਦਿਲੀ ਇੱਛਾ ਹੈ।
ਪਰਮੇਸ਼ੁਰ ਨੇ ਸਾਡੇ ਮਨਾਂ ਵਿਚ ਇਹ ਇੱਛਾ ਕਿਉਂ ਪਾਈ ਹੈ? ਸਾਨੂੰ ਨਿਰਾਸ਼ ਕਰਨ ਲਈ? ਉਹ ਇਸ ਤਰ੍ਹਾਂ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਇਸ ਦੀ ਬਜਾਇ, ਪਰਮੇਸ਼ੁਰ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਇਕ ਦਿਨ ਮੌਤ ਨੂੰ ਜਿੱਤ ਲਿਆ ਜਾਵੇਗਾ। ਬਾਈਬਲ ਵਿਚ ਵਾਰ-ਵਾਰ ਦੱਸਿਆ ਗਿਆ ਹੈ ਕਿ ਮੌਤ ਨੂੰ ਖ਼ਤਮ ਕੀਤਾ ਜਾਵੇਗਾ ਅਤੇ ਪਰਮੇਸ਼ੁਰ ਨੇ ਇਨਸਾਨਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਣ ਦਾ ਵਾਅਦਾ ਕੀਤਾ ਹੈ।—“ਮੌਤ ਉੱਤੇ ਜਿੱਤ” ਨਾਂ ਦੀ ਡੱਬੀ ਦੇਖੋ।
ਯਿਸੂ ਮਸੀਹ ਨੇ ਆਪ ਵੀ ਸਾਫ਼-ਸਾਫ਼ ਕਿਹਾ ਸੀ: “ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਜ਼ਰੂਰੀ ਹੈ ਕਿ ਉਹ ਤੇਰੇ ਬਾਰੇ, ਯਾਨੀ ਇੱਕੋ-ਇਕ ਸੱਚੇ ਪਰਮੇਸ਼ੁਰ ਬਾਰੇ ਅਤੇ ਯਿਸੂ ਮਸੀਹ ਬਾਰੇ, ਜਿਸ ਨੂੰ ਤੂੰ ਘੱਲਿਆ ਹੈ, ਸਿੱਖਦੇ ਰਹਿਣ।” (ਯੂਹੰਨਾ 17:3) ਇਸ ਲਈ ਅਸੀਂ ਮੌਤ ਨਾਲ ਲੜਾਈ ਜ਼ਰੂਰ ਜਿੱਤਾਂਗੇ। ਪਰ ਜਿਵੇਂ ਯਿਸੂ ਨੇ ਕਿਹਾ ਸੀ, ਅਸੀਂ ਇਹ ਲੜਾਈ ਸਿਰਫ਼ ਪਰਮੇਸ਼ੁਰ ਦੀ ਮਦਦ ਨਾਲ ਹੀ ਜਿੱਤ ਸਕਦੇ ਹਾਂ। (w14-E 01/01)
a ਬਾਈਬਲ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।
[ਸਫ਼ਾ 5 ਉੱਤੇ ਡੱਬੀ]
ਮੌਤ ਉੱਤੇ ਜਿੱਤ
“ਉਹ ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ।”—ਯਸਾਯਾਹ 25:8.
“ਮੇਰੇ ਪਿਤਾ ਦੀ ਇੱਛਾ ਹੈ ਕਿ ਹਰ ਕੋਈ ਜਿਹੜਾ ਪੁੱਤਰ ਨੂੰ ਜਾਣਦਾ ਹੈ ਅਤੇ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਹਮੇਸ਼ਾ ਦੀ ਜ਼ਿੰਦਗੀ ਪਾਵੇ।”—ਯੂਹੰਨਾ 6:40.
“ਆਖ਼ਰੀ ਦੁਸ਼ਮਣ ਮੌਤ ਨੂੰ ਵੀ ਖ਼ਤਮ ਕਰ ਦਿੱਤਾ ਜਾਵੇਗਾ।”—1 ਕੁਰਿੰਥੀਆਂ 15:26.
“[ਸਾਨੂੰ] ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਹੈ ਜਿਸ ਦਾ ਵਾਅਦਾ ਬਹੁਤ ਸਮਾਂ ਪਹਿਲਾਂ ਪਰਮੇਸ਼ੁਰ ਨੇ ਕੀਤਾ ਸੀ ਜੋ ਕਦੀ ਝੂਠ ਨਹੀਂ ਬੋਲ ਸਕਦਾ।”—ਤੀਤੁਸ 1:2.
“ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ।”—ਪ੍ਰਕਾਸ਼ ਦੀ ਕਿਤਾਬ 21:4.