ਯਹੋਵਾਹ ਤੇ ਆਸ ਰੱਖੋ ਤੇ ਹਿੰਮਤੀ ਬਣੋ
“ਯਹੋਵਾਹ ਨੂੰ ਉਡੀਕ, ਤਕੜਾ ਹੋ ਅਤੇ ਤੇਰਾ ਮਨ ਦਿਲੇਰ ਹੋਵੇ, ਹਾਂ, ਯਹੋਵਾਹ ਨੂੰ ਹੀ ਉਡੀਕ!”—ਜ਼ਬੂਰਾਂ ਦੀ ਪੋਥੀ 27:14.
1. ਆਸ਼ਾ ਕਿੰਨੀ ਜ਼ਰੂਰੀ ਹੈ ਤੇ ਬਾਈਬਲ ਵਿਚ ਇਸ ਸ਼ਬਦ ਦਾ ਕੀ ਮਤਲਬ ਹੈ?
ਸੱਚੀ ਆਸ ਤੇਜ਼ ਰੌਸ਼ਨੀ ਵਾਂਗ ਹੈ। ਇਸ ਰੌਸ਼ਨੀ ਦੀ ਮਦਦ ਨਾਲ ਅਸੀਂ ਭਵਿੱਖ ਵਿਚ ਆਉਣ ਵਾਲੀਆਂ ਖ਼ੁਸ਼ੀਆਂ ਨੂੰ ਸਾਫ਼-ਸਾਫ਼ ਦੇਖ ਸਕਦੇ ਹਾਂ ਅਤੇ ਨਤੀਜੇ ਵਜੋਂ ਅਸੀਂ ਹੌਸਲੇ ਤੇ ਖ਼ੁਸ਼ੀ ਨਾਲ ਮੌਜੂਦਾ ਦੁੱਖ-ਤਕਲੀਫ਼ਾਂ ਨੂੰ ਸਹਿ ਲੈਂਦੇ ਹਾਂ। ਸਿਰਫ਼ ਯਹੋਵਾਹ ਹੀ ਸਾਨੂੰ ਅਜਿਹੀ ਪੱਕੀ ਆਸ ਦੇ ਸਕਦਾ ਹੈ ਅਤੇ ਉਸ ਨੇ ਇਹ ਆਸ਼ਾ ਸਾਨੂੰ ਆਪਣੇ ਬਚਨ ਬਾਈਬਲ ਦੁਆਰਾ ਦਿੱਤੀ ਹੈ। (2 ਤਿਮੋਥਿਉਸ 3:16) ਬਾਈਬਲ ਵਿਚ ਸ਼ਬਦ “ਆਸ” ਜਾਂ “ਆਸ਼ਾ” ਬਹੁਤ ਵਾਰ ਵਰਤਿਆ ਗਿਆ ਹੈ। ਇਹ ਸ਼ਬਦ ਕਿਸੇ ਇੱਛਿਤ ਚੀਜ਼ ਨੂੰ ਅਤੇ ਉਹ ਚੀਜ਼ ਹਾਸਲ ਕਰਨ ਦੀ ਪੱਕੀ ਉਮੀਦ ਨੂੰ ਦਰਸਾਉਂਦਾ ਹੈ।a ਇਹ ਬੇਬੁਨਿਆਦ ਇੱਛਾ ਨਹੀਂ ਹੈ ਜਿਸ ਦੀ ਪੂਰੀ ਹੋਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ।
2. ਯਿਸੂ ਦੀ ਜ਼ਿੰਦਗੀ ਵਿਚ ਆਸ਼ਾ ਦੀ ਕੀ ਮਹੱਤਤਾ ਸੀ?
2 ਯਿਸੂ ਨੇ ਅਜ਼ਮਾਇਸ਼ਾਂ ਅਤੇ ਦੁੱਖ ਸਹਿੰਦਿਆਂ ਯਹੋਵਾਹ ਉੱਤੇ ਆਸ ਰੱਖੀ। ਉਸ ਨੇ “ਉਸ ਅਨੰਦ ਨਮਿੱਤ ਜੋ ਉਹ ਦੇ ਅੱਗੇ ਧਰਿਆ ਹੋਇਆ ਸੀ ਲਾਜ ਨੂੰ ਤੁੱਛ ਜਾਣ ਕੇ ਸਲੀਬ ਦਾ ਦੁਖ ਝੱਲਿਆ ਅਤੇ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ।” (ਇਬਰਾਨੀਆਂ 12:2) ਯਿਸੂ ਦੀ ਨਜ਼ਰ ਇੱਕੋ-ਇਕ ਟੀਚੇ ਤੇ ਟਿਕੀ ਹੋਈ ਸੀ ਯਾਨੀ ਯਹੋਵਾਹ ਦੇ ਰਾਜ ਕਰਨ ਦੇ ਅਧਿਕਾਰ ਨੂੰ ਸਹੀ ਸਿੱਧ ਕਰਨਾ ਅਤੇ ਉਸ ਦੇ ਨਾਂ ਨੂੰ ਉੱਚਾ ਚੁੱਕਣਾ। ਇਸ ਲਈ ਉਹ ਹਰ ਕੀਮਤ ਤੇ ਪਰਮੇਸ਼ੁਰ ਦੇ ਕਹਿਣੇ ਵਿਚ ਰਿਹਾ।
3. ਪਰਮੇਸ਼ੁਰ ਦੇ ਸੇਵਕਾਂ ਦੀ ਜ਼ਿੰਦਗੀ ਵਿਚ ਆਸ਼ਾ ਦੀ ਕੀ ਮਹੱਤਤਾ ਹੈ?
3 ਰਾਜਾ ਦਾਊਦ ਨੇ ਕਿਹਾ ਸੀ: “ਯਹੋਵਾਹ ਨੂੰ ਉਡੀਕ, ਤਕੜਾ ਹੋ ਅਤੇ ਤੇਰਾ ਮਨ ਦਿਲੇਰ ਹੋਵੇ, ਹਾਂ, ਯਹੋਵਾਹ ਨੂੰ ਹੀ ਉਡੀਕ!” (ਜ਼ਬੂਰਾਂ ਦੀ ਪੋਥੀ 27:14) ਉਸ ਦੇ ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਉਡੀਕਣ ਯਾਨੀ ਉਸ ਉੱਤੇ ਆਸ਼ਾ ਰੱਖਣ ਅਤੇ ਦਲੇਰ ਬਣਨ ਦਾ ਆਪਸ ਵਿਚ ਗਹਿਰਾ ਸੰਬੰਧ ਹੈ। ਆਪਣੇ ਮਨ ਨੂੰ ਦਲੇਰ ਬਣਾਈ ਰੱਖਣ ਲਈ ਸਾਨੂੰ ਆਪਣੀ ਆਸ਼ਾ ਨੂੰ ਹਮੇਸ਼ਾ ਮਨ ਵਿਚ ਰੱਖਣਾ ਚਾਹੀਦਾ ਹੈ। ਅਸੀਂ ਆਪਣੀ ਆਸ਼ਾ ਨੂੰ ਕਦੇ ਵੀ ਕਮਜ਼ੋਰ ਨਹੀਂ ਪੈਣ ਦੇਵਾਂਗੇ। ਇਸ ਤਰ੍ਹਾਂ ਅਸੀਂ ਯਿਸੂ ਵਾਂਗ ਹਿੰਮਤ ਤੇ ਜੋਸ਼ ਨਾਲ ਪ੍ਰਚਾਰ ਕਰ ਸਕਾਂਗੇ। (ਮੱਤੀ 24:14; 28:19, 20) ਜੀ ਹਾਂ, ਪਰਮੇਸ਼ੁਰ ਦੇ ਸੇਵਕਾਂ ਦੀ ਜ਼ਿੰਦਗੀ ਵਿਚ ਨਿਹਚਾ ਅਤੇ ਪਿਆਰ ਦੇ ਨਾਲ-ਨਾਲ ਆਸ਼ਾ ਵੀ ਬਹੁਤ ਜ਼ਰੂਰੀ ਹੈ।—1 ਕੁਰਿੰਥੀਆਂ 13:13.
“ਆਸਾ ਵਿੱਚ ਵਧਦੇ ਜਾਵੋ”
4. ਮਸਹ ਕੀਤੇ ਹੋਏ ਮਸੀਹੀ ਅਤੇ ‘ਹੋਰ ਭੇਡਾਂ’ ਕਿਹੋ ਜਿਹੇ ਭਵਿੱਖ ਦੀ ਆਸ ਰੱਖਦੀਆਂ ਹਨ?
4 ਪਰਮੇਸ਼ੁਰ ਦੇ ਲੋਕਾਂ ਦਾ ਭਵਿੱਖ ਉੱਜਲ ਹੈ। ਮਸਹ ਕੀਤੇ ਹੋਏ ਮਸੀਹੀ ਯਿਸੂ ਨਾਲ ਸਵਰਗ ਵਿਚ ਸੇਵਾ ਕਰਨ ਦੀ ਉਮੀਦ ਰੱਖਦੇ ਹਨ ਅਤੇ ‘ਹੋਰ ਭੇਡਾਂ’ “ਬਿਨਾਸ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ” ਕਰਨ ਦੀ ਆਸ ਰੱਖਦੀਆਂ ਹਨ। (ਯੂਹੰਨਾ 10:16; ਰੋਮੀਆਂ 8:19-21; ਫ਼ਿਲਿੱਪੀਆਂ 3:20) ਇਸ “ਆਜ਼ਾਦੀ” ਵਿਚ ਪਾਪ ਅਤੇ ਇਸ ਦੇ ਦੁਖਦਾਈ ਨਤੀਜਿਆਂ ਤੋਂ ਛੁਟਕਾਰਾ ਸ਼ਾਮਲ ਹੈ। ਜੀ ਹਾਂ, ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ “ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ” ਦੇਵੇਗਾ।—ਯਾਕੂਬ 1:17; ਯਸਾਯਾਹ 25:8.
5. ਅਸੀਂ ਕਿਵੇਂ “ਆਸਾ ਵਿੱਚ ਵਧਦੇ” ਜਾ ਸਕਦੇ ਹਾਂ?
5 ਮਸੀਹੀਆਂ ਵਜੋਂ ਸਾਡੀ ਜ਼ਿੰਦਗੀ ਵਿਚ ਆਸ਼ਾ ਕਿੰਨੀ ਜ਼ਰੂਰੀ ਹੈ? ਰੋਮੀਆਂ 15:13 ਵਿਚ ਲਿਖਿਆ ਹੈ: ‘ਹੁਣ ਆਸਾ ਦਾ ਪਰਮੇਸ਼ੁਰ ਤੁਹਾਨੂੰ ਨਿਹਚਾ ਕਰਨ ਦੇ ਵਸੀਲੇ ਨਾਲ ਸਾਰੇ ਅਨੰਦ ਅਤੇ ਸ਼ਾਂਤੀ ਨਾਲ ਭਰ ਦੇਵੇ ਭਈ ਤੁਸੀਂ ਪਵਿੱਤਰ ਆਤਮਾ ਦੀ ਸਮਰਥ ਨਾਲ ਆਸਾ ਵਿੱਚ ਵਧਦੇ ਜਾਵੋ।’ ਜੀ ਹਾਂ, ਆਸ਼ਾ ਹਨੇਰੇ ਵਿਚ ਮੋਮਬੱਤੀ ਦੀ ਰੌਸ਼ਨੀ ਵਾਂਗ ਨਹੀਂ, ਸਗੋਂ ਚੜ੍ਹਦੇ ਸੂਰਜ ਦੀਆਂ ਕਿਰਨਾਂ ਵਾਂਗ ਹੈ ਜੋ ਰਾਤ ਦੇ ਹਨੇਰੇ ਨੂੰ ਦੂਰ ਕਰ ਕੇ ਸਾਡੀ ਜ਼ਿੰਦਗੀ ਨੂੰ ਸ਼ਾਂਤੀ, ਸੁਖ ਤੇ ਹਿੰਮਤ ਨਾਲ ਭਰ ਦਿੰਦੀਆਂ ਹਨ ਅਤੇ ਸਾਨੂੰ ਜੀਉਣ ਦਾ ਮਕਸਦ ਦਿੰਦੀਆਂ ਹਨ। ਧਿਆਨ ਦਿਓ ਕਿ ਜਦ ਅਸੀਂ ਪਰਮੇਸ਼ੁਰ ਦੇ ਬਚਨ ਉੱਤੇ ਨਿਹਚਾ ਕਰਦੇ ਹਾਂ ਅਤੇ ਸਾਨੂੰ ਉਸ ਦੀ ਪਵਿੱਤਰ ਆਤਮਾ ਮਿਲਦੀ ਹੈ, ਤਾਂ ਅਸੀਂ “ਆਸਾ ਵਿੱਚ ਵਧਦੇ” ਜਾਂਦੇ ਹਾਂ। ਰੋਮੀਆਂ 15:4 ਕਹਿੰਦਾ ਹੈ: “ਜੋ ਕੁਝ ਅੱਗੇ ਲਿਖਿਆ ਗਿਆ ਸੋ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਭਈ ਅਸੀਂ ਧੀਰਜ ਤੋਂ ਅਤੇ ਧਰਮ ਪੁਸਤਕ ਦੇ ਦਿਲਾਸੇ ਤੋਂ ਆਸਾ ਰੱਖੀਏ।” ਇਸ ਲਈ ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਰੋਜ਼ ਬਾਈਬਲ ਪੜ੍ਹਨ ਅਤੇ ਲਗਨ ਨਾਲ ਇਸ ਦਾ ਅਧਿਐਨ ਕਰ ਕੇ ਆਪਣੀ ਆਸ਼ਾ ਪੱਕੀ ਰੱਖਦਾ ਹਾਂ? ਕੀ ਮੈਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਲਈ ਬਾਕਾਇਦਾ ਪ੍ਰਾਰਥਨਾ ਕਰਦਾ ਹਾਂ?’—ਲੂਕਾ 11:13.
6. ਆਪਣੀ ਆਸ਼ਾ ਪੱਕੀ ਰੱਖਣ ਲਈ ਸਾਨੂੰ ਕਿਸ ਗੱਲ ਤੋਂ ਬਚਣਾ ਚਾਹੀਦਾ ਹੈ?
6 ਯਿਸੂ ਨੂੰ ਪਰਮੇਸ਼ੁਰ ਦੇ ਬਚਨ ਤੋਂ ਤਾਕਤ ਮਿਲਦੀ ਸੀ। ਉਸ ਦੀ ਮਿਸਾਲ ਉੱਤੇ ਚੱਲ ਕੇ ਅਸੀਂ ‘ਅੱਕ ਕੇ ਆਪਣੇ ਜੀ ਵਿੱਚ ਢਿੱਲੇ ਪੈਣ’ ਤੋਂ ਬਚ ਸਕਦੇ ਹਾਂ। (ਇਬਰਾਨੀਆਂ 12:3) ਜੇ ਸਾਡੀ ਆਸ਼ਾ ਸਾਡੇ ਮਨਾਂ ਤੇ ਦਿਲਾਂ ਵਿਚ ਧੁੰਦਲੀ ਪੈ ਜਾਵੇ, ਤਾਂ ਅਸੀਂ ਯਹੋਵਾਹ ਦੀ ਸੇਵਾ ਵਿਚ ਢਿੱਲੇ ਪੈ ਜਾਵਾਂਗੇ ਅਤੇ ਬਾਈਬਲ ਦੇ ਅਸੂਲਾਂ ਉੱਤੇ ਚੱਲਣ ਦੀ ਤਾਕਤ ਤੇ ਹਿੰਮਤ ਗੁਆ ਬੈਠਾਂਗੇ। ਸਾਡਾ ਮਨ ਹੋਰਨਾਂ ਗੱਲਾਂ ਵੱਲ ਲੱਗ ਸਕਦਾ ਹੈ ਜਿਵੇਂ ਧਨ-ਦੌਲਤ ਕਮਾਉਣ ਵੱਲ। ਇਸ ਹਾਲਤ ਵਿਚ ਸਾਡੀ “ਨਿਹਚਾ ਦੀ ਬੇੜੀ” ਡੁੱਬ ਸਕਦੀ ਹੈ। (1 ਤਿਮੋਥਿਉਸ 1:19) ਦੂਜੇ ਪਾਸੇ, ਸੱਚੀ ਆਸ਼ਾ ਸਾਡੀ ਨਿਹਚਾ ਨੂੰ ਪੱਕਾ ਰੱਖੇਗੀ।
ਨਿਹਚਾ ਲਈ ਜ਼ਰੂਰੀ ਹੈ ਆਸ
7. ਆਸ ਨਿਹਚਾ ਦਾ ਜ਼ਰੂਰੀ ਹਿੱਸਾ ਕਿਵੇਂ ਹੈ?
7 ਬਾਈਬਲ ਕਹਿੰਦੀ ਹੈ ਕਿ “ਨਿਹਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਅਤੇ ਅਣਡਿੱਠ ਵਸਤਾਂ ਦੀ ਸਬੂਤੀ ਹੈ।” (ਇਬਰਾਨੀਆਂ 11:1) ਸੋ ਆਸ ਦਾ ਨਿਹਚਾ ਨਾਲ ਗੂੜ੍ਹਾ ਸੰਬੰਧ ਹੀ ਨਹੀਂ ਹੈ, ਸਗੋਂ ਇਹ ਨਿਹਚਾ ਦਾ ਜ਼ਰੂਰੀ ਹਿੱਸਾ ਹੈ। ਅਬਰਾਹਾਮ ਦੀ ਮਿਸਾਲ ਲਓ। ਇਨਸਾਨੀ ਨਜ਼ਰੀਏ ਤੋਂ ਦੇਖਿਆ ਜਾਵੇ, ਤਾਂ ਉਹ ਤੇ ਉਸ ਦੀ ਪਤਨੀ ਸਾਰਾਹ ਬੱਚੇ ਪੈਦਾ ਕਰਨ ਦੀ ਉਮਰ ਲੰਘ ਚੁੱਕੇ ਸਨ ਜਦ ਯਹੋਵਾਹ ਨੇ ਉਨ੍ਹਾਂ ਨੂੰ ਔਲਾਦ ਦੇਣ ਦਾ ਵਾਅਦਾ ਕੀਤਾ ਸੀ। (ਉਤਪਤ 17:15-17) ਅਬਰਾਹਾਮ ਨੇ ਇਹ ਸੁਣ ਕੇ ਕੀ ਕੀਤਾ? ‘ਨਿਰਾਸਾ ਵਿੱਚ ਆਸ ਨਾਲ ਉਸ ਨੇ ਪਰਤੀਤ ਕੀਤੀ ਭਈ ਓਸ ਵਾਕ ਦੇ ਅਨੁਸਾਰ ਕਿ ਤੇਰੀ ਅੰਸ ਇਉਂ ਹੋਵੇਗੀ, ਉਹ ਬਾਹਲੀਆਂ ਕੌਮਾਂ ਦਾ ਪਿਤਾ ਹੋਵੇ।’ (ਰੋਮੀਆਂ 4:18) ਜੀ ਹਾਂ, ਪਰਮੇਸ਼ੁਰ ਦੀ ਦਿੱਤੀ ਆਸ ਸਦਕਾ ਅਬਰਾਹਾਮ ਨੂੰ ਪੱਕੀ ਨਿਹਚਾ ਸੀ ਕਿ ਉਸ ਦੇ ਔਲਾਦ ਜ਼ਰੂਰ ਹੋਵੇਗੀ। ਬਦਲੇ ਵਿਚ ਇਸ ਨਿਹਚਾ ਨੇ ਉਸ ਦੀ ਆਸ ਨੂੰ ਹੋਰ ਪੱਕਾ ਕੀਤਾ। ਇਸੇ ਪੱਕੀ ਆਸ ਕਰਕੇ ਅਬਰਾਹਾਮ ਤੇ ਸਾਰਾਹ ਨੂੰ ਆਪਣਾ ਘਰ-ਬਾਰ ਅਤੇ ਰਿਸ਼ਤੇਦਾਰਾਂ ਨੂੰ ਛੱਡ ਕੇ ਪਰਾਏ ਦੇਸ਼ ਵਿਚ ਤੰਬੂਆਂ ਵਿਚ ਰਹਿਣ ਦੀ ਹਿੰਮਤ ਮਿਲੀ!
8. ਪਰਮੇਸ਼ੁਰ ਦੀ ਸੇਵਾ ਧੀਰਜ ਨਾਲ ਕਰਦੇ ਰਹਿਣ ਨਾਲ ਸਾਡੀ ਆਸ ਕਿਵੇਂ ਪੱਕੀ ਹੁੰਦੀ ਹੈ?
8 ਅਬਰਾਹਾਮ ਨੇ ਹਰ ਗੱਲ ਵਿਚ ਯਹੋਵਾਹ ਦਾ ਕਹਿਣਾ ਮੰਨ ਕੇ ਆਪਣੀ ਉਮੀਦ ਪੱਕੀ ਰੱਖੀ, ਉਦੋਂ ਵੀ ਜਦ ਇਸ ਤਰ੍ਹਾਂ ਕਰਨਾ ਮੁਸ਼ਕਲ ਸੀ। (ਉਤਪਤ 22:2, 12) ਇਸੇ ਤਰ੍ਹਾਂ ਯਹੋਵਾਹ ਦਾ ਕਹਿਣਾ ਮੰਨ ਕੇ ਤੇ ਉਸ ਦੀ ਸੇਵਾ ਧੀਰਜ ਨਾਲ ਕਰਦੇ ਰਹਿ ਕੇ ਅਸੀਂ ਵੀ ਇਨਾਮ ਪਾਉਣ ਦੀ ਉਮੀਦ ਰੱਖ ਸਕਦੇ ਹਾਂ। ਪੌਲੁਸ ਨੇ ਲਿਖਿਆ ਕਿ “ਧੀਰਜ ਦ੍ਰਿੜ੍ਹਤਾ ਅਤੇ ਦ੍ਰਿੜ੍ਹਤਾ ਆਸ ਪੈਦਾ ਕਰਦੀ ਹੈ ਅਤੇ ਆਸ ਸ਼ਰਮਿੰਦਿਆਂ ਨਹੀਂ ਕਰਦੀ” ਯਾਨੀ ਸਾਨੂੰ ਨਿਰਾਸ਼ ਨਹੀਂ ਕਰਦੀ। (ਰੋਮੀਆਂ 5:4, 5) ਇਸ ਲਈ ਪੌਲੁਸ ਨੇ ਇਹ ਵੀ ਲਿਖਿਆ ਕਿ ‘ਅਸੀਂ ਚਾਹੁੰਦੇ ਹਾਂ ਜੋ ਤੁਹਾਡੇ ਵਿੱਚੋ ਹਰੇਕ ਆਸ ਦੀ ਭਰਪੂਰੀ ਲਈ ਅੰਤ ਤੋੜੀ ਉਹੋ ਜਿਹਾ ਜਤਨ ਕਰੇ।’ (ਇਬਰਾਨੀਆਂ 6:11) ਯਹੋਵਾਹ ਨਾਲ ਨਜ਼ਦੀਕੀ ਰਿਸ਼ਤਾ ਹੋਣ ਕਰਕੇ ਅਸੀਂ ਉੱਜਲ ਭਵਿੱਖ ਦੀ ਆਸ ਰੱਖਦੇ ਹਾਂ। ਇਹੋ ਆਸ ਸਾਨੂੰ ਹਰ ਦੁੱਖ ਨੂੰ ਖ਼ੁਸ਼ੀ ਨਾਲ ਸਹਿਣ ਦੀ ਹਿੰਮਤ ਦਿੰਦੀ ਹੈ।
‘ਆਸਾ ਵਿੱਚ ਅਨੰਦ ਕਰੋ’
9. ਕੀ ਕਰਨ ਨਾਲ ਅਸੀਂ “ਆਸਾ ਵਿੱਚ ਅਨੰਦ” ਕਰ ਸਕਾਂਗੇ?
9 ਯਹੋਵਾਹ ਤੋਂ ਮਿਲੀ ਆਸ਼ਾ ਦੁਨੀਆਂ ਦੀ ਕਿਸੇ ਵੀ ਚੀਜ਼ ਨਾਲੋਂ ਕਿਤੇ ਉੱਤਮ ਹੈ। ਜ਼ਬੂਰ 37:34 ਵਿਚ ਲਿਖਿਆ ਹੈ: “ਯਹੋਵਾਹ ਨੂੰ ਉਡੀਕ ਅਤੇ ਉਹ ਦੇ ਰਾਹ ਦੀ ਪਾਲਨਾ ਕਰ, ਤਾਂ ਉਹ ਤੈਨੂੰ ਉੱਚਾ ਕਰੇਗਾ ਭਈ ਤੂੰ ਧਰਤੀ ਦਾ ਵਾਰਸ ਬਣੇਂ। ਤੂੰ ਦੁਸ਼ਟ ਦਾ ਛੇਕਿਆ ਜਾਣਾ ਵੇਖੇਂਗਾ।” ਜੀ ਹਾਂ, ਸਾਨੂੰ “ਆਸਾ ਵਿੱਚ ਅਨੰਦ” ਕਰਨਾ ਚਾਹੀਦਾ ਹੈ। (ਰੋਮੀਆਂ 12:12) ਪਰ ਆਨੰਦ ਕਰਨ ਲਈ ਸਾਨੂੰ ਹਮੇਸ਼ਾ ਆਪਣੀ ਆਸ਼ਾ ਨੂੰ ਮਨ ਵਿਚ ਰੱਖਣ ਦੀ ਲੋੜ ਹੈ। ਕੀ ਤੁਸੀਂ ਆਪਣੀ ਆਸ਼ਾ ਬਾਰੇ ਸੋਚਦੇ ਰਹਿੰਦੇ ਹੋ? ਕੀ ਤੁਸੀਂ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਰਹਿਣ ਦੇ ਸੁਪਨੇ ਦੇਖਦੇ ਹੋ ਜਿੱਥੇ ਤੁਸੀਂ ਤੰਦਰੁਸਤ ਹੋਵੋਗੇ, ਤੁਹਾਨੂੰ ਕੋਈ ਚਿੰਤਾ ਨਹੀਂ ਹੋਵੇਗੀ, ਤੁਸੀਂ ਆਪਣੇ ਸਕੇ-ਸੰਬੰਧੀਆਂ ਅਤੇ ਦੋਸਤਾਂ-ਮਿੱਤਰਾਂ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰੋਗੇ ਅਤੇ ਤੁਹਾਨੂੰ ਆਪਣੇ ਕੰਮ ਤੋਂ ਖ਼ੁਸ਼ੀ ਮਿਲੇਗੀ? ਕੀ ਤੁਸੀਂ ਨਵੀਂ ਦੁਨੀਆਂ ਦੀਆਂ ਤਸਵੀਰਾਂ ਉੱਤੇ ਮਨਨ ਕਰਦੇ ਹੋ ਜੋ ਸਾਡੇ ਪ੍ਰਕਾਸ਼ਨਾਂ ਵਿਚ ਛਪਦੀਆਂ ਹਨ? ਇਸ ਤਰ੍ਹਾਂ ਕਰਨਾ ਖਿੜਕੀ ਨੂੰ ਸਾਫ਼ ਕਰਨ ਦੇ ਬਰਾਬਰ ਹੋਵੇਗਾ ਜਿਸ ਰਾਹੀਂ ਅਸੀਂ ਬਾਹਰ ਦਾ ਸੋਹਣਾ ਨਜ਼ਾਰਾ ਦੇਖ ਸਕਾਂਗੇ। ਜੇ ਖਿੜਕੀ ਤੇ ਮਿੱਟੀ ਜੰਮੀ ਹੋਵੇ, ਤਾਂ ਅਸੀਂ ਬਾਹਰ ਦਾ ਨਜ਼ਾਰਾ ਨਹੀਂ ਦੇਖ ਸਕਾਂਗੇ ਤੇ ਸਾਡਾ ਧਿਆਨ ਭਟਕ ਜਾਵੇਗਾ। ਆਓ ਆਪਾਂ ਆਪਣੇ ਨਾਲ ਅਜਿਹਾ ਕਦੀ ਨਾ ਹੋਣ ਦੇਈਏ!
10. ਫਲ ਦੀ ਉਮੀਦ ਕਰ ਕੇ ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਯਹੋਵਾਹ ਨਾਲ ਸਾਡਾ ਚੰਗਾ ਰਿਸ਼ਤਾ ਹੈ?
10 ਅਸੀਂ ਸਿਰਫ਼ ਸੋਹਣਾ ਭਵਿੱਖ ਪਾਉਣ ਲਈ ਹੀ ਯਹੋਵਾਹ ਦੀ ਸੇਵਾ ਨਹੀਂ ਕਰਦੇ। ਅਸੀਂ ਯਹੋਵਾਹ ਦੀ ਸੇਵਾ ਇਸ ਲਈ ਕਰਦੇ ਹਾਂ ਕਿਉਂਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ। (ਮਰਕੁਸ 12:30) ਫਿਰ ਵੀ ਸਾਨੂੰ ਭਵਿੱਖ ਵਿਚ ਮਿਲਣ ਵਾਲੇ ਇਨਾਮ ਦੀ ਉਮੀਦ ਰੱਖਣੀ ਚਾਹੀਦੀ ਹੈ। ਅਸਲ ਵਿਚ ਯਹੋਵਾਹ ਹੀ ਸਾਨੂੰ ਇਸ ਤਰ੍ਹਾਂ ਕਰਨ ਲਈ ਕਹਿੰਦਾ ਹੈ। ਇਬਰਾਨੀਆਂ 11:6 ਵਿਚ ਲਿਖਿਆ ਹੈ: “ਨਿਹਚਾ ਬਾਝੋਂ ਉਹ ਦੇ ਮਨ ਨੂੰ ਭਾਉਣਾ ਅਣਹੋਣਾ ਹੈ ਕਿਉਂਕਿ ਜਿਹੜਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲੇ ਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।” ਯਹੋਵਾਹ ਕਿਉਂ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਆਪਣਾ ਫਲਦਾਤਾ ਮੰਨੀਏ? ਕਿਉਂਕਿ ਉਸ ਨੂੰ ਫਲਦਾਤਾ ਮੰਨਣ ਨਾਲ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਉਹ ਸਾਡਾ ਖੁੱਲ੍ਹ-ਦਿਲਾ ਸਵਰਗੀ ਪਿਤਾ ਹੈ ਜੋ ਸਾਨੂੰ ਪਿਆਰ ਕਰਦਾ ਹੈ। ਜ਼ਰਾ ਸੋਚੋ ਕਿ ਅਸੀਂ ਕਿੰਨੇ ਉਦਾਸ ਤੇ ਨਿਰਾਸ਼ ਹੁੰਦੇ ਜੇ ਸਾਡੇ ਕੋਲ ਸੁਨਹਿਰੇ ਭਵਿੱਖ ਦੀ “ਆਸ” ਨਾ ਹੁੰਦੀ।—ਯਿਰਮਿਯਾਹ 29:11.
11. ਆਸ ਨੇ ਮੂਸਾ ਦੀ ਸਹੀ ਫ਼ੈਸਲੇ ਕਰਨ ਵਿਚ ਕਿਵੇਂ ਮਦਦ ਕੀਤੀ?
11 ਮੂਸਾ ਨੇ ਆਪਣੀ ਆਸ ਪੱਕੀ ਰੱਖੀ ਸੀ। ਇਸ ਵਿਚ ਉਹ ਸਾਡੇ ਲਈ ਵਧੀਆ ਉਦਾਹਰਣ ਹੈ। “ਫ਼ਿਰਊਨ ਦੀ ਧੀ ਦਾ ਪੁੱਤ੍ਰ” ਹੋਣ ਕਰਕੇ ਮੂਸਾ ਕੋਲ ਤਾਕਤ, ਰੁਤਬਾ ਤੇ ਦੌਲਤ ਸਭ ਕੁਝ ਸੀ। ਪਰ ਕੀ ਉਹ ਇਨ੍ਹਾਂ ਚੀਜ਼ਾਂ ਦੇ ਪਿੱਛੇ ਲੱਗਾ ਰਿਹਾ? ਨਹੀਂ, ਸਗੋਂ ਮੂਸਾ ਨੇ ਹਿੰਮਤ ਨਾਲ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ। ਕਿਉਂ? ਕਿਉਂਕਿ “ਫਲ ਵੱਲ ਉਹ ਦਾ ਧਿਆਨ ਸੀ।” (ਇਬਰਾਨੀਆਂ 11:24-26) ਜੀ ਹਾਂ, ਯਹੋਵਾਹ ਨੇ ਜੋ ਆਸ ਮੂਸਾ ਨੂੰ ਦਿੱਤੀ ਸੀ, ਉਹ ਮੂਸਾ ਦੀ ਜ਼ਿੰਦਗੀ ਵਿਚ ਬਹੁਤ ਮਹੱਤਤਾ ਰੱਖਦੀ ਸੀ।
12. ਸਾਡੀ ਆਸ ਟੋਪ ਵਾਂਗ ਕਿਵੇਂ ਹੈ?
12 ਪੌਲੁਸ ਰਸੂਲ ਨੇ ਆਸ ਦੀ ਤੁਲਨਾ ਟੋਪ ਨਾਲ ਕੀਤੀ। ਇਹ ਆਸ ਸਾਡੀ ਸੋਚ ਦੀ ਰਾਖੀ ਕਰਦੀ ਹੈ ਤਾਂਕਿ ਅਸੀਂ ਸਹੀ ਫ਼ੈਸਲੇ ਕਰ ਸਕੀਏ, ਜ਼ਰੂਰੀ ਗੱਲਾਂ ਨੂੰ ਪਹਿਲ ਦੇ ਸਕੀਏ ਤੇ ਯਹੋਵਾਹ ਦੇ ਵਫ਼ਾਦਾਰ ਰਹਿ ਸਕੀਏ। (1 ਥੱਸਲੁਨੀਕੀਆਂ 5:8) ਕੀ ਤੁਸੀਂ ਆਸ ਦਾ ਟੋਪ ਹਮੇਸ਼ਾ ਪਾਈ ਰੱਖਦੇ ਹੋ? ਜੇ ਹਾਂ, ਤਾਂ ਮੂਸਾ ਤੇ ਪੌਲੁਸ ਵਾਂਗ ਤੁਸੀਂ ਵੀ ‘ਬੇਠਿਕਾਣੇ ਧਨ ਉੱਤੇ ਨਹੀਂ ਸਗੋਂ ਪਰਮੇਸ਼ੁਰ ਉੱਤੇ ਆਸਰਾ ਰੱਖੋਗੇ ਜਿਹੜਾ ਸਾਨੂੰ ਭੋਗਣ ਲਈ ਸੱਭੋ ਕੁਝ ਤਰਾਤਰੀ ਦਿੰਦਾ ਹੈ।’ ਇਹ ਸੱਚ ਹੈ ਕਿ ਦੁਨੀਆਂ ਦੇ ਮਤਲਬੀ ਕੰਮਾਂ ਤੋਂ ਮੂੰਹ ਮੋੜਨ ਲਈ ਹਿੰਮਤ ਦੀ ਲੋੜ ਪੈਂਦੀ ਹੈ। ਪਰ ਸਾਨੂੰ ਇਸ ਦਾ ਬਹੁਤ ਫ਼ਾਇਦਾ ਹੋਵੇਗਾ। ਯਹੋਵਾਹ ਨੂੰ ਪਿਆਰ ਕਰਨ ਤੇ ਉਸ ਉੱਤੇ ਆਸ ਰੱਖਣ ਵਾਲਿਆਂ ਨੂੰ ਯਹੋਵਾਹ ਨੇ “ਅਸਲ ਜੀਵਨ” ਦੇਣ ਦਾ ਵਾਅਦਾ ਕੀਤਾ ਹੈ। ਤਾਂ ਫਿਰ, ਅਸੀਂ ਇਸ ਨਾਲੋਂ ਤੁੱਛ ਚੀਜ਼ਾਂ ਪਿੱਛੇ ਕਿਉਂ ਭੱਜੀਏ?—1 ਤਿਮੋਥਿਉਸ 6:17, 19.
“ਮੈਂ ਤੈਨੂੰ ਕਦੇ ਨਾ ਛੱਡਾਂਗਾ”
13. ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਕੀ ਹੌਸਲਾ ਦਿੰਦਾ ਹੈ?
13 ਜਿਹੜੇ ਲੋਕ ਇਸ ਦੁਨੀਆਂ ਉੱਤੇ ਆਸ ਲਾਉਂਦੇ ਹਨ, ਉਹ ਆਪਣੇ ਭਵਿੱਖ ਬਾਰੇ ਬਹੁਤ ਚਿੰਤਿਤ ਹਨ ਕਿਉਂਕਿ ਇਸ ਸੰਸਾਰ ਦੀਆਂ “ਪੀੜਾਂ” ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। (ਮੱਤੀ 24:8) ਪਰ ਯਹੋਵਾਹ ਉੱਤੇ ਆਸ ਰੱਖਣ ਵਾਲਿਆਂ ਨੂੰ ਆਉਣ ਵਾਲੇ ਕੱਲ੍ਹ ਦਾ ਕੋਈ ਡਰ ਨਹੀਂ ਹੈ। ‘ਉਹ ਸੁਖ ਨਾਲ ਵੱਸਣਗੇ, ਅਤੇ ਬਲਾ ਤੋਂ ਨਿਰਭੈ ਹੋ ਕੇ ਸ਼ਾਂਤੀ ਨਾਲ ਰਹਿਣਗੇ।’ (ਕਹਾਉਤਾਂ 1:33) ਸਾਡੀ ਆਸ਼ਾ ਇਸ ਦੁਨੀਆਂ ਉੱਤੇ ਨਹੀਂ ਹੈ, ਇਸ ਲਈ ਅਸੀਂ ਖ਼ੁਸ਼ੀ ਨਾਲ ਪੌਲੁਸ ਦੀ ਸਲਾਹ ਉੱਤੇ ਚੱਲਦੇ ਹਾਂ: “ਤੁਸੀਂ ਮਾਇਆ ਦੇ ਲੋਭ ਤੋਂ ਰਹਿਤ ਰਹੋ। ਜੋ ਕੁਝ ਤੁਹਾਡੇ ਕੋਲ ਹੈ ਉਸ ਉੱਤੇ ਸੰਤੋਖ ਕਰੋ ਕਿਉਂ ਜੋ ਉਹ ਨੇ ਆਪ ਆਖਿਆ ਹੈ ਭਈ ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ।”—ਇਬਰਾਨੀਆਂ 13:5.
14. ਮਸੀਹੀਆਂ ਨੂੰ ਜ਼ਿੰਦਗੀ ਦੀਆਂ ਜ਼ਰੂਰਤਾਂ ਬਾਰੇ ਜ਼ਿਆਦਾ ਫ਼ਿਕਰ ਕਰਨ ਦੀ ਲੋੜ ਕਿਉਂ ਨਹੀਂ ਹੈ?
14 “ਕਦੇ ਨਾ” ਤੇ “ਨਾ ਕਦੇ” ਸ਼ਬਦ ਸਾਨੂੰ ਪੱਕਾ ਭਰੋਸਾ ਦਿਵਾਉਂਦੇ ਹਨ ਕਿ ਪਰਮੇਸ਼ੁਰ ਹਮੇਸ਼ਾ ਸਾਡੀ ਦੇਖ-ਭਾਲ ਕਰੇਗਾ। ਯਿਸੂ ਨੇ ਵੀ ਇਸ ਗੱਲ ਉੱਤੇ ਜ਼ੋਰ ਦਿੱਤਾ ਸੀ ਜਦ ਉਸ ਨੇ ਕਿਹਾ: “ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ [ਲੋੜੀਂਦੀਆਂ] ਵਸਤਾਂ ਵੀ ਦਿੱਤੀਆਂ ਜਾਣਗੀਆਂ। ਸੋ ਤੁਸੀਂ ਭਲਕ ਦੇ ਲਈ ਚਿੰਤਾ ਨਾ ਕਰੋ ਕਿਉਂ ਜੋ ਭਲਕ ਆਪਣੇ ਲਈ ਆਪੇ ਚਿੰਤਾ ਕਰੇਗਾ।” (ਮੱਤੀ 6:33, 34) ਯਹੋਵਾਹ ਜਾਣਦਾ ਹੈ ਕਿ ਰੋਜ਼ੀ-ਰੋਟੀ ਕਮਾਉਣ ਦੀ ਭਾਰੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਉਸ ਦੀ ਦਿਲੋ-ਜਾਨ ਨਾਲ ਸੇਵਾ ਕਰਨੀ ਸੌਖਾ ਕੰਮ ਨਹੀਂ ਹੈ। ਤਾਂ ਫਿਰ, ਆਓ ਆਪਾਂ ਉਸ ਉੱਤੇ ਭਰੋਸਾ ਰੱਖੀਏ ਕਿ ਜੇ ਅਸੀਂ ਉਸ ਦੇ ਰਾਜ ਨੂੰ ਪਹਿਲ ਦਿਆਂਗੇ, ਤਾਂ ਉਹ ਸਾਡੀਆਂ ਜ਼ਰੂਰਤਾਂ ਪੂਰੀਆਂ ਕਰੇਗਾ। ਉਹ ਇਸ ਤਰ੍ਹਾਂ ਕਰਨ ਦੇ ਕਾਬਲ ਹੀ ਨਹੀਂ, ਬਲਕਿ ਚਾਹਵਾਨ ਵੀ ਹੈ।—ਮੱਤੀ 6:25-32; 11:28-30.
15. ਮਸੀਹੀ ਆਪਣੀ ਅੱਖ “ਨਿਰਮਲ” ਕਿਵੇਂ ਰੱਖ ਸਕਦੇ ਹਨ?
15 ਆਪਣੀ ਅੱਖ “ਨਿਰਮਲ” ਰੱਖਣ ਨਾਲ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਤੇ ਭਰੋਸਾ ਰੱਖਦੇ ਹਾਂ। (ਮੱਤੀ 6:22, 23) ਨਿਰਮਲ ਅੱਖ ਹੋਣ ਦਾ ਮਤਲਬ ਹੈ ਕਿ ਅਸੀਂ ਈਮਾਨਦਾਰ ਤੇ ਨਿਸ਼ਕਪਟ ਬਣਾਂਗੇ, ਨਾ ਕਿ ਲਾਲਚੀ ਤੇ ਖ਼ੁਦਗਰਜ਼। ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਘੋਰ ਗ਼ਰੀਬੀ ਵਿਚ ਰਹੀਏ ਜਾਂ ਕੋਈ ਕੰਮ-ਕਾਜ ਹੀ ਨਾ ਕਰੀਏ। ਇਸ ਦੀ ਬਜਾਇ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਯਹੋਵਾਹ ਦੀ ਸੇਵਾ ਨੂੰ ਪਹਿਲ ਦੇ ਕੇ “ਸੰਜਮ ਦਾ ਆਤਮਾ” ਦਿਖਾਵਾਂਗੇ।—2 ਤਿਮੋਥਿਉਸ 1:7.
16. ਅੱਖ ਨਿਰਮਲ ਰੱਖਣ ਲਈ ਨਿਹਚਾ ਅਤੇ ਹਿੰਮਤ ਕਿਉਂ ਜ਼ਰੂਰੀ ਹੈ?
16 ਆਪਣੀ ਅੱਖ ਨਿਰਮਲ ਰੱਖਣ ਲਈ ਨਿਹਚਾ ਅਤੇ ਹਿੰਮਤ ਜ਼ਰੂਰੀ ਹਨ। ਮਿਸਾਲ ਲਈ, ਜੇ ਕੰਮ ਤੇ ਤੁਹਾਡਾ ਮਾਲਕ ਜ਼ੋਰ ਪਾਉਂਦਾ ਹੈ ਕਿ ਤੁਸੀਂ ਉਸ ਸਮੇਂ ਕੰਮ ਕਰੋ ਜਦ ਸਭਾਵਾਂ ਹੁੰਦੀਆਂ ਹਨ, ਤਾਂ ਕੀ ਤੁਸੀਂ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਣ ਦੀ ਹਿੰਮਤ ਕਰੋਗੇ? ਜੇ ਕਿਸੇ ਨੂੰ ਪੱਕਾ ਭਰੋਸਾ ਨਹੀਂ ਹੈ ਕਿ ਯਹੋਵਾਹ ਆਪਣੇ ਸੇਵਕਾਂ ਦੀਆਂ ਲੋੜਾਂ ਪੂਰੀਆਂ ਕਰੇਗਾ, ਤਾਂ ਉਹ ਸੌਖਿਆਂ ਹੀ ਸ਼ਤਾਨ ਦੇ ਜਾਲ ਵਿਚ ਫਸ ਸਕਦਾ ਹੈ। ਜਦੋਂ ਸ਼ਤਾਨ ਉਸ ਉੱਤੇ ਹੋਰ ਜ਼ਿਆਦਾ ਦਬਾਅ ਪਾਵੇਗਾ, ਤਾਂ ਉਹ ਰੋਜ਼ੀ-ਰੋਟੀ ਕਮਾਉਣ ਦੀ ਖ਼ਾਤਰ ਸਭਾਵਾਂ ਵਿਚ ਆਉਣਾ ਛੱਡ ਦੇਵੇਗਾ। ਹਾਂ, ਸਾਡੇ ਵਿਚ ਨਿਹਚਾ ਦੀ ਕਮੀ ਹੋਣ ਕਰਕੇ ਸ਼ਤਾਨ ਬਾਜ਼ੀ ਜਿੱਤ ਸਕਦਾ ਹੈ। ਇਹ ਕਿੰਨੇ ਅਫ਼ਸੋਸ ਦੀ ਗੱਲ ਹੋਵੇਗੀ!—2 ਕੁਰਿੰਥੀਆਂ 13:5.
‘ਯਹੋਵਾਹ ਨੂੰ ਉਡੀਕੋ’
17. ਯਹੋਵਾਹ ਉੱਤੇ ਭਰੋਸਾ ਰੱਖਣ ਵਾਲਿਆਂ ਨੂੰ ਹੁਣ ਵੀ ਕਿਹੜੀਆਂ ਬਰਕਤਾਂ ਮਿਲਦੀਆਂ ਹਨ?
17 ਬਾਈਬਲ ਵਾਰ-ਵਾਰ ਕਹਿੰਦੀ ਹੈ ਕਿ ਜਿਹੜੇ ਯਹੋਵਾਹ ਉੱਤੇ ਭਰੋਸਾ ਰੱਖਦੇ ਹਨ, ਉਹ ਕਦੀ ਵੀ ਨਿਰਾਸ਼ ਨਹੀਂ ਹੋਣਗੇ। (ਕਹਾਉਤਾਂ 3:5, 6; ਯਿਰਮਿਯਾਹ 17:7) ਇਹ ਸੱਚ ਹੈ ਕਿ ਕਦੇ-ਕਦੇ ਉਨ੍ਹਾਂ ਨੂੰ ਥੋੜ੍ਹੇ ਨਾਲ ਗੁਜ਼ਾਰਾ ਕਰਨਾ ਪੈਂਦਾ ਹੈ, ਪਰ ਇਹ ਕੁਰਬਾਨੀ ਭਵਿੱਖ ਵਿਚ ਮਿਲਣ ਵਾਲੀਆਂ ਬਰਕਤਾਂ ਦੀ ਤੁਲਨਾ ਵਿਚ ਕੁਝ ਵੀ ਨਹੀਂ। ਇਸ ਤਰ੍ਹਾਂ ਉਹ ਦਿਖਾਉਂਦੇ ਹਨ ਕਿ ਉਹ ‘ਯਹੋਵਾਹ ਨੂੰ ਉਡੀਕਦੇ’ ਤੇ ਉਸ ਉੱਤੇ ਆਸ ਰੱਖਦੇ ਹਨ। ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਹ ਉਨ੍ਹਾਂ ਦੇ ਦਿਲ ਦੀਆਂ ਇੱਛਾਵਾਂ ਪੂਰੀਆਂ ਕਰੇਗਾ। (ਜ਼ਬੂਰਾਂ ਦੀ ਪੋਥੀ 37:4, 34) ਇਸ ਲਈ ਉਹ ਹੁਣ ਵੀ ਖ਼ੁਸ਼ ਰਹਿੰਦੇ ਹਨ। “ਧਰਮੀ ਦੀ ਆਸ ਅਨੰਦਤਾ ਹੈ, ਪਰ ਦੁਸ਼ਟ ਦੀ ਉਡੀਕ ਮਿਟ ਜਾਵੇਗੀ।”—ਕਹਾਉਤਾਂ 10:28.
18, 19. (ੳ) ਯਹੋਵਾਹ ਸਾਨੂੰ ਕਿਵੇਂ ਹੌਸਲਾ ਦਿੰਦਾ ਹੈ? (ਅ) ਯਹੋਵਾਹ ਸਾਡੇ “ਸੱਜੇ ਪਾਸੇ” ਰਹੇ, ਇਸ ਲਈ ਸਾਨੂੰ ਕੀ ਕਰਨਾ ਪਵੇਗਾ?
18 ਜਦ ਇਕ ਬੱਚਾ ਆਪਣੇ ਪਿਤਾ ਦਾ ਹੱਥ ਫੜ ਕੇ ਤੁਰਦਾ ਹੈ, ਤਾਂ ਉਸ ਨੂੰ ਕਿਸੇ ਗੱਲ ਦਾ ਫ਼ਿਕਰ ਜਾਂ ਡਰ ਨਹੀਂ ਹੁੰਦਾ। ਇਹੀ ਗੱਲ ਸਾਡੇ ਬਾਰੇ ਵੀ ਕਹੀ ਜਾ ਸਕਦੀ ਹੈ ਕਿਉਂਕਿ ਅਸੀਂ ਯਹੋਵਾਹ ਦੇ ਨਾਲ-ਨਾਲ ਚੱਲਦੇ ਹਾਂ। ਯਹੋਵਾਹ ਨੇ ਇਸਰਾਏਲ ਕੌਮ ਨੂੰ ਕਿਹਾ: “ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ, . . . ਮੈਂ ਤੇਰੀ ਸਹਾਇਤਾ ਕਰਾਂਗਾ, . . . ਮੈਂ ਯਹੋਵਾਹ ਤੇਰਾ ਪਰਮੇਸ਼ੁਰ ਤਾਂ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ, ਮੈਂ ਤੈਨੂੰ ਆਖਦਾ ਹਾਂ, ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ।”—ਯਸਾਯਾਹ 41:10, 13.
19 ਇਨ੍ਹਾਂ ਆਇਤਾਂ ਵਿਚ ਕਿੰਨੀ ਸੋਹਣੀ ਤਸਵੀਰ ਪੇਸ਼ ਕੀਤੀ ਗਈ ਹੈ ਕਿ ਯਹੋਵਾਹ ਸਾਡਾ ਹੱਥ ਫੜ ਕੇ ਸਾਡੇ ਨਾਲ-ਨਾਲ ਚੱਲਦਾ ਹੈ! ਦਾਊਦ ਨੇ ਲਿਖਿਆ: “ਮੈਂ ਸਦਾ ਹੀ ਯਹੋਵਾਹ ਨੂੰ ਆਪਣੇ ਅੱਗੇ ਰੱਖਿਆ ਹੈ, ਉਹ ਮੇਰੇ ਸੱਜੇ ਪਾਸੇ ਜੋ ਹੈ ਇਸ ਲਈ ਮੈਂ ਨਾ ਡੋਲਾਂਗਾ।” (ਜ਼ਬੂਰਾਂ ਦੀ ਪੋਥੀ 16:8) ਯਹੋਵਾਹ ਸਾਡੇ “ਸੱਜੇ ਪਾਸੇ” ਰਹੇ, ਇਸ ਲਈ ਸਾਨੂੰ ਕੀ ਕਰਨਾ ਪਵੇਗਾ? ਪਹਿਲਾ, ਅਸੀਂ ਹਮੇਸ਼ਾ ਉਸ ਦੇ ਬਚਨ ਦੀ ਸੇਧ ਵਿਚ ਚੱਲਾਂਗੇ ਅਤੇ ਦੂਸਰਾ, ਅਸੀਂ ਆਪਣੀ ਨਜ਼ਰ ਉਸ ਸ਼ਾਨਦਾਰ ਇਨਾਮ ਤੇ ਟਿਕਾਈ ਰੱਖਾਂਗੇ ਜੋ ਯਹੋਵਾਹ ਸਾਨੂੰ ਦੇਣ ਦਾ ਵਾਅਦਾ ਕਰਦਾ ਹੈ। ਜ਼ਬੂਰਾਂ ਦੇ ਲਿਖਾਰੀ ਆਸਾਫ਼ ਨੇ ਕਿਹਾ: “ਮੈਂ ਸਦਾ ਤੇਰੇ ਸੰਗ ਹਾਂ, ਤੈਂ ਮੇਰੇ ਸੱਜੇ ਹੱਥ ਨੂੰ ਫੜਿਆ ਹੈ। ਤੂੰ ਆਪਣੇ ਗੁਰਮਤੇ ਨਾਲ ਮੇਰੀ ਅਗਵਾਈ ਕਰੇਂਗਾ, ਅਤੇ ਉਹ ਦੇ ਮਗਰੋਂ ਮੈਨੂੰ ਤੇਜ ਵਿੱਚ ਰੱਖੇਂਗਾ।” (ਜ਼ਬੂਰਾਂ ਦੀ ਪੋਥੀ 73:23, 24) ਅਜਿਹਾ ਹੌਸਲਾ ਮਿਲਣ ਤੋਂ ਬਾਅਦ ਅਸੀਂ ਹਿੰਮਤ ਨਾਲ ਭਵਿੱਖ ਦਾ ਸਾਮ੍ਹਣਾ ਕਰ ਸਕਦੇ ਹਾਂ।
“ਤੁਹਾਡਾ ਨਿਸਤਾਰਾ ਨੇੜੇ ਆਇਆ ਹੈ”
20, 21. ਯਹੋਵਾਹ ਉੱਤੇ ਆਸ ਰੱਖਣ ਵਾਲਿਆਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ?
20 ਜਿਉਂ-ਜਿਉਂ ਦਿਨ ਬੀਤਦੇ ਜਾਂਦੇ ਹਨ, ਸਾਡੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਯਹੋਵਾਹ ਸਾਡੇ ਸੱਜੇ ਪਾਸੇ ਰਹੇ। ਬਹੁਤ ਜਲਦ ਦੁਨੀਆਂ ਦੇ ਧਰਮਾਂ ਦਾ ਖ਼ਾਤਮਾ ਕੀਤੇ ਜਾਣ ਤੇ ਸ਼ਤਾਨ ਦੀ ਦੁਨੀਆਂ ਉੱਤੇ ਅਜਿਹੀ ਬਿਪਤਾ ਆਵੇਗੀ ਜੋ ਪਹਿਲਾਂ ਕਦੀ ਵੀ ਨਹੀਂ ਆਈ। (ਮੱਤੀ 24:21) ਉਦੋਂ ਯਹੋਵਾਹ ਨੂੰ ਨਾ ਮੰਨਣ ਵਾਲੇ ਲੋਕਾਂ ਦੀ ਡਰ ਦੇ ਮਾਰੇ ਜਾਨ ਸੁੱਕ ਜਾਵੇਗੀ। ਪਰ ਉਸ ਡਰਾਉਣੇ ਸਮੇਂ ਦੌਰਾਨ ਯਹੋਵਾਹ ਦੇ ਦਲੇਰ ਸੇਵਕ ਆਪਣੀ ਉਮੀਦ ਸਦਕਾ ਖ਼ੁਸ਼ੀਆਂ ਮਨਾਉਣਗੇ ਕਿਉਂਕਿ ਯਿਸੂ ਨੇ ਕਿਹਾ ਸੀ: “ਜਾਂ ਏਹ ਗੱਲਾਂ ਹੋਣ ਲੱਗਣਗੀਆਂ ਤਾਂ ਉਤਾਹਾਂ ਵੇਖੋ ਅਤੇ ਆਪਣੇ ਸਿਰ ਚੁੱਕੋ ਇਸ ਲਈ ਜੋ ਤੁਹਾਡਾ ਨਿਸਤਾਰਾ ਨੇੜੇ ਆਇਆ ਹੈ।”—ਲੂਕਾ 21:28.
21 ਤਾਂ ਆਓ ਆਪਾਂ ਆਪਣੀ ਉਮੀਦ ਕਰਕੇ ਖ਼ੁਸ਼ ਹੋਈਏ ਤੇ ਸ਼ਤਾਨ ਦੇ ਧੋਖੇ ਜਾਂ ਪਰਤਾਵਿਆਂ ਵਿਚ ਨਾ ਆਈਏ। ਨਾਲ ਦੀ ਨਾਲ ਆਓ ਆਪਾਂ ਆਪਣੀ ਨਿਹਚਾ ਤੇ ਪਿਆਰ ਵਿਚ ਵਧਦੇ ਜਾਈਏ ਤੇ ਪਰਮੇਸ਼ੁਰ ਦਾ ਡਰ ਹਮੇਸ਼ਾ ਰੱਖੀਏ। ਇਸ ਤਰ੍ਹਾਂ ਕਰਨ ਨਾਲ ਅਸੀਂ ਹਰ ਹਾਲਤ ਵਿਚ ਯਹੋਵਾਹ ਦਾ ਕਹਿਣਾ ਮੰਨਾਂਗੇ ਅਤੇ ਡਟ ਕੇ ਸ਼ਤਾਨ ਦਾ ਸਾਮ੍ਹਣਾ ਕਰਾਂਗੇ। (ਯਾਕੂਬ 4:7, 8) “ਹੇ ਸਾਰੇ ਯਹੋਵਾਹ ਦੀ ਆਸ ਰੱਖਣ ਵਾਲਿਓ, ਤਕੜੇ ਹੋਵੋ ਅਤੇ ਤੁਹਾਡਾ ਮਨ ਦਿਲੇਰ ਹੋਵੇ!”—ਜ਼ਬੂਰਾਂ ਦੀ ਪੋਥੀ 31:24.
[ਫੁਟਨੋਟ]
a ਭਾਵੇਂ ਬਾਈਬਲ ਦੇ ਯੂਨਾਨੀ ਹਿੱਸੇ ਵਿਚ “ਆਸ” ਸ਼ਬਦ ਆਮ ਤੌਰ ਤੇ ਮਸਹ ਕੀਤੇ ਹੋਏ ਮਸੀਹੀਆਂ ਦੀ ਸਵਰਗੀ ਆਸ ਨੂੰ ਦਰਸਾਉਂਦਾ ਹੈ, ਪਰ ਇਸ ਲੇਖ ਵਿਚ ਇੱਦਾਂ ਨਹੀਂ ਹੈ।
ਕੀ ਤੁਸੀਂ ਜਵਾਬ ਦੇ ਸਕਦੇ ਹੋ?
• ਯਿਸੂ ਦੀ ਆਸ ਨੇ ਉਸ ਨੂੰ ਹਿੰਮਤ ਕਿਵੇਂ ਦਿੱਤੀ ਸੀ?
• ਨਿਹਚਾ ਅਤੇ ਆਸ਼ਾ ਦਾ ਆਪਸ ਵਿਚ ਕੀ ਸੰਬੰਧ ਹੈ?
• ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦੇਣ ਵਿਚ ਆਸ ਅਤੇ ਨਿਹਚਾ ਸਾਡੀ ਕਿਵੇਂ ਮਦਦ ਕਰਦੀਆਂ ਹਨ?
• ਯਹੋਵਾਹ ਉੱਤੇ ਆਸ ਰੱਖਣ ਵਾਲੇ ਲੋਕ ਚੰਗੇ ਭਵਿੱਖ ਦੀ ਉਮੀਦ ਕਿਉਂ ਰੱਖ ਸਕਦੇ ਹਨ?
[ਸਫ਼ਾ 28 ਉੱਤੇ ਤਸਵੀਰ]
ਕੀ ਤੁਸੀਂ ਆਪਣੇ ਮਨ ਦੀ ਨਜ਼ਰ ਨਾਲ ਆਪਣੇ ਆਪ ਨੂੰ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਦੇਖ ਸਕਦੇ ਹੋ?