ਯਿਰਮਿਯਾਹ
29 ਯਿਰਮਿਯਾਹ ਨਬੀ ਨੇ ਯਰੂਸ਼ਲਮ ਤੋਂ ਬਾਬਲ ਵਿਚ ਗ਼ੁਲਾਮ ਬਜ਼ੁਰਗਾਂ, ਪੁਜਾਰੀਆਂ, ਨਬੀਆਂ ਅਤੇ ਸਾਰੇ ਲੋਕਾਂ ਨੂੰ ਚਿੱਠੀ ਲਿਖੀ ਜਿਨ੍ਹਾਂ ਨੂੰ ਨਬੂਕਦਨੱਸਰ ਬੰਦੀ ਬਣਾ ਕੇ ਯਰੂਸ਼ਲਮ ਤੋਂ ਬਾਬਲ ਲੈ ਗਿਆ ਸੀ। 2 ਉਸ ਨੇ ਇਹ ਚਿੱਠੀ ਰਾਜਾ ਯਕਾਨਯਾਹ,+ ਰਾਜ-ਮਾਤਾ,+ ਦਰਬਾਰੀਆਂ, ਯਹੂਦਾਹ ਤੇ ਯਰੂਸ਼ਲਮ ਦੇ ਹਾਕਮਾਂ, ਕਾਰੀਗਰਾਂ ਅਤੇ ਲੁਹਾਰਾਂ* ਨੂੰ ਯਰੂਸ਼ਲਮ ਤੋਂ ਬੰਦੀ ਬਣਾ ਕੇ ਲਿਜਾਏ ਜਾਣ ਤੋਂ ਬਾਅਦ ਲਿਖੀ ਸੀ।+ 3 ਉਸ ਨੇ ਇਹ ਚਿੱਠੀ ਸ਼ਾਫਾਨ+ ਦੇ ਪੁੱਤਰ ਅਲਆਸਾਹ ਅਤੇ ਹਿਲਕੀਯਾਹ ਦੇ ਪੁੱਤਰ ਗਮਰਯਾਹ ਦੇ ਹੱਥੀਂ ਬਾਬਲ ਘੱਲੀ ਸੀ ਜਿਨ੍ਹਾਂ ਨੂੰ ਯਹੂਦਾਹ ਦੇ ਰਾਜੇ ਸਿਦਕੀਯਾਹ+ ਨੇ ਬਾਬਲ ਦੇ ਰਾਜੇ ਨਬੂਕਦਨੱਸਰ ਕੋਲ ਭੇਜਿਆ ਸੀ। ਇਸ ਵਿਚ ਲਿਖਿਆ ਸੀ:
4 “ਮੈਂ, ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਉਨ੍ਹਾਂ ਸਾਰੇ ਗ਼ੁਲਾਮ ਲੋਕਾਂ ਨੂੰ ਕਹਿੰਦਾ ਹਾਂ ਜਿਨ੍ਹਾਂ ਨੂੰ ਮੈਂ ਯਰੂਸ਼ਲਮ ਤੋਂ ਬਾਬਲ ਵਿਚ ਗ਼ੁਲਾਮੀ ਕਰਨ ਭੇਜਿਆ ਹੈ, 5 ‘ਤੁਸੀਂ ਘਰ ਬਣਾਓ ਅਤੇ ਉਨ੍ਹਾਂ ਵਿਚ ਰਹੋ। ਬਾਗ਼-ਬਗ਼ੀਚੇ ਲਾਓ ਅਤੇ ਉਨ੍ਹਾਂ ਦਾ ਫਲ ਖਾਓ। 6 ਵਿਆਹ ਕਰਾਓ ਅਤੇ ਧੀਆਂ-ਪੁੱਤਰ ਪੈਦਾ ਕਰੋ; ਆਪਣੇ ਧੀਆਂ-ਪੁੱਤਰਾਂ ਦੇ ਵਿਆਹ ਕਰੋ ਤਾਂਕਿ ਉਨ੍ਹਾਂ ਦੇ ਵੀ ਧੀਆਂ-ਪੁੱਤਰ ਹੋਣ। ਉੱਥੇ ਤੁਹਾਡੀ ਗਿਣਤੀ ਘਟੇ ਨਾ, ਸਗੋਂ ਵਧਦੀ ਜਾਵੇ। 7 ਜਿਸ ਸ਼ਹਿਰ ਵਿਚ ਮੈਂ ਤੁਹਾਨੂੰ ਬੰਦੀ ਬਣਾ ਕੇ ਭੇਜਿਆ ਹੈ, ਉਸ ਸ਼ਹਿਰ ਲਈ ਸ਼ਾਂਤੀ ਦੀ ਕਾਮਨਾ ਕਰੋ ਅਤੇ ਉਸ ਸ਼ਹਿਰ ਲਈ ਯਹੋਵਾਹ ਅੱਗੇ ਪ੍ਰਾਰਥਨਾ ਕਰੋ ਕਿਉਂਕਿ ਉੱਥੇ ਸ਼ਾਂਤੀ ਹੋਣ ਕਰਕੇ ਤੁਸੀਂ ਵੀ ਸ਼ਾਂਤੀ ਨਾਲ ਰਹਿ ਸਕੋਗੇ।+ 8 ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: “ਉੱਥੇ ਤੁਹਾਡੇ ਵਿਚ ਜਿਹੜੇ ਨਬੀ ਅਤੇ ਫਾਲ* ਪਾਉਣ ਵਾਲੇ ਹਨ, ਉਨ੍ਹਾਂ ਦੇ ਧੋਖੇ ਵਿਚ ਨਾ ਆਓ+ ਅਤੇ ਉਹ ਸੁਪਨੇ ਦੇਖ ਕੇ ਜਿਹੜੀਆਂ ਗੱਲਾਂ ਤੁਹਾਨੂੰ ਦੱਸਦੇ ਹਨ, ਉਨ੍ਹਾਂ ਵੱਲ ਧਿਆਨ ਨਾ ਦਿਓ। 9 ‘ਉਹ ਤੁਹਾਡੇ ਸਾਮ੍ਹਣੇ ਮੇਰੇ ਨਾਂ ʼਤੇ ਝੂਠੀਆਂ ਭਵਿੱਖਬਾਣੀਆਂ ਕਰਦੇ ਹਨ। ਮੈਂ ਉਨ੍ਹਾਂ ਨੂੰ ਨਹੀਂ ਭੇਜਿਆ ਹੈ,’+ ਯਹੋਵਾਹ ਕਹਿੰਦਾ ਹੈ।”’”
10 “ਯਹੋਵਾਹ ਕਹਿੰਦਾ ਹੈ, ‘ਜਦੋਂ ਬਾਬਲ ਵਿਚ 70 ਸਾਲ ਪੂਰੇ ਹੋ ਜਾਣਗੇ, ਤਾਂ ਮੈਂ ਤੁਹਾਡੇ ਵੱਲ ਧਿਆਨ ਦਿਆਂਗਾ+ ਅਤੇ ਤੁਹਾਨੂੰ ਇਸ ਜਗ੍ਹਾ ਵਾਪਸ ਲਿਆ ਕੇ ਆਪਣਾ ਵਾਅਦਾ ਪੂਰਾ ਕਰਾਂਗਾ।’+
11 “ਯਹੋਵਾਹ ਕਹਿੰਦਾ ਹੈ, ‘ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮੈਂ ਤੁਹਾਡੇ ਲਈ ਕੀ ਕਰਨ ਦਾ ਇਰਾਦਾ ਕੀਤਾ ਹੈ। ਮੈਂ ਤੁਹਾਡੇ ਉੱਤੇ ਬਿਪਤਾ ਨਹੀਂ ਲਿਆਵਾਂਗਾ, ਸਗੋਂ ਤੁਹਾਨੂੰ ਸ਼ਾਂਤੀ ਬਖ਼ਸ਼ਾਂਗਾ।+ ਮੈਂ ਤੁਹਾਨੂੰ ਚੰਗਾ ਭਵਿੱਖ ਅਤੇ ਉਮੀਦ ਦਿਆਂਗਾ।+ 12 ਤੁਸੀਂ ਮੈਨੂੰ ਪੁਕਾਰੋਗੇ ਅਤੇ ਆ ਕੇ ਮੈਨੂੰ ਪ੍ਰਾਰਥਨਾ ਕਰੋਗੇ ਅਤੇ ਮੈਂ ਤੁਹਾਡੀ ਪ੍ਰਾਰਥਨਾ ਸੁਣਾਂਗਾ।’+
13 “‘ਤੁਸੀਂ ਮੇਰੀ ਭਾਲ ਕਰੋਗੇ ਅਤੇ ਮੈਨੂੰ ਲੱਭ ਲਓਗੇ+ ਕਿਉਂਕਿ ਤੁਸੀਂ ਪੂਰੇ ਦਿਲ ਨਾਲ ਮੇਰੀ ਤਲਾਸ਼ ਕਰੋਗੇ।+ 14 ਹਾਂ, ਮੈਂ ਤੁਹਾਨੂੰ ਲੱਭ ਪਵਾਂਗਾ,’+ ਯਹੋਵਾਹ ਕਹਿੰਦਾ ਹੈ। ‘ਮੈਂ ਜਿਨ੍ਹਾਂ ਸਾਰੀਆਂ ਕੌਮਾਂ ਅਤੇ ਥਾਵਾਂ ਵਿਚ ਤੁਹਾਨੂੰ ਖਿੰਡਾ ਦਿੱਤਾ ਹੈ, ਮੈਂ ਉੱਥੋਂ ਤੁਹਾਨੂੰ ਸਾਰੇ ਬੰਦੀ ਬਣਾਏ ਲੋਕਾਂ ਨੂੰ ਇਕੱਠਾ ਕਰਾਂਗਾ,’+ ਯਹੋਵਾਹ ਕਹਿੰਦਾ ਹੈ। ‘ਮੈਂ ਤੁਹਾਨੂੰ ਉਸ ਜਗ੍ਹਾ ਵਾਪਸ ਲੈ ਆਵਾਂਗਾ ਜਿੱਥੋਂ ਮੈਂ ਤੁਹਾਨੂੰ ਬੰਦੀ ਬਣਾ ਕੇ ਘੱਲ ਦਿੱਤਾ ਸੀ।’+
15 “ਪਰ ਤੁਸੀਂ ਕਹਿੰਦੇ ਹੋ, ‘ਯਹੋਵਾਹ ਨੇ ਬਾਬਲ ਵਿਚ ਸਾਡੇ ਲਈ ਨਬੀ ਨਿਯੁਕਤ ਕੀਤੇ ਹਨ।’
16 “ਯਹੋਵਾਹ ਦਾਊਦ ਦੇ ਸਿੰਘਾਸਣ ਉੱਤੇ ਬੈਠੇ ਰਾਜੇ+ ਅਤੇ ਇਸ ਸ਼ਹਿਰ ਦੇ ਸਾਰੇ ਵਾਸੀਆਂ ਨੂੰ, ਹਾਂ, ਤੁਹਾਡੇ ਭਰਾਵਾਂ ਨੂੰ ਕਹਿੰਦਾ ਹੈ ਜਿਨ੍ਹਾਂ ਨੂੰ ਤੁਹਾਡੇ ਨਾਲ ਬੰਦੀ ਬਣਾ ਕੇ ਨਹੀਂ ਲਿਜਾਇਆ ਗਿਆ ਹੈ, 17 ‘ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ: “ਮੈਂ ਉਨ੍ਹਾਂ ਦੇ ਖ਼ਿਲਾਫ਼ ਤਲਵਾਰ, ਕਾਲ਼ ਅਤੇ ਮਹਾਂਮਾਰੀ*+ ਘੱਲ ਰਿਹਾ ਹਾਂ ਅਤੇ ਮੈਂ ਉਨ੍ਹਾਂ ਨੂੰ ਗਲ਼ੀਆਂ-ਸੜੀਆਂ* ਅੰਜੀਰਾਂ ਵਰਗੇ ਬਣਾ ਦਿਆਂਗਾ ਜੋ ਬਹੁਤ ਖ਼ਰਾਬ ਹੋਣ ਕਰਕੇ ਖਾਧੀਆਂ ਨਹੀਂ ਜਾ ਸਕਦੀਆਂ।”’+
18 “‘ਮੈਂ ਤਲਵਾਰ, ਕਾਲ਼ ਅਤੇ ਮਹਾਂਮਾਰੀ ਨਾਲ ਉਨ੍ਹਾਂ ਦਾ ਪਿੱਛਾ ਕਰਾਂਗਾ+ ਅਤੇ ਮੈਂ ਉਨ੍ਹਾਂ ਦਾ ਇੰਨਾ ਬੁਰਾ ਹਸ਼ਰ ਕਰਾਂਗਾ ਕਿ ਧਰਤੀ ਦੇ ਸਾਰੇ ਰਾਜ ਖ਼ੌਫ਼ ਖਾਣਗੇ।+ ਮੈਂ ਜਿਨ੍ਹਾਂ ਕੌਮਾਂ ਵਿਚ ਉਨ੍ਹਾਂ ਨੂੰ ਖਿੰਡਾ ਦਿਆਂਗਾ, ਉੱਥੇ ਲੋਕ ਉਨ੍ਹਾਂ ਨੂੰ ਸਰਾਪ ਦੇਣਗੇ, ਉਨ੍ਹਾਂ ਦਾ ਹਾਲ ਦੇਖ ਕੇ ਹੱਕੇ-ਬੱਕੇ ਰਹਿ ਜਾਣਗੇ, ਸੀਟੀਆਂ ਮਾਰਨਗੇ*+ ਅਤੇ ਉਨ੍ਹਾਂ ਦੀ ਬੇਇੱਜ਼ਤੀ ਕਰਨਗੇ+ 19 ਕਿਉਂਕਿ ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ ਜਿਹੜੀ ਮੈਂ ਉਨ੍ਹਾਂ ਨੂੰ ਆਪਣੇ ਸੇਵਕਾਂ ਯਾਨੀ ਨਬੀਆਂ ਰਾਹੀਂ ਦੱਸੀ ਸੀ,’ ਯਹੋਵਾਹ ਕਹਿੰਦਾ ਹੈ, ‘ਜਿਨ੍ਹਾਂ ਨੂੰ ਮੈਂ ਉਨ੍ਹਾਂ ਕੋਲ ਵਾਰ-ਵਾਰ* ਘੱਲਿਆ ਸੀ।’+
“‘ਪਰ ਤੁਸੀਂ ਗੱਲ ਨਹੀਂ ਸੁਣੀ,’+ ਯਹੋਵਾਹ ਕਹਿੰਦਾ ਹੈ।
20 “ਇਸ ਲਈ, ਹੇ ਬਾਬਲ ਵਿਚ ਗ਼ੁਲਾਮ ਲੋਕੋ ਜਿਨ੍ਹਾਂ ਨੂੰ ਮੈਂ ਬੰਦੀ ਬਣਾ ਕੇ ਯਰੂਸ਼ਲਮ ਤੋਂ ਬਾਬਲ ਘੱਲਿਆ ਹੈ, ਤੁਸੀਂ ਸਾਰੇ ਯਹੋਵਾਹ ਦਾ ਸੰਦੇਸ਼ ਸੁਣੋ। 21 ਕੋਲਾਯਾਹ ਦਾ ਪੁੱਤਰ ਅਹਾਬ ਅਤੇ ਮਾਸੇਯਾਹ ਦਾ ਪੁੱਤਰ ਸਿਦਕੀਯਾਹ ਤੁਹਾਡੇ ਸਾਮ੍ਹਣੇ ਮੇਰੇ ਨਾਂ ʼਤੇ ਝੂਠੀਆਂ ਭਵਿੱਖਬਾਣੀਆਂ ਕਰਦੇ ਹਨ।+ ਉਨ੍ਹਾਂ ਬਾਰੇ ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ, ‘ਮੈਂ ਉਨ੍ਹਾਂ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ* ਦੇ ਹੱਥ ਵਿਚ ਦੇਣ ਜਾ ਰਿਹਾ ਹਾਂ ਅਤੇ ਉਹ ਤੁਹਾਡੀਆਂ ਨਜ਼ਰਾਂ ਸਾਮ੍ਹਣੇ ਉਨ੍ਹਾਂ ਨੂੰ ਜਾਨੋਂ ਮਾਰ ਦੇਵੇਗਾ। 22 ਉਨ੍ਹਾਂ ਦਾ ਜੋ ਹਸ਼ਰ ਹੋਵੇਗਾ, ਉਸ ਦੀ ਮਿਸਾਲ ਦਿੰਦੇ ਹੋਏ ਬਾਬਲ ਵਿਚ ਗ਼ੁਲਾਮ ਯਹੂਦਾਹ ਦੇ ਲੋਕ ਇਹ ਸਰਾਪ ਦੇਣਗੇ: “ਯਹੋਵਾਹ ਤੇਰਾ ਹਾਲ ਸਿਦਕੀਯਾਹ ਅਤੇ ਅਹਾਬ ਵਰਗਾ ਕਰੇ ਜਿਨ੍ਹਾਂ ਨੂੰ ਬਾਬਲ ਦੇ ਰਾਜੇ ਨੇ ਅੱਗ ਵਿਚ ਭੁੰਨਿਆ ਸੀ!” 23 ਉਨ੍ਹਾਂ ਨੇ ਇਜ਼ਰਾਈਲ ਵਿਚ ਸ਼ਰਮਨਾਕ ਕੰਮ ਕੀਤੇ ਹਨ।+ ਉਨ੍ਹਾਂ ਨੇ ਆਪਣੇ ਗੁਆਂਢੀਆਂ ਦੀਆਂ ਪਤਨੀਆਂ ਨਾਲ ਹਰਾਮਕਾਰੀ ਕੀਤੀ ਹੈ ਅਤੇ ਮੇਰੇ ਨਾਂ ʼਤੇ ਝੂਠੀਆਂ ਗੱਲਾਂ ਕਹੀਆਂ ਹਨ ਜਿਨ੍ਹਾਂ ਦਾ ਮੈਂ ਉਨ੍ਹਾਂ ਨੂੰ ਹੁਕਮ ਨਹੀਂ ਦਿੱਤਾ ਸੀ।+
“‘“ਮੈਂ ਇਹ ਸਭ ਜਾਣਦਾ ਹਾਂ ਅਤੇ ਮੈਂ ਇਸ ਦਾ ਗਵਾਹ ਹਾਂ,”+ ਯਹੋਵਾਹ ਕਹਿੰਦਾ ਹੈ।’”
24 “ਤੂੰ ਸ਼ਮਾਯਾਹ ਨੂੰ ਜਿਹੜਾ ਨਹਲਾਮ ਤੋਂ ਹੈ, ਕਹੀਂ,+ 25 ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: “ਤੂੰ ਯਰੂਸ਼ਲਮ ਦੇ ਸਾਰੇ ਲੋਕਾਂ, ਪੁਜਾਰੀ ਸਫ਼ਨਯਾਹ+ ਜੋ ਮਾਸੇਯਾਹ ਦਾ ਪੁੱਤਰ ਹੈ ਅਤੇ ਸਾਰੇ ਪੁਜਾਰੀਆਂ ਨੂੰ ਆਪਣੇ ਨਾਂ ʼਤੇ ਚਿੱਠੀਆਂ ਲਿਖੀਆਂ ਹਨ। ਤੂੰ ਉਨ੍ਹਾਂ ਚਿੱਠੀਆਂ ਵਿਚ ਕਿਹਾ ਹੈ, 26 ‘ਹੇ ਸਫ਼ਨਯਾਹ, ਯਹੋਵਾਹ ਨੇ ਪੁਜਾਰੀ ਯਹੋਯਾਦਾ ਦੀ ਜਗ੍ਹਾ ਤੈਨੂੰ ਪੁਜਾਰੀ ਬਣਾਇਆ ਹੈ ਤਾਂਕਿ ਤੂੰ ਯਹੋਵਾਹ ਦੇ ਘਰ ਦਾ ਨਿਗਰਾਨ ਹੋਵੇਂ ਅਤੇ ਹਰ ਉਸ ਪਾਗਲ ਆਦਮੀ ਦੇ ਖ਼ਿਲਾਫ਼ ਕਾਰਵਾਈ ਕਰੇਂ ਜਿਹੜਾ ਨਬੀ ਹੋਣ ਦਾ ਦਾਅਵਾ ਕਰਦਾ ਹੈ ਅਤੇ ਉਸ ਨੂੰ ਸ਼ਿਕੰਜਿਆਂ* ਵਿਚ ਜਕੜੇਂ।+ 27 ਤਾਂ ਫਿਰ, ਤੂੰ ਅਨਾਥੋਥ ਦੇ ਰਹਿਣ ਵਾਲੇ ਯਿਰਮਿਯਾਹ+ ਨੂੰ ਸਖ਼ਤੀ ਨਾਲ ਕਿਉਂ ਨਹੀਂ ਝਿੜਕਿਆ ਜਿਹੜਾ ਤੁਹਾਡੇ ਸਾਮ੍ਹਣੇ ਨਬੀ ਹੋਣ ਦਾ ਦਾਅਵਾ ਕਰਦਾ ਹੈ?+ 28 ਇੱਥੋਂ ਤਕ ਕਿ ਉਸ ਨੇ ਤਾਂ ਸਾਨੂੰ ਬਾਬਲ ਵਿਚ ਇਹ ਸੰਦੇਸ਼ ਵੀ ਘੱਲਿਆ ਹੈ: “ਤੁਸੀਂ ਲੰਬੇ ਸਮੇਂ ਤਕ ਗ਼ੁਲਾਮ ਰਹੋਗੇ! ਇਸ ਲਈ ਤੁਸੀਂ ਘਰ ਬਣਾਓ ਅਤੇ ਉਨ੍ਹਾਂ ਵਿਚ ਰਹੋ। ਬਾਗ਼-ਬਗ਼ੀਚੇ ਲਾਓ ਅਤੇ ਉਨ੍ਹਾਂ ਦਾ ਫਲ ਖਾਓ,+ . . . ”’”’”
29 ਜਦੋਂ ਪੁਜਾਰੀ ਸਫ਼ਨਯਾਹ+ ਨੇ ਯਿਰਮਿਯਾਹ ਨਬੀ ਦੇ ਸਾਮ੍ਹਣੇ ਇਹ ਚਿੱਠੀ ਪੜ੍ਹੀ, 30 ਤਾਂ ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 31 “ਬਾਬਲ ਵਿਚ ਗ਼ੁਲਾਮ ਸਾਰੇ ਲੋਕਾਂ ਨੂੰ ਇਹ ਸੰਦੇਸ਼ ਘੱਲ, ‘ਯਹੋਵਾਹ ਸ਼ਮਾਯਾਹ ਬਾਰੇ ਕਹਿੰਦਾ ਹੈ ਜੋ ਨਹਲਾਮ ਤੋਂ ਹੈ: “ਭਾਵੇਂ ਮੈਂ ਸ਼ਮਾਯਾਹ ਨੂੰ ਨਹੀਂ ਘੱਲਿਆ, ਫਿਰ ਵੀ ਉਸ ਨੇ ਤੁਹਾਡੇ ਸਾਮ੍ਹਣੇ ਭਵਿੱਖਬਾਣੀ ਕੀਤੀ ਹੈ ਅਤੇ ਤੁਹਾਨੂੰ ਝੂਠੀਆਂ ਗੱਲਾਂ ʼਤੇ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ,+ 32 ਇਸ ਲਈ ਯਹੋਵਾਹ ਕਹਿੰਦਾ ਹੈ, ‘ਮੈਂ ਸ਼ਮਾਯਾਹ ਨੂੰ ਜਿਹੜਾ ਨਹਲਾਮ ਤੋਂ ਹੈ ਅਤੇ ਉਸ ਦੀ ਔਲਾਦ ਨੂੰ ਸਜ਼ਾ ਦਿਆਂਗਾ। ਉਸ ਦੀ ਪੀੜ੍ਹੀ ਵਿੱਚੋਂ ਕੋਈ ਵੀ ਆਦਮੀ ਇਨ੍ਹਾਂ ਲੋਕਾਂ ਵਿਚ ਜੀਉਂਦਾ ਨਹੀਂ ਬਚੇਗਾ।’ ਯਹੋਵਾਹ ਕਹਿੰਦਾ ਹੈ, ‘ਮੈਂ ਆਪਣੇ ਲੋਕਾਂ ਨਾਲ ਜੋ ਭਲਾਈ ਕਰਾਂਗਾ, ਉਹ ਉਸ ਨੂੰ ਨਹੀਂ ਦੇਖੇਗਾ ਕਿਉਂਕਿ ਉਸ ਨੇ ਲੋਕਾਂ ਨੂੰ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕਰਨ ਲਈ ਭੜਕਾਇਆ ਹੈ।’”’”