ਦੂਜਾ ਅਧਿਆਇ
ਭਵਿੱਖਬਾਣੀ ਤੋਂ ਤੁਹਾਨੂੰ ਦਿਲਾਸਾ ਮਿਲ ਸਕਦਾ ਹੈ
1. ਸਾਨੂੰ ਯਸਾਯਾਹ ਦੀ ਭਵਿੱਖਬਾਣੀ ਵਿਚ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ?
ਯਸਾਯਾਹ ਨੇ ਆਪਣੇ ਨਾਂ ਦੀ ਪੁਸਤਕ ਅੱਜ ਤੋਂ ਲਗਭਗ 3,000 ਸਾਲ ਪਹਿਲਾਂ ਲਿਖੀ ਸੀ। ਪਰ ਇਹ ਸਾਡੇ ਲਈ ਅੱਜ ਵੀ ਬਹੁਤ ਲਾਭਦਾਇਕ ਹੈ। ਅਸੀਂ ਇਤਿਹਾਸ ਦੀਆਂ ਉਨ੍ਹਾਂ ਘਟਨਾਵਾਂ ਤੋਂ ਕਈ ਜ਼ਰੂਰੀ ਸਬਕ ਸਿੱਖ ਸਕਦੇ ਹਾਂ ਜਿਨ੍ਹਾਂ ਬਾਰੇ ਉਸ ਨੇ ਲਿਖਿਆ ਸੀ। ਅਸੀਂ ਉਨ੍ਹਾਂ ਭਵਿੱਖਬਾਣੀਆਂ ਦਾ ਅਧਿਐਨ ਕਰ ਕੇ ਜੋ ਉਸ ਨੇ ਯਹੋਵਾਹ ਦੇ ਨਾਂ ਵਿਚ ਲਿਖੀਆਂ ਸਨ, ਆਪਣੀ ਨਿਹਚਾ ਵਧਾ ਸਕਦੇ ਹਾਂ। ਜੀ ਹਾਂ, ਯਸਾਯਾਹ ਜੀਉਂਦੇ ਪਰਮੇਸ਼ੁਰ ਦਾ ਇਕ ਨਬੀ ਸੀ। ਯਹੋਵਾਹ ਨੇ ਉਸ ਨੂੰ ਸ਼ਕਤੀ ਦਿੱਤੀ ਸੀ ਕਿ ਉਹ ਕਈਆਂ ਘਟਨਾਵਾਂ ਨੂੰ ਹੋਣ ਤੋਂ ਪਹਿਲਾਂ ਹੀ ਦਰਜ ਕਰੇ। ਇਸ ਤਰ੍ਹਾਂ ਯਹੋਵਾਹ ਨੇ ਦਿਖਾਇਆ ਕਿ ਉਹ ਭਵਿੱਖਬਾਣੀਆਂ ਹੀ ਨਹੀਂ ਕਰਦਾ ਪਰ ਉਨ੍ਹਾਂ ਨੂੰ ਪੂਰਾ ਵੀ ਕਰ ਸਕਦਾ ਹੈ। ਯਸਾਯਾਹ ਦੀ ਪੁਸਤਕ ਦਾ ਅਧਿਐਨ ਕਰਨ ਤੋਂ ਬਾਅਦ, ਸੱਚੇ ਮਸੀਹੀਆਂ ਨੂੰ ਪੱਕਾ ਯਕੀਨ ਹੁੰਦਾ ਹੈ ਕਿ ਯਹੋਵਾਹ ਅਗਾਹਾਂ ਲਈ ਆਪਣੇ ਵਾਅਦੇ ਜ਼ਰੂਰ ਪੂਰੇ ਕਰੇਗਾ।
2. ਯਰੂਸ਼ਲਮ ਦੀ ਕੀ ਹਾਲਤ ਸੀ ਜਦੋਂ ਯਸਾਯਾਹ ਨੇ ਆਪਣੀ ਭਵਿੱਖਬਾਣੀ ਲਿਖੀ ਸੀ, ਅਤੇ ਕਿਹੜੀ ਤਬਦੀਲੀ ਆਉਣ ਵਾਲੀ ਸੀ?
2 ਜਿਸ ਸਮੇਂ ਯਸਾਯਾਹ ਨੇ ਆਪਣੀ ਭਵਿੱਖਬਾਣੀ ਲਿਖਣੀ ਪੂਰੀ ਕੀਤੀ ਸੀ, ਯਰੂਸ਼ਲਮ ਅੱਸ਼ੂਰ ਦੇਸ਼ ਦੇ ਹਮਲੇ ਤੋਂ ਬਚ ਚੁੱਕਾ ਸੀ। ਹੈਕਲ ਅਜੇ ਖੜ੍ਹੀ ਸੀ ਅਤੇ ਲੋਕ ਆਪਣੇ ਰੋਜ਼ ਦੇ ਕੰਮਾਂ-ਕਾਰਾਂ ਵਿਚ ਲੱਗੇ ਹੋਏ ਸਨ ਜਿਵੇਂ ਉਹ ਸੈਂਕੜਿਆਂ ਸਾਲਾਂ ਤੋਂ ਕਰਦੇ ਆਏ ਸਨ। ਲੇਕਿਨ ਹਾਲਾਤ ਬਦਲਣ ਵਾਲੇ ਸਨ। ਅਜਿਹਾ ਸਮਾਂ ਆਉਣਾ ਸੀ ਜਦੋਂ ਯਹੂਦੀ ਰਾਜਿਆਂ ਦੀ ਧਨ-ਦੌਲਤ ਬਾਬਲ ਲਿਜਾਈ ਜਾਣੀ ਸੀ ਅਤੇ ਕੁਝ ਯਹੂਦੀ ਨੌਜਵਾਨਾਂ ਨੇ ਉਸ ਸ਼ਹਿਰ ਵਿਚ ਦਰਬਾਰੀ ਅਫ਼ਸਰ ਵੀ ਬਣਨਾ ਸੀ।a (ਯਸਾਯਾਹ 39:6, 7) ਇਹ ਕੁਝ 100 ਸਾਲ ਬਾਅਦ ਹੋਣਾ ਸੀ।—2 ਰਾਜਿਆਂ 24:12-17; ਦਾਨੀਏਲ 1:19.
3. ਯਸਾਯਾਹ ਦੇ 41ਵੇਂ ਅਧਿਆਇ ਵਿਚ ਕਿਹੜਾ ਸੁਨੇਹਾ ਪਾਇਆ ਜਾਂਦਾ ਹੈ?
3 ਪਰ ਯਸਾਯਾਹ ਰਾਹੀਂ ਪਰਮੇਸ਼ੁਰ ਦਾ ਸੁਨੇਹਾ ਸਿਰਫ਼ ਸਜ਼ਾ ਬਾਰੇ ਹੀ ਨਹੀਂ ਸੀ। ਉਸ ਦੀ ਪੁਸਤਕ ਦੇ 40ਵੇਂ ਅਧਿਆਇ ਦਾ ਪਹਿਲਾ ਸ਼ਬਦ “ਦਿਲਾਸਾ” ਹੈ।b ਯਹੂਦੀਆਂ ਨੂੰ ਇਹ ਜਾਣ ਕੇ ਕਿੰਨਾ ਦਿਲਾਸਾ ਮਿਲਿਆ ਹੋਣਾ ਕਿ ਉਹ ਜਾਂ ਉਨ੍ਹਾਂ ਦੀ ਔਲਾਦ ਆਪਣੇ ਵਤਨ ਵਾਪਸ ਮੁੜ ਸਕਣਗੇ। ਫਿਰ 41ਵੇਂ ਅਧਿਆਇ ਵਿਚ ਦਿਲਾਸੇ ਵਾਲਾ ਉਹੀ ਸੁਨੇਹਾ ਜਾਰੀ ਰਹਿੰਦਾ ਹੈ ਅਤੇ ਯਸਾਯਾਹ ਦੱਸਦਾ ਹੈ ਕਿ ਯਹੋਵਾਹ ਨੇ ਆਪਣੀ ਇੱਛਾ ਪੂਰੀ ਕਰਵਾਉਣ ਲਈ ਇਕ ਸ਼ਕਤੀਸ਼ਾਲੀ ਰਾਜੇ ਨੂੰ ਚੁਣਨਾ ਸੀ। ਇਸ ਅਧਿਆਇ ਵਿਚ ਪਰਮੇਸ਼ੁਰ ਉੱਤੇ ਭਰੋਸਾ ਰੱਖਣ ਦਾ ਹੌਸਲਾ ਦਿੱਤਾ ਜਾਂਦਾ ਹੈ। ਇਹ ਦਿਖਾਉਂਦਾ ਹੈ ਕਿ ਜਿਨ੍ਹਾਂ ਝੂਠੇ ਦੇਵਤਿਆਂ ਉੱਤੇ ਕੌਮਾਂ ਭਰੋਸਾ ਰੱਖਦੀਆਂ ਹਨ, ਉਹ ਬੇਜਾਨ ਹਨ। ਇਨ੍ਹਾਂ ਸਾਰੀਆਂ ਗੱਲਾਂ ਤੋਂ ਯਸਾਯਾਹ ਦੇ ਜ਼ਮਾਨੇ ਦੇ ਲੋਕਾਂ ਦੀ ਨਿਹਚਾ ਮਜ਼ਬੂਤ ਹੋਈ ਹੋਵੇਗੀ ਅਤੇ ਅੱਜ ਸਾਡੀ ਵੀ ਨਿਹਚਾ ਮਜ਼ਬੂਤ ਹੋ ਸਕਦੀ ਹੈ।
ਯਹੋਵਾਹ ਨੇ ਕੌਮਾਂ ਨੂੰ ਲਲਕਾਰਿਆ
4. ਯਹੋਵਾਹ ਨੇ ਕਿਨ੍ਹਾਂ ਸ਼ਬਦਾਂ ਨਾਲ ਕੌਮਾਂ ਨੂੰ ਲਲਕਾਰਿਆ ਸੀ?
4 ਆਪਣੇ ਨਬੀ ਰਾਹੀਂ ਯਹੋਵਾਹ ਨੇ ਕਿਹਾ: “ਹੇ ਟਾਪੂਓ, ਮੇਰੇ ਅੱਗੇ ਚੁੱਪ ਰਹੋ, ਉੱਮਤਾਂ ਆਪਣਾ ਬਲ ਨਵੇਂ ਸਿਰਿਓਂ ਪਾਉਣ, ਓਹ ਨੇੜੇ ਆ ਕੇ ਗੱਲ ਕਰਨ, ਅਸੀਂ ਇਕੱਠੇ ਹੋ ਕੇ ਨਿਆਉਂ ਲਈ ਨੇੜੇ ਹੋਈਏ।” (ਯਸਾਯਾਹ 41:1) ਇਨ੍ਹਾਂ ਸ਼ਬਦਾਂ ਨਾਲ ਯਹੋਵਾਹ ਨੇ ਉਨ੍ਹਾਂ ਕੌਮਾਂ ਨੂੰ ਲਲਕਾਰਿਆ ਜੋ ਉਸ ਦੇ ਲੋਕਾਂ ਦਾ ਵਿਰੋਧ ਕਰ ਰਹੀਆਂ ਸਨ ਕਿ ਉਸ ਦੇ ਅੱਗੇ ਖੜ੍ਹੀਆਂ ਹੋ ਕੇ ਗੱਲ ਕਰਨ! ਅਸੀਂ ਬਾਅਦ ਵਿਚ ਦੇਖਾਂਗੇ ਕਿ ਯਹੋਵਾਹ ਨੇ ਇਸ ਤਰ੍ਹਾਂ ਗੱਲ ਕੀਤੀ ਸੀ ਜਿਵੇਂ ਉਹ ਅਦਾਲਤ ਵਿਚ ਇਕ ਜੱਜ ਵਜੋਂ ਬੈਠਾ ਸੀ। ਉਹ ਇਨ੍ਹਾਂ ਕੌਮਾਂ ਤੋਂ ਇਸ ਗੱਲ ਦਾ ਸਬੂਤ ਮੰਗ ਰਿਹਾ ਸੀ ਕਿ ਕੀ ਉਨ੍ਹਾਂ ਦੀਆਂ ਮੂਰਤਾਂ ਕੁਝ ਕਰ ਸਕਦੀਆਂ ਸਨ। ਕੀ ਇਹ ਦੇਵਤੇ ਆਪਣੇ ਪੁਜਾਰੀਆਂ ਦੀ ਮੁਕਤੀ ਬਾਰੇ ਜਾਂ ਉਨ੍ਹਾਂ ਦੇ ਵੈਰੀਆਂ ਦੀ ਸਜ਼ਾ ਬਾਰੇ ਕੋਈ ਭਵਿੱਖਬਾਣੀ ਕਰ ਸਕਦੇ ਸਨ? ਜੇ ਕਰ ਸਕਦੇ ਸਨ, ਤਾਂ ਕੀ ਉਹ ਇਹ ਭਵਿੱਖਬਾਣੀਆਂ ਪੂਰੀਆਂ ਕਰ ਸਕਦੇ ਸਨ? ਨਹੀਂ, ਸਿਰਫ਼ ਯਹੋਵਾਹ ਇਹੋ ਜਿਹੀਆਂ ਚੀਜ਼ਾਂ ਕਰ ਸਕਦਾ ਹੈ।
5. ਇਹ ਸਮਝਾਓ ਕਿ ਯਸਾਯਾਹ ਦੀਆਂ ਭਵਿੱਖਬਾਣੀਆਂ ਦੀ ਇਕ ਤੋਂ ਜ਼ਿਆਦਾ ਪੂਰਤੀ ਕਿਵੇਂ ਹੁੰਦੀ ਹੈ।
5 ਯਸਾਯਾਹ ਦੀ ਭਵਿੱਖਬਾਣੀ ਉੱਤੇ ਵਿਚਾਰ ਕਰਦੇ ਸਮੇਂ, ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹੋਰ ਭਵਿੱਖਬਾਣੀਆਂ ਦੀ ਤਰ੍ਹਾਂ ਉਸ ਦੀ ਭਵਿੱਖਬਾਣੀ ਦੀ ਇਕ ਹੀ ਪੂਰਤੀ ਨਹੀਂ ਹੁੰਦੀ। ਸੰਨ 607 ਸਾ.ਯੁ.ਪੂ. ਵਿਚ ਯਹੂਦੀ ਲੋਕ ਬਾਬਲ ਵਿਚ ਗ਼ੁਲਾਮ ਬਣੇ ਸਨ। ਪਰ ਯਸਾਯਾਹ ਦੀ ਭਵਿੱਖਬਾਣੀ ਨੇ ਦਿਖਾਇਆ ਸੀ ਕਿ ਯਹੋਵਾਹ ਗ਼ੁਲਾਮ ਬਣੇ ਇਸਰਾਏਲੀਆਂ ਨੂੰ ਛੁਡਾਵੇਗਾ ਅਤੇ ਇਹ 537 ਸਾ.ਯੁ.ਪੂ. ਵਿਚ ਪੂਰਾ ਹੋਇਆ ਸੀ। ਇਹ ਛੁਟਕਾਰਾ ਉਨ੍ਹਾਂ ਘਟਨਾਵਾਂ ਨਾਲ ਮੇਲ ਖਾਂਦਾ ਹੈ ਜੋ 20ਵੀਂ ਸਦੀ ਵਿਚ ਹੋਈਆਂ ਸਨ। ਪਹਿਲੇ ਵਿਸ਼ਵ ਯੁੱਧ ਦੌਰਾਨ ਯਹੋਵਾਹ ਦੇ ਮਸਹ ਕੀਤੇ ਹੋਏ ਸੇਵਕਾਂ ਨੇ ਕਾਫ਼ੀ ਦੁੱਖ-ਤਕਲੀਫ਼ ਝੱਲੀ। ਸੰਨ 1918 ਵਿਚ ਵੱਡੀ ਬਾਬੁਲ ਦੇ ਮੁੱਖ ਹਿੱਸੇ, ਈਸਾਈ-ਜਗਤ ਨੇ ਸ਼ਤਾਨ ਦੀ ਦੁਨੀਆਂ ਨੂੰ ਇਨ੍ਹਾਂ ਸੇਵਕਾਂ ਉੱਤੇ ਦਬਾਅ ਪਾਉਣ ਲਈ ਉਕਸਾਇਆ। ਇਨ੍ਹਾਂ ਦਬਾਵਾਂ ਕਾਰਨ ਖ਼ੁਸ਼ ਖ਼ਬਰੀ ਦਾ ਪ੍ਰਚਾਰ ਸਮਝੋ ਰੋਕ ਦਿੱਤਾ ਗਿਆ। (ਪਰਕਾਸ਼ ਦੀ ਪੋਥੀ 11:5-10) ਵਾਚ ਟਾਵਰ ਸੋਸਾਇਟੀ ਦੇ ਕੁਝ ਜ਼ਿੰਮੇਵਾਰ ਭਰਾਵਾਂ ਉੱਤੇ ਝੂਠੇ ਇਲਜ਼ਾਮ ਲਾ ਕੇ ਉਨ੍ਹਾਂ ਨੂੰ ਜੇਲ੍ਹ ਵਿਚ ਬੰਦ ਕੀਤਾ ਗਿਆ। ਇਸ ਤਰ੍ਹਾਂ ਲੱਗਦਾ ਸੀ ਕਿ ਦੁਨੀਆਂ ਨੇ ਪਰਮੇਸ਼ੁਰ ਦੇ ਸੇਵਕਾਂ ਨਾਲ ਲੜਾਈ ਜਿੱਤ ਲਈ ਸੀ। ਫਿਰ ਜਿਵੇਂ 537 ਸਾ.ਯੁ.ਪੂ. ਵਿਚ ਹੋਇਆ ਸੀ, ਯਹੋਵਾਹ ਨੇ ਉਨ੍ਹਾਂ ਨੂੰ ਅਚਾਨਕ ਹੀ ਛੁਡਾ ਲਿਆ। ਸੰਨ 1919 ਵਿਚ ਭਰਾ ਰਿਹਾ ਕੀਤੇ ਗਏ, ਅਤੇ ਬਾਅਦ ਵਿਚ ਉਹ ਨਿਰਦੋਸ਼ ਠਹਿਰਾਏ ਗਏ। ਸਤੰਬਰ 1919 ਵਿਚ ਸੀਡਰ ਪਾਇੰਟ ਓਹੀਓ ਦੇ ਇਕ ਵੱਡੇ ਸੰਮੇਲਨ ਤੇ ਯਹੋਵਾਹ ਦੇ ਸੇਵਕਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਦੁਬਾਰਾ ਸ਼ੁਰੂ ਕਰਨ ਲਈ ਹੌਸਲਾ ਦਿੱਤਾ ਗਿਆ। (ਪਰਕਾਸ਼ ਦੀ ਪੋਥੀ 11:11, 12) ਉਸ ਸਮੇਂ ਤੋਂ ਅੱਜ ਤਕ ਪ੍ਰਚਾਰ ਦੇ ਕੰਮ ਵਿਚ ਕਾਫ਼ੀ ਵਾਧਾ ਹੋਇਆ ਹੈ। ਇਸ ਤੋਂ ਇਲਾਵਾ, ਯਸਾਯਾਹ ਦੇ ਕਈ ਸ਼ਬਦ ਆਉਣ ਵਾਲੇ ਫਿਰਦੌਸ ਵਿਚ ਪੂਰੇ ਹੋਣਗੇ। ਇਸ ਲਈ ਕਿਹਾ ਜਾ ਸਕਦਾ ਹੈ ਕਿ ਯਸਾਯਾਹ ਦੇ ਸ਼ਬਦ ਅੱਜ ਸਾਰੀਆਂ ਕੌਮਾਂ ਅਤੇ ਸਾਰਿਆਂ ਲੋਕਾਂ ਨਾਲ ਸੰਬੰਧ ਰੱਖਦੇ ਹਨ।
ਛੁਡਾਉਣ ਵਾਲਾ ਸੱਦਿਆ ਗਿਆ
6. ਨਬੀ ਨੇ ਆਉਣ ਵਾਲੇ ਵਿਜੇਤੇ ਬਾਰੇ ਕੀ ਦੱਸਿਆ ਸੀ?
6 ਯਸਾਯਾਹ ਰਾਹੀਂ ਯਹੋਵਾਹ ਨੇ ਪਹਿਲਾਂ ਹੀ ਦੱਸਿਆ ਸੀ ਕਿ ਇਕ ਵਿਜੇਤਾ ਆਵੇਗਾ ਅਤੇ ਪਰਮੇਸ਼ੁਰ ਦੇ ਲੋਕਾਂ ਨੂੰ ਬਾਬਲ ਤੋਂ ਬਚਾ ਕੇ ਉਨ੍ਹਾਂ ਦੇ ਦੁਸ਼ਮਣਾਂ ਨੂੰ ਸਜ਼ਾ ਦੇਵੇਗਾ। ਯਹੋਵਾਹ ਨੇ ਪੁੱਛਿਆ: “ਕਿਹ ਨੇ ਪੂਰਬ ਤੋਂ ਉਸ ਨੂੰ ਉਕਸਾਇਆ, ਜਿਹ ਦੇ ਕਦਮ ਫਤਹ ਚੁੰਮਦੀ ਹੈ? ਉਹ ਕੌਮਾਂ ਨੂੰ ਉਸ ਦੇ ਅੱਗੇ ਰੱਖਦਾ ਹੈ, ਭਈ ਉਹ ਰਾਜਿਆਂ ਉੱਤੇ ਰਾਜ ਕਰੇ, ਉਹ ਓਹਨਾਂ ਨੂੰ ਉਸ ਦੀ ਤਲਵਾਰ ਲਈ ਧੂੜ ਵਾਂਙੁ ਉਸ ਦੇ ਧਣੁਖ ਲਈ ਉੱਡਦੇ ਭੋਹ ਵਾਂਙੁ ਦਿੰਦਾ ਹੈ। ਉਹ ਓਹਨਾਂ ਦਾ ਪਿੱਛਾ ਕਰਦਾ ਹੈ, ਉਹ ਸ਼ਾਂਤੀ ਨਾਲ ਉਸ ਰਾਹ ਲੰਘ ਜਾਂਦਾ ਹੈ, ਜਿਹ ਦੇ ਉੱਤੇ ਉਸ ਦੇ ਪੈਰ ਨਹੀਂ ਗਏ ਸਨ। ਕਿਹ ਨੇ ਏਹ ਕੀਤਾ, ਅਤੇ ਪੀੜ੍ਹੀਆਂ ਨੂੰ ਆਦ ਤੋਂ ਬੁਲਾ ਕੇ ਨਬੇੜਿਆ? ਮੈਂ, ਯਹੋਵਾਹ ਨੇ! ਆਦ ਤੋਂ ਅੰਤ ਤਾਈਂ ਮੈਂ ਉਹੀ ਹਾਂ!”—ਯਸਾਯਾਹ 41:2-4.
7. ਆਉਣ ਵਾਲਾ ਵਿਜੇਤਾ ਕੌਣ ਸੀ ਅਤੇ ਉਸ ਨੇ ਕੀ ਕੀਤਾ ਸੀ?
7 ਇਹ ਪੂਰਬ ਤੋਂ ਕੌਣ ਉਕਸਾਇਆ ਗਿਆ ਸੀ? ਬਾਬਲ ਤੋਂ ਪੂਰਬ ਵੱਲ ਮਾਦੀ-ਫ਼ਾਰਸ ਅਤੇ ਏਲਾਮ ਦੇ ਦੇਸ਼ ਸਨ। ਇੱਥੋਂ ਖੋਰਸ ਨਾਂ ਦਾ ਇਕ ਫ਼ਾਰਸੀ ਬਾਦਸ਼ਾਹ ਆਪਣੀਆਂ ਵੱਡੀਆਂ ਫ਼ੌਜਾਂ ਨਾਲ ਆਇਆ ਸੀ। (ਯਸਾਯਾਹ 41:25; 44:28; 45:1-4, 13; 46:11) ਭਾਵੇਂ ਕਿ ਖੋਰਸ ਯਹੋਵਾਹ ਦਾ ਇਕ ਭਗਤ ਨਹੀਂ ਸੀ ਉਸ ਨੇ ਧਾਰਮਿਕਤਾ ਦੇ ਪਰਮੇਸ਼ੁਰ ਯਹੋਵਾਹ ਦੀ ਮਰਜ਼ੀ ਅਨੁਸਾਰ ਕੰਮ ਕੀਤਾ ਸੀ। ਖੋਰਸ ਨੇ ਰਾਜਿਆਂ ਨੂੰ ਆਪਣੇ ਅਧੀਨ ਕੀਤਾ, ਅਤੇ ਉਹ ਉਸ ਦੇ ਅੱਗੋਂ ਧੂੜ ਵਾਂਗ ਖਿੱਲਰ ਗਏ ਸਨ। ਫ਼ਤਹਿ ਪਾਉਣ ਲਈ, ਉਹ “ਸ਼ਾਂਤੀ ਨਾਲ,” ਯਾਨੀ ਬਿਨਾਂ ਰੁਕਾਵਟ ਅੱਗੇ ਵਧਿਆ। ਉਸ ਨੇ ਉਹ ਰਸਤੇ ਤੈ ਕੀਤੇ ਜਿਨ੍ਹਾਂ ਉੱਤੇ ਆਮ ਕਰਕੇ ਸਫ਼ਰ ਨਹੀਂ ਕੀਤਾ ਜਾਂਦਾ ਸੀ ਅਤੇ ਉਸ ਨੇ ਸਾਰੀਆਂ ਰੁਕਾਵਟਾਂ ਪਾਰ ਕੀਤੀਆਂ। ਸੰਨ 539 ਸਾ.ਯੁ.ਪੂ. ਵਿਚ ਖੋਰਸ ਬਾਬਲ ਪਹੁੰਚਿਆ ਅਤੇ ਉਸ ਨੇ ਉਸ ਵੱਡੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ। ਨਤੀਜੇ ਵਜੋਂ, ਪਰਮੇਸ਼ੁਰ ਦੇ ਲੋਕ ਰਿਹਾ ਕੀਤੇ ਗਏ ਤਾਂਕਿ ਉਹ ਸੱਚੀ ਉਪਾਸਨਾ ਦੁਬਾਰਾ ਸਥਾਪਿਤ ਕਰਨ ਲਈ ਯਰੂਸ਼ਲਮ ਵਾਪਸ ਮੁੜ ਸਕਣ।—ਅਜ਼ਰਾ 1:1-7.c
8. ਸਿਰਫ਼ ਯਹੋਵਾਹ ਹੀ ਕੀ ਕਰ ਸਕਦਾ ਹੈ?
8 ਇਸ ਤਰ੍ਹਾਂ ਯਸਾਯਾਹ ਰਾਹੀਂ ਯਹੋਵਾਹ ਨੇ ਖੋਰਸ ਦੇ ਜਨਮ ਤੋਂ ਪਹਿਲਾਂ ਹੀ ਦੱਸਿਆ ਸੀ ਕਿ ਉਹ ਰਾਜੇ ਵਜੋਂ ਖੜ੍ਹਾ ਹੋਵੇਗਾ। ਸਿਰਫ਼ ਸੱਚਾ ਪਰਮੇਸ਼ੁਰ ਅਜਿਹੀ ਸਹੀ-ਸਹੀ ਭਵਿੱਖਬਾਣੀ ਕਰ ਸਕਦਾ ਸੀ। ਯਹੋਵਾਹ ਕੌਮਾਂ ਦੇ ਝੂਠੇ ਦੇਵਤਿਆਂ ਵਰਗਾ ਨਹੀਂ ਹੈ। ਇਸੇ ਲਈ ਯਹੋਵਾਹ ਕਹਿੰਦਾ ਹੈ: “ਮੈਂ ਆਪਣਾ ਪਰਤਾਪ ਦੂਜੇ ਨੂੰ ਨਹੀਂ ਦਿਆਂਗਾ।” ਸਿਰਫ਼ ਯਹੋਵਾਹ ਹੀ ਇਹ ਕਹਿਣ ਦਾ ਹੱਕ ਰੱਖਦਾ ਹੈ ਕਿ “ਮੈਂ ਆਦ ਹਾਂ ਨਾਲੇ ਮੈਂ ਅੰਤ ਹਾਂ, ਮੈਥੋਂ ਬਿਨਾ ਹੋਰ ਕੋਈ ਪਰਮੇਸ਼ੁਰ ਨਹੀਂ।”—ਯਸਾਯਾਹ 42:8; 44:6, 7.
ਡਰੇ ਹੋਏ ਲੋਕਾਂ ਦਾ ਮੂਰਤੀਆਂ ਉੱਤੇ ਭਰੋਸਾ
9-11. ਖੋਰਸ ਦੇ ਆਉਣ ਬਾਰੇ ਸੁਣ ਕੇ ਕੌਮਾਂ ਕੀ-ਕੀ ਕਰਨਗੀਆਂ?
9 ਯਸਾਯਾਹ ਨੇ ਇਹ ਦੱਸਿਆ ਕਿ ਇਸ ਆਉਣ ਵਾਲੇ ਵਿਜੇਤੇ ਬਾਰੇ ਸੁਣ ਕੇ ਕੌਮਾਂ ਕੀ ਕਰਨਗੀਆਂ। “ਟਾਪੂਆਂ ਨੇ ਵੇਖਿਆ ਅਤੇ ਡਰਦੇ ਰਹੇ, ਧਰਤੀ ਦੀਆਂ ਹੱਦਾਂ ਕੰਬਦੀਆਂ ਹਨ, ਓਹ ਨੇੜੇ ਹੋ ਕੇ ਅੱਪੜਦੇ ਹਨ। ਹਰੇਕ ਆਪਣੇ ਗੁਆਂਢੀ ਦੀ ਸਹਾਇਤਾ ਕਰਦਾ ਹੈ, ਅਤੇ ਆਪਣੇ ਭਰਾ ਨੂੰ ਆਖਦਾ, ਤਕੜਾ ਹੋ! ਤਰਖਾਣ ਸੁਨਿਆਰ ਨੂੰ ਤਕੜਾ ਕਰਦਾ ਹੈ, ਅਤੇ ਉਹ ਜਿਹੜਾ ਹਥੌੜੇ ਨਾਲ ਪੱਧਰਾ ਕਰਦਾ ਹੈ, ਉਹ ਨੂੰ ਜਿਹੜਾ ਆਹਰਨ ਉੱਤੇ ਮਾਰਦਾ ਹੈ। ਉਹ ਟਾਂਕੇ ਵਿਖੇ ਕਹਿੰਦਾ ਹੈ, ਉਹ ਚੰਗਾ ਹੈ, ਉਹ ਉਸ ਨੂੰ ਮੇਖਾਂ ਨਾਲ ਪੱਕਿਆਂ ਕਰਦਾ ਹੈ ਭਈ ਉਹ ਹਿੱਲੇ ਨਾ।”—ਯਸਾਯਾਹ 41:5-7.
10 ਯਹੋਵਾਹ ਨੇ ਕੁਝ 200 ਸਾਲ ਅਗਾਹਾਂ ਦੇਖਦੇ ਹੋਏ ਦੁਨੀਆਂ ਦੀ ਹਾਲਤ ਬਾਰੇ ਦੱਸਿਆ ਸੀ। ਖੋਰਸ ਦੀਆਂ ਵੱਡੀਆਂ-ਵੱਡੀਆਂ ਫ਼ੌਜਾਂ ਤੇਜ਼ੀ ਨਾਲ ਅੱਗੇ ਵਧਣਗੀਆਂ ਅਤੇ ਉਹ ਵਿਰੋਧੀਆਂ ਉੱਤੇ ਜਿੱਤ ਪ੍ਰਾਪਤ ਕਰਨਗੀਆਂ। ਸਾਰੇ ਲੋਕ, ਦੂਰ-ਦੁਰਾਡੇ ਟਾਪੂਆਂ ਦੇ ਵਾਸੀ ਵੀ ਉਸ ਦੇ ਆਉਣ ਤੇ ਕੰਬਣਗੇ। ਡਰ ਦੇ ਮਾਰੇ ਉਹ ਇਕੱਠੇ ਹੋ ਕੇ ਉਸ ਦਾ ਵਿਰੋਧ ਕਰਨਗੇ ਜਿਸ ਨੂੰ ਯਹੋਵਾਹ ਸਜ਼ਾ ਦੇਣ ਲਈ ਪੂਰਬ ਤੋਂ ਸੱਦੇਗਾ। ਉਹ ਇਕ ਦੂਜੇ ਦਾ ਹੌਸਲਾ ਵਧਾਉਣ ਲਈ ਕਹਿਣਗੇ: “ਤਕੜਾ ਹੋ।”
11 ਕਾਰੀਗਰ ਮੂਰਤੀਆਂ ਬਣਾਉਣ ਲਈ ਇਕੱਠੇ ਕੰਮ ਕਰਨਗੇ, ਜੋ ਉਨ੍ਹਾਂ ਦੇ ਭਾਣੇ ਲੋਕਾਂ ਨੂੰ ਛੁਡਾਉਣਗੀਆਂ। ਤਰਖਾਣ ਲੱਕੜ ਦੀਆਂ ਮੂਰਤੀਆਂ ਘੜੇਗਾ ਅਤੇ ਫਿਰ ਉਹ ਸੁਨਿਆਰੇ ਨੂੰ ਮੂਰਤੀ ਉੱਤੇ ਸੋਨੇ ਜਾਂ ਹੋਰ ਧਾਤ ਦੀ ਝਾਲ ਫੇਰਨ ਲਈ ਕਹੇਗਾ। ਮੂਰਤੀਆਂ ਘੜਨ ਵਾਲਾ ਹਥੌੜੇ ਨਾਲ ਧਾਤ ਨੂੰ ਚੰਗੀ ਤਰ੍ਹਾਂ ਮੜ੍ਹੇਗਾ ਅਤੇ ਟਾਂਕਿਆਂ ਬਾਰੇ ਕਹੇਗਾ ਕਿ ਇਹ ਚੰਗੇ ਹਨ। ਸ਼ਾਇਦ ਇਹ ਗੱਲ ਤਾਅਨਾ ਮਾਰਨ ਲਈ ਕਹੀ ਗਈ ਸੀ ਕਿ ਮੂਰਤੀ ਨੂੰ ਮੇਖਾਂ ਨਾਲ ਪੱਕਿਆਂ ਕੀਤਾ ਜਾਵੇ ਤਾਂਕਿ ਉਹ ਡਿੱਗ ਨਾ ਪਵੇ ਜਾਂ ਉਹ ਕਮਜ਼ੋਰ ਨਾ ਨਜ਼ਰ ਆਏ, ਜਿਵੇਂ ਦਾਗੋਨ ਦੀ ਮੂਰਤੀ ਯਹੋਵਾਹ ਦੇ ਸੰਦੂਕ ਅੱਗੇ ਡਿੱਗ ਪਈ ਸੀ।—1 ਸਮੂਏਲ 5:4.
ਡਰੋ ਨਾ!
12. ਯਹੋਵਾਹ ਨੇ ਇਸਰਾਏਲ ਨੂੰ ਕਿਸ ਤਰ੍ਹਾਂ ਦਿਲਾਸਾ ਦਿੱਤਾ ਸੀ?
12 ਇਸ ਤੋਂ ਬਾਅਦ ਯਹੋਵਾਹ ਨੇ ਆਪਣੇ ਲੋਕਾਂ ਵੱਲ ਧਿਆਨ ਦਿੱਤਾ। ਉਨ੍ਹਾਂ ਕੌਮਾਂ ਤੋਂ ਉਲਟ ਜੋ ਬੇਜਾਨ ਮੂਰਤੀਆਂ ਉੱਤੇ ਭਰੋਸਾ ਰੱਖਦੀਆਂ ਸਨ, ਸੱਚੇ ਪਰਮੇਸ਼ੁਰ ਉੱਤੇ ਭਰੋਸਾ ਰੱਖਣ ਵਾਲਿਆਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੋਣੀ ਸੀ। ਦਿਲਾਸਾ ਦਿੰਦੇ ਹੋਏ ਯਹੋਵਾਹ ਨੇ ਉਨ੍ਹਾਂ ਨੂੰ ਪਹਿਲਾਂ ਯਾਦ ਕਰਾਇਆ ਕਿ ਇਸਰਾਏਲ ਉਸ ਦੇ ਦੋਸਤ ਅਬਰਾਹਾਮ ਦੀ ਔਲਾਦ ਸੀ। ਅਗਲੀਆਂ ਆਇਤਾਂ ਵਿਚ ਅਸੀਂ ਯਹੋਵਾਹ ਦੀ ਵੱਡੀ ਕੋਮਲਤਾ ਬਾਰੇ ਪੜ੍ਹਦੇ ਹਾਂ। ਯਸਾਯਾਹ ਨੇ ਕਿਹਾ: “ਤੂੰ, ਹੇ ਇਸਰਾਏਲ, ਮੇਰੇ ਦਾਸ, ਹੇ ਯਾਕੂਬ, ਜਿਹ ਨੂੰ ਮੈਂ ਚੁਣਿਆ ਹੈ, ਮੇਰੇ ਦੋਸਤ ਅਬਰਾਹਾਮ ਦੀ ਅੰਸ, ਜਿਹ ਨੂੰ ਮੈਂ ਧਰਤੀ ਦੀਆਂ ਹੱਦਾਂ ਤੋਂ ਫੜ ਲਿਆ, ਅਤੇ ਉਹ ਦਿਆਂ ਖੂੰਜਿਆਂ ਤੋਂ ਬੁਲਾ ਲਿਆ, ਅਤੇ ਤੈਨੂੰ ਆਖਿਆ, ਤੂੰ ਮੇਰਾ ਦਾਸ ਹੈਂ, ਮੈਂ ਤੈਨੂੰ ਚੁਣਿਆ ਅਤੇ ਤੈਨੂੰ ਨਹੀਂ ਰੱਦਿਆ। ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ, ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫਤਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।”—ਯਸਾਯਾਹ 41:8-10.
13. ਯਹੋਵਾਹ ਦੇ ਸ਼ਬਦਾਂ ਨੇ ਗ਼ੁਲਾਮ ਯਹੂਦੀਆਂ ਨੂੰ ਤਸੱਲੀ ਕਿਵੇਂ ਦਿੱਤੀ ਸੀ?
13 ਇਨ੍ਹਾਂ ਸ਼ਬਦਾਂ ਨੇ ਉਨ੍ਹਾਂ ਵਫ਼ਾਦਾਰ ਯਹੂਦੀਆਂ ਨੂੰ ਕਿੰਨੀ ਤਸੱਲੀ ਦਿੱਤੀ ਹੋਵੇਗੀ ਜੋ ਵਿਦੇਸ਼ ਵਿਚ ਗ਼ੁਲਾਮ ਸਨ! ਉਨ੍ਹਾਂ ਨੂੰ ਕਿੰਨਾ ਉਤਸ਼ਾਹ ਮਿਲਿਆ ਹੋਵੇਗਾ ਕਿ ਯਹੋਵਾਹ ਨੇ ਉਨ੍ਹਾਂ ਨੂੰ ਉਸ ਸਮੇਂ “ਮੇਰੇ ਦਾਸ” ਸੱਦਿਆ ਜਦੋਂ ਉਹ ਬਾਬਲ ਦੇ ਰਾਜੇ ਦੇ ਗ਼ੁਲਾਮ ਜਾਂ ਦਾਸ ਸਨ! (2 ਇਤਹਾਸ 36:20) ਭਾਵੇਂ ਕਿ ਯਹੋਵਾਹ ਨੇ ਉਨ੍ਹਾਂ ਦੀ ਬੇਵਫ਼ਾਈ ਕਾਰਨ ਉਨ੍ਹਾਂ ਨੂੰ ਸਜ਼ਾ ਦਿੱਤੀ ਸੀ, ਉਸ ਨੇ ਉਨ੍ਹਾਂ ਨੂੰ ਰੱਦ ਨਹੀਂ ਕੀਤਾ ਸੀ। ਇਸਰਾਏਲ ਯਹੋਵਾਹ ਦੀ ਅਮਾਨਤ ਸੀ, ਬਾਬਲ ਦੀ ਨਹੀਂ। ਪਰਮੇਸ਼ੁਰ ਦੇ ਸੇਵਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੋਣੀ ਸੀ ਜਦੋਂ ਵੀ ਖੋਰਸ ਨੇ ਵਿਜੇਤੇ ਵਜੋਂ ਆਉਣਾ ਸੀ। ਯਹੋਵਾਹ ਨੇ ਆਪਣੇ ਲੋਕਾਂ ਦੀ ਮਦਦ ਕਰਨੀ ਸੀ।
14. ਯਹੋਵਾਹ ਦੇ ਇਸਰਾਏਲ ਨੂੰ ਕਹੇ ਗਏ ਸ਼ਬਦ ਅੱਜ ਪਰਮੇਸ਼ੁਰ ਦੇ ਸੇਵਕਾਂ ਨੂੰ ਕਿਵੇਂ ਦਿਲਾਸਾ ਦਿੰਦੇ ਹਨ?
14 ਇਨ੍ਹਾਂ ਸ਼ਬਦਾਂ ਨੇ ਅੱਜ ਵੀ ਯਹੋਵਾਹ ਦੇ ਸੇਵਕਾਂ ਨੂੰ ਦਿਲਾਸਾ ਦਿੱਤਾ ਹੈ ਅਤੇ ਉਨ੍ਹਾਂ ਨੂੰ ਮਜ਼ਬੂਤ ਕੀਤਾ ਹੈ। ਸੰਨ 1918 ਵਿਚ ਇਹ ਸੇਵਕ ਜਾਣਨਾ ਚਾਹੁੰਦੇ ਸਨ ਕਿ ਉਨ੍ਹਾਂ ਲਈ ਯਹੋਵਾਹ ਦੀ ਕੀ ਇੱਛਾ ਸੀ। ਉਹ ਆਪਣੀ ਰੂਹਾਨੀ ਗ਼ੁਲਾਮੀ ਤੋਂ ਛੁਟਕਾਰਾ ਚਾਹੁੰਦੇ ਸਨ। ਅੱਜ ਅਸੀਂ ਸ਼ਤਾਨ ਤੋਂ, ਇਸ ਦੁਨੀਆਂ ਤੋਂ, ਅਤੇ ਆਪਣੀ ਅਪੂਰਣਤਾ ਦੇ ਦਬਾਵਾਂ ਤੋਂ ਛੁਟਕਾਰਾ ਚਾਹੁੰਦੇ ਹਾਂ। ਪਰ ਸਾਨੂੰ ਪਤਾ ਹੈ ਕਿ ਯਹੋਵਾਹ ਆਪਣੇ ਲੋਕਾਂ ਦੀ ਖ਼ਾਤਰ ਐਨ ਠੀਕ ਸਮੇਂ ਤੇ ਕਦਮ ਚੁੱਕਣਾ ਜਾਣਦਾ ਹੈ। ਛੋਟੇ ਬੱਚਿਆਂ ਵਾਂਗ ਅਸੀਂ ਉਸ ਦਾ ਹੱਥ ਫੜ ਕੇ ਉਸ ਉੱਤੇ ਭਰੋਸਾ ਰੱਖਦੇ ਹਾਂ ਕਿ ਉਹ ਸਾਨੂੰ ਹਿੰਮਤ ਦੇਵੇਗਾ। (ਜ਼ਬੂਰ 63:7, 8) ਯਹੋਵਾਹ ਆਪਣੇ ਸੇਵਕਾਂ ਦੀ ਕਦਰ ਕਰਦਾ ਹੈ। ਉਹ ਸਾਨੂੰ ਅੱਜ ਉਸੇ ਤਰ੍ਹਾਂ ਸਹਾਰਾ ਦਿੰਦਾ ਹੈ ਜਿਵੇਂ 1918-19 ਦੇ ਔਖੇ ਸਮੇਂ ਵਿਚ ਉਸ ਨੇ ਆਪਣੇ ਲੋਕਾਂ ਨੂੰ ਸਹਾਰਾ ਦਿੱਤਾ ਸੀ ਅਤੇ ਜਿਵੇਂ ਉਸ ਨੇ ਬਹੁਤ ਸਮਾਂ ਪਹਿਲਾਂ ਵਫ਼ਾਦਾਰ ਇਸਰਾਏਲੀਆਂ ਨੂੰ ਵੀ ਸਹਾਰਾ ਦਿੱਤਾ ਸੀ।
15, 16. (ੳ) ਇਸਰਾਏਲ ਦੇ ਦੁਸ਼ਮਣਾਂ ਨਾਲ ਕੀ ਹੋਇਆ ਸੀ, ਅਤੇ ਇਸਰਾਏਲ ਇਕ ਕੀੜੇ ਵਰਗਾ ਕਿਵੇਂ ਸੀ? (ਅ) ਯਹੋਵਾਹ ਦੇ ਸ਼ਬਦ ਅੱਜ ਸਾਨੂੰ ਕਿਸ ਹੋਣ ਵਾਲੇ ਹਮਲੇ ਕਾਰਨ ਹੌਸਲਾ ਦਿੰਦੇ ਹਨ?
15 ਧਿਆਨ ਦਿਓ ਕਿ ਯਸਾਯਾਹ ਰਾਹੀਂ ਯਹੋਵਾਹ ਨੇ ਅੱਗੇ ਕੀ ਕਿਹਾ: “ਵੇਖੋ, ਓਹ ਜੋ ਤੇਰੇ ਨਾਲ ਗੁੱਸੇ ਹਨ, ਸ਼ਰਮਿੰਦੇ ਹੋਣਗੇ ਅਤੇ ਓਹਨਾਂ ਦੇ ਮੂੰਹ ਕਾਲੇ ਹੋ ਜਾਣਗੇ, ਅਤੇ ਓਹ ਜੋ ਤੇਰੇ ਨਾਲ ਲੜਦੇ ਹਨ ਨਾ ਹੋਇਆਂ ਜੇਹੇ ਹੋ ਕੇ ਨਾਸ ਹੋ ਜਾਣਗੇ। ਜੋ ਤੇਰੇ ਨਾਲ ਝਗੜਦੇ ਹਨ, ਤੂੰ ਓਹਨਾਂ ਨੂੰ ਭਾਲੇਂਗਾ ਪਰ ਪਾਏਂਗਾ ਨਾ। ਜੋ ਤੇਰੇ ਨਾਲ ਜੁੱਧ ਕਰਦੇ ਹਨ, ਓਹ ਨਾ ਹੋਇਆਂ ਜੇਹੇ ਸਗੋਂ ਨੇਸਤੀ ਜੇਹੇ ਹੋਣਗੇ! ਮੈਂ ਯਹੋਵਾਹ ਤੇਰਾ ਪਰਮੇਸ਼ੁਰ ਤਾਂ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ, ਮੈਂ ਤੈਨੂੰ ਆਖਦਾ ਹਾਂ, ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ। ਨਾ ਡਰ, ਹੇ ਯਾਕੂਬ ਕੀੜੇ, ਹੇ ਇਸਰਾਏਲ ਦੀ ਜੱਦ! ਮੈਂ ਤੇਰੀ ਸਹਾਇਤਾ ਕਰਾਂਗਾ, ਯਹੋਵਾਹ ਦਾ ਵਾਕ ਹੈ, ਤੇਰਾ ਛੁਟਕਾਰਾ ਦੇਣ ਵਾਲਾ ਇਸਰਾਏਲ ਦਾ ਪਵਿੱਤਰ ਪੁਰਖ ਹੈ।”—ਯਸਾਯਾਹ 41:11-14.
16 ਇਸਰਾਏਲ ਦੇ ਦੁਸ਼ਮਣ ਕਾਮਯਾਬ ਨਹੀਂ ਹੋਏ ਸਨ। ਇਸਰਾਏਲ ਨਾਲ ਗੁੱਸੇ ਹੋਏ ਲੋਕ ਖ਼ੁਦ ਸ਼ਰਮਿੰਦੇ ਹੋਏ। ਉਸ ਨਾਲ ਲੜਨ ਵਾਲੇ ਖ਼ਤਮ ਕੀਤੇ ਗਏ। ਭਾਵੇਂ ਕਿ ਗ਼ੁਲਾਮੀ ਵਿਚ ਇਸਰਾਏਲੀ ਇਕ ਕੀੜੇ ਵਾਂਗ ਕਮਜ਼ੋਰ ਅਤੇ ਅਸੁਰੱਖਿਅਤ ਲੱਗਦੇ ਸਨ, ਯਹੋਵਾਹ ਨੇ ਉਨ੍ਹਾਂ ਦੀ ਮਦਦ ਕੀਤੀ। ਇਸ ਗੱਲ ਤੋਂ “ਅੰਤ ਦਿਆਂ ਦਿਨਾਂ” ਵਿਚ ਸੱਚੇ ਮਸੀਹੀਆਂ ਨੂੰ ਕਿੰਨਾ ਹੌਸਲਾ ਮਿਲਿਆ ਹੈ ਕਿਉਂਕਿ ਉਨ੍ਹਾਂ ਨਾਲ ਦੁਨੀਆਂ ਵਿਚ ਬਹੁਤ ਸਾਰੇ ਲੋਕਾਂ ਨੇ ਵੈਰ ਕੀਤਾ ਹੈ। (2 ਤਿਮੋਥਿਉਸ 3:1) ਨਾਲੇ ਸ਼ਤਾਨ ਦੇ ਹੋਣ ਵਾਲੇ ਹਮਲੇ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਯਹੋਵਾਹ ਦੇ ਵਾਅਦੇ ਤੋਂ ਕਿੰਨਾ ਹੌਸਲਾ ਮਿਲਦਾ ਹੈ। ਭਵਿੱਖਬਾਣੀ ਵਿਚ ਸ਼ਤਾਨ ਨੂੰ ‘ਮਾਗੋਗ ਦੀ ਧਰਤੀ ਦਾ ਗੋਗ’ ਸੱਦਿਆ ਗਿਆ ਹੈ। ਜਦੋਂ ਗੋਗ ਵਹਿਸ਼ੀ ਹਮਲਾ ਕਰੇਗਾ, ਤਾਂ ਯਹੋਵਾਹ ਦੇ ਲੋਕ ਇਕ ਕੀੜੇ ਵਾਂਗ ਕਮਜ਼ੋਰ ਲੱਗਣਗੇ ਜੋ “ਬਿਨਾਂ ਕੰਧਾਂ ਦੇ ਵੱਸਦੇ ਹਨ,” ਅਤੇ ਜਿਨ੍ਹਾਂ ਦੀਆਂ “ਨਾ ਹੀ ਖਾਈਆਂ ਅਤੇ ਨਾ ਦਰਵੱਜੇ ਹਨ।” ਪਰ ਯਹੋਵਾਹ ਉੱਤੇ ਭਰੋਸਾ ਰੱਖਣ ਵਾਲਿਆਂ ਨੂੰ ਡਰ ਨਾਲ ਕੰਬਣ ਦੀ ਕੋਈ ਲੋੜ ਨਹੀਂ ਹੋਵੇਗੀ। ਸਰਬਸ਼ਕਤੀਮਾਨ ਯਹੋਵਾਹ ਉਨ੍ਹਾਂ ਨੂੰ ਬਚਾਉਣ ਲਈ ਖ਼ੁਦ ਲੜੇਗਾ।—ਹਿਜ਼ਕੀਏਲ 38:2, 11, 14-16, 21-23; 2 ਕੁਰਿੰਥੀਆਂ 1:3.
ਇਸਰਾਏਲ ਲਈ ਦਿਲਾਸਾ
17, 18. ਯਸਾਯਾਹ ਨੇ ਇਸਰਾਏਲ ਨੂੰ ਤਾਕਤ ਦੇਣ ਬਾਰੇ ਕੀ ਕਿਹਾ ਸੀ, ਅਤੇ ਅਸੀਂ ਕਿਸ ਵਾਅਦੇ ਉੱਤੇ ਭਰੋਸਾ ਰੱਖ ਸਕਦੇ ਹਾਂ?
17 ਯਹੋਵਾਹ ਨੇ ਆਪਣੇ ਲੋਕਾਂ ਨੂੰ ਹੋਰ ਵੀ ਦਿਲਾਸਾ ਦਿੱਤਾ: “ਵੇਖ, ਮੈਂ ਤੈਨੂੰ ਇੱਕ ਨਵੇਂ ਤਿੱਖੇ ਗਾਹ ਪਾਉਣ ਵਾਲੇ ਫਲ੍ਹੇ ਜਿਹਾ ਜਿਹ ਦੇ ਦੰਦ ਵੀ ਹਨ, ਠਹਿਰਾਵਾਂਗਾ, ਤੂੰ ਪਹਾੜਾਂ ਨੂੰ ਗਾਹੇਂਗਾ ਅਰ ਓਹਨਾਂ ਨੂੰ ਮਹੀਨ ਕਰੇਂਗਾ, ਅਤੇ ਤੂੰ ਟਿੱਬਿਆਂ ਨੂੰ ਭੋਹ ਵਾਂਙੁ ਬਣਾਏਂਗਾ। ਤੂੰ ਓਹਨਾਂ ਨੂੰ ਛੱਟੇਂਗਾ ਅਤੇ ਹਵਾ ਓਹਨਾਂ ਨੂੰ ਉਡਾ ਲੈ ਜਾਵੇਗੀ, ਅਤੇ ਤੁਫ਼ਾਨ ਓਹਨਾਂ ਨੂੰ ਖਿਲਾਰ ਦੇਵੇਗਾ, ਪਰ ਤੂੰ ਯਹੋਵਾਹ ਵਿੱਚ ਖੁਸ਼ ਹੋਵੇਂਗਾ, ਅਤੇ ਇਸਰਾਏਲ ਦੇ ਪਵਿੱਤਰ ਪੁਰਖ ਉੱਤੇ ਫਖਰ ਕਰੇਂਗਾ।”—ਯਸਾਯਾਹ 41:15, 16.
18 ਇਸਰਾਏਲ ਨੂੰ ਆਪਣੇ ਪਹਾੜਾਂ ਜਿੰਨੇ ਵੱਡੇ ਦੁਸ਼ਮਣਾਂ ਉੱਤੇ ਰੂਹਾਨੀ ਤੌਰ ਤੇ ਜਿੱਤ ਪ੍ਰਾਪਤ ਕਰਨ ਲਈ ਤਾਕਤ ਦਿੱਤੀ ਗਈ ਸੀ। ਜਦੋਂ ਉਹ ਆਪਣੇ ਦੇਸ਼ ਵਾਪਸ ਮੁੜੇ ਸਨ, ਤਾਂ ਉਨ੍ਹਾਂ ਦੇ ਦੁਸ਼ਮਣ ਯਰੂਸ਼ਲਮ ਦੀ ਹੈਕਲ ਅਤੇ ਉਸ ਦੀਆਂ ਕੰਧਾਂ ਬਣਾਉਣ ਦੇ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਇਸਰਾਏਲੀਆਂ ਨੇ ਉਨ੍ਹਾਂ ਉੱਤੇ ਫ਼ਤਹਿ ਪਾਈ ਸੀ। (ਅਜ਼ਰਾ 6:12; ਨਹਮਯਾਹ 6:16) ਲੇਕਿਨ ਯਹੋਵਾਹ ਦੇ ਸ਼ਬਦ “ਪਰਮੇਸ਼ੁਰ ਦੇ ਇਸਰਾਏਲ” ਯਾਨੀ ਕਿ ਮਸਹ ਕੀਤੇ ਹੋਏ ਮਸੀਹੀਆਂ ਉੱਤੇ ਹੋਰ ਵੀ ਵੱਡੇ ਪੈਮਾਨੇ ਤੇ ਪੂਰੇ ਹੋਣਗੇ। (ਗਲਾਤੀਆਂ 6:16) ਯਿਸੂ ਨੇ ਇਨ੍ਹਾਂ ਮਸੀਹੀਆਂ ਨਾਲ ਵਾਅਦਾ ਕੀਤਾ ਸੀ ਕਿ “ਜਿਹੜਾ ਜਿੱਤਣ ਵਾਲਾ ਹੈ ਅਤੇ ਜਿਹੜਾ ਅੰਤ ਤੋੜੀ ਮੇਰਿਆਂ ਕੰਮਾਂ ਦੀ ਪਾਲਨਾ ਕਰਦਾ ਹੈ ਉਹ ਨੂੰ ਮੈਂ ਕੌਮਾਂ ਉੱਤੇ ਇਖ਼ਤਿਆਰ ਦਿਆਂਗਾ। ਅਤੇ ਉਹ ਲੋਹੇ ਦੇ ਡੰਡੇ ਨਾਲ ਓਹਨਾਂ ਉੱਤੇ ਹਕੂਮਤ ਕਰੇਗਾ ਜਿਵੇਂ ਘੁਮਿਆਰ ਦੇ ਭਾਂਡਿਆਂ ਨੂੰ ਚਿਣੀ ਚਿਣੀ ਕਰ ਦੇਈਦਾ ਹੈ ਜਿਸ ਪਰਕਾਰ ਮੈਂ ਵੀ ਆਪਣੇ ਪਿਤਾ ਕੋਲੋਂ ਪਾਇਆ ਹੈ।” (ਪਰਕਾਸ਼ ਦੀ ਪੋਥੀ 2:26, 27) ਉਹ ਸਮਾਂ ਜ਼ਰੂਰ ਆਵੇਗਾ ਜਦੋਂ ਯਿਸੂ ਦੇ ਸਵਰਗ ਵਿਚ ਜੀ ਉਠਾਏ ਗਏ ਭਰਾ ਯਹੋਵਾਹ ਦੇ ਵੈਰੀਆਂ ਨੂੰ ਖ਼ਤਮ ਕਰਨ ਵਿਚ ਹਿੱਸਾ ਲੈਣਗੇ।—2 ਥੱਸਲੁਨੀਕੀਆਂ 1:7, 8; ਪਰਕਾਸ਼ ਦੀ ਪੋਥੀ 20:4, 6.
19, 20. ਯਸਾਯਾਹ ਨੇ ਇਸਰਾਏਲ ਦੀ ਮੁੜ ਬਹਾਲੀ ਬਾਰੇ ਕੀ ਲਿਖਿਆ ਸੀ ਅਤੇ ਇਹ ਪੂਰਾ ਕਿਵੇਂ ਹੋਇਆ ਸੀ?
19 ਯਹੋਵਾਹ ਨੇ ਤਸਵੀਰੀ ਭਾਸ਼ਾ ਵਿਚ ਪੱਕਾ ਵਾਅਦਾ ਕੀਤਾ ਕਿ ਉਹ ਆਪਣੇ ਲੋਕਾਂ ਦੀ ਸਹਾਇਤਾ ਕਰੇਗਾ। ਯਸਾਯਾਹ ਨੇ ਲਿਖਿਆ: “ਮਸਕੀਨ ਅਰ ਕੰਗਾਲ ਪਾਣੀ ਭਾਲਦੇ ਹਨ ਪਰ ਹੈ ਨਹੀਂ, ਉਨ੍ਹਾਂ ਦੀਆਂ ਜੀਭਾਂ ਤਿਹਾ ਨਾਲ ਖੁਸ਼ਕ ਹਨ, ਮੈਂ ਯਹੋਵਾਹ ਓਹਨਾਂ ਨੂੰ ਉੱਤਰ ਦਿਆਂਗਾ, ਮੈਂ ਇਸਰਾਏਲ ਦਾ ਪਰਮੇਸ਼ੁਰ ਉਨ੍ਹਾਂ ਨੂੰ ਨਾ ਤਿਆਗਾਂਗਾ। ਮੈਂ ਨੰਗੀਆਂ ਚੋਟੀਆਂ ਉੱਤੇ ਨਦੀਆਂ, ਅਤੇ ਦੂਣਾਂ ਦੇ ਵਿਚਲੇ ਸੋਤੇ ਖੋਲ੍ਹਾਂਗਾ, ਮੈਂ ਉਜਾੜ ਨੂੰ ਪਾਣੀ ਦਾ ਤਲਾ, ਅਤੇ ਸੁੱਕੀ ਧਰਤੀ ਨੂੰ ਪਾਣੀ ਦੇ ਸੁੰਬ ਬਣਾਵਾਂਗਾ। ਮੈਂ ਉਜਾੜ ਵਿੱਚ ਦਿਆਰ ਅਤੇ ਸ਼ਿੱਟਾਹ, ਮਹਿੰਦੀ ਅਤੇ ਜ਼ੈਤੂਨ ਦੇ ਰੁੱਖ ਲਾਵਾਂਗਾ। ਮੈਂ ਮਦਾਨ ਵਿੱਚ ਸਰੂ, ਚੀਲ੍ਹ ਅਤੇ ਚਨਾਰ ਦੇ ਰੁੱਖ ਇਕੱਠੇ ਰੱਖਾਂਗਾ। ਤਾਂ ਜੋ ਓਹ ਵੇਖਣ ਅਤੇ ਜਾਣਨ, ਅਤੇ ਧਿਆਨ ਦੇਣ ਅਰ ਸਮਝਣ ਕਿ ਯਹੋਵਾਹ ਦੇ ਹੱਥ ਨੇ ਏਹ ਨੂੰ ਕੀਤਾ ਹੈ, ਅਤੇ ਇਸਰਾਏਲ ਦੇ ਪਵਿੱਤਰ ਪੁਰਖ ਨੇ ਏਹ ਸਾਜਿਆ ਹੈ।”—ਯਸਾਯਾਹ 41:17-20.
20 ਭਾਵੇਂ ਕਿ ਗ਼ੁਲਾਮ ਇਸਰਾਏਲੀ ਇਕ ਅਮੀਰ ਵਿਸ਼ਵ ਸ਼ਕਤੀ ਦੀ ਰਾਜਧਾਨੀ ਵਿਚ ਰਹਿੰਦੇ ਸਨ, ਉਨ੍ਹਾਂ ਲਈ ਇਹ ਰੇਗਿਸਤਾਨ ਵਰਗੀ ਸੀ। ਉਨ੍ਹਾਂ ਨੇ ਦਾਊਦ ਵਾਂਗ ਮਹਿਸੂਸ ਕੀਤਾ ਜਦੋਂ ਉਹ ਰਾਜਾ ਸ਼ਾਊਲ ਤੋਂ ਲੁਕ ਰਿਹਾ ਸੀ। ਸੰਨ 537 ਸਾ.ਯੁ.ਪੂ. ਵਿਚ ਯਹੋਵਾਹ ਨੇ ਉਨ੍ਹਾਂ ਲਈ ਰਾਹ ਖੋਲ੍ਹਿਆ ਤਾਂਕਿ ਉਹ ਯਹੂਦਾਹ ਨੂੰ ਵਾਪਸ ਮੁੜ ਕੇ ਯਰੂਸ਼ਲਮ ਵਿਚ ਉਸ ਦੀ ਹੈਕਲ ਦੁਬਾਰਾ ਉਸਾਰ ਸਕਣ। ਇਸ ਤਰ੍ਹਾਂ ਸ਼ੁੱਧ ਉਪਾਸਨਾ ਦੁਬਾਰਾ ਸ਼ੁਰੂ ਕੀਤੀ ਗਈ ਸੀ। ਯਹੋਵਾਹ ਨੇ ਉਨ੍ਹਾਂ ਨੂੰ ਬਰਕਤ ਦਿੱਤੀ। ਬਾਅਦ ਵਿਚ ਇਕ ਹੋਰ ਭਵਿੱਖਬਾਣੀ ਕਰਦੇ ਹੋਏ ਯਸਾਯਾਹ ਨੇ ਦੱਸਿਆ ਕਿ “ਯਹੋਵਾਹ ਤਾਂ ਸੀਯੋਨ ਨੂੰ ਦਿਲਾਸਾ ਦੇਵੇਗਾ, ਉਹ ਦੇ ਸਾਰਿਆਂ ਵਿਰਾਨਿਆਂ ਨੂੰ ਦਿਲਾਸਾ ਦੇਵੇਗਾ, ਉਹ ਉਸ ਦੀ ਉਜਾੜ ਨੂੰ ਅਦਨ ਵਾਂਙੁ, ਅਤੇ ਉਸ ਦਾ ਥਲ ਯਹੋਵਾਹ ਦੇ ਬਾਗ ਵਾਂਙੁ ਬਣਾ ਦੇਵੇਗਾ।” (ਯਸਾਯਾਹ 51:3) ਇਹ ਭਵਿੱਖਬਾਣੀ ਉਦੋਂ ਸੱਚ-ਮੁੱਚ ਪੂਰੀ ਹੋਈ ਸੀ ਜਦੋਂ ਯਹੂਦੀ ਆਪਣੇ ਵਤਨ ਵਾਪਸ ਮੁੜੇ ਸਨ।
21. ਸਾਡੇ ਜ਼ਮਾਨੇ ਵਿਚ ਕਿਹੜੀ ਮੁੜ ਬਹਾਲੀ ਹੋਈ ਸੀ ਅਤੇ ਅਗਾਹਾਂ ਨੂੰ ਕੀ ਹੋਵੇਗਾ?
21 ਸਾਡੇ ਜ਼ਮਾਨੇ ਵਿਚ ਵੀ ਅਜਿਹਾ ਕੁਝ ਹੋਇਆ ਸੀ ਜਦੋਂ ਮਹਾਨ ਖੋਰਸ, ਮਸੀਹ ਯਿਸੂ ਨੇ ਆਪਣੇ ਮਸਹ ਕੀਤੇ ਹੋਏ ਚੇਲਿਆਂ ਨੂੰ ਰੂਹਾਨੀ ਗ਼ੁਲਾਮੀ ਤੋਂ ਛੁਡਾਇਆ ਸੀ ਤਾਂਕਿ ਉਹ ਸ਼ੁੱਧ ਉਪਾਸਨਾ ਦੁਬਾਰਾ ਸ਼ੁਰੂ ਕਰ ਸਕਣ। ਉਨ੍ਹਾਂ ਵਫ਼ਾਦਾਰ ਮਸੀਹੀਆਂ ਨੂੰ ਇਕ ਸ਼ਾਨਦਾਰ ਰੂਹਾਨੀ ਫਿਰਦੌਸ ਦੀ ਬਰਕਤ ਦਿੱਤੀ ਗਈ ਸੀ, ਅਤੇ ਕਿਹਾ ਜਾ ਸਕਦਾ ਹੈ ਕਿ ਇਹ ਅਦਨ ਦੇ ਬਾਗ਼ ਵਾਂਗ ਸੀ। (ਯਸਾਯਾਹ 11:6-9; 35:1-7) ਬਹੁਤ ਜਲਦੀ, ਜਦੋਂ ਪਰਮੇਸ਼ੁਰ ਆਪਣੇ ਵੈਰੀਆਂ ਦਾ ਨਾਸ਼ ਕਰੇਗਾ, ਸਾਰੀ ਧਰਤੀ ਇਕ ਅਸਲੀ ਸੁੰਦਰ ਬਾਗ਼ ਵਰਗੀ ਬਣਾਈ ਜਾਵੇਗੀ। ਯਿਸੂ ਨੇ ਸੂਲੀ ਉੱਤੇ ਟੰਗੇ ਹੋਏ ਦੁਸ਼ਟ ਬੰਦੇ ਨਾਲ ਵੀ ਇਹੀ ਵਾਅਦਾ ਕੀਤਾ ਸੀ।—ਲੂਕਾ 23:43, ਨਿ ਵ.
ਇਸਰਾਏਲ ਦੇ ਵੈਰੀਆਂ ਲਈ ਲਲਕਾਰਾ
22. ਯਹੋਵਾਹ ਨੇ ਕਿਨ੍ਹਾਂ ਸ਼ਬਦਾਂ ਨਾਲ ਕੌਮਾਂ ਨੂੰ ਫਿਰ ਲਲਕਾਰਿਆ ਸੀ?
22 ਯਹੋਵਾਹ ਨੇ ਫਿਰ ਤੋਂ ਕੌਮਾਂ ਅਤੇ ਉਨ੍ਹਾਂ ਦੀਆਂ ਮੂਰਤੀਆਂ ਨੂੰ ਲਲਕਾਰਿਆ: “ਯਹੋਵਾਹ ਆਖਦਾ ਹੈ, ਆਪਣਾ ਦਾਵਾ ਪੇਸ਼ ਕਰੋ, ਯਾਕੂਬ ਦਾ ਪਾਤਸ਼ਾਹ ਆਖਦਾ ਹੈ, ਆਪਣੇ ਪਰਮਾਣ ਲਿਆਓ। ਓਹ ਉਨ੍ਹਾਂ ਨੂੰ ਲਿਆਉਣ ਅਰ ਸਾਨੂੰ ਦੱਸਣ, ਭਈ ਕੀ ਹੋਵੇਗਾ। ਤੁਸੀਂ ਪਹਿਲੀਆਂ ਗੱਲਾਂ ਦੱਸੋ, ਕਿ ਓਹ ਕੀ ਸਨ, ਭਈ ਅਸੀਂ ਧਿਆਨ ਦੇਈਏ, ਅਤੇ ਓਹਨਾਂ ਦੇ ਆਖਰ ਨੂੰ ਜਾਣੀਏ, ਯਾ ਆਉਣ ਵਾਲੀਆਂ ਗੱਲਾਂ ਸੁਣਾਓ। ਤੁਸੀਂ ਸਾਨੂੰ ਅਗਲੀਆਂ ਵਾਰਦਾਤਾਂ ਦੱਸੋ, ਤਾਂ ਅਸੀਂ ਜਾਣਾਂਗੇ ਕਿ ਤੁਸੀਂ ਦਿਓਤੇ ਹੋ, ਹਾਂ, ਭਲਿਆਈ ਕਰੋ ਯਾ ਬੁਰਿਆਈ ਕਰੋ, ਭਈ ਅਸੀਂ ਹੈਰਾਨ ਹੋਈਏ ਅਤੇ ਰਲ ਕੇ ਉਹ ਨੂੰ ਵੇਖੀਏ! ਵੇਖੋ, ਤੁਸੀਂ ਕੁਝ ਵੀ ਨਹੀਂ, ਅਤੇ ਤੁਹਾਡੀ ਕਾਰ ਨਾ ਹੋਇਆਂ ਜਿਹੀ ਹੈ! ਜੋ ਤੈਨੂੰ ਚੁਣਦਾ ਹੈ ਉਹ ਘਿਣਾਉਣਾ ਹੈ।” (ਯਸਾਯਾਹ 41:21-24) ਕੀ ਕੌਮਾਂ ਦੇ ਦੇਵਤੇ ਸਹੀ ਤਰ੍ਹਾਂ ਭਵਿੱਖਬਾਣੀ ਕਰ ਸਕਦੇ ਸਨ ਅਤੇ ਇਸ ਤਰ੍ਹਾਂ ਆਪਣੇ ਗਿਆਨ ਦਾ ਸਬੂਤ ਦੇ ਸਕਦੇ ਸਨ? ਜੇਕਰ ਦੇ ਸਕਦੇ ਸਨ, ਤਾਂ ਉਨ੍ਹਾਂ ਦੇ ਦਾਅਵਿਆਂ ਦੇ ਕੋਈ-ਨ-ਕੋਈ ਨਤੀਜੇ ਜ਼ਰੂਰ ਹੋਣੇ ਚਾਹੀਦੇ ਸਨ, ਚਾਹੇ ਚੰਗੇ ਚਾਹੇ ਮਾੜੇ। ਪਰ ਸੱਚ ਤਾਂ ਇਹ ਸੀ ਕਿ ਮੂਰਤੀਆਂ ਬੇਜਾਨ ਹਨ ਅਤੇ ਕੁਝ ਨਹੀਂ ਕਰ ਸਕਦੀਆਂ।
23. ਯਹੋਵਾਹ ਆਪਣੇ ਨਬੀਆਂ ਰਾਹੀਂ ਮੂਰਤੀਆਂ ਦੀ ਵਾਰ-ਵਾਰ ਨਿੰਦਿਆ ਕਿਉਂ ਕਰਦਾ ਰਹਿੰਦਾ ਸੀ?
23 ਅੱਜ ਕਈ ਲੋਕ ਸ਼ਾਇਦ ਪੁੱਛਣ ਕਿ ਯਸਾਯਾਹ ਅਤੇ ਹੋਰ ਨਬੀਆਂ ਰਾਹੀਂ ਯਹੋਵਾਹ ਮੂਰਤੀ-ਪੂਜਾ ਦੀ ਮੂਰਖਤਾ ਨੂੰ ਹਮੇਸ਼ਾ ਨਿੰਦਦਾ ਕਿਉਂ ਰਹਿੰਦਾ ਸੀ। ਅੱਜ-ਕੱਲ੍ਹ ਕਈ ਲੋਕ ਮਨੁੱਖਾਂ ਦੀਆਂ ਬਣਾਈਆਂ ਹੋਈਆਂ ਮੂਰਤੀਆਂ ਦੀ ਵਿਅਰਥਤਾ ਬਾਰੇ ਜਾਣਦੇ ਹਨ। ਪਰ ਜਦੋਂ ਕੋਈ ਝੂਠੀ ਸਿੱਖਿਆ ਫੈਲ ਜਾਂਦੀ ਹੈ ਅਤੇ ਕਈ ਲੋਕ ਉਸ ਨੂੰ ਮੰਨਣ ਲੱਗ ਪੈਂਦੇ ਹਨ, ਤਾਂ ਉਨ੍ਹਾਂ ਦੇ ਮਨਾਂ ਵਿੱਚੋਂ ਇਹ ਕੱਢਣੀ ਬਹੁਤ ਮੁਸ਼ਕਲ ਹੋ ਜਾਂਦੀ ਹੈ। ਅੱਜ ਲੋਕਾਂ ਦੇ ਕਈ ਵਿਸ਼ਵਾਸ ਉੱਨੇ ਹੀ ਫ਼ਜ਼ੂਲ ਹਨ ਜਿੰਨਾ ਕਿ ਬੇਜਾਨ ਮੂਰਤੀਆਂ ਨੂੰ ਰੱਬ ਮੰਨਣਾ ਫ਼ਜ਼ੂਲ ਹੈ। ਫਿਰ ਵੀ ਲੋਕ ਅਜਿਹੇ ਵਿਸ਼ਵਾਸ ਫੜੀ ਰੱਖਦੇ ਹਨ ਭਾਵੇਂ ਉਨ੍ਹਾਂ ਨੂੰ ਸਮਝਾਇਆ ਜਾਂਦਾ ਹੈ ਕਿ ਇਹ ਗ਼ਲਤ ਹਨ। ਸੱਚਾਈ ਨੂੰ ਵਾਰ-ਵਾਰ ਸੁਣ ਕੇ ਹੀ ਕੁਝ ਲੋਕ ਯਹੋਵਾਹ ਉੱਤੇ ਭਰੋਸਾ ਰੱਖਣ ਦੀ ਬੁੱਧ ਪਛਾਣਦੇ ਹਨ।
24, 25. ਯਹੋਵਾਹ ਨੇ ਖੋਰਸ ਬਾਰੇ ਕੀ ਕਿਹਾ ਸੀ, ਅਤੇ ਇਹ ਸਾਨੂੰ ਹੋਰ ਕਿਸ ਭਵਿੱਖਬਾਣੀ ਦੀ ਯਾਦ ਕਰਾਉਂਦਾ ਹੈ?
24 ਯਹੋਵਾਹ ਨੇ ਫਿਰ ਤੋਂ ਖੋਰਸ ਬਾਰੇ ਗੱਲ ਕੀਤੀ: “ਮੈਂ ਇੱਕ ਨੂੰ ਉੱਤਰ ਵੱਲੋਂ ਉਕਸਾਇਆ ਅਤੇ ਉਹ ਆ ਗਿਆ ਹੈ, ਸੂਰਜ ਦੇ ਚੜ੍ਹਨ ਵੱਲੋਂ ਅਤੇ ਉਹ ਮੇਰਾ ਨਾਮ ਲਵੇਗਾ, ਉਹ ਡਿਪਟੀਆਂ ਉੱਤੇ ਇਉਂ ਆ ਪਵੇਗਾ ਜਿਵੇਂ ਗਾਰੇ ਉੱਤੇ, ਅਤੇ ਜਿਵੇਂ ਘੁਮਿਆਰ ਮਿੱਟੀ ਨੂੰ ਲਿਤੜਦਾ ਹੈ।” (ਯਸਾਯਾਹ 41:25)d ਕੌਮਾਂ ਦੇ ਦੇਵਤਿਆਂ ਤੋਂ ਉਲਟ, ਯਹੋਵਾਹ ਸਾਰਾ ਕੁਝ ਕਰ ਸਕਦਾ ਹੈ। ਜਦੋਂ ਉਹ ਖੋਰਸ ਨੂੰ ਪੂਰਬ, ਯਾਨੀ “ਸੂਰਜ ਦੇ ਚੜ੍ਹਨ ਵੱਲੋਂ” ਲਿਆਇਆ ਸੀ, ਤਾਂ ਉਸ ਨੇ ਦਿਖਾਇਆ ਸੀ ਕਿ ਉਹ ਭਵਿੱਖਬਾਣੀ ਹੀ ਨਹੀਂ ਕਰ ਸਕਦਾ ਪਰ ਉਸ ਨੂੰ ਪੂਰੀ ਵੀ ਕਰ ਸਕਦਾ ਹੈ।
25 ਇਹ ਸ਼ਬਦ ਸਾਨੂੰ ਯੂਹੰਨਾ ਰਸੂਲ ਦੇ ਸ਼ਬਦਾਂ ਦੀ ਯਾਦ ਕਰਾਉਂਦੇ ਹਨ ਜਦੋਂ ਉਸ ਨੇ ਭਵਿੱਖਬਾਣੀ ਕੀਤੀ ਸੀ ਕਿ ਸਾਡੇ ਜ਼ਮਾਨੇ ਵਿਚ ਰਾਜੇ ਕਦਮ ਚੁੱਕਣ ਲਈ ਮਜਬੂਰ ਹੋਣਗੇ। ਪਰਕਾਸ਼ ਦੀ ਪੋਥੀ 16:12 ਵਿਚ ਅਸੀਂ ਪੜ੍ਹਦੇ ਹਾਂ ਕਿ “ਚੜ੍ਹਦੀ ਵੱਲੋਂ ਜਿਹੜੇ ਰਾਜੇ ਆਉਣ ਵਾਲੇ ਹਨ” ਉਨ੍ਹਾਂ ਲਈ ਰਾਹ ਤਿਆਰ ਕੀਤਾ ਜਾਵੇਗਾ। ਇਹ ਰਾਜੇ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਹਨ। ਜਿਸ ਤਰ੍ਹਾਂ ਖੋਰਸ ਨੇ ਬਹੁਤ ਚਿਰ ਪਹਿਲਾਂ ਪਰਮੇਸ਼ੁਰ ਦੇ ਲੋਕਾਂ ਨੂੰ ਰਿਹਾ ਕੀਤਾ ਸੀ, ਇਹ ਰਾਜੇ ਜੋ ਖੋਰਸ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹਨ, ਯਹੋਵਾਹ ਦੇ ਵੈਰੀਆਂ ਦਾ ਨਾਸ਼ ਕਰਨਗੇ ਅਤੇ ਉਸ ਦੇ ਲੋਕਾਂ ਨੂੰ ਵੱਡੀ ਬਿਪਤਾ ਵਿੱਚੋਂ ਲੰਘਾ ਕੇ ਧਾਰਮਿਕਤਾ ਦੇ ਨਵੇਂ ਸੰਸਾਰ ਵਿਚ ਲੈ ਜਾਣਗੇ।—ਜ਼ਬੂਰ 2:8, 9; 2 ਪਤਰਸ 3:13; ਪਰਕਾਸ਼ ਦੀ ਪੋਥੀ 7:14-17.
ਯਹੋਵਾਹ ਸਰਬਸ਼ਕਤੀਮਾਨ ਹੈ!
26. ਯਹੋਵਾਹ ਨੇ ਕਿਹੜਾ ਸਵਾਲ ਪੁੱਛਿਆ ਅਤੇ ਕੀ ਉਸ ਨੂੰ ਇਸ ਦਾ ਕੋਈ ਜਵਾਬ ਮਿਲਿਆ ਸੀ?
26 ਇਕ ਵਾਰ ਫਿਰ ਯਹੋਵਾਹ ਨੇ ਇਹ ਸੱਚਾਈ ਦੱਸੀ ਕਿ ਇਕੱਲਾ ਉਹੀ ਸੱਚਾ ਪਰਮੇਸ਼ੁਰ ਹੈ। ਉਸ ਨੇ ਪੁੱਛਿਆ: “ਕਿਹ ਨੇ ਆਦ ਤੋਂ ਦੱਸਿਆ ਭਈ ਅਸੀਂ ਜਾਣੀਏ, ਅਤੇ ਪਹਿਲਾਂ ਤੋਂ ਭਈ ਅਸੀਂ ਆਖੀਏ, ਸਤ ਬਚਨ? ਕੋਈ ਦੱਸਣ ਵਾਲਾ ਨਹੀਂ, ਕੋਈ ਸੁਣਾਉਣ ਵਾਲਾ ਨਹੀਂ, ਤੁਹਾਡੀਆਂ ਗੱਲਾਂ ਦਾ ਸੁਣਨ ਵਾਲਾ ਕੋਈ ਨਹੀਂ।” (ਯਸਾਯਾਹ 41:26) ਕੋਈ ਵੀ ਮੂਰਤੀ ਉਸ ਉੱਤੇ ਭਰੋਸਾ ਰੱਖਣ ਵਾਲਿਆਂ ਨੂੰ ਇਹ ਨਹੀਂ ਦੱਸ ਸਕੀ ਕਿ ਇਕ ਵਿਜੇਤਾ ਉਨ੍ਹਾਂ ਨੂੰ ਛੁਡਾਉਣ ਲਈ ਆਵੇਗਾ। ਅਜਿਹੇ ਦੇਵਤੇ ਬੇਜਾਨ ਹਨ, ਉਹ ਕੁਝ ਨਹੀਂ ਕਹਿ ਸਕਦੇ। ਅਸਲ ਵਿਚ ਉਹ ਰੱਬ ਨਹੀਂ ਹਨ।
27, 28. ਯਸਾਯਾਹ ਦੇ 41ਵੇਂ ਅਧਿਆਇ ਦੀਆਂ ਆਖ਼ਰੀ ਆਇਤਾਂ ਵਿਚ ਕਿਹੜੀ ਪੱਕੀ ਸੱਚਾਈ ਉੱਤੇ ਜ਼ੋਰ ਦਿੱਤਾ ਗਿਆ ਹੈ, ਅਤੇ ਸਿਰਫ਼ ਕੌਣ ਇਸ ਦੀ ਗਵਾਹੀ ਦਿੰਦੇ ਹਨ?
27 ਯਹੋਵਾਹ ਦੀਆਂ ਇਹ ਭਵਿੱਖਬਾਣੀਆਂ ਦੱਸਣ ਤੋਂ ਬਾਅਦ ਯਸਾਯਾਹ ਨੇ ਇਸ ਪੱਕੀ ਸੱਚਾਈ ਉੱਤੇ ਜ਼ੋਰ ਦਿੱਤਾ: “ਪਹਿਲਾਂ ਸੀਯੋਨ ਲਈ,—ਵੇਖ, ਓਹਨਾਂ ਨੂੰ ਵੇਖ! ਅਤੇ ਯਰੂਸ਼ਲਮ ਲਈ ਮੈਂ ਇੱਕ ਖੁਸ਼ ਖਬਰੀ ਦੇਣ ਵਾਲਾ ਬਖਸ਼ਾਂਗਾ। ਜਦ ਮੈਂ ਵੇਖਦਾ ਹਾਂ ਤਾਂ ਕੋਈ ਨਹੀਂ ਹੈ, ਅਤੇ ਏਹਨਾਂ ਦੇ ਵਿੱਚ ਕੋਈ ਸਲਾਹੀ ਨਹੀਂ, ਕਿ ਜਦ ਮੈਂ ਓਹਨਾਂ ਤੋਂ ਪੁੱਛਾਂ ਤਾਂ ਓਹ ਅੱਗੋਂ ਮੈਨੂੰ ਜਵਾਬ ਦੇਣ। ਵੇਖੋ, ਓਹ ਸਭ ਦੇ ਸਭ ਵਿਅਰਥ ਹਨ, ਓਹਨਾਂ ਦੇ ਕੰਮ ਕੁਝ ਵੀ ਨਹੀਂ ਹਨ, ਓਹਨਾਂ ਦੀਆਂ ਢਾਲੀਆਂ ਹੋਈਆਂ ਮੂਰਤਾਂ ਹਵਾ ਤੇ ਫੋਕਟ ਹੀ ਹਨ!”—ਯਸਾਯਾਹ 41:27-29.
28 ਯਹੋਵਾਹ ਸਰਬਸ਼ਕਤੀਮਾਨ ਹੈ! ਉਹ ਹੀ ਸੱਚਾ ਪਰਮੇਸ਼ੁਰ ਹੈ ਜਿਸ ਨੇ ਆਪਣੇ ਲੋਕਾਂ ਦੇ ਛੁਟਕਾਰੇ ਬਾਰੇ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਾਈ। ਅਤੇ ਸਿਰਫ਼ ਉਸ ਦੇ ਹੀ ਗਵਾਹ ਕੌਮਾਂ ਨੂੰ ਉਸ ਦੀ ਮਹਾਨਤਾ ਬਾਰੇ ਦੱਸਦੇ ਹਨ। ਯਹੋਵਾਹ ਨੇ ਉਨ੍ਹਾਂ ਨੂੰ ਘਿਰਣਾ ਨਾਲ ਨਿੰਦਿਆ ਜਿਨ੍ਹਾਂ ਨੇ ਮੂਰਤੀਆਂ ਉੱਤੇ ਭਰੋਸਾ ਰੱਖਿਆ ਅਤੇ ਉਸ ਨੇ ਉਨ੍ਹਾਂ ਦੀਆਂ ਮੂਰਤੀਆਂ ਨੂੰ “ਹਵਾ ਤੇ ਫੋਕਟ” ਸੱਦਿਆ। ਸੱਚੇ ਪਰਮੇਸ਼ੁਰ ਦੀ ਸੇਵਾ ਕਰਨ ਦਾ ਇਹ ਕਿੰਨਾ ਚੰਗਾ ਕਾਰਨ ਹੈ! ਇਕੱਲਾ ਯਹੋਵਾਹ ਹੀ ਸਾਡੇ ਭਰੋਸੇ ਦੇ ਯੋਗ ਹੈ।
[ਫੁਟਨੋਟ]
c ਸੰਨ 1914 ਤੋਂ ਮਹਾਨ ਖੋਰਸ ਯਿਸੂ ਮਸੀਹ ਪਰਮੇਸ਼ੁਰ ਦੇ ਸਵਰਗੀ ਰਾਜ ਵਿਚ ਰਾਜ ਕਰਦਾ ਆਇਆ ਹੈ। ਸੰਨ 1919 ਵਿਚ ਉਸ ਨੇ “ਪਰਮੇਸ਼ੁਰ ਦੇ ਇਸਰਾਏਲ” ਨੂੰ ਰੂਹਾਨੀ ਗ਼ੁਲਾਮੀ ਤੋਂ ਰਿਹਾ ਕੀਤਾ ਸੀ।—ਗਲਾਤੀਆਂ 6:16.
d ਭਾਵੇਂ ਕਿ ਖੋਰਸ ਦਾ ਦੇਸ਼ ਬਾਬਲ ਤੋਂ ਪੂਰਬ ਵੱਲ ਸੀ, ਜਦੋਂ ਉਸ ਨੇ ਬਾਬਲ ਸ਼ਹਿਰ ਉੱਤੇ ਆਪਣਾ ਆਖ਼ਰੀ ਹਮਲਾ ਕੀਤਾ ਸੀ, ਤਾਂ ਉਹ ਏਸ਼ੀਆ ਮਾਈਨਰ ਤੋਂ ਉੱਤਰ ਵੱਲੋਂ ਆਇਆ ਸੀ।
[ਸਫ਼ਾ 19 ਉੱਤੇ ਤਸਵੀਰ]
ਖੋਰਸ ਗ਼ੈਰ-ਯਹੂਦੀ ਹੋਣ ਦੇ ਬਾਵਜੂਦ ਪਰਮੇਸ਼ੁਰ ਦਾ ਕੰਮ ਕਰਨ ਲਈ ਚੁਣਿਆ ਗਿਆ ਸੀ
[ਸਫ਼ਾ 21 ਉੱਤੇ ਤਸਵੀਰ]
ਕੌਮਾਂ ਨੇ ਬੇਜਾਨ ਮੂਰਤੀਆਂ ਉੱਤੇ ਭਰੋਸਾ ਰੱਖਿਆ ਸੀ
[ਸਫ਼ਾ 27 ਉੱਤੇ ਤਸਵੀਰਾਂ]
ਇਸਰਾਏਲ ਇਕ “ਗਾਹ ਪਾਉਣ ਵਾਲੇ ਫਲ੍ਹੇ” ਵਾਂਗ ਸੀ ਜਿਸ ਨੇ ‘ਪਹਾੜਾਂ ਨੂੰ ਗਾਇਆ’