ਝੂਠੇ ਈਸ਼ਵਰਾਂ ਦੇ ਵਿਰੁੱਧ ਗਵਾਹ
“ਤੁਸੀਂ ਮੇਰੇ ਗਵਾਹ ਹੋ, ਯਹੋਵਾਹ ਦਾ ਵਾਕ ਹੈ, ਨਾਲੇ ਮੇਰਾ ਦਾਸ ਜਿਹ ਨੂੰ ਮੈਂ ਚੁਣਿਆ।”—ਯਸਾਯਾਹ 43:10.
1. ਸੱਚਾ ਪਰਮੇਸ਼ੁਰ ਕੌਣ ਹੈ, ਅਤੇ ਕਿਨ੍ਹਾਂ ਲਿਹਾਜ਼ਾਂ ਵਿਚ ਉਹ ਉਨ੍ਹਾਂ ਅੱਜ ਦੇ ਉਪਾਸਨਾ ਕੀਤੇ ਜਾਂਦੇ ਬਹੁਸੰਖਿਆ ਈਸ਼ਵਰਾਂ ਨਾਲੋਂ ਉੱਚਤਮ ਹੈ?
ਸੱਚਾ ਪਰਮੇਸ਼ੁਰ ਕੌਣ ਹੈ? ਅੱਜ, ਸਾਰੀ ਮਨੁੱਖਜਾਤੀ ਇਸ ਸਭ ਤੋਂ ਮਹੱਤਵਪੂਰਣ ਸਵਾਲ ਦਾ ਸਾਮ੍ਹਣਾ ਕਰਦੀ ਹੈ। ਭਾਵੇਂ ਕਿ ਮਨੁੱਖ ਕਿੰਨੇ ਹੀ ਈਸ਼ਵਰਾਂ ਦੀ ਉਪਾਸਨਾ ਕਰਦੇ ਹਨ, ਕੇਵਲ ਇਕ ਪਰਮੇਸ਼ੁਰ ਹੀ ਸਾਨੂੰ ਜੀਵਨ ਅਤੇ ਇਕ ਸੁਖੀ ਭਵਿੱਖ ਪੇਸ਼ ਕਰ ਸਕਦਾ ਹੈ। ਕੇਵਲ ਇਕ ਹੀ ਦੇ ਬਾਰੇ ਇਹ ਕਿਹਾ ਜਾ ਸਕਦਾ ਹੈ: “ਓਸੇ ਵਿੱਚ ਅਸੀਂ ਜੀਉਂਦੇ ਅਰ ਤੁਰਦੇ ਫਿਰਦੇ ਅਤੇ ਮਜੂਦ ਹਾਂ।” (ਰਸੂਲਾਂ ਦੇ ਕਰਤੱਬ 17:28) ਸੱਚ-ਮੁੱਚ, ਕੇਵਲ ਇਕ ਪਰਮੇਸ਼ੁਰ ਕੋਲ ਹੀ ਉਪਾਸਨਾ ਹਾਸਲ ਕਰਨ ਦਾ ਹੱਕ ਹੈ। ਜਿਵੇਂ ਕਿ ਪਰਕਾਸ਼ ਦੀ ਪੋਥੀ ਵਿਚ ਸਵਰਗੀ ਸਹਿਗਾਨ ਕਹਿੰਦਾ ਹੈ: “ਹੇ ਸਾਡੇ ਪ੍ਰਭੁ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਜੋਗ ਹੈਂ, ਤੈਂ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਓਹ ਤੇਰੀ ਹੀ ਇੱਛਿਆ ਨਾਲ ਹੋਈਆਂ ਅਤੇ ਰਚੀਆਂ ਗਈਆਂ!”—ਪਰਕਾਸ਼ ਦੀ ਪੋਥੀ 4:11.
2, 3. (ੳ) ਸ਼ਤਾਨ ਨੇ ਕਿਸ ਤਰ੍ਹਾਂ ਝੂਠ ਬੋਲਦੇ ਹੋਏ ਉਪਾਸਨਾ ਹਾਸਲ ਕਰਨ ਦੇ ਯਹੋਵਾਹ ਦੇ ਹੱਕ ਨੂੰ ਚੁਣੌਤੀ ਦਿੱਤੀ ਸੀ? (ਅ) ਹੱਵਾਹ ਦੇ ਪਾਪ ਦਾ ਹੱਵਾਹ ਅਤੇ ਉਸ ਦੇ ਬੱਚਿਆਂ ਲਈ ਕੀ ਨਤੀਜਾ ਹੋਇਆ ਅਤੇ ਸ਼ਤਾਨ ਲਈ ਕੀ ਨਤੀਜਾ ਸੀ?
2 ਅਦਨ ਦੇ ਬਾਗ਼ ਵਿਚ, ਸ਼ਤਾਨ ਨੇ ਉਪਾਸਨਾ ਹਾਸਲ ਕਰਨ ਦੇ ਯਹੋਵਾਹ ਦੇ ਹੱਕ ਨੂੰ ਝੂਠ ਬੋਲਦੇ ਹੋਏ ਚੁਣੌਤੀ ਦਿੱਤੀ ਸੀ। ਇਕ ਸੱਪ ਨੂੰ ਇਸਤੇਮਾਲ ਕਰਦੇ ਹੋਏ, ਉਸ ਨੇ ਹੱਵਾਹ ਨੂੰ ਕਿਹਾ ਕਿ ਜੇਕਰ ਉਹ ਯਹੋਵਾਹ ਦੇ ਨਿਯਮ ਦੇ ਵਿਰੁੱਧ ਵਿਦਰੋਹ ਕਰੇਗੀ ਅਤੇ ਉਸ ਦਰਖ਼ਤ ਤੋਂ ਖਾਏਗੀ ਜਿਸ ਨੂੰ ਯਹੋਵਾਹ ਨੇ ਮਨ੍ਹਾ ਕੀਤਾ ਸੀ ਤਾਂ ਉਹ ਖ਼ੁਦ ਪਰਮੇਸ਼ੁਰ ਵਰਗੀ ਹੋ ਜਾਵੇਗੀ। ਉਸ ਦੇ ਸ਼ਬਦ ਸਨ: “ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਓਗੇ।” (ਉਤਪਤ 3:5) ਹੱਵਾਹ ਨੇ ਸੱਪ ਦਾ ਯਕੀਨ ਕੀਤਾ ਅਤੇ ਵਰਜਿਤ ਫਲ ਖਾ ਲਿਆ।
3 ਨਿਰਸੰਦੇਹ, ਸ਼ਤਾਨ ਨੇ ਝੂਠ ਬੋਲਿਆ ਸੀ। (ਯੂਹੰਨਾ 8:44) ਜਦੋਂ ਹੱਵਾਹ ਨੇ ਪਾਪ ਕੀਤਾ ਤਾਂ ਉਹ ਕੇਵਲ ਇਕ ਹੀ ਤਰੀਕੇ ਨਾਲ “ਪਰਮੇਸ਼ੁਰ ਵਾਂਙੁ” ਬਣੀ ਕਿ ਉਸ ਨੇ ਕੀ ਸਹੀ ਸੀ ਅਤੇ ਕੀ ਗ਼ਲਤ ਸੀ, ਦਾ ਨਿਰਣਾ ਕਰਨ ਦੀ ਜ਼ਿੰਮੇਵਾਰੀ ਆਪਣੇ ਉੱਪਰ ਲੈ ਲਈ, ਜਿਹੜੀ ਕਿ ਯਹੋਵਾਹ ਉੱਪਰ ਛੱਡ ਦੇਣੀ ਚਾਹੀਦੀ ਸੀ। ਅਤੇ ਸ਼ਤਾਨ ਦੇ ਝੂਠ ਦੇ ਬਾਵਜੂਦ, ਆਖ਼ਰਕਾਰ ਉਹ ਮਰ ਗਈ। ਇਸ ਤਰ੍ਹਾਂ ਕੇਵਲ ਸ਼ਤਾਨ ਹੀ ਹੱਵਾਹ ਦੇ ਪਾਪ ਦਾ ਅਸਲ ਲਾਭ-ਗ੍ਰਾਹੀ ਸੀ। ਸੱਚ-ਮੁੱਚ, ਹੱਵਾਹ ਨੂੰ ਪਾਪ ਕਰਨ ਲਈ ਪ੍ਰੇਰਿਤ ਕਰਨ ਵਿਚ, ਸ਼ਤਾਨ ਦਾ ਅਣਬਿਆਨਿਆ ਟੀਚਾ ਖ਼ੁਦ ਇਕ ਈਸ਼ਵਰ ਬਣਨਾ ਸੀ। ਜਦੋਂ ਹੱਵਾਹ ਨੇ ਪਾਪ ਕੀਤਾ ਤਾਂ ਉਹ ਉਸ ਦੀ ਪਹਿਲੀ ਅਨੁਯਾਈ ਬਣੀ, ਅਤੇ ਜਲਦੀ ਹੀ ਆਦਮ ਉਸ ਨਾਲ ਮਿਲ ਗਿਆ। ਉਨ੍ਹਾਂ ਦੇ ਜ਼ਿਆਦਾਤਰ ਬੱਚੇ ਕੇਵਲ “ਪਾਪ ਵਿੱਚ” ਹੀ ਨਹੀਂ ਪੈਦਾ ਹੋਏ ਪਰੰਤੂ ਸ਼ਤਾਨ ਦੇ ਪ੍ਰਭਾਵ ਹੇਠਾਂ ਵੀ ਆ ਗਏ, ਅਤੇ ਥੋੜ੍ਹੇ ਸਮੇਂ ਵਿਚ ਹੀ ਇਕ ਸਾਰਾ ਸੰਸਾਰ ਜੋ ਸੱਚੇ ਪਰਮੇਸ਼ੁਰ ਤੋਂ ਜੁਦਾ ਸੀ, ਹੋਂਦ ਵਿਚ ਆ ਗਿਆ।—ਉਤਪਤ 6:5; ਜ਼ਬੂਰ 51:5.
4. (ੳ) ਇਸ ਜਗਤ ਦਾ ਈਸ਼ਵਰ ਕੌਣ ਹੈ? (ਅ) ਕਿਹੜੀ ਗੱਲ ਦੀ ਹੁਣ ਸਖ਼ਤ ਲੋੜ ਹੈ?
4 ਉਹ ਸੰਸਾਰ ਜਲ-ਪਰਲੋ ਵਿਚ ਨਾਸ਼ ਹੋ ਗਿਆ। (2 ਪਤਰਸ 3:6) ਜਲ-ਪਰਲੋ ਤੋਂ ਬਾਅਦ ਯਹੋਵਾਹ ਤੋਂ ਜੁਦਾ ਇਕ ਦੂਜਾ ਸੰਸਾਰ ਵਿਕਸਿਤ ਹੋਇਆ, ਅਤੇ ਇਹ ਅੱਜ ਤਕ ਹੋਂਦ ਵਿਚ ਹੈ। ਇਸ ਦੇ ਬਾਰੇ ਬਾਈਬਲ ਕਹਿੰਦੀ ਹੈ: “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਯਹੋਵਾਹ ਦੇ ਨਿਯਮ ਦੇ ਅਸਲ ਅਰਥ ਅਤੇ ਹੂਬਹੂ ਸ਼ਬਦ ਦੇ ਵਿਰੁੱਧ ਕੰਮ ਕਰਨ ਦੇ ਦੁਆਰਾ ਇਹ ਸੰਸਾਰ ਸ਼ਤਾਨ ਦਿਆਂ ਟੀਚਿਆਂ ਨੂੰ ਪੂਰਾ ਕਰਦਾ ਹੈ। ਉਹ ਇਸ ਦਾ ਈਸ਼ਵਰ ਹੈ। (2 ਕੁਰਿੰਥੀਆਂ 4:4) ਫਿਰ ਵੀ, ਬੁਨਿਆਦੀ ਤੌਰ ਤੇ ਉਹ ਇਕ ਕਮਜ਼ੋਰ ਈਸ਼ਵਰ ਹੈ। ਉਹ ਲੋਕਾਂ ਨੂੰ ਖ਼ੁਸ਼ੀ ਜਾਂ ਜੀਵਨ ਨਹੀਂ ਦੇ ਸਕਦਾ ਹੈ; ਕੇਵਲ ਯਹੋਵਾਹ ਹੀ ਇਹ ਕਰ ਸਕਦਾ ਹੈ। ਇਸ ਲਈ, ਲੋਕੀ ਜੋ ਇਕ ਉਦੇਸ਼ਪੂਰਣ ਜੀਵਨ ਅਤੇ ਇਕ ਬਿਹਤਰ ਸੰਸਾਰ ਚਾਹੁੰਦੇ ਹਨ, ਉਨ੍ਹਾਂ ਨੂੰ ਪਹਿਲਾਂ ਸਿੱਖਣਾ ਚਾਹੀਦਾ ਹੈ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ ਅਤੇ ਫਿਰ ਉਸ ਦੀ ਮਰਜ਼ੀ ਪੂਰੀ ਕਰਨੀ ਸਿੱਖਣੀ ਚਾਹੀਦੀ ਹੈ। (ਜ਼ਬੂਰ 37:18, 27, 28; ਉਪਦੇਸ਼ਕ ਦੀ ਪੋਥੀ 12:13) ਇਸ ਤਰ੍ਹਾਂ, ਹੁਣ ਸਖ਼ਤ ਲੋੜ ਹੈ ਕਿ ਨਿਹਚਾ ਵਾਲੇ ਆਦਮੀ ਅਤੇ ਔਰਤਾਂ, ਯਹੋਵਾਹ ਦੇ ਬਾਰੇ ਸੱਚਾਈ ਦੀ ਗਵਾਹੀ ਦੇਣ ਜਾਂ ਇਸ ਦਾ ਐਲਾਨ ਕਰਨ।
5. ਪੌਲੁਸ ਨੇ ਕਿਹੜੇ ‘ਗਵਾਹਾਂ ਦੇ ਬੱਦਲ’ ਦਾ ਜ਼ਿਕਰ ਕੀਤਾ? ਕੁਝ ਲੋਕਾਂ ਦੇ ਨਾਂ ਦਿਓ ਜਿਨ੍ਹਾਂ ਨੂੰ ਉਹ ਸੂਚੀਬੱਧ ਕਰਦਾ ਹੈ।
5 ਸ਼ੁਰੂ ਤੋਂ ਹੀ, ਅਜਿਹੇ ਵਫ਼ਾਦਾਰ ਵਿਅਕਤੀ ਸੰਸਾਰ ਵਿਚ ਮੌਜੂਦ ਰਹੇ ਹਨ। ਇਬਰਾਨੀਆਂ ਅਧਿਆਇ 11 ਵਿਚ, ਰਸੂਲ ਪੌਲੁਸ ਉਨ੍ਹਾਂ ਦੀ ਇਕ ਲੰਬੀ ਸੂਚੀ ਦਿੰਦਾ ਹੈ ਅਤੇ ਉਨ੍ਹਾਂ ਨੂੰ ‘ਗਵਾਹਾਂ ਦਾ ਐਨਾ ਵੱਡਾ ਬੱਦਲ’ ਸੱਦਦਾ ਹੈ। (ਇਬਰਾਨੀਆਂ 12:1) ਆਦਮ ਅਤੇ ਹੱਵਾਹ ਦਾ ਦੂਜਾ ਪੁੱਤਰ, ਹਾਬਲ, ਪੌਲੁਸ ਦੀ ਸੂਚੀ ਵਿਚ ਪਹਿਲਾ ਸੀ। ਹਨੋਕ ਅਤੇ ਨੂਹ ਵੀ ਜਲ-ਪਰਲੋ ਤੋਂ ਪਹਿਲਾਂ ਦੇ ਸਮੇਂ ਤੋਂ ਜ਼ਿਕਰ ਕੀਤੇ ਗਏ ਹਨ। (ਇਬਰਾਨੀਆਂ 11:4, 5, 7) ਅਬਰਾਹਾਮ, ਯਹੂਦੀ ਨਸਲ ਦਾ ਪੂਰਵਜ, ਉੱਘੜਵਾਂ ਹੈ। ਅਬਰਾਹਾਮ ਜੋ “ਪਰਮੇਸ਼ੁਰ ਦਾ ਮਿੱਤਰ” ਅਖਵਾਇਆ, ਯਿਸੂ ਦਾ ਪੂਰਵਜ ਬਣਿਆ, “ਜਿਹੜਾ ਵਫ਼ਾਦਾਰ ਅਤੇ ਸੱਚਾ ਗਵਾਹ ਹੈ।”—ਯਾਕੂਬ 2:23; ਪਰਕਾਸ਼ ਦੀ ਪੋਥੀ 3:14.
ਸੱਚਾਈ ਲਈ ਅਬਰਾਹਾਮ ਦੀ ਗਵਾਹੀ
6, 7. ਕਿਹੜਿਆਂ ਤਰੀਕਿਆਂ ਤੋਂ ਅਬਰਾਹਾਮ ਦਾ ਜੀਵਨ ਅਤੇ ਕੰਮ ਇਕ ਗਵਾਹੀ ਸਨ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ?
6 ਅਬਰਾਹਾਮ ਨੇ ਕਿਸ ਤਰ੍ਹਾਂ ਇਕ ਗਵਾਹ ਦੇ ਤੌਰ ਤੇ ਕੰਮ ਕੀਤਾ? ਯਹੋਵਾਹ ਵਿਚ ਆਪਣੀ ਮਜ਼ਬੂਤ ਨਿਹਚਾ ਅਤੇ ਉਸ ਦੇ ਪ੍ਰਤੀ ਨਿਸ਼ਠਾਵਾਨ ਆਗਿਆਕਾਰਤਾ ਦੇ ਦੁਆਰਾ। ਜਦੋਂ ਉਹ ਊਰ ਦੇ ਸ਼ਹਿਰ ਨੂੰ ਛੱਡਣ ਅਤੇ ਆਪਣਾ ਬਾਕੀ ਦਾ ਜੀਵਨ ਇਕ ਦੂਰ ਦੇਸ਼ ਵਿਚ ਬਿਤਾਉਣ ਲਈ ਸੱਦਿਆ ਗਿਆ ਸੀ ਤਾਂ ਅਬਰਾਹਾਮ ਨੇ ਆਗਿਆਪਾਲਣਾ ਕੀਤੀ। (ਉਤਪਤ 15:7; ਰਸੂਲਾਂ ਦੇ ਕਰਤੱਬ 7:2-4) ਖਾਨਾਬਦੋਸ਼ ਕਬਾਇਲੀ ਲੋਕ ਸ਼ਹਿਰ ਦੇ ਜ਼ਿਆਦਾ ਸੁਰੱਖਿਅਤ ਜੀਵਨ ਲਈ ਅਕਸਰ ਆਪਣੇ ਸਫਰੀ ਜੀਵਨ ਨੂੰ ਛੱਡ ਦਿੰਦੇ ਹਨ। ਇਸ ਤਰ੍ਹਾਂ, ਜਦੋਂ ਅਬਰਾਹਾਮ ਨੇ ਤੰਬੂਆਂ ਵਿਚ ਜੀਵਨ ਬਿਤਾਉਣ ਲਈ ਸ਼ਹਿਰ ਛੱਡਿਆ ਤਾਂ ਉਸ ਨੇ ਯਹੋਵਾਹ ਪਰਮੇਸ਼ੁਰ ਵਿਚ ਆਪਣੇ ਭਰੋਸੇ ਦਾ ਇਕ ਠੋਸ ਸਬੂਤ ਦਿੱਤਾ। ਦੇਖਣ ਵਾਲਿਆਂ ਲਈ ਉਸ ਦੀ ਆਗਿਆਕਾਰਤਾ ਇਕ ਗਵਾਹੀ ਸੀ। ਯਹੋਵਾਹ ਨੇ ਅਬਰਾਹਾਮ ਨੂੰ ਉਸ ਦੀ ਨਿਹਚਾ ਲਈ ਭਰਪੂਰ ਬਰਕਤਾਂ ਦਿੱਤੀਆਂ। ਭਾਵੇਂ ਕਿ ਤੰਬੂਆਂ ਵਿਚ ਰਹਿੰਦੇ ਹੋਏ, ਅਬਰਾਹਾਮ ਭੌਤਿਕ ਤੌਰ ਤੇ ਖ਼ੁਸ਼ਹਾਲ ਹੁੰਦਾ ਗਿਆ। ਜਦੋਂ ਲੂਤ ਅਤੇ ਉਸ ਦੇ ਪਰਿਵਾਰ ਨੂੰ ਬੰਦੀ ਬਣਾਇਆ ਗਿਆ ਤਾਂ ਯਹੋਵਾਹ ਨੇ ਅਬਰਾਹਾਮ ਨੂੰ ਉਸ ਦੀ ਤਲਾਸ਼ ਵਿਚ ਸਫਲਤਾ ਦਿੱਤੀ, ਅਤੇ ਇਸ ਤਰ੍ਹਾਂ ਉਹ ਉਨ੍ਹਾਂ ਨੂੰ ਬਚਾਉਣ ਦੇ ਯੋਗ ਹੋਇਆ। ਅਬਰਾਹਾਮ ਦੀ ਪਤਨੀ ਨੇ ਆਪਣੇ ਬੁਢਾਪੇ ਵਿਚ ਇਕ ਪੁੱਤਰ ਨੂੰ ਜਨਮ ਦਿੱਤਾ, ਅਤੇ ਇਸ ਤਰ੍ਹਾਂ ਯਹੋਵਾਹ ਦਾ ਵਾਅਦਾ ਕਿ ਅਬਰਾਹਾਮ ਇਕ ਅੰਸ਼ ਦਾ ਪਿਤਾ ਹੋਵੇਗਾ, ਦ੍ਰਿੜ੍ਹ ਕੀਤਾ ਗਿਆ। ਅਬਰਾਹਾਮ ਦੇ ਜ਼ਰੀਏ, ਲੋਕਾਂ ਨੇ ਦੇਖਿਆ ਕਿ ਯਹੋਵਾਹ ਇਕ ਜੀਉਂਦਾ ਪਰਮੇਸ਼ੁਰ ਹੈ ਜਿਹੜਾ ਆਪਣਿਆਂ ਵਾਅਦਿਆਂ ਨੂੰ ਪੂਰਾ ਕਰਦਾ ਹੈ।—ਉਤਪਤ 12:1-3; 14:14-16; 21:1-7.
7 ਲੂਤ ਨੂੰ ਬਚਾਉਣ ਤੋਂ ਮੁੜਦੇ ਸਮੇਂ, ਅਬਰਾਹਾਮ ਨੂੰ ਸ਼ਾਲੇਮ (ਬਾਅਦ ਵਿਚ ਯਰੂਸ਼ਲਮ ਅਖਵਾਇਆ) ਦਾ ਰਾਜਾ, ਮਲਕਿ-ਸਿਦਕ ਮਿਲਿਆ, ਜਿਸ ਨੇ ਅਬਰਾਹਾਮ ਨੂੰ ‘ਅੱਤ ਮਹਾਂ ਪਰਮੇਸ਼ੁਰ ਦਾ ਅਬਰਾਮ ਮੁਬਾਰਕ ਹੋਵੇ’ ਕਹਿ ਕੇ ਉਸ ਦਾ ਸਵਾਗਤ ਕੀਤਾ। ਸਦੂਮ ਦਾ ਰਾਜਾ ਵੀ ਉਸ ਨੂੰ ਮਿਲਿਆ ਸੀ ਅਤੇ ਉਸ ਨੂੰ ਤੋਹਫ਼ੇ ਦੇਣਾ ਚਾਹੁੰਦਾ ਸੀ। ਅਬਰਾਹਾਮ ਨੇ ਇਨਕਾਰ ਕਰ ਦਿੱਤਾ। ਕਿਉਂ? ਉਹ ਆਪਣੀਆਂ ਬਰਕਤਾਂ ਦੇ ਸ੍ਰੋਤ ਦੇ ਬਾਰੇ ਕਿਸੇ ਤਰ੍ਹਾਂ ਦਾ ਕੋਈ ਸੰਦੇਹ ਨਹੀਂ ਹੋਣ ਦੇਣਾ ਚਾਹੁੰਦਾ ਸੀ। ਉਸ ਨੇ ਕਿਹਾ: “ਮੈਂ ਯਹੋਵਾਹ ਅੱਤ ਮਹਾਂ ਪਰਮੇਸ਼ੁਰ ਅਕਾਸ਼ ਅਰ ਧਰਤੀ ਦੇ ਮਾਲਕ ਦੇ ਅੱਗੇ ਪਰਨ ਕੀਤਾ ਹੈ ਕਿ ਮੈਂ ਧਾਗੇ ਤੋਂ ਲੈਕੇ ਜੁੱਤੀ ਦੇ ਸੱਲੂ ਤੀਕ ਤੇਰੇ ਸਾਰੇ ਮਾਲ ਵਿੱਚੋਂ ਕੁਝ ਨਹੀਂ ਲਵਾਂਗਾ ਅਜਿਹਾ ਨਾ ਹੋਵੇ ਕਿ ਤੂੰ ਆਖੇਂ ਕਿ ਮੈਂ ਹੀ ਅਬਰਾਮ ਨੂੰ ਧਨੀ ਬਣਾ ਦਿੱਤਾ ਹੈ।” (ਉਤਪਤ 14:17-24) ਅਬਰਾਹਾਮ ਕਿੰਨਾ ਵਧੀਆ ਗਵਾਹ ਸੀ!
ਗਵਾਹਾਂ ਦੀ ਇਕ ਕੌਮ
8. ਮੂਸਾ ਨੇ ਕਿਸ ਤਰ੍ਹਾਂ ਯਹੋਵਾਹ ਉੱਤੇ ਵੱਡੀ ਨਿਹਚਾ ਦਿਖਾਈ?
8 ਮੂਸਾ, ਅਬਰਾਹਾਮ ਦੀ ਇਕ ਸੰਤਾਨ, ਵੀ ਪੌਲੁਸ ਦੀ ਗਵਾਹਾਂ ਦੀ ਸੂਚੀ ਵਿਚ ਜ਼ਿਕਰ ਕੀਤਾ ਜਾਂਦਾ ਹੈ। ਮੂਸਾ ਨੇ ਮਿਸਰ ਦੀ ਸੰਪਤੀ ਤੋਂ ਆਪਣਾ ਮੂੰਹ ਫੇਰ ਲਿਆ ਅਤੇ ਬਾਅਦ ਵਿਚ ਇਸਰਾਏਲ ਦੀਆਂ ਸੰਤਾਨਾਂ ਨੂੰ ਆਜ਼ਾਦੀ ਦੁਆਉਣ ਲਈ ਅਗਵਾਈ ਕਰਨ ਵਿਚ ਉਸ ਨੇ ਉਸ ਮਹਾਨ ਵਿਸ਼ਵ ਸ਼ਕਤੀ ਦੇ ਸ਼ਾਸਕ ਦਾ ਦਲੇਰੀ ਨਾਲ ਸਾਮ੍ਹਣਾ ਕੀਤਾ। ਉਸ ਨੇ ਹੌਸਲਾ ਕਿੱਥੋਂ ਪ੍ਰਾਪਤ ਕੀਤਾ? ਆਪਣੀ ਨਿਹਚਾ ਤੋਂ। ਪੌਲੁਸ ਕਹਿੰਦਾ ਹੈ: “[ਮੂਸਾ] ਅਲੱਖ ਨੂੰ ਜਾਣੀਦਾ ਲੱਖ ਕੇ ਤਕੜਾ ਰਿਹਾ।” (ਇਬਰਾਨੀਆਂ 11:27) ਮਿਸਰ ਦੇ ਈਸ਼ਵਰ ਦਿਖਾਈ ਦੇਣ ਵਾਲੇ, ਛੋਹੇ ਜਾਣ ਵਾਲੇ ਸਨ। ਅੱਜ ਵੀ, ਉਨ੍ਹਾਂ ਦੇ ਬੁੱਤ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ। ਪਰੰਤੂ ਯਹੋਵਾਹ ਭਾਵੇਂ ਕਿ ਅਦ੍ਰਿਸ਼ਟ ਹੈ, ਮੂਸਾ ਲਈ ਉਨ੍ਹਾਂ ਸਾਰੇ ਝੂਠੇ ਈਸ਼ਵਰਾਂ ਨਾਲੋਂ ਕਿਤੇ ਹੀ ਜ਼ਿਆਦਾ ਅਸਲੀ ਸੀ। ਮੂਸਾ ਨੂੰ ਕੋਈ ਸ਼ੱਕ ਨਹੀਂ ਸੀ ਕਿ ਯਹੋਵਾਹ ਹੋਂਦ ਵਿਚ ਸੀ ਅਤੇ ਕਿ ਉਹ ਆਪਣਿਆਂ ਉਪਾਸਕਾਂ ਨੂੰ ਫਲ ਦੇਵੇਗਾ। (ਇਬਰਾਨੀਆਂ 11:6) ਮੂਸਾ ਇਕ ਉੱਘੜਵਾਂ ਗਵਾਹ ਬਣਿਆ।
9. ਇਸਰਾਏਲ ਕੌਮ ਨੇ ਕਿਸ ਹੈਸੀਅਤ ਵਿਚ ਯਹੋਵਾਹ ਦੀ ਸੇਵਾ ਕਰਨੀ ਸੀ?
9 ਇਸਰਾਏਲੀਆਂ ਨੂੰ ਆਜ਼ਾਦੀ ਦਿਲਾਉਣ ਮਗਰੋਂ, ਮੂਸਾ ਯਹੋਵਾਹ ਦੇ ਅਤੇ ਅਬਰਾਹਾਮ ਦੀ ਸੰਤਾਨ ਜੋ ਯਾਕੂਬ ਤੋਂ ਪੈਦਾ ਹੋਈ, ਦੇ ਦਰਮਿਆਨ ਨੇਮ ਦਾ ਵਿਚੋਲਾ ਬਣਿਆ ਸੀ। ਨਤੀਜੇ ਵਜੋਂ, ਇਸਰਾਏਲ ਦੀ ਕੌਮ ਯਹੋਵਾਹ ਦੀ ਖ਼ਾਸ ਸੰਪਤੀ ਦੇ ਤੌਰ ਤੇ ਹੋਂਦ ਵਿਚ ਆਈ। (ਕੂਚ 19:5, 6) ਪਹਿਲੀ ਵਾਰ, ਇਕ ਕੌਮੀ ਗਵਾਹੀ ਦਿੱਤੀ ਜਾਣੀ ਸੀ। ਕੋਈ 800 ਸਾਲਾਂ ਬਾਅਦ, ਯਸਾਯਾਹ ਦੁਆਰਾ ਯਹੋਵਾਹ ਦੇ ਸ਼ਬਦ, ਸਿਧਾਂਤ ਦੇ ਤੌਰ ਤੇ ਉਸ ਕੌਮ ਦੇ ਹੋਂਦ ਵਿਚ ਆਉਣ ਤੋਂ ਹੀ ਲਾਗੂ ਹੋਣੇ ਸ਼ੁਰੂ ਹੋਏ: “ਤੁਸੀਂ ਮੇਰੇ ਗਵਾਹ ਹੋ, ਯਹੋਵਾਹ ਦਾ ਵਾਕ ਹੈ, ਨਾਲੇ ਮੇਰਾ ਦਾਸ ਜਿਹ ਨੂੰ ਮੈਂ ਚੁਣਿਆ, ਭਈ ਤੁਸੀਂ ਜਾਣੋ ਅਤੇ ਮੇਰੀ ਪਰਤੀਤ ਕਰੋ, ਅਤੇ ਸਮਝੋ ਕਿ ਮੈਂ ਉਹੀ ਹਾਂ।” (ਯਸਾਯਾਹ 43:10) ਇਹ ਨਵੀਂ ਕੌਮ ਯਹੋਵਾਹ ਦੇ ਗਵਾਹਾਂ ਦੇ ਤੌਰ ਤੇ ਕਿਸ ਤਰ੍ਹਾਂ ਕੰਮ ਕਰੇਗੀ? ਆਪਣੀ ਨਿਹਚਾ ਅਤੇ ਆਗਿਆਕਾਰਤਾ ਦੇ ਰਾਹੀਂ ਅਤੇ ਉਨ੍ਹਾਂ ਦੇ ਨਿਮਿੱਤ ਯਹੋਵਾਹ ਦੀਆਂ ਕਾਰਵਾਈਆਂ ਦੁਆਰਾ।
10. ਇਸਰਾਏਲ ਦੇ ਨਿਮਿੱਤ ਯਹੋਵਾਹ ਦਿਆਂ ਸ਼ਕਤੀਸ਼ਾਲੀ ਕੰਮਾਂ ਨੇ ਕਿਸ ਤਰ੍ਹਾਂ ਇਕ ਗਵਾਹੀ ਦਿੱਤੀ, ਅਤੇ ਨਤੀਜੇ ਕੀ ਹੋਏ?
10 ਇਸ ਦੀ ਸ਼ੁਰੂਆਤ ਤੋਂ ਕੋਈ 40 ਸਾਲਾਂ ਬਾਅਦ, ਇਸਰਾਏਲ ਵਾਅਦਾ ਕੀਤੇ ਹੋਏ ਦੇਸ਼ ਉੱਤੇ ਕਬਜ਼ਾ ਕਰਨ ਨੂੰ ਲਗਭਗ ਤਿਆਰ ਸੀ। ਜਾਸੂਸ ਯਰੀਹੋ ਦੇ ਸ਼ਹਿਰ ਦੀ ਸੂਹ ਲੈਣ ਲਈ ਨਿਕਲੇ, ਅਤੇ ਰਾਹਾਬ, ਯਰੀਹੋ ਦੀ ਨਿਵਾਸਣ ਨੇ ਉਨ੍ਹਾਂ ਦੀ ਰੱਖਿਆ ਕੀਤੀ ਸੀ। ਕਿਉਂ? ਉਸ ਨੇ ਕਿਹਾ: “ਅਸਾਂ ਸੁਣਿਆ ਹੈ ਕਿ ਜਿਸ ਵੇਲੇ ਤੁਸੀਂ ਮਿਸਰ ਵਿੱਚੋਂ ਨਿੱਕਲੇ ਤਾਂ ਯਹੋਵਾਹ ਨੇ ਤੁਹਾਡੇ ਅੱਗੋਂ ਲਾਲ ਸਮੁੰਦਰ ਦੇ ਪਾਣੀ ਨੂੰ ਕਿਵੇਂ ਸੁਕਾ ਦਿੱਤਾ ਅਤੇ ਤੁਸਾਂ ਅਮੋਰੀਆਂ ਦੇ ਦੋਹਾਂ ਰਾਜਿਆਂ ਨਾਲ ਅਰਥਾਤ ਸਿਹੋਨ ਅਤੇ ਓਗ ਨਾਲ ਜਿਹੜੇ ਯਰਦਨ ਦੇ ਉਸ ਪਾਸੇ ਸਨ ਕਿਵੇਂ ਕੀਤਾ ਜਿਨ੍ਹਾਂ ਦਾ ਤੁਸਾਂ ਮੂਲੋਂ ਮੁੱਢੋਂ ਨਾਸ ਕਰ ਸੁੱਟਿਆ। ਅਤੇ ਜਦ ਅਸਾਂ ਸੁਣਿਆ ਤਾਂ ਸਾਡੇ ਮਨ ਪਾਣੀਓਂ ਪਾਣੀ ਹੋ ਗਏ ਅਤੇ ਤੁਹਾਡੇ ਕਾਰਨ ਕਿਸੇ ਮਨੁੱਖ ਵਿੱਚ ਹਿੰਮਤ ਨਹੀਂ ਰਹੀ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਉੱਪਰਲੇ ਸੁਰਗ ਵਿੱਚ ਅਤੇ ਹੇਠਲੀ ਧਰਤੀ ਉੱਤੇ ਉਹੋ ਪਰਮੇਸ਼ੁਰ ਹੈ।” (ਯਹੋਸ਼ੁਆ 2:10, 11) ਯਹੋਵਾਹ ਦਿਆਂ ਸ਼ਕਤੀਸ਼ਾਲੀ ਕੰਮਾਂ ਦੀ ਰਿਪੋਰਟ ਨੇ ਰਾਹਾਬ ਅਤੇ ਉਸ ਦੇ ਪਰਿਵਾਰ ਨੂੰ ਯਰੀਹੋ ਅਤੇ ਇਸ ਦੇ ਝੂਠੇ ਈਸ਼ਵਰਾਂ ਨੂੰ ਛੱਡਣ ਅਤੇ ਇਸਰਾਏਲ ਨਾਲ ਯਹੋਵਾਹ ਦੀ ਉਪਾਸਨਾ ਕਰਨ ਲਈ ਪ੍ਰੇਰਿਤ ਕੀਤਾ। ਸਪੱਸ਼ਟ ਤੌਰ ਤੇ, ਯਹੋਵਾਹ ਨੇ ਇਸਰਾਏਲ ਦੇ ਦੁਆਰਾ ਇਕ ਸ਼ਕਤੀਸ਼ਾਲੀ ਗਵਾਹੀ ਦਿੱਤੀ।—ਯਹੋਸ਼ੁਆ 6:25.
11. ਗਵਾਹੀ ਦੇਣ ਦੇ ਸੰਬੰਧ ਵਿਚ ਸਾਰੇ ਇਸਰਾਏਲੀ ਮਾਪਿਆਂ ਦੀ ਕੀ ਜ਼ਿੰਮੇਵਾਰੀ ਸੀ?
11 ਜਦੋਂ ਕਿ ਇਸਰਾਏਲੀ ਅਜੇ ਮਿਸਰ ਵਿਚ ਹੀ ਸਨ, ਯਹੋਵਾਹ ਨੇ ਮੂਸਾ ਨੂੰ ਫ਼ਿਰਊਨ ਕੋਲ ਘੱਲਿਆ ਅਤੇ ਕਿਹਾ: “ਫ਼ਿਰਊਨ ਕੋਲ ਜਾਹ ਕਿਉਂ ਜੋ ਮੈਂ ਉਸ ਦੇ ਮਨ ਨੂੰ ਅਰ ਉਸ ਦੇ ਟਹਿਲੂਆਂ ਦੇ ਮਨਾਂ ਨੂੰ ਭਾਰੀ ਹੋਣ ਦਿੱਤਾ ਹੈ ਤਾਂ ਜੋ ਮੈਂ ਆਪਣੇ ਏਹ ਨਿਸ਼ਾਨ ਉਨ੍ਹਾਂ ਦੇ ਵਿੱਚ ਵਿਖਾਵਾਂ। ਏਸ ਲਈ ਜੋ ਤੂੰ ਆਪਣੇ ਪੁੱਤ੍ਰ ਅਰ ਆਪਣੇ ਪੋਤ੍ਰੇ ਦੇ ਕੰਨਾਂ ਵਿੱਚ ਪਾਇਆ ਕਰੇਂ ਜੋ ਸਖ਼ਤੀ ਮੈਂ ਮਿਸਰ ਉੱਤੇ ਕੀਤੀ ਅਰ ਮੇਰੇ ਨਿਸ਼ਾਨ ਜਿਹੜੇ ਮੈਂ ਉਨ੍ਹਾਂ ਵਿੱਚ ਵਿਖਾਏ ਤਾਂ ਜੋ ਤੁਸੀਂ ਜਾਣੋ ਕਿ ਮੈਂ ਯਹੋਵਾਹ ਹਾਂ।” (ਕੂਚ 10:1, 2) ਆਗਿਆਕਾਰ ਇਸਰਾਏਲੀ ਆਪਣੇ ਬੱਚਿਆਂ ਨੂੰ ਯਹੋਵਾਹ ਦੇ ਸਮਰੱਥੀ ਕੰਮਾਂ ਬਾਰੇ ਦੱਸਣਗੇ। ਫਿਰ ਉਨ੍ਹਾਂ ਦੇ ਬੱਚੇ ਕ੍ਰਮਵਾਰ, ਇਹ ਆਪਣਿਆਂ ਬੱਚਿਆਂ ਨੂੰ ਦੱਸਣਗੇ, ਅਤੇ ਇੰਜ ਪੀੜ੍ਹੀ ਤੋਂ ਪੀੜ੍ਹੀ ਕੀਤਾ ਜਾਵੇਗਾ। ਇਸ ਤਰ੍ਹਾਂ, ਯਹੋਵਾਹ ਦੇ ਸ਼ਕਤੀਸ਼ਾਲੀ ਕਾਰਜ ਯਾਦ ਕੀਤੇ ਜਾਣਗੇ। ਇਸੇ ਤਰ੍ਹਾਂ ਅੱਜ, ਮਾਪੇ ਆਪਣੇ ਬੱਚਿਆਂ ਨੂੰ ਗਵਾਹੀ ਦੇਣ ਦੇ ਜ਼ਿੰਮੇਵਾਰ ਹਨ।—ਬਿਵਸਥਾ ਸਾਰ 6:4-7; ਕਹਾਉਤਾਂ 22:6.
12. ਸੁਲੇਮਾਨ ਅਤੇ ਇਸਰਾਏਲ ਉੱਤੇ ਯਹੋਵਾਹ ਦੀ ਬਰਕਤ ਨੇ ਕਿਸ ਤਰ੍ਹਾਂ ਇਕ ਗਵਾਹੀ ਦੇ ਤੌਰ ਤੇ ਕੰਮ ਕੀਤਾ?
12 ਜਦੋਂ ਇਸਰਾਏਲ ਵਫ਼ਾਦਾਰ ਸੀ, ਤਾਂ ਉਸ ਉੱਤੇ ਯਹੋਵਾਹ ਦੀ ਮਹਾਨ ਬਰਕਤ ਆਲੇ-ਦੁਆਲੇ ਦੀਆਂ ਕੌਮਾਂ ਲਈ ਇਕ ਗਵਾਹੀ ਸੀ। ਜਿਵੇਂ ਮੂਸਾ ਨੇ ਯਹੋਵਾਹ ਦੀਆਂ ਵਾਅਦਾ ਕੀਤੀਆਂ ਹੋਈਆਂ ਬਰਕਤਾਂ ਨੂੰ ਵਿਸਤਾਰ ਨਾਲ ਦੱਸਣ ਮਗਰੋਂ ਕਿਹਾ: “ਧਰਤੀ ਦੇ ਸਾਰੇ ਲੋਕ ਵੇਖਣਗੇ ਕਿ ਤੁਸੀਂ ਯਹੋਵਾਹ ਦੇ ਨਾਮ ਉੱਤੇ ਪੁਕਾਰੇ ਜਾਂਦੇ ਹੋ ਅਤੇ ਓਹ ਤੁਹਾਥੋਂ ਡਰਨਗੇ।” (ਬਿਵਸਥਾ ਸਾਰ 28:10) ਸੁਲੇਮਾਨ ਨੂੰ ਉਸ ਦੀ ਨਿਹਚਾ ਦੇ ਕਾਰਨ ਬੁੱਧ ਅਤੇ ਧਨ ਦਿੱਤਾ ਗਿਆ ਸੀ। ਉਸ ਦੀ ਹਕੂਮਤ ਦੇ ਅਧੀਨ ਕੌਮ ਖ਼ੁਸ਼ਹਾਲ ਸੀ ਅਤੇ ਇਕ ਲੰਬੇ ਸਮੇਂ ਲਈ ਸ਼ਾਂਤੀ ਦਾ ਆਨੰਦ ਮਾਣਿਆ। ਉਸ ਸਮੇਂ ਦੇ ਸੰਬੰਧ ਵਿਚ ਅਸੀਂ ਪੜ੍ਹਦੇ ਹਾਂ: “ਸਾਰੀਆਂ ਜਾਤੀਆਂ ਵਿੱਚੋਂ ਸਾਰੀ ਧਰਤੀ ਦਿਆਂ ਪਾਤਸ਼ਾਹਾਂ ਵੱਲੋਂ ਲੋਕ ਜਿਨ੍ਹਾਂ ਨੇ ਸੁਲੇਮਾਨ ਦੀ ਬੁੱਧੀ ਦੇ ਵਿਖੇ ਸੁਣਿਆ ਸੀ ਉਸ ਦੀ ਬੁੱਧੀ ਸੁਣਨ ਲਈ ਆਏ।” (1 ਰਾਜਿਆਂ 4:25, 29, 30, 34) ਸੁਲੇਮਾਨ ਦੇ ਮੁਲਾਕਾਤੀਆਂ ਵਿਚ ਸ਼ਬਾ ਦੀ ਰਾਣੀ ਸਿਰਕੱਢ ਸੀ। ਕੌਮ ਅਤੇ ਇਸ ਦੇ ਰਾਜਾ ਉੱਤੇ ਯਹੋਵਾਹ ਦੀ ਬਰਕਤ ਨੂੰ ਖ਼ੁਦ ਦੇਖਣ ਮਗਰੋਂ ਉਸ ਨੇ ਕਿਹਾ: “ਯਹੋਵਾਹ ਤੇਰਾ ਪਰਮੇਸ਼ੁਰ ਮੁਬਾਰਕ ਹੋਵੇ ਜੋ ਤੇਰੇ ਉੱਤੇ ਰੀਝਵਾਨ ਹੈ ਕਿ ਤੈਨੂੰ ਆਪਣੀ ਰਾਜ ਗੱਦੀ ਉੱਤੇ ਬਿਠਾਇਆ ਹੈ ਤਾਂ ਜੋ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਵੱਲੋਂ ਪਾਤਸ਼ਾਹ ਹੋਵੇਂ ਕਿਉਂ ਜੋ ਤੇਰੇ ਪਰਮੇਸ਼ੁਰ ਨੂੰ ਇਸਰਾਏਲ ਨਾਲ ਹਿਤ ਸੀ।”—2 ਇਤਹਾਸ 9:8.
13. ਕਿਹੜੀ ਗੱਲ ਸ਼ਾਇਦ ਇਸਰਾਏਲ ਦੀ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਗਵਾਹੀ ਸੀ, ਅਤੇ ਅਸੀਂ ਅਜੇ ਵੀ ਇਸ ਦਾ ਲਾਭ ਕਿਸ ਤਰ੍ਹਾਂ ਉਠਾਉਂਦੇ ਹਾਂ?
13 ਰਸੂਲ ਪੌਲੁਸ ਨੇ ਉਸ ਗੱਲ ਦਾ ਜ਼ਿਕਰ ਕੀਤਾ ਜੋ ਸ਼ਾਇਦ ਇਸਰਾਏਲ ਦੀ ਸਭ ਤੋਂ ਪ੍ਰਭਾਵਸ਼ਾਲੀ ਗਵਾਹੀ ਸੀ। ਰੋਮ ਵਿਖੇ ਮਸੀਹੀ ਕਲੀਸਿਯਾ ਨਾਲ ਸਰੀਰਕ ਇਸਰਾਏਲ ਬਾਰੇ ਵਿਚਾਰ-ਵਟਾਂਦਰਾ ਕਰਦੇ ਹੋਏ, ਉਸ ਨੇ ਕਿਹਾ: “ਪਰਮੇਸ਼ੁਰ ਦੀਆਂ ਬਾਣੀਆਂ ਉਨ੍ਹਾਂ ਨੂੰ ਸੌਂਪੀਆਂ ਗਈਆਂ।” (ਰੋਮੀਆਂ 3:1, 2) ਮੂਸਾ ਤੋਂ ਸ਼ੁਰੂ ਹੁੰਦੇ ਹੋਏ, ਕਈ ਵਫ਼ਾਦਾਰ ਇਸਰਾਏਲੀ ਵਿਅਕਤੀ, ਇਸਰਾਏਲ ਨਾਲ ਯਹੋਵਾਹ ਦੇ ਵਰਤਾਉ, ਅਤੇ ਨਾਲ ਹੀ ਉਸ ਦੀ ਸਲਾਹ, ਉਸ ਦੇ ਨਿਯਮਾਂ, ਅਤੇ ਉਸ ਦੀਆਂ ਭਵਿੱਖਬਾਣੀਆਂ ਨੂੰ ਕਲਮਬੰਦ ਕਰਨ ਲਈ ਪ੍ਰੇਰਿਤ ਹੋਏ ਸਨ। ਉਨ੍ਹਾਂ ਪ੍ਰਾਚੀਨ ਗ੍ਰੰਥੀਆਂ ਨੇ ਇਨ੍ਹਾਂ ਲਿਖਤਾਂ ਦੇ ਦੁਆਰਾ ਆਉਣ ਵਾਲੀਆਂ ਸਾਰੀਆਂ ਪੀੜ੍ਹੀਆਂ ਨੂੰ—ਅੱਜ ਸਾਡੀ ਪੀੜ੍ਹੀ ਨੂੰ ਵੀ—ਗਵਾਹੀ ਦਿੱਤੀ ਕਿ ਕੇਵਲ ਇਕ ਪਰਮੇਸ਼ੁਰ ਹੈ, ਅਤੇ ਉਸ ਦਾ ਨਾਂ ਯਹੋਵਾਹ ਹੈ।—ਦਾਨੀਏਲ 12:9; 1 ਪਤਰਸ 1:10-12.
14. ਯਹੋਵਾਹ ਲਈ ਗਵਾਹੀ ਦੇਣ ਵਾਲੇ ਕਈਆਂ ਨੇ ਕਿਉਂ ਸਤਾਹਟ ਦਾ ਦੁੱਖ ਉਠਾਇਆ?
14 ਦੁੱਖ ਦੀ ਗੱਲ ਸੀ ਕਿ ਇਸਰਾਏਲ ਨਿਹਚਾ ਕਰਨ ਤੋਂ ਬਾਰੰਬਾਰ ਅਸਫਲ ਹੋਇਆ, ਅਤੇ ਫਿਰ ਯਹੋਵਾਹ ਨੂੰ ਆਪਣੀ ਹੀ ਕੌਮ ਕੋਲ ਗਵਾਹਾਂ ਨੂੰ ਭੇਜਣਾ ਪਿਆ। ਇਨ੍ਹਾਂ ਵਿੱਚੋਂ ਬਹੁਤੇਰੇ ਸਤਾਏ ਗਏ ਸਨ। ਪੌਲੁਸ ਨੇ ਆਖਿਆ ਕਿ ਕਈ “ਠੱਠਿਆਂ ਵਿੱਚ ਉਡਾਏ ਜਾਣ ਅਤੇ ਕੋਰੜੇ ਖਾਣ ਸਗੋਂ ਜਕੜੇ ਜਾਣ ਅਤੇ ਕੈਦ ਹੋਣ ਨਾਲ ਪਰਤਾਏ ਗਏ।” (ਇਬਰਾਨੀਆਂ 11:36) ਸੱਚ-ਮੁੱਚ ਵਫ਼ਾਦਾਰ ਗਵਾਹ! ਕਿੰਨੇ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਦੀ ਸਤਾਹਟ ਯਹੋਵਾਹ ਦੀ ਚੁਣੀ ਹੋਈ ਕੌਮ ਦੇ ਸੰਗੀ ਸਦੱਸਾਂ ਵੱਲੋਂ ਹੀ ਅਕਸਰ ਆਉਂਦੀ ਸੀ! (ਮੱਤੀ 23:31, 37) ਹਕੀਕਤ ਵਿਚ, ਕੌਮ ਦਾ ਪਾਪ ਇੰਨਾ ਭਾਰੀ ਬਣ ਗਿਆ ਕਿ 607 ਸਾ.ਯੁ.ਪੂ. ਵਿਚ ਯਹੋਵਾਹ ਨੇ ਯਰੂਸ਼ਲਮ ਨੂੰ ਇਸ ਦੀ ਹੈਕਲ ਸਮੇਤ ਨਾਸ਼ ਕਰਨ ਅਤੇ ਬਚੇ ਹੋਏ ਜ਼ਿਆਦਾਤਰ ਇਸਰਾਏਲੀਆਂ ਨੂੰ ਕੈਦ ਵਿਚ ਲੈ ਜਾਣ ਲਈ ਬਾਬੁਲੀਆਂ ਨੂੰ ਲਿਆਂਦਾ। (ਯਿਰਮਿਯਾਹ 20:4; 21:10) ਕੀ ਇਹ ਯਹੋਵਾਹ ਦੇ ਨਾਂ ਲਈ ਕੌਮੀ ਗਵਾਹੀ ਦਾ ਅੰਤ ਸੀ? ਨਹੀਂ।
ਈਸ਼ਵਰਾਂ ਦੀ ਅਜ਼ਮਾਇਸ਼
15. ਬਾਬੁਲ ਦੀ ਕੈਦ ਵਿਚ ਵੀ ਕਿਸ ਤਰ੍ਹਾਂ ਇਕ ਗਵਾਹੀ ਦਿੱਤੀ ਗਈ ਸੀ?
15 ਬਾਬੁਲ ਦੀ ਕੈਦ ਵਿਚ ਵੀ, ਕੌਮ ਦੇ ਵਫ਼ਾਦਾਰ ਸਦੱਸਾਂ ਨੇ ਯਹੋਵਾਹ ਦੀ ਈਸ਼ੁਰਤਾਈ ਅਤੇ ਸ਼ਕਤੀ ਬਾਰੇ ਗਵਾਹੀ ਦੇਣ ਤੋਂ ਝਿਜਕ ਮਹਿਸੂਸ ਨਹੀਂ ਕੀਤੀ। ਉਦਾਹਰਣ ਲਈ, ਦਾਨੀਏਲ ਨੇ ਦਲੇਰੀ ਨਾਲ ਨਬੂਕਦਨੱਸਰ ਦੇ ਸੁਪਨਿਆਂ ਨੂੰ ਸਮਝਾਇਆ, ਬੇਲਸ਼ੱਸਰ ਲਈ ਕੰਧ ਉੱਤੇ ਲਿਖਤ ਦੀ ਵਿਆਖਿਆ ਕੀਤੀ, ਅਤੇ ਪ੍ਰਾਰਥਨਾ ਦੇ ਵਿਸ਼ੇ ਵਿਚ ਰਾਜਾ ਦਾਰਾ ਅੱਗੇ ਸਮਝੌਤਾ ਕਰਨ ਤੋਂ ਇਨਕਾਰ ਕੀਤਾ। ਤਿੰਨ ਇਬਰਾਨੀਆਂ ਨੇ ਵੀ, ਮੂਰਤ ਨੂੰ ਮੱਥਾ ਟੇਕਣ ਤੋਂ ਇਨਕਾਰ ਕਰਦੇ ਹੋਏ ਨਬੂਕਦਨੱਸਰ ਨੂੰ ਇਕ ਅਦਭੁਤ ਗਵਾਹੀ ਦਿੱਤੀ ਸੀ।—ਦਾਨੀਏਲ 3:13-18; 5:13-29; 6:4-27.
16. ਯਹੋਵਾਹ ਨੇ ਇਸਰਾਏਲ ਦੇ ਆਪਣੇ ਦੇਸ਼ ਨੂੰ ਵਾਪਸ ਮੁੜਨ ਦੀ ਪੂਰਵ-ਸੂਚਨਾ ਕਿਸ ਤਰ੍ਹਾਂ ਦਿੱਤੀ, ਅਤੇ ਇਸ ਵਾਪਸੀ ਦਾ ਕੀ ਮਕਸਦ ਹੋਵੇਗਾ?
16 ਫਿਰ ਵੀ, ਯਹੋਵਾਹ ਦਾ ਮਕਸਦ ਸੀ ਕਿ ਇਸਰਾਏਲ ਦੇ ਦੇਸ਼ ਵਿਚ ਫਿਰ ਇਕ ਕੌਮੀ ਗਵਾਹੀ ਦਿੱਤੀ ਜਾਵੇਗੀ। ਹਿਜ਼ਕੀਏਲ, ਜਿਸ ਨੇ ਬਾਬੁਲ ਵਿਖੇ ਕੈਦੀ ਯਹੂਦੀਆਂ ਦਰਮਿਆਨ ਭਵਿੱਖਬਾਣੀ ਕੀਤੀ, ਨੇ ਵਿਨਾਸ਼ ਕੀਤੇ ਹੋਏ ਦੇਸ਼ ਦੇ ਸੰਬੰਧ ਵਿਚ ਯਹੋਵਾਹ ਦੇ ਇਰਾਦੇ ਬਾਰੇ ਲਿਖਿਆ: “ਮੈਂ ਆਦਮੀਆਂ ਨੂੰ, ਹਾਂ, ਇਸਰਾਏਲ ਦੇ ਸਾਰੇ ਘਰਾਣੇ ਨੂੰ ਤੁਹਾਡੇ ਉੱਤੇ ਬਹੁਤ ਵਧਾ ਦਿਆਂਗਾ ਅਤੇ ਸ਼ਹਿਰ ਵਸਾਏ ਜਾਣਗੇ ਅਤੇ ਖੋਲੇ ਫੇਰ ਬਣਾਏ ਜਾਣਗੇ।” (ਹਿਜ਼ਕੀਏਲ 36:10) ਯਹੋਵਾਹ ਇਸ ਤਰ੍ਹਾਂ ਕਿਉਂ ਕਰੇਗਾ? ਬੁਨਿਆਦੀ ਤੌਰ ਤੇ, ਆਪਣੇ ਨਾਂ ਲਈ ਗਵਾਹੀ ਦੇ ਤੌਰ ਤੇ। ਹਿਜ਼ਕੀਏਲ ਦੇ ਦੁਆਰਾ ਉਸ ਨੇ ਕਿਹਾ: ‘ਹੇ ਇਸਰਾਏਲ ਦੇ ਘਰਾਣੇ, ਮੈਂ ਤੁਹਾਡੀ ਖ਼ਾਤਰ ਨਹੀਂ ਸਗੋਂ ਆਪਣੇ ਪਵਿੱਤ੍ਰ ਨਾਮ ਦੀ ਖ਼ਾਤਰ ਜਿਸ ਨੂੰ ਤੁਸਾਂ ਕੌਮਾਂ ਦੇ ਵਿੱਚ ਪਲੀਤ ਕੀਤਾ ਇਹ ਕਰਦਾ ਹਾਂ।’—ਹਿਜ਼ਕੀਏਲ 36:22; ਯਿਰਮਿਯਾਹ 50:28.
17. ਯਸਾਯਾਹ 43:10 ਦੇ ਸ਼ਬਦਾਂ ਦਾ ਕੀ ਸੰਦਰਭ ਹੈ?
17 ਬਾਬੁਲ ਦੀ ਕੈਦ ਤੋਂ ਇਸਰਾਏਲ ਦੀ ਵਾਪਸੀ ਦੀ ਭਵਿੱਖਬਾਣੀ ਕਰਦੇ ਸਮੇਂ ਹੀ ਯਸਾਯਾਹ ਨਬੀ, ਯਸਾਯਾਹ 43:10 ਦਿਆਂ ਸ਼ਬਦਾਂ ਨੂੰ ਲਿਖਣ ਲਈ ਪ੍ਰੇਰਿਤ ਹੋਇਆ ਸੀ, ਇਹ ਕਹਿੰਦੇ ਹੋਏ ਕਿ ਇਸਰਾਏਲ ਯਹੋਵਾਹ ਦਾ ਗਵਾਹ, ਉਸ ਦਾ ਦਾਸ ਸੀ। ਯਸਾਯਾਹ 43 ਅਤੇ 44 ਵਿਚ, ਯਹੋਵਾਹ ਨੂੰ ਇਸਰਾਏਲ ਦਾ ਕਰਤਾਰ, ਸਾਜਣ ਵਾਲਾ, ਪਰਮੇਸ਼ੁਰ, ਪਵਿੱਤਰ ਪੁਰਖ, ਬਚਾਉਣ ਵਾਲਾ, ਛੁਡਾਉਣ ਵਾਲਾ, ਪਾਤਸ਼ਾਹ, ਅਤੇ ਬਣਾਉਣ ਵਾਲਾ ਵਰਣਿਤ ਕੀਤਾ ਗਿਆ ਹੈ। (ਯਸਾਯਾਹ 43:3, 14, 15; 44:2) ਇਸਰਾਏਲ ਦੇ ਜਲਾਵਤਨ ਲਈ ਇਜਾਜ਼ਤ ਦਿੱਤੀ ਗਈ ਸੀ ਕਿਉਂਕਿ ਕੌਮ ਬਾਰ-ਬਾਰ ਉਸ ਨੂੰ ਇਸ ਹੈਸੀਅਤ ਵਿਚ ਮਹਿਮਾ ਦੇਣ ਤੋਂ ਅਸਫਲ ਹੋਈ ਸੀ। ਫਿਰ ਵੀ, ਉਹ ਅਜੇ ਉਸ ਦੇ ਲੋਕ ਸਨ। ਯਹੋਵਾਹ ਨੇ ਉਨ੍ਹਾਂ ਨੂੰ ਕਿਹਾ ਸੀ: “ਨਾ ਡਰ, ਮੈਂ ਤੇਰਾ ਨਿਸਤਾਰਾ ਜੋ ਦਿੱਤਾ ਹੈ, ਮੈਂ ਤੇਰਾ ਨਾਉਂ ਲੈ ਕੇ ਤੈਨੂੰ ਜੋ ਬੁਲਾਇਆ ਹੈ, ਤੂੰ ਮੇਰਾ ਹੈਂ।” (ਯਸਾਯਾਹ 43:1) ਬਾਬੁਲ ਵਿਚ ਇਸਰਾਏਲ ਦੇ ਜਲਾਵਤਨ ਦਾ ਅੰਤ ਹੋਵੇਗਾ।
18. ਬਾਬੁਲ ਤੋਂ ਇਸਰਾਏਲ ਦੀ ਸੁਤੰਤਰਤਾ ਨੇ ਕਿਸ ਤਰ੍ਹਾਂ ਸਾਬਤ ਕੀਤਾ ਕਿ ਕੇਵਲ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ?
18 ਸੱਚ-ਮੁੱਚ, ਯਹੋਵਾਹ ਨੇ ਬਾਬੁਲ ਤੋਂ ਇਸਰਾਏਲ ਦੀ ਸੁਤੰਤਰਤਾ ਦੁਆਰਾ ਈਸ਼ਵਰਾਂ ਦੀ ਅਜ਼ਮਾਇਸ਼ ਕੀਤੀ। ਉਸ ਨੇ ਕੌਮਾਂ ਦੇ ਝੂਠੇ ਈਸ਼ਵਰਾਂ ਨੂੰ ਆਪਣੇ ਗਵਾਹ ਲਿਆਉਣ ਦੀ ਚੁਣੌਤੀ ਦਿੱਤੀ, ਅਤੇ ਉਸ ਨੇ ਆਪਣੇ ਗਵਾਹ ਦੇ ਤੌਰ ਤੇ ਇਸਰਾਏਲ ਦਾ ਨਾਂ ਦਿੱਤਾ। (ਯਸਾਯਾਹ 43:9, 12) ਜਦੋਂ ਉਸ ਨੇ ਇਸਰਾਏਲ ਦੀ ਕੈਦ ਦੀਆਂ ਜ਼ੰਜੀਰਾਂ ਨੂੰ ਤੋੜਿਆ ਤਾਂ ਉਸ ਨੇ ਸਾਬਤ ਕੀਤਾ ਕਿ ਬਾਬੁਲ ਦੇ ਈਸ਼ਵਰ ਕੁਝ ਵੀ ਨਹੀਂ ਸਨ ਅਤੇ ਕੇਵਲ ਉਹ ਹੀ ਸੱਚਾ ਪਰਮੇਸ਼ੁਰ ਹੈ। (ਯਸਾਯਾਹ 43:14, 15) ਜਦੋਂ, ਇਸ ਘਟਨਾ ਤੋਂ ਕੋਈ 200 ਸਾਲ ਪਹਿਲਾਂ, ਉਸ ਨੇ ਆਪਣੇ ਸੇਵਕ ਦੇ ਤੌਰ ਤੇ ਖੋਰੁਸ ਫਾਰਸੀ ਦਾ ਨਾਂ ਦਿੱਤਾ, ਜੋ ਯਹੂਦੀਆਂ ਨੂੰ ਆਜ਼ਾਦ ਕਰੇਗਾ, ਤਾਂ ਉਸ ਨੇ ਆਪਣੀ ਈਸ਼ੁਰਤਾਈ ਦਾ ਹੋਰ ਸਬੂਤ ਦਿੱਤਾ। (ਯਸਾਯਾਹ 44:28) ਇਸਰਾਏਲ ਸੁਤੰਤਰ ਹੋ ਜਾਵੇਗਾ। ਕਿਉਂ? ਯਹੋਵਾਹ ਸਮਝਾਉਂਦਾ ਹੈ: “ਭਈ ਉਹ [ਇਸਰਾਏਲ] ਮੇਰੀ ਉਸਤਤ ਦਾ ਵਰਨਣ ਕਰੇ।” (ਯਸਾਯਾਹ 43:21) ਇਹ ਗਵਾਹੀ ਲਈ ਇਕ ਹੋਰ ਮੌਕਾ ਦੇਵੇਗਾ।
19. ਯਰੂਸ਼ਲਮ ਨੂੰ ਮੁੜਨ ਲਈ ਖੋਰੁਸ ਦੇ ਸੱਦੇ ਦੁਆਰਾ ਅਤੇ ਮੁੜਨ ਤੋਂ ਮਗਰੋਂ ਵਫ਼ਾਦਾਰ ਯਹੂਦੀਆਂ ਦੇ ਕੰਮਾਂ ਦੁਆਰਾ ਕਿਹੜੀ ਗਵਾਹੀ ਦਿੱਤੀ ਗਈ ਸੀ?
19 ਜਦੋਂ ਸਮਾਂ ਆਇਆ, ਖੋਰੁਸ ਫਾਰਸੀ ਨੇ ਬਾਬੁਲ ਉੱਤੇ ਵਿਜੇ ਪ੍ਰਾਪਤ ਕੀਤੀ, ਠੀਕ ਜਿਸ ਤਰ੍ਹਾਂ ਭਵਿੱਖਬਾਣੀ ਕੀਤੀ ਗਈ ਸੀ। ਖੋਰੁਸ, ਭਾਵੇਂ ਕਿ ਇਕ ਗ਼ੈਰ-ਯਹੂਦੀ ਸੀ, ਨੇ ਯਹੋਵਾਹ ਦੀ ਈਸ਼ੁਰਤਾਈ ਦੀ ਘੋਸ਼ਣਾ ਕੀਤੀ ਜਦੋਂ ਉਸ ਨੇ ਬਾਬੁਲ ਵਿਚ ਯਹੂਦੀਆਂ ਲਈ ਇਕ ਐਲਾਨ ਜਾਰੀ ਕੀਤਾ: “ਉਹ ਦੀ ਸਾਰੀ ਪਰਜਾ ਵਿੱਚੋਂ ਤੁਹਾਡੇ ਵਿਚ ਕੌਣ ਤਿਆਰ ਹੈ? ਉਹ ਦਾ ਪਰਮੇਸ਼ੁਰ ਉਹ ਦੇ ਅੰਗ ਸੰਗ ਹੋਵੇ! ਉਹ ਯਹੂਦਾਹ ਦੇ ਯਰੂਸ਼ਲਮ ਨੂੰ ਜਾਵੇ ਤੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦਾ ਭਵਨ ਬਣਾਵੇ ਜੋ ਯਰੂਸ਼ਲਮ ਵਿੱਚ ਹੈ (ਓਹੋ ਪਰਮੇਸ਼ੁਰ ਹੈ)।” (ਅਜ਼ਰਾ 1:3) ਬਹੁਤ ਸਾਰੇ ਯਹੂਦੀਆਂ ਨੇ ਪ੍ਰਤਿਕ੍ਰਿਆ ਦਿਖਾਈ। ਉਨ੍ਹਾਂ ਨੇ ਵਾਅਦਾ ਕੀਤੇ ਹੋਏ ਦੇਸ਼ ਲਈ ਲੰਬੀ ਯਾਤਰਾ ਕੀਤੀ ਅਤੇ ਹੈਕਲ ਦੇ ਪ੍ਰਾਚੀਨ ਸਥਾਨ ਉੱਤੇ ਇਕ ਜਗਵੇਦੀ ਬਣਾਈ। ਨਿਰਾਸ਼ਾ ਅਤੇ ਸਖ਼ਤ ਵਿਰੋਧਤਾ ਦੇ ਬਾਵਜੂਦ, ਆਖ਼ਰਕਾਰ ਉਹ ਹੈਕਲ ਨੂੰ ਅਤੇ ਯਰੂਸ਼ਲਮ ਦੇ ਸ਼ਹਿਰ ਨੂੰ ਮੁੜ ਉਸਾਰਨ ਦੇ ਯੋਗ ਹੋਏ। ਜਿਵੇਂ ਯਹੋਵਾਹ ਨੇ ਖ਼ੁਦ ਕਿਹਾ, ਇਹ ਸਭ ਕੁਝ “ਨਾ ਸ਼ਕਤੀ ਨਾਲ, ਨਾ ਬਲ ਨਾਲ, ਸਗੋਂ [ਉਸ ਦੀ] ਆਤਮਾ ਨਾਲ” ਵਾਪਰਿਆ ਹੈ। (ਜ਼ਕਰਯਾਹ 4:6) ਇਹ ਪੂਰਤੀਆਂ ਹੋਰ ਸਬੂਤ ਹਨ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ।
20. ਇਸਰਾਏਲ ਦੀਆਂ ਕਮੀਆਂ ਦੇ ਬਾਵਜੂਦ, ਪ੍ਰਾਚੀਨ ਸੰਸਾਰ ਵਿਚ ਯਹੋਵਾਹ ਦੇ ਨਾਂ ਲਈ ਉਨ੍ਹਾਂ ਦੇ ਗਵਾਹੀ ਦੇਣ ਬਾਰੇ ਕੀ ਕਿਹਾ ਜਾ ਸਕਦਾ ਹੈ?
20 ਇਸ ਤਰ੍ਹਾਂ, ਯਹੋਵਾਹ ਨੇ ਆਪਣੇ ਗਵਾਹ ਦੇ ਤੌਰ ਤੇ, ਇਕ ਅਪੂਰਣ ਅਤੇ ਕਦੇ-ਕਦਾਰ ਵਿਰੋਧੀ ਲੋਕਾਂ ਦੀ ਕੌਮ, ਇਸਰਾਏਲ ਨੂੰ ਇਸਤੇਮਾਲ ਕਰਨਾ ਜਾਰੀ ਰੱਖਿਆ। ਪੂਰਵ-ਮਸੀਹੀ ਸੰਸਾਰ ਵਿਚ, ਉਹ ਕੌਮ ਆਪਣੀ ਹੈਕਲ ਅਤੇ ਜਾਜਕਾਈ ਸਮੇਤ, ਸੱਚੀ ਉਪਾਸਨਾ ਦੇ ਵਿਸ਼ਵ ਕੇਂਦਰ ਨੂੰ ਦਰਸਾਉਂਦੀ ਸੀ। ਜੋ ਵੀ ਵਿਅਕਤੀ ਇਬਰਾਨੀ ਸ਼ਾਸਤਰ ਵਿਚ ਇਸਰਾਏਲ ਦੇ ਸੰਬੰਧ ਵਿਚ ਯਹੋਵਾਹ ਦਿਆਂ ਕੰਮਾਂ ਨੂੰ ਪੜ੍ਹਦਾ ਹੈ, ਉਸ ਨੂੰ ਕੋਈ ਸ਼ੱਕ ਨਹੀਂ ਹੋ ਸਕਦਾ ਕਿ ਕੇਵਲ ਇਕ ਹੀ ਸੱਚਾ ਪਰਮੇਸ਼ੁਰ ਹੈ, ਅਤੇ ਉਸ ਦਾ ਨਾਂ ਯਹੋਵਾਹ ਹੈ। (ਬਿਵਸਥਾ ਸਾਰ 6:4; ਜ਼ਕਰਯਾਹ 14:9) ਫਿਰ ਵੀ, ਯਹੋਵਾਹ ਦੇ ਨਾਂ ਲਈ ਇਕ ਹੋਰ ਵੀ ਵੱਡੀ ਗਵਾਹੀ ਦਿੱਤੀ ਜਾਣੀ ਸੀ, ਅਤੇ ਇਸ ਬਾਰੇ ਅਸੀਂ ਅਗਲੇ ਲੇਖ ਵਿਚ ਚਰਚਾ ਕਰਾਂਗੇ। (w95 9/1)
ਕੀ ਤੁਹਾਨੂੰ ਯਾਦ ਹੈ?
◻ ਅਬਰਾਹਾਮ ਨੇ ਕਿਸ ਤਰ੍ਹਾਂ ਇਕ ਗਵਾਹੀ ਦਿੱਤੀ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ?
◻ ਮੂਸਾ ਦੇ ਕਿਹੜੇ ਉੱਘੜਵੇਂ ਗੁਣ ਨੇ ਉਸ ਨੂੰ ਇਕ ਵਫ਼ਾਦਾਰ ਗਵਾਹ ਹੋਣ ਦੇ ਯੋਗ ਬਣਾਇਆ?
◻ ਕਿਹੜਿਆਂ ਤਰੀਕਿਆਂ ਨਾਲ ਇਸਰਾਏਲ ਨੇ ਯਹੋਵਾਹ ਦੇ ਬਾਰੇ ਇਕ ਕੌਮੀ ਗਵਾਹੀ ਦਿੱਤੀ?
◻ ਬਾਬੁਲ ਤੋਂ ਇਸਰਾਏਲ ਦੀ ਸੁਤੰਤਰਤਾ ਕਿਸ ਤਰ੍ਹਾਂ ਇਕ ਪ੍ਰਦਰਸ਼ਨ ਸੀ ਕਿ ਕੇਵਲ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ?
[ਸਫ਼ੇ 10 ਉੱਤੇ ਤਸਵੀਰ]
ਆਪਣੀ ਨਿਹਚਾ ਅਤੇ ਆਗਿਆਕਾਰਤਾ ਦੁਆਰਾ, ਅਬਰਾਹਾਮ ਨੇ ਯਹੋਵਾਹ ਦੀ ਈਸ਼ੁਰਤਾਈ ਦੇ ਪ੍ਰਤੀ ਉੱਘੜਵੀਂ ਗਵਾਹੀ ਦਿੱਤੀ