ਅਧਿਆਇ 104
ਪਰਮੇਸ਼ੁਰ ਦੀ ਆਵਾਜ਼ ਤੀਜੀ ਵਾਰੀ ਸੁਣਾਈ ਦਿੰਦੀ ਹੈ
ਯਿਸੂ ਹੈਕਲ ਵਿਚ ਆਪਣੇ ਉੱਤੇ ਆਉਣ ਵਾਲੀ ਮੌਤ ਦੇ ਬਾਰੇ ਸੰਘਰਸ਼ ਕਰ ਰਿਹਾ ਸੀ। ਉਸ ਦੀ ਮੁੱਖ ਚਿੰਤਾ ਹੈ ਕਿ ਉਸ ਦੇ ਪਿਤਾ ਦੀ ਨੇਕਨਾਮੀ ਉੱਤੇ ਕਿਸ ਤਰ੍ਹਾਂ ਪ੍ਰਭਾਵ ਪਵੇਗਾ, ਇਸ ਲਈ ਉਹ ਪ੍ਰਾਰਥਨਾ ਕਰਦਾ ਹੈ: “ਹੇ ਪਿਤਾ ਆਪਣੇ ਨਾਮ ਨੂੰ ਵਡਿਆਈ ਦੇਹ।”
ਇਸ ਤੇ, ਸਵਰਗ ਤੋਂ ਇਕ ਸ਼ਕਤੀਸ਼ਾਲੀ ਆਵਾਜ਼ ਇਹ ਘੋਸ਼ਣਾ ਕਰਦੇ ਹੋਏ ਆਉਂਦੀ ਹੈ: “ਮੈਂ ਉਹ ਨੂੰ ਵਡਿਆਈ ਦਿੱਤੀ ਹੈ ਅਰ ਫੇਰ ਵੀ ਦਿਆਂਗਾ।”
ਆਲੇ-ਦੁਆਲੇ ਖੜ੍ਹੀ ਭੀੜ ਘਬਰਾ ਜਾਂਦੀ ਹੈ। “ਦੂਤ ਨੇ ਇਹ ਦੇ ਨਾਲ ਗੱਲ ਕੀਤੀ ਹੈ,” ਕਈ ਕਹਿਣ ਲੱਗਦੇ ਹਨ। ਦੂਜੇ ਦਾਅਵਾ ਕਰਦੇ ਹਨ ਕਿ ਬੱਦਲ ਗਰਜਿਆ ਹੈ। ਪਰੰਤੂ, ਦਰਅਸਲ, ਇਹ ਯਹੋਵਾਹ ਪਰਮੇਸ਼ੁਰ ਹੈ ਜਿਹੜਾ ਬੋਲਿਆ ਹੈ! ਪਰ, ਇਹ ਪਹਿਲੀ ਵਾਰੀ ਨਹੀਂ ਹੈ ਕਿ ਪਰਮੇਸ਼ੁਰ ਦੀ ਆਵਾਜ਼ ਯਿਸੂ ਦੇ ਸੰਬੰਧ ਵਿਚ ਸੁਣੀ ਗਈ ਸੀ।
ਯਿਸੂ ਦੇ ਬਪਤਿਸਮੇ ਤੇ, ਸਾਢੇ ਤਿੰਨ ਵਰ੍ਹੇ ਪਹਿਲਾਂ, ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਪਰਮੇਸ਼ੁਰ ਨੂੰ ਯਿਸੂ ਦੇ ਬਾਰੇ ਇਹ ਕਹਿੰਦੇ ਹੋਏ ਸੁਣਿਆ: “ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ।” ਫਿਰ, ਪਿਛਲੇ ਪਸਾਹ ਦੇ ਬਾਅਦ ਕਿਸੇ ਸਮੇਂ ਤੇ, ਜਦੋਂ ਯਿਸੂ ਯਾਕੂਬ, ਯੂਹੰਨਾ, ਅਤੇ ਪਤਰਸ ਦੇ ਸਾਮ੍ਹਣੇ ਰੂਪਾਂਤ੍ਰਿਤ ਹੋਇਆ ਸੀ, ਤਾਂ ਉਨ੍ਹਾਂ ਨੇ ਪਰਮੇਸ਼ੁਰ ਨੂੰ ਇਹ ਐਲਾਨ ਕਰਦੇ ਹੋਏ ਸੁਣਿਆ: “ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ। ਉਹ ਦੀ ਸੁਣੋ।” ਅਤੇ ਹੁਣ, ਤੀਜੀ ਵਾਰੀ, ਨੀਸਾਨ 10 ਨੂੰ, ਯਿਸੂ ਦੀ ਮੌਤ ਤੋਂ ਚਾਰ ਦਿਨ ਪਹਿਲਾਂ, ਪਰਮੇਸ਼ੁਰ ਦੀ ਆਵਾਜ਼ ਆਦਮੀਆਂ ਦੁਆਰਾ ਫਿਰ ਸੁਣੀ ਜਾਂਦੀ ਹੈ। ਪਰੰਤੂ ਇਸ ਵਾਰੀ ਯਹੋਵਾਹ ਇੰਜ ਬੋਲਦਾ ਹੈ ਤਾਂਕਿ ਭੀੜ ਸੁਣ ਸਕੇ!
ਯਿਸੂ ਸਮਝਾਉਂਦਾ ਹੈ: “ਇਹ ਸ਼ਬਦ ਮੇਰੇ ਲਈ ਨਹੀਂ ਪਰ ਤੁਹਾਡੇ ਲਈ ਆਇਆ ਹੈ।” ਇਹ ਸਬੂਤ ਦਿੰਦਾ ਹੈ ਕਿ ਯਿਸੂ, ਸੱਚ-ਮੁੱਚ ਹੀ ਪਰਮੇਸ਼ੁਰ ਦਾ ਪੁੱਤਰ, ਅਰਥਾਤ ਵਾਅਦਾ ਕੀਤਾ ਹੋਇਆ ਮਸੀਹਾ ਹੈ। “ਹੁਣ ਇਸ ਜਗਤ ਦਾ ਨਿਆਉਂ ਹੁੰਦਾ ਹੈ,” ਯਿਸੂ ਅੱਗੇ ਕਹਿੰਦਾ ਹੈ, “ਹੁਣ ਇਸ ਜਗਤ ਦਾ ਸਰਦਾਰ ਬਾਹਰ ਕੱਢਿਆ ਜਾਵੇਗਾ।” ਅਸਲ ਵਿਚ, ਯਿਸੂ ਦਾ ਵਫ਼ਾਦਾਰੀ ਨਾਲ ਬਿਤਾਇਆ ਜੀਵਨ ਪੁਸ਼ਟੀ ਕਰਦਾ ਹੈ ਕਿ ਸ਼ਤਾਨ ਅਰਥਾਤ ਇਬਲੀਸ, ਇਸ ਜਗਤ ਦਾ ਸਰਦਾਰ, ‘ਬਾਹਰ ਕੱਢੇ,’ ਅਰਥਾਤ ਨਾਸ਼ ਕੀਤੇ ਜਾਣ ਦੇ ਯੋਗ ਹੈ।
ਆਪਣੀ ਨਜ਼ਦੀਕ ਆ ਰਹੀ ਮੌਤ ਦੇ ਨਤੀਜਿਆਂ ਵੱਲ ਸੰਕੇਤ ਕਰਦੇ ਹੋਏ ਯਿਸੂ ਕਹਿੰਦਾ ਹੈ: “ਅਰ ਮੈਂ ਜੇ ਧਰਤੀ ਉੱਤੋਂ ਉੱਚਾ ਕੀਤਾ ਜਾਵਾਂ ਤਾਂ ਸਾਰਿਆਂ ਨੂੰ ਆਪਣੀ ਵੱਲ ਖਿੱਚਾਂਗਾ।” ਉਸ ਦੀ ਮੌਤ ਕਿਸੇ ਵੀ ਤਰ੍ਹਾਂ ਇਕ ਹਾਰ ਨਹੀਂ ਹੈ, ਕਿਉਂਕਿ ਇਸ ਦੇ ਜ਼ਰੀਏ, ਉਹ ਦੂਜਿਆਂ ਨੂੰ ਆਪਣੇ ਵੱਲ ਖਿੱਚੇਗਾ ਤਾਂਕਿ ਉਹ ਸਦੀਪਕ ਜੀਵਨ ਦਾ ਆਨੰਦ ਮਾਣ ਸਕਣ।
ਪਰੰਤੂ ਭੀੜ ਵਿਰੋਧ ਕਰਦੀ ਹੈ: “ਅਸਾਂ ਸ਼ਰਾ ਵਿੱਚੋਂ ਸੁਣਿਆ ਹੈ ਜੋ ਮਸੀਹ ਸਦਾ ਰਹੂ। ਫੇਰ ਤੂੰ ਕਿੱਕੁਰ ਆਖਦਾ ਹੈਂ ਭਈ ਮਨੁੱਖ ਦੇ ਪੁੱਤ੍ਰ ਦਾ ਉੱਚਾ ਕੀਤਾ ਜਾਣਾ ਜ਼ਰੂਰ ਹੈ? ਇਹ ਮਨੁੱਖ ਦਾ ਪੁੱਤ੍ਰ ਕੌਣ ਹੈ?”
ਸਾਰੇ ਸਬੂਤ ਦੇ ਬਾਵਜੂਦ ਵੀ, ਜਿਸ ਵਿਚ ਪਰਮੇਸ਼ੁਰ ਦੀ ਆਪਣੀ ਆਵਾਜ਼ ਦਾ ਸੁਣਨਾ ਵੀ ਸ਼ਾਮਲ ਹੈ, ਜ਼ਿਆਦਾਤਰ ਲੋਕ ਵਿਸ਼ਵਾਸ ਨਹੀਂ ਕਰਦੇ ਹਨ ਕਿ ਯਿਸੂ ਹੀ ਸੱਚਾ ਮਨੁੱਖ ਦਾ ਪੁੱਤਰ, ਅਰਥਾਤ ਵਾਅਦਾ ਕੀਤਾ ਹੋਇਆ ਮਸੀਹਾ ਹੈ। ਫਿਰ ਵੀ, ਜਿਵੇਂ ਉਸ ਨੇ ਛੇ ਮਹੀਨੇ ਪਹਿਲਾਂ ਡੇਰਿਆਂ ਦੇ ਪਰਬ ਤੇ ਕੀਤਾ ਸੀ, ਯਿਸੂ ਆਪਣੇ ਆਪ ਨੂੰ ਫਿਰ “ਚਾਨਣ” ਦੇ ਤੌਰ ਤੇ ਜ਼ਿਕਰ ਕਰਦਾ ਹੈ ਅਤੇ ਆਪਣੇ ਸੁਣਨ ਵਾਲਿਆਂ ਨੂੰ ਉਤਸ਼ਾਹ ਦਿੰਦਾ ਹੈ: “ਜਿੰਨਾ ਚਿਰ ਚਾਨਣ ਤੁਹਾਡੇ ਨਾਲ ਹੈ ਚਾਨਣ ਉੱਤੇ ਨਿਹਚਾ ਕਰੋ ਤਾਂ ਜੋ ਤੁਸੀਂ ਚਾਨਣ ਦੇ ਪੁੱਤ੍ਰ ਹੋਵੋ।” ਇਹ ਗੱਲਾਂ ਕਹਿਣ ਤੋਂ ਬਾਅਦ, ਯਿਸੂ ਜਾ ਕੇ ਛੁਪ ਜਾਂਦਾ ਹੈ, ਕਿਉਂਕਿ ਸਪੱਸ਼ਟ ਹੈ ਕਿ ਉਸ ਦੀ ਜ਼ਿੰਦਗੀ ਖ਼ਤਰੇ ਵਿਚ ਹੈ।
ਯਿਸੂ ਉੱਤੇ ਯਹੂਦੀਆਂ ਦੀ ਨਿਹਚਾ ਦੀ ਘਾਟ ਯਸਾਯਾਹ ਦੇ ਇਨ੍ਹਾਂ ਸ਼ਬਦਾਂ ਦੀ ਪੂਰਤੀ ਕਰਦੀ ਹੈ ਕਿ ‘ਲੋਕਾਂ ਦੀਆਂ ਅੱਖਾਂ ਅੰਨ੍ਹੀਆਂ ਅਤੇ ਉਨ੍ਹਾਂ ਦੇ ਦਿਲ ਕਠੋਰ ਹੋ ਗਏ ਹਨ ਇਸ ਲਈ ਉਹ ਚੰਗੇ ਹੋਣ ਨੂੰ ਨਹੀਂ ਮੁੜਦੇ ਹਨ।’ ਯਸਾਯਾਹ ਨੇ ਦਰਸ਼ਨ ਵਿਚ ਯਹੋਵਾਹ ਦੀ ਸਵਰਗੀ ਅਦਾਲਤ ਨੂੰ ਦੇਖਿਆ, ਜਿਸ ਵਿਚ ਯਿਸੂ ਯਹੋਵਾਹ ਦੇ ਨਾਲ ਆਪਣੀ ਪੂਰਵ-ਮਾਨਵੀ ਮਹਿਮਾ ਵਿਚ ਹੈ। ਫਿਰ ਵੀ, ਯਸਾਯਾਹ ਦੁਆਰਾ ਲਿਖੀਆਂ ਹੋਈਆਂ ਗੱਲਾਂ ਦੀ ਪੂਰਤੀ ਵਿਚ, ਯਹੂਦੀਆਂ ਨੇ ਜ਼ਿੱਦ ਨਾਲ ਇਸ ਸਬੂਤ ਨੂੰ ਰੱਦ ਕਰ ਦਿੱਤਾ ਕਿ ਇਹੋ ਹੀ ਉਨ੍ਹਾਂ ਦਾ ਵਾਅਦਾ ਕੀਤਾ ਹੋਇਆ ਮੁਕਤੀਦਾਤਾ ਹੈ।
ਦੂਜੇ ਪਾਸੇ, ਸ਼ਾਸਕਾਂ (ਸਪੱਸ਼ਟ ਤੌਰ ਤੇ ਯਹੂਦੀ ਉੱਚ ਅਦਾਲਤ, ਅਰਥਾਤ ਮਹਾਸਭਾ ਦੇ ਸਦੱਸਾਂ) ਵਿੱਚੋਂ ਵੀ ਬਹੁਤ ਸਾਰਿਆਂ ਨੇ ਅਸਲ ਵਿਚ ਯਿਸੂ ਉੱਤੇ ਨਿਹਚਾ ਰੱਖੀ। ਨਿਕੁਦੇਮੁਸ ਅਤੇ ਅਰਿਮਥੈਆ ਸ਼ਹਿਰ ਦਾ ਯੂਸੁਫ਼ ਇਨ੍ਹਾਂ ਸ਼ਾਸਕਾਂ ਵਿੱਚੋਂ ਦੋ ਹਨ। ਪਰੰਤੂ ਘੱਟੋ-ਘੱਟ ਇਸ ਸਮੇਂ ਲਈ, ਇਹ ਸ਼ਾਸਕ ਮਹਾਸਭਾ ਵਿੱਚੋਂ ਆਪਣੀਆਂ ਪਦਵੀਆਂ ਤੋਂ ਕੱਢੇ ਜਾਣ ਦੇ ਡਰ ਕਰਕੇ ਆਪਣੀ ਨਿਹਚਾ ਦਾ ਐਲਾਨ ਕਰਨ ਤੋਂ ਚੁੱਕ ਜਾਂਦੇ ਹਨ। ਅਜਿਹੇ ਵਿਅਕਤੀ ਕਿੰਨਾ ਕੁਝ ਖੋਹ ਦਿੰਦੇ ਹਨ!
ਯਿਸੂ ਅੱਗੇ ਟਿੱਪਣੀ ਕਰਦਾ ਹੈ: “ਜਿਹੜਾ ਮੇਰੇ ਉੱਤੇ ਨਿਹਚਾ ਕਰਦਾ ਹੈ ਉਹ ਮੇਰੇ ਉੱਤੇ ਨਹੀਂ ਸਗੋਂ ਉਸ ਉੱਤੇ ਨਿਹਚਾ ਕਰਦਾ ਹੈ ਜਿਨ ਮੈਨੂੰ ਘੱਲਿਆ। ਅਰ ਜੋ ਮੈਨੂੰ ਵੇਖਦਾ ਹੈ ਸੋ ਉਹ ਨੂੰ ਵੇਖਦਾ ਹੈ ਜਿਨ ਮੈਨੂੰ ਘੱਲਿਆ। . . . ਅਰ ਜੇ ਕੋਈ ਮੇਰੀਆਂ ਗੱਲਾਂ ਸੁਣੇ ਅਤੇ ਨਾ ਮੰਨੇ ਤਾਂ ਮੈਂ ਉਹ ਨੂੰ ਦੋਸ਼ੀ ਨਹੀਂ ਠਹਿਰਾਉਂਦਾ ਕਿਉਂ ਜੋ ਮੈਂ ਜਗਤ ਨੂੰ ਦੋਸ਼ੀ ਠਹਿਰਾਉਣ ਨਹੀਂ ਸਗੋਂ ਜਗਤ ਨੂੰ ਬਚਾਉਣ ਆਇਆ ਹਾਂ। . . . ਜਿਹੜਾ ਬਚਨ ਮੈਂ ਕਿਹਾ ਓਹੀਓ ਅੰਤ ਦੇ ਦਿਨ ਉਸ ਨੂੰ ਦੋਸ਼ੀ ਠਹਿਰਾਵੇਗਾ।”
ਮਨੁੱਖਜਾਤੀ ਦੇ ਸੰਸਾਰ ਲਈ ਯਹੋਵਾਹ ਦੇ ਪਿਆਰ ਨੇ ਉਸ ਨੂੰ ਯਿਸੂ ਨੂੰ ਭੇਜਣ ਲਈ ਪ੍ਰੇਰਿਤ ਕੀਤਾ ਤਾਂਕਿ ਜੋ ਕੋਈ ਉਸ ਉੱਤੇ ਨਿਹਚਾ ਕਰੇ, ਉਹ ਬਚਾਏ ਜਾਣ। ਲੋਕੀ ਬਚਾਏ ਜਾਣਗੇ ਜਾਂ ਨਹੀਂ, ਇਹ ਇਸ ਤੋਂ ਨਿਸ਼ਚਿਤ ਕੀਤਾ ਜਾਵੇਗਾ ਕਿ ਉਹ ਉਨ੍ਹਾਂ ਗੱਲਾਂ, ਜਿਨ੍ਹਾਂ ਦੀ ਪਰਮੇਸ਼ੁਰ ਨੇ ਯਿਸੂ ਨੂੰ ਬੋਲਣ ਦੀ ਹਿਦਾਇਤ ਦਿੱਤੀ ਸੀ, ਦੀ ਪਾਲਣਾ ਕਰਦੇ ਹਨ ਜਾਂ ਨਹੀਂ। ਨਿਆਉਂ, “ਅੰਤ ਦੇ ਦਿਨ” ਵਿਚ ਮਸੀਹ ਦੇ ਹਜ਼ਾਰ ਵਰ੍ਹੇ ਦੇ ਰਾਜ ਦੌਰਾਨ ਕੀਤਾ ਜਾਵੇਗਾ।
ਯਿਸੂ ਇਹ ਕਹਿੰਦੇ ਹੋਏ ਸਮਾਪਤ ਕਰਦਾ ਹੈ: “ਮੈਂ ਆਪ ਤੋਂ ਨਹੀਂ ਬੋਲਿਆ ਪਰ ਪਿਤਾ ਜਿਨ ਮੈਨੂੰ ਘੱਲਿਆ ਉਸੇ ਨੇ ਮੈਨੂੰ ਹੁਕਮ ਦਿੱਤਾ ਭਈ ਮੈਂ ਕੀ ਬਚਨ ਕਰਾਂ ਅਤੇ ਕੀ ਬੋਲਾਂ। ਅਰ ਮੈਂ ਜਾਣਦਾ ਹਾਂ ਕਿ ਉਹ ਦਾ ਬਚਨ ਸਦੀਪਕ ਜੀਉਣ ਹੈ। ਇਸ ਕਾਰਨ ਮੈਂ ਜੋ ਕੁਝ ਬੋਲਦਾ ਹਾਂ ਸੋ ਜਿਵੇਂ ਪਿਤਾ ਨੇ ਮੈਨੂੰ ਆਖਿਆ ਹੈ ਤਿਵੇਂ ਬੋਲਦਾ ਹਾਂ।” ਯੂਹੰਨਾ 12:28-50; 19:38, 39; ਮੱਤੀ 3:17; 17:5; ਯਸਾਯਾਹ 6:1, 8-10.
▪ ਕਿਹੜੇ ਤਿੰਨ ਮੌਕਿਆਂ ਤੇ ਯਿਸੂ ਦੇ ਸੰਬੰਧ ਵਿਚ ਪਰਮੇਸ਼ੁਰ ਦੀ ਆਵਾਜ਼ ਸੁਣੀ ਗਈ ਸੀ?
▪ ਨਬੀ ਯਸਾਯਾਹ ਨੇ ਕਿਸ ਤਰ੍ਹਾਂ ਯਿਸੂ ਦੀ ਮਹਿਮਾ ਦੇਖੀ?
▪ ਉਹ ਸ਼ਾਸਕ ਕੌਣ ਹਨ ਜਿਨ੍ਹਾਂ ਨੇ ਯਿਸੂ ਉੱਤੇ ਨਿਹਚਾ ਰੱਖੀ, ਪਰੰਤੂ ਉਹ ਉਸ ਨੂੰ ਖੁਲ੍ਹੇਆਮ ਕਿਉਂ ਨਹੀਂ ਕਬੂਲ ਕਰਦੇ ਹਨ?
▪ ‘ਅੰਤ ਦਾ ਦਿਨ’ ਕੀ ਹੈ, ਅਤੇ ਉਸ ਸਮੇਂ ਲੋਕਾਂ ਦਾ ਕਿਸ ਆਧਾਰ ਤੇ ਨਿਆਉਂ ਕੀਤਾ ਜਾਵੇਗਾ?