ਯਸਾਯਾਹ
6 ਜਿਸ ਸਾਲ ਰਾਜਾ ਉਜ਼ੀਯਾਹ ਦੀ ਮੌਤ ਹੋਈ,+ ਮੈਂ ਯਹੋਵਾਹ ਨੂੰ ਉੱਚੇ ਅਤੇ ਬੁਲੰਦ ਸਿੰਘਾਸਣ ਉੱਤੇ ਬੈਠਾ ਦੇਖਿਆ+ ਅਤੇ ਉਸ ਦੇ ਕੱਪੜੇ ਦੇ ਘੇਰੇ ਨਾਲ ਮੰਦਰ ਭਰਿਆ ਹੋਇਆ ਸੀ। 2 ਸਰਾਫ਼ੀਮ ਉਸ ਦੀ ਹਜ਼ੂਰੀ ਵਿਚ ਖੜ੍ਹੇ ਸਨ; ਹਰੇਕ ਦੇ ਛੇ ਖੰਭ ਸਨ। ਹਰੇਕ* ਦੋ ਖੰਭਾਂ ਨਾਲ ਆਪਣਾ ਮੂੰਹ ਢਕਦਾ ਸੀ ਤੇ ਦੋ ਨਾਲ ਆਪਣੇ ਪੈਰ ਢਕਦਾ ਸੀ ਅਤੇ ਦੋ ਖੰਭਾਂ ਨਾਲ ਉੱਡਦਾ ਸੀ।
3 ਉਨ੍ਹਾਂ ਨੇ ਇਕ-ਦੂਜੇ ਨੂੰ ਪੁਕਾਰ ਕੇ ਕਿਹਾ:
“ਸੈਨਾਵਾਂ ਦਾ ਯਹੋਵਾਹ ਪਵਿੱਤਰ, ਪਵਿੱਤਰ, ਪਵਿੱਤਰ ਹੈ।+
ਸਾਰੀ ਧਰਤੀ ਉਸ ਦੀ ਮਹਿਮਾ ਨਾਲ ਭਰੀ ਹੋਈ ਹੈ।”
4 ਉਨ੍ਹਾਂ ਦੀ ਉੱਚੀ ਪੁਕਾਰ ਨਾਲ* ਦਹਿਲੀਜ਼ ਦੀਆਂ ਚੂਲਾਂ ਹਿੱਲ ਗਈਆਂ ਅਤੇ ਭਵਨ ਧੂੰਏਂ ਨਾਲ ਭਰ ਗਿਆ।+
5 ਫਿਰ ਮੈਂ ਕਿਹਾ: “ਹਾਇ ਮੇਰੇ ਉੱਤੇ!
ਹੁਣ ਨਹੀਂ ਮੈਂ ਬਚਦਾ*
ਕਿਉਂਕਿ ਮੈਂ ਅਸ਼ੁੱਧ ਬੁੱਲ੍ਹਾਂ ਵਾਲਾ ਹਾਂ
ਅਤੇ ਅਸ਼ੁੱਧ ਬੁੱਲ੍ਹਾਂ ਵਾਲੇ ਲੋਕਾਂ ਵਿਚ ਵੱਸਦਾ ਹਾਂ;+
ਮੇਰੀਆਂ ਅੱਖਾਂ ਨੇ ਮਹਾਰਾਜ ਨੂੰ, ਹਾਂ, ਸੈਨਾਵਾਂ ਦੇ ਯਹੋਵਾਹ ਨੂੰ ਦੇਖ ਲਿਆ ਹੈ!”
6 ਉਸੇ ਵੇਲੇ ਇਕ ਸਰਾਫ਼ੀਮ ਉੱਡ ਕੇ ਮੇਰੇ ਕੋਲ ਆਇਆ ਅਤੇ ਉਸ ਦੇ ਹੱਥ ਵਿਚ ਇਕ ਭਖਦਾ ਹੋਇਆ ਕੋਲਾ ਸੀ+ ਜੋ ਉਸ ਨੇ ਚਿਮਟੇ ਨਾਲ ਵੇਦੀ ਉੱਤੋਂ ਚੁੱਕਿਆ ਸੀ।+ 7 ਉਸ ਨੇ ਮੇਰੇ ਮੂੰਹ ਨੂੰ ਛੋਹਿਆ ਅਤੇ ਕਿਹਾ:
“ਦੇਖ, ਇਸ ਨੇ ਤੇਰੇ ਬੁੱਲ੍ਹਾਂ ਨੂੰ ਛੋਹ ਲਿਆ ਹੈ!
ਤੇਰਾ ਅਪਰਾਧ ਮਿਟਾ ਦਿੱਤਾ ਗਿਆ ਹੈ
ਅਤੇ ਤੇਰਾ ਪਾਪ ਮਾਫ਼ ਕਰ ਦਿੱਤਾ ਗਿਆ ਹੈ।”
8 ਫਿਰ ਮੈਂ ਯਹੋਵਾਹ ਦੀ ਆਵਾਜ਼ ਇਹ ਕਹਿੰਦਿਆਂ ਸੁਣੀ: “ਮੈਂ ਕਿਸ ਨੂੰ ਘੱਲਾਂ ਅਤੇ ਕੌਣ ਸਾਡੇ ਲਈ ਜਾਵੇਗਾ?”+ ਅਤੇ ਮੈਂ ਕਿਹਾ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ!”+
9 ਉਸ ਨੇ ਜਵਾਬ ਦਿੱਤਾ, “ਜਾਹ ਤੇ ਇਸ ਪਰਜਾ ਨੂੰ ਕਹਿ:
‘ਤੁਸੀਂ ਵਾਰ-ਵਾਰ ਸੁਣੋਗੇ,
ਪਰ ਤੁਸੀਂ ਸਮਝੋਗੇ ਨਹੀਂ;
ਤੁਸੀਂ ਵਾਰ-ਵਾਰ ਦੇਖੋਗੇ,
ਪਰ ਤੁਹਾਨੂੰ ਕੁਝ ਵੀ ਪਤਾ ਨਹੀਂ ਲੱਗੇਗਾ।’+
10 ਉਨ੍ਹਾਂ ਲੋਕਾਂ ਦੇ ਮਨ ਸੁੰਨ ਕਰ ਦੇ,+
ਉਨ੍ਹਾਂ ਦੇ ਕੰਨ ਬੋਲ਼ੇ ਕਰ ਦੇ+
ਅਤੇ ਉਨ੍ਹਾਂ ਦੀਆਂ ਅੱਖਾਂ ਬੰਦ ਕਰ ਦੇ
ਤਾਂਕਿ ਉਹ ਆਪਣੀਆਂ ਅੱਖਾਂ ਨਾਲ ਦੇਖ ਨਾ ਸਕਣ,
ਨਾ ਆਪਣੇ ਕੰਨਾਂ ਨਾਲ ਸੁਣ ਸਕਣ
ਤਾਂਕਿ ਉਨ੍ਹਾਂ ਦਾ ਦਿਲ ਸਮਝ ਨਾ ਸਕੇ
ਅਤੇ ਉਹ ਮੁੜ ਨਾ ਆਉਣ ਤੇ ਚੰਗੇ ਨਾ ਹੋ ਜਾਣ।”+
11 ਇਹ ਸੁਣ ਕੇ ਮੈਂ ਕਿਹਾ: “ਹੇ ਯਹੋਵਾਹ, ਕਦੋਂ ਤਕ?” ਫਿਰ ਉਸ ਨੇ ਕਿਹਾ:
“ਜਦ ਤਕ ਸ਼ਹਿਰ ਖੰਡਰ ਤੇ ਬੇਅਬਾਦ ਨਾ ਹੋ ਜਾਣ,
ਜਦ ਤਕ ਘਰ ਸੁੰਨੇ ਨਾ ਹੋ ਜਾਣ
ਅਤੇ ਦੇਸ਼ ਤਬਾਹ ਤੇ ਵੀਰਾਨ ਨਾ ਹੋ ਜਾਵੇ;+
12 ਜਦ ਤਕ ਯਹੋਵਾਹ ਆਦਮੀਆਂ ਨੂੰ ਦੂਰ ਨਾ ਕਰ ਦੇਵੇ+
ਅਤੇ ਦੇਸ਼ ਦੇ ਬਹੁਤੇ ਇਲਾਕੇ ਉਜਾੜ-ਬੀਆਬਾਨ ਨਾ ਹੋ ਜਾਣ।
13 “ਪਰ ਇਸ ਵਿਚ ਦਸਵਾਂ ਹਿੱਸਾ ਹਾਲੇ ਵੀ ਹੋਵੇਗਾ ਅਤੇ ਇਸ ਨੂੰ ਦੁਬਾਰਾ ਸਾੜਿਆ ਜਾਵੇਗਾ ਜਿਵੇਂ ਇਕ ਵੱਡੇ ਦਰਖ਼ਤ ਅਤੇ ਬਲੂਤ ਦੇ ਦਰਖ਼ਤ ਨੂੰ ਸਾੜਿਆ ਜਾਂਦਾ ਹੈ ਜਿਨ੍ਹਾਂ ਨੂੰ ਕੱਟਣ ਤੋਂ ਬਾਅਦ ਮੁੱਢ ਹੀ ਬਚਦਾ ਹੈ; ਇਕ ਪਵਿੱਤਰ ਬੀ* ਇਸ ਦਾ ਮੁੱਢ ਹੋਵੇਗਾ।”