ਗਿਆਰ੍ਹਵਾਂ ਅਧਿਆਇ
“ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ”
1, 2. (ੳ) ਯਹੂਦੀ ਲੋਕਾਂ ਨੇ ਪਰਮੇਸ਼ੁਰ ਦੀ ਕਿਹੜੀ ਸਲਾਹ ਨਹੀਂ ਮੰਨੀ ਸੀ, ਅਤੇ ਇਸ ਦਾ ਸਿੱਟਾ ਕੀ ਨਿਕਲਿਆ ਸੀ? (ਅ) ਯਹੋਵਾਹ ਨੇ ਇਹ ਕਿਉਂ ਪੁੱਛਿਆ ਸੀ ਕਿ “ਤਿਆਗ ਪੱਤ੍ਰੀ ਕਿੱਥੇ ਹੈ”?
‘ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, ਨਾ ਆਦਮ ਵੰਸ ਉੱਤੇ, ਜਿਹ ਦੇ ਕੋਲ ਬਚਾਓ ਹੈ ਨਹੀਂ। ਧੰਨ ਉਹ ਹੈ ਜਿਹ ਦਾ ਸਹਾਇਕ ਯਾਕੂਬ ਦਾ ਪਰਮੇਸ਼ੁਰ ਹੈ, ਜਿਹ ਦੀ ਆਸਾ ਯਹੋਵਾਹ ਆਪਣੇ ਪਰਮੇਸ਼ੁਰ ਉੱਤੇ ਹੈ! ਉਹ ਨੇ ਅਕਾਸ਼ ਤੇ ਧਰਤੀ ਨੂੰ ਬਣਾਇਆ।’ (ਜ਼ਬੂਰ 146:3-6) ਕਾਸ਼ ਕਿ ਯਸਾਯਾਹ ਦੇ ਜ਼ਮਾਨੇ ਦੇ ਯਹੂਦੀਆਂ ਨੇ ਜ਼ਬੂਰਾਂ ਦੇ ਲਿਖਾਰੀ ਦੀ ਸਲਾਹ ਮੰਨੀ ਹੁੰਦੀ! ਕਾਸ਼ ਕਿ ਉਨ੍ਹਾਂ ਨੇ ਆਪਣਾ ਭਰੋਸਾ ਮਿਸਰ ਜਾਂ ਹੋਰ ਕਿਸੇ ਮੂਰਤੀ-ਪੂਜਕ ਕੌਮ ਦੀ ਬਜਾਇ ‘ਯਾਕੂਬ ਦੇ ਪਰਮੇਸ਼ੁਰ’ ਉੱਤੇ ਰੱਖਿਆ ਹੁੰਦਾ! ਫਿਰ ਜਦੋਂ ਯਹੂਦਾਹ ਦੇ ਵੈਰੀ ਉਸ ਦੇ ਵਿਰੁੱਧ ਆਉਂਦੇ, ਤਾਂ ਯਹੋਵਾਹ ਉਸ ਦੀ ਰੱਖਿਆ ਕਰਦਾ। ਪਰ ਯਹੂਦਾਹ ਨੇ ਯਹੋਵਾਹ ਤੋਂ ਮਦਦ ਨਹੀਂ ਮੰਗੀ। ਸਿੱਟੇ ਵਜੋਂ, ਯਹੋਵਾਹ ਨੇ ਯਰੂਸ਼ਲਮ ਦਾ ਨਾਸ਼ ਹੋਣ ਦਿੱਤਾ ਅਤੇ ਉਸ ਦੇ ਵਾਸੀਆਂ ਨੂੰ ਬਾਬਲ ਦੀ ਗ਼ੁਲਾਮੀ ਵਿਚ ਜਾਣ ਦਿੱਤਾ।
2 ਯਹੂਦਾਹ ਆਪਣੀ ਹਾਲਤ ਲਈ ਕਿਸੇ ਹੋਰ ਨੂੰ ਉਲਾਹਮਾ ਨਹੀਂ ਦੇ ਸਕਦਾ ਸੀ। ਉਹ ਇਹ ਦਾਅਵਾ ਨਹੀਂ ਕਰ ਸਕਦਾ ਸੀ ਕਿ ਉਸ ਦਾ ਨਾਸ਼ ਇਸ ਲਈ ਹੋਇਆ ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਧੋਖਾ ਦੇ ਕੇ ਉਨ੍ਹਾਂ ਨਾਲ ਆਪਣਾ ਨੇਮ ਤੋੜਿਆ ਸੀ। ਸਿਰਜਣਹਾਰ ਨੇਮ ਤੋੜਨ ਵਾਲਾ ਨਹੀਂ ਹੈ। (ਯਿਰਮਿਯਾਹ 31:32; ਦਾਨੀਏਲ 9:27; ਪਰਕਾਸ਼ ਦੀ ਪੋਥੀ 15:4) ਇਸ ਗੱਲ ਉੱਤੇ ਜ਼ੋਰ ਦੇਣ ਲਈ ਯਹੋਵਾਹ ਨੇ ਯਹੂਦੀਆਂ ਨੂੰ ਪੁੱਛਿਆ: “ਤੁਹਾਡੀ ਮਾਂ ਦੀ ਤਿਆਗ ਪੱਤ੍ਰੀ ਕਿੱਥੇ ਹੈ, ਜਿਹ ਦੇ ਨਾਲ ਮੈਂ ਉਹ ਨੂੰ ਛੱਡਿਆ?” (ਯਸਾਯਾਹ 50:1ੳ) ਮੂਸਾ ਦੀ ਬਿਵਸਥਾ ਅਨੁਸਾਰ ਜਿਹੜਾ ਆਦਮੀ ਆਪਣੀ ਪਤਨੀ ਨੂੰ ਤਲਾਕ ਦਿੰਦਾ ਸੀ ਉਸ ਨੂੰ ਤਿਆਗ ਪੱਤਰੀ ਲਿਖ ਕੇ ਦੇਣੀ ਪੈਂਦੀ ਸੀ। ਇਸ ਤਰ੍ਹਾਂ ਉਹ ਕਿਸੇ ਹੋਰ ਆਦਮੀ ਦੀ ਪਤਨੀ ਬਣ ਸਕਦੀ ਸੀ। (ਬਿਵਸਥਾ ਸਾਰ 24:1, 2) ਕਿਹਾ ਜਾ ਸਕਦਾ ਸੀ ਕਿ ਯਹੋਵਾਹ ਨੇ ਅਜਿਹੀ ਪੱਤਰੀ ਯਹੂਦਾਹ ਦੀ ਭੈਣ, ਯਾਨੀ ਇਸਰਾਏਲ ਨੂੰ ਦਿੱਤੀ ਸੀ ਪਰ ਯਹੂਦਾਹ ਨੂੰ ਨਹੀਂ।a ਉਹ ਅਜੇ ਵੀ ਉਸ ਦਾ “ਮਾਲਕ” ਸੀ। (ਯਿਰਮਿਯਾਹ 3:8, 14) ਯਹੂਦਾਹ ਮੂਰਤੀ-ਪੂਜਕ ਕੌਮਾਂ ਨਾਲ ਦੋਸਤੀ ਕਰਨ ਲਈ ਆਜ਼ਾਦ ਨਹੀਂ ਸੀ। ਉਸ ਨਾਲ ਯਹੋਵਾਹ ਦਾ ਰਿਸ਼ਤਾ ਉਦੋਂ ਤਕ ਰਹਿਣਾ ਸੀ ‘ਜਦ ਤੀਕ ਸ਼ਾਂਤੀ ਦਾਤਾ ਮਸੀਹਾ ਨਾ ਆਉਂਦਾ।’—ਉਤਪਤ 49:10.
3. ਯਹੋਵਾਹ ਨੇ ਆਪਣੇ ਲੋਕ ਕਿਉਂ “ਵੇਚੇ” ਸਨ?
3 ਯਹੋਵਾਹ ਨੇ ਯਹੂਦਾਹ ਨੂੰ ਇਹ ਵੀ ਪੁੱਛਿਆ ਕਿ “ਮੈਂ ਆਪਣੇ ਕਿਹੜੇ ਲੈਣਦਾਰ ਕੋਲ ਤੁਹਾਨੂੰ ਵੇਚ ਦਿੱਤਾ?” (ਯਸਾਯਾਹ 50:1ਅ) ਯਹੂਦੀ ਬਾਬਲ ਦੀ ਗ਼ੁਲਾਮੀ ਵਿਚ ਇਸ ਲਈ ਨਹੀਂ ਗਏ ਸਨ ਕਿਉਂਕਿ ਯਹੋਵਾਹ ਨੇ ਕੋਈ ਕਰਜ਼ਾ ਭਰਨਾ ਸੀ। ਯਹੋਵਾਹ ਇਕ ਗ਼ਰੀਬ ਇਸਰਾਏਲੀ ਵਰਗਾ ਨਹੀਂ ਸੀ ਜਿਸ ਨੂੰ ਹਿਸਾਬ-ਕਿਤਾਬ ਚੁਕਾਉਣ ਲਈ ਕਿਸੇ ਲੈਣਦਾਰ ਨੂੰ ਆਪਣੇ ਬੱਚੇ ਵੇਚਨੇ ਪੈਣੇ ਸਨ। (ਕੂਚ 21:7) ਯਹੋਵਾਹ ਨੇ ਆਪਣੇ ਲੋਕਾਂ ਦੇ ਗ਼ੁਲਾਮ ਬਣਨ ਦਾ ਅਸਲੀ ਕਾਰਨ ਦੱਸਿਆ: “ਵੇਖੋ, ਤੁਸੀਂ ਆਪਣੀਆਂ ਬਦੀਆਂ ਦੇ ਕਾਰਨ ਵੇਚੇ ਗਏ, ਅਤੇ ਤੁਹਾਡੇ ਅਪਰਾਧਾਂ ਦੇ ਕਾਰਨ ਤੁਹਾਡੀ ਮਾਂ ਕੱਢੀ ਗਈ।” (ਯਸਾਯਾਹ 50:1ੲ) ਯਹੋਵਾਹ ਨੇ ਉਨ੍ਹਾਂ ਨੂੰ ਨਹੀਂ ਛੱਡਿਆ ਸੀ ਸਗੋਂ ਯਹੂਦੀ ਲੋਕਾਂ ਨੇ ਯਹੋਵਾਹ ਨੂੰ ਛੱਡਿਆ ਸੀ।
4, 5. ਯਹੋਵਾਹ ਨੇ ਆਪਣੇ ਲੋਕਾਂ ਨਾਲ ਪਿਆਰ ਕਿਵੇਂ ਕੀਤਾ ਸੀ, ਪਰ ਯਹੂਦਾਹ ਨੇ ਕੀ ਕੀਤਾ ਸੀ?
4 ਯਹੋਵਾਹ ਦੇ ਅਗਲੇ ਸਵਾਲ ਤੋਂ ਉਸ ਦਾ ਪਿਆਰ ਸਾਫ਼-ਸਾਫ਼ ਪ੍ਰਗਟ ਹੁੰਦਾ ਹੈ: “ਜਦ ਮੈਂ ਆਇਆ, ਤਾਂ ਕਿਉਂ ਕੋਈ ਮਨੁੱਖ ਨਹੀਂ ਸੀ? ਜਦ ਮੈਂ ਪੁਕਾਰਿਆ ਤਾਂ ਕਿਉਂ ਕੋਈ ਉੱਤਰ ਦੇਣ ਵਾਲਾ ਨਹੀਂ ਸੀ?” (ਯਸਾਯਾਹ 50:2ੳ) ਇਹ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਨੇ ਆਪਣੇ ਨਬੀਆਂ ਰਾਹੀਂ ਲੋਕਾਂ ਕੋਲ ਆ ਕੇ ਮਿੰਨਤ ਕੀਤੀ ਸੀ ਕਿ ਉਹ ਪੂਰੇ ਦਿਲ ਨਾਲ ਉਸ ਵੱਲ ਵਾਪਸ ਮੁੜ ਪੈਣ। ਪਰ ਉਸ ਨੂੰ ਕੋਈ ਜਵਾਬ ਨਹੀਂ ਮਿਲਿਆ ਸੀ। ਯਹੂਦੀ ਲੋਕ ਮਨੁੱਖਾਂ ਤੋਂ ਮਦਦ ਲੈਣੀ ਪਸੰਦ ਕਰਦੇ ਸਨ, ਇੱਥੋਂ ਤਕ ਕਿ ਉਨ੍ਹਾਂ ਨੇ ਮਿਸਰ ਤੋਂ ਵੀ ਕਈ ਵਾਰ ਮਦਦ ਮੰਗੀ ਸੀ।—ਯਸਾਯਾਹ 30:2; 31:1-3; ਯਿਰਮਿਯਾਹ 37:5-7.
5 ਕੀ ਯਹੋਵਾਹ ਦੀ ਬਜਾਇ ਮਿਸਰ ਯਹੂਦੀਆਂ ਨੂੰ ਬਚਾ ਸਕਦਾ ਸੀ? ਇਸ ਤਰ੍ਹਾਂ ਲੱਗਦਾ ਸੀ ਕਿ ਇਹ ਬੇਵਫ਼ਾ ਯਹੂਦੀ ਉਹ ਘਟਨਾਵਾਂ ਭੁੱਲ ਗਏ ਸਨ ਜੋ ਸਦੀਆਂ ਪਹਿਲਾਂ ਹੋਈਆਂ ਸਨ ਜਦੋਂ ਉਨ੍ਹਾਂ ਦੀ ਕੌਮ ਬਣਨ ਵਾਲੀ ਸੀ। ਯਹੋਵਾਹ ਨੇ ਉਨ੍ਹਾਂ ਨੂੰ ਪੁੱਛਿਆ: “ਭਲਾ, ਮੇਰਾ ਹੱਥ ਐਡਾ ਛੋਟਾ ਹੋ ਗਿਆ ਜੋ ਛੁਟਕਾਰਾ ਦੇਣ ਜੋਗ ਨਾ ਰਿਹਾ, ਯਾ ਛੁਡਾਉਣ ਦੀ ਮੇਰੀ ਕੋਈ ਸਮਰਥ ਨਹੀਂ ਰਹੀ? ਵੇਖੋ, ਮੈਂ ਆਪਣੀ ਘੁਰਕੀ ਨਾਲ ਸਮੁੰਦਰ ਨੂੰ ਸੁਕਾ ਦਿੰਦਾ, ਮੈਂ ਨਦੀਆਂ ਨੂੰ ਉਜਾੜ ਬਣਾ ਦਿੰਦਾ, ਉਨ੍ਹਾਂ ਦੀਆਂ ਮੱਛੀਆਂ ਪਾਣੀ ਦੇ ਨਾ ਹੋਣ ਕਰਕੇ ਬੁਸ ਜਾਂਦੀਆਂ ਹਨ, ਓਹ ਤਿਹਾਈਆਂ ਮਰ ਜਾਂਦੀਆਂ ਹਨ। ਮੈਂ ਅਕਾਸ਼ ਨੂੰ ਕਾਲਕ ਪਹਿਨਾਉਂਦਾ ਹਾਂ, ਅਤੇ ਓਹਨਾਂ ਦੇ ਓੜ੍ਹਨ ਲਈ ਤੱਪੜ ਪੁਆਉਂਦਾ ਹਾਂ।”—ਯਸਾਯਾਹ 50:2ਅ, 3.
6, 7. ਯਹੋਵਾਹ ਨੇ ਇਸਰਾਏਲੀਆਂ ਨੂੰ ਮਿਸਰੀਆਂ ਤੋਂ ਬਚਾਉਣ ਲਈ ਆਪਣੀ ਸ਼ਕਤੀ ਕਿਵੇਂ ਵਰਤੀ ਸੀ?
6 ਸੰਨ 1513 ਸਾ.ਯੁ.ਪੂ. ਵਿਚ ਮਿਸਰ ਪਰਮੇਸ਼ੁਰ ਦੇ ਲੋਕਾਂ ਦਾ ਬਚਾਉਣ ਵਾਲਾ ਸਾਬਤ ਨਹੀਂ ਹੋਇਆ ਜਿਸ ਦੀ ਉਨ੍ਹਾਂ ਨੂੰ ਆਸ਼ਾ ਸੀ, ਸਗੋਂ ਉਸ ਨੇ ਉਨ੍ਹਾਂ ਨੂੰ ਸਤਾਇਆ। ਇਸਰਾਏਲੀ ਉਸ ਮੂਰਤੀ-ਪੂਜਕ ਦੇਸ਼ ਵਿਚ ਗ਼ੁਲਾਮ ਸਨ। ਪਰ ਯਹੋਵਾਹ ਨੇ ਉਨ੍ਹਾਂ ਨੂੰ ਕਿੰਨੇ ਵਧੀਆ ਢੰਗ ਨਾਲ ਬਚਾਇਆ ਸੀ! ਪਹਿਲਾਂ ਉਸ ਨੇ ਦੇਸ਼ ਉੱਤੇ ਦਸ ਬਿਪਤਾਵਾਂ ਲਿਆਂਦੀਆਂ। ਦਸਵੀਂ ਬਿਪਤਾ ਤੋਂ ਬਾਅਦ, ਮਿਸਰ ਦੇ ਫ਼ਿਰਊਨ ਨੇ ਇਸਰਾਏਲੀਆਂ ਨੂੰ ਦੇਸ਼ ਛੱਡ ਕੇ ਚਲੇ ਜਾਣ ਲਈ ਕਿਹਾ ਸੀ। (ਕੂਚ 7:14–12:31) ਪਰ ਇਸ ਤੋਂ ਥੋੜ੍ਹੀ ਦੇਰ ਬਾਅਦ, ਫ਼ਿਰਊਨ ਦਾ ਇਰਾਦਾ ਬਦਲ ਗਿਆ ਅਤੇ ਉਸ ਨੇ ਇਸਰਾਏਲੀਆਂ ਨੂੰ ਮਿਸਰ ਵਾਪਸ ਲਿਆਉਣਾ ਚਾਹਿਆ। ਉਸ ਨੇ ਆਪਣੀ ਫ਼ੌਜ ਇਕੱਠੀ ਕਰ ਕੇ ਉਨ੍ਹਾਂ ਦਾ ਪਿੱਛਾ ਕੀਤਾ। (ਕੂਚ 14:5-9) ਇਸਰਾਏਲੀਆਂ ਦੇ ਪਿੱਛੇ ਮਿਸਰੀ ਫ਼ੌਜੀ ਸਨ ਅਤੇ ਉਨ੍ਹਾਂ ਦੇ ਅੱਗੇ ਲਾਲ ਸਮੁੰਦਰ ਸੀ। ਉਹ ਫਸ ਗਏ ਸਨ! ਪਰ ਯਹੋਵਾਹ ਲੜਨ ਲਈ ਉਨ੍ਹਾਂ ਦੇ ਨਾਲ ਸੀ।
7 ਯਹੋਵਾਹ ਨੇ ਮਿਸਰੀਆਂ ਅਤੇ ਇਸਰਾਏਲੀਆਂ ਦੇ ਵਿਚਕਾਰ ਬੱਦਲ ਦਾ ਥੰਮ੍ਹ ਰੱਖ ਕੇ ਮਿਸਰੀ ਫ਼ੌਜ ਨੂੰ ਰੋਕ ਦਿੱਤਾ ਸੀ। ਮਿਸਰੀਆਂ ਦੇ ਪਾਸੇ ਬੱਦਲ ਅਤੇ ਹਨੇਰਾ ਸੀ, ਪਰ ਇਸਰਾਏਲੀਆਂ ਦੇ ਪਾਸੇ ਚਾਨਣ ਸੀ। (ਕੂਚ 14:20) ਮਿਸਰੀ ਫ਼ੌਜ ਨੂੰ ਰੋਕਣ ਤੋਂ ਬਾਅਦ ਯਹੋਵਾਹ ਨੇ “ਤੇਜ ਪੁਰੇ ਦੀ ਹਵਾ ਸਾਰੀ ਰਾਤ ਵਗਾ ਕੇ ਸਮੁੰਦਰ ਨੂੰ ਪਿੱਛੇ ਹੱਟਾ ਦਿੱਤਾ ਅਤੇ ਸਮੁੰਦਰ ਨੂੰ ਸੁਕਾ ਦਿੱਤਾ।” (ਕੂਚ 14:21) ਜਦੋਂ ਪਾਣੀ ਦੇ ਦੋ ਭਾਗ ਹੋ ਗਏ ਤਾਂ ਸਾਰਿਆਂ ਆਦਮੀਆਂ, ਔਰਤਾਂ, ਅਤੇ ਬੱਚਿਆਂ ਨੇ ਲਾਲ ਸਮੁੰਦਰ ਸਹੀ-ਸਲਾਮਤ ਪਾਰ ਕੀਤਾ। ਜਦੋਂ ਇਸਰਾਏਲੀ ਸਮੁੰਦਰ ਦੇ ਦੂਜੇ ਕਿਨਾਰੇ ਪਹੁੰਚਣ ਵਾਲੇ ਹੀ ਸਨ, ਯਹੋਵਾਹ ਨੇ ਬੱਦਲ ਹਟਾ ਦਿੱਤਾ। ਮਿਸਰੀ ਉਨ੍ਹਾਂ ਦਾ ਫਟਾਫਟ ਪਿੱਛਾ ਕਰਦੇ ਹੋਏ ਸਮੁੰਦਰ ਦੇ ਤਲ ਉੱਤੇ ਚੱਲ ਪਏ। ਜਦੋਂ ਯਹੋਵਾਹ ਦੇ ਲੋਕ ਕਿਨਾਰੇ ਤੇ ਸਹੀ-ਸਲਾਮਤ ਪਹੁੰਚ ਗਏ, ਤਾਂ ਯਹੋਵਾਹ ਨੇ ਪਾਣੀ ਛੱਡ ਦਿੱਤੇ ਅਤੇ ਫ਼ਿਰਊਨ ਅਤੇ ਉਸ ਦੀਆਂ ਫ਼ੌਜਾਂ ਡੁੱਬ ਗਈਆਂ। ਇਸ ਤਰ੍ਹਾਂ ਯਹੋਵਾਹ ਆਪਣੇ ਲੋਕਾਂ ਲਈ ਲੜਿਆ। ਅੱਜ ਮਸੀਹੀਆਂ ਨੂੰ ਇਸ ਤੋਂ ਕਿੰਨਾ ਹੌਸਲਾ ਮਿਲਦਾ ਹੈ!—ਕੂਚ 14:23-28.
8. ਯਹੂਦਾਹ ਦੇ ਵਾਸੀ ਕਿਨ੍ਹਾਂ ਚੇਤਾਵਨੀਆਂ ਵੱਲ ਧਿਆਨ ਨਾ ਦੇਣ ਕਰਕੇ ਗ਼ੁਲਾਮ ਬਣੇ ਸਨ?
8 ਮਿਸਰੀਆਂ ਉੱਤੇ ਪਰਮੇਸ਼ੁਰ ਦੀ ਇਹ ਜਿੱਤ ਯਸਾਯਾਹ ਦੇ ਜ਼ਮਾਨੇ ਤੋਂ 700 ਸਾਲ ਪਹਿਲਾਂ ਹੋਈ ਸੀ। ਹੁਣ ਯਹੂਦਾਹ ਖ਼ੁਦ ਇਕ ਕੌਮ ਸੀ। ਸਮੇਂ-ਸਮੇਂ ਤੇ ਯਹੂਦਾਹ ਦੀ ਕੌਮ ਅੱਸ਼ੂਰ ਅਤੇ ਮਿਸਰ ਵਰਗੀਆਂ ਵਿਦੇਸ਼ੀ ਹਕੂਮਤਾਂ ਨਾਲ ਰਾਜਦੂਤਾਂ ਰਾਹੀਂ ਸਮਝੌਤੇ ਵੀ ਕਰਦੀ ਸੀ। ਪਰ ਇਨ੍ਹਾਂ ਮੂਰਤੀ-ਪੂਜਕ ਕੌਮਾਂ ਉੱਤੇ ਭਰੋਸਾ ਨਹੀਂ ਰੱਖਿਆ ਜਾ ਸਕਦਾ ਸੀ। ਉਹ ਹਮੇਸ਼ਾ ਯਹੂਦਾਹ ਨਾਲ ਕੀਤੇ ਗਏ ਇਕਰਾਰਨਾਮਿਆਂ ਨੂੰ ਨਿਭਾਉਣ ਦੇ ਬਾਵਜੂਦ ਆਪਣਾ ਫ਼ਾਇਦਾ ਭਾਲਦੀਆਂ ਸਨ। ਯਹੋਵਾਹ ਦਾ ਨਾਂ ਲੈ ਕੇ ਗੱਲ ਕਰਨ ਵਾਲੇ ਨਬੀਆਂ ਨੇ ਚੇਤਾਵਨੀ ਦਿੱਤੀ ਸੀ ਕਿ ਲੋਕ ਆਪਣਾ ਭਰੋਸਾ ਅਜਿਹੇ ਬੰਦਿਆਂ ਉੱਤੇ ਨਾ ਰੱਖਣ, ਪਰ ਲੋਕਾਂ ਨੇ ਨਬੀਆਂ ਦੀਆਂ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਸੀ। ਅਖ਼ੀਰ ਵਿਚ ਯਹੂਦੀ ਲੋਕ ਬਾਬਲ ਨੂੰ ਗ਼ੁਲਾਮ ਬਣਾ ਕੇ ਲਿਜਾਏ ਗਏ ਅਤੇ ਉੱਥੇ ਉਨ੍ਹਾਂ ਨੇ 70 ਸਾਲ ਬਾਬਲੀਆਂ ਦੀ ਟਹਿਲ ਕੀਤੀ। (ਯਿਰਮਿਯਾਹ 25:11) ਪਰ ਯਹੋਵਾਹ ਆਪਣੇ ਲੋਕਾਂ ਨੂੰ ਨਹੀਂ ਭੁੱਲਿਆ, ਅਤੇ ਨਾ ਹੀ ਉਸ ਨੇ ਉਨ੍ਹਾਂ ਨੂੰ ਹਮੇਸ਼ਾ ਲਈ ਤਿਆਗ ਦਿੱਤਾ ਸੀ। ਠਹਿਰਾਏ ਗਏ ਸਮੇਂ ਤੇ ਉਸ ਨੇ ਉਨ੍ਹਾਂ ਨੂੰ ਯਾਦ ਕੀਤਾ ਅਤੇ ਸ਼ੁੱਧ ਉਪਾਸਨਾ ਦੁਬਾਰਾ ਕਾਇਮ ਕਰਨ ਲਈ ਉਨ੍ਹਾਂ ਵਾਸਤੇ ਆਪਣੇ ਵਤਨ ਵਾਪਸ ਮੁੜਨ ਦਾ ਰਾਹ ਖੋਲ੍ਹਿਆ ਸੀ। ਇਸ ਦਾ ਕਾਰਨ ਕੀ ਸੀ? ਇਹੋ ਕਿ ਉਹ ਸ਼ਾਂਤੀ ਦਾਤੇ ਦੇ ਆਉਣ ਲਈ ਤਿਆਰੀ ਕਰਨ ਜਿਸ ਪ੍ਰਤੀ ਸਾਰੇ ਲੋਕ ਆਗਿਆਕਾਰ ਹੋਣਗੇ!
ਸ਼ਾਂਤੀ ਦਾਤਾ ਆਇਆ
9. ਸ਼ਾਂਤੀ ਦਾਤਾ ਕੌਣ ਸੀ, ਅਤੇ ਉਹ ਕਿਹੋ ਜਿਹਾ ਗੁਰੂ ਸੀ?
9 ਉਸ ਸਮੇਂ ਤੋਂ ਸਦੀਆਂ ਬਾਅਦ ਜਦੋਂ “ਸਮਾ ਪੂਰਾ ਹੋਇਆ,” ਤਾਂ ਸ਼ਾਂਤੀ ਦਾਤਾ, ਪ੍ਰਭੂ ਯਿਸੂ ਮਸੀਹ ਧਰਤੀ ਉੱਤੇ ਪੈਦਾ ਹੋਇਆ ਸੀ। (ਗਲਾਤੀਆਂ 4:4; ਇਬਰਾਨੀਆਂ 1:1, 2) ਯਹੋਵਾਹ ਨੇ ਆਪਣੇ ਸਭ ਤੋਂ ਨਜ਼ਦੀਕੀ ਸਾਥੀ ਨੂੰ ਯਹੂਦੀਆਂ ਕੋਲ ਇਕ ਪ੍ਰਚਾਰਕ ਵਜੋਂ ਭੇਜਿਆ ਅਤੇ ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਨਾਲ ਕਿੰਨਾ ਪਿਆਰ ਕਰਦਾ ਸੀ। ਯਿਸੂ ਕਿਸ ਤਰ੍ਹਾਂ ਦਾ ਪ੍ਰਚਾਰਕ ਸੀ? ਸਭ ਤੋਂ ਵਧੀਆ! ਉਹ ਸਿਰਫ਼ ਪ੍ਰਚਾਰ ਹੀ ਨਹੀਂ ਕਰਦਾ ਸੀ ਪਰ ਉਹ ਸਿਖਾਉਂਦਾ ਵੀ ਸੀ। ਉਸ ਨੂੰ ਮਹਾਗੁਰੂ ਸੱਦਿਆ ਗਿਆ ਸੀ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਸੀ ਕਿਉਂਕਿ ਉਸ ਦਾ ਗੁਰੂ ਖ਼ੁਦ ਯਹੋਵਾਹ ਪਰਮੇਸ਼ੁਰ ਸੀ। (ਯੂਹੰਨਾ 5:30; 6:45; 7:15, 16, 46; 8:26) ਇਹ ਗੱਲ ਭਵਿੱਖਬਾਣੀ ਤੋਂ ਵੀ ਸਾਬਤ ਹੁੰਦੀ ਹੈ ਜਦੋਂ ਯਸਾਯਾਹ ਰਾਹੀਂ ਯਿਸੂ ਨੇ ਕਿਹਾ: “ਪ੍ਰਭੁ ਯਹੋਵਾਹ ਨੇ ਮੈਨੂੰ ਚੇਲਿਆਂ ਦੀ ਜ਼ਬਾਨ ਦਿੱਤੀ, ਭਈ ਮੈਂ ਜਾਣਾਂ ਕਿ ਹੁੱਸੇ ਹੋਏ ਨੂੰ ਕਿਵੇਂ ਬਚਨ ਨਾਲ ਸਹਾਇਤਾ ਦੇਵਾਂ, ਉਹ ਮੈਨੂੰ ਸਵੇਰੇ ਸਵੇਰੇ ਜਗਾਉਂਦਾ, ਉਹ ਮੇਰੇ ਕੰਨਾਂ ਨੂੰ ਜਗਾਉਂਦਾ ਹੈ, ਭਈ ਮੈਂ ਚੇਲਿਆਂ ਵਾਂਙੁ ਸੁਣਾਂ।”—ਯਸਾਯਾਹ 50:4.b
10. ਯਹੋਵਾਹ ਦੀ ਤਰ੍ਹਾਂ ਯਿਸੂ ਨੇ ਲੋਕਾਂ ਨਾਲ ਪਿਆਰ ਕਿਵੇਂ ਕੀਤਾ ਸੀ, ਪਰ ਲੋਕਾਂ ਨੇ ਕੀ ਕੀਤਾ ਸੀ?
10 ਧਰਤੀ ਉੱਤੇ ਆਉਣ ਤੋਂ ਪਹਿਲਾਂ ਯਿਸੂ ਆਪਣੇ ਪਿਤਾ ਦੇ ਨਾਲ ਸਵਰਗ ਵਿਚ ਕੰਮ ਕਰਦਾ ਹੁੰਦਾ ਸੀ। ਕਹਾਉਤਾਂ 8:30 ਵਿਚ ਪਿਓ-ਪੁੱਤਰ ਦੇ ਪਿਆਰੇ ਰਿਸ਼ਤੇ ਬਾਰੇ ਗੱਲ ਕੀਤੀ ਗਈ ਹੈ: ‘ਮੈਂ ਰਾਜ ਮਿਸਤਰੀ ਦੇ ਸਮਾਨ ਯਹੋਵਾਹ ਦੇ ਨਾਲ ਹੈਸਾਂ, ਮੈਂ ਸਦਾ ਉਹ ਦੇ ਅੱਗੇ ਖੇਡਦਾ ਰਹਿੰਦਾ ਸੀ।’ ਆਪਣੇ ਪਿਤਾ ਦੀਆਂ ਗੱਲਾਂ ਸੁਣ ਕੇ ਯਿਸੂ ਨੂੰ ਬੜੀ ਖ਼ੁਸ਼ੀ ਹੁੰਦੀ ਸੀ। ਆਪਣੇ ਪਿਤਾ ਵਾਂਗ ਉਹ ਵੀ “ਆਦਮ ਵੰਸੀਆਂ” ਨਾਲ ਪਿਆਰ ਕਰਦਾ ਸੀ। (ਕਹਾਉਤਾਂ 8:31) ਯਿਸੂ ਨੇ ਧਰਤੀ ਉੱਤੇ ਆ ਕੇ ‘ਹੁੱਸੇ ਹੋਏ ਨੂੰ ਬਚਨ ਨਾਲ’ ਸਹਾਇਤਾ ਦਿੱਤੀ ਸੀ। ਉਸ ਨੇ ਯਸਾਯਾਹ ਦੀ ਭਵਿੱਖਬਾਣੀ ਤੋਂ ਦਿਲਾਸਾ-ਭਰੇ ਸ਼ਬਦ ਪੜ੍ਹ ਕੇ ਆਪਣੀ ਸੇਵਕਾਈ ਸ਼ੁਰੂ ਕੀਤੀ ਸੀ: “ਪ੍ਰਭੁ ਦਾ ਆਤਮਾ ਮੇਰੇ ਉੱਤੇ ਹੈ, ਇਸ ਲਈ ਜੋ ਉਹ ਨੇ ਮੈਨੂੰ ਮਸਹ ਕੀਤਾ ਭਈ ਗਰੀਬਾਂ ਨੂੰ ਖੁਸ਼ ਖਬਰੀ ਸੁਣਾਵਾਂ . . . ਤੇ ਕੁਚਲਿਆਂ ਹੋਇਆਂ ਨੂੰ ਛੁਡਾਵਾਂ।” (ਲੂਕਾ 4:18; ਯਸਾਯਾਹ 61:1) ਗ਼ਰੀਬਾਂ ਲਈ ਖ਼ੁਸ਼ ਖ਼ਬਰੀ! ਥੱਕੇ ਹੋਇਆਂ ਲਈ ਤਾਜ਼ਗੀ! ਇਸ ਤੋਂ ਲੋਕਾਂ ਨੂੰ ਕਿੰਨੇ ਖ਼ੁਸ਼ ਹੋਣਾ ਚਾਹੀਦਾ ਸੀ! ਪਰ ਕੁਝ ਹੀ ਲੋਕ ਖ਼ੁਸ਼ ਹੋਏ ਸਨ, ਸਾਰੇ ਨਹੀਂ। ਅਖ਼ੀਰ ਵਿਚ ਕਈਆਂ ਨੇ ਇਹ ਸਵੀਕਾਰ ਨਹੀਂ ਕੀਤਾ ਕਿ ਯਿਸੂ ਯਹੋਵਾਹ ਦਾ ਚੇਲਾ ਸੀ।
11. ਯਿਸੂ ਦੇ ਜੂਲੇ ਹੇਠ ਕੌਣ ਆਉਂਦੇ ਹਨ ਅਤੇ ਇਸ ਤੋਂ ਉਨ੍ਹਾਂ ਨੂੰ ਕੀ ਮਿਲਦਾ ਹੈ?
11 ਪਰ ਕੁਝ ਲੋਕਾਂ ਨੇ ਯਿਸੂ ਤੋਂ ਹੋਰ ਸੁਣਨਾ ਚਾਹਿਆ ਸੀ। ਉਨ੍ਹਾਂ ਨੇ ਖ਼ੁਸ਼ੀ ਨਾਲ ਯਿਸੂ ਦੇ ਸੱਦੇ ਨੂੰ ਸਵੀਕਾਰ ਕੀਤਾ ਕਿ “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ। ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ।” (ਮੱਤੀ 11:28, 29) ਯਿਸੂ ਕੋਲ ਆਉਣ ਵਾਲਿਆਂ ਵਿਚ ਉਹ ਬੰਦੇ ਵੀ ਸ਼ਾਮਲ ਸਨ ਜੋ ਬਾਅਦ ਵਿਚ ਉਸ ਦੇ ਰਸੂਲ ਬਣੇ। ਉਹ ਜਾਣਦੇ ਸਨ ਕਿ ਯਿਸੂ ਦਾ ਜੂਲਾ ਆਪਣੇ ਉੱਤੇ ਲੈਣ ਦਾ ਮਤਲਬ ਸੀ ਕਿ ਉਨ੍ਹਾਂ ਨੂੰ ਬਹੁਤ ਕੰਮ ਕਰਨਾ ਪਵੇਗਾ। ਇਸ ਕੰਮ ਵਿਚ ਸਾਰੀ ਧਰਤੀ ਉੱਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸ਼ਾਮਲ ਸੀ। (ਮੱਤੀ 24:14) ਜਿਉਂ ਹੀ ਰਸੂਲ ਅਤੇ ਹੋਰ ਚੇਲੇ ਇਸ ਕੰਮ ਵਿਚ ਲੱਗੇ, ਉਨ੍ਹਾਂ ਨੇ ਆਪਣਿਆਂ ਜੀਆਂ ਵਿਚ ਆਰਾਮ ਜ਼ਰੂਰ ਪਾਇਆ ਸੀ। ਅੱਜ ਵੀ ਵਫ਼ਾਦਾਰ ਮਸੀਹੀ ਇਹ ਕੰਮ ਕਰ ਰਹੇ ਹਨ, ਅਤੇ ਉਸ ਵਿਚ ਹਿੱਸਾ ਲੈ ਕੇ ਉਨ੍ਹਾਂ ਨੂੰ ਵੀ ਖ਼ੁਸ਼ੀ ਮਿਲਦੀ ਹੈ।
ਉਹ ਆਕੀ ਨਹੀਂ ਹੋਇਆ
12. ਯਿਸੂ ਨੇ ਕਿਨ੍ਹਾਂ ਤਰੀਕਿਆਂ ਵਿਚ ਦਿਖਾਇਆ ਕਿ ਉਹ ਆਪਣੇ ਸਵਰਗੀ ਪਿਤਾ ਦੇ ਆਗਿਆਕਾਰ ਸੀ?
12 ਯਿਸੂ ਇਹ ਕਦੀ ਵੀ ਨਹੀਂ ਭੁੱਲਿਆ ਕਿ ਉਹ ਧਰਤੀ ਉੱਤੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਲਈ ਆਇਆ ਸੀ। ਉਸ ਦੇ ਨਜ਼ਰੀਏ ਬਾਰੇ ਭਵਿੱਖਬਾਣੀ ਕੀਤੀ ਗਈ ਸੀ: “ਪ੍ਰਭੁ ਯਹੋਵਾਹ ਨੇ ਮੇਰੇ ਕੰਨ ਖੋਲ੍ਹੇ, ਤਾਂ ਮੈਂ ਨਾ ਆਕੀ ਹੋਇਆ ਨਾ ਪਿੱਛੇ ਹਟਿਆ।” (ਯਸਾਯਾਹ 50:5) ਯਿਸੂ ਹਮੇਸ਼ਾ ਪਰਮੇਸ਼ੁਰ ਦੇ ਆਗਿਆਕਾਰ ਰਿਹਾ ਸੀ। ਦਰਅਸਲ ਉਸ ਨੇ ਕਿਹਾ ਸੀ ਕਿ ‘ਪੁੱਤ੍ਰ ਆਪ ਤੋਂ ਕੁਝ ਨਹੀਂ ਕਰ ਸੱਕਦਾ ਪਰ ਜੋ ਕੁਝ ਉਹ ਪਿਤਾ ਨੂੰ ਕਰਦਿਆਂ ਵੇਖਦਾ ਹੈ ਉਹ ਓਵੇਂ ਹੀ ਕਰਦਾ ਹੈ।’ (ਯੂਹੰਨਾ 5:19) ਧਰਤੀ ਉੱਤੇ ਆਉਣ ਤੋਂ ਪਹਿਲਾਂ ਯਿਸੂ ਨੇ ਆਪਣੇ ਪਿਤਾ ਦੇ ਨਾਲ ਸ਼ਾਇਦ ਲੱਖਾਂ ਜਾਂ ਅਰਬਾਂ ਹੀ ਸਾਲਾਂ ਲਈ ਕੰਮ ਕੀਤਾ ਹੋਵੇਗਾ। ਅਤੇ ਧਰਤੀ ਉੱਤੇ ਆ ਕੇ ਵੀ ਉਹ ਯਹੋਵਾਹ ਦੀ ਅਗਵਾਈ ਅਧੀਨ ਸੇਵਾ ਕਰਦਾ ਰਿਹਾ। ਮਸੀਹ ਦੇ ਅਪੂਰਣ ਚੇਲਿਆਂ ਵਜੋਂ ਸਾਨੂੰ ਕਿੰਨਾ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਵੀ ਯਹੋਵਾਹ ਦੀ ਅਗਵਾਈ ਅਧੀਨ ਚੱਲੀਏ!
13. ਭਵਿੱਖਬਾਣੀ ਅਨੁਸਾਰ ਯਿਸੂ ਨਾਲ ਕੀ-ਕੀ ਹੋਣਾ ਸੀ, ਪਰ ਉਸ ਨੇ ਹਿੰਮਤ ਕਿਵੇਂ ਦਿਖਾਈ ਸੀ?
13 ਯਹੋਵਾਹ ਦੇ ਇਕਲੌਤੇ ਪੁੱਤਰ ਨੂੰ ਰੱਦ ਕਰਨ ਵਾਲਿਆਂ ਕੁਝ ਲੋਕਾਂ ਨੇ ਉਸ ਨੂੰ ਸਤਾਇਆ ਵੀ ਸੀ ਅਤੇ ਇਸ ਬਾਰੇ ਵੀ ਭਵਿੱਖਬਾਣੀ ਕੀਤੀ ਗਈ ਸੀ: “ਮੈਂ ਆਪਣੀ ਪਿੱਠ ਮਾਰਨ ਵਾਲਿਆਂ ਨੂੰ, ਅਤੇ ਆਪਣੀਆਂ ਗੱਲ੍ਹਾਂ ਦਾੜ੍ਹੀ ਪੁੱਟਣ ਵਾਲਿਆਂ ਨੂੰ ਦਿੱਤੀਆਂ, ਮੈਂ ਆਪਣਾ ਮੂੰਹ ਸ਼ਰਮ ਅਰ ਥੁੱਕ ਤੋਂ ਨਾ ਲੁਕਾਇਆ।” (ਯਸਾਯਾਹ 50:6) ਭਵਿੱਖਬਾਣੀ ਦੇ ਅਨੁਸਾਰ ਮਸੀਹਾ ਨੂੰ ਵਿਰੋਧੀਆਂ ਦੇ ਹੱਥੀਂ ਦੁੱਖ ਅਤੇ ਅਪਮਾਨ ਝੱਲਣੇ ਪੈਣੇ ਸਨ। ਯਿਸੂ ਇਹ ਜਾਣਦਾ ਸੀ। ਉਹ ਇਹ ਵੀ ਜਾਣਦਾ ਸੀ ਕਿ ਇਹ ਜ਼ੁਲਮ ਕਿਸ ਹੱਦ ਤਕ ਕੀਤੇ ਜਾਣੇ ਸਨ। ਫਿਰ ਵੀ ਧਰਤੀ ਉੱਤੇ ਜਿਉਂ ਹੀ ਉਸ ਦਾ ਸਮਾਂ ਖ਼ਤਮ ਹੁੰਦਾ ਗਿਆ, ਉਹ ਡਰਿਆ ਨਹੀਂ ਸੀ। ਉਹ ਪੱਕੇ ਇਰਾਦੇ ਨਾਲ ਯਰੂਸ਼ਲਮ ਨੂੰ ਗਿਆ, ਜਿੱਥੇ ਉਸ ਨੂੰ ਜਾਨੋਂ ਮਾਰਿਆ ਜਾਣਾ ਸੀ। ਰਸਤੇ ਵਿਚ ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ: “ਵੇਖੋ ਅਸੀਂ ਯਰੂਸ਼ਲਮ ਨੂੰ ਜਾਂਦੇ ਹਾਂ ਅਤੇ ਮਨੁੱਖ ਦਾ ਪੁੱਤ੍ਰ ਪਰਧਾਨ ਜਾਜਕਾਂ ਅਤੇ ਗ੍ਰੰਥੀਆਂ ਦੇ ਹੱਥ ਫੜਵਾਇਆ ਜਾਵੇਗਾ ਅਤੇ ਓਹ ਉਸ ਨੂੰ ਮਾਰ ਸੁੱਟਣ ਦਾ ਹੁਕਮ ਦੇਣਗੇ ਅਰ ਉਸ ਨੂੰ ਪਰਾਈਆਂ ਕੌਮਾਂ ਦੇ ਹਵਾਲੇ ਕਰਨਗੇ। ਓਹ ਉਸ ਨੂੰ ਠੱਠੇ ਕਰਨਗੇ ਅਤੇ ਉਸ ਉੱਤੇ ਥੁੱਕਣਗੇ ਅਤੇ ਕੋਰੜੇ ਮਾਰਨਗੇ ਅਤੇ ਮਾਰ ਸੁੱਟਣਗੇ ਪਰ ਉਹ ਤਿੰਨਾਂ ਦਿਨਾਂ ਪਿੱਛੋਂ ਫੇਰ ਜੀ ਉੱਠੇਗਾ।” (ਮਰਕੁਸ 10:33, 34) ਇਹ ਸਾਰੀ ਬਦਸਲੂਕੀ ਪ੍ਰਧਾਨ ਜਾਜਕਾਂ ਅਤੇ ਗ੍ਰੰਥੀਆਂ ਨੇ ਉਕਸਾਈ ਸੀ ਜਿਨ੍ਹਾਂ ਨੂੰ ਭਵਿੱਖਬਾਣੀ ਤੋਂ ਪਤਾ ਹੋਣਾ ਚਾਹੀਦਾ ਸੀ ਕਿ ਉਹ ਮਸੀਹਾ ਸੀ।
14, 15. ਯਸਾਯਾਹ ਦੇ ਸ਼ਬਦ ਕਿਵੇਂ ਪੂਰੇ ਹੋਏ ਸਨ ਕਿ ਯਿਸੂ ਨੂੰ ਕੁੱਟਿਆ-ਮਾਰਿਆ ਜਾਵੇਗਾ ਅਤੇ ਉਸ ਦਾ ਅਪਮਾਨ ਕੀਤਾ ਜਾਵੇਗਾ?
14 ਨੀਸਾਨ 14, 33 ਸਾ.ਯੁ. ਦੀ ਰਾਤ ਨੂੰ ਯਿਸੂ ਆਪਣੇ ਕੁਝ ਚੇਲਿਆਂ ਦੇ ਨਾਲ ਗਥਸਮਨੀ ਦੇ ਬਾਗ਼ ਵਿਚ ਸੀ। ਉਹ ਪ੍ਰਾਰਥਨਾ ਕਰ ਰਿਹਾ ਸੀ। ਅਚਾਨਕ ਹੀ ਇਕ ਭੀੜ ਨੇ ਆ ਕੇ ਉਸ ਨੂੰ ਗਿਰਫ਼ਤਾਰ ਕਰ ਲਿਆ। ਪਰ ਉਹ ਡਰਿਆ ਨਹੀਂ। ਉਹ ਜਾਣਦਾ ਸੀ ਕਿ ਯਹੋਵਾਹ ਉਸ ਦੇ ਨਾਲ ਸੀ। ਯਿਸੂ ਨੇ ਆਪਣੇ ਡਰੇ ਹੋਏ ਰਸੂਲਾਂ ਨੂੰ ਭਰੋਸਾ ਦਿਵਾਇਆ ਕਿ ਜੇ ਉਹ ਚਾਹੁੰਦਾ, ਤਾਂ ਉਹ ਆਪਣੇ ਪਿਤਾ ਤੋਂ ਦੂਤਾਂ ਦੀਆਂ ਬਾਰਾਂ ਫ਼ੌਜਾਂ ਮੰਗ ਸਕਦਾ ਸੀ, ਪਰ ਉਸ ਨੇ ਅੱਗੇ ਕਿਹਾ: “ਫੇਰ ਓਹ ਲਿਖਤਾਂ ਭਈ ਅਜਿਹਾ ਹੋਣਾ ਜਰੂਰ ਹੈ ਕਿੱਕੁਰ ਪੂਰੀਆਂ ਹੁੰਦੀਆਂ?”—ਮੱਤੀ 26:36, 47, 53, 54.
15 ਮਸੀਹਾ ਦੇ ਮੁਕੱਦਮਿਆਂ ਅਤੇ ਮੌਤ ਬਾਰੇ ਸਾਰੀਆਂ ਗੱਲਾਂ ਜੋ ਪਹਿਲਾਂ ਦੱਸੀਆਂ ਗਈਆਂ ਸਨ ਪੂਰੀਆਂ ਹੋਈਆਂ। ਮਹਾਸਭਾ ਵਿਚ ਇਕ ਗ਼ੈਰ-ਕਾਨੂੰਨੀ ਮੁਕੱਦਮੇ ਤੋਂ ਬਾਅਦ ਯਿਸੂ ਪੁੰਤਿਯੁਸ ਪਿਲਾਤੁਸ ਦੇ ਸਾਮ੍ਹਣੇ ਖੜ੍ਹਾ ਕੀਤਾ ਗਿਆ, ਜਿਸ ਨੇ ਉਸ ਨੂੰ ਕੋਰੜੇ ਮਰਵਾਏ। ਰੋਮੀ ਫ਼ੌਜੀਆਂ ਨੇ ‘ਉਹ ਦੇ ਸਿਰ ਉੱਤੇ ਕਾਨੇ ਮਾਰੇ ਅਤੇ ਉਸ ਉੱਤੇ ਥੁੱਕਿਆ।’ ਇਸ ਤਰ੍ਹਾਂ ਯਸਾਯਾਹ ਦੇ ਸ਼ਬਦ ਪੂਰੇ ਹੋਏ ਸਨ। (ਮਰਕੁਸ 14:65; 15:19; ਮੱਤੀ 26:67, 68) ਭਾਵੇਂ ਕਿ ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਯਿਸੂ ਦੀ ਦਾੜ੍ਹੀ ਸੱਚ-ਮੁੱਚ ਪੁੱਟੀ ਗਈ ਸੀ, ਸਾਨੂੰ ਪੂਰਾ ਯਕੀਨ ਹੈ ਕਿ ਇਹ ਜ਼ਰੂਰ ਹੋਇਆ ਹੋਵੇਗਾ, ਜਿਵੇਂ ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ। ਯਿਸੂ ਲਈ ਸਖ਼ਤ ਨਫ਼ਰਤ ਦਿਖਾਉਣ ਲਈ ਉਨ੍ਹਾਂ ਨੇ ਇਸ ਤਰ੍ਹਾਂ ਕੀਤਾ ਸੀ।c—ਨਹਮਯਾਹ 13:25.
16. ਬੇਹੱਦ ਦਬਾਅ ਦੇ ਸਾਮ੍ਹਣੇ ਯਿਸੂ ਦਾ ਰਵੱਈਆ ਕੀ ਰਿਹਾ ਸੀ, ਅਤੇ ਉਹ ਸ਼ਰਮਿੰਦਾ ਕਿਉਂ ਨਹੀਂ ਹੋਇਆ ਸੀ?
16 ਜਦੋਂ ਯਿਸੂ ਪਿਲਾਤੁਸ ਦੇ ਸਾਮ੍ਹਣੇ ਖੜ੍ਹਾ ਸੀ, ਉਹ ਆਪਣੀ ਜਾਨ ਦੀ ਭੀਖ ਮੰਗਣ ਦੀ ਬਜਾਇ ਸ਼ਾਂਤ ਰਿਹਾ। ਉਹ ਜਾਣਦਾ ਸੀ ਕਿ ਭਵਿੱਖਬਾਣੀਆਂ ਪੂਰੀਆਂ ਹੋਣ ਲਈ ਉਸ ਨੂੰ ਮਰਨਾ ਪੈਣਾ ਸੀ। ਜਦੋਂ ਇਸ ਰੋਮੀ ਹਾਕਮ ਨੇ ਕਿਹਾ ਕਿ ਉਸ ਕੋਲ ਯਿਸੂ ਨੂੰ ਸਜ਼ਾ-ਏ-ਮੌਤ ਦੇਣ ਜਾਂ ਰਿਹਾ ਕਰਨ ਦੀ ਸ਼ਕਤੀ ਸੀ ਤਾਂ ਯਿਸੂ ਨੇ ਦਲੇਰੀ ਨਾਲ ਜਵਾਬ ਦਿੱਤਾ: “ਜੇ ਤੈਨੂੰ ਇਹ [ਅਧਿਕਾਰ] ਉੱਪਰੋਂ ਨਾ ਦਿੱਤਾ ਜਾਂਦਾ ਤਾਂ ਮੇਰੇ ਉੱਤੇ ਤੇਰਾ ਕੁਝ ਵੱਸ ਨਾ ਚੱਲਦਾ।” (ਯੂਹੰਨਾ 19:11) ਪਿਲਾਤੁਸ ਦੇ ਫ਼ੌਜੀਆਂ ਨੇ ਯਿਸੂ ਨਾਲ ਨਿਰਦਈ ਸਲੂਕ ਕੀਤਾ, ਪਰ ਉਹ ਉਸ ਨੂੰ ਸ਼ਰਮਿੰਦਾ ਨਹੀਂ ਕਰ ਸਕੇ। ਉਸ ਨੂੰ ਸ਼ਰਮਿੰਦਾ ਹੋਣ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਉਸ ਨੇ ਕੋਈ ਪਾਪ ਨਹੀਂ ਸੀ ਕੀਤਾ ਜਿਸ ਕਰਕੇ ਉਸ ਨੂੰ ਸਜ਼ਾ ਭੁਗਤਣ ਦੀ ਲੋੜ ਸੀ। ਸਗੋਂ ਉਹ ਧਾਰਮਿਕਤਾ ਦੀ ਖ਼ਾਤਰ ਸਤਾਇਆ ਜਾ ਰਿਹਾ ਸੀ। ਇਸ ਦੇ ਸੰਬੰਧ ਵਿਚ ਯਸਾਯਾਹ ਦੀ ਭਵਿੱਖਬਾਣੀ ਦੇ ਅਗਲੇ ਸ਼ਬਦ ਵੀ ਪੂਰੇ ਹੋਏ: “ਪ੍ਰਭੁ ਯਹੋਵਾਹ ਮੇਰੀ ਸਹਾਇਤਾ ਕਰਦਾ ਹੈ, ਏਸ ਲਈ ਮੈਂ ਸ਼ਰਮਿੰਦਾ ਨਾ ਹੋਇਆ, ਏਸ ਲਈ ਮੈਂ ਆਪਣਾ ਮੂੰਹ ਚਕ ਮਕ ਵਾਂਙੁ ਬਣਾਇਆ, ਅਤੇ ਮੈਂ ਜਾਣਦਾ ਹਾਂ ਭਈ ਮੈਂ ਲੱਜਿਆਵਾਨ ਨਾ ਹੋਵਾਂਗਾ।”—ਯਸਾਯਾਹ 50:7.
17. ਯਿਸੂ ਦੀ ਸੇਵਕਾਈ ਦੌਰਾਨ ਯਹੋਵਾਹ ਕਿਨ੍ਹਾਂ ਤਰੀਕਿਆਂ ਵਿਚ ਉਸ ਦੇ ਨਾਲ ਸੀ?
17 ਯਿਸੂ ਇਸ ਲਈ ਦਲੇਰ ਸੀ ਕਿਉਂਕਿ ਉਸ ਨੇ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਿਆ ਸੀ। ਉਸ ਦੇ ਰਵੱਈਏ ਤੋਂ ਪਤਾ ਲੱਗਦਾ ਸੀ ਕਿ ਉਹ ਯਸਾਯਾਹ ਦੇ ਸ਼ਬਦਾਂ ਨਾਲ ਪੂਰੀ ਤਰ੍ਹਾਂ ਸਹਿਮਤ ਸੀ: “ਮੇਰਾ ਧਰਮੀ ਠਹਿਰਾਉਣ ਵਾਲਾ ਨੇੜੇ ਹੈ, ਕੌਣ ਮੇਰੇ ਨਾਲ ਝਗੜੇਗਾ? ਅਸੀਂ ਇਕੱਠੇ ਖਲੋ ਜਾਈਏ, ਮੇਰਾ ਮੁਦਈ ਕੌਣ ਹੈ? ਉਹ ਮੇਰੇ ਨੇੜੇ ਆਵੇ! ਵੇਖੋ, ਪ੍ਰਭੁ ਯਹੋਵਾਹ ਮੇਰੀ ਸਹਾਇਤਾ ਕਰਦਾ ਹੈ, ਕੌਣ ਮੈਨੂੰ ਦੋਸ਼ੀ ਠਹਿਰਾਵੇਗਾ? ਵੇਖੋ, ਓਹ ਸਾਰੇ ਕੱਪੜੇ ਵਾਂਙੁ ਪੁਰਾਣੇ ਹੋ ਜਾਣਗੇ, ਕੀੜਾ ਓਹਨਾਂ ਨੂੰ ਖਾ ਜਾਵੇਗਾ।” (ਯਸਾਯਾਹ 50:8, 9) ਯਿਸੂ ਦੇ ਬਪਤਿਸਮੇ ਦੇ ਸਮੇਂ ਯਹੋਵਾਹ ਨੇ ਉਸ ਨੂੰ ਆਪਣੇ ਅਧਿਆਤਮਿਕ ਪੁੱਤਰ ਵਜੋਂ ਧਰਮੀ ਠਹਿਰਾਇਆ ਸੀ। ਦਰਅਸਲ ਉਸ ਮੌਕੇ ਤੇ ਪਰਮੇਸ਼ੁਰ ਦੀ ਆਵਾਜ਼ ਸੁਣਾਈ ਦਿੱਤੀ ਸੀ ਕਿ “ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ।” (ਮੱਤੀ 3:17) ਯਿਸੂ ਦੀ ਮੌਤ ਨੇੜੇ ਜਦੋਂ ਉਸ ਨੇ ਗਥਸਮਨੀ ਦੇ ਬਾਗ਼ ਵਿਚ ਗੋਡੇ ਨਿਵਾ ਕੇ ਪ੍ਰਾਰਥਨਾ ਕੀਤੀ ਸੀ ‘ਸੁਰਗੋਂ ਇੱਕ ਦੂਤ ਨੇ ਉਹ ਨੂੰ ਵਿਖਾਈ ਦੇ ਕੇ ਉਹ ਨੂੰ ਸਹਾਰਾ ਦਿੱਤਾ ਸੀ।’ (ਲੂਕਾ 22:41-43) ਇਸ ਲਈ ਯਿਸੂ ਜਾਣਦਾ ਸੀ ਕਿ ਉਸ ਦਾ ਪਿਤਾ ਉਸ ਨਾਲ ਖ਼ੁਸ਼ ਸੀ। ਪਰਮੇਸ਼ੁਰ ਦੇ ਇਸ ਸੰਪੂਰਣ ਪੁੱਤਰ ਨੇ ਕੋਈ ਪਾਪ ਨਹੀਂ ਕੀਤਾ ਸੀ। (1 ਪਤਰਸ 2:22) ਉਸ ਦੇ ਦੁਸ਼ਮਣਾਂ ਨੇ ਉਸ ਉੱਤੇ ਸਬਤ ਤੋੜਨ ਅਤੇ ਸ਼ਰਾਬੀ ਹੋਣ ਦੇ ਦੋਸ਼ ਲਾਏ ਸਨ ਅਤੇ ਕਿਹਾ ਸੀ ਕਿ ਉਸ ਨੂੰ ਭੂਤ ਚਿੰਬੜਿਆ ਹੋਇਆ ਸੀ, ਪਰ ਯਿਸੂ ਇਨ੍ਹਾਂ ਝੂਠਿਆਂ ਦੋਸ਼ਾਂ ਕਰਕੇ ਬਦਨਾਮ ਨਹੀਂ ਹੋਇਆ ਸੀ। ਪਰਮੇਸ਼ੁਰ ਉਸ ਦੇ ਵੱਲ ਸੀ ਤਾਂ ਫਿਰ ਉਸ ਦੇ ਕੌਣ ਵਿਰੁੱਧ ਹੋ ਸਕਦਾ ਸੀ?—ਲੂਕਾ 7:34; ਯੂਹੰਨਾ 5:18; 7:20; ਰੋਮੀਆਂ 8:31; ਇਬਰਾਨੀਆਂ 12:3.
18, 19. ਮਸਹ ਕੀਤੇ ਹੋਏ ਮਸੀਹੀਆਂ ਨਾਲ ਯਿਸੂ ਵਰਗਾ ਸਲੂਕ ਕਿਵੇਂ ਕੀਤਾ ਗਿਆ ਹੈ?
18 ਯਿਸੂ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਸੀ ਕਿ “ਜੇ ਉਨ੍ਹਾਂ ਮੈਨੂੰ ਸਤਾਇਆ ਤਾਂ ਓਹ ਤੁਹਾਨੂੰ ਵੀ ਸਤਾਉਣਗੇ।” (ਯੂਹੰਨਾ 15:20) ਇਹ ਗੱਲ ਜਲਦੀ ਸੱਚ ਸਾਬਤ ਹੋਈ। ਪੰਤੇਕੁਸਤ 33 ਸਾ.ਯੁ. ਨੂੰ ਪਵਿੱਤਰ ਆਤਮਾ ਯਿਸੂ ਦੇ ਵਫ਼ਾਦਾਰ ਚੇਲਿਆਂ ਉੱਤੇ ਆਈ ਅਤੇ ਮਸੀਹੀ ਕਲੀਸਿਯਾ ਸਥਾਪਿਤ ਹੋਈ। ਇਸ ਤੋਂ ਥੋੜ੍ਹੀ ਦੇਰ ਬਾਅਦ ਧਾਰਮਿਕ ਆਗੂਆਂ ਨੇ ਉਨ੍ਹਾਂ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਦੇ ਪ੍ਰਚਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਦਾ “ਅਬਰਾਹਾਮ ਦੀ ਅੰਸ” ਵਜੋਂ ਯਿਸੂ ਨਾਲ ਸੰਬੰਧ ਸੀ ਅਤੇ ਜੋ ਪਰਮੇਸ਼ੁਰ ਦੇ ਅਧਿਆਤਮਿਕ ਪੁੱਤਰਾਂ ਵਜੋਂ ਅਪਣਾਏ ਗਏ ਸਨ। (ਗਲਾਤੀਆਂ 3:26, 29; 4:5, 6) ਪਹਿਲੀ ਸਦੀ ਤੋਂ ਲੈ ਕੇ ਹੁਣ ਤਕ ਮਸਹ ਕੀਤੇ ਹੋਏ ਮਸੀਹੀ ਧਾਰਮਿਕਤਾ ਲਈ ਦ੍ਰਿੜ੍ਹ ਰਹਿਣ ਦੇ ਨਾਲ-ਨਾਲ ਯਿਸੂ ਦੇ ਦੁਸ਼ਮਣਾਂ ਦੀਆਂ ਝੂਠੀਆਂ ਗੱਲਾਂ ਅਤੇ ਉਨ੍ਹਾਂ ਦੀ ਸਖ਼ਤ ਵਿਰੋਧਤਾ ਦਾ ਵੀ ਸਾਮ੍ਹਣਾ ਕਰਦੇ ਆਏ ਹਨ।
19 ਫਿਰ ਵੀ ਉਨ੍ਹਾਂ ਨੂੰ ਯਿਸੂ ਦੇ ਸ਼ਬਦਾਂ ਤੋਂ ਹੌਸਲਾ ਮਿਲਦਾ ਹੈ: “ਧੰਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ। ਅਨੰਦ ਹੋਵੋ ਅਤੇ ਖ਼ੁਸ਼ੀ ਕਰੋ ਕਿਉਂ ਜੋ ਤੁਹਾਡਾ ਫਲ ਸੁਰਗ ਵਿੱਚ ਬਹੁਤ ਹੈ।” (ਮੱਤੀ 5:11, 12) ਇਸ ਲਈ ਸਭ ਤੋਂ ਸਖ਼ਤ ਹਮਲਿਆਂ ਦੌਰਾਨ ਵੀ ਮਸਹ ਕੀਤੇ ਹੋਏ ਮਸੀਹੀ ਹਾਰ ਨਹੀਂ ਮੰਨਦੇ। ਉਨ੍ਹਾਂ ਦੇ ਵਿਰੋਧੀ ਜੋ ਮਰਜ਼ੀ ਕਹਿਣ, ਮਸੀਹੀ ਜਾਣਦੇ ਹਨ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਧਰਮੀ ਠਹਿਰਾਇਆ ਹੈ। ਉਸ ਦੀ ਨਿਗਾਹ ਵਿਚ ਉਹ “ਨਿਰਦੋਸ਼, ਅਤੇ ਬੇਇਲਜ਼ਾਮ” ਹਨ।—ਕੁਲੁੱਸੀਆਂ 1:21, 22.
20. (ੳ) ਅੱਜ ਮਸਹ ਕੀਤੇ ਹੋਏ ਮਸੀਹੀਆਂ ਦਾ ਸਾਥ ਕੌਣ ਦਿੰਦੇ ਹਨ, ਅਤੇ ਉਨ੍ਹਾਂ ਨਾਲ ਕੀ-ਕੀ ਹੋਇਆ ਹੈ? (ਅ) ‘ਹੋਰ ਭੇਡਾਂ’ ਅਤੇ ਮਸਹ ਕੀਤੇ ਹੋਏ ਮਸੀਹੀ ਚੇਲਿਆਂ ਦੀ ਜ਼ਬਾਨ ਨਾਲ ਕਿਵੇਂ ਬੋਲਦੇ ਹਨ?
20 ਸਾਡੇ ਜ਼ਮਾਨੇ ਵਿਚ ‘ਹੋਰ ਭੇਡਾਂ’ ਦੀ “ਵੱਡੀ ਭੀੜ” ਮਸਹ ਕੀਤੇ ਹੋਏ ਮਸੀਹੀਆਂ ਦਾ ਸਾਥ ਦੇ ਰਹੀ ਹੈ। ਇਹ ਮਸੀਹੀ ਵੀ ਧਾਰਮਿਕਤਾ ਲਈ ਦ੍ਰਿੜ੍ਹ ਰਹਿੰਦੇ ਹਨ। ਸਿੱਟੇ ਵਜੋਂ ਇਹ ਵੀ ਆਪਣੇ ਮਸਹ ਕੀਤੇ ਹੋਏ ਭਰਾਵਾਂ ਦੇ ਨਾਲ ਦੁੱਖ ਝੱਲਦੇ ਆਏ ਹਨ। ਉਨ੍ਹਾਂ ਨੇ “ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਨ੍ਹਾਂ ਨੂੰ ਚਿੱਟਾ ਕੀਤਾ” ਹੈ। ਯਹੋਵਾਹ ਨੇ ਉਨ੍ਹਾਂ ਨੂੰ ਧਰਮੀ ਠਹਿਰਾਇਆ ਹੈ ਤਾਂਕਿ ਉਹ “ਵੱਡੀ ਬਿਪਤਾ” ਵਿੱਚੋਂ ਬਚ ਸਕਣ। (ਪਰਕਾਸ਼ ਦੀ ਪੋਥੀ 7:9, 14, 15; ਯੂਹੰਨਾ 10:16; ਯਾਕੂਬ 2:23) ਭਾਵੇਂ ਕਿ ਉਨ੍ਹਾਂ ਦੇ ਵਿਰੋਧੀ ਹੁਣ ਸ਼ਕਤੀਸ਼ਾਲੀ ਲੱਗਦੇ ਹਨ, ਯਸਾਯਾਹ ਦੀ ਭਵਿੱਖਬਾਣੀ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਦੇ ਸਮੇਂ ਸਿਰ ਇਹ ਵਿਰੋਧੀ ਅਜਿਹੇ ਕੱਪੜੇ ਵਰਗੇ ਹੋਣਗੇ ਜਿਸ ਨੂੰ ਕੀੜੀਆਂ ਨੇ ਖਾਧਾ ਹੋਇਆ ਹੈ ਅਤੇ ਜੋ ਸਿਰਫ਼ ਸੁੱਟਣ ਯੋਗ ਹੈ। ਉਸ ਸਮੇਂ ਤਕ ਮਸਹ ਕੀਤੇ ਹੋਏ ਮਸੀਹੀ ਅਤੇ ‘ਹੋਰ ਭੇਡਾਂ’ ਬਾਕਾਇਦਾ ਪ੍ਰਾਰਥਨਾ ਕਰਨ ਨਾਲ, ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਨਾਲ, ਅਤੇ ਉਪਾਸਨਾ ਕਰਨ ਲਈ ਸਭਾਵਾਂ ਤੇ ਹਾਜ਼ਰ ਹੋਣ ਨਾਲ ਮਜ਼ਬੂਤ ਰਹਿੰਦੇ ਹਨ। ਇਸ ਤਰ੍ਹਾਂ ਯਹੋਵਾਹ ਉਨ੍ਹਾਂ ਨੂੰ ਸਿਖਾਉਂਦਾ ਹੈ ਅਤੇ ਉਹ ਚੇਲਿਆਂ ਦੀ ਜ਼ਬਾਨ ਨਾਲ ਬੋਲਦੇ ਹਨ।
ਯਹੋਵਾਹ ਦੇ ਨਾਂ ਉੱਤੇ ਭਰੋਸਾ ਰੱਖੋ
21. (ੳ) ਚਾਨਣ ਵਿਚ ਚੱਲਣ ਵਾਲੇ ਕੌਣ ਹਨ ਅਤੇ ਉਨ੍ਹਾਂ ਲਈ ਸਿੱਟਾ ਕੀ ਲਿਕਲਦਾ ਹੈ? (ਅ) ਹਨੇਰੇ ਵਿਚ ਚੱਲਣ ਵਾਲਿਆਂ ਨਾਲ ਕੀ ਹੁੰਦਾ ਹੈ?
21 ਯਸਾਯਾਹ ਨੇ ਅੱਗੇ ਕਿਹਾ: “ਤੁਹਾਡੇ ਵਿੱਚ ਕੌਣ ਯਹੋਵਾਹ ਤੋਂ ਡਰਦਾ ਹੈ, ਅਤੇ ਉਸ ਦੇ ਦਾਸ ਦੀ ਅਵਾਜ਼ ਸੁਣਦਾ ਹੈ? ਜਿਹੜਾ ਅੰਨ੍ਹੇਰੇ ਵਿੱਚ ਚੱਲਦਾ ਅਤੇ ਉਹ ਦੇ ਲਈ ਚਾਨਣ ਨਹੀਂ, ਉਹ ਯਹੋਵਾਹ ਦੇ ਨਾਮ ਉੱਤੇ ਭਰੋਸਾ ਰੱਖੇ, ਅਤੇ ਆਪਣੇ ਪਰਮੇਸ਼ੁਰ ਉੱਤੇ ਢਾਸਣਾ ਲਾਵੇ।” (ਯਸਾਯਾਹ 50:10) ਪਰਮੇਸ਼ੁਰ ਦੇ ਦਾਸ, ਯਿਸੂ ਮਸੀਹ ਦੀ ਆਵਾਜ਼ ਸੁਣਨ ਵਾਲੇ ਚਾਨਣ ਵਿਚ ਚੱਲਦੇ ਹਨ। (ਯੂਹੰਨਾ 3:21) ਉਹ ਸਿਰਫ਼ ਪਰਮੇਸ਼ੁਰ ਦਾ ਨਾਂ, ਯਹੋਵਾਹ, ਲੈਂਦੇ ਹੀ ਨਹੀਂ ਪਰ ਉਹ ਉਸ ਉੱਤੇ ਭਰੋਸਾ ਵੀ ਰੱਖਦੇ ਹਨ। ਭਾਵੇਂ ਕਿ ਉਹ ਇਕ ਸਮੇਂ ਹਨੇਰੇ ਵਿਚ ਚੱਲਦੇ ਸਨ ਉਹ ਹੁਣ ਮਨੁੱਖਾਂ ਦਾ ਡਰ ਨਹੀਂ ਮੰਨਦੇ। ਉਹ ਪਰਮੇਸ਼ੁਰ ਦਾ ਆਸਰਾ ਲੈਂਦੇ ਹਨ। ਪਰ ਜਿਹੜੇ ਹਨੇਰੇ ਵਿਚ ਰਹਿਣਾ ਪਸੰਦ ਕਰਦੇ ਹਨ ਉਹ ਮਨੁੱਖਾਂ ਤੋਂ ਬਹੁਤ ਡਰਦੇ ਹਨ। ਅਜਿਹਾ ਕੁਝ ਪੁੰਤਿਯੁਸ ਪਿਲਾਤੁਸ ਨਾਲ ਹੋਇਆ ਸੀ। ਭਾਵੇਂ ਕਿ ਉਹ ਜਾਣਦਾ ਸੀ ਕਿ ਯਿਸੂ ਉੱਤੇ ਲਾਏ ਗਏ ਇਲਜ਼ਾਮ ਝੂਠੇ ਸਨ ਅਤੇ ਉਹ ਬੇਕਸੂਰ ਸੀ, ਉਹ ਡਰ ਦਾ ਮਾਰਿਆ ਉਸ ਨੂੰ ਛੁਡਾ ਨਹੀਂ ਸਕਿਆ ਸੀ। ਰੋਮੀ ਫ਼ੌਜੀਆਂ ਨੇ ਪਰਮੇਸ਼ੁਰ ਦੇ ਪੁੱਤਰ ਨੂੰ ਮਾਰ ਸੁੱਟਿਆ, ਪਰ ਯਹੋਵਾਹ ਨੇ ਉਸ ਨੂੰ ਜੀ ਉਠਾ ਕੇ ਮਹਿਮਾ ਅਤੇ ਸਨਮਾਨ ਦਿੱਤਾ। ਪਿਲਾਤੁਸ ਬਾਰੇ ਕੀ? ਯਹੂਦੀ ਇਤਿਹਾਸਕਾਰ ਫਲੇਵੀਅਸ ਜੋਸੀਫ਼ਸ ਅਨੁਸਾਰ ਯਿਸੂ ਦੀ ਮੌਤ ਤੋਂ ਸਿਰਫ਼ ਚਾਰ ਸਾਲ ਬਾਅਦ, ਇਕ ਹੋਰ ਰੋਮੀ ਹਾਕਮ ਪਿਲਾਤੁਸ ਦੀ ਥਾਂ ਸਥਾਪਿਤ ਹੋਇਆ ਸੀ। ਪਿਲਾਤੁਸ ਨੂੰ ਵੱਡੇ ਅਪਰਾਧਾਂ ਦੇ ਦੋਸ਼ ਕਾਰਨ ਅਦਾਲਤੀ ਕਾਰਵਾਈ ਲਈ ਰੋਮ ਜਾਣਾ ਪਿਆ ਸੀ। ਉਨ੍ਹਾਂ ਯਹੂਦੀਆਂ ਬਾਰੇ ਕੀ ਜਿਨ੍ਹਾਂ ਨੇ ਯਿਸੂ ਨੂੰ ਮਰਵਾਇਆ ਸੀ? ਕੁਝ ਚਾਲ਼ੀ ਸਾਲ ਬਾਅਦ ਰੋਮੀ ਫ਼ੌਜਾਂ ਨੇ ਯਰੂਸ਼ਲਮ ਨੂੰ ਬਰਬਾਦ ਕਰ ਕੇ ਉਸ ਦੇ ਵਾਸੀਆਂ ਨੂੰ ਜਾਂ ਤਾਂ ਮਾਰ ਸੁੱਟਿਆ ਸੀ ਜਾਂ ਗ਼ੁਲਾਮ ਬਣਾ ਲਿਆ ਸੀ। ਹਨੇਰਾ ਪਸੰਦ ਕਰਨ ਵਾਲਿਆਂ ਲਈ ਕੋਈ ਚਾਨਣ ਨਹੀਂ ਹੈ!—ਯੂਹੰਨਾ 3:19.
22. ਮੁਕਤੀ ਲਈ ਮਨੁੱਖਾਂ ਉੱਤੇ ਭਰੋਸਾ ਰੱਖਣਾ ਮੂਰਖਤਾ ਕਿਉਂ ਹੈ?
22 ਮੁਕਤੀ ਲਈ ਮਨੁੱਖਾਂ ਉੱਤੇ ਭਰੋਸਾ ਰੱਖਣਾ ਮੂਰਖਤਾ ਹੈ। ਯਸਾਯਾਹ ਦੀ ਭਵਿੱਖਬਾਣੀ ਦੱਸਦੀ ਹੈ ਕਿ ਇਹ ਕਿਉਂ ਹੈ: “ਵੇਖੋ, ਤੁਸੀਂ ਸਾਰੇ ਅੱਗ ਬਾਲਣ ਵਾਲਿਓ, ਜਿਹੜੇ ਆਪਣੇ ਉਦਾਲੇ ਮਸਾਲਾਂ ਜਗਾਈ ਰੱਖਦੇ ਹੋ, ਆਪਣੀ ਅੱਗ ਦੀ ਲੋ ਵਿੱਚ ਅਤੇ ਆਪਣੀਆਂ ਜਗਦੀਆਂ ਮਸਾਲਾਂ ਦੇ ਵਿਚਕਾਰ ਤੁਰੇ ਫਿਰੋ! ਮੇਰੇ ਹੱਥੋਂ ਤੁਹਾਡੇ ਲਈ ਏਹ ਹੋਵੇਗਾ, ਤੁਸੀਂ ਅਜ਼ਾਬ ਵਿੱਚ ਪਏ ਰਹੋਗੇ।” (ਯਸਾਯਾਹ 50:11) ਇਨਸਾਨੀ ਹਾਕਮ ਆਉਂਦੇ-ਜਾਂਦੇ ਰਹਿੰਦੇ ਹਨ। ਇਕ ਮਨ-ਪਸੰਦ ਬੰਦਾ ਵੀ ਲੋਕਾਂ ਨੂੰ ਥੋੜ੍ਹੇ ਚਿਰ ਲਈ ਹੀ ਪਸੰਦ ਰਹਿੰਦਾ ਹੈ। ਅਤੇ ਸਭ ਤੋਂ ਨੇਕ ਇਰਾਦੇ ਵਾਲਾ ਇਨਸਾਨ ਵੀ ਲੋਕਾਂ ਲਈ ਥੋੜ੍ਹੀ ਜਿਹੀ ਭਲਾਈ ਕਰ ਸਕਦਾ ਹੈ। ਆਮ ਤੌਰ ਤੇ ਲੋਕ ਉਮੀਦਾਂ ਲਾਈ ਰੱਖਦੇ ਹਨ ਕਿ ਐਸੇ ਬੰਦੇ ਉਨ੍ਹਾਂ ਲਈ ਤਰੱਕੀ ਦੇ ਭਾਂਬੜ ਮਚਾ ਦੇਣਗੇ। ਪਰ ਇਸ ਦੀ ਬਜਾਇ ਉਹ ਸਿਰਫ਼ “ਮਸਾਲਾਂ” ਜਾਂ ਚੰਗਿਆੜੀਆਂ ਜਿੰਨੀ ਲੋਅ ਅਤੇ ਸੇਕ ਹੀ ਦੇ ਸਕਦੇ ਹਨ, ਜਿਸ ਤੋਂ ਬਾਅਦ ਉਹ ਝੱਟ ਬੁੱਝ ਜਾਂਦੇ ਹਨ। ਦੂਜੇ ਪਾਸੇ ਪਰਮੇਸ਼ੁਰ ਦੇ ਵਾਅਦਾ ਕੀਤੇ ਗਏ ਮਸੀਹਾ ਅਤੇ ਸ਼ਾਂਤੀ ਦਾਤੇ ਉੱਤੇ ਭਰੋਸਾ ਰੱਖਣ ਵਾਲੇ ਕਦੀ ਵੀ ਨਿਰਾਸ਼ ਨਾ ਹੋਣਗੇ।
[ਫੁਟਨੋਟ]
a ਯਸਾਯਾਹ ਦੇ 50ਵੇਂ ਅਧਿਆਇ ਦੀਆਂ ਪਹਿਲੀਆਂ ਤਿੰਨ ਆਇਤਾਂ ਵਿਚ ਯਹੋਵਾਹ ਨੇ ਯਹੂਦਾਹ ਦੀ ਪੂਰੀ ਕੌਮ ਨੂੰ ਆਪਣੀ ਪਤਨੀ ਸੱਦਿਆ ਸੀ ਅਤੇ ਉਸ ਦੇ ਵਾਸੀਆਂ ਨੂੰ ਆਪਣੇ ਬੱਚੇ ਸੱਦਿਆ ਸੀ।
b ਚੌਥੀ ਆਇਤ ਤੋਂ ਲੈ ਕੇ ਇਸ ਅਧਿਆਇ ਦੇ ਅੰਤ ਤਕ, ਇਸ ਤਰ੍ਹਾਂ ਲੱਗਦਾ ਹੈ ਕਿ ਲਿਖਾਰੀ ਆਪਣੇ ਬਾਰੇ ਹੀ ਗੱਲ ਕਰ ਰਿਹਾ ਸੀ। ਹੋ ਸਕਦਾ ਹੈ ਕਿ ਯਸਾਯਾਹ ਨੇ ਖ਼ੁਦ ਉਨ੍ਹਾਂ ਕੁਝ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ ਸੀ ਜਿਨ੍ਹਾਂ ਬਾਰੇ ਉਸ ਨੇ ਇਨ੍ਹਾਂ ਆਇਤਾਂ ਵਿਚ ਦੱਸਿਆ ਹੈ। ਪਰ ਇਹ ਭਵਿੱਖਬਾਣੀ ਯਿਸੂ ਮਸੀਹ ਉੱਤੇ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ।
c ਦਿਲਚਸਪੀ ਦੀ ਗੱਲ ਹੈ ਕਿ ਸੈਪਟੁਜਿੰਟ ਵਿਚ ਯਸਾਯਾਹ 50:6 ਕਹਿੰਦਾ ਹੈ: “ਮੈਂ ਆਪਣੀ ਪਿੱਠ ਕੋਰੜਿਆਂ ਨੂੰ ਦਿੱਤੀ, ਅਤੇ ਆਪਣੀਆਂ ਗੱਲ੍ਹਾਂ ਮੁੱਕਿਆਂ ਨੂੰ।”
[ਸਫ਼ਾ 155 ਉੱਤੇ ਤਸਵੀਰ]
ਯਹੂਦੀਆਂ ਨੇ ਯਹੋਵਾਹ ਦੀ ਬਜਾਇ ਮਨੁੱਖੀ ਹਾਕਮਾਂ ਉੱਤੇ ਭਰੋਸਾ ਰੱਖਿਆ ਸੀ
[ਸਫ਼ੇ 156, 157 ਉੱਤੇ ਤਸਵੀਰ]
ਲਾਲ ਸਮੁੰਦਰ ਤੇ ਯਹੋਵਾਹ ਨੇ ਆਪਣੇ ਲੋਕਾਂ ਅਤੇ ਮਿਸਰੀਆਂ ਦੇ ਵਿਚਕਾਰ ਬੱਦਲ ਦਾ ਥੰਮ੍ਹ ਰੱਖ ਕੇ ਆਪਣੇ ਲੋਕਾਂ ਦੀ ਰੱਖਿਆ ਕੀਤੀ