ਪੰਦ੍ਹਰਵਾਂ ਅਧਿਆਇ
ਬਾਂਝ ਤੀਵੀਂ ਖ਼ੁਸ਼ੀ ਮਨਾਉਂਦੀ ਹੈ
1. ਸਾਰਾਹ ਔਲਾਦ ਕਿਉਂ ਚਾਹੁੰਦੀ ਸੀ, ਪਰ ਉਸ ਨਾਲ ਕੀ ਹੋਇਆ ਸੀ?
ਸਾਰਾਹ ਔਲਾਦ ਚਾਹੁੰਦੀ ਸੀ। ਪਰ ਅਫ਼ਸੋਸ ਦੀ ਗੱਲ ਹੈ ਕਿ ਉਹ ਬਾਂਝ ਸੀ ਅਤੇ ਇਸ ਗੱਲ ਨੇ ਉਸ ਨੂੰ ਬਹੁਤ ਦੁਖੀ ਕੀਤਾ। ਉਸ ਦੇ ਜ਼ਮਾਨੇ ਵਿਚ ਬਾਂਝ ਹੋਣਾ ਇਕ ਕਲੰਕ ਸੀ, ਪਰ ਸਾਰਾਹ ਦੇ ਦੁੱਖ ਦਾ ਹੋਰ ਵੀ ਕਾਰਨ ਸੀ। ਉਹ ਆਪਣੇ ਪਤੀ ਨਾਲ ਕੀਤੇ ਗਏ ਪਰਮੇਸ਼ੁਰ ਦੇ ਵਾਅਦੇ ਨੂੰ ਪੂਰਾ ਹੁੰਦਾ ਦੇਖਣਾ ਚਾਹੁੰਦੀ ਸੀ। ਅਬਰਾਹਾਮ ਦੀ ਇਕ ਅੰਸ ਰਾਹੀਂ ਧਰਤੀ ਦਿਆਂ ਸਾਰਿਆਂ ਘਰਾਣਿਆਂ ਨੂੰ ਬਰਕਤ ਮਿਲਣੀ ਸੀ। (ਉਤਪਤ 12:1-3) ਪਰ ਪਰਮੇਸ਼ੁਰ ਦੇ ਇਸ ਵਾਅਦੇ ਤੋਂ ਕਈ ਦਹਾਕੇ ਬਾਅਦ ਵੀ ਸਾਰਾਹ ਨੂੰ ਕੋਈ ਬੱਚਾ ਨਹੀਂ ਹੋਇਆ ਸੀ। ਉਹ ਬੁੱਢੀ ਹੋ ਚੁੱਕੀ ਸੀ ਅਤੇ ਹਾਲੇ ਵੀ ਬੇਔਲਾਦ ਸੀ। ਉਸ ਨੇ ਸ਼ਾਇਦ ਸੋਚਿਆ ਹੋਵੇ ਕਿ ਉਹ ਝੂਠੀਆਂ ਉਮੀਦਾਂ ਉੱਤੇ ਆਸ ਲਾ ਕੇ ਬੈਠੀ ਸੀ। ਪਰ ਇਕ ਦਿਨ ਉਸ ਦੀ ਨਿਰਾਸ਼ਾ ਖ਼ੁਸ਼ੀ ਵਿਚ ਬਦਲ ਗਈ!
2. ਸਾਨੂੰ ਯਸਾਯਾਹ ਦੇ 54ਵੇਂ ਅਧਿਆਇ ਦੀ ਭਵਿੱਖਬਾਣੀ ਵਿਚ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ?
2 ਸਾਰਾਹ ਦੀ ਦੁਖੀ ਹਾਲਤ ਤੋਂ ਸਾਨੂੰ ਯਸਾਯਾਹ ਦੇ 54ਵੇਂ ਅਧਿਆਇ ਦੀ ਭਵਿੱਖਬਾਣੀ ਸਮਝਣ ਵਿਚ ਮਦਦ ਮਿਲਦੀ ਹੈ। ਇਸ ਅਧਿਆਇ ਵਿਚ ਯਰੂਸ਼ਲਮ ਨੂੰ ਅਜਿਹੀ ਬਾਂਝ ਤੀਵੀਂ ਨਾਲ ਦਰਸਾਇਆ ਗਿਆ ਸੀ ਜਿਸ ਨੂੰ ਬਾਅਦ ਵਿਚ ਕਈ ਬੱਚੇ ਪੈਦਾ ਹੋਣੇ ਸਨ ਅਤੇ ਵੱਡੀ ਖ਼ੁਸ਼ੀ ਮਿਲਣੀ ਸੀ। ਆਪਣੇ ਪ੍ਰਾਚੀਨ ਲੋਕਾਂ ਨੂੰ ਆਪਣੀ ਪਤਨੀ ਵਾਂਗ ਦਰਸਾ ਕੇ ਯਹੋਵਾਹ ਨੇ ਦਿਖਾਇਆ ਕਿ ਉਹ ਉਨ੍ਹਾਂ ਨਾਲ ਕਿੰਨਾ ਪਿਆਰ ਕਰਦਾ ਸੀ। ਇਸ ਤੋਂ ਇਲਾਵਾ ਯਸਾਯਾਹ ਦੇ ਇਸ ਅਧਿਆਇ ਤੋਂ ਸਾਨੂੰ ਬਾਈਬਲ ਦਾ ਇਕ “ਭੇਤ” ਖੋਲ੍ਹਣ ਵਿਚ ਮਦਦ ਮਿਲਦੀ ਹੈ। (ਰੋਮੀਆਂ 16:25, 26) ਅਸੀਂ ਇਸ ਭਵਿੱਖਬਾਣੀ ਵਿਚ ਤੀਵੀਂ ਅਤੇ ਉਸ ਦੇ ਅਨੁਭਵਾਂ ਤੋਂ ਅੱਜ ਦੀ ਸ਼ੁੱਧ ਭਗਤੀ ਬਾਰੇ ਜ਼ਰੂਰੀ ਜਾਣਕਾਰੀ ਹਾਸਲ ਕਰ ਸਕਦੇ ਹਾਂ।
ਇਹ ਤੀਵੀਂ ਕੌਣ ਹੈ?
3. ਬਾਂਝ ਤੀਵੀਂ ਨੇ ਖ਼ੁਸ਼ੀ ਕਿਉਂ ਮਨਾਉਣੀ ਸੀ?
3 ਯਸਾਯਾਹ ਦਾ 54ਵਾਂ ਅਧਿਆਇ ਖ਼ੁਸ਼ੀ ਦੀ ਗੱਲ ਨਾਲ ਸ਼ੁਰੂ ਹੁੰਦਾ ਹੈ: “ਹੇ ਬਾਂਝ, ਜੈਕਾਰਾ ਗਜਾ, ਤੂੰ ਜੋ ਨਹੀਂ ਜਣੀ! ਖੁਲ੍ਹ ਕੇ ਜੈਕਾਰਾ ਗਜਾ ਤੇ ਚਿੱਲਾ, ਤੂੰ ਜਿਹ ਨੂੰ ਪੀੜਾਂ ਨਹੀਂ ਲੱਗੀਆਂ! ਕਿਉਂ ਜੋ ਛੁੱਟੜ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲੋਂ ਵੱਧ ਹਨ, ਯਹੋਵਾਹ ਆਖਦਾ ਹੈ।” (ਯਸਾਯਾਹ 54:1) ਯਸਾਯਾਹ ਇਹ ਗੱਲ ਦੱਸ ਕੇ ਕਿੰਨਾ ਖ਼ੁਸ਼ ਹੋਇਆ ਹੋਣਾ! ਅਤੇ ਇਸ ਦੀ ਪੂਰਤੀ ਰਾਹੀਂ ਬਾਬਲ ਵਿਚ ਗ਼ੁਲਾਮ ਯਹੂਦੀਆਂ ਨੂੰ ਕਿੰਨਾ ਦਿਲਾਸਾ ਮਿਲਿਆ ਹੋਣਾ! ਉਸ ਸਮੇਂ ਯਰੂਸ਼ਲਮ ਅਜੇ ਵਿਰਾਨ ਪਿਆ ਹੋਇਆ ਸੀ। ਇਨਸਾਨਾਂ ਦੀਆਂ ਨਜ਼ਰਾਂ ਵਿਚ ਇਸ ਤਰ੍ਹਾਂ ਲੱਗਦਾ ਸੀ ਕਿ ਉਹ ਕਦੀ ਵੀ ਦੁਬਾਰਾ ਨਹੀਂ ਵੱਸੇਗਾ, ਠੀਕ ਜਿਵੇਂ ਇਕ ਬਾਂਝ ਤੀਵੀਂ ਬੁਢੇਪੇ ਵਿਚ ਬੱਚੇ ਪੈਦਾ ਕਰਨ ਦੀ ਕੋਈ ਉਮੀਦ ਨਹੀਂ ਰੱਖਦੀ। ਪਰ ਇਸ ਤੀਵੀਂ ਨੂੰ ਬਹੁਤ ਵੱਡੀ ਬਰਕਤ ਮਿਲਣ ਵਾਲੀ ਸੀ, ਯਾਨੀ ਉਸ ਦੇ ਬੱਚੇ ਜ਼ਰੂਰ ਹੋਣੇ ਸਨ। ਉਸ ਸਮੇਂ ਯਰੂਸ਼ਲਮ ਨੇ ਬਹੁਤ ਖ਼ੁਸ਼ ਹੋਣਾ ਸੀ। ਉਸ ਵਿਚ ਫਿਰ ਤੋਂ ਬਹੁਤ ਸਾਰੇ “ਬੱਚੇ” ਯਾਨੀ ਵਾਸੀ ਹੋਣੇ ਸਨ।
4. (ੳ) ਪੌਲੁਸ ਰਸੂਲ ਨੇ ਇਹ ਸਮਝਣ ਵਿਚ ਸਾਡੀ ਮਦਦ ਕਿਵੇਂ ਕੀਤੀ ਕਿ 537 ਸਾ.ਯੁ.ਪੂ. ਵਿਚ ਯਸਾਯਾਹ ਦੇ 54ਵੇਂ ਅਧਿਆਇ ਦੀ ਪੂਰਤੀ ਤੋਂ ਬਾਅਦ ਇਕ ਹੋਰ ਵੱਡੀ ਪੂਰਤੀ ਹੋਣੀ ਸੀ? (ਅ) ‘ਉਤਾਹਾਂ ਦਾ ਯਰੂਸ਼ਲਮ’ ਕੀ ਹੈ?
4 ਯਸਾਯਾਹ ਸ਼ਾਇਦ ਇਹ ਜਾਣਦਾ ਨਹੀਂ ਸੀ ਕਿ ਉਸ ਦੀ ਭਵਿੱਖਬਾਣੀ ਦੀ ਹੋਰ ਵੀ ਪੂਰਤੀ ਹੋਣੀ ਸੀ। ਪੌਲੁਸ ਰਸੂਲ ਨੇ ਯਸਾਯਾਹ ਦੇ 54ਵੇਂ ਅਧਿਆਇ ਤੋਂ ਹਵਾਲਾ ਦੇ ਕੇ ਸਮਝਾਇਆ ਸੀ ਕਿ ਇਹ ਤੀਵੀਂ ਧਰਤੀ ਉੱਤੇ ਯਰੂਸ਼ਲਮ ਸ਼ਹਿਰ ਨਾਲੋਂ ਕਿਸੇ ਹੋਰ ਮਹੱਤਵਪੂਰਣ ਚੀਜ਼ ਨੂੰ ਦਰਸਾਉਂਦਾ ਹੈ। ਉਸ ਨੇ ਲਿਖਿਆ: “ਯਰੂਸ਼ਲਮ ਜੋ ਉਤਾਹਾਂ ਹੈ ਉਹ ਅਜ਼ਾਦ ਹੈ, ਉਹ ਸਾਡੀ ਮਾਤਾ ਹੈ।” (ਗਲਾਤੀਆਂ 4:26) ਇਹ ‘ਉਤਾਹਾਂ ਦਾ ਯਰੂਸ਼ਲਮ’ ਕੀ ਹੈ? ਇਕ ਗੱਲ ਸਾਫ਼ ਹੈ ਕਿ ਇਹ ਵਾਅਦਾ ਕੀਤੇ ਹੋਏ ਦੇਸ਼ ਦਾ ਯਰੂਸ਼ਲਮ ਨਹੀਂ ਸੀ। ਉਹ ਸ਼ਹਿਰ “ਉਤਾਹਾਂ” ਸਵਰਗ ਵਿਚ ਨਹੀਂ ਸਗੋਂ ਧਰਤੀ ਉੱਤੇ ਸੀ। ‘ਉਤਾਹਾਂ ਦਾ ਯਰੂਸ਼ਲਮ’ ਪਰਮੇਸ਼ੁਰ ਦੀ ਸਵਰਗੀ ਤੀਵੀਂ ਹੈ, ਯਾਨੀ ਉਸ ਦਾ ਸੰਗਠਨ ਜੋ ਸ਼ਕਤੀਸ਼ਾਲੀ ਦੂਤਾਂ ਦਾ ਬਣਿਆ ਹੋਇਆ ਹੈ।
5. ਗਲਾਤੀਆਂ 4:22-31 ਦੇ ਦ੍ਰਿਸ਼ਟਾਂਤ ਵਿਚ (ੳ) ਅਬਰਾਹਾਮ, ਸਾਰਾਹ, ਅਤੇ ਇਸਹਾਕ ਕਿਨ੍ਹਾਂ ਨੂੰ ਦਰਸਾਉਂਦੇ ਹਨ? (ਅ) ਹਾਜਰਾ ਅਤੇ ਇਸਮਾਏਲ ਨੇ ਕਿਨ੍ਹਾਂ ਨੂੰ ਦਰਸਾਇਆ?
5 ਲੇਕਿਨ ਯਹੋਵਾਹ ਦੀਆਂ ਦੋ ਤੀਵੀਆਂ ਕਿਵੇਂ ਹੋ ਸਕਦੀਆਂ ਹਨ, ਯਾਨੀ ਇਕ ਸਵਰਗੀ ਅਤੇ ਦੂਜੀ ਧਰਤੀ ਉੱਤੇ? ਕੀ ਇਹ ਦੋ ਗੱਲਾਂ ਮੇਲ ਖਾਂਦੀਆਂ ਹਨ? ਜੀ ਹਾਂ। ਪੌਲੁਸ ਰਸੂਲ ਨੇ ਦਿਖਾਇਆ ਕਿ ਅਬਰਾਹਾਮ ਦੇ ਪਰਿਵਾਰ ਵੱਲ ਧਿਆਨ ਦੇ ਕੇ ਅਸੀਂ ਇਸ ਦ੍ਰਿਸ਼ਟਾਂਤ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ। (ਗਲਾਤੀਆਂ 4:22-31; 218ਵੇਂ ਸਫ਼ੇ ਉੱਤੇ “ਅਬਰਾਹਾਮ ਦੇ ਪਰਿਵਾਰ ਦਾ ਦ੍ਰਿਸ਼ਟਾਂਤ” ਦੇਖੋ।) ਅਬਰਾਹਾਮ ਦੀ ਪਤਨੀ ਸਾਰਾਹ “ਅਜ਼ਾਦ” ਤੀਵੀਂ ਸੀ ਅਤੇ ਉਹ ਦੂਤਾਂ ਨਾਲ ਬਣੇ ਹੋਏ ਯਹੋਵਾਹ ਦੇ ਸੰਗਠਨ ਨੂੰ ਦਰਸਾਉਂਦੀ ਹੈ। ਅਬਰਾਹਾਮ ਦੀ ਦੂਜੀ ਪਤਨੀ ਹਾਜਰਾ ਇਕ ਦਾਸੀ ਸੀ ਜਿਸ ਨੇ ਧਰਤੀ ਉੱਤੇ ਯਰੂਸ਼ਲਮ ਨੂੰ ਦਰਸਾਇਆ।
6. ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਦਾ ਸਵਰਗੀ ਸੰਗਠਨ ਬਹੁਤ ਸਮੇਂ ਲਈ ਬਾਂਝ ਰਿਹਾ ਸੀ?
6 ਇਸ ਪਿਛੋਕੜ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਯਸਾਯਾਹ 54:1 ਦੀ ਮਹੱਤਤਾ ਨੂੰ ਸਮਝਣ ਲੱਗਦੇ ਹਾਂ। ਕਈਆਂ ਦਹਾਕਿਆਂ ਦੇ ਬਾਂਝਪਣ ਤੋਂ ਬਾਅਦ ਸਾਰਾਹ ਨੇ 90 ਸਾਲਾਂ ਦੀ ਉਮਰ ਵਿਚ ਇਸਹਾਕ ਨੂੰ ਜਨਮ ਦਿੱਤਾ ਸੀ। ਇਸੇ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਬਹੁਤ ਸਮੇਂ ਤੋਂ ਯਹੋਵਾਹ ਦੇ ਸਵਰਗੀ ਸੰਗਠਨ ਦੇ ਵੀ ਕੋਈ ਔਲਾਦ ਨਹੀਂ ਸੀ। ਅਦਨ ਵਿਚ ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਉਸ ਦੀ ‘ਤੀਵੀਂ ਸੰਤਾਨ’ ਪੈਦਾ ਕਰੇਗੀ। (ਉਤਪਤ 3:15) ਕੁਝ 2,000 ਸਾਲ ਬਾਅਦ ਯਹੋਵਾਹ ਨੇ ਵਾਅਦਾ ਕੀਤੀ ਗਈ ਅੰਸ ਦੇ ਸੰਬੰਧ ਵਿਚ ਅਬਰਾਹਾਮ ਨਾਲ ਨੇਮ ਬੰਨ੍ਹਿਆ ਸੀ। ਪਰ ਪਰਮੇਸ਼ੁਰ ਦੀ ਸਵਰਗੀ ਤੀਵੀਂ ਨੂੰ ਇਹ ਅੰਸ ਪੈਦਾ ਕਰਨ ਲਈ ਬਹੁਤ ਸਾਰੀਆਂ ਸਦੀਆਂ ਇੰਤਜ਼ਾਰ ਕਰਨਾ ਪਿਆ ਸੀ। ਫਿਰ ਵੀ ਉਹ ਸਮਾਂ ਆਇਆ ਜਦੋਂ ਇਸ ਬਾਂਝ ਤੀਵੀਂ ਦੇ ਬੱਚਿਆਂ ਦੀ ਗਿਣਤੀ ਪੈਦਾਇਸ਼ੀ ਇਸਰਾਏਲ ਦੇ ਬੱਚਿਆਂ ਨਾਲੋਂ ਵੀ ਵੱਡੀ ਹੋਈ। ਉਸ ਬਾਂਝ ਤੀਵੀਂ ਦੇ ਦ੍ਰਿਸ਼ਟਾਂਤ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਦੂਤ ਵੀ ਕਿਉਂ ਇੰਨੀ ਚਾਹ ਨਾਲ ਇਸ ਵਾਅਦਾ ਕੀਤੀ ਗਈ ਅੰਸ ਦੇ ਆਉਣ ਲਈ ਉਡੀਕ ਕਰ ਰਹੇ ਸਨ। (1 ਪਤਰਸ 1:12) ਤਾਂ ਫਿਰ ਇਹ ਗੱਲ ਕਦੋਂ ਪੂਰੀ ਹੋਈ ਸੀ?
7. ਯਸਾਯਾਹ 54:1 ਦੀ ਪੂਰਤੀ ਵਿਚ ‘ਉਤਾਹਾਂ ਦੇ ਯਰੂਸ਼ਲਮ’ ਨੂੰ ਖ਼ੁਸ਼ੀ ਮਨਾਉਣ ਦਾ ਮੌਕਾ ਕਦੋਂ ਮਿਲਿਆ ਸੀ, ਅਤੇ ਤੁਸੀਂ ਇਸ ਤਰ੍ਹਾਂ ਜਵਾਬ ਕਿਉਂ ਦਿੰਦੇ ਹੋ?
7 ਇਨਸਾਨ ਵਜੋਂ ਯਿਸੂ ਦਾ ਜਨਮ ਦੂਤਾਂ ਲਈ ਬਹੁਤ ਹੀ ਖ਼ੁਸ਼ੀ ਦਾ ਮੌਕਾ ਸੀ। (ਲੂਕਾ 2:9-14) ਪਰ ਇਹ ਘਟਨਾ ਯਸਾਯਾਹ 54:1 ਦੀ ਪੂਰਤੀ ਨਹੀਂ ਸੀ ਕਿਉਂਕਿ ਯਿਸੂ ‘ਉਤਾਹਾਂ ਦੇ ਯਰੂਸ਼ਲਮ’ ਦਾ ਇਕ ਰੂਹਾਨੀ ਪੁੱਤਰ ਸਿਰਫ਼ ਉਦੋਂ ਬਣਿਆ ਸੀ ਜਦੋਂ 29 ਸਾ.ਯੁ. ਵਿਚ ਉਸ ਉੱਤੇ ਪਵਿੱਤਰ ਆਤਮਾ ਆਈ ਸੀ। ਉਸ ਸਮੇਂ ਪਰਮੇਸ਼ੁਰ ਨੇ ਖ਼ੁਦ ਉਸ ਨੂੰ ਸਾਰਿਆਂ ਦੇ ਸਾਮ੍ਹਣੇ ਆਪਣੇ ‘ਪਿਆਰੇ ਪੁੱਤ੍ਰ’ ਵਜੋਂ ਸਵੀਕਾਰ ਕੀਤਾ ਸੀ। (ਮਰਕੁਸ 1:10, 11; ਇਬਰਾਨੀਆਂ 1:5; 5:4, 5) ਉਦੋਂ ਯਸਾਯਾਹ 54:1 ਦੀ ਪੂਰਤੀ ਵਿਚ ਪਰਮੇਸ਼ੁਰ ਦੀ ਸਵਰਗੀ ਤੀਵੀਂ ਨੇ ਖ਼ੁਸ਼ੀ ਮਨਾਈ ਸੀ ਕਿਉਂਕਿ ਇੰਨੇ ਸਮੇਂ ਬਾਅਦ ਉਸ ਨੇ ਵਾਅਦਾ ਕੀਤੀ ਗਈ ਅੰਸ, ਯਾਨੀ ਮਸੀਹਾ ਨੂੰ ਜਨਮ ਦਿੱਤਾ ਸੀ! ਉਸ ਦਾ ਸਦੀਆਂ ਦਾ ਬਾਂਝਪਣ ਖ਼ਤਮ ਹੋਇਆ। ਪਰ ਉਸ ਦੀ ਖ਼ੁਸ਼ੀ ਹੋਰ ਵੀ ਵਧੀ ਸੀ।
ਬਾਂਝ ਤੀਵੀਂ ਦੇ ਬਹੁਤ ਸਾਰੇ ਪੁੱਤਰ
8. ਵਾਅਦਾ ਕੀਤੀ ਗਈ ਅੰਸ ਪੈਦਾ ਕਰਨ ਤੋਂ ਬਾਅਦ ਪਰਮੇਸ਼ੁਰ ਦੀ ਸਵਰਗੀ ਤੀਵੀਂ ਨੇ ਖ਼ੁਸ਼ੀ ਕਿਉਂ ਮਨਾਈ ਸੀ?
8 ਯਿਸੂ ਦੇ ਮਰਨ ਅਤੇ ਜੀ ਉਠਾਏ ਜਾਣ ਤੋਂ ਬਾਅਦ ਪਰਮੇਸ਼ੁਰ ਦੀ ਸਵਰਗੀ ਤੀਵੀਂ ਇਸ ਪਿਆਰੇ ਪੁੱਤਰ ਨੂੰ ਦੁਬਾਰਾ ਪਾ ਕੇ ਬਹੁਤ ਖ਼ੁਸ਼ ਹੋਈ ਕਿਉਂਕਿ ਉਹ “ਮੁਰਦਿਆਂ ਵਿੱਚੋਂ ਜੇਠਾ” ਸੀ। (ਕੁਲੁੱਸੀਆਂ 1:18) ਫਿਰ ਉਸ ਨੇ ਦੂਸਰੇ ਰੂਹਾਨੀ ਪੁੱਤਰਾਂ ਨੂੰ ਵੀ ਜਨਮ ਦੇਣਾ ਸ਼ੁਰੂ ਕੀਤਾ। ਪੰਤੇਕੁਸਤ 33 ਸਾ.ਯੁ. ਵਿਚ ਯਿਸੂ ਦੇ ਕੁਝ 120 ਚੇਲੇ ਪਵਿੱਤਰ ਆਤਮਾ ਨਾਲ ਮਸਹ ਕੀਤੇ ਗਏ ਸਨ ਅਤੇ ਇਸ ਤਰ੍ਹਾਂ ਉਹ ਮਸੀਹ ਦੇ ਸੰਗੀ ਵਾਰਸ ਬਣੇ। ਉਸੇ ਦਿਨ ਕੁਝ 3,000 ਹੋਰ ਲੋਕ ਵੀ ਉਨ੍ਹਾਂ ਨਾਲ ਰਲ ਗਏ ਸਨ। (ਯੂਹੰਨਾ 1:12; ਰਸੂਲਾਂ ਦੇ ਕਰਤੱਬ 1:13-15; 2:1-4, 41; ਰੋਮੀਆਂ 8:14-16) ਇਨ੍ਹਾਂ ਪੁੱਤਰਾਂ ਦੀ ਗਿਣਤੀ ਵਧਦੀ ਗਈ। ਈਸਾਈ-ਜਗਤ ਦੇ ਧਰਮ-ਤਿਆਗ ਦੀਆਂ ਮੁਢਲੀਆਂ ਸਦੀਆਂ ਦੌਰਾਨ ਇੰਨਾ ਵਾਧਾ ਨਹੀਂ ਹੋਇਆ ਸੀ, ਪਰ 20ਵੀਂ ਸਦੀ ਵਿਚ ਵਾਧਾ ਫਿਰ ਤੋਂ ਸ਼ੁਰੂ ਹੋ ਗਿਆ ਸੀ।
9, 10. ਪੁਰਾਣੇ ਜ਼ਮਾਨੇ ਵਿਚ ਤੰਬੂ ਵਿਚ ਰਹਿਣ ਵਾਲੀ ਤੀਵੀਂ ਲਈ ਇਸ ਦਾ ਕੀ ਮਤਲਬ ਸੀ ਕਿ “ਆਪਣੇ ਤੰਬੂ ਦੇ ਥਾਂ ਨੂੰ ਚੌੜਾ ਕਰ,” ਅਤੇ ਇਹ ਉਸ ਲਈ ਖ਼ੁਸ਼ੀ ਦੀ ਗੱਲ ਕਿਉਂ ਸੀ?
9 ਯਸਾਯਾਹ ਨੇ ਬਹੁਤ ਵੱਡੇ ਵਾਧੇ ਬਾਰੇ ਭਵਿੱਖਬਾਣੀ ਕੀਤੀ ਸੀ: “ਆਪਣੇ ਤੰਬੂ ਦੇ ਥਾਂ ਨੂੰ ਚੌੜਾ ਕਰ, ਓਹ ਆਪਣੇ ਵਾਸਾਂ ਦੇ ਪੜਦੇ ਤਾਣਨ, ਤੂੰ ਸਰਫਾ ਨਾ ਕਰ, ਆਪਣੀਆਂ ਲਾਸਾਂ ਲੰਬੀਆਂ ਤੇ ਆਪਣਿਆਂ ਕੀਲਿਆਂ ਨੂੰ ਤਕੜਾ ਕਰ! ਤੂੰ ਤਾਂ ਸੱਜੇ ਖੱਬੇ ਫੈਲੇਂਗੀ, ਤੇਰੀ ਅੰਸ ਕੌਮਾਂ ਉੱਤੇ ਕਬਜ਼ਾ ਕਰੇਗੀ, ਅਤੇ ਉੱਜੜੇ ਹੋਏ ਸ਼ਹਿਰਾਂ ਨੂੰ ਵਸਾਵੇਗੀ। ਨਾ ਡਰ, ਕਿਉਂ ਜੋ ਤੂੰ ਲੱਜਿਆਵਾਨ ਨਾ ਹੋਵੇਂਗੀ, ਨਾ ਘਬਰਾ, ਕਿਉਂ ਜੋ ਤੂੰ ਸ਼ਰਮਿੰਦੀ ਨਾ ਹੋਵੇਂਗੀ, ਤੂੰ ਤਾਂ ਆਪਣੀ ਜੁਆਨੀ ਦੀ ਲਾਜ ਨੂੰ ਭੁੱਲ ਜਾਵੇਂਗੀ, ਅਤੇ ਆਪਣੇ ਰੰਡੇਪੇ ਦੀ ਊਜ ਨੂੰ ਫੇਰ ਚੇਤੇ ਨਾ ਕਰੇਂਗੀ।”—ਯਸਾਯਾਹ 54:2-4.
10 ਇੱਥੇ ਯਰੂਸ਼ਲਮ ਨੂੰ ਅਜਿਹੀ ਪਤਨੀ ਅਤੇ ਮਾਂ ਵਜੋਂ ਦਰਸਾਇਆ ਗਿਆ ਜੋ ਸਾਰਾਹ ਵਾਂਗ ਤੰਬੂਆਂ ਵਿਚ ਰਹਿੰਦੀ ਹੈ। ਜਦੋਂ ਇਕ ਪਰਿਵਾਰ ਵਧਦਾ ਹੈ, ਤਾਂ ਮਾਂ ਨੂੰ ਆਪਣੇ ਘਰ ਦੇ ਵਾਧੇ ਬਾਰੇ ਵੀ ਸੋਚਣਾ ਪੈਂਦਾ ਹੈ। ਉਸ ਨੂੰ ਤੰਬੂ ਦੇ ਪੜਦੇ ਅਤੇ ਲਾਸਾਂ ਨੂੰ ਲੰਬਾ ਕਰ ਕੇ ਕਿੱਲਿਆਂ ਨੂੰ ਆਪਣੀ ਨਵੀਂ ਜਗ੍ਹਾ ਤੇ ਮਜ਼ਬੂਤ ਕਰਨਾ ਪੈਂਦਾ ਹੈ। ਪਰ ਇਸ ਕੰਮ ਤੋਂ ਉਸ ਨੂੰ ਖ਼ੁਸ਼ੀ ਮਿਲਦੀ ਹੈ। ਹੋ ਸਕਦਾ ਹੈ ਕਿ ਉਹ ਕੰਮ ਵਿਚ ਲੱਗੀ ਰਹਿਣ ਕਰਕੇ ਉਹ ਸਮਾਂ ਭੁੱਲ ਜਾਂਦੀ ਹੈ ਜਦੋਂ ਉਹ ਚਿੰਤਾ ਦੀ ਮਾਰੀ ਸੋਚਦੀ ਸੀ ਕਿ ਉਹ ਕਦੀ ਬੱਚੇ ਪੈਦਾ ਕਰ ਕੇ ਪਰਿਵਾਰ ਦੇ ਨਾਂ ਨੂੰ ਜਾਰੀ ਰੱਖੇਗੀ ਕਿ ਨਹੀਂ।
11. (ੳ) ਸੰਨ 1914 ਵਿਚ ਪਰਮੇਸ਼ੁਰ ਦੀ ਸਵਰਗੀ ਤੀਵੀਂ ਨੂੰ ਕਿਹੜੀ ਬਰਕਤ ਮਿਲੀ ਸੀ? (ਫੁਟਨੋਟ ਦੇਖੋ।) (ਅ) ਸੰਨ 1919 ਤੋਂ ਲੈ ਕੇ ਧਰਤੀ ਉੱਤੇ ਮਸਹ ਕੀਤੇ ਹੋਇਆਂ ਨੂੰ ਕਿਹੜੀ ਬਰਕਤ ਮਿਲੀ ਸੀ?
11 ਧਰਤੀ ਉੱਤੇ ਯਰੂਸ਼ਲਮ ਨੂੰ ਬਹਾਲੀ ਦੇ ਅਜਿਹੇ ਸਮੇਂ ਦੀ ਬਰਕਤ ਬਾਬਲ ਦੀ ਗ਼ੁਲਾਮੀ ਤੋਂ ਬਾਅਦ ਮਿਲੀ ਸੀ। ‘ਉਤਾਹਾਂ ਦੇ ਯਰੂਸ਼ਲਮ’ ਨੂੰ ਇਸ ਤੋਂ ਵੀ ਵੱਡੀ ਬਰਕਤ ਮਿਲੀ ਸੀ।a ਖ਼ਾਸ ਕਰਕੇ 1919 ਤੋਂ ਲੈ ਕੇ ਉਸ ਦੀ ਮਸਹ ਕੀਤੀ ਗਈ ਅੰਸ ਆਪਣੀ ਨਵੀਂ ਰੂਹਾਨੀ ਹਾਲਤ ਵਿਚ ਵਧਦੀ-ਫੁੱਲਦੀ ਰਹੀ ਹੈ। (ਯਸਾਯਾਹ 61:4; 66:8) ਇਸ ਅੰਸ ਨੇ ਕਈਆਂ ਦੇਸ਼ਾਂ ਵਿਚ ਫੈਲ ਕੇ ਅਤੇ ਉਸ ਦੇ ਰੂਹਾਨੀ ਪਰਿਵਾਰ ਦਾ ਹਿੱਸਾ ਬਣਨ ਵਾਲਿਆਂ ਨੂੰ ਭਾਲ ਕੇ “ਕੌਮਾਂ ਉੱਤੇ ਕਬਜ਼ਾ” ਕੀਤਾ। ਨਤੀਜੇ ਵਜੋਂ ਮਸਹ ਕੀਤੇ ਹੋਇਆਂ ਨੂੰ ਇਕੱਠਾ ਕਰਨ ਵਿਚ ਕਾਫ਼ੀ ਵਾਧਾ ਹੋਇਆ। ਇਸ ਤਰ੍ਹਾਂ ਲੱਗਦਾ ਹੈ ਕਿ 1,44,000 ਵਿਅਕਤੀਆਂ ਦੀ ਗਿਣਤੀ ਲਗਭਗ 1935 ਤਕ ਪੂਰੀ ਹੋ ਚੁੱਕੀ ਸੀ। (ਪਰਕਾਸ਼ ਦੀ ਪੋਥੀ 14:3) ਉਸ ਸਮੇਂ ਤੋਂ ਬਾਅਦ ਪ੍ਰਚਾਰ ਦੇ ਕੰਮ ਦਾ ਮਕਸਦ ਮਸਹ ਕੀਤੇ ਹੋਇਆਂ ਨੂੰ ਇਕੱਠਾ ਕਰਨਾ ਨਹੀਂ ਰਿਹਾ। ਉਨ੍ਹਾਂ ਦੇ ਨਾਲ-ਨਾਲ ਹੋਰ ਵੀ ਲੋਕ ਇਕੱਠੇ ਕੀਤੇ ਗਏ ਸਨ।
12. ਮਸਹ ਕੀਤੇ ਹੋਏ ਮਸੀਹੀਆਂ ਤੋਂ ਇਲਾਵਾ 1930 ਦੇ ਦਹਾਕੇ ਤੋਂ ਲੈ ਕੇ ਹੋਰ ਕਿਨ੍ਹਾਂ ਨੂੰ ਮਸੀਹੀ ਕਲੀਸਿਯਾ ਵਿਚ ਇਕੱਠਾ ਕੀਤਾ ਗਿਆ ਹੈ?
12 ਯਿਸੂ ਨੇ ਖ਼ੁਦ ਭਵਿੱਖਬਾਣੀ ਕੀਤੀ ਸੀ ਕਿ ਉਸ ਦੇ ਮਸਹ ਕੀਤੇ ਹੋਏ ਭਰਾਵਾਂ ਦੇ “ਛੋਟੇ ਝੁੰਡ” ਤੋਂ ਇਲਾਵਾ ਉਸ ਦੀਆਂ “ਹੋਰ ਵੀ ਭੇਡਾਂ” ਹੋਣਗੀਆਂ ਜੋ ਸੱਚੇ ਮਸੀਹੀਆਂ ਦੇ ਵਾੜੇ ਵਿਚ ਲਿਆਈਆਂ ਜਾਣਗੀਆਂ। (ਲੂਕਾ 12:32; ਯੂਹੰਨਾ 10:16) ਭਾਵੇਂ ਕਿ ਮਸਹ ਕੀਤੇ ਹੋਏ ਮਸੀਹੀਆਂ ਦੇ ਇਹ ਵਫ਼ਾਦਾਰ ਸਾਥੀ ‘ਉਤਾਹਾਂ ਦੇ ਯਰੂਸ਼ਲਮ’ ਵਿਚ ਨਹੀਂ ਗਿਣੇ ਜਾਂਦੇ ਹਨ, ਉਹ ਇਕ ਜ਼ਰੂਰੀ ਕੰਮ ਕਰਦੇ ਹਨ ਅਤੇ ਭਵਿੱਖਬਾਣੀ ਵਿਚ ਉਨ੍ਹਾਂ ਬਾਰੇ ਵੀ ਦੱਸਿਆ ਗਿਆ ਸੀ। (ਜ਼ਕਰਯਾਹ 8:23) ਉੱਨੀ ਸੌ ਤੀਹ ਦੇ ਦਹਾਕੇ ਤੋਂ ਲੈ ਕੇ ਅੱਜ ਤਕ ਇਨ੍ਹਾਂ ਦੀ ਇਕ “ਵੱਡੀ ਭੀੜ” ਇਕੱਠੀ ਕੀਤੀ ਗਈ ਹੈ, ਜਿਸ ਕਰਕੇ ਮਸੀਹੀ ਕਲੀਸਿਯਾ ਵਿਚ ਬੇਮਿਸਾਲ ਵਾਧਾ ਹੋਇਆ ਹੈ। (ਪਰਕਾਸ਼ ਦੀ ਪੋਥੀ 7:9, 10) ਅੱਜ ਇਸ ਵੱਡੀ ਭੀੜ ਦੀ ਗਿਣਤੀ ਲੱਖਾਂ ਵਿਚ ਹੈ। ਇਸ ਵਾਧੇ ਕਾਰਨ ਹੋਰ ਕਿੰਗਡਮ ਹਾਲਾਂ, ਅਸੈਂਬਲੀ ਹਾਲਾਂ, ਅਤੇ ਸ਼ਾਖਾ ਦਫ਼ਤਰਾਂ ਦੀ ਸਖ਼ਤ ਜ਼ਰੂਰਤ ਪਈ ਹੈ। ਯਸਾਯਾਹ ਦੇ ਸ਼ਬਦ ਅੱਜ ਵੀ ਢੁਕਵੇਂ ਹਨ। ਉਸ ਦੱਸੇ ਗਏ ਵਾਧੇ ਦਾ ਹਿੱਸਾ ਹੋਣਾ ਸਾਡੇ ਲਈ ਕਿੰਨਾ ਵੱਡਾ ਸਨਮਾਨ ਹੈ!
ਆਪਣੀ ਅੰਸ ਨਾਲ ਹਮਦਰਦੀ ਕਰਨ ਵਾਲੀ ਮਾਂ
13, 14. (ੳ) ਪਰਮੇਸ਼ੁਰ ਦੀ ਸਵਰਗੀ ਤੀਵੀਂ ਬਾਰੇ ਕੁਝ ਕਹੀਆਂ ਗਈਆਂ ਗੱਲਾਂ ਸਮਝਣ ਵਿਚ ਕਿਹੜੀ ਸਮੱਸਿਆ ਲੱਗਦੀ ਹੈ? (ਅ) ਪਰਿਵਾਰਕ ਰਿਸ਼ਤਿਆਂ ਬਾਰੇ ਪਰਮੇਸ਼ੁਰ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
13 ਅਸੀਂ ਦੇਖਿਆ ਹੈ ਕਿ ਭਵਿੱਖਬਾਣੀ ਦੀ ਵੱਡੀ ਪੂਰਤੀ ਵਿਚ ਤੀਵੀਂ ਯਹੋਵਾਹ ਦੇ ਸਵਰਗੀ ਸੰਗਠਨ ਨੂੰ ਦਰਸਾਉਂਦੀ ਹੈ। ਪਰ ਯਸਾਯਾਹ 54:4 ਪੜ੍ਹ ਕੇ ਅਸੀਂ ਸ਼ਾਇਦ ਸੋਚੀਏ ਕਿ ਦੂਤਾਂ ਦੇ ਇਸ ਸੰਗਠਨ ਨੇ ਸ਼ਰਮਿੰਦਗੀ ਜਾਂ ਬਦਨਾਮੀ ਕਦੋਂ ਸਹੀ ਸੀ। ਅਗਲੀਆਂ ਆਇਤਾਂ ਦੱਸਦੀਆਂ ਹਨ ਕਿ ਪਰਮੇਸ਼ੁਰ ਦੀ ਤੀਵੀਂ ਨੇ ਤਿਆਗੀ ਜਾਣਾ ਸੀ, ਦੁਖੀ ਹੋਣਾ ਸੀ, ਅਤੇ ਉਸ ਨਾਲ ਝਗੜਾ ਹੋਣਾ ਸੀ। ਉਸ ਨੇ ਪਰਮੇਸ਼ੁਰ ਦਾ ਕ੍ਰੋਧ ਵੀ ਭੜਕਾਉਣਾ ਸੀ। ਇਹ ਗੱਲਾਂ ਸੰਪੂਰਣ ਦੂਤਾਂ ਦੇ ਸੰਗਠਨ ਵਿਚ ਕਿਵੇਂ ਹੋ ਸਕਦੀਆਂ ਹਨ ਜਿਨ੍ਹਾਂ ਨੇ ਕਦੀ ਪਾਪ ਨਹੀਂ ਕੀਤਾ? ਇਸ ਦਾ ਜਵਾਬ ਪਰਿਵਾਰਕ ਰਿਸ਼ਤਿਆਂ ਤੋਂ ਮਿਲਦਾ ਹੈ।
14 ਯਹੋਵਾਹ ਪਰਿਵਾਰਕ ਰਿਸ਼ਤਿਆਂ ਰਾਹੀਂ ਡੂੰਘੀਆਂ ਰੂਹਾਨੀ ਸੱਚਾਈਆਂ ਸਮਝਾਉਂਦਾ ਹੈ ਯਾਨੀ ਪਤੀ-ਪਤਨੀ ਤੇ ਮਾਂ ਅਤੇ ਉਸ ਦੇ ਬੱਚਿਆਂ ਦਾ ਰਿਸ਼ਤਾ, ਕਿਉਂਕਿ ਇਹ ਰਿਸ਼ਤੇ ਇਨਸਾਨਾਂ ਲਈ ਮਹੱਤਵਪੂਰਣ ਹਨ। ਸਾਡਾ ਪਰਿਵਾਰ ਚਾਹੇ ਜਿਸ ਤਰ੍ਹਾਂ ਦਾ ਵੀ ਹੋਵੇ, ਅਸੀਂ ਸਾਰੇ ਜਾਣਦੇ ਹਾਂ ਕਿ ਪਤੀ-ਪਤਨੀ ਦਾ ਅਤੇ ਬੱਚਿਆਂ ਦਾ ਮਾਪਿਆਂ ਨਾਲ ਕਿਹੋ ਜਿਹਾ ਰਿਸ਼ਤਾ ਹੋਣਾ ਚਾਹੀਦਾ ਹੈ। ਤਾਂ ਫਿਰ ਯਹੋਵਾਹ ਸਾਨੂੰ ਸਾਫ਼-ਸਾਫ਼ ਸਿਖਾਉਂਦਾ ਹੈ ਕਿ ਉਸ ਦੇ ਆਤਮਿਕ ਸੇਵਕਾਂ ਨਾਲ ਉਸ ਦਾ ਇਕ ਗੂੜ੍ਹਾ ਰਿਸ਼ਤਾ ਹੈ ਜਿਸ ਵਿਚ ਉਹ ਇਕ ਦੂਜੇ ਉੱਤੇ ਭਰੋਸਾ ਰੱਖਦੇ ਹਨ। ਉਹ ਕਿੰਨੀ ਚੰਗੀ ਤਰ੍ਹਾਂ ਸਿਖਾਉਂਦਾ ਹੈ ਕਿ ਉਸ ਦਾ ਸਵਰਗੀ ਸੰਗਠਨ ਧਰਤੀ ਉੱਤੇ ਆਪਣੀ ਮਸਹ ਕੀਤੀ ਹੋਈ ਅੰਸ ਨਾਲ ਹਮਦਰਦੀ ਕਰਦਾ ਹੈ! ਜਦੋਂ ਧਰਤੀ ਉੱਤੇ ਕੋਈ ਸੇਵਕ ਦੁੱਖ ਝੱਲਦਾ ਹੈ, ਤਾਂ ਵਫ਼ਾਦਾਰ ਸਵਰਗੀ ਸੇਵਕਾਂ, ਯਾਨੀ ‘ਉਤਾਹਾਂ ਦੇ ਯਰੂਸ਼ਲਮ’ ਨੂੰ ਵੀ ਦੁੱਖ ਹੁੰਦਾ ਹੈ। ਇਸੇ ਤਰ੍ਹਾਂ ਯਿਸੂ ਨੇ ਕਿਹਾ ਸੀ: “ਜਦ ਤੁਸਾਂ ਮੇਰੇ ਇਨ੍ਹਾਂ ਸਭਨਾਂ ਤੋਂ ਛੋਟੇ [ਮਸਹ ਕੀਤੇ ਹੋਏ] ਭਰਾਵਾਂ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਮੇਰੇ ਨਾਲ ਕੀਤਾ।”—ਮੱਤੀ 25:40.
15, 16. ਯਸਾਯਾਹ 54:5, 6 ਦੀ ਪਹਿਲੀ ਪੂਰਤੀ ਅਤੇ ਵੱਡੀ ਪੂਰਤੀ ਕਿਵੇਂ ਹੋਈ ਸੀ?
15 ਤਾਂ ਫਿਰ ਇਸ ਵਿਚ ਕੋਈ ਹੈਰਾਨੀ ਨਹੀਂ ਕਿ ਯਹੋਵਾਹ ਦੀ ਸਵਰਗੀ ਤੀਵੀਂ ਨੂੰ ਕਹੀਆਂ ਗਈਆਂ ਬਹੁਤ ਸਾਰੀਆਂ ਗੱਲਾਂ ਧਰਤੀ ਉੱਤੇ ਉਸ ਦੇ ਬੱਚਿਆਂ ਉੱਤੇ ਲਾਗੂ ਹੁੰਦੀਆਂ ਹਨ। ਇਨ੍ਹਾਂ ਸ਼ਬਦਾਂ ਉੱਤੇ ਗੌਰ ਕਰੋ: “ਤੇਰਾ ਪਤੀ ਤਾਂ ਤੇਰਾ ਕਰਤਾਰ ਹੈ, ਸੈਨਾਂ ਦਾ ਯਹੋਵਾਹ ਉਹ ਦਾ ਨਾਮ ਹੈ। ਤੇਰਾ ਛੁਡਾਉਣ ਵਾਲਾ ਇਸਰਾਏਲ ਦਾ ਪਵਿੱਤਰ ਪੁਰਖ ਹੈ, ਉਹ ਸਾਰੀ ਧਰਤੀ ਦਾ ਪਰਮੇਸ਼ੁਰ ਸੱਦਿਆ ਜਾਵੇਗਾ। ਯਹੋਵਾਹ ਨੇ ਤਾਂ ਤੈਨੂੰ ਤਿਆਗੀ ਹੋਈ ਅਤੇ ਆਤਮਾ ਵਿੱਚ ਸੋਗਣ ਇਸਤ੍ਰੀ ਵਾਂਙੁ ਬੁਲਾਇਆ, ਜੁਆਨੀ ਦੀ ਪਤਨੀ ਵਾਂਙੁ ਜਦ ਉਹ ਛੱਡੀ ਜਾਂਦੀ, ਤੇਰਾ ਪਰਮੇਸ਼ੁਰ ਆਖਦਾ ਹੈ।”—ਯਸਾਯਾਹ 54:5, 6.
16 ਇੱਥੇ ਕਿਸ ਪਤਨੀ ਨਾਲ ਗੱਲ ਕੀਤੀ ਜਾ ਰਹੀ ਹੈ? ਇਸ ਭਵਿੱਖਬਾਣੀ ਦੀ ਪਹਿਲੀ ਪੂਰਤੀ ਵਿਚ ਯਰੂਸ਼ਲਮ, ਯਾਨੀ ਪਰਮੇਸ਼ੁਰ ਦੇ ਲੋਕਾਂ ਨਾਲ ਗੱਲ ਕੀਤੀ ਜਾ ਰਹੀ ਸੀ। ਬਾਬਲ ਵਿਚ ਉਨ੍ਹਾਂ ਦੀ 70 ਸਾਲਾਂ ਦੀ ਗ਼ੁਲਾਮੀ ਦੌਰਾਨ ਉਨ੍ਹਾਂ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਯਹੋਵਾਹ ਨੇ ਉਨ੍ਹਾਂ ਨੂੰ ਛੱਡ ਦਿੱਤਾ ਸੀ। ਇਸ ਦੀ ਵੱਡੀ ਪੂਰਤੀ ਵਿਚ ਇਹ ਸ਼ਬਦ ‘ਉਤਾਹਾਂ ਦੇ ਯਰੂਸ਼ਲਮ’ ਬਾਰੇ ਹਨ, ਅਤੇ ਉਤਪਤ 3:15 ਦੀ ਪੂਰਤੀ ਵਿਚ ਉਸ ਦੇ “ਸੰਤਾਨ” ਪੈਦਾ ਕਰਨ ਬਾਰੇ ਹਨ।
ਪਲ ਭਰ ਦੀ ਸਜ਼ਾ, ਹਮੇਸ਼ਾ ਦੀਆਂ ਬਰਕਤਾਂ
17. (ੳ) ਜ਼ਮੀਨੀ ਯਰੂਸ਼ਲਮ ਉੱਤੇ ਪਰਮੇਸ਼ੁਰ ਦੇ ਕ੍ਰੋਧ ਦਾ “ਹੜ੍ਹ” ਕਿਵੇਂ ਆਇਆ ਸੀ? (ਅ) ‘ਉਤਾਹਾਂ ਦੇ ਯਰੂਸ਼ਲਮ’ ਦੇ ਪੁੱਤਰਾਂ ਉੱਤੇ ਕਿਹੜਾ “ਹੜ੍ਹ” ਆਇਆ ਸੀ?
17 ਭਵਿੱਖਬਾਣੀ ਨੇ ਅੱਗੇ ਕਿਹਾ: “ਪਲਕੁ ਲਈ ਹੀ ਮੈਂ ਤੈਨੂੰ ਤਿਆਗਿਆ ਹੈ, ਪਰ ਵੱਡੀਆਂ ਰਹਮਤਾਂ ਨਾਲ ਮੈਂ ਤੈਨੂੰ ਇਕੱਠਾ ਕਰਾਂਗਾ। ਕੋਪ ਦੇ ਹੜ੍ਹ ਵਿੱਚ ਮੈਂ ਆਪਣਾ ਮੂੰਹ ਪਲਕੁ ਲਈ ਤੈਥੋਂ ਲੁਕਾਇਆ, ਪਰ ਸਦੀਪਕ ਦਯਾ ਨਾਲ ਮੈਂ ਤੇਰੇ ਉੱਤੇ ਰਹਮ ਕਰਾਂਗਾ, ਯਹੋਵਾਹ ਤੇਰਾ ਛੁਡਾਉਣ ਵਾਲਾ ਆਖਦਾ ਹੈ।” (ਯਸਾਯਾਹ 54:7, 8) ਜ਼ਮੀਨੀ ਯਰੂਸ਼ਲਮ ਉੱਤੇ ਪਰਮੇਸ਼ੁਰ ਦੇ ਕ੍ਰੋਧ ਦਾ “ਹੜ੍ਹ” 607 ਸਾ.ਯੁ.ਪੂ. ਵਿਚ ਬਾਬਲੀ ਫ਼ੌਜਾਂ ਦੇ ਹਮਲੇ ਦੁਆਰਾ ਆਇਆ ਸੀ। ਉਨ੍ਹਾਂ ਨੂੰ ਗ਼ੁਲਾਮੀ ਵਿਚ 70 ਸਾਲ ਸ਼ਾਇਦ ਲੰਬਾ ਸਮਾਂ ਲੱਗਿਆ ਹੋਵੇਗਾ। ਪਰ ਸਬਕ ਸਿੱਖਣ ਵਾਲਿਆਂ ਦੀਆਂ ਸਦੀਵੀ ਬਰਕਤਾਂ ਦੀ ਤੁਲਨਾ ਵਿਚ ਇਹ ਅਜ਼ਮਾਇਸ਼ਾਂ ਸਿਰਫ਼ “ਪਲਕੁ ਲਈ ਹੀ” ਸਨ। ਇਸੇ ਤਰ੍ਹਾਂ, ‘ਉਤਾਹਾਂ ਦੇ ਯਰੂਸ਼ਲਮ’ ਦੇ ਮਸਹ ਕੀਤੇ ਹੋਏ ਪੁੱਤਰਾਂ ਨੂੰ ਇਸ ਤਰ੍ਹਾਂ ਲੱਗਾ ਸੀ ਕਿ ਉਨ੍ਹਾਂ ਉੱਤੇ ਪਰਮੇਸ਼ੁਰ ਦੇ ਕ੍ਰੋਧ ਦਾ “ਹੜ੍ਹ” ਉਦੋਂ ਆਇਆ ਸੀ ਜਦੋਂ ਯਹੋਵਾਹ ਨੇ ਵੱਡੀ ਬਾਬੁਲ ਦੁਆਰਾ ਉਕਸਾਈਆਂ ਗਈਆਂ ਸਰਕਾਰਾਂ ਨੂੰ ਹਮਲੇ ਕਰਨ ਦਿੱਤੇ ਸਨ। ਪਰ ਬਾਅਦ ਵਿਚ ਇਹ ਸਜ਼ਾ ਛੋਟੀ ਜਿਹੀ ਲੱਗੀ ਕਿਉਂਕਿ 1919 ਤੋਂ ਲੈ ਕੇ ਉਨ੍ਹਾਂ ਨੂੰ ਰੂਹਾਨੀ ਤੌਰ ਤੇ ਬਹੁਤ ਸਾਰੀਆਂ ਬਰਕਤਾਂ ਮਿਲੀਆਂ ਹਨ!
18. ਅਸੀਂ ਯਹੋਵਾਹ ਦੇ ਲੋਕਾਂ ਉੱਤੇ ਉਸ ਦੇ ਕ੍ਰੋਧ ਬਾਰੇ ਕਿਹੜੀ ਵੱਡੀ ਗੱਲ ਸਿੱਖਦੇ ਹਾਂ, ਅਤੇ ਇਹ ਸਾਡੇ ਉੱਤੇ ਕਿਵੇਂ ਲਾਗੂ ਹੋ ਸਕਦੀ ਹੈ?
18 ਇਹ ਆਇਤਾਂ ਸਾਨੂੰ ਇਕ ਹੋਰ ਵੱਡੀ ਗੱਲ ਵੀ ਦੱਸਦੀਆਂ ਹਨ ਕਿ ਪਰਮੇਸ਼ੁਰ ਦਾ ਕ੍ਰੋਧ ਪਲ ਭਰ ਲਈ ਹੀ ਹੁੰਦਾ ਹੈ ਪਰ ਉਸ ਦੀ ਦਇਆ ਹਮੇਸ਼ਾ ਲਈ ਹੁੰਦੀ ਹੈ। ਉਸ ਦਾ ਗੁੱਸਾ ਅਪਰਾਧ ਦੇ ਕਾਰਨ ਭੜਕਦਾ ਹੈ, ਪਰ ਇਹ ਹਮੇਸ਼ਾ ਉਸ ਦੇ ਕਾਬੂ ਵਿਚ ਅਤੇ ਚੰਗੇ ਕਾਰਨ ਲਈ ਹੁੰਦਾ ਹੈ। ਜੇਕਰ ਅਸੀਂ ਯਹੋਵਾਹ ਦੀ ਤਾੜਨਾ ਸਵੀਕਾਰ ਕਰਦੇ ਹਾਂ, ਤਾਂ ਉਸ ਦਾ ਗੁੱਸਾ ਸਿਰਫ਼ “ਪਲਕੁ ਲਈ ਹੀ” ਹੁੰਦਾ ਹੈ ਫਿਰ ਠੰਢਾ ਪੈ ਜਾਂਦਾ ਹੈ। ਗੁੱਸੇ ਦੀ ਥਾਂ ਯਹੋਵਾਹ “ਵੱਡੀਆਂ ਰਹਮਤਾਂ” ਕਰਦਾ ਹੈ, ਯਾਨੀ ਮਾਫ਼ੀ ਅਤੇ ਪ੍ਰੇਮਪੂਰਣ ਦਿਆਲਗੀ। ਇਹ ਸਦਾ ਲਈ ਰਹਿੰਦੀਆਂ ਹਨ। ਜਦੋਂ ਅਸੀਂ ਕੋਈ ਪਾਪ ਕਰਦੇ ਹਾਂ, ਤਾਂ ਸਾਨੂੰ ਤੋਬਾ ਕਰ ਕੇ ਪਰਮੇਸ਼ੁਰ ਨਾਲ ਸੁਲ੍ਹਾ ਕਰਨ ਵਿਚ ਕਦੀ ਵੀ ਦੇਰ ਨਹੀਂ ਕਰਨੀ ਚਾਹੀਦੀ। ਜੇਕਰ ਅਸੀਂ ਕੋਈ ਵੱਡਾ ਪਾਪ ਕੀਤਾ ਹੈ, ਤਾਂ ਸਾਨੂੰ ਇਕਦਮ ਕਲੀਸਿਯਾ ਦੇ ਬਜ਼ੁਰਗਾਂ ਕੋਲ ਜਾਣਾ ਚਾਹੀਦਾ ਹੈ। (ਯਾਕੂਬ 5:14) ਇਹ ਸੱਚ ਹੈ ਕਿ ਸਾਨੂੰ ਸ਼ਾਇਦ ਤਾੜਨਾ ਮਿਲੇਗੀ ਜਿਸ ਨੂੰ ਸਵੀਕਾਰ ਕਰਨਾ ਔਖਾ ਹੋ ਸਕਦਾ ਹੈ। (ਇਬਰਾਨੀਆਂ 12:11) ਪਰ ਯਹੋਵਾਹ ਪਰਮੇਸ਼ੁਰ ਦੀ ਮਾਫ਼ੀ ਮਿਲਣ ਤੋਂ ਬਾਅਦ ਸਦੀਵੀ ਬਰਕਤਾਂ ਦੀ ਤੁਲਨਾ ਵਿਚ ਇਹ ਤਾੜਨਾ ਪਲ ਭਰ ਲਈ ਹੀ ਹੋਵੇਗੀ!
19, 20. (ੳ) ਸਤਰੰਗੀ ਪੀਂਘ ਦਾ ਨੇਮ ਕੀ ਹੈ, ਅਤੇ ਬਾਬਲ ਵਿਚ ਗ਼ੁਲਾਮਾਂ ਲਈ ਇਸ ਦਾ ਕੀ ਮਤਲਬ ਸੀ? (ਅ) “ਸ਼ਾਂਤੀ ਦਾ ਨੇਮ” ਅੱਜ ਮਸਹ ਕੀਤੇ ਹੋਏ ਮਸੀਹੀਆਂ ਨੂੰ ਕਿਹੜਾ ਭਰੋਸਾ ਦਿੰਦਾ ਹੈ?
19 ਅੱਗੇ ਯਹੋਵਾਹ ਨੇ ਆਪਣੇ ਲੋਕਾਂ ਨੂੰ ਦਿਲਾਸਾ ਦਿੱਤਾ: “ਏਹ ਤਾਂ ਮੇਰੇ ਲਈ ਨੂਹ ਦੀ ਪਰਲੋ ਜਿਹੀ ਹੈ,—ਜਿਵੇਂ ਮੈਂ ਸੌਂਹ ਖਾਧੀ ਹੈ, ਕਿ ਨੂਹ ਦੀ ਪਰਲੋ ਫੇਰ ਧਰਤੀ ਉੱਤੇ ਨਾ ਆਵੇਗੀ, ਤਿਵੇਂ ਮੈਂ ਸੌਂਹ ਖਾਧੀ ਹੈ, ਕਿ ਮੈਂ ਤੇਰੇ ਉੱਤੇ ਕੋਪਵਾਨ ਨਾ ਹੋਵਾਂਗਾ, ਨਾ ਤੈਨੂੰ ਝਿੜਕਾਂਗਾ। ਭਾਵੇਂ ਪਹਾੜ ਜਾਂਦੇ ਰਹਿਣ ਤੇ ਟਿੱਲੇ ਹਿਲਾਏ ਜਾਣ, ਪਰ ਮੇਰੀ ਦਯਾ ਤੈਥੋਂ ਜਾਂਦੀ ਨਾ ਰਹੇਗੀ, ਨਾ ਮੇਰੀ ਸ਼ਾਂਤੀ ਦਾ ਨੇਮ ਹਿੱਲੇਗਾ, ਯਹੋਵਾਹ ਤੇਰਾ ਦਯਾਲੂ ਆਖਦਾ ਹੈ।” (ਯਸਾਯਾਹ 54:9, 10) ਜਲ-ਪਰਲੋ ਤੋਂ ਬਾਅਦ ਪਰਮੇਸ਼ੁਰ ਨੇ ਨੂਹ ਅਤੇ ਹਰ ਜੀਉਂਦੇ ਪ੍ਰਾਣੀ ਨਾਲ ਇਕ ਨੇਮ ਬੰਨ੍ਹਿਆ ਸੀ ਜਿਸ ਨੂੰ ਸਤਰੰਗੀ ਪੀਂਘ ਦਾ ਨੇਮ ਵੀ ਸੱਦਿਆ ਜਾਂਦਾ ਹੈ। ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਉਹ ਸਾਰੀ ਧਰਤੀ ਦਾ ਨਾਸ਼ ਕਰਨ ਲਈ ਫਿਰ ਕਦੀ ਨਹੀਂ ਹੜ੍ਹ ਘੱਲੇਗਾ। (ਉਤਪਤ 9:8-17) ਯਸਾਯਾਹ ਅਤੇ ਉਸ ਦੇ ਲੋਕਾਂ ਲਈ ਇਸ ਦਾ ਕੀ ਮਤਲਬ ਸੀ?
20 ਪਰਮੇਸ਼ੁਰ ਦੇ ਲੋਕਾਂ ਨੂੰ ਇਹ ਜਾਣ ਕੇ ਬਹੁਤ ਦਿਲਾਸਾ ਮਿਲਿਆ ਹੋਵੇਗਾ ਕਿ ਬਾਬਲ ਦੀ ਗ਼ੁਲਾਮੀ ਵਿਚ 70 ਸਾਲਾਂ ਦੀ ਸਜ਼ਾ ਉਨ੍ਹਾਂ ਨੂੰ ਸਿਰਫ਼ ਇਕ ਵਾਰ ਹੀ ਭੋਗਣੀ ਪੈਣੀ ਸੀ। ਇਸ ਤੋਂ ਬਾਅਦ ਉਨ੍ਹਾਂ ਨਾਲ “ਸ਼ਾਂਤੀ ਦਾ ਨੇਮ” ਕਾਇਮ ਕੀਤਾ ਜਾਣਾ ਸੀ। ਇਬਰਾਨੀ ਭਾਸ਼ਾ ਵਿਚ “ਸ਼ਾਂਤੀ” ਦਾ ਮਤਲਬ ਸਿਰਫ਼ ਇਹ ਨਹੀਂ ਕਿ ਲੜਾਈ ਨਹੀਂ ਹੋ ਰਹੀ, ਪਰ ਇਸ ਦਾ ਮਤਲਬ ਹਰ ਤਰ੍ਹਾਂ ਦਾ ਸੁਖ-ਚੈਨ ਵੀ ਹੈ। ਪਰਮੇਸ਼ੁਰ ਵੱਲੋਂ ਇਹ ਨੇਮ ਪੱਕਾ ਸੀ। ਭਾਵੇਂ ਪਹਾੜ ਅਤੇ ਟਿੱਲੇ ਜਾਂਦੇ ਰਹਿਣ ਉਸ ਦੇ ਲੋਕਾਂ ਲਈ ਉਸ ਦੀ ਪ੍ਰੇਮਪੂਰਣ ਦਿਆਲਗੀ ਕਦੀ ਵੀ ਖ਼ਤਮ ਨਹੀਂ ਹੋਣੀ ਸੀ। ਅਫ਼ਸੋਸ ਦੀ ਗੱਲ ਹੈ ਕਿ ਧਰਤੀ ਉੱਤੇ ਇਹ ਕੌਮ ਇਸ ਨੇਮ ਦੇ ਅਨੁਸਾਰ ਨਹੀਂ ਚੱਲੀ ਅਤੇ ਮਸੀਹਾ ਨੂੰ ਰੱਦ ਕਰ ਕੇ ਉਨ੍ਹਾਂ ਨੇ ਆਪਣੀ ਸ਼ਾਂਤੀ ਗੁਆਈ। ਪਰ ‘ਉਤਾਹਾਂ ਦੇ ਯਰੂਸ਼ਲਮ’ ਦੇ ਪੁੱਤਰਾਂ ਨਾਲ ਇਸ ਤਰ੍ਹਾਂ ਨਹੀਂ ਹੋਇਆ। ਉਨ੍ਹਾਂ ਦੇ ਮੁਸ਼ਕਲ ਸਮੇਂ ਤੋਂ ਬਾਅਦ ਉਨ੍ਹਾਂ ਨੂੰ ਪਰਮੇਸ਼ੁਰ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਗਿਆ ਸੀ।
ਪਰਮੇਸ਼ੁਰ ਦੇ ਲੋਕਾਂ ਦੀ ਰੂਹਾਨੀ ਸੁਰੱਖਿਆ
21, 22. (ੳ) ਇਹ ਕਿਉਂ ਕਿਹਾ ਗਿਆ ਹੈ ਕਿ ‘ਉਤਾਹਾਂ ਦੇ ਯਰੂਸ਼ਲਮ’ ਨੇ ਦੁੱਖ ਅਤੇ ਤੂਫ਼ਾਨ ਝੱਲੇ ਸਨ? (ਅ) ਪਰਮੇਸ਼ੁਰ ਦੀ ਸਵਰਗੀ ਤੀਵੀਂ ਦੀ ਸੁਖੀ ਹਾਲਤ ਧਰਤੀ ਉੱਤੇ ਉਸ ਦੀ “ਅੰਸ” ਬਾਰੇ ਕੀ ਸੰਕੇਤ ਕਰਦੀ ਹੈ?
21 ਯਹੋਵਾਹ ਨੇ ਭਵਿੱਖਬਾਣੀ ਵਿਚ ਆਪਣੇ ਵਫ਼ਾਦਾਰ ਲੋਕਾਂ ਦੀ ਸੁਰੱਖਿਆ ਬਾਰੇ ਦੱਸਿਆ ਸੀ: “ਹੇ ਦੁਖਿਆਰੀਏ, ਅਨ੍ਹੇਰੇ ਦੀਏ ਮਾਰੀਏ ਹੋਈਏ, ਜਿਹ ਨੂੰ ਦਿਲਾਸਾ ਨਹੀਂ ਮਿਲਿਆ, ਵੇਖ, ਮੈਂ ਤੇਰੇ ਪੱਥਰਾਂ ਨੂੰ ਕੱਜਲ ਵਿੱਚ ਰੱਖਾਂਗਾ, ਅਤੇ ਤੇਰੀਆਂ ਨੀਹਾਂ ਨੂੰ ਨੀਲਮਾਂ ਨਾਲ ਧਰਾਂਗਾ। ਮੈਂ ਤੇਰੇ ਕਲਸਾਂ ਨੂੰ ਲਾਲਾਂ ਨਾਲ, ਤੇਰੇ ਫਾਟਕਾਂ ਨੂੰ ਜਵਾਹਰਾਤ ਨਾਲ, ਅਤੇ ਤੇਰੇ ਸਾਰੇ ਧੂੜਕੋਟ ਨੂੰ ਬਹੁ ਮੁੱਲੇ ਪੱਥਰਾਂ ਨਾਲ ਬਣਾਵਾਂਗਾ। ਤੇਰੇ ਸਾਰੇ ਪੁੱਤ੍ਰ ਯਹੋਵਾਹ ਵੱਲੋਂ ਸਿੱਖੇ ਹੋਏ ਹੋਣਗੇ, ਅਤੇ ਤੇਰੇ ਪੁੱਤ੍ਰਾਂ ਦੀ ਸ਼ਾਂਤੀ ਬਹੁਤ ਹੋਵੇਗੀ। ਤੂੰ ਧਰਮ ਵਿੱਚ ਕਾਇਮ ਰਹੇਂਗੀ, ਅਤੇ ਜ਼ੁਲਮ ਤੋਂ ਦੂਰ ਰਹੇਂਗੀ, ਏਸ ਲਈ ਤੂੰ ਨਾ ਡਰੀਂ, ਅਤੇ ਭੈਜਲ ਤੋਂ ਵੀ, ਕਿਉਂ ਜੋ ਉਹ ਤੇਰੇ ਨੇੜੇ ਨਾ ਆਵੇਗਾ। ਵੇਖ, ਓਹ ਝਗੜਾ ਛੇੜਦੇ ਹਨ, ਪਰ ਮੇਰੀ ਵੱਲੋਂ ਨਹੀਂ, ਜਿਹੜਾ ਤੇਰੇ ਨਾਲ ਝਗੜੇ ਉਹ ਤੇਰੇ ਕਾਰਨ ਡਿੱਗੇਗਾ!”—ਯਸਾਯਾਹ 54:11-15.
22 ਇਹ ਸੱਚ ਹੈ ਕਿ ਯਹੋਵਾਹ ਦੀ ਤੀਵੀਂ ਨੂੰ ਖ਼ੁਦ ਸਵਰਗ ਵਿਚ ਦੁੱਖ ਅਤੇ ਤੂਫ਼ਾਨ ਕਦੀ ਵੀ ਨਹੀਂ ਝੱਲਣੇ ਪਏ ਹਨ। ਪਰ ਉਸ ਨੇ ਉਦੋਂ ਦੁੱਖ ਜ਼ਰੂਰ ਝੱਲੇ ਜਦੋਂ ਧਰਤੀ ਉੱਤੇ ਉਸ ਦੀ ਮਸਹ ਕੀਤੀ ਹੋਈ “ਅੰਸ” ਨੇ ਦੁੱਖ ਝੱਲੇ ਸਨ, ਖ਼ਾਸ ਕਰਕੇ ਜਦੋਂ ਉਹ 1918-19 ਵਿਚ ਰੂਹਾਨੀ ਤੌਰ ਤੇ ਗ਼ੁਲਾਮੀ ਵਿਚ ਸੀ। ਇਸੇ ਤਰ੍ਹਾਂ ਜਦੋਂ ਸਵਰਗੀ ਤੀਵੀਂ ਖ਼ੁਸ਼ ਹੁੰਦੀ ਹੈ ਤਾਂ ਉਸ ਦੀ ਅੰਸ ਵੀ ਖ਼ੁਸ਼ ਹੁੰਦੀ ਹੈ। ਗੌਰ ਕਰੋ ਕਿ ‘ਉਤਾਹਾਂ ਦੇ ਯਰੂਸ਼ਲਮ’ ਬਾਰੇ ਕਿਹੜੀਆਂ ਵਧੀਆ ਗੱਲਾਂ ਦੱਸੀਆਂ ਗਈਆਂ ਸਨ। ਬਾਈਬਲ ਦੇ ਇਕ ਵਿਦਵਾਨ ਅਨੁਸਾਰ ਕੱਜਲ ਜਾਂ ਸੀਮਿੰਟ, ਨੀਂਹ, ਧੂੜਕੋਟ ਜਾਂ ਕੰਧਾਂ, ਅਤੇ ਫਾਟਕਾਂ ਉੱਤੇ ਜਵਾਹਰਾਤ ਦੀ ਗੱਲ “ਸੁੰਦਰਤਾ, ਸ਼ਾਨ, ਪਵਿੱਤਰਤਾ, ਬਲ, ਅਤੇ ਮਜ਼ਬੂਤੀ” ਸੰਕੇਤ ਕਰਦੀ ਹੈ। ਮਸਹ ਕੀਤੇ ਹੋਏ ਮਸੀਹੀ ਅਜਿਹੀ ਸੁਰੱਖਿਅਤ ਅਤੇ ਸੁਖੀ ਹਾਲਤ ਵਿਚ ਕਿਵੇਂ ਆਏ ਸਨ?
23. (ੳ) ਇਨ੍ਹਾਂ ਅੰਤ ਦਿਆਂ ਦਿਨਾਂ ਵਿਚ “ਯਹੋਵਾਹ ਵੱਲੋਂ ਸਿੱਖੇ ਹੋਏ” ਹੋਣ ਕਾਰਨ ਮਸਹ ਕੀਤੇ ਹੋਏ ਮਸੀਹੀਆਂ ਉੱਤੇ ਕੀ ਅਸਰ ਪਿਆ ਹੈ? (ਅ) ਪਰਮੇਸ਼ੁਰ ਦੇ ਲੋਕਾਂ ਨੂੰ ਬਹੁਮੁੱਲੇ ਪੱਥਰਾਂ ਨਾਲ ਬਣੀਆਂ ਕੰਧਾਂ ਦੀ ਬਰਕਤ ਕਿਵੇਂ ਮਿਲੀ ਹੈ?
23 ਯਸਾਯਾਹ ਦੇ 54ਵੇਂ ਅਧਿਆਇ ਦੀ 13ਵੀਂ ਆਇਤ ਤੋਂ ਸਾਨੂੰ ਇਸ ਸੁਖੀ ਹਾਲਤ ਦਾ ਮੁੱਖ ਕਾਰਨ ਮਿਲਦਾ ਹੈ ਕਿ ਸਾਰੇ “ਯਹੋਵਾਹ ਵੱਲੋਂ ਸਿੱਖੇ ਹੋਏ ਹੋਣਗੇ।” ਯਿਸੂ ਨੇ ਖ਼ੁਦ ਇਹ ਸ਼ਬਦ ਆਪਣੇ ਮਸਹ ਕੀਤੇ ਹੋਏ ਚੇਲਿਆਂ ਉੱਤੇ ਲਾਗੂ ਕੀਤੇ ਸਨ। (ਯੂਹੰਨਾ 6:45) ਦਾਨੀਏਲ ਨਬੀ ਨੇ ਭਵਿੱਖਬਾਣੀ ਕੀਤੀ ਸੀ ਕਿ “ਓੜਕ ਦੇ ਸਮੇਂ” ਵਿਚ ਮਸਹ ਕੀਤੇ ਹੋਏ ਮਸੀਹੀਆਂ ਨੂੰ ਸੱਚੀ ਵਿਦਿਆ ਅਤੇ ਰੂਹਾਨੀ ਬੁੱਧ ਦੀ ਬਰਕਤ ਮਿਲੇਗੀ। (ਦਾਨੀਏਲ 12:3, 4) ਉਨ੍ਹਾਂ ਨੇ ਅਜਿਹੀ ਬੁੱਧ ਨਾਲ ਸਿੱਖਿਆ ਦੇਣ ਦਾ ਸਭ ਤੋਂ ਵੱਡਾ ਪ੍ਰਬੰਧ ਕੀਤਾ ਹੈ ਅਤੇ ਉਹ ਸਾਰੀ ਧਰਤੀ ਉੱਤੇ ਲੋਕਾਂ ਨੂੰ ਪਰਮੇਸ਼ੁਰ ਦੀ ਸਿੱਖਿਆ ਦੇ ਰਹੇ ਹਨ। (ਮੱਤੀ 24:14) ਇਸ ਦੇ ਨਾਲ-ਨਾਲ ਅਜਿਹੀ ਬੁੱਧ ਵਰਤ ਕੇ ਉਹ ਸੱਚੇ ਅਤੇ ਝੂਠੇ ਧਰਮ ਵਿਚਕਾਰ ਫ਼ਰਕ ਪਛਾਣ ਸਕੇ ਹਨ। ਯਸਾਯਾਹ 54:12 ਵਿਚ ਬਹੁਮੁੱਲੇ ਪੱਥਰਾਂ ਨਾਲ ਬਣੀਆਂ ਕੰਧਾਂ ਬਾਰੇ ਗੱਲ ਕੀਤੀ ਗਈ ਹੈ। ਸੰਨ 1919 ਤੋਂ ਲੈ ਕੇ ਯਹੋਵਾਹ ਨੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਰੂਹਾਨੀ ਸੀਮਾਵਾਂ ਬਾਰੇ ਜ਼ਿਆਦਾ ਸਮਝ ਦਿੱਤੀ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਝੂਠੇ ਧਰਮ ਅਤੇ ਦੁਸ਼ਟ ਦੁਨੀਆਵੀ ਚੀਜ਼ਾਂ ਤੋਂ ਦੂਰ ਰੱਖਿਆ ਹੈ। (ਹਿਜ਼ਕੀਏਲ 44:23; ਯੂਹੰਨਾ 17:14; ਯਾਕੂਬ 1:27) ਇਸ ਤਰ੍ਹਾਂ ਉਹ ਪਰਮੇਸ਼ੁਰ ਦੀ ਪਰਜਾ ਵਜੋਂ ਵੱਖਰੇ ਨਜ਼ਰ ਆਉਂਦੇ ਹਨ।—1 ਪਤਰਸ 2:9.
24. ਅਸੀਂ ਕਿਵੇਂ ਨਿਸ਼ਚਿਤ ਕਰ ਸਕਦੇ ਹਾਂ ਕਿ ਅਸੀਂ ਯਹੋਵਾਹ ਵੱਲੋਂ ਸਿੱਖੇ ਹੋਏ ਹੋਵਾਂਗੇ?
24 ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਇਹ ਸਵਾਲ ਪੁੱਛਣਾ ਚਾਹੀਦਾ ਹੈ: ‘ਕੀ ਮੈਂ ਯਹੋਵਾਹ ਵੱਲੋਂ ਸਿਖਾਇਆ ਹੋਇਆ ਹਾਂ?’ ਸਾਨੂੰ ਇਹ ਸਿੱਖਿਆ ਬਿਨਾਂ ਕੋਸ਼ਿਸ਼ ਕੀਤੇ ਨਹੀਂ ਮਿਲਦੀ। ਸਾਨੂੰ ਜਤਨ ਕਰਨਾ ਪੈਂਦਾ ਹੈ। ਜੇਕਰ ਅਸੀਂ ਪਰਮੇਸ਼ੁਰ ਦਾ ਬਚਨ ਬਾਕਾਇਦਾ ਪੜ੍ਹੀਏ ਤੇ ਉਸ ਉੱਤੇ ਮਨਨ ਕਰੀਏ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਛਾਪੇ ਗਏ ਬਾਈਬਲੀ ਪ੍ਰਕਾਸ਼ਨ ਪੜ੍ਹ ਕੇ ਸਿਖਲਾਈ ਹਾਸਲ ਕਰੀਏ ਅਤੇ ਮਸੀਹੀ ਸਭਾਵਾਂ ਲਈ ਤਿਆਰੀ ਕਰ ਕੇ ਉਨ੍ਹਾਂ ਵਿਚ ਹਾਜ਼ਰ ਹੋਈਏ, ਤਾਂ ਅਸੀਂ ਸੱਚ-ਮੁੱਚ ਯਹੋਵਾਹ ਵੱਲੋਂ ਸਿੱਖੇ ਹੋਏ ਹੋਵਾਂਗੇ। (ਮੱਤੀ 24:45-47) ਜੇਕਰ ਅਸੀਂ ਜੋ ਕੁਝ ਸਿੱਖਦੇ ਹਾਂ ਉਸ ਨੂੰ ਅਮਲ ਵਿਚ ਲਿਆਉਣ ਦੀ ਕੋਸ਼ਿਸ਼ ਕਰਾਂਗੇ ਅਤੇ ਰੂਹਾਨੀ ਤੌਰ ਤੇ ਜਾਗਦੇ ਰਹਾਂਗੇ, ਤਾਂ ਪਰਮੇਸ਼ੁਰ ਦੀ ਸਿੱਖਿਆ ਸਾਨੂੰ ਇਸ ਦੁਸ਼ਟ ਦੁਨੀਆਂ ਦੇ ਲੋਕਾਂ ਤੋਂ ਵੱਖਰਾ ਕਰੇਗੀ। (1 ਪਤਰਸ 5:8, 9) ਪਰ ਇਸ ਤੋਂ ਵੀ ਚੰਗਾ ਇਹ ਸਿੱਖਿਆ “ਪਰਮੇਸ਼ੁਰ ਦੇ ਨੇੜੇ” ਜਾਣ ਵਿਚ ਸਾਡੀ ਮਦਦ ਕਰੇਗੀ।—ਯਾਕੂਬ 1:22-25; 4:8.
25. ਸਾਡੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਲੋਕਾਂ ਲਈ ਸ਼ਾਂਤੀ ਦੇ ਵਾਅਦੇ ਦਾ ਕੀ ਮਤਲਬ ਹੈ?
25 ਯਸਾਯਾਹ ਦੀ ਭਵਿੱਖਬਾਣੀ ਨੇ ਇਹ ਵੀ ਦਿਖਾਇਆ ਕਿ ਮਸਹ ਕੀਤੇ ਹੋਏ ਮਸੀਹੀਆਂ ਦੀ ਸ਼ਾਂਤੀ ਬਹੁਤ ਹੋਵੇਗੀ। ਕੀ ਇਸ ਦਾ ਇਹ ਮਤਲਬ ਹੈ ਕਿ ਉਨ੍ਹਾਂ ਉੱਤੇ ਕਦੀ ਕੋਈ ਹਮਲਾ ਨਹੀਂ ਹੋਵੇਗਾ? ਨਹੀਂ, ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਅਜਿਹੇ ਹਮਲੇ ਨਾ ਹੀ ਕਰਾਏਗਾ ਅਤੇ ਨਾ ਹੀ ਉਨ੍ਹਾਂ ਨੂੰ ਸਫ਼ਲ ਹੋਣ ਦੇਵੇਗਾ। ਅਸੀਂ ਪੜ੍ਹਦੇ ਹਾਂ: “ਵੇਖ, ਮੈਂ ਲੋਹਾਰ ਉਤਪਤ ਕੀਤਾ, ਜੋ ਕੋਲਿਆਂ ਦੀ ਅੱਗ ਧੌਂਕਦਾ ਹੈ, ਅਤੇ ਆਪਣੇ ਕੰਮ ਲਈ ਸੰਦ ਕੱਢਦਾ ਹੈ, ਮੈਂ ਹੀ ਨਾਸ ਕਰਨ ਵਾਲਾ ਉਜਾੜਨ ਲਈ ਉਤਪਤ ਕੀਤਾ। ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ, ਹਰ ਜੀਭ ਨੂੰ ਜੋ ਤੇਰੇ ਵਿਰੁੱਧ ਨਿਆਉਂ ਲਈ ਉੱਠੇ, ਤੂੰ ਦੋਸ਼ੀ ਠਹਿਰਾਵੇਂਗੀ,—ਏਹ ਯਹੋਵਾਹ ਦੇ ਦਾਸਾਂ ਦਾ ਅਧਿਕਾਰ ਹੈ, ਅਤੇ ਉਨ੍ਹਾਂ ਦਾ ਧਰਮ ਮੈਥੋਂ ਹੈ, ਯਹੋਵਾਹ ਦਾ ਵਾਕ ਹੈ।”—ਯਸਾਯਾਹ 54:16, 17.
26. ਇਹ ਜਾਣ ਕੇ ਸਾਨੂੰ ਭਰੋਸਾ ਕਿਉਂ ਮਿਲਦਾ ਹੈ ਕਿ ਯਹੋਵਾਹ ਸਾਰੀ ਮਨੁੱਖਜਾਤੀ ਦਾ ਕਰਤਾਰ ਹੈ?
26 ਯਸਾਯਾਹ ਦੇ ਇਸ ਅਧਿਆਇ ਵਿਚ ਯਹੋਵਾਹ ਨੇ ਦੂਜੀ ਵਾਰ ਆਪਣੇ ਸੇਵਕਾਂ ਨੂੰ ਯਾਦ ਕਰਾਇਆ ਕਿ ਉਹ ਉਨ੍ਹਾਂ ਦਾ ਸਿਰਜਣਹਾਰ ਹੈ। ਪਹਿਲਾਂ ਉਸ ਨੇ ਆਪਣੀ ਤੀਵੀਂ ਨੂੰ ਕਿਹਾ ਸੀ ਕਿ ਉਹ ਉਸ ਦਾ “ਕਰਤਾਰ” ਹੈ। ਫਿਰ ਉਸ ਨੇ ਕਿਹਾ ਕਿ ਉਹ ਸਾਰੀ ਮਨੁੱਖਜਾਤੀ ਦਾ ਸਿਰਜਣਹਾਰ ਹੈ। ਸੋਲ੍ਹਵੀਂ ਆਇਤ ਵਿਚ ਇਕ ਲੋਹਾਰ ਬਾਰੇ ਦੱਸਿਆ ਗਿਆ ਹੈ ਜੋ ਭੱਠੀ ਵਿਚ ਹਥਿਆਰ ਬਣਾਉਂਦਾ ਹੈ ਅਤੇ ਇਕ ਫ਼ੌਜੀ ਜੋ ਹਥਿਆਰਾਂ ਨਾਲ ‘ਨਾਸ ਕਰਦਾ’ ਹੈ। ਅਜਿਹੇ ਬੰਦੇ ਦੂਸਰਿਆਂ ਲੋਕਾਂ ਲਈ ਸ਼ਾਇਦ ਡਰਾਉਣੇ ਹੋਣ, ਪਰ ਉਹ ਆਪਣੇ ਕਰਤਾਰ ਦਾ ਵਿਰੋਧ ਕਰ ਕੇ ਸਫ਼ਲ ਨਹੀਂ ਹੋ ਸਕਦੇ ਹਨ। ਇਸ ਲਈ ਅੱਜ ਜਦੋਂ ਇਸ ਦੁਨੀਆਂ ਦੀਆਂ ਸਭ ਤੋਂ ਸ਼ਕਤੀਸ਼ਾਲੀ ਤਾਕਤਾਂ ਯਹੋਵਾਹ ਦੇ ਲੋਕਾਂ ਉੱਤੇ ਹਮਲਾ ਕਰਦੀਆਂ ਹਨ, ਉਹ ਜਿੱਤ ਨਹੀਂ ਸਕਦੀਆਂ। ਕਿਉਂ ਨਹੀਂ?
27, 28. ਇਸ ਔਖੇ ਸਮੇਂ ਵਿਚ ਅਸੀਂ ਕਿਸ ਗੱਲ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਾਂ, ਅਤੇ ਅਸੀਂ ਕਿਵੇਂ ਜਾਣਦੇ ਹਾਂ ਕਿ ਸਾਡੇ ਉੱਤੇ ਸ਼ਤਾਨ ਦੇ ਹਮਲੇ ਸਫ਼ਲ ਨਹੀਂ ਹੋਣਗੇ?
27 ਪਰਮੇਸ਼ੁਰ ਦੇ ਲੋਕ ਆਤਮਾ ਤੇ ਸੱਚਾਈ ਨਾਲ ਭਗਤੀ ਕਰਦੇ ਆਏ ਹਨ। (ਯੂਹੰਨਾ 4:23, 24) ਉਨ੍ਹਾਂ ਅਤੇ ਉਨ੍ਹਾਂ ਦੀ ਭਗਤੀ ਉੱਤੇ ਪਹਿਲਾਂ ਹੀ ਹਮਲਾ ਕੀਤਾ ਜਾ ਚੁੱਕਾ ਹੈ ਜਦੋਂ ਯਹੋਵਾਹ ਨੇ ਵੱਡੀ ਬਾਬੁਲ ਨੂੰ ਹਮਲਾ ਕਰਨ ਦਿੱਤਾ ਸੀ ਜੋ ਥੋੜ੍ਹੇ ਚਿਰ ਲਈ ਸਫ਼ਲ ਵੀ ਹੋਇਆ ਸੀ। ਪਲ ਭਰ ਲਈ ‘ਉਤਾਹਾਂ ਦੇ ਯਰੂਸ਼ਲਮ’ ਨੇ ਦੇਖਿਆ ਕਿ ਉਸ ਦੀ ਅੰਸ ਚੁੱਪ ਕਰਾਈ ਗਈ ਸੀ ਜਦੋਂ ਧਰਤੀ ਉੱਤੇ ਪ੍ਰਚਾਰ ਦਾ ਕੰਮ ਰੋਕਿਆ ਗਿਆ ਸੀ। ਇਹ ਫਿਰ ਕਦੀ ਨਹੀਂ ਹੋਵੇਗਾ! ਹੁਣ ਉਹ ਆਪਣੇ ਪੁੱਤਰਾਂ ਨਾਲ ਖ਼ੁਸ਼ ਹੈ ਕਿਉਂਕਿ ਉਹ ਰੂਹਾਨੀ ਤੌਰ ਤੇ ਹਰਾਏ ਨਹੀਂ ਜਾ ਸਕਦੇ। (ਯੂਹੰਨਾ 16:33; 1 ਯੂਹੰਨਾ 5:4) ਉਨ੍ਹਾਂ ਦਾ ਵਿਰੋਧ ਜ਼ਰੂਰ ਕੀਤਾ ਗਿਆ ਹੈ, ਅਤੇ ਅਗਾਹਾਂ ਨੂੰ ਵੀ ਕੀਤਾ ਜਾਵੇਗਾ। (ਪਰਕਾਸ਼ ਦੀ ਪੋਥੀ 12:17) ਪਰ ਉਨ੍ਹਾਂ ਦੇ ਵਿਰੋਧੀ ਨਾ ਸਫ਼ਲ ਹੋਏ ਹਨ ਅਤੇ ਨਾ ਸਫ਼ਲ ਹੋਣਗੇ। ਸ਼ਤਾਨ ਦੇ ਕੋਲ ਅਜਿਹਾ ਕੋਈ ਹਥਿਆਰ ਨਹੀਂ ਹੈ ਜੋ ਮਸਹ ਕੀਤੇ ਹੋਏ ਮਸੀਹੀਆਂ ਅਤੇ ਉਨ੍ਹਾਂ ਦੇ ਸਾਥੀਆਂ ਦੀ ਨਿਹਚਾ ਅਤੇ ਜੋਸ਼ ਨੂੰ ਠੰਢਾ ਕਰ ਸਕਦਾ ਹੈ। ਇਹ ਰੂਹਾਨੀ ਸ਼ਾਂਤੀ “ਯਹੋਵਾਹ ਦੇ ਦਾਸਾਂ ਦਾ ਅਧਿਕਾਰ ਹੈ,” ਜਿਸ ਨੂੰ ਕੋਈ ਵੀ ਉਨ੍ਹਾਂ ਤੋਂ ਖੋਹ ਨਹੀਂ ਸਕਦਾ।—ਜ਼ਬੂਰ 118:6; ਰੋਮੀਆਂ 8:38, 39.
28 ਜੀ ਹਾਂ, ਸ਼ਤਾਨ ਦੀ ਦੁਨੀਆਂ ਅਜਿਹਾ ਕੁਝ ਨਹੀਂ ਕਰ ਸਕਦੀ ਜੋ ਪਰਮੇਸ਼ੁਰ ਦੇ ਸੇਵਕਾਂ ਦੇ ਕੰਮ ਨੂੰ ਅਤੇ ਉਨ੍ਹਾਂ ਦੀ ਸ਼ੁੱਧ ਭਗਤੀ ਨੂੰ ਹਮੇਸ਼ਾ ਲਈ ਰੋਕ ਦੇਵੇ। ‘ਉਤਾਹਾਂ ਦੇ ਯਰੂਸ਼ਲਮ’ ਦੀ ਮਸਹ ਕੀਤੀ ਹੋਈ ਅੰਸ ਨੂੰ ਅਤੇ ਵੱਡੀ ਭੀੜ ਨੂੰ ਇਸ ਗੱਲ ਤੋਂ ਬਹੁਤ ਦਿਲਾਸਾ ਮਿਲਦਾ ਹੈ। ਅਸੀਂ ਜਿੰਨਾ ਜ਼ਿਆਦਾ ਯਹੋਵਾਹ ਦੇ ਸਵਰਗੀ ਸੰਗਠਨ ਬਾਰੇ ਸਿੱਖਾਂਗੇ ਅਤੇ ਧਰਤੀ ਉੱਤੇ ਯਹੋਵਾਹ ਦੇ ਉਪਾਸਕਾਂ ਨਾਲ ਉਸ ਦੇ ਵਰਤਾਉ ਨੂੰ ਜਾਣਾਂਗੇ ਸਾਡੀ ਨਿਹਚਾ ਉੱਨਾ ਜ਼ਿਆਦਾ ਮਜ਼ਬੂਤ ਹੋਵੇਗੀ। ਜਿੰਨਾ ਚਿਰ ਸਾਡੀ ਨਿਹਚਾ ਮਜ਼ਬੂਤ ਹੈ, ਉੱਨਾ ਚਿਰ ਸ਼ਤਾਨ ਦੇ ਹਮਲੇ ਸਾਡਾ ਕੁਝ ਨਹੀਂ ਵਿਗਾੜ ਸਕਣਗੇ!
[ਫੁਟਨੋਟ]
a ਪਰਕਾਸ਼ ਦੀ ਪੋਥੀ 12:1-17 ਦੇ ਅਨੁਸਾਰ, ਪਰਮੇਸ਼ੁਰ ਦੀ ਤੀਵੀਂ ਨੂੰ ਇਕ ਮਹੱਤਵਪੂਰਣ “ਅੰਸ” ਨੂੰ ਜਨਮ ਦੇ ਕੇ ਬਹੁਤ ਵੱਡੀ ਬਰਕਤ ਮਿਲੀ। ਇਹ ਕੋਈ ਆਤਮਿਕ ਪੁੱਤਰ ਦਾ ਜਨਮ ਨਹੀਂ, ਪਰ ਸਵਰਗ ਵਿਚ ਮਸੀਹਾਈ ਰਾਜ ਦਾ ਜਨਮ ਸੀ। ਇਹ ਜਨਮ 1914 ਵਿਚ ਹੋਇਆ ਸੀ। (ਅੰਗ੍ਰੇਜ਼ੀ ਵਿਚ ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! ਪੁਸਤਕ ਦੇ 177-86 ਸਫ਼ੇ ਦੇਖੋ।) ਯਸਾਯਾਹ ਦੀ ਭਵਿੱਖਬਾਣੀ ਉਸ ਖ਼ੁਸ਼ੀ ਬਾਰੇ ਦੱਸਦੀ ਹੈ ਜੋ ਉਸ ਤੀਵੀਂ ਨੂੰ ਉਦੋਂ ਮਿਲੀ ਸੀ ਜਦੋਂ ਪਰਮੇਸ਼ੁਰ ਨੇ ਧਰਤੀ ਉੱਤੇ ਉਸ ਦੇ ਮਸਹ ਕੀਤੇ ਹੋਏ ਪੁੱਤਰਾਂ ਨੂੰ ਬਰਕਤ ਦਿੱਤੀ ਸੀ।
[ਸਫ਼ੇ 218, 219 ਉੱਤੇ ਡੱਬੀ]
ਅਬਰਾਹਾਮ ਦੇ ਪਰਿਵਾਰ ਦਾ ਦ੍ਰਿਸ਼ਟਾਂਤ
ਪੌਲੁਸ ਰਸੂਲ ਨੇ ਸਮਝਾਇਆ ਕਿ ਅਬਰਾਹਾਮ ਦੇ ਪਰਿਵਾਰ ਦੇ ਦ੍ਰਿਸ਼ਟਾਂਤ ਤੋਂ ਅਸੀਂ ਯਹੋਵਾਹ ਦਾ ਆਪਣੇ ਸਵਰਗੀ ਸੰਗਠਨ ਨਾਲ ਰਿਸ਼ਤਾ ਅਤੇ ਮੂਸਾ ਦੀ ਬਿਵਸਥਾ ਦੇ ਨੇਮ ਅਧੀਨ ਧਰਤੀ ਉੱਤੇ ਇਸਰਾਏਲ ਦੀ ਕੌਮ ਨਾਲ ਉਸ ਦਾ ਰਿਸ਼ਤਾ ਦੇਖ ਸਕਦੇ ਹਾਂ।—ਗਲਾਤੀਆਂ 4:22-31.
ਅਬਰਾਹਾਮ ਪਰਿਵਾਰ ਦਾ ਸਰਦਾਰ ਸੀ ਅਤੇ ਉਹ ਯਹੋਵਾਹ ਪਰਮੇਸ਼ੁਰ ਨੂੰ ਦਰਸਾਉਂਦਾ ਹੈ। ਜਿਵੇਂ ਅਬਰਾਹਾਮ ਆਪਣੇ ਪਿਆਰੇ ਪੁੱਤਰ ਇਸਹਾਕ ਨੂੰ ਬਲੀਦਾਨ ਕਰਨ ਲਈ ਤਿਆਰ ਸੀ ਉਸੇ ਤਰ੍ਹਾਂ ਯਹੋਵਾਹ ਵੀ ਆਪਣੇ ਪਿਆਰੇ ਪੁੱਤਰ ਨੂੰ ਮਨੁੱਖਜਾਤੀ ਦੇ ਪਾਪਾਂ ਲਈ ਬਲੀਦਾਨ ਕਰਨ ਲਈ ਤਿਆਰ ਸੀ।—ਉਤਪਤ 22:1-13; ਯੂਹੰਨਾ 3:16.
ਸਾਰਾਹ ਪਰਮੇਸ਼ੁਰ ਦੀ ਸਵਰਗੀ ਪਤਨੀ ਯਾਨੀ ਉਸ ਦੇ ਦੂਤਾਂ ਨਾਲ ਬਣੇ ਹੋਏ ਸੰਗਠਨ ਨੂੰ ਦਰਸਾਉਂਦੀ ਹੈ। ਇਹ ਢੁਕਵਾਂ ਹੈ ਕਿ ਉਹ ਸਵਰਗੀ ਸੰਗਠਨ ਯਹੋਵਾਹ ਦੀ ਪਤਨੀ ਵਜੋਂ ਦਿਖਾਇਆ ਗਿਆ ਹੈ ਕਿਉਂਕਿ ਉਸ ਦਾ ਯਹੋਵਾਹ ਨਾਲ ਨਜ਼ਦੀਕੀ ਸੰਬੰਧ ਹੈ, ਉਹ ਉਸ ਦੀ ਸਰਦਾਰੀ ਦੇ ਅਧੀਨ ਹੈ, ਅਤੇ ਉਹ ਪਰਮੇਸ਼ੁਰ ਦੇ ਮਕਸਦ ਪੂਰੇ ਕਰਨ ਵਿਚ ਪੂਰੀ ਤਰ੍ਹਾਂ ਸਹਾਇਤਾ ਦਿੰਦਾ ਹੈ। ਉਸ ਨੂੰ ‘ਉਤਾਹਾਂ ਦਾ ਯਰੂਸ਼ਲਮ’ ਵੀ ਸੱਦਿਆ ਜਾਂਦਾ ਹੈ। (ਗਲਾਤੀਆਂ 4:26) ਇਹੋ “ਤੀਵੀਂ” ਦਾ ਜ਼ਿਕਰ ਉਤਪਤ 3:15 ਵਿਚ ਕੀਤਾ ਗਿਆ ਹੈ ਅਤੇ ਇਹ ਤੀਵੀਂ ਪਰਕਾਸ਼ ਦੀ ਪੋਥੀ 12:1-6, 13-17 ਦੇ ਦਰਸ਼ਣ ਵਿਚ ਦੇਖੀ ਗਈ ਸੀ।
ਇਸਹਾਕ ਪਰਮੇਸ਼ੁਰ ਦੀ ਤੀਵੀਂ ਦੀ ਰੂਹਾਨੀ ਅੰਸ ਨੂੰ ਦਰਸਾਉਂਦਾ ਹੈ। ਮੁੱਖ ਤੌਰ ਤੇ ਇਹ ਅੰਸ ਯਿਸੂ ਮਸੀਹ ਹੈ। ਪਰ ਇਸ ਅੰਸ ਵਿਚ ਮਸੀਹ ਦੇ ਮਸਹ ਕੀਤੇ ਹੋਏ ਭਰਾ ਵੀ ਸ਼ਾਮਲ ਹਨ ਜੋ ਰੂਹਾਨੀ ਪੁੱਤਰਾਂ ਵਜੋਂ ਅਪਣਾਏ ਗਏ ਹਨ ਅਤੇ ਮਸੀਹ ਨਾਲ ਰਾਜ ਵੀ ਕਰਦੇ ਹਨ।—ਰੋਮੀਆਂ 8:15-17; ਗਲਾਤੀਆਂ 3:16, 29.
ਹਾਜਰਾ ਦਾਸੀ ਅਬਰਾਹਾਮ ਦੀ ਦੂਜੀ ਪਤਨੀ ਸੀ। ਉਸ ਨੇ ਜ਼ਮੀਨੀ ਯਰੂਸ਼ਲਮ ਨੂੰ ਚੰਗੀ ਤਰ੍ਹਾਂ ਦਰਸਾਇਆ ਜਿੱਥੇ ਸਾਰੇ ਲੋਕ ਮੂਸਾ ਦੀ ਬਿਵਸਥਾ ਅਧੀਨ ਸਨ, ਕਿਉਂਕਿ ਇਸ ਬਿਵਸਥਾ ਨੇ ਪ੍ਰਗਟ ਕੀਤਾ ਕਿ ਉਸ ਦੇ ਅਧੀਨ ਸਾਰੇ ਲੋਕ ਪਾਪ ਅਤੇ ਮੌਤ ਦੇ ਗ਼ੁਲਾਮ ਸਨ। ਪੌਲੁਸ ਨੇ ਕਿਹਾ ਸੀ ਕਿ “ਹਾਜਰਾ ਅਰਬ ਵਿੱਚ ਸੀਨਾ ਪਹਾੜ ਹੈ,” ਕਿਉਂਕਿ ਇਹ ਨੇਮ ਉੱਥੇ ਸਥਾਪਿਤ ਕੀਤਾ ਗਿਆ ਸੀ।—ਗਲਾਤੀਆਂ 3:10, 13; 4:25.
ਇਸਮਾਏਲ ਹਾਜਰਾ ਦਾ ਪੁੱਤਰ ਸੀ ਜਿਸ ਨੇ ਪਹਿਲੀ ਸਦੀ ਦੇ ਯਹੂਦੀ ਲੋਕਾਂ ਨੂੰ ਦਰਸਾਇਆ। ਇਹ ਲੋਕ ਯਰੂਸ਼ਲਮ ਦੇ ਪੁੱਤਰ ਸਨ ਜੋ ਅਜੇ ਵੀ ਮੂਸਾ ਦੀ ਬਿਵਸਥਾ ਦੇ ਗ਼ੁਲਾਮ ਸਨ। ਜਿਸ ਤਰ੍ਹਾਂ ਇਸਮਾਏਲ ਨੇ ਇਸਹਾਕ ਨੂੰ ਸਤਾਇਆ ਸੀ, ਉਸੇ ਤਰ੍ਹਾਂ ਯਹੂਦੀ ਲੋਕਾਂ ਨੇ ਮਸੀਹੀਆਂ ਨੂੰ ਸਤਾਇਆ ਸੀ। ਇਹ ਮਸੀਹੀ ਸਾਰਾਹ ਯਾਨੀ ‘ਉਤਾਹਾਂ ਦੇ ਯਰੂਸ਼ਲਮ’ ਦੇ ਮਸਹ ਕੀਤੇ ਹੋਏ ਪੁੱਤਰ ਸਨ। ਠੀਕ ਜਿਵੇਂ ਅਬਰਾਹਾਮ ਨੇ ਹਾਜਰਾ ਅਤੇ ਇਸਮਾਏਲ ਨੂੰ ਘਰੋਂ ਕੱਢ ਦਿੱਤਾ ਸੀ, ਅਖ਼ੀਰ ਵਿਚ ਯਹੋਵਾਹ ਨੇ ਯਰੂਸ਼ਲਮ ਅਤੇ ਉਸ ਦੇ ਵਿਗੜੇ ਹੋਏ ਪੁੱਤਰਾਂ ਨੂੰ ਠੁਕਰਾ ਦਿੱਤਾ ਸੀ।—ਮੱਤੀ 23:37, 38.
[ਸਫ਼ਾ 220 ਉੱਤੇ ਤਸਵੀਰ]
ਯਿਸੂ ਦੇ ਬਪਤਿਸਮੇ ਤੋਂ ਬਾਅਦ, ਜਦ ਉਹ ਪਵਿੱਤਰ ਆਤਮਾ ਨਾਲ ਮਸਹ ਕੀਤਾ ਗਿਆ ਸੀ ਤਾਂ ਯਸਾਯਾਹ 54:1 ਦੀ ਸਭ ਤੋਂ ਮਹੱਤਵਪੂਰਣ ਪੂਰਤੀ ਹੋਣ ਲੱਗੀ
[ਸਫ਼ਾ 225 ਉੱਤੇ ਤਸਵੀਰ]
ਯਹੋਵਾਹ ਨੇ “ਪਲਕੁ ਲਈ” ਯਰੂਸ਼ਲਮ ਤੋਂ ਆਪਣਾ ਮੂੰਹ ਲੁਕਾਇਆ ਸੀ
[ਸਫ਼ਾ 231 ਉੱਤੇ ਤਸਵੀਰਾਂ]
ਕੀ ਫ਼ੌਜੀ ਅਤੇ ਲੋਹਾਰ ਆਪਣੇ ਕਰਤਾਰ ਦਾ ਵਿਰੋਧ ਕਰ ਕੇ ਸਫ਼ਲ ਹੋ ਸਕਦੇ ਹਨ?