ਪੱਚੀਵਾਂ ਅਧਿਆਇ
ਤੋਬਾ ਦੀ ਪ੍ਰਾਰਥਨਾ
1, 2. (ੳ) ਯਹੋਵਾਹ ਤਾੜਨਾ ਕਿਉਂ ਦਿੰਦਾ ਹੈ? (ਅ) ਯਹੂਦੀ ਲੋਕ ਯਹੋਵਾਹ ਦੀ ਤਾੜਨਾ ਬਾਰੇ ਕੀ ਕਰ ਸਕਦੇ ਸਨ?
ਯਰੂਸ਼ਲਮ ਅਤੇ ਉਸ ਦੀ ਹੈਕਲ ਯਾਨੀ ਉਸ ਦੇ ਭਵਨ ਦਾ ਨਾਸ਼ 607 ਸਾ.ਯੁ.ਪੂ. ਵਿਚ ਹੋਇਆ ਸੀ। ਯਹੋਵਾਹ ਵੱਲੋਂ ਇਸ ਸਜ਼ਾ ਨੇ ਦਿਖਾਇਆ ਕਿ ਉਹ ਯਹੂਦਾਹ ਦੀ ਅਣਆਗਿਆਕਾਰ ਕੌਮ ਨਾਲ ਬੜਾ ਨਾਰਾਜ਼ ਸੀ। ਉਹ ਕੌਮ ਇਸ ਸਖ਼ਤ ਸਜ਼ਾ ਦੇ ਬਿਲਕੁਲ ਲਾਇਕ ਸੀ। ਫਿਰ ਵੀ ਯਹੋਵਾਹ ਨਹੀਂ ਚਾਹੁੰਦਾ ਸੀ ਕਿ ਯਹੂਦੀ ਲੋਕ ਪੂਰੀ ਤਰ੍ਹਾਂ ਖ਼ਤਮ ਕੀਤੇ ਜਾਣ। ਪੌਲੁਸ ਰਸੂਲ ਨੇ ਸੰਕੇਤ ਕੀਤਾ ਕਿ ਯਹੋਵਾਹ ਤਾੜਨਾ ਕਿਉਂ ਦਿੰਦਾ ਹੈ ਜਦੋਂ ਉਸ ਨੇ ਕਿਹਾ: “ਸਾਰੀ ਤਾੜਨਾ ਤਾਂ ਓਸ ਵੇਲੇ ਅਨੰਦ ਦੀ ਨਹੀਂ ਸਗੋਂ ਸੋਗ ਦੀ ਗੱਲ ਸੁੱਝਦੀ ਹੈ ਪਰ ਮਗਰੋਂ ਉਹ ਓਹਨਾਂ ਨੂੰ ਜਿਹੜੇ ਉਹ ਦੇ ਨਾਲ ਸਿਧਾਏ ਗਏ ਹਨ ਧਰਮ ਦਾ ਸ਼ਾਂਤੀ-ਦਾਇਕ ਫਲ ਦਿੰਦੀ ਹੈ।”—ਇਬਰਾਨੀਆਂ 12:11.
2 ਕੀ ਯਹੂਦੀਆਂ ਨੇ ਇਸ ਸਜ਼ਾ ਤੋਂ ਸਬਕ ਸਿੱਖਿਆ ਸੀ? ਕੀ ਉਨ੍ਹਾਂ ਨੇ ਉਹ ਤਾੜਨਾ ਸਵੀਕਾਰ ਕੀਤੀ ਸੀ? ਕੀ ਉਹ ਤੋਬਾ ਕਰ ਕੇ ਸੁਧਰ ਗਏ ਸਨ? (ਯਸਾਯਾਹ 57:18; ਹਿਜ਼ਕੀਏਲ 18:23) ਜਾਂ ਕੀ ਉਨ੍ਹਾਂ ਨੂੰ ਯਹੋਵਾਹ ਦੀ ਤਾੜਨਾ ਬੁਰੀ ਲੱਗੀ ਸੀ? (ਜ਼ਬੂਰ 50:16, 17) ਯਸਾਯਾਹ ਦੀ ਭਵਿੱਖਬਾਣੀ ਨੇ ਦਿਖਾਇਆ ਸੀ ਕਿ ਯਹੂਦਾਹ ਦੇ ਕੁਝ ਵਾਸੀਆਂ ਨੇ ਉਸ ਤਾੜਨਾ ਅਤੇ ਸਜ਼ਾ ਤੋਂ ਸਬਕ ਸਿੱਖਿਆ ਸੀ। ਯਸਾਯਾਹ ਦੇ 63ਵੇਂ ਅਧਿਆਇ ਦੀਆਂ ਆਖ਼ਰੀ ਆਇਤਾਂ ਤੋਂ ਲੈ ਕੇ 64ਵੇਂ ਅਧਿਆਇ ਤਕ ਯਹੂਦਾਹ ਦੀ ਕੌਮ ਨੂੰ ਅਜਿਹੇ ਲੋਕਾਂ ਵਜੋਂ ਪੇਸ਼ ਕੀਤਾ ਗਿਆ ਹੈ ਜਿਨ੍ਹਾਂ ਨੇ ਪਛਤਾਵਾ ਕਰ ਕੇ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕੀਤੀ ਸੀ। ਭਵਿੱਖਬਾਣੀ ਵਿਚ ਯਸਾਯਾਹ ਨਬੀ ਨੇ ਆਪਣੇ ਗ਼ੁਲਾਮ ਭਾਈਆਂ ਦੀ ਖ਼ਾਤਰ ਤੋਬਾ ਦੀ ਪ੍ਰਾਰਥਨਾ ਕੀਤੀ ਸੀ। ਇਸ ਪ੍ਰਾਰਥਨਾ ਵਿਚ ਉਸ ਨੇ ਆਉਣ ਵਾਲੀਆਂ ਘਟਨਾਵਾਂ ਬਾਰੇ ਇਸ ਤਰ੍ਹਾਂ ਗੱਲ ਕੀਤੀ ਜਿਵੇਂ ਕਿ ਉਹ ਉਸ ਦੀਆਂ ਅੱਖਾਂ ਸਾਮ੍ਹਣੇ ਹੋ ਰਹੀਆਂ ਸਨ।
ਇਕ ਦਇਆਵਾਨ ਪਿਤਾ
3. (ੳ) ਭਵਿੱਖਬਾਣੀ ਵਿਚ ਯਸਾਯਾਹ ਦੀ ਪ੍ਰਾਰਥਨਾ ਨੇ ਯਹੋਵਾਹ ਦੀ ਵਡਿਆਈ ਕਿਵੇਂ ਕੀਤੀ ਸੀ? (ਅ) ਦਾਨੀਏਲ ਦੀ ਪ੍ਰਾਰਥਨਾ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਸਾਯਾਹ ਦੀ ਪ੍ਰਾਰਥਨਾ ਨੇ ਬਾਬਲ ਵਿਚ ਪਛਤਾਵਾ ਕਰਨ ਵਾਲੇ ਯਹੂਦੀਆਂ ਦੇ ਵਿਚਾਰ ਪ੍ਰਗਟ ਕੀਤੇ ਸਨ? (ਸਫ਼ੇ 362 ਉੱਤੇ ਡੱਬੀ ਦੇਖੋ।)
3 ਯਸਾਯਾਹ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ: “ਸੁਰਗੋਂ ਤੱਕ ਅਤੇ ਵੇਖ, ਆਪਣੇ ਪਵਿੱਤ੍ਰ ਅਤੇ ਸ਼ਾਨਦਾਰ ਭਵਨ ਤੋਂ।” ਨਬੀ ਇੱਥੇ ਸਵਰਗ ਬਾਰੇ ਗੱਲ ਕਰ ਰਿਹਾ ਸੀ ਜਿੱਥੇ ਯਹੋਵਾਹ ਅਤੇ ਉਸ ਦੇ ਦੂਤ ਵੱਸਦੇ ਹਨ। ਯਹੂਦੀ ਗ਼ੁਲਾਮਾਂ ਦੇ ਵਿਚਾਰ ਪ੍ਰਗਟ ਕਰਦੇ ਹੋਏ ਯਸਾਯਾਹ ਨੇ ਅੱਗੇ ਕਿਹਾ: “ਤੇਰੀ ਅਣਖ ਅਤੇ ਤੇਰੀਆਂ ਸ਼ਕਤੀਆਂ ਕਿੱਥੇ ਹਨ? ਤੇਰੀ ਦਿਲੀ ਚਾਹ ਅਤੇ ਤੇਰਾ ਰਹਮ ਜੋ ਮੇਰੇ ਲਈ ਸੀ ਰੁਕ ਗਿਆ ਹੈ।” (ਯਸਾਯਾਹ 63:15) ਯਹੋਵਾਹ ਨੇ ਆਪਣੇ ਲੋਕਾਂ ਤੋਂ ਆਪਣੀ ਸ਼ਕਤੀ ਅਤੇ ‘ਦਿਲੀ ਚਾਹ ਅਤੇ ਰਹਮ’ ਰੋਕ ਕੇ ਰੱਖੇ ਸਨ। ਫਿਰ ਵੀ ਯਹੋਵਾਹ ਯਹੂਦੀ ਕੌਮ ਦਾ “ਪਿਤਾ” ਸੀ। ਅਬਰਾਹਾਮ ਅਤੇ ਇਸਰਾਏਲ ਯਾਨੀ ਯਾਕੂਬ ਇਸ ਕੌਮ ਦੇ ਪੜਦਾਦੇ ਸਨ। ਪਰ ਜੇ ਇਨ੍ਹਾਂ ਨੂੰ ਮੁੜ ਕੇ ਜ਼ਿੰਦਾ ਕੀਤਾ ਜਾਂਦਾ ਤਾਂ ਉਹ ਸ਼ਾਇਦ ਆਪਣੀ ਧਰਮ-ਤਿਆਗੀ ਔਲਾਦ ਨੂੰ ਰੱਦ ਕਰਦੇ। ਲੇਕਿਨ ਯਹੋਵਾਹ ਦੀ ਦਇਆ ਬਹੁਤ ਵੱਡੀ ਹੈ। (ਜ਼ਬੂਰ 27:10) ਯਸਾਯਾਹ ਨੇ ਸ਼ੁਕਰਗੁਜ਼ਾਰੀ ਨਾਲ ਕਿਹਾ: “ਤੂੰ ਯਹੋਵਾਹ ਸਾਡਾ ਪਿਤਾ ਹੈ, ਸਾਡਾ ਛੁਡਾਉਣ ਵਾਲਾ, ਤੇਰਾ ਨਾਮ ਸਦੀਪਕਾਲ ਤੋਂ ਹੈ।”—ਯਸਾਯਾਹ 63:16.
4, 5. (ੳ) ਕੀ ਯਹੋਵਾਹ ਆਪਣੇ ਲੋਕਾਂ ਦੇ ਦਿਲਾਂ ਦੀ ਕਠੋਰਤਾ ਲਈ ਜ਼ਿੰਮੇਵਾਰ ਸੀ? (ਅ) ਯਹੋਵਾਹ ਕਿਹੋ ਜਿਹੀ ਭਗਤੀ ਚਾਹੁੰਦਾ ਹੈ?
4 ਯਸਾਯਾਹ ਨੇ ਦਿਲੋਂ ਅੱਗੇ ਇਹ ਕਿਹਾ: “ਹੇ ਯਹੋਵਾਹ, ਤੈਂ ਆਪਣਿਆਂ ਰਾਹਾਂ ਤੋਂ ਸਾਨੂੰ ਕਿਉਂ ਕੁਰਾਹੇ ਪੈਣ ਦਿੱਤਾ? ਤੈਂ ਸਾਡੇ ਦਿਲਾਂ ਨੂੰ ਆਪਣੇ ਡਰ ਮੰਨਣ ਤੋਂ ਕਿਉਂ ਕਠੋਰ ਹੋਣ ਦਿੱਤਾ? ਆਪਣੇ ਟਹਿਲੂਆਂ, ਆਪਣੀ ਮਿਲਖ ਦੇ ਗੋਤਾਂ ਦੀ ਖਾਤਰ ਮੁੜ ਆ।” (ਯਸਾਯਾਹ 63:17) ਜੀ ਹਾਂ, ਯਸਾਯਾਹ ਨੇ ਪ੍ਰਾਰਥਨਾ ਕੀਤੀ ਕਿ ਯਹੋਵਾਹ ਆਪਣਾ ਧਿਆਨ ਫਿਰ ਤੋਂ ਆਪਣੇ ਲੋਕਾਂ ਵੱਲ ਮੋੜੇ। ਪਰ ਕੀ ਯਹੋਵਾਹ ਉਨ੍ਹਾਂ ਦੇ ਦਿਲਾਂ ਦੀ ਕਠੋਰਤਾ ਲਈ ਜ਼ਿੰਮੇਵਾਰ ਸੀ ਜਿਸ ਕਾਰਨ ਉਹ ਉਸ ਤੋਂ ਨਹੀਂ ਡਰੇ ਸਨ? ਨਹੀਂ, ਪਰ ਯਹੋਵਾਹ ਨੇ ਉਨ੍ਹਾਂ ਦੇ ਦਿਲਾਂ ਨੂੰ ਕਠੋਰ ਹੋਣ ਦਿੱਤਾ ਸੀ, ਅਤੇ ਉਨ੍ਹਾਂ ਨੇ ਨਿਰਾਸ਼ ਹੋ ਕੇ ਕੀਰਨੇ ਪਾਏ ਕਿ ਯਹੋਵਾਹ ਨੇ ਉਨ੍ਹਾਂ ਨੂੰ ਇੰਨੀ ਆਜ਼ਾਦੀ ਕਿਉਂ ਦਿੱਤੀ ਸੀ। (ਕੂਚ 4:21; ਨਹਮਯਾਹ 9:16) ਉਹ ਚਾਹੁੰਦੇ ਸਨ ਕਿ ਯਹੋਵਾਹ ਨੇ ਦਖ਼ਲ ਦੇ ਕੇ ਉਨ੍ਹਾਂ ਨੂੰ ਪਾਪ ਕਰਨ ਤੋਂ ਰੋਕਿਆ ਹੁੰਦਾ।
5 ਲੇਕਿਨ ਯਹੋਵਾਹ ਇਨਸਾਨਾਂ ਨਾਲ ਇਸ ਤਰ੍ਹਾਂ ਦਾ ਵਰਤਾਉ ਨਹੀਂ ਕਰਦਾ। ਯਹੋਵਾਹ ਨੇ ਸਾਨੂੰ ਸਾਰਿਆਂ ਨੂੰ ਖ਼ੁਦ ਫ਼ੈਸਲਾ ਕਰਨ ਦੇ ਯੋਗ ਬਣਾਇਆ ਹੈ ਕਿ ਅਸੀਂ ਉਸ ਦੀ ਗੱਲ ਸੁਣਾਂਗੇ ਜਾਂ ਨਹੀਂ। (ਬਿਵਸਥਾ ਸਾਰ 30:15-19) ਯਹੋਵਾਹ ਅਜਿਹੀ ਭਗਤੀ ਚਾਹੁੰਦਾ ਹੈ ਜੋ ਸੱਚੇ ਪਿਆਰ ਅਤੇ ਤਨ-ਮਨ ਨਾਲ ਕੀਤੀ ਜਾਵੇ। ਇਸੇ ਲਈ ਉਸ ਨੇ ਯਹੂਦੀਆਂ ਨੂੰ ਆਪਣੀ ਮਰਜ਼ੀ ਕਰਨ ਦਿੱਤੀ ਸੀ ਭਾਵੇਂ ਕਿ ਇਸ ਕਰਕੇ ਉਹ ਉਸ ਦੇ ਖ਼ਿਲਾਫ਼ ਚੱਲੇ ਗਏ ਸਨ। ਇਸ ਲਈ ਕਿਹਾ ਜਾ ਸਕਦਾ ਹੈ ਕਿ ਉਸ ਨੇ ਉਨ੍ਹਾਂ ਦੇ ਦਿਲਾਂ ਨੂੰ ਕਠੋਰ ਹੋਣ ਦਿੱਤਾ ਸੀ।—2 ਇਤਹਾਸ 36:14-21.
6, 7. (ੳ) ਯਹੂਦੀਆਂ ਲਈ ਯਹੋਵਾਹ ਦੇ ਰਾਹਾਂ ਨੂੰ ਛੱਡਣ ਦਾ ਕੀ ਨਤੀਜਾ ਨਿਕਲਿਆ ਸੀ? (ਅ) ਯਹੂਦੀ ਕਿਸ ਗੱਲ ਦੀ ਉਮੀਦ ਰੱਖਦੇ ਸਨ ਪਰ ਇਸ ਦਾ ਕੋਈ ਫ਼ਾਇਦਾ ਕਿਉਂ ਨਹੀਂ ਸੀ?
6 ਇਸ ਦਾ ਨਤੀਜਾ ਕੀ ਨਿਕਲਿਆ ਸੀ? ਭਵਿੱਖਬਾਣੀ ਵਿਚ ਯਸਾਯਾਹ ਨੇ ਕਿਹਾ: “ਥੋੜੇ ਚਿਰ ਲਈ ਤੇਰੀ ਪਵਿੱਤ੍ਰ ਪਰਜਾ ਨੇ ਤੇਰੇ ਪਵਿੱਤ੍ਰ ਅਸਥਾਨ ਨੂੰ ਕਬਜ਼ੇ ਵਿੱਚ ਰੱਖਿਆ, ਫੇਰ ਸਾਡੇ ਵੈਰੀਆਂ ਨੇ ਉਹ ਨੂੰ ਲਤਾੜਿਆ ਹੈ। ਅਸੀਂ ਚਿਰ ਤੋਂ ਓਹਨਾਂ ਵਰਗੇ ਹੋ ਗਏ, ਜਿਨ੍ਹਾਂ ਉੱਤੇ ਤੈਂ ਰਾਜ ਨਹੀਂ ਕੀਤਾ, ਓਹਨਾਂ ਵਰਗੇ ਜਿਹੜੇ ਤੇਰੇ ਨਾਮ ਤੋਂ ਸਦਾਉਂਦੇ ਨਹੀਂ।” (ਯਸਾਯਾਹ 63:18, 19) ਯਹੋਵਾਹ ਦਾ ਪਵਿੱਤਰ ਅਸਥਾਨ ਯਾਨੀ ਉਸ ਦਾ ਭਵਨ ਕੁਝ ਸਮੇਂ ਲਈ ਉਸ ਦੇ ਲੋਕਾਂ ਦਾ ਸੀ। ਫਿਰ ਯਹੋਵਾਹ ਨੇ ਉਸ ਦਾ ਨਾਸ਼ ਹੋਣ ਦਿੱਤਾ ਸੀ ਅਤੇ ਆਪਣੀ ਕੌਮ ਨੂੰ ਗ਼ੁਲਾਮੀ ਵਿਚ ਜਾਣ ਦਿੱਤਾ ਸੀ। ਜਦੋਂ ਇਸ ਤਰ੍ਹਾਂ ਹੋਇਆ ਸੀ, ਤਾਂ ਇਵੇਂ ਲੱਗਾ ਕਿ ਯਹੋਵਾਹ ਨੇ ਅਬਰਾਹਾਮ ਦੀ ਅੰਸ ਨਾਲ ਨੇਮ ਬੰਨ੍ਹਿਆ ਹੀ ਨਹੀਂ ਸੀ ਅਤੇ ਉਹ ਉਸ ਦੇ ਨਾਂ ਤੋਂ ਸੱਦੇ ਹੀ ਨਹੀਂ ਗਏ ਸਨ। ਬਾਬਲ ਦੀ ਗ਼ੁਲਾਮੀ ਵਿਚ ਯਹੂਦੀਆਂ ਨੇ ਨਿਰਾਸ਼ ਹੋ ਕੇ ਪੁਕਾਰਿਆ: “ਕਾਸ਼ ਕਿ ਤੂੰ ਅਕਾਸ਼ਾਂ ਨੂੰ ਪਾੜੇਂ ਅਤੇ ਉਤਰ ਆਵੇਂ ਭਈ ਤੇਰੀ ਹਜ਼ੂਰੀ ਤੋਂ ਪਹਾੜ ਢਲ ਜਾਣ! ਜਿਵੇਂ ਅੱਗ ਝਾੜੀਆਂ ਨੂੰ ਸਾੜਦੀ, ਅਤੇ ਅੱਗ ਪਾਣੀ ਨੂੰ ਉਬਾਲਦੀ, ਭਈ ਤੇਰਾ ਨਾਮ ਤੇਰੇ ਵੈਰੀਆਂ ਉੱਤੇ ਪਰਗਟ ਹੋਵੇ, ਅਤੇ ਤੇਰੀ ਹਜ਼ੂਰੀ ਤੋਂ ਕੌਮਾਂ ਕੰਬ ਜਾਣ!” (ਯਸਾਯਾਹ 64:1, 2) ਯਹੋਵਾਹ ਆਪਣੀ ਸ਼ਕਤੀ ਨਾਲ ਉਨ੍ਹਾਂ ਨੂੰ ਬਚਾ ਸਕਦਾ ਸੀ। ਉਹ ਉਤਰ ਕੇ ਆਪਣੇ ਲੋਕਾਂ ਲਈ ਲੜ ਸਕਦਾ ਸੀ। ਉਹ ਆਕਾਸ਼ ਵਰਗੀਆਂ ਹਕੂਮਤਾਂ ਨੂੰ ਪਾੜ ਸਕਦਾ ਸੀ ਅਤੇ ਪਹਾੜ ਵਰਗੀਆਂ ਬਾਦਸ਼ਾਹੀਆਂ ਨੂੰ ਤੋੜ ਸਕਦਾ ਸੀ। ਯਹੋਵਾਹ ਆਪਣੇ ਲੋਕਾਂ ਲਈ ਜੋਸ਼ ਨਾਲ ਕੰਮ ਕਰ ਕੇ ਆਪਣੇ ਨਾਂ ਦੀ ਵਡਿਆਈ ਕਰ ਸਕਦਾ ਸੀ।
7 ਯਹੋਵਾਹ ਨੇ ਪਿਛਲਿਆਂ ਜ਼ਮਾਨਿਆਂ ਵਿਚ ਅਜਿਹੇ ਕੰਮ ਕੀਤੇ ਸਨ। ਯਸਾਯਾਹ ਨੇ ਚੇਤੇ ਕੀਤਾ: “ਜਦ ਤੈਂ ਭਿਆਨਕ ਕੰਮ ਕੀਤੇ, ਜਿਨ੍ਹਾਂ ਦੀ ਸਾਨੂੰ ਉਡੀਕ ਨਹੀਂ ਸੀ, ਤਾਂ ਤੂੰ ਉਤਰ ਆਇਆ, ਤੇਰੀ ਹਜ਼ੂਰੀ ਤੋਂ ਪਹਾੜ ਢਲ ਗਏ।” (ਯਸਾਯਾਹ 64:3) ਅਜਿਹੇ ਵੱਡੇ-ਵੱਡੇ ਕੰਮਾਂ ਨੇ ਉਸ ਦੀ ਸ਼ਕਤੀ ਦਿਖਾਉਣ ਦੇ ਨਾਲ-ਨਾਲ ਇਹ ਦਿਖਾਇਆ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ। ਪਰ ਯਸਾਯਾਹ ਦੇ ਜ਼ਮਾਨੇ ਦੇ ਬੇਵਫ਼ਾ ਯਹੂਦੀਆਂ ਦਾ ਕੋਈ ਹੱਕ ਨਹੀਂ ਬਣਦਾ ਸੀ ਕਿ ਉਹ ਯਹੋਵਾਹ ਤੋਂ ਉਮੀਦ ਰੱਖਣ ਕਿ ਉਹ ਉਨ੍ਹਾਂ ਦੇ ਫ਼ਾਇਦੇ ਲਈ ਅਜਿਹੇ ਕੰਮ ਕਰੇ।
ਸਿਰਫ਼ ਯਹੋਵਾਹ ਹੀ ਬਚਾ ਸਕਦਾ ਹੈ
8. (ੳ) ਯਹੋਵਾਹ ਅਤੇ ਝੂਠੇ ਦੇਵਤਿਆਂ ਵਿਚ ਇਕ ਫ਼ਰਕ ਕੀ ਹੈ? (ਅ) ਭਾਵੇਂ ਕਿ ਯਹੋਵਾਹ ਆਪਣੇ ਲੋਕਾਂ ਨੂੰ ਬਚਾ ਸਕਦਾ ਸੀ ਉਸ ਨੇ ਉਨ੍ਹਾਂ ਨੂੰ ਕਿਉਂ ਨਹੀਂ ਬਚਾਇਆ ਸੀ? (ੲ) ਪੌਲੁਸ ਨੇ ਯਸਾਯਾਹ 64:4 ਦਾ ਹਵਾਲਾ ਕਿਵੇਂ ਦਿੱਤਾ ਅਤੇ ਲਾਗੂ ਕੀਤਾ ਸੀ? (ਸਫ਼ੇ 366 ਉੱਤੇ ਡੱਬੀ ਦੇਖੋ।)
8 ਝੂਠੇ ਦੇਵਤੇ ਆਪਣੇ ਪੁਜਾਰੀਆਂ ਨੂੰ ਬਚਾਉਣ ਲਈ ਕੁਝ ਨਹੀਂ ਕਰ ਸਕਦੇ। ਯਸਾਯਾਹ ਨੇ ਲਿਖਿਆ: “ਪਰਾਚੀਨ ਸਮਿਆਂ ਤੋਂ ਨਾ ਕਿਸੇ ਸੁਣਿਆ, ਨਾ ਕਿਸੇ ਦੇ ਕੰਨ ਵਿੱਚ ਪਿਆ, ਨਾ ਅੱਖ ਨੇ ਕਿਸੇ ਹੋਰ ਪਰਮੇਸ਼ੁਰ ਨੂੰ ਵੇਖਿਆ, ਜੋ ਆਪਣੇ ਉਡੀਕਣ ਵਾਲਿਆਂ ਲਈ ਕੰਮ ਕਰਦਾ ਹੈ। ਤੂੰ ਉਹ ਨੂੰ ਮਿਲਦਾ ਹੈਂ ਜੋ ਖੁਸ਼ ਹੁੰਦਾ ਅਤੇ ਧਰਮ ਵਰਤਦਾ, ਜੋ ਤੇਰੇ ਰਾਹਾਂ ਵਿੱਚ ਤੈਨੂੰ ਚੇਤੇ ਰੱਖਦਾ।” (ਯਸਾਯਾਹ 64:4, 5ੳ) ਸਿਰਫ਼ ਯਹੋਵਾਹ ਹੀ “ਆਪਣੇ ਖੋਜਣ ਵਾਲਿਆਂ ਨੂੰ ਫਲ ਦਿੰਦਾ ਹੈ।” (ਇਬਰਾਨੀਆਂ 11:6, ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਹ ਉਨ੍ਹਾਂ ਨੂੰ ਬਚਾਉਂਦਾ ਹੈ ਜੋ ਧਾਰਮਿਕਤਾ ਨਾਲ ਕੰਮ ਕਰਦੇ ਹਨ ਅਤੇ ਜੋ ਉਸ ਨੂੰ ਯਾਦ ਕਰਦੇ ਹਨ। (ਯਸਾਯਾਹ 30:18) ਕੀ ਯਹੂਦੀ ਲੋਕਾਂ ਨੇ ਇਸ ਤਰ੍ਹਾਂ ਕੀਤਾ ਸੀ? ਨਹੀਂ। ਯਸਾਯਾਹ ਨੇ ਯਹੋਵਾਹ ਨੂੰ ਕਿਹਾ: “ਵੇਖ, ਤੂੰ ਕੋਪਵਾਨ ਹੋਇਆ, ਅਤੇ ਅਸਾਂ ਪਾਪ ਕੀਤਾ, ਉਨ੍ਹਾਂ ਵਿੱਚ ਅਸੀਂ ਚਿਰ ਤੀਕ ਰਹੇ,—ਕੀ ਅਸੀਂ ਬਚਾਂਗੇ?” (ਯਸਾਯਾਹ 64:5ਅ) ਯਹੋਵਾਹ ਦੇ ਲੋਕ ਬਹੁਤ ਚਿਰ ਤੋਂ ਪਾਪ ਕਰਦੇ ਆਏ ਸਨ। ਇਸ ਲਈ ਯਹੋਵਾਹ ਕੋਲ ਕੋਈ ਕਾਰਨ ਨਹੀਂ ਸੀ ਕਿ ਉਹ ਆਪਣਾ ਗੁੱਸਾ ਰੋਕ ਕੇ ਉਨ੍ਹਾਂ ਨੂੰ ਬਚਾਏ।
9. ਤੋਬਾ ਕਰਨ ਵਾਲੇ ਯਹੂਦੀ ਕਿਸ ਚੀਜ਼ ਦੀ ਉਮੀਦ ਰੱਖ ਸਕਦੇ ਸਨ, ਅਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ?
9 ਯਹੂਦੀ ਲੋਕ ਬੀਤੇ ਸਮੇਂ ਬਾਰੇ ਕੁਝ ਨਹੀਂ ਕਰ ਸਕਦੇ ਸਨ, ਪਰ ਜੇ ਉਹ ਤੋਬਾ ਕਰਦੇ ਅਤੇ ਸੱਚੀ ਭਗਤੀ ਦੁਬਾਰਾ ਕਰਨ ਲੱਗਦੇ, ਤਾਂ ਉਹ ਮਾਫ਼ ਕੀਤੇ ਜਾਣ ਅਤੇ ਭਵਿੱਖ ਵਿਚ ਬਰਕਤਾਂ ਪਾਉਣ ਦੀ ਉਮੀਦ ਰੱਖ ਸਕਦੇ ਸਨ। ਯਹੋਵਾਹ ਨੇ ਆਪਣੇ ਠਹਿਰਾਏ ਹੋਏ ਸਮੇਂ ਤੇ ਤੋਬਾ ਕਰਨ ਵਾਲਿਆਂ ਨੂੰ ਬਾਬਲੀ ਗ਼ੁਲਾਮੀ ਤੋਂ ਛੁਡਾ ਕੇ ਬਰਕਤ ਦੇਣੀ ਸੀ। ਪਰ ਉਨ੍ਹਾਂ ਨੂੰ ਧੀਰਜ ਰੱਖਣ ਦੀ ਲੋੜ ਸੀ ਕਿਉਂਕਿ ਯਹੋਵਾਹ ਦੇ ਹਰ ਕੰਮ ਲਈ ਇਕ ਸਮਾਂ ਹੁੰਦਾ ਹੈ। ਜੇ ਉਹ ਚੌਕਸ ਰਹਿ ਕੇ ਯਹੋਵਾਹ ਦੀ ਇੱਛਾ ਪੂਰੀ ਕਰਦੇ ਤਾਂ ਅਖ਼ੀਰ ਵਿਚ ਉਨ੍ਹਾਂ ਨੂੰ ਛੁਟਕਾਰਾ ਮਿਲ ਸਕਦਾ ਸੀ। ਇਸੇ ਤਰ੍ਹਾਂ ਮਸੀਹੀ ਅੱਜ ਧੀਰਜ ਨਾਲ ਯਹੋਵਾਹ ਦੀ ਉਡੀਕ ਕਰ ਰਹੇ ਹਨ। (2 ਪਤਰਸ 3:11, 12) ਅਸੀਂ ਪੌਲੁਸ ਰਸੂਲ ਦੇ ਸ਼ਬਦਾਂ ਵੱਲ ਧਿਆਨ ਦਿੰਦੇ ਹਾਂ ਜਿਸ ਨੇ ਕਿਹਾ: “ਭਲਿਆਈ ਕਰਦਿਆਂ ਅਸੀਂ ਅੱਕ ਨਾਂ ਜਾਈਏ ਕਿਉਂਕਿ ਜੇ ਹੌਸਲਾ ਨਾ ਹਾਰੀਏ ਤਾਂ ਵੇਲੇ ਸਿਰ ਵੱਢਾਂਗੇ।”—ਗਲਾਤੀਆਂ 6:9.
10. ਯਸਾਯਾਹ ਦੀ ਪ੍ਰਾਰਥਨਾ ਵਿਚ ਕਿਹੜੀ ਗੱਲ ਕਬੂਲ ਕੀਤੀ ਗਈ ਸੀ?
10 ਭਵਿੱਖਬਾਣੀ ਵਿਚ ਯਸਾਯਾਹ ਦੀ ਪ੍ਰਾਰਥਨਾ ਸਿਰਫ਼ ਪਾਪ ਕਬੂਲ ਕਰਨ ਲਈ ਹੀ ਨਹੀਂ ਕੀਤੀ ਗਈ ਸੀ। ਪਰ ਇਸ ਨੇ ਦਿਖਾਇਆ ਕਿ ਕੌਮ ਆਪਣੇ ਆਪ ਨੂੰ ਬਚਾ ਨਹੀਂ ਸਕਦੀ ਸੀ। ਨਬੀ ਨੇ ਕਿਹਾ: “ਅਸੀਂ ਸੱਭੇ ਭਰਿਸ਼ਟੀ ਵਾਂਙੁ ਹੋ ਗਏ, ਅਤੇ ਸਾਡੇ ਸਭ ਧਰਮ ਪਲੀਤ ਕੱਪੜੇ ਵਰਗੇ ਹਨ। ਅਸੀਂ ਪੱਤੇ ਵਾਂਙੁ ਕੁਮਲਾ ਜਾਂਦੇ ਹਾਂ, ਅਤੇ ਸਾਡੀਆਂ ਬਦੀਆਂ ਹਵਾ ਵਾਂਙੁ ਸਾਨੂੰ ਚੁੱਕ ਲੈ ਜਾਂਦੀਆਂ ਹਨ।” (ਯਸਾਯਾਹ 64:6) ਹੋ ਸਕਦਾ ਹੈ ਕਿ ਗ਼ੁਲਾਮੀ ਦੇ ਅਖ਼ੀਰ ਵਿਚ ਤੋਬਾ ਕਰਨ ਵਾਲੇ ਯਹੂਦੀਆਂ ਨੇ ਝੂਠੀ ਪੂਜਾ ਕਰਨੀ ਛੱਡ ਦਿੱਤੀ ਸੀ। ਉਹ ਸ਼ਾਇਦ ਧਰਮ ਦੇ ਕੰਮ ਕਰ ਕੇ ਯਹੋਵਾਹ ਵੱਲ ਮੁੜੇ ਹੋਣ। ਪਰ ਉਹ ਅਜੇ ਵੀ ਪਾਪੀ ਸਨ। ਉਨ੍ਹਾਂ ਦੇ ਕੰਮ ਭਾਵੇਂ ਚੰਗੇ ਸਨ, ਪਾਪਾਂ ਦੀ ਪ੍ਰਾਸਚਿਤ ਦੇ ਸੰਬੰਧ ਵਿਚ ਉਹ ਗੰਦੇ ਕੱਪੜੇ ਵਰਗੇ ਸਨ। ਲੋਕਾਂ ਨੂੰ ਯਹੋਵਾਹ ਦੀ ਮਾਫ਼ੀ ਇਸ ਕਰਕੇ ਨਹੀਂ ਮਿਲਦੀ ਕਿ ਉਹ ਉਸ ਦੇ ਲਾਇਕ ਹਨ ਪਰ ਉਸ ਦੀ ਦਇਆ ਕਰਕੇ ਹੀ ਮਿਲਦੀ ਹੈ। ਮਾਫ਼ੀ ਕਮਾਈ ਨਹੀਂ ਜਾ ਸਕਦੀ।—ਰੋਮੀਆਂ 3:23, 24.
11. (ੳ) ਗ਼ੁਲਾਮੀ ਵਿਚ ਜ਼ਿਆਦਾਤਰ ਲੋਕਾਂ ਦੀ ਰੂਹਾਨੀ ਹਾਲਤ ਕਿਹੋ ਜਿਹੀ ਸੀ, ਅਤੇ ਇਹ ਸ਼ਾਇਦ ਇਸ ਤਰ੍ਹਾਂ ਕਿਉਂ ਸੀ? (ਅ) ਗ਼ੁਲਾਮੀ ਦੌਰਾਨ ਕਿਨ੍ਹਾਂ ਨੇ ਨਿਹਚਾ ਦੀ ਵਧੀਆ ਮਿਸਾਲ ਕਾਇਮ ਕੀਤੀ ਸੀ?
11 ਯਸਾਯਾਹ ਨੇ ਅੱਗੇ ਕੀ ਦੇਖਿਆ ਸੀ? ਉਸ ਨੇ ਪ੍ਰਾਰਥਨਾ ਵਿਚ ਕਿਹਾ: “ਕੋਈ ਤੇਰਾ ਨਾਮ ਨਹੀਂ ਲੈਂਦਾ, ਨਾ ਕੋਈ ਆਪ ਨੂੰ ਉਕਸਾਉਂਦਾ ਭਈ ਤੈਨੂੰ ਫੜ ਰੱਖੇ, ਕਿਉਂ ਜੋ ਤੈਂ ਆਪਣਾ ਮੂੰਹ ਸਾਥੋਂ ਲੁਕਾ ਲਿਆ, ਅਤੇ ਸਾਡੀਆਂ ਬਦੀਆਂ ਦੇ ਰਾਹੀਂ ਸਾਨੂੰ ਪਿਘਲਾ ਦਿੱਤਾ।” (ਯਸਾਯਾਹ 64:7) ਕੌਮ ਦੀ ਰੂਹਾਨੀ ਹਾਲਤ ਬਹੁਤ ਖ਼ਰਾਬ ਸੀ। ਲੋਕ ਯਹੋਵਾਹ ਨੂੰ ਪ੍ਰਾਰਥਨਾ ਨਹੀਂ ਕਰ ਰਹੇ ਸਨ। ਭਾਵੇਂ ਕਿ ਉਹ ਮੂਰਤੀ ਪੂਜਾ ਨਹੀਂ ਕਰ ਰਹੇ ਸਨ ਉਹ ਯਹੋਵਾਹ ਦੀ ਭਗਤੀ ਵਿਚ ਢਿੱਲੇ ਸਨ ਅਤੇ ‘ਕੋਈ ਆਪ ਨੂੰ ਉਕਸਾਉਂਦਾ ਨਹੀਂ ਸੀ ਭਈ ਯਹੋਵਾਹ ਨੂੰ ਫੜ ਰੱਖੇ।’ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਿਰਜਣਹਾਰ ਨਾਲ ਉਨ੍ਹਾਂ ਦਾ ਰਿਸ਼ਤਾ ਚੰਗਾ ਨਹੀਂ ਸੀ। ਸ਼ਾਇਦ ਕੁਝ ਲੋਕ ਮਹਿਸੂਸ ਕਰਦੇ ਸਨ ਕਿ ਉਹ ਯਹੋਵਾਹ ਨੂੰ ਪ੍ਰਾਰਥਨਾ ਕਰਨ ਦੇ ਯੋਗ ਨਹੀਂ ਸਨ। ਦੂਸਰੇ ਸ਼ਾਇਦ ਆਪਣੇ ਹੀ ਕੰਮਾਂ-ਕਾਰਾਂ ਵਿਚ ਲੱਗੇ ਸਨ ਅਤੇ ਯਹੋਵਾਹ ਬਾਰੇ ਸੋਚਦੇ ਵੀ ਨਹੀਂ ਸਨ। ਪਰ ਗ਼ੁਲਾਮਾਂ ਵਿਚ ਦਾਨੀਏਲ, ਹਨਨਯਾਹ, ਮੀਸ਼ਾਏਲ, ਅਜ਼ਰਯਾਹ, ਅਤੇ ਹਿਜ਼ਕੀਏਲ ਵਰਗੇ ਕੁਝ ਅਜਿਹੇ ਲੋਕ ਸਨ ਜਿਨ੍ਹਾਂ ਨੇ ਨਿਹਚਾ ਦੀ ਵਧੀਆ ਮਿਸਾਲ ਕਾਇਮ ਕੀਤੀ ਸੀ। (ਇਬਰਾਨੀਆਂ 11:33, 34) ਜਿਉਂ ਹੀ ਗ਼ੁਲਾਮੀ ਦੇ 70 ਸਾਲ ਖ਼ਤਮ ਹੋਏ ਹੱਜਈ, ਜ਼ਕਰਯਾਹ, ਜ਼ਰੁੱਬਾਬਲ, ਅਤੇ ਪ੍ਰਧਾਨ ਜਾਜਕ ਯਹੋਸ਼ੁਆ ਵਰਗੇ ਬੰਦੇ, ਯਹੋਵਾਹ ਦਾ ਨਾਂ ਲੈਣ ਵਿਚ ਅਗਵਾਈ ਕਰਨ ਲਈ ਤਿਆਰ ਸਨ। ਪਰ ਭਵਿੱਖਬਾਣੀ ਵਿਚ ਯਸਾਯਾਹ ਦੀ ਪ੍ਰਾਰਥਨਾ ਨੇ ਜ਼ਿਆਦਾਤਰ ਗ਼ੁਲਾਮਾਂ ਦੀ ਹਾਲਤ ਬਾਰੇ ਦੱਸਿਆ ਸੀ।
‘ਮੰਨਣਾ ਭੇਟਾਂ ਚੜ੍ਹਾਉਣ ਨਾਲੋਂ ਚੰਗਾ ਹੈ’
12. ਯਸਾਯਾਹ ਨੇ ਪਛਤਾਵਾ ਕਰਨ ਵਾਲੇ ਯਹੂਦੀਆਂ ਦੀ ਤਬਦੀਲੀ ਕਰਨ ਦੀ ਰਜ਼ਾਮੰਦੀ ਬਾਰੇ ਕੀ ਕਿਹਾ ਸੀ?
12 ਪਛਤਾਵਾ ਕਰਨ ਵਾਲੇ ਯਹੂਦੀ ਤਬਦੀਲੀ ਕਰਨ ਲਈ ਤਿਆਰ ਸਨ। ਉਨ੍ਹਾਂ ਲਈ ਗੱਲ ਕਰਦੇ ਹੋਏ ਯਸਾਯਾਹ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ: “ਹੁਣ, ਹੇ ਯਹੋਵਾਹ, ਤੂੰ ਸਾਡਾ ਪਿਤਾ ਹੈਂ, ਅਸੀਂ ਮਿੱਟੀ ਹਾਂ ਅਤੇ ਤੂੰ ਘੁਮਿਆਰ ਹੈਂ, ਅਸੀਂ ਸੱਭੇ ਤੇਰੀ ਦਸਤਕਾਰੀ ਹਾਂ।” (ਯਸਾਯਾਹ 64:8) ਇਕ ਵਾਰ ਫਿਰ ਲੋਕਾਂ ਨੇ ਯਹੋਵਾਹ ਨੂੰ ਆਪਣੇ ਪਿਤਾ ਅਤੇ ਜੀਵਨ-ਦਾਤਾ ਵਜੋਂ ਸਵੀਕਾਰ ਕੀਤਾ। (ਅੱਯੂਬ 10:9) ਪਛਤਾਵਾ ਕਰਨ ਵਾਲੇ ਯਹੂਦੀਆਂ ਦੀ ਤੁਲਨਾ ਅਜਿਹੀ ਮਿੱਟੀ ਨਾਲ ਕੀਤੀ ਗਈ ਸੀ ਜਿਸ ਨੂੰ ਗੁੰਨ੍ਹ ਕੇ ਬਣਾਇਆ ਜਾ ਸਕਦਾ ਸੀ। ਕਿਹਾ ਜਾ ਸਕਦਾ ਹੈ ਕਿ ਯਹੋਵਾਹ ਦੀ ਤਾੜਨਾ ਸਵੀਕਾਰ ਕਰਨ ਵਾਲਿਆਂ ਨੂੰ ਪਰਮੇਸ਼ੁਰ ਦੇ ਮਿਆਰਾਂ ਅਨੁਸਾਰ ਗੁੰਨ੍ਹ ਕੇ ਸੁਧਾਰਿਆ ਜਾ ਸਕਦਾ ਸੀ। ਪਰ ਇਹ ਸਿਰਫ਼ ਤਾਂਹੀਓਂ ਹੋ ਸਕਦਾ ਸੀ ਜੇ ਘੁਮਿਆਰ ਵਜੋਂ ਯਹੋਵਾਹ ਮਾਫ਼ੀ ਦੇਵੇ। ਇਸ ਲਈ ਯਸਾਯਾਹ ਨੇ ਦੋ ਵਾਰੀ ਬੇਨਤੀ ਕੀਤੀ ਕਿ ਯਹੋਵਾਹ ਯਾਦ ਰੱਖੇ ਕਿ ਯਹੂਦੀ ਉਸ ਦੇ ਲੋਕ ਸਨ: “ਹੇ ਯਹੋਵਾਹ, ਤੂੰ ਅੱਤ ਕੋਪਵਾਨ ਨਾ ਹੋ, ਨਾ ਬਦੀ ਨੂੰ ਸਦਾ ਯਾਦ ਰੱਖ। ਵੇਖ, ਧਿਆਨ ਦੇਹ, ਅਸੀਂ ਸੱਭੇ ਤੇਰੀ ਪਰਜਾ ਹਾਂ।”—ਯਸਾਯਾਹ 64:9.
13. ਇਸਰਾਏਲ ਦੇ ਦੇਸ਼ ਦੀ ਕੀ ਹਾਲਤ ਸੀ ਜਦੋਂ ਪਰਮੇਸ਼ੁਰ ਦੇ ਲੋਕ ਗ਼ੁਲਾਮੀ ਵਿਚ ਸਨ?
13 ਗ਼ੁਲਾਮੀ ਦੌਰਾਨ ਯਹੂਦੀਆਂ ਨੇ ਸਿਰਫ਼ ਇਕ ਮੂਰਤੀ-ਪੂਜਕ ਦੇਸ਼ ਵਿਚ ਗ਼ੁਲਾਮੀ ਹੀ ਨਹੀਂ ਸਹੀ ਸੀ। ਪਰ ਯਰੂਸ਼ਲਮ ਅਤੇ ਉਸ ਦੇ ਭਵਨ ਦੀ ਵਿਰਾਨੀ ਨੇ ਉਨ੍ਹਾਂ ਨੂੰ ਅਤੇ ਪਰਮੇਸ਼ੁਰ ਨੂੰ ਬਦਨਾਮ ਵੀ ਕੀਤਾ ਸੀ। ਯਸਾਯਾਹ ਦੀ ਪ੍ਰਾਰਥਨਾ ਵਿਚ ਉਹ ਗੱਲਾਂ ਦੱਸੀਆਂ ਗਈਆਂ ਜਿਨ੍ਹਾਂ ਨੇ ਇਸ ਬਦਨਾਮੀ ਨੂੰ ਲਿਆਂਦਾ ਸੀ: “ਤੇਰੇ ਪਵਿੱਤ੍ਰ ਸ਼ਹਿਰ ਉਜਾੜ ਹੋ ਗਏ, ਸੀਯੋਨ ਉਜਾੜ, ਯਰੂਸ਼ਲਮ ਵਿਰਾਨਾ ਹੋ ਗਏ। ਸਾਡਾ ਪਵਿੱਤ੍ਰ ਅਤੇ ਸ਼ਾਨਦਾਰ ਭਵਨ, ਜਿੱਥੇ ਸਾਡੇ ਪਿਉ ਦਾਦੇ ਤੇਰੀ ਉਸਤਤ ਕਰਦੇ ਸਨ, ਅੱਗ ਨਾਲ ਸੜ ਗਿਆ, ਸਾਡੇ ਸਭ ਮਨ ਭਾਉਂਦੇ ਅਸਥਾਨ ਬਰਬਾਦ ਹੋ ਗਏ।”—ਯਸਾਯਾਹ 64:10, 11.
14. (ੳ) ਯਹੋਵਾਹ ਨੇ ਆਪਣੇ ਲੋਕਾਂ ਨੂੰ ਉਨ੍ਹਾਂ ਦੀ ਹਾਲਤ ਬਾਰੇ ਕਿਹੜੀ ਚੇਤਾਵਨੀ ਦਿੱਤੀ ਸੀ? (ਅ) ਭਾਵੇਂ ਕਿ ਯਹੋਵਾਹ ਨੂੰ ਭਵਨ ਅਤੇ ਉੱਥੇ ਚੜ੍ਹਾਏ ਬਲੀਦਾਨ ਪਸੰਦ ਸਨ, ਇਨ੍ਹਾਂ ਨਾਲੋਂ ਕੀ ਜ਼ਿਆਦਾ ਜ਼ਰੂਰੀ ਸੀ?
14 ਯਹੋਵਾਹ ਤਾਂ ਚੰਗੀ ਤਰ੍ਹਾਂ ਜਾਣਦਾ ਸੀ ਕਿ ਯਹੂਦੀਆਂ ਦੇ ਦੇਸ਼ ਦਾ ਕੀ ਹਾਲ ਸੀ। ਯਰੂਸ਼ਲਮ ਦੇ ਨਾਸ਼ ਤੋਂ ਕੁਝ 420 ਸਾਲ ਪਹਿਲਾਂ ਉਸ ਨੇ ਆਪਣੇ ਲੋਕਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਉਨ੍ਹਾਂ ਨੇ ਉਸ ਦੇ ਹੁਕਮ ਨਾ ਮੰਨੇ ਅਤੇ ਦੂਜਿਆਂ ਦੇਵਤਿਆਂ ਦੀ ਪੂਜਾ ਕੀਤੀ, ਤਾਂ ਉਹ ‘ਉਨ੍ਹਾਂ ਨੂੰ ਇਸ ਧਰਤੀ ਤੋਂ ਕੱਢ ਦੇਵੇਗਾ’ ਅਤੇ ਉਨ੍ਹਾਂ ਦਾ ਸ਼ਾਨਦਾਰ ਭਵਨ “ਵਿਰਾਨ ਹੋ ਜਾਵੇਗਾ।” (1 ਰਾਜਿਆਂ 9:6-9, ਨਵਾਂ ਅਨੁਵਾਦ) ਇਹ ਸੱਚ ਹੈ ਕਿ ਯਹੋਵਾਹ ਨੂੰ ਆਪਣੇ ਲੋਕਾਂ ਨੂੰ ਦਿੱਤਾ ਗਿਆ ਦੇਸ਼, ਉਸ ਦੀ ਵਡਿਆਈ ਲਈ ਬਣਾਇਆ ਗਿਆ ਸ਼ਾਨਦਾਰ ਭਵਨ, ਅਤੇ ਉਸ ਨੂੰ ਚੜ੍ਹਾਏ ਗਏ ਬਲੀਦਾਨ ਪਸੰਦ ਸਨ। ਪਰ ਯਹੋਵਾਹ ਨੂੰ ਵਫ਼ਾਦਾਰੀ ਅਤੇ ਉਸ ਦੀ ਗੱਲ ਮੰਨਣੀ ਇਨ੍ਹਾਂ ਚੀਜ਼ਾਂ ਅਤੇ ਬਲੀਦਾਨਾਂ ਨਾਲੋਂ ਜ਼ਿਆਦਾ ਪਸੰਦ ਹਨ। ਸਮੂਏਲ ਨਬੀ ਨੇ ਰਾਜਾ ਸ਼ਾਊਲ ਨੂੰ ਇਹ ਢੁਕਵੀਂ ਗੱਲ ਕਹੀ ਸੀ: “ਭਲਾ, ਯਹੋਵਾਹ ਹੋਮ ਦੀਆਂ ਭੇਟਾਂ ਅਤੇ ਬਲੀਆਂ ਨਾਲ ਪਰਸੰਨ ਹੁੰਦਾ ਹੈ, ਯਾ ਇਸ ਗੱਲ ਉੱਤੇ ਜੋ ਉਹ ਦੀ ਅਵਾਜ਼ ਸੁਣੀ ਜਾਵੇ? ਵੇਖ, ਮੰਨਣਾ ਭੇਟਾਂ ਚੜ੍ਹਾਉਣ ਨਾਲੋਂ, ਅਤੇ ਸਰੋਤਾ ਬਣਨਾ ਛੱਤਰਿਆਂ ਦੀ ਚਰਬੀ ਨਾਲੋਂ ਚੰਗਾ ਹੈ।”—1 ਸਮੂਏਲ 15:22.
15. (ੳ) ਭਵਿੱਖਬਾਣੀ ਵਿਚ ਯਸਾਯਾਹ ਨੇ ਯਹੋਵਾਹ ਅੱਗੇ ਕਿਹੜੀ ਬੇਨਤੀ ਕੀਤੀ ਸੀ, ਅਤੇ ਯਹੋਵਾਹ ਨੇ ਉਸ ਦਾ ਜਵਾਬ ਕਿਸ ਤਰ੍ਹਾਂ ਦਿੱਤਾ ਸੀ? (ਅ) ਅਖ਼ੀਰ ਵਿਚ ਯਹੋਵਾਹ ਨੇ ਇਸਰਾਏਲ ਦੀ ਕੌਮ ਨੂੰ ਰੱਦ ਕਿਉਂ ਕੀਤਾ ਸੀ?
15 ਫਿਰ ਵੀ ਕੀ ਇਸਰਾਏਲ ਦੇ ਪਰਮੇਸ਼ੁਰ ਨੂੰ ਆਪਣੇ ਤੋਬਾ ਕਰਨ ਵਾਲੇ ਲੋਕਾਂ ਦੀ ਮੁਸੀਬਤ ਦੇਖ ਕੇ ਤਰਸ ਨਹੀਂ ਆਉਂਦਾ ਸੀ? ਯਸਾਯਾਹ ਨੇ ਵੀ ਆਪਣੀ ਪ੍ਰਾਰਥਨਾ ਦੇ ਅਖ਼ੀਰ ਵਿਚ ਅਜਿਹਾ ਸਵਾਲ ਪੁੱਛਿਆ ਸੀ। ਯਹੂਦੀ ਗ਼ੁਲਾਮਾਂ ਦੀ ਖ਼ਾਤਰ ਉਸ ਨੇ ਬੇਨਤੀ ਕੀਤੀ: “ਹੇ ਯਹੋਵਾਹ, ਕੀ ਏਹਨਾਂ ਗੱਲਾਂ ਦੇ ਕਾਰਨ ਤੂੰ ਆਪ ਨੂੰ ਰੋਕ ਛੱਡੇਂਗਾ? ਕੀ ਤੂੰ ਚੁੱਪ ਰਹੇਂਗਾ ਅਤੇ ਸਾਨੂੰ ਅੱਤ ਦੁਖੀ ਰੱਖੇਂਗਾ?” (ਯਸਾਯਾਹ 64:12) ਅੰਤ ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਮਾਫ਼ ਕੀਤਾ ਸੀ ਅਤੇ 537 ਸਾ.ਯੁ.ਪੂ. ਵਿਚ ਉਸ ਨੇ ਉਨ੍ਹਾਂ ਨੂੰ ਆਪਣੇ ਵਤਨ ਵਾਪਸ ਲਿਆਂਦਾ ਤਾਂਕਿ ਉਹ ਉੱਥੇ ਸ਼ੁੱਧ ਉਪਾਸਨਾ ਦੁਬਾਰਾ ਕਰ ਸਕਣ। (ਯੋਏਲ 2:13) ਪਰ ਸਦੀਆਂ ਬਾਅਦ ਯਰੂਸ਼ਲਮ ਅਤੇ ਉਸ ਦਾ ਭਵਨ ਦੁਬਾਰਾ ਨਾਸ਼ ਕੀਤੇ ਗਏ ਸਨ ਅਤੇ ਅਖ਼ੀਰ ਵਿਚ ਪਰਮੇਸ਼ੁਰ ਨੇ ਆਪਣੀ ਨੇਮ-ਬੱਧ ਕੌਮ ਨੂੰ ਰੱਦ ਕੀਤਾ ਸੀ। ਕਿਉਂ? ਕਿਉਂਕਿ ਯਹੋਵਾਹ ਦੇ ਲੋਕ ਉਸ ਦੇ ਹੁਕਮਾਂ ਤੋਂ ਬਹੁਤ ਦੂਰ ਜਾ ਚੁੱਕੇ ਸਨ ਅਤੇ ਉਨ੍ਹਾਂ ਨੇ ਮਸੀਹਾ ਨੂੰ ਠੁਕਰਾ ਦਿੱਤਾ ਸੀ। (ਯੂਹੰਨਾ 1:11; 3:19, 20) ਜਦੋਂ ਇਸ ਤਰ੍ਹਾਂ ਹੋਇਆ, ਤਾਂ ਯਹੋਵਾਹ ਨੇ ਇਸਰਾਏਲ ਦੀ ਥਾਂ ਇਕ ਨਵੀਂ ਕੌਮ ਚੁਣੀ ਯਾਨੀ ‘ਪਰਮੇਸ਼ੁਰ ਦਾ ਇਸਰਾਏਲ।’—ਗਲਾਤੀਆਂ 6:16; 1 ਪਤਰਸ 2:9.
ਯਹੋਵਾਹ ‘ਪ੍ਰਾਰਥਨਾ ਦਾ ਸੁਣਨ ਵਾਲਾ’ ਹੈ
16. ਬਾਈਬਲ ਵਿਚ ਸਾਨੂੰ ਯਹੋਵਾਹ ਦੀ ਮਾਫ਼ੀ ਬਾਰੇ ਕੀ ਦੱਸਿਆ ਜਾਂਦਾ ਹੈ?
16 ਇਸਰਾਏਲ ਨਾਲ ਜੋ ਹੋਇਆ ਸੀ ਉਸ ਤੋਂ ਅਸੀਂ ਜ਼ਰੂਰੀ ਸਬਕ ਸਿੱਖ ਸਕਦੇ ਹਾਂ। ਅਸੀਂ ਦੇਖਦੇ ਹਾਂ ਕਿ ਯਹੋਵਾਹ “ਭਲਾ ਅਤੇ ਮਾਫ਼ ਕਰਨ ਵਾਲਾ” ਹੈ। (ਜ਼ਬੂਰ 86:5, ਨਵਾਂ ਅਨੁਵਾਦ) ਅਸੀਂ ਪਾਪੀ ਇਨਸਾਨ ਹੋਣ ਦੇ ਨਾਤੇ ਮੁਕਤੀ ਲਈ ਉਸ ਦੀ ਦਇਆ ਅਤੇ ਮਾਫ਼ੀ ਉੱਤੇ ਨਿਰਭਰ ਕਰਦੇ ਹਾਂ। ਅਸੀਂ ਆਪਣੇ ਕੰਮਾਂ ਰਾਹੀਂ ਇਹ ਬਰਕਤਾਂ ਕਮਾ ਨਹੀਂ ਸਕਦੇ ਹਾਂ। ਪਰ ਯਹੋਵਾਹ ਸਾਰਿਆਂ ਨੂੰ ਐਵੇਂ ਹੀ ਮਾਫ਼ ਨਹੀਂ ਕਰਦਾ। ਸਿਰਫ਼ ਉਨ੍ਹਾਂ ਨੂੰ ਪਰਮੇਸ਼ੁਰ ਦੀ ਮਾਫ਼ੀ ਮਿਲਦੀ ਹੈ ਜੋ ਆਪਣੇ ਪਾਪਾਂ ਦੀ ਤੋਬਾ ਕਰਦੇ ਹਨ ਅਤੇ ਉਸ ਵੱਲ ਮੁੜਦੇ ਹਨ।—ਰਸੂਲਾਂ ਦੇ ਕਰਤੱਬ 3:19.
17, 18. (ੳ) ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਸਾਡੇ ਵਿਚਾਰਾਂ ਅਤੇ ਜਜ਼ਬਾਤਾਂ ਵਿਚ ਦਿਲਚਸਪੀ ਲੈਂਦਾ ਹੈ? (ਅ) ਯਹੋਵਾਹ ਪਾਪੀ ਇਨਸਾਨਾਂ ਨਾਲ ਧੀਰਜ ਕਿਉਂ ਕਰਦਾ ਹੈ?
17 ਅਸੀਂ ਇਹ ਵੀ ਸਿੱਖਦੇ ਹਾਂ ਕਿ ਯਹੋਵਾਹ ਪ੍ਰਾਰਥਨਾ ਵਿਚ ਪ੍ਰਗਟ ਕੀਤੇ ਸਾਡੇ ਵਿਚਾਰਾਂ ਅਤੇ ਜਜ਼ਬਾਤਾਂ ਵਿਚ ਦਿਲਚਸਪੀ ਲੈਂਦਾ ਹੈ। ਉਹ ‘ਪ੍ਰਾਰਥਨਾ ਦਾ ਸੁਣਨ ਵਾਲਾ’ ਹੈ। (ਜ਼ਬੂਰ 65:2, 3) ਪਤਰਸ ਰਸੂਲ ਨੇ ਸਾਨੂੰ ਭਰੋਸਾ ਦਿਵਾਇਆ ਕਿ “ਪ੍ਰਭੁ ਦੀਆਂ ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਹਨ।” (1 ਪਤਰਸ 3:12) ਅਸੀਂ ਇਹ ਵੀ ਸਿੱਖਦੇ ਹਾਂ ਕਿ ਤੋਬਾ ਕਰਨ ਲਈ ਪ੍ਰਾਰਥਨਾ ਵਿਚ ਸਾਨੂੰ ਨੀਵੇਂ ਹੋ ਕੇ ਆਪਣੇ ਪਾਪਾਂ ਨੂੰ ਕਬੂਲ ਕਰਨਾ ਚਾਹੀਦਾ ਹੈ। (ਕਹਾਉਤਾਂ 28:13) ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਪਰਮੇਸ਼ੁਰ ਦੀ ਦਇਆ ਦਾ ਗ਼ਲਤ ਫ਼ਾਇਦਾ ਉਠਾ ਸਕਦੇ ਹਾਂ। ਬਾਈਬਲ ਚੇਤਾਵਨੀ ਦਿੰਦੀ ਹੈ ਕਿ “ਤੁਸੀਂ ਪਰਮੇਸ਼ੁਰ ਦੀ ਕਿਰਪਾ ਨੂੰ ਅਕਾਰਥ ਨਾ ਲਓ।”—2 ਕੁਰਿੰਥੀਆਂ 6:1.
18 ਅਖ਼ੀਰ ਵਿਚ ਅਸੀਂ ਸਿੱਖਦੇ ਹਾਂ ਕਿ ਪਰਮੇਸ਼ੁਰ ਆਪਣੇ ਪਾਪੀ ਲੋਕਾਂ ਨਾਲ ਧੀਰਜ ਕਿਉਂ ਕਰਦਾ ਹੈ। ਪਤਰਸ ਰਸੂਲ ਨੇ ਸਮਝਾਇਆ ਕਿ ਯਹੋਵਾਹ ਇਸ ਲਈ ਧੀਰਜ ਕਰਦਾ ਹੈ “ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।” (2 ਪਤਰਸ 3:9) ਫਿਰ ਵੀ ਜਿਹੜੇ ਲੋਕ ਲਗਾਤਾਰ ਪਰਮੇਸ਼ੁਰ ਦੇ ਧੀਰਜ ਦਾ ਗ਼ਲਤ ਫ਼ਾਇਦਾ ਉਠਾਉਂਦੇ ਹਨ ਉਨ੍ਹਾਂ ਨੂੰ ਸਜ਼ਾ ਮਿਲੇਗੀ। ਇਸ ਬਾਰੇ ਅਸੀਂ ਪੜ੍ਹਦੇ ਹਾਂ: “[ਯਹੋਵਾਹ] ਹਰੇਕ ਨੂੰ ਉਹ ਦੀਆਂ ਕਰਨੀਆਂ ਦੇ ਅਨੁਸਾਰ ਫਲ ਦੇਵੇਗਾ। ਜਿਹੜੇ ਸ਼ੁਭ ਕਰਮਾਂ ਵਿੱਚ ਦ੍ਰਿੜ੍ਹ ਹੋ ਕੇ ਮਹਿਮਾ, ਆਦਰ ਅਤੇ ਅਬਨਾਸ਼ ਨੂੰ ਭਾਲਦੇ ਹਨ ਉਹ ਉਨ੍ਹਾਂ ਨੂੰ ਸਦੀਪਕ ਜੀਵਨ ਦੇਵੇਗਾ। ਪਰ ਜਿਹੜੇ ਆਕੀ ਹਨ ਅਰ ਸਤ ਨੂੰ ਨਹੀਂ ਮੰਨਦੇ ਸਗੋਂ ਕੁਧਰਮ ਨੂੰ ਮੰਨਦੇ ਹਨ ਉਨ੍ਹਾਂ ਉੱਤੇ ਗੁੱਸਾ ਅਤੇ ਕ੍ਰੋਧ ਹੋਵੇਗਾ।”—ਰੋਮੀਆਂ 2:6-8.
19. ਯਹੋਵਾਹ ਕਿਹੜੇ ਗੁਣ ਹਮੇਸ਼ਾ ਦਿਖਾਵੇਗਾ?
19 ਯਹੋਵਾਹ ਪ੍ਰਾਚੀਨ ਇਸਰਾਏਲ ਨਾਲ ਇਸੇ ਤਰ੍ਹਾਂ ਪੇਸ਼ ਆਇਆ ਸੀ। ਅੱਜ ਯਹੋਵਾਹ ਨਾਲ ਸਾਡੇ ਰਿਸ਼ਤੇ ਉੱਤੇ ਇਹੋ ਸਿਧਾਂਤ ਲਾਗੂ ਹੁੰਦੇ ਹਨ ਕਿਉਂਕਿ ਉਹ ਬਦਲਦਾ ਨਹੀਂ। ਭਾਵੇਂ ਯਹੋਵਾਹ ਸਜ਼ਾ ਦੇਣ ਤੋਂ ਰੁਕਦਾ ਨਹੀਂ ਉਹ ਹਮੇਸ਼ਾ ‘ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੋਵੇਗਾ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ। ਹਜਾਰਾਂ ਲਈ ਭਲਿਆਈ ਰੱਖਣ ਵਾਲਾ ਅਤੇ ਕੁਧਰਮ ਅਪਰਾਧ ਅਰ ਪਾਪ ਦਾ ਬਖ਼ਸ਼ਣ ਹਾਰ।’—ਕੂਚ 34:6, 7.
[ਸਫ਼ਾ 362 ਉੱਤੇ ਡੱਬੀ/ਤਸਵੀਰਾਂ]
ਦਾਨੀਏਲ ਦੀ ਤੋਬਾ ਦੀ ਪ੍ਰਾਰਥਨਾ
ਦਾਨੀਏਲ ਨਬੀ ਬਾਬਲ ਵਿਚ ਰਹਿੰਦਾ ਸੀ ਜਦੋਂ ਯਹੂਦੀ ਲੋਕ ਉੱਥੇ 70 ਸਾਲਾਂ ਦੀ ਗ਼ੁਲਾਮੀ ਕੱਟ ਰਹੇ ਸਨ। ਗ਼ੁਲਾਮੀ ਦੇ 68ਵੇਂ ਸਾਲ ਦੌਰਾਨ ਦਾਨੀਏਲ ਨੂੰ ਯਿਰਮਿਯਾਹ ਦੀ ਭਵਿੱਖਬਾਣੀ ਤੋਂ ਪਤਾ ਲੱਗਾ ਕਿ ਇਸਰਾਏਲ ਦੀ ਗ਼ੁਲਾਮੀ ਦਾ ਅੰਤ ਨੇੜੇ ਸੀ। (ਯਿਰਮਿਯਾਹ 25:11; 29:10; ਦਾਨੀਏਲ 9:1, 2) ਦਾਨੀਏਲ ਨੇ ਸਾਰੀ ਯਹੂਦੀ ਕੌਮ ਦੇ ਲਈ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਇਹ ਤੋਬਾ ਦੀ ਪ੍ਰਾਰਥਨਾ ਸੀ। ਦਾਨੀਏਲ ਨੇ ਕੌਮ ਦਾ ਦੋਸ਼ ਕਬੂਲ ਕੀਤਾ ਅਤੇ ਕਿਹਾ: “ਮੈਂ ਆਪਣਾ ਮੂੰਹ ਪ੍ਰਭੁ ਪਰਮੇਸ਼ੁਰ ਵੱਲ ਕੀਤਾ ਅਤੇ ਬੇਨਤੀਆਂ ਤਰਲੇ ਕਰ ਕੇ ਅਰ ਵਰਤ ਰੱਖ ਕੇ ਤੱਪੜ ਅਰ ਸੁਆਹ ਸਣੇ ਉਹ ਦੀ ਭਾਲ ਕੀਤੀ। ਅਤੇ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਅਰਦਾਸ ਕੀਤੀ।”—ਦਾਨੀਏਲ 9:3, 4.
ਯਸਾਯਾਹ ਦੀ ਭਵਿੱਖਬਾਣੀ ਦੇ 63ਵੇਂ ਅਤੇ 64ਵੇਂ ਅਧਿਆਵਾਂ ਦੀ ਪ੍ਰਾਰਥਨਾ ਲਿਖੇ ਜਾਣ ਤੋਂ ਕੁਝ 200 ਸਾਲ ਬਾਅਦ ਦਾਨੀਏਲ ਨੇ ਇਹ ਅਰਦਾਸ ਕੀਤੀ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਈ ਨੇਕਦਿਲ ਯਹੂਦੀਆਂ ਨੇ ਗ਼ੁਲਾਮੀ ਦੇ ਔਖਿਆਂ ਸਾਲਾਂ ਦੌਰਾਨ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਸੀ। ਪਰ ਇਸ ਤਰ੍ਹਾਂ ਲੱਗਦਾ ਹੈ ਕਿ ਬਾਈਬਲ ਸਿਰਫ਼ ਦਾਨੀਏਲ ਦੀ ਪ੍ਰਾਰਥਨਾ ਬਾਰੇ ਦੱਸਦੀ ਹੈ ਕਿਉਂਕਿ ਇਸ ਨੇ ਕਈਆਂ ਵਫ਼ਾਦਾਰ ਯਹੂਦੀਆਂ ਦੇ ਜਜ਼ਬਾਤਾਂ ਨੂੰ ਦਰਸਾਇਆ ਸੀ। ਤਾਂ ਫਿਰ ਉਸ ਦੀ ਪ੍ਰਾਰਥਨਾ ਦਿਖਾਉਂਦੀ ਹੈ ਕਿ ਬਾਬਲ ਵਿਚ ਵਫ਼ਾਦਾਰ ਯਹੂਦੀਆਂ ਦੇ ਵਿਚਾਰ ਸੱਚ-ਮੁੱਚ ਉਹੀ ਸਨ ਜੋ ਯਸਾਯਾਹ ਦੀ ਭਵਿੱਖਬਾਣੀ ਦੀ ਪ੍ਰਾਰਥਨਾ ਵਿਚ ਦੱਸੇ ਗਏ ਸਨ।
ਦਾਨੀਏਲ ਅਤੇ ਯਸਾਯਾਹ ਦੀਆਂ ਪ੍ਰਾਰਥਨਾਵਾਂ ਵਿਚਕਾਰ ਕੁਝ ਮਿਲਦੀਆਂ-ਜੁਲਦੀਆਂ ਗੱਲਾਂ ਵੱਲ ਧਿਆਨ ਦਿਓ।
ਯਸਾਯਾਹ 64:10, 11 ਦਾਨੀਏਲ 9:16-18
[ਸਫ਼ਾ 366 ਉੱਤੇ ਡੱਬੀ]
‘ਅੱਖੀਂ ਨਾ ਵੇਖੀਆਂ ਵਸਤਾਂ’
ਕੁਰਿੰਥੀਆਂ ਨੂੰ ਆਪਣੀ ਪੱਤਰੀ ਵਿਚ ਪੌਲੁਸ ਰਸੂਲ ਨੇ ਯਸਾਯਾਹ ਦੀ ਪੁਸਤਕ ਵਿੱਚੋਂ ਹਵਾਲਾ ਦੇ ਕੇ ਲਿਖਿਆ: ‘ਪਰੰਤੂ ਜਿਵੇਂ ਲਿਖਿਆ ਹੋਇਆ ਹੈ,—ਜਿਹੜੀਆਂ ਵਸਤਾਂ ਅੱਖੀਂ ਨਾ ਵੇਖੀਆਂ, ਨਾ ਕੰਨੀਂ ਸੁਣੀਆਂ, ਨਾ ਇਨਸਾਨ ਦੇ ਮਨ ਵਿੱਚ ਆਈਆਂ, ਉਨ੍ਹਾਂ ਵਸਤਾਂ ਨੂੰ ਪਰਮੇਸ਼ੁਰ ਨੇ ਆਪਣੇ ਪ੍ਰੇਮੀਆਂ ਲਈ ਤਿਆਰ ਕੀਤਾ ਹੈ।’ (1 ਕੁਰਿੰਥੀਆਂ 2:9)a ਪੌਲੁਸ ਅਤੇ ਯਸਾਯਾਹ ਉਨ੍ਹਾਂ ਚੀਜ਼ਾਂ ਬਾਰੇ ਗੱਲ ਨਹੀਂ ਕਰ ਰਹੇ ਸਨ ਜੋ ਯਹੋਵਾਹ ਨੇ ਆਪਣੇ ਮਕਸਦ ਅਨੁਸਾਰ ਸਵਰਗ ਵਿਚ ਜਾਂ ਧਰਤੀ ਉੱਤੇ ਫਿਰਦੌਸ ਵਿਚ ਆਪਣੇ ਲੋਕਾਂ ਲਈ ਤਿਆਰ ਕੀਤੀਆਂ ਹਨ। ਪੌਲੁਸ ਨੇ ਯਸਾਯਾਹ ਦੇ ਸ਼ਬਦਾਂ ਨੂੰ ਉਨ੍ਹਾਂ ਬਰਕਤਾਂ ਉੱਤੇ ਲਾਗੂ ਕੀਤਾ ਜੋ ਪਹਿਲੀ ਸਦੀ ਦੇ ਮਸੀਹੀਆਂ ਨੂੰ ਮਿਲ ਰਹੀਆਂ ਸਨ। ਇਸ ਵਿਚ ਯਹੋਵਾਹ ਪਰਮੇਸ਼ੁਰ ਦੀਆਂ ਡੂੰਘੀਆਂ ਗੱਲਾਂ ਸਮਝਣ ਅਤੇ ਉਸ ਦੇ ਰੂਹਾਨੀ ਚਾਨਣ ਦੀਆਂ ਬਰਕਤਾਂ ਸ਼ਾਮਲ ਸਨ।
ਅਸੀਂ ਡੂੰਘੀਆਂ ਰੂਹਾਨੀ ਗੱਲਾਂ ਸਿਰਫ਼ ਉਦੋਂ ਸਮਝ ਸਕਦੇ ਹਾਂ ਜਦੋਂ ਉਨ੍ਹਾਂ ਨੂੰ ਪ੍ਰਗਟ ਕਰਨ ਲਈ ਯਹੋਵਾਹ ਦਾ ਠਹਿਰਾਇਆ ਹੋਇਆ ਸਮਾਂ ਹੁੰਦਾ ਹੈ। ਇਸ ਦੇ ਨਾਲ-ਨਾਲ ਅਸੀਂ ਉਨ੍ਹਾਂ ਨੂੰ ਸਿਰਫ਼ ਇਸ ਲਈ ਸਮਝ ਸਕਦੇ ਹਾਂ ਜੇ ਯਹੋਵਾਹ ਨਾਲ ਸਾਡਾ ਰਿਸ਼ਤਾ ਚੰਗਾ ਹੋਵੇ ਅਤੇ ਅਸੀਂ ਰੂਹਾਨੀ ਗੱਲਾਂ ਵਿਚ ਦਿਲਚਸਪੀ ਲੈਂਦੇ ਹੋਈਏ। ਪੌਲੁਸ ਦੇ ਸ਼ਬਦ ਉਨ੍ਹਾਂ ਉੱਤੇ ਲਾਗੂ ਹੁੰਦੇ ਹਨ ਜੋ ਰੂਹਾਨੀ ਗੱਲਾਂ ਵਿਚ ਕੋਈ ਦਿਲਚਸਪੀ ਨਹੀਂ ਲੈਂਦੇ। ਉਨ੍ਹਾਂ ਦੀਆਂ ਅੱਖਾਂ ਬਾਈਬਲ ਦੀ ਸੱਚਾਈ ਨੂੰ ਪਛਾਣ ਨਹੀਂ ਸਕਦੀਆਂ ਅਤੇ ਉਨ੍ਹਾਂ ਦੇ ਕੰਨ ਅਜਿਹੀਆਂ ਗੱਲਾਂ ਸਮਝ ਨਹੀਂ ਸਕਦੇ। ਉਹ ਚੀਜ਼ਾਂ ਜੋ ਪਰਮੇਸ਼ੁਰ ਨੇ ਆਪਣੇ ਪ੍ਰੇਮੀਆਂ ਲਈ ਤਿਆਰ ਕੀਤੀਆਂ ਹਨ ਅਜਿਹੇ ਬੰਦਿਆਂ ਦੇ ਮਨਾਂ ਵਿਚ ਵੀ ਨਹੀਂ ਆਉਂਦੀਆਂ। ਪਰ ਜਿਹੜੇ ਲੋਕ ਪੌਲੁਸ ਵਾਂਗ ਪਰਮੇਸ਼ੁਰ ਦੇ ਸਮਰਪਿਤ ਸੇਵਕ ਹਨ, ਉਨ੍ਹਾਂ ਨੂੰ ਪਰਮੇਸ਼ੁਰ ਨੇ ਆਪਣੀ ਪਵਿੱਤਰ ਆਤਮਾ ਰਾਹੀਂ ਇਹ ਗੱਲਾਂ ਪ੍ਰਗਟ ਕੀਤੀਆਂ ਹਨ।—1 ਕੁਰਿੰਥੀਆਂ 2:1-16.
[ਫੁਟਨੋਟ]
a ਪੌਲੁਸ ਨੇ ਇਹ ਸ਼ਬਦ ਐਨ ਉਸੇ ਤਰ੍ਹਾਂ ਨਹੀਂ ਲਿਖੇ ਸਨ ਜਿੱਦਾਂ ਬਾਈਬਲ ਦੇ ਇਬਰਾਨੀ ਹਿੱਸੇ ਵਿਚ ਲਿਖੇ ਹੋਏ ਸਨ। ਇਸ ਤਰ੍ਹਾਂ ਲੱਗਦਾ ਹੈ ਕਿ ਉਹ ਯਸਾਯਾਹ 52:15; 64:4; ਅਤੇ 65:17 ਦੇ ਵਿਚਾਰ ਮਿਲਾ ਕੇ ਲਿਖ ਰਿਹਾ ਸੀ।
[ਸਫ਼ਾ 367 ਉੱਤੇ ਤਸਵੀਰ]
ਯਰੂਸ਼ਲਮ ਅਤੇ ਉਸ ਦਾ ਭਵਨ “ਥੋੜੇ ਚਿਰ ਲਈ” ਪਰਮੇਸ਼ੁਰ ਦੇ ਲੋਕਾਂ ਦਾ ਸੀ