ਸਤਾਈਵਾਂ ਅਧਿਆਇ
ਸ਼ੁੱਧ ਭਗਤੀ ਉੱਤੇ ਯਹੋਵਾਹ ਦੀ ਬਰਕਤ
1. ਯਸਾਯਾਹ ਦੇ ਅਖ਼ੀਰਲੇ ਅਧਿਆਇ ਵਿਚ ਕਿਨ੍ਹਾਂ ਗੱਲਾਂ ਵੱਲ ਧਿਆਨ ਦਿੱਤਾ ਜਾਂਦਾ ਹੈ ਅਤੇ ਕਿਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਹਨ?
ਯਸਾਯਾਹ ਦੀ ਪੁਸਤਕ ਦੇ ਅਖ਼ੀਰਲੇ ਅਧਿਆਇ ਵਿਚ ਉਸ ਦੀ ਭਵਿੱਖਬਾਣੀ ਦੀਆਂ ਵੱਡੀਆਂ-ਵੱਡੀਆਂ ਗੱਲਾਂ ਸਿਖਰ ਤੇ ਪਹੁੰਚਦੀਆਂ ਹਨ ਅਤੇ ਸਾਨੂੰ ਕਈਆਂ ਸਵਾਲਾਂ ਦੇ ਜਵਾਬ ਮਿਲਦੇ ਹਨ। ਇਨ੍ਹਾਂ ਗੱਲਾਂ ਵਿਚ ਕੁਝ ਵਿਸ਼ੇ ਹਨ: ਯਹੋਵਾਹ ਕਿੰਨਾ ਉੱਤਮ ਹੈ, ਉਹ ਪਖੰਡਾਂ ਨਾਲ ਕਿੰਨੀ ਨਫ਼ਰਤ ਕਰਦਾ ਹੈ, ਉਹ ਦੁਸ਼ਟ ਲੋਕਾਂ ਨੂੰ ਸਜ਼ਾ ਦੇਣ ਦਾ ਇਰਾਦਾ ਰੱਖਦਾ ਹੈ, ਅਤੇ ਉਹ ਵਫ਼ਾਦਾਰ ਲੋਕਾਂ ਦੀ ਪਰਵਾਹ ਕਰਦਾ ਹੈ ਅਤੇ ਉਸ ਨੂੰ ਉਨ੍ਹਾਂ ਨਾਲ ਕਿੰਨਾ ਪਿਆਰ ਹੈ। ਇਸ ਤੋਂ ਇਲਾਵਾ ਇਨ੍ਹਾਂ ਸਵਾਲਾਂ ਦੇ ਜਵਾਬ ਵੀ ਦਿੱਤੇ ਜਾਂਦੇ ਹਨ: ਝੂਠੀ ਅਤੇ ਸੱਚੀ ਭਗਤੀ ਵਿਚਕਾਰ ਕੀ ਫ਼ਰਕ ਹੈ? ਅਸੀਂ ਯਕੀਨ ਕਿਉਂ ਕਰ ਸਕਦੇ ਹਾਂ ਕਿ ਯਹੋਵਾਹ ਉਨ੍ਹਾਂ ਪਖੰਡੀਆਂ ਤੋਂ ਬਦਲਾ ਲਵੇਗਾ ਜੋ ਪਵਿੱਤਰ ਹੋਣ ਦਾ ਢੌਂਗ ਕਰਦੇ ਹੋਏ ਪਰਮੇਸ਼ੁਰ ਦੇ ਲੋਕਾਂ ਉੱਤੇ ਜ਼ੁਲਮ ਕਰਦੇ ਹਨ? ਅਤੇ ਯਹੋਵਾਹ ਆਪਣੇ ਵਫ਼ਾਦਾਰ ਲੋਕਾਂ ਨੂੰ ਬਰਕਤ ਕਿਵੇਂ ਦੇਵੇਗਾ?
ਸੱਚੀ ਭਗਤੀ ਦੀ ਪਛਾਣ
2. ਯਹੋਵਾਹ ਨੇ ਆਪਣੀ ਮਹਾਨਤਾ ਬਾਰੇ ਕੀ ਆਖਿਆ ਸੀ ਅਤੇ ਇਸ ਆਇਤ ਬਾਰੇ ਕਿਹੜਾ ਵਿਚਾਰ ਗ਼ਲਤ ਹੈ?
2 ਇਸ ਭਵਿੱਖਬਾਣੀ ਵਿਚ ਪਹਿਲਾਂ ਯਹੋਵਾਹ ਦੀ ਮਹਾਨਤਾ ਬਾਰੇ ਦੱਸਿਆ ਜਾਂਦਾ ਹੈ: “ਯਹੋਵਾਹ ਇਉਂ ਆਖਦਾ ਹੈ ਕਿ ਅਕਾਸ਼ ਮੇਰਾ ਸਿੰਘਾਸਣ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ,—ਉਹ ਭਵਨ ਫੇਰ ਕਿਹੋ ਜਿਹਾ ਹੋਵੇਗਾ ਜੋ ਤੁਸੀਂ ਮੇਰੇ ਲਈ ਬਣਾਓਗੇ? ਅਤੇ ਮੇਰੀ ਅਰਾਮ ਗਾਹ ਫੇਰ ਕਿੱਥੇ ਹੋਵੇਗੀ?” (ਯਸਾਯਾਹ 66:1) ਕੁਝ ਲੋਕ ਮੰਨਦੇ ਹਨ ਕਿ ਇੱਥੇ ਯਸਾਯਾਹ ਨਬੀ ਯਹੂਦੀਆਂ ਦਾ ਹੌਸਲਾ ਢਾਹ ਰਿਹਾ ਸੀ ਕਿ ਉਹ ਆਪਣੇ ਵਤਨ ਵਾਪਸ ਆਉਣ ਤੋਂ ਬਾਅਦ ਯਹੋਵਾਹ ਦਾ ਭਵਨ ਨਾ ਬਣਾਉਣ। ਪਰ ਇਹ ਗੱਲ ਸੱਚ ਨਹੀਂ ਕਿਉਂਕਿ ਯਹੋਵਾਹ ਨੇ ਖ਼ੁਦ ਹੁਕਮ ਦਿੱਤਾ ਸੀ ਕਿ ਭਵਨ ਦੁਬਾਰਾ ਬਣਾਇਆ ਜਾਵੇ। (ਅਜ਼ਰਾ 1:1-6; ਯਸਾਯਾਹ 60:13; ਹੱਜਈ 1:7, 8) ਤਾਂ ਫਿਰ ਇਸ ਆਇਤ ਦਾ ਕੀ ਮਤਲਬ ਹੈ?
3. ਧਰਤੀ ਨੂੰ ਯਹੋਵਾਹ ਦੇ “ਪੈਰ ਰੱਖਣ ਦੀ ਚੌਂਕੀ” ਸੱਦਣਾ ਢੁਕਵਾਂ ਕਿਉਂ ਹੈ?
3 ਪਹਿਲਾਂ ਆਪਾਂ ਦੇਖਾਂਗੇ ਕਿ ਧਰਤੀ ਨੂੰ ਯਹੋਵਾਹ ਦੇ “ਪੈਰ ਰੱਖਣ ਦੀ ਚੌਂਕੀ” ਕਿਉਂ ਸੱਦਿਆ ਗਿਆ ਹੈ। ਇਸ ਤਰ੍ਹਾਂ ਕਹਿਣਾ ਕੋਈ ਬੁਰੀ ਗੱਲ ਨਹੀਂ ਹੈ। ਬ੍ਰਹਿਮੰਡ ਦੇ ਲੱਖਾਂ-ਕਰੋੜਾਂ ਆਕਾਸ਼ੀ ਪਿੰਡਾਂ ਵਿੱਚੋਂ ਸਿਰਫ਼ ਧਰਤੀ ਨੂੰ ਇਹ ਖ਼ਾਸ ਨਾਂ ਦਿੱਤਾ ਗਿਆ ਹੈ। ਸਾਡੀ ਧਰਤੀ ਹਮੇਸ਼ਾ ਲਈ ਨਿਰਾਲੀ ਰਹੇਗੀ ਕਿਉਂਕਿ ਇੱਥੇ ਹੀ ਯਹੋਵਾਹ ਦੇ ਇਕਲੌਤੇ ਪੁੱਤਰ ਨੇ ਰਿਹਾਈ ਦੀ ਕੀਮਤ ਚੁਕਾਈ ਸੀ ਅਤੇ ਇੱਥੇ ਹੀ ਯਹੋਵਾਹ ਮਸੀਹਾਈ ਰਾਜ ਰਾਹੀਂ ਆਪਣਾ ਰਾਜ ਕਰਨ ਦਾ ਹੱਕ ਸਹੀ ਸਾਬਤ ਕਰੇਗਾ। ਤਾਂ ਫਿਰ ਇਹ ਕਿੰਨਾ ਢੁਕਵਾਂ ਹੈ ਕਿ ਧਰਤੀ ਨੂੰ ਯਹੋਵਾਹ ਦੇ ਪੈਰ ਰੱਖਣ ਦੀ ਚੌਂਕੀ ਸੱਦਿਆ ਗਿਆ ਹੈ! ਇਕ ਰਾਜਾ ਅਜਿਹੀ ਚੌਂਕੀ ਸ਼ਾਇਦ ਆਪਣੇ ਸ਼ਾਨਦਾਰ ਸਿੰਘਾਸਣ ਤਕ ਪਹੁੰਚਣ ਲਈ ਅਤੇ ਫਿਰ ਉਸ ਉੱਤੇ ਆਪਣੇ ਪੈਰ ਰੱਖਣ ਲਈ ਵਰਤੇ।
4. (ੳ) ਧਰਤੀ ਉੱਤੇ ਕੋਈ ਵੀ ਇਮਾਰਤ ਯਹੋਵਾਹ ਪਰਮੇਸ਼ੁਰ ਲਈ ਆਰਾਮ ਕਰਨ ਦੀ ਜਗ੍ਹਾ ਕਿਉਂ ਨਹੀਂ ਹੋ ਸਕਦੀ? (ਅ) “ਏਹਨਾਂ ਸਭਨਾਂ” ਚੀਜ਼ਾਂ ਦਾ ਅਰਥ ਕੀ ਹੈ ਅਤੇ ਸਾਨੂੰ ਯਹੋਵਾਹ ਦੀ ਭਗਤੀ ਬਾਰੇ ਕਿਸ ਸਿੱਟੇ ਤੇ ਪਹੁੰਚਣਾ ਚਾਹੀਦਾ ਹੈ?
4 ਪਰ ਕੋਈ ਰਾਜਾ ਆਪਣੀ ਚੌਂਕੀ ਉੱਤੇ ਨਹੀਂ ਰਹਿੰਦਾ ਅਤੇ ਨਾ ਹੀ ਯਹੋਵਾਹ ਇਸ ਧਰਤੀ ਉੱਤੇ ਰਹਿੰਦਾ ਹੈ। ਉਸ ਨੂੰ ਤਾਂ ਵਿਸ਼ਾਲ ਸਵਰਗ ਵੀ ਨਹੀਂ ਸੰਭਾਲ ਸਕਦੇ! ਤਾਂ ਫਿਰ ਯਹੋਵਾਹ ਧਰਤੀ ਉੱਤੇ ਕਿਸੇ ਇਮਾਰਤ ਵਿਚ ਕਿਵੇਂ ਵੱਸ ਸਕਦਾ ਹੈ? ਇਹ ਤਾਂ ਬਿਲਕੁਲ ਨਾਮੁਮਕਿਨ ਹੈ। (1 ਰਾਜਿਆਂ 8:27) ਯਹੋਵਾਹ ਦਾ ਸਿੰਘਾਸਣ ਅਤੇ ਉਸ ਦੀ ਆਰਾਮ ਕਰਨ ਦੀ ਜਗ੍ਹਾ ਸਵਰਗ ਵਿਚ ਹੈ, ਅਤੇ ਯਸਾਯਾਹ 66:1 ਤੇ “ਅਕਾਸ਼” ਦਾ ਇਹੀ ਅਸਲੀ ਅਰਥ ਹੈ। ਅਗਲੀ ਆਇਤ ਸਾਨੂੰ ਅੱਗੇ ਸਮਝਾਉਂਦੀ ਹੈ: “ਏਹਨਾਂ ਸਭਨਾਂ ਨੂੰ ਮੇਰੇ ਹੀ ਹੱਥ ਨੇ ਬਣਾਇਆ ਹੈ, ਐਉਂ ਏਹ ਸਭ ਹੋ ਗਏ, ਯਹੋਵਾਹ ਦਾ ਵਾਕ ਹੈ।” (ਯਸਾਯਾਹ 66:2ੳ) ਜ਼ਰਾ ਕਲਪਨਾ ਕਰੋ ਕਿ ਯਹੋਵਾਹ ਆਕਾਸ਼ ਅਤੇ ਧਰਤੀ ਉੱਤੇ “ਏਹਨਾਂ ਸਭਨਾਂ” ਚੀਜ਼ਾਂ ਵੱਲ ਆਪਣੇ ਹੱਥ ਨਾਲ ਇਸ਼ਾਰਾ ਕਰਦਾ ਹੋਇਆ ਇਹ ਕਹਿ ਰਿਹਾ ਹੈ। (ਯਸਾਯਾਹ 40:26; ਪਰਕਾਸ਼ ਦੀ ਪੋਥੀ 10:6) ਵਿਸ਼ਵ ਦਾ ਮਹਾਨ ਕਰਤਾਰ ਹੋਣ ਦੇ ਨਾਤੇ ਉਹ ਕਿਸੇ ਮਾਮੂਲੀ ਇਮਾਰਤ ਵਿਚ ਨਹੀਂ ਰਹਿ ਸਕਦਾ ਅਤੇ ਨਾ ਹੀ ਉਹ ਭਗਤੀ ਦਾ ਦਿਖਾਵਾ ਚਾਹੁੰਦਾ ਹੈ।
5. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ‘ਅਧੀਨ ਅਤੇ ਨਿਮਰ ਆਤਮਾ ਵਾਲੇ’ ਹਾਂ?
5 ਸਰਬਸ਼ਕਤੀਮਾਨ ਪਰਮੇਸ਼ੁਰ ਕਿਹੋ ਜਿਹੀ ਭਗਤੀ ਦੇ ਯੋਗ ਹੈ? ਉਹ ਖ਼ੁਦ ਸਾਨੂੰ ਦੱਸਦਾ ਹੈ: “ਮੈਂ ਅਜੇਹੇ ਜਨ ਉੱਤੇ ਨਿਗਾਹ ਰੱਖਾਂਗਾ,—ਅਧੀਨ ਉੱਤੇ ਅਤੇ ਨਿਮਰ ਆਤਮਾ ਵਾਲੇ ਉੱਤੇ ਜੋ ਮੇਰੇ ਬਚਨ ਤੋਂ ਕੰਬ ਜਾਂਦਾ ਹੈ।” (ਯਸਾਯਾਹ 66:2ਅ) ਜੀ ਹਾਂ, ਸ਼ੁੱਧ ਭਗਤੀ ਸੱਚੇ ਦਿਲੋਂ ਕੀਤੀ ਜਾਣੀ ਚਾਹੀਦੀ ਹੈ। (ਪਰਕਾਸ਼ ਦੀ ਪੋਥੀ 4:11) ਯਹੋਵਾਹ ਦੇ ਸੇਵਕਾਂ ਨੂੰ ‘ਅਧੀਨ ਅਤੇ ਨਿਮਰ ਆਤਮਾ ਵਾਲੇ’ ਹੋਣਾ ਚਾਹੀਦਾ ਹੈ। ਅਸੀਂ ਸਾਰੇ ਜਣੇ ਪਾਪ ਕਰਦੇ ਰਹਿੰਦੇ ਹਾਂ ਅਤੇ ਸਾਨੂੰ ਆਪਣੇ ਪਾਪਾਂ ਨੂੰ ਮਾਮੂਲੀ ਨਹੀਂ ਸਮਝਣਾ ਚਾਹੀਦਾ। ਸਾਨੂੰ ਦੁੱਖ ਹੋਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਦੇ ਧਰਮੀ ਮਿਆਰਾਂ ਉੱਤੇ ਪੂਰੇ ਨਹੀਂ ਉਤਰ ਸਕਦੇ ਹਾਂ। (ਜ਼ਬੂਰ 51:17) ਸਾਨੂੰ ਤੋਬਾ ਕਰ ਕੇ, ਆਪਣੇ ਪਾਪੀ ਹਾਲਤ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਕੇ, ਅਤੇ ਯਹੋਵਾਹ ਦੀ ਮਾਫ਼ੀ ਲਈ ਪ੍ਰਾਰਥਨਾ ਕਰ ਕੇ ਦਿਖਾਉਣਾ ਚਾਹੀਦਾ ਹੈ ਕਿ ਅਸੀਂ “ਨਿਮਰ ਆਤਮਾ ਵਾਲੇ” ਹਾਂ।—ਲੂਕਾ 11:4; 1 ਯੂਹੰਨਾ 1:8-10.
6. ਪਰਮੇਸ਼ੁਰ ਦੇ ਸੱਚੇ ਸੇਵਕਾਂ ਨੂੰ ਉਸ ਦੇ ਬਚਨ ਤੋਂ ਕਿਵੇਂ ‘ਕੰਬਣਾ’ ਚਾਹੀਦਾ ਹੈ?
6 ਇਸ ਦੇ ਨਾਲ-ਨਾਲ ਯਹੋਵਾਹ ਉਨ੍ਹਾਂ ਉੱਤੇ ਨਿਗਾਹ ਰੱਖਦਾ ਹੈ ਜੋ ‘ਉਸ ਦੇ ਬਚਨ ਤੋਂ ਕੰਬਦੇ ਹਨ।’ ਕੀ ਇਸ ਦਾ ਇਹ ਮਤਲਬ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦਾ ਬਚਨ ਪੜ੍ਹ ਕੇ ਡਰ ਦੇ ਮਾਰੇ ਕੰਬੀਏ? ਨਹੀਂ, ਸਗੋਂ ਉਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਬਚਨ ਲਈ ਸ਼ਰਧਾ ਰੱਖੀਏ। ਸਾਨੂੰ ਉਸ ਦੀ ਸਲਾਹ ਭਾਲਣੀ ਚਾਹੀਦੀ ਹੈ ਅਤੇ ਆਪਣੀ ਜ਼ਿੰਦਗੀ ਦੇ ਹਰ ਕੰਮ ਵਿਚ ਉਸ ਨੂੰ ਲਾਗੂ ਕਰਨਾ ਚਾਹੀਦਾ ਹੈ। (ਜ਼ਬੂਰ 119:105) ਸਾਨੂੰ ਇਸ ਤਰੀਕੇ ਵਿਚ ਵੀ ‘ਕੰਬਣਾ’ ਚਾਹੀਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਅਣਆਗਿਆਕਾਰ ਨਾ ਹੋਈਏ, ਉਸ ਦੀ ਸੱਚਾਈ ਨੂੰ ਮਨੁੱਖੀ ਰਸਮਾਂ-ਰਿਵਾਜਾਂ ਨਾਲ ਪਲੀਤ ਨਾ ਕਰੀਏ, ਸਗੋਂ ਉਸ ਦੇ ਬਚਨ ਦੀ ਪੂਰੀ ਕਦਰ ਕਰਦੇ ਰਹੀਏ। ਸ਼ੁੱਧ ਭਗਤੀ ਲਈ ਅਜਿਹਾ ਰਵੱਈਆ ਬਹੁਤ ਜ਼ਰੂਰੀ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ-ਕੱਲ੍ਹ ਦੀ ਦੁਨੀਆਂ ਵਿਚ ਲੋਕ ਇਸ ਤਰ੍ਹਾਂ ਘੱਟ ਹੀ ਕਰਦੇ ਹਨ।
ਯਹੋਵਾਹ ਪਖੰਡੀ ਭਗਤੀ ਨਾਲ ਨਫ਼ਰਤ ਕਰਦਾ ਹੈ
7, 8. ਯਹੋਵਾਹ ਸਿਰਫ਼ ਦਿਖਾਵੇ ਲਈ ਕੀਤੀ ਗਈ ਭਗਤੀ ਬਾਰੇ ਕੀ ਸੋਚਦਾ ਹੈ?
7 ਯਸਾਯਾਹ ਆਪਣੇ ਜ਼ਮਾਨੇ ਦੇ ਲੋਕਾਂ ਬਾਰੇ ਜਾਣਦਾ ਸੀ ਕਿ ਉਨ੍ਹਾਂ ਵਿੱਚੋਂ ਬਹੁਤ ਥੋੜ੍ਹੇ ਹੀ ਯਹੋਵਾਹ ਦੇ ਸੱਚੇ ਭਗਤ ਸਨ। ਸੱਚਾ ਧਰਮ ਛੱਡਣ ਦੇ ਕਾਰਨ ਹੀ ਯਰੂਸ਼ਲਮ ਸਜ਼ਾ ਦੇ ਲਾਇਕ ਸੀ। ਧਿਆਨ ਦਿਓ ਕਿ ਯਹੋਵਾਹ ਯਰੂਸ਼ਲਮ ਵਿਚ ਹੋ ਰਹੀ ਪੂਜਾ ਬਾਰੇ ਕਿਵੇਂ ਮਹਿਸੂਸ ਕਰਦਾ ਸੀ: “ਬਲਦ ਦਾ ਵੱਢਣ ਵਾਲਾ ਮਨੁੱਖ ਦੇ ਮਾਰਨ ਵਾਲੇ ਜਿਹਾ ਹੈ, ਲੇਲੇ ਦਾ ਕੱਟਣ ਵਾਲਾ ਕੁੱਤੇ ਦੀ ਧੌਣ ਭੰਨਣ ਵਾਲੇ ਜਿਹਾ ਹੈ, ਮੈਦੇ ਦੀ ਭੇਟ ਦਾ ਚੜ੍ਹਾਉਣ ਵਾਲਾ ਸੂਰ ਦੇ ਲਹੂ ਦੇ ਚੜ੍ਹਾਉਣ ਵਾਲੇ ਜਿਹਾ ਹੈ, ਲੁਬਾਨ ਦਾ ਧੁਖਾਉਣ ਵਾਲਾ ਠਾਕਰ ਨੂੰ ਅਸ਼ੀਰਵਾਦ ਦੇਣ ਵਾਲੇ ਜਿਹਾ ਹੈ, ਹਾਂ, ਏਹਨਾਂ ਨੇ ਆਪਣੇ ਰਾਹ ਚੁਣ ਲਏ ਹਨ, ਅਤੇ ਏਹਨਾਂ ਦਾ ਜੀ ਏਹਨਾਂ ਦੇ ਗਿਲਾਨ ਕੰਮਾਂ ਵਿੱਚ ਪਰਸੰਨ ਰਹਿੰਦਾ ਹੈ।”—ਯਸਾਯਾਹ 66:3.
8 ਇਹ ਸ਼ਬਦ ਸਾਨੂੰ ਯਸਾਯਾਹ ਦੇ ਪਹਿਲੇ ਅਧਿਆਇ ਵਿਚ ਲਿਖੇ ਗਏ ਯਹੋਵਾਹ ਦੇ ਸ਼ਬਦ ਯਾਦ ਕਰਾਉਂਦੇ ਹਨ। ਉੱਥੇ ਯਹੋਵਾਹ ਨੇ ਆਪਣੇ ਵਿਗੜੇ ਹੋਏ ਲੋਕਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਭਗਤੀ ਸਿਰਫ਼ ਇਕ ਦਿਖਾਵਾ ਸੀ, ਜਿਸ ਤੋਂ ਉਹ ਖ਼ੁਸ਼ ਨਹੀਂ ਬਲਕਿ ਗੁੱਸੇ ਹੁੰਦਾ ਸੀ ਕਿਉਂਕਿ ਉਹ ਪਖੰਡ ਕਰ ਰਹੇ ਸਨ। (ਯਸਾਯਾਹ 1:11-17) ਇਸੇ ਤਰ੍ਹਾਂ ਯਹੋਵਾਹ ਨੇ ਇੱਥੇ ਦੱਸਿਆ ਕਿ ਉਨ੍ਹਾਂ ਦੇ ਚੜ੍ਹਾਵੇ ਵੱਡੇ-ਵੱਡੇ ਅਪਰਾਧਾਂ ਦੇ ਬਰਾਬਰ ਸਨ। ਇਕ ਕੀਮਤੀ ਬਲਦ ਦਾ ਬਲੀਦਾਨ ਚੜ੍ਹਾਉਣ ਨਾਲ ਯਹੋਵਾਹ ਪ੍ਰਸੰਨ ਨਹੀਂ ਹੁੰਦਾ ਸੀ ਬਲਕਿ ਉਸ ਦੀ ਨਿਗਾਹ ਵਿਚ ਇਹ ਕਿਸੇ ਇਨਸਾਨ ਦਾ ਖ਼ੂਨ ਕਰਨ ਦੇ ਬਰਾਬਰ ਸੀ! ਦੂਸਰੇ ਬਲੀਦਾਨਾਂ ਦੀ ਤੁਲਨਾ ਕੁੱਤੇ ਜਾਂ ਸੂਰ ਦੇ ਬਲੀਦਾਨ ਦੇਣ ਨਾਲ ਕੀਤੀ ਗਈ ਸੀ। ਮੂਸਾ ਦੀ ਬਿਵਸਥਾ ਦੇ ਅਨੁਸਾਰ ਇਹ ਜਾਨਵਰ ਅਸ਼ੁੱਧ ਸਨ, ਇਨ੍ਹਾਂ ਦਾ ਬਲੀਦਾਨ ਦੇਣਾ ਤਾਂ ਇਕ ਪਾਸੇ ਰਿਹਾ! (ਲੇਵੀਆਂ 11:7, 27) ਕੀ ਯਹੋਵਾਹ ਅਜਿਹੇ ਪਖੰਡੀ ਲੋਕਾਂ ਨੂੰ ਸਜ਼ਾ ਦੇਣ ਤੋਂ ਰਹਿ ਸਕਦਾ ਸੀ?
9. ਕਈਆਂ ਯਹੂਦੀਆਂ ਨੇ ਯਸਾਯਾਹ ਰਾਹੀਂ ਯਹੋਵਾਹ ਦੀਆਂ ਗੱਲਾਂ ਬਾਰੇ ਕੀ ਕੀਤਾ ਸੀ, ਅਤੇ ਇਸ ਦਾ ਨਤੀਜਾ ਕੀ ਨਿਕਲਿਆ ਸੀ?
9 ਯਹੋਵਾਹ ਨੇ ਅੱਗੇ ਕਿਹਾ: “ਮੈਂ ਵੀ ਏਹਨਾਂ ਲਈ ਮੁਸੀਬਤ ਚੁਣਾਂਗਾ, ਅਤੇ ਏਹਨਾਂ ਦੇ ਭੈ ਏਹਨਾਂ ਉੱਤੇ ਲਿਆਵਾਂਗਾ, ਕਿਉਂ ਜੋ ਮੈਂ ਬੁਲਾਇਆ ਪਰ ਕਿਸੇ ਨੇ ਉੱਤਰ ਨਾ ਦਿੱਤਾ, ਮੈਂ ਗੱਲ ਕੀਤੀ ਪਰ ਕਿਸੇ ਨੇ ਸੁਣੀ ਨਾ, ਏਹਨਾਂ ਨੇ ਮੇਰੀ ਨਿਗਾਹ ਵਿੱਚ ਬਦੀ ਕੀਤੀ, ਅਤੇ ਜੋ ਮੈਨੂੰ ਪਸੰਦ ਨਹੀਂ ਸੀ ਸੋ ਏਹਨਾਂ ਨੇ ਚੁਣਿਆ।” (ਯਸਾਯਾਹ 66:4) ਯਸਾਯਾਹ ਇਹ ਸ਼ਬਦ ਪੂਰੇ ਯਕੀਨ ਨਾਲ ਕਹਿ ਸਕਦਾ ਸੀ। ਕਈਆਂ ਸਾਲਾਂ ਲਈ ਯਹੋਵਾਹ ਨੇ ਉਸ ਰਾਹੀਂ ਆਪਣੇ ਲੋਕਾਂ ਨੂੰ “ਬੁਲਾਇਆ” ਅਤੇ ਉਨ੍ਹਾਂ ਨਾਲ “ਗੱਲ ਕੀਤੀ” ਸੀ। ਇਹ ਨਬੀ ਚੰਗੀ ਤਰ੍ਹਾਂ ਜਾਣਦਾ ਸੀ ਕਿ ਆਮ ਤੌਰ ਤੇ ਕਿਸੇ ਨੇ ਵੀ ਉਸ ਦੀ ਗੱਲ ਨਹੀਂ ਸੁਣੀ ਸੀ। ਲੋਕ ਆਪਣੇ ਬੁਰੇ ਕੰਮਾਂ ਵਿਚ ਲੱਗੇ ਰਹੇ ਸਨ ਅਤੇ ਇਸੇ ਲਈ ਯਹੋਵਾਹ ਨੇ ਉਨ੍ਹਾਂ ਤੋਂ ਬਦਲਾ ਲਿਆ ਸੀ। ਯਹੋਵਾਹ ਨੇ ਆਪਣੇ ਧਰਮ-ਤਿਆਗੀ ਲੋਕਾਂ ਨੂੰ ਸਜ਼ਾ ਦੇ ਕੇ ਉਨ੍ਹਾਂ ਉੱਤੇ ਡਰਾਉਣੀਆਂ ਘਟਨਾਵਾਂ ਆਉਣ ਦਿੱਤੀਆਂ ਸਨ।
10. ਯਹੂਦਾਹ ਨਾਲ ਯਹੋਵਾਹ ਦੇ ਸਲੂਕ ਤੋਂ ਅਸੀਂ ਈਸਾਈ-ਜਗਤ ਪ੍ਰਤੀ ਉਸ ਦੇ ਵਿਚਾਰ ਬਾਰੇ ਕੀ ਜਾਣਦੇ ਹਾਂ?
10 ਸਾਡੇ ਜ਼ਮਾਨੇ ਵਿਚ ਈਸਾਈ-ਜਗਤ ਨੇ ਉਹ ਕੰਮ ਕੀਤੇ ਹਨ ਜਿਨ੍ਹਾਂ ਤੋਂ ਯਹੋਵਾਹ ਖ਼ੁਸ਼ ਨਹੀਂ ਹੁੰਦਾ। ਉਸ ਦੇ ਚਰਚਾਂ ਵਿਚ ਮੂਰਤੀ ਪੂਜਾ ਕੀਤੀ ਜਾਂਦੀ ਹੈ ਅਤੇ ਗ਼ੈਰ-ਬਾਈਬਲੀ ਫ਼ਲਸਫ਼ਿਆਂ ਅਤੇ ਰੀਤਾਂ ਨੂੰ ਰੌਸ਼ਨ ਕੀਤਾ ਜਾਂਦਾ ਹੈ। ਉਸ ਨੇ ਰਾਜਨੀਤਿਕ ਸ਼ਕਤੀ ਹਾਸਲ ਕਰਨ ਦੀ ਕੋਸ਼ਿਸ਼ ਵਿਚ ਕੌਮਾਂ ਨਾਲ ਰੂਹਾਨੀ ਵਿਭਚਾਰ ਵੀ ਕੀਤਾ ਹੈ। (ਮਰਕੁਸ 7:13; ਪਰਕਾਸ਼ ਦੀ ਪੋਥੀ 18:4, 5, 9) ਪ੍ਰਾਚੀਨ ਯਰੂਸ਼ਲਮ ਦੀ ਤਰ੍ਹਾਂ ਈਸਾਈ-ਜਗਤ ਤੋਂ ਵੀ ਯਹੋਵਾਹ ਜ਼ਰੂਰ ਬਦਲਾ ਲਵੇਗਾ ਅਤੇ ਉਸ ਉੱਤੇ “ਭੈ” ਲਿਆਵੇਗਾ। ਉਸ ਨੂੰ ਸਜ਼ਾ ਦੇਣ ਦਾ ਇਕ ਕਾਰਨ ਪਰਮੇਸ਼ੁਰ ਦੇ ਲੋਕਾਂ ਨਾਲ ਉਸ ਦਾ ਭੈੜਾ ਵਰਤਾਉ ਹੈ।
11. (ੳ) ਯਸਾਯਾਹ ਦੇ ਜ਼ਮਾਨੇ ਵਿਚ ਸੱਚਾ ਧਰਮ ਛੱਡਣ ਵਾਲੇ ਕਿਸ ਗੱਲ ਦੇ ਦੋਸ਼ੀ ਸਨ? (ਅ) ਯਸਾਯਾਹ ਦੇ ਹਮਵਤਨੀਆਂ ਨੇ ‘ਪਰਮੇਸ਼ੁਰ ਦੇ ਨਾਮ ਦੇ ਕਾਰਨ’ ਵਫ਼ਾਦਾਰ ਲੋਕਾਂ ਨੂੰ ਕਿਵੇਂ ਕੱਢਿਆ ਸੀ?
11 ਯਸਾਯਾਹ ਨੇ ਅੱਗੇ ਕਿਹਾ: “ਯਹੋਵਾਹ ਦਾ ਬਚਨ ਸੁਣੋ, ਤੁਸੀਂ ਜੋ ਉਹ ਦੇ ਬਚਨ ਤੋਂ ਕੰਬ ਜਾਂਦੇ ਹੋ! ਤੁਹਾਡੇ ਭਰਾ ਜੋ ਤੁਹਾਥੋਂ ਘਿਣ ਕਰਦੇ ਹਨ, ਜੋ ਤੁਹਾਨੂੰ ਮੇਰੇ ਨਾਮ ਦੇ ਕਾਰਨ ਕੱਢ ਦਿੰਦੇ ਹਨ, ਆਖਦੇ ਹਨ, ਯਹੋਵਾਹ ਦੀ ਵਡਿਆਈ ਹੋਵੇ, ਭਈ ਅਸੀਂ ਤੁਹਾਡੀ ਖੁਸ਼ੀ ਨੂੰ ਵੇਖੀਏ, ਪਰ ਓਹੋ ਹੀ ਸ਼ਰਮਿੰਦੇ ਹੋਣਗੇ।” (ਯਸਾਯਾਹ 66:5) ਯਸਾਯਾਹ ਦੇ “ਭਰਾ” ਉਸ ਦੇ ਹਮਵਤਨੀ ਸਨ। ਯਹੋਵਾਹ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਸ ਦੇ ਪ੍ਰਤਿਨਿਧ ਹੋਣ ਅਤੇ ਉਸ ਦੀ ਸਰਬਸੱਤਾ ਦੇ ਅਧੀਨ ਰਹਿਣ ਦੀ ਜ਼ਿੰਮੇਵਾਰੀ ਸੌਂਪੀ ਸੀ। ਪਰ ਉਨ੍ਹਾਂ ਨੇ ਇਹ ਜ਼ਿੰਮੇਵਾਰੀ ਨਹੀਂ ਚੁੱਕੀ ਅਤੇ ਇਸ ਤਰ੍ਹਾਂ ਵੱਡਾ ਪਾਪ ਕੀਤਾ। ਪਰ ਇਸ ਦੇ ਨਾਲ-ਨਾਲ ਉਹ ਯਸਾਯਾਹ ਵਰਗੇ ਵਫ਼ਾਦਾਰ ਅਤੇ ਨੇਕ-ਦਿਲ ਲੋਕਾਂ ਨਾਲ ਨਫ਼ਰਤ ਕਰਨ ਦੇ ਦੋਸ਼ੀ ਵੀ ਸਨ। ਉਨ੍ਹਾਂ ਨੇ ਸੱਚਾ ਧਰਮ ਛੱਡ ਕੇ ਵਫ਼ਾਦਾਰ ਲੋਕਾਂ ਨੂੰ ਆਪਣੇ ਵਿੱਚੋਂ ਕੱਢ ਦਿੱਤਾ ਸੀ ਕਿਉਂਕਿ ਵਫ਼ਾਦਾਰ ਲੋਕ ਸੱਚਾਈ ਨਾਲ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰ ਰਹੇ ਸਨ। ਇਸ ਤਰ੍ਹਾਂ ਉਹ ‘ਪਰਮੇਸ਼ੁਰ ਦੇ ਨਾਮ ਦੇ ਕਾਰਨ’ ਕੱਢੇ ਗਏ ਸਨ। ਨਾਲੇ ਯਹੋਵਾਹ ਦੇ ਝੂਠੇ ਸੇਵਕ ਉਸ ਦੀ ਭਗਤੀ ਕਰਨ ਦਾ ਦਾਅਵਾ ਕਰ ਰਹੇ ਸਨ, ਅਤੇ ਪਖੰਡ ਨਾਲ ਕਹਿ ਰਹੇ ਸਨ ਕਿ “ਯਹੋਵਾਹ ਦੀ ਵਡਿਆਈ ਹੋਵੇ”!a
12. ਧਰਮੀ ਹੋਣ ਦਾ ਪਖੰਡ ਕਰਨ ਵਾਲਿਆਂ ਨੇ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਉੱਤੇ ਕਿਹੋ ਜਿਹੇ ਜ਼ੁਲਮ ਕੀਤੇ ਸਨ?
12 ਸੱਚੀ ਭਗਤੀ ਕਰਨ ਵਾਲਿਆਂ ਲਈ ਝੂਠੀ ਪੂਜਾ ਕਰਨ ਵਾਲਿਆਂ ਦੀ ਨਫ਼ਰਤ ਕੋਈ ਨਵੀਂ ਗੱਲ ਨਹੀਂ ਹੈ। ਇਹ ਉਤਪਤ 3:15 ਦੀ ਭਵਿੱਖਬਾਣੀ ਦੀ ਪੂਰਤੀ ਹੈ ਜਿਸ ਨੇ ਪਹਿਲਾਂ ਹੀ ਦੱਸਿਆ ਸੀ ਕਿ ਸ਼ਤਾਨ ਦੀ ਸੰਤਾਨ ਅਤੇ ਪਰਮੇਸ਼ੁਰ ਦੀ ਤੀਵੀਂ ਦੀ ਸੰਤਾਨ ਵਿਚਕਾਰ ਲੰਬੇ ਸਮੇਂ ਲਈ ਵੈਰ ਹੋਵੇਗਾ। ਯਿਸੂ ਨੇ ਪਹਿਲੀ ਸਦੀ ਵਿਚ ਆਪਣੇ ਮਸਹ ਕੀਤੇ ਹੋਏ ਚੇਲਿਆਂ ਨੂੰ ਦੱਸਿਆ ਸੀ ਕਿ ਉਹ ਵੀ ਆਪਣੇ ਭਰਾਵਾਂ ਦੇ ਹੱਥੀਂ ਦੁੱਖ ਝੱਲਣਗੇ, ਯਾਨੀ ਉਹ ਯਹੂਦੀ ਸਭਾ-ਘਰਾਂ ਵਿੱਚੋਂ ਛੇਕੇ ਜਾਣਗੇ ਅਤੇ ਮਾਰੇ ਵੀ ਜਾਣਗੇ। (ਯੂਹੰਨਾ 16:2) ਸਾਡੇ ਜ਼ਮਾਨੇ ਬਾਰੇ ਕੀ? “ਅੰਤ ਦਿਆਂ ਦਿਨਾਂ” ਦੀ ਸ਼ੁਰੂਆਤ ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਜ਼ੁਲਮ ਝੱਲਣੇ ਪੈਣਗੇ। (2 ਤਿਮੋਥਿਉਸ 3:1) ਸੰਨ 1914 ਵਿਚ ਦ ਵਾਚ ਟਾਵਰ ਨੇ ਯਸਾਯਾਹ 66:5 ਦਾ ਹਵਾਲਾ ਦੇ ਕੇ ਕਿਹਾ ਸੀ: “ਪਰਮੇਸ਼ੁਰ ਦੇ ਲੋਕਾਂ ਉੱਤੇ ਲਗਭਗ ਸਾਰੇ ਜ਼ੁਲਮ ਈਸਾਈਆਂ ਨੇ ਹੀ ਕੀਤੇ ਹਨ।” ਉਸੇ ਲੇਖ ਨੇ ਇਹ ਵੀ ਕਿਹਾ: “ਅਸੀਂ ਇਹ ਨਹੀਂ ਜਾਣਦੇ ਕਿ ਉਹ ਸਾਡੇ ਸਮੇਂ ਵਿਚ ਕਿਸ ਹੱਦ ਤਕ ਜਾਣਗੇ—ਉਹ ਸ਼ਾਇਦ ਸਾਨੂੰ ਸਮਾਜ ਵਿੱਚੋਂ ਛੇਕ ਦੇਣ, ਸਾਡੇ ਸੰਗਠਨ ਉੱਤੇ ਬੰਦਸ਼ ਲਾਉਣ, ਅਤੇ ਸਾਡੀ ਜਾਨ ਲੈ ਲੈਣ।” ਇਹ ਸ਼ਬਦ ਕਿੰਨੇ ਸੱਚੇ ਨਿਕਲੇ ਹਨ! ਉਸ ਲੇਖ ਦੇ ਛਾਪੇ ਜਾਣ ਤੋਂ ਥੋੜ੍ਹੀ ਦੇਰ ਬਾਅਦ ਪਹਿਲੇ ਵਿਸ਼ਵ ਯੁੱਧ ਦੌਰਾਨ ਪਾਦਰੀਆਂ ਨੇ ਵੱਡੇ-ਵੱਡੇ ਜ਼ੁਲਮ ਉਕਸਾਏ ਸਨ। ਪਰ ਜਿਵੇਂ ਭਵਿੱਖਬਾਣੀ ਨੇ ਦੱਸਿਆ ਸੀ ਈਸਾਈ-ਜਗਤ ਸ਼ਰਮਿੰਦਾ ਹੋਇਆ। ਉਹ ਕਿਵੇਂ?
ਤੇਜ਼ ਅਤੇ ਅਚਾਨਕ ਵਾਪਸੀ
13. ਇਸ ਭਵਿੱਖਬਾਣੀ ਦੀ ਪਹਿਲੀ ਪੂਰਤੀ ਵਿਚ “ਰੌਲੇ ਦੀ ਅਵਾਜ਼” ਕੀ ਸੀ?
13 ਯਸਾਯਾਹ ਨੇ ਭਵਿੱਖਬਾਣੀ ਵਿਚ ਕਿਹਾ: “ਸ਼ਹਿਰ ਤੋਂ ਰੌਲੇ ਦੀ ਅਵਾਜ਼, ਹੈਕਲ ਤੋਂ ਇੱਕ ਅਵਾਜ਼! ਯਹੋਵਾਹ ਦੀ ਅਵਾਜ਼ ਜੋ ਆਪਣੇ ਵੈਰੀਆਂ ਨੂੰ ਬਦਲਾ ਦਿੰਦਾ ਹੈ!” (ਯਸਾਯਾਹ 66:6) ਇਸ ਭਵਿੱਖਬਾਣੀ ਦੀ ਪਹਿਲੀ ਪੂਰਤੀ ਵਿਚ “ਸ਼ਹਿਰ” ਯਰੂਸ਼ਲਮ ਸੀ ਜਿੱਥੇ ਯਹੋਵਾਹ ਦੀ ਹੈਕਲ ਸੀ। “ਰੌਲੇ ਦੀ ਅਵਾਜ਼” ਲੜਾਈ ਦਾ ਹੰਗਾਮਾ ਸੀ ਜੋ 607 ਸਾ.ਯੁ.ਪੂ. ਵਿਚ ਉਦੋਂ ਸੁਣਿਆ ਗਿਆ ਸੀ ਜਦੋਂ ਬਾਬਲ ਦੀਆਂ ਫ਼ੌਜਾਂ ਨੇ ਉਸ ਸ਼ਹਿਰ ਉੱਤੇ ਹਮਲਾ ਕੀਤਾ ਸੀ। ਪਰ ਸਾਡੇ ਜ਼ਮਾਨੇ ਵਿਚ ਇਸ ਦੀ ਪੂਰਤੀ ਕਿਵੇਂ ਹੁੰਦੀ ਹੈ?
14. (ੳ) ਮਲਾਕੀ ਨੇ ਯਹੋਵਾਹ ਦੇ ਆਪਣੀ ਹੈਕਲ ਵਿਚ ਆਉਣ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਸੀ? (ਅ) ਹਿਜ਼ਕੀਏਲ ਦੀ ਭਵਿੱਖਬਾਣੀ ਅਨੁਸਾਰ ਉਦੋਂ ਕੀ ਨਤੀਜਾ ਨਿਕਲਿਆ ਸੀ ਜਦੋਂ ਯਹੋਵਾਹ ਆਪਣੀ ਹੈਕਲ ਵਿਚ ਆਇਆ ਸੀ? (ੲ) ਯਹੋਵਾਹ ਅਤੇ ਯਿਸੂ ਨੇ ਰੂਹਾਨੀ ਹੈਕਲ ਦੀ ਜਾਂਚ ਕਦੋਂ ਕੀਤੀ ਸੀ, ਅਤੇ ਸ਼ੁੱਧ ਉਪਾਸਨਾ ਕਰਨ ਦਾ ਦਾਅਵਾ ਕਰਨ ਵਾਲਿਆਂ ਉੱਤੇ ਇਸ ਦਾ ਕੀ ਅਸਰ ਪਿਆ ਸੀ?
14 ਯਸਾਯਾਹ ਦੇ ਇਹ ਸ਼ਬਦ ਦੋ ਹੋਰ ਭਵਿੱਖਬਾਣੀਆਂ ਨਾਲ ਮੇਲ ਖਾਂਦੇ ਹਨ, ਪਹਿਲੀ ਭਵਿੱਖਬਾਣੀ ਹਿਜ਼ਕੀਏਲ 43:4, 6-9 ਵਿਚ ਹੈ ਅਤੇ ਦੂਜੀ ਮਲਾਕੀ 3:1-5 ਵਿਚ ਹੈ। ਹਿਜ਼ਕੀਏਲ ਅਤੇ ਮਲਾਕੀ ਨੇ ਉਸ ਸਮੇਂ ਬਾਰੇ ਗੱਲ ਕੀਤੀ ਸੀ ਜਦੋਂ ਯਹੋਵਾਹ ਪਰਮੇਸ਼ੁਰ ਆਪਣੀ ਹੈਕਲ ਵਿਚ ਆਇਆ ਸੀ। ਮਲਾਕੀ ਦੀ ਭਵਿੱਖਬਾਣੀ ਨੇ ਦਿਖਾਇਆ ਸੀ ਕਿ ਯਹੋਵਾਹ ਸ਼ੁੱਧ ਭਗਤੀ ਲਈ ਆਪਣੇ ਘਰ ਦੀ ਜਾਂਚ ਕਰਨ ਅਤੇ ਸੁਨਿਆਰੇ ਦੀ ਤਰ੍ਹਾਂ ਕੰਮ ਕਰਨ ਆਇਆ ਸੀ। ਉਸ ਨੇ ਉਨ੍ਹਾਂ ਨੂੰ ਰੱਦ ਕੀਤਾ ਸੀ ਜੋ ਉਸ ਦੀ ਭਗਤੀ ਗ਼ਲਤ ਤਰੀਕੇ ਵਿਚ ਕਰਦੇ ਸਨ। ਹਿਜ਼ਕੀਏਲ ਦੇ ਦਰਸ਼ਣ ਵਿਚ ਯਹੋਵਾਹ ਨੂੰ ਹੈਕਲ ਵਿਚ ਵੜਦੇ ਦੇਖਿਆ ਗਿਆ ਸੀ ਅਤੇ ਉਸ ਨੇ ਹੁਕਮ ਦਿੱਤਾ ਸੀ ਕਿ ਉਸ ਵਿੱਚੋਂ ਵਿਭਚਾਰ ਅਤੇ ਮੂਰਤੀ ਪੂਜਾ ਦੂਰ ਕੀਤੇ ਜਾਣ।b ਸਾਡੇ ਜ਼ਮਾਨੇ ਵਿਚ ਇਨ੍ਹਾਂ ਭਵਿੱਖਬਾਣੀਆਂ ਦੀਆਂ ਪੂਰਤੀਆਂ ਅਨੁਸਾਰ 1918 ਵਿਚ ਯਹੋਵਾਹ ਦੀ ਭਗਤੀ ਦੇ ਸੰਬੰਧ ਵਿਚ ਇਕ ਮਹੱਤਵਪੂਰਣ ਰੂਹਾਨੀ ਘਟਨਾ ਵਾਪਰੀ ਸੀ। ਉਸ ਸਮੇਂ ਯਹੋਵਾਹ ਅਤੇ ਯਿਸੂ ਨੇ ਉਨ੍ਹਾਂ ਸਾਰਿਆਂ ਦੀ ਜਾਂਚ ਕੀਤੀ ਸੀ ਜੋ ਸੱਚੀ ਭਗਤੀ ਕਰਨ ਦਾ ਦਾਅਵਾ ਕਰ ਰਹੇ ਸਨ। ਇਸ ਜਾਂਚ ਤੋਂ ਬਾਅਦ ਭ੍ਰਿਸ਼ਟ ਈਸਾਈ-ਜਗਤ ਨੂੰ ਤਿਆਗ ਦਿੱਤਾ ਗਿਆ ਸੀ। ਯਿਸੂ ਦੇ ਮਸਹ ਕੀਤੇ ਹੋਏ ਚੇਲਿਆਂ ਲਈ ਇਸ ਜਾਂਚ ਦਾ ਨਤੀਜਾ ਇਹ ਨਿਕਲਿਆ ਕਿ ਸੁਧਾਰੇ ਜਾਣ ਤੋਂ ਬਾਅਦ ਉਹ 1919 ਵਿਚ ਰੂਹਾਨੀ ਤੌਰ ਤੇ ਤੇਜ਼ੀ ਨਾਲ ਬਹਾਲ ਕੀਤੇ ਗਏ ਸਨ।—1 ਪਤਰਸ 4:17.
15. ਕਿਸ ਜਨਮ ਦੀ ਭਵਿੱਖਬਾਣੀ ਕੀਤੀ ਗਈ ਸੀ ਅਤੇ 537 ਸਾ.ਯੁ.ਪੂ. ਵਿਚ ਇਸ ਭਵਿੱਖਬਾਣੀ ਦੀ ਪੂਰਤੀ ਕਿਵੇਂ ਹੋਈ ਸੀ?
15 ਯਸਾਯਾਹ ਦੀਆਂ ਅਗਲੀਆਂ ਆਇਤਾਂ ਨੇ ਇਸ ਬਹਾਲੀ ਬਾਰੇ ਅੱਗੇ ਦੱਸਿਆ: “ਪੀੜਾਂ ਲੱਗਣ ਤੋਂ ਪਹਿਲਾਂ ਉਹ ਜਣੀ, ਦੁਖ ਦੇ ਆਉਣ ਤੋਂ ਪਹਿਲਾਂ ਉਹ ਨੂੰ ਮੁੰਡਾ ਜੰਮ ਪਿਆ। ਕਿਹ ਨੇ ਅਜੇਹੀ ਗੱਲ ਸੁਣੀ? ਕਿਹ ਨੇ ਅਜੇਹੀਆਂ ਗੱਲਾਂ ਵੇਖੀਆਂ? ਭਲਾ, ਇੱਕ ਦਿਨ ਵਿੱਚ ਕੋਈ ਦੇਸ ਪੈਦਾ ਹੋ ਜਾਵੇਗਾ? ਯਾ ਇੱਕ ਪਲ ਵਿੱਚ ਕੋਈ ਕੌਮ ਜੰਮ ਪਵੇਗੀ? ਜਦੋਂ ਤਾਂ ਸੀਯੋਨ ਨੂੰ ਪੀੜਾਂ ਲੱਗੀਆਂ, ਓਸ ਆਪਣੇ ਪੁੱਤ੍ਰ ਨੂੰ ਜਣਿਆ।” (ਯਸਾਯਾਹ 66:7, 8) ਬਾਬਲ ਵਿਚ ਗ਼ੁਲਾਮ ਬੈਠੇ ਯਹੂਦੀਆਂ ਦੇ ਸੰਬੰਧ ਵਿਚ ਇਸ ਭਵਿੱਖਬਾਣੀ ਦੀ ਵਧੀਆ ਪੂਰਤੀ ਹੋਈ ਸੀ। ਸੀਯੋਨ ਯਾਨੀ ਯਰੂਸ਼ਲਮ ਨੂੰ ਇਕ ਵਾਰ ਫਿਰ ਅਜਿਹੀ ਤੀਵੀਂ ਨਾਲ ਦਰਸਾਇਆ ਗਿਆ ਜੋ ਜਨਮ ਦੇਣ ਵਾਲੀ ਸੀ, ਪਰ ਇਹ ਜਨਮ ਕੋਈ ਆਮ ਜਨਮ ਨਹੀਂ ਸੀ! ਇਹ ਜਨਮ ਪੀੜਾਂ ਲੱਗਣ ਤੋਂ ਪਹਿਲਾਂ ਹੀ ਤੇਜ਼ੀ ਨਾਲ ਅਤੇ ਅਚਾਨਕ ਹੋ ਗਿਆ ਸੀ! ਇਹ ਉਦਾਹਰਣ ਢੁਕਵੀਂ ਹੈ। ਸੰਨ 537 ਸਾ.ਯੁ.ਪੂ. ਵਿਚ ਇਕ ਖ਼ਾਸ ਕੌਮ ਵਜੋਂ ਪਰਮੇਸ਼ੁਰ ਦੇ ਲੋਕਾਂ ਦਾ ਜਨਮ ਇੰਨਾ ਤੇਜ਼ ਅਤੇ ਅਚਾਨਕ ਸੀ ਕਿ ਇਹ ਇਕ ਚਮਤਕਾਰ ਲੱਗਦਾ ਸੀ। ਖੋਰਸ ਦੇ ਯਹੂਦੀਆਂ ਨੂੰ ਆਜ਼ਾਦ ਕਰਨ ਦੇ ਸਮੇਂ ਤੋਂ ਕੁਝ ਹੀ ਮਹੀਨਿਆਂ ਬਾਅਦ ਵਫ਼ਾਦਾਰ ਬਕੀਆ ਆਪਣੇ ਵਤਨ ਵਾਪਸ ਮੁੜ ਆਇਆ ਸੀ! ਇਹ ਇਸਰਾਏਲ ਦੀ ਕੌਮ ਦੇ ਪਹਿਲੇ ਜਨਮ ਤੋਂ ਪਹਿਲਾਂ ਹੋਣ ਵਾਲੀਆਂ ਘਟਨਾਵਾਂ ਤੋਂ ਕਿੰਨਾ ਵੱਖਰਾ ਸੀ। ਸੰਨ 537 ਸਾ.ਯੁ.ਪੂ. ਵਿਚ ਉਨ੍ਹਾਂ ਨੂੰ ਵਿਰੋਧੀ ਫ਼ਿਰਊਨ ਤੋਂ ਆਜ਼ਾਦੀ ਨਹੀਂ ਮੰਗਣੀ ਪਈ, ਉਨ੍ਹਾਂ ਨੂੰ ਇਕ ਦੁਸ਼ਮਣ ਫ਼ੌਜ ਤੋਂ ਭੱਜਣਾ ਨਹੀਂ ਪਿਆ, ਅਤੇ ਨਾ ਹੀ ਉਨ੍ਹਾਂ ਨੂੰ 40 ਸਾਲਾਂ ਲਈ ਉਜਾੜ ਵਿਚ ਘੁੰਮਣਾ ਪਿਆ ਸੀ।
16. ਸਾਡੇ ਜ਼ਮਾਨੇ ਵਿਚ ਯਸਾਯਾਹ 66:7, 8 ਦੀ ਪੂਰਤੀ ਵਿਚ ਸੀਯੋਨ ਕਿਸ ਨੂੰ ਦਰਸਾਉਂਦਾ ਹੈ, ਅਤੇ ਉਸ ਦੀ ਅੰਸ ਦਾ ਦੁਬਾਰਾ ਜਨਮ ਕਿਵੇਂ ਹੋਇਆ ਸੀ?
16 ਸਾਡੇ ਜ਼ਮਾਨੇ ਵਿਚ ਸੀਯੋਨ ਯਹੋਵਾਹ ਦੀ ਸਵਰਗੀ ਤੀਵੀਂ ਨੂੰ ਦਰਸਾਉਂਦਾ ਹੈ, ਯਾਨੀ ਦੂਤਾਂ ਦਾ ਬਣਿਆ ਹੋਇਆ ਉਸ ਦਾ ਸਵਰਗੀ ਸੰਗਠਨ। ਸੰਨ 1919 ਵਿਚ ਤੀਵੀਂ ਧਰਤੀ ਉੱਤੇ ਆਪਣੇ ਮਸਹ ਕੀਤੇ ਹੋਏ ਪੁੱਤਰਾਂ ਦੇ ਜਨਮ ਨੂੰ ਦੇਖ ਕੇ ਬਹੁਤ ਖ਼ੁਸ਼ ਹੋਈ ਜਦੋਂ ਉਹ ਇਕ “ਕੌਮ” ਵਜੋਂ ਪੈਦਾ ਹੋਏ ਸਨ। ਇਹ ਜਨਮ ਤੇਜ਼ੀ ਨਾਲ ਅਤੇ ਅਚਾਨਕ ਹੋਇਆ ਸੀ।c ਇਕ ਸਮੂਹ ਵਜੋਂ ਮਸਹ ਕੀਤੇ ਹੋਏ ਮਸੀਹੀ ਮਰੀ ਹੋਈ ਦਸ਼ਾ ਵਿਚ ਸਨ। ਪਰ ਕੁਝ ਹੀ ਮਹੀਨਿਆਂ ਬਾਅਦ ਉਨ੍ਹਾਂ ਵਿਚ ਦੁਬਾਰਾ ਜਾਨ ਆਈ ਜਦੋਂ ਉਹ ਆਪਣੇ ਰੂਹਾਨੀ “ਦੇਸ” ਵਿਚ ਆਏ ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਕੰਮ ਸੌਂਪਿਆ। (ਪਰਕਾਸ਼ ਦੀ ਪੋਥੀ 11:8-12) ਸੰਨ 1919 ਦੀ ਪਤਝੜ ਵਿਚ ਉਨ੍ਹਾਂ ਨੇ ਐਲਾਨ ਕੀਤਾ ਕਿ ਪਹਿਰਾਬੁਰਜ ਦੇ ਨਾਲ-ਨਾਲ ਸੁਨਹਿਰਾ ਯੁਗ ਨਾਮਕ ਇਕ ਹੋਰ ਰਸਾਲਾ ਵੀ ਛਾਪਿਆ ਜਾਣਾ ਸੀ ਜਿਸ ਦਾ ਨਾਂ ਹੁਣ ਜਾਗਰੂਕ ਬਣੋ! ਹੈ। ਇਹ ਨਵਾਂ ਰਸਾਲਾ ਸਬੂਤ ਸੀ ਕਿ ਪਰਮੇਸ਼ੁਰ ਦੇ ਲੋਕ ਫਿਰ ਸ਼ਕਤੀਸ਼ਾਲੀ ਬਣ ਗਏ ਸਨ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਲਈ ਤਿਆਰ ਸਨ।
17. ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਵੇਂ ਭਰੋਸਾ ਦਿੱਤਾ ਹੈ ਕਿ ਰੂਹਾਨੀ ਇਸਰਾਏਲ ਦੇ ਸੰਬੰਧ ਵਿਚ ਉਸ ਦਾ ਮਕਸਦ ਰੋਕਿਆ ਨਹੀਂ ਜਾ ਸਕਦਾ?
17 ਵਿਸ਼ਵ ਦੀ ਕੋਈ ਵੀ ਤਾਕਤ ਇਸ ਰੂਹਾਨੀ ਜਨਮ ਨੂੰ ਰੋਕ ਨਹੀਂ ਸਕਦੀ ਸੀ। ਅਗਲੀ ਆਇਤ ਵਿਚ ਵੀ ਇਹੀ ਗੱਲ ਦੱਸੀ ਗਈ ਹੈ: “ਭਲਾ, ਮੈਂ ਜੰਮਣ ਤੋੜੀ ਪੁਚਾਵਾਂ ਅਤੇ ਨਾ ਜਮਾਵਾਂ? ਯਹੋਵਾਹ ਆਖਦਾ ਹੈ, ਯਾ ਕੀ ਮੈਂ ਜੋ ਜਮਾਉਂਦਾ ਹਾਂ ਕੁੱਖ ਨੂੰ ਬੰਦ ਕਰਾਂ? ਤੇਰਾ ਪਰਮੇਸ਼ੁਰ ਆਖਦਾ ਹੈ।” (ਯਸਾਯਾਹ 66:9) ਜਿਸ ਤਰ੍ਹਾਂ ਪੀੜਾਂ ਸ਼ੁਰੂ ਹੋਣ ਤੋਂ ਬਾਅਦ ਜਨਮ ਰੋਕਿਆ ਨਹੀਂ ਜਾ ਸਕਦਾ ਉਸੇ ਤਰ੍ਹਾਂ ਰੂਹਾਨੀ ਇਸਰਾਏਲ ਦਾ ਜਨਮ ਦੁਬਾਰਾ ਸ਼ੁਰੂ ਹੋਣ ਤੇ ਰੋਕਿਆ ਨਹੀਂ ਜਾ ਸਕਦਾ ਸੀ। ਇਹ ਸੱਚ ਹੈ ਕਿ ਉਨ੍ਹਾਂ ਦੀ ਵਿਰੋਧਤਾ ਕੀਤੀ ਗਈ ਸੀ ਅਤੇ ਅਗਾਹਾਂ ਨੂੰ ਸ਼ਾਇਦ ਹੋਰ ਵੀ ਵਿਰੋਧਤਾ ਹੋਵੇਗੀ। ਪਰ ਸਿਰਫ਼ ਯਹੋਵਾਹ ਹੀ ਉਹ ਕੰਮ ਰੋਕ ਸਕਦਾ ਹੈ ਜੋ ਉਸ ਨੇ ਸ਼ੁਰੂ ਕੀਤਾ ਹੈ, ਅਤੇ ਉਹ ਇਸ ਤਰ੍ਹਾਂ ਕਦੀ ਵੀ ਨਹੀਂ ਕਰਦਾ! ਲੇਕਿਨ ਯਹੋਵਾਹ ਨੇ ਆਪਣੇ ਲੋਕਾਂ ਨਾਲ ਕਿਹੋ ਜਿਹਾ ਵਰਤਾਉ ਕੀਤਾ ਸੀ?
ਯਹੋਵਾਹ ਦੀ ਕੋਮਲ ਦੇਖ-ਭਾਲ
18, 19. (ੳ) ਯਹੋਵਾਹ ਨੇ ਕਿਹੜੀ ਸੋਹਣੀ ਉਦਾਹਰਣ ਵਰਤੀ ਸੀ ਅਤੇ ਇਹ ਉਸ ਦੇ ਗ਼ੁਲਾਮ ਲੋਕਾਂ ਉੱਤੇ ਕਿਵੇਂ ਲਾਗੂ ਹੋਈ ਸੀ? (ਅ) ਅੱਜ ਮਸਹ ਕੀਤੇ ਹੋਏ ਬਕੀਏ ਦੀ ਪਿਆਰ ਨਾਲ ਦੇਖ-ਭਾਲ ਕਿਵੇਂ ਕੀਤੀ ਜਾਂਦੀ ਹੈ?
18 ਅਗਲੀਆਂ ਚਾਰ ਆਇਤਾਂ ਯਹੋਵਾਹ ਦੀ ਕੋਮਲ ਦੇਖ-ਭਾਲ ਦੀ ਸੋਹਣੀ ਉਦਾਹਰਣ ਦਿੰਦੀਆਂ ਹਨ। ਪਹਿਲਾਂ ਯਸਾਯਾਹ ਨੇ ਕਿਹਾ: “ਯਰੂਸ਼ਲਮ ਨਾਲ ਨਿਹਾਲ ਹੋਵੋ, ਉਸ ਨਾਲ ਬਾਗ ਬਾਗ ਹੋਵੋ, ਹੇ ਉਸ ਦੇ ਸਾਰੇ ਪਰੇਮੀਓ! ਹੇ ਉਸ ਦੇ ਸਾਰੇ ਸੋਗੀਓ, ਉਸ ਦੀ ਖੁਸ਼ੀ ਵਿੱਚ ਖੁਸ਼ੀ ਮਨਾਓ! ਤਾਂ ਜੋ ਤੁਸੀਂ ਚੁੰਘੋ ਅਤੇ ਉਸ ਦੀਆਂ ਤਸੱਲੀ ਦੀਆਂ ਦੁੱਧੀਆਂ ਨਾਲ ਰੱਜ ਜਾਓ, ਭਈ ਤੁਸੀਂ ਨਪਿੱਤੋ ਅਤੇ ਉਸ ਦੀ ਸ਼ਾਨ ਦੀ ਵਾਫਰੀ ਨਾਲ ਆਪ ਨੂੰ ਮਗਨ ਕਰੋ।” (ਯਸਾਯਾਹ 66:10, 11) ਇੱਥੇ ਯਹੋਵਾਹ ਨੇ ਦੁੱਧ ਚੁੰਘਾਉਣ ਵਾਲੀ ਤੀਵੀਂ ਦੀ ਉਦਾਹਰਣ ਦਿੱਤੀ। ਜਦੋਂ ਇਕ ਬੱਚੇ ਨੂੰ ਭੁੱਖ ਲੱਗਦੀ ਹੈ ਤਾਂ ਉਹ ਰੋਣੋਂ ਨਹੀਂ ਹਟਦਾ। ਪਰ ਜਦੋਂ ਉਹ ਆਪਣੀ ਮਾਂ ਦੀ ਛਾਤੀ ਤੋਂ ਦੁੱਧ ਚੁੰਘਦਾ ਹੈ ਤਾਂ ਉਸ ਦਾ ਰੋਣਾ ਖ਼ੁਸ਼ੀ ਵਿਚ ਬਦਲ ਜਾਂਦਾ ਹੈ ਅਤੇ ਉਹ ਤ੍ਰਿਪਤ ਹੁੰਦਾ ਹੈ। ਇਸੇ ਤਰ੍ਹਾਂ ਵਫ਼ਾਦਾਰ ਯਹੂਦੀਆਂ ਦੇ ਬਕੀਏ ਦਾ ਸੋਗ ਤੇਜ਼ੀ ਨਾਲ ਆਨੰਦ ਵਿਚ ਬਦਲ ਗਿਆ ਸੀ ਜਦੋਂ ਉਹ ਬਾਬਲ ਤੋਂ ਛੁੱਟ ਕੇ ਆਪਣੇ ਵਤਨ ਮੁੜੇ ਸਨ। ਉਹ ਬਹੁਤ ਖ਼ੁਸ਼ ਹੋਏ। ਯਰੂਸ਼ਲਮ ਫਿਰ ਸ਼ਾਨਦਾਰ ਬਣਿਆ ਜਦੋਂ ਉਸ ਨੂੰ ਦੁਬਾਰਾ ਉਸਾਰਿਆ ਗਿਆ ਅਤੇ ਉਸ ਵਿਚ ਲੋਕ ਵੱਸਣ ਲੱਗੇ। ਸ਼ਹਿਰ ਦੀ ਸ਼ਾਨ ਦੇ ਨਾਲ-ਨਾਲ ਵਫ਼ਾਦਾਰ ਵਾਸੀਆਂ ਦੀ ਵੀ ਸ਼ਾਨ ਵਧੀ ਸੀ। ਇਕ ਵਾਰ ਫਿਰ ਜਾਜਕਾਈ ਰਾਹੀਂ ਉਨ੍ਹਾਂ ਦੀ ਰੂਹਾਨੀ ਤੌਰ ਤੇ ਦੇਖ-ਭਾਲ ਕੀਤੀ ਗਈ ਸੀ।—ਹਿਜ਼ਕੀਏਲ 44:15, 23.
19 ਸੰਨ 1919 ਵਿਚ ਰੂਹਾਨੀ ਇਸਰਾਏਲ ਵਿਚ ਦੁਬਾਰਾ ਜਾਨ ਆਉਣ ਤੋਂ ਬਾਅਦ ਉਨ੍ਹਾਂ ਦੀ ਵੀ ਦੇਖ-ਭਾਲ ਕੀਤੀ ਗਈ ਸੀ। ਉਸ ਸਮੇਂ ਤੋਂ ਲੈ ਕੇ “ਮਾਤਬਰ ਅਤੇ ਬੁੱਧਵਾਨ ਨੌਕਰ” ਤੋਂ ਲਗਾਤਾਰ ਰੂਹਾਨੀ ਭੋਜਨ ਆਉਂਦਾ ਰਿਹਾ ਹੈ। (ਮੱਤੀ 24:45-47) ਮਸਹ ਕੀਤੇ ਹੋਏ ਬਕੀਏ ਲਈ ਇਹ ਸੱਚ-ਮੁੱਚ ਸੁਖ-ਚੈਨ ਦਾ ਸਮਾਂ ਰਿਹਾ ਹੈ। ਪਰ ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਹੋਰ ਵੀ ਬਰਕਤਾਂ ਮਿਲੀਆਂ ਹਨ।
20. ਪੁਰਾਣੇ ਜ਼ਮਾਨੇ ਵਿਚ ਯਰੂਸ਼ਲਮ ਨੂੰ “ਹੜ੍ਹ” ਵਾਂਗ ਬਰਕਤ ਕਿਵੇਂ ਮਿਲੀ ਸੀ ਅਤੇ ਸਾਡੇ ਜ਼ਮਾਨੇ ਵਿਚ ਕਿਵੇਂ ਮਿਲੀ ਹੈ?
20 ਭਵਿੱਖਬਾਣੀ ਵਿਚ ਅੱਗੇ ਕਿਹਾ ਗਿਆ ਹੈ: “ਯਹੋਵਾਹ ਤਾਂ ਇਉਂ ਆਖਦਾ ਹੈ, ਵੇਖੋ, ਮੈਂ ਭਾਗਵਾਨੀ ਦਰਿਆ ਵਾਂਙੁ, ਅਤੇ ਕੌਮਾਂ ਦਾ ਮਾਲ ਧਨ ਨਦੀ ਦੇ ਹੜ੍ਹ ਵਾਂਙੁ ਉਸ ਤੀਕ ਪੁਚਾਵਾਂਗਾ ਅਤੇ ਤੁਸੀਂ ਚੁੰਘੋਗੇ, ਤੁਸੀਂ ਕੁੱਛੜ ਚੁੱਕੇ ਜਾਓਗੇ ਅਤੇ ਗੋਡਿਆਂ ਉੱਤੇ ਕੁਦਾਏ ਜਾਓਗੇ।” (ਯਸਾਯਾਹ 66:12) ਇੱਥੇ ਦੁੱਧ ਚੁੰਘਾਉਣ ਦੀ ਉਦਾਹਰਣ ਨਾਲ “ਦਰਿਆ” ਅਤੇ “ਨਦੀ” ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਹਨ ਜੋ ਪਰਮੇਸ਼ੁਰ ਦੇ ਲੋਕਾਂ ਲਈ ਬਹੁਤ ਸਾਰੀਆਂ ਬਰਕਤਾਂ ਦਾ ਹੜ੍ਹ ਦਰਸਾਉਂਦੀਆਂ ਹਨ। ਇਸ ਦਾ ਮਤਲਬ ਹੈ ਕਿ ਕੌਮਾਂ ਤੋਂ ਲੋਕਾਂ ਨੇ ਪਰਮੇਸ਼ੁਰ ਦੇ ਲੋਕਾਂ ਵੱਲ ਆਉਣਾ ਸੀ। (ਹੱਜਈ 2:7) ਭਵਿੱਖਬਾਣੀ ਦੀ ਪਹਿਲੀ ਪੂਰਤੀ ਵਿਚ ਕਈਆਂ ਕੌਮਾਂ ਦੇ ਲੋਕ ਇਸਰਾਏਲ ਨਾਲ ਮਿਲ ਕੇ ਨਵ-ਯਹੂਦੀ ਬਣ ਗਏ ਸਨ। ਪਰ ਇਸ ਦੀ ਵੱਡੀ ਪੂਰਤੀ ਸਾਡੇ ਜ਼ਮਾਨੇ ਵਿਚ ਉਦੋਂ ਹੋਈ ਜਦੋਂ “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ” ਹੜ੍ਹ ਵਾਂਗ ਰੂਹਾਨੀ ਯਹੂਦੀਆਂ ਦੇ ਬਕੀਏ ਕੋਲ ਆਈ।—ਪਰਕਾਸ਼ ਦੀ ਪੋਥੀ 7:9; ਜ਼ਕਰਯਾਹ 8:23.
21. ਇਕ ਸੋਹਣੀ ਉਦਾਹਰਣ ਦੁਆਰਾ ਦਿਲਾਸੇ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਗਈ ਹੈ?
21 ਯਸਾਯਾਹ 66:12 ਵਿਚ ਮਾਂ ਦੀ ਮਮਤਾ ਬਾਰੇ ਦੱਸਿਆ ਗਿਆ ਹੈ, ਯਾਨੀ ਬੱਚੇ ਨੂੰ ਕੁੱਛੜ ਚੁੱਕਣਾ ਅਤੇ ਗੋਡਿਆਂ ਉੱਤੇ ਖਿਡਾਉਣਾ। ਅਗਲੀ ਆਇਤ ਵਿਚ ਅਜਿਹਾ ਵਿਚਾਰ ਇਕ ਹੋਰ ਨਜ਼ਰੀਏ ਤੋਂ ਪ੍ਰਗਟ ਕੀਤਾ ਗਿਆ ਹੈ। “ਉਸ ਵਾਂਙੁ ਜਿਹ ਨੂੰ ਉਸ ਦੀ ਮਾਤਾ ਦਿਲਾਸਾ ਦਿੰਦੀ ਹੈ, ਸੋ ਮੈਂ ਤੁਹਾਨੂੰ ਦਿਲਾਸਾ ਦਿਆਂਗਾ, ਅਤੇ ਤੁਸੀਂ ਯਰੂਸ਼ਲਮ ਵਿੱਚ ਦਿਲਾਸਾ ਪਾਓਗੇ।” (ਯਸਾਯਾਹ 66:13) ਇੱਥੇ ਬੱਚਾ ਵੱਡਾ ਹੋ ਚੁੱਕਾ ਹੈ, ਪਰ ਉਸ ਦੀ ਮਾਂ ਦੁੱਖ ਦੇ ਵੇਲੇ ਅਜੇ ਵੀ ਉਸ ਨੂੰ ਦਿਲਾਸਾ ਦੇਣਾ ਚਾਹੁੰਦੀ ਹੈ।
22. ਯਹੋਵਾਹ ਨੇ ਆਪਣੇ ਪਿਆਰ ਦੀ ਤਾਕਤ ਅਤੇ ਕੋਮਲਤਾ ਕਿਵੇਂ ਦਿਖਾਈ ਸੀ?
22 ਇਸ ਸੋਹਣੇ ਤਰੀਕੇ ਵਿਚ ਯਹੋਵਾਹ ਨੇ ਆਪਣੇ ਲੋਕਾਂ ਲਈ ਆਪਣੇ ਪਿਆਰ ਦੀ ਤਾਕਤ ਅਤੇ ਕੋਮਲਤਾ ਦਿਖਾਈ। ਆਪਣੇ ਵਫ਼ਾਦਾਰ ਲੋਕਾਂ ਲਈ ਯਹੋਵਾਹ ਦਾ ਪਿਆਰ ਇਕ ਮਾਂ ਦੀ ਮਮਤਾ ਨਾਲੋਂ ਕਿਤੇ ਵੱਡਾ ਹੈ। (ਯਸਾਯਾਹ 49:15) ਇਹ ਕਿੰਨਾ ਜ਼ਰੂਰੀ ਹੈ ਕਿ ਸਾਰੇ ਮਸੀਹੀ ਆਪਣੇ ਸਵਰਗੀ ਪਿਤਾ ਦੇ ਇਸ ਗੁਣ ਦੀ ਰੀਸ ਕਰਨ! ਪੌਲੁਸ ਰਸੂਲ ਨੇ ਇਸ ਤਰ੍ਹਾਂ ਕਰ ਕੇ ਮਸੀਹੀ ਕਲੀਸਿਯਾ ਦੇ ਬਜ਼ੁਰਗਾਂ ਲਈ ਇਕ ਵਧੀਆ ਮਿਸਾਲ ਕਾਇਮ ਕੀਤੀ ਸੀ। (1 ਥੱਸਲੁਨੀਕੀਆਂ 2:7) ਯਿਸੂ ਨੇ ਕਿਹਾ ਸੀ ਕਿ ਉਸ ਦੇ ਚੇਲੇ ਇਸ ਗੱਲ ਤੋਂ ਪਛਾਣੇ ਜਾਣਗੇ ਕਿ ਉਹ ਇਕ ਦੂਜੇ ਨਾਲ ਪਿਆਰ ਕਰਦੇ ਹਨ।—ਯੂਹੰਨਾ 13:34, 35.
23. ਯਹੋਵਾਹ ਦੇ ਵਾਪਸ ਮੁੜੇ ਲੋਕਾਂ ਦੀ ਖ਼ੁਸ਼ੀ ਬਾਰੇ ਦੱਸੋ।
23 ਯਹੋਵਾਹ ਆਪਣਾ ਪਿਆਰ ਕੰਮਾਂ ਰਾਹੀਂ ਦਿਖਾਉਂਦਾ ਹੈ। ਇਸ ਲਈ ਉਸ ਨੇ ਕਿਹਾ: “ਤੁਸੀਂ ਵੇਖੋਗੇ ਅਤੇ ਤੁਹਾਡਾ ਦਿਲ ਖੁਸ਼ ਹੋਵੇਗਾ, ਅਤੇ ਤੁਹਾਡੀਆਂ ਹੱਡੀਆਂ ਘਾਹ ਵਾਂਙੁ ਵਧਣਗੀਆਂ, ਅਤੇ ਮਲੂਮ ਹੋ ਜਾਵੇਗਾ ਭਈ ਯਹੋਵਾਹ ਦਾ ਹੱਥ ਆਪਣੇ ਦਾਸਾਂ ਉੱਤੇ ਹੈ, ਪਰ ਗਜ਼ਬ ਆਪਣੇ ਵੈਰੀਆਂ ਉੱਤੇ।” (ਯਸਾਯਾਹ 66:14) ਇਬਰਾਨੀ ਭਾਸ਼ਾ ਦੇ ਇਕ ਵਿਦਵਾਨ ਨੇ ਕਿਹਾ ਕਿ “ਤੁਸੀਂ ਵੇਖੋਗੇ” ਸ਼ਬਦ ਸੰਕੇਤ ਕਰਦੇ ਹਨ ਕਿ ਵਾਪਸ ਮੁੜੇ ਯਹੂਦੀ ਆਪਣੇ ਦੇਸ਼ ਵਿਚ ਜਿੱਥੇ ਮਰਜ਼ੀ ਦੇਖਦੇ ਸਨ ਉਨ੍ਹਾਂ ਨੂੰ “ਖ਼ੁਸ਼ੀ ਹੀ ਖ਼ੁਸ਼ੀ ਨਜ਼ਰ ਆਉਂਦੀ ਸੀ।” ਉਹ ਆਪਣੀ ਖ਼ੁਸ਼ੀ ਲਫ਼ਜ਼ਾਂ ਵਿਚ ਬਿਆਨ ਨਹੀਂ ਕਰ ਸਕਦੇ ਸਨ। ਉਨ੍ਹਾਂ ਵਿਚ ਨਵੀਂ ਜਾਨ ਪਈ ਜਿਵੇਂ ਕਿ ਬਸੰਤ ਰੁੱਤ ਵਿਚ ਨਵਾਂ ਘਾਹ ਉੱਗਦਾ ਹੈ, ਉਨ੍ਹਾਂ ਦੀਆਂ ਹੱਡੀਆਂ ਫਿਰ ਤੋਂ ਮਜ਼ਬੂਤ ਹੋ ਰਹੀਆਂ ਸਨ। ਸਾਰੇ ਜਾਣ ਗਏ ਸਨ ਕਿ ਇਹ ਬਰਕਤ ਕਿਸੇ ਇਨਸਾਨ ਦੀ ਕੋਸ਼ਿਸ਼ ਤੋਂ ਨਹੀਂ ਪਰ ‘ਯਹੋਵਾਹ ਦੇ ਹੱਥੋਂ’ ਮਿਲੀ ਸੀ।
24. (ੳ) ਪਰਮੇਸ਼ੁਰ ਦੇ ਲੋਕਾਂ ਦੇ ਸੰਬੰਧ ਵਿਚ ਘਟਨਾਵਾਂ ਨੂੰ ਦੇਖ ਕੇ ਤੁਸੀਂ ਕਿਸ ਸਿੱਟੇ ਤੇ ਪਹੁੰਚਦੇ ਹੋ? (ਅ) ਸਾਡਾ ਕੀ ਕਰਨ ਦਾ ਇਰਾਦਾ ਹੋਣਾ ਚਾਹੀਦਾ ਹੈ?
24 ਕੀ ਤੁਸੀਂ ਪਛਾਣਦੇ ਹੋ ਕਿ ਯਹੋਵਾਹ ਦਾ ਹੱਥ ਅੱਜ ਉਸ ਦੇ ਲੋਕਾਂ ਉੱਤੇ ਹੈ? ਕੋਈ ਵੀ ਇਨਸਾਨ ਸੱਚੀ ਭਗਤੀ ਦੁਬਾਰਾ ਸ਼ੁਰੂ ਨਹੀਂ ਕਰਾ ਸਕਦਾ ਸੀ। ਕੋਈ ਵੀ ਇਨਸਾਨ ਸਾਰੀਆਂ ਕੌਮਾਂ ਤੋਂ ਲੱਖਾਂ ਹੀ ਲੋਕਾਂ ਨੂੰ ਹੜ੍ਹ ਵਾਂਗ ਵਫ਼ਾਦਾਰ ਬਕੀਏ ਦੇ ਦੇਸ਼ ਵਿਚ ਲਿਆ ਕੇ ਉਨ੍ਹਾਂ ਨੂੰ ਉਸ ਬਕੀਏ ਨਾਲ ਮਿਲਾ ਨਹੀਂ ਸਕਦਾ ਸੀ। ਸਿਰਫ਼ ਯਹੋਵਾਹ ਹੀ ਅਜਿਹੇ ਕੰਮ ਕਰ ਸਕਦਾ ਹੈ। ਯਹੋਵਾਹ ਦੇ ਪਿਆਰ ਦੇ ਇਹ ਪ੍ਰਗਟਾਵੇ ਸਾਨੂੰ ਵੱਡੀ ਖ਼ੁਸ਼ੀ ਦਾ ਕਾਰਨ ਦਿੰਦੇ ਹਨ। ਉਮੀਦ ਹੈ ਕਿ ਅਸੀਂ ਉਸ ਦੇ ਪਿਆਰ ਦੀ ਪੂਰੀ ਕਦਰ ਕਰਦੇ ਰਹਾਂਗੇ। ਆਓ ਆਪਾਂ ਉਸ ਦੇ ‘ਬਚਨ ਤੋਂ ਕੰਬਦੇ’ ਰਹੀਏ। ਆਓ ਆਪਾਂ ਬਾਈਬਲ ਦੇ ਸਿਧਾਂਤਾਂ ਅਨੁਸਾਰ ਰਹਿਣ ਅਤੇ ਯਹੋਵਾਹ ਦੀ ਸੇਵਾ ਵਿਚ ਖ਼ੁਸ਼ੀ ਪਾਉਣ ਦਾ ਪੱਕਾ ਇਰਾਦਾ ਕਰੀਏ।
[ਫੁਟਨੋਟ]
a ਅੱਜ ਈਸਾਈ-ਜਗਤ ਵਿਚ ਕਈ ਲੋਕ ਯਹੋਵਾਹ ਦਾ ਨਾਂ ਲੈਣ ਤੋਂ ਇਨਕਾਰ ਕਰਦੇ ਹਨ ਅਤੇ ਇਸ ਨਾਂ ਨੂੰ ਬਾਈਬਲ ਦੇ ਕਈਆਂ ਤਰਜਮਿਆਂ ਤੋਂ ਵੀ ਕੱਢਿਆ ਗਿਆ ਹੈ। ਕੁਝ ਲੋਕ ਪਰਮੇਸ਼ੁਰ ਦੇ ਸੇਵਕਾਂ ਦਾ ਮਖੌਲ ਉਡਾਉਂਦੇ ਹਨ ਕਿਉਂਕਿ ਉਹ ਇਹ ਨਾਂ ਲੈਂਦੇ ਹਨ। ਪਰ ਉਹ ਖ਼ੁਦ ਪਖੰਡ ਨਾਲ “ਹਲਲੂਯਾਹ” ਕਹਿੰਦੇ ਹਨ ਜਿਸ ਦਾ ਮਤਲਬ ਹੈ ‘ਯਾਹ, ਯਾਨੀ ਯਹੋਵਾਹ ਦੀ ਵਡਿਆਈ ਕਰੋ।’
b ਹਿਜ਼ਕੀਏਲ 43:7, 9 ਤੇ “ਪਾਤਸ਼ਾਹਾਂ ਦੀਆਂ ਲੋਥਾਂ” ਦਾ ਮਤਲਬ ਮੂਰਤੀਆਂ ਹੈ। ਯਰੂਸ਼ਲਮ ਦੇ ਬਾਗ਼ੀ ਆਗੂਆਂ ਅਤੇ ਲੋਕਾਂ ਨੇ ਪਰਮੇਸ਼ੁਰ ਦੀ ਹੈਕਲ ਨੂੰ ਮੂਰਤੀਆਂ ਨਾਲ ਪਲੀਤ ਕੀਤਾ ਸੀ ਅਤੇ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਰਾਜਿਆਂ ਵਰਗੀ ਪਦਵੀ ਦਿੱਤੀ ਸੀ।
c ਇਸ ਭਵਿੱਖਬਾਣੀ ਵਿਚ ਦੱਸਿਆ ਗਿਆ ਜਨਮ ਉਹ ਜਨਮ ਨਹੀਂ ਹੈ ਜਿਸ ਬਾਰੇ ਪਰਕਾਸ਼ ਦੀ ਪੋਥੀ 12:1, 2, 5 ਵਿਚ ਗੱਲ ਕੀਤੀ ਗਈ ਹੈ। ਪਰਕਾਸ਼ ਦੀ ਪੋਥੀ ਦਾ “ਪੁੱਤ੍ਰ ਇੱਕ ਨਰ ਬਾਲ” ਮਸੀਹਾਈ ਰਾਜ ਹੈ ਜੋ 1914 ਵਿਚ ਸਥਾਪਿਤ ਕੀਤਾ ਗਿਆ ਸੀ। ਪਰ ਦੋਹਾਂ ਭਵਿੱਖਬਾਣੀਆਂ ਵਿਚ ਤੀਵੀਂ ਇੱਕੋ ਹੈ।
[ਸਫ਼ਾ 395 ਉੱਤੇ ਤਸਵੀਰ]
“ਏਹਨਾਂ ਸਭਨਾਂ ਨੂੰ ਮੇਰੇ ਹੀ ਹੱਥ ਨੇ ਬਣਾਇਆ ਹੈ”
[ਸਫ਼ਾ 402 ਉੱਤੇ ਤਸਵੀਰ]
ਯਹੋਵਾਹ ਨੇ ਸੀਯੋਨ ਨੂੰ “ਕੌਮਾਂ ਦਾ ਮਾਲ ਧਨ” ਦਿੱਤਾ