ਪਾਠਕਾਂ ਵੱਲੋਂ ਸਵਾਲ
• ਯਸਾਯਾਹ 14:12 ਵਿਚ ਜ਼ਿਕਰ ਕੀਤਾ ਗਿਆ ‘ਦਿਨ ਦਾ ਤਾਰਾ’ ਕਿਸ ਨੂੰ ਸੰਕੇਤ ਕਰਦਾ ਹੈ?
ਯਸਾਯਾਹ 14:12 ਵਿਚ ਲਿਖਿਆ ਗਿਆ ਹੈ ਕਿ “ਤੂੰ ਅਕਾਸ਼ ਤੋਂ ਕਿਵੇਂ ਡਿੱਗ ਪਿਆ, ਹੇ ਦਿਨ ਦੇ ਤਾਰੇ।” ਕਈ ਲੋਕ ਸੋਚਦੇ ਹਨ ਕਿ ਇਹ ਸ਼ਬਦ ਸ਼ਤਾਨ ਬਾਰੇ ਹਨ।
ਪਰ ਇਸ ਆਇਤ ਵਿਚ ਵਰਣਨ ਕੀਤਾ ਗਿਆ ‘ਦਿਨ ਦਾ ਤਾਰਾ’ ਕੌਣ ਹੈ? ਸ਼ਬਦ “ਦਿਨ ਦੇ ਤਾਰੇ” ਉਸ ਹੁਕਮ ਵਿਚ ਪਾਏ ਜਾਂਦੇ ਹਨ ਜੋ ਯਸਾਯਾਹ ਨੇ ਭਵਿੱਖਬਾਣੀ ਰਾਹੀਂ ਇਸਰਾਏਲੀਆਂ ਨੂੰ ਦਿੱਤਾ ਸੀ। ਇਸ ਹੁਕਮ ਅਨੁਸਾਰ ਇਸਰਾਏਲੀਆਂ ਨੇ ‘ਬਾਬਲ ਦੇ ਪਾਤਸ਼ਾਹ ਦੇ ਵਿਰੁੱਧ ਬੋਲੀ ਮਾਰਨੀ’ ਸੀ। ਇਸ ਲਈ, ਇਹ ਸ਼ਬਦ ‘ਦਿਨ ਦਾ ਤਾਰਾ,’ ਉਸ ਬੋਲੀ ਜਾਂ ਗੱਲ ਦਾ ਹਿੱਸਾ ਹਨ ਜੋ ਬਾਬਲ ਦੇ ਸ਼ਾਹੀ ਖ਼ਾਨਦਾਨ ਵਿਰੁੱਧ ਕਹੀ ਗਈ ਸੀ। “ਦਿਨ ਦੇ ਤਾਰੇ” ਬਾਰੇ ਇਹ ਵੀ ਕਿਹਾ ਗਿਆ ਹੈ ਕਿ ‘ਤੂੰ ਪਤਾਲ ਤੀਕ ਲਾਹਿਆ ਜਾਵੇਂਗਾ।’ ਇਸ ਗੱਲ ਤੋਂ ਹੋਰ ਵੀ ਸਬੂਤ ਮਿਲਦਾ ਹੈ ਕਿ ਇਹ ਇਕ ਆਤਮਿਕ ਪ੍ਰਾਣੀ ਨੂੰ ਨਹੀਂ ਬਲਕਿ ਇਕ ਮਨੁੱਖ ਨੂੰ ਦਰਸਾਉਂਦਾ ਹੈ। ਪਤਾਲ ਇਨਸਾਨ ਦੀ ਕਬਰ ਹੈ ਨਾ ਕਿ ਅਜਿਹੀ ਜਗ੍ਹਾ ਜਿੱਥੇ ਸ਼ਤਾਨ ਵੱਸਦਾ ਹੈ। ਇਸ ਤੋਂ ਇਲਾਵਾ, ਜਿਹੜੇ ਲੋਕ “ਦਿਨ ਦੇ ਤਾਰੇ” ਨੂੰ ਇਸ ਸਥਿਤੀ ਵਿਚ ਦੇਖਦੇ ਹਨ ਉਹ ਪੁੱਛਦੇ ਹਨ: “ਭਲਾ, ਏਹ ਉਹ ਮਨੁੱਖ ਹੈ ਜਿਹ ਨੇ ਧਰਤੀ ਨੂੰ ਕਾਂਬਾ ਲਾ ਦਿੱਤਾ?” (ਟੇਢੇ ਟਾਈਪ ਸਾਡੇ।) ਇਸ ਤੋਂ ਸਾਫ਼-ਸਾਫ਼ ਪਤਾ ਚੱਲਦਾ ਹੈ ਕਿ ‘ਦਿਨ ਦਾ ਤਾਰਾ’ ਇਕ ਆਤਮਿਕ ਪ੍ਰਾਣੀ ਨੂੰ ਨਹੀਂ, ਸਗੋਂ ਇਕ ਮਨੁੱਖ ਨੂੰ ਦਰਸਾਉਂਦਾ ਹੈ।—ਯਸਾਯਾਹ 14:4, 15, 16.
ਬਾਬਲ ਦੇ ਸ਼ਾਹੀ ਖ਼ਾਨਦਾਨ ਦਾ ਅਜਿਹੇ ਖ਼ਾਸ ਤਰੀਕੇ ਨਾਲ ਕਿਉਂ ਵਰਣਨ ਕੀਤਾ ਗਿਆ ਹੈ? ਸਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਬਾਬਲ ਦੇ ਰਾਜੇ ਦੇ ਡਿੱਗਣ ਤੋਂ ਬਾਅਦ ਹੀ ਉਸ ਨੂੰ ਤਾਅਨਾ ਮਾਰਨ ਲਈ ‘ਦਿਨ ਦਾ ਤਾਰਾ’ ਕਿਹਾ ਗਿਆ ਸੀ। (ਯਸਾਯਾਹ 14:3) ਬਾਬਲ ਦੇ ਰਾਜੇ ਖ਼ੁਦਗਰਜ਼ ਅਤੇ ਘਮੰਡੀ ਸਨ ਇਸ ਲਈ ਉਨ੍ਹਾਂ ਨੇ ਆਪਣੇ ਆਪ ਨੂੰ ਆਲੇ-ਦੁਆਲੇ ਦੇ ਲੋਕਾਂ ਨਾਲੋਂ ਉੱਚਾ ਕੀਤਾ ਸੀ। ਉਹ ਸ਼ਾਹੀ ਖ਼ਾਨਦਾਨ ਇੰਨਾ ਘਮੰਡੀ ਸੀ ਕਿ ਉਸ ਨੂੰ ਇਹ ਸ਼ੇਖ਼ੀ ਮਾਰਦੇ ਹੋਏ ਦਰਸਾਇਆ ਗਿਆ ਸੀ ਕਿ “ਮੈਂ ਅਕਾਸ਼ ਉੱਤੇ ਚੱੜ੍ਹ ਜਾਵਾਂਗਾ, ਪਰਮੇਸ਼ੁਰ ਦੇ ਤਾਰਿਆਂ ਤੋਂ ਉਤਾਹਾਂ, ਮੈਂ ਆਪਣਾ ਸਿੰਘਾਸਣ ਉੱਚਾ ਧਰਾਂਗਾ, ਅਤੇ ਮੈਂ ਮੰਡਲੀ ਦੇ ਪਰਬਤ ਉੱਤੇ, ਉੱਤਰ ਦੀਆਂ ਹੱਦਾਂ ਵਿੱਚ ਬੈਠਾਂਗਾ। . . . ਮੈਂ ਆਪ ਨੂੰ ਅੱਤ ਮਹਾਨ ਜਿਹਾ ਬਣਾਵਾਂਗਾ!”—ਯਸਾਯਾਹ 14:13, 14.
‘ਪਰਮੇਸ਼ੁਰ ਦੇ ਤਾਰੇ’ ਦਾਊਦ ਦੇ ਸ਼ਾਹੀ ਘਰਾਣੇ ਦੇ ਰਾਜੇ ਸਨ। (ਗਿਣਤੀ 24:17) ਦਾਊਦ ਦੇ ਰਾਜ ਤੋਂ ਲੈ ਕੇ ਇਹ ‘ਤਾਰੇ’ ਸੀਯੋਨ ਪਰਬਤ ਤੋਂ ਰਾਜ ਕਰਦੇ ਸਨ। ਜਦੋਂ ਸੁਲੇਮਾਨ ਨੇ ਯਰੂਸ਼ਲਮ ਵਿਚ ਹੈਕਲ ਬਣਾਈ ਸੀ, ਤਾਂ ਪੂਰੇ ਸ਼ਹਿਰ ਨੂੰ ਸੀਯੋਨ ਸੱਦਿਆ ਗਿਆ ਸੀ। ਬਿਵਸਥਾ ਨੇਮ ਦੇ ਅਧੀਨ ਸਾਰੇ ਇਸਰਾਏਲੀ ਆਦਮੀਆਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਉਹ ਸਾਲ ਵਿਚ ਤਿੰਨ ਵਾਰ ਸੀਯੋਨ ਨੂੰ ਜਾਣ। ਇਸ ਤਰ੍ਹਾਂ ਇਹ ‘ਮੰਡਲੀ ਦਾ ਪਰਬਤ’ ਬਣਿਆ। ਨਬੂਕਦਨੱਸਰ ਨੇ ਠਾਣਿਆ ਕਿ ਉਹ ਯਹੂਦਿਯਾ ਦੇ ਰਾਜਿਆਂ ਉੱਤੇ ਜਿੱਤ ਪ੍ਰਾਪਤ ਕਰ ਕੇ ਉਨ੍ਹਾਂ ਨੂੰ ਉਸ ਪਰਬਤ ਤੋਂ ਹਟਾ ਦੇਵੇਗਾ। ਉਹ ਆਪਣੇ ਆਪ ਨੂੰ ਇਨ੍ਹਾਂ ‘ਤਾਰਿਆਂ’ ਤੋਂ ਉੱਚਾ ਕਰਨਾ ਚਾਹੁੰਦਾ ਸੀ। ਉਸ ਨੇ ਜਿੱਤ ਪ੍ਰਾਪਤ ਕਰਨ ਲਈ ਯਹੋਵਾਹ ਨੂੰ ਵਡਿਆਈ ਨਹੀਂ ਦਿੱਤੀ, ਸਗੋਂ ਘਮੰਡ ਨਾਲ ਆਪਣੇ ਆਪ ਨੂੰ ਯਹੋਵਾਹ ਦੇ ਬਰਾਬਰ ਕੀਤਾ। ਇਸ ਲਈ ਸ਼ਾਹੀ ਖ਼ਾਨਦਾਨ ਦੇ ਡਿੱਗਣ ਤੋਂ ਬਾਅਦ ਉਸ ਨੂੰ ਤਾਅਨੇ ਮਾਰਨ ਜਾਂ ਉਸ ਦਾ ਮਜ਼ਾਕ ਉਡਾਉਣ ਲਈ ਉਸ ਨੂੰ ‘ਦਿਨ ਦਾ ਤਾਰਾ’ ਕਿਹਾ ਗਿਆ ਸੀ।
ਬਾਬਲੀ ਰਾਜਿਆਂ ਦੇ ਘਮੰਡ ਨੇ ਇਸ “ਜੁੱਗ ਦੇ ਈਸ਼ੁਰ” ਯਾਨੀ ਸ਼ਤਾਨ ਦੇ ਰਵੱਈਏ ਨੂੰ ਸਾਫ਼-ਸਾਫ਼ ਦਰਸਾਇਆ ਸੀ। (2 ਕੁਰਿੰਥੀਆਂ 4:4) ਉਹ ਵੀ ਤਾਕਤ ਦਾ ਭੁੱਖਾ ਹੈ ਅਤੇ ਯਹੋਵਾਹ ਦੇ ਬਰਾਬਰ ਖੜ੍ਹਾ ਹੋਣਾ ਚਾਹੁੰਦਾ ਹੈ। ਪਰ ਬਾਈਬਲ ਵਿਚ ਇਹ ਨਾਂ, ‘ਦਿਨ ਦਾ ਤਾਰਾ,’ ਸ਼ਤਾਨ ਨੂੰ ਨਹੀਂ ਦਿੱਤਾ ਗਿਆ।
• ਪਹਿਲਾ ਇਤਹਾਸ 2:13-15 ਵਿਚ ਦਾਊਦ ਨੂੰ ਯੱਸੀ ਦਾ ਸੱਤਵਾਂ ਪੁੱਤਰ ਕਿਉਂ ਕਿਹਾ ਗਿਆ ਹੈ ਜਦ ਕਿ 1 ਸਮੂਏਲ 16:10, 11 ਇਹ ਸੰਕੇਤ ਕਰਦਾ ਹੈ ਕਿ ਉਹ ਯੱਸੀ ਦਾ ਅੱਠਵਾਂ ਪੁੱਤਰ ਹੈ?
ਜਦੋਂ ਪ੍ਰਾਚੀਨ ਇਸਰਾਏਲ ਦੇ ਰਾਜੇ ਸ਼ਾਊਲ ਨੇ ਸੱਚੀ ਭਗਤੀ ਕਰਨੀ ਛੱਡ ਦਿੱਤੀ ਸੀ, ਤਾਂ ਯਹੋਵਾਹ ਪਰਮੇਸ਼ੁਰ ਨੇ ਸਮੂਏਲ ਨਬੀ ਨੂੰ ਯੱਸੀ ਦੇ ਇਕ ਪੁੱਤਰ ਨੂੰ ਰਾਜੇ ਵਜੋਂ ਮਸਹ ਕਰਨ ਲਈ ਭੇਜਿਆ ਸੀ। ਸਮੂਏਲ ਨੇ ਖ਼ੁਦ ਬਾਈਬਲ ਵਿਚ ਇਸ ਇਤਿਹਾਸਕ ਘਟਨਾ ਦਾ ਰਿਕਾਰਡ 11ਵੀਂ ਸਦੀ ਸਾ.ਯੁ.ਪੂ. ਵਿਚ ਲਿਖਿਆ ਸੀ। ਇਹ ਦਾਅਵਾ ਕਰਦਾ ਹੈ ਕਿ ਦਾਊਦ ਯੱਸੀ ਦਾ ਅੱਠਵਾਂ ਪੁੱਤਰ ਸੀ। (1 ਸਮੂਏਲ 16:10-13) ਲੇਕਿਨ, 600 ਸਾਲ ਬਾਅਦ ਅਜ਼ਰਾ ਜਾਜਕ ਦੁਆਰਾ ਲਿਖਿਆ ਗਿਆ ਬਿਰਤਾਂਤ ਕਹਿੰਦਾ ਹੈ: “ਯੱਸੀ ਤੋਂ ਉਹ ਦਾ ਪਲੌਠਾ ਅਲੀਆਬ ਜੰਮਿਆ ਅਤੇ ਅਬੀਨਾਦਾਬ ਦੂਜਾ ਤੇ ਸ਼ਿਮਆ ਤੀਜਾ, ਨਥਨੇਲ ਚੌਥਾ, ਰੱਦਈ ਪੰਜਵਾਂ, ਓਸਮ ਛੇਵਾਂ, ਦਾਊਦ ਸੱਤਵਾਂ।” (1 ਇਤਹਾਸ 2:13-15) ਤਾਂ ਫਿਰ, ਦਾਊਦ ਦੇ ਇਕ ਭਰਾ ਨੂੰ ਕੀ ਹੋਇਆ ਸੀ ਅਤੇ ਅਜ਼ਰਾ ਨੇ ਉਸ ਦਾ ਨਾਂ ਕਿਉਂ ਨਹੀਂ ਲਿਖਿਆ ਸੀ?
ਬਾਈਬਲ ਕਹਿੰਦੀ ਹੈ ਕਿ ਯੱਸੀ ਦੇ “ਅੱਠ ਪੁੱਤ੍ਰ ਸਨ।” (1 ਸਮੂਏਲ 17:12) ਤਾਂ ਫਿਰ ਇਹ ਜ਼ਾਹਰ ਹੁੰਦਾ ਹੈ ਕਿ ਉਸ ਦਾ ਇਕ ਪੁੱਤਰ ਵਿਆਹ ਕਰਾਉਣ ਅਤੇ ਪਿਤਾ ਬਣਨ ਤੋਂ ਪਹਿਲਾਂ ਹੀ ਮਰ ਗਿਆ ਸੀ। ਬੇਔਲਾਦ ਹੋਣ ਕਰਕੇ ਉਸ ਦਾ ਵਿਰਾਸਤ ਉੱਤੇ ਕੋਈ ਹੱਕ ਨਹੀਂ ਸੀ ਅਤੇ ਨਾ ਹੀ ਉਹ ਯੱਸੀ ਦੇ ਘਰਾਣੇ ਦੀ ਵੰਸ਼ਾਵਲੀ ਉੱਤੇ ਕੋਈ ਅਸਰ ਪਾ ਸਕਦਾ ਸੀ।
ਆਓ ਆਪਾਂ ਹੁਣ ਅਜ਼ਰਾ ਦੇ ਦਿਨਾਂ ਬਾਰੇ ਸੋਚੀਏ। ਉਨ੍ਹਾਂ ਹਾਲਾਤਾਂ ਵੱਲ ਧਿਆਨ ਦਿਓ ਜਿਨ੍ਹਾਂ ਵਿਚ ਉਸ ਨੇ ਇਤਹਾਸ ਦੀ ਪੋਥੀ ਤਿਆਰ ਕੀਤੀ ਸੀ। ਯਹੂਦੀ ਲੋਕ ਬਾਬਲ ਦੀ ਕੈਦ ਤੋਂ ਲਗਭਗ 77 ਸਾਲ ਪਹਿਲਾਂ ਨਿਕਲੇ ਸਨ ਅਤੇ ਆਪਣੇ ਦੇਸ਼ ਵਿਚ ਵੱਸ ਰਹੇ ਸਨ। ਫ਼ਾਰਸ ਦੇ ਰਾਜੇ ਨੇ ਅਜ਼ਰਾ ਨੂੰ ਅਧਿਕਾਰ ਦਿੱਤਾ ਸੀ ਕਿ ਉਹ ਪਰਮੇਸ਼ੁਰ ਦੀ ਬਿਵਸਥਾ ਦੇ ਨਿਆਂਕਾਰ ਅਤੇ ਉਪਦੇਸ਼ਕ ਨਿਯੁਕਤ ਕਰੇ ਅਤੇ ਯਹੋਵਾਹ ਦੇ ਭਵਨ ਨੂੰ ਸੁਆਰੇ। ਵੰਸ਼ਾਵਲੀ ਦੇ ਸਹੀ ਰਿਕਾਰਡ ਰੱਖਣੇ ਜ਼ਰੂਰੀ ਸਨ ਤਾਂਕਿ ਹਰ ਗੋਤ ਦੀ ਵਿਰਾਸਤ ਦਾ ਸਬੂਤ ਦਿੱਤਾ ਜਾ ਸਕੇ ਅਤੇ ਇਹ ਵੀ ਪਤਾ ਲੱਗ ਸਕੇ ਕਿ ਕਿਨ੍ਹਾਂ ਲੋਕਾਂ ਨੂੰ ਜਾਜਕਾਈ ਵਿਚ ਸੇਵਾ ਕਰਨ ਦਾ ਹੱਕ ਸੀ। ਇਸ ਲਈ ਅਜ਼ਰਾ ਨੇ ਕੌਮ ਦੇ ਪੂਰੇ ਇਤਿਹਾਸ ਦਾ ਰਿਕਾਰਡ ਤਿਆਰ ਕੀਤਾ ਸੀ। ਇਸ ਵਿਚ ਯਹੂਦਾਹ ਅਤੇ ਦਾਊਦ ਦੀ ਵੰਸ਼ਾਵਲੀ ਦਾ ਸਪੱਸ਼ਟ ਅਤੇ ਭਰੋਸੇਯੋਗ ਰਿਕਾਰਡ ਸੀ। ਯੱਸੀ ਦੇ ਉਸ ਪੁੱਤਰ ਦੇ ਨਾਂ ਨੂੰ ਰਿਕਾਰਡ ਵਿਚ ਲਿਖਣ ਦਾ ਕੋਈ ਫ਼ਾਇਦਾ ਨਹੀਂ ਸੀ ਕਿਉਂ ਜੋ ਉਹ ਬੇਔਲਾਦ ਮਰ ਗਿਆ ਸੀ। ਇਸੇ ਕਾਰਨ ਅਜ਼ਰਾ ਨੇ ਇਹ ਨਾਂ ਰਿਕਾਰਡ ਵਿਚ ਨਹੀਂ ਲਿਖਿਆ ਸੀ।