ਰਾਖੇ ਨਾਲ ਮਿਲ ਕੇ ਸੇਵਾ ਕਰਨੀ
“ਹੇ ਪ੍ਰਭੁ, ਮੈਂ ਪਹਿਰੇ ਦੇ ਬੁਰਜ ਉੱਤੇ ਸਾਰਾ ਦਿਨ ਖਲੋਤਾ ਰਹਿੰਦਾ ਹਾਂ, ਅਤੇ ਰਾਤਾਂ ਦੀਆਂ ਰਾਤਾਂ ਆਪਣੇ ਪਹਿਰੇ ਉੱਤੇ ਟਿਕਿਆ ਰਹਿੰਦਾ ਹਾਂ।”—ਯਸਾਯਾਹ 21:8.
1. ਯਹੋਵਾਹ ਕਿਹੜੇ ਮਹਾਨ ਵਾਅਦਿਆਂ ਦੀ ਆਪ ਗਵਾਹੀ ਦਿੰਦਾ ਹੈ?
ਯਹੋਵਾਹ ਆਪਣੇ ਮਕਸਦਾਂ ਨੂੰ ਜ਼ਰੂਰ ਪੂਰਾ ਕਰਦਾ ਹੈ। ਬਾਗ਼ੀ ਦੂਤ ਜਿਹੜਾ ਬਾਅਦ ਵਿਚ ਸ਼ਤਾਨ ਅਰਥਾਤ ਇਬਲੀਸ ਬਣਿਆ, ਉਹ ਵੀ ਪਰਮੇਸ਼ੁਰ ਦੇ ਆਪਣੇ ਨਾਂ ਨੂੰ ਪਵਿੱਤਰ ਕਰਨ ਅਤੇ ਫਿਰਦੌਸ ਵਰਗੀ ਧਰਤੀ ਉੱਤੇ ਆਪਣੇ ਸ਼ਾਨਦਾਰ ਰਾਜ ਨੂੰ ਸਥਾਪਿਤ ਕਰਨ ਦੇ ਮਹਾਨ ਮਕਸਦ ਨੂੰ ਪੂਰਾ ਹੋਣ ਤੋਂ ਨਹੀਂ ਰੋਕ ਸਕਦਾ। (ਮੱਤੀ 6:9, 10) ਉਸ ਦੇ ਰਾਜ ਵਿਚ ਮਨੁੱਖਜਾਤੀ ਸੱਚ-ਮੁੱਚ ਖ਼ੁਸ਼ ਹੋਵੇਗੀ। ਪਰਮੇਸ਼ੁਰ “ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ।” ਖ਼ੁਸ਼ ਅਤੇ ਇਕਮੁਠ ਇਨਸਾਨ ਹਮੇਸ਼ਾ-ਹਮੇਸ਼ਾ ਲਈ ਸ਼ਾਂਤੀ ਅਤੇ ਖ਼ੁਸ਼ਹਾਲੀ ਦਾ ਆਨੰਦ ਮਾਣਨਗੇ। (ਯਸਾਯਾਹ 25:8; 65:17-25) ਯਹੋਵਾਹ ਆਪਣੇ ਇਨ੍ਹਾਂ ਮਹਾਨ ਵਾਅਦਿਆਂ ਦੀ ਆਪ ਗਵਾਹੀ ਦਿੰਦਾ ਹੈ!
2. ਯਹੋਵਾਹ ਨੇ ਕਿਨ੍ਹਾਂ ਇਨਸਾਨਾਂ ਨੂੰ ਆਪਣੇ ਗਵਾਹਾਂ ਦੇ ਤੌਰ ਤੇ ਇਸਤੇਮਾਲ ਕੀਤਾ ਹੈ?
2 ਪਰ, ਮਹਾਨ ਸ੍ਰਿਸ਼ਟੀਕਰਤਾ ਇਨਸਾਨਾਂ ਨੂੰ ਵੀ ਆਪਣੇ ਗਵਾਹਾਂ ਦੇ ਤੌਰ ਤੇ ਇਸਤੇਮਾਲ ਕਰਦਾ ਹੈ। ਮਸੀਹ-ਪੂਰਵ ਸਮਿਆਂ ਵਿਚ ‘ਗਵਾਹਾਂ ਦਾ ਇਕ ਬੱਦਲ’ ਸੀ ਜਿਸ ਵਿਚ ਪਹਿਲਾ ਗਵਾਹ ਹਾਬਲ ਸੀ। ਇਹ ਸਾਰੇ ਅਕਸਰ ਬਹੁਤ ਸਾਰੀਆਂ ਔਕੜਾਂ ਦੇ ਬਾਵਜੂਦ ਵੀ ਸਬਰ ਨਾਲ ਗਵਾਹੀ ਦਿੰਦੇ ਰਹੇ। ਉਨ੍ਹਾਂ ਦੀ ਸ਼ਾਨਦਾਰ ਮਿਸਾਲ ਅੱਜ ਦੇ ਵਫ਼ਾਦਾਰ ਮਸੀਹੀਆਂ ਨੂੰ ਹੌਸਲਾ ਦਿੰਦੀ ਹੈ। ਹਿੰਮਤੀ ਗਵਾਹਾਂ ਵਿਚ ਮਸੀਹ ਯਿਸੂ ਦੀ ਮਿਸਾਲ ਲਾਜਵਾਬ ਹੈ। (ਇਬਰਾਨੀਆਂ 11:1–12:2) ਉਦਾਹਰਣ ਲਈ ਯਾਦ ਕਰੋ ਜਦੋਂ ਉਸ ਨੇ ਪੰਤਿਯੁਸ ਪਿਲਾਤੁਸ ਨੂੰ ਆਖ਼ਰੀ ਵਾਰ ਗਵਾਹੀ ਦਿੱਤੀ ਸੀ। ਯਿਸੂ ਨੇ ਐਲਾਨ ਕੀਤਾ: “ਮੈਂ ਇਸੇ ਲਈ ਜਨਮ ਧਾਰਿਆ ਅਤੇ ਇਸੇ ਲਈ ਜਗਤ ਵਿੱਚ ਆਇਆ ਹਾਂ ਭਈ ਸਚਿਆਈ ਉੱਤੇ ਸਾਖੀ ਦਿਆਂ।” (ਯੂਹੰਨਾ 18:37) ਸਾਲ 33 ਸਾ.ਯੁ. ਤੋਂ ਲੈ ਕੇ ਸਾਲ 2000 ਤਕ, ਜੋਸ਼ੀਲੇ ਮਸੀਹੀਆਂ ਨੇ ਯਿਸੂ ਦੀ ਮਿਸਾਲ ਉੱਤੇ ਚੱਲਦੇ ਹੋਏ “ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ” ਦੀ ਹੌਸਲੇ ਨਾਲ ਲਗਾਤਾਰ ਗਵਾਹੀ ਦਿੱਤੀ ਹੈ।—ਰਸੂਲਾਂ ਦੇ ਕਰਤੱਬ 2:11.
ਝੂਠੇ ਧਰਮ ਦੀ ਸ਼ੁਰੂਆਤ
3. ਯਹੋਵਾਹ ਅਤੇ ਉਸ ਦੀ ਇੱਛਾ ਦੇ ਸੰਬੰਧ ਵਿਚ ਦਿੱਤੀ ਗਈ ਗਵਾਹੀ ਦਾ ਸ਼ਤਾਨ ਨੇ ਕਿਵੇਂ ਵਿਰੋਧ ਕੀਤਾ ਹੈ?
3 ਹਜ਼ਾਰਾਂ ਸਾਲਾਂ ਤੋਂ ਯਹੋਵਾਹ ਦੇ ਵੱਡੇ ਵੈਰੀ, ਸ਼ਤਾਨ ਅਰਥਾਤ ਇਬਲੀਸ ਨੇ ਪਰਮੇਸ਼ੁਰ ਦੇ ਗਵਾਹਾਂ ਦੀ ਗਵਾਹੀ ਨੂੰ ਘਟੀਆ ਤਰੀਕਿਆਂ ਨਾਲ ਨਕਾਰਨ ਦੀ ਕੋਸ਼ਿਸ਼ ਕੀਤੀ ਹੈ। “ਝੂਠ ਦਾ ਪਤੰਦਰ” ਹੋਣ ਕਰਕੇ ਇਹ “ਵੱਡਾ ਅਜਗਰ” ਅਰਥਾਤ ‘ਪੁਰਾਣਾ ਸੱਪ ਸਾਰੇ ਜਗਤ ਨੂੰ ਭਰਮਾ ਰਿਹਾ ਹੈ।’ “ਪਰਮੇਸ਼ੁਰ ਦੀਆਂ ਆਗਿਆਂ ਦੀ ਪਾਲਨਾ” ਕਰਨ ਵਾਲੇ ਲੋਕਾਂ ਨਾਲ ਉਹ ਲਗਾਤਾਰ ਲੜਾਈ ਕਰਦਾ ਰਿਹਾ ਹੈ, ਖ਼ਾਸ ਕਰਕੇ ਇਨ੍ਹਾਂ ਅੰਤ ਦੇ ਦਿਨਾਂ ਵਿਚ।—ਯੂਹੰਨਾ 8:44; ਪਰਕਾਸ਼ ਦੀ ਪੋਥੀ 12:9, 17.
4. ਵੱਡੀ ਬਾਬਲ ਦਾ ਜਨਮ ਕਿਵੇਂ ਹੋਇਆ?
4 ਕੁਝ 4,000 ਸਾਲ ਪਹਿਲਾਂ ਨੂਹ ਦੇ ਦਿਨਾਂ ਵਿਚ ਆਈ ਜਲ-ਪਰਲੋ ਤੋਂ ਬਾਅਦ, ਸ਼ਤਾਨ ਨੇ ਨਿਮਰੋਦ ਨੂੰ ਖੜ੍ਹਾ ਕੀਤਾ ਜੋ “ਯਹੋਵਾਹ ਦੇ ਅੱਗੇ [“ਵਿਰੁੱਧ,” ਨਿ ਵ] ਇੱਕ ਬਲਵੰਤ ਸ਼ਿਕਾਰੀ” ਸੀ। (ਉਤਪਤ 10:9, 10) ਨਿਮਰੋਦ ਦਾ ਸਭ ਤੋਂ ਵੱਡਾ ਸ਼ਹਿਰ, ਬਾਬਲ, ਸ਼ਤਾਨੀ ਧਰਮ ਦਾ ਕੇਂਦਰ ਬਣ ਗਿਆ। ਜਦੋਂ ਯਹੋਵਾਹ ਨੇ ਬਾਬਲ ਵਿਚ ਬੁਰਜ ਬਣਾਉਣ ਵਾਲਿਆਂ ਦੀਆਂ ਬੋਲੀਆਂ ਉਲਟ-ਪੁਲਟ ਕਰ ਦਿੱਤੀਆਂ, ਤਾਂ ਲੋਕ ਸਾਰੀ ਧਰਤੀ ਉੱਤੇ ਫੈਲ ਗਏ ਅਤੇ ਉਹ ਆਪਣੇ ਨਾਲ ਆਪਣਾ ਝੂਠਾ ਧਰਮ ਵੀ ਲੈ ਗਏ। ਇਸ ਤਰ੍ਹਾਂ ਬਾਬਲ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਦੀ ਨੀਂਹ ਬਣਿਆ ਅਤੇ ਇਸ ਵਿਸ਼ਵ ਸਾਮਰਾਜ ਨੂੰ ਪਰਕਾਸ਼ ਦੀ ਪੋਥੀ ਵਿਚ ‘ਵੱਡੀ ਬਾਬੁਲ’ ਕਿਹਾ ਗਿਆ ਹੈ। ਇਹ ਕਿਤਾਬ ਇਸ ਪੁਰਾਣੀ ਧਾਰਮਿਕ ਵਿਵਸਥਾ ਦੇ ਨਾਸ਼ ਦੀ ਭਵਿੱਖਬਾਣੀ ਕਰਦੀ ਹੈ।—ਪਰਕਾਸ਼ ਦੀ ਪੋਥੀ 17:5; 18:21.
ਗਵਾਹਾਂ ਦੀ ਇਕ ਕੌਮ
5. ਯਹੋਵਾਹ ਨੇ ਕਿਹੜੀ ਕੌਮ ਬਣਾਈ ਜੋ ਉਸ ਦੀ ਗਵਾਹ ਹੁੰਦੀ, ਪਰ ਯਹੋਵਾਹ ਨੇ ਉਸ ਕੌਮ ਨੂੰ ਗ਼ੁਲਾਮ ਕਿਉਂ ਬਣਨ ਦਿੱਤਾ?
5 ਨਿਮਰੋਦ ਤੋਂ ਤਕਰੀਬਨ 500 ਸਾਲ ਬਾਅਦ ਯਹੋਵਾਹ ਨੇ ਵਫ਼ਾਦਾਰ ਅਬਰਾਹਾਮ ਦੀ ਸੰਤਾਨ ਨੂੰ ਇਕੱਠਾ ਕਰ ਕੇ ਇਸਰਾਏਲ ਕੌਮ ਬਣਾਈ ਤਾਂਕਿ ਉਹ ਧਰਤੀ ਉੱਤੇ ਉਸ ਦੀ ਗਵਾਹ ਹੋਵੇ। (ਯਸਾਯਾਹ 43:10, 12) ਉਸ ਕੌਮ ਦੇ ਬਹੁਤ ਸਾਰੇ ਵਿਅਕਤੀਆਂ ਨੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ। ਪਰ ਸਮੇਂ ਦੇ ਬੀਤਣ ਨਾਲ, ਗੁਆਂਢੀ ਦੇਸ਼ਾਂ ਦੇ ਝੂਠੇ ਵਿਸ਼ਵਾਸਾਂ ਨੇ ਇਸਰਾਏਲ ਕੌਮ ਨੂੰ ਭ੍ਰਿਸ਼ਟ ਕੀਤਾ ਜਿਸ ਕਰਕੇ ਯਹੋਵਾਹ ਦੇ ਨੇਮਬੱਧ ਲੋਕ ਝੂਠੇ ਦੇਵਤਿਆਂ ਦੀ ਉਪਾਸਨਾ ਕਰਨ ਲਈ ਉਸ ਤੋਂ ਬੇਮੁਖ ਹੋ ਗਏ। ਇਸ ਲਈ 607 ਸਾ.ਯੁ.ਪੂ. ਵਿਚ ਰਾਜਾ ਨਬੂਕਦਨੱਸਰ ਦੀ ਅਗਵਾਈ ਵਿਚ ਬਾਬਲ ਦੀਆਂ ਫ਼ੌਜਾਂ ਨੇ ਯਰੂਸ਼ਲਮ ਅਤੇ ਉਸ ਦੀ ਹੈਕਲ ਨੂੰ ਤਬਾਹ ਕਰ ਦਿੱਤਾ ਅਤੇ ਜ਼ਿਆਦਾਤਰ ਯਹੂਦੀਆਂ ਨੂੰ ਗ਼ੁਲਾਮ ਬਣਾ ਕੇ ਬਾਬਲ ਨੂੰ ਲੈ ਗਈਆਂ।
6. ਯਹੋਵਾਹ ਦੇ ਭਵਿੱਖ-ਸੂਚਕ ਰਾਖੇ ਨੇ ਕਿਹੜੀ ਘਟਨਾ ਦੀ ਖ਼ੁਸ਼ ਖ਼ਬਰੀ ਸੁਣਾਈ ਅਤੇ ਇਹ ਕਦੋਂ ਵਾਪਰੀ ਸੀ?
6 ਝੂਠੇ ਧਰਮ ਦੀ ਕਿੰਨੀ ਵੱਡੀ ਜਿੱਤ! ਪਰ ਬਾਬਲ ਦੀ ਇਹ ਹਕੂਮਤ ਥੋੜ੍ਹੇ ਚਿਰ ਲਈ ਹੀ ਸੀ। ਇਸ ਘਟਨਾ ਤੋਂ ਤਕਰੀਬਨ 200 ਸਾਲ ਪਹਿਲਾਂ ਯਹੋਵਾਹ ਨੇ ਹੁਕਮ ਦਿੱਤਾ ਸੀ: “ਜਾਹ, ਰਾਖਾ ਖੜਾ ਕਰ, ਜੋ ਕੁਝ ਉਹ ਵੇਖੇ ਉਹ ਦੱਸੇ।” ਇਸ ਰਾਖੇ ਨੇ ਕਿਹੜੀ ਖ਼ਬਰ ਸੁਣਾਈ? “ਡਿੱਗ ਪਿਆ, ਬਾਬਲ ਡਿੱਗ ਪਿਆ! ਉਹ ਦੇ ਦੇਵਤਿਆਂ ਦੀਆਂ ਸਾਰੀਆਂ ਮੂਰਤੀਆਂ ਭੁੰਏਂ ਭੱਜੀਆਂ ਪਈਆਂ ਹਨ।” (ਯਸਾਯਾਹ 21:6, 9) ਸਾਲ 539 ਸਾ.ਯੁ.ਪੂ. ਵਿਚ ਇਹ ਭਵਿੱਖ-ਸੂਚਕ ਐਲਾਨ ਸੱਚ ਸਾਬਤ ਹੋਇਆ। ਸ਼ਕਤੀਸ਼ਾਲੀ ਬਾਬਲ ਡਿੱਗ ਪਿਆ ਅਤੇ ਪਰਮੇਸ਼ੁਰ ਦੇ ਨੇਮਬੱਧ ਲੋਕ ਜਲਦੀ ਹੀ ਆਪਣੇ ਦੇਸ਼ ਵਾਪਸ ਚਲੇ ਗਏ।
7. (ੳ) ਯਹੋਵਾਹ ਵੱਲੋਂ ਯਹੂਦੀਆਂ ਨੂੰ ਦਿੱਤੇ ਗਏ ਅਨੁਸ਼ਾਸਨ ਤੋਂ ਉਨ੍ਹਾਂ ਨੇ ਕੀ ਸਿੱਖਿਆ ਸੀ? (ਅ) ਬਾਬਲ ਦੀ ਗ਼ੁਲਾਮੀ ਤੋਂ ਛੁੱਟਣ ਤੋਂ ਬਾਅਦ ਯਹੂਦੀ ਕਿਹੜੇ ਫੰਦਿਆਂ ਵਿਚ ਫਸ ਗਏ ਅਤੇ ਇਸ ਦਾ ਕੀ ਨਤੀਜਾ ਨਿਕਲਿਆ?
7 ਆਪਣੇ ਦੇਸ਼ ਮੁੜ ਰਹੇ ਯਹੂਦੀਆਂ ਦੇ ਖਾਨੇ ਵਿਚ ਇਹ ਗੱਲ ਚੰਗੀ ਤਰ੍ਹਾਂ ਪੈ ਗਈ ਸੀ ਕਿ ਉਨ੍ਹਾਂ ਨੇ ਮੂਰਤੀ-ਪੂਜਾ ਨਹੀਂ ਕਰਨੀ ਸੀ ਅਤੇ ਪ੍ਰੇਤਵਾਦੀ ਧਰਮ ਨੂੰ ਨਹੀਂ ਮੰਨਣਾ ਸੀ। ਪਰ ਸਮੇਂ ਦੇ ਗੁਜ਼ਰਨ ਨਾਲ ਉਹ ਹੋਰ ਦੂਸਰੇ ਫੰਦਿਆਂ ਵਿਚ ਫਸ ਗਏ। ਕੁਝ ਯੂਨਾਨੀ ਫ਼ਲਸਫ਼ੇ ਵਿਚ ਫਸ ਗਏ। ਕਈ ਯਹੂਦੀ ਪਰਮੇਸ਼ੁਰ ਦੇ ਬਚਨ ਦੀ ਬਜਾਇ ਇਨਸਾਨੀ ਰੀਤਾਂ ਨੂੰ ਜ਼ਿਆਦਾ ਮਾਨਤਾ ਦੇਣ ਲੱਗ ਪਏ। ਦੂਸਰੇ ਦੇਸ਼-ਭਗਤੀ ਦੇ ਚੱਕਰਾਂ ਵਿਚ ਪੈ ਗਏ। (ਮਰਕੁਸ 7:13; ਰਸੂਲਾਂ ਦੇ ਕਰਤੱਬ 5:37) ਜਦੋਂ ਯਿਸੂ ਪੈਦਾ ਹੋਇਆ, ਤਾਂ ਉਸ ਵੇਲੇ ਇਸ ਕੌਮ ਨੇ ਸ਼ੁੱਧ ਉਪਾਸਨਾ ਕਰਨੀ ਦੁਬਾਰਾ ਛੱਡ ਦਿੱਤੀ ਸੀ। ਭਾਵੇਂ ਕੁਝ ਯਹੂਦੀਆਂ ਨੇ ਯਿਸੂ ਦੀ ਖ਼ੁਸ਼ ਖ਼ਬਰੀ ਨੂੰ ਸੁਣਿਆ, ਪਰ ਇਕ ਕੌਮ ਦੇ ਤੌਰ ਤੇ ਜ਼ਿਆਦਾਤਰ ਯਹੂਦੀਆਂ ਨੇ ਉਸ ਦਾ ਇਨਕਾਰ ਕੀਤਾ, ਇਸ ਲਈ ਪਰਮੇਸ਼ੁਰ ਨੇ ਵੀ ਉਸ ਕੌਮ ਦਾ ਇਨਕਾਰ ਕੀਤਾ। (ਯੂਹੰਨਾ 1:9-12; ਰਸੂਲਾਂ ਦੇ ਕਰਤੱਬ 2:36) ਇਸਰਾਏਲ ਕੌਮ ਹੁਣ ਪਰਮੇਸ਼ੁਰ ਦੀ ਗਵਾਹ ਨਹੀਂ ਰਹੀ ਸੀ ਅਤੇ ਸਾਲ 70 ਸਾ.ਯੁ. ਵਿਚ ਯਰੂਸ਼ਲਮ ਅਤੇ ਉਸ ਦੀ ਹੈਕਲ ਤਬਾਹ ਕਰ ਦਿੱਤੀ ਗਈ। (ਮੱਤੀ 21:43) ਇਸ ਵਾਰ ਇਹ ਤਬਾਹੀ ਰੋਮੀ ਫ਼ੌਜਾਂ ਨੇ ਕੀਤੀ।
8. ਕੌਣ ਯਹੋਵਾਹ ਦਾ ਗਵਾਹ ਬਣਿਆ ਅਤੇ ਪੌਲੁਸ ਨੇ ਇਸ ਗਵਾਹ ਨੂੰ ਕਿਉਂ ਚੇਤਾਵਨੀ ਦਿੱਤੀ?
8 ਇਸ ਦੌਰਾਨ “ਪਰਮੇਸ਼ੁਰ ਦੇ” ਮਸੀਹੀ “ਇਸਰਾਏਲ” ਦਾ ਜਨਮ ਹੋ ਚੁੱਕਾ ਸੀ ਅਤੇ ਹੁਣ ਇਹ ਪਰਮੇਸ਼ੁਰ ਵੱਲੋਂ ਲੋਕਾਂ ਨੂੰ ਗਵਾਹੀ ਦਿੰਦਾ ਸੀ। (ਗਲਾਤੀਆਂ 6:16) ਜਲਦੀ ਹੀ ਸ਼ਤਾਨ ਨੇ ਇਸ ਨਵੀਂ ਅਧਿਆਤਮਿਕ ਕੌਮ ਨੂੰ ਭ੍ਰਿਸ਼ਟ ਕਰਨ ਦੀ ਯੋਜਨਾ ਬਣਾਈ। ਪਹਿਲੀ ਸਦੀ ਦੇ ਅਖ਼ੀਰ ਤਕ ਕਲੀਸਿਯਾ ਵਿਚ ਫ਼ਿਰਕੂ ਪ੍ਰਭਾਵ ਨਜ਼ਰ ਆਉਣ ਲੱਗ ਪਿਆ ਸੀ। (ਪਰਕਾਸ਼ ਦੀ ਪੋਥੀ 2:6, 14, 20) ਪੌਲੁਸ ਨੇ ਸਹੀ ਸਮੇਂ ਤੇ ਚੇਤਾਵਨੀ ਦਿੱਤੀ: “ਵੇਖਣਾ ਕਿਤੇ ਕੋਈ ਆਪਣੀ ਫ਼ੈਲਸੂਫ਼ੀ ਅਤੇ ਲਾਗ ਲਪੇਟ ਨਾਲ ਤੁਹਾਨੂੰ ਲੁੱਟ ਨਾ ਲਵੇ ਜੋ ਮਨੁੱਖਾਂ ਦੀਆਂ ਰੀਤਾਂ ਅਤੇ ਸੰਸਾਰ ਦੀਆਂ ਮੂਲ ਗੱਲਾਂ ਦੇ ਅਨੁਸਾਰ ਹਨ ਪਰ ਮਸੀਹ ਦੇ ਅਨੁਸਾਰ ਨਹੀਂ।”—ਕੁਲੁੱਸੀਆਂ 2:8.
9. ਜਿਵੇਂ ਪੌਲੁਸ ਨੇ ਚੇਤਾਵਨੀ ਦਿੱਤੀ ਸੀ, ਕਿਹੜੀਆਂ ਗੱਲਾਂ ਕਰਕੇ ਈਸਾਈ-ਜਗਤ ਦਾ ਜਨਮ ਹੋਇਆ?
9 ਅਖ਼ੀਰ ਯੂਨਾਨੀ ਫ਼ਲਸਫ਼ੇ ਨੇ, ਬਾਬਲੀ ਧਾਰਮਿਕ ਵਿਚਾਰਾਂ ਨੇ ਅਤੇ ਬਾਅਦ ਵਿਚ ਇਨਸਾਨੀ “ਬੁੱਧ,” ਜਿਵੇਂ ਕਿ ਵਿਕਾਸਵਾਦ ਦਾ ਸਿਧਾਂਤ ਅਤੇ ਬਾਈਬਲ ਦੀ ਸਮਾਲੋਚਨਾ ਕਰਨ ਵਾਲੇ ਵਿਦਵਾਨਾਂ ਦੇ ਵਿਚਾਰਾਂ ਨੇ ਮਸੀਹੀ ਕਹਾਉਣ ਵਾਲੇ ਬਹੁਤ ਸਾਰੇ ਲੋਕਾਂ ਦੇ ਧਰਮ ਨੂੰ ਭ੍ਰਿਸ਼ਟ ਕਰ ਦਿੱਤਾ। ਜਿਵੇਂ ਪੌਲੁਸ ਨੇ ਭਵਿੱਖਬਾਣੀ ਕੀਤੀ ਸੀ ਉਸੇ ਤਰ੍ਹਾਂ ਹੀ ਹੋਇਆ: “ਮੈਂ ਜਾਣਦਾ ਹਾਂ ਜੋ ਮੇਰੇ ਜਾਣ ਦੇ ਪਿੱਛੋਂ ਬੁਰੇ ਬੁਰੇ ਬਘਿਆੜ ਤੁਹਾਡੇ ਵਿੱਚ ਆ ਵੜਨਗੇ ਜੋ ਇੱਜੜ ਨੂੰ ਨਾ ਛੱਡਣਗੇ। ਅਤੇ ਤੁਹਾਡੇ ਆਪਣੇ ਹੀ ਵਿੱਚੋਂ ਕਈ ਪੁਰਸ਼ ਖੜੇ ਹੋਣਗੇ ਜਿਹੜੇ ਉਲਟੀਆਂ ਗੱਲਾਂ ਕਰਨਗੇ ਭਈ ਚੇਲਿਆਂ ਨੂੰ ਆਪਣੀ ਵੱਲ ਖਿੱਚ ਲੈ ਜਾਣ।” (ਰਸੂਲਾਂ ਦੇ ਕਰਤੱਬ 20:29, 30) ਇਸ ਧਰਮ-ਤਿਆਗ ਕਰਕੇ ਹੀ ਈਸਾਈ-ਜਗਤ ਦਾ ਜਨਮ ਹੋਇਆ।
10. ਕਿਹੜੀਆਂ ਗੱਲਾਂ ਤੋਂ ਇਹ ਸਾਫ਼ ਜ਼ਾਹਰ ਹੋਇਆ ਕਿ ਹਰੇਕ ਨੇ ਈਸਾਈ-ਜਗਤ ਵਿਚ ਕੀਤੀ ਜਾਂਦੀ ਝੂਠੀ ਉਪਾਸਨਾ ਨੂੰ ਸਵੀਕਾਰ ਨਹੀਂ ਕੀਤਾ ਸੀ?
10 ਜਿਹੜੇ ਪੂਰੇ ਦਿਲ ਨਾਲ ਸ਼ੁੱਧ ਉਪਾਸਨਾ ਕਰਦੇ ਸਨ, ਉਨ੍ਹਾਂ ਨੂੰ “ਓਸ ਨਿਹਚਾ ਦੇ ਲਈ ਜਿਹੜੀ ਇੱਕੋ ਹੀ ਵਾਰ ਸੰਤਾਂ ਨੂੰ ਸੌਂਪੀ ਗਈ ਸੀ,” ਵੱਡਾ ‘ਜਤਨ ਕਰਨਾ ਪਿਆ।’ (ਯਹੂਦਾਹ 3) ਕੀ ਸ਼ੁੱਧ ਉਪਾਸਨਾ ਦੀ ਅਤੇ ਯਹੋਵਾਹ ਦੀ ਗਵਾਹੀ ਦੇਣ ਵਾਲੇ ਲੋਕ ਧਰਤੀ ਉੱਤੋਂ ਮਿੱਟ ਜਾਂਦੇ? ਨਹੀਂ। ਜਿੱਦਾਂ-ਜਿੱਦਾਂ ਬਾਗ਼ੀ ਸ਼ਤਾਨ ਅਤੇ ਉਸ ਦੇ ਸਾਰੇ ਕੰਮਾਂ ਦੇ ਨਾਸ਼ ਹੋਣ ਦਾ ਸਮਾਂ ਨੇੜੇ ਆਉਂਦਾ ਗਿਆ, ਇਹ ਗੱਲ ਸਾਫ਼ ਜ਼ਾਹਰ ਹੋ ਗਈ ਕਿ ਹਰੇਕ ਨੇ ਈਸਾਈ-ਜਗਤ ਵਿਚ ਕੀਤੀ ਜਾਂਦੀ ਗ਼ਲਤ ਉਪਾਸਨਾ ਨੂੰ ਸਵੀਕਾਰ ਨਹੀਂ ਕੀਤਾ ਸੀ। ਉੱਨੀਵੀਂ ਸਦੀ ਦੇ ਅਖ਼ੀਰ ਵਿਚ ਪਿਟਸਬਰਗ, ਪੈਨਸਿਲਵੇਨੀਆ, ਯੂ.ਐੱਸ.ਏ. ਵਿਚ ਕੁਝ ਵਿਅਕਤੀਆਂ ਨੇ ਬਾਈਬਲ ਦਾ ਲਗਨ ਨਾਲ ਅਧਿਐਨ ਕਰਨ ਲਈ ਇਕ ਸਮੂਹ ਬਣਾਇਆ ਜੋ ਅੱਜ ਦੇ ਪਰਮੇਸ਼ੁਰ ਦੇ ਗਵਾਹਾਂ ਦੇ ਮੋਢੀ ਸਨ। ਇਨ੍ਹਾਂ ਮਸੀਹੀਆਂ ਨੇ ਬਾਈਬਲ ਵਿਚ ਦਿੱਤੇ ਗਏ ਸਬੂਤਾਂ ਵੱਲ ਧਿਆਨ ਦਿਵਾਉਂਦੇ ਹੋਏ ਦਿਖਾਇਆ ਕਿ ਮੌਜੂਦਾ ਰੀਤੀ-ਵਿਵਸਥਾ ਦਾ ਅੰਤ ਬਹੁਤ ਹੀ ਨੇੜੇ ਹੈ। ਬਾਈਬਲ ਦੀ ਭਵਿੱਖਬਾਣੀ ਦੀ ਪੂਰਤੀ ਦੇ ਮੁਤਾਬਕ ਇਸ ਸੰਸਾਰ ਦਾ “ਅੰਤ” 1914 ਵਿਚ ਸ਼ੁਰੂ ਹੋਇਆ, ਜਦੋਂ ਪਹਿਲਾ ਵਿਸ਼ਵ ਯੁੱਧ ਹੋਇਆ ਸੀ। (ਮੱਤੀ 24:3, 7) ਸਬੂਤ ਦਿਖਾਉਂਦਾ ਹੈ ਕਿ ਸ਼ਤਾਨ ਅਤੇ ਉਸ ਦੇ ਪਿਸ਼ਾਚਾਂ ਨੂੰ ਉਸ ਸਾਲ ਤੋਂ ਬਾਅਦ ਸਵਰਗ ਵਿੱਚੋਂ ਕੱਢ ਦਿੱਤਾ ਗਿਆ। ਸਮੱਸਿਆਵਾਂ ਭਰੀ 20ਵੀਂ ਸਦੀ ਸ਼ਤਾਨ ਦੀਆਂ ਸਰਗਰਮੀਆਂ ਦਾ ਅਤੇ ਸਵਰਗੀ ਰਾਜ-ਸੱਤਾ ਵਿਚ ਯਿਸੂ ਦੀ ਬਾਦਸ਼ਾਹੀ ਮੌਜੂਦਗੀ ਦੇ ਲੱਛਣ ਦੀ ਸ਼ਾਨਦਾਰ ਪੂਰਤੀ ਦਾ ਪੱਕਾ ਸਬੂਤ ਦਿੰਦੀ ਹੈ।—ਮੱਤੀ, ਅਧਿਆਇ 24 ਅਤੇ 25; ਮਰਕੁਸ, ਅਧਿਆਇ 13; ਲੂਕਾ, ਅਧਿਆਇ 21; ਪਰਕਾਸ਼ ਦੀ ਪੋਥੀ 12:10, 12.
11. ਸ਼ਤਾਨ ਨੇ ਕੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਕੋਸ਼ਿਸ਼ ਕਿਉਂ ਨਾਕਾਮਯਾਬ ਰਹੀ?
11 ਜੂਨ 1918 ਵਿਚ ਸ਼ਤਾਨ ਨੇ ਗੁੱਸੇ ਵਿਚ ਪਾਗਲ ਹੋ ਕੇ ਉਨ੍ਹਾਂ ਬਾਈਬਲ ਵਿਦਿਆਰਥੀਆਂ ਨੂੰ ਮਿਟਾ ਦੇਣ ਦੀ ਕੋਸ਼ਿਸ਼ ਕੀਤੀ ਜੋ ਉਸ ਸਮੇਂ ਤਕ ਕਈ ਦੇਸ਼ਾਂ ਵਿਚ ਪ੍ਰਚਾਰ ਕਰ ਰਹੇ ਸਨ। ਉਸ ਨੇ ਉਨ੍ਹਾਂ ਦੀ ਕਾਨੂੰਨੀ ਕਾਰਪੋਰੇਸ਼ਨ, ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ, ਨੂੰ ਵੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਸੋਸਾਇਟੀ ਦੇ ਮੁੱਖ ਮੈਂਬਰਾਂ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। ਉਨ੍ਹਾਂ ਤੇ ਦੇਸ਼ਧਰੋਹੀ ਹੋਣ ਦਾ ਝੂਠਾ ਦੋਸ਼ ਲਾਇਆ ਗਿਆ, ਜਿਵੇਂ ਪਹਿਲੀ ਸਦੀ ਵਿਚ ਯਿਸੂ ਉੱਤੇ ਲਾਇਆ ਗਿਆ ਸੀ। (ਲੂਕਾ 23:2) ਪਰ 1919 ਵਿਚ ਇਨ੍ਹਾਂ ਨੂੰ ਛੱਡ ਦਿੱਤਾ ਗਿਆ ਅਤੇ ਉਹ ਆਪਣੀ ਸੇਵਕਾਈ ਜਾਰੀ ਰੱਖ ਸਕੇ। ਬਾਅਦ ਵਿਚ ਉਨ੍ਹਾਂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ।
ਇਕ ਚੌਕਸ “ਰਾਖਾ”
12. ਅੱਜ ਯਹੋਵਾਹ ਕਿਨ੍ਹਾਂ ਨੂੰ ਰਾਖੇ ਦੇ ਤੌਰ ਤੇ ਇਸਤੇਮਾਲ ਕਰਦਾ ਹੈ ਅਤੇ ਉਨ੍ਹਾਂ ਦਾ ਰਵੱਈਆ ਕਿਸ ਤਰ੍ਹਾਂ ਦਾ ਹੈ?
12 ਇਸ ਲਈ, ਜਦੋਂ ‘ਓੜਕ ਦਾ ਸਮਾਂ’ ਸ਼ੁਰੂ ਹੋਇਆ, ਤਾਂ ਇਕ ਵਾਰ ਫਿਰ ਯਹੋਵਾਹ ਦਾ ਰਾਖਾ ਉਸ ਦੇ ਮਕਸਦਾਂ ਦੀ ਪੂਰਤੀ ਦੇ ਸੰਬੰਧ ਵਿਚ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਲੋਕਾਂ ਨੂੰ ਚੌਕਸ ਕਰ ਰਿਹਾ ਸੀ। (ਦਾਨੀਏਲ 12:4; 2 ਤਿਮੋਥਿਉਸ 3:1) ਅੱਜ ਤਕ ਇਹ ਰਾਖਾ ਵਰਗ—ਮਸਹ ਕੀਤੇ ਹੋਏ ਮਸੀਹੀ, ਪਰਮੇਸ਼ੁਰ ਦਾ ਇਸਰਾਏਲ—ਯਸਾਯਾਹ ਨਬੀ ਦੁਆਰਾ ਦੱਸੇ ਗਏ ਭਵਿੱਖ-ਸੂਚਕ ਰਾਖੇ ਵਾਂਗ ਕੰਮ ਕਰਦਾ ਆਇਆ ਹੈ: ‘ਉਸ ਨੇ ਵੱਡੇ ਗੌਹ ਨਾਲ ਗੌਹ ਕੀਤਾ! ਉਹ ਨੇ ਸ਼ੇਰ ਬਬਰ ਵਾਂਙੁ ਪੁਕਾਰਿਆ, ਹੇ ਪ੍ਰਭੁ, ਮੈਂ ਪਹਿਰੇ ਦੇ ਬੁਰਜ ਉੱਤੇ ਸਾਰਾ ਦਿਨ ਖਲੋਤਾ ਰਹਿੰਦਾ ਹਾਂ, ਅਤੇ ਰਾਤਾਂ ਦੀਆਂ ਰਾਤਾਂ ਆਪਣੇ ਪਹਿਰੇ ਉੱਤੇ ਟਿਕਿਆ ਰਹਿੰਦਾ ਹਾਂ।’ (ਯਸਾਯਾਹ 21:7, 8) ਇਹ ਰਾਖਾ ਆਪਣਾ ਕੰਮ ਬਹੁਤ ਧਿਆਨ ਨਾਲ ਕਰਦਾ ਹੈ!
13. (ੳ) ਯਹੋਵਾਹ ਦੇ ਰਾਖੇ ਨੇ ਕਿਹੜਾ ਸੰਦੇਸ਼ ਸੁਣਾਇਆ? (ਅ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਵੱਡੀ ਬਾਬੁਲ ਡਿੱਗ ਪਈ ਹੈ?
13 ਇਸ ਰਾਖੇ ਨੇ ਕੀ ਦੇਖਿਆ? ਯਹੋਵਾਹ ਦੇ ਰਾਖੇ, ਉਸ ਦੇ ਗਵਾਹ ਵਰਗ ਨੇ ਦੁਬਾਰਾ ਐਲਾਨ ਕੀਤਾ: “ਡਿੱਗ ਪਿਆ, ਬਾਬਲ ਡਿੱਗ ਪਿਆ! ਉਹ ਦੇ ਦੇਵਤਿਆਂ ਦੀਆਂ ਸਾਰੀਆਂ ਮੂਰਤੀਆਂ ਭੁੰਏਂ ਭੱਜੀਆਂ ਪਈਆਂ ਹਨ।” (ਯਸਾਯਾਹ 21:9) ਇਸ ਵਾਰ, ਵੱਡੀ ਬਾਬੁਲ, ਝੂਠੇ ਧਰਮ ਦਾ ਵਿਸ਼ਵ ਸਾਮਰਾਜ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਆਪਣੀ ਹਕੂਮਤ ਦੀ ਉੱਚਾਈ ਤੋਂ ਜ਼ਮੀਨ ਤੇ ਆ ਡਿੱਗਿਆ। (ਯਿਰਮਿਯਾਹ 50:1-3; ਪਰਕਾਸ਼ ਦੀ ਪੋਥੀ 14:8) ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ। ਮਹਾਂ ਯੁੱਧ ਕਹਾਉਣ ਵਾਲਾ ਪਹਿਲਾ ਵਿਸ਼ਵ ਯੁੱਧ ਈਸਾਈ-ਜਗਤ ਵਿਚ ਸ਼ੁਰੂ ਹੋਇਆ ਸੀ ਅਤੇ ਦੋਵੇਂ ਪਾਸਿਆਂ ਦੇ ਪਾਦਰੀਆਂ ਨੇ ਆਪਣੇ ਨੌਜਵਾਨਾਂ ਨੂੰ ਲੜਾਈ ਵਿਚ ਘੱਲ ਕੇ ਬਲਦੀ ਤੇ ਤੇਲ ਪਾਇਆ ਸੀ। ਕਿੰਨੀ ਸ਼ਰਮ ਦੀ ਗੱਲ ਹੈ! ਸਾਲ 1919 ਵਿਚ ਵੱਡੀ ਬਾਬੁਲ, ਬਾਈਬਲ ਸਟੂਡੈਂਟਸ ਨੂੰ, ਜਿਨ੍ਹਾਂ ਨੂੰ ਹੁਣ ਯਹੋਵਾਹ ਦੇ ਗਵਾਹ ਕਿਹਾ ਜਾਂਦਾ ਹੈ, ਆਪਣੇ ਬੰਦ ਪਏ ਕੰਮ ਨੂੰ ਫਿਰ ਤੋਂ ਸ਼ੁਰੂ ਕਰਨ ਅਤੇ ਪੂਰੀ ਦੁਨੀਆਂ ਵਿਚ ਗਵਾਹੀ ਦੇਣ ਦੀ ਮੁਹਿੰਮ ਚਲਾਉਣ ਤੋਂ ਨਹੀਂ ਰੋਕ ਸਕੀ, ਜੋ ਅਜੇ ਵੀ ਚੱਲ ਰਹੀ ਹੈ। (ਮੱਤੀ 24:14) ਇਸ ਨੇ ਵੱਡੀ ਬਾਬਲ ਦੇ ਡਿੱਗਣ ਦਾ ਸੰਕੇਤ ਦਿੱਤਾ, ਠੀਕ ਜਿਵੇਂ ਛੇਵੀਂ ਸਦੀ ਸਾ.ਯੁ.ਪੂ. ਵਿਚ ਇਸਰਾਏਲੀਆਂ ਦੀ ਰਿਹਾਈ ਨੇ ਪ੍ਰਾਚੀਨ ਬਾਬਲ ਦੇ ਡਿੱਗਣ ਦਾ ਸੰਕੇਤ ਦਿੱਤਾ ਸੀ।
14. ਯਹੋਵਾਹ ਦੇ ਰਾਖਾ ਵਰਗ ਨੇ ਕਿਹੜੇ ਰਸਾਲੇ ਨੂੰ ਮੁੱਖ ਤੌਰ ਤੇ ਇਸਤੇਮਾਲ ਕੀਤਾ ਹੈ ਅਤੇ ਯਹੋਵਾਹ ਨੇ ਇਸ ਦੀ ਵੰਡਾਈ ਤੇ ਕਿਵੇਂ ਬਰਕਤ ਦਿੱਤੀ ਹੈ?
14 ਇਸ ਰਾਖਾ ਵਰਗ ਨੇ ਹਮੇਸ਼ਾ ਸਹੀ ਕੰਮ ਕਰਨ ਦੀ ਮਜ਼ਬੂਤ ਇੱਛਾ ਨਾਲ ਅਤੇ ਜੋਸ਼ ਨਾਲ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ ਹੈ। ਜੁਲਾਈ 1879 ਵਿਚ ਬਾਈਬਲ ਸਟੂਡੈਂਟਸ ਨੇ ਇਸ ਰਸਾਲੇ ਨੂੰ ਛਾਪਣਾ ਸ਼ੁਰੂ ਕੀਤਾ ਅਤੇ ਉਸ ਵੇਲੇ ਇਸ ਦਾ ਨਾਂ ਸੀ ਜ਼ਾਇਨਜ਼ ਵਾਚ ਟਾਵਰ ਐਂਡ ਹੈਰਲਡ ਆਫ਼ ਕ੍ਰਾਈਸਟਜ਼ ਪ੍ਰੈਜ਼ੈਂਸ। ਸਾਲ 1879 ਤੋਂ ਲੈ ਕੇ 15 ਦਸੰਬਰ 1938 ਦੇ ਅੰਕ ਤਕ, ਇਸ ਰਸਾਲੇ ਦੇ ਹਰੇਕ ਅੰਕ ਦੇ ਪਹਿਲੇ ਸਫ਼ੇ ਤੇ ਇਹ ਸ਼ਬਦ ਛਪੇ ਹੁੰਦੇ ਸਨ, “‘ਹੇ ਰਾਖੇ, ਰਾਤ ਦੀ ਕੀ ਖਬਰ ਹੈ?’—ਯਸਾਯਾਹ 21:11.”a ਪਹਿਰਾਬੁਰਜ ਰਸਾਲੇ ਨੇ 120 ਸਾਲਾਂ ਤੋਂ ਸੰਸਾਰ ਵਿਚ ਵਾਪਰ ਰਹੀਆਂ ਘਟਨਾਵਾਂ ਉੱਤੇ ਅਤੇ ਇਨ੍ਹਾਂ ਦੇ ਭਵਿੱਖ-ਸੂਚਕ ਅਰਥ ਉੱਤੇ ਨਿਗਾਹ ਰੱਖੀ ਹੈ। (2 ਤਿਮੋਥਿਉਸ 3:1-5, 13) ਪਰਮੇਸ਼ੁਰ ਦੇ ਰਾਖਾ ਵਰਗ ਅਤੇ ਉਸ ਦੇ ਸਾਥੀਆਂ ਅਰਥਾਤ ‘ਹੋਰ ਭੇਡਾਂ’ ਨੇ ਇਸ ਰਸਾਲੇ ਦੀ ਮਦਦ ਨਾਲ ਲੋਕਾਂ ਨੂੰ ਪੂਰੇ ਜੋਸ਼ ਨਾਲ ਇਹ ਐਲਾਨ ਕੀਤਾ ਹੈ ਕਿ ਮਸੀਹ ਦੇ ਰਾਜ ਦੁਆਰਾ ਯਹੋਵਾਹ ਦੀ ਸਰਬਸੱਤਾ ਦਾ ਦੋਸ਼-ਨਿਵਾਰਣ ਜਲਦੀ ਹੀ ਹੋਣ ਵਾਲਾ ਹੈ। (ਯੂਹੰਨਾ 10:16) ਕੀ ਯਹੋਵਾਹ ਨੇ ਪਹਿਰਾਬੁਰਜ ਰਸਾਲੇ ਨੂੰ ਬਰਕਤ ਦਿੱਤੀ ਹੈ? ਸਾਲ 1879 ਵਿਚ ਇਸ ਰਸਾਲੇ ਦੇ ਪਹਿਲੇ ਅੰਕ ਦੀਆਂ 6,000 ਕਾਪੀਆਂ ਛਪੀਆਂ ਸਨ, ਪਰ ਅੱਜ ਪੂਰੇ ਸੰਸਾਰ ਵਿਚ 132 ਭਾਸ਼ਾਵਾਂ ਵਿਚ 2,20,00,000 ਤੋਂ ਜ਼ਿਆਦਾ ਕਾਪੀਆਂ ਵੰਡੀਆਂ ਜਾਂਦੀਆਂ ਹਨ। 121 ਭਾਸ਼ਾਵਾਂ ਵਿਚ ਇਹ ਰਸਾਲਾ ਇੱਕੋ ਸਮੇਂ ਤੇ ਛਾਪਿਆ ਜਾਂਦਾ ਹੈ। ਇਹ ਕਿੰਨਾ ਢੁਕਵਾਂ ਹੈ ਕਿ ਦੁਨੀਆਂ ਵਿਚ ਸਭ ਤੋਂ ਜ਼ਿਆਦਾ ਵੰਡਿਆ ਜਾਣ ਵਾਲਾ ਰਸਾਲਾ ਸੱਚੇ ਪਰਮੇਸ਼ੁਰ, ਯਹੋਵਾਹ ਦੇ ਨਾਂ ਦੀ ਮਹਿਮਾ ਕਰੇ!
ਹੌਲੀ-ਹੌਲੀ ਸ਼ੁੱਧ ਕੀਤੇ ਗਏ
15. ਸਾਲ 1914 ਤੋਂ ਵੀ ਪਹਿਲਾਂ ਬਾਈਬਲ ਸਟੂਡੈਂਟਸ ਨੂੰ ਕਿਵੇਂ ਹੌਲੀ-ਹੌਲੀ ਸ਼ੁੱਧ ਕੀਤਾ ਗਿਆ?
15 ਸਾਲ 1914 ਵਿਚ ਮਸੀਹ ਦੇ ਸਵਰਗੀ ਰਾਜ ਦੇ ਸ਼ੁਰੂ ਹੋਣ ਤੋਂ ਪਹਿਲਾਂ ਤਕਰੀਬਨ 40 ਸਾਲਾਂ ਦੌਰਾਨ ਬਾਈਬਲ ਸਟੂਡੈਂਟਸ ਈਸਾਈ-ਜਗਤ ਦੀਆਂ ਬਹੁਤ ਸਾਰੀਆਂ ਸਿੱਖਿਆਵਾਂ ਤੋਂ ਆਜ਼ਾਦ ਕੀਤੇ ਗਏ ਸਨ ਜੋ ਬਾਈਬਲ ਵਿਚ ਨਹੀਂ ਦਿੱਤੀਆਂ ਗਈਆਂ ਸਨ, ਜਿਵੇਂ ਕਿ ਨਿਆਣਿਆਂ ਨੂੰ ਬਪਤਿਸਮਾ ਦੇਣਾ, ਮਨੁੱਖੀ ਆਤਮਾ ਦੀ ਅਮਰਤਾ ਦੀ ਸਿੱਖਿਆ, ਸੋਧਣ-ਸਥਾਨ ਦੀ ਸਿੱਖਿਆ, ਨਰਕ ਵਿਚ ਤਸੀਹੇ ਦਿੱਤੇ ਜਾਣ ਦੀ ਸਿੱਖਿਆ ਅਤੇ ਤ੍ਰਿਏਕ ਦੀ ਸਿੱਖਿਆ। ਪਰ ਸਾਰੇ ਗ਼ਲਤ ਵਿਚਾਰਾਂ ਤੋਂ ਆਜ਼ਾਦ ਹੋਣ ਲਈ ਥੋੜ੍ਹਾ ਹੋਰ ਸਮਾਂ ਲੱਗਾ। ਉਦਾਹਰਣ ਲਈ 1920 ਦੇ ਦਹਾਕੇ ਵਿਚ ਬਹੁਤ ਸਾਰੇ ਬਾਈਬਲ ਸਟੂਡੈਂਟਸ ਇਕ ਬ੍ਰੋਚ ਲਾਉਂਦੇ ਸਨ ਜਿਸ ਉੱਤੇ ਸਲੀਬ ਅਤੇ ਮੁਕਟ ਬਣਿਆ ਹੁੰਦਾ ਸੀ ਅਤੇ ਉਹ ਕ੍ਰਿਸਮਸ ਤੇ ਦੂਸਰੇ ਤਿਉਹਾਰ ਵੀ ਮਨਾਉਂਦੇ ਸਨ। ਪਰ ਉਪਾਸਨਾ ਨੂੰ ਸ਼ੁੱਧ ਹੋਣ ਲਈ ਹਰ ਤਰ੍ਹਾਂ ਦੀ ਮੂਰਤੀ-ਪੂਜਾ ਨੂੰ ਤਿਆਗਣਾ ਜ਼ਰੂਰੀ ਸੀ। ਪਰਮੇਸ਼ੁਰ ਦਾ ਬਚਨ, ਪਵਿੱਤਰ ਬਾਈਬਲ ਹੀ ਮਸੀਹੀ ਨਿਹਚਾ ਅਤੇ ਮਸੀਹੀ ਰਹਿਣੀ-ਬਹਿਣੀ ਦਾ ਇੱਕੋ-ਇਕ ਆਧਾਰ ਹੋਣੀ ਚਾਹੀਦੀ ਹੈ। (ਯਸਾਯਾਹ 8:19, 20; ਰੋਮੀਆਂ 15:4) ਪਰਮੇਸ਼ੁਰ ਦੇ ਬਚਨ ਵਿਚ ਕੁਝ ਵਾਧਾ ਕਰਨਾ ਜਾਂ ਉਸ ਵਿੱਚੋਂ ਕੁਝ ਮਿਟਾਉਣਾ ਗ਼ਲਤ ਹੈ।—ਬਿਵਸਥਾ ਸਾਰ 4:2; ਪਰਕਾਸ਼ ਦੀ ਪੋਥੀ 22:18, 19.
16, 17. (ੳ) ਕਈ ਦਹਾਕਿਆਂ ਤਕ ਰਾਖਾ ਵਰਗ ਦੇ ਮਨ ਵਿਚ ਕਿਹੜਾ ਗ਼ਲਤ ਵਿਚਾਰ ਰਿਹਾ? (ਅ) “ਮਿਸਰ” ਵਿਚ “ਜਗਵੇਦੀ” ਅਤੇ “ਥੰਮ੍ਹ” ਦੀ ਸਹੀ ਵਿਆਖਿਆ ਕੀ ਹੈ?
16 ਇਕ ਉਦਾਹਰਣ ਇਸ ਸਿਧਾਂਤ ਦੀ ਮਹੱਤਤਾ ਉੱਤੇ ਜ਼ੋਰ ਦਿੰਦੀ ਹੈ। ਸਾਲ 1886 ਵਿਚ ਸੀ. ਟੀ. ਰਸਲ ਨੇ ਯੁਗਾਂ ਦੀ ਈਸ਼ਵਰੀ ਜੁਗਤੀ (ਅੰਗ੍ਰੇਜ਼ੀ) ਨਾਮਕ ਕਿਤਾਬ ਛਾਪੀ। ਇਸ ਖੰਡ ਵਿਚ ਇਕ ਚਾਰਟ ਦਿੱਤਾ ਗਿਆ ਸੀ ਜਿਸ ਵਿਚ ਮਨੁੱਖਜਾਤੀ ਦੇ ਯੁਗਾਂ ਵਿਚ ਅਤੇ ਮਿਸਰ ਦੇ ਇਕ ਵਿਸ਼ਾਲ ਪਿਰਾਮਿਡ ਵਿਚ ਸੰਬੰਧ ਦੱਸਿਆ ਗਿਆ ਸੀ। ਇਹ ਸੋਚਿਆ ਜਾਂਦਾ ਸੀ ਕਿ ਫ਼ਿਰਊਨ ਕੂਫੂ ਦਾ ਮਕਬਰਾ ਹੀ ਯਸਾਯਾਹ 19:19, 20 ਵਿਚ ਜ਼ਿਕਰ ਕੀਤਾ ਗਿਆ ਥੰਮ੍ਹ ਸੀ: “ਓਸ ਦਿਨ ਮਿਸਰ ਦੇਸ ਦੇ ਵਿੱਚਕਾਰ ਯਹੋਵਾਹ ਲਈ ਇੱਕ ਜਗਵੇਦੀ ਹੋਵੇਗੀ ਅਤੇ ਉਹ ਦੀ ਹੱਦ ਕੋਲ ਯਹੋਵਾਹ ਲਈ ਇੱਕ ਥੰਮ੍ਹ ਹੋਵੇਗਾ। ਉਹ ਮਿਸਰ ਦੇਸ ਵਿੱਚ ਸੈਨਾਂ ਦੇ ਯਹੋਵਾਹ ਲਈ ਇੱਕ ਨਿਸ਼ਾਨ ਅਤੇ ਇੱਕ ਗਵਾਹ ਹੋਵੇਗਾ।” ਇਸ ਪਿਰਾਮਿਡ ਦਾ ਬਾਈਬਲ ਨਾਲ ਕੀ ਸੰਬੰਧ ਹੋ ਸਕਦਾ ਹੈ? ਉਦਾਹਰਣ ਲਈ ਇਹ ਮੰਨਿਆ ਜਾਂਦਾ ਸੀ ਕਿ ਇਸ ਵਿਸ਼ਾਲ ਪਿਰਾਮਿਡ ਦੇ ਕੁਝ ਲਾਂਘਿਆਂ ਦੀ ਲੰਬਾਈ, ਮੱਤੀ 24:21 ਵਿਚ ਦੱਸੇ ਗਏ ‘ਵੱਡੇ ਕਸ਼ਟ’ ਦੇ ਸ਼ੁਰੂ ਹੋਣ ਦੇ ਸਮੇਂ ਦਾ ਸੰਕੇਤ ਦਿੰਦੀ ਹੈ। ਬਹੁਤ ਸਾਰੀਆਂ ਗੱਲਾਂ ਬਾਰੇ ਜਾਣਨ ਲਈ ਜਿਵੇਂ ਕਿ ਉਹ ਕਿਹੜੇ ਦਿਨ ਸਵਰਗ ਜਾਣਗੇ, ਬਾਈਬਲ ਸਟੂਡੈਂਟਸ ਪਿਰਾਮਿਡ ਦੇ ਵੱਖ-ਵੱਖ ਹਿੱਸਿਆਂ ਨੂੰ ਮਿਣਨ ਵਿਚ ਹੀ ਲੱਗੇ ਰਹੇ।
17 ਕਈ ਦਹਾਕਿਆਂ ਤਕ ਇਸ ਪਿਰਾਮਿਡ ਨੂੰ ਬਹੁਤ ਅਹਿਮੀਅਤ ਦਿੱਤੀ ਗਈ। ਪਰ 15 ਨਵੰਬਰ ਅਤੇ 1 ਦਸੰਬਰ 1928 (ਅੰਗ੍ਰੇਜ਼ੀ) ਦੇ ਪਹਿਰਾਬੁਰਜ ਨੇ ਇਹ ਸਪੱਸ਼ਟ ਕੀਤਾ ਕਿ ਬਾਈਬਲ ਵਿਚ ਦਿੱਤੀ ਗਈ ਗਵਾਹੀ ਦੀ ਪੁਸ਼ਟੀ ਕਰਨ ਲਈ ਯਹੋਵਾਹ ਨੂੰ ਮੂਰਤੀ-ਪੂਜਕ ਫ਼ਿਰਊਨ ਦੁਆਰਾ ਬਣਾਏ ਗਏ ਪੱਥਰ ਦੇ ਮਕਬਰੇ ਦੀ ਲੋੜ ਨਹੀਂ ਸੀ ਜਿਸ ਵਿਚ ਜੋਤਸ਼-ਵਿੱਦਿਆ ਦੇ ਪ੍ਰੇਤਵਾਦੀ ਚਿੰਨ੍ਹ ਪਾਏ ਜਾਂਦੇ ਹਨ। ਇਸ ਦੀ ਬਜਾਇ ਯਸਾਯਾਹ ਦੀ ਭਵਿੱਖਬਾਣੀ ਦਾ ਅਧਿਆਤਮਿਕ ਅਰਥ ਸੀ। ਪਰਕਾਸ਼ ਦੀ ਪੋਥੀ 11:8 ਦੀ ਤਰ੍ਹਾਂ, ਇੱਥੇ ਵੀ ਸ਼ਤਾਨ ਦੇ ਸੰਸਾਰ ਨੂੰ ਲਾਖਣਿਕ ਭਾਸ਼ਾ ਵਿਚ “ਮਿਸਰ” ਕਿਹਾ ਗਿਆ ਹੈ। “ਯਹੋਵਾਹ ਲਈ ਇੱਕ ਜਗਵੇਦੀ” ਮਸਹ ਕੀਤੇ ਹੋਏ ਮਸੀਹੀਆਂ ਦੁਆਰਾ ਉਸ ਸਮੇਂ ਦੌਰਾਨ ਚੜ੍ਹਾਏ ਗਏ ਮਨਭਾਉਂਦੇ ਬਲੀਦਾਨਾਂ ਦੀ ਯਾਦ ਕਰਾਉਂਦੀ ਹੈ ਜਿੰਨਾ ਚਿਰ ਉਹ ਇਸ ਸੰਸਾਰ ਵਿਚ ਪਰਦੇਸੀ ਹਨ। (ਰੋਮੀਆਂ 12:1; ਇਬਰਾਨੀਆਂ 13:15, 16) “[ਮਿਸਰ] ਦੀ ਹੱਦ ਕੋਲ” ਥੰਮ੍ਹ ਮਸਹ ਕੀਤੇ ਹੋਏ ਮਸੀਹੀਆਂ ਦੀ ਕਲੀਸਿਯਾ ਨੂੰ ਸੰਕੇਤ ਕਰਦਾ ਹੈ ਜੋ “ਸਚਿਆਈ ਦਾ ਥੰਮ੍ਹ ਅਤੇ ਨੀਂਹ” ਹੈ। ਇਹ ਕਲੀਸਿਯਾ “ਮਿਸਰ” ਵਿਚ, ਅਰਥਾਤ ਉਸ ਸੰਸਾਰ ਵਿਚ ਇਕ ਗਵਾਹ ਦੇ ਤੌਰ ਤੇ ਕੰਮ ਕਰਦੀ ਹੈ, ਜਿਸ ਸੰਸਾਰ ਨੂੰ ਮਸਹ ਕੀਤੇ ਹੋਏ ਮਸੀਹੀ ਜਲਦੀ ਹੀ ਛੱਡ ਜਾਣਗੇ।—1 ਤਿਮੋਥਿਉਸ 3:15.
18. (ੳ) ਯਹੋਵਾਹ ਨੇ ਹੌਲੀ-ਹੌਲੀ ਸੁਹਿਰਦ ਬਾਈਬਲ ਵਿਦਿਆਰਥੀਆਂ ਨੂੰ ਵੱਖ-ਵੱਖ ਗੱਲਾਂ ਦੀ ਕਿਵੇਂ ਸਪੱਸ਼ਟ ਸਮਝ ਦਿੱਤੀ ਹੈ? (ਅ) ਜੇ ਕਿਸੇ ਮਸੀਹੀ ਨੂੰ ਕਿਸੇ ਆਇਤ ਦੀ ਨਵੀਂ ਵਿਆਖਿਆ ਸਮਝ ਵਿਚ ਨਹੀਂ ਆਉਂਦੀ ਹੈ, ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ?
18 ਜਿਉਂ-ਜਿਉਂ ਸਾਲ ਬੀਤਦੇ ਜਾਂਦੇ ਹਨ, ਯਹੋਵਾਹ ਸੱਚਾਈ ਨੂੰ ਹੋਰ ਜ਼ਿਆਦਾ ਸਪੱਸ਼ਟ ਕਰ ਰਿਹਾ ਹੈ ਅਤੇ ਆਪਣੇ ਭਵਿੱਖ-ਸੂਚਕ ਬਚਨ ਦੀ ਹੋਰ ਸਪੱਸ਼ਟ ਸਮਝ ਦੇ ਰਿਹਾ ਹੈ। (ਕਹਾਉਤਾਂ 4:18) ਹਾਲ ਹੀ ਦੇ ਸਾਲਾਂ ਵਿਚ ਸਾਨੂੰ ਕਈ ਗੱਲਾਂ ਦੀ ਦੁਬਾਰਾ ਜਾਂਚ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ, ਜਿਵੇਂ ਕਿ ਉਹ ਪੀੜ੍ਹੀ ਜੋ ਅੰਤ ਆਉਣ ਤੋਂ ਪਹਿਲਾਂ ਨਹੀਂ ਬੀਤੇਗੀ, ਭੇਡਾਂ ਤੇ ਬੱਕਰੀਆਂ ਦਾ ਦ੍ਰਿਸ਼ਟਾਂਤ, ਘਿਣਾਉਣੀ ਵਸਤੂ ਅਤੇ ਪਵਿੱਤਰ ਸਥਾਨ ਵਿਚ ਇਸ ਦੇ ਖੜ੍ਹੇ ਹੋਣ ਦਾ ਸਮਾਂ, ਨਵਾਂ ਨੇਮ, ਜਿਯੂ ਦਾ ਰੂਪਾਂਤਰਣ ਅਤੇ ਹਿਜ਼ਕੀਏਲ ਦੀ ਕਿਤਾਬ ਵਿਚ ਦੱਸਿਆ ਗਿਆ ਹੈਕਲ ਦਾ ਦਰਸ਼ਣ। ਕਈ ਵਾਰ ਸਾਨੂੰ ਇਨ੍ਹਾਂ ਗੱਲਾਂ ਬਾਰੇ ਦਿੱਤੀਆਂ ਗਈਆਂ ਨਵੀਆਂ ਵਿਆਖਿਆਵਾਂ ਨੂੰ ਸਮਝਣਾ ਸ਼ਾਇਦ ਮੁਸ਼ਕਲ ਲੱਗੇ, ਪਰ ਜੇ ਅਸੀਂ ਧੀਰਜ ਰੱਖੀਏ ਤਾਂ ਅਸੀਂ ਇਨ੍ਹਾਂ ਨਵੀਆਂ ਵਿਆਖਿਆਵਾਂ ਦੇ ਕਾਰਨਾਂ ਨੂੰ ਸਮਝ ਜਾਵਾਂਗੇ। ਜੇ ਕਿਸੇ ਮਸੀਹੀ ਨੂੰ ਕਿਸੇ ਆਇਤ ਦੀ ਨਵੀਂ ਵਿਆਖਿਆ ਪੂਰੀ ਤਰ੍ਹਾਂ ਸਮਝ ਨਹੀਂ ਆਉਂਦੀ ਹੈ, ਤਾਂ ਉਸ ਨੂੰ ਨਬੀ ਮੀਕਾਹ ਵਾਂਗ ਇਹ ਕਹਿਣਾ ਚਾਹੀਦਾ ਹੈ: “ਮੈਂ ਆਪਣੇ ਮੁਕਤੀ ਦਾਤੇ ਪਰਮੇਸ਼ੁਰ ਦੀ ਉਡੀਕ ਕਰਾਂਗਾ।”—ਮੀਕਾਹ 7:7.
19. ਇਨ੍ਹਾਂ ਅੰਤ ਦੇ ਦਿਨਾਂ ਵਿਚ ਮਸਹ ਕੀਤੇ ਹੋਏ ਬਕੀਏ ਨੇ ਅਤੇ ਉਨ੍ਹਾਂ ਦੇ ਸਾਥੀਆਂ ਅਰਥਾਤ ਹੋਰ ਭੇਡਾਂ ਨੇ ਕਿਵੇਂ ਸ਼ੇਰ ਵਰਗਾ ਜਿਗਰਾ ਦਿਖਾਇਆ ਹੈ?
19 ਯਾਦ ਕਰੋ ਕਿ ਰਾਖੇ ਨੇ “ਸ਼ੇਰ ਬਬਰ ਵਾਂਙੁ ਪੁਕਾਰਿਆ, ਹੇ ਪ੍ਰਭੁ, ਮੈਂ ਪਹਿਰੇ ਦੇ ਬੁਰਜ ਉੱਤੇ ਸਾਰਾ ਦਿਨ ਖਲੋਤਾ ਰਹਿੰਦਾ ਹਾਂ, ਅਤੇ ਰਾਤਾਂ ਦੀਆਂ ਰਾਤਾਂ ਆਪਣੇ ਪਹਿਰੇ ਉੱਤੇ ਟਿਕਿਆ ਰਹਿੰਦਾ ਹਾਂ।” (ਯਸਾਯਾਹ 21:8) ਮਸਹ ਕੀਤੇ ਹੋਏ ਬਕੀਏ ਨੇ ਝੂਠੇ ਧਰਮ ਦਾ ਪਰਦਾ ਫ਼ਾਸ਼ ਕਰਨ ਅਤੇ ਲੋਕਾਂ ਨੂੰ ਆਜ਼ਾਦੀ ਦਾ ਰਾਹ ਦਿਖਾਉਣ ਵਿਚ ਸ਼ੇਰ ਵਰਗਾ ਜਿਗਰਾ ਦਿਖਾਇਆ ਹੈ। (ਪਰਕਾਸ਼ ਦੀ ਪੋਥੀ 18:2-5) “ਮਾਤਬਰ ਅਤੇ ਬੁੱਧਵਾਨ ਨੌਕਰ” ਹੋਣ ਕਰਕੇ ਉਨ੍ਹਾਂ ਨੇ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਬਾਈਬਲਾਂ, ਰਸਾਲੇ ਅਤੇ ਦੂਸਰੇ ਪ੍ਰਕਾਸ਼ਨ ਮੁਹੱਈਆ ਕਰਾ ਕੇ ‘ਵੇਲੇ ਸਿਰ ਰਸਤ’ ਦਿੱਤੀ ਹੈ। (ਮੱਤੀ 24:45) ਉਨ੍ਹਾਂ ਨੇ “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ” ਨੂੰ ਇਕੱਠਾ ਕਰਨ ਵਿਚ ਅਗਵਾਈ ਕੀਤੀ ਹੈ। ਇਸ ਵੱਡੀ ਭੀੜ ਦੇ ਲੋਕ ਵੀ ਯਿਸੂ ਦੇ ਮੁਕਤੀ ਦੇਣ ਵਾਲੇ ਲਹੂ ਨਾਲ ਸ਼ੁੱਧ ਕੀਤੇ ਗਏ ਹਨ ਅਤੇ ਪਰਮੇਸ਼ੁਰ ਦੀ ‘ਰਾਤ ਦਿਨ ਉਪਾਸਨਾ’ ਕਰਨ ਵਿਚ ਸ਼ੇਰ ਵਰਗਾ ਜਿਗਰਾ ਦਿਖਾਉਂਦੇ ਹਨ। (ਪਰਕਾਸ਼ ਦੀ ਪੋਥੀ 7:9, 14, 15) ਪਿਛਲੇ ਸਾਲ ਯਹੋਵਾਹ ਦੇ ਮਸਹ ਕੀਤੇ ਹੋਇਆਂ ਵਿੱਚੋਂ ਬਚੇ ਕੁਝ ਗਵਾਹਾਂ ਅਤੇ ਉਨ੍ਹਾਂ ਦੇ ਸਾਥੀਆਂ ਅਰਥਾਤ ਵੱਡੀ ਭੀੜ ਦੀ ਮਿਹਨਤ ਦਾ ਕੀ ਫਲ ਮਿਲਿਆ? ਸਾਡਾ ਅਗਲਾ ਲੇਖ ਇਸ ਬਾਰੇ ਦੱਸੇਗਾ।
[ਫੁਟਨੋਟ]
a 1 ਜਨਵਰੀ 1939 ਤੋਂ ਇਨ੍ਹਾਂ ਸ਼ਬਦਾਂ ਦੀ ਥਾਂ ਤੇ ਇਹ ਵਚਨ ਵਰਤਿਆ ਗਿਆ: “‘ਓਹ ਜਾਣਨਗੇ ਕਿ ਮੈਂ ਯਹੋਵਾਹ ਹਾਂ!’—ਹਿਜ਼ਕੀਏਲ 35:15.”
ਕੀ ਤੁਹਾਨੂੰ ਯਾਦ ਹੈ?
• ਯਹੋਵਾਹ ਨੇ ਸਾਲਾਂ ਦੌਰਾਨ ਕਿਨ੍ਹਾਂ ਨੂੰ ਆਪਣੇ ਗਵਾਹ ਬਣਾਇਆ ਹੈ?
• ਵੱਡੀ ਬਾਬੁਲ ਦਾ ਜਨਮ ਕਿੱਥੇ ਹੋਇਆ?
• ਯਹੋਵਾਹ ਨੇ ਆਪਣੇ ਗਵਾਹਾਂ ਦੀ ਕੌਮ ਦੀ ਰਾਜਧਾਨੀ, ਯਰੂਸ਼ਲਮ ਨੂੰ 607 ਸਾ.ਯੁ.ਪੂ. ਵਿਚ ਅਤੇ 70 ਸਾ.ਯੁ. ਵਿਚ ਕਿਉਂ ਤਬਾਹ ਹੋਣ ਦਿੱਤਾ?
• ਯਹੋਵਾਹ ਦੇ ਰਾਖਾ ਵਰਗ ਨੇ ਅਤੇ ਉਸ ਦੇ ਸਾਥੀਆਂ ਨੇ ਕਿਹੋ ਜਿਹਾ ਰਵੱਈਆ ਦਿਖਾਇਆ ਹੈ?
[ਸਫ਼ੇ 7 ਉੱਤੇ ਤਸਵੀਰ]
‘ਹੇ ਪ੍ਰਭੁ, ਮੈਂ ਪਹਿਰੇ ਦੇ ਬੁਰਜ ਉੱਤੇ ਖਲੋਤਾ ਰਹਿੰਦ
[ਸਫ਼ੇ 10 ਉੱਤੇ ਤਸਵੀਰਾਂ]
ਯਹੋਵਾਹ ਦਾ ਰਾਖਾ ਵਰਗ ਆਪਣਾ ਕੰਮ ਬਹੁਤ ਧਿਆਨ ਨਾਲ ਕਰਦਾ ਹੈ