ਚਾਨਣ ਵਿਚ ਚੱਲਣ ਵਾਲੇ ਲੋਕ ਖ਼ੁਸ਼ੀ ਮਨਾਉਣਗੇ
“ਆਓ, ਅਤੇ ਅਸੀਂ ਯਹੋਵਾਹ ਦੇ ਚਾਨਣ ਵਿੱਚ ਚੱਲੀਏ।”—ਯਸਾਯਾਹ 2:5.
1, 2. (ੳ) ਚਾਨਣ ਸਾਡੇ ਲਈ ਕਿੰਨਾ ਕੁ ਜ਼ਰੂਰੀ ਹੈ? (ਅ) ਇਹ ਚੇਤਾਵਨੀ ਇੰਨੀ ਗੰਭੀਰ ਕਿਉਂ ਹੈ ਕਿ ਹਨੇਰਾ ਧਰਤੀ ਨੂੰ ਢੱਕ ਲਵੇਗਾ?
ਯਹੋਵਾਹ ਚਾਨਣ ਦਾ ਸੋਮਾ ਹੈ। ਬਾਈਬਲ ਦੱਸਦੀ ਹੈ ਕਿ ਯਹੋਵਾਹ ‘ਦਿਨ ਦੇ ਚਾਨਣ ਲਈ ਸੂਰਜ ਅਤੇ ਰਾਤ ਦੇ ਚਾਨਣ ਲਈ ਚੰਦ ਅਤੇ ਤਾਰਿਆਂ ਦੀ ਬਿਧੀ ਦਿੰਦਾ’ ਹੈ। (ਯਿਰਮਿਯਾਹ 31:35; ਜ਼ਬੂਰ 8:3) ਉਸੇ ਨੇ ਸਾਡੇ ਸੂਰਜ ਨੂੰ ਬਣਾਇਆ ਹੈ। ਸੂਰਜ ਅਸਲ ਵਿਚ ਇਕ ਨਿਊਕਲੀ ਭੱਠੀ ਹੈ ਜੋ ਪੁਲਾੜ ਵਿਚ ਬਹੁਤ ਸਾਰੀ ਊਰਜਾ ਛੱਡਦਾ ਹੈ। ਇਸ ਊਰਜਾ ਦਾ ਕੁਝ ਹਿੱਸਾ ਰੌਸ਼ਨੀ ਤੇ ਗਰਮੀ ਦੇ ਰੂਪ ਵਿਚ ਹੁੰਦਾ ਹੈ। ਸੂਰਜ ਦੀ ਊਰਜਾ ਦਾ ਜੋ ਛੋਟਾ ਹਿੱਸਾ ਰੌਸ਼ਨੀ ਦੇ ਰੂਪ ਵਿਚ ਸਾਡੀ ਧਰਤੀ ਉੱਤੇ ਪਹੁੰਚਦਾ ਹੈ, ਉਸ ਨਾਲ ਧਰਤੀ ਉੱਤੇ ਜ਼ਿੰਦਗੀ ਚੱਲਦੀ ਹੈ। ਇਸ ਰੌਸ਼ਨੀ ਤੋਂ ਬਿਨਾਂ ਅਸੀਂ ਧਰਤੀ ਉੱਤੇ ਨਹੀਂ ਜੀ ਸਕਦੇ ਅਤੇ ਇਹ ਧਰਤੀ ਬੇਆਬਾਦ ਹੋ ਜਾਵੇਗੀ।
2 ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ, ਅਸੀਂ ਯਸਾਯਾਹ ਨਬੀ ਦੁਆਰਾ ਦੱਸੀ ਹਾਲਤ ਦੀ ਨਾਜ਼ੁਕਤਾ ਦਾ ਅੰਦਾਜ਼ਾ ਲਾ ਸਕਦੇ ਹਾਂ। ਉਸ ਨੇ ਕਿਹਾ: “ਵੇਖੋ ਤਾਂ, ਅਨ੍ਹੇਰਾ ਧਰਤੀ ਨੂੰ ਢੱਕ ਲਵੇਗਾ, ਅਤੇ ਉੱਮਤਾਂ ਨੂੰ ਘਟਾਂ।” (ਯਸਾਯਾਹ 60:2) ਇੱਥੇ ਅਸਲੀ ਹਨੇਰੇ ਦੀ ਗੱਲ ਨਹੀਂ ਕੀਤੀ ਗਈ ਤੇ ਨਾ ਹੀ ਯਸਾਯਾਹ ਇਹ ਕਹਿ ਰਿਹਾ ਸੀ ਕਿ ਇਕ ਦਿਨ ਸੂਰਜ, ਚੰਦ ਅਤੇ ਤਾਰਿਆਂ ਦੀ ਰੌਸ਼ਨੀ ਖ਼ਤਮ ਹੋ ਜਾਵੇਗੀ। (ਜ਼ਬੂਰ 89:36, 37; 136:7-9) ਉਹ ਰੂਹਾਨੀ ਹਨੇਰੇ ਦੀ ਗੱਲ ਕਰ ਰਿਹਾ ਸੀ। ਪਰ ਇਹ ਰੂਹਾਨੀ ਹਨੇਰਾ ਬਹੁਤ ਹੀ ਘਾਤਕ ਹੈ। ਅਸੀਂ ਜਿਵੇਂ ਸੂਰਜ ਦੇ ਚਾਨਣ ਤੋਂ ਬਿਨਾਂ ਜੀਉਂਦੇ ਨਹੀਂ ਰਹਿ ਸਕਦੇ, ਉਸੇ ਤਰ੍ਹਾਂ ਰੂਹਾਨੀ ਚਾਨਣ ਤੋਂ ਬਿਨਾਂ ਵੀ ਅਸੀਂ ਜ਼ਿਆਦਾ ਦੇਰ ਤਕ ਜੀਉਂਦੇ ਨਹੀਂ ਰਹਿ ਸਕਦੇ।—ਲੂਕਾ 1:79.
3. ਯਸਾਯਾਹ ਦੇ ਸ਼ਬਦਾਂ ਨੂੰ ਧਿਆਨ ਵਿਚ ਰੱਖਦੇ ਹੋਏ ਮਸੀਹੀਆਂ ਨੂੰ ਕੀ ਕਰਨਾ ਚਾਹੀਦਾ ਹੈ?
3 ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਸਾਡੇ ਲਈ ਇਹ ਇਕ ਗੰਭੀਰ ਗੱਲ ਹੋਣੀ ਚਾਹੀਦੀ ਹੈ ਕਿ ਯਸਾਯਾਹ ਦੇ ਇਹ ਸ਼ਬਦ ਭਾਵੇਂ ਪੁਰਾਣੇ ਯਹੂਦਾਹ ਉੱਤੇ ਛੋਟੇ ਪੱਧਰ ਤੇ ਪੂਰੇ ਹੋਏ ਸਨ, ਪਰ ਅੱਜ ਸਾਡੇ ਜ਼ਮਾਨੇ ਵਿਚ ਇਹ ਵੱਡੇ ਪੱਧਰ ਤੇ ਪੂਰੇ ਹੋ ਰਹੇ ਹਨ। ਜੀ ਹਾਂ, ਅੱਜ ਦੁਨੀਆਂ ਰੂਹਾਨੀ ਤੌਰ ਤੇ ਹਨੇਰੇ ਵਿਚ ਹੈ। ਇਸ ਖ਼ਤਰਨਾਕ ਹਾਲਤ ਵਿਚ ਰੂਹਾਨੀ ਚਾਨਣ ਦੀ ਬਹੁਤ ਹੀ ਜ਼ਿਆਦਾ ਲੋੜ ਹੈ। ਇਸੇ ਲਈ ਮਸੀਹੀਆਂ ਨੂੰ ਯਿਸੂ ਦੀ ਇਸ ਪ੍ਰੇਰਣਾ ਵੱਲ ਧਿਆਨ ਦੇਣਾ ਚਾਹੀਦਾ ਹੈ: “ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ।” (ਮੱਤੀ 5:16) ਵਫ਼ਾਦਾਰ ਮਸੀਹੀ ਨਿਮਰ ਲੋਕਾਂ ਦੇ ਰੂਹਾਨੀ ਹਨੇਰੇ ਨੂੰ ਦੂਰ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਜ਼ਿੰਦਗੀ ਪ੍ਰਾਪਤ ਕਰਨ ਦਾ ਮੌਕਾ ਦੇ ਸਕਦੇ ਹਨ।—ਯੂਹੰਨਾ 8:12.
ਇਸਰਾਏਲ ਵਿਚ ਹਨੇਰ ਭਰੇ ਸਮੇਂ
4. ਯਸਾਯਾਹ ਦੀ ਭਵਿੱਖਬਾਣੀ ਪਹਿਲਾਂ ਕਦੋਂ ਪੂਰੀ ਹੋਈ, ਪਰ ਉਸ ਦੇ ਆਪਣੇ ਦਿਨਾਂ ਵਿਚ ਵੀ ਹਾਲਾਤ ਕਿਹੋ ਜਿਹੇ ਸਨ?
4 ਧਰਤੀ ਨੂੰ ਢੱਕ ਲੈਣ ਵਾਲੇ ਹਨੇਰੇ ਬਾਰੇ ਯਸਾਯਾਹ ਦੇ ਸ਼ਬਦ ਪਹਿਲਾਂ ਉਦੋਂ ਪੂਰੇ ਹੋਏ ਸਨ ਜਦੋਂ ਯਹੂਦਾਹ ਵਿਰਾਨ ਪਿਆ ਸੀ ਅਤੇ ਉਸ ਦੇ ਲੋਕ ਬਾਬਲ ਵਿਚ ਗ਼ੁਲਾਮ ਸਨ। ਪਰ ਇਸ ਤੋਂ ਵੀ ਪਹਿਲਾਂ, ਯਸਾਯਾਹ ਦੇ ਦਿਨਾਂ ਵਿਚ ਵੀ ਜ਼ਿਆਦਾਤਰ ਯਹੂਦੀ ਰੂਹਾਨੀ ਤੌਰ ਤੇ ਹਨੇਰੇ ਵਿਚ ਸਨ। ਇਸ ਕਾਰਨ ਯਸਾਯਾਹ ਨੇ ਆਪਣੇ ਹਮਵਤਨੀਆਂ ਨੂੰ ਕਿਹਾ ਸੀ: “ਹੇ ਯਾਕੂਬ ਦੇ ਘਰਾਣੇ, ਆਓ, ਅਤੇ ਅਸੀਂ ਯਹੋਵਾਹ ਦੇ ਚਾਨਣ ਵਿੱਚ ਚੱਲੀਏ”!—ਯਸਾਯਾਹ 2:5; 5:20.
5, 6. ਯਸਾਯਾਹ ਦੇ ਦਿਨਾਂ ਵਿਚ ਕਿਹੜੇ ਕਾਰਨਾਂ ਕਰਕੇ ਹਨੇਰਾ ਛਾਇਆ ਹੋਇਆ ਸੀ?
5 ਯਸਾਯਾਹ ਨੇ ਯਹੂਦਾਹ ਵਿਚ “ਉੱਜ਼ੀਯਾਹ, ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ, ਯਹੂਦਾਹ ਦੇ ਪਾਤਸ਼ਾਹਾਂ ਦੇ ਦਿਨੀਂ” ਭਵਿੱਖਬਾਣੀ ਕੀਤੀ ਸੀ। (ਯਸਾਯਾਹ 1:1) ਇਹ ਬੜਾ ਹੀ ਭੈੜਾ ਸਮਾਂ ਸੀ ਜਿਸ ਦੌਰਾਨ ਰਾਜਨੀਤਿਕ ਗੜਬੜ, ਨਿਆਂਕਾਰਾਂ ਵਿਚ ਭ੍ਰਿਸ਼ਟਾਚਾਰ, ਮਜ਼ਹਬੀ ਪਖੰਡ ਅਤੇ ਗ਼ਰੀਬਾਂ ਉੱਤੇ ਜ਼ੁਲਮ ਹੁੰਦੇ ਸਨ। ਯੋਥਾਮ ਵਰਗੇ ਵਫ਼ਾਦਾਰ ਰਾਜਿਆਂ ਦੀਆਂ ਹਕੂਮਤਾਂ ਦੌਰਾਨ ਵੀ ਪਹਾੜੀਆਂ ਉੱਤੇ ਝੂਠੇ ਦੇਵੀ-ਦੇਵਤਿਆਂ ਦੀਆਂ ਜਗਵੇਦੀਆਂ ਸਨ। ਯਹੋਵਾਹ ਦੀ ਉਪਾਸਨਾ ਨਾ ਕਰਨ ਵਾਲੇ ਰਾਜਿਆਂ ਦੇ ਸ਼ਾਸਨ ਦੌਰਾਨ ਤਾਂ ਹਾਲਾਤ ਹੋਰ ਵੀ ਜ਼ਿਆਦਾ ਖ਼ਰਾਬ ਸਨ। ਮਿਸਾਲ ਲਈ, ਦੁਸ਼ਟ ਰਾਜਾ ਆਹਾਜ਼ ਨੇ ਤਾਂ ਮੋਲਕ ਨਾਂ ਦੇ ਦੇਵਤੇ ਦੇ ਅੱਗੇ ਆਪਣੀ ਹੀ ਔਲਾਦ ਦਾ ਚੜ੍ਹਾਵਾ ਚੜ੍ਹਾਇਆ ਸੀ। ਉਹ ਕਿੰਨੇ ਹਨੇਰੇ ਵਿਚ ਸਨ!—2 ਰਾਜਿਆਂ 15:32-34; 16:2-4.
6 ਇਹ ਹਨੇਰਾ ਆਲੇ-ਦੁਆਲੇ ਦੀਆਂ ਕੌਮਾਂ ਦੇ ਕਾਰਨ ਵੀ ਛਾਇਆ ਹੋਇਆ ਸੀ। ਯਹੂਦਾਹ ਦੀਆਂ ਸਰਹੱਦਾਂ ਨਾਲ ਲੱਗਦੇ ਦੇਸ਼ ਮੋਆਬ, ਅਦੋਮ ਅਤੇ ਫਲਿਸਤ ਯਹੂਦਾਹ ਲਈ ਖ਼ਤਰਾ ਬਣੇ ਹੋਏ ਸਨ। ਉੱਤਰੀ ਰਾਜ ਇਸਰਾਏਲ ਭਾਵੇਂ ਰਿਸ਼ਤੇ ਵਿਚ ਯਹੂਦਾਹ ਦਾ ਭਰਾ ਲੱਗਦਾ ਸੀ, ਪਰ ਉਹ ਵੀ ਉਸ ਦਾ ਪੱਕਾ ਵੈਰੀ ਬਣ ਗਿਆ ਸੀ। ਹੋਰ ਉੱਤਰ ਵੱਲ ਅਰਾਮ ਦੇਸ਼ ਯਹੂਦਾਹ ਦੀ ਸ਼ਾਂਤੀ ਲਈ ਖ਼ਤਰਾ ਬਣਿਆ ਹੋਇਆ ਸੀ। ਪਰ ਇਸ ਤੋਂ ਵੀ ਖ਼ਤਰਨਾਕ ਸੀ ਬੇਰਹਿਮ ਅੱਸ਼ੂਰ, ਜੋ ਹਮੇਸ਼ਾ ਆਪਣੀਆਂ ਸਰਹੱਦਾਂ ਨੂੰ ਫੈਲਾਉਣ ਲਈ ਮੌਕਿਆਂ ਦੀ ਭਾਲ ਵਿਚ ਰਹਿੰਦਾ ਸੀ। ਯਸਾਯਾਹ ਨਬੀ ਦੇ ਸਮੇਂ ਦੌਰਾਨ ਅੱਸ਼ੂਰ ਨੇ ਇਸਰਾਏਲ ਕੌਮ ਨੂੰ ਨਕਸ਼ੇ ਤੋਂ ਹੀ ਮਿਟਾ ਦਿੱਤਾ ਅਤੇ ਯਹੂਦਾਹ ਨੂੰ ਵੀ ਤਕਰੀਬਨ ਨਾਸ਼ ਕਰ ਦਿੱਤਾ ਸੀ। ਇਕ ਅਜਿਹਾ ਸਮਾਂ ਵੀ ਆਇਆ ਜਦੋਂ ਯਰੂਸ਼ਲਮ ਤੋਂ ਛੁੱਟ ਅੱਸ਼ੂਰ ਨੇ ਯਹੂਦਾਹ ਦੇ ਹਰ ਕਿਲਾਬੰਦ ਸ਼ਹਿਰ ਨੂੰ ਜਿੱਤ ਲਿਆ ਸੀ।—ਯਸਾਯਾਹ 1:7, 8; 36:1.
7. ਇਸਰਾਏਲ ਤੇ ਯਹੂਦਾਹ ਨੇ ਕਿਹੜਾ ਰਾਹ ਚੁਣਿਆ ਅਤੇ ਇਸ ਦੇ ਨਤੀਜੇ ਵਜੋਂ ਯਹੋਵਾਹ ਉਨ੍ਹਾਂ ਨਾਲ ਕਿਵੇਂ ਪੇਸ਼ ਆਇਆ?
7 ਪਰਮੇਸ਼ੁਰ ਦੇ ਨੇਮਬੱਧ ਲੋਕਾਂ ਉੱਤੇ ਅਜਿਹੀਆਂ ਬਿਪਤਾਵਾਂ ਇਸ ਲਈ ਆਈਆਂ ਸਨ ਕਿਉਂਕਿ ਇਸਰਾਏਲ ਅਤੇ ਯਹੂਦਾਹ ਨੇ ਯਹੋਵਾਹ ਨਾਲ ਵਫ਼ਾਦਾਰੀ ਨਹੀਂ ਨਿਭਾਈ ਸੀ। ਬਾਈਬਲ ਦੀ ਕਹਾਉਤਾਂ ਦੀ ਕਿਤਾਬ ਵਿਚ ਦੱਸੇ ਗਏ ਲੋਕਾਂ ਵਾਂਗ, ਉਹ ਵੀ “ਸਚਿਆਈ ਦਿਆਂ ਰਾਹਾਂ ਨੂੰ ਛੱਡ ਕੇ ਅਨ੍ਹੇਰੇ ਰਾਹਾਂ ਵਿੱਚ ਤੁਰਦੇ” ਸਨ। (ਕਹਾਉਤਾਂ 2:13) ਭਾਵੇਂ ਯਹੋਵਾਹ ਆਪਣੇ ਲੋਕਾਂ ਨਾਲ ਨਾਰਾਜ਼ ਸੀ, ਪਰ ਉਸ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਹੀਂ ਛੱਡਿਆ। ਇਸ ਦੀ ਬਜਾਇ ਉਸ ਨੇ ਯਸਾਯਾਹ ਅਤੇ ਹੋਰ ਕਈ ਨਬੀਆਂ ਨੂੰ ਭੇਜਿਆ ਤਾਂਕਿ ਉਹ ਉਨ੍ਹਾਂ ਲੋਕਾਂ ਨੂੰ ਰੂਹਾਨੀ ਚਾਨਣ ਦੇ ਸਕਣ ਜਿਹੜੇ ਅਜੇ ਵੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਸਨ। ਇਨ੍ਹਾਂ ਨਬੀਆਂ ਦੁਆਰਾ ਜੋ ਚਾਨਣ ਦਿੱਤਾ ਗਿਆ ਉਹ ਬਹੁਤ ਹੀ ਜ਼ਰੂਰੀ ਸੀ। ਇਸ ਨੇ ਲੋਕਾਂ ਦੀਆਂ ਜਾਨਾਂ ਬਚਾਈਆਂ।
ਅੱਜ ਦੇ ਹਨੇਰ ਭਰੇ ਸਮੇਂ
8, 9. ਅੱਜ ਕਿਨ੍ਹਾਂ ਕਾਰਨਾਂ ਕਰਕੇ ਦੁਨੀਆਂ ਵਿਚ ਹਨੇਰਾ ਛਾਇਆ ਹੋਇਆ ਹੈ?
8 ਅੱਜ ਦੇ ਹਾਲਾਤ ਯਸਾਯਾਹ ਦੇ ਦਿਨਾਂ ਦੇ ਹਾਲਾਤਾਂ ਨਾਲ ਕਾਫ਼ੀ ਮਿਲਦੇ-ਜੁਲਦੇ ਹਨ। ਇਨਸਾਨੀ ਆਗੂਆਂ ਨੇ ਯਹੋਵਾਹ ਅਤੇ ਉਸ ਦੇ ਰਾਜੇ ਯਿਸੂ ਮਸੀਹ ਵੱਲ ਆਪਣੀ ਪਿੱਠ ਮੋੜ ਲਈ ਹੈ। (ਜ਼ਬੂਰ 2:2, 3) ਈਸਾਈ-ਜਗਤ ਦੇ ਧਾਰਮਿਕ ਆਗੂਆਂ ਨੇ ਆਪਣੇ ਇੱਜੜਾਂ ਨੂੰ ਧੋਖਾ ਦਿੱਤਾ ਹੈ। ਉਹ ਪਰਮੇਸ਼ੁਰ ਦੀ ਭਗਤੀ ਕਰਨ ਦਾ ਦਾਅਵਾ ਤਾਂ ਕਰਦੇ ਹਨ ਪਰ ਅਸਲ ਵਿਚ ਉਨ੍ਹਾਂ ਵਿੱਚੋਂ ਜ਼ਿਆਦਾਤਰ ਆਗੂ ਗ਼ੈਰ-ਬਾਈਬਲੀ ਸਿਧਾਂਤ ਸਿਖਾਉਣ ਤੋਂ ਇਲਾਵਾ ਇਸ ਦੁਨੀਆਂ ਦੇ ਈਸ਼ਵਰਾਂ ਜਿਵੇਂ ਕਿ ਕੌਮਪਰਸਤੀ, ਫ਼ੌਜ, ਧਨ ਅਤੇ ਮਸ਼ਹੂਰ ਵਿਅਕਤੀਆਂ ਨੂੰ ਪੂਜਦੇ ਹਨ।
9 ਈਸਾਈ-ਜਗਤ ਦੇ ਧਰਮ ਹਮੇਸ਼ਾ ਲੜਾਈਆਂ ਅਤੇ ਘਰੇਲੂ ਯੁੱਧ ਲੜਦੇ ਆਏ ਹਨ ਜਿਨ੍ਹਾਂ ਵਿਚ ਉਨ੍ਹਾਂ ਨੇ ਪੂਰੀਆਂ ਦੀਆਂ ਪੂਰੀਆਂ ਨਸਲਾਂ ਨੂੰ ਖ਼ਤਮ ਕੀਤਾ ਜਾਂ ਹੋਰ ਅਤਿਆਚਾਰ ਕੀਤੇ। ਇਸ ਤੋਂ ਇਲਾਵਾ, ਬਾਈਬਲ ਦੀਆਂ ਨੈਤਿਕ ਕਦਰਾਂ-ਕੀਮਤਾਂ ਦਾ ਸਮਰਥਨ ਕਰਨ ਦੀ ਬਜਾਇ ਬਹੁਤ ਸਾਰੇ ਚਰਚ ਹਰਾਮਕਾਰੀ ਤੇ ਸਮਲਿੰਗਕਾਮੁਕਤਾ ਵਰਗੇ ਅਨੈਤਿਕ ਕੰਮਾਂ ਤੋਂ ਅੱਖਾਂ ਮੀਟੀ ਬੈਠੇ ਹਨ ਜਾਂ ਇਨ੍ਹਾਂ ਦਾ ਪੂਰਾ-ਪੂਰਾ ਸਮਰਥਨ ਕਰਦੇ ਹਨ। ਬਾਈਬਲ ਦੇ ਮਿਆਰਾਂ ਉੱਤੇ ਨਾ ਚੱਲਣ ਕਰਕੇ ਈਸਾਈ-ਜਗਤ ਦੇ ਲੋਕ ਉਨ੍ਹਾਂ ਲੋਕਾਂ ਵਰਗੇ ਹਨ ਜਿਨ੍ਹਾਂ ਬਾਰੇ ਪੁਰਾਣੇ ਸਮੇਂ ਵਿਚ ਜ਼ਬੂਰਾਂ ਦੇ ਇਕ ਲਿਖਾਰੀ ਨੇ ਕਿਹਾ ਸੀ: “ਓਹ ਨਹੀਂ ਜਾਣਦੇ ਨਾ ਸਮਝਦੇ ਹਨ, ਓਹ ਅਨ੍ਹੇਰੇ ਵਿੱਚ ਫਿਰਦੇ ਹਨ।” (ਜ਼ਬੂਰ 82:5) ਸੱਚ-ਮੁੱਚ, ਪੁਰਾਣੇ ਸਮੇਂ ਦੇ ਯਹੂਦਾਹ ਵਾਂਗ ਈਸਾਈ-ਜਗਤ ਵੀ ਘੁੱਪ ਹਨੇਰੇ ਵਿਚ ਹੈ।—ਪਰਕਾਸ਼ ਦੀ ਪੋਥੀ 8:12.
10. ਅੱਜ ਹਨੇਰੇ ਵਿਚ ਚਾਨਣ ਕਿਵੇਂ ਚਮਕ ਰਿਹਾ ਹੈ ਅਤੇ ਇਸ ਤੋਂ ਨਿਮਰ ਲੋਕਾਂ ਨੂੰ ਕਿਵੇਂ ਫ਼ਾਇਦਾ ਹੋ ਰਿਹਾ ਹੈ?
10 ਇਸ ਹਨੇਰੇ ਵਿਚ ਯਹੋਵਾਹ ਨਿਮਰ ਲੋਕਾਂ ਲਈ ਚਾਨਣ ਚਮਕਾ ਰਿਹਾ ਹੈ। ਇਸ ਕੰਮ ਲਈ ਉਹ ਧਰਤੀ ਉੱਤੇ ਆਪਣੇ ਮਸਹ ਕੀਤੇ ਹੋਏ ਸੇਵਕਾਂ ਅਰਥਾਤ “ਮਾਤਬਰ ਅਤੇ ਬੁੱਧਵਾਨ ਨੌਕਰ” ਨੂੰ ਵਰਤ ਰਿਹਾ ਹੈ ਜੋ “ਜਗਤ ਉੱਤੇ ਜੋਤਾਂ ਵਾਂਙੁ” ਚਮਕ ਰਹੇ ਹਨ। (ਮੱਤੀ 24:45; ਫ਼ਿਲਿੱਪੀਆਂ 2:15) ਇਹ ਨੌਕਰ ਵਰਗ ਪਰਮੇਸ਼ੁਰ ਦੇ ਬਚਨ, ਬਾਈਬਲ ਤੋਂ ਰੂਹਾਨੀ ਚਾਨਣ ਦਿੰਦਾ ਹੈ ਅਤੇ ਇਸ ਕੰਮ ਵਿਚ ਲੱਖਾਂ ‘ਹੋਰ ਭੇਡਾਂ’ ਉਨ੍ਹਾਂ ਦੀ ਮਦਦ ਕਰ ਰਹੀਆਂ ਹਨ। (ਯੂਹੰਨਾ 10:16) ਇਸ ਹਨੇਰੀ ਦੁਨੀਆਂ ਵਿਚ ਇਹ ਚਾਨਣ ਨਿਮਰ ਲੋਕਾਂ ਨੂੰ ਆਸ਼ਾ ਦਿੰਦਾ ਹੈ, ਪਰਮੇਸ਼ੁਰ ਨਾਲ ਰਿਸ਼ਤਾ ਜੋੜਨ ਵਿਚ ਉਨ੍ਹਾਂ ਦੀ ਮਦਦ ਕਰਦਾ ਹੈ ਅਤੇ ਉਨ੍ਹਾਂ ਨੂੰ ਰੂਹਾਨੀ ਖ਼ਤਰਿਆਂ ਤੋਂ ਬਚਾਉਂਦਾ ਹੈ। ਇਹ ਚਾਨਣ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਇਹ ਜ਼ਿੰਦਗੀ ਦਿੰਦਾ ਹੈ।
“ਮੈਂ ਤੇਰੇ ਨਾਮ ਨੂੰ ਸਲਾਹਾਂਗਾ”
11. ਯਹੋਵਾਹ ਨੇ ਯਸਾਯਾਹ ਦੇ ਦਿਨਾਂ ਵਿਚ ਕਿਹੜੀ ਜਾਣਕਾਰੀ ਦਿੱਤੀ ਸੀ?
11 ਯਸਾਯਾਹ ਦੇ ਦਿਨਾਂ ਦੇ ਹਨੇਰੇ ਸਮੇਂ ਵਿਚ ਅਤੇ ਉਸ ਤੋਂ ਬਾਅਦ ਬਾਬਲੀਆਂ ਵੱਲੋਂ ਯਹੋਵਾਹ ਦੀ ਕੌਮ ਨੂੰ ਗ਼ੁਲਾਮ ਬਣਾਏ ਜਾਣ ਤੋਂ ਪਹਿਲਾਂ ਦੇ ਹੋਰ ਵੀ ਹਨੇਰ ਭਰੇ ਸਮੇਂ ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਹੜੀ ਅਗਵਾਈ ਦਿੱਤੀ ਸੀ? ਉਨ੍ਹਾਂ ਨੂੰ ਨੈਤਿਕ ਅਗਵਾਈ ਦੇਣ ਤੋਂ ਇਲਾਵਾ ਉਸ ਨੇ ਪਹਿਲਾਂ ਹੀ ਇਹ ਲਿਖਵਾ ਦਿੱਤਾ ਸੀ ਕਿ ਉਹ ਆਪਣੇ ਲੋਕਾਂ ਦੇ ਸੰਬੰਧ ਵਿਚ ਆਪਣਾ ਮਕਸਦ ਕਿਵੇਂ ਪੂਰਾ ਕਰੇਗਾ। ਆਓ ਆਪਾਂ ਯਸਾਯਾਹ ਦੇ 25 ਤੋਂ 27 ਅਧਿਆਵਾਂ ਵਿਚ ਦਰਜ ਕੀਤੀਆਂ ਅਦਭੁਤ ਭਵਿੱਖਬਾਣੀਆਂ ਉੱਤੇ ਗੌਰ ਕਰੀਏ। ਇਹ ਅਧਿਆਿਏ ਸਾਨੂੰ ਦੱਸਦੇ ਹਨ ਕਿ ਯਹੋਵਾਹ ਨੇ ਉਸ ਸਮੇਂ ਕੀ ਕੀਤਾ ਸੀ ਅਤੇ ਅੱਜ ਕੀ ਕਰ ਰਿਹਾ ਹੈ।
12. ਯਸਾਯਾਹ ਨੇ ਯਹੋਵਾਹ ਦੀ ਵਡਿਆਈ ਦਿਲੋਂ ਕਿਵੇਂ ਕੀਤੀ ਸੀ?
12 ਪਹਿਲਾਂ ਯਸਾਯਾਹ ਨੇ ਐਲਾਨ ਕੀਤਾ: “ਹੇ ਯਹੋਵਾਹ, ਤੂੰ ਮੇਰਾ ਪਰਮੇਸ਼ੁਰ ਹੈਂ, ਮੈਂ ਤੈਨੂੰ ਵਡਿਆਵਾਂਗਾ, ਮੈਂ ਤੇਰੇ ਨਾਮ ਨੂੰ ਸਲਾਹਾਂਗਾ।” ਯਸਾਯਾਹ ਨੇ ਦਿਲੋਂ ਯਹੋਵਾਹ ਦੀ ਵਡਿਆਈ ਕੀਤੀ। ਪਰ ਕਿਹੜੀ ਗੱਲ ਨੇ ਯਸਾਯਾਹ ਨਬੀ ਨੂੰ ਇਹ ਪ੍ਰਾਰਥਨਾ ਕਰਨ ਲਈ ਪ੍ਰੇਰਿਤ ਕੀਤਾ ਸੀ? ਇਸ ਦਾ ਮੁੱਖ ਕਾਰਨ ਆਇਤ ਦੇ ਦੂਜੇ ਹਿੱਸੇ ਵਿਚ ਦੱਸਿਆ ਗਿਆ ਹੈ, ਜਿਸ ਵਿਚ ਲਿਖਿਆ ਹੈ: “[ਯਹੋਵਾਹ] ਤੈਂ ਅਚਰਜ ਕੰਮ ਜੋ ਕੀਤਾ ਹੈ, ਪਰਾਚੀਨ ਸਮੇਂ ਤੋਂ ਤੇਰੇ ਮਤੇ ਵਫ਼ਾਦਾਰੀ ਤੇ ਸਚਿਆਈ ਦੇ ਹਨ।”—ਯਸਾਯਾਹ 25:1.
13. (ੳ) ਕਿਹੜੀ ਜਾਣਕਾਰੀ ਨੇ ਯਹੋਵਾਹ ਪ੍ਰਤੀ ਯਸਾਯਾਹ ਦੀ ਕਦਰਦਾਨੀ ਨੂੰ ਵਧਾਇਆ? (ਅ) ਅਸੀਂ ਯਸਾਯਾਹ ਦੀ ਉਦਾਹਰਣ ਤੋਂ ਕੀ ਸਿੱਖ ਸਕਦੇ ਹਾਂ?
13 ਯਸਾਯਾਹ ਦੇ ਦਿਨਾਂ ਤਕ ਯਹੋਵਾਹ ਨੇ ਇਸਰਾਏਲੀਆਂ ਵਾਸਤੇ ਬਹੁਤ ਸਾਰੇ ਅਸਚਰਜ ਕੰਮ ਕੀਤੇ ਸਨ ਅਤੇ ਇਨ੍ਹਾਂ ਨੂੰ ਉਸ ਨੇ ਲਿਖਵਾਇਆ ਸੀ। ਜ਼ਾਹਰ ਹੈ ਕਿ ਯਸਾਯਾਹ ਇਨ੍ਹਾਂ ਲਿਖਤਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਦਾਹਰਣ ਲਈ ਉਹ ਜਾਣਦਾ ਸੀ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਮੁਕਤ ਕਰਾਇਆ ਸੀ ਅਤੇ ਉਨ੍ਹਾਂ ਨੂੰ ਲਾਲ ਸਮੁੰਦਰ ਦੇ ਕੋਲ ਫ਼ਿਰਾਊਨ ਦੀ ਫ਼ੌਜ ਦੇ ਕ੍ਰੋਧ ਤੋਂ ਬਚਾਇਆ ਸੀ। ਉਹ ਜਾਣਦਾ ਸੀ ਕਿ ਯਹੋਵਾਹ ਨੇ ਉਜਾੜ ਵਿਚ ਆਪਣੇ ਲੋਕਾਂ ਦੀ ਅਗਵਾਈ ਕੀਤੀ ਸੀ ਅਤੇ ਉਨ੍ਹਾਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਲੈ ਕੇ ਆਇਆ ਸੀ। (ਜ਼ਬੂਰ 136:1, 10-26) ਇਸ ਤਰ੍ਹਾਂ ਦੇ ਇਤਿਹਾਸਕ ਬਿਰਤਾਂਤਾਂ ਨੇ ਦਿਖਾਇਆ ਕਿ ਯਹੋਵਾਹ ਵਫ਼ਾਦਾਰ ਅਤੇ ਭਰੋਸੇਯੋਗ ਹੈ। ਉਸ ਦੇ “ਮਤੇ” ਯਾਨੀ ਉਸ ਦੇ ਸਾਰੇ ਮਕਸਦ ਪੂਰੇ ਹੁੰਦੇ ਹਨ। ਪਰਮੇਸ਼ੁਰ ਵੱਲੋਂ ਮਿਲੀ ਸਹੀ ਜਾਣਕਾਰੀ ਨੇ ਯਸਾਯਾਹ ਦੀ ਨਿਹਚਾ ਨੂੰ ਮਜ਼ਬੂਤ ਕੀਤਾ ਜਿਸ ਕਰਕੇ ਉਹ ਚਾਨਣ ਵਿਚ ਚੱਲਦਾ ਰਹਿ ਸਕਿਆ। ਇਸ ਵਿਚ ਉਸ ਨੇ ਸਾਡੇ ਲਈ ਇਕ ਚੰਗੀ ਮਿਸਾਲ ਕਾਇਮ ਕੀਤੀ। ਜੇ ਅਸੀਂ ਪਰਮੇਸ਼ੁਰ ਦੇ ਲਿਖਤੀ ਬਚਨ ਦਾ ਧਿਆਨ ਨਾਲ ਅਧਿਐਨ ਕਰੀਏ ਅਤੇ ਉਸ ਉੱਤੇ ਅਮਲ ਕਰੀਏ, ਤਾਂ ਅਸੀਂ ਵੀ ਚਾਨਣ ਵਿਚ ਚੱਲਦੇ ਰਹਾਂਗੇ।—ਜ਼ਬੂਰ 119:105; 2 ਕੁਰਿੰਥੀਆਂ 4:6.
ਇਕ ਸ਼ਹਿਰ ਤਬਾਹ ਹੁੰਦਾ ਹੈ
14. ਇਕ ਸ਼ਹਿਰ ਬਾਰੇ ਕੀ ਭਵਿੱਖਬਾਣੀ ਕੀਤੀ ਗਈ ਸੀ ਤੇ ਇਹ ਕਿਹੜਾ ਸ਼ਹਿਰ ਸੀ?
14 ਪਰਮੇਸ਼ੁਰ ਦੇ ਮਤੇ ਜਾਂ ਮਕਸਦ ਪੂਰੇ ਹੋਣ ਦੀ ਇਕ ਉਦਾਹਰਣ ਯਸਾਯਾਹ 25:2 ਵਿਚ ਮਿਲਦੀ ਹੈ ਜਿੱਥੇ ਅਸੀਂ ਪੜ੍ਹਦੇ ਹਾਂ: “ਤੈਂ ਤਾਂ ਸ਼ਹਿਰ ਨੂੰ ਥੇਹ, ਅਤੇ ਗੜ੍ਹ ਵਾਲੇ ਨਗਰ ਨੂੰ ਖੋਲਾ ਬਣਾ ਦਿੱਤਾ ਹੈ, ਪਰਦੇਸੀਆਂ ਦਾ ਮਹਿਲ ਹੁਣ ਸ਼ਹਿਰ ਨਹੀਂ, ਉਹ ਸਦਾ ਲਈ ਫੇਰ ਉਸਾਰਿਆ ਨਾ ਜਾਵੇਗਾ।” ਇਹ ਸ਼ਹਿਰ ਕਿਹੜਾ ਹੈ? ਯਸਾਯਾਹ ਸ਼ਾਇਦ ਬਾਬਲ ਬਾਰੇ ਭਵਿੱਖਬਾਣੀ ਕਰ ਰਿਹਾ ਸੀ। ਸੱਚ-ਮੁੱਚ ਇਕ ਸਮਾਂ ਆਇਆ ਜਦੋਂ ਬਾਬਲ ਮਿੱਟੀ ਦਾ ਢੇਰ ਬਣ ਗਿਆ।
15. ਅੱਜ “ਵੱਡੀ ਨਗਰੀ” ਕੀ ਹੈ ਅਤੇ ਇਸ ਦਾ ਭਵਿੱਖ ਕੀ ਹੈ?
15 ਯਸਾਯਾਹ ਨੇ ਜਿਸ ਸ਼ਹਿਰ ਬਾਰੇ ਗੱਲ ਕੀਤੀ ਸੀ, ਕੀ ਅੱਜ ਵੀ ਉਸ ਵਰਗਾ ਕੋਈ ਸ਼ਹਿਰ ਹੈ? ਜੀ ਹਾਂ। ਪਰਕਾਸ਼ ਦੀ ਪੋਥੀ ਵਿਚ ਇਕ “ਵੱਡੀ ਨਗਰੀ” ਬਾਰੇ ਦੱਸਿਆ ਗਿਆ ਹੈ “ਜਿਹੜੀ ਧਰਤੀ ਦਿਆਂ ਰਾਜਿਆਂ ਉੱਤੇ ਰਾਜ ਕਰਦੀ ਹੈ।” (ਪਰਕਾਸ਼ ਦੀ ਪੋਥੀ 17:18) ਇਹ ਵੱਡੀ ਨਗਰੀ ‘ਵੱਡੀ ਬਾਬੁਲ’ ਹੈ ਜੋ ਝੂਠੇ ਧਰਮਾਂ ਦਾ ਵਿਸ਼ਵ ਸਾਮਰਾਜ ਹੈ। (ਪਰਕਾਸ਼ ਦੀ ਪੋਥੀ 17:5) ਅੱਜ ਵੱਡੀ ਬਾਬੁਲ ਦਾ ਮੁੱਖ ਹਿੱਸਾ ਈਸਾਈ-ਜਗਤ ਹੈ ਜਿਸ ਦੇ ਪਾਦਰੀ ਯਹੋਵਾਹ ਦੇ ਲੋਕਾਂ ਦੇ ਰਾਜ-ਪ੍ਰਚਾਰ ਦੇ ਕੰਮ ਦੀ ਵਿਰੋਧਤਾ ਕਰਨ ਵਿਚ ਸਭ ਤੋਂ ਮੋਹਰੇ ਹਨ। (ਮੱਤੀ 24:14) ਪਰ, ਪੁਰਾਣੇ ਬਾਬਲ ਵਾਂਗ ਜਲਦੀ ਹੀ ਵੱਡੀ ਬਾਬੁਲ ਨੂੰ ਵੀ ਹਮੇਸ਼ਾ-ਹਮੇਸ਼ਾ ਲਈ ਨਾਸ਼ ਕਰ ਦਿੱਤਾ ਜਾਵੇਗਾ।
16, 17. ਯਹੋਵਾਹ ਦੇ ਵੈਰੀਆਂ ਨੇ ਪੁਰਾਣੇ ਤੇ ਅੱਜ ਦੇ ਸਮੇਂ ਵਿਚ ਕਿਵੇਂ ਉਸ ਦੀ ਵਡਿਆਈ ਕੀਤੀ ਹੈ?
16 ਯਸਾਯਾਹ ਨੇ ਇਸ “ਗੜ੍ਹ ਵਾਲੇ ਨਗਰ” ਬਾਰੇ ਹੋਰ ਕੀ ਭਵਿੱਖਬਾਣੀ ਕੀਤੀ ਸੀ? ਉਸ ਨੇ ਯਹੋਵਾਹ ਨੂੰ ਕਿਹਾ: “ਬਲਵੰਤ ਲੋਕ ਤੇਰੀ ਮਹਿਮਾ ਕਰਨਗੇ, ਡਰਾਉਣੀਆਂ ਕੌਮਾਂ ਦਾ ਨਗਰ ਤੈਥੋਂ ਡਰੇਗਾ।” (ਯਸਾਯਾਹ 25:3) ਇਸ ਵਿਰੋਧੀ ਸ਼ਹਿਰ, ਯਾਨੀ ‘ਡਰਾਉਣੀਆਂ ਕੌਮਾਂ ਦੇ ਨਗਰ’ ਨੇ ਯਹੋਵਾਹ ਦੀ ਮਹਿਮਾ ਕਿਸ ਤਰ੍ਹਾਂ ਕਰਨੀ ਸੀ? ਯਾਦ ਕਰੋ ਕਿ ਬਾਬਲ ਦੇ ਸ਼ਕਤੀਸ਼ਾਲੀ ਰਾਜੇ ਨਬੂਕਦਨੱਸਰ ਨਾਲ ਕੀ ਹੋਇਆ ਸੀ। ਨਬੂਕਦਨੱਸਰ ਨੂੰ ਆਪਣੀ ਜ਼ਿੰਦਗੀ ਵਿਚ ਇਕ ਕੌੜਾ ਤਜਰਬਾ ਹੋਇਆ ਸੀ ਜਿਸ ਤੋਂ ਉਸ ਦੀ ਨਿਰਬਲਤਾ ਨਜ਼ਰ ਆਈ। ਇਸ ਤਜਰਬੇ ਨੇ ਉਸ ਨੂੰ ਇਹ ਮੰਨਣ ਲਈ ਮਜਬੂਰ ਕੀਤਾ ਕਿ ਸਿਰਫ਼ ਯਹੋਵਾਹ ਹੀ ਮਹਾਨ ਅਤੇ ਸਰਬਸ਼ਕਤੀਮਾਨ ਹੈ। (ਦਾਨੀਏਲ 4:34, 35) ਜਦੋਂ ਯਹੋਵਾਹ ਆਪਣੀ ਸ਼ਕਤੀ ਵਰਤਦਾ ਹੈ, ਤਾਂ ਉਸ ਦੇ ਵੈਰੀ ਨਾ ਚਾਹੁੰਦੇ ਹੋਏ ਵੀ ਉਸ ਦੇ ਮਹਾਨ ਕੰਮਾਂ ਨੂੰ ਮੰਨਣ ਲਈ ਮਜਬੂਰ ਹੁੰਦੇ ਹਨ।
17 ਕੀ ਵੱਡੀ ਬਾਬੁਲ ਨੂੰ ਵੀ ਯਹੋਵਾਹ ਦੇ ਸ਼ਕਤੀਸ਼ਾਲੀ ਕੰਮਾਂ ਨੂੰ ਪਛਾਣਨ ਲਈ ਮਜਬੂਰ ਕੀਤਾ ਗਿਆ ਸੀ? ਜੀ ਹਾਂ। ਪਹਿਲੇ ਵਿਸ਼ਵ ਯੁੱਧ ਦੌਰਾਨ ਯਹੋਵਾਹ ਦੇ ਮਸਹ ਕੀਤੇ ਹੋਏ ਸੇਵਕਾਂ ਨੇ ਸਤਾਹਟਾਂ ਸਹਿਣ ਦੇ ਬਾਵਜੂਦ ਵੀ ਪ੍ਰਚਾਰ ਕੀਤਾ ਸੀ। ਸਾਲ 1918 ਵਿਚ ਉਹ ਉਦੋਂ ਰੂਹਾਨੀ ਤੌਰ ਤੇ ਗ਼ੁਲਾਮ ਹੋ ਗਏ ਜਦੋਂ ਵਾਚ ਟਾਵਰ ਸੋਸਾਇਟੀ ਦੇ ਮੁੱਖ ਆਗੂਆਂ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਸੀ। ਚੰਗੀ ਤਰ੍ਹਾਂ ਯੋਜਨਾਬੱਧ ਢੰਗ ਨਾਲ ਕੀਤਾ ਜਾਂਦਾ ਪ੍ਰਚਾਰ ਕੰਮ ਲਗਭਗ ਬੰਦ ਹੀ ਹੋ ਗਿਆ ਸੀ। ਫਿਰ 1919 ਵਿਚ ਯਹੋਵਾਹ ਨੇ ਉਨ੍ਹਾਂ ਨੂੰ ਮੁਕਤ ਕਰਾਇਆ ਅਤੇ ਆਪਣੀ ਪਵਿੱਤਰ ਆਤਮਾ ਨਾਲ ਮੁੜ ਤਕੜਾ ਕੀਤਾ ਜਿਸ ਮਗਰੋਂ ਉਨ੍ਹਾਂ ਨੇ ਸਾਰੀ ਧਰਤੀ ਉੱਤੇ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। (ਮਰਕੁਸ 13:10) ਪਰਕਾਸ਼ ਦੀ ਪੋਥੀ ਵਿਚ ਇਸ ਪ੍ਰਚਾਰ ਕੰਮ ਬਾਰੇ ਅਤੇ ਇਸ ਦਾ ਉਨ੍ਹਾਂ ਦੇ ਵਿਰੋਧੀਆਂ ਉੱਤੇ ਹੋਣ ਵਾਲੇ ਅਸਰ ਬਾਰੇ ਭਵਿੱਖਬਾਣੀ ਕੀਤੀ ਗਈ ਸੀ। ਉਹ “ਡਹਿਲ ਗਏ ਅਤੇ ਸੁਰਗ ਦੇ ਪਰਮੇਸ਼ੁਰ ਦੀ ਵਡਿਆਈ ਕਰਨ ਲੱਗੇ।” (ਪਰਕਾਸ਼ ਦੀ ਪੋਥੀ 11:3, 7, 11-13) ਇਸ ਦਾ ਇਹ ਮਤਲਬ ਨਹੀਂ ਕਿ ਉਹ ਸਾਰੇ ਯਹੋਵਾਹ ਦੇ ਸੇਵਕ ਬਣ ਗਏ ਸਨ, ਪਰ ਜਿਵੇਂ ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ, ਇਸ ਮੌਕੇ ਤੇ ਉਨ੍ਹਾਂ ਨੂੰ ਯਹੋਵਾਹ ਦੇ ਸ਼ਕਤੀਸ਼ਾਲੀ ਕੰਮਾਂ ਨੂੰ ਪਛਾਣਨ ਲਈ ਮਜਬੂਰ ਹੋਣਾ ਪਿਆ।
“ਗਰੀਬ ਲਈ ਗੜ੍ਹ”
18, 19. (ੳ) ਵਿਰੋਧੀ ਯਹੋਵਾਹ ਦੇ ਲੋਕਾਂ ਦੀ ਖਰਿਆਈ ਨੂੰ ਤੋੜਨ ਵਿਚ ਕਾਮਯਾਬ ਕਿਉਂ ਨਹੀਂ ਹੋਏ ਹਨ? (ਅ) “ਡਰਾਉਣਿਆਂ ਦਾ ਭਜਨ ਧੀਮਾ” ਕਿਵੇਂ ਕੀਤਾ ਜਾਵੇਗਾ?
18 ਚਾਨਣ ਵਿਚ ਚੱਲਣ ਵਾਲਿਆਂ ਨਾਲ ਯਹੋਵਾਹ ਦੇ ਦਇਆ ਭਰੇ ਸਲੂਕ ਵੱਲ ਧਿਆਨ ਦਿੰਦੇ ਹੋਏ ਯਸਾਯਾਹ ਨੇ ਯਹੋਵਾਹ ਨੂੰ ਕਿਹਾ: “ਤੂੰ ਤਾਂ ਗਰੀਬ ਲਈ ਗੜ੍ਹ ਹੋਇਆ, ਕੰਗਾਲ ਲਈ ਉਹ ਦੇ ਕਸ਼ਟ ਵਿੱਚ ਵੀ ਗੜ੍ਹ, ਵਾਛੜ ਤੋਂ ਪਨਾਹ, ਗਰਮੀ ਤੋਂ ਸਾਯਾ, ਕਿਉਂ ਜੋ ਡਰਾਉਣਿਆਂ ਦੀ ਫੂਕ ਕੰਧ ਉੱਪਰ ਦੀ ਵਾਛੜ ਵਾਂਙੁ ਹੈ। ਸੁੱਕੇ ਥਾਂ ਦੀ ਗਰਮੀ ਵਾਂਙੁ ਤੂੰ ਪਰਦੇਸੀਆਂ ਦੇ ਰੌਲੇ ਨੂੰ ਬੰਦ ਕਰ ਦੇਵੇਂਗਾ, ਜਿਵੇਂ ਗਰਮੀ ਬੱਦਲ ਦੇ ਸਾਯੇ ਨਾਲ, ਤਿਵੇਂ ਡਰਾਉਣਿਆਂ ਦਾ ਭਜਨ ਧੀਮਾ ਹੋ ਜਾਵੇਗਾ।”—ਯਸਾਯਾਹ 25:4, 5.
19 ਸਾਲ 1919 ਤੋਂ ਡਰਾਉਣਿਆਂ ਨੇ, ਯਾਨੀ ਕਿ ਅਤਿਆਚਾਰੀ ਸ਼ਾਸਕਾਂ ਨੇ ਸੱਚੇ ਉਪਾਸਕਾਂ ਦੀ ਖਰਿਆਈ ਨੂੰ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਪਰ ਉਹ ਕਾਮਯਾਬ ਨਹੀਂ ਹੋਏ। ਕਿਉਂ? ਕਿਉਂਕਿ ਯਹੋਵਾਹ ਆਪਣੇ ਲੋਕਾਂ ਦਾ ਗੜ੍ਹ ਅਤੇ ਪਨਾਹ ਹੈ। ਉਹ ਜ਼ੁਲਮ ਦੀ ਗਰਮੀ ਵਿਚ ਠੰਢੀ ਛਾਂ ਵਰਗਾ ਅਤੇ ਵਿਰੋਧਤਾ ਦੀ ਵਾਛੜ ਤੋਂ ਲੁਕਣ ਲਈ ਪੱਕੀ ਕੰਧ ਵਰਗਾ ਹੈ। ਅਸੀਂ, ਜੋ ਪਰਮੇਸ਼ੁਰ ਦੇ ਚਾਨਣ ਵਿਚ ਚੱਲਦੇ ਹਾਂ, ਭਰੋਸੇ ਨਾਲ ਉਸ ਸਮੇਂ ਦੀ ਉਡੀਕ ਕਰਦੇ ਹਾਂ ਜਦੋਂ “ਡਰਾਉਣਿਆਂ ਦਾ ਭਜਨ ਧੀਮਾ ਹੋ ਜਾਵੇਗਾ।” ਜੀ ਹਾਂ, ਅਸੀਂ ਬੜੀ ਉਮੀਦ ਨਾਲ ਉਸ ਦਿਨ ਦੀ ਉਡੀਕ ਕਰ ਰਹੇ ਹਾਂ ਜਦੋਂ ਯਹੋਵਾਹ ਦੇ ਸਾਰੇ ਵੈਰੀ ਖ਼ਤਮ ਹੋ ਜਾਣਗੇ।
20, 21. ਯਹੋਵਾਹ ਅੱਜ ਕਿਹੜੀ ਦਾਅਵਤ ਦੇ ਰਿਹਾ ਹੈ ਅਤੇ ਨਵੇਂ ਸੰਸਾਰ ਵਿਚ ਇਸ ਦਾਅਵਤ ਵਿਚ ਹੋਰ ਕਿਹੜੀਆਂ ਚੀਜ਼ਾਂ ਸ਼ਾਮਲ ਹੋਣਗੀਆਂ?
20 ਯਹੋਵਾਹ ਆਪਣੇ ਸੇਵਕਾਂ ਦਾ ਸਿਰਫ਼ ਰਖਵਾਲਾ ਹੀ ਨਹੀਂ ਹੈ। ਇਕ ਪਿਆਰ ਕਰਨ ਵਾਲੇ ਪਿਤਾ ਵਾਂਗ, ਉਹ ਉਨ੍ਹਾਂ ਦੀਆਂ ਲੋੜਾਂ ਵੀ ਪੂਰੀਆਂ ਕਰਦਾ ਹੈ। ਆਪਣੇ ਲੋਕਾਂ ਨੂੰ 1919 ਵਿਚ ਵੱਡੀ ਬਾਬੁਲ ਤੋਂ ਛੁਡਾਉਣ ਤੋਂ ਬਾਅਦ, ਉਸ ਨੇ ਉਨ੍ਹਾਂ ਨੂੰ ਜਿੱਤ ਦੀ ਖ਼ੁਸ਼ੀ ਵਿਚ ਇਕ ਦਾਅਵਤ ਦਿੱਤੀ, ਯਾਨੀ ਰੂਹਾਨੀ ਭੋਜਨ ਦਾ ਭੰਡਾਰ। ਇਸ ਬਾਰੇ ਯਸਾਯਾਹ 25:6 ਵਿਚ ਭਵਿੱਖਬਾਣੀ ਕੀਤੀ ਗਈ ਸੀ, ਜਿਸ ਵਿਚ ਅਸੀਂ ਪੜ੍ਹਦੇ ਹਾਂ: “ਇਸੇ ਪਹਾੜ ਤੇ ਸੈਨਾਂ ਦਾ ਯਹੋਵਾਹ ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦੀ ਦਾਉਤ ਕਰੇਗਾ, ਪੁਰਾਣੀਆਂ ਮਧਾਂ ਦੀ ਦਾਉਤ, ਗੁੱਦੇ ਸਣੇ ਮੋਟੀਆਂ ਵਸਤਾਂ, ਛਾਣੀਆਂ ਹੋਈਆਂ ਪੁਰਾਣੀਆਂ ਮਧਾਂ।” ਅਸੀਂ ਕਿੰਨੇ ਧੰਨ ਹਾਂ ਕਿ ਸਾਨੂੰ ਇਸ ਦਾਅਵਤ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ! (ਮੱਤੀ 4:4) “ਪ੍ਰਭੁ ਦੀ ਮੇਜ਼” ਬਹੁਤ ਸਾਰੀਆਂ ਖਾਣ ਵਾਲੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਹੈ। (1 ਕੁਰਿੰਥੀਆਂ 10:21) “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਜ਼ਰੀਏ ਸਾਨੂੰ ਉਹ ਹਰ ਚੀਜ਼ ਦਿੱਤੀ ਗਈ ਹੈ ਜੋ ਸਾਡੀ ਅਧਿਆਤਮਿਕਤਾ ਲਈ ਜ਼ਰੂਰੀ ਹੈ।
21 ਪਰਮੇਸ਼ੁਰ ਦੀ ਇਸ ਦਾਅਵਤ ਵਿਚ ਹੋਰ ਵੀ ਬਹੁਤ ਕੁਝ ਸ਼ਾਮਲ ਹੈ। ਅਸੀਂ ਜਿਸ ਰੂਹਾਨੀ ਭੋਜਨ ਦਾ ਆਨੰਦ ਮਾਣ ਰਹੇ ਹਾਂ, ਉਹ ਸਾਨੂੰ ਯਾਦ ਕਰਾਉਂਦਾ ਹੈ ਕਿ ਪਰਮੇਸ਼ੁਰ ਦੁਆਰਾ ਵਾਅਦਾ ਕੀਤੇ ਹੋਏ ਨਵੇਂ ਸੰਸਾਰ ਵਿਚ ਸਾਨੂੰ ਅਸਲੀ ਭੋਜਨ ਵੀ ਬਹੁਤਾਤ ਵਿਚ ਮਿਲੇਗਾ। ਉਸ ਸਮੇਂ “ਮੋਟੀਆਂ ਵਸਤਾਂ ਦੀ ਦਾਉਤ” ਵਿਚ ਅਸਲੀ ਭੋਜਨ ਭਰਪੂਰ ਮਾਤਰਾ ਵਿਚ ਹੋਵੇਗਾ। ਕੋਈ ਵੀ ਇਨਸਾਨ ਸਰੀਰਕ ਜਾਂ ਰੂਹਾਨੀ ਤੌਰ ਤੇ ਭੁੱਖਾ ਨਹੀਂ ਰਹੇਗਾ। ਇਸ ਨਾਲ ਉਨ੍ਹਾਂ ਵਫ਼ਾਦਾਰ ਲੋਕਾਂ ਨੂੰ ਕਿੰਨੀ ਰਾਹਤ ਮਿਲੇਗੀ ਜੋ ਅੱਜ ਯਿਸੂ ਦੀ ਮੌਜੂਦਗੀ ਦੇ “ਲੱਛਣ” ਦੀ ਭਵਿੱਖਬਾਣੀ ਅਨੁਸਾਰ “ਕਾਲ” ਪੈਣ ਕਰਕੇ ਦੁੱਖ ਝੱਲਦੇ ਹਨ। (ਮੱਤੀ 24:3, 7) ਉਨ੍ਹਾਂ ਨੂੰ ਜ਼ਬੂਰਾਂ ਦੇ ਲਿਖਾਰੀ ਦੇ ਇਨ੍ਹਾਂ ਸ਼ਬਦਾਂ ਤੋਂ ਬਹੁਤ ਦਿਲਾਸਾ ਮਿਲਦਾ ਹੈ: ‘ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇਗਾ।’—ਜ਼ਬੂਰ 72:16.
22, 23. (ੳ) ਕਿਹੜੇ “ਪੜਦੇ” ਜਾਂ “ਕੱਜਣ” ਨੂੰ ਖ਼ਤਮ ਕੀਤਾ ਜਾਵੇਗਾ ਅਤੇ ਕਿਵੇਂ? (ਅ) ‘ਯਹੋਵਾਹ ਦੀ ਪਰਜਾ ਦੀ ਬਦਨਾਮੀ’ ਕਿਵੇਂ ਦੂਰ ਕੀਤੀ ਜਾਵੇਗੀ?
22 ਇਸ ਤੋਂ ਵੀ ਇਕ ਵਧੀਆ ਵਾਅਦੇ ਬਾਰੇ ਸੁਣੋ। ਪਾਪ ਅਤੇ ਮੌਤ ਦੀ ਤੁਲਨਾ “ਪੜਦੇ” ਅਤੇ “ਕੱਜਣ” ਨਾਲ ਕਰਦੇ ਹੋਏ ਯਸਾਯਾਹ ਨੇ ਕਿਹਾ: “[ਯਹੋਵਾਹ] ਇਸ ਪਹਾੜ ਤੇ ਉਸ ਪੜਦੇ ਨੂੰ ਝੱਫ ਲਵੇਗਾ, ਉਸ ਪੜਦੇ ਨੂੰ ਜਿਹੜਾ ਸਾਰਿਆਂ ਲੋਕਾਂ ਦੇ ਉੱਤੇ ਹੈ, ਨਾਲੇ ਉਸ ਕੱਜਣ ਨੂੰ ਜਿਹੜਾ ਸਾਰੀਆਂ ਕੌਮਾਂ ਉੱਤੇ ਲਟਕਦਾ ਹੈ।” (ਯਸਾਯਾਹ 25:7) ਜ਼ਰਾ ਸੋਚੋ! ਪਾਪ ਅਤੇ ਮੌਤ, ਜੋ ਮਨੁੱਖਜਾਤੀ ਉੱਤੇ ਭਾਰੇ ਦਮ-ਘੁਟਵੇਂ ਪੜਦੇ ਵਰਗੇ ਹਨ, ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਅਸੀਂ ਉਸ ਦਿਨ ਲਈ ਕਿੰਨਾ ਤਰਸਦੇ ਹਾਂ ਜਦੋਂ ਆਗਿਆਕਾਰ ਤੇ ਵਫ਼ਾਦਾਰ ਮਨੁੱਖਜਾਤੀ ਨੂੰ ਯਿਸੂ ਦੇ ਰਿਹਾਈ-ਕੀਮਤ ਵਜੋਂ ਦਿੱਤੇ ਗਏ ਬਲੀਦਾਨ ਦੇ ਲਾਭ ਮਿਲਣਗੇ!—ਪਰਕਾਸ਼ ਦੀ ਪੋਥੀ 21:3, 4.
23 ਉਸ ਸ਼ਾਨਦਾਰ ਸਮੇਂ ਬਾਰੇ ਗੱਲ ਕਰਦੇ ਹੋਏ, ਯਸਾਯਾਹ ਨੇ ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਸਾਨੂੰ ਭਰੋਸਾ ਦਿਵਾਇਆ ਹੈ: “[ਪਰਮੇਸ਼ੁਰ] ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ, ਅਤੇ ਆਪਣੀ ਪਰਜਾ ਦੀ ਬਦਨਾਮੀ ਨੂੰ ਸਾਰੀ ਧਰਤੀ ਦੇ ਉੱਤੋਂ ਦੂਰ ਕਰ ਦੇਵੇਗਾ, ਕਿਉਂਕਿ ਏਹ ਯਹੋਵਾਹ ਦਾ ਬੋਲ ਹੈ।” (ਯਸਾਯਾਹ 25:8) ਕੋਈ ਵੀ ਕੁਦਰਤੀ ਕਾਰਨਾਂ ਕਰਕੇ ਨਹੀਂ ਮਰੇਗਾ ਜਾਂ ਕਿਸੇ ਮਿੱਤਰ-ਪਿਆਰੇ ਦੀ ਮੌਤ ਹੋਣ ਕਰਕੇ ਨਹੀਂ ਰੋਏਗਾ। ਇਹ ਅੱਜ ਦੇ ਸਮੇਂ ਤੋਂ ਕਿੰਨਾ ਵੱਖਰਾ ਹੋਵੇਗਾ! ਇਸ ਤੋਂ ਇਲਾਵਾ, ਜੋ ਬਦਨਾਮੀ ਅਤੇ ਝੂਠੀਆਂ ਅਫ਼ਵਾਹਾਂ ਯਹੋਵਾਹ ਅਤੇ ਉਸ ਦੇ ਸੇਵਕ ਬਹੁਤ ਸਮੇਂ ਤੋਂ ਸਹਿੰਦੇ ਆਏ ਹਨ, ਉਹ ਫਿਰ ਧਰਤੀ ਉੱਤੇ ਸੁਣਾਈ ਨਹੀਂ ਦੇਣਗੀਆਂ। ਕਿਉਂ? ਕਿਉਂਕਿ ਯਹੋਵਾਹ ਇਨ੍ਹਾਂ ਦੀ ਜੜ੍ਹ, ਯਾਨੀ ਝੂਠ ਦੇ ਪਤੰਦਰ ਸ਼ਤਾਨ ਅਰਥਾਤ ਇਬਲੀਸ ਅਤੇ ਉਸ ਦੀ ਸਾਰੀ ਸੰਤਾਨ ਨੂੰ ਖ਼ਤਮ ਕਰ ਦੇਵੇਗਾ।—ਯੂਹੰਨਾ 8:44.
24. ਚਾਨਣ ਵਿਚ ਚੱਲਣ ਵਾਲੇ ਲੋਕ ਯਹੋਵਾਹ ਦੇ ਉਨ੍ਹਾਂ ਸ਼ਕਤੀਸ਼ਾਲੀ ਕੰਮਾਂ ਉੱਤੇ ਸੋਚ-ਵਿਚਾਰ ਕਰ ਕੇ ਕੀ ਕਰਦੇ ਹਨ ਜੋ ਉਹ ਉਨ੍ਹਾਂ ਲਈ ਕਰਨ ਵਾਲਾ ਹੈ?
24 ਭਵਿੱਖ ਵਿਚ ਹੋਣ ਵਾਲੇ ਯਹੋਵਾਹ ਦੀ ਸ਼ਕਤੀ ਦੇ ਇਨ੍ਹਾਂ ਪ੍ਰਦਰਸ਼ਨਾਂ ਉੱਤੇ ਸੋਚ-ਵਿਚਾਰ ਕਰਨ ਤੋਂ ਬਾਅਦ, ਚਾਨਣ ਵਿਚ ਚੱਲਣ ਵਾਲੇ ਲੋਕ ਜੋਸ਼ ਨਾਲ ਇਹ ਕਹਿਣਗੇ: “ਵੇਖੋ, ਏਹ ਸਾਡਾ ਪਰਮੇਸ਼ੁਰ ਹੈ, ਅਸੀਂ ਉਹ ਨੂੰ ਉਡੀਕਦੇ ਸਾਂ, ਅਤੇ ਉਹ ਸਾਨੂੰ ਬਚਾਵੇਗਾ—ਏਹ ਯਹੋਵਾਹ ਹੈ, ਅਸੀਂ ਉਹ ਨੂੰ ਉਡੀਕਦੇ ਸਾਂ, ਅਸੀਂ ਉਹ ਦੀ ਮੁਕਤੀ ਵਿੱਚ ਖੁਸ਼ੀ ਮਨਾਈਏ ਅਤੇ ਅਨੰਦ ਕਰੀਏ।” (ਯਸਾਯਾਹ 25:9) ਬਹੁਤ ਜਲਦੀ ਧਰਮੀ ਲੋਕ ਖ਼ੁਸ਼ੀ ਮਨਾਉਣਗੇ। ਹਨੇਰਾ ਬਿਲਕੁਲ ਦੂਰ ਕਰ ਦਿੱਤਾ ਜਾਵੇਗਾ ਅਤੇ ਵਫ਼ਾਦਾਰ ਲੋਕ ਯਹੋਵਾਹ ਦੇ ਚਾਨਣ ਵਿਚ ਹਮੇਸ਼ਾ-ਹਮੇਸ਼ਾ ਤਕ ਚੱਲਦੇ ਰਹਿਣਗੇ। ਕੀ ਇਸ ਤੋਂ ਵਧੀਆ ਸ਼ਾਨਦਾਰ ਉਮੀਦ ਕੋਈ ਹੋਰ ਹੋ ਸਕਦੀ ਹੈ? ਨਹੀਂ, ਬਿਲਕੁਲ ਨਹੀਂ!
ਕੀ ਤੁਸੀਂ ਸਮਝਾ ਸਕਦੇ ਹੋ?
• ਅੱਜ ਚਾਨਣ ਵਿਚ ਚੱਲਣਾ ਕਿਉਂ ਜ਼ਰੂਰੀ ਹੈ?
• ਯਸਾਯਾਹ ਨੇ ਯਹੋਵਾਹ ਦੇ ਨਾਂ ਨੂੰ ਕਿਉਂ ਵਡਿਆਇਆ ਸੀ?
• ਪਰਮੇਸ਼ੁਰ ਦੇ ਵੈਰੀ ਉਸ ਦੇ ਲੋਕਾਂ ਦੀ ਖਰਿਆਈ ਨੂੰ ਤੋੜਨ ਵਿਚ ਕਿਉਂ ਕਾਮਯਾਬ ਨਹੀਂ ਹੋਣਗੇ?
• ਚਾਨਣ ਵਿਚ ਚੱਲਣ ਵਾਲੇ ਲੋਕਾਂ ਨੂੰ ਕਿਹੜੀਆਂ ਭਰਪੂਰ ਬਰਕਤਾਂ ਮਿਲਣਗੀਆਂ?
[ਸਫ਼ੇ 12, 13 ਉੱਤੇ ਤਸਵੀਰ]
ਯਹੂਦਾਹ ਦੇ ਲੋਕਾਂ ਨੇ ਮੋਲਕ ਦੇਵਤੇ ਦੇ ਸਾਮ੍ਹਣੇ ਆਪਣੇ ਬੱਚਿਆਂ ਦਾ ਚੜ੍ਹਾਵਾ ਚੜ੍ਹਾਇਆ
[ਸਫ਼ੇ 15 ਉੱਤੇ ਤਸਵੀਰਾਂ]
ਯਹੋਵਾਹ ਦੇ ਸ਼ਕਤੀਸ਼ਾਲੀ ਕੰਮਾਂ ਦੇ ਗਿਆਨ ਨੇ ਯਸਾਯਾਹ ਨੂੰ ਯਹੋਵਾਹ ਦੇ ਨਾਂ ਦੀ ਵਡਿਆਈ ਕਰਨ ਲਈ ਪ੍ਰੇਰਿਆ
[ਸਫ਼ੇ 16 ਉੱਤੇ ਤਸਵੀਰ]
ਧਰਮੀ ਲੋਕ ਯਹੋਵਾਹ ਦੇ ਚਾਨਣ ਵਿਚ ਹਮੇਸ਼ਾ-ਹਮੇਸ਼ਾ ਤਕ ਚੱਲਦੇ ਰਹਿਣਗੇ