ਬਾਈਵਾਂ ਅਧਿਆਇ
ਯਹੋਵਾਹ ਦੇ “ਅਚਰਜ ਕੰਮ” ਬਾਰੇ ਭਵਿੱਖਬਾਣੀ
1, 2. ਇਸਰਾਏਲ ਅਤੇ ਯਹੂਦਾਹ ਦੋਵੇਂ ਸੁਰੱਖਿਅਤ ਕਿਉਂ ਮਹਿਸੂਸ ਕਰਦੇ ਸਨ?
ਇਸਰਾਏਲ ਅਤੇ ਯਹੂਦਾਹ ਨੇ ਕੁਝ ਸਮੇਂ ਲਈ ਸੁਰੱਖਿਆ ਮਹਿਸੂਸ ਕੀਤੀ। ਇਕ ਖ਼ਤਰਨਾਕ ਦੁਨੀਆਂ ਵਿਚ ਸਹੀ-ਸਲਾਮਤ ਰਹਿਣ ਲਈ ਉਨ੍ਹਾਂ ਦੇ ਆਗੂਆਂ ਨੇ ਵੱਡੀਆਂ ਅਤੇ ਸ਼ਕਤੀਸ਼ਾਲੀ ਕੌਮਾਂ ਨਾਲ ਮਿੱਤਰਤਾ ਭਾਲੀ। ਇਸਰਾਏਲ ਦੀ ਰਾਜਧਾਨੀ ਸਾਮਰਿਯਾ ਨੇ ਆਪਣੇ ਗੁਆਂਢੀ ਸੀਰੀਆ ਨਾਲ ਮਿੱਤਰਤਾ ਕਾਇਮ ਕੀਤੀ ਜਦ ਕਿ ਯਹੂਦਾਹ ਦੀ ਰਾਜਧਾਨੀ ਯਰੂਸ਼ਲਮ ਨੇ ਬੇਰਹਿਮ ਅੱਸ਼ੂਰ ਉੱਤੇ ਆਪਣੀ ਉਮੀਦ ਰੱਖੀ ਸੀ।
2 ਉੱਤਰੀ ਰਾਜ ਦੇ ਕੁਝ ਲੋਕਾਂ ਨੇ ਆਪਣੇ ਨਵੇਂ ਰਾਜਨੀਤਿਕ ਮਿੱਤਰਾਂ ਉੱਤੇ ਭਰੋਸਾ ਰੱਖਣ ਦੇ ਨਾਲ-ਨਾਲ ਇਹ ਵੀ ਉਮੀਦ ਰੱਖੀ ਕਿ ਯਹੋਵਾਹ ਉਨ੍ਹਾਂ ਦੀ ਰੱਖਿਆ ਕਰੇਗਾ ਭਾਵੇਂ ਕਿ ਉਹ ਸੋਨੇ ਦੇ ਵੱਛਿਆਂ ਦੀ ਪੂਜਾ ਕਰ ਰਹੇ ਸਨ। ਯਹੂਦਾਹ ਦੇ ਲੋਕ ਵੀ ਮੰਨਦੇ ਸਨ ਕਿ ਉਨ੍ਹਾਂ ਨੂੰ ਯਹੋਵਾਹ ਦੀ ਰੱਖਿਆ ਮਿਲ ਸਕਦੀ ਸੀ ਕਿਉਂਕਿ ਯਹੋਵਾਹ ਦੀ ਹੈਕਲ ਉਨ੍ਹਾਂ ਦੀ ਰਾਜਧਾਨੀ ਯਰੂਸ਼ਲਮ ਵਿਚ ਸੀ। ਪਰ ਇਨ੍ਹਾਂ ਦੋਹਾਂ ਕੌਮਾਂ ਨਾਲ ਅਜਿਹੀਆਂ ਘਟਨਾਵਾਂ ਹੋਣ ਵਾਲੀਆਂ ਸਨ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਕੋਈ ਖ਼ਬਰ ਨਹੀਂ ਸੀ। ਯਹੋਵਾਹ ਨੇ ਯਸਾਯਾਹ ਨੂੰ ਇਹ ਦੱਸਣ ਲਈ ਪ੍ਰੇਰਿਆ ਕਿ ਉਸ ਦੇ ਜ਼ਿੱਦੀ ਲੋਕਾਂ ਨਾਲ ਅਸਚਰਜ ਕੰਮ ਹੋਣ ਵਾਲੇ ਸਨ। ਅੱਜ ਸਾਰੇ ਜਣੇ ਇਨ੍ਹਾਂ ਗੱਲਾਂ ਤੋਂ ਜ਼ਰੂਰੀ ਸਬਕ ਸਿੱਖ ਸਕਦੇ ਹਨ।
‘ਇਫ਼ਰਾਈਮ ਦੇ ਸ਼ਰਾਬੀ’
3, 4. ਉੱਤਰੀ ਰਾਜ ਇਸਰਾਏਲ ਕਿਸ ਗੱਲ ਦਾ ਘਮੰਡ ਕਰਦਾ ਸੀ?
3 ਯਸਾਯਾਹ ਨੇ ਆਪਣੀ ਭਵਿੱਖਬਾਣੀ ਇਨ੍ਹਾਂ ਅਜੀਬ ਸ਼ਬਦਾਂ ਨਾਲ ਸ਼ੁਰੂ ਕੀਤੀ: “ਹਾਇ ਇਫ਼ਰਾਈਮ ਦੇ ਸ਼ਰਾਬੀਆਂ ਦੇ ਘੁਮੰਡ ਦੇ ਮੁਕਟ ਉੱਤੇ! ਅਤੇ ਉਸ ਦੇ ਸ਼ਾਨਦਾਰ ਸੁਹੱਪਣ ਦੇ ਕੁਮਲਾਏ ਹੋਏ ਫੁੱਲ ਉੱਤੇ, ਜਿਹੜਾ ਉਨ੍ਹਾਂ ਬੇਹੋਸ਼ ਸ਼ਰਾਬੀਆਂ ਦੀ ਫਲਦਾਰ ਦੂਣ ਦੇ ਸਿਰ ਉੱਤੇ ਹੈ! ਵੇਖੋ, ਯਹੋਵਾਹ ਕੋਲ ਇੱਕ ਤਕੜਾ ਤੇ ਸਮਰਥੀ ਜਨ ਹੈ, ਗੜਿਆਂ ਦੀ ਅਨ੍ਹੇਰੀ ਵਾਂਙੁ, . . . ਉਹ ਧਰਤੀ ਤੀਕ ਆਪਣੇ ਹੱਥ ਨਾਲ ਪਟਕ ਦੇਵੇਗਾ। ਇਫ਼ਰਾਈਮ ਦੇ ਸ਼ਰਾਬੀਆਂ ਦੇ ਘੁਮੰਡ ਦਾ ਮੁਕਟ ਪੈਰਾਂ ਹੇਠ ਮਿੱਧਿਆ ਜਾਵੇਗਾ।”—ਯਸਾਯਾਹ 28:1-3.
4 ਇਫ਼ਰਾਈਮ ਦਸਾਂ ਉੱਤਰੀ ਗੋਤਾਂ ਵਿੱਚੋਂ ਇਕ ਮੁੱਖ ਗੋਤ ਸੀ, ਇਸ ਕਰਕੇ ਇਹ ਇਸਰਾਏਲ ਦੇ ਸਾਰੇ ਰਾਜ ਨੂੰ ਦਰਸਾਉਂਦਾ ਸੀ। ਇਸ ਦੀ ਰਾਜਧਾਨੀ ਸਾਮਰਿਯਾ “ਫਲਦਾਰ ਦੂਣ ਦੇ ਸਿਰ” ਉੱਤੇ ਸੀ ਅਤੇ ਇਹ ਇਕ ਸੁੰਦਰ ਅਤੇ ਉੱਚੀ ਜਗ੍ਹਾ ਸੀ। ਇਫ਼ਰਾਈਮ ਦੇ ਆਗੂ ਯਰੂਸ਼ਲਮ ਵਿਚ ਦਾਊਦ ਦੇ ਰਾਜ ਤੋਂ ਵੱਖ ਹੋਣ ਕਰਕੇ ਆਪਣੇ “ਮੁਕਟ” ਉੱਤੇ ਘਮੰਡ ਕਰਦੇ ਸਨ। ਪਰ ਉਹ ‘ਸ਼ਰਾਬੀ’ ਸਨ, ਯਾਨੀ ਯਹੂਦਾਹ ਵਿਰੁੱਧ ਸੀਰੀਯਾ ਨਾਲ ਆਪਣੀ ਮਿੱਤਰਤਾ ਕਾਰਨ ਉਹ ਰੂਹਾਨੀ ਤੌਰ ਤੇ ਮਦਹੋਸ਼ ਸਨ। ਲੇਕਿਨ, ਜਿਨ੍ਹਾਂ ਚੀਜ਼ਾਂ ਦਾ ਉਨ੍ਹਾਂ ਨੂੰ ਘਮੰਡ ਸੀ ਉਹ ਹਮਲਾ ਕਰਨ ਵਾਲਿਆਂ ਦੇ ਪੈਰਾਂ ਹੇਠ ਮਿੱਧੀਆਂ ਗਈਆਂ ਸਨ।—ਯਸਾਯਾਹ 29:9 ਦੀ ਤੁਲਨਾ ਕਰੋ।
5. ਇਫ਼ਰਾਈਮ ਦੀ ਸਥਿਤੀ ਨਾਜ਼ੁਕ ਕਿਵੇਂ ਸੀ, ਪਰ ਯਸਾਯਾਹ ਨੇ ਉਨ੍ਹਾਂ ਲੋਕਾਂ ਨੂੰ ਕਿਹੜੀ ਉਮੀਦ ਦਿੱਤੀ ਸੀ?
5 ਇਫ਼ਰਾਈਮ ਇਹ ਨਹੀਂ ਜਾਣਦਾ ਸੀ ਕਿ ਉਸ ਦੀ ਸਥਿਤੀ ਕਿੰਨੀ ਨਾਜ਼ੁਕ ਸੀ। ਯਸਾਯਾਹ ਨੇ ਅੱਗੇ ਕਿਹਾ: “ਉਸ ਦੇ ਸ਼ਾਨਦਾਰ ਸੁਹੱਪਣ ਦਾ ਕੁਮਲਾਇਆ ਹੋਇਆ ਫੁੱਲ, ਜਿਹੜਾ ਉਸ ਫਲਦਾਰ ਦੂਣ ਦੇ ਸਿਰੇ ਉੱਤੇ ਹੈ, ਹਾੜ੍ਹੀ ਦੇ ਪਹਿਲੇ ਪੱਕੇ ਹਜੀਰ ਵਾਂਙੁ ਹੋਵੇਗਾ, ਜਿਹ ਨੂੰ ਕੋਈ ਵੇਖਦਿਆਂ ਹੀ, ਜਦ ਹੀ ਉਹ ਉਸ ਦੇ ਹੱਥ ਵਿੱਚ ਹੈ, ਹੜੱਪ ਲਵੇ।” (ਯਸਾਯਾਹ 28:4) ਅੱਸ਼ੂਰ ਨੇ ਇਫ਼ਰਾਈਮ ਉੱਤੇ ਕਬਜ਼ਾ ਕਰ ਲਿਆ ਸੀ। ਉਹ ਇਕ ਮਿੱਠੇ ਫਲ ਵਰਗਾ ਸੀ ਜੋ ਇੱਕੋ ਵਾਰ ਖਾਧਾ ਜਾਂਦਾ ਹੈ। ਤਾਂ ਫਿਰ, ਕੀ ਉਸ ਲਈ ਕੋਈ ਉਮੀਦ ਨਹੀਂ ਸੀ? ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਆਮ ਕਰਕੇ ਯਸਾਯਾਹ ਦੀਆਂ ਭਵਿੱਖਬਾਣੀਆਂ ਉਮੀਦ ਵੀ ਦਿੰਦੀਆਂ ਸਨ। ਭਾਵੇਂ ਕਿ ਸਾਰੀ ਕੌਮ ਖ਼ਤਮ ਕੀਤੀ ਗਈ ਸੀ, ਪਰ ਯਹੋਵਾਹ ਦੀ ਮਦਦ ਨਾਲ ਕੁਝ ਵਫ਼ਾਦਾਰ ਲੋਕ ਬਚ ਗਏ ਸਨ। “ਸੈਨਾਂ ਦਾ ਯਹੋਵਾਹ ਆਪਣੀ ਪਰਜਾ ਦੇ ਬਕੀਏ ਲਈ ਸੁਹੱਪਣ ਦਾ ਮੁਕਟ, ਸੁੰਦਰਤਾ ਦਾ ਹਾਰ ਹੋਵੇਗਾ, ਅਤੇ ਜਿਹੜਾ ਨਿਆਉਂ ਉੱਤੇ ਬਹਿੰਦਾ ਹੈ, ਉਹ ਦੇ ਲਈ ਉਹ ਇਨਸਾਫ਼ ਦੀ ਰੂਹ, ਅਤੇ ਜਿਹੜੇ ਫਾਟਕ ਤੋਂ ਲੜਾਈ ਹਟਾਉਂਦੇ ਹਨ, ਓਹਨਾਂ ਲਈ ਬਹਾਦਰੀ ਹੋਵੇਗਾ।”—ਯਸਾਯਾਹ 28:5, 6.
ਉਹ “ਝੂਲਦੇ ਫਿਰਦੇ” ਸਨ
6. ਸਾਮਰਿਯਾ ਦੀ ਤਬਾਹੀ ਕਦੋਂ ਹੋਈ ਸੀ ਪਰ ਯਹੂਦਾਹ ਨੂੰ ਇਸ ਉੱਤੇ ਖ਼ੁਸ਼ ਕਿਉਂ ਨਹੀਂ ਹੋਣਾ ਚਾਹੀਦਾ ਸੀ?
6 ਸਾਮਰਿਯਾ ਲਈ ਲੇਖਾ ਦੇਣ ਦਾ ਦਿਨ 740 ਸਾ.ਯੁ.ਪੂ. ਵਿਚ ਆਇਆ ਜਦੋਂ ਅੱਸ਼ੂਰੀਆਂ ਨੇ ਉਸ ਦੇ ਦੇਸ਼ ਨੂੰ ਤਬਾਹ ਕੀਤਾ ਅਤੇ ਉਹ ਇਕ ਆਜ਼ਾਦ ਕੌਮ ਨਹੀਂ ਰਿਹਾ। ਯਹੂਦਾਹ ਨਾਲ ਕੀ ਹੋਇਆ ਸੀ? ਅੱਸ਼ੂਰ ਨੇ ਉਸ ਉੱਤੇ ਵੀ ਹਮਲਾ ਕੀਤਾ ਅਤੇ ਬਾਅਦ ਵਿਚ ਬਾਬਲ ਨੇ ਉਸ ਦੀ ਰਾਜਧਾਨੀ ਦਾ ਨਾਸ਼ ਕਰ ਦਿੱਤਾ। ਪਰ ਯਸਾਯਾਹ ਦੀ ਜ਼ਿੰਦਗੀ ਦੌਰਾਨ, ਯਹੂਦਾਹ ਵਿਚ ਹੈਕਲ ਅਤੇ ਜਾਜਕਾਈ ਅਜੇ ਮੌਜੂਦ ਸਨ ਅਤੇ ਉਸ ਦੇ ਨਬੀ ਵੀ ਭਵਿੱਖਬਾਣੀ ਕਰ ਰਹੇ ਸਨ। ਕੀ ਯਹੂਦਾਹ ਨੂੰ ਉੱਤਰ ਵੱਲ ਆਪਣੇ ਗੁਆਂਢੀ ਦੇ ਬੁਰੇ ਹਾਲ ਉੱਤੇ ਖ਼ੁਸ਼ ਹੋਣਾ ਚਾਹੀਦਾ ਸੀ? ਬਿਲਕੁਲ ਨਹੀਂ! ਯਹੋਵਾਹ ਨੇ ਉਸ ਤੋਂ ਅਤੇ ਉਸ ਦੇ ਆਗੂਆਂ ਤੋਂ ਵੀ ਅਣਆਗਿਆਕਾਰੀ ਅਤੇ ਨਿਹਚਾ ਦੀ ਘਾਟ ਲਈ ਲੇਖਾ ਲੈਣਾ ਸੀ।
7. ਯਹੂਦਾਹ ਦੇ ਆਗੂ ਕਿਸ ਤਰ੍ਹਾਂ ਸ਼ਰਾਬੀ ਸਨ ਅਤੇ ਇਸ ਦੇ ਨਤੀਜੇ ਕੀ ਨਿਕਲੇ ਸਨ?
7 ਯਹੂਦਾਹ ਨੂੰ ਸੁਨੇਹਾ ਦਿੰਦੇ ਹੋਏ ਯਸਾਯਾਹ ਨੇ ਅੱਗੇ ਕਿਹਾ: “ਏਹ ਵੀ ਮਧ ਨਾਲ ਝੂਲਦੇ ਫਿਰਦੇ ਹਨ, ਅਤੇ ਸ਼ਰਾਬ ਨਾਲ ਡਗਮਗਾਉਂਦੇ ਹਨ,—ਜਾਜਕ ਅਤੇ ਨਬੀ ਸ਼ਰਾਬ ਨਾਲ ਝੂਲਦੇ ਫਿਰਦੇ ਹਨ, ਓਹ ਮਧ ਨਾਲ ਮਸਤਾਨੇ ਹਨ, ਓਹ ਸ਼ਰਾਬ ਨਾਲ ਡਗਮਗਾਉਂਦੇ ਹਨ, ਓਹ ਦਰਿਸ਼ਟੀ ਵਿੱਚ ਭੁਲੇਖਾ ਖਾਂਦੇ ਹਨ, ਅਦਾਲਤ ਵਿੱਚ ਓਹ ਠੋਕਰ ਖਾਂਦੇ ਹਨ! ਸਾਰੀਆਂ ਮੇਜ਼ਾਂ ਤਾਂ ਕੈ ਤੇ ਵਿਸ਼ਟੇ ਨਾਲ ਭਰੀਆਂ ਹੋਈਆਂ ਹਨ, ਕੋਈ ਥਾਂ ਸਾਫ ਨਹੀਂ!” (ਯਸਾਯਾਹ 28:7, 8) ਉਨ੍ਹਾਂ ਦੀ ਹਾਲਤ ਕਿੰਨੀ ਘਿਣਾਉਣੀ ਸੀ! ਪਰਮੇਸ਼ੁਰ ਦੇ ਘਰ ਵਿਚ ਸ਼ਰਾਬੀ ਹੋਣਾ ਤਾਂ ਭੈੜਾ ਹੈ ਹੀ, ਪਰ ਉਹ ਜਾਜਕ ਅਤੇ ਨਬੀ ਰੂਹਾਨੀ ਤੌਰ ਤੇ ਸ਼ਰਾਬੀ ਸਨ। ਉਹ ਭੁਲੇਖੇ ਵਿਚ ਪਏ ਹੋਏ ਸਨ ਅਤੇ ਉਹ ਕੌਮਾਂ ਨਾਲ ਆਪਣੀ ਮਿੱਤਰਤਾ ਉੱਤੇ ਭਰੋਸਾ ਰੱਖਣ ਲੱਗ ਪਏ ਸਨ। ਉਹ ਧੋਖੇ ਵਿਚ ਸਨ ਕਿ ਉਹ ਸਹੀ ਰਸਤੇ ਉੱਤੇ ਚੱਲ ਰਹੇ ਸਨ। ਉਨ੍ਹਾਂ ਨੇ ਸ਼ਾਇਦ ਇਹ ਵੀ ਸੋਚਿਆ ਹੋਵੇ ਕਿ ਜੇ ਯਹੋਵਾਹ ਉਨ੍ਹਾਂ ਨੂੰ ਨਾ ਬਚਾ ਸਕਿਆ ਤਾਂ ਉਨ੍ਹਾਂ ਦੀਆਂ ਮਿੱਤਰ ਕੌਮਾਂ ਉਨ੍ਹਾਂ ਨੂੰ ਬਚਾ ਲੈਣਗੀਆਂ! ਰੂਹਾਨੀ ਤੌਰ ਤੇ ਆਪਣੀ ਸ਼ਰਾਬੀ ਹਾਲਤ ਵਿਚ, ਉਨ੍ਹਾਂ ਧਾਰਮਿਕ ਆਗੂਆਂ ਨੇ ਗੰਦੀਆਂ, ਅਪਵਿੱਤਰ ਗੱਲਾਂ ਕਹੀਆਂ ਜਿਨ੍ਹਾਂ ਤੋਂ ਪਤਾ ਲੱਗਿਆ ਕਿ ਉਹ ਪਰਮੇਸ਼ੁਰ ਦੇ ਵਾਅਦਿਆਂ ਉੱਤੇ ਉੱਕਾ ਹੀ ਵਿਸ਼ਵਾਸ ਨਹੀਂ ਰੱਖਦੇ ਸਨ।
8. ਯਹੂਦਾਹ ਦੇ ਆਗੂਆਂ ਨੂੰ ਯਸਾਯਾਹ ਦਾ ਸੁਨੇਹਾ ਕਿਸ ਤਰ੍ਹਾਂ ਦਾ ਲੱਗਦਾ ਸੀ?
8 ਯਹੂਦਾਹ ਦੇ ਆਗੂਆਂ ਨੇ ਯਹੋਵਾਹ ਦੀ ਚੇਤਾਵਨੀ ਬਾਰੇ ਕਿਵੇਂ ਮਹਿਸੂਸ ਕੀਤਾ ਸੀ? ਉਨ੍ਹਾਂ ਨੇ ਯਸਾਯਾਹ ਦਾ ਮਖੌਲ ਉਡਾਇਆ ਅਤੇ ਉਸ ਉੱਤੇ ਇਲਜ਼ਾਮ ਲਾਇਆ ਕਿ ਉਹ ਉਨ੍ਹਾਂ ਨਾਲ ਇਸ ਤਰ੍ਹਾਂ ਗੱਲ ਕਰ ਰਿਹਾ ਸੀ ਜਿਵੇਂ ਕਿ ਉਹ ਨਿਆਣੇ ਸਨ: “ਉਹ ਕਿਹ ਨੂੰ ਗਿਆਨ ਸਿਖਾਵੇਗਾ, ਅਤੇ ਕਿਹ ਨੂੰ ਪਰਚਾਰ ਦੀ ਸਮਝ ਦੇਵੇਗਾ? ਕੀ ਓਹਨਾਂ ਨੂੰ ਜਿਨ੍ਹਾਂ ਦਾ ਦੁੱਧ ਛੁਡਾਇਆ ਗਿਆ, ਯਾ ਜਿਹੜੇ ਦੁੱਧੀਆਂ ਤੋਂ ਅੱਡ ਕੀਤੇ ਗਏ? ਬਿਧ ਤੇ ਬਿਧ, ਬਿਧ ਤੇ ਬਿਧ, ਸੂਤ੍ਰ ਤੇ ਸੂਤ੍ਰ, ਸੂਤ੍ਰ ਤੇ ਸੂਤ੍ਰ, ਥੋੜਾ ਐਥੇ, ਥੋੜਾ ਉੱਥੇ!” (ਯਸਾਯਾਹ 28:9, 10) ਯਸਾਯਾਹ ਦੀਆਂ ਗੱਲਾਂ ਉਨ੍ਹਾਂ ਨੂੰ ਕਿੰਨੀਆਂ ਅਜੀਬ ਅਤੇ ਰਟੀਆਂ ਹੋਈਆਂ ਲੱਗਦੀਆਂ ਸਨ! ਉਹ ਵਾਰ-ਵਾਰ ਇੱਕੋ ਗੱਲ ਕਹਿ ਰਿਹਾ ਸੀ ਕਿ ‘ਇਹੋ ਯਹੋਵਾਹ ਦਾ ਹੁਕਮ ਹੈ! ਇਹੋ ਯਹੋਵਾਹ ਦਾ ਹੁਕਮ ਹੈ! ਇਹੋ ਯਹੋਵਾਹ ਦਾ ਅਸੂਲ ਹੈ! ਇਹੋ ਯਹੋਵਾਹ ਦਾ ਅਸੂਲ ਹੈ!’a ਪਰ ਯਹੋਵਾਹ ਨੂੰ ਯਹੂਦਾਹ ਦੇ ਵਾਸੀਆਂ ਵਿਰੁੱਧ ਕਦਮ ਚੁੱਕਣਾ ਪਿਆ। ਉਸ ਨੇ ਬਾਬਲ ਦੀਆਂ ਫ਼ੌਜਾਂ ਭੇਜੀਆਂ ਅਤੇ ਇਹ ਵਿਦੇਸ਼ੀ ਸੱਚ-ਮੁੱਚ ਇਕ ਓਪਰੀ ਜ਼ਬਾਨ ਬੋਲਦੇ ਸਨ। ਉਨ੍ਹਾਂ ਫ਼ੌਜਾਂ ਨੇ ਯਹੋਵਾਹ ਦੀ “ਬਿਧ ਤੇ ਬਿਧ” ਪੂਰੀ ਕੀਤੀ ਅਤੇ ਯਹੂਦਾਹ ਡਿੱਗ ਪਿਆ।—ਯਸਾਯਾਹ 28:11-13 ਪੜ੍ਹੋ।
ਰੂਹਾਨੀ ਤੌਰ ਤੇ ਅੱਜ ਦੇ ਸ਼ਰਾਬੀ
9, 10. ਯਸਾਯਾਹ ਦੇ ਸ਼ਬਦ ਬਾਅਦ ਦੀਆਂ ਪੀੜ੍ਹੀਆਂ ਉੱਤੇ ਕਦੋਂ ਅਤੇ ਕਿਵੇਂ ਲਾਗੂ ਹੋਏ ਹਨ?
9 ਕੀ ਯਸਾਯਾਹ ਦੀਆਂ ਇਹ ਭਵਿੱਖਬਾਣੀਆਂ ਸਿਰਫ਼ ਪ੍ਰਾਚੀਨ ਇਸਰਾਏਲ ਅਤੇ ਯਹੂਦਾਹ ਉੱਤੇ ਹੀ ਲਾਗੂ ਹੋਈਆਂ ਸਨ? ਜੀ ਨਹੀਂ! ਯਿਸੂ ਅਤੇ ਪੌਲੁਸ ਦੋਹਾਂ ਨੇ ਉਸ ਦੇ ਹਵਾਲੇ ਦੇ ਕੇ ਆਪਣੇ ਜ਼ਮਾਨੇ ਦੀ ਇਸਰਾਏਲੀ ਕੌਮ ਉੱਤੇ ਲਾਗੂ ਕੀਤੇ ਸਨ। (ਯਸਾਯਾਹ 29:10, 13; ਮੱਤੀ 15:8, 9; ਰੋਮੀਆਂ 11:8) ਅੱਜ ਦੀ ਹਾਲਤ ਵੀ ਯਸਾਯਾਹ ਦੇ ਜ਼ਮਾਨੇ ਵਰਗੀ ਹੈ।
10 ਅੱਜ ਈਸਾਈ-ਜਗਤ ਦੇ ਧਾਰਮਿਕ ਆਗੂ ਆਪਣਾ ਭਰੋਸਾ ਰਾਜਨੀਤੀ ਉੱਤੇ ਰੱਖਦੇ ਹਨ। ਉਹ ਰਾਜਨੀਤਿਕ ਮਾਮਲਿਆਂ ਵਿਚ ਦਖ਼ਲ ਦਿੰਦੇ ਹਨ ਅਤੇ ਉਹ ਖ਼ੁਸ਼ ਹੁੰਦੇ ਹਨ ਕਿ ਇਸ ਦੁਨੀਆਂ ਦੇ ਵੱਡੇ-ਵੱਡੇ ਲੋਕ ਉਨ੍ਹਾਂ ਤੋਂ ਸਲਾਹ ਲੈਂਦੇ ਹਨ। ਬਾਈਬਲ ਦੀ ਸ਼ੁੱਧ ਸੱਚਾਈ ਬੋਲਣ ਦੀ ਬਜਾਇ ਉਹ ਅਪਵਿੱਤਰ ਗੱਲਾਂ ਕਰਦੇ ਹਨ। ਉਹ ਇਸਰਾਏਲ ਅਤੇ ਯਹੂਦਾਹ ਦੇ ਸ਼ਰਾਬੀਆਂ ਵਾਂਗ ਡਿੱਗਦੇ-ਫਿਰਦੇ ਹਨ। ਉਨ੍ਹਾਂ ਦੀ ਰੂਹਾਨੀ ਨਜ਼ਰ ਧੁੰਦਲੀ ਹੋਈ ਹੈ ਅਤੇ ਉਹ ਮਨੁੱਖਜਾਤੀ ਲਈ ਚੰਗੇ ਆਗੂ ਸਾਬਤ ਨਹੀਂ ਹੋਏ।—ਮੱਤੀ 15:14.
11. ਈਸਾਈ-ਜਗਤ ਦੇ ਆਗੂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਬਾਰੇ ਕੀ ਸੋਚਦੇ ਹਨ?
11 ਈਸਾਈ-ਜਗਤ ਦੇ ਆਗੂ ਕੀ ਸੋਚਦੇ ਹਨ ਜਦੋਂ ਯਹੋਵਾਹ ਦੇ ਗਵਾਹ ਉਨ੍ਹਾਂ ਨੂੰ ਮਨੁੱਖਜਾਤੀ ਦੀ ਇੱਕੋ-ਇਕ ਆਸ ਪਰਮੇਸ਼ੁਰ ਦੇ ਰਾਜ ਬਾਰੇ ਦੱਸਦੇ ਹਨ? ਉਹ ਉਨ੍ਹਾਂ ਦੀ ਗੱਲ ਨਹੀਂ ਸਮਝਦੇ। ਉਨ੍ਹਾਂ ਦੇ ਭਾਣੇ ਗਵਾਹ ਨਿਆਣਿਆਂ ਵਾਂਗ ਐਵੇਂ ਬਕਵਾਸ ਕਰ ਰਹੇ ਹਨ। ਧਾਰਮਿਕ ਆਗੂ ਇਨ੍ਹਾਂ ਪ੍ਰਚਾਰਕਾਂ ਨੂੰ ਤੁੱਛ ਸਮਝਦੇ ਹਨ ਅਤੇ ਇਨ੍ਹਾਂ ਦਾ ਮਖੌਲ ਉਡਾਉਂਦੇ ਹਨ। ਯਿਸੂ ਦੇ ਜ਼ਮਾਨੇ ਦੇ ਯਹੂਦੀਆਂ ਵਾਂਗ, ਉਹ ਪਰਮੇਸ਼ੁਰ ਦਾ ਰਾਜ ਨਹੀਂ ਚਾਹੁੰਦੇ ਅਤੇ ਉਹ ਇਹ ਵੀ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਚਰਚ ਦੇ ਮੈਂਬਰ ਉਸ ਰਾਜ ਬਾਰੇ ਸੁਣਨ। (ਮੱਤੀ 23:13) ਉਨ੍ਹਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਯਹੋਵਾਹ ਆਪਣੇ ਸ਼ਾਂਤਮਈ ਸੇਵਕਾਂ ਰਾਹੀਂ ਹਮੇਸ਼ਾ ਨਹੀਂ ਬੋਲੇਗਾ। ਉਹ ਸਮਾਂ ਆਵੇਗਾ ਜਦੋਂ ਪਰਮੇਸ਼ੁਰ ਦੇ ਰਾਜ ਨੂੰ ਸਵੀਕਾਰ ਨਾ ਕਰਨ ਵਾਲੇ ‘ਤੋੜੇ ਜਾਣਗੇ ਤੇ ਫੱਸ ਕੇ ਫੜੇ ਜਾਣਗੇ।’ ਜੀ ਹਾਂ, ਉਨ੍ਹਾਂ ਦਾ ਨਾਸ਼ ਕੀਤਾ ਜਾਵੇਗਾ।
“ਮੌਤ ਨਾਲ ਨੇਮ”
12. ਯਹੂਦਾਹ ਦੇ ਭਾਣੇ ਉਸ ਨੇ “ਮੌਤ ਨਾਲ ਨੇਮ” ਕਿਵੇਂ ਬੰਨ੍ਹਿਆ ਸੀ?
12 ਯਸਾਯਾਹ ਨੇ ਅੱਗੇ ਕਿਹਾ: “ਤੁਸੀਂ ਤਾਂ ਕਹਿੰਦੇ ਸਾਓ ਭਈ ਅਸਾਂ ਮੌਤ ਨਾਲ ਨੇਮ ਬੰਨ੍ਹਿਆ ਹੈ, ਅਤੇ ਪਤਾਲ ਨਾਲ ਕਰਾਰ ਕੀਤਾ, ਜਦ ਬਿਪਤਾ ਦਾ ਹੜ੍ਹ ਆ ਝੁੱਲੇਗਾ, ਤਾਂ ਉਹ ਸਾਡੇ ਨੇੜੇ ਨਾ ਆਵੇਗਾ, ਕਿਉਂ ਜੋ ਅਸਾਂ ਝੂਠ ਨੂੰ ਆਪਣੀ ਪਨਾਹ ਬਣਾਇਆ, ਅਤੇ ਧੋਖੇ ਵਿੱਚ ਅਸਾਂ ਆਪ ਨੂੰ ਲੁਕਾਇਆ।” (ਯਸਾਯਾਹ 28:14, 15) ਯਹੂਦਾਹ ਦੇ ਆਗੂਆਂ ਨੇ ਸ਼ੇਖ਼ੀ ਮਾਰੀ ਸੀ ਕਿ ਉਹ ਕੌਮਾਂ ਨਾਲ ਮਿੱਤਰਤਾ ਕਰ ਕੇ ਹਾਰ ਨਹੀਂ ਸਕਦੇ। ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਨੇ “ਮੌਤ ਨਾਲ ਨੇਮ ਬੰਨ੍ਹਿਆ” ਹੋਇਆ ਹੈ ਜਿਸ ਕਰਕੇ ਉਨ੍ਹਾਂ ਉੱਤੇ ਮੌਤ ਨਹੀਂ ਆਵੇਗੀ। ਪਰ ਇਸ ਝੂਠੀ ਪਨਾਹ ਨੇ ਉਨ੍ਹਾਂ ਦੀ ਰੱਖਿਆ ਨਹੀਂ ਕੀਤੀ। ਉਨ੍ਹਾਂ ਦੀ ਮਿੱਤਰਤਾ ਇਕ ਝੂਠ ਅਤੇ ਇਕ ਧੋਖਾ ਸੀ। ਸਾਡੇ ਜ਼ਮਾਨੇ ਬਾਰੇ ਕੀ? ਈਸਾਈ-ਜਗਤ ਦਾ ਦੁਨੀਆਂ ਦੇ ਆਗੂਆਂ ਨਾਲ ਗੂੜ੍ਹਾ ਰਿਸ਼ਤਾ ਉਸ ਦੀ ਮਦਦ ਨਹੀਂ ਕਰ ਸਕੇਗਾ ਜਦੋਂ ਯਹੋਵਾਹ ਉਸ ਤੋਂ ਲੇਖਾ ਲਵੇਗਾ। ਦਰਅਸਲ, ਇਹ ਹੀ ਮਿੱਤਰਤਾ ਉਸ ਦੀ ਤਬਾਹੀ ਦਾ ਕਾਰਨ ਹੋਵੇਗੀ।—ਪਰਕਾਸ਼ ਦੀ ਪੋਥੀ 17:16, 17.
13. “ਪਰਖਿਆ ਹੋਇਆ ਪੱਥਰ” ਕੌਣ ਹੈ ਅਤੇ ਈਸਾਈ-ਜਗਤ ਨੇ ਉਸ ਨੂੰ ਕਿਵੇਂ ਰੱਦ ਕੀਤਾ ਹੈ?
13 ਤਾਂ ਫਿਰ, ਇਨ੍ਹਾਂ ਧਾਰਮਿਕ ਆਗੂਆਂ ਨੂੰ ਕਿਸ ਵਿਚ ਪਨਾਹ ਲੈਣੀ ਚਾਹੀਦੀ ਸੀ? ਯਸਾਯਾਹ ਨੇ ਯਹੋਵਾਹ ਦਾ ਵਾਅਦਾ ਦਰਜ ਕਰ ਕੇ ਜਵਾਬ ਦਿੱਤਾ: “ਮੈਂ ਸੀਯੋਨ ਵਿੱਚ ਇੱਕ ਪੱਥਰ, ਇੱਕ ਪਰਖਿਆ ਹੋਇਆ ਪੱਥਰ, ਇੱਕ ਅਮੋਲਕ ਖੂੰਜੇ ਦਾ ਪੱਥਰ ਪੱਕੀ ਨੀਂਹ ਦਾ ਧਰਦਾ ਹਾਂ, ਜਿਹੜਾ ਪਰਤੀਤ ਕਰਦਾ ਹੈ, ਉਹ ਕਾਹਲੀ ਨਹੀਂ ਕਰੇਗਾ। ਮੈਂ ਇਨਸਾਫ਼ ਨੂੰ ਸੂਤ੍ਰ, ਅਤੇ ਧਰਮ ਨੂੰ ਸਾਹਲ ਬਣਾਵਾਂਗਾ, ਅਤੇ ਗੜੇ ਝੂਠ ਦੀ ਪਨਾਹ ਨੂੰ ਹੂੰਝ ਲੈ ਜਾਣਗੇ, ਅਤੇ ਹੜ੍ਹ ਓਟ ਨੂੰ ਰੁੜ੍ਹਾ ਲੈਣਗੇ।” (ਯਸਾਯਾਹ 28:16, 17) ਯਸਾਯਾਹ ਦੇ ਇਹ ਸ਼ਬਦ ਕਹਿਣ ਤੋਂ ਥੋੜ੍ਹੀ ਦੇਰ ਬਾਅਦ, ਵਫ਼ਾਦਾਰ ਰਾਜਾ ਹਿਜ਼ਕੀਯਾਹ ਸੀਯੋਨ ਦੀ ਰਾਜ-ਗੱਦੀ ਉੱਤੇ ਬੈਠਿਆ। ਉਸ ਦਾ ਰਾਜ ਗੁਆਂਢੀ ਕੌਮਾਂ ਦੀ ਮਿੱਤਰਤਾ ਰਾਹੀਂ ਨਹੀਂ, ਸਗੋਂ ਯਹੋਵਾਹ ਦੀ ਮਦਦ ਨਾਲ ਬਚਾਇਆ ਗਿਆ ਸੀ। ਲੇਕਿਨ, ਭਵਿੱਖਬਾਣੀ ਦੇ ਇਹ ਸ਼ਬਦ ਉਸ ਬਾਰੇ ਨਹੀਂ ਸਨ। ਪਤਰਸ ਰਸੂਲ ਨੇ ਯਸਾਯਾਹ ਦੇ ਸ਼ਬਦਾਂ ਦਾ ਹਵਾਲਾ ਦੇ ਕੇ ਦਿਖਾਇਆ ਕਿ ਹਿਜ਼ਕੀਯਾਹ ਦੀ ਸੰਤਾਨ ਵਿੱਚੋਂ ਯਿਸੂ ਮਸੀਹ “ਪਰਖਿਆ ਹੋਇਆ ਪੱਥਰ” ਹੈ ਅਤੇ ਉਸ ਉੱਤੇ ਨਿਹਚਾ ਰੱਖਣ ਵਾਲਿਆਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ। (1 ਪਤਰਸ 2:6) ਕਿੰਨੀ ਅਫ਼ਸੋਸ ਦੀ ਗੱਲ ਹੈ ਕਿ ਈਸਾਈ-ਜਗਤ ਦੇ ਆਗੂ ਆਪਣੇ ਆਪ ਨੂੰ ਮਸੀਹੀ ਕਹਾਉਣ ਦੇ ਬਾਵਜੂਦ ਵੀ ਉਹ ਕੰਮ ਕਰਦੇ ਹਨ ਜੋ ਯਿਸੂ ਨੇ ਕਰਨ ਤੋਂ ਇਨਕਾਰ ਕੀਤਾ ਸੀ! ਯਿਸੂ ਮਸੀਹ ਦੇ ਅਧੀਨ ਯਹੋਵਾਹ ਦੇ ਰਾਜ ਦੀ ਉਡੀਕ ਕਰਨ ਦੀ ਬਜਾਇ, ਉਨ੍ਹਾਂ ਨੇ ਇਸ ਦੁਨੀਆਂ ਵਿਚ ਸ਼ਾਨੋ-ਸ਼ੌਕਤ ਭਾਲੀ ਹੈ।—ਮੱਤੀ 4:8-10.
14. ਯਹੂਦਾਹ ਦਾ ‘ਮੌਤ ਨਾਲ ਨੇਮ’ ਕਦੋਂ ਖ਼ਤਮ ਹੋਇਆ ਸੀ?
14 ਜਦੋਂ ਬਾਬਲ ਦੀ ਫ਼ੌਜ ‘ਬਿਪਤਾ ਦੇ ਹੜ੍ਹ’ ਵਾਂਗ ਦੇਸ਼ ਵਿਚ ਆਈ ਸੀ, ਤਾਂ ਯਹੋਵਾਹ ਨੇ ਯਹੂਦਾਹ ਦੇ ਰਾਜਨੀਤਿਕ ਮਿੱਤਰਾਂ ਨੂੰ ਝੂਠਾ ਸਾਬਤ ਕੀਤਾ। ਯਹੋਵਾਹ ਨੇ ਕਿਹਾ: “ਤੁਹਾਡਾ ਮੌਤ ਨਾਲ ਦਾ ਨੇਮ ਠੱਪਿਆ ਜਾਵੇਗਾ, . . . ਜਦ ਬਿਪਤਾ ਦਾ ਹੜ੍ਹ ਆ ਝੁੱਲੇ, ਤੁਸੀਂ ਉਸ ਤੋਂ ਲਿਥੜੇ ਜਾਓਗੇ। ਜਦ ਕਦੀ ਉਹ ਲੰਘੇਗਾ ਉਹ ਤੁਹਾਨੂੰ ਫੜੇਗਾ, . . . ਅਤੇ ਪਰਚਾਰ ਦਾ ਸਮਝਣਾ ਨਿਰੀ ਘਬਰਾਹਟ ਹੀ ਹੋਵੇਗਾ!” (ਯਸਾਯਾਹ 28:18, 19) ਜੀ ਹਾਂ, ਅਸੀਂ ਇਸ ਤੋਂ ਇਕ ਜ਼ਰੂਰੀ ਸਬਕ ਸਿੱਖ ਸਕਦੇ ਹਾਂ ਕਿ ਉਨ੍ਹਾਂ ਨਾਲ ਕੀ ਹੁੰਦਾ ਹੈ ਜੋ ਯਹੋਵਾਹ ਦੀ ਸੇਵਾ ਕਰਨ ਦਾ ਦਾਅਵਾ ਕਰਦੇ ਹੋਏ ਦੁਨੀਆਂ ਦੀ ਮਿੱਤਰਤਾ ਉੱਤੇ ਭਰੋਸਾ ਰੱਖਦੇ ਹਨ।
15. ਯਸਾਯਾਹ ਨੇ ਯਹੂਦਾਹ ਦੀ ਅਸੁਰੱਖਿਅਤ ਹਾਲਤ ਕਿਵੇਂ ਦਰਸਾਈ ਸੀ?
15 ਯਹੂਦਾਹ ਦੇ ਆਗੂਆਂ ਦੀ ਅਸੁਰੱਖਿਅਤ ਹਾਲਤ ਉੱਤੇ ਵਿਚਾਰ ਕਰੋ। “ਪਲੰਘ ਿਨੱਸਲ ਹੋਣ ਲਈ ਛੋਟਾ ਹੈ, ਅਤੇ ਓੜ੍ਹਨਾ ਓੜ੍ਹਨ ਲਈ ਤੰਗ ਹੈ।” (ਯਸਾਯਾਹ 28:20) ਇਹ ਇਸ ਤਰ੍ਹਾਂ ਸੀ ਜਿਵੇਂ ਕੋਈ ਇਨਸਾਨ ਆਰਾਮ ਕਰਨ ਲਈ ਲੇਟਿਆ ਹੋਵੇ, ਪਰ ਉਸ ਨੂੰ ਕੋਈ ਆਰਾਮ ਨਹੀਂ ਮਿਲਦਾ। ਕੰਬਲ ਇੰਨਾ ਛੋਟਾ ਹੈ ਕਿ ਨਾ ਤਾਂ ਉਸ ਦੇ ਪੈਰ ਢੱਕੇ ਜਾਂਦੇ ਹਨ ਅਤੇ ਨਾ ਹੀ ਉਹ ਲੱਤਾਂ ਇਕੱਠੀਆਂ ਕਰ ਕੇ ਨਿੱਘਾ ਹੋ ਸਕਦਾ ਹੈ। ਯਸਾਯਾਹ ਦੇ ਜ਼ਮਾਨੇ ਵਿਚ ਉਨ੍ਹਾਂ ਆਗੂਆਂ ਦੀ ਇਹੀ ਹਾਲਤ ਸੀ। ਅਤੇ ਅੱਜ ਉਨ੍ਹਾਂ ਲੋਕਾਂ ਦੀ ਇਹੀ ਹਾਲਤ ਹੈ ਜੋ ਈਸਾਈ-ਜਗਤ ਦੀ ਝੂਠੀ ਪਨਾਹ ਉੱਤੇ ਭਰੋਸਾ ਰੱਖਦੇ ਹਨ। ਰਾਜਨੀਤੀ ਵਿਚ ਹਿੱਸਾ ਲੈਣ ਕਰਕੇ ਈਸਾਈ-ਜਗਤ ਦੇ ਕੁਝ ਧਾਰਮਿਕ ਆਗੂਆਂ ਉੱਤੇ ਕੁਲ-ਨਾਸ਼ ਵਰਗੇ ਭੈੜੇ ਕੰਮਾਂ ਦਾ ਦੋਸ਼ ਲਾਇਆ ਗਿਆ ਹੈ। ਇਹ ਉਨ੍ਹਾਂ ਲਈ ਕਿੰਨੀ ਘਿਣਾਉਣੀ ਗੱਲ ਹੈ!
ਯਹੋਵਾਹ ਦਾ “ਅਚਰਜ ਕੰਮ”
16. ਯਹੋਵਾਹ ਦਾ “ਅਚਰਜ ਕੰਮ” ਕੀ ਸੀ ਅਤੇ ਇਹ ਕੰਮ ਇੰਨਾ ਅਜੀਬ ਕਿਉਂ ਸੀ?
16 ਅਖ਼ੀਰ ਵਿਚ ਯਹੂਦਾਹ ਦੇ ਧਾਰਮਿਕ ਆਗੂਆਂ ਦੀ ਉਹ ਹਾਲਤ ਹੋਈ ਜਿਸ ਬਾਰੇ ਉਹ ਸੋਚ ਵੀ ਨਹੀਂ ਸਕਦੇ ਸਨ। ਯਹੋਵਾਹ ਨੇ ਯਹੂਦਾਹ ਦੇ ਉਨ੍ਹਾਂ ਆਗੂਆਂ ਨਾਲ ਇਕ ਅਜੀਬ ਕੰਮ ਕੀਤਾ ਜੋ ਰੂਹਾਨੀ ਤੌਰ ਤੇ ਸ਼ਰਾਬੀ ਸਨ। “ਜਿਵੇਂ ਫਰਾਸੀਮ ਪਰਬਤ ਉੱਤੇ ਹੋਇਆ, ਯਹੋਵਾਹ ਉੱਠੇਗਾ, ਜਿਵੇਂ ਗਿਬਓਨ ਦੀ ਦੂਣ ਵਿੱਚ ਹੋਇਆ, ਉਹ ਕੋਪਵਾਨ ਹੋਵੇਗਾ, ਭਈ ਉਹ ਆਪਣਾ ਕੰਮ, ਆਪਣਾ ਅਚਰਜ ਕੰਮ ਕਰੇ, ਅਤੇ ਆਪਣੀ ਕਾਰ, ਆਪਣੀ ਅਨੋਖੀ ਕਾਰ ਕਰੇ।” (ਯਸਾਯਾਹ 28:21) ਰਾਜਾ ਦਾਊਦ ਦੇ ਜ਼ਮਾਨੇ ਵਿਚ, ਯਹੋਵਾਹ ਨੇ ਫਰਾਸੀਮ ਪਰਬਤ ਉੱਤੇ ਅਤੇ ਗਿਬਓਨ ਦੀ ਵਾਦੀ ਵਿਚ ਫਿਲਿਸਤੀਆਂ ਉੱਤੇ ਆਪਣੇ ਲੋਕਾਂ ਨੂੰ ਵੱਡੀਆਂ-ਵੱਡੀਆਂ ਜਿੱਤਾਂ ਦਿਵਾਈਆਂ ਸਨ। (1 ਇਤਹਾਸ 14:10-16) ਯਹੋਸ਼ੁਆ ਦੇ ਜ਼ਮਾਨੇ ਵਿਚ, ਉਸ ਨੇ ਗਿਬਓਨ ਉੱਤੇ ਸੂਰਜ ਨੂੰ ਉਦੋਂ ਤਕ ਡੁੱਬਣ ਨਹੀਂ ਦਿੱਤਾ ਸੀ ਜਦੋਂ ਤਕ ਇਸਰਾਏਲੀਆਂ ਨੇ ਅਮੋਰੀਆਂ ਉੱਤੇ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਨਾ ਕਰ ਲਈ। (ਯਹੋਸ਼ੁਆ 10:8-14) ਇਹ ਬੜਾ ਅਸਚਰਜ ਕੰਮ ਸੀ! ਯਸਾਯਾਹ ਦੇ ਜ਼ਮਾਨੇ ਵਿਚ ਵੀ ਯਹੋਵਾਹ ਲੜਿਆ ਸੀ, ਪਰ ਇਸ ਵੇਲੇ ਉਹ ਉਨ੍ਹਾਂ ਨਾਲ ਲੜਿਆ ਸੀ ਜੋ ਉਸ ਦੀ ਸੇਵਾ ਕਰਨ ਦਾ ਦਾਅਵਾ ਕਰਦੇ ਸਨ। ਇਸ ਤੋਂ ਜ਼ਿਆਦਾ ਹੋਰ ਕਿਹੜਾ ਅਸਚਰਜ ਕੰਮ ਹੋ ਸਕਦਾ ਸੀ? ਖ਼ਾਸ ਕਰਕੇ ਜਦੋਂ ਅਸੀਂ ਇਹ ਗੱਲ ਧਿਆਨ ਵਿਚ ਰੱਖਦੇ ਹਾਂ ਕਿ ਯਰੂਸ਼ਲਮ ਯਹੋਵਾਹ ਦੀ ਉਪਾਸਨਾ ਦਾ ਕੇਂਦਰ ਸੀ ਅਤੇ ਇਹ ਯਹੋਵਾਹ ਦੇ ਮਸਹ ਕੀਤੇ ਹੋਏ ਰਾਜੇ ਦਾ ਸ਼ਹਿਰ ਸੀ। ਇਸ ਸਮੇਂ ਤਕ ਯਰੂਸ਼ਲਮ ਵਿਚ ਦਾਊਦ ਦੇ ਸ਼ਾਹੀ ਘਰਾਣੇ ਨੂੰ ਕਦੀ ਵੀ ਹਰਾਇਆ ਨਹੀਂ ਗਿਆ ਸੀ। ਪਰ ਯਹੋਵਾਹ ਨੇ ਆਪਣਾ “ਅਚਰਜ ਕੰਮ” ਪੂਰਾ ਕਰ ਕੇ ਦਿਖਾਇਆ!—ਹਬੱਕੂਕ 1:5-7 ਦੀ ਤੁਲਨਾ ਕਰੋ।
17. ਯਸਾਯਾਹ ਦੀ ਭਵਿੱਖਬਾਣੀ ਉੱਤੇ ਤਾਅਨੇ ਮਾਰਨ ਦਾ ਕੀ ਅਸਰ ਪਿਆ?
17 ਇਸ ਲਈ ਯਸਾਯਾਹ ਨੇ ਇਹ ਚੇਤਾਵਨੀ ਦਿੱਤੀ: “ਤੁਸੀਂ ਠੱਠੇ ਨਾ ਕਰੋ ਮਤੇ ਤੁਹਾਡੇ ਬੰਧਣ ਪੱਕੇ ਹੋ ਜਾਣ, ਕਿਉਂ ਜੋ ਮੈਂ ਪ੍ਰਭੁ ਸੈਨਾਂ ਦੇ ਯਹੋਵਾਹ ਤੋਂ ਸਾਰੀ ਧਰਤੀ ਉੱਤੇ ਬਰਬਾਦੀ ਦਾ ਫ਼ੈਸਲਾ ਸੁਣਿਆ ਹੈ।” (ਯਸਾਯਾਹ 28:22) ਭਾਵੇਂ ਆਗੂ ਤਾਅਨੇ ਮਾਰਦੇ ਸਨ, ਯਸਾਯਾਹ ਦਾ ਸੁਨੇਹਾ ਸੱਚਾ ਸੀ। ਉਸ ਨੇ ਇਹ ਸੁਨੇਹਾ ਯਹੋਵਾਹ ਤੋਂ ਸੁਣਿਆ ਸੀ ਜਿਸ ਨਾਲ ਉਹ ਆਗੂ ਇਕ ਨੇਮ-ਬੱਧ ਰਿਸ਼ਤੇ ਵਿਚ ਸਨ। ਇਸੇ ਤਰ੍ਹਾਂ ਅੱਜ ਈਸਾਈ-ਜਗਤ ਦੇ ਧਾਰਮਿਕ ਆਗੂ ਤਾਅਨੇ ਮਾਰਦੇ ਹਨ ਜਦੋਂ ਉਹ ਯਹੋਵਾਹ ਦੇ “ਅਚਰਜ ਕੰਮ” ਬਾਰੇ ਸੁਣਦੇ ਹਨ। ਗੁੱਸੇ ਨਾਲ ਉਹ ਯਹੋਵਾਹ ਦੇ ਸੇਵਕਾਂ ਦੇ ਖ਼ਿਲਾਫ਼ ਬੋਲਦੇ ਹਨ। ਪਰ ਯਹੋਵਾਹ ਦੇ ਗਵਾਹਾਂ ਦਾ ਸੁਨੇਹਾ ਸੱਚਾ ਹੈ। ਇਹ ਬਾਈਬਲ ਵਿੱਚੋਂ ਹੈ, ਜਿਸ ਕਿਤਾਬ ਨੂੰ ਉਹ ਆਗੂ ਮੰਨਣ ਦਾ ਦਾਅਵਾ ਕਰਦੇ ਹਨ।
18. ਯਸਾਯਾਹ ਨੇ ਯਹੋਵਾਹ ਦੀ ਤਾੜਨਾ ਦਿੰਦੇ ਸਮੇਂ ਦਇਆ ਨੂੰ ਕਿਵੇਂ ਦਰਸਾਇਆ?
18 ਜਿਹੜੇ ਈਮਾਨਦਾਰ ਇਨਸਾਨ ਉਨ੍ਹਾਂ ਆਗੂਆਂ ਦੇ ਪਿੱਛੇ ਨਹੀਂ ਲੱਗੇ, ਯਹੋਵਾਹ ਨੇ ਉਨ੍ਹਾਂ ਨੂੰ ਸੁਧਾਰਿਆ ਅਤੇ ਉਨ੍ਹਾਂ ਉੱਤੇ ਮਿਹਰ ਕੀਤੀ। (ਯਸਾਯਾਹ 28:23-29 ਪੜ੍ਹੋ।) ਇਕ ਕਿਸਾਨ ਸਾਰੇ ਦਾਣਿਆਂ ਨੂੰ ਇੱਕੋ ਤਰ੍ਹਾਂ ਨਹੀਂ ਕੁੱਟਦਾ। ਮਿਸਾਲ ਲਈ, ਉਹ ਜੀਰਾ ਹੌਲੀ-ਹੌਲੀ ਕੁੱਟਦਾ ਹੈ। ਉਸੇ ਤਰ੍ਹਾਂ ਯਹੋਵਾਹ ਤਾੜੇ ਜਾਣ ਵਾਲੇ ਨੂੰ ਅਤੇ ਉਸ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਵੱਖੋ-ਵੱਖਰੇ ਤਰੀਕਿਆਂ ਨਾਲ ਤਾੜਦਾ ਹੈ। ਉਹ ਨਿਰਦਈ ਨਹੀਂ ਹੈ ਅਤੇ ਨਾ ਹੀ ਸਖ਼ਤੀ ਵਰਤਦਾ ਹੈ, ਪਰ ਉਹ ਚਾਹੁੰਦਾ ਹੈ ਕਿ ਗ਼ਲਤੀ ਕਰਨ ਵਾਲਾ ਸੁਧਰ ਜਾਵੇ। ਜੀ ਹਾਂ, ਜੇ ਲੋਕ ਯਹੋਵਾਹ ਦੀ ਸੁਣ ਲੈਂਦੇ ਤਾਂ ਉਹ ਬਚ ਸਕਦੇ ਸਨ। ਪਰ ਸਾਡੇ ਜ਼ਮਾਨੇ ਬਾਰੇ ਕੀ? ਜਦ ਕਿ ਈਸਾਈ-ਜਗਤ ਦੇ ਬਚਣ ਦਾ ਕੋਈ ਚਾਰਾ ਨਹੀਂ ਹੈ, ਪਰ ਜੇਕਰ ਇਕ ਇਨਸਾਨ ਉਸ ਵਿੱਚੋਂ ਨਿਕਲ ਕੇ ਯਹੋਵਾਹ ਦਾ ਰਾਜ ਸਵੀਕਾਰ ਕਰਦਾ ਹੈ ਤਾਂ ਉਹ ਤਬਾਹੀ ਤੋਂ ਬਚ ਸਕਦਾ ਹੈ।
ਯਰੂਸ਼ਲਮ ਉੱਤੇ ਹਾਏ!
19. ਯਰੂਸ਼ਲਮ ਕਿਸ ਅਰਥ ਵਿਚ ਇਕ “ਵੇਦੀ” ਬਣਾਇਆ ਗਿਆ ਸੀ ਅਤੇ ਇਹ ਕਦੋਂ ਅਤੇ ਕਿਸ ਤਰ੍ਹਾਂ ਹੋਇਆ ਸੀ?
19 ਪਰ ਅੱਗੇ ਯਹੋਵਾਹ ਨੇ ਕਿਸ ਬਾਰੇ ਗੱਲ ਕੀਤੀ? “ਹਾਇ ਅਰੀਏਲ ਉੱਤੇ, ਪਰਮੇਸ਼ੁਰ ਦੀ ਸ਼ੇਰਨੀ ਉੱਤੇ! ਉਸ ਨਗਰ ਉੱਤੇ ਜਿੱਥੇ ਦਾਊਦ ਨੇ ਡੇਰਾ ਲਾਇਆ! ਵਰਹੇ ਤੇ ਵਰਹਾ ਜੋੜੋ, ਪਰਬਾਂ ਆਉਂਦੀਆਂ ਰਹਿਣ। ਮੈਂ ਅਰੀਏਲ ਨੂੰ ਤੰਗ ਕਰਾਂਗਾ, ਤਾਂ ਸੋਗ ਅਤੇ ਸਿਆਪਾ ਹੋਵੇਗਾ, ਅਤੇ ਉਹ ਮੇਰੇ ਲਈ ਪਰਮੇਸ਼ੁਰ ਦੀ ਸ਼ੇਰਨੀ [“ਵੇਦੀ,” “ਪਵਿੱਤਰ ਬਾਈਬਲ ਨਵਾਂ ਅਨੁਵਾਦ”] ਵਾਂਙੁ ਹੋਵੇਗਾ।” (ਯਸਾਯਾਹ 29:1, 2) “ਅਰੀਏਲ” ਦਾ ਅਰਥ ਸ਼ਾਇਦ ‘ਪਰਮੇਸ਼ੁਰ ਦੀ ਵੇਦੀ’ ਹੋਵੇ, ਪਰ ਇੱਥੇ ਯਰੂਸ਼ਲਮ ਦੀ ਗੱਲ ਹੋ ਰਹੀ ਸੀ। ਯਰੂਸ਼ਲਮ ਵਿਚ ਹੀ ਹੈਕਲ ਅਤੇ ਬਲੀਦਾਨ ਚੜ੍ਹਾਉਣ ਲਈ ਵੇਦੀ ਹੁੰਦੀ ਸੀ। ਯਹੂਦੀ ਲੋਕ ਰੀਤ ਅਨੁਸਾਰ ਯਰੂਸ਼ਲਮ ਵਿਚ ਤਿਉਹਾਰ ਮਨਾਉਂਦੇ ਸਨ ਅਤੇ ਬਲੀਆਂ ਚੜ੍ਹਾਉਂਦੇ ਸਨ, ਪਰ ਯਹੋਵਾਹ ਉਨ੍ਹਾਂ ਦੀ ਉਪਾਸਨਾ ਤੋਂ ਖ਼ੁਸ਼ ਨਹੀਂ ਸੀ। (ਹੋਸ਼ੇਆ 6:6) ਇਸ ਦੀ ਬਜਾਇ, ਉਸ ਨੇ ਹੁਕਮ ਦਿੱਤਾ ਸੀ ਕਿ ਇਹ ਸ਼ਹਿਰ ਹੋਰ ਅਰਥ ਵਿਚ “ਵੇਦੀ” ਬਣਾਇਆ ਜਾਵੇ। ਵੇਦੀ ਵਾਂਗ, ਉਹ ਸ਼ਹਿਰ ਲਹੂ ਨਾਲ ਭਰਿਆ ਗਿਆ ਅਤੇ ਉਸ ਨੂੰ ਅੱਗ ਲਾਈ ਗਈ। ਯਹੋਵਾਹ ਨੇ ਇਹ ਵੀ ਦੱਸਿਆ ਸੀ ਕਿ ਇਹ ਕਿਸ ਤਰ੍ਹਾਂ ਹੋਣਾ ਸੀ: “ਮੈਂ ਤੇਰੇ ਵਿਰੁੱਧ ਆਲੇ ਦੁਆਲੇ ਡੇਰਾ ਲਾਵਾਂਗਾ, ਅਤੇ ਤੇਰੇ ਵਿਰੁੱਧ ਮੋਰਚਾ ਬਣਾ ਕੇ ਘੇਰਾ ਪਾਵਾਂਗਾ, ਅਤੇ ਤੇਰੇ ਵਿਰੁੱਧ ਦਮਦਮਾ ਖੜਾ ਕਰਾਂਗਾ। ਤੂੰ ਧਰਤੀ ਦੀ ਡੁੰਘਿਆਈ ਤੋਂ ਬੋਲੇਂਗਾ, ਤੇਰਾ ਬੋਲ ਖ਼ਾਕ ਦੇ ਹੇਠੋਂ ਆਵੇਗਾ, ਤੇਰੀ ਅਵਾਜ਼ ਧਰਤੀ ਵਿੱਚੋਂ ਭੂਤਨੇ ਵਾਂਙੁ ਹੋਵੇਗੀ, ਅਤੇ ਤੇਰਾ ਬੋਲ ਖ਼ਾਕ ਵਿੱਚੋਂ ਫੁਸ ਫੁਸ ਕਰੇਗਾ।” (ਯਸਾਯਾਹ 29:3, 4) ਇਹ ਭਵਿੱਖਬਾਣੀ 607 ਸਾ.ਯੁ.ਪੂ. ਵਿਚ ਯਹੂਦਾਹ ਅਤੇ ਯਰੂਸ਼ਲਮ ਉੱਤੇ ਪੂਰੀ ਹੋਈ ਸੀ ਜਦੋਂ ਬਾਬਲੀ ਫ਼ੌਜਾਂ ਨੇ ਘੇਰਾ ਪਾ ਕੇ ਸ਼ਹਿਰ ਨੂੰ ਤਬਾਹ ਕੀਤਾ ਅਤੇ ਹੈਕਲ ਨੂੰ ਅੱਗ ਨਾਲ ਸਾੜ ਸੁੱਟਿਆ। ਯਰੂਸ਼ਲਮ ਮਿੱਟੀ ਵਿਚ ਮਿਲਾਇਆ ਗਿਆ ਸੀ।
20. ਪਰਮੇਸ਼ੁਰ ਦੇ ਵੈਰੀਆਂ ਦਾ ਆਖ਼ਰੀ ਹਾਲ ਕੀ ਹੁੰਦਾ ਸੀ?
20 ਉਸ ਬੁਰੀ ਘੜੀ ਤੋਂ ਪਹਿਲਾਂ, ਸਮੇਂ-ਸਮੇਂ ਤੇ ਯਹੂਦਾਹ ਵਿਚ ਅਜਿਹੇ ਰਾਜਿਆਂ ਨੇ ਰਾਜ ਕੀਤਾ ਸੀ ਜੋ ਯਹੋਵਾਹ ਦੀ ਬਿਵਸਥਾ ਅਨੁਸਾਰ ਚੱਲਦੇ ਸਨ। ਉਦੋਂ ਕੀ ਹੁੰਦਾ ਸੀ? ਯਹੋਵਾਹ ਆਪਣੇ ਲੋਕਾਂ ਲਈ ਲੜਦਾ ਹੁੰਦਾ ਸੀ। ਭਾਵੇਂ ਵੈਰੀ ਪੂਰੇ ਦੇਸ਼ ਵਿਚ ਕਿਉਂ ਨਾ ਹੁੰਦੇ ਸਨ ਉਹ “ਬਰੀਕ ਘੱਟੇ” ਅਤੇ “ਭੋਹ” ਵਾਂਗ ਬਣ ਜਾਂਦੇ ਸਨ। ਆਪਣੇ ਸਮੇਂ ਸਿਰ, ਯਹੋਵਾਹ ਉਨ੍ਹਾਂ ਨੂੰ “ਗੱਜ ਨਾਲ, ਭੁੰਚਾਲ ਨਾਲ, ਵੱਡੇ ਸ਼ੋਰ, ਵਾਵਰੋਲੇ ਅਰ ਤੁਫ਼ਾਨ, ਅਤੇ ਭਸਮ ਕਰਨ ਵਾਲੀ ਅੱਗ ਦੀ ਲਾਟ ਨਾਲ” ਖ਼ਤਮ ਕਰ ਦਿੰਦਾ ਸੀ।—ਯਸਾਯਾਹ 29:5, 6.
21. ਯਸਾਯਾਹ 29:7, 8 ਦਾ ਦ੍ਰਿਸ਼ਟਾਂਤ ਸਮਝਾਓ।
21 ਦੁਸ਼ਮਣ ਫ਼ੌਜਾਂ ਨੂੰ ਆਸ ਹੁੰਦੀ ਸੀ ਕਿ ਉਹ ਯਰੂਸ਼ਲਮ ਨੂੰ ਲੁੱਟਣਗੀਆਂ ਅਤੇ ਉਸ ਦਾ ਬਹੁਤਾ ਮਾਲ ਉਨ੍ਹਾਂ ਦੇ ਹੱਥ ਲੱਗੇਗਾ। ਪਰ ਉਨ੍ਹਾਂ ਨੂੰ ਮਜਬੂਰ ਹੋ ਕੇ ਸੱਚਾਈ ਦਾ ਸਾਮ੍ਹਣਾ ਕਰਨਾ ਪਿਆ। ਇਕ ਭੁੱਖੇ ਬੰਦੇ ਵਾਂਗ ਜੋ ਸੁਪਨੇ ਵਿਚ ਕੁਝ ਖਾ ਰਿਹਾ ਹੈ ਅਤੇ ਫਿਰ ਜਾਗ ਆਉਣ ਤੇ ਪਹਿਲਾਂ ਵਾਂਗ ਭੁੱਖਾ ਹੁੰਦਾ ਹੈ, ਉਸੇ ਤਰ੍ਹਾਂ ਯਹੂਦਾਹ ਦੇ ਵੈਰੀਆਂ ਨੂੰ ਉਹ ਭੰਡਾਰ ਨਹੀਂ ਮਿਲਿਆ ਜਿਸ ਦੀ ਉਹ ਆਸ ਲਾਈ ਬੈਠੇ ਸਨ। (ਯਸਾਯਾਹ 29:7, 8 ਪੜ੍ਹੋ।) ਜ਼ਰਾ ਸੋਚੋ ਕਿ ਵਫ਼ਾਦਾਰ ਰਾਜਾ ਹਿਜ਼ਕੀਯਾਹ ਦੇ ਜ਼ਮਾਨੇ ਵਿਚ ਸਨਹੇਰੀਬ ਅਧੀਨ ਅੱਸ਼ੂਰੀ ਫ਼ੌਜ ਨਾਲ ਕੀ ਹੋਇਆ ਸੀ ਜਦੋਂ ਉਹ ਯਰੂਸ਼ਲਮ ਉੱਤੇ ਹਮਲਾ ਕਰਨਾ ਚਾਹੁੰਦੀ ਸੀ। (ਯਸਾਯਾਹ, 36ਵਾਂ ਅਤੇ 37ਵਾਂ ਅਧਿਆਇ) ਇੱਕੋ ਰਾਤ ਵਿਚ ਅੱਸ਼ੂਰ ਦੀ ਡਰਾਉਣੀ ਫ਼ੌਜ ਰੋਕੀ ਗਈ ਜਦੋਂ ਕਿਸੇ ਇਨਸਾਨ ਦੀ ਮਦਦ ਤੋਂ ਬਿਨਾਂ ਉਸ ਦੇ 1,85,000 ਬਹਾਦਰ ਫ਼ੌਜੀ ਮਾਰੇ ਗਏ। ਬਹੁਤ ਜਲਦੀ ਜਦੋਂ ਮਾਗੋਗ ਦੇ ਗੋਗ ਦੀ ਫ਼ੌਜ ਯਹੋਵਾਹ ਦੇ ਲੋਕਾਂ ਨਾਲ ਲੜਨ ਦੀ ਕੋਸ਼ਿਸ਼ ਕਰੇਗੀ, ਉਦੋਂ ਵੀ ਉਸ ਫ਼ੌਜ ਦੇ ਜਿੱਤਣ ਦੇ ਸੁਪਨੇ ਅਧੂਰੇ ਰਹਿ ਜਾਣਗੇ।—ਹਿਜ਼ਕੀਏਲ 38:10-12; 39:6, 7.
22. ਯਹੂਦਾਹ ਦੇ ਆਗੂਆਂ ਦੇ ਰੂਹਾਨੀ ਨਸ਼ੇ ਦਾ ਉਨ੍ਹਾਂ ਉੱਤੇ ਕੀ ਅਸਰ ਪਿਆ ਸੀ?
22 ਜਦੋਂ ਯਸਾਯਾਹ ਨੇ ਇਹ ਭਵਿੱਖਬਾਣੀ ਕੀਤੀ ਸੀ, ਤਾਂ ਯਹੂਦਾਹ ਦੇ ਆਗੂਆਂ ਕੋਲ ਹਿਜ਼ਕੀਯਾਹ ਵਰਗੀ ਨਿਹਚਾ ਨਹੀਂ ਸੀ। ਉਹ ਮੂਰਤੀ ਪੂਜਕ ਕੌਮਾਂ ਨਾਲ ਮਿੱਤਰਤਾ ਕਰਕੇ ਰੂਹਾਨੀ ਤੌਰ ਤੇ ਹੋਸ਼ ਵਿਚ ਨਹੀਂ ਸਨ, ਸਗੋਂ ਉਹ ਨਸ਼ੇ ਵਿਚ ਸਨ। “ਠਹਿਰੋ ਅਤੇ ਹੈਰਾਨ ਹੋਵੋ! ਬੁੱਲੇ ਲੁੱਟੋ ਅਤੇ ਅੰਨ੍ਹੇ ਹੋ ਜਾਓ! ਓਹ ਖੀਵੇ ਹਨ ਪਰ ਮਧ ਨਾਲ ਨਹੀਂ, ਓਹ ਡਗਮਗਾਉਂਦੇ ਹਨ ਪਰ ਸ਼ਰਾਬ ਨਾਲ ਨਹੀਂ!” (ਯਸਾਯਾਹ 29:9) ਉਹ ਆਗੂ ਰੂਹਾਨੀ ਤੌਰ ਤੇ ਸ਼ਰਾਬੀ ਸਨ। ਉਹ ਯਹੋਵਾਹ ਦੇ ਸੱਚੇ ਨਬੀ ਨੂੰ ਦਿੱਤੇ ਗਏ ਦਰਸ਼ਣ ਦੀ ਅਹਿਮੀਅਤ ਨੂੰ ਨਹੀਂ ਸਮਝ ਸਕਦੇ ਸਨ। ਯਸਾਯਾਹ ਨੇ ਕਿਹਾ: “ਯਹੋਵਾਹ ਨੇ ਤਾਂ ਤੁਹਾਡੇ ਉੱਤੇ ਗੂੜ੍ਹੀ ਨੀਂਦ ਦੀ ਰੂਹ ਵਹਾ ਦਿੱਤੀ ਹੈ, ਅਤੇ ਤੁਹਾਡੀਆਂ ਅੱਖਾਂ ਨੂੰ ਅਰਥਾਤ ਨਬੀਆਂ ਨੂੰ ਬੰਦ ਕੀਤਾ, ਅਤੇ ਤੁਹਾਡੇ ਸਿਰਾਂ ਨੂੰ ਅਰਥਾਤ ਦਰਸ਼ੀਆਂ ਨੂੰ ਕੱਜ ਦਿੱਤਾ। ਸਾਰਾ ਦਰਸ਼ਣ ਤੁਹਾਡੇ ਲਈ ਉਸ ਮੋਹਰ ਲੱਗੀ ਹੋਈ ਪੁਸਤਕ ਦੀਆਂ ਗੱਲਾਂ ਵਾਂਙੁ ਹੈ, ਜਿਹੜੀ ਓਹ ਕਿਸੇ ਪੜ੍ਹੇ ਹੋਏ ਨੂੰ ਏਹ ਆਖ ਕੇ ਦੇਣ ਕਿ ਏਹ ਨੂੰ ਪੜ੍ਹੋ ਤਾਂ, ਪਰ ਉਹ ਆਖੇ, ਮੈਂ ਪੜ੍ਹ ਨਹੀਂ ਸੱਕਦਾ ਕਿਉਂ ਜੋ ਉਹ ਨੂੰ ਮੋਹਰ ਲੱਗੀ ਹੋਈ ਹੈ। ਫੇਰ ਉਹ ਪੁਸਤਕ ਕਿਸੇ ਅਣਪੜ੍ਹ ਨੂੰ ਏਹ ਆਖ ਕੇ ਦਿੱਤੀ ਜਾਵੇ ਕਿ ਏਹ ਨੂੰ ਪੜ੍ਹੋ ਤਾਂ, ਪਰ ਉਹ ਆਖੇ, ਮੈਂ ਅਣਪੜ੍ਹ ਹਾਂ।”—ਯਸਾਯਾਹ 29:10-12.
23. ਯਹੋਵਾਹ ਨੇ ਯਹੂਦਾਹ ਤੋਂ ਲੇਖਾ ਕਿਉਂ ਅਤੇ ਕਿਸ ਤਰ੍ਹਾਂ ਲਿਆ ਸੀ?
23 ਯਹੂਦਾਹ ਦੇ ਧਾਰਮਿਕ ਆਗੂਆਂ ਨੇ ਰੂਹਾਨੀ ਤੌਰ ਤੇ ਸਚੇਤ ਹੋਣ ਦਾ ਦਾਅਵਾ ਤਾਂ ਕੀਤਾ ਸੀ, ਪਰ ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ ਸੀ। ਭਲੇ-ਬੁਰੇ ਬਾਰੇ ਉਹ ਆਪਣੀਆਂ ਹੀ ਉਲਟੀਆਂ ਗੱਲਾਂ ਸਿਖਾ ਰਹੇ ਸਨ, ਉਹ ਆਪਣੇ ਭੈੜੇ ਅਤੇ ਅਨੈਤਿਕ ਕੰਮਾਂ ਨੂੰ ਠੀਕ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਅਤੇ ਲੋਕਾਂ ਨੂੰ ਪਰਮੇਸ਼ੁਰ ਤੋਂ ਦੂਰ ਕਰ ਰਹੇ ਸਨ। ਆਪਣੇ ‘ਅਚਰਜ ਅਰ ਅਜੂਬੇ ਕੰਮ’ ਰਾਹੀਂ ਯਹੋਵਾਹ ਨੇ ਉਨ੍ਹਾਂ ਤੋਂ ਉਨ੍ਹਾਂ ਦੇ ਪਖੰਡ ਦਾ ਲੇਖਾ ਲਿਆ। ਉਸ ਨੇ ਕਿਹਾ: “ਏਸ ਲਈ ਕਿ ਏਹ ਲੋਕ ਮੇਰੇ ਨੇੜੇ ਆਉਂਦੇ, ਅਤੇ ਆਪਣਿਆਂ ਮੂੰਹਾਂ ਅਰ ਬੁੱਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਓਹਨਾਂ ਦਾ ਦਿਲ ਮੈਥੋਂ ਦੂਰ ਹੈ, ਅਤੇ ਮੇਰਾ ਭੈ ਓਹਨਾਂ ਲਈ ਆਦਮੀਆਂ ਦਾ ਹੁਕਮ ਹੀ ਹੈ, ਜਿਹੜਾ ਰਟਿਆ ਹੋਇਆ ਹੈ, ਏਸ ਲਈ ਵੇਖੋ, ਮੈਂ ਫੇਰ ਇਸ ਪਰਜਾ ਨਾਲ ਅਚਰਜ ਕੰਮ ਕਰਾਂਗਾ, ਅਚਰਜ ਅਰ ਅਜੂਬਾ ਕੰਮ, ਅਤੇ ਓਹਨਾਂ ਦੇ ਬੁੱਧੀਵਾਨਾਂ ਦੀ ਬੁੱਧ ਨਾਸ ਹੋ ਜਾਵੇਗੀ, ਅਤੇ ਓਹਨਾਂ ਦੇ ਚਤਰਿਆਂ ਦੀ ਚਤਰਾਈ ਲੁਕਾਈ ਜਾਵੇਗੀ।” (ਯਸਾਯਾਹ 29:13, 14) ਯਹੂਦਾਹ ਦੇ ਆਗੂ ਆਪਣੇ ਆਪ ਨੂੰ ਬੜੇ ਬੁੱਧੀਮਾਨ ਅਤੇ ਸਮਝਦਾਰ ਮੰਨਦੇ ਸਨ। ਪਰ ਉਨ੍ਹਾਂ ਦੀ ਬੁੱਧ ਅਤੇ ਸਮਝ ਉਦੋਂ ਖ਼ਤਮ ਹੋ ਗਈ ਜਦੋਂ ਯਹੋਵਾਹ ਨੇ ਬਾਬਲ ਦੀ ਵਿਸ਼ਵ ਸ਼ਕਤੀ ਨੂੰ ਸ਼ੁੱਧ ਉਪਾਸਨਾ ਛੱਡਣ ਵਾਲਿਆਂ ਦਾ ਨਾਸ਼ ਕਰਨ ਦਿੱਤਾ ਸੀ। ਪਹਿਲੀ ਸਦੀ ਵਿਚ ਵੀ ਧਾਰਮਿਕ ਆਗੂ ਆਪਣੇ ਆਪ ਨੂੰ ਬੁੱਧੀਮਾਨ ਸਮਝਦੇ ਸਨ। ਪਰ ਉਨ੍ਹਾਂ ਨੇ ਲੋਕਾਂ ਨੂੰ ਗੁਮਰਾਹ ਕੀਤਾ ਸੀ। ਇਸ ਲਈ ਯਹੋਵਾਹ ਨੇ ਉਨ੍ਹਾਂ ਯਹੂਦੀ ਲੋਕਾਂ ਉੱਤੇ ਵੀ ਤਬਾਹੀ ਆਉਣ ਦਿੱਤੀ। ਸਾਡੇ ਜ਼ਮਾਨੇ ਵਿਚ ਵੀ ਈਸਾਈ-ਜਗਤ ਨਾਲ ਇਹੋ ਕੁਝ ਹੋਵੇਗਾ।—ਮੱਤੀ 15:8, 9; ਰੋਮੀਆਂ 11:8.
24. ਯਹੂਦੀ ਲੋਕਾਂ ਨੇ ਕਿਵੇਂ ਦਿਖਾਇਆ ਕਿ ਉਹ ਪਰਮੇਸ਼ੁਰ ਦਾ ਭੈ ਨਹੀਂ ਰੱਖਦੇ ਸਨ?
24 ਯਸਾਯਾਹ ਦੇ ਜ਼ਮਾਨੇ ਵਿਚ ਯਹੂਦਾਹ ਦੇ ਸ਼ੇਖ਼ੀ ਮਾਰਨ ਵਾਲੇ ਆਗੂ ਆਪਣੇ ਆਪ ਨੂੰ ਬਹੁਤ ਹੁਸ਼ਿਆਰ ਸਮਝਦੇ ਸਨ ਅਤੇ ਉਨ੍ਹਾਂ ਨੇ ਸੋਚਿਆ ਹੋਣਾ ਕਿ ਸੱਚੀ ਉਪਾਸਨਾ ਨੂੰ ਭ੍ਰਿਸ਼ਟ ਕਰ ਕੇ ਉਹ ਇਸ ਦੇ ਨਤੀਜੇ ਨਹੀਂ ਭੋਗਣਗੇ। ਕੀ ਉਹ ਸੱਚ-ਮੁੱਚ ਹੁਸ਼ਿਆਰ ਸਨ? ਯਸਾਯਾਹ ਨੇ ਉਨ੍ਹਾਂ ਦਾ ਅਸਲੀ ਰੂਪ ਦਿਖਾਇਆ—ਉਹ ਪਰਮੇਸ਼ੁਰ ਦਾ ਭੈ ਨਹੀਂ ਰੱਖਦੇ ਸਨ ਅਤੇ ਉਨ੍ਹਾਂ ਦੀ ਬੁੱਧ ਨਕਲੀ ਸੀ: “ਹਾਇ ਓਹਨਾਂ ਉੱਤੇ ਜਿਹੜੇ ਯਹੋਵਾਹ ਤੋਂ ਆਪਣੀ ਸਲਾਹ ਡੂੰਘੀ ਰੱਖ ਕੇ ਲੁਕਾਉਂਦੇ ਹਨ! ਜਿਨ੍ਹਾਂ ਦੇ ਕੰਮ ਅਨ੍ਹੇਰੇ ਵਿੱਚ ਹੁੰਦੇ ਹਨ, ਅਤੇ ਜਿਹੜੇ ਆਖਦੇ ਹਨ, ਕੌਣ ਸਾਨੂੰ ਵੇਖਦਾ, ਅਤੇ ਕੌਣ ਸਾਨੂੰ ਜਾਣਦਾ ਹੈ? ਤੁਸੀਂ ਉਲੱਦ ਪੁਲੱਦ ਕਰਦੇ ਹੋ! ਕੀ ਘੁਮਿਆਰ ਮਿੱਟੀ ਵਰਗਾ ਗਿਣਿਆ ਜਾਵੇਗਾ, ਭਈ ਬਣੀ ਹੋਈ ਚੀਜ਼ ਆਪਣੇ ਬਣਾਉਣ ਵਾਲੇ ਵਿਖੇ ਆਖੇ, ਓਸ ਮੈਨੂੰ ਨਹੀਂ ਬਣਾਇਆ, ਯਾ ਘੜਤ ਘੜਨ ਵਾਲੇ ਵਿਖੇ ਆਖੇ, ਉਸ ਨੂੰ ਕੋਈ ਮੱਤ ਨਹੀਂ?” (ਯਸਾਯਾਹ 29:15, 16. ਜ਼ਬੂਰ 111:10 ਦੀ ਤੁਲਨਾ ਕਰੋ।) ਉਹ ਭਾਵੇਂ ਆਪਣੇ ਆਪ ਨੂੰ ਜਿੰਨੇ ਮਰਜ਼ੀ ਲੁਕੇ ਹੋਏ ਸਮਝਦੇ ਸਨ, ਪਰ ਪਰਮੇਸ਼ੁਰ ਦੀ ਨਿਗਾਹ ਵਿਚ ਉਹ ‘ਨੰਗੇ ਅਤੇ ਖੁਲ੍ਹੇ ਪਏ ਸਨ।’—ਇਬਰਾਨੀਆਂ 4:13.
‘ਬੋਲੇ ਸੁਣਨਗੇ’
25. “ਬੋਲੇ” ਲੋਕ ਕਿਸ ਤਰ੍ਹਾਂ ਸੁਣਨਗੇ?
25 ਲੇਕਿਨ, ਨਿਹਚਾ ਕਰਨ ਵਾਲਿਆਂ ਨੂੰ ਮੁਕਤੀ ਮਿਲੇਗੀ। (ਯਸਾਯਾਹ 29:17-24 ਪੜ੍ਹੋ। ਲੂਕਾ 7:22 ਦੀ ਤੁਲਨਾ ਕਰੋ।) “ਬੋਲੇ ਪੁਸਤਕ ਦੀਆਂ ਗੱਲਾਂ ਸੁਣਨਗੇ,” ਯਾਨੀ ਪਰਮੇਸ਼ੁਰ ਦੇ ਬਚਨ ਦਾ ਸੁਨੇਹਾ ਸੁਣਨਗੇ। ਜੀ ਹਾਂ, ਇਹ ਬੋਲ਼ੇ ਲੋਕਾਂ ਦਾ ਅਸਲੀ ਇਲਾਜ ਨਹੀਂ ਹੈ, ਸਗੋਂ ਰੂਹਾਨੀ ਇਲਾਜ ਹੈ। ਇਕ ਵਾਰ ਫਿਰ ਯਸਾਯਾਹ ਨੇ ਮਸੀਹਾਈ ਰਾਜ ਸਥਾਪਿਤ ਹੋਣ ਬਾਰੇ ਦੱਸਿਆ ਸੀ ਜਦੋਂ ਮਸੀਹਾ ਦੇ ਰਾਜ ਅਧੀਨ ਧਰਤੀ ਉੱਤੇ ਸੱਚੀ ਉਪਾਸਨਾ ਦੁਬਾਰਾ ਕੀਤੀ ਜਾਵੇਗੀ। ਇਹ ਭਵਿੱਖਬਾਣੀ ਸਾਡੇ ਜ਼ਮਾਨੇ ਵਿਚ ਪੂਰੀ ਹੋ ਰਹੀ ਹੈ ਜਦੋਂ ਯਹੋਵਾਹ ਲੱਖਾਂ ਹੀ ਈਮਾਨਦਾਰ ਲੋਕਾਂ ਨੂੰ ਸੁਧਾਰ ਰਿਹਾ ਹੈ ਅਤੇ ਉਹ ਲੋਕ ਉਸ ਦੀ ਵਡਿਆਈ ਕਰਨੀ ਸਿੱਖ ਰਹੇ ਹਨ। ਇਹ ਕਿੰਨੀ ਖ਼ੁਸ਼ੀ ਦੀ ਗੱਲ ਹੈ! ਅਖ਼ੀਰ ਵਿਚ, ਉਹ ਦਿਨ ਆਵੇਗਾ ਜਦੋਂ ਸਾਰੇ ਪ੍ਰਾਣੀ ਯਹੋਵਾਹ ਦੀ ਉਸਤਤ ਕਰਨਗੇ ਅਤੇ ਉਸ ਦੇ ਪਵਿੱਤਰ ਨਾਮ ਨੂੰ ਪਵਿੱਤਰ ਮੰਨਣਗੇ।—ਜ਼ਬੂਰ 150:6.
26. ਅੱਜ “ਬੋਲੇ” ਲੋਕ ਕਿਹੜੀਆਂ ਰੂਹਾਨੀ ਗੱਲਾਂ ਵਾਰ-ਵਾਰ ਸੁਣਦੇ ਹਨ?
26 ਅੱਜ ਅਜਿਹੇ “ਬੋਲੇ” ਲੋਕ ਪਰਮੇਸ਼ੁਰ ਦਾ ਬਚਨ ਸੁਣ ਕੇ ਕੀ ਸਿੱਖਦੇ ਹਨ? ਇਹੋ ਕਿ ਸਾਰੇ ਮਸੀਹੀਆਂ ਨੂੰ, ਖ਼ਾਸ ਕਰਕੇ ਉਨ੍ਹਾਂ ਨੂੰ ਜੋ ਕਲੀਸਿਯਾ ਲਈ ਇਕ ਮਿਸਾਲ ਹਨ, ਸਾਵਧਾਨ ਹੋ ਕੇ ‘ਮਧ ਨਾਲ ਝੂਲਦੇ ਫਿਰਨ’ ਤੋਂ ਬਚਣਾ ਚਾਹੀਦਾ ਹੈ। (ਯਸਾਯਾਹ 28:7) ਇਸ ਤੋਂ ਇਲਾਵਾ, ਸਾਨੂੰ ਪਰਮੇਸ਼ੁਰ ਦੀਆਂ ਗੱਲਾਂ ਵਾਰ-ਵਾਰ ਸੁਣ ਕੇ ਅੱਕਣਾ ਨਹੀਂ ਚਾਹੀਦਾ ਕਿਉਂਕਿ ਇਹ ਸਾਨੂੰ ਆਪਣਾ ਰੂਹਾਨੀ ਨਜ਼ਰੀਆ ਕਾਇਮ ਰੱਖਣ ਦਿੰਦੀਆਂ ਹਨ। ਇਸ ਤੋਂ ਇਲਾਵਾ, ਭਾਵੇਂ ਕਿ ਅਸੀਂ ਸਰਕਾਰਾਂ ਦੇ ਅਧੀਨ ਰਹਿੰਦੇ ਹਾਂ ਜੋ ਸਾਡੇ ਲਈ ਕਈ ਚੀਜ਼ਾਂ ਦਾ ਪ੍ਰਬੰਧ ਕਰਦੀਆਂ ਹਨ, ਮੁਕਤੀ ਸਿਰਫ਼ ਯਹੋਵਾਹ ਪਰਮੇਸ਼ੁਰ ਤੋਂ ਹੀ ਮਿਲੇਗੀ ਇਸ ਦੁਨੀਆਂ ਤੋਂ ਨਹੀਂ। ਸਾਨੂੰ ਕਦੀ ਵੀ ਨਹੀਂ ਭੁੱਲਣਾ ਚਾਹੀਦਾ ਕਿ ਜਿਸ ਤਰ੍ਹਾਂ ਧਰਮ-ਤਿਆਗੀ ਯਰੂਸ਼ਲਮ ਨੂੰ ਸਜ਼ਾ ਦਿੱਤੀ ਗਈ ਸੀ, ਉਸੇ ਤਰ੍ਹਾਂ ਇਹ ਪੀੜ੍ਹੀ ਵੀ ਪਰਮੇਸ਼ੁਰ ਦੀ ਸਜ਼ਾ ਤੋਂ ਨਹੀਂ ਬਚ ਸਕਦੀ। ਵਿਰੋਧਤਾ ਦੇ ਬਾਵਜੂਦ ਅਸੀਂ ਵੀ ਯਸਾਯਾਹ ਵਾਂਗ ਯਹੋਵਾਹ ਦੀ ਮਦਦ ਨਾਲ ਲੋਕਾਂ ਨੂੰ ਉਸ ਦੀ ਚੇਤਾਵਨੀ ਸੁਣਾਉਂਦੇ ਰਹਾਂਗੇ।—ਯਸਾਯਾਹ 28:14, 22; ਮੱਤੀ 24:34; ਰੋਮੀਆਂ 13:1-4.
27. ਮਸੀਹੀ ਯਸਾਯਾਹ ਦੀ ਭਵਿੱਖਬਾਣੀ ਤੋਂ ਕਿਹੜੇ ਸਬਕ ਸਿੱਖ ਸਕਦੇ ਹਨ?
27 ਬਜ਼ੁਰਗ ਅਤੇ ਮਾਪੇ ਯਹੋਵਾਹ ਦੇ ਤਾੜਨਾ ਦੇਣ ਦੇ ਤਰੀਕੇ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਉਨ੍ਹਾਂ ਨੂੰ ਗ਼ਲਤੀ ਕਰਨ ਵਾਲੇ ਨੂੰ ਸਿਰਫ਼ ਸਜ਼ਾ ਹੀ ਨਹੀਂ ਦੇਣੀ ਚਾਹੀਦੀ ਸਗੋਂ ਉਸ ਨੂੰ ਪਰਮੇਸ਼ੁਰ ਦੀ ਮਿਹਰ ਦੁਬਾਰਾ ਦਿਲਾਉਣ ਦੀ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ। (ਯਸਾਯਾਹ 28:26-29. ਯਿਰਮਿਯਾਹ 30:11 ਦੀ ਤੁਲਨਾ ਕਰੋ।) ਨੌਜਵਾਨਾਂ ਸਮੇਤ ਸਾਨੂੰ ਸਾਰਿਆਂ ਨੂੰ ਚੇਤਾ ਕਰਾਇਆ ਜਾਂਦਾ ਹੈ ਕਿ ਯਹੋਵਾਹ ਦੀ ਸੇਵਾ ਦਿਲੋਂ ਕਰਨੀ ਬਹੁਤ ਜ਼ਰੂਰੀ ਹੈ। ਇਨਸਾਨਾਂ ਨੂੰ ਖ਼ੁਸ਼ ਕਰਨ ਲਈ ਸਾਨੂੰ ਮਸੀਹੀ ਬਣਨ ਦਾ ਸਿਰਫ਼ ਦਿਖਾਵਾ ਨਹੀਂ ਕਰਨਾ ਚਾਹੀਦਾ। (ਯਸਾਯਾਹ 29:13) ਸਾਨੂੰ ਦਿਖਾਉਣਾ ਚਾਹੀਦਾ ਹੈ ਕਿ ਯਹੂਦਾਹ ਦੇ ਅਣਆਗਿਆਕਾਰ ਵਾਸੀਆਂ ਦੇ ਉਲਟ ਅਸੀਂ ਯਹੋਵਾਹ ਦਾ ਭੈ ਰੱਖਦੇ ਹਾਂ ਅਤੇ ਉਸ ਦਾ ਦਿਲੋਂ ਆਦਰ ਕਰਦੇ ਹਾਂ। (ਯਸਾਯਾਹ 29:16) ਸਾਨੂੰ ਇਹ ਵੀ ਦਿਖਾਉਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਦੁਆਰਾ ਸੁਧਾਰੇ ਅਤੇ ਸਿਖਾਏ ਜਾਣਾ ਚਾਹੁੰਦੇ ਹਾਂ।—ਯਸਾਯਾਹ 29:24.
28. ਯਹੋਵਾਹ ਦੇ ਸੇਵਕ ਉਸ ਦੇ ਬਚਾਅ ਦੇ ਕੰਮਾਂ ਬਾਰੇ ਕੀ ਸੋਚਦੇ ਹਨ?
28 ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਅਤੇ ਉਸ ਦੇ ਕੰਮਾਂ ਉੱਤੇ ਵਿਸ਼ਵਾਸ ਅਤੇ ਭਰੋਸਾ ਰੱਖੀਏ! (ਜ਼ਬੂਰ 146:3 ਦੀ ਤੁਲਨਾ ਕਰੋ।) ਜਿਸ ਚੇਤਾਵਨੀ ਬਾਰੇ ਅਸੀਂ ਪ੍ਰਚਾਰ ਕਰਦੇ ਹਾਂ, ਉਹ ਜ਼ਿਆਦਾਤਰ ਲੋਕਾਂ ਨੂੰ ਮੂਰਖਤਾ ਲੱਗੇਗੀ। ਈਸਾਈ-ਜਗਤ ਵਰਗੇ ਸੰਗਠਨ ਦਾ ਆ ਰਿਹਾ ਨਾਸ਼ ਇਕ ਅਜੀਬ ਅਤੇ ਅਸਚਰਜ ਕੰਮ ਹੋਵੇਗਾ ਕਿਉਂਕਿ ਉਹ ਪਰਮੇਸ਼ੁਰ ਦੀ ਸੇਵਾ ਕਰਨ ਦਾ ਦਾਅਵਾ ਕਰਦਾ ਹੈ। ਪਰ ਸਾਨੂੰ ਇਸ ਬਾਰੇ ਕੋਈ ਸ਼ੱਕ ਨਹੀਂ ਕਿ ਯਹੋਵਾਹ ਆਪਣਾ “ਅਚਰਜ ਕੰਮ” ਪੂਰਾ ਕਰ ਕੇ ਦਿਖਾਵੇਗਾ। ਇਸ ਲਈ, ਇਸ ਦੁਨੀਆਂ ਦੇ ਆਖ਼ਰੀ ਦਿਨਾਂ ਦੌਰਾਨ ਪਰਮੇਸ਼ੁਰ ਦੇ ਸੇਵਕ ਉਸ ਦੇ ਰਾਜ ਅਤੇ ਉਸ ਦੇ ਰਾਜੇ ਯਿਸੂ ਮਸੀਹ ਉੱਤੇ ਪੂਰਾ ਭਰੋਸਾ ਰੱਖਦੇ ਹਨ। ਉਹ ਜਾਣਦੇ ਹਨ ਕਿ ਜਦੋਂ ਯਹੋਵਾਹ ਉਨ੍ਹਾਂ ਨੂੰ ਬਚਾਵੇਗਾ ਅਤੇ ਆਪਣਾ “ਅਚਰਜ ਕੰਮ” ਪੂਰਾ ਕਰੇਗਾ, ਤਾਂ ਆਗਿਆਕਾਰ ਮਨੁੱਖਜਾਤੀ ਨੂੰ ਸਦਾ ਦੀਆਂ ਬਰਕਤਾਂ ਮਿਲਣਗੀਆਂ।
[ਫੁਟਨੋਟ]
a ਇਬਰਾਨੀ ਭਾਸ਼ਾ ਵਿਚ, ਯਸਾਯਾਹ 28:10 ਦੇ ਸ਼ਬਦ ਵਾਰ-ਵਾਰ ਦੁਹਰਾਈ ਗਈ ਕਵਿਤਾ ਵਾਂਗ ਲਿਖੇ ਗਏ ਸਨ, ਜਿਵੇਂ ਬੱਚਿਆਂ ਦੀ ਕੋਈ ਕਵਿਤਾ ਹੋਵੇ। ਇਸ ਲਈ ਧਾਰਮਿਕ ਆਗੂਆਂ ਨੂੰ ਯਸਾਯਾਹ ਦਾ ਸੁਨੇਹਾ ਰਟਿਆ ਹੋਇਆ ਅਤੇ ਫਜ਼ੂਲ ਲੱਗਦਾ ਸੀ।
[ਸਫ਼ਾ 289 ਉੱਤੇ ਤਸਵੀਰਾਂ]
ਈਸਾਈ-ਜਗਤ ਨੇ ਪਰਮੇਸ਼ੁਰ ਦੀ ਬਜਾਇ ਇਨਸਾਨੀ ਹਾਕਮਾਂ ਨਾਲ ਆਪਣੀ ਮਿੱਤਰਤਾ ਉੱਤੇ ਭਰੋਸਾ ਰੱਖਿਆ ਹੈ
[ਸਫ਼ਾ 290 ਉੱਤੇ ਤਸਵੀਰ]
ਯਹੋਵਾਹ ਨੇ ਉਦੋਂ ਆਪਣਾ “ਅਚਰਜ ਕੰਮ” ਪੂਰਾ ਕੀਤਾ ਸੀ ਜਦੋਂ ਉਸ ਨੇ ਬਾਬਲ ਨੂੰ ਯਰੂਸ਼ਲਮ ਨੂੰ ਤਬਾਹ ਕਰਨ ਦਿੱਤਾ
[ਸਫ਼ਾ 298 ਉੱਤੇ ਤਸਵੀਰ]
ਜਿਹੜੇ ਪਹਿਲਾਂ ਰੂਹਾਨੀ ਤੌਰ ਤੇ ਬੋਲ਼ੇ ਲੋਕ ਸਨ ਉਹ ਹੁਣ ਪਰਮੇਸ਼ੁਰ ਦਾ ਬਚਨ ‘ਸੁਣ’ ਸਕਦੇ ਹਨ