ਪੱਚੀਵਾਂ ਅਧਿਆਇ
ਰਾਜਾ ਅਤੇ ਉਸ ਦੇ ਸਰਦਾਰ
1, 2. ਯਸਾਯਾਹ ਦੀ ਮ੍ਰਿਤ ਸਾਗਰ ਪੋਥੀ ਦੀਆਂ ਲਿਖਤਾਂ ਬਾਰੇ ਕੀ ਕਿਹਾ ਜਾ ਸਕਦਾ ਹੈ?
ਫਲਸਤੀਨ ਵਿਚ ਮ੍ਰਿਤ ਸਾਗਰ ਦੇ ਲਾਗੇ ਕੁਝ ਗੁਫਾਵਾਂ ਪਾਈਆਂ ਜਾਂਦੀਆਂ ਹਨ। ਇਨ੍ਹਾਂ ਗੁਫਾਵਾਂ ਵਿਚ 1940 ਦੇ ਦਹਾਕੇ ਵਿਚ ਕੁਝ ਪੋਥੀਆਂ ਲੱਭੀਆਂ ਗਈਆਂ ਸਨ। ਇਨ੍ਹਾਂ ਨੂੰ ਮ੍ਰਿਤ ਸਾਗਰ ਦੀਆਂ ਪੋਥੀਆਂ ਸੱਦਿਆ ਗਿਆ ਅਤੇ ਮੰਨਿਆ ਜਾਂਦਾ ਹੈ ਕਿ ਇਹ ਪੋਥੀਆਂ 200 ਸਾ.ਯੁ.ਪੂ. ਅਤੇ 70 ਸਾ.ਯੁ. ਦੇ ਦਰਮਿਆਨ ਲਿਖੀਆਂ ਗਈਆਂ ਸਨ। ਉਨ੍ਹਾਂ ਵਿੱਚੋਂ ਸਭ ਤੋਂ ਜਾਣੀ-ਪਛਾਣੀ ਪੋਥੀ ਯਸਾਯਾਹ ਦੀ ਪੋਥੀ ਹੈ। ਇਹ ਪੋਥੀ ਤਕਰੀਬਨ ਪੂਰੀ ਦੀ ਪੂਰੀ ਲੱਭੀ ਗਈ ਹੈ ਅਤੇ ਮਜ਼ਬੂਤ ਚਮੜੇ ਉੱਤੇ ਇਬਰਾਨੀ ਵਿਚ ਲਿਖੀ ਹੋਈ ਹੈ। ਯਸਾਯਾਹ ਦੀ ਇਹ ਪੋਥੀ ਅਤੇ ਮਸੋਰਾ ਦੀਆਂ ਹੱਥ-ਲਿਖਤ ਪੋਥੀਆਂ, ਜੋ ਇਸ ਤੋਂ 1,000 ਸਾਲ ਬਾਅਦ ਲਿਖੀਆਂ ਗਈਆਂ ਸਨ, ਵਿਚਕਾਰ ਬਹੁਤ ਥੋੜ੍ਹਾ ਫ਼ਰਕ ਹੈ। ਇਹ ਪੋਥੀ ਸਾਬਤ ਕਰਦੀ ਹੈ ਕਿ ਬਾਈਬਲ ਦੀ ਸਹੀ-ਸਹੀ ਨਕਲ ਕੀਤੀ ਗਈ ਸੀ।
2 ਯਸਾਯਾਹ ਦੀ ਮ੍ਰਿਤ ਸਾਗਰ ਪੋਥੀ ਦੀ ਇਕ ਖ਼ਾਸ ਗੱਲ ਇਹ ਹੈ ਕਿ ਉਸ ਦੇ ਇਕ ਹਿੱਸੇ ਦੇ ਹਾਸ਼ੀਏ ਵਿਚ ਗ੍ਰੰਥੀ ਨੇ “X” ਦਾ ਨਿਸ਼ਾਨ ਲਾਇਆ ਹੈ। ਅੱਜ ਇਹ ਹਿੱਸਾ ਯਸਾਯਾਹ ਦਾ 32ਵਾਂ ਅਧਿਆਇ ਹੈ। ਅਸੀਂ ਇਹ ਨਹੀਂ ਜਾਣਦੇ ਕਿ ਗ੍ਰੰਥੀ ਨੇ ਇਹ ਨਿਸ਼ਾਨ ਕਿਉਂ ਲਾਇਆ ਸੀ, ਪਰ ਅਸੀਂ ਇੰਨਾ ਜ਼ਰੂਰ ਜਾਣਦੇ ਹਾਂ ਕਿ ਪਵਿੱਤਰ ਬਾਈਬਲ ਦੇ ਇਸ ਹਿੱਸੇ ਵਿਚ ਕੋਈ ਖ਼ਾਸ ਗੱਲ ਹੈ।
ਧਾਰਮਿਕਤਾ ਅਤੇ ਇਨਸਾਫ਼ ਨਾਲ ਰਾਜ
3. ਯਸਾਯਾਹ ਅਤੇ ਪਰਕਾਸ਼ ਦੀ ਪੋਥੀ ਵਿਚ ਕਿਹੜੇ ਪ੍ਰਬੰਧ ਬਾਰੇ ਭਵਿੱਖਬਾਣੀ ਕੀਤੀ ਗਈ ਸੀ?
3 ਯਸਾਯਾਹ ਦੇ 32ਵੇਂ ਅਧਿਆਇ ਦੇ ਸ਼ੁਰੂ ਵਿਚ ਉਹ ਸ਼ਾਨਦਾਰ ਭਵਿੱਖਬਾਣੀ ਹੈ ਜੋ ਸਾਡੇ ਜ਼ਮਾਨੇ ਵਿਚ ਪੂਰੀ ਹੋ ਰਹੀ ਹੈ: “ਵੇਖੋ, ਇੱਕ ਪਾਤਸ਼ਾਹ ਧਰਮ ਨਾਲ ਪਾਤਸ਼ਾਹੀ ਕਰੇਗਾ, ਅਤੇ ਸਰਦਾਰ ਨਿਆਉਂ ਨਾਲ ਸਰਦਾਰੀ ਕਰਨਗੇ।” (ਯਸਾਯਾਹ 32:1) “ਵੇਖੋ” ਸ਼ਬਦ ਸਾਨੂੰ ਬਾਈਬਲ ਦੀ ਆਖ਼ਰੀ ਪੁਸਤਕ ਦੀ ਗੱਲ ਯਾਦ ਕਰਾਉਂਦਾ ਹੈ: “ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਬੋਲਿਆ, ਵੇਖ, ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ।” (ਟੇਢੇ ਟਾਈਪ ਸਾਡੇ) (ਪਰਕਾਸ਼ ਦੀ ਪੋਥੀ 21:5) ਪਰਕਾਸ਼ ਦੀ ਪੋਥੀ, ਯਸਾਯਾਹ ਦੀ ਪੋਥੀ ਤੋਂ 900 ਸਾਲ ਬਾਅਦ ਲਿਖੀ ਗਈ ਸੀ। ਇਨ੍ਹਾਂ ਦੋਹਾਂ ਪੁਸਤਕਾਂ ਵਿਚ ਇਕ ਨਵੇਂ ਪ੍ਰਬੰਧ ਬਾਰੇ ਦੱਸਿਆ ਗਿਆ ਹੈ। ਇਹ “ਨਵਾਂ ਅਕਾਸ਼ ਅਤੇ ਨਵੀਂ ਧਰਤੀ” ਦਾ ਪ੍ਰਬੰਧ ਹੈ। (ਪਰਕਾਸ਼ ਦੀ ਪੋਥੀ 21:1-4; ਯਸਾਯਾਹ 65:17-25) ਨਵਾਂ ਅਕਾਸ਼ ਸਵਰਗ ਵਿਚ ਰਾਜਾ ਯਿਸੂ ਮਸੀਹ ਅਤੇ “ਮਨੁੱਖਾਂ ਵਿੱਚੋਂ ਮੁੱਲ ਲਏ ਗਏ” ਉਸ ਦੇ 1,44,000 ਸਾਥੀ ਰਾਜਿਆਂ ਦਾ ਬਣਿਆ ਹੋਇਆ ਹੈ। ਇਹ ਰਾਜ 1914 ਵਿਚ ਸਥਾਪਿਤ ਕੀਤਾ ਗਿਆ ਸੀ। (ਪਰਕਾਸ਼ ਦੀ ਪੋਥੀ 14:1-4) ਨਵੀਂ ਧਰਤੀ ਦੁਨੀਆਂ ਭਰ ਵਿਚ ਮਿਲ ਕੇ ਰਹਿਣ ਵਾਲੇ ਇਨਸਾਨਾਂ ਦਾ ਸਮਾਜ ਹੈ।a ਇਹ ਪੂਰਾ ਪ੍ਰਬੰਧ ਮਸੀਹ ਦੇ ਬਲੀਦਾਨ ਰਾਹੀਂ ਮੁਮਕਿਨ ਹੋਇਆ ਹੈ।
4. ਨਵੀਂ ਧਰਤੀ ਦਾ ਪ੍ਰਮੁੱਖ ਹਿੱਸਾ ਕੌਣ ਹੋਣਗੇ?
4 ਯੂਹੰਨਾ ਰਸੂਲ ਨੇ ਇਕ ਦਰਸ਼ਣ ਵਿਚ ਇਨ੍ਹਾਂ 1,44,000 ਸਾਥੀ ਰਾਜਿਆਂ ਉੱਤੇ ਆਖ਼ਰੀ ਮੋਹਰ ਲੱਗਦੀ ਹੋਈ ਦੇਖੀ ਸੀ। ਇਸ ਤੋਂ ਬਾਅਦ ਉਸ ਨੇ ਲਿਖਿਆ: “ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ . . . ਸਿੰਘਾਸਣ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜੀ ਹੈ।” (ਟੇਢੇ ਟਾਈਪ ਸਾਡੇ) ਇਹ ਵੱਡੀ ਭੀੜ ਨਵੀਂ ਧਰਤੀ ਦਾ ਪ੍ਰਮੁੱਖ ਹਿੱਸਾ ਹੋਵੇਗੀ। ਇਸ ਦੀ ਗਿਣਤੀ ਹੁਣ ਲੱਖਾਂ ਵਿਚ ਹੈ ਅਤੇ ਇਹ ਲੋਕ ਧਰਤੀ ਉੱਤੇ 1,44,000 ਮਸਹ ਕੀਤੇ ਹੋਇਆਂ ਵਿੱਚੋਂ ਬਾਕੀ ਰਹਿੰਦੇ ਲੋਕਾਂ ਦੇ ਨਾਲ ਮਿਲ ਗਏ ਹਨ। ਇਹ ਵੱਡੀ ਭੀੜ ਆ ਰਹੀ ਵੱਡੀ ਬਿਪਤਾ ਵਿੱਚੋਂ ਬਚ ਨਿਕਲੇਗੀ। ਫਿਰ ਫਿਰਦੌਸ ਵਰਗੀ ਧਰਤੀ ਉੱਤੇ ਜੀ ਉਠਾਏ ਗਏ ਵਫ਼ਾਦਾਰ ਲੋਕ ਅਤੇ ਕਰੋੜਾਂ ਹੋਰ ਲੋਕ, ਜਿਨ੍ਹਾਂ ਨੂੰ ਨਿਹਚਾ ਕਰਨ ਦਾ ਮੌਕਾ ਦਿੱਤਾ ਜਾਵੇਗਾ, ਇਸ ਭੀੜ ਨਾਲ ਮਿਲ ਜਾਣਗੇ। ਨਿਹਚਾ ਕਰਨ ਵਾਲੇ ਸਾਰਿਆਂ ਇਨਸਾਨਾਂ ਨੂੰ ਸਦਾ ਦੀ ਜ਼ਿੰਦਗੀ ਦੀ ਬਰਕਤ ਮਿਲੇਗੀ।—ਪਰਕਾਸ਼ ਦੀ ਪੋਥੀ 7:4, 9-17.
5-7. ਭਵਿੱਖਬਾਣੀ ਦੇ ਅਨੁਸਾਰ “ਸਰਦਾਰ” ਪਰਮੇਸ਼ੁਰ ਦੇ ਇੱਜੜ ਲਈ ਕੀ-ਕੀ ਕਰਦੇ ਹਨ?
5 ਪਰ, ਜਿੰਨਾ ਚਿਰ ਇਹ ਨਫ਼ਰਤ-ਭਰੀ ਦੁਨੀਆਂ ਖ਼ਤਮ ਨਹੀਂ ਕੀਤੀ ਜਾਂਦੀ, ਉੱਨੇ ਚਿਰ ਲਈ ਵੱਡੀ ਭੀੜ ਦੇ ਮੈਂਬਰਾਂ ਨੂੰ ਸੁਰੱਖਿਆ ਦੀ ਲੋੜ ਹੈ। ਇਹ ਸੁਰੱਖਿਆ ਕਾਫ਼ੀ ਹੱਦ ਤਕ ਉਨ੍ਹਾਂ ‘ਸਰਦਾਰਾਂ’ ਤੋਂ ਮਿਲਦੀ ਹੈ ਜੋ “ਨਿਆਉਂ ਨਾਲ ਸਰਦਾਰੀ” ਕਰਦੇ ਹਨ। ਇਹ ਪ੍ਰਬੰਧ ਕਿੰਨਾ ਵਧੀਆ ਹੈ! ਯਸਾਯਾਹ ਦੀ ਭਵਿੱਖਬਾਣੀ ਵਿਚ ਇਨ੍ਹਾਂ ‘ਸਰਦਾਰਾਂ’ ਬਾਰੇ ਹੋਰ ਵੀ ਚੰਗੀਆਂ ਗੱਲਾਂ ਦੱਸੀਆਂ ਗਈਆਂ ਹਨ: “ਹਰੇਕ ਪੌਣ ਤੋਂ ਲੁੱਕਣ ਦੇ ਥਾਂ ਜਿਹਾ ਹੋਵੇਗਾ, ਵਾਛੜ ਤੋਂ ਓਟ, ਸੁੱਕੇ ਵਿੱਚ ਪਾਣੀ ਦੀਆਂ ਨਾਲੀਆਂ ਜਿਹਾ, ਹੁੱਸੀ ਧਰਤੀ ਵਿੱਚ ਵੱਡੀ ਚਟਾਨ ਦੇ ਸਾਯੇ ਜਿਹਾ।”—ਯਸਾਯਾਹ 32:2.
6 ਦੁਨੀਆਂ ਦੇ ਇਸ ਦੁੱਖਾਂ ਭਰੇ ਸਮੇਂ ਵਿਚ ਅਜਿਹੇ ‘ਸਰਦਾਰਾਂ’ ਜਾਂ ਬਜ਼ੁਰਗਾਂ ਦੀ ਜ਼ਰੂਰਤ ਹੈ, ਜੋ “ਸਾਰੇ ਇੱਜੜ ਦੀ ਖਬਰਦਾਰੀ” ਕਰਨਗੇ, ਯਾਨੀ ਯਹੋਵਾਹ ਦੀਆਂ ਭੇਡਾਂ ਦੀ ਦੇਖ-ਭਾਲ ਕਰਨਗੇ, ਅਤੇ ਯਹੋਵਾਹ ਦਿਆਂ ਧਾਰਮਿਕ ਅਸੂਲਾਂ ਦੇ ਅਨੁਸਾਰ ਇਨਸਾਫ਼ ਕਰਨਗੇ। (ਰਸੂਲਾਂ ਦੇ ਕਰਤੱਬ 20:28) ਅਜਿਹੇ ‘ਸਰਦਾਰਾਂ’ ਨੂੰ 1 ਤਿਮੋਥਿਉਸ 3:2-7 ਅਤੇ ਤੀਤੁਸ 1:6-9 ਵਿਚ ਲਿਖੀਆਂ ਗਈਆਂ ਗੱਲਾਂ ਉੱਤੇ ਪੂਰਾ ਉਤਰਨਾ ਚਾਹੀਦਾ ਹੈ।
7 ਯਿਸੂ ਨੇ “ਜੁਗ ਦੇ ਅੰਤ” ਵਿਚ ਹੋਣ ਵਾਲੀਆਂ ਦੁਖਦਾਈ ਗੱਲਾਂ ਬਾਰੇ ਭਵਿੱਖਬਾਣੀ ਕੀਤੀ ਸੀ। ਉਸ ਵਿਚ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਖ਼ਬਰਦਾਰ ਕਿਤੇ ਘਬਰਾ ਨਾ ਜਾਣਾ।” (ਮੱਤੀ 24:3-8) ਯਿਸੂ ਦੇ ਚੇਲੇ ਅੱਜ ਦੁਨੀਆਂ ਦੀਆਂ ਖ਼ਤਰਨਾਕ ਹਾਲਤਾਂ ਦੇਖ ਕੇ ਕਿਉਂ ਨਹੀਂ ਘਬਰਾਉਂਦੇ? ਇਕ ਕਾਰਨ ਇਹ ਹੈ ਕਿ “ਸਰਦਾਰ” ਵਫ਼ਾਦਾਰੀ ਨਾਲ ਇੱਜੜ ਦੀ ਸੁਰੱਖਿਆ ਕਰਦੇ ਹਨ। ਇਹ ਸਰਦਾਰ ਮਸਹ ਕੀਤੇ ਹੋਇਆਂ ਵਿੱਚੋਂ ਜਾਂ ‘ਹੋਰ ਭੇਡਾਂ’ ਵਿੱਚੋਂ ਵੀ ਹੋ ਸਕਦੇ ਹਨ। (ਯੂਹੰਨਾ 10:16) ਕੁਲ-ਨਾਸ਼ ਵਰਗੀਆਂ ਵੱਡੀਆਂ-ਵੱਡੀਆਂ ਮੁਸੀਬਤਾਂ ਵਿਚ ਵੀ ਉਹ ਨਿਡਰਤਾ ਨਾਲ ਆਪਣਿਆਂ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਦੇ ਹਨ। ਇਸ ਦੁਨੀਆਂ ਵਿਚ ਜਿੱਥੇ ਰੂਹਾਨੀ ਚੀਜ਼ਾਂ ਦੀ ਥੁੜ ਹੈ, ਉਹ ਨਿਰਾਸ਼ ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਬਾਈਬਲ ਵਿੱਚੋਂ ਹੌਸਲਾ ਦੇਣ ਵਾਲੀਆਂ ਸੱਚਾਈਆਂ ਨਾਲ ਤਾਜ਼ਗੀ ਦਿੰਦੇ ਹਨ।
8. ਯਹੋਵਾਹ ਹੋਰ ਭੇਡਾਂ ਵਿੱਚੋਂ ‘ਸਰਦਾਰਾਂ’ ਨੂੰ ਕਿਵੇਂ ਸਿਖਲਾਈ ਦੇ ਕੇ ਇਸਤੇਮਾਲ ਕਰ ਰਿਹਾ ਹੈ?
8 ਪਿਛਲੇ 50 ਸਾਲਾਂ ਦੌਰਾਨ, “ਸਰਦਾਰ” ਸਾਫ਼-ਸਾਫ਼ ਪਛਾਣੇ ਗਏ ਹਨ। ਵੱਡੀ ਭੀੜ ਦੇ ‘ਸਰਦਾਰਾਂ’ ਨੂੰ “ਰਾਜਕੁਮਾਰ” ਵਰਗ ਦਾ ਹਿੱਸਾ ਬਣਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ ਤਾਂਕਿ ਵੱਡੀ ਬਿਪਤਾ ਤੋਂ ਬਾਅਦ ਉਨ੍ਹਾਂ ਵਿੱਚੋਂ ਕਾਬਲ ਬੰਦੇ “ਨਵੀਂ ਧਰਤੀ” ਵਿਚ ਜ਼ਿੰਮੇਵਾਰੀਆਂ ਸੰਭਾਲਣ ਲਈ ਤਿਆਰ ਹੋਣਗੇ। (ਹਿਜ਼ਕੀਏਲ 44:2, 3; 2 ਪਤਰਸ 3:13) ਰਾਜ ਦੀ ਸੇਵਾ ਵਿਚ ਪਹਿਲ ਕਰਦੇ ਹੋਏ, ਉਹ ਉਪਾਸਨਾ ਵਿਚ ਇੱਜੜ ਨੂੰ ਸਹਾਇਤਾ, ਰੂਹਾਨੀ ਅਗਵਾਈ ਅਤੇ ਤਾਜ਼ਗੀ ਦੇ ਕੇ ਆਪਣੇ ਆਪ ਨੂੰ ‘ਵੱਡੀ ਚਟਾਨ ਦੇ ਸਾਯੇ ਜਿਹੇ’ ਸਾਬਤ ਕਰਦੇ ਹਨ।b
9. ਕਿਹੜੇ ਹਾਲਾਤ ਦਿਖਾਉਂਦੇ ਹਨ ਕਿ ਅੱਜ ‘ਸਰਦਾਰਾਂ’ ਦੀ ਜ਼ਰੂਰਤ ਹੈ?
9 ਸ਼ਤਾਨ ਦੀ ਦੁਸ਼ਟ ਦੁਨੀਆਂ ਦੇ ਇਨ੍ਹਾਂ ਆਖ਼ਰੀ ਖ਼ਤਰਨਾਕ ਦਿਨਾਂ ਵਿਚ ਮਸੀਹੀਆਂ ਨੂੰ ਸੁਰੱਖਿਆ ਦੀ ਬਹੁਤ ਜ਼ਰੂਰਤ ਹੈ। (2 ਤਿਮੋਥਿਉਸ 3:1-5, 13) ਝੂਠੀ ਸਿੱਖਿਆ ਅਤੇ ਝੂਠੀਆਂ ਗੱਲਾਂ ਹਵਾ ਵਾਂਗ ਫੈਲ ਰਹੀਆਂ ਹਨ। ਯਹੋਵਾਹ ਪਰਮੇਸ਼ੁਰ ਦੇ ਵਫ਼ਾਦਾਰ ਉਪਾਸਕਾਂ ਖ਼ਿਲਾਫ਼ ਕੌਮਾਂ ਦੇ ਹਮਲੇ ਅਤੇ ਲੜਾਈਆਂ ਵੀ ਤੇਜ਼ ਤੂਫ਼ਾਨਾਂ ਵਰਗੇ ਹਨ। ਰੂਹਾਨੀ ਤੌਰ ਤੇ ਇਸ ਭੁੱਖੀ-ਪਿਆਸੀ ਦੁਨੀਆਂ ਵਿਚ, ਮਸੀਹੀਆਂ ਨੂੰ ਸੱਚਾਈ ਦੀਆਂ ਸ਼ੁੱਧ ਨਦੀਆਂ ਦੀ ਸਖ਼ਤ ਜ਼ਰੂਰਤ ਹੈ ਤਾਂਕਿ ਉਹ ਆਪਣੀ ਰੂਹਾਨੀ ਭੁੱਖ-ਪਿਆਸ ਬੁਝਾ ਸਕਣ। ਖ਼ੁਸ਼ੀ ਦੀ ਗੱਲ ਹੈ ਕਿ ਯਹੋਵਾਹ ਨੇ ਮੁਸੀਬਤ ਦੇ ਇਸ ਸਮੇਂ ਵਿਚ ਵਾਅਦਾ ਕੀਤਾ ਹੈ ਕਿ ਰਾਜਾ ਯਿਸੂ ਮਸੀਹ, ਆਪਣੇ ਮਸਹ ਕੀਤੇ ਹੋਏ ਭਰਾਵਾਂ ਅਤੇ ਹੋਰ ਭੇਡਾਂ ਵਿੱਚੋਂ ਸਹਾਇਕ ‘ਸਰਦਾਰਾਂ’ ਰਾਹੀਂ, ਨਿਰਾਸ਼ ਲੋਕਾਂ ਨੂੰ ਹੌਸਲਾ ਦੇਵੇਗਾ ਅਤੇ ਉਨ੍ਹਾਂ ਦੀ ਅਗਵਾਈ ਕਰੇਗਾ। ਇਸ ਤਰ੍ਹਾਂ ਯਹੋਵਾਹ ਧਰਮ ਅਤੇ ਇਨਸਾਫ਼ ਕਰਾਵੇਗਾ।
ਅੱਖਾਂ, ਕੰਨਾਂ, ਅਤੇ ਦਿਲਾਂ ਨਾਲ ਧਿਆਨ ਦਿਓ
10. ਯਹੋਵਾਹ ਨੇ ਆਪਣੇ ਲੋਕਾਂ ਲਈ ਕਿਹੜੇ ਪ੍ਰਬੰਧ ਕੀਤੇ ਹਨ ਤਾਂਕਿ ਉਹ ਰੂਹਾਨੀ ਗੱਲਾਂ ਸੁਣ ਅਤੇ ਸਮਝ ਸਕਣ?
10 ਵੱਡੀ ਭੀੜ ਨੇ ਯਹੋਵਾਹ ਦੇ ਪ੍ਰਬੰਧਾਂ ਬਾਰੇ ਕਿਵੇਂ ਮਹਿਸੂਸ ਕੀਤਾ ਹੈ? ਭਵਿੱਖਬਾਣੀ ਨੇ ਅੱਗੇ ਦੱਸਿਆ: “ਵੇਖਣ ਵਾਲਿਆਂ ਦੀਆਂ ਅੱਖਾਂ ਬੰਦ ਨਾ ਹੋਣਗੀਆਂ, ਅਤੇ ਸੁਣਨ ਵਾਲਿਆਂ ਦੇ ਕੰਨ ਸੁਣਨਗੇ।” (ਯਸਾਯਾਹ 32:3) ਸਾਲਾਂ ਦੌਰਾਨ, ਯਹੋਵਾਹ ਦੀ ਸਿੱਖਿਆ ਲੈ ਕੇ ਉਸ ਦੇ ਪਿਆਰੇ ਸੇਵਕ ਰੂਹਾਨੀ ਤੌਰ ਤੇ ਸਿਆਣੇ ਬਣੇ ਹਨ। ਇਹ ਸਿੱਖਿਆ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਅਤੇ ਹੋਰ ਵੱਡੇ-ਛੋਟੇ ਸੰਮੇਲਨਾਂ ਵਿਚ ਮਿਲਦੀ ਹੈ। ਇਸ ਦੇ ਨਾਲ-ਨਾਲ ‘ਸਰਦਾਰਾਂ’ ਨੂੰ ਪਿਆਰ ਨਾਲ ਇੱਜੜ ਦੀ ਦੇਖ-ਭਾਲ ਕਰਨ ਬਾਰੇ ਖ਼ਾਸ ਸਿਖਲਾਈ ਮਿਲਦੀ ਹੈ। ਇਨ੍ਹਾਂ ਪ੍ਰਬੰਧਾਂ ਨੇ ਸਾਰੀ ਦੁਨੀਆਂ ਵਿਚ ਲੱਖਾਂ ਹੀ ਭੈਣਾਂ-ਭਰਾਵਾਂ ਦੇ ਭਾਈਚਾਰੇ ਨੂੰ ਮਜ਼ਬੂਤ ਕੀਤਾ ਹੈ। ਜਿੱਥੇ ਕਿਤੇ ਵੀ ਇਹ ਚਰਵਾਹੇ ਹੁੰਦੇ ਹਨ, ਉਹ ਸੱਚਾਈ ਦੇ ਬਚਨ ਦੀ ਸਮਝ ਵਿਚ ਆਈਆਂ ਤਬਦੀਲੀਆਂ ਨੂੰ ਸੁਣਨ ਲਈ ਆਪਣੇ ਕੰਨ ਖੁੱਲ੍ਹੇ ਰੱਖਦੇ ਹਨ। ਉਨ੍ਹਾਂ ਦੀਆਂ ਜ਼ਮੀਰਾਂ ਬਾਈਬਲ ਰਾਹੀਂ ਸਿੱਖਲਾਈਆਂ ਜਾਣ ਕਰਕੇ ਉਹ ਹਮੇਸ਼ਾ ਸੁਣਨ ਅਤੇ ਆਗਿਆ ਪਾਲਣ ਲਈ ਤਿਆਰ ਰਹਿੰਦੇ ਹਨ।—ਜ਼ਬੂਰ 25:10.
11. ਪਰਮੇਸ਼ੁਰ ਦੇ ਲੋਕ ਹੁਣ ਥਥਲਾਉਣ ਦੀ ਬਜਾਇ ਪੱਕੇ ਵਿਸ਼ਵਾਸ ਨਾਲ ਕਿਉਂ ਗੱਲ ਕਰ ਰਹੇ ਹਨ?
11 ਫਿਰ ਭਵਿੱਖਬਾਣੀ ਖ਼ਬਰਦਾਰ ਕਰਦੀ ਹੈ: “ਕਾਹਲਿਆਂ ਦਾ ਮਨ ਗਿਆਨ ਸਮਝੇਗਾ, ਅਤੇ ਥਥਲਿਆਂ ਦੀ ਜ਼ਬਾਨ ਸਾਫ਼ ਬੋਲਣ ਲਈ ਤਿਆਰ ਰਹੇਗੀ।” (ਯਸਾਯਾਹ 32:4) ਸਾਨੂੰ ਸਹੀ ਅਤੇ ਗ਼ਲਤ ਬਾਰੇ ਕਾਹਲੀ ਨਾਲ ਫ਼ੈਸਲੇ ਨਹੀਂ ਕਰਨੇ ਚਾਹੀਦੇ। ਬਾਈਬਲ ਕਹਿੰਦੀ ਹੈ: “ਕੀ ਤੂੰ ਕੋਈ ਮਨੁੱਖ ਵੇਖਦਾ ਹੈਂ ਜੋ ਬੋਲਣ ਵਿੱਚ ਕਾਹਲ ਕਰਦਾ ਹੈ? ਉਹ ਦੇ ਨਾਲੋਂ ਮੂਰਖ ਤੋਂ ਬਾਹਲੀ ਆਸ ਹੈ।” (ਕਹਾਉਤਾਂ 29:20; ਉਪਦੇਸ਼ਕ ਦੀ ਪੋਥੀ 5:2) ਸਾਲ 1919 ਤੋਂ ਪਹਿਲਾਂ, ਯਹੋਵਾਹ ਦੇ ਲੋਕ ਵੀ ਝੂਠੇ ਧਰਮਾਂ ਦੀਆਂ ਕੁਝ ਗੱਲਾਂ ਮੰਨਦੇ ਸਨ। ਪਰ ਉਸ ਸਾਲ ਤੋਂ ਲੈ ਕੇ ਯਹੋਵਾਹ ਨੇ ਉਨ੍ਹਾਂ ਨੂੰ ਆਪਣੇ ਮਕਸਦਾਂ ਬਾਰੇ ਚੰਗੀ ਸਮਝ ਦਿੱਤੀ ਹੈ। ਯਹੋਵਾਹ ਨੇ ਜੋ ਸੱਚਾਈਆਂ ਪ੍ਰਗਟ ਕੀਤੀਆਂ ਹਨ, ਉਹ ਕਾਹਲੀ ਨਾਲ ਨਹੀਂ ਸਗੋਂ ਸਹੀ ਸਮੇਂ ਤੇ ਦੱਸੀਆਂ ਗਈਆਂ ਹਨ। ਯਹੋਵਾਹ ਦੇ ਲੋਕ ਹੁਣ ਥਥਲਾਉਣ ਦੀ ਬਜਾਇ ਪੱਕੇ ਵਿਸ਼ਵਾਸ ਨਾਲ ਗੱਲ ਕਰ ਰਹੇ ਹਨ।
“ਮੂਰਖ”
12. ਅੱਜ “ਮੂਰਖ” ਲੋਕ ਕੌਣ ਹਨ ਅਤੇ ਉਹ ਕਿਸ ਤਰ੍ਹਾਂ ਕੰਜੂਸ ਹਨ?
12 ਯਸਾਯਾਹ ਦੀ ਭਵਿੱਖਬਾਣੀ ਅੱਗੇ ਇਕ ਤੁਲਨਾ ਕਰਦੀ ਹੈ: “ਮੂਰਖ ਅੱਗੇ ਨੂੰ ਪਤਵੰਤ ਨਾ ਕਹਾਵੇਗਾ, ਨਾ ਲੁੱਚਾ ਸਖੀ ਅਖਵਾਏਗਾ। ਮੂਰਖ ਤਾਂ ਮੂਰਖਤਾਈ ਦੀਆਂ ਗੱਲਾਂ ਕਰੇਗਾ।” (ਯਸਾਯਾਹ 32:5, 6ੳ) “ਮੂਰਖ” ਕੌਣ ਹੈ? ਰਾਜਾ ਦਾਊਦ ਨੇ ਇਸ ਗੱਲ ਉੱਤੇ ਜ਼ੋਰ ਦੇਣ ਲਈ ਦੋ ਵਾਰ ਜਵਾਬ ਦਿੱਤਾ ਸੀ: “ਮੂਰਖ ਨੇ ਆਪਣੇ ਮਨ ਵਿੱਚ ਆਖਿਆ ਹੈ ਭਈ ਪਰਮੇਸ਼ੁਰ ਹੈ ਹੀ ਨਹੀਂ, ਓਹ ਵਿਗੜ ਗਏ ਹਨ, ਉਨ੍ਹਾਂ ਨੇ ਘਿਣਾਉਣੇ ਕੰਮ ਕੀਤੇ ਹਨ, ਭਲਾ ਕਰਨ ਵਾਲਾ ਕੋਈ ਨਹੀਂ।” (ਜ਼ਬੂਰ 14:1; 53:1) ਨਾਸਤਿਕ ਲੋਕ ਕਹਿੰਦੇ ਹਨ ਕਿ ਯਹੋਵਾਹ ਹੈ ਹੀ ਨਹੀਂ। ਦਰਅਸਲ “ਬੁੱਧੀਮਾਨ” ਕਹਾਉਣ ਵਾਲੇ ਅਤੇ ਹੋਰ ਲੋਕ ਵੀ ਇਸ ਤਰ੍ਹਾਂ ਜ਼ਿੰਦਗੀ ਗੁਜ਼ਾਰਦੇ ਹਨ ਜਿਵੇਂ ਕੋਈ ਪਰਮੇਸ਼ੁਰ ਹੈ ਹੀ ਨਹੀਂ ਅਤੇ ਉਹ ਮੰਨਦੇ ਹਨ ਕਿ ਉਨ੍ਹਾਂ ਨੂੰ ਕਿਸੇ ਨੂੰ ਲੇਖਾ ਨਹੀਂ ਦੇਣਾ ਪਵੇਗਾ। ਇਹ ਲੋਕ ਸੱਚਾਈ ਨਹੀਂ ਜਾਣਦੇ। ਇਨ੍ਹਾਂ ਕੋਲ ਪ੍ਰੇਮ ਦੀ ਖ਼ੁਸ਼ ਖ਼ਬਰੀ ਵੀ ਨਹੀਂ ਹੈ। ਇਹ ਕੰਜੂਸ ਹਨ। ਸੱਚੇ ਮਸੀਹੀਆਂ ਦੇ ਉਲਟ, ਇਹ ਗ਼ਰੀਬ ਅਤੇ ਦੁਖੀ ਲੋਕਾਂ ਦੀ ਲੋੜ ਪੂਰੀ ਨਹੀਂ ਕਰਦੇ।
13, 14. (ੳ) ਸਾਡੇ ਜ਼ਮਾਨੇ ਦੇ ਸੱਚੇ ਧਰਮ ਨੂੰ ਛੱਡ ਜਾਣ ਵਾਲੇ ਲੋਕ ਬਦੀ ਅਤੇ ਵਿਰੋਧ ਕਿਵੇਂ ਕਰਦੇ ਹਨ? (ਅ) ਧਰਮ-ਤਿਆਗੀ ਭੁੱਖੇ ਅਤੇ ਪਿਆਸੇ ਲੋਕਾਂ ਨੂੰ ਕੀ ਨਹੀਂ ਦਿੰਦੇ, ਪਰ ਉਨ੍ਹਾਂ ਦਾ ਆਖ਼ਰੀ ਹਾਲ ਕੀ ਹੋਵੇਗਾ?
13 ਅਜਿਹੇ ਮੂਰਖ ਲੋਕ ਪਰਮੇਸ਼ੁਰ ਦੀ ਸੱਚਾਈ ਦਾ ਪੱਖ ਲੈਣ ਵਾਲਿਆਂ ਨਾਲ ਨਫ਼ਰਤ ਕਰਦੇ ਹਨ। “ਉਹ ਦਾ ਮਨ ਬਦੀ ਸੋਚੇਗਾ, ਭਈ ਉਹ ਕੁਫ਼ਰ ਬਕੇ ਅਤੇ ਯਹੋਵਾਹ ਦੇ ਵਿਖੇ ਗਲਤ ਬਚਨ ਬੋਲੇ।” (ਯਸਾਯਾਹ 32:6ਅ) ਇਹ ਗੱਲ ਸਾਡੇ ਜ਼ਮਾਨੇ ਦੇ ਉਨ੍ਹਾਂ ਲੋਕਾਂ ਬਾਰੇ ਕਿੰਨੀ ਸੱਚੀ ਹੈ ਜਿਨ੍ਹਾਂ ਨੇ ਸੱਚੇ ਧਰਮ ਨੂੰ ਤਿਆਗਿਆ ਹੈ! ਯੂਰਪ ਅਤੇ ਏਸ਼ੀਆ ਦੇ ਕਈਆਂ ਦੇਸ਼ਾਂ ਵਿਚ, ਇਨ੍ਹਾਂ ਧਰਮ-ਤਿਆਗੀਆਂ ਨੇ ਸੱਚਾਈ ਦੇ ਹੋਰਨਾਂ ਵਿਰੋਧੀਆਂ ਨਾਲ ਮਿਲ ਕੇ ਯਹੋਵਾਹ ਦੇ ਗਵਾਹਾਂ ਦਾ ਕੰਮ ਰੋਕਣ ਲਈ ਸਰਕਾਰਾਂ ਨੂੰ ਝੂਠੀਆਂ ਗੱਲਾਂ ਦੱਸੀਆਂ ਹਨ। ਉਨ੍ਹਾਂ ਦਾ ਰਵੱਈਆ ਉਸ “ਦੁਸ਼ਟ ਨੌਕਰ” ਵਰਗਾ ਹੈ ਜਿਸ ਬਾਰੇ ਯਿਸੂ ਨੇ ਭਵਿੱਖਬਾਣੀ ਕੀਤੀ ਸੀ: “ਜੇ ਉਹ ਦੁਸ਼ਟ ਨੌਕਰ ਆਪਣੇ ਮਨ ਵਿੱਚ ਆਖੇ ਜੋ ਮੇਰਾ ਮਾਲਕ ਚਿਰ ਲਾਉਂਦਾ ਹੈ ਅਤੇ ਆਪਣੇ ਨਾਲ ਦੇ ਨੌਕਰਾਂ ਨੂੰ ਮਾਰਨ ਲੱਗੇ ਅਤੇ ਸ਼ਰਾਬੀਆਂ ਨਾਲ ਖਾਏ ਪੀਏ ਤਾਂ ਜਿਸ ਦਿਨ ਉਹ ਉਡੀਕ ਨਹੀਂ ਕਰਦਾ ਅਤੇ ਜਿਸ ਘੜੀ ਉਹ ਨਹੀਂ ਜਾਣਦਾ ਉਸ ਨੌਕਰ ਦਾ ਮਾਲਕ ਆਵੇਗਾ। ਅਤੇ ਉਹ ਨੂੰ ਦੋ ਟੋਟੇ ਕਰ ਦੇਵੇਗਾ ਅਰ ਕਪਟੀਆਂ ਨਾਲ ਉਹ ਦਾ ਹਿੱਸਾ ਠਹਿਰਾਵੇਗਾ। ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ।”—ਮੱਤੀ 24:48-51.
14 ਇਸ ਤਰ੍ਹਾਂ ਹੋਣ ਤੋਂ ਪਹਿਲਾਂ, ਸੱਚੇ ਧਰਮ ਨੂੰ ਛੱਡ ਜਾਣ ਵਾਲੇ ਲੋਕ ‘ਭੁੱਖੇ ਦੀ ਜਾਨ ਨੂੰ ਖਾਲੀ ਰੱਖਣਗੇ, ਅਤੇ ਤਿਹਾਏ ਦਾ ਪਾਣੀ ਰੋਕ ਲੈਣਗੇ।’ (ਯਸਾਯਾਹ 32:6ੲ) ਸੱਚਾਈ ਦੇ ਵੈਰੀ, ਲੋਕਾਂ ਨੂੰ ਰੂਹਾਨੀ ਭੋਜਨ ਨਹੀਂ ਦਿੰਦੇ ਅਤੇ ਉਹ ਪਿਆਸਿਆਂ ਨੂੰ ਰਾਜ ਦੇ ਸੰਦੇਸ਼ ਦਾ ਤਾਜ਼ਗੀਦਾਇਕ ਪਾਣੀ ਨਹੀਂ ਪੀਣ ਦਿੰਦੇ। ਪਰ ਉਨ੍ਹਾਂ ਦਾ ਆਖ਼ਰੀ ਹਾਲ ਉਹੀ ਹੋਵੇਗਾ ਜੋ ਯਹੋਵਾਹ ਨੇ ਆਪਣੇ ਇਕ ਹੋਰ ਨਬੀ ਰਾਹੀਂ ਦੱਸਿਆ ਸੀ: “ਓਹ ਤੇਰੇ ਨਾਲ ਲੜਨਗੇ ਪਰ ਤੈਨੂੰ ਜਿੱਤ ਨਾ ਸੱਕਣਗੇ, ਮੈਂ ਤੈਨੂੰ ਛੁਡਾਉਣ ਲਈ ਤੇਰੇ ਸੰਗ ਜੋ ਹਾਂ, ਯਹੋਵਾਹ ਦਾ ਵਾਕ ਹੈ।”—ਯਿਰਮਿਯਾਹ 1:19; ਯਸਾਯਾਹ 54:17.
15. ਅੱਜ ਖ਼ਾਸ ਕਰਕੇ “ਲੁੱਚੇ” ਕੌਣ ਹਨ, ਉਨ੍ਹਾਂ ਨੇ ਕਿਹੜੀਆਂ “ਝੂਠੀਆਂ ਗੱਲਾਂ” ਕੀਤੀਆਂ ਹਨ, ਅਤੇ ਇਸ ਦਾ ਨਤੀਜਾ ਕੀ ਨਿਕਲਿਆ ਹੈ?
15 ਵੀਹਵੀਂ ਸਦੀ ਦੇ ਵਿਚਕਾਰਲੇ ਸਮੇਂ ਤੋਂ ਈਸਾਈ-ਜਗਤ ਦੇ ਦੇਸ਼ਾਂ ਵਿਚ ਅਨੈਤਿਕਤਾ ਬਹੁਤ ਵੱਧ ਗਈ ਹੈ। ਭਵਿੱਖਬਾਣੀ ਨੇ ਇਸ ਦੇ ਵਧਣ ਦਾ ਇਕ ਕਾਰਨ ਦਿੱਤਾ: “ਲੁੱਚੇ ਦੇ ਹਥਿਆਰ ਬੁਰੇ ਹਨ, ਉਹ ਮਤਾ ਪਕਾਉਂਦਾ ਹੈ ਭਈ ਮਸਕੀਨਾਂ ਨੂੰ ਝੂਠੀਆਂ ਗੱਲਾਂ ਨਾਲ ਬਰਬਾਦ ਕਰੇ, ਭਾਵੇਂ ਕੰਗਾਲ ਇਨਸਾਫ਼ ਦੀਆਂ ਗੱਲਾਂ ਵੀ ਕਰੇ।” (ਯਸਾਯਾਹ 32:7) ਇਨ੍ਹਾਂ ਸ਼ਬਦਾਂ ਦੀ ਪੂਰਤੀ ਵਿਚ, ਖ਼ਾਸ ਕਰਕੇ ਪਾਦਰੀ ਕਹਿੰਦੇ ਹਨ ਕਿ ਵਿਆਹ ਤੋਂ ਪਹਿਲਾਂ ਇਕੱਠੇ ਸੌਣਾ, ਵਿਆਹ ਕਰਨ ਤੋਂ ਬਗੈਰ ਇਕੱਠੇ ਰਹਿਣਾ, ਅਤੇ ਆਦਮੀਆਂ ਦੇ ਆਪਸ ਵਿਚ ਸੰਭੋਗ ਗ਼ਲਤ ਕੰਮ ਨਹੀਂ ਹਨ। ਪਰ ਬਾਈਬਲ ਕਹਿੰਦੀ ਹੈ ਕਿ ਇਹ ‘ਹਰਾਮਕਾਰੀ ਅਤੇ ਹਰ ਭਾਂਤ ਦਾ ਗੰਦ ਮੰਦ’ ਹੈ। (ਅਫ਼ਸੀਆਂ 5:3) ਇਸ ਤਰ੍ਹਾਂ, ਪਾਦਰੀ ਝੂਠੀਆਂ ਗੱਲਾਂ ਨਾਲ ਆਪਣੇ ਇੱਜੜਾਂ ਨੂੰ “ਬਰਬਾਦ” ਕਰਦੇ ਹਨ।
16. ਸੱਚੇ ਮਸੀਹੀਆਂ ਨੂੰ ਕਿਨ੍ਹਾਂ ਚੀਜ਼ਾਂ ਤੋਂ ਖ਼ੁਸ਼ੀ ਮਿਲਦੀ ਹੈ?
16 ਇਸ ਦੇ ਉਲਟ, ਨਬੀ ਦੇ ਅਗਲੇ ਸ਼ਬਦਾਂ ਦੀ ਪੂਰਤੀ ਤੋਂ ਕਿੰਨਾ ਹੌਸਲਾ ਮਿਲਦਾ ਹੈ! “ਪਤਵੰਤ ਪਤ ਦੀਆਂ ਸਲਾਹਾਂ ਕਰਦਾ ਹੈ, ਉਹ ਪਤ ਦੀਆਂ ਗੱਲਾਂ ਉੱਤੇ ਕਾਇਮ ਹੈ।” (ਯਸਾਯਾਹ 32:8) ਯਿਸੂ ਨੇ ਖ਼ੁਦ ਸਾਨੂੰ ਪਤਵੰਤ ਜਾਂ ਖੁੱਲ੍ਹੇ ਦਿਲ ਵਾਲੇ ਲੋਕ ਬਣਨ ਲਈ ਕਿਹਾ: “ਦਿਓ ਤਾਂ ਤੁਹਾਨੂੰ ਦਿੱਤਾ ਜਾਵੇਗਾ, ਪੂਰਾ ਮੇਪ ਦੱਬ ਦੱਬ ਕੇ ਹਿਲਾ ਹਿਲਾ ਕੇ ਅਤੇ ਡੁਲ੍ਹਦਾ ਹੋਇਆ ਤੁਹਾਡੇ ਪੱਲੇ ਪਾਉਣਗੇ ਕਿਉਂਕਿ ਜਿਸ ਮੇਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਮੁੜ ਮਿਣਿਆ ਜਾਵੇਗਾ।” (ਲੂਕਾ 6:38) ਪੌਲੁਸ ਰਸੂਲ ਨੇ ਵੀ ਉਨ੍ਹਾਂ ਬਰਕਤਾਂ ਬਾਰੇ ਗੱਲ ਕੀਤੀ ਸੀ ਜੋ ਅਜਿਹੇ ਲੋਕਾਂ ਨੂੰ ਮਿਲਦੀਆਂ ਹਨ ਜਦੋਂ ਉਸ ਨੇ ਕਿਹਾ: “ਪ੍ਰਭੁ ਯਿਸੂ ਦੇ ਬਚਨ ਚੇਤੇ ਰੱਖੋ ਜੋ ਉਹ ਨੇ ਆਪ ਫ਼ਰਮਾਇਆ ਸੀ ਭਈ ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) ਸੱਚੇ ਮਸੀਹੀਆਂ ਨੂੰ ਧਨ-ਦੌਲਤ ਜਾਂ ਸਮਾਜ ਵਿਚ ਇੱਜ਼ਤ ਕਮਾਉਣ ਤੋਂ ਖ਼ੁਸ਼ੀ ਨਹੀਂ ਮਿਲਦੀ, ਸਗੋਂ ਖੁੱਲ੍ਹੇ ਦਿਲ ਨਾਲ ਦੇਣ ਤੋਂ ਖ਼ੁਸ਼ੀ ਮਿਲਦੀ ਹੈ। ਇਸ ਤਰ੍ਹਾਂ ਉਹ ਆਪਣੇ ਖੁੱਲ੍ਹੇ ਦਿਲ ਨਾਲ ਪਰਮੇਸ਼ੁਰ ਦੀ ਰੀਸ ਕਰਦੇ ਹਨ। (ਮੱਤੀ 5:44, 45) ਉਨ੍ਹਾਂ ਨੂੰ ਸਭ ਤੋਂ ਵੱਡੀ ਖ਼ੁਸ਼ੀ ਉਦੋਂ ਮਿਲਦੀ ਹੈ ਜਦੋਂ ਉਹ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਦੇ ਹਨ ਅਤੇ ਆਪਣੀ ਪੂਰੀ ਵਾਹ ਲਾ ਕੇ “ਪਰਮਧੰਨ ਪਰਮੇਸ਼ੁਰ ਦੇ ਪਰਤਾਪ ਦੀ ਖੁਸ਼ ਖਬਰੀ” ਦਾ ਪ੍ਰਚਾਰ ਕਰਦੇ ਹਨ।—1 ਤਿਮੋਥਿਉਸ 1:11.
17. ਅੱਜ ਉਨ੍ਹਾਂ ‘ਲਾਪਰਵਾਹ ਤੀਵੀਆਂ’ ਵਰਗੇ ਕੌਣ ਹਨ ਜਿਨ੍ਹਾਂ ਬਾਰੇ ਯਸਾਯਾਹ ਨੇ ਗੱਲ ਕੀਤੀ ਸੀ?
17 ਯਸਾਯਾਹ ਦੀ ਭਵਿੱਖਬਾਣੀ ਨੇ ਅੱਗੇ ਕਿਹਾ: “ਹੇ ਲਾਪਰਵਾਹ ਤੀਵੀਓ, ਉੱਠੋ, ਮੇਰੀ ਅਵਾਜ਼ ਸੁਣੋ! ਹੇ ਨਿਚਿੰਤ ਬੇਟੀਓ, ਮੇਰੇ ਆਖੇ ਤੇ ਕੰਨ ਲਾਓ! ਵਰਹੇ ਤੋਂ ਕੁਝ ਦਿਨ ਉੱਤੇ ਹੋਇਆਂ ਤੁਸੀਂ ਘਾਬਰ ਜਾਓਗੀਆਂ, ਹੇ ਨਿਚਿੰਤ ਤੀਵੀਓ! ਕਿਉਂ ਜੋ ਅੰਗੂਰ ਦਾ ਚੁਗਣਾ ਘਟ ਜਾਵੇਗਾ, ਅਤੇ ਇਕੱਠਾ ਕਰਨ ਦਾ ਵੇਲਾ ਨਹੀਂ ਆਵੇਗਾ। ਹੇ ਲਾਪਰਵਾਹੋ, ਕੰਬੋ! ਹੇ ਨਿਚਿੰਤਣੀਓ, ਘਬਰਾ ਜਾਓ!” (ਯਸਾਯਾਹ 32:9-11ੳ) ਇਨ੍ਹਾਂ ਔਰਤਾਂ ਦਾ ਰਵੱਈਆ ਸਾਨੂੰ ਸ਼ਾਇਦ ਉਨ੍ਹਾਂ ਲੋਕਾਂ ਬਾਰੇ ਯਾਦ ਕਰਾਵੇ ਜੋ ਪਰਮੇਸ਼ੁਰ ਦੀ ਸੇਵਾ ਕਰਨ ਦਾ ਦਾਅਵਾ ਤਾਂ ਕਰਦੇ ਹਨ ਪਰ ਉਸ ਦੀ ਸੇਵਾ ਵਿਚ ਜੋਸ਼ੀਲੇ ਨਹੀਂ ਹਨ। ਅਜਿਹੇ ਲੋਕ ‘ਕੰਜਰੀਆਂ ਦੀ ਮਾਂ, ਵੱਡੀ ਬਾਬੁਲ’ ਦੇ ਧਰਮਾਂ ਵਿਚ ਪਾਏ ਜਾਂਦੇ ਹਨ। (ਪਰਕਾਸ਼ ਦੀ ਪੋਥੀ 17:5) ਉਦਾਹਰਣ ਲਈ, ਈਸਾਈ-ਜਗਤ ਦੇ ਮਜ਼ਹਬਾਂ ਦੇ ਮੈਂਬਰ ਯਸਾਯਾਹ ਦੀ ਭਵਿੱਖਬਾਣੀ ਦੀਆਂ ‘ਤੀਵੀਆਂ’ ਵਾਂਗ “ਲਾਪਰਵਾਹ” ਹਨ, ਯਾਨੀ ਉਨ੍ਹਾਂ ਨੂੰ ਉਸ ਸਜ਼ਾ ਅਤੇ ਘਬਰਾਹਟ ਦਾ ਕੋਈ ਫ਼ਿਕਰ ਨਹੀਂ ਜੋ ਉਨ੍ਹਾਂ ਉੱਤੇ ਆਉਣ ਵਾਲੀ ਹੈ।
18. ਤੱਪੜ ਪਾਉਣ ਦਾ ਹੁਕਮ ਕਿਨ੍ਹਾਂ ਨੂੰ ਦਿੱਤਾ ਜਾਂਦਾ ਹੈ ਅਤੇ ਕਿਉਂ?
18 ਝੂਠੇ ਧਰਮਾਂ ਨੂੰ ਇਹ ਕਿਹਾ ਜਾਂਦਾ ਹੈ: “ਕੱਪੜੇ ਲਾਹੋ, ਨੰਗੀਆਂ ਹੋ ਜਾਓ, ਆਪਣੇ ਲੱਕਾਂ ਉੱਤੇ ਪੇਟੀਆਂ ਪਾ ਲਓ! ਓਹ ਰਸੀ ਹੋਈ ਬੇਲ ਦੇ ਕਾਰਨ, ਮਨ ਭਾਉਂਦੇ ਖੇਤਾਂ ਦੇ ਕਾਰਨ ਛਾਤੀਆਂ ਪਿੱਟਣਗੀਆਂ। ਮੇਰੀ ਪਰਜਾ ਦੀ ਜਮੀਨ ਉੱਤੇ ਕੰਡੇ ਅਰ ਕੰਡਿਆਲੇ ਉੱਗਣਗੇ, ਸਗੋਂ ਅਨੰਦਮਈ ਨਗਰ ਦੇ ਸਾਰੇ ਖੁਸ਼ ਹਾਲ ਘਰਾਂ ਉੱਤੇ ਵੀ।” (ਯਸਾਯਾਹ 32:11ਅ-13) ਇਹ ਸ਼ਬਦ ਕਿ “ਕੱਪੜੇ ਲਾਹੋ, ਨੰਗੀਆਂ ਹੋ ਜਾਓ” ਦਾ ਮਤਲਬ ਇਹ ਨਹੀਂ ਕਿ ਸਾਰੇ ਕੱਪੜੇ ਉਤਾਰੇ ਜਾਣ। ਪੁਰਾਣੇ ਜ਼ਮਾਨੇ ਵਿਚ ਲੋਕ ਉੱਪਰਲੇ ਕੱਪੜਿਆਂ ਦੇ ਹੇਠਾਂ ਵੀ ਬਸਤਰ ਪਾਉਂਦੇ ਸਨ। ਕਈ ਵਾਰ ਲੋਕ ਆਪਣਿਆਂ ਕੱਪੜਿਆਂ ਤੋਂ ਵੀ ਪਛਾਣੇ ਜਾਂਦੇ ਸਨ। (2 ਰਾਜਿਆਂ 10:22, 23; ਪਰਕਾਸ਼ ਦੀ ਪੋਥੀ 7:13, 14) ਤਾਂ ਫਿਰ, ਝੂਠੇ ਧਰਮਾਂ ਦੇ ਮੈਂਬਰਾਂ ਨੂੰ ਇਹ ਹੁਕਮ ਦਿੱਤਾ ਜਾਂਦਾ ਹੈ ਕਿ ਉਹ ਆਪਣੇ ਕੱਪੜੇ ਲਾਹੁਣ ਅਤੇ ਤੱਪੜ ਪਹਿਨਣ, ਯਾਨੀ ਪਰਮੇਸ਼ੁਰ ਦੇ ਸੇਵਕਾਂ ਵਜੋਂ ਆਪਣੀ ਪਖੰਡੀ ਪਛਾਣ ਕਰਾਉਣੀ ਛੱਡ ਦੇਣ ਅਤੇ ਆਪਣੇ ਉੱਤੇ ਆਉਣ ਵਾਲੀ ਸਜ਼ਾ ਉੱਤੇ ਸੋਗ ਕਰਨ। (ਪਰਕਾਸ਼ ਦੀ ਪੋਥੀ 17:16) ਈਸਾਈ-ਜਗਤ ਪਰਮੇਸ਼ੁਰ ਦਾ “ਅਨੰਦਮਈ ਨਗਰ” ਹੋਣ ਦਾ ਦਾਅਵਾ ਕਰਦਾ ਹੈ, ਪਰ ਉਸ ਦੇ ਮਜ਼ਹਬਾਂ ਵਿਚ ਕੋਈ ਧਾਰਮਿਕ ਫਲ ਨਹੀਂ ਮਿਲਦਾ ਅਤੇ ਨਾ ਹੀ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਦੇ ਹੋਰਨਾਂ ਮਜ਼ਹਬਾਂ ਵਿਚ ਇਹ ਮਿਲਦਾ ਹੈ। ਉਨ੍ਹਾਂ ਮਜ਼ਹਬਾਂ ਦੀ ਲਾਪਰਵਾਹੀ ਕਰਕੇ ਉਨ੍ਹਾਂ ਵਿਚ ਸਿਰਫ਼ “ਕੰਡੇ ਅਰ ਕੰਡਿਆਲੇ” ਉੱਗਦੇ ਹਨ।
19. ਜਿਵੇਂ ਯਸਾਯਾਹ ਨੇ ਜ਼ਾਹਰ ਕੀਤਾ ਸੀ ਧਰਮ-ਤਿਆਗੀ “ਯਰੂਸ਼ਲਮ” ਦੀ ਕੀ ਹਾਲਤ ਹੈ?
19 ਸੋਗ ਦੀ ਇਹ ਤਸਵੀਰ ਧਰਮ-ਤਿਆਗੀ “ਯਰੂਸ਼ਲਮ,” ਯਾਨੀ ਈਸਾਈ-ਜਗਤ ਉੱਤੇ ਲਾਗੂ ਹੁੰਦੀ ਹੈ: “ਮਹਿਲ ਤਾਂ ਛੱਡਿਆ ਜਾਵੇਗਾ, ਸੰਘਣੀ ਅਬਾਦੀ ਵਾਲਾ ਸ਼ਹਿਰ ਬੇ ਚਰਾਗ ਹੋ ਜਾਵੇਗਾ, ਟਿੱਬਾ [ਜਾਂ, ਓਫਲ] ਅਤੇ ਰਾਖੀ ਦਾ ਬੁਰਜ ਸਦਾ ਲਈ ਘੁਰੇ ਹੋ ਜਾਣਗੇ, ਜੰਗਲੀ ਖੋਤਿਆਂ ਦੀ ਖੁਸ਼ੀ, ਇੱਜੜਾਂ ਦੀ ਚਰਾਨ।” (ਯਸਾਯਾਹ 32:14) ਜੀ ਹਾਂ, ਇੱਥੇ ਓਫਲ ਦੀ ਵੀ ਗੱਲ ਕੀਤੀ ਗਈ ਹੈ। ਓਫਲ ਯਰੂਸ਼ਲਮ ਦੀ ਇਕ ਉੱਚੀ ਜਗ੍ਹਾ ਸੀ ਜਿਸ ਤੋਂ ਸ਼ਹਿਰ ਦੀ ਰੱਖਿਆ ਕੀਤੀ ਜਾ ਸਕਦੀ ਸੀ। ਇਸ ਦਾ ਘੁਰਾ ਹੋਣ ਦਾ ਮਤਲਬ ਇਹ ਸੀ ਕਿ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋਣ ਵਾਲਾ ਸੀ। ਯਸਾਯਾਹ ਦੇ ਸ਼ਬਦ ਦਿਖਾਉਂਦੇ ਹਨ ਕਿ ਈਸਾਈ-ਜਗਤ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਬਾਰੇ ਸਾਵਧਾਨ ਨਹੀਂ ਹੈ। ਇਹ ਰੂਹਾਨੀ ਤੌਰ ਤੇ ਬੰਜਰ ਹੋਣ ਕਰਕੇ ਅਤੇ ਸੱਚਾਈ ਤੇ ਇਨਸਾਫ਼ ਤੋਂ ਬਹੁਤ ਦੂਰ ਹੋਣ ਕਰਕੇ ਜੰਗਲੀ ਜਾਨਵਰਾਂ ਵਰਗਾ ਹੈ।
ਬਿਲਕੁਲ ਵੱਖਰੀ ਤਸਵੀਰ
20. ਪਰਮੇਸ਼ੁਰ ਦੇ ਲੋਕਾਂ ਉੱਤੇ ਉਸ ਦੀ ਆਤਮਾ ਵਹਾਈ ਜਾਣ ਦਾ ਨਤੀਜਾ ਕੀ ਨਿਕਲਿਆ ਹੈ?
20 ਅੱਗੇ ਯਸਾਯਾਹ ਨੇ ਯਹੋਵਾਹ ਦੀ ਇੱਛਾ ਪੂਰੀ ਕਰਨ ਵਾਲਿਆਂ ਨੂੰ ਇਕ ਵਧੀਆ ਉਮੀਦ ਦਿੱਤੀ। ਉਸ ਨੇ ਕਿਹਾ ਕਿ ਪਰਮੇਸ਼ੁਰ ਦੇ ਲੋਕਾਂ ਦੀ ਵੀਰਾਨਗੀ ਸਿਰਫ਼ ਉੱਨਾ ਚਿਰ ਰਹੇਗੀ “ਜਿੰਨਾ ਚਿੱਕੁਰ ਸਾਡੇ ਉੱਤੇ ਉੱਪਰੋਂ ਆਤਮਾ ਵਹਾਇਆ ਨਾ ਜਾਵੇ, ਅਤੇ ਉਜਾੜ ਫਲਦਾਰ ਖੇਤ ਨਾ ਹੋ ਜਾਵੇ, ਅਤੇ ਫਲਦਾਰ ਖੇਤ ਇੱਕ ਬਣ ਨਾ ਗਿਣਿਆ ਜਾਵੇ।” (ਯਸਾਯਾਹ 32:15) ਖ਼ੁਸ਼ੀ ਦੀ ਗੱਲ ਹੈ ਕਿ 1919 ਤੋਂ ਯਹੋਵਾਹ ਨੇ ਆਪਣੇ ਲੋਕਾਂ ਉੱਤੇ ਆਪਣੀ ਆਤਮਾ ਵਹਾਈ ਹੈ। ਇਹ ਇਸ ਤਰ੍ਹਾਂ ਸੀ ਜਿਵੇਂ ਮਸਹ ਕੀਤੇ ਹੋਏ ਗਵਾਹਾਂ ਦਾ ਫਲਦਾਰ ਖੇਤ ਅਤੇ ਬਾਅਦ ਵਿਚ ਹੋਰ ਭੇਡਾਂ ਦਾ ਵੱਧ ਰਿਹਾ ਬਣ ਮੁੜ ਕੇ ਬਹਾਲ ਕੀਤਾ ਗਿਆ ਹੋਵੇ। ਪਰਮੇਸ਼ੁਰ ਦਾ ਸੰਗਠਨ ਖ਼ੁਸ਼ਹਾਲ ਹੈ ਅਤੇ ਉਹ ਵੱਧ ਰਿਹਾ ਹੈ। ਯਹੋਵਾਹ ਦੇ ਲੋਕ ਰੂਹਾਨੀ ਫਿਰਦੌਸ ਵਿਚ ਹਨ ਅਤੇ ਉਹ ਉਸ ਦੇ ਆ ਰਹੇ ਰਾਜ ਬਾਰੇ ਪ੍ਰਚਾਰ ਕਰ ਕੇ ‘ਉਸ ਦਾ ਪਰਤਾਪ ਅਤੇ ਉਸ ਦੀ ਸ਼ਾਨ’ ਪ੍ਰਗਟ ਕਰਦੇ ਹਨ।—ਯਸਾਯਾਹ 35:1, 2.
21. ਅੱਜ ਧਾਰਮਿਕਤਾ, ਚੈਨ, ਅਤੇ ਆਸ਼ਾ ਕਿਨ੍ਹਾਂ ਲੋਕਾਂ ਵਿਚਕਾਰ ਪਾਏ ਜਾਂਦੇ ਹਨ?
21 ਯਹੋਵਾਹ ਦਾ ਸ਼ਾਨਦਾਰ ਵਾਅਦਾ ਸੁਣੋ: “ਇਨਸਾਫ਼ ਉਜਾੜ ਵਿੱਚ ਵੱਸੇਗਾ, ਅਤੇ ਧਰਮ ਫਲਦਾਰ ਖੇਤ ਵਿੱਚ ਰਹੇਗਾ। ਧਰਮ ਦਾ ਕੰਮ ਸ਼ਾਂਤੀ ਹੋਵੇਗਾ, ਧਰਮ ਦਾ ਫਲ ਸਦੀਪਕ ਚੈਨ ਅਤੇ ਆਸ਼ਾ ਹੋਵੇਗਾ।” (ਯਸਾਯਾਹ 32:16, 17) ਇਹ ਸ਼ਬਦ ਯਹੋਵਾਹ ਦੇ ਲੋਕਾਂ ਦੀ ਰੂਹਾਨੀ ਹਾਲਤ ਨੂੰ ਕਿੰਨੀ ਚੰਗੀ ਤਰ੍ਹਾਂ ਦਿਖਾਉਂਦੇ ਹਨ! ਆਮ ਮਨੁੱਖਜਾਤੀ ਵਿਚ ਨਫ਼ਰਤ, ਹਿੰਸਾ, ਅਤੇ ਰੂਹਾਨੀ ਗ਼ਰੀਬੀ ਪਾਈ ਜਾਂਦੀ ਹੈ। ਪਰ ਇਸ ਦੇ ਉਲਟ, ਸਾਰੀ ਦੁਨੀਆਂ ਵਿਚ ਸੱਚੇ ਮਸੀਹੀ ਮਿਲ ਕੇ ਰਹਿੰਦੇ ਹਨ ਭਾਵੇਂ ਕਿ ਉਹ “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ” ਹਨ। ਉਹ ਪਰਮੇਸ਼ੁਰ ਦੀ ਧਾਰਮਿਕਤਾ ਦੇ ਅਨੁਸਾਰ ਚੱਲਦੇ ਹਨ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਸਦਾ ਲਈ ਸੁਖ-ਸ਼ਾਂਤੀ ਦਾ ਮਜ਼ਾ ਲੈਣਗੇ।—ਪਰਕਾਸ਼ ਦੀ ਪੋਥੀ 7:9, 17.
22. ਪਰਮੇਸ਼ੁਰ ਦੇ ਲੋਕਾਂ ਅਤੇ ਝੂਠੇ ਧਰਮਾਂ ਦੇ ਮੈਂਬਰਾਂ ਦੇ ਭਵਿੱਖ ਵਿਚ ਕੀ ਫ਼ਰਕ ਹੈ?
22 ਯਸਾਯਾਹ 32:18 ਦੇ ਸ਼ਬਦ ਰੂਹਾਨੀ ਫਿਰਦੌਸ ਵਿਚ ਪਹਿਲਾਂ ਹੀ ਪੂਰੇ ਹੋ ਚੁੱਕੇ ਹਨ। ਇਹ ਆਇਤ ਕਹਿੰਦੀ ਹੈ: “ਮੇਰੀ ਪਰਜਾ ਸ਼ਾਂਤੀ ਦੇ ਭਵਨਾਂ ਵਿੱਚ, ਅਮਨ ਦੇ ਵਾਸਾਂ ਵਿੱਚ, ਅਰਾਮ ਤੇ ਚੈਨ ਦੇ ਅਸਥਾਨਾਂ ਵਿੱਚ ਵੱਸੇਗੀ।” ਪਰ ਝੂਠੇ ਮਸੀਹੀਆਂ ਲਈ “ਬਣ ਦੇ ਡਿੱਗਣ ਉੱਤੇ ਗੜੇ ਪੈਣਗੇ, ਅਤੇ ਸ਼ਹਿਰ ਮੂਲੋਂ ਢਹਿ ਜਾਵੇਗਾ।” (ਯਸਾਯਾਹ 32:19) ਜੀ ਹਾਂ, ਯਹੋਵਾਹ ਦੀ ਸਜ਼ਾ ਇਕ ਤੇਜ਼ ਤੂਫ਼ਾਨ ਵਾਂਗ ਝੂਠੇ ਧਰਮ ਦੇ ਨਕਲੀ ਸ਼ਹਿਰ ਉੱਤੇ ਆਉਣ ਵਾਲੀ ਹੈ। ਇਸ ਤੂਫ਼ਾਨ ਵਿਚ ਝੂਠੇ ਧਰਮਾਂ ਦੇ ਮੈਂਬਰਾਂ ਦਾ “ਬਣ” ਡਿੱਗ ਪਵੇਗਾ ਅਤੇ ਇਹ ਲੋਕ ਹਮੇਸ਼ਾ ਲਈ ਖ਼ਤਮ ਕੀਤੇ ਜਾਣਗੇ!
23. ਧਰਤੀ ਉੱਤੇ ਹੁਣ ਕਿਹੜਾ ਕੰਮ ਪੂਰਾ ਕੀਤਾ ਗਿਆ ਹੈ ਅਤੇ ਉਸ ਵਿਚ ਹਿੱਸਾ ਲੈਣ ਵਾਲੇ ਕਿਵੇਂ ਮਹਿਸੂਸ ਕਰਦੇ ਹਨ?
23 ਭਵਿੱਖਬਾਣੀ ਦਾ ਇਹ ਹਿੱਸਾ ਇਸ ਤਰ੍ਹਾਂ ਖ਼ਤਮ ਹੁੰਦਾ ਹੈ: “ਧੰਨ ਹੋ ਤੁਸੀਂ ਜਿਹੜੇ ਸਾਰੇ ਪਾਣੀਆਂ ਦੇ ਲਾਗੇ ਬੀਜਦੇ ਹੋ, ਅਤੇ ਬਲਦ ਅਰ ਗਧੇ ਖੁਲ੍ਹੇ ਛੱਡ ਦਿੰਦੇ ਹੋ!” (ਯਸਾਯਾਹ 32:20) ਬਲਦ ਅਤੇ ਗਧਾ ਭਾਰ ਚੁੱਕਣ ਵਾਲੇ ਪਸ਼ੂ ਹਨ ਜੋ ਪਰਮੇਸ਼ੁਰ ਦੇ ਪ੍ਰਾਚੀਨ ਲੋਕ ਖੇਤ ਵਾਹੁਣ ਅਤੇ ਬੀ ਬੀਜਣ ਲਈ ਇਸਤੇਮਾਲ ਕਰਦੇ ਸਨ। ਅੱਜ ਯਹੋਵਾਹ ਦੇ ਲੋਕ ਬਾਈਬਲ ਬਾਰੇ ਪ੍ਰਕਾਸ਼ਨ ਛਾਪਣ ਅਤੇ ਵੰਡਣ ਲਈ ਛਪਾਈ ਕਰਨ ਵਾਲੀਆਂ ਮਸ਼ੀਨਾਂ, ਇਲੈਕਟ੍ਰਾਨਿਕ ਸਾਮਾਨ, ਨਵੀਆਂ ਇਮਾਰਤਾਂ, ਆਵਾਜਾਈ ਦੇ ਸਾਧਨ, ਅਤੇ ਸਭ ਤੋਂ ਵੱਧ, ਇੱਕੋ ਹੀ ਸੰਗਠਿਤ ਸੰਸਥਾ ਇਸਤੇਮਾਲ ਕਰਦੇ ਹਨ। ਰਜ਼ਾਮੰਦ ਕਾਮੇ ਇਨ੍ਹਾਂ ਚੀਜ਼ਾਂ ਨੂੰ ਇਸਤੇਮਾਲ ਕਰ ਕੇ ਸਾਰੀ ਧਰਤੀ ਉੱਤੇ ਅਸਲ ਵਿਚ “ਸਾਰੇ ਪਾਣੀਆਂ ਦੇ ਲਾਗੇ” ਰਾਜ ਦੀ ਸੱਚਾਈ ਦੇ ਬੀ ਬੀਜਦੇ ਹਨ। ਪਰਮੇਸ਼ੁਰ ਦਾ ਭੈ ਰੱਖਣ ਵਾਲੇ ਲੱਖਾਂ ਹੀ ਲੋਕਾਂ ਨੂੰ ਪਹਿਲਾਂ ਹੀ ਇਕੱਠੇ ਕੀਤਾ ਗਿਆ ਹੈ ਅਤੇ ਹੋਰ ਕਈ ਲੋਕ ਉਨ੍ਹਾਂ ਨਾਲ ਮਿਲ ਰਹੇ ਹਨ। (ਪਰਕਾਸ਼ ਦੀ ਪੋਥੀ 14:15, 16) ਸੱਚ-ਮੁੱਚ ਇਹ ਸਾਰੇ ਲੋਕ “ਧੰਨ” ਹਨ!
[ਫੁਟਨੋਟ]
a ਯਸਾਯਾਹ 32:1 ਵਿਚ “ਪਾਤਸ਼ਾਹ” ਦਾ ਜ਼ਿਕਰ ਸ਼ਾਇਦ ਪਹਿਲਾਂ ਰਾਜਾ ਹਿਜ਼ਕੀਯਾਹ ਉੱਤੇ ਲਾਗੂ ਹੋਇਆ ਹੋਵੇ। ਪਰ ਯਸਾਯਾਹ ਦੇ 32ਵੇਂ ਅਧਿਆਇ ਦੀ ਭਵਿੱਖਬਾਣੀ ਦੀ ਖ਼ਾਸ ਪੂਰਤੀ ਰਾਜਾ ਯਿਸੂ ਮਸੀਹ ਤੇ ਪੂਰੀ ਹੁੰਦੀ ਹੈ।
b ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ 1 ਮਾਰਚ 1999 ਦੇ ਪਹਿਰਾਬੁਰਜ ਦੇ 13-18 ਸਫ਼ੇ ਦੇਖੋ।
[ਸਫ਼ਾ 331 ਉੱਤੇ ਤਸਵੀਰਾਂ]
ਮ੍ਰਿਤ ਸਾਗਰ ਦੀਆਂ ਪੋਥੀਆਂ ਵਿਚ, ਯਸਾਯਾਹ ਦੇ 32ਵੇਂ ਅਧਿਆਇ ਦੇ ਹਾਸ਼ੀਏ ਵਿਚ “X” ਦਾ ਨਿਸ਼ਾਨ ਲਾਇਆ ਗਿਆ ਹੈ
[ਸਫ਼ਾ 333 ਉੱਤੇ ਤਸਵੀਰਾਂ]
ਹਰ “ਸਰਦਾਰ” ਹਵਾ ਤੋਂ ਲੁਕਣ ਵਾਲੀ ਥਾਂ, ਮੀਂਹ ਤੋਂ ਪਨਾਹ, ਸੁੱਕੇ ਵਿਚ ਪਾਣੀ, ਅਤੇ ਧੁੱਪ ਤੋਂ ਛਾਂ ਵਰਗਾ ਹੈ
[ਸਫ਼ਾ 338 ਉੱਤੇ ਤਸਵੀਰ]
ਮਸੀਹੀ ਹੋਰਨਾਂ ਨੂੰ ਖ਼ੁਸ਼ ਖ਼ਬਰੀ ਦੱਸ ਕੇ ਵੱਡੀ ਖ਼ੁਸ਼ੀ ਪਾਉਂਦੇ ਹਨ