ਚੌਵੀਵਾਂ ਅਧਿਆਇ
ਦੁਨੀਆਂ ਤੋਂ ਕੋਈ ਮਦਦ ਨਹੀਂ ਮਿਲਦੀ
1, 2. (ੳ) ਯਰੂਸ਼ਲਮ ਦੇ ਵਾਸੀ ਡਰੇ ਹੋਏ ਕਿਉਂ ਸਨ? (ਅ) ਯਰੂਸ਼ਲਮ ਦੀ ਹਾਲਤ ਨੂੰ ਧਿਆਨ ਵਿਚ ਰੱਖਦੇ ਹੋਏ, ਕਿਹੜੇ ਸਵਾਲ ਪੁੱਛਣੇ ਜ਼ਰੂਰੀ ਹਨ?
ਯਰੂਸ਼ਲਮ ਦੇ ਵਾਸੀ ਡਰੇ ਹੋਏ ਸਨ ਕਿਉਂਕਿ ਉਸ ਸਮੇਂ ਦੇ ਸਭ ਤੋਂ ਸ਼ਕਤੀਸ਼ਾਲੀ ਸਾਮਰਾਜ, ਅੱਸ਼ੂਰ ਨੇ “ਯਹੂਦਾਹ ਦੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਉੱਤੇ ਚੜ੍ਹਾਈ ਕੀਤੀ ਅਰ ਉਨ੍ਹਾਂ ਨੂੰ ਲੈ ਲਿਆ” ਸੀ। ਇਸ ਦੇ ਨਾਲ-ਨਾਲ ਅੱਸ਼ੂਰ ਦੀ ਫ਼ੌਜ ਯਹੂਦਾਹ ਦੀ ਰਾਜਧਾਨੀ ਲਈ ਖ਼ਤਰਾ ਪੇਸ਼ ਕਰ ਰਹੀ ਸੀ। (2 ਰਾਜਿਆਂ 18:13, 17) ਇਸ ਬਾਰੇ ਰਾਜਾ ਹਿਜ਼ਕੀਯਾਹ ਅਤੇ ਯਰੂਸ਼ਲਮ ਦੇ ਬਾਕੀ ਦੇ ਵਾਸੀਆਂ ਨੇ ਕੀ ਕੀਤਾ ਸੀ?
2 ਹਿਜ਼ਕੀਯਾਹ ਜਾਣਦਾ ਸੀ ਕਿ ਉਸ ਦੇ ਹੋਰ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ ਗਿਆ ਸੀ ਅਤੇ ਯਰੂਸ਼ਲਮ ਅੱਸ਼ੂਰ ਦੀ ਵੱਡੀ ਫ਼ੌਜ ਦਾ ਮੁਕਾਬਲਾ ਨਹੀਂ ਕਰ ਸਕਦਾ ਸੀ। ਇਸ ਤੋਂ ਇਲਾਵਾ, ਅੱਸ਼ੂਰੀ ਲੋਕ ਬੇਰਹਿਮੀ ਅਤੇ ਹਿੰਸਾ ਲਈ ਮਸ਼ਹੂਰ ਸਨ। ਇਸ ਕੌਮ ਦੀ ਫ਼ੌਜ ਇੰਨੀ ਡਰਾਉਣੀ ਸੀ ਕਿ ਕਈ ਵਾਰ ਉਨ੍ਹਾਂ ਦੇ ਵਿਰੋਧੀ ਲੜਨ ਤੋਂ ਬਿਨਾਂ ਹੀ ਭੱਜ ਜਾਂਦੇ ਸਨ! ਯਰੂਸ਼ਲਮ ਦੀ ਮੁਸ਼ਕਲ ਹਾਲਤ ਨੂੰ ਧਿਆਨ ਵਿਚ ਰੱਖਦੇ ਹੋਏ, ਉਸ ਦੇ ਵਾਸੀ ਮਦਦ ਲਈ ਕਿਸ ਵੱਲ ਮੁੜ ਸਕਦੇ ਸਨ? ਕੀ ਉਹ ਅੱਸ਼ੂਰੀ ਫ਼ੌਜ ਤੋਂ ਬਚ ਸਕਦੇ ਸਨ? ਪਰਮੇਸ਼ੁਰ ਦੇ ਲੋਕਾਂ ਦੀ ਹਾਲਤ ਇੱਦਾਂ ਦੀ ਕਿਸ ਤਰ੍ਹਾਂ ਹੋ ਗਈ ਸੀ? ਇਨ੍ਹਾਂ ਸਵਾਲਾਂ ਦੇ ਜਵਾਬਾਂ ਲਈ ਸਾਨੂੰ ਇਹ ਦੇਖਣਾ ਪਵੇਗਾ ਕਿ ਇਸ ਸਮੇਂ ਤੋਂ ਪਹਿਲਾਂ ਯਹੋਵਾਹ ਆਪਣੇ ਨੇਮ-ਬੱਧ ਲੋਕਾਂ ਨਾਲ ਕਿਸ ਤਰ੍ਹਾਂ ਪੇਸ਼ ਆਇਆ ਸੀ।
ਇਸਰਾਏਲ ਨੇ ਸੱਚੇ ਧਰਮ ਤੋਂ ਮੂੰਹ ਮੋੜਿਆ
3, 4. (ੳ) ਇਸਰਾਏਲ ਦੀ ਕੌਮ ਦੇ ਦੋ ਹਿੱਸੇ ਕਦੋਂ ਅਤੇ ਕਿਸ ਤਰ੍ਹਾਂ ਹੋਏ ਸਨ? (ਅ) ਯਾਰਾਬੁਆਮ ਨੇ ਦਸਾਂ ਉੱਤਰੀ ਗੋਤਾਂ ਨੂੰ ਕਿਹੜੇ ਬੁਰੇ ਰਸਤੇ ਤੇ ਪਾਇਆ ਸੀ?
3 ਇਸਰਾਏਲ ਦੇ ਮਿਸਰ ਵਿੱਚੋਂ ਨਿਕਲਣ ਤੋਂ ਲੈ ਕੇ ਦਾਊਦ ਦੇ ਪੁੱਤਰ ਸੁਲੇਮਾਨ ਦੀ ਮੌਤ ਤਕ 500 ਸਾਲ ਬੀਤ ਚੁੱਕੇ ਸਨ। ਇਸ ਸਮੇਂ ਦੌਰਾਨ ਇਸਰਾਏਲ ਦੇ 12 ਗੋਤ ਇੱਕੋ ਕੌਮ ਵਜੋਂ ਇਕਮੁੱਠ ਸਨ। ਸੁਲੇਮਾਨ ਦੀ ਮੌਤ ਤੋਂ ਬਾਅਦ, ਯਾਰਾਬੁਆਮ ਅਧੀਨ ਦਸਾਂ ਉੱਤਰੀ ਗੋਤਾਂ ਨੇ ਦਾਊਦ ਦੇ ਘਰਾਣੇ ਵਿਰੁੱਧ ਬਗਾਵਤ ਕੀਤੀ। ਉਸ ਸਮੇਂ ਇਹ ਕੌਮ ਦੋ ਹਿੱਸਿਆਂ ਵਿਚ ਵੰਡੀ ਗਈ। ਇਹ 997 ਸਾ.ਯੁ.ਪੂ. ਵਿਚ ਹੋਇਆ ਸੀ।
4 ਯਾਰਾਬੁਆਮ ਉੱਤਰੀ ਰਾਜ ਦਾ ਪਹਿਲਾ ਰਾਜਾ ਸੀ ਅਤੇ ਉਸ ਦੇ ਕਾਰਨ ਉਸ ਦੀ ਪਰਜਾ ਨੇ ਸੱਚੇ ਧਰਮ ਤੋਂ ਮੂੰਹ ਮੋੜ ਲਿਆ ਸੀ। ਇਸ ਰਾਜੇ ਨੇ ਕੀ ਕੀਤਾ ਸੀ? ਉਸ ਨੇ ਹੋਰ ਜਾਜਕਾਂ ਨੂੰ ਨਿਯੁਕਤ ਕੀਤਾ ਜੋ ਹਾਰੂਨ ਦੀ ਅੰਸ ਵਿੱਚੋਂ ਨਹੀਂ ਸਨ ਅਤੇ ਯਹੋਵਾਹ ਦੀ ਉਪਾਸਨਾ ਦੀ ਥਾਂ ਤੇ ਵੱਛਿਆਂ ਦੀ ਪੂਜਾ ਸ਼ੁਰੂ ਕੀਤੀ ਸੀ। (1 ਰਾਜਿਆਂ 12:25-33) ਇਹ ਯਹੋਵਾਹ ਦੀ ਨਿਗਾਹ ਵਿਚ ਘਿਣਾਉਣਾ ਸੀ। (ਯਿਰਮਿਯਾਹ 32:30, 35) ਇਸ ਤੋਂ ਇਲਾਵਾ ਹੋਰ ਕਾਰਨਾਂ ਕਰਕੇ ਵੀ ਯਹੋਵਾਹ ਨੇ ਅੱਸ਼ੂਰ ਨੂੰ ਇਸਰਾਏਲ ਉੱਤੇ ਜਿੱਤ ਪ੍ਰਾਪਤ ਕਰਨ ਦਿੱਤੀ ਸੀ। (2 ਰਾਜਿਆਂ 15:29) ਰਾਜਾ ਹੋਸ਼ੇਆ ਨੇ ਮਿਸਰ ਨਾਲ ਸਾਜ਼ਸ਼ ਘੜ ਕੇ ਅੱਸ਼ੂਰ ਦੀ ਗ਼ੁਲਾਮੀ ਤੋਂ ਛੁੱਟਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਸਫ਼ਲ ਨਹੀਂ ਹੋਇਆ ਸੀ।—2 ਰਾਜਿਆਂ 17:4.
ਇਸਰਾਏਲ ਨੇ ਫੋਕੀ ਪਨਾਹ ਭਾਲੀ
5. ਇਸਰਾਏਲੀ ਮਦਦ ਲਈ ਕਿਸ ਵੱਲ ਮੁੜੇ ਸਨ?
5 ਯਹੋਵਾਹ ਚਾਹੁੰਦਾ ਸੀ ਕਿ ਇਸਰਾਏਲੀ ਉਸ ਦੀ ਗੱਲ ਨੂੰ ਸਮਝਣ।a ਇਸ ਲਈ ਉਸ ਨੇ ਯਸਾਯਾਹ ਨਬੀ ਨੂੰ ਇਸ ਚੇਤਾਵਨੀ ਨਾਲ ਭੇਜਿਆ ਸੀ: “ਹਾਇ ਓਹਨਾਂ ਉੱਤੇ ਜਿਹੜੇ ਸਹਾਇਤਾ ਲਈ ਮਿਸਰ ਨੂੰ ਜਾਂਦੇ ਹਨ! ਅਤੇ ਘੋੜਿਆਂ ਉੱਤੇ ਆਸ ਰੱਖਦੇ ਹਨ, ਅਤੇ ਰਥਾਂ ਉੱਤੇ ਭਰੋਸਾ ਕਰਦੇ ਹਨ, ਏਸ ਲਈ ਕਿ ਓਹ ਬਥੇਰੇ ਹਨ, ਅਤੇ ਘੋੜ ਚੜ੍ਹਿਆਂ ਉੱਤੇ ਕਿ ਓਹ ਅੱਤ ਤਕੜੇ ਹਨ! ਪਰ ਇਸਰਾਏਲ ਦੇ ਪਵਿੱਤਰ ਪੁਰਖ ਵੱਲ ਨਹੀਂ ਤੱਕਦੇ, ਨਾ ਯਹੋਵਾਹ ਨੂੰ ਭਾਲਦੇ ਹਨ।” (ਯਸਾਯਾਹ 31:1) ਇਹ ਕਿੰਨੀ ਅਫ਼ਸੋਸ ਦੀ ਗੱਲ ਸੀ! ਇਸਰਾਏਲ ਨੇ ਜੀਉਂਦੇ ਪਰਮੇਸ਼ੁਰ ਦੀ ਬਜਾਇ ਘੋੜਿਆਂ ਅਤੇ ਰਥਾਂ ਉੱਤੇ ਜ਼ਿਆਦਾ ਭਰੋਸਾ ਰੱਖਿਆ ਸੀ ਕਿਉਂਕਿ ਮਿਸਰ ਕੋਲ ਬਹੁਤ ਸਾਰੇ ਤਕੜੇ ਘੋੜੇ ਸਨ। ਇਸਰਾਏਲੀ ਸਮਝਦੇ ਸਨ ਕਿ ਅੱਸ਼ੂਰੀ ਫ਼ੌਜ ਨਾਲ ਲੜਨ ਲਈ ਮਿਸਰ ਨਾਲ ਮਿੱਤਰਤਾ ਕਰਨੀ ਬਹੁਤ ਜ਼ਰੂਰੀ ਸੀ। ਪਰ ਬਾਅਦ ਵਿਚ ਇਸਰਾਏਲੀਆਂ ਨੂੰ ਪਤਾ ਲੱਗਾ ਕਿ ਮਿਸਰ ਨਾਲ ਉਨ੍ਹਾਂ ਦੀ ਦੋਸਤੀ ਵਿਅਰਥ ਸੀ।
6. ਇਸਰਾਏਲ ਨੇ ਮਦਦ ਲਈ ਮਿਸਰ ਵੱਲ ਮੁੜ ਕੇ ਯਹੋਵਾਹ ਉੱਤੇ ਨਿਹਚਾ ਦੀ ਵੱਡੀ ਕਮੀ ਕਿਵੇਂ ਦਿਖਾਈ ਸੀ?
6 ਬਿਵਸਥਾ ਨੇਮ ਰਾਹੀਂ ਇਸਰਾਏਲ ਅਤੇ ਯਹੂਦਾਹ ਦੇ ਸਾਰੇ ਵਾਸੀ ਯਹੋਵਾਹ ਨੂੰ ਸਮਰਪਿਤ ਸਨ। (ਕੂਚ 24:3-8; 1 ਇਤਹਾਸ 16:15-17) ਇਸਰਾਏਲ ਨੇ ਮਦਦ ਲਈ ਮਿਸਰ ਵੱਲ ਮੁੜ ਕੇ ਨਾ ਸਿਰਫ਼ ਯਹੋਵਾਹ ਉੱਤੇ ਨਿਹਚਾ ਦੀ ਕਮੀ ਦਿਖਾਈ ਸਗੋਂ ਉਸ ਨੇ ਉਸ ਪਵਿੱਤਰ ਨੇਮ ਦਿਆਂ ਕਾਨੂੰਨਾਂ ਲਈ ਵੀ ਕੋਈ ਕਦਰ ਨਹੀਂ ਦਿਖਾਈ। ਇਹ ਕਿਉਂ ਕਿਹਾ ਜਾ ਸਕਦਾ ਹੈ? ਕਿਉਂਕਿ ਉਸ ਨੇਮ ਵਿਚ ਯਹੋਵਾਹ ਦਾ ਵਾਅਦਾ ਸੀ ਕਿ ਉਹ ਆਪਣੇ ਲੋਕਾਂ ਦੀ ਰੱਖਿਆ ਕਰੇਗਾ ਜੇ ਉਹ ਸਿਰਫ਼ ਉਸ ਦੀ ਉਪਾਸਨਾ ਕਰਨਗੇ। (ਲੇਵੀਆਂ 26:3-8) ਯਹੋਵਾਹ ਆਪਣੇ ਵਾਅਦੇ ਦਾ ਪੱਕਾ ਰਿਹਾ ਅਤੇ ਵਾਰ-ਵਾਰ “ਦੁਖ ਦੇ ਸਮੇਂ ਉਹ ਉਨ੍ਹਾਂ ਦਾ ਗੜ੍ਹ” ਸਾਬਤ ਹੋਇਆ। (ਜ਼ਬੂਰ 37:39; 2 ਇਤਹਾਸ 14:2, 9-12; 17:3-5, 10) ਇਸ ਤੋਂ ਇਲਾਵਾ, ਬਿਵਸਥਾ ਨੇਮ ਦੇ ਵਿਚੋਲੇ, ਮੂਸਾ ਰਾਹੀਂ ਯਹੋਵਾਹ ਨੇ ਇਸਰਾਏਲ ਦੇ ਰਾਜਿਆਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਆਪਣੇ ਘੋੜਿਆਂ ਦੀ ਗਿਣਤੀ ਨਹੀਂ ਵਧਾਉਣੀ ਚਾਹੀਦੀ। (ਬਿਵਸਥਾ ਸਾਰ 17:16) ਇਹ ਰਾਜੇ ਇਸ ਹੁਕਮ ਨੂੰ ਮੰਨ ਕੇ ਦਿਖਾ ਸਕਦੇ ਸਨ ਕਿ ਉਹ ਰੱਖਿਆ ਲਈ “ਇਸਰਾਏਲ ਦੇ ਪਵਿੱਤਰ ਪੁਰਖ” ਉੱਤੇ ਭਰੋਸਾ ਰੱਖ ਰਹੇ ਸਨ। ਅਫ਼ਸੋਸ ਦੀ ਗੱਲ ਹੈ ਕਿ ਇਸਰਾਏਲ ਦੇ ਰਾਜਿਆਂ ਨੇ ਇਸ ਤਰ੍ਹਾਂ ਦੀ ਨਿਹਚਾ ਨਹੀਂ ਦਿਖਾਈ।
7. ਅੱਜ ਮਸੀਹੀ ਇਸਰਾਏਲ ਦੀ ਨਿਹਚਾ ਦੀ ਕਮੀ ਤੋਂ ਕਿਹੜਾ ਸਬਕ ਸਿੱਖ ਸਕਦੇ ਹਨ?
7 ਅੱਜ ਮਸੀਹੀ ਇਸ ਤੋਂ ਇਕ ਸਬਕ ਸਿੱਖ ਸਕਦੇ ਹਨ। ਇਸਰਾਏਲ ਨੇ ਯਹੋਵਾਹ ਦੀ ਸ਼ਕਤੀਸ਼ਾਲੀ ਸਹਾਇਤਾ ਦੀ ਬਜਾਇ ਮਿਸਰ ਦੀ ਸਹਾਇਤਾ ਉੱਤੇ ਭਰੋਸਾ ਰੱਖਿਆ ਸੀ। ਅੱਜ ਵੀ, ਮਸੀਹੀ ਸ਼ਾਇਦ ਯਹੋਵਾਹ ਦੀ ਬਜਾਇ ਦੁਨਿਆਵੀ ਚੀਜ਼ਾਂ ਉੱਤੇ ਭਰੋਸਾ ਰੱਖਣ ਲਈ ਭਰਮਾਏ ਜਾਣ। ਉਹ ਸ਼ਾਇਦ ਸੋਚਣ ਕਿ ਬੈਂਕ ਵਿਚ ਪੈਸੇ, ਸਮਾਜ ਵਿਚ ਇੱਜ਼ਤ, ਅਤੇ ਦੁਨੀਆਂ ਦੇ ਵੱਡੇ-ਵੱਡੇ ਲੋਕਾਂ ਨਾਲ ਜਾਣ-ਪਛਾਣ ਕਰਕੇ ਉਹ ਸੁਰੱਖਿਅਤ ਰਹਿਣਗੇ। ਇਹ ਸੱਚ ਹੈ ਕਿ ਮਸੀਹੀ ਘਰਾਂ ਦੇ ਸਰਦਾਰਾਂ ਲਈ ਆਪਣੇ ਪਰਿਵਾਰਾਂ ਦੀ ਦੇਖ-ਭਾਲ ਕਰਨੀ ਜ਼ਰੂਰੀ ਹੈ। (1 ਤਿਮੋਥਿਉਸ 5:8) ਪਰ ਉਹ ਧਨ-ਦੌਲਤ ਉੱਤੇ ਆਪਣਾ ਭਰੋਸਾ ਨਹੀਂ ਰੱਖਦੇ। ਨਾਲੇ ਉਹ ਹਰ ਤਰ੍ਹਾਂ ਦੇ “ਲੋਭ” ਤੋਂ ਬਚ ਕੇ ਰਹਿੰਦੇ ਹਨ। (ਲੂਕਾ 12:13-21) ਸਿਰਫ਼ ਯਹੋਵਾਹ ਪਰਮੇਸ਼ੁਰ ਹੀ “ਬਿਪਤਾ ਦੇ ਸਮੇ ਦੇ ਲਈ ਇੱਕ ਉੱਚਾ ਗੜ੍ਹ” ਹੈ।—ਜ਼ਬੂਰ 9:9; 54:7.
8, 9. (ੳ) ਭਾਵੇਂ ਕਿ ਮਿਸਰ ਤੋਂ ਮਦਦ ਮੰਗਣੀ ਠੀਕ ਲੱਗਦੀ ਸੀ, ਇਸ ਦਾ ਨਤੀਜਾ ਕੀ ਨਿਕਲਿਆ ਸੀ ਅਤੇ ਕਿਉਂ? (ਅ) ਇਨਸਾਨਾਂ ਅਤੇ ਯਹੋਵਾਹ ਦੇ ਵਾਅਦਿਆਂ ਵਿਚ ਕੀ ਫ਼ਰਕ ਹੈ?
8 ਯਸਾਯਾਹ ਨੇ ਉਨ੍ਹਾਂ ਇਸਰਾਏਲੀ ਆਗੂਆਂ ਦੀ ਬੁੱਧੀ ਦਾ ਮਖੌਲ ਉਡਾਇਆ ਜਿਨ੍ਹਾਂ ਨੇ ਮਿਸਰ ਨਾਲ ਮਿੱਤਰਤਾ ਕੀਤੀ ਸੀ। ਉਸ ਨੇ ਕਿਹਾ: “ਉਹ ਵੀ ਦਾਨਾ ਬੀਨਾ ਹੈ ਅਤੇ ਬਿਪਤਾ ਲਿਆਵੇਗਾ, ਅਤੇ ਆਪਣੇ ਬਚਨ ਨਹੀਂ ਮੋੜੇਗਾ, ਪਰ ਉਹ ਬਦਕਾਰਾਂ ਦੇ ਘਰਾਣੇ ਦੇ ਵਿਰੁੱਧ, ਅਤੇ ਕੁਕਰਮੀਆਂ ਦੀ ਸਹਾਇਤਾ ਦੇ ਵਿਰੁੱਧ ਉੱਠੇਗਾ।” (ਯਸਾਯਾਹ 31:2) ਇਸਰਾਏਲ ਦੇ ਆਗੂਆਂ ਨੂੰ ਸ਼ਾਇਦ ਆਪਣੀ ਬੁੱਧੀ ਤੇ ਬੜਾ ਮਾਣ ਸੀ। ਪਰ ਸਾਰੀ ਦੁਨੀਆਂ ਨੂੰ ਬਣਾਉਣ ਵਾਲਾ ਸਭ ਤੋਂ ਜ਼ਿਆਦਾ ਬੁੱਧੀਮਾਨ ਹੈ! ਭਾਵੇਂ ਮਿਸਰ ਤੋਂ ਮਦਦ ਮੰਗਣੀ ਠੀਕ ਲੱਗਦੀ ਸੀ, ਫਿਰ ਵੀ, ਯਹੋਵਾਹ ਦੀ ਨਿਗਾਹ ਵਿਚ ਅਜਿਹੀ ਮਿੱਤਰਤਾ ਰੂਹਾਨੀ ਤੌਰ ਤੇ ਜ਼ਨਾਹਕਾਰੀ ਸੀ। (ਹਿਜ਼ਕੀਏਲ 23:1-10) ਨਤੀਜੇ ਵਜੋਂ, ਯਸਾਯਾਹ ਨੇ ਕਿਹਾ ਕਿ ਯਹੋਵਾਹ ਉਨ੍ਹਾਂ ਉੱਤੇ “ਬਿਪਤਾ ਲਿਆਵੇਗਾ।”
9 ਇਨਸਾਨਾਂ ਦੇ ਵਾਅਦਿਆਂ ਉੱਤੇ ਇਤਬਾਰ ਨਹੀਂ ਕੀਤਾ ਜਾ ਸਕਦਾ ਅਤੇ ਇਨਸਾਨ ਹਮੇਸ਼ਾ ਰੱਖਿਆ ਨਹੀਂ ਕਰ ਸਕਦੇ। ਦੂਜੇ ਪਾਸੇ, ਯਹੋਵਾਹ ਨੂੰ ‘ਆਪਣੇ ਬਚਨ ਨਹੀਂ ਮੋੜਨੇ’ ਪੈਂਦੇ। ਉਹ ਆਪਣੇ ਵਾਅਦੇ ਜ਼ਰੂਰ ਨਿਭਾਏਗਾ। ਉਸ ਦਾ ਬਚਨ ਹਮੇਸ਼ਾ ਪੂਰਾ ਹੋ ਕੇ ਰਹਿੰਦਾ ਹੈ।—ਯਸਾਯਾਹ 55:10, 11; 14:24.
10. ਮਿਸਰ ਅਤੇ ਇਸਰਾਏਲ ਦੋਨਾਂ ਨਾਲ ਕੀ ਹੋਇਆ ਸੀ?
10 ਕੀ ਮਿਸਰੀ ਇਸਰਾਏਲ ਦੀ ਰੱਖਿਆ ਕਰ ਸਕੇ ਸਨ? ਨਹੀਂ। ਯਸਾਯਾਹ ਨੇ ਇਸਰਾਏਲ ਨੂੰ ਦੱਸਿਆ ਕਿ “ਮਿਸਰੀ ਆਦਮੀ ਹੀ ਹਨ, ਪਰਮੇਸ਼ੁਰ ਨਹੀਂ! ਓਹਨਾਂ ਦੇ ਘੋੜੇ ਮਾਸ ਹਨ, ਰੂਹ ਨਹੀਂ! ਜਦ ਯਹੋਵਾਹ ਆਪਣਾ ਹੱਥ ਚੁੱਕੇਗਾ, ਤਾਂ ਸਹਾਇਕ ਠੇਡਾ ਖਾਵੇਗਾ ਅਤੇ ਸਹਾਇਤਾ ਲੈਣ ਵਾਲਾ ਡਿੱਗੇਗਾ, ਅਤੇ ਓਹ ਸਾਰੇ ਦੇ ਸਾਰੇ ਮਿਟ ਜਾਣਗੇ।” (ਯਸਾਯਾਹ 31:3) ਮਦਦ ਦੇਣ ਵਾਲੇ (ਮਿਸਰ) ਨੇ ਅਤੇ ਮਦਦ ਲੈਣ ਵਾਲੇ (ਇਸਰਾਏਲ) ਨੇ ਵੀ ਠੇਡਾ ਖਾਧਾ ਅਤੇ ਉਹ ਦੋਵੇਂ ਡਿੱਗ ਕੇ ਖ਼ਤਮ ਹੋ ਗਏ ਜਦੋਂ ਯਹੋਵਾਹ ਨੇ ਆਪਣਾ ਹੱਥ ਚੁੱਕ ਕੇ ਉਨ੍ਹਾਂ ਨੂੰ ਅੱਸ਼ੂਰ ਰਾਹੀਂ ਸਜ਼ਾ ਦਿੱਤੀ ਸੀ।
ਸਾਮਰਿਯਾ ਦਾ ਅੰਤ
11. ਇਸਰਾਏਲ ਨੇ ਕਿਹੋ ਜਿਹੇ ਪਾਪ ਕੀਤੇ ਸਨ ਅਤੇ ਅੰਤ ਵਿਚ ਇਸ ਦਾ ਕੀ ਨਤੀਜਾ ਨਿਕਲਿਆ ਸੀ?
11 ਯਹੋਵਾਹ ਨੇ ਇਸਰਾਏਲ ਕੋਲ ਵਾਰ-ਵਾਰ ਆਪਣੇ ਨਬੀ ਭੇਜ ਕੇ ਦਇਆ ਦਿਖਾਈ ਸੀ। ਉਹ ਚਾਹੁੰਦਾ ਸੀ ਕਿ ਲੋਕ ਤੋਬਾ ਕਰ ਕੇ ਸ਼ੁੱਧ ਉਪਾਸਨਾ ਦੁਬਾਰਾ ਕਰਨ। (2 ਰਾਜਿਆਂ 17:13) ਇਸ ਦੇ ਬਾਵਜੂਦ ਇਸਰਾਏਲੀਆਂ ਨੇ ਹੋਰ ਵੀ ਪਾਪ ਕੀਤੇ। ਉਨ੍ਹਾਂ ਨੇ ਵੱਛਿਆਂ ਦੀ ਪੂਜਾ ਕਰਨ ਤੋਂ ਇਲਾਵਾ, ਉੱਚੀਆਂ ਥਾਂਵਾਂ ਤੇ ਟੁੰਡ ਵੀ ਪੂਜੇ, ਪੁੱਛਾਂ ਪੁਆਈਆਂ, ਅਤੇ ਬਆਲ ਦੀ ਪੂਜਾ ਕੀਤੀ। ਇਸਰਾਏਲੀਆਂ ਨੇ “ਆਪਣੇ ਪੁੱਤ੍ਰਾਂ ਅਰ ਆਪਣੀਆਂ ਧੀਆਂ ਨੂੰ ਅੱਗ ਵਿੱਚ ਦੀ ਲੰਘਾਇਆ,” ਯਾਨੀ ਉਨ੍ਹਾਂ ਨੇ ਝੂਠੇ ਦੇਵਤਿਆਂ ਨੂੰ ਆਪਣੀ ਔਲਾਦ ਦੀਆਂ ਬਲੀਆਂ ਚੜ੍ਹਾਈਆਂ। (2 ਰਾਜਿਆਂ 17:14-17; ਜ਼ਬੂਰ 106:36-39; ਆਮੋਸ 2:8) ਇਸਰਾਏਲ ਦੀ ਦੁਸ਼ਟਤਾ ਨੂੰ ਖ਼ਤਮ ਕਰਨ ਲਈ ਯਹੋਵਾਹ ਨੇ ਕਿਹਾ: ‘ਸਾਮਰਿਯਾ ਅਤੇ ਉਸ ਦਾ ਰਾਜਾ ਇਉਂ ਕੱਟੇ ਜਾਣਗੇ, ਜਿਵੇਂ ਪਾਣੀ ਦੇ ਉੱਤੇ ਲੱਕੜੀ ਦੇ ਸੱਕ ਹੁੰਦੇ ਹਨ।’ (ਹੋਸ਼ੇਆ 10:1, 7) ਸੰਨ 742 ਸਾ.ਯੁ.ਪੂ. ਵਿਚ, ਅੱਸ਼ੂਰੀ ਫ਼ੌਜਾਂ ਨੇ ਇਸਰਾਏਲ ਦੀ ਰਾਜਧਾਨੀ ਸਾਮਰਿਯਾ ਉੱਤੇ ਹਮਲਾ ਕੀਤਾ ਸੀ। ਤਿੰਨ ਸਾਲਾਂ ਦੀ ਘੇਰਾਬੰਦੀ ਤੋਂ ਬਾਅਦ ਸਾਮਰਿਯਾ ਡਿੱਗ ਪਿਆ ਅਤੇ 740 ਸਾ.ਯੁ.ਪੂ. ਵਿਚ ਇਹ ਦਸ-ਗੋਤੀ ਰਾਜ ਖ਼ਤਮ ਹੋ ਗਿਆ।
12. ਅੱਜ ਯਹੋਵਾਹ ਨੇ ਕਿਹੜੇ ਕੰਮ ਦਾ ਹੁਕਮ ਦਿੱਤਾ ਹੈ ਅਤੇ ਉਨ੍ਹਾਂ ਨਾਲ ਕੀ ਹੋਵੇਗਾ ਜੋ ਉਸ ਦੀ ਗੱਲ ਨਹੀਂ ਸੁਣਦੇ?
12 ਯਹੋਵਾਹ ਨੇ ਹੁਕਮ ਦਿੱਤਾ ਹੈ ਕਿ ਸਾਡੇ ਜ਼ਮਾਨੇ ਵਿਚ ਪ੍ਰਚਾਰ ਦਾ ਕੰਮ ਸਾਰੀ ਦੁਨੀਆਂ ਵਿਚ ਕੀਤਾ ਜਾਵੇ ਅਤੇ ਉਹ “ਮਨੁੱਖਾਂ ਨੂੰ ਹੁਕਮ ਦਿੰਦਾ ਹੈ ਜੋ ਓਹ ਸਭ ਹਰੇਕ ਥਾਂ ਤੋਬਾ ਕਰਨ।” (ਰਸੂਲਾਂ ਦੇ ਕਰਤੱਬ 17:30; ਮੱਤੀ 24:14) ਜਿਹੜੇ ਪਰਮੇਸ਼ੁਰ ਦੇ ਮੁਕਤੀ ਦੇ ਪ੍ਰਬੰਧ ਨੂੰ ਰੱਦ ਕਰਦੇ ਹਨ ਉਹ ਲੱਕੜੀ ਦੇ “ਸੱਕ” ਦੀ ਤਰ੍ਹਾਂ ਬਣਨਗੇ ਅਤੇ ਇਸਰਾਏਲ ਦੀ ਧਰਮ-ਤਿਆਗੀ ਕੌਮ ਵਾਂਗ ਖ਼ਤਮ ਕੀਤੇ ਜਾਣਗੇ। ਦੂਜੇ ਪਾਸੇ, ਯਹੋਵਾਹ ਉੱਤੇ ਭਰੋਸਾ ਰੱਖਣ ਵਾਲੇ “ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” (ਜ਼ਬੂਰ 37:29) ਤਾਂ ਫਿਰ, ਇਹ ਕਿੰਨੀ ਬੁੱਧੀਮਤਾ ਦੀ ਗੱਲ ਹੈ ਕਿ ਅਸੀਂ ਉਹ ਗ਼ਲਤੀਆਂ ਨਾ ਕਰੀਏ ਜੋ ਇਸਰਾਏਲ ਦੀ ਪ੍ਰਾਚੀਨ ਕੌਮ ਨੇ ਕੀਤੀਆਂ ਸਨ! ਆਓ ਆਪਾਂ ਮੁਕਤੀ ਹਾਸਲ ਕਰਨ ਲਈ ਆਪਣਾ ਪੂਰਾ ਭਰੋਸਾ ਯਹੋਵਾਹ ਉੱਤੇ ਰੱਖੀਏ।
ਯਹੋਵਾਹ ਦੀ ਬਚਾਉਣ ਦੀ ਸ਼ਕਤੀ
13, 14. ਯਹੋਵਾਹ ਨੇ ਸੀਯੋਨ ਉੱਤੇ ਯਰੂਸ਼ਲਮ ਨੂੰ ਕਿਹੜੇ ਦਿਲਾਸੇ-ਭਰੇ ਸ਼ਬਦ ਕਹੇ ਸਨ?
13 ਯਹੂਦਾਹ ਦੀ ਰਾਜਧਾਨੀ ਯਰੂਸ਼ਲਮ, ਇਸਰਾਏਲ ਦੀ ਦੱਖਣੀ ਸਰਹੱਦ ਤੋਂ ਕੁਝ ਹੀ ਮੀਲ ਦੂਰ ਸੀ। ਯਰੂਸ਼ਲਮ ਦੇ ਵਾਸੀਆਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਸਾਮਰਿਯਾ ਨਾਲ ਕੀ ਹੋਇਆ ਸੀ। ਉਨ੍ਹਾਂ ਨੇ ਵੀ ਆਪਣੇ ਆਪ ਨੂੰ ਉਸੇ ਡਰਾਉਣੀ ਫ਼ੌਜ ਦੇ ਸਾਮ੍ਹਣੇ ਪਾਇਆ ਜਿਸ ਨੇ ਉਨ੍ਹਾਂ ਦੇ ਉੱਤਰੀ ਗੁਆਂਢੀ ਦਾ ਅੰਤ ਕੀਤਾ ਸੀ। ਕੀ ਉਨ੍ਹਾਂ ਨੇ ਉਸ ਤੋਂ ਕੁਝ ਸਿੱਖਿਆ ਜੋ ਸਾਮਰਿਯਾ ਉੱਤੇ ਬੀਤੀ ਸੀ?
14 ਯਸਾਯਾਹ ਦੇ ਅਗਲੇ ਸ਼ਬਦਾਂ ਨੇ ਯਰੂਸ਼ਲਮ ਦੇ ਵਾਸੀਆਂ ਨੂੰ ਜ਼ਰੂਰ ਦਿਲਾਸਾ ਦਿੱਤਾ ਹੋਣਾ। ਉਸ ਨੇ ਭਰੋਸੇ ਨਾਲ ਕਿਹਾ ਕਿ ਯਹੋਵਾਹ ਆਪਣੇ ਨੇਮ-ਬੱਧ ਲੋਕਾਂ ਨਾਲ ਪਿਆਰ ਕਰਦਾ ਹੈ: “ਯਹੋਵਾਹ ਮੈਨੂੰ ਐਉਂ ਆਖਦਾ ਹੈ, ਜਿਵੇਂ ਸ਼ੇਰ ਬਬਰ ਯਾ ਜੁਆਨ ਸ਼ੇਰ ਬਬਰ ਆਪਣੇ ਸ਼ਿਕਾਰ ਉੱਤੇ ਘੂਰਦਾ ਹੈ, ਅਤੇ ਭਾਵੇਂ ਅਯਾਲੀਆਂ ਦੀ ਭੀੜ ਉਹ ਦੇ ਵਿਰੁੱਧ ਸੱਦੀ ਜਾਵੇ, ਉਹ ਓਹਨਾਂ ਦੇ ਸ਼ੋਰ ਤੋਂ ਨਹੀਂ ਡੈਂਬਰੇਗਾ, ਨਾ ਓਹਨਾਂ ਦੇ ਰੌਲੇ ਤੋਂ ਘਾਬਰੇਗਾ, ਤਿਵੇਂ ਸੈਨਾਂ ਦਾ ਯਹੋਵਾਹ ਉਤਰੇਗਾ, ਭਈ ਉਹ ਸੀਯੋਨ ਪਰਬਤ ਉੱਤੇ ਅਤੇ ਉਹ ਦੇ ਟਿੱਬੇ ਉੱਤੇ ਜੁੱਧ ਕਰੇ।” (ਯਸਾਯਾਹ 31:4) ਇਕ ਸ਼ੇਰ ਦੀ ਤਰ੍ਹਾਂ ਜੋ ਆਪਣੇ ਸ਼ਿਕਾਰ ਕੋਲ ਖੜ੍ਹਾ ਹੁੰਦਾ ਹੈ, ਯਹੋਵਾਹ ਆਪਣੇ ਪਵਿੱਤਰ ਸ਼ਹਿਰ ਦੀ ਰੱਖਿਆ ਕਰਨ ਲਈ ਤਿਆਰ ਖੜ੍ਹਾ ਸੀ। ਅੱਸ਼ੂਰੀ ਫ਼ੌਜ ਦੀ ਕੋਈ ਵੀ ਸ਼ੇਖ਼ੀ ਜਾਂ ਧਮਕੀ ਜਾਂ ਉਸ ਦਾ ਰੌਲਾ ਯਹੋਵਾਹ ਨੂੰ ਉਸ ਦਾ ਇਰਾਦਾ ਪੂਰਾ ਕਰਨ ਤੋਂ ਨਹੀਂ ਰੋਕ ਸਕਦਾ ਸੀ।
15. ਯਹੋਵਾਹ ਨੇ ਯਰੂਸ਼ਲਮ ਦੇ ਵਾਸੀਆਂ ਨਾਲ ਪਿਆਰ ਕਰ ਕੇ ਕਿਸ ਤਰ੍ਹਾਂ ਦਇਆ ਦਿਖਾਈ ਸੀ?
15 ਧਿਆਨ ਦਿਓ ਕਿ ਯਹੋਵਾਹ ਨੇ ਯਰੂਸ਼ਲਮ ਦੇ ਵਾਸੀਆਂ ਨਾਲ ਪਿਆਰ ਕਰ ਕੇ ਕਿਸ ਤਰ੍ਹਾਂ ਦਇਆ ਦਿਖਾਈ ਸੀ: “ਫੜਫੜਾਉਂਦੇ ਪੰਛੀਆਂ ਵਾਂਙੁ, ਸੈਨਾਂ ਦਾ ਯਹੋਵਾਹ ਯਰੂਸ਼ਲਮ ਨੂੰ ਢੱਕ ਲਵੇਗਾ, ਉਹ ਆੜ ਦੇਵੇਗਾ ਅਤੇ ਛੁਡਾਵੇਗਾ, ਉਹ ਛੱਡੇਗਾ ਅਤੇ ਛੁਟਕਾਰਾ ਦੇਵੇਗਾ।” (ਯਸਾਯਾਹ 31:5) ਇਕ ਚਿੜੀ ਆਪਣੇ ਚੂਚਿਆਂ ਦੀ ਰੱਖਿਆ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਉਹ ਉਨ੍ਹਾਂ ਉੱਪਰ ਆਪਣੇ ਪਰ ਫੈਲਾ ਕੇ ਫੜਫੜਾਉਂਦੀ ਹੈ। ਉਹ ਧਿਆਨ ਨਾਲ ਦੇਖਦੀ ਰਹਿੰਦੀ ਹੈ ਕਿ ਉਸ ਦੇ ਚੂਚਿਆਂ ਨੂੰ ਕੋਈ ਖ਼ਤਰਾ ਤਾਂ ਨਹੀਂ ਹੈ। ਜੇ ਕੋਈ ਸ਼ਿਕਾਰੀ ਜਾਨਵਰ ਨੇੜੇ ਆਉਂਦਾ ਹੈ, ਤਾਂ ਉਹ ਝਪਟ ਉਨ੍ਹਾਂ ਦੀ ਰੱਖਿਆ ਕਰਨ ਲਈ ਆਉਂਦੀ ਹੈ। ਇਸੇ ਤਰ੍ਹਾਂ ਯਹੋਵਾਹ ਨੇ ਹਮਲਾ ਕਰਨ ਵਾਲੇ ਅੱਸ਼ੂਰੀਆਂ ਤੋਂ ਯਰੂਸ਼ਲਮ ਦੇ ਵਾਸੀਆਂ ਦੀ ਦੇਖ-ਭਾਲ ਬੜੇ ਪਿਆਰ ਨਾਲ ਕੀਤੀ ਸੀ।
“ਹੇ ਇਸਰਾਏਲੀਓ, ਉਹ ਦੀ ਵੱਲ ਮੁੜੋ”
16. (ੳ) ਯਹੋਵਾਹ ਨੇ ਯਸਾਯਾਹ ਰਾਹੀਂ ਪਿਆਰ ਨਾਲ ਕਿਹੜੀ ਬੇਨਤੀ ਕੀਤੀ ਸੀ? (ਅ) ਸਮਝਾਓ ਕਿ ਯਹੂਦਾਹ ਦੇ ਲੋਕਾਂ ਦੀ ਬਗਾਵਤ ਖ਼ਾਸ ਕਰਕੇ ਕਦੋਂ ਜ਼ਾਹਰ ਹੋਈ ਸੀ।
16 ਯਸਾਯਾਹ ਰਾਹੀਂ ਯਹੋਵਾਹ ਨੇ ਆਪਣੇ ਲੋਕਾਂ ਨੂੰ ਚੇਤਾ ਕਰਾਇਆ ਕਿ ਉਨ੍ਹਾਂ ਨੇ ਪਾਪ ਕੀਤੇ ਸਨ ਜਿਸ ਕਰਕੇ ਉਸ ਨੇ ਉਨ੍ਹਾਂ ਨੂੰ ਆਪਣੇ ਗ਼ਲਤ ਰਾਹ ਛੱਡਣ ਲਈ ਕਿਹਾ: “ਹੇ ਇਸਰਾਏਲੀਓ, ਉਹ ਦੀ ਵੱਲ ਮੁੜੋ ਜਿਸ ਤੋਂ ਤੁਸੀਂ ਡਾਢੇ ਆਕੀ ਹੋ ਗਏ।” (ਯਸਾਯਾਹ 31:6) ਸਿਰਫ਼ ਇਸਰਾਏਲ ਦੇ ਦਸ-ਗੋਤੀ ਰਾਜ ਨੇ ਹੀ ਬਗਾਵਤ ਨਹੀਂ ਕੀਤੀ ਸੀ, ਸਗੋਂ ਯਹੂਦਾਹ ਦੇ ਲੋਕ ਵੀ ਇਸਰਾਏਲੀ ਸਨ ਅਤੇ ਉਹ ਵੀ ਬਾਗ਼ੀ ਜਾਂ “ਡਾਢੇ ਆਕੀ” ਹੋ ਗਏ ਸਨ। ਇਹ ਖ਼ਾਸ ਕਰਕੇ ਯਸਾਯਾਹ ਦੇ ਭਵਿੱਖਬਾਣੀ ਕਰਨ ਤੋਂ ਬਾਅਦ ਜ਼ਾਹਰ ਹੋਇਆ ਜਦੋਂ ਹਿਜ਼ਕੀਯਾਹ ਦਾ ਪੁੱਤਰ ਮਨੱਸ਼ਹ ਰਾਜਾ ਬਣਿਆ ਸੀ। ਬਾਈਬਲ ਸਾਨੂੰ ਦੱਸਦੀ ਹੈ ਕਿ “ਮਨੱਸ਼ਹ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਕੁਰਾਹੇ ਪਾਇਆ ਕਿ ਉਨ੍ਹਾਂ ਨੇ ਓਹਨਾਂ ਕੌਮਾਂ ਨਾਲੋਂ ਵੀ ਵਧ ਬੁਰਿਆਈ ਕੀਤੀ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਅੱਗੋਂ ਬਰਬਾਦ ਕਰਵਾਇਆ ਸੀ।” (2 ਇਤਹਾਸ 33:9) ਜ਼ਰਾ ਸੋਚੋ ਕਿ ਯਹੋਵਾਹ ਨੇ ਮੂਰਤੀ-ਪੂਜਕ ਕੌਮਾਂ ਦਾ ਨਾਸ਼ ਇਸ ਲਈ ਕੀਤਾ ਸੀ ਕਿਉਂਕਿ ਉਨ੍ਹਾਂ ਦੇ ਕੰਮ ਘਿਣਾਉਣੇ ਸਨ। ਪਰ ਯਹੂਦਾਹ ਦੇ ਵਾਸੀ, ਜੋ ਯਹੋਵਾਹ ਨਾਲ ਨੇਮ-ਬੱਧ ਰਿਸ਼ਤੇ ਵਿਚ ਸਨ, ਮੂਰਤੀ-ਪੂਜਕ ਕੌਮਾਂ ਨਾਲੋਂ ਵੀ ਭੈੜੇ ਨਿਕਲੇ!
17. ਅੱਜ ਦੇ ਹਾਲਾਤ ਮਨੱਸ਼ਹ ਦੇ ਅਧੀਨ ਯਹੂਦਾਹ ਦੇ ਹਾਲਾਤਾਂ ਵਰਗੇ ਕਿਵੇਂ ਹਨ?
17 ਕਈ ਤਰੀਕਿਆਂ ਵਿਚ 21ਵੀਂ ਸਦੀ ਦੀ ਸ਼ੁਰੂਆਤ ਦੇ ਹਾਲਾਤ ਮਨੱਸ਼ਹ ਦੇ ਜ਼ਮਾਨੇ ਦੇ ਯਹੂਦਾਹ ਦੇ ਹਾਲਾਤਾਂ ਵਰਗੇ ਹਨ। ਇਸ ਦੁਨੀਆਂ ਵਿਚ ਮਜ਼ਹਬੀ, ਜਾਤੀਗਤ, ਅਤੇ ਨਸਲੀ ਫੁੱਟਾਂ ਪਈਆਂ ਹੋਈਆਂ ਹਨ। ਲੱਖਾਂ ਹੀ ਲੋਕ ਖ਼ੂਨ, ਤਸੀਹੇ, ਬਲਾਤਕਾਰ, ਅਤੇ ਨਸਲੀ ਖ਼ੂਨ-ਖ਼ਰਾਬੇ ਦੇ ਸ਼ਿਕਾਰ ਬਣਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਲੋਕ ਅਤੇ ਕੌਮਾਂ, ਖ਼ਾਸ ਕਰਕੇ ਈਸਾਈ-ਜਗਤ ਦੀਆਂ ਕੌਮਾਂ, ‘ਡਾਢੀਆਂ ਆਕੀ’ ਹੋ ਗਈਆਂ ਹਨ। ਪਰ, ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਦੁਸ਼ਟਤਾ ਨੂੰ ਹਮੇਸ਼ਾ ਲਈ ਨਹੀਂ ਰਹਿਣ ਦੇਵੇਗਾ। ਅਸੀਂ ਪੱਕਾ ਭਰੋਸਾ ਕਿਉਂ ਰੱਖ ਸਕਦੇ ਹਾਂ? ਕਿਉਂਕਿ ਯਹੋਵਾਹ ਨੇ ਯਸਾਯਾਹ ਦੇ ਜ਼ਮਾਨੇ ਵਿਚ ਦੁਸ਼ਟ ਲੋਕਾਂ ਨੂੰ ਖ਼ਤਮ ਕੀਤਾ ਸੀ।
ਯਰੂਸ਼ਲਮ ਦਾ ਬਚਾਅ
18. ਰਬਸ਼ਾਕੇਹ ਨੇ ਹਿਜ਼ਕੀਯਾਹ ਨੂੰ ਕਿਹੜੀ ਧਮਕੀ ਦਿੱਤੀ ਸੀ?
18 ਅੱਸ਼ੂਰੀ ਰਾਜੇ ਜੰਗ ਵਿਚ ਆਪਣੀ ਜਿੱਤ ਲਈ ਆਪਣੇ ਦੇਵਤਿਆਂ ਦੀ ਵਡਿਆਈ ਕਰਦੇ ਹੁੰਦੇ ਸਨ। ਪੁਰਾਣੇ ਪੂਰਬੀ ਮੂਲ-ਪਾਠ ਨਾਮਕ ਅੰਗ੍ਰੇਜ਼ੀ ਪੁਸਤਕ ਵਿਚ ਅੱਸ਼ੂਰੀ ਬਾਦਸ਼ਾਹ ਅਸ਼ੈਰਬਾਨਿਪਾਲ ਦੀਆਂ ਲਿਖਤਾਂ ਪਾਈਆਂ ਜਾਂਦੀਆਂ ਹਨ। ਇਨ੍ਹਾਂ ਵਿਚ ਉਸ ਨੇ ਦਾਅਵਾ ਕੀਤਾ ਕਿ ‘ਅਸ਼ੈਰ, ਬੈੱਲ, ਅਤੇ ਨਬੋ ਮੇਰੇ ਮਹਾਨ ਦੇਵਤੇ, ਮੇਰੇ ਮਾਲਕ, ਹਮੇਸ਼ਾ ਮੇਰੇ ਨਾਲ ਸਨ ਜਦੋਂ ਮੈਂ ਲੜਾਈ ਵਿਚ ਕਾਬਲ ਫ਼ੌਜੀਆਂ ਨੂੰ ਹਰਾਇਆ।’ ਯਸਾਯਾਹ ਦੇ ਜ਼ਮਾਨੇ ਵਿਚ ਜਦੋਂ ਰਬਸ਼ਾਕੇਹ ਨੇ ਅੱਸ਼ੂਰ ਦੇ ਰਾਜਾ ਸਨਹੇਰੀਬ ਲਈ ਰਾਜਾ ਹਿਜ਼ਕੀਯਾਹ ਨਾਲ ਗੱਲ ਕੀਤੀ, ਉਸ ਨੇ ਵੀ ਇਹ ਦਾਅਵਾ ਕੀਤਾ ਸੀ ਕਿ ਇਨਸਾਨਾਂ ਦੀਆਂ ਲੜਾਈਆਂ ਵਿਚ ਦੇਵਤੇ ਲੜਦੇ ਸਨ। ਰਬਸ਼ਾਕੇਹ ਨੇ ਯਹੂਦੀ ਰਾਜੇ ਹਿਜ਼ਕੀਯਾਹ ਨੂੰ ਕਿਹਾ ਸੀ ਕਿ ਉਹ ਮੁਕਤੀ ਲਈ ਯਹੋਵਾਹ ਉੱਤੇ ਭਰੋਸਾ ਨਾ ਰੱਖੇ। ਉਸ ਨੇ ਸ਼ੇਖ਼ੀ ਮਾਰੀ ਸੀ ਕਿ ਹੋਰ ਕੌਮਾਂ ਦੇ ਦੇਵਤੇ ਅੱਸ਼ੂਰ ਦੀ ਵੱਡੀ ਫ਼ੌਜ ਤੋਂ ਆਪਣੇ ਲੋਕਾਂ ਨੂੰ ਨਹੀਂ ਬਚਾ ਸਕੇ ਸਨ।—2 ਰਾਜਿਆਂ 18:33-35.
19. ਰਬਸ਼ਾਕੇਹ ਦੀ ਧਮਕੀ ਸੁਣ ਕੇ ਹਿਜ਼ਕੀਯਾਹ ਨੇ ਕੀ ਕੀਤਾ ਸੀ?
19 ਹਿਜ਼ਕੀਯਾਹ ਨੇ ਇਸ ਧਮਕੀ ਬਾਰੇ ਕੀ ਕੀਤਾ ਸੀ? ਬਾਈਬਲ ਸਾਨੂੰ ਦੱਸਦੀ ਹੈ: “ਜਦ ਹਿਜ਼ਕੀਯਾਹ ਪਾਤਸ਼ਾਹ ਨੇ ਏਹ ਸੁਣਿਆ ਤਾਂ ਉਸ ਨੇ ਆਪਣੇ ਕੱਪੜੇ ਪਾੜੇ ਅਰ ਆਪਣੇ ਦੁਆਲੇ ਟਾਟ ਵਲ੍ਹੇਟਿਆ ਅਰ ਯਹੋਵਾਹ ਦੇ ਭਵਨ ਵਿੱਚ ਗਿਆ।” (2 ਰਾਜਿਆਂ 19:1) ਹਿਜ਼ਕੀਯਾਹ ਜਾਣਦਾ ਸੀ ਕਿ ਇਸ ਡਰਾਉਣੀ ਹਾਲਤ ਵਿਚ ਸਿਰਫ਼ ਯਹੋਵਾਹ ਹੀ ਉਸ ਦੀ ਮਦਦ ਕਰ ਸਕਦਾ ਸੀ। ਨਿਮਰਤਾ ਨਾਲ ਉਸ ਨੇ ਯਹੋਵਾਹ ਅੱਗੇ ਬੇਨਤੀ ਕੀਤੀ।
20. ਯਹੋਵਾਹ ਨੇ ਯਹੂਦਾਹ ਦੇ ਵਾਸੀਆਂ ਲਈ ਕੀ ਕੀਤਾ ਸੀ ਅਤੇ ਉਨ੍ਹਾਂ ਨੂੰ ਇਸ ਤੋਂ ਕਿਹੜਾ ਸਬਕ ਸਿੱਖਣਾ ਚਾਹੀਦਾ ਸੀ?
20 ਯਹੋਵਾਹ ਨੇ ਉਸ ਦੀ ਬੇਨਤੀ ਸੁਣੀ। ਯਸਾਯਾਹ ਨਬੀ ਰਾਹੀਂ ਉਸ ਨੇ ਕਿਹਾ: “ਓਸ ਦਿਨ ਤਾਂ ਹਰੇਕ ਆਪਣੇ ਚਾਂਦੀ ਦੇ ਬੁੱਤਾਂ ਅਤੇ ਆਪਣੇ ਸੋਨੇ ਦੇ ਬੁੱਤਾਂ ਨੂੰ ਜਿਨ੍ਹਾਂ ਨੂੰ ਤੁਹਾਡਿਆਂ ਹੱਥਾਂ ਨੇ ਪਾਪ ਲਈ ਬਣਾਇਆ ਹੈ ਰੱਦ ਕਰੇਗਾ।” (ਯਸਾਯਾਹ 31:7) ਜਦੋਂ ਯਹੋਵਾਹ ਆਪਣੇ ਲੋਕਾਂ ਲਈ ਲੜਿਆ ਸੀ, ਤਾਂ ਸਨਹੇਰੀਬ ਦੇ ਦੇਵਤੇ ਕੁਝ ਵੀ ਨਹੀਂ ਕਰ ਸਕੇ। ਯਹੂਦਾਹ ਦੇ ਵਾਸੀਆਂ ਨੂੰ ਇਸ ਤੋਂ ਸਬਕ ਸਿੱਖਣਾ ਚਾਹੀਦਾ ਸੀ। ਰਾਜਾ ਹਿਜ਼ਕੀਯਾਹ ਦੀ ਵਫ਼ਾਦਾਰੀ ਦੇ ਬਾਵਜੂਦ, ਇਸਰਾਏਲ ਵਾਂਗ ਯਹੂਦਾਹ ਦਾ ਦੇਸ਼ ਵੀ ਮੂਰਤੀਆਂ ਨਾਲ ਭਰਿਆ ਹੋਇਆ ਸੀ। (ਯਸਾਯਾਹ 2:5-8) ਯਹੋਵਾਹ ਨਾਲ ਆਪਣਾ ਰਿਸ਼ਤਾ ਕਾਇਮ ਕਰਨ ਲਈ ਯਹੂਦਾਹ ਦੇ ਵਾਸੀਆਂ ਨੂੰ ਆਪਣੇ ਪਾਪਾਂ ਤੋਂ ਤੋਬਾ ਕਰ ਕੇ ਆਪਣੇ “ਬੁੱਤਾਂ” ਨੂੰ ਛੱਡਣ ਦੀ ਲੋੜ ਸੀ।—ਕੂਚ 34:14 ਦੇਖੋ।
21. ਭਵਿੱਖਬਾਣੀ ਵਿਚ ਯਸਾਯਾਹ ਨੇ ਕੀ ਦੱਸਿਆ ਸੀ ਕਿ ਯਹੋਵਾਹ ਅੱਸ਼ੂਰ ਦੇ ਖ਼ਿਲਾਫ਼ ਕੀ ਕਰੇਗਾ?
21 ਯਸਾਯਾਹ ਨੇ ਭਵਿੱਖਬਾਣੀ ਵਿਚ ਅੱਗੇ ਦੱਸਿਆ ਕਿ ਯਹੋਵਾਹ ਯਹੂਦਾਹ ਦੇ ਡਰਾਉਣੇ ਦੁਸ਼ਮਣ ਖ਼ਿਲਾਫ਼ ਕੀ-ਕੀ ਕਰੇਗਾ: “ਅੱਸ਼ੂਰੀ ਤਲਵਾਰ ਨਾਲ ਡਿੱਗੇਗਾ ਪਰ ਮਨੁੱਖ ਦੀ ਨਹੀਂ, ਅਤੇ ਇੱਕ ਤਲਵਾਰ ਜੋ ਆਦਮੀ ਦੀ ਨਹੀਂ ਉਹ ਨੂੰ ਖਾਵੇਗੀ, ਉਹ ਤਲਵਾਰ ਦੀ ਧਾਰ ਤੋਂ ਨੱਠੇਗਾ, ਅਤੇ ਉਹ ਦੇ ਜੁਆਨ ਬੇਗਾਰੀ ਹੋਣਗੇ।” (ਯਸਾਯਾਹ 31:8) ਸਮਾਂ ਆਉਣ ਤੇ ਯਰੂਸ਼ਲਮ ਦੇ ਵਾਸੀਆਂ ਨੂੰ ਤਲਵਾਰ ਵੀ ਨਹੀਂ ਚੁੱਕਣੀ ਪਈ ਸੀ। ਅੱਸ਼ੂਰ ਦੇ ਬਲਵਾਨ ਫ਼ੌਜੀ ਮਨੁੱਖਾਂ ਦੀਆਂ ਤਲਵਾਰਾਂ ਨਾਲ ਨਹੀਂ, ਸਗੋਂ ਯਹੋਵਾਹ ਦੀ ਤਲਵਾਰ ਨਾਲ ਖ਼ਤਮ ਕੀਤੇ ਗਏ ਸਨ। ਅੱਸ਼ੂਰੀ ਰਾਜਾ ਸਨਹੇਰੀਬ ਨੂੰ ‘ਤਲਵਾਰ ਦੀ ਧਾਰ ਤੋਂ ਨੱਠਣਾ ਪਿਆ’ ਸੀ। ਯਹੋਵਾਹ ਦੇ ਦੂਤ ਦੇ ਹੱਥੀਂ ਸਨਹੇਰੀਬ ਦੇ 1,85,000 ਫ਼ੌਜੀਆਂ ਦੀ ਮੌਤ ਹੋਈ ਜਿਸ ਤੋਂ ਬਾਅਦ ਸਨਹੇਰੀਬ ਆਪਣੇ ਘਰ ਵਾਪਸ ਭੱਜ ਗਿਆ ਸੀ। ਬਾਅਦ ਵਿਚ ਜਦੋਂ ਉਹ ਆਪਣੇ ਦੇਵਤੇ ਨਿਸਰੋਕ ਦੀ ਪੂਜਾ ਕਰ ਰਿਹਾ ਸੀ, ਉਸ ਦੇ ਆਪਣੇ ਹੀ ਪੁੱਤਰਾਂ ਨੇ ਉਸ ਦਾ ਕਤਲ ਕਰ ਦਿੱਤਾ ਸੀ।—2 ਰਾਜਿਆਂ 19:35-37.
22. ਹਿਜ਼ਕੀਯਾਹ ਅਤੇ ਅੱਸ਼ੂਰੀ ਫ਼ੌਜ ਦੀ ਘਟਨਾ ਤੋਂ ਮਸੀਹੀ ਅੱਜ ਕੀ ਸਿੱਖ ਸਕਦੇ ਹਨ?
22 ਕੋਈ ਵੀ ਇਨਸਾਨ ਨਹੀਂ ਜਾਣ ਸਕਦਾ ਸੀ ਕਿ ਯਹੋਵਾਹ ਨੇ ਯਰੂਸ਼ਲਮ ਨੂੰ ਅੱਸ਼ੂਰੀ ਫ਼ੌਜ ਤੋਂ ਕਿਸ ਤਰ੍ਹਾਂ ਬਚਾਉਣਾ ਸੀ। ਰਾਜਾ ਹਿਜ਼ਕੀਯਾਹ ਵੀ ਨਹੀਂ ਜਾਣਦਾ ਸੀ। ਫਿਰ ਵੀ, ਹਿਜ਼ਕੀਯਾਹ ਨੇ ਇਸ ਔਖੀ ਘੜੀ ਦਾ ਚੰਗੀ ਤਰ੍ਹਾਂ ਸਾਮ੍ਹਣਾ ਕੀਤਾ ਸੀ। ਇਹ ਅੱਜ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਾਲਿਆਂ ਲਈ ਇਕ ਵਧੀਆ ਮਿਸਾਲ ਹੈ। (2 ਕੁਰਿੰਥੀਆਂ 4:16-18) ਅਸੀਂ ਸਮਝ ਸਕਦੇ ਹਾਂ ਕਿ ਹਿਜ਼ਕੀਯਾਹ ਯਰੂਸ਼ਲਮ ਵਿਰੁੱਧ ਆਉਣ ਵਾਲੇ ਅੱਸ਼ੂਰੀਆਂ ਤੋਂ ਡਰਦਾ ਸੀ ਕਿਉਂਕਿ ਇਹ ਕੌਮ ਆਪਣੀ ਬੇਰਹਿਮੀ ਲਈ ਮਸ਼ਹੂਰ ਸੀ। (2 ਰਾਜਿਆਂ 19:3) ਫਿਰ ਵੀ, ਉਸ ਨੇ ਯਹੋਵਾਹ ਉੱਤੇ ਵਿਸ਼ਵਾਸ ਰੱਖਿਆ ਸੀ ਅਤੇ ਬੰਦਿਆਂ ਦੀ ਬਜਾਇ ਯਹੋਵਾਹ ਦੀ ਸਹਾਇਤਾ ਭਾਲੀ ਸੀ। ਯਰੂਸ਼ਲਮ ਨੂੰ ਇਸ ਕਰਕੇ ਕਿੰਨੀ ਵੱਡੀ ਬਰਕਤ ਮਿਲੀ! ਅੱਜ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਮਸੀਹੀ ਵੀ ਦਬਾਅ ਥੱਲੇ ਆ ਕੇ ਬੜੇ ਪਰੇਸ਼ਾਨ ਹੋ ਸਕਦੇ ਹਨ। ਕਈ ਹਾਲਤਾਂ ਵਿਚ ਸਾਨੂੰ ਵੀ ਡਰ ਲੱਗਦਾ ਹੈ। ਪਰ, ਜੇ ਅਸੀਂ ‘ਆਪਣੀ ਸਾਰੀ ਚਿੰਤਾ ਯਹੋਵਾਹ ਉੱਤੇ ਸੁਟ ਛੱਡੀਏ’ ਤਾਂ ਉਹ ਸਾਡੀ ਦੇਖ-ਭਾਲ ਕਰੇਗਾ। (1 ਪਤਰਸ 5:7) ਉਹ ਡਰ ਉੱਤੇ ਕਾਬੂ ਪਾਉਣ ਵਿਚ ਸਾਡੀ ਮਦਦ ਕਰੇਗਾ ਅਤੇ ਸਾਨੂੰ ਮਜ਼ਬੂਤ ਕਰੇਗਾ ਤਾਂਕਿ ਅਸੀਂ ਆਉਣ ਵਾਲੇ ਦਬਾਵਾਂ ਦਾ ਸਾਮ੍ਹਣਾ ਕਰ ਸਕਾਂਗੇ।
23. ਹਿਜ਼ਕੀਯਾਹ ਦੀ ਬਜਾਇ ਸਨਹੇਰੀਬ ਕਿਉਂ ਡਰਿਆ ਸੀ?
23 ਅੰਤ ਵਿਚ, ਹਿਜ਼ਕੀਯਾਹ ਨਹੀਂ ਸਗੋਂ ਸਨਹੇਰੀਬ ਡਰਿਆ ਸੀ। ਮਦਦ ਲਈ ਉਹ ਕਿਸ ਵੱਲ ਮੁੜ ਸਕਦਾ ਸੀ? ਯਸਾਯਾਹ ਨੇ ਭਵਿੱਖਬਾਣੀ ਕੀਤੀ: “ਉਹ ਦੀ ਚਟਾਨ ਭੈ ਨਾਲ ਜਾਂਦੀ ਰਹੇਗੀ, ਅਤੇ ਉਹ ਦੇ ਸਰਦਾਰ ਝੰਡੇ ਤੋਂ ਡੈਂਬਰ ਜਾਣਗੇ, ਯਹੋਵਾਹ ਦਾ ਵਾਕ ਹੈ, ਜਿਹ ਦੀ ਅੱਗ ਸੀਯੋਨ ਵਿੱਚ ਅਤੇ ਭੱਠੀ ਯਰੂਸ਼ਲਮ ਵਿੱਚ ਹੈ।” (ਯਸਾਯਾਹ 31:9) ਸਨਹੇਰੀਬ ਦੇ ਦੇਵਤੇ ਜਾਂ ਉਸ ਦੀ “ਚਟਾਨ” ਉਸ ਨੂੰ ਨਹੀਂ ਬਚਾ ਸਕੇ ਸਨ, ਭਾਵੇਂ ਕਿ ਉਸ ਨੇ ਉਨ੍ਹਾਂ ਉੱਤੇ ਭਰੋਸਾ ਰੱਖਿਆ ਸੀ। ਉਹ ਮਾਨੋ ‘ਭੈ ਨਾਲ ਜਾਂਦੇ ਰਹੇ।’ ਇਸ ਤੋਂ ਇਲਾਵਾ, ਸਨਹੇਰੀਬ ਦੇ ਸਰਦਾਰ ਵੀ ਉਸ ਦੀ ਮਦਦ ਨਹੀਂ ਕਰ ਸਕੇ ਸਨ। ਉਹ ਵੀ ਡਰੇ ਹੋਏ ਸਨ।
24. ਅੱਸ਼ੂਰ ਨਾਲ ਜੋ ਹੋਇਆ ਸੀ, ਉਸ ਤੋਂ ਕਿਹੜੀ ਚੇਤਾਵਨੀ ਮਿਲਦੀ ਹੈ?
24 ਯਸਾਯਾਹ ਦੀ ਇਸ ਭਵਿੱਖਬਾਣੀ ਤੋਂ ਪਰਮੇਸ਼ੁਰ ਦੇ ਹਰ ਵਿਰੋਧੀ ਨੂੰ ਸਾਫ਼ ਚੇਤਾਵਨੀ ਮਿਲਦੀ ਹੈ। ਅਜਿਹਾ ਕੋਈ ਹਥਿਆਰ, ਕੋਈ ਸ਼ਕਤੀ, ਅਤੇ ਕੋਈ ਜੁਗਤ ਨਹੀਂ ਹੈ ਜੋ ਯਹੋਵਾਹ ਦੇ ਮਕਸਦ ਨੂੰ ਬਦਲ ਸਕਦੀ ਹੈ। (ਯਸਾਯਾਹ 41:11, 12) ਨਾਲੇ, ਉਹ ਲੋਕ ਨਿਰਾਸ਼ ਹੋਣਗੇ ਜਿਹੜੇ ਪਰਮੇਸ਼ੁਰ ਦੀ ਸੇਵਾ ਕਰਨ ਦਾ ਦਾਅਵਾ ਤਾਂ ਕਰਦੇ ਹਨ ਪਰ ਉਸ ਤੋਂ ਮੂੰਹ ਫੇਰ ਕੇ ਦੁਨਿਆਵੀ ਚੀਜ਼ਾਂ ਤੋਂ ਸੁਰੱਖਿਆ ਭਾਲਦੇ ਹਨ। ਜਿਹੜੇ ਲੋਕ “ਇਸਰਾਏਲ ਦੇ ਪਵਿੱਤਰ ਪੁਰਖ ਵੱਲ ਨਹੀਂ ਤੱਕਦੇ” ਉਹ ਯਹੋਵਾਹ ਨੂੰ ‘ਬਿਪਤਾ ਲਿਆਉਂਦਾ’ ਹੋਇਆ ਦੇਖਣਗੇ। (ਯਸਾਯਾਹ 31:1, 2) ਵਾਕਈ, ਯਹੋਵਾਹ ਪਰਮੇਸ਼ੁਰ ਹੀ ਸੱਚੀ ਪਨਾਹ ਦੇ ਸਕਦਾ ਹੈ।—ਜ਼ਬੂਰ 37:5.
[ਫੁਟਨੋਟ]
a ਸੰਭਵ ਹੈ ਕਿ ਯਸਾਯਾਹ ਦੇ 31ਵੇਂ ਅਧਿਆਇ ਦੀਆਂ ਪਹਿਲੀਆਂ ਤਿੰਨ ਆਇਤਾਂ ਖ਼ਾਸ ਕਰਕੇ ਇਸਰਾਏਲ ਲਈ ਸਨ। ਪਰ ਲੱਗਦਾ ਹੈ ਕਿ ਆਖ਼ਰੀ ਛੇ ਆਇਤਾਂ ਯਹੂਦਾਹ ਉੱਤੇ ਲਾਗੂ ਹੋਈਆਂ ਸਨ।
[ਸਫ਼ਾ 319 ਉੱਤੇ ਤਸਵੀਰ]
ਧਨ-ਦੌਲਤ ਉੱਤੇ ਭਰੋਸਾ ਰੱਖਣ ਵਾਲੇ ਨਿਰਾਸ਼ ਹੋਣਗੇ
[ਸਫ਼ਾ 322 ਉੱਤੇ ਤਸਵੀਰ]
ਯਹੋਵਾਹ ਨੇ ਆਪਣੇ ਪਵਿੱਤਰ ਸ਼ਹਿਰ ਦੀ ਰੱਖਿਆ ਇਕ ਸ਼ੇਰ ਵਾਂਗ ਕੀਤੀ ਜੋ ਆਪਣੇ ਸ਼ਿਕਾਰ ਕੋਲ ਖੜ੍ਹਾ ਹੁੰਦਾ ਹੈ
[ਸਫ਼ਾ 324 ਉੱਤੇ ਤਸਵੀਰਾਂ]
ਇਸ ਦੁਨੀਆਂ ਵਿਚ ਮਜ਼ਹਬੀ, ਜਾਤੀਗਤ, ਅਤੇ ਨਸਲੀ ਫੁੱਟਾਂ ਪਈਆਂ ਹੋਈਆਂ ਹਨ
[ਸਫ਼ਾ 326 ਉੱਤੇ ਤਸਵੀਰ]
ਹਿਜ਼ਕੀਯਾਹ ਮਦਦ ਲਈ ਯਹੋਵਾਹ ਦੇ ਭਵਨ ਨੂੰ ਗਿਆ ਸੀ