“ਪਰਮੇਸ਼ਰ ਦਾ ਡਰ ਮੰਨਦੇ ਹੋਏ, ਪੂਰਨ ਪਵਿੱਤਰ ਜੀਵਨ ਗੁਜ਼ਾਰਨ ਦੀ ਕੋਸ਼ਿਸ਼ ਕਰੋ”
ਯਹੋਵਾਹ ਅੱਤ ਪਵਿੱਤਰ ਪਰਮੇਸ਼ੁਰ ਹੈ ਜਿਸ ਬਾਰੇ ਬਾਈਬਲ ਵਿਚ ਲਿਖਿਆ ਹੈ: ‘ਪਵਿੱਤ੍ਰ, ਪਵਿੱਤ੍ਰ, ਪਵਿੱਤ੍ਰ ਹੈ ਯਹੋਵਾਹ।’ (ਯਸਾ. 6:3; ਪਰ. 4:8) ਇਬਰਾਨੀ ਤੇ ਯੂਨਾਨੀ ਭਾਸ਼ਾਵਾਂ ਦੇ ਜਿਨ੍ਹਾਂ ਸ਼ਬਦਾਂ ਦਾ ਅਰਥ “ਪਵਿੱਤਰ” ਅਨੁਵਾਦ ਕੀਤਾ ਗਿਆ ਹੈ, ਉਨ੍ਹਾਂ ਦਾ ਮਤਲਬ ਹੈ ਸ਼ੁੱਧ ਜਾਂ ਸਾਫ਼-ਸੁਥਰੀ ਭਗਤੀ ਅਤੇ ਹਰ ਤਰ੍ਹਾਂ ਦੀ ਬੁਰਾਈ ਤੋਂ ਦੂਰ ਰਹਿਣਾ। ਇੱਥੇ ਪਰਮੇਸ਼ੁਰ ਨੂੰ ਪਵਿੱਤਰ ਕਹਿਣ ਦਾ ਮਤਲਬ ਹੈ ਕਿ ਉਹ ਪੂਰੀ ਤਰ੍ਹਾਂ ਸਾਫ਼, ਸ਼ੁੱਧ ਅਤੇ ਪਾਕ ਹੈ।
ਜੇ ਯਹੋਵਾਹ ਪਰਮੇਸ਼ੁਰ ਪਵਿੱਤਰ ਹੈ, ਤਾਂ ਕੀ ਉਹ ਆਪਣੇ ਭਗਤਾਂ ਤੋਂ ਵੀ ਇਹੀ ਉਮੀਦ ਨਹੀਂ ਰੱਖੇਗਾ ਕਿ ਉਨ੍ਹਾਂ ਦਾ ਚਾਲ-ਚਲਣ ਨੇਕ ਹੋਵੇ, ਉਨ੍ਹਾਂ ਦੀ ਭਗਤੀ ਸ਼ੁੱਧ ਹੋਵੇ ਤੇ ਉਹ ਸਰੀਰਕ ਤੌਰ ਤੇ ਵੀ ਸਾਫ਼-ਸੁਥਰੇ ਹੋਣ? ਜੀ ਹਾਂ, ਬਾਈਬਲ ਵਿਚ ਸਾਫ਼ ਦੱਸਿਆ ਹੈ ਕਿ ਯਹੋਵਾਹ ਦੇ ਲੋਕਾਂ ਨੂੰ ਪਵਿੱਤਰ ਹੋਣਾ ਚਾਹੀਦਾ ਹੈ। 1 ਪਤਰਸ 1:16 ਵਿਚ ਅਸੀਂ ਪੜ੍ਹਦੇ ਹਾਂ: “ਤੁਸੀਂ ਪਵਿੱਤਰ ਬਣੋ ਇਸ ਲਈ ਜੋ ਮੈਂ ਪਵਿੱਤਰ ਹਾਂ।” ਕੀ ਨਾਮੁਕੰਮਲ ਇਨਸਾਨ ਯਹੋਵਾਹ ਵਾਂਗ ਪਵਿੱਤਰ ਬਣ ਸਕਦੇ ਹਨ? ਹਾਂ, ਪਰ ਪੂਰੀ ਤਰ੍ਹਾਂ ਨਹੀਂ। ਅਸੀਂ ਉਸ ਦੀਆਂ ਨਜ਼ਰਾਂ ਵਿਚ ਪਵਿੱਤਰ ਗਿਣੇ ਜਾਵਾਂਗੇ ਜੇ ਅਸੀਂ ਉਸ ਦੇ ਸਿਖਾਏ ਰਾਹ ʼਤੇ ਚੱਲੀਏ ਅਤੇ ਉਸ ਨਾਲ ਚੰਗਾ ਰਿਸ਼ਤਾ ਜੋੜੀਏ।
ਪਰ ਅਸੀਂ ਇਸ ਭ੍ਰਿਸ਼ਟ ਦੁਨੀਆਂ ਵਿਚ ਕਿਵੇਂ ਸ਼ੁੱਧ ਰਹਿ ਸਕਦੇ ਹਾਂ? ਸਾਨੂੰ ਕਿਹੜੇ ਕੰਮ ਛੱਡਣੇ ਚਾਹੀਦੇ ਹਨ? ਸਾਨੂੰ ਆਪਣੀ ਬੋਲੀ ਅਤੇ ਚਾਲ-ਚਲਣ ਵਿਚ ਕਿਹੜੀਆਂ ਤਬਦੀਲੀਆਂ ਕਰਨ ਦੀ ਲੋੜ ਹੈ? ਆਓ ਆਪਾਂ ਯਹੂਦੀਆਂ ਦੀ ਮਿਸਾਲ ʼਤੇ ਗੌਰ ਕਰੀਏ ਕਿ ਜਦ ਉਹ 537 ਈ. ਪੂ. ਵਿਚ ਬਾਬਲ ਤੋਂ ਯਰੂਸ਼ਲਮ ਪਰਤੇ ਸਨ, ਤਾਂ ਪਰਮੇਸ਼ੁਰ ਨੂੰ ਉਨ੍ਹਾਂ ਤੋਂ ਕੀ ਉਮੀਦ ਸੀ।
‘ਇੱਕ ਪਵਿਤ੍ਰ ਰਾਹ ਹੋਵੇਗਾ’
ਯਹੋਵਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਬਾਬਲ ਵਿਚ ਗ਼ੁਲਾਮ ਉਸ ਦੇ ਲੋਕ ਆਪਣੇ ਦੇਸ਼ ਪਰਤਣਗੇ। ਇਸ ਭਵਿੱਖਬਾਣੀ ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਇਹ ਗਾਰੰਟੀ ਦਿੱਤੀ: “ਉੱਥੇ ਇੱਕ ਸ਼ਾਹੀ ਰਾਹ ਹੋਵੇਗਾ, ਅਤੇ ਉਹ ਰਾਹ ‘ਪਵਿੱਤ੍ਰ ਰਾਹ’ ਕਹਾਵੇਗਾ।” (ਯਸਾ. 35:8ੳ) ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਨਾ ਸਿਰਫ਼ ਯਹੂਦੀਆਂ ਲਈ ਆਪਣੇ ਦੇਸ਼ ਪਰਤਣ ਦਾ ਰਾਹ ਖੋਲ੍ਹਿਆ, ਸਗੋਂ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਰਾਹ ਵਿਚ ਉਹ ਉਨ੍ਹਾਂ ਦੀ ਰਾਖੀ ਵੀ ਕਰੇਗਾ।
ਯਹੋਵਾਹ ਨੇ ਆਧੁਨਿਕ ਸਮੇਂ ਵਿਚ ਵੀ ਆਪਣੇ ਸੇਵਕਾਂ ਲਈ “ਪਵਿੱਤ੍ਰ ਰਾਹ” ਖੋਲ੍ਹਿਆ ਤੇ ਉਨ੍ਹਾਂ ਨੂੰ ਵੱਡੀ ਬਾਬਲ ਯਾਨੀ ਝੂਠੇ ਧਰਮਾਂ ਦੇ ਵਿਸ਼ਵ ਸਾਮਰਾਜ ਵਿੱਚੋਂ ਬਾਹਰ ਕੱਢ ਲਿਆਂਦਾ। 1919 ਵਿਚ ਉਸ ਨੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਇਨ੍ਹਾਂ ਧਰਮਾਂ ਦੀ ਗ਼ੁਲਾਮੀ ਤੋਂ ਆਜ਼ਾਦ ਕੀਤਾ ਤੇ ਹੌਲੀ-ਹੌਲੀ ਉਨ੍ਹਾਂ ਨੇ ਝੂਠੀਆਂ ਸਿੱਖਿਆਵਾਂ ਛੱਡ ਦਿੱਤੀਆਂ। ਇਸ ਤਰ੍ਹਾਂ ਉਹ ਯਹੋਵਾਹ ਦੀ ਸ਼ੁੱਧ ਭਗਤੀ ਕਰਨ ਲੱਗ ਪਏ। ਯਹੋਵਾਹ ਦੇ ਸੇਵਕ ਹੋਣ ਦੇ ਨਾਤੇ, ਅਸੀਂ ਉਸ ਦੀ ਕਲੀਸਿਯਾ ਵਿਚ ਸਾਫ਼ ਤੇ ਸ਼ਾਂਤ ਮਾਹੌਲ ਦਾ ਆਨੰਦ ਮਾਣਦੇ ਹਾਂ ਜਿੱਥੇ ਅਸੀਂ ਉਸ ਦੀ ਸ਼ੁੱਧ ਭਗਤੀ ਕਰ ਸਕਦੇ ਹਾਂ ਅਤੇ ਉਸ ਨਾਲ ਤੇ ਆਪਣੇ ਭੈਣਾਂ-ਭਰਾਵਾਂ ਨਾਲ ਚੰਗਾ ਰਿਸ਼ਤਾ ਬਣਾ ਸਕਦੇ ਹਾਂ।
ਮਸਹ ਕੀਤੇ ਹੋਏ ਮਸੀਹੀਆਂ ਦੇ “ਛੋਟੇ ਝੁੰਡ” ਦੇ ਮੈਂਬਰਾਂ ਅਤੇ ‘ਹੋਰ ਭੇਡਾਂ’ ਦੀ “ਵੱਡੀ ਭੀੜ” ਦੇ ਮੈਂਬਰਾਂ ਨੇ ਯਹੋਵਾਹ ਦੇ ਪਵਿੱਤਰ ਰਾਹ ਨੂੰ ਚੁਣਿਆ ਹੈ ਅਤੇ ਉਹ ਹੋਰਨਾਂ ਨੂੰ ਵੀ ਇਸ ਰਾਹ ʼਤੇ ਚੱਲਣ ਦਾ ਸੱਦਾ ਦਿੰਦੇ ਹਨ। (ਲੂਕਾ 12:32; ਪਰ. 7:9; ਯੂਹੰ. 10:16) ਇਹ “ਪਵਿੱਤ੍ਰ ਰਾਹ” ਉਨ੍ਹਾਂ ਸਾਰਿਆਂ ਲਈ ਖੁੱਲ੍ਹਾ ਹੈ ਜੋ “ਆਪਣੀਆਂ ਦੇਹੀਆਂ ਨੂੰ ਜੀਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਬਲੀਦਾਨ ਕਰਕੇ” ਚੜ੍ਹਾਉਣਾ ਚਾਹੁੰਦੇ ਹਨ।—ਰੋਮੀ. 12:1.
“ਕੋਈ ਅਸ਼ੁੱਧ ਉਹ ਦੇ ਉੱਤੋਂ ਦੀ ਨਹੀਂ ਲੰਘੇਗਾ”
537 ਈ. ਪੂ. ਵਿਚ ਵਾਪਸ ਆ ਰਹੇ ਯਹੂਦੀਆਂ ਨੇ ਪਰਮੇਸ਼ੁਰ ਦੀ ਇਕ ਮੰਗ ਪੂਰੀ ਕਰਨੀ ਸੀ। “ਪਵਿੱਤ੍ਰ ਰਾਹ” ਉੱਤੇ ਚੱਲਣ ਦੇ ਕਾਬਲ ਲੋਕਾਂ ਬਾਰੇ ਯਸਾਯਾਹ 35:8ਅ ਕਹਿੰਦਾ ਹੈ: “ਕੋਈ ਅਸ਼ੁੱਧ ਉਹ ਦੇ ਉੱਤੋਂ ਦੀ ਨਹੀਂ ਲੰਘੇਗਾ, ਉਹ ਛੁਡਾਏ ਹੋਇਆਂ ਦੇ ਲਈ ਹੋਵੇਗਾ। ਰਾਹੀ ਭਾਵੇਂ ਮੂਰਖ ਹੋਣ ਕੁਰਾਹੇ ਨਾ ਪੈਣਗੇ।” ਯਹੂਦੀਆਂ ਨੇ ਯਰੂਸ਼ਲਮ ਵਾਪਸ ਆ ਕੇ ਯਹੋਵਾਹ ਦੀ ਭਗਤੀ ਮੁੜ ਸ਼ੁਰੂ ਕਰਨੀ ਸੀ। ਇਸ ਲਈ ਉੱਥੇ ਅਜਿਹੇ ਲੋਕਾਂ ਲਈ ਕੋਈ ਥਾਂ ਨਹੀਂ ਸੀ ਜੋ ਸੁਆਰਥੀ ਸਨ, ਪਵਿੱਤਰ ਚੀਜ਼ਾਂ ਦੀ ਕੋਈ ਕਦਰ ਨਹੀਂ ਕਰਦੇ ਸਨ ਜਾਂ ਜੋ ਗ਼ਲਤ ਕੰਮ ਕਰਦੇ ਸਨ। ਉਨ੍ਹਾਂ ਨੂੰ ਯਹੋਵਾਹ ਦੇ ਉੱਚੇ-ਸੁੱਚੇ ਨੈਤਿਕ ਅਸੂਲਾਂ ʼਤੇ ਚੱਲਣ ਦੀ ਲੋੜ ਸੀ। ਅੱਜ ਵੀ ਪਰਮੇਸ਼ੁਰ ਦੀ ਮਿਹਰ ਪਾਉਣ ਦੀ ਖ਼ਾਹਸ਼ ਰੱਖਣ ਵਾਲੇ ਲੋਕਾਂ ਨੂੰ ਇਸ ਤਰ੍ਹਾਂ ਕਰਨ ਦੀ ਲੋੜ ਹੈ। ਉਨ੍ਹਾਂ ਨੂੰ ਵੀ ‘ਪਰਮੇਸ਼ਰ ਦਾ ਡਰ ਮੰਨਦੇ ਹੋਏ, ਪੂਰਨ ਪਵਿੱਤਰ ਜੀਵਨ ਗੁਜ਼ਾਰਨ ਦੀ ਕੋਸ਼ਿਸ਼ ਕਰਨੀ’ ਚਾਹੀਦੀ ਹੈ। (2 ਕੁਰਿੰ. 7:1, CL) ਪਰ ਸਵਾਲ ਉੱਠਦਾ ਹੈ ਕਿ ਸਾਨੂੰ ਕਿਹੜੇ ਗ਼ਲਤ ਕੰਮ ਛੱਡਣੇ ਪੈਣਗੇ?
ਪੌਲੁਸ ਰਸੂਲ ਨੇ ਲਿਖਿਆ: “ਹੁਣ ਸਰੀਰ ਦੇ ਕੰਮ ਤਾਂ ਪਰਗਟ ਹਨ। ਓਹ ਏਹ ਹਨ—ਹਰਾਮਕਾਰੀ, ਗੰਦ ਮੰਦ, ਲੁੱਚਪੁਣਾ।” (ਗਲਾ. 5:19) ਹਰਾਮਕਾਰੀ ਦਾ ਮਤਲਬ ਹੈ ਵਿਆਹ ਤੋਂ ਬਾਹਰੇ ਕਿਸੇ ਵੀ ਤਰ੍ਹਾਂ ਦੇ ਜਿਨਸੀ ਸੰਬੰਧ। ਲੁੱਚਪੁਣੇ ਦਾ ਮਤਲਬ ਹੈ “ਬਦਕਾਰੀ, ਵਿਲਾਸਤਾ, ਬੇਸ਼ਰਮੀ, ਅਸ਼ਲੀਲਤਾ।” ਹਰਾਮਕਾਰੀ ਅਤੇ ਲੁੱਚਪੁਣਾ ਦੋਵੇਂ ਯਹੋਵਾਹ ਦੇ ਉੱਚੇ-ਸੁੱਚੇ ਨੈਤਿਕ ਅਸੂਲਾਂ ਦੇ ਖ਼ਿਲਾਫ਼ ਹਨ। ਜੋ ਲੋਕ ਇੱਦਾਂ ਦੇ ਕੰਮ ਕਰਨੋਂ ਨਹੀਂ ਹਟਦੇ, ਉਹ ਮਸੀਹੀ ਕਲੀਸਿਯਾ ਦੇ ਮੈਂਬਰ ਨਹੀਂ ਬਣ ਸਕਦੇ ਜਾਂ ਉਨ੍ਹਾਂ ਨੂੰ ਕਲੀਸਿਯਾ ਵਿੱਚੋਂ ਕੱਢ ਦਿੱਤਾ ਜਾਂਦਾ ਹੈ। ਉਨ੍ਹਾਂ ਨਾਲ ਵੀ ਇੱਦਾਂ ਹੀ ਕੀਤਾ ਜਾਂਦਾ ਹੈ ਜੋ ‘ਚੌਂਪ [ਯਾਨੀ ਲੋਭ] ਨਾਲ ਹਰ ਭਾਂਤ ਦੇ ਗੰਦੇ ਮੰਦੇ ਕੰਮ’ ਕਰਦੇ ਹਨ।—ਅਫ਼. 4:19.
ਇਨ੍ਹਾਂ ‘ਗੰਦੇ ਮੰਦੇ ਕੰਮਾਂ’ ਵਿਚ ਕਈ ਤਰ੍ਹਾਂ ਦੇ ਪਾਪ ਸ਼ਾਮਲ ਹਨ। ‘ਗੰਦੇ ਮੰਦੇ ਕੰਮਾਂ’ ਲਈ ਵਰਤਿਆ ਯੂਨਾਨੀ ਸ਼ਬਦ ਹਰ ਕਿਸਮ ਦੀ ਅਸ਼ੁੱਧਤਾ ਦਾ ਭਾਵ ਰੱਖਦਾ ਹੈ। ਇਹ ਅਸ਼ੁੱਧਤਾ ਇਕ ਵਿਅਕਤੀ ਦੇ ਚਾਲ-ਚਲਣ, ਬੋਲੀ ਤੇ ਕੰਮਾਂ ਵਿਚ ਜ਼ਾਹਰ ਹੁੰਦੀ ਹੈ ਜਾਂ ਫਿਰ ਹੋਰਨਾਂ ਧਰਮਾਂ ਦੇ ਲੋਕਾਂ ਨਾਲ ਸੰਗਤ ਕਰਨ ਨਾਲ ਉਸ ਦੀ ਭਗਤੀ ਵਿਚ ਅਸ਼ੁੱਧਤਾ ਆ ਜਾਂਦੀ ਹੈ। ਇਸ ਵਿਚ ਉਹ ਕੰਮ ਵੀ ਆਉਂਦੇ ਹਨ ਜਿਨ੍ਹਾਂ ਲਈ ਬਜ਼ੁਰਗਾਂ ਨੂੰ ਸ਼ਾਇਦ ਜੁਡੀਸ਼ਲ ਕਾਰਵਾਈ ਨਾ ਕਰਨੀ ਪਵੇ।a ਪਰ ਕੀ ਇਹੋ ਜਿਹੇ ਕੰਮ ਕਰਨ ਵਾਲੇ ਯਹੋਵਾਹ ਦੇ ਪਵਿੱਤਰ ਰਾਹ ʼਤੇ ਚੱਲ ਰਹੇ ਹਨ?
ਮੰਨ ਲਓ ਕਿ ਕੋਈ ਮਸੀਹੀ ਚੋਰੀ-ਛੁਪੇ ਅਸ਼ਲੀਲ ਫਿਲਮਾਂ ਜਾਂ ਤਸਵੀਰਾਂ ਦੇਖਣ ਲੱਗ ਪਿਆ ਹੈ। ਹੌਲੀ-ਹੌਲੀ ਉਸ ਅੰਦਰ ਗ਼ਲਤ ਇੱਛਾਵਾਂ ਜਾਗ ਪੈਂਦੀਆਂ ਹਨ ਜਿਨ੍ਹਾਂ ਕਰਕੇ ਹੁਣ ਉਸ ਦਾ ਪਹਿਲਾਂ ਵਾਂਗ ਯਹੋਵਾਹ ਅੱਗੇ ਸ਼ੁੱਧ ਰਹਿਣ ਦਾ ਇਰਾਦਾ ਪੱਕਾ ਨਹੀਂ ਹੈ। ਹਾਲਾਂਕਿ ਉਸ ਦੀ ਇਹ ਗੰਦੀ ਆਦਤ ਇਸ ਹੱਦ ਤਕ ਨਹੀਂ ਵਿਗੜੀ ਕਿ ਉਸ ਨੂੰ ਗੰਭੀਰ ਪਾਪ ਕਿਹਾ ਜਾ ਸਕੇ, ਪਰ ਉਸ ਨੇ ਹੁਣ ਉਨ੍ਹਾਂ ਗੱਲਾਂ ʼਤੇ ਵਿਚਾਰ ਕਰਨਾ ਛੱਡ ਦਿੱਤਾ ਹੈ ਜੋ ‘ਸ਼ੁੱਧ ਹਨ, ਨੇਕ ਨਾਮੀ ਦੀਆਂ, ਗੁਣੀ ਅਤੇ ਸੋਭਾ’ ਦਿੰਦੀਆਂ ਹਨ। (ਫ਼ਿਲਿ. 4:8) ਅਸ਼ਲੀਲ ਫ਼ਿਲਮਾਂ ਜਾਂ ਤਸਵੀਰਾਂ ਦੇਖਣੀਆਂ ਗੰਦਾ ਕੰਮ ਹੈ ਜੋ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਨੂੰ ਵਿਗਾੜਦਾ ਹੈ। ਸਾਨੂੰ ਤਾਂ ਇਨ੍ਹਾਂ ਕੰਮਾਂ ਬਾਰੇ ਗੱਲ ਵੀ ਨਹੀਂ ਕਰਨੀ ਚਾਹੀਦੀ।—ਅਫ਼. 5:3.
ਇਕ ਹੋਰ ਮਿਸਾਲ ʼਤੇ ਗੌਰ ਕਰੋ। ਮੰਨ ਲਓ ਕਿ ਇਕ ਮਸੀਹੀ ਨੂੰ ਹੱਥਰਸੀ ਦੀ ਆਦਤ ਪੈ ਜਾਂਦੀ ਹੈ। ਉਹ ਜਾਣ-ਬੁੱਝ ਕੇ ਆਪਣੀ ਕਾਮੁਕ ਇੱਛਾ ਜਗਾਉਂਦਾ ਹੈ, ਚਾਹੇ ਇਹ ਆਦਤ ਉਸ ਨੂੰ ਅਸ਼ਲੀਲ ਫਿਲਮਾਂ ਦੇਖਣ ਕਰਕੇ ਪਈ ਹੈ ਜਾਂ ਸਾਹਿੱਤ ਪੜ੍ਹਨ ਕਰਕੇ। ਹਾਲਾਂਕਿ ਬਾਈਬਲ ਵਿਚ ਹੱਥਰਸੀ ਦਾ ਜ਼ਿਕਰ ਨਹੀਂ ਆਉਂਦਾ, ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਆਦਤ ਦਿਲ ਅਤੇ ਦਿਮਾਗ਼ ਨੂੰ ਭ੍ਰਿਸ਼ਟ ਕਰਦੀ ਹੈ। ਅਤੇ ਇਸ ਗੰਦੀ ਆਦਤ ਕਾਰਨ ਉਸ ਮਸੀਹੀ ਦਾ ਯਹੋਵਾਹ ਨਾਲ ਰਿਸ਼ਤਾ ਜ਼ਰੂਰ ਵਿਗੜ ਜਾਵੇਗਾ ਤੇ ਉਹ ਉਸ ਦੀਆਂ ਨਜ਼ਰਾਂ ਵਿਚ ਅਸ਼ੁੱਧ ਹੋਵੇਗਾ। ਇਸ ਲਈ ਆਓ ਆਪਾਂ ਪੌਲੁਸ ਦੀ ਸਲਾਹ ਨੂੰ ਮੰਨ ਕੇ “ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਮਲੀਨਤਾਈ ਤੋਂ ਸ਼ੁੱਧ” ਕਰੀਏ ਅਤੇ ‘ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਮਾਰ ਸੁੱਟੀਏ ਅਰਥਾਤ ਹਰਾਮਕਾਰੀ, ਗੰਦ ਮੰਦ, ਕਾਮਨਾ, ਬੁਰੀ ਇੱਛਿਆ ਅਤੇ ਲੋਭ ਨੂੰ।’—2 ਕੁਰਿੰ. 7:1; ਕੁਲੁ. 3:5.
ਸ਼ਤਾਨ ਦੇ ਵੱਸ ਵਿਚ ਪਈ ਦੁਨੀਆਂ ਗੰਦੇ-ਮੰਦੇ ਕੰਮਾਂ ਨੂੰ ਪਸੰਦ ਕਰਦੀ ਹੈ। ਇਨ੍ਹਾਂ ਕੰਮਾਂ ਵਿਚ ਪੈਣ ਤੋਂ ਆਪਣੇ ਆਪ ਨੂੰ ਰੋਕਣਾ ਸਾਡੇ ਲਈ ਮੁਸ਼ਕਲ ਹੋ ਸਕਦਾ ਹੈ। ਪਰ ਯਾਦ ਰਹੇ ਕਿ ਮਸੀਹੀਆਂ ਨੂੰ ਅਜਿਹੀ ਚਾਲ ਨਹੀਂ ਚੱਲਣੀ ਚਾਹੀਦੀ ਜੋ ‘ਪਰਾਈਆਂ ਕੌਮਾਂ ਆਪਣੀ ਬੁੱਧ ਦੇ ਵਿਰਥਾਪੁਣੇ ਨਾਲ ਚੱਲਦੀਆਂ ਹਨ।’ (ਅਫ਼. 4:17) ਯਹੋਵਾਹ ਤਾਂ ਹੀ ਸਾਨੂੰ “ਪਵਿੱਤ੍ਰ ਰਾਹ” ʼਤੇ ਚੱਲਦੇ ਰਹਿਣ ਦੇਵੇਗਾ ਜੇ ਅਸੀਂ ਗੁਪਤ ਵਿਚ ਜਾਂ ਫਿਰ ਲੋਕਾਂ ਸਾਮ੍ਹਣੇ ਬੁਰੇ ਕੰਮ ਕਰਨ ਤੋਂ ਪਰਹੇਜ਼ ਕਰਦੇ ਹਾਂ।
“ਉੱਥੇ ਕੋਈ ਬਬਰ ਸ਼ੇਰ ਨਹੀਂ ਹੋਵੇਗਾ”
ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਦੀ ਮਿਹਰ ਸਾਡੇ ʼਤੇ ਹੋਵੇ, ਤਾਂ ਸਾਨੂੰ ਸ਼ਾਇਦ ਆਪਣੇ ਚਾਲ-ਚਲਣ ਅਤੇ ਬੋਲੀ ਵਿਚ ਤਬਦੀਲੀਆਂ ਕਰਨੀਆਂ ਪੈਣ। ਯਸਾਯਾਹ 35:9 ਕਹਿੰਦਾ ਹੈ: “ਉੱਥੇ ਕੋਈ ਬਬਰ ਸ਼ੇਰ ਨਹੀਂ ਹੋਵੇਗਾ, ਕੋਈ ਪਾੜਨ ਵਾਲਾ ਦਰਿੰਦਾ ਉਸ ਉੱਤੇ” ਯਾਨੀ “ਪਵਿੱਤ੍ਰ ਰਾਹ” ਉੱਤੇ “ਨਾ ਚੜ੍ਹੇਗਾ।” ਜੋ ਲੋਕ ਖੂੰਖਾਰ ਹਨ, ਮਾਰ-ਧਾੜ ਕਰਦੇ ਅਤੇ ਝਗੜਾਲੂ ਸੁਭਾਅ ਦੇ ਹਨ, ਉਨ੍ਹਾਂ ਦੀ ਤੁਲਨਾ ਇਸ ਹਵਾਲੇ ਵਿਚ ਵਹਿਸ਼ੀ ਦਰਿੰਦਿਆਂ ਨਾਲ ਕੀਤੀ ਗਈ ਹੈ। ਉਨ੍ਹਾਂ ਲਈ ਪਰਮੇਸ਼ੁਰ ਦੇ ਧਰਮੀ ਲੋਕਾਂ ਨਾਲ ਬਣੀ ਨਵੀਂ ਦੁਨੀਆਂ ਵਿਚ ਕੋਈ ਥਾਂ ਨਹੀਂ ਹੋਵੇਗੀ। (ਯਸਾ. 11:6; 65:25) ਇਸ ਲਈ ਪਰਮੇਸ਼ੁਰ ਦੀ ਮਿਹਰ ਪਾਉਣ ਦੇ ਚਾਹਵਾਨ ਲੋਕਾਂ ਲਈ ਇਹੋ ਜਿਹੇ ਵਹਿਸ਼ੀ ਸੁਭਾਅ ਨੂੰ ਛੱਡ ਕੇ ਪਵਿੱਤਰ ਰਾਹ ਉੱਤੇ ਚੱਲਣਾ ਬਹੁਤ ਜ਼ਰੂਰੀ ਹੈ।
ਬਾਈਬਲ ਤਾਕੀਦ ਕਰਦੀ ਹੈ ਕਿ “ਸਭ ਕੁੜੱਤਣ, ਕ੍ਰੋਧ, ਕੋਪ, ਰੌਲਾ, ਅਤੇ ਦੁਰਬਚਨ ਸਾਰੀ ਬੁਰਿਆਈ ਸਣੇ ਤੁਹਾਥੋਂ ਦੂਰ ਹੋਵੇ।” (ਅਫ਼. 4:31) ਕੁਲੁੱਸੀਆਂ 3:8 ਵਿਚ ਅਸੀਂ ਪੜ੍ਹਦੇ ਹਾਂ: “ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਅਰਥਾਤ ਕੋਪ, ਕ੍ਰੋਧ, ਬਦੀ, ਦੁਰਬਚਨ, ਅਤੇ ਆਪਣੇ ਮੂੰਹੋਂ ਗੰਦੀਆਂ ਗਾਲਾਂ ਕੱਢਣੀਆਂ ਛੱਡ ਦਿਓ।” ਇਨ੍ਹਾਂ ਦੋਹਾਂ ਆਇਤਾਂ ਵਿਚ ਲਫ਼ਜ਼ “ਦੁਰਬਚਨ” ਦਿਲ ਨੂੰ ਛਲਣੀ ਕਰਨ ਵਾਲੀਆਂ ਜਾਂ ਨਿੰਦਿਆ ਭਰੀਆਂ ਗੱਲਾਂ ਦਾ ਭਾਵ ਰੱਖਦਾ ਹੈ।
ਅੱਜ-ਕੱਲ੍ਹ ਹਰ ਕਿਸੇ ਦੇ ਮੂੰਹੋਂ ਗੰਦੇ ਲਫ਼ਜ਼ ਨਿਕਲਦੇ ਹਨ, ਇੱਥੋਂ ਤਕ ਕਿ ਘਰਾਂ ਵਿਚ ਵੀ ਗੰਦੀ ਬੋਲੀ ਆਮ ਬੋਲੀ ਜਾਂਦੀ ਹੈ। ਪਤੀ-ਪਤਨੀ ਇਕ-ਦੂਜੇ ਨੂੰ ਅਤੇ ਆਪਣੇ ਬੱਚਿਆਂ ਨੂੰ ਚੁਭਵੀਆਂ ਗੱਲਾਂ ਕਹਿੰਦੇ ਹਨ ਜਾਂ ਗੰਦੀਆਂ ਗਾਲ਼ਾਂ ਕੱਢਦੇ ਹਨ। ਮਸੀਹੀ ਘਰਾਂ ਵਿਚ ਇੱਦਾਂ ਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ।—1 ਕੁਰਿੰ. 5:11.
“ਪਰਮੇਸ਼ਰ ਦਾ ਡਰ ਮੰਨਦੇ ਹੋਏ, ਪੂਰਨ ਪਵਿੱਤਰ ਜੀਵਨ ਗੁਜ਼ਾਰਨ” ਨਾਲ ਬਰਕਤਾਂ
ਪਵਿੱਤਰ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰਨ ਦਾ ਸਾਨੂੰ ਕਿੰਨਾ ਵਧੀਆ ਮੌਕਾ ਮਿਲਿਆ ਹੈ! (ਯਹੋ. 24:19) ਉਸ ਨੇ ਸਾਨੂੰ ਆਪਣੀ ਸੰਸਥਾ ਵਿਚ ਲਿਆਂਦਾ ਹੈ। ਯਹੋਵਾਹ ਦੀਆਂ ਨਜ਼ਰਾਂ ਵਿਚ ਆਪਣੇ ਚਾਲ-ਚਲਣ ਨੂੰ ਪਵਿੱਤਰ ਰੱਖ ਕੇ ਹੀ ਅਸੀਂ ਵਧੀਆ ਜ਼ਿੰਦਗੀ ਦਾ ਮਜ਼ਾ ਲੈ ਸਕਦੇ ਹਾਂ।
ਬਹੁਤ ਜਲਦੀ ਪਰਮੇਸ਼ੁਰ ਇਸ ਧਰਤੀ ਨੂੰ ਬਾਗ਼ ਦੀ ਤਰ੍ਹਾਂ ਸੋਹਣੀ ਬਣਾ ਦੇਵੇਗਾ। (ਯਸਾ. 35:1, 2, 5-7) ਸਿਰਫ਼ ਉਨ੍ਹਾਂ ਨੂੰ ਹੀ ਉੱਥੇ ਰਹਿਣ ਦਾ ਮੌਕਾ ਦਿੱਤਾ ਜਾਵੇਗਾ ਜੋ ਪਰਮੇਸ਼ੁਰੀ ਰਾਹ ਉੱਤੇ ਚੱਲਦੇ ਹਨ। (ਯਸਾ. 65:17, 21) ਤਾਂ ਫਿਰ ਆਓ ਆਪਾਂ ਯਹੋਵਾਹ ਦੇ ਪਵਿੱਤਰ ਰਾਹ ʼਤੇ ਚੱਲਦੇ ਰਹੀਏ ਅਤੇ ਉਸ ਨਾਲ ਆਪਣੇ ਰਿਸ਼ਤੇ ਨੂੰ ਬਰਕਰਾਰ ਰੱਖੀਏ।
[ਫੁਟਨੋਟ]
a “ਚੌਂਪ” ਯਾਨੀ ਲੋਭ ਨਾਲ ਕੀਤੇ ਜਾਂਦੇ ‘ਗੰਦੇ ਮੰਦੇ ਕੰਮਾਂ’ ਅਤੇ “ਅਸ਼ੁੱਧਤਾ” ਵਿਚ ਫ਼ਰਕ ਜਾਣਨ ਲਈ ਪਹਿਰਾਬੁਰਜ, 15 ਜੁਲਾਈ 2006, ਸਫ਼ੇ 29-31 ਦੇਖੋ।
[ਸਫ਼ਾ 26 ਉੱਤੇ ਤਸਵੀਰ]
“ਪਵਿੱਤ੍ਰ ਰਾਹ” ਉੱਤੇ ਚੱਲਣ ਲਈ ਯਹੂਦੀਆਂ ਨੂੰ ਕੀ ਕਰਨ ਦੀ ਲੋੜ ਸੀ?
[ਸਫ਼ਾ 27 ਉੱਤੇ ਤਸਵੀਰ]
ਅਸ਼ਲੀਲ ਫਿਲਮਾਂ ਜਾਂ ਸਾਹਿੱਤ ਯਹੋਵਾਹ ਨਾਲ ਸਾਡੇ ਰਿਸ਼ਤੇ ਨੂੰ ਵਿਗਾੜਦੇ ਹਨ
[ਸਫ਼ਾ 28 ਉੱਤੇ ਤਸਵੀਰ]
‘ਸਭ ਰੌਲਾ, ਅਤੇ ਦੁਰਬਚਨ ਤੁਹਾਥੋਂ ਦੂਰ ਹੋਵੇ’