ਅਸੀਂ ਧੰਨ ਹਾਂ ਕਿ ਯਹੋਵਾਹ ਸਾਨੂੰ ਆਪਣਾ ਰਾਹ ਦਿਖਾਉਂਦਾ ਹੈ
“[ਸੱਚੇ] ਪਰਮੇਸ਼ੁਰ ਦਾ ਰਾਹ ਪੂਰਾ ਹੈ, ਯਹੋਵਾਹ ਦਾ ਬਚਨ ਤਾਇਆ ਹੋਇਆ ਹੈ।”—2 ਸਮੂਏਲ 22:31.
1, 2. (ੳ) ਸਾਰਿਆਂ ਇਨਸਾਨਾਂ ਨੂੰ ਕਿਸ ਚੀਜ਼ ਦੀ ਮੁੱਖ ਜ਼ਰੂਰਤ ਹੈ? (ਅ) ਸਾਡੇ ਲਈ ਕਿਸ ਦੀ ਮਿਸਾਲ ਤੇ ਚੱਲਣਾ ਚੰਗਾ ਹੋਵੇਗਾ?
ਸਾ ਰਿਆਂ ਇਨਸਾਨਾਂ ਦੀ ਇਕ ਮੁੱਖ ਜ਼ਰੂਰਤ ਅਗਵਾਈ ਹੈ। ਜੀ ਹਾਂ, ਜੀਵਨ ਦੌਰਾਨ ਸਹੀ ਰਾਹ ਉੱਤੇ ਚੱਲਣ ਲਈ ਸਾਨੂੰ ਸਾਰਿਆਂ ਨੂੰ ਮਦਦ ਦੀ ਜ਼ਰੂਰਤ ਪੈਂਦੀ ਹੈ। ਇਹ ਸੱਚ ਹੈ ਕਿ ਯਹੋਵਾਹ ਨੇ ਭਲੇ ਬੁਰੇ ਦਰਮਿਆਨ ਫ਼ਰਕ ਸਮਝਾਉਣ ਵਾਸਤੇ ਸਾਨੂੰ ਬੁੱਧੀ ਅਤੇ ਜ਼ਮੀਰ ਨਾਲ ਬਖ਼ਸ਼ਿਆ ਹੈ। ਲੇਕਿਨ ਇਕ ਭਰੋਸੇਯੋਗ ਮਾਰਗ-ਦਰਸ਼ਕ ਬਣਨ ਲਈ ਸਾਡੀ ਜ਼ਮੀਰ ਨੂੰ ਸੋਧਿਆ ਜਾਣਾ ਚਾਹੀਦਾ ਹੈ। (ਇਬਰਾਨੀਆਂ 5:14) ਅਤੇ ਜੇਕਰ ਅਸੀਂ ਚੰਗੇ ਫ਼ੈਸਲੇ ਕਰਨੇ ਹਨ ਤਾਂ ਸਾਨੂੰ ਸਹੀ ਜਾਣਕਾਰੀ ਦੀ ਜ਼ਰੂਰਤ ਹੈ। ਇਸ ਦੇ ਨਾਲ-ਨਾਲ ਸਾਨੂੰ ਇਸ ਜਾਣਕਾਰੀ ਦੀ ਕਦਰ ਕਰਨੀ ਸਿੱਖਣੀ ਚਾਹੀਦੀ ਹੈ। (ਕਹਾਉਤਾਂ 2:1-5) ਫਿਰ ਵੀ, ਕਿਉਂਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਕਦੀ-ਕਦੀ ਸਾਡਿਆਂ ਫ਼ੈਸਲਿਆਂ ਦਾ ਉਹ ਨਤੀਜਾ ਨਹੀਂ ਨਿਕਲਦਾ ਜਿਸ ਦੀ ਅਸੀਂ ਆਸ ਰੱਖਦੇ ਹਾਂ। (ਉਪਦੇਸ਼ਕ ਦੀ ਪਥੀ 9:11) ਅਸੀਂ ਆਪਣੇ ਆਪ ਕਿਸੇ ਵੀ ਤਰ੍ਹਾਂ ਇਹ ਨਹੀਂ ਜਾਣ ਸਕਦੇ ਕਿ ਭਵਿੱਖ ਵਿਚ ਕੀ ਹੋਵੇਗਾ।
2 ਇਨ੍ਹਾਂ ਅਤੇ ਹੋਰ ਕਈ ਕਾਰਨਾਂ ਕਰਕੇ ਯਿਰਮਿਯਾਹ ਨਬੀ ਨੇ ਲਿਖਿਆ: “ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰਮਿਯਾਹ 10:23) ਭਾਵੇਂ ਕਿ ਯਿਸੂ ਮਸੀਹ ਸਾਰਿਆਂ ਮਨੁੱਖਾਂ ਵਿੱਚੋਂ ਮਹਾਨ ਮਨੁੱਖ ਸੀ ਉਸ ਨੇ ਵੀ ਅਗਵਾਈ ਸਵੀਕਾਰ ਕੀਤੀ। ਉਸ ਨੇ ਕਿਹਾ: “ਪੁੱਤ੍ਰ ਆਪ ਤੋਂ ਕੁਝ ਨਹੀਂ ਕਰ ਸੱਕਦਾ ਪਰ ਜੋ ਕੁਝ ਉਹ ਪਿਤਾ ਨੂੰ ਕਰਦਿਆਂ ਵੇਖਦਾ ਹੈ ਕਿਉਂਕਿ ਜੋ ਕੰਮ ਉਹ ਕਰਦਾ ਹੈ ਸੋ ਪੁੱਤ੍ਰ ਵੀ ਓਵੇਂ ਹੀ ਕਰਦਾ ਹੈ।” (ਯੂਹੰਨਾ 5:19) ਤਾਂ ਫਿਰ, ਯਿਸੂ ਦੀ ਮਿਸਾਲ ਉੱਤੇ ਚੱਲਣਾ ਅਤੇ ਆਪਣਿਆਂ ਕਦਮਾਂ ਨੂੰ ਕਾਇਮ ਕਰਨ ਲਈ ਯਹੋਵਾਹ ਦੀ ਅਗਵਾਈ ਦੀ ਮਦਦ ਭਾਲਣੀ ਕਿੰਨੀ ਅਕਲਮੰਦੀ ਦੀ ਗੱਲ ਹੈ! ਰਾਜੇ ਦਾਊਦ ਨੇ ਭਜਨ ਵਿਚ ਗਾਇਆ: “[ਸੱਚੇ] ਪਰਮੇਸ਼ੁਰ ਦਾ ਰਾਹ ਪੂਰਾ ਹੈ, ਯਹੋਵਾਹ ਦਾ ਬਚਨ ਤਾਇਆ ਹੋਇਆ ਹੈ, ਉਹ ਆਪਣੇ ਸਾਰੇ ਸ਼ਰਨਾਰਥੀਆਂ ਲਈ ਇੱਕ ਢਾਲ ਹੈ।” (2 ਸਮੂਏਲ 22:31) ਜੇਕਰ ਅਸੀਂ ਆਪਣੀ ਸਮਝ ਅਨੁਸਾਰ ਚੱਲਣ ਦੀ ਬਜਾਇ ਯਹੋਵਾਹ ਦੇ ਰਾਹ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਸਾਨੂੰ ਸਹੀ ਅਗਵਾਈ ਮਿਲੇਗੀ। ਪਰਮੇਸ਼ੁਰ ਦੇ ਰਾਹ ਨੂੰ ਠੁਕਰਾਉਣਾ ਮੁਸੀਬਤਾਂ ਲਿਆਉਂਦਾ ਹੈ।
ਯਹੋਵਾਹ ਰਾਹ ਦਿਖਾਉਂਦਾ ਹੈ
3. ਯਹੋਵਾਹ ਨੇ ਆਦਮ ਅਤੇ ਹੱਵਾਹ ਦੀ ਅਗਵਾਈ ਕਿਸ ਤਰ੍ਹਾਂ ਕੀਤੀ, ਅਤੇ ਉਸ ਨੇ ਉਨ੍ਹਾਂ ਦੇ ਸਾਮ੍ਹਣੇ ਕਿਹੜੀਆਂ ਸੰਭਾਵਨਾਵਾਂ ਰੱਖੀਆਂ?
3 ਆਦਮ ਅਤੇ ਹੱਵਾਹ ਵੱਲ ਧਿਆਨ ਦਿਓ। ਭਾਵੇਂ ਕਿ ਉਹ ਸੰਪੂਰਣ ਸਨ ਉਨ੍ਹਾਂ ਨੂੰ ਨਿਰਦੇਸ਼ਨ ਦੀ ਜ਼ਰੂਰਤ ਸੀ। ਯਹੋਵਾਹ ਨੇ ਆਦਮ ਨੂੰ ਅਦਨ ਦੇ ਸੁੰਦਰ ਬਾਗ਼ ਵਿਚ ਇਕੱਲਾ ਨਹੀਂ ਛੱਡਿਆ ਸੀ ਤਾਂਕਿ ਉਹ ਸਭ ਕੁਝ ਆਪਣੇ ਆਪ ਲਈ ਕਰ ਲਵੇ। ਇਸ ਦੀ ਬਜਾਇ, ਪਰਮੇਸ਼ੁਰ ਨੇ ਉਸ ਨੂੰ ਇਕ ਕੰਮ ਸੌਂਪਿਆ। ਪਹਿਲਾਂ, ਆਦਮ ਨੇ ਪਸ਼ੂਆਂ ਦੇ ਨਾਂ ਰੱਖਣੇ ਸਨ। ਫਿਰ, ਯਹੋਵਾਹ ਨੇ ਆਦਮ ਅਤੇ ਹੱਵਾਹ ਨੂੰ ਇਕ ਵੱਡਾ ਕੰਮ ਦਿੱਤਾ। ਉਨ੍ਹਾਂ ਨੇ ਧਰਤੀ ਨੂੰ ਆਪਣੇ ਵੱਸ ਵਿਚ ਕਰਨਾ ਸੀ, ਉਸ ਨੂੰ ਆਪਣੀ ਸੰਤਾਨ ਨਾਲ ਭਰਨਾ ਸੀ, ਅਤੇ ਧਰਤੀ ਦਿਆਂ ਪਸ਼ੂਆਂ ਦੀ ਦੇਖ-ਭਾਲ ਕਰਨੀ ਸੀ। (ਉਤਪਤ 1:28) ਇਹ ਬਹੁਤ ਹੀ ਵੱਡਾ ਕੰਮ ਸੀ, ਪਰ ਇਸ ਦਾ ਨਤੀਜਾ ਦੁਨੀਆਂ ਭਰ ਦਾ ਫਿਰਦੌਸ ਹੋਣਾ ਸੀ ਜਿਸ ਨੇ ਸੰਪੂਰਣ ਇਨਸਾਨਾਂ ਨਾਲ ਭਰਿਆ ਹੋਣਾ ਸੀ ਅਤੇ ਜਿਸ ਵਿਚ ਇਨਸਾਨਾਂ ਅਤੇ ਪਸ਼ੂਆਂ ਨੇ ਇਕ ਦੂਸਰੇ ਦੇ ਡਰ ਤੋਂ ਬਿਨਾਂ ਜੀ ਸਕਣਾ ਸੀ। ਕਿੰਨੀ ਅਦਭੁਤ ਸੰਭਾਵਨਾ! ਇਸ ਦੇ ਨਾਲ-ਨਾਲ, ਜਦ ਤਕ ਆਦਮ ਅਤੇ ਹੱਵਾਹ ਯਹੋਵਾਹ ਦੇ ਰਾਹ ਵਿਚ ਵਫ਼ਾਦਾਰੀ ਨਾਲ ਚੱਲ ਰਹੇ ਸਨ, ਉਹ ਉਸ ਨਾਲ ਗੱਲ ਕਰ ਸਕਦੇ ਸਨ। (ਉਤਪਤ 3:8 ਦੀ ਤੁਲਨਾ ਕਰੋ।) ਆਪਣੇ ਸਿਰਜਣਹਾਰ ਨਾਲ ਇਕ ਨਿੱਜੀ ਰਿਸ਼ਤਾ ਕਾਇਮ ਰੱਖਣਾ ਕਿੰਨਾ ਅਦਭੁਤ ਸਨਮਾਨ ਹੈ!
4. ਆਦਮ ਅਤੇ ਹੱਵਾਹ ਨੇ ਭਰੋਸੇ ਅਤੇ ਵਫ਼ਾਦਾਰੀ ਦੀ ਕਮੀ ਕਿਸ ਤਰ੍ਹਾਂ ਜ਼ਾਹਰ ਕੀਤੀ, ਅਤੇ ਇਸ ਦੇ ਕਿਹੜੇ ਭਿਆਨਕ ਨਤੀਜੇ ਸਨ?
4 ਯਹੋਵਾਹ ਨੇ ਪਹਿਲੇ ਮਨੁੱਖੀ ਜੋੜੇ ਨੂੰ ਅਦਨ ਵਿਚ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਖਾਣ ਤੋਂ ਮਨ੍ਹਾ ਕੀਤਾ ਸੀ। ਇਸ ਨੇ ਉਨ੍ਹਾਂ ਨੂੰ ਆਪਣੀ ਆਗਿਆਕਾਰਤਾ, ਯਾਨੀ ਯਹੋਵਾਹ ਦੇ ਰਾਹ ਉੱਤੇ ਚੱਲਣ ਦੀ ਆਪਣੀ ਇੱਛਾ, ਪ੍ਰਗਟ ਕਰਨ ਦਾ ਇਕ ਵਧੀਆ ਮੌਕਾ ਦਿੱਤਾ ਸੀ। (ਉਤਪਤ 2:17) ਲੇਕਿਨ, ਜਲਦੀ ਹੀ ਉਨ੍ਹਾਂ ਦੀ ਆਗਿਆਕਾਰਤਾ ਪਰਖੀ ਗਈ। ਜੇਕਰ ਉਹ ਆਗਿਆਕਾਰ ਰਹਿਣਾ ਚਾਹੁੰਦੇ ਸਨ ਤਾਂ ਜਦੋਂ ਸ਼ਤਾਨ ਆਪਣੇ ਧੋਖੇ-ਭਰੇ ਸ਼ਬਦਾਂ ਨਾਲ ਆਇਆ ਸੀ, ਉਦੋਂ ਆਦਮ ਅਤੇ ਹੱਵਾਹ ਨੂੰ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦੀ ਅਤੇ ਉਸ ਦੇ ਵਾਅਦਿਆਂ ਵਿਚ ਭਰੋਸਾ ਰੱਖਣ ਦੀ ਜ਼ਰੂਰਤ ਸੀ। ਅਫ਼ਸੋਸ ਦੀ ਗੱਲ ਹੈ ਕਿ ਉਨ੍ਹਾਂ ਵਿਚ ਵਫ਼ਾਦਾਰੀ ਅਤੇ ਭਰੋਸੇ ਦੀ ਕਮੀ ਸੀ। ਜਦੋਂ ਸ਼ਤਾਨ ਨੇ ਹੱਵਾਹ ਨੂੰ ਆਜ਼ਾਦੀ ਪੇਸ਼ ਕੀਤੀ ਅਤੇ ਯਹੋਵਾਹ ਉੱਤੇ ਝੂਠ ਬੋਲਣ ਦਾ ਇਲਜ਼ਾਮ ਲਾਇਆ ਤਾਂ ਹੱਵਾਹ ਨੇ ਧੋਖਾ ਖਾਧਾ ਅਤੇ ਪਰਮੇਸ਼ੁਰ ਦੀ ਅਵੱਗਿਆ ਕੀਤੀ। ਆਦਮ ਨੇ ਵੀ ਹੱਵਾਹ ਦੇ ਮਗਰ ਲੱਗ ਕੇ ਪਾਪ ਕੀਤਾ। (ਉਤਪਤ 3:1-6; 1 ਤਿਮੋਥਿਉਸ 2:14) ਨਤੀਜੇ ਵਜੋਂ ਉਨ੍ਹਾਂ ਦਾ ਬਹੁਤ ਘਾਟਾ ਹੋਇਆ। ਯਹੋਵਾਹ ਦੇ ਰਾਹ ਉੱਤੇ ਚੱਲਣ ਦੁਆਰਾ ਉਨ੍ਹਾਂ ਨੂੰ ਹਮੇਸ਼ਾ ਲਈ ਵਧਦੀ ਖ਼ੁਸ਼ੀ ਮਿਲਣੀ ਸੀ ਜਿਉਂ-ਜਿਉਂ ਉਹ ਉਸ ਦੀ ਇੱਛਾ ਪੂਰੀ ਕਰਦੇ। ਇਸ ਦੀ ਬਜਾਇ, ਉਨ੍ਹਾਂ ਦੀਆਂ ਜ਼ਿੰਦਗੀਆਂ ਮਾਯੂਸੀ ਨਾਲ ਭਰ ਗਈਆਂ ਅਤੇ ਮੌਤ ਤਕ ਉਨ੍ਹਾਂ ਨੂੰ ਦੁੱਖ ਹੀ ਦੁੱਖ ਸਹਾਰਨੇ ਪਏ।—ਉਤਪਤ 3:16-19; 5:1-5.
5. ਯਹੋਵਾਹ ਦਾ ਹਮੇਸ਼ਾ ਵਾਸਤੇ ਕੀ ਮਕਸਦ ਹੈ, ਅਤੇ ਉਹ ਵਫ਼ਾਦਾਰ ਇਨਸਾਨਾਂ ਨੂੰ ਉਸ ਮਕਸਦ ਦੀ ਪੂਰਤੀ ਦੇਖਣ ਦੀ ਮਦਦ ਕਿਸ ਤਰ੍ਹਾਂ ਕਰਦਾ ਹੈ?
5 ਫਿਰ ਵੀ, ਯਹੋਵਾਹ ਨੇ ਆਪਣਾ ਮਕਸਦ ਨਹੀਂ ਬਦਲਿਆ ਕਿ ਕਿਸੇ ਦਿਨ ਧਰਤੀ ਸੰਪੂਰਣ, ਪਾਪ-ਰਹਿਤ ਮਨੁੱਖਾਂ ਲਈ ਇਕ ਫਿਰਦੌਸ ਵਰਗਾ ਘਰ ਬਣੇਗੀ। (ਜ਼ਬੂਰ 37:11, 29) ਅਤੇ ਉਹ ਕਦੀ ਵੀ ਉਨ੍ਹਾਂ ਲੋਕਾਂ ਨੂੰ ਸਹੀ ਅਗਵਾਈ ਦੇਣ ਵਿਚ ਅਸਫ਼ਲ ਨਹੀਂ ਹੋਇਆ ਜੋ ਉਸ ਦੇ ਰਾਹ ਉੱਤੇ ਚੱਲਦੇ ਹਨ ਅਤੇ ਉਸ ਮਕਸਦ ਦੀ ਪੂਰਤੀ ਦੇਖਣ ਦੀ ਉਮੀਦ ਰੱਖਦੇ ਹਨ। ਸਾਡੇ ਵਿੱਚੋਂ ਜਿਨ੍ਹਾਂ ਕੋਲ ਸੁਣਨ ਲਈ ਕੰਨ ਹਨ, ਉਨ੍ਹਾਂ ਦੇ ਪਿੱਛੋਂ ਯਹੋਵਾਹ ਦੀ ਆਵਾਜ਼ ਇਹ ਕਹਿੰਦੀ ਹੈ: “ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ।”—ਯਸਾਯਾਹ 30:21.
ਕੁਝ ਲੋਕ ਜੋ ਯਹੋਵਾਹ ਦੇ ਰਾਹ ਉੱਤੇ ਚੱਲੇ ਸਨ
6. ਪੁਰਾਣੇ ਜ਼ਮਾਨੇ ਦੇ ਕਿਹੜੇ ਦੋ ਮਨੁੱਖ ਯਹੋਵਾਹ ਦੇ ਰਾਹ ਉੱਤੇ ਚੱਲੇ, ਅਤੇ ਇਸ ਦਾ ਨਤੀਜਾ ਕੀ ਹੋਇਆ ਸੀ?
6 ਬਾਈਬਲ ਦੇ ਰਿਕਾਰਡ ਦੇ ਅਨੁਸਾਰ, ਆਦਮ ਅਤੇ ਹੱਵਾਹ ਦੀ ਸੰਤਾਨ ਵਿੱਚੋਂ ਯਹੋਵਾਹ ਦੇ ਰਾਹ ਉੱਤੇ ਚੱਲਣ ਵਾਲੇ ਥੋੜ੍ਹੇ ਹੀ ਲੋਕ ਸਨ। ਇਨ੍ਹਾਂ ਵਿੱਚੋਂ ਪਹਿਲਾ ਹਾਬਲ ਸੀ। ਭਾਵੇਂ ਕਿ ਉਸ ਦੀ ਮੌਤ ਕੁਵੇਲੀ ਸੀ, ਉਸ ਨੇ ਯਹੋਵਾਹ ਦੀ ਕਿਰਪਾ ਪ੍ਰਾਪਤ ਕੀਤੀ ਸੀ ਅਤੇ ਇਸ ਲਈ ਪਰਮੇਸ਼ੁਰ ਦੇ ਨਿਸ਼ਚਿਤ ਸਮੇਂ ਤੇ ‘ਧਰਮੀਆਂ ਦੇ ਜੀ ਉੱਠਣ’ ਵਿਚ ਸ਼ਰੀਕ ਹੋਣ ਦੀ ਉਸ ਦੀ ਪੱਕੀ ਆਸ ਹੈ। (ਰਸੂਲਾਂ ਦੇ ਕਰਤੱਬ 24:15) ਉਹ ਧਰਤੀ ਅਤੇ ਮਨੁੱਖਜਾਤੀ ਲਈ ਯਹੋਵਾਹ ਦੇ ਵੱਡੇ ਮਕਸਦ ਦੀ ਅੰਤਿਮ ਪੂਰਤੀ ਦੇਖੇਗਾ। (ਇਬਰਾਨੀਆਂ 11:4) ਯਹੋਵਾਹ ਦੇ ਰਾਹ ਉੱਤੇ ਚੱਲਣ ਵਾਲਾ ਇਕ ਹੋਰ ਮਨੁੱਖ ਹਨੋਕ ਸੀ। ਇਸ ਰੀਤੀ-ਵਿਵਸਥਾ ਦੇ ਅੰਤ ਬਾਰੇ ਉਸ ਦੀ ਭਵਿੱਖਬਾਣੀ ਯਹੂਦਾਹ ਦੀ ਪੱਤਰੀ ਵਿਚ ਸਾਂਭ ਕੇ ਰੱਖੀ ਗਈ ਹੈ। (ਯਹੂਦਾਹ 14, 15) ਹਨੋਕ ਦੀ ਮੌਤ ਵੀ ਕੁਵੇਲੀ ਸੀ। (ਉਤਪਤ 5:21-24) ਫਿਰ ਵੀ, “[ਉਸ ਨੂੰ] ਇਹ ਸਾਖੀ ਦਿੱਤੀ ਗਈ ਸੀ ਭਈ ਉਹ ਪਰਮੇਸ਼ੁਰ ਦੇ ਮਨ ਭਾਉਂਦਾ ਹੈ।” (ਇਬਰਾਨੀਆਂ 11:5) ਜਦੋਂ ਉਸ ਦੀ ਮੌਤ ਹੋਈ, ਤਾਂ ਹਾਬਲ ਵਾਂਗ, ਉਸ ਕੋਲ ਵੀ ਜੀ ਉਠਾਏ ਜਾਣ ਦੀ ਉਮੀਦ ਸੀ ਅਤੇ ਉਹ ਉਨ੍ਹਾਂ ਵਿਚ ਹੋਵੇਗਾ ਜੋ ਯਹੋਵਾਹ ਦੇ ਮਕਸਦ ਦੀ ਪੂਰਤੀ ਦੇਖਣਗੇ।
7. ਨੂਹ ਅਤੇ ਉਸ ਦੇ ਪਰਿਵਾਰ ਨੇ ਯਹੋਵਾਹ ਨੂੰ ਵਫ਼ਾਦਾਰੀ ਕਿਸ ਤਰ੍ਹਾਂ ਦਿਖਾਈ ਅਤੇ ਉਸ ਉੱਤੇ ਭਰੋਸਾ ਕਿਸ ਤਰ੍ਹਾਂ ਕੀਤਾ?
7 ਜਿਉਂ-ਜਿਉਂ ਜਲ-ਪਰਲੋ ਤੋਂ ਪਹਿਲਾਂ ਦਾ ਸੰਸਾਰ ਬੁਰਾਈ ਵਿਚ ਡੁੱਬਦਾ ਗਿਆ, ਯਹੋਵਾਹ ਪ੍ਰਤੀ ਆਗਿਆਕਾਰ ਰਹਿਣਾ ਵਫ਼ਾਦਾਰੀ ਦੀ ਇਕ ਡਾਢੀ ਪਰੀਖਿਆ ਬਣ ਗਈ। ਉਸ ਸੰਸਾਰ ਦੇ ਅੰਤ ਤੇ, ਸਿਰਫ਼ ਇਕ ਛੋਟਾ ਸਮੂਹ ਹੀ ਯਹੋਵਾਹ ਦੇ ਰਾਹ ਉੱਤੇ ਚੱਲ ਰਿਹਾ ਸੀ। ਨੂਹ ਅਤੇ ਉਸ ਦੇ ਪਰਿਵਾਰ ਨੇ ਯਹੋਵਾਹ ਦੀ ਸੁਣੀ ਅਤੇ ਜੋ ਉਹ ਕਹਿੰਦਾ ਸੀ ਉਸ ਉੱਤੇ ਭਰੋਸਾ ਕੀਤਾ। ਉਨ੍ਹਾਂ ਨੇ ਵਫ਼ਾਦਾਰੀ ਨਾਲ ਉਹ ਕੰਮ ਪੂਰੇ ਕੀਤੇ ਜੋ ਉਨ੍ਹਾਂ ਨੂੰ ਸੌਂਪੇ ਗਏ ਸਨ ਅਤੇ ਉਸ ਜ਼ਮਾਨੇ ਦੇ ਸੰਸਾਰ ਦੀਆਂ ਬੁਰੀਆਂ ਆਦਤਾਂ ਦੁਆਰਾ ਬਹਿਕਾਏ ਜਾਣ ਤੋਂ ਇਨਕਾਰ ਕੀਤਾ। (ਉਤਪਤ 6:5-7, 13-16; ਇਬਰਾਨੀਆਂ 11:7; 2 ਪਤਰਸ 2:5) ਅਸੀਂ ਉਨ੍ਹਾਂ ਦੀ ਵਫ਼ਾਦਾਰ ਅਤੇ ਭਰੋਸੇ ਵਾਲੀ ਆਗਿਆਕਾਰਤਾ ਦਾ ਸ਼ੁਕਰ ਕਰ ਸਕਦੇ ਹਾਂ। ਇਸੇ ਕਰਕੇ, ਉਹ ਜਲ-ਪਰਲੋ ਤੋਂ ਬਚੇ ਅਤੇ ਸਾਡੇ ਪੂਰਵਜ ਬਣੇ।—ਉਤਪਤ 6:22; 1 ਪਤਰਸ 3:20.
8. ਪਰਮੇਸ਼ੁਰ ਦੇ ਰਾਹ ਉੱਤੇ ਚੱਲਣ ਵਾਸਤੇ ਇਸਰਾਏਲ ਦੀ ਕੌਮ ਲਈ ਕੀ-ਕੀ ਕਰਨਾ ਸ਼ਾਮਲ ਸੀ?
8 ਕੁਝ ਸਮੇਂ ਬਾਅਦ, ਯਹੋਵਾਹ ਨੇ ਵਫ਼ਾਦਾਰ ਯਾਕੂਬ ਦੀ ਸੰਤਾਨ ਨਾਲ ਇਕ ਨੇਮ ਬੰਨ੍ਹਿਆ ਅਤੇ ਉਹ ਉਸ ਦੀ ਖ਼ਾਸ ਕੌਮ ਬਣੀ। (ਕੂਚ 19:5, 6) ਯਹੋਵਾਹ ਨੇ ਲਿਖੀ ਹੋਈ ਬਿਵਸਥਾ, ਜਾਜਕਾਈ, ਅਤੇ ਲਗਾਤਾਰ ਭਵਿੱਖ-ਸੂਚਕ ਅਗਵਾਈ ਰਾਹੀਂ ਆਪਣੇ ਨੇਮ ਦਿਆਂ ਲੋਕਾਂ ਨੂੰ ਨਿਰਦੇਸ਼ਿਤ ਕੀਤਾ। ਲੇਕਿਨ ਉਸ ਨਿਰਦੇਸ਼ਨ ਉੱਤੇ ਚੱਲਣਾ ਇਸਰਾਏਲੀਆਂ ਦੀ ਆਪਣੀ ਜ਼ਿੰਮੇਵਾਰੀ ਸੀ। ਯਹੋਵਾਹ ਨੇ ਆਪਣੇ ਨਬੀ ਦੁਆਰਾ ਇਸਰਾਏਲੀਆਂ ਨੂੰ ਇਹ ਕਿਹਾ: “ਵੇਖੋ, ਮੈਂ ਅੱਜ ਤੁਹਾਡੇ ਅੱਗੇ ਬਰਕਤ ਅਤੇ ਸਰਾਪ ਰੱਖਦਾ ਹਾਂ। ਬਰਕਤ ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਸੁਣੋਗੇ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ। ਸਰਾਪ ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਨਾ ਸੁਣੋ ਪਰ ਉਸ ਮਾਰਗ ਤੋਂ ਕੁਰਾਹੇ ਪੈ ਜਾਓ ਜਿਹ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਅਤੇ ਤੁਸੀਂ ਹੋਰਨਾਂ ਦੇਵਤਿਆਂ ਦੇ ਪਿੱਛੇ ਲੱਗੋ ਜਿਨ੍ਹਾਂ ਨੂੰ ਤੁਸਾਂ ਨਹੀਂ ਜਾਣਿਆ।”—ਬਿਵਸਥਾ ਸਾਰ 11:26-28.
ਕੁਝ ਲੋਕਾਂ ਨੇ ਯਹੋਵਾਹ ਦੇ ਰਾਹ ਨੂੰ ਕਿਉਂ ਛੱਡਿਆ
9, 10. ਇਸਰਾਏਲੀਆਂ ਨੂੰ ਕਿਸ ਸਥਿਤੀ ਕਾਰਨ ਯਹੋਵਾਹ ਉੱਤੇ ਭਰੋਸਾ ਰੱਖਣ ਅਤੇ ਉਸ ਪ੍ਰਤੀ ਵਫ਼ਾਦਾਰੀ ਪ੍ਰਗਟ ਕਰਨ ਦੀ ਜ਼ਰੂਰਤ ਸੀ?
9 ਜੇ ਇਸਰਾਏਲੀ ਆਗਿਆਕਾਰ ਰਹਿਣਾ ਚਾਹੁੰਦੇ ਸਨ ਤਾਂ ਉਨ੍ਹਾਂ ਨੂੰ ਵੀ ਆਦਮ ਅਤੇ ਹੱਵਾਹ ਵਾਂਗ ਯਹੋਵਾਹ ਉੱਤੇ ਭਰੋਸਾ ਰੱਖਣ ਅਤੇ ਉਸ ਪ੍ਰਤੀ ਵਫ਼ਾਦਾਰ ਰਹਿਣ ਦੀ ਜ਼ਰੂਰਤ ਸੀ। ਇਸਰਾਏਲ ਝਗੜਾਲੂ ਗੁਆਂਢੀਆਂ ਦੁਆਰਾ ਘੇਰੀ ਗਈ ਇਕ ਛੋਟੀ ਜਿਹੀ ਕੌਮ ਸੀ। ਦੱਖਣ-ਪੱਛਮ ਵੱਲ ਮਿਸਰ ਅਤੇ ਈਥੀਓਪੀਆ ਸਨ। ਉੱਤਰ-ਪੂਰਬ ਵੱਲ ਸੀਰੀਆ ਅਤੇ ਅੱਸ਼ੂਰ ਸਨ। ਨੇੜੇ-ਨੇੜੇ ਫਲਿਸਤੀਨ, ਅੰਮੋਨ, ਮੋਆਬ ਅਤੇ ਅਦੋਮ ਸਨ। ਕਦੀ-ਨ-ਕਦੀ ਇਹ ਸਾਰੇ ਇਸਰਾਏਲ ਦੇ ਦੁਸ਼ਮਣ ਸਾਬਤ ਹੋਏ। ਇਸ ਦੇ ਇਲਾਵਾ, ਉਹ ਸਾਰੇ ਝੂਠੇ ਧਰਮ ਵਿਚ ਲੱਗੇ ਹੋਏ ਸਨ, ਜਿਸ ਵਿਚ ਮੂਰਤੀਆਂ ਦੀ ਪੂਜਾ, ਜੋਤਸ਼-ਵਿੱਦਿਆ, ਅਤੇ ਕਦੀ-ਕਦੀ ਗੰਦੀਆਂ ਲਿੰਗਕ ਰੀਤਾਂ ਅਤੇ ਬੇਰਹਿਮੀ ਨਾਲ ਬੱਚਿਆਂ ਦੀਆਂ ਬਲੀਆਂ ਚੜ੍ਹਾਉਣੀਆਂ ਸ਼ਾਮਲ ਸਨ। ਇਸਰਾਏਲ ਦੇ ਗੁਆਂਢੀ ਚਾਹੁੰਦੇ ਸਨ ਕਿ ਉਨ੍ਹਾਂ ਦੇ ਦੇਵਤੇ ਉਨ੍ਹਾਂ ਨੂੰ ਬਹੁਤ ਸਾਰੀ ਔਲਾਦ, ਚੰਗੀ ਫ਼ਸਲ, ਅਤੇ ਯੁੱਧ ਵਿਚ ਜਿੱਤ ਹਾਸਲ ਕਰਨ ਲਈ ਮਦਦ ਦੇਣ।
10 ਸਿਰਫ਼ ਇਸਰਾਏਲ ਹੀ ਇਕ ਪਰਮੇਸ਼ੁਰ ਦੀ ਉਪਾਸਨਾ ਕਰਦਾ ਸੀ, ਯਾਨੀ ਕਿ ਯਹੋਵਾਹ ਦੀ। ਯਹੋਵਾਹ ਨੇ ਵਾਅਦਾ ਕੀਤਾ ਕਿ ਜੇਕਰ ਉਹ ਉਸ ਦੀ ਬਿਵਸਥਾ ਦੇ ਅਨੁਸਾਰ ਚੱਲਣਗੇ ਤਾਂ ਉਹ ਉਨ੍ਹਾਂ ਨੂੰ ਬਹੁਤ ਸਾਰੀ ਔਲਾਦ ਅਤੇ ਚੰਗੀ ਫ਼ਸਲ ਦੇਵੇਗਾ, ਅਤੇ ਉਨ੍ਹਾਂ ਦਿਆਂ ਦੁਸ਼ਮਣਾਂ ਤੋਂ ਉਨ੍ਹਾਂ ਨੂੰ ਬਚਾ ਕੇ ਰੱਖੇਗਾ। (ਬਿਵਸਥਾ ਸਾਰ 28:1-14) ਅਫ਼ਸੋਸ ਦੀ ਗੱਲ ਹੈ ਕਿ ਕਈ ਇਸਰਾਏਲੀ ਇਹ ਕਰਨ ਵਿਚ ਅਸਫ਼ਲ ਹੋਏ। ਅਤੇ ਯਹੋਵਾਹ ਦੇ ਰਾਹ ਉੱਤੇ ਚੱਲਣ ਵਾਲਿਆਂ ਵਿੱਚੋਂ ਕਈਆਂ ਨੇ ਆਪਣੀ ਵਫ਼ਾਦਾਰੀ ਖ਼ਾਤਰ ਬਹੁਤ ਦੁੱਖ ਸਹਾਰੇ ਸਨ। ਕਈਆਂ ਨੂੰ ਆਪਣੇ ਸੰਗੀ ਇਸਰਾਏਲੀਆਂ ਦੁਆਰਾ ਤਸੀਹੇ ਦਿੱਤੇ ਗਏ, ਕੋਰੜੇ ਮਾਰੇ ਗਏ, ਕੈਦ ਕੀਤਾ ਗਿਆ, ਪੱਥਰ ਮਾਰੇ ਗਏ, ਉਨ੍ਹਾਂ ਦਾ ਮਖੌਲ ਉਡਾਇਆ ਗਿਆ, ਅਤੇ ਉਨ੍ਹਾਂ ਦੀ ਜਾਨ ਲਈ ਗਈ। (ਰਸੂਲਾਂ ਦੇ ਕਰਤੱਬ 7:51, 52; ਇਬਰਾਨੀਆਂ 11:35-38) ਇਸ ਤਰ੍ਹਾਂ ਉਨ੍ਹਾਂ ਵਫ਼ਾਦਾਰ ਵਿਅਕਤੀਆਂ ਦੀ ਕਿੰਨੀ ਵੱਡੀ ਪਰੀਖਿਆ ਲਈ ਗਈ! ਲੇਕਿਨ, ਯਹੋਵਾਹ ਦੇ ਰਾਹ ਤੋਂ ਇੰਨੇ ਸਾਰੇ ਕਿਉਂ ਕੁਰਾਹੇ ਪਏ ਸਨ? ਇਸਰਾਏਲ ਦੇ ਇਤਿਹਾਸ ਵਿੱਚੋਂ ਦੋ ਮਿਸਾਲਾਂ ਉਨ੍ਹਾਂ ਦੀ ਗ਼ਲਤ ਸੋਚਣੀ ਦੇਖਣ ਵਿਚ ਸਾਡੀ ਮਦਦ ਕਰਦੀਆਂ ਹਨ।
ਆਹਾਜ਼ ਦੀ ਬੁਰੀ ਮਿਸਾਲ
11, 12. (ੳ) ਜਦੋਂ ਸੀਰੀਆ ਦੁਆਰਾ ਆਹਾਜ਼ ਖ਼ਤਰੇ ਵਿਚ ਸੀ, ਤਾਂ ਉਸ ਨੇ ਕੀ ਕਰਨ ਤੋਂ ਇਨਕਾਰ ਕੀਤਾ? (ਅ) ਮਦਦ ਲਈ ਆਹਾਜ਼ ਕਿਨ੍ਹਾਂ ਦੋ ਪਾਸਿਆਂ ਵੱਲ ਮੁੜਿਆ ਸੀ?
11 ਆਹਾਜ਼ ਨੇ ਅੱਠਵੀਂ ਸਦੀ ਸਾ.ਯੁ.ਪੂ. ਵਿਚ ਯਹੂਦਾਹ ਦੇ ਦੱਖਣੀ ਰਾਜ ਉੱਤੇ ਰਾਜ ਕੀਤਾ ਸੀ। ਉਸ ਦੇ ਰਾਜ ਦੌਰਾਨ ਸ਼ਾਂਤੀ ਨਹੀਂ ਸੀ। ਇਕ ਮੌਕੇ ਤੇ, ਸੀਰੀਆ ਅਤੇ ਇਸਰਾਏਲ ਦਾ ਉੱਤਰੀ ਰਾਜ ਇਕੱਠੇ ਹੋ ਕੇ ਯਹੂਦਾਹ ਦੇ ਵਿਰੁੱਧ ਯੁੱਧ ਕਰਨ ਆਏ, ਅਤੇ ‘ਆਹਾਜ਼ ਦਾ ਦਿਲ ਤੇ ਉਹ ਦੇ ਲੋਕਾਂ ਦਾ ਦਿਲ ਕੰਬਣ ਲੱਗ ਪਿਆ।’ (ਯਸਾਯਾਹ 7:1, 2) ਲੇਕਿਨ, ਜਦੋਂ ਯਹੋਵਾਹ ਨੇ ਆਹਾਜ਼ ਨਾਲ ਮਦਦ ਦੀ ਗੱਲ ਛੇੜੀ ਅਤੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਪਰਖ ਕੇ ਦੇਖੇ, ਤਾਂ ਆਹਾਜ਼ ਨੇ ਸਾਫ਼ ਇਨਕਾਰ ਕਰ ਦਿੱਤਾ! (ਯਸਾਯਾਹ 7:10-12) ਨਤੀਜੇ ਵਜੋਂ, ਯਹੂਦਾਹ ਯੁੱਧ ਹਾਰ ਗਿਆ ਅਤੇ ਕਈ ਜ਼ਖ਼ਮੀ ਹੋਏ।—2 ਇਤਹਾਸ 28:1-8.
12 ਜਦ ਕਿ ਆਹਾਜ਼ ਨੇ ਯਹੋਵਾਹ ਨੂੰ ਪਰਖਣ ਤੋਂ ਇਨਕਾਰ ਕੀਤਾ ਸੀ, ਉਸ ਨੂੰ ਅੱਸ਼ੂਰ ਦੇ ਰਾਜੇ ਤੋਂ ਮਦਦ ਮੰਗਣ ਤੋਂ ਸ਼ਰਮ ਨਹੀਂ ਆਈ। ਫਿਰ ਵੀ, ਯਹੂਦਾਹ ਆਪਣੇ ਗੁਆਂਢੀਆਂ ਦੇ ਹੱਥੀਂ ਦੁੱਖ ਸਹਾਰਦਾ ਰਿਹਾ। ਜਦੋਂ ਅੱਸ਼ੂਰ ਨੇ ਵੀ ਆਹਾਜ਼ ਦਾ ਵਿਰੁੱਧ ਕੀਤਾ ਅਤੇ “ਉਹ ਨੂੰ ਤੰਗ ਕੀਤਾ” ਤਾਂ ਰਾਜੇ ਨੇ “ਦੰਮਿਸ਼ਕ ਦੇ ਦਿਓਤਿਆਂ ਲਈ ਜਿਨ੍ਹਾਂ ਨੇ ਉਹ ਨੂੰ ਮਾਰਿਆ ਸੀ ਬਲੀਆਂ ਚੜ੍ਹਾਈਆਂ ਅਤੇ ਆਖਿਆ ਕਿ [ਸੀਰੀਆ] ਦੇ ਪਾਤਸ਼ਾਹਾਂ ਦੇ ਦਿਓਤਿਆਂ ਨੇ ਉਨ੍ਹਾਂ ਦੀ ਸਹਾਇਤਾ ਕੀਤੀ ਸੀ ਸੋ ਮੈਂ ਵੀ ਉਨ੍ਹਾਂ ਲਈ ਬਲੀਦਾਨ ਕਰਾਂਗਾ ਤਾਂ ਜੋ ਓਹ ਮੇਰੀ ਸਹਾਇਤਾ ਕਰਨ।”—2 ਇਤਹਾਸ 28:20, 23.
13. ਸੀਰੀਆ ਦਿਆਂ ਦੇਵਤਿਆਂ ਵੱਲ ਮੁੜ ਕੇ ਆਹਾਜ਼ ਨੇ ਕੀ ਦਿਖਾਇਆ ਸੀ?
13 ਬਾਅਦ ਵਿਚ, ਯਹੋਵਾਹ ਨੇ ਇਸਰਾਏਲ ਨੂੰ ਕਿਹਾ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ। ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ! ਤਾਂ ਤੇਰੀ ਸ਼ਾਂਤੀ ਨਦੀ ਵਾਂਙੁ, ਤਾਂ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਙੁ ਹੁੰਦਾ।” (ਯਸਾਯਾਹ 48:17, 18) ਸੀਰੀਆ ਦਿਆਂ ਦੇਵਤਿਆਂ ਵੱਲ ਮੁੜਨ ਦੁਆਰਾ ਆਹਾਜ਼ ਨੇ ਦਿਖਾਇਆ ਕਿ ਉਹ ‘ਉਸ ਰਾਹ ਤੇ ਚੱਲਣ ਤੋਂ ਜਿਸ ਰਾਹ ਉਸ ਨੇ ਜਾਣਾ ਸੀ,’ ਕਿੰਨਾ ਦੂਰ ਸੀ। ਉਹ ਕੌਮਾਂ ਦਿਆਂ ਸੋਚਾਂ-ਵਿਚਾਰਾਂ ਦੁਆਰਾ ਬਿਲਕੁਲ ਗੁਮਰਾਹ ਹੋ ਗਿਆ ਸੀ, ਅਤੇ ਮਦਦ ਲਈ ਯਹੋਵਾਹ ਵੱਲ ਦੇਖਣ ਦੀ ਬਜਾਇ ਉਹ ਉਨ੍ਹਾਂ ਦੇ ਝੂਠੇ ਦੇਵਤਿਆਂ ਵੱਲ ਦੇਖ ਰਿਹਾ ਸੀ।
14. ਆਹਾਜ਼ ਕੋਲ ਝੂਠੇ ਦੇਵਤਿਆਂ ਵੱਲ ਮੁੜਨ ਦਾ ਕੋਈ ਚੰਗਾ ਕਾਰਨ ਕਿਉਂ ਨਹੀਂ ਸੀ?
14 ਬਹੁਤ ਚਿਰ ਪਹਿਲਾਂ ਇਹ ਸਾਬਤ ਕੀਤਾ ਗਿਆ ਸੀ ਕਿ ਕੌਮਾਂ ਦੇ ਦੇਵਤੇ, ਜਿਨ੍ਹਾਂ ਵਿਚ ਸੀਰੀਆ ਦੇ ਦੇਵਤੇ ਵੀ ਸ਼ਾਮਲ ਸਨ, ਸਿਰਫ਼ “ਬੁੱਤ” ਸਨ। (ਯਸਾਯਾਹ 2:8) ਕੁਝ ਸਮੇਂ ਪਹਿਲਾਂ ਰਾਜਾ ਦਾਊਦ ਦੇ ਰਾਜ ਦੇ ਦੌਰਾਨ, ਸੀਰੀਆ ਦਿਆਂ ਦੇਵਤਿਆਂ ਉੱਤੇ ਯਹੋਵਾਹ ਦੀ ਉੱਤਮਤਾ ਸਾਫ਼-ਸਾਫ਼ ਦੇਖੀ ਗਈ ਸੀ ਜਦੋਂ ਸੀਰੀਆ ਦੇ ਲੋਕ ਦਾਊਦ ਦੇ ਅਧੀਨ ਹੋ ਗਏ। (1 ਇਤਹਾਸ 18:5, 6) ਯਹੋਵਾਹ ਇਕੱਲਾ ਹੀ, “ਪਰਮੇਸ਼ੁਰਾਂ ਦਾ ਪਰਮੇਸ਼ੁਰ ਅਤੇ ਪ੍ਰਭੁਆਂ ਦਾ ਪ੍ਰਭੁ ਹੈ। ਉਹ ਇੱਕ ਮਹਾਨ ਸ਼ਕਤੀਮਾਨ ਅਤੇ ਭੈ ਦਾਇਕ ਪਰਮੇਸ਼ੁਰ ਹੈ,” ਉਹੀ ਸੱਚੀ ਮਦਦ ਦੇ ਸਕਦਾ ਹੈ। (ਬਿਵਸਥਾ ਸਾਰ 10:17) ਲੇਕਿਨ, ਆਹਾਜ਼ ਨੇ ਯਹੋਵਾਹ ਤੋਂ ਆਪਣਾ ਮੂੰਹ ਫੇਰਿਆ ਅਤੇ ਉਹ ਕੌਮਾਂ ਦਿਆਂ ਦੇਵਤਿਆਂ ਵੱਲ ਮਦਦ ਲਈ ਮੁੜਿਆ। ਯਹੂਦਾਹ ਦੇ ਲੋਕਾਂ ਲਈ ਇਸ ਦਾ ਨਤੀਜਾ ਬਹੁਤ ਬੁਰਾ ਸੀ।—2 ਇਤਹਾਸ 28:24, 25.
ਯਿਰਮਿਯਾਹ ਦੇ ਨਾਲ ਮਿਸਰ ਵਿਚ ਯਹੂਦੀ
15. ਯਿਰਮਿਯਾਹ ਦੇ ਦਿਨ ਵਿਚ ਮਿਸਰ ਵਿਚ ਯਹੂਦੀਆਂ ਨੇ ਕਿਸ ਤਰ੍ਹਾਂ ਪਾਪ ਕੀਤਾ ਸੀ?
15 ਸਾਲ 607 ਸਾ.ਯੁ.ਪੂ. ਵਿਚ, ਆਪਣਿਆਂ ਲੋਕਾਂ ਦੀ ਬੇਹੱਦ ਬੇਵਫ਼ਾਈ ਦੇ ਕਾਰਨ, ਯਹੋਵਾਹ ਨੇ ਬਾਬਲੀਆਂ ਨੂੰ ਯਰੂਸ਼ਲਮ ਅਤੇ ਉਸ ਦੀ ਹੈਕਲ ਦਾ ਨਾਸ ਕਰਨ ਦਿੱਤਾ। ਤਕਰੀਬਨ ਸਾਰੀ ਕੌਮ ਨੂੰ ਬੰਦੀ ਬਣਾ ਕੇ ਬਾਬਲ ਵਿਚ ਲਿਜਾਇਆ ਗਿਆ। ਪਰ, ਕੁਝ ਲੋਕ ਪਿੱਛੇ ਰਹਿ ਗਏ ਸਨ, ਜਿਨ੍ਹਾਂ ਵਿਚ ਯਿਰਮਿਯਾਹ ਨਬੀ ਵੀ ਸੀ। ਜਦੋਂ ਹਾਕਮ ਗਦਲਯਾਹ ਦਾ ਕਤਲ ਕੀਤਾ ਗਿਆ ਸੀ ਤਾਂ ਇਹ ਸਮੂਹ ਮਿਸਰ ਨੂੰ ਭੱਜ ਗਿਆ ਅਤੇ ਯਿਰਮਿਯਾਹ ਨੂੰ ਵੀ ਆਪਣੇ ਨਾਲ ਲੈ ਗਿਆ। (2 ਰਾਜਿਆਂ 25:22-26; ਯਿਰਮਿਯਾਹ 43:5-7) ਉੱਥੇ ਉਹ ਝੂਠੇ ਦੇਵੀ-ਦੇਵਤਿਆਂ ਨੂੰ ਬਲੀਆਂ ਚੜ੍ਹਾਉਣ ਲੱਗ ਪਏ। ਯਿਰਮਿਯਾਹ ਨੇ ਬੇਵਫ਼ਾ ਯਹੂਦੀਆਂ ਨੂੰ ਬਹੁਤ ਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਜ਼ਿੱਦੀ ਸਨ। ਉਨ੍ਹਾਂ ਨੇ ਯਹੋਵਾਹ ਵੱਲ ਮੁੜਨ ਤੋਂ ਇਨਕਾਰ ਕੀਤਾ ਅਤੇ ਜ਼ਿੱਦ ਕੀਤੀ ਕਿ ਉਹ “ਅਕਾਸ਼ ਦੀ ਰਾਣੀ” ਨੂੰ ਧੂਪ ਧੁਖਾਉਣਗੇ। ਕਿਉਂ? ਕਿਉਂਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਿਉ ਦਾਦਿਆਂ ਨੇ ਇਸ ਹੀ ਤਰ੍ਹਾਂ ‘ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚ ਕੀਤਾ ਸੀ। ਤਦ ਉਹ ਰੋਟੀ ਨਾਲ ਰਜਾਏ ਜਾਂਦੇ ਸੀ ਅਤੇ ਉਹ ਚੰਗੇ ਸੀ ਅਤੇ ਕੋਈ ਬੁਰਿਆਈ ਨਹੀਂ ਵੇਖਦੇ ਸੀ।’ (ਯਿਰਮਿਯਾਹ 44:16, 17) ਯਹੂਦੀਆਂ ਨੇ ਇਹ ਵੀ ਉਲਾਹਮਾ ਦਿੱਤਾ: “ਜਦ ਤੋਂ ਅਸਾਂ ਅਕਾਸ਼ ਦੀ ਰਾਣੀ ਲਈ ਧੂਪ ਧੁਖਾਉਣੀ ਅਤੇ ਪੀਣ ਦੀਆਂ ਭੇਟਾਂ ਡੋਹਲਣੀਆਂ ਛੱਡੀਆ ਹਨ ਸਾਨੂੰ ਸਾਰੀਆਂ ਚੀਜ਼ਾਂ ਦੀ ਥੁੜੋਂ ਹੈ, ਸਾਡਾ ਤਲਵਾਰ ਅਤੇ ਕਾਲ ਨਾਲ ਅੰਤ ਹੋ ਗਿਆ ਹੈ!”—ਯਿਰਮਿਯਾਹ 44:18.
16. ਮਿਸਰ ਵਿਚ ਯਹੂਦੀ ਆਪਣੀ ਸੋਚਣੀ ਵਿਚ ਬਿਲਕੁਲ ਗ਼ਲਤ ਕਿਉਂ ਸਨ?
16 ਸਾਡੀ ਯਾਦਾਸ਼ਤ ਕਿੰਨੀ ਅਜੀਬ ਹੈ! ਅਸੀਂ ਉਨ੍ਹਾਂ ਗੱਲਾਂ ਨੂੰ ਯਾਦ ਰੱਖਦੇ ਹਾਂ ਜੋ ਅਸੀਂ ਚਾਹੁੰਦੇ ਹਾਂ। ਹਕੀਕਤ ਕੀ ਸੀ? ਯਹੂਦੀਆਂ ਨੇ ਸੱਚ-ਮੁੱਚ ਉਸ ਦੇਸ਼ ਵਿਚ ਜੋ ਯਹੋਵਾਹ ਨੇ ਉਨ੍ਹਾਂ ਨੂੰ ਦਿੱਤਾ ਸੀ ਝੂਠੇ ਦੇਵਤਿਆਂ ਨੂੰ ਬਲੀਆਂ ਚੜ੍ਹਾਈਆਂ ਸਨ। ਕਦੀ-ਕਦੀ, ਜਿਵੇਂ ਆਹਾਜ਼ ਦੇ ਸਮੇਂ ਵਿਚ ਹੋਇਆ, ਉਨ੍ਹਾਂ ਨੂੰ ਇਸ ਧਰਮ-ਤਿਆਗ ਲਈ ਦੁੱਖ ਸਹਾਰਨਾ ਪਿਆ। ਫਿਰ ਵੀ, ਯਹੋਵਾਹ ਆਪਣੇ ਨੇਮ ਦਿਆਂ ਲੋਕਾਂ ਨਾਲ “ਕਰੋਧ ਵਿੱਚ ਧੀਰਜੀ” ਸੀ। (ਕੂਚ 34:6; ਜ਼ਬੂਰ 86:15) ਉਨ੍ਹਾਂ ਨੂੰ ਗ਼ਲਤ ਰਾਹ ਤੋਂ ਮੋੜਨ ਲਈ ਉਸ ਨੇ ਆਪਣੇ ਨਬੀ ਭੇਜੇ ਸਨ। ਕਦੀ-ਕਦੀ, ਜਦੋਂ ਰਾਜਾ ਵਫ਼ਾਦਾਰ ਹੁੰਦਾ ਸੀ, ਤਾਂ ਯਹੋਵਾਹ ਉਸ ਨੂੰ ਬਰਕਤ ਦਿੰਦਾ ਸੀ ਅਤੇ ਇਸ ਬਰਕਤ ਦਾ ਲਾਭ ਲੋਕ ਵੀ ਉਠਾਉਂਦੇ ਸਨ, ਭਾਵੇਂ ਕਿ ਉਨ੍ਹਾਂ ਵਿੱਚੋਂ ਬਹੁਤ ਸਾਰੇ ਬੇਵਫ਼ਾ ਸਨ। (2 ਇਤਹਾਸ 20:29-33; 27:1-6) ਇਹ ਦਾਅਵਾ ਕਰਨ ਵਿਚ ਯਹੂਦੀ ਕਿੰਨੇ ਗ਼ਲਤ ਸਨ ਕਿ ਆਪਣੇ ਦੇਸ਼ ਵਿਚ ਜੋ ਵੀ ਖ਼ੁਸ਼ਹਾਲੀ ਉਨ੍ਹਾਂ ਨੇ ਅਨੁਭਵ ਕੀਤੀ ਸੀ ਉਹ ਉਨ੍ਹਾਂ ਦੇ ਝੂਠੇ ਦੇਵਤਿਆਂ ਤੋਂ ਸੀ!
17. ਯਹੂਦਾਹ ਨੇ ਆਪਣੀ ਹੈਕਲ ਅਤੇ ਆਪਣਾ ਦੇਸ਼ ਕਿਉਂ ਖੋਇਆ ਸੀ?
17 ਸੰਨ 607 ਸਾ.ਯੁ.ਪੂ. ਤੋਂ ਪਹਿਲਾਂ, ਯਹੋਵਾਹ ਨੇ ਯਹੂਦਾਹ ਦੇ ਲੋਕਾਂ ਨੂੰ ਹੁਕਮ ਦਿੱਤਾ ਕਿ “ਮੇਰੀ ਅਵਾਜ਼ ਸੁਣੋ ਤਾਂ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ ਤੇ ਤੁਸੀਂ ਮੇਰੀ ਪਰਜਾ ਹੋਵੋਗੇ, ਅਤੇ ਮੇਰੇ ਸਾਰੇ ਰਾਹਾਂ ਵਿੱਚ ਚੱਲੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਤਾਂ ਜੋ ਤੁਹਾਡਾ ਭਲਾ ਹੋਵੇ।” (ਯਿਰਮਿਯਾਹ 7:23) ਯਹੂਦੀਆਂ ਨੇ ਆਪਣੀ ਹੈਕਲ ਅਤੇ ਆਪਣਾ ਦੇਸ਼ ਠੀਕ ਇਸ ਹੀ ਕਰਕੇ ਖੋਇਆ ਸੀ ਕਿਉਂਕਿ ਉਨ੍ਹਾਂ ਨੇ ਉਨ੍ਹਾਂ ‘ਸਾਰੇ ਰਾਹਾਂ ਵਿੱਚ ਚੱਲਣ’ ਤੋਂ ਇਨਕਾਰ ਕੀਤਾ ‘ਜਿਨ੍ਹਾਂ ਦਾ ਯਹੋਵਾਹ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ।’ ਆਓ ਆਪਾਂ ਇਸ ਵੱਡੀ ਗ਼ਲਤੀ ਤੋਂ ਬਚਣ ਦਾ ਪੱਕਾ ਇਰਾਦਾ ਰੱਖੀਏ।
ਯਹੋਵਾਹ ਉਸ ਦੇ ਰਾਹ ਉੱਤੇ ਚੱਲਣ ਵਾਲਿਆਂ ਨੂੰ ਬਰਕਤ ਦਿੰਦਾ ਹੈ
18. ਯਹੋਵਾਹ ਦੇ ਰਾਹ ਉੱਤੇ ਚੱਲਣ ਵਾਲਿਆਂ ਨੂੰ ਕੀ ਕਰਨ ਦੀ ਲੋੜ ਹੈ?
18 ਪਿਛਲੇ ਜ਼ਮਾਨੇ ਵਾਂਗ ਅੱਜ ਵੀ ਯਹੋਵਾਹ ਦੇ ਰਾਹ ਉੱਤੇ ਚੱਲਣਾ ਵਫ਼ਾਦਾਰੀ ਲੋੜਦਾ ਹੈ—ਉਸ ਇਕੱਲੇ ਦੀ ਸੇਵਾ ਕਰਨ ਦਾ ਪੱਕਾ ਇਰਾਦਾ। ਇਹ ਭਰੋਸਾ ਲੋੜਦਾ ਹੈ—ਪੂਰੀ ਨਿਹਚਾ ਕਿ ਯਹੋਵਾਹ ਦੇ ਵਾਅਦੇ ਭਰੋਸੇਯੋਗ ਹਨ ਅਤੇ ਕਿ ਇਹ ਜ਼ਰੂਰ ਪੂਰੇ ਹੋਣਗੇ। ਯਹੋਵਾਹ ਦੇ ਰਾਹ ਉੱਤੇ ਚੱਲਣਾ ਆਗਿਆਕਾਰੀ ਵੀ ਲੋੜਦਾ ਹੈ—ਕੁਰਾਹੇ ਪੈਣ ਤੋਂ ਬਗੈਰ ਉਸ ਦਿਆਂ ਨਿਯਮਾਂ ਅਨੁਸਾਰ ਚੱਲਣਾ ਅਤੇ ਉਸ ਦੇ ਉੱਚੇ ਮਿਆਰ ਕਾਇਮ ਰੱਖਣੇ। “ਯਹੋਵਾਹ ਧਰਮੀ ਹੈ, ਉਹ ਧਰਮ ਨਾਲ ਪ੍ਰੀਤ ਰਖੱਦਾ ਹੈ।”—ਜ਼ਬੂਰ 11:7.
19. ਕਈ ਲੋਕ ਅੱਜ-ਕੱਲ੍ਹ ਕਿਨ੍ਹਾਂ ਦੇਵਤਿਆਂ ਦੀ ਪੂਜਾ ਕਰਦੇ ਹਨ, ਅਤੇ ਇਸ ਦਾ ਨਤੀਜਾ ਕੀ ਹੁੰਦਾ ਹੈ?
19 ਆਹਾਜ਼ ਸੁਰੱਖਿਆ ਲਈ ਸੀਰੀਆ ਦਿਆਂ ਦੇਵਤਿਆਂ ਵੱਲ ਮੁੜਿਆ। ਮਿਸਰ ਵਿਚ ਇਸਰਾਏਲੀਆਂ ਨੇ “ਅਕਾਸ਼ ਦੀ ਰਾਣੀ,” ਮੱਧ ਪੂਰਬ ਦੀ ਇਕ ਮੰਨੀ-ਪ੍ਰਮੰਨੀ ਦੇਵੀ, ਵਿਚ ਉਮੀਦ ਰੱਖੀ ਕਿ ਉਹ ਉਨ੍ਹਾਂ ਲਈ ਭੌਤਿਕ ਖ਼ੁਸ਼ਹਾਲੀ ਲਿਆਵੇਗੀ। ਅੱਜ, ਕਈ ਦੇਵਤੇ ਸਿਰਫ਼ ਬੁੱਤ ਜਾਂ ਮੂਰਤੀਆਂ ਨਹੀਂ ਹਨ। ਯਿਸੂ ਨੇ ਯਹੋਵਾਹ ਦੀ ਬਜਾਇ “ਮਾਯਾ” ਦੀ ਸੇਵਾ ਕਰਨ ਦੇ ਵਿਰੁੱਧ ਚੇਤਾਵਨੀ ਦਿੱਤੀ ਸੀ। (ਮੱਤੀ 6:24) ਪੌਲੁਸ ਰਸੂਲ ਨੇ ‘ਲੋਭ ਜਿਹੜਾ ਮੂਰਤੀ ਪੂਜਾ ਹੈ’ ਬਾਰੇ ਗੱਲ ਕੀਤੀ ਸੀ। (ਕੁਲੁੱਸੀਆਂ 3:5) ਉਸ ਨੇ ਉਨ੍ਹਾਂ ਬਾਰੇ ਵੀ ਗੱਲ ਕੀਤੀ ਸੀ “ਜਿਨ੍ਹਾਂ ਦਾ ਈਸ਼ੁਰ ਢਿੱਡ ਹੈ।” (ਫ਼ਿਲਿੱਪੀਆਂ 3:19) ਜੀ ਹਾਂ, ਅੱਜ ਪੂਜੀਆਂ ਜਾਂਦੀਆਂ ਮੁੱਖ ਚੀਜ਼ਾਂ ਵਿਚ ਧਨ-ਦੌਲਤ ਅਤੇ ਭੌਤਿਕ ਚੀਜ਼ਾਂ ਹਨ। ਹਕੀਕਤ ਇਹ ਹੈ ਕਿ ਕਈ ਲੋਕ—ਜਿਨ੍ਹਾਂ ਵਿਚ ਕਈ ਮਜ਼ਹਬੀ ਸਮੂਹ ਵੀ ਹਨ—‘ਬੇਠਿਕਾਣੇ ਧਨ ਉੱਤੇ ਆਸਰਾ ਰੱਖਦੇ ਹਨ।’ (1 ਤਿਮੋਥਿਉਸ 6:17) ਕਈ ਇਨ੍ਹਾਂ ਦੇਵਤਿਆਂ ਦੀ ਸੇਵਾ ਕਰਨ ਵਿਚ ਬਹੁਤ ਮਿਹਨਤ ਕਰਦੇ ਹਨ ਅਤੇ ਉਨ੍ਹਾਂ ਲਈ ਇਸ ਦੇ ਕੁਝ ਲਾਭ ਵੀ ਹੁੰਦੇ ਹਨ—ਸਭ ਤੋਂ ਚੰਗੇ ਘਰਾਂ ਵਿਚ ਰਹਿਣਾ, ਮਹਿੰਗੀਆਂ-ਮਹਿੰਗੀਆਂ ਚੀਜ਼ਾਂ ਦਾ ਮਜ਼ਾ ਲੈਣਾ, ਅਤੇ ਚੰਗੇ-ਚੰਗੇ ਖਾਣੇ ਖਾਣੇ। ਪਰ, ਸਾਰੇ ਅਜਿਹੀ ਖ਼ੁਸ਼ਹਾਲੀ ਦਾ ਆਨੰਦ ਨਹੀਂ ਮਾਣਦੇ। ਅਤੇ ਜੋ ਮਾਣਦੇ ਵੀ ਹਨ ਉਹ ਆਖ਼ੀਰ ਵਿਚ ਇਹ ਜਾਣ ਜਾਂਦੇ ਹਨ ਕਿ ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਤੋਂ ਤਸੱਲੀ ਨਹੀਂ ਮਿਲਦੀ। ਇਹ ਚੀਜ਼ਾਂ ਅਨਿਸ਼ਚਿਤ ਅਤੇ ਅਸਥਾਈ ਹਨ। ਇਹ ਰੂਹਾਨੀ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦੀਆਂ।—ਮੱਤੀ 5:3.
20. ਸਾਨੂੰ ਕਿਹੜਾ ਸੰਤੁਲਨ ਕਾਇਮ ਰੱਖਣ ਦੀ ਲੋੜ ਹੈ?
20 ਸੱਚ ਹੈ ਕਿ ਜਿਉਂ-ਜਿਉਂ ਅਸੀਂ ਇਸ ਰੀਤੀ-ਵਿਵਸਥਾ ਦੇ ਅੰਤ ਦਿਆਂ ਦਿਨਾਂ ਵਿੱਚੋਂ ਲੰਘ ਰਹੇ ਹਾਂ ਸਾਨੂੰ ਸਮਝਦਾਰੀ ਵਰਤਣੀ ਚਾਹੀਦੀ ਹੈ। ਸਾਨੂੰ ਆਪਣਿਆਂ ਪਰਿਵਾਰਾਂ ਦਾ ਗੁਜ਼ਾਰਾ ਤੋਰਨ ਲਈ ਸੂਝਵਾਨ ਕਦਮ ਚੁੱਕਣ ਦੀ ਲੋੜ ਹੈ। ਲੇਕਿਨ ਜੇਕਰ ਅਸੀਂ ਯਹੋਵਾਹ ਦੀ ਸੇਵਾ ਕਰਨ ਦੀ ਬਜਾਇ ਮਾਲੀ ਸਥਿਤੀ ਨੂੰ ਬਿਹਤਰ ਬਣਾਉਣ ਲਈ, ਧਨ-ਦੌਲਤ ਦੇ ਪਿੱਛੇ ਲੱਗੀਏ, ਜਾਂ ਅਜਿਹੀਆਂ ਹੋਰ ਚੀਜ਼ਾਂ ਨੂੰ ਜ਼ਿਆਦਾ ਮਹੱਤਤਾ ਦੇਈਏ, ਤਾਂ ਅਸੀਂ ਇਕ ਕਿਸਮ ਦੀ ਮੂਰਤੀ ਪੂਜਾ ਦੇ ਜਾਲ ਵਿਚ ਪੈ ਗਏ ਹੋਵਾਂਗੇ ਅਤੇ ਯਹੋਵਾਹ ਦੇ ਰਾਹ ਵਿਚ ਨਹੀਂ ਚੱਲ ਰਹੇ ਹੋਵਾਂਗੇ। (1 ਤਿਮੋਥਿਉਸ 6:9, 10) ਲੇਕਿਨ, ਉਦੋਂ ਕੀ ਜਦੋਂ ਸਾਡੀ ਸਿਹਤ ਖ਼ਰਾਬ ਹੋ ਜਾਂਦੀ ਹੈ, ਜਾਂ ਸਾਡੇ ਉੱਤੇ ਪੈਸਿਆਂ ਦੀ, ਜਾਂ ਹੋਰ ਕੋਈ ਤੰਗੀ ਆਉਂਦੀ ਹੈ? ਆਓ ਆਪਾਂ ਮਿਸਰ ਦੇ ਉਨ੍ਹਾਂ ਯਹੂਦੀਆਂ ਵਾਂਗ ਨਾ ਹੋਈਏ ਜਿਨ੍ਹਾਂ ਨੇ ਆਪਣੀਆਂ ਸਮੱਸਿਆਵਾਂ ਦਾ ਦੋਸ਼ ਪਰਮੇਸ਼ੁਰ ਦੀ ਸੇਵਾ ਉੱਤੇ ਲਾਇਆ ਸੀ। ਇਸ ਦੀ ਬਜਾਇ ਆਹਾਜ਼ ਤੋਂ ਭਿੰਨ, ਆਓ ਆਪਾਂ ਯਹੋਵਾਹ ਨੂੰ ਪਰਖ ਕੇ ਦੇਖੀਏ। ਵਫ਼ਾਦਾਰੀ ਨਾਲ ਅਗਵਾਈ ਲਈ ਯਹੋਵਾਹ ਵੱਲ ਮੁੜੋ। ਭਰੋਸੇ ਨਾਲ ਉਸ ਦੀ ਅਗਵਾਈ ਅਨੁਸਾਰ ਚੱਲੋ, ਅਤੇ ਹਰ ਸਥਿਤੀ ਦਾ ਸਾਮ੍ਹਣਾ ਕਰਨ ਲਈ ਤਾਕਤ ਅਤੇ ਬੁੱਧ ਲਈ ਪ੍ਰਾਰਥਨਾ ਕਰੋ। ਫਿਰ, ਭਰੋਸੇ ਨਾਲ ਯਹੋਵਾਹ ਦੀ ਬਰਕਤ ਦੀ ਉਡੀਕ ਕਰੋ।
21. ਯਹੋਵਾਹ ਦੇ ਰਾਹ ਉੱਤੇ ਚੱਲਣ ਵਾਲਿਆਂ ਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?
21 ਇਸਰਾਏਲ ਦੇ ਇਤਿਹਾਸ ਦੌਰਾਨ, ਯਹੋਵਾਹ ਨੇ ਉਸ ਦੇ ਰਾਹ ਉੱਤੇ ਚੱਲਣ ਵਾਲਿਆਂ ਨੂੰ ਭਰਪੂਰ ਬਰਕਤਾਂ ਦਿੱਤੀਆਂ। ਰਾਜਾ ਦਾਊਦ ਨੇ ਗਾ ਕੇ ਕਿਹਾ: “ਹੇ ਯਹੋਵਾਹ, ਮੇਰੇ ਘਾਤੀਆਂ ਦੇ ਕਾਰਨ ਆਪਣੇ ਧਰਮ ਵਿੱਚ ਮੇਰੀ ਅਗਵਾਈ ਕਰ।” (ਜ਼ਬੂਰ 5:8) ਯਹੋਵਾਹ ਨੇ ਉਸ ਨੂੰ ਗੁਆਂਢੀ ਦੇਸ਼ਾਂ ਉੱਤੇ ਸੈਨਿਕ ਜਿੱਤਾਂ ਪ੍ਰਾਪਤ ਕਰਨ ਦਿੱਤੀਆਂ। ਇਹੀ ਦੇਸ਼ ਬਾਅਦ ਵਿਚ ਆਹਾਜ਼ ਨੂੰ ਸਤਾਉਂਦੇ ਰਹੇ। ਸੁਲੇਮਾਨ ਦੇ ਅਧੀਨ, ਇਸਰਾਏਲ ਨੂੰ ਉਸ ਸ਼ਾਂਤੀ ਅਤੇ ਖ਼ੁਸ਼ਹਾਲੀ ਦੀ ਬਰਕਤ ਮਿਲੀ ਜਿਸ ਲਈ ਬਾਅਦ ਵਿਚ ਯਹੂਦੀ ਮਿਸਰ ਵਿਚ ਤਰਸ ਰਹੇ ਸਨ। ਯਹੋਵਾਹ ਨੇ ਆਹਾਜ਼ ਦੇ ਪੁੱਤਰ ਹਿਜ਼ਕੀਯਾਹ ਨੂੰ ਬਲਵੰਤ ਅੱਸ਼ੂਰ ਉੱਤੇ ਵੀ ਜਿੱਤ ਪ੍ਰਾਪਤ ਕਰਨ ਦਿੱਤੀ। (ਯਸਾਯਾਹ 59:1) ਜੀ ਹਾਂ, ਆਪਣੇ ਵਫ਼ਾਦਾਰ ਲੋਕਾਂ ਲਈ, ਜੋ “ਪਾਪੀਆਂ ਦੇ ਰਾਹ” ਵਿਚ ਨਹੀਂ ਖੜ੍ਹੇ ਸਨ ਪਰ ਜਿਹੜੇ ਪਰਮੇਸ਼ੁਰ ਦੀ ਬਿਵਸਥਾ ਵਿਚ ਮਗਨ ਸਨ, ਯਹੋਵਾਹ ਦਾ ਹੱਥ ਕਮਜ਼ੋਰ ਨਹੀਂ ਸੀ। (ਜ਼ਬੂਰ 1:1, 2) ਇਹ ਹਾਲੇ ਵੀ ਸੱਚ ਹੈ। ਲੇਕਿਨ ਅਸੀਂ ਕਿਵੇਂ ਨਿਸ਼ਚਿਤ ਹੋ ਸਕਦੇ ਹਾਂ ਕਿ ਅਸੀਂ ਯਹੋਵਾਹ ਦੇ ਰਾਹ ਉੱਤੇ ਚੱਲ ਰਹੇ ਹਾਂ? ਇਸ ਬਾਰੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ।
ਕੀ ਤੁਹਾਨੂੰ ਯਾਦ ਹੈ?
◻ ਜੇਕਰ ਅਸੀਂ ਯਹੋਵਾਹ ਦੇ ਰਾਹ ਉੱਤੇ ਚੱਲਣਾ ਹੈ, ਤਾਂ ਕਿਹੜੇ ਗੁਣ ਜ਼ਰੂਰੀ ਹਨ?
◻ ਆਹਾਜ਼ ਦੀ ਸੋਚਣੀ ਕਿਉਂ ਗ਼ਲਤ ਸੀ?
◻ ਮਿਸਰ ਵਿਚ ਯਹੂਦੀਆਂ ਦਿਆਂ ਸੋਚਾਂ-ਵਿਚਾਰਾਂ ਵਿਚ ਕੀ ਗ਼ਲਤ ਸੀ?
◻ ਯਹੋਵਾਹ ਦੇ ਰਾਹ ਉੱਤੇ ਚੱਲਣ ਦੇ ਆਪਣੇ ਪੱਕੇ ਇਰਾਦੇ ਨੂੰ ਅਸੀਂ ਕਿਸ ਤਰ੍ਹਾਂ ਹੋਰ ਮਜ਼ਬੂਤ ਕਰ ਸਕਦੇ ਹਾਂ?
[ਸਫ਼ੇ 13 ਉੱਤੇ ਤਸਵੀਰ]
ਆਹਾਜ਼ ਨੇ ਯਹੋਵਾਹ ਦੀ ਬਜਾਇ ਸੀਰੀਆ ਦਿਆਂ ਦੇਵਤਿਆਂ ਉਤੇ ਭਰੋਸਾ ਕੀਤਾ ਸੀ