ਨਿਮਰਤਾ ਨਾਲ ਬਜ਼ੁਰਗਾਂ ਦੇ ਅਧੀਨ ਰਹੋ
“ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਓਹਨਾਂ ਦੇ ਅਧੀਨ ਰਹੋ।”—ਇਬਰਾਨੀਆਂ 13:17.
1, 2. ਬਾਈਬਲ ਦੇ ਕਿਹੜੇ ਹਵਾਲੇ ਦਿਖਾਉਂਦੇ ਹਨ ਕਿ ਯਹੋਵਾਹ ਅਤੇ ਯਿਸੂ ਅੱਛੇ ਅਯਾਲੀ ਹਨ?
ਯਹੋਵਾਹ ਪਰਮੇਸ਼ੁਰ ਅਤੇ ਉਸ ਦਾ ਪੁੱਤਰ ਯਿਸੂ ਮਸੀਹ ਅੱਛੇ ਅਯਾਲੀ ਹਨ। ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ: “ਵੇਖੋ, ਪ੍ਰਭੁ ਯਹੋਵਾਹ ਤਕੜਾਈ ਨਾਲ ਆ ਰਿਹਾ ਹੈ, ਉਹ ਦੀ ਭੁਜਾ ਉਹ ਦੇ ਲਈ ਰਾਜ ਕਰਦੀ ਹੈ, . . . ਉਹ ਅਯਾਲੀ ਵਾਂਙੁ ਆਪਣੇ ਇੱਜੜ ਨੂੰ ਚਰਾਵੇਗਾ, ਉਹ ਆਪਣੀਆਂ ਬਾਹਾਂ ਨਾਲ ਲੇਲਿਆਂ ਨੂੰ ਸੰਭਾਲੇਗਾ, ਅਤੇ ਆਪਣੀ ਛਾਤੀ ਉੱਤੇ ਓਹਨਾਂ ਨੂੰ ਲਈ ਫਿਰੇਗਾ, ਅਤੇ ਦੁੱਧ ਚੁੰਘਾਉਣ ਵਾਲੀਆਂ ਨੂੰ ਹੌਲੀ ਹੌਲੀ ਤੋਰੇਗਾ।”—ਯਸਾਯਾਹ 40:10, 11.
2 ਮੁੜ ਬਹਾਲੀ ਦੀ ਇਹ ਭਵਿੱਖਬਾਣੀ 537 ਈ. ਪੂ. ਵਿਚ ਪੂਰੀ ਹੋਈ ਸੀ ਜਦ ਵਫ਼ਾਦਾਰ ਯਹੂਦੀ ਮੁੜ ਸੱਚੀ ਭਗਤੀ ਕਰਨ ਲਈ ਵਾਪਸ ਯਹੂਦਾਹ ਨੂੰ ਗਏ ਸਨ। (2 ਇਤਹਾਸ 36:22, 23) ਇਸ ਭਵਿੱਖਬਾਣੀ ਦੀ ਵੱਡੀ ਪੂਰਤੀ ਉਦੋਂ ਹੋਈ ਸੀ ਜਦ ਮਹਾਨ ਖੋਰਸ, ਯਿਸੂ ਮਸੀਹ ਨੇ ਆਪਣੇ ਮਸਹ ਕੀਤੇ ਹੋਏ ਭਰਾਵਾਂ ਨੂੰ 1919 ਵਿਚ ‘ਵੱਡੀ ਬਾਬੁਲ’ ਦੀ ਗ਼ੁਲਾਮੀ ਤੋਂ ਛੁਡਾਇਆ ਸੀ। (ਪਰਕਾਸ਼ ਦੀ ਪੋਥੀ 18:2; ਯਸਾਯਾਹ 44:28) ਯਿਸੂ ਮਸੀਹ ਯਹੋਵਾਹ ਦੀ “ਭੁਜਾ” ਹੈ ਕਿਉਂਕਿ ਉਹ ਯਹੋਵਾਹ ਲਈ ਰਾਜ ਕਰਦਾ ਅਤੇ ਪਿਆਰ ਨਾਲ ਉਹ ਦੀਆਂ ਭੇਡਾਂ ਦੀ ਦੇਖ-ਭਾਲ ਕਰਦਾ ਹੈ। ਆਪਣੇ ਬਾਰੇ ਯਿਸੂ ਨੇ ਖ਼ੁਦ ਕਿਹਾ: “ਅੱਛਾ ਅਯਾਲੀ ਮੈਂ ਹਾਂ ਅਤੇ ਮੈਂ ਆਪਣੀਆਂ ਭੇਡਾਂ ਨੂੰ ਸਿਆਣਦਾ ਹਾਂ ਅਤੇ ਮੇਰੀਆਂ ਆਪਣੀਆਂ ਭੇਡਾਂ ਮੈਨੂੰ ਸਿਆਣਦੀਆਂ ਹਨ।”—ਯੂਹੰਨਾ 10:14.
3. ਯਹੋਵਾਹ ਪਰਮੇਸ਼ੁਰ ਕਿਵੇਂ ਦਿਖਾਉਂਦਾ ਹੈ ਕਿ ਉਸ ਨੂੰ ਆਪਣੇ ਲੋਕਾਂ ਦੀ ਪਰਵਾਹ ਹੈ?
3 ਯਸਾਯਾਹ 40:10, 11 ਵਿਚ ਦਰਜ ਭਵਿੱਖਬਾਣੀ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਯਹੋਵਾਹ ਪਰਮੇਸ਼ੁਰ ਕੋਮਲਤਾ ਨਾਲ ਆਪਣੇ ਲੋਕਾਂ ਦੀ ਦੇਖ-ਭਾਲ ਕਰਦਾ ਹੈ। (ਜ਼ਬੂਰਾਂ ਦੀ ਪੋਥੀ 23:1-6) ਧਰਤੀ ਉੱਤੇ ਆਪਣੀ ਸੇਵਕਾਈ ਦੌਰਾਨ ਯਿਸੂ ਵੀ ਆਪਣੇ ਚੇਲਿਆਂ ਅਤੇ ਆਮ ਲੋਕਾਂ ਨਾਲ ਬੜੇ ਪਿਆਰ ਨਾਲ ਪੇਸ਼ ਆਇਆ ਸੀ। (ਮੱਤੀ 11:28-30; ਮਰਕੁਸ 6:34) ਯਹੋਵਾਹ ਅਤੇ ਯਿਸੂ ਇਸਰਾਏਲ ਦੇ ਅਯਾਲੀਆਂ ਜਾਂ ਧਾਰਮਿਕ ਆਗੂਆਂ ਵੱਲੋਂ ਕੀਤੀ ਗਈ ਬੇਰਹਿਮੀ ਦੇਖ ਕੇ ਬਹੁਤ ਦੁਖੀ ਹੋਏ। ਇਨ੍ਹਾਂ ਬੇਸ਼ਰਮ ਆਗੂਆਂ ਨੇ ਪਰਮੇਸ਼ੁਰ ਦੇ ਲੋਕਾਂ ਦੀ ਦੇਖ-ਭਾਲ ਕਰਨ ਦੀ ਬਜਾਇ ਉਨ੍ਹਾਂ ਨਾਲ ਬੁਰਾ ਸਲੂਕ ਕੀਤਾ। (ਹਿਜ਼ਕੀਏਲ 34:2-10; ਮੱਤੀ 23:3, 4, 15) ਯਹੋਵਾਹ ਨੇ ਵਾਅਦਾ ਕੀਤਾ ਸੀ: “ਮੈਂ ਆਪਣੇ ਇੱਜੜ ਨੂੰ ਬਚਾਵਾਂਗਾ, ਓਹ ਫੇਰ ਕਦੇ ਸ਼ਿਕਾਰ ਨਾ ਬਣਨਗੀਆਂ, ਅਤੇ ਮੈਂ ਭੇਡ ਅਤੇ ਭੇਡ ਵਿੱਚ ਨਿਆਉਂ ਕਰਾਂਗਾ। ਅਤੇ ਮੈਂ ਉਨ੍ਹਾਂ ਲਈ ਇੱਕ ਆਜੜੀ ਕਾਇਮ ਕਰਾਂਗਾ ਅਤੇ ਉਹ ਉਨ੍ਹਾਂ ਨੂੰ ਚਾਰੇਗਾ ਅਰਥਾਤ ਮੇਰਾ ਦਾਸ ਦਾਊਦ, ਉਹ ਹੀ ਉਨ੍ਹਾਂ ਨੂੰ ਚਾਰੇਗਾ ਅਤੇ ਉਹੀ ਉਨ੍ਹਾਂ ਦਾ ਆਜੜੀ ਹੋਵੇਗਾ।” (ਹਿਜ਼ਕੀਏਲ 34:22, 23) ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਯਹੋਵਾਹ ਪਰਮੇਸ਼ੁਰ ਨੇ ਆਪਣੇ ਸੇਵਕਾਂ ਦੀ ਦੇਖ-ਭਾਲ ਕਰਨ ਲਈ “ਇੱਕ ਆਜੜੀ” ਜਾਂ ਅਯਾਲੀ ਵਜੋਂ ਮਹਾਨ ਦਾਊਦ ਯਿਸੂ ਮਸੀਹ ਨੂੰ ਨਿਯੁਕਤ ਕੀਤਾ ਹੈ। ਧਰਤੀ ਉੱਤੇ ਮਸਹ ਕੀਤੇ ਹੋਏ ਮਸੀਹੀ ਅਤੇ ‘ਹੋਰ ਭੋਡਾਂ’ ਦੋਵੇਂ ਯਿਸੂ ਦੀ ਨਿਗਰਾਨੀ ਅਧੀਨ ਕੰਮ ਕਰਦੇ ਹਨ।—ਯੂਹੰਨਾ 10:16.
ਯਹੋਵਾਹ ਨੇ ਹੀ ਬਜ਼ੁਰਗਾਂ ਦਾ ਪ੍ਰਬੰਧ ਕੀਤਾ ਹੈ
4, 5. (ੳ) ਯਹੋਵਾਹ ਪਰਮੇਸ਼ੁਰ ਨੇ ਧਰਤੀ ਉੱਤੇ ਆਪਣੇ ਲੋਕਾਂ ਨੂੰ ਕਿਹੜਾ ਵੱਡਾ ਤੋਹਫ਼ਾ ਦਿੱਤਾ ਹੈ? (ਅ) ਯਿਸੂ ਨੇ ਆਪਣੀ ਕਲੀਸਿਯਾ ਨੂੰ ਕਿਹੜਾ ਤੋਹਫ਼ਾ ਜਾਂ ਦਾਨ ਦਿੱਤਾ ਹੈ?
4 ਆਪਣੇ ਸੇਵਕਾਂ ਉੱਤੇ ਯਿਸੂ ਮਸੀਹ ਨੂੰ ਅਯਾਲੀ ਵਜੋਂ ਨਿਯੁਕਤ ਕਰ ਕੇ ਯਹੋਵਾਹ ਪਰਮੇਸ਼ੁਰ ਨੇ ਕਲੀਸਿਯਾ ਨੂੰ ਇਕ ਵੱਡਾ ਤੋਹਫ਼ਾ ਦਿੱਤਾ ਹੈ। ਯਸਾਯਾਹ 55:4 ਵਿਚ ਇਸ ਸਵਰਗੀ ਆਗੂ ਬਾਰੇ ਇਹ ਭਵਿੱਖਬਾਣੀ ਕੀਤੀ ਗਈ ਸੀ: “ਵੇਖ, ਮੈਂ ਉਹ ਨੂੰ ਉੱਮਤਾਂ ਲਈ ਗਵਾਹ ਠਹਿਰਾਇਆ ਹੈ, ਉੱਮਤਾਂ ਲਈ ਪਰਧਾਨ ਅਤੇ ਹਾਕਮ।” ਮਸਹ ਕੀਤੇ ਹੋਏ ਮਸੀਹੀ ਅਤੇ ‘ਹੋਰ ਭੇਡਾਂ’ ਦੋਵੇਂ ਹਰ ਕੌਮ, ਕਬੀਲੇ, ਦੇਸ਼ ਅਤੇ ਬੋਲੀ ਵਿੱਚੋਂ ਲਏ ਗਏ ਹਨ। (ਪਰਕਾਸ਼ ਦੀ ਪੋਥੀ 5:9, 10; 7:9) ਇਹ ਸਭ “ਇੱਕੋ ਇੱਜੜ” ਵਜੋਂ “ਇੱਕੋ ਅਯਾਲੀ” ਯਿਸੂ ਮਸੀਹ ਦੀ ਅਗਵਾਈ ਹੇਠ ਸੇਵਾ ਕਰਦੇ ਹਨ।
5 ਯਿਸੂ ਨੇ ਵੀ ਧਰਤੀ ਉੱਤੇ ਆਪਣੀ ਕਲੀਸਿਯਾ ਨੂੰ ਇਕ ਤੋਹਫ਼ਾ ਦਿੱਤਾ ਹੈ। ਉਸ ਨੇ ਆਪਣੀ ਨਿਗਰਾਨੀ ਹੇਠ ਕੰਮ ਕਰਨ ਵਾਲੇ ਵਫ਼ਾਦਾਰ ਬਜ਼ੁਰਗ ਨਿਯੁਕਤ ਕੀਤੇ ਹਨ। ਇਹ ਬਜ਼ੁਰਗ ਯਹੋਵਾਹ ਅਤੇ ਯਿਸੂ ਵਾਂਗ ਇੱਜੜ ਦੀ ਪਿਆਰ ਨਾਲ ਦੇਖ-ਭਾਲ ਕਰਦੇ ਹਨ। ਅਫ਼ਸੁਸ ਦੇ ਮਸੀਹੀਆਂ ਨੂੰ ਲਿਖਦੇ ਸਮੇਂ ਪੌਲੁਸ ਨੇ ਇਸ ਤੋਹਫ਼ੇ ਜਾਂ ਦਾਨ ਬਾਰੇ ਗੱਲ ਕਰਦੇ ਹੋਏ ਲਿਖਿਆ: “ਜਾਂ ਉਹ ਉਤਾਹਾਂ ਨੂੰ ਚੜ੍ਹਿਆ, ਓਨ ਬੰਧਨ ਨੂੰ ਬੰਨ੍ਹ ਲਿਆ, ਅਤੇ ਮਨੁੱਖਾਂ ਨੂੰ ਦਾਨ ਦਿੱਤੇ। ਉਹ ਨੇ ਕਈਆਂ ਨੂੰ ਰਸੂਲ, ਕਈਆਂ ਨੂੰ ਨਬੀ, ਕਈਆਂ ਨੂੰ ਪਰਚਾਰਕ, ਕਈਆਂ ਨੂੰ ਪਾਸਬਾਨ ਅਤੇ ਉਸਤਾਦ ਕਰਕੇ ਦੇ ਦਿੱਤਾ। ਤਾਂ ਜੋ ਸੇਵਕਾਈ ਦੇ ਕੰਮ ਲਈ ਸੰਤ ਸਿੱਧ ਹੋਣ ਅਤੇ ਮਸੀਹ ਦੀ ਦੇਹੀ ਉਸਰਦੀ ਜਾਵੇ।”—ਅਫ਼ਸੀਆਂ 4:8, 11, 12.
6. ਪਰਕਾਸ਼ ਦੀ ਪੋਥੀ 1:16, 20 ਵਿਚ ਮਸਹ ਕੀਤੇ ਹੋਏ ਬਜ਼ੁਰਗਾਂ ਨੂੰ ਕਿਵੇਂ ਦਰਸਾਇਆ ਗਿਆ ਹੈ ਅਤੇ ਹੋਰ ਭੇਡਾਂ ਵਿੱਚੋਂ ਨਿਯੁਕਤ ਕੀਤੇ ਗਏ ਬਜ਼ੁਰਗਾਂ ਬਾਰੇ ਕੀ ਕਿਹਾ ਜਾ ਸਕਦਾ ਹੈ?
6 ਕਲੀਸਿਯਾ ਨੂੰ “ਦਾਨ” ਵਜੋਂ ਦਿੱਤੇ ਗਏ ਇਹ ਮਨੁੱਖ ਨਿਗਾਹਬਾਨ ਜਾਂ ਬਜ਼ੁਰਗ ਹਨ। ਇਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਨੇ ਕਲੀਸਿਯਾ ਦੇ ਮੈਂਬਰਾਂ ਦੀ ਪਿਆਰ ਨਾਲ ਦੇਖ-ਭਾਲ ਕਰਨ ਲਈ ਪਵਿੱਤਰ ਆਤਮਾ ਰਾਹੀਂ ਨਿਯੁਕਤ ਕੀਤਾ ਹੈ। (ਰਸੂਲਾਂ ਦੇ ਕਰਤੱਬ 20:28, 29) ਸ਼ੁਰੂ ਵਿਚ ਇਹ ਸਭ ਬਜ਼ੁਰਗ ਮਸਹ ਕੀਤੇ ਹੋਏ ਮਸੀਹੀ ਸਨ। ਕਲੀਸਿਯਾ ਦੇ ਮਸਹ ਕੀਤੇ ਹੋਏ ਬਜ਼ੁਰਗਾਂ ਨੂੰ ਪਰਕਾਸ਼ ਦੀ ਪੋਥੀ 1:16, 20 ਵਿਚ “ਤਾਰੇ” ਜਾਂ “ਦੂਤ” ਕਿਹਾ ਗਿਆ ਹੈ। ਇਹ ਸਭ “ਤਾਰੇ” ਯਿਸੂ ਨੇ ਆਪਣੇ ਸੱਜੇ ਹੱਥ ਵਿਚ ਫੜੇ ਹੋਏ ਹਨ। ਇਸ ਦਾ ਮਤਲਬ ਹੈ ਕਿ ਨਿਗਾਹਬਾਨ ਉਸ ਦੇ ਵੱਸ ਵਿਚ ਹਨ। ਲੇਕਿਨ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਮਸਹ ਕੀਤੇ ਹੋਏ ਬਜ਼ੁਰਗਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ, ਇਸ ਲਈ ਕਲੀਸਿਯਾਵਾਂ ਵਿਚ ਜ਼ਿਆਦਾਤਰ ਬਜ਼ੁਰਗ ਹੋਰ ਭੇਡਾਂ ਵਿੱਚੋਂ ਹਨ। ਕਲੀਸਿਯਾਵਾਂ ਵਿਚ ਇਨ੍ਹਾਂ ਬਜ਼ੁਰਗਾਂ ਨੂੰ ਪਵਿੱਤਰ ਆਤਮਾ ਰਾਹੀਂ ਪ੍ਰਬੰਧਕ ਸਭਾ ਦੇ ਨਿਰਦੇਸ਼ਨ ਅਧੀਨ ਨਿਯੁਕਤ ਕੀਤਾ ਜਾਂਦਾ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਇਹ ਬਜ਼ੁਰਗ ਵੀ ਯਿਸੂ ਮਸੀਹ ਦੇ ਸੱਜੇ ਹੱਥ ਯਾਨੀ ਉਸ ਦੇ ਵੱਸ ਵਿਚ ਹਨ। (ਯਸਾਯਾਹ 61:5, 6) ਕਲੀਸਿਯਾ ਦੇ ਬਜ਼ੁਰਗ ਕਲੀਸਿਯਾ ਦੇ ਸਿਰ ਯਿਸੂ ਮਸੀਹ ਦੇ ਅਧੀਨ ਕੰਮ ਕਰਦੇ ਹਨ, ਇਸ ਲਈ ਸਾਨੂੰ ਉਨ੍ਹਾਂ ਦਾ ਪੂਰਾ ਸਾਥ ਦੇਣਾ ਚਾਹੀਦਾ ਹੈ।—ਕੁਲੁੱਸੀਆਂ 1:18.
ਬਜ਼ੁਰਗਾਂ ਦੇ ਆਗਿਆਕਾਰ ਤੇ ਅਧੀਨ ਰਹੋ
7. ਮਸੀਹੀ ਬਜ਼ੁਰਗਾਂ ਪ੍ਰਤੀ ਸਾਡੇ ਰਵੱਈਏ ਬਾਰੇ ਪੌਲੁਸ ਰਸੂਲ ਨੇ ਕੀ ਸਲਾਹ ਦਿੱਤੀ ਸੀ?
7 ਸਾਡੇ ਸਵਰਗੀ ਅਯਾਲੀ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਚਾਹੁੰਦੇ ਹਨ ਕਿ ਅਸੀਂ ਆਪਣੀ ਕਲੀਸਿਯਾ ਦੇ ਬਜ਼ੁਰਗਾਂ ਦੇ ਆਗਿਆਕਾਰ ਤੇ ਅਧੀਨ ਰਹੀਏ। (1 ਪਤਰਸ 5:5) ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਪ੍ਰੇਰਣਾ ਨਾਲ ਪੌਲੁਸ ਰਸੂਲ ਨੇ ਲਿਖਿਆ: “ਤੁਸੀਂ ਆਪਣੇ ਆਗੂਆਂ ਨੂੰ ਚੇਤੇ ਰੱਖੋ ਜਿਨ੍ਹਾਂ ਤੁਹਾਨੂੰ ਪਰਮੇਸ਼ੁਰ ਦਾ ਬਚਨ ਸੁਣਾਇਆ। ਓਹਨਾਂ ਦੀ ਚਾਲ ਦੇ ਓੜਕ ਵੱਲ ਧਿਆਨ ਕਰ ਕੇ ਓਹਨਾਂ ਦੀ ਨਿਹਚਾ ਦੀ ਰੀਸ ਕਰੋ। ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਓਹਨਾਂ ਦੇ ਅਧੀਨ ਰਹੋ ਕਿਉਂ ਜੋ ਓਹ ਉਨ੍ਹਾਂ ਵਾਂਙੁ ਜਿਨ੍ਹਾਂ ਲੇਖਾ ਦੇਣਾ ਹੈ ਤੁਹਾਡੀਆਂ ਜਾਨਾਂ ਦੇ ਨਮਿੱਤ ਜਾਗਦੇ ਰਹਿੰਦੇ ਹਨ ਭਈ ਓਹ ਇਹ ਕੰਮ ਅਨੰਦ ਨਾਲ ਕਰਨ, ਨਾ ਹਾਉਕੇ ਭਰ ਭਰ ਕੇ ਕਿਉਂ ਜੋ ਇਹ ਤੁਹਾਡੇ ਲਈ ਲਾਭਵੰਤ ਨਹੀਂ।”—ਇਬਰਾਨੀਆਂ 13:7, 17.
8. ਪੌਲੁਸ ਸਾਨੂੰ ਕਿਨ੍ਹਾਂ ਵੱਲ “ਧਿਆਨ” ਦੇਣ ਦੀ ਤਾਕੀਦ ਕਰਦਾ ਹੈ ਅਤੇ ਅਸੀਂ ਉਨ੍ਹਾਂ ਦੇ ‘ਆਗਿਆਕਾਰ’ ਕਿਵੇਂ ਬਣ ਸਕਦੇ ਹਾਂ?
8 ਪੌਲੁਸ ਸਾਨੂੰ ਤਾਕੀਦ ਕਰਦਾ ਹੈ ਕਿ ਅਸੀਂ ਉਨ੍ਹਾਂ ਬਜ਼ੁਰਗਾਂ ਦੇ ਚੰਗੇ ਚਾਲ-ਚਲਣ ਵੱਲ ਚੰਗੀ ਤਰ੍ਹਾਂ “ਧਿਆਨ” ਦੇਈਏ ਅਤੇ ਉਨ੍ਹਾਂ ਦੀ ਨਿਹਚਾ ਦੀ ਰੀਸ ਕਰੀਏ। ਪੌਲੁਸ ਅੱਗੇ ਇਹ ਸਲਾਹ ਦਿੰਦਾ ਹੈ ਕਿ ਸਾਨੂੰ ਬਜ਼ੁਰਗਾਂ ਦੀ ਆਗਿਆਕਾਰੀ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਅਧੀਨ ਵੀ ਰਹਿਣਾ ਚਾਹੀਦਾ ਹੈ। ਬਾਈਬਲ ਦੇ ਇਕ ਵਿਦਵਾਨ ਦਾ ਕਹਿਣਾ ਹੈ ਕਿ ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਆਗਿਆਕਾਰੀ ਕਰੋ” ਕੀਤਾ ਗਿਆ ਹੈ, ਉਹ ਸ਼ਬਦ “ਆਮ ਆਗਿਆਕਾਰਤਾ ਲਈ ਨਹੀਂ ਵਰਤਿਆ ਜਾਂਦਾ। ਇਸ ਦਾ ਸ਼ਾਬਦਿਕ ਅਰਥ ਹੈ ‘ਮੰਨ ਜਾਣਾ’ ਯਾਨੀ ਖ਼ੁਸ਼ੀ ਨਾਲ ਉਨ੍ਹਾਂ ਦੇ ਅਧੀਨ ਹੋਣਾ।” ਅਸੀਂ ਬਜ਼ੁਰਗਾਂ ਦੀ ਆਗਿਆਕਾਰੀ ਸਿਰਫ਼ ਇਸ ਲਈ ਹੀ ਨਹੀਂ ਕਰਦੇ ਹਾਂ ਕਿਉਂਕਿ ਬਾਈਬਲ ਸਾਨੂੰ ਇਸ ਤਰ੍ਹਾਂ ਕਰਨ ਲਈ ਕਹਿੰਦੀ ਹੈ। ਅਸੀਂ ਉਨ੍ਹਾਂ ਦੀ ਆਗਿਆਕਾਰੀ ਇਸ ਲਈ ਵੀ ਕਰਦੇ ਹਾਂ ਕਿਉਂਕਿ ਅਸੀਂ ਮੰਨਦੇ ਹਾਂ ਕਿ ਬਜ਼ੁਰਗ ਜੋ ਵੀ ਕਰਦੇ ਹਨ, ਉਹ ਪਰਮੇਸ਼ੁਰ ਦੇ ਕੰਮ ਨੂੰ ਅੱਗੇ ਵਧਾਉਣ ਲਈ ਅਤੇ ਸਾਡੇ ਭਲੇ ਲਈ ਕਰਦੇ ਹਨ। ਜੇ ਅਸੀਂ ਖ਼ੁਸ਼ੀ-ਖ਼ੁਸ਼ੀ ਬਜ਼ੁਰਗਾਂ ਦੀ ਸਲਾਹ ਮੰਨਾਂਗੇ, ਤਾਂ ਸਾਡੀ ਖ਼ੁਸ਼ੀ ਹੋਰ ਵੀ ਵਧ ਜਾਵੇਗੀ।
9. ਬਜ਼ੁਰਗਾਂ ਦੇ ਆਗਿਆਕਾਰ ਰਹਿਣ ਦੇ ਨਾਲ-ਨਾਲ ਉਨ੍ਹਾਂ ਦੇ “ਅਧੀਨ” ਰਹਿਣ ਦੀ ਵੀ ਕਿਉਂ ਲੋੜ ਹੈ?
9 ਪਰ ਸਾਨੂੰ ਉਦੋਂ ਕੀ ਕਰਨਾ ਚਾਹੀਦਾ ਹੈ ਜੇ ਸਾਨੂੰ ਲੱਗੇ ਕਿ ਕਿਸੇ ਮਾਮਲੇ ਬਾਰੇ ਬਜ਼ੁਰਗਾਂ ਦੀ ਸਲਾਹ ਠੀਕ ਨਹੀਂ ਹੈ? ਸਾਨੂੰ ਉਸ ਵੇਲੇ ਵੀ ਉਨ੍ਹਾਂ ਦੇ ਅਧੀਨ ਰਹਿ ਕੇ ਉਨ੍ਹਾਂ ਦੀ ਸਲਾਹ ਮੰਨ ਲੈਣੀ ਚਾਹੀਦੀ ਹੈ। ਜਦ ਅਸੀਂ ਮਾਮਲੇ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਅਤੇ ਬਜ਼ੁਰਗਾਂ ਦੀ ਸਲਾਹ ਨਾਲ ਸਹਿਮਤ ਹੁੰਦੇ ਹਾਂ, ਤਾਂ ਉਨ੍ਹਾਂ ਦੀ ਗੱਲ ਮੰਨਣੀ ਬਹੁਤ ਸੌਖੀ ਹੁੰਦੀ ਹੈ। ਪਰ ਜੇ ਅਸੀਂ ਉਦੋਂ ਵੀ ਉਨ੍ਹਾਂ ਦੀ ਸਲਾਹ ਮੰਨੀਏ ਜਦ ਸਾਨੂੰ ਪੂਰੀ ਗੱਲ ਸਮਝ ਨਹੀਂ ਆਉਂਦੀ, ਤਾਂ ਅਸੀਂ ਦਿਖਾ ਰਹੇ ਹੋਵਾਂਗੇ ਕਿ ਅਸੀਂ ਸੱਚ-ਮੁੱਚ ਉਨ੍ਹਾਂ ਦੇ ਅਧੀਨ ਰਹਿਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਤਰਸ ਰਸੂਲ ਨੇ ਅਧੀਨਗੀ ਦੀ ਬਹੁਤ ਵਧੀਆ ਮਿਸਾਲ ਕਾਇਮ ਕੀਤੀ ਸੀ।—ਲੂਕਾ 5:4, 5.
ਬਜ਼ੁਰਗਾਂ ਦਾ ਸਾਥ ਦੇਣ ਦੇ ਚਾਰ ਕਾਰਨ
10, 11. ਪਹਿਲੀ ਸਦੀ ਵਿਚ ਅਤੇ ਅੱਜ ਬਜ਼ੁਰਗਾਂ ਨੇ ਮਸੀਹੀਆਂ ਨੂੰ “ਪਰਮੇਸ਼ੁਰ ਦਾ ਬਚਨ” ਕਿਵੇਂ ਸੁਣਾਇਆ ਹੈ?
10 ਇਬਰਾਨੀਆਂ 13:7, 17 ਵਿਚ ਪੌਲੁਸ ਰਸੂਲ ਨੇ ਬਜ਼ੁਰਗਾਂ ਦੇ ਆਗਿਆਕਾਰ ਤੇ ਅਧੀਨ ਰਹਿਣ ਦੇ ਚਾਰ ਕਾਰਨ ਦੱਸੇ ਸਨ। ਪਹਿਲਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਸਾਨੂੰ “ਪਰਮੇਸ਼ੁਰ ਦਾ ਬਚਨ ਸੁਣਾਇਆ” ਹੈ। ਯਾਦ ਰੱਖੋ ਕਿ ਯਿਸੂ ਨੇ “ਮਨੁੱਖਾਂ ਨੂੰ ਦਾਨ” ਯਾਨੀ ਮਸੀਹੀ ਬਜ਼ੁਰਗ ਇਸ ਲਈ ਦਿੱਤੇ ਹਨ ਤਾਂ ਜੋ ਉਹ ‘ਪਰਮੇਸ਼ੁਰ ਦੇ ਪਵਿੱਤਰ ਲੋਕਾਂ ਨੂੰ ਸੇਵਾ ਦਾ ਕੰਮ ਕਰਨ ਲਈ ਤਿਆਰ’ ਕਰਨ ਜਾਂ ਸੁਧਾਰਨ। (ਅਫ਼ਸੀਆਂ 4:11, 12, ਈਜ਼ੀ ਟੂ ਰੀਡ ਵਰਯਨ) ਪਹਿਲੀ ਸਦੀ ਵਿਚ ਯਿਸੂ ਨੇ ਬਜ਼ੁਰਗਾਂ ਰਾਹੀਂ ਮਸੀਹੀਆਂ ਦੀ ਸੋਚਣੀ ਤੇ ਚਾਲ-ਚਲਣ ਨੂੰ ਸੁਧਾਰਿਆ ਸੀ। ਇਨ੍ਹਾਂ ਵਿੱਚੋਂ ਕੁਝ ਬਜ਼ੁਰਗਾਂ ਨੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਪ੍ਰੇਰਣਾ ਅਧੀਨ ਕਲੀਸਿਯਾਵਾਂ ਨੂੰ ਚਿੱਠੀਆਂ ਵੀ ਲਿਖੀਆਂ ਸਨ। ਯਿਸੂ ਨੇ ਪਵਿੱਤਰ ਆਤਮਾ ਰਾਹੀਂ ਨਿਯੁਕਤ ਕੀਤੇ ਇਨ੍ਹਾਂ ਬਜ਼ੁਰਗਾਂ ਦੁਆਰਾ ਮਸੀਹੀਆਂ ਨੂੰ ਨਿਰਦੇਸ਼ਨ ਦਿੱਤਾ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ ਸੀ।—1 ਕੁਰਿੰਥੀਆਂ 16:15-18; 2 ਤਿਮੋਥਿਉਸ 2:2; ਤੀਤੁਸ 1:5.
11 ਅੱਜ ਯਿਸੂ ਸਾਨੂੰ ਪ੍ਰਬੰਧਕ ਸਭਾ ਦੁਆਰਾ, ਜੋ “ਮਾਤਬਰ ਅਤੇ ਬੁੱਧਵਾਨ ਨੌਕਰ” ਨੂੰ ਦਰਸਾਉਂਦੀ ਹੈ ਅਤੇ ਕਲੀਸਿਯਾ ਦੇ ਬਜ਼ੁਰਗਾਂ ਦੁਆਰਾ ਨਿਰਦੇਸ਼ਨ ਦਿੰਦਾ ਹੈ। (ਮੱਤੀ 24:45) “ਸਰਦਾਰ ਅਯਾਲੀ” ਯਿਸੂ ਮਸੀਹ ਦਾ ਆਦਰ ਕਰਦੇ ਹੋਏ ਅਸੀਂ ਪੌਲੁਸ ਦੀ ਇਹ ਸਲਾਹ ਮੰਨਦੇ ਹਾਂ: “ਜਿਹੜੇ ਤੁਹਾਡੇ ਵਿੱਚ ਮਿਹਨਤ ਕਰਦੇ ਅਤੇ ਪ੍ਰਭੁ ਵਿੱਚ ਤੁਹਾਡੇ ਆਗੂ ਹਨ ਅਤੇ ਤੁਹਾਨੂੰ ਚਿਤਾਰਦੇ ਹਨ ਤੁਸੀਂ ਓਹਨਾਂ ਨੂੰ ਮੰਨੋ।”—1 ਪਤਰਸ 5:4; 1 ਥੱਸਲੁਨੀਕੀਆਂ 5:12; 1 ਤਿਮੋਥਿਉਸ 5:17.
12. ਬਜ਼ੁਰਗ ਕਿਵੇਂ ਸਾਡੀਆਂ “ਜਾਨਾਂ ਦੇ ਨਮਿੱਤ ਜਾਗਦੇ” ਰਹਿੰਦੇ ਹਨ?
12 ਮਸੀਹੀ ਬਜ਼ੁਰਗਾਂ ਦਾ ਸਾਥ ਦੇਣ ਦਾ ਦੂਜਾ ਕਾਰਨ ਇਹ ਹੈ ਕਿ ਉਹ ਸਾਡੀਆਂ “ਜਾਨਾਂ ਦੇ ਨਮਿੱਤ ਜਾਗਦੇ ਰਹਿੰਦੇ ਹਨ।” ਉਹ ਇਹੀ ਚਾਹੁੰਦੇ ਹਨ ਕਿ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਮਜ਼ਬੂਤ ਰਹੇ। ਇਸ ਲਈ, ਜੇ ਉਨ੍ਹਾਂ ਨੂੰ ਸਾਡੇ ਰਵੱਈਏ ਜਾਂ ਚਾਲ-ਚਲਣ ਵਿਚ ਕੁਝ ਖ਼ਰਾਬੀ ਨਜ਼ਰ ਆਉਂਦੀ ਹੈ ਜਿਸ ਕਰਕੇ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਵਿਗੜ ਸਕਦਾ ਹੈ, ਤਾਂ ਉਹ ਸਾਡਾ ਸੁਧਾਰ ਕਰਨ ਲਈ ਸਾਨੂੰ ਸਲਾਹ ਦਿੰਦੇ ਹਨ। (ਗਲਾਤੀਆਂ 6:1) ‘ਜਾਗਦੇ ਰਹਿਣ’ ਲਈ ਵਰਤੇ ਗਏ ਯੂਨਾਨੀ ਸ਼ਬਦ ਦਾ ਮਤਲਬ ਹੈ ਕਿ ਪੂਰੀ ਰਾਤ “ਨਾ ਸੌਣਾ।” ਇਕ ਬਾਈਬਲ ਦੇ ਵਿਦਵਾਨ ਮੁਤਾਬਕ ਇਸ ਦਾ ਮਤਲਬ ਹੈ ਕਿ ਬਜ਼ੁਰਗ ‘ਅਯਾਲੀ ਵਾਂਗ ਇੱਜੜ ਦੀ ਚੌਕਸੀ ਕਰਦੇ ਹਨ।’ ਕਈ ਵਾਰ ਬਜ਼ੁਰਗ ਸਾਡੀ ਚਿੰਤਾ ਵਿਚ ਰਾਤ ਭਰ ਸੌਂਦੇ ਨਹੀਂ। ਉਹ ਵਾਕਈ “ਭੇਡਾਂ ਦੇ ਵੱਡੇ ਅਯਾਲੀ” ਯਿਸੂ ਮਸੀਹ ਦੀ ਕੋਮਲਤਾ ਦੀ ਰੀਸ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਜਦ ਇਹ ਭਰਾ ਇੰਨੇ ਪਿਆਰ ਨਾਲ ਸਾਡੀ ਦੇਖ-ਭਾਲ ਕਰਦੇ ਹਨ, ਤਾਂ ਕੀ ਸਾਨੂੰ ਖ਼ੁਸ਼ੀ-ਖ਼ੁਸ਼ੀ ਇਨ੍ਹਾਂ ਦਾ ਸਾਥ ਨਹੀਂ ਦੇਣਾ ਚਾਹੀਦਾ?—ਇਬਰਾਨੀਆਂ 13:20.
13. ਬਜ਼ੁਰਗਾਂ ਅਤੇ ਕਲੀਸਿਯਾ ਦੇ ਬਾਕੀ ਭੈਣਾਂ-ਭਰਾਵਾਂ ਨੇ ਕਿਨ੍ਹਾਂ ਗੱਲਾਂ ਦਾ ਕਿਸ ਨੂੰ ਲੇਖਾ ਦੇਣਾ ਹੈ?
13 ਮਸੀਹੀ ਬਜ਼ੁਰਗਾਂ ਦਾ ਸਾਥ ਦੇਣ ਦਾ ਤੀਜਾ ਕਾਰਨ ਇਹ ਹੈ ਕਿ ਉਹ ਸਾਡੇ ਉੱਤੇ ਨਿਗਾਹ ਰੱਖਦੇ ਹਨ ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਨੂੰ “ਲੇਖਾ ਦੇਣਾ ਹੈ।” ਬਜ਼ੁਰਗ ਹਮੇਸ਼ਾ ਇਹ ਗੱਲ ਯਾਦ ਰੱਖਦੇ ਹਨ ਕਿ ਉਹ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਦੀ ਨਿਗਰਾਨੀ ਹੇਠ ਸੇਵਾ ਕਰਦੇ ਹਨ। (ਹਿਜ਼ਕੀਏਲ 34:22-24) ਯਹੋਵਾਹ ਪਰਮੇਸ਼ੁਰ ਇੱਜੜ ਦਾ ਮਾਲਕ ਹੈ ਜਿਸ ਨੂੰ ਉਸ ਨੇ ਆਪਣੇ ਪੁੱਤਰ ਦੇ “ਲਹੂ ਨਾਲ ਮੁੱਲ ਲਿਆ ਹੈ।” ਬਜ਼ੁਰਗ ਇੱਜੜ ਨਾਲ ਜਿਸ ਤਰ੍ਹਾਂ ਦਾ ਸਲੂਕ ਕਰਦੇ ਹਨ, ਉਸ ਦੇ ਲਈ ਉਨ੍ਹਾਂ ਨੇ ਯਹੋਵਾਹ ਨੂੰ ਲੇਖਾ ਦੇਣਾ ਹੈ ਕਿਉਂਕਿ ਉਨ੍ਹਾਂ ਨੂੰ ਪਿਆਰ ਨਾਲ ਇੱਜੜ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। (ਰਸੂਲਾਂ ਦੇ ਕਰਤੱਬ 20:28, 29) ਦਰਅਸਲ, ਅਸੀਂ ਸਾਰਿਆਂ ਨੇ ਯਹੋਵਾਹ ਨੂੰ ਆਪੋ ਆਪਣਾ ਲੇਖਾ ਦੇਣਾ ਹੈ ਕਿ ਅਸੀਂ ਉਸ ਦੀ ਸੇਧ ਵਿਚ ਪੂਰੀ ਤਰ੍ਹਾਂ ਚੱਲਦੇ ਹਾਂ ਕਿ ਨਹੀਂ। (ਰੋਮੀਆਂ 14:10-12) ਬਜ਼ੁਰਗਾਂ ਦੇ ਆਗਿਆਕਾਰ ਰਹਿ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਕਲੀਸਿਯਾ ਦੇ ਸਿਰ ਯਿਸੂ ਮਸੀਹ ਦੇ ਅਧੀਨ ਹਾਂ।—ਕੁਲੁੱਸੀਆਂ 2:19.
14. ਬਜ਼ੁਰਗਾਂ ਦਾ “ਹਾਉਕੇ ਭਰ ਭਰ ਕੇ” ਸੇਵਾ ਕਰਨ ਦਾ ਕੀ ਕਾਰਨ ਹੋ ਸਕਦਾ ਹੈ ਅਤੇ ਇਸ ਦਾ ਨਤੀਜਾ ਕੀ ਹੋਵੇਗਾ?
14 ਨਿਮਰਤਾ ਨਾਲ ਮਸੀਹੀ ਬਜ਼ੁਰਗਾਂ ਦੇ ਅਧੀਨ ਰਹਿਣ ਦਾ ਚੌਥਾ ਕਾਰਨ ਸਾਨੂੰ ਪੌਲੁਸ ਰਸੂਲ ਦੇ ਇਨ੍ਹਾਂ ਸ਼ਬਦਾਂ ਤੋਂ ਮਿਲਦਾ ਹੈ: “ਓਹ ਇਹ ਕੰਮ ਅਨੰਦ ਨਾਲ ਕਰਨ, ਨਾ ਹਾਉਕੇ ਭਰ ਭਰ ਕੇ ਕਿਉਂ ਜੋ ਇਹ ਤੁਹਾਡੇ ਲਈ ਲਾਭਵੰਤ ਨਹੀਂ।” (ਇਬਰਾਨੀਆਂ 13:17) ਕਲੀਸਿਯਾ ਦੇ ਭੈਣਾਂ-ਭਰਾਵਾਂ ਨੂੰ ਸਿੱਖਿਆ ਦੇਣ, ਉਨ੍ਹਾਂ ਦੀ ਦੇਖ-ਭਾਲ ਕਰਨ, ਪ੍ਰਚਾਰ ਦੇ ਕੰਮ ਵਿਚ ਅਗਵਾਈ ਕਰਨ, ਆਪਣੇ ਪਰਿਵਾਰਾਂ ਦੀ ਦੇਖ-ਭਾਲ ਕਰਨ ਅਤੇ ਕਲੀਸਿਯਾ ਦੀਆਂ ਮੁਸ਼ਕਲਾਂ ਸੁਲਝਾਉਣ ਦੀ ਭਾਰੀ ਜ਼ਿੰਮੇਵਾਰੀ ਬਜ਼ੁਰਗਾਂ ਨੂੰ ਚੁੱਕਣੀ ਪੈਂਦੀ ਹੈ। (2 ਕੁਰਿੰਥੀਆਂ 11:28, 29) ਜੇ ਅਸੀਂ ਉਨ੍ਹਾਂ ਦਾ ਕਹਿਣਾ ਨਾ ਮੰਨੀਏ, ਤਾਂ ਅਸੀਂ ਉਨ੍ਹਾਂ ਦਾ ਕੰਮ ਹੋਰ ਵੀ ਵਧਾ ਰਹੇ ਹੋਵਾਂਗੇ। ਨਤੀਜੇ ਵਜੋਂ, ਉਹ ਪਰੇਸ਼ਾਨ ਹੋ ਜਾਣਗੇ ਤੇ ਹਾਉਕੇ ਭਰਨਗੇ। ਯਹੋਵਾਹ ਸਾਡੇ ਨਾਲ ਨਾਰਾਜ਼ ਹੋ ਜਾਵੇਗਾ ਜੇ ਅਸੀਂ ਉਨ੍ਹਾਂ ਦਾ ਸਾਥ ਨਾ ਦੇਈਏ ਤੇ ਇਸ ਦਾ ਨੁਕਸਾਨ ਵੀ ਸਾਨੂੰ ਹੀ ਹੋਵੇਗਾ। ਇਸ ਦੀ ਬਜਾਇ, ਜੇ ਅਸੀਂ ਬਜ਼ੁਰਗਾਂ ਦਾ ਆਦਰ ਕਰੀਏ ਤੇ ਉਨ੍ਹਾਂ ਦਾ ਸਾਥ ਦੇਈਏ, ਤਾਂ ਉਹ ਖ਼ੁਸ਼ੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਸਕਣਗੇ। ਨਤੀਜੇ ਵਜੋਂ ਅਸੀਂ ਏਕਤਾ ਅਤੇ ਖ਼ੁਸ਼ੀ ਨਾਲ ਪ੍ਰਚਾਰ ਦੇ ਕੰਮ ਵਿਚ ਹਿੱਸਾ ਲਵਾਂਗੇ।—ਰੋਮੀਆਂ 15:5, 6.
ਅਧੀਨਗੀ ਦਾ ਸਬੂਤ
15. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਬਜ਼ੁਰਗਾਂ ਦੇ ਆਗਿਆਕਾਰ ਤੇ ਅਧੀਨ ਰਹਿੰਦੇ ਹਾਂ?
15 ਅਸੀਂ ਕਈ ਤਰੀਕਿਆਂ ਨਾਲ ਦਿਖਾ ਸਕਦੇ ਹਾਂ ਕਿ ਅਸੀਂ ਬਜ਼ੁਰਗਾਂ ਦਾ ਸਾਥ ਦਿੰਦੇ ਹਾਂ। ਹੋ ਸਕਦਾ ਹੈ ਕਿ ਸਾਡੇ ਇਲਾਕੇ ਵਿਚ ਹੋ ਰਹੀਆਂ ਤਬਦੀਲੀਆਂ ਕਾਰਨ ਬਜ਼ੁਰਗਾਂ ਨੇ ਸ਼ਾਇਦ ਪ੍ਰਚਾਰ ਕਰਨ ਦਾ ਇੰਤਜ਼ਾਮ ਹੁਣ ਉਸ ਦਿਨ ਜਾਂ ਸਮੇਂ ਤੇ ਕੀਤਾ ਹੈ ਜਿਸ ਦਿਨ ਅਸੀਂ ਆਮ ਤੌਰ ਤੇ ਬਾਹਰ ਨਹੀਂ ਜਾਂਦੇ। ਪਰ ਕੀ ਅਸੀਂ ਇਸ ਇੰਤਜ਼ਾਮ ਵਿਚ ਹਿੱਸਾ ਲੈ ਕੇ ਬਜ਼ੁਰਗਾਂ ਦਾ ਸਾਥ ਦੇਣ ਦੀ ਕੋਸ਼ਿਸ਼ ਕਰ ਸਕਦੇ ਹਾਂ? ਇਸ ਤਰ੍ਹਾਂ ਕਰਨ ਨਾਲ ਸਾਨੂੰ ਜ਼ਰੂਰ ਬਰਕਤਾਂ ਮਿਲਣਗੀਆਂ। ਜੇ ਸੇਵਾ ਨਿਗਾਹਬਾਨ ਸਾਡੇ ਬੁੱਕ ਸਟੱਡੀ ਗਰੁੱਪ ਵਿਚ ਆ ਰਿਹਾ ਹੈ, ਤਾਂ ਕੀ ਅਸੀਂ ਉਸ ਹਫ਼ਤੇ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਹਿੱਸਾ ਲੈ ਸਕਦੇ ਹਾਂ? ਜੇ ਸਾਨੂੰ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਕੋਈ ਭਾਗ ਪੇਸ਼ ਕਰਨ ਦਾ ਸਨਮਾਨ ਮਿਲਿਆ ਹੈ, ਤਾਂ ਕੀ ਸਾਨੂੰ ਮੀਟਿੰਗ ਵਿਚ ਹਾਜ਼ਰ ਹੋਣ ਅਤੇ ਆਪਣੇ ਭਾਗ ਨੂੰ ਚੰਗੀ ਤਰ੍ਹਾਂ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ? ਜਦੋਂ ਸਾਡਾ ਬੁੱਕ ਸਟੱਡੀ ਨਿਗਾਹਬਾਨ ਸਾਨੂੰ ਦੱਸਦਾ ਹੈ ਕਿ ਇਸ ਹਫ਼ਤੇ ਕਿੰਗਡਮ ਹਾਲ ਦੀ ਸਫ਼ਾਈ ਕਰਨ ਦੀ ਸਾਡੇ ਗਰੁੱਪ ਦੀ ਵਾਰੀ ਹੈ, ਤਾਂ ਕੀ ਅਸੀਂ ਆਪਣੀ ਸਿਹਤ ਤੇ ਤਾਕਤ ਨੂੰ ਧਿਆਨ ਵਿਚ ਰੱਖ ਕੇ ਸਫ਼ਾਈ ਕਰਨ ਵਿਚ ਗਰੁੱਪ ਦਾ ਹੱਥ ਵਟਾਉਂਦੇ ਹਾਂ? ਇਨ੍ਹਾਂ ਅਤੇ ਹੋਰਨਾਂ ਤਰੀਕਿਆਂ ਨਾਲ ਅਸੀਂ ਦਿਖਾ ਰਹੇ ਹੋਵਾਂਗੇ ਕਿ ਅਸੀਂ ਬਜ਼ੁਰਗਾਂ ਦੇ ਅਧੀਨ ਰਹਿੰਦੇ ਹਾਂ ਜਿਨ੍ਹਾਂ ਨੂੰ ਯਹੋਵਾਹ ਅਤੇ ਯਿਸੂ ਮਸੀਹ ਨੇ ਕਲੀਸਿਯਾ ਦੀ ਦੇਖ-ਭਾਲ ਕਰਨ ਲਈ ਨਿਯੁਕਤ ਕੀਤਾ ਹੈ।
16. ਜੇ ਕੋਈ ਬਜ਼ੁਰਗ ਆਪਣੀ ਮਰਜ਼ੀ ਕਰੇ, ਤਾਂ ਸਾਨੂੰ ਉਸ ਪ੍ਰਤੀ ਗੁਸਤਾਖ਼ੀ ਨਾਲ ਪੇਸ਼ ਕਿਉਂ ਨਹੀਂ ਆਉਣਾ ਚਾਹੀਦਾ?
16 ਕਦੀ-ਕਦਾਈਂ ਇਸ ਤਰ੍ਹਾਂ ਹੋ ਸਕਦਾ ਹੈ ਕਿ ਇਕ ਬਜ਼ੁਰਗ ਠੀਕ ਉਸ ਤਰ੍ਹਾਂ ਨਹੀਂ ਕਰਦਾ ਜਿਸ ਤਰ੍ਹਾਂ ਵਫ਼ਾਦਾਰ ਨੌਕਰ ਤੇ ਪ੍ਰਬੰਧਕ ਸਭਾ ਨਿਰਦੇਸ਼ਿਤ ਕਰਦੇ ਹਨ। ਜੇ ਭਰਾ ਇਸ ਤਰ੍ਹਾਂ ਕਰਦਾ ਰਹੇ, ਤਾਂ ਉਸ ਨੂੰ ਸਾਡੀਆਂ “ਜਾਨਾਂ ਦੇ ਅਯਾਲੀ” ਯਹੋਵਾਹ ਪਰਮੇਸ਼ੁਰ ਨੂੰ ਲੇਖਾ ਦੇਣਾ ਪਵੇਗਾ। (1 ਪਤਰਸ 2:25) ਪਰ ਜੇ ਬਜ਼ੁਰਗ ਕਿਸੇ ਗੱਲ ਤੇ ਖਰੇ ਨਾ ਉਤਰਨ ਜਾਂ ਕੋਈ ਗ਼ਲਤੀ ਕਰਨ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਉਨ੍ਹਾਂ ਪ੍ਰਤੀ ਗੁਸਤਾਖ਼ੀ ਨਾਲ ਪੇਸ਼ ਆ ਸਕਦੇ ਹਾਂ। ਯਹੋਵਾਹ ਪਰਮੇਸ਼ੁਰ ਉਨ੍ਹਾਂ ਨੂੰ ਬਰਕਤ ਨਹੀਂ ਦਿੰਦਾ ਜਿਹੜੇ ਅਣਆਗਿਆਕਾਰ ਅਤੇ ਗੁਸਤਾਖ਼ ਹਨ।—ਗਿਣਤੀ 12:1, 2, 9-11.
ਬਜ਼ੁਰਗਾਂ ਦਾ ਸਾਥ ਦੇਣ ਨਾਲ ਬਰਕਤਾਂ ਮਿਲਣਗੀਆਂ
17. ਬਜ਼ੁਰਗਾਂ ਪ੍ਰਤੀ ਸਾਡਾ ਕਿਹੋ ਜਿਹਾ ਰਵੱਈਆ ਹੋਣਾ ਚਾਹੀਦਾ ਹੈ?
17 ਯਹੋਵਾਹ ਪਰਮੇਸ਼ੁਰ ਜਾਣਦਾ ਹੈ ਕਿ ਜਿਨ੍ਹਾਂ ਬੰਦਿਆਂ ਨੂੰ ਉਸ ਨੇ ਨਿਗਾਹਬਾਨਾਂ ਵਜੋਂ ਨਿਯੁਕਤ ਕੀਤਾ ਹੈ ਉਹ ਸਭ ਨਾਮੁਕੰਮਲ ਹਨ। ਪਰ ਫਿਰ ਵੀ ਉਹ ਉਨ੍ਹਾਂ ਨੂੰ ਆਪਣਾ ਕੰਮ ਕਰਨ ਲਈ ਵਰਤਦਾ ਹੈ। ਯਹੋਵਾਹ ਆਪਣੀ ਪਵਿੱਤਰ ਆਤਮਾ ਰਾਹੀਂ ਧਰਤੀ ਉੱਤੇ ਆਪਣੇ ਲੋਕਾਂ ਦੀ ਦੇਖ-ਭਾਲ ਕਰਦਾ ਹੈ। ਕਿਹਾ ਜਾ ਸਕਦਾ ਹੈ ਕਿ ਜੋ ਵੀ ਕੰਮ ਬਜ਼ੁਰਗ ਜਾਂ ਅਸੀਂ ਪੂਰਾ ਕਰਦੇ ਹਾਂ, ਉਸ ਦੇ ਪਿੱਛੇ “ਮਹਾ-ਸ਼ਕਤੀ ਦਾ ਸੋਮਾ ਕੇਵਲ ਪਰਮੇਸ਼ਰ ਹੀ ਹੈ, ਅਸੀਂ ਨਹੀਂ ਹਾਂ।” (2 ਕੁਰਿੰਥੁਸ 4:7, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਸ ਲਈ ਸਾਨੂੰ ਯਹੋਵਾਹ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਵਫ਼ਾਦਾਰ ਨਿਗਾਹਬਾਨਾਂ ਰਾਹੀਂ ਕਿੰਨਾ ਵਧੀਆ ਕੰਮ ਕਰ ਰਿਹਾ ਹੈ। ਇਸ ਦੇ ਨਾਲ-ਨਾਲ ਸਾਨੂੰ ਇਨ੍ਹਾਂ ਨਿਗਾਹਬਾਨਾਂ ਦਾ ਸਾਥ ਦੇਣਾ ਚਾਹੀਦਾ ਹੈ।
18. ਬਜ਼ੁਰਗਾਂ ਦੇ ਅਧੀਨ ਰਹਿ ਕੇ ਅਸੀਂ ਅਸਲ ਵਿਚ ਕੀ ਕਰ ਰਹੇ ਹਾਂ?
18 ਬਜ਼ੁਰਗਾਂ ਬਾਰੇ ਯਿਰਮਿਯਾਹ 3:15 ਵਿਚ ਕਿਹਾ ਗਿਆ ਹੈ: “ਮੈਂ ਤੁਹਾਨੂੰ ਆਪਣੇ ਦਿਲ ਦੇ ਅਨੁਸਾਰ ਆਜੜੀ ਦਿਆਂਗਾ ਜਿਹੜੇ ਤੁਹਾਨੂੰ ਗਿਆਨ ਅਤੇ ਸਮਝ ਨਾਲ ਚਾਰਨਗੇ।” ਇਨ੍ਹਾਂ ਆਖ਼ਰੀ ਦਿਨਾਂ ਵਿਚ ਨਿਗਾਹਬਾਨ ਆਪਣੀ ਪੂਰੀ ਵਾਹ ਲਾ ਕੇ ਇਸ ਹਵਾਲੇ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਦੇ ਹਨ। ਬਿਨਾਂ ਸ਼ੱਕ ਬਜ਼ੁਰਗ ਕਲੀਸਿਯਾ ਦੇ ਭੈਣਾਂ-ਭਰਾਵਾਂ ਨੂੰ ਸਿੱਖਿਆ ਦੇਣ ਅਤੇ ਉਨ੍ਹਾਂ ਦੀ ਰਾਖੀ ਕਰਨ ਵਿਚ ਵਧੀਆ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ। ਇਸ ਲਈ ਆਓ ਆਪਾਂ ਇਨ੍ਹਾਂ ਭਰਾਵਾਂ ਦੀ ਸਖ਼ਤ ਮਿਹਨਤ ਦੀ ਕਦਰ ਕਰਦੇ ਹੋਏ ਇਨ੍ਹਾਂ ਦਾ ਸਾਥ ਦੇਈਏ, ਇਨ੍ਹਾਂ ਦੇ ਅਧੀਨ ਰਹੀਏ ਅਤੇ ਇਨ੍ਹਾਂ ਦੀ ਗੱਲ ਮੰਨੀਏ। ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੇ ਸਵਰਗੀ ਪਿਤਾ ਯਹੋਵਾਹ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਦੀ ਕਦਰ ਕਰ ਰਹੇ ਹੋਵਾਂਗੇ।
ਕੀ ਤੁਹਾਨੂੰ ਯਾਦ ਹੈ?
• ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਅਤੇ ਯਿਸੂ ਮਸੀਹ ਅੱਛੇ ਅਯਾਲੀ ਹਨ?
• ਆਗਿਆਕਾਰੀ ਦੇ ਨਾਲ-ਨਾਲ ਅਧੀਨਗੀ ਦੀ ਕਿਉਂ ਲੋੜ ਹੈ?
• ਅਸੀਂ ਕਿਨ੍ਹਾਂ ਤਰੀਕਿਆਂ ਨਾਲ ਦਿਖਾ ਸਕਦੇ ਹਾਂ ਕਿ ਅਸੀਂ ਬਜ਼ੁਰਗਾਂ ਦੇ ਅਧੀਨ ਰਹਿੰਦੇ ਹਾਂ?
[ਸਫ਼ਾ 27 ਉੱਤੇ ਤਸਵੀਰ]
ਕਲੀਸਿਯਾ ਦੇ ਬਜ਼ੁਰਗ ਯਿਸੂ ਦੀ ਨਿਗਰਾਨੀ ਹੇਠ ਸੇਵਾ ਕਰਦੇ ਹਨ
[ਸਫ਼ਾ 29 ਉੱਤੇ ਤਸਵੀਰਾਂ]
ਯਹੋਵਾਹ ਦੁਆਰਾ ਨਿਯੁਕਤ ਕੀਤੇ ਗਏ ਬਜ਼ੁਰਗਾਂ ਦੇ ਅਧੀਨ ਰਹਿਣ ਦੇ ਕਈ ਤਰੀਕੇ ਹਨ