ਅਧਿਆਇ 12
‘ਮੈਂ ਉਨ੍ਹਾਂ ਨੂੰ ਇਕ ਕੌਮ ਬਣਾਵਾਂਗਾ’
ਮੁੱਖ ਗੱਲ: ਯਹੋਵਾਹ ਨੇ ਆਪਣੇ ਲੋਕਾਂ ਨੂੰ ਇਕੱਠੇ ਕਰਨ ਦਾ ਵਾਅਦਾ ਕੀਤਾ; ਦੋ ਸੋਟੀਆਂ ਬਾਰੇ ਭਵਿੱਖਬਾਣੀ
1, 2. (ੳ) ਯਹੂਦੀਆਂ ਦੇ ਦਿਲਾਂ ਦੀਆਂ ਧੜਕਣਾਂ ਕਿਉਂ ਤੇਜ਼ ਹੋ ਗਈਆਂ? (ਅ) ਉਹ ਹੈਰਾਨ ਕਿਉਂ ਰਹਿ ਗਏ? (ੲ) ਅਸੀਂ ਕਿਨ੍ਹਾਂ ਸਵਾਲਾਂ ʼਤੇ ਚਰਚਾ ਕਰਾਂਗੇ?
ਪਰਮੇਸ਼ੁਰ ਦੀ ਸੇਧ ਅਨੁਸਾਰ ਹਿਜ਼ਕੀਏਲ ਨੇ ਬਾਬਲ ਵਿਚ ਗ਼ੁਲਾਮ ਯਹੂਦੀਆਂ ਨੂੰ ਨਿਸ਼ਾਨੀਆਂ ਦੇ ਜ਼ਰੀਏ ਬਹੁਤ ਸਾਰੀਆਂ ਭਵਿੱਖਬਾਣੀਆਂ ਦੱਸੀਆਂ। ਹਿਜ਼ਕੀਏਲ ਨੇ ਨਾਟਕ ਕਰ ਕੇ ਜੋ ਪਹਿਲੀ ਭਵਿੱਖਬਾਣੀ ਕੀਤੀ ਸੀ, ਉਸ ਵਿਚ ਸਜ਼ਾ ਦਾ ਸੰਦੇਸ਼ ਸੀ। ਦੂਸਰੀ ਭਵਿੱਖਬਾਣੀ ਵਿਚ ਵੀ ਇਹੀ ਸੀ, ਤੀਸਰੀ ਵਿਚ ਵੀ ਅਤੇ ਬਾਕੀ ਸਾਰੀਆਂ ਭਵਿੱਖਬਾਣੀਆਂ ਵਿਚ ਵੀ ਸਜ਼ਾ ਦਾ ਸੰਦੇਸ਼ ਸੀ। (ਹਿਜ਼. 3:24-26; 4:1-7; 5:1; 12:3-6) ਦਰਅਸਲ ਹਿਜ਼ਕੀਏਲ ਨੇ ਜੋ ਵੀ ਨਾਟਕ ਕਰ ਕੇ ਭਵਿੱਖਬਾਣੀਆਂ ਕੀਤੀਆਂ, ਉਨ੍ਹਾਂ ਵਿਚ ਇਹੀ ਦੱਸਿਆ ਗਿਆ ਕਿ ਪਰਮੇਸ਼ੁਰ ਯਹੂਦੀਆਂ ਨੂੰ ਕਿੰਨੀ ਸਖ਼ਤ ਸਜ਼ਾ ਦੇਵੇਗਾ।
2 ਕਲਪਨਾ ਕਰੋ ਕਿ ਉਦੋਂ ਗ਼ੁਲਾਮ ਯਹੂਦੀਆਂ ਦੀਆਂ ਧੜਕਣਾਂ ਕਿੰਨੀਆਂ ਤੇਜ਼ ਹੋ ਗਈਆਂ ਹੋਣੀਆਂ ਜਦੋਂ ਹਿਜ਼ਕੀਏਲ ਇਕ ਹੋਰ ਭਵਿੱਖਬਾਣੀ ਦਾ ਨਾਟਕ ਕਰਨ ਲਈ ਉਨ੍ਹਾਂ ਸਾਮ੍ਹਣੇ ਖੜ੍ਹਾ ਹੁੰਦਾ ਹੈ। ਉਹ ਸੋਚਦੇ ਹੋਣੇ, ‘ਪਤਾ ਨਹੀਂ ਇਹਨੇ ਹੁਣ ਕਿਹੜਾ ਭਿਆਨਕ ਸੰਦੇਸ਼ ਸੁਣਾਉਣਾ?’ ਪਰ ਉਹ ਹੈਰਾਨ ਰਹਿ ਜਾਂਦੇ ਹਨ ਜਦੋਂ ਹਿਜ਼ਕੀਏਲ ਨਾਟਕ ਦੇ ਰੂਪ ਵਿਚ ਇਕ ਬਿਲਕੁਲ ਵੱਖਰੀ ਭਵਿੱਖਬਾਣੀ ਕਰਦਾ ਹੈ। ਇਸ ਵਿਚ ਪਰਮੇਸ਼ੁਰ ਵੱਲੋਂ ਸਖ਼ਤ ਸਜ਼ਾ ਦਾ ਸੰਦੇਸ਼ ਨਹੀਂ, ਸਗੋਂ ਸੁਨਹਿਰੇ ਭਵਿੱਖ ਦਾ ਵਾਅਦਾ ਹੈ। (ਹਿਜ਼. 37:23) ਆਖ਼ਰਕਾਰ ਹਿਜ਼ਕੀਏਲ ਯਹੂਦੀਆਂ ਨੂੰ ਕਿਹੜੀ ਭਵਿੱਖਬਾਣੀ ਦੱਸਦਾ ਹੈ? ਇਸ ਭਵਿੱਖਬਾਣੀ ਦਾ ਕੀ ਮਤਲਬ ਹੈ? ਅੱਜ ਇਹ ਭਵਿੱਖਬਾਣੀ ਪਰਮੇਸ਼ੁਰ ਦੇ ਲੋਕਾਂ ਲਈ ਕੀ ਅਹਿਮੀਅਤ ਰੱਖਦੀ ਹੈ? ਆਓ ਦੇਖੀਏ।
“ਉਹ ਦੋਵੇਂ ਮੇਰੇ ਹੱਥ ਵਿਚ ਇਕ ਬਣ ਜਾਣਗੀਆਂ”
3. (ੳ) ਉਹ ਸੋਟੀ ਕਿਸ ਨੂੰ ਦਰਸਾਉਂਦੀ ਸੀ ਜਿਸ ʼਤੇ ਲਿਖਿਆ ਸੀ, “ਯਹੂਦਾਹ ਲਈ”? (ਅ) “ਇਫ਼ਰਾਈਮ ਦੀ ਸੋਟੀ” ਦਸ-ਗੋਤੀ ਰਾਜ ਨੂੰ ਕਿਉਂ ਦਰਸਾਉਂਦੀ ਸੀ?
3 ਯਹੋਵਾਹ ਨੇ ਹਿਜ਼ਕੀਏਲ ਨੂੰ ਕਿਹਾ ਕਿ ਉਹ ਦੋ ਸੋਟੀਆਂ ਲਵੇ ਅਤੇ ਇਕ ʼਤੇ ਲਿਖੇ ‘ਯਹੂਦਾਹ ਲਈ’ ਅਤੇ ਦੂਸਰੀ ਤੇ ਲਿਖੇ ‘ਇਫ਼ਰਾਈਮ ਦੀ ਸੋਟੀ, ਯੂਸੁਫ਼ ਲਈ।’ (ਹਿਜ਼ਕੀਏਲ 37:15, 16 ਪੜ੍ਹੋ।) ਇਨ੍ਹਾਂ ਦੋ ਸੋਟੀਆਂ ਦਾ ਕੀ ਮਤਲਬ ਹੈ? ਜਿਸ ਸੋਟੀ ʼਤੇ ਲਿਖਿਆ ਸੀ ‘ਯਹੂਦਾਹ ਲਈ,’ ਉਹ ਸੋਟੀ ਯਹੂਦਾਹ ਤੇ ਬਿਨਯਾਮੀਨ ਦੇ ਦੋ-ਗੋਤੀ ਰਾਜ ਨੂੰ ਦਰਸਾਉਂਦੀ ਹੈ। ਯਹੂਦਾਹ ਦੇ ਖ਼ਾਨਦਾਨ ਵਿੱਚੋਂ ਆਏ ਰਾਜਿਆਂ ਨੇ ਇਨ੍ਹਾਂ ਦੋ ਗੋਤਾਂ ʼਤੇ ਰਾਜ ਕੀਤਾ। ਇਨ੍ਹਾਂ ਰਾਜਿਆਂ ਦਾ ਪੁਜਾਰੀਆਂ ਨਾਲ ਗਹਿਰਾ ਸੰਬੰਧ ਸੀ ਕਿਉਂਕਿ ਪੁਜਾਰੀ ਯਹੂਦਾਹ ਦੇ ਰਾਜ ਵਿਚ ਰਹਿੰਦੇ ਸਨ ਤੇ ਯਰੂਸ਼ਲਮ ਦੇ ਮੰਦਰ ਵਿਚ ਸੇਵਾ ਕਰਦੇ ਸਨ। (2 ਇਤਿ. 11:13, 14; 34:30) ਇਸ ਤਰ੍ਹਾਂ ਯਹੂਦਾਹ ਦੇ ਰਾਜ ਵਿਚ ਦਾਊਦ ਦੇ ਖ਼ਾਨਦਾਨ ਵਿੱਚੋਂ ਰਾਜੇ ਅਤੇ ਲੇਵੀ ਗੋਤ ਦੇ ਪੁਜਾਰੀ ਰਹਿੰਦੇ ਸਨ। “ਇਫ਼ਰਾਈਮ ਦੀ ਸੋਟੀ” ਇਜ਼ਰਾਈਲ ਦੇ ਦਸ-ਗੋਤੀ ਰਾਜ ਨੂੰ ਦਰਸਾਉਂਦੀ ਹੈ। ਅਸੀਂ ਇਹ ਗੱਲ ਕਿਵੇਂ ਕਹਿ ਸਕਦੇ ਹਾਂ? ਦਸ-ਗੋਤੀ ਰਾਜ ਦਾ ਪਹਿਲਾ ਰਾਜਾ ਯਾਰਾਬੁਆਮ ਸੀ ਜੋ ਇਫ਼ਰਾਈਮ ਦੇ ਗੋਤ ਵਿੱਚੋਂ ਸੀ। ਸਮੇਂ ਦੇ ਬੀਤਣ ਨਾਲ ਇਫ਼ਰਾਈਮ ਸਭ ਤੋਂ ਤਾਕਤਵਰ ਗੋਤ ਬਣ ਗਿਆ। (ਬਿਵ. 33:17; 1 ਰਾਜ. 11:26) ਗੌਰ ਕਰੋ ਕਿ ਇਜ਼ਰਾਈਲ ਦੇ ਦਸ-ਗੋਤੀ ਰਾਜ ਵਿਚ ਨਾ ਤਾਂ ਦਾਊਦ ਦੇ ਖ਼ਾਨਦਾਨ ਵਿੱਚੋਂ ਰਾਜੇ ਸਨ ਤੇ ਨਾ ਹੀ ਲੇਵੀ ਗੋਤ ਦੇ ਪੁਜਾਰੀ ਸਨ।
4. ਹਿਜ਼ਕੀਏਲ ਨੇ ਦੋ ਸੋਟੀਆਂ ਲੈ ਕੇ ਜੋ ਨਾਟਕ ਕੀਤਾ, ਉਹ ਕਿਸ ਗੱਲ ਨੂੰ ਦਰਸਾਉਂਦਾ ਹੈ? (ਪਹਿਲੀ ਤਸਵੀਰ ਦੇਖੋ।)
4 ਫਿਰ ਯਹੋਵਾਹ ਨੇ ਹਿਜ਼ਕੀਏਲ ਨੂੰ ਕਿਹਾ ਕਿ ਉਹ ਦੋਵਾਂ ਸੋਟੀਆਂ ਨੂੰ ਇਕ-ਦੂਜੇ ਦੇ ਨੇੜੇ ਲਿਆਵੇ ‘ਤਾਂਕਿ ਉਹ ਇਕ ਸੋਟੀ ਬਣ ਜਾਣ।’ ਹਿਜ਼ਕੀਏਲ ਦਾ ਇਹ ਨਾਟਕ ਦੇਖ ਕੇ ਯਹੂਦੀ ਬੇਚੈਨ ਹੋ ਜਾਂਦੇ ਹਨ ਕਿ ਇਸ ਦਾ ਕੀ ਮਤਲਬ ਹੋ ਸਕਦਾ। ਉਹ ਉਸ ਨੂੰ ਪੁੱਛਦੇ ਹਨ: “ਕੀ ਤੂੰ ਸਾਨੂੰ ਇਨ੍ਹਾਂ ਗੱਲਾਂ ਦਾ ਮਤਲਬ ਨਹੀਂ ਦੱਸੇਂਗਾ?” ਹਿਜ਼ਕੀਏਲ ਉਨ੍ਹਾਂ ਨੂੰ ਨਾਟਕ ਦਾ ਮਤਲਬ ਸਮਝਾਉਂਦਾ ਹੈ ਕਿ ਯਹੋਵਾਹ ਉਨ੍ਹਾਂ ਨਾਲ ਕੀ ਕਰੇਗਾ। ਯਹੋਵਾਹ ਨੇ ਉਨ੍ਹਾਂ ਦੋ ਸੋਟੀਆਂ ਬਾਰੇ ਕਿਹਾ: “ਮੈਂ ਉਨ੍ਹਾਂ ਨੂੰ ਇਕ ਸੋਟੀ ਬਣਾਵਾਂਗਾ ਅਤੇ ਉਹ ਦੋਵੇਂ ਮੇਰੇ ਹੱਥ ਵਿਚ ਇਕ ਬਣ ਜਾਣਗੀਆਂ।”—ਹਿਜ਼. 37:17-19.
5. ਹਿਜ਼ਕੀਏਲ ਦੇ ਨਾਟਕ ਦਾ ਕੀ ਮਤਲਬ ਸੀ? (“ਦੋ ਸੋਟੀਆਂ ਨੂੰ ਜੋੜਿਆ ਗਿਆ” ਨਾਂ ਦੀ ਡੱਬੀ ਦੇਖੋ।)
5 ਫਿਰ ਯਹੋਵਾਹ ਉਨ੍ਹਾਂ ਦੋ ਸੋਟੀਆਂ ਨੂੰ ਇਕ ਕਰਨ ਦਾ ਮਤਲਬ ਸਮਝਾਉਂਦਾ ਹੈ। (ਹਿਜ਼ਕੀਏਲ 37:21, 22 ਪੜ੍ਹੋ।) ਦੋ-ਗੋਤੀ ਰਾਜ ਯਹੂਦਾਹ ਦੇ ਗ਼ੁਲਾਮਾਂ ਨੂੰ ਅਤੇ ਦਸ-ਗੋਤੀ ਰਾਜ ਇਜ਼ਰਾਈਲ (ਇਫ਼ਰਾਈਮ) ਦੇ ਗ਼ੁਲਾਮਾਂ ਨੂੰ ਉਨ੍ਹਾਂ ਦੇ ਦੇਸ਼ ਇਜ਼ਰਾਈਲ ਵਾਪਸ ਲਿਆਂਦਾ ਜਾਵੇਗਾ ਅਤੇ ਉੱਥੇ ਉਹ ਮਿਲ ਕੇ “ਇਕ ਕੌਮ” ਬਣ ਜਾਣਗੇ।—ਯਿਰ. 30:1-3; 31:2-9; 33:7.
6. ਹਿਜ਼ਕੀਏਲ 37 ਵਿਚ ਦਰਜ ਕਿਹੜੀਆਂ ਦੋ ਭਵਿੱਖਬਾਣੀਆਂ ਇਕ-ਦੂਜੀ ਨਾਲ ਮੇਲ ਖਾਂਦੀਆਂ ਹਨ?
6 ਹਿਜ਼ਕੀਏਲ 37 ਵਿਚ ਬਹਾਲੀ ਬਾਰੇ ਦੋ ਭਵਿੱਖਬਾਣੀਆਂ ਦਰਜ ਹਨ ਜੋ ਇਕ-ਦੂਜੀ ਨਾਲ ਮੇਲ ਖਾਂਦੀਆਂ ਹਨ। ਯਹੋਵਾਹ ਆਪਣੇ ਲੋਕਾਂ ਵਿਚ ਨਾ ਸਿਰਫ਼ ਜਾਨ ਪਾਵੇਗਾ, (ਆਇਤਾਂ 1-14) ਸਗੋਂ ਉਨ੍ਹਾਂ ਵਿਚ ਏਕਤਾ ਵੀ ਕਾਇਮ ਕਰੇਗਾ (ਆਇਤਾਂ 15-28)। ਇਨ੍ਹਾਂ ਦੋਹਾਂ ਭਵਿੱਖਬਾਣੀਆਂ ਵਿਚ ਦਿਲ ਨੂੰ ਛੂਹ ਲੈਣ ਵਾਲਾ ਇਹ ਸੰਦੇਸ਼ ਹੈ: ਉਨ੍ਹਾਂ ਨੂੰ ਮੌਤ ਯਾਨੀ ਗ਼ੁਲਾਮੀ ਤੋਂ ਛੁਡਾਇਆ ਜਾ ਸਕਦਾ ਹੈ ਅਤੇ ਫਿਰ ਉਨ੍ਹਾਂ ਨੂੰ ਏਕਤਾ ਦੇ ਬੰਧਨ ਵਿਚ ਬੰਨ੍ਹਿਆ ਜਾ ਸਕਦਾ ਹੈ।
ਯਹੋਵਾਹ ਨੇ ਉਨ੍ਹਾਂ ਨੂੰ ਕਿਵੇਂ “ਇਕੱਠਾ” ਕੀਤਾ?
7. ਪਹਿਲਾ ਇਤਿਹਾਸ 9:2, 3 ਤੋਂ ਇਹ ਗੱਲ ਕਿਵੇਂ ਸਹੀ ਸਾਬਤ ਹੁੰਦੀ ਹੈ ਕਿ “ਪਰਮੇਸ਼ੁਰ ਸਭ ਕੁਝ ਕਰ ਸਕਦਾ ਹੈ”?
7 ਇਨਸਾਨੀ ਨਜ਼ਰੀਏ ਤੋਂ ਦੇਖੀਏ, ਤਾਂ ਇਜ਼ਰਾਈਲੀਆਂ ਨੂੰ ਗ਼ੁਲਾਮੀ ਵਿੱਚੋਂ ਛੁਡਾਉਣਾ ਅਤੇ ਫਿਰ ਉਨ੍ਹਾਂ ਨੂੰ ਏਕਤਾ ਦੇ ਬੰਧਨ ਵਿਚ ਬੰਨ੍ਹਣਾ ਨਾਮੁਮਕਿਨ ਲੱਗਦਾ ਸੀ।a ਪਰ “ਪਰਮੇਸ਼ੁਰ ਸਭ ਕੁਝ ਕਰ ਸਕਦਾ ਹੈ।” (ਮੱਤੀ 19:26) ਯਹੋਵਾਹ ਨੇ ਆਪਣੀ ਭਵਿੱਖਬਾਣੀ ਪੂਰੀ ਕੀਤੀ। 537 ਈਸਵੀ ਪੂਰਵ ਵਿਚ ਯਹੂਦੀ ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਹੋ ਗਏ। ਇਸ ਤੋਂ ਬਾਅਦ ਦੋਹਾਂ ਰਾਜਾਂ ਦੇ ਕੁਝ ਲੋਕ ਯਰੂਸ਼ਲਮ ਆਏ ਤਾਂਕਿ ਸ਼ੁੱਧ ਭਗਤੀ ਨੂੰ ਬਹਾਲ ਕਰਨ ਵਿਚ ਮਦਦ ਕਰਨ। ਪਰਮੇਸ਼ੁਰ ਦਾ ਬਚਨ ਇਸ ਗੱਲ ਨੂੰ ਸਹੀ ਸਾਬਤ ਕਰਦਾ ਹੈ ਕਿਉਂਕਿ ਇਸ ਵਿਚ ਲਿਖਿਆ ਹੈ: ‘ਯਹੂਦਾਹ, ਬਿਨਯਾਮੀਨ, ਇਫ਼ਰਾਈਮ ਅਤੇ ਮਨੱਸ਼ਹ ਦੇ ਵੰਸ਼ ਵਿੱਚੋਂ ਕੁਝ ਜਣੇ ਯਰੂਸ਼ਲਮ ਵਿਚ ਰਹਿਣ ਲੱਗ ਪਏ।’ (1 ਇਤਿ. 9:2, 3; ਅਜ਼. 6:17) ਵਾਕਈ, ਯਹੋਵਾਹ ਨੇ ਜਿਵੇਂ ਕਿਹਾ ਸੀ, ਇਜ਼ਰਾਈਲ ਦੇ ਦਸ-ਗੋਤੀ ਰਾਜ ਦੇ ਲੋਕ ਅਤੇ ਯਹੂਦਾਹ ਦੇ ਦੋ-ਗੋਤੀ ਰਾਜ ਦੇ ਲੋਕ ਫਿਰ ਤੋਂ ਇਕ ਹੋ ਗਏ।
8. (ੳ) ਯਸਾਯਾਹ ਨੇ ਕਿਹੜੀ ਭਵਿੱਖਬਾਣੀ ਕੀਤੀ? (ਅ) ਹਿਜ਼ਕੀਏਲ 37:21 ਵਿਚ ਕਿਹੜੀਆਂ ਦੋ ਖ਼ਾਸ ਗੱਲਾਂ ਦੱਸੀਆਂ ਗਈਆਂ ਹਨ?
8 ਲਗਭਗ 200 ਸਾਲ ਪਹਿਲਾਂ ਯਸਾਯਾਹ ਨਬੀ ਨੇ ਭਵਿੱਖਬਾਣੀ ਕੀਤੀ ਸੀ ਕਿ ਗ਼ੁਲਾਮੀ ਵਿੱਚੋਂ ਨਿਕਲਣ ਤੋਂ ਬਾਅਦ ਇਜ਼ਰਾਈਲ ਅਤੇ ਯਹੂਦਾਹ ਨਾਲ ਕੀ ਹੋਵੇਗਾ। ਯਸਾਯਾਹ ਨੇ ਭਵਿੱਖਬਾਣੀ ਕੀਤੀ ਕਿ ਯਹੋਵਾਹ “ਇਜ਼ਰਾਈਲ ਦੇ ਖਿੰਡੇ ਹੋਇਆਂ ਨੂੰ” ਅਤੇ “ਧਰਤੀ ਦੇ ਚਾਰਾਂ ਕੋਨਿਆਂ ਤੋਂ ਯਹੂਦਾਹ ਦੇ ਤਿੱਤਰ-ਬਿੱਤਰ ਹੋਇਆਂ ਨੂੰ ਇਕੱਠਾ ਕਰੇਗਾ” ਜਿਨ੍ਹਾਂ ਵਿਚ “ਅੱਸ਼ੂਰ” ਵਿਚ ਖਿੰਡੇ ਹੋਏ ਲੋਕ ਵੀ ਸ਼ਾਮਲ ਸਨ। (ਯਸਾ. 11:12, 13, 16) ਜਿਵੇਂ ਯਹੋਵਾਹ ਨੇ ਕਿਹਾ ਸੀ, ਬਿਲਕੁਲ ਉਸੇ ਤਰ੍ਹਾਂ ਹੋਇਆ। ਉਹ ‘ਇਜ਼ਰਾਈਲੀਆਂ ਨੂੰ ਉਨ੍ਹਾਂ ਕੌਮਾਂ ਵਿੱਚੋਂ’ ਕੱਢ ਲਿਆਇਆ। (ਹਿਜ਼. 37:21) ਜ਼ਰਾ ਇਨ੍ਹਾਂ ਦੋ ਖ਼ਾਸ ਗੱਲਾਂ ʼਤੇ ਗੌਰ ਕਰੋ: ਇਕ ਤਾਂ ਇਹ ਕਿ ਵਾਪਸ ਲਿਆਉਣ ਦੀ ਗੱਲ ਕਰਦੇ ਸਮੇਂ ਯਹੋਵਾਹ ਨੇ ਉਨ੍ਹਾਂ ਨੂੰ “ਯਹੂਦਾਹ” ਅਤੇ “ਇਫ਼ਰਾਈਮ” ਨਹੀਂ, ਸਗੋਂ ਇਕ ਸਮੂਹ ਦੇ ਤੌਰ ਤੇ ‘ਇਜ਼ਰਾਈਲੀ’ ਕਿਹਾ। ਦੂਸਰੀ ਗੱਲ, ਇਜ਼ਰਾਈਲੀਆਂ ਨੇ ਸਿਰਫ਼ ਬਾਬਲ ਤੋਂ ਹੀ ਨਹੀਂ, ਸਗੋਂ ਕਈ ਕੌਮਾਂ ਵਿੱਚੋਂ ਵਾਪਸ ਆਉਣਾ ਸੀ। ਹਾਂ, ਉਨ੍ਹਾਂ ਨੇ ਧਰਤੀ ਦੀ “ਹਰ ਦਿਸ਼ਾ ਤੋਂ” ਵਾਪਸ ਆਉਣਾ ਸੀ।
9. ਯਹੋਵਾਹ ਨੇ ਵਾਪਸ ਆਏ ਯਹੂਦੀਆਂ ਦੀ ਏਕਤਾ ਨਾਲ ਰਹਿਣ ਵਿਚ ਕਿਵੇਂ ਮਦਦ ਕੀਤੀ?
9 ਜਦੋਂ ਇਜ਼ਰਾਈਲੀ ਆਪਣੇ ਦੇਸ਼ ਵਾਪਸ ਆਏ, ਤਾਂ ਯਹੋਵਾਹ ਨੇ ਏਕਤਾ ਨਾਲ ਰਹਿਣ ਵਿਚ ਉਨ੍ਹਾਂ ਦੀ ਮਦਦ ਕੀਤੀ। ਕਿਵੇਂ? ਯਹੋਵਾਹ ਨੇ ਉਨ੍ਹਾਂ ਨੂੰ ਅਜਿਹੇ ਚਰਵਾਹੇ ਦਿੱਤੇ ਜਿਨ੍ਹਾਂ ਦੀ ਸੋਚ ਉਸ ਵਰਗੀ ਸੀ ਜਿਵੇਂ ਜ਼ਰੁਬਾਬਲ, ਮਹਾਂ ਪੁਜਾਰੀ ਯਹੋਸ਼ੁਆ, ਅਜ਼ਰਾ ਅਤੇ ਨਹਮਯਾਹ। ਯਹੋਵਾਹ ਨੇ ਉਨ੍ਹਾਂ ਲਈ ਨਬੀ ਵੀ ਨਿਯੁਕਤ ਕੀਤੇ ਜਿਵੇਂ ਹੱਜਈ, ਜ਼ਕਰਯਾਹ ਅਤੇ ਮਲਾਕੀ। ਇਨ੍ਹਾਂ ਵਫ਼ਾਦਾਰ ਆਦਮੀਆਂ ਨੇ ਸਖ਼ਤ ਮਿਹਨਤ ਕਰ ਕੇ ਇਜ਼ਰਾਈਲੀਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਯਹੋਵਾਹ ਦੀਆਂ ਹਿਦਾਇਤਾਂ ਨੂੰ ਮੰਨਣ। (ਨਹ. 8:2, 3) ਇਸ ਤੋਂ ਇਲਾਵਾ, ਯਹੋਵਾਹ ਨੇ ਇਜ਼ਰਾਈਲੀਆਂ ਦੇ ਦੁਸ਼ਮਣਾਂ ਦੀਆਂ ਸਾਰੀਆਂ ਸਾਜ਼ਸ਼ਾਂ ਨੂੰ ਨਾਕਾਮ ਕਰ ਕੇ ਉਨ੍ਹਾਂ ਦੀ ਰਾਖੀ ਕੀਤੀ।—ਅਸ. 9:24, 25; ਜ਼ਕ. 4:6.
10. ਸ਼ੈਤਾਨ ਅਖ਼ੀਰ ਕੀ ਕਰਨ ਵਿਚ ਕਾਮਯਾਬ ਹੋਇਆ?
10 ਯਹੋਵਾਹ ਨੇ ਪਿਆਰ ਕਰਕੇ ਇਜ਼ਰਾਈਲੀਆਂ ਲਈ ਬਹੁਤ ਸਾਰੇ ਪ੍ਰਬੰਧ ਕੀਤੇ, ਫਿਰ ਵੀ ਜ਼ਿਆਦਾਤਰ ਇਜ਼ਰਾਈਲੀਆਂ ਨੇ ਸ਼ੁੱਧ ਭਗਤੀ ਕਰਨੀ ਛੱਡ ਦਿੱਤੀ ਤੇ ਬੁਰੇ ਕੰਮ ਕਰਨ ਲੱਗ ਪਏ। ਇਸ ਬਾਰੇ ਬਾਈਬਲ ਦੀਆਂ ਉਨ੍ਹਾਂ ਕਿਤਾਬਾਂ ਵਿਚ ਦੱਸਿਆ ਗਿਆ ਹੈ ਜੋ ਉਨ੍ਹਾਂ ਦੇ ਗ਼ੁਲਾਮੀ ਤੋਂ ਵਾਪਸ ਆਉਣ ਤੋਂ ਬਾਅਦ ਲਿਖੀਆਂ ਗਈਆਂ ਸਨ। (ਅਜ਼. 9:1-3; ਨਹ. 13:1, 2, 15) ਆਪਣੇ ਦੇਸ਼ ਵਾਪਸ ਆਉਣ ਤੋਂ 100 ਸਾਲਾਂ ਦੇ ਅੰਦਰ ਹੀ ਇਜ਼ਰਾਈਲੀਆਂ ਦੀ ਭਗਤੀ ਇੰਨੀ ਭ੍ਰਿਸ਼ਟ ਹੋ ਗਈ ਕਿ ਯਹੋਵਾਹ ਨੂੰ ਉਨ੍ਹਾਂ ਨੂੰ ਕਹਿਣਾ ਪਿਆ: “ਮੇਰੇ ਕੋਲ ਵਾਪਸ ਆਓ।” (ਮਲਾ. 3:7) ਜਦੋਂ ਯਿਸੂ ਧਰਤੀ ਉੱਤੇ ਆਇਆ, ਉਦੋਂ ਤਕ ਯਹੂਦੀ ਧਰਮ ਦੇ ਕਈ ਗੁੱਟ ਬਣ ਗਏ ਸਨ ਅਤੇ ਉਨ੍ਹਾਂ ਦੀ ਅਗਵਾਈ ਕਰਨ ਵਾਲੇ ਵੀ ਵਿਸ਼ਵਾਸਘਾਤੀ ਸਨ। (ਮੱਤੀ 16:6; ਮਰ. 7:5-8) ਸ਼ੈਤਾਨ ਯਹੋਵਾਹ ਦੇ ਲੋਕਾਂ ਦੀ ਏਕਤਾ ਤੋੜਨ ਵਿਚ ਕਾਫ਼ੀ ਹੱਦ ਤਕ ਕਾਮਯਾਬ ਹੋ ਗਿਆ। ਫਿਰ ਵੀ ਯਹੋਵਾਹ ਨੇ ਆਪਣੇ ਲੋਕਾਂ ਨੂੰ ਇਕ ਕਰਨ ਬਾਰੇ ਜੋ ਭਵਿੱਖਬਾਣੀ ਕੀਤੀ ਸੀ, ਉਹ ਹਰ ਹਾਲ ਵਿਚ ਪੂਰੀ ਹੋਣੀ ਸੀ। ਪਰ ਕਿਵੇਂ?
“ਮੇਰਾ ਸੇਵਕ ਦਾਊਦ ਉਨ੍ਹਾਂ ਦਾ ਰਾਜਾ ਹੋਵੇਗਾ”
11. (ੳ) ਯਹੋਵਾਹ ਨੇ ਆਪਣੇ ਲੋਕਾਂ ਨੂੰ ਇਕ ਕਰਨ ਦੀ ਭਵਿੱਖਬਾਣੀ ਬਾਰੇ ਕੀ ਜ਼ਾਹਰ ਕੀਤਾ? (ਅ) ਸਵਰਗ ਵਿੱਚੋਂ ਕੱਢੇ ਜਾਣ ਤੋਂ ਬਾਅਦ ਸ਼ੈਤਾਨ ਨੇ ਦੁਬਾਰਾ ਕੀ ਕਰਨ ਦੀ ਕੋਸ਼ਿਸ਼ ਕੀਤੀ?
11 ਹਿਜ਼ਕੀਏਲ 37:24 ਪੜ੍ਹੋ। ਯਹੋਵਾਹ ਨੇ ਜ਼ਾਹਰ ਕੀਤਾ ਕਿ ਉਸ ਦੇ ਲੋਕਾਂ ਨੂੰ ਇਕ ਕਰਨ ਦੀ ਭਵਿੱਖਬਾਣੀ ਵੱਡੇ ਪੈਮਾਨੇ ʼਤੇ ਕਦੋਂ ਪੂਰੀ ਹੋਵੇਗੀ। ਉਸ ਨੇ ਦੱਸਿਆ ਕਿ ਜਦੋਂ ਉਸ ਦਾ “ਸੇਵਕ ਦਾਊਦ” ਯਾਨੀ ਯਿਸੂ ਰਾਜਾ ਬਣੇਗਾ, ਉਸ ਤੋਂ ਬਾਅਦ ਹੀ ਇਹ ਭਵਿੱਖਬਾਣੀ ਵੱਡੇ ਪੈਮਾਨੇ ʼਤੇ ਪੂਰੀ ਹੋਣ ਲੱਗੇਗੀ। ਯਿਸੂ 1914 ਵਿਚ ਰਾਜਾ ਬਣਿਆ।b (2 ਸਮੂ. 7:16; ਲੂਕਾ 1:32) ਉਦੋਂ ਤਕ ਪੈਦਾਇਸ਼ੀ ਇਜ਼ਰਾਈਲ ਦੀ ਜਗ੍ਹਾ ਪਰਮੇਸ਼ੁਰ ਦੇ ਇਜ਼ਰਾਈਲ ਯਾਨੀ ਚੁਣੇ ਹੋਏ ਮਸੀਹੀਆਂ ਨੂੰ ਦੇ ਦਿੱਤੀ ਗਈ। (ਯਿਰ. 31:33; ਗਲਾ. 3:29) ਸਵਰਗ ਵਿੱਚੋਂ ਕੱਢੇ ਜਾਣ ਤੋਂ ਬਾਅਦ ਸ਼ੈਤਾਨ ਨੇ ਇਕ ਵਾਰ ਫਿਰ ਪਰਮੇਸ਼ੁਰ ਦੇ ਲੋਕਾਂ ਦੀ ਏਕਤਾ ਤੋੜਨ ਦੀ ਕੋਸ਼ਿਸ਼ ਕੀਤੀ। (ਪ੍ਰਕਾ. 12:7-10) ਮਿਸਾਲ ਲਈ, 1916 ਵਿਚ ਜਦੋਂ ਭਰਾ ਰਸਲ ਦੀ ਮੌਤ ਹੋ ਗਈ, ਤਾਂ ਸ਼ੈਤਾਨ ਨੇ ਇਸ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਧਰਮ-ਤਿਆਗੀਆਂ ਦੇ ਜ਼ਰੀਏ ਚੁਣੇ ਹੋਏ ਮਸੀਹੀਆਂ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਕੁਝ ਹੀ ਸਮੇਂ ਬਾਅਦ ਇਹ ਧਰਮ-ਤਿਆਗੀ ਲੋਕ ਸੰਗਠਨ ਨੂੰ ਛੱਡ ਕੇ ਚਲੇ ਗਏ। ਇੰਨਾ ਹੀ ਨਹੀਂ, ਸ਼ੈਤਾਨ ਉਨ੍ਹਾਂ ਭਰਾਵਾਂ ਨੂੰ ਜੇਲ੍ਹ ਵਿਚ ਸੁਟਵਾਉਣ ਵਿਚ ਕਾਮਯਾਬ ਹੋ ਗਿਆ ਜਿਹੜੇ ਸੰਗਠਨ ਦੀ ਅਗਵਾਈ ਕਰਦੇ ਸਨ। ਫਿਰ ਵੀ ਯਹੋਵਾਹ ਦੇ ਲੋਕਾਂ ਦਾ ਵਜੂਦ ਖ਼ਤਮ ਨਹੀਂ ਹੋਇਆ। ਜਿਹੜੇ ਚੁਣੇ ਹੋਏ ਭਰਾ ਯਹੋਵਾਹ ਦੇ ਵਫ਼ਾਦਾਰ ਰਹੇ, ਉਨ੍ਹਾਂ ਨੇ ਆਪਣੀ ਏਕਤਾ ਬਣਾਈ ਰੱਖੀ।
12. ਚੁਣੇ ਹੋਏ ਮਸੀਹੀਆਂ ਦੀ ਏਕਤਾ ਤੋੜਨ ਵਿਚ ਸ਼ੈਤਾਨ ਨਾਕਾਮ ਕਿਉਂ ਹੋ ਗਿਆ?
12 ਪੈਦਾਇਸ਼ੀ ਇਜ਼ਰਾਈਲੀਆਂ ਤੋਂ ਉਲਟ, ਚੁਣੇ ਹੋਏ ਮਸੀਹੀਆਂ ਨੇ ਸ਼ੈਤਾਨ ਦੀਆਂ ਫੁੱਟ ਪਾਉਣ ਦੀਆਂ ਸਾਜ਼ਸ਼ਾਂ ਨਾਕਾਮ ਕਰ ਦਿੱਤੀਆਂ। ਸ਼ੈਤਾਨ ਦੀਆਂ ਕੋਸ਼ਿਸ਼ਾਂ ਨਾਕਾਮ ਕਿਉਂ ਹੋ ਗਈਆਂ? ਕਿਉਂਕਿ ਚੁਣੇ ਹੋਏ ਮਸੀਹੀ ਹਰ ਹਾਲ ਵਿਚ ਯਹੋਵਾਹ ਦੇ ਮਿਆਰਾਂ ਮੁਤਾਬਕ ਚੱਲਦੇ ਰਹੇ। ਨਤੀਜੇ ਵਜੋਂ, ਉਨ੍ਹਾਂ ਦਾ ਰਾਜਾ ਯਿਸੂ ਮਸੀਹ ਉਨ੍ਹਾਂ ਦੀ ਰਾਖੀ ਕਰਦਾ ਰਿਹਾ ਜੋ ਸ਼ੈਤਾਨ ਉੱਤੇ ਲਗਾਤਾਰ ਜਿੱਤ ਹਾਸਲ ਕਰ ਰਿਹਾ ਹੈ।—ਪ੍ਰਕਾ. 6:2.
ਯਹੋਵਾਹ ਆਪਣੇ ਸੇਵਕਾਂ ਨੂੰ “ਇਕ” ਕਰੇਗਾ
13. ਦੋ ਸੋਟੀਆਂ ਬਾਰੇ ਭਵਿੱਖਬਾਣੀ ਤੋਂ ਅਸੀਂ ਕਿਹੜੀ ਅਹਿਮ ਸੱਚਾਈ ਸਿੱਖਦੇ ਹਾਂ?
13 ਦੋ ਸੋਟੀਆਂ ਨੂੰ ਇਕ ਕਰਨ ਦੀ ਭਵਿੱਖਬਾਣੀ ਅੱਜ ਕਿਵੇਂ ਪੂਰੀ ਹੋ ਰਹੀ ਹੈ? ਯਾਦ ਰੱਖੋ ਕਿ ਇਸ ਭਵਿੱਖਬਾਣੀ ਵਿਚ ਦੱਸਿਆ ਗਿਆ ਹੈ ਕਿ ਦੋ ਸਮੂਹਾਂ ਨੂੰ ਇਕ ਕਿਵੇਂ ਕੀਤਾ ਜਾਵੇਗਾ। ਭਵਿੱਖਬਾਣੀ ਤੋਂ ਖ਼ਾਸ ਤੌਰ ਤੇ ਇਹ ਗੱਲ ਪਤਾ ਚੱਲਦੀ ਹੈ ਕਿ ਉਨ੍ਹਾਂ ਨੂੰ ਇਕ ਕਰਨ ਵਾਲਾ ਯਹੋਵਾਹ ਹੈ। ਦੋ ਸੋਟੀਆਂ ਨੂੰ ਇਕ ਕਰਨ ਦੀ ਭਵਿੱਖਬਾਣੀ ਤੋਂ ਅਸੀਂ ਸ਼ੁੱਧ ਭਗਤੀ ਬਾਰੇ ਕਿਹੜੀ ਅਹਿਮ ਸੱਚਾਈ ਸਿੱਖਦੇ ਹਾਂ? ਇਹੀ ਕਿ ਯਹੋਵਾਹ ਖ਼ੁਦ ਆਪਣੇ ਭਗਤਾਂ ਨੂੰ “ਇਕ” ਕਰੇਗਾ।—ਹਿਜ਼. 37:19.
14. ਦੋ ਸੋਟੀਆਂ ਬਾਰੇ ਭਵਿੱਖਬਾਣੀ 1919 ਤੋਂ ਕਿਵੇਂ ਵੱਡੇ ਪੈਮਾਨੇ ʼਤੇ ਪੂਰੀ ਹੋਣ ਲੱਗੀ?
14 ਸ਼ੁੱਧ ਹੋਣ ਤੋਂ ਬਾਅਦ 1919 ਵਿਚ ਪਰਮੇਸ਼ੁਰ ਦੇ ਲੋਕ ਉੱਚੇ-ਸੁੱਚੇ ਤਰੀਕੇ ਨਾਲ ਯਹੋਵਾਹ ਦੀ ਭਗਤੀ ਕਰਨ ਲੱਗ ਪਏ। ਉਦੋਂ ਤੋਂ ਦੋ ਸੋਟੀਆਂ ਨੂੰ ਇਕ ਕਰਨ ਦੀ ਭਵਿੱਖਬਾਣੀ ਵੱਡੇ ਪੈਮਾਨੇ ʼਤੇ ਪੂਰੀ ਹੋਣ ਲੱਗੀ। ਉਸ ਸਮੇਂ ਜ਼ਿਆਦਾਤਰ ਲੋਕਾਂ ਦੀ ਉਮੀਦ ਸਵਰਗ ਵਿਚ ਰਾਜਿਆਂ ਅਤੇ ਪੁਜਾਰੀਆਂ ਵਜੋਂ ਸੇਵਾ ਕਰਨ ਦੀ ਸੀ। (ਪ੍ਰਕਾ. 20:6) ਇਹ ਚੁਣੇ ਹੋਏ ਮਸੀਹੀ ਉਸ ਸੋਟੀ ਵਾਂਗ ਸਨ ਜੋ ‘ਯਹੂਦਾਹ ਲਈ’ ਸੀ ਯਾਨੀ ਉਹ ਕੌਮ ਜਿਸ ਵਿਚ ਦਾਊਦ ਦੇ ਖ਼ਾਨਦਾਨ ਦੇ ਰਾਜੇ ਅਤੇ ਲੇਵੀ ਗੋਤ ਦੇ ਪੁਜਾਰੀ ਹੁੰਦੇ ਸਨ। ਸਮੇਂ ਦੇ ਬੀਤਣ ਨਾਲ ਇਨ੍ਹਾਂ ਚੁਣੇ ਹੋਏ ਮਸੀਹੀਆਂ ਦੇ ਨਾਲ ਅਜਿਹੇ ਬਹੁਤ ਸਾਰੇ ਲੋਕ ਜੁੜਦੇ ਗਏ ਜਿਨ੍ਹਾਂ ਦੀ ਉਮੀਦ ਧਰਤੀ ʼਤੇ ਰਹਿਣ ਦੀ ਸੀ। ਇਹ ਲੋਕ “ਇਫ਼ਰਾਈਮ ਦੀ ਸੋਟੀ” ਵਾਂਗ ਸਨ ਯਾਨੀ ਉਹ ਕੌਮ ਜਿਸ ਵਿਚ ਨਾ ਤਾਂ ਦਾਊਦ ਦੇ ਖ਼ਾਨਦਾਨ ਦੇ ਰਾਜੇ ਸਨ ਤੇ ਨਾ ਹੀ ਲੇਵੀ ਗੋਤ ਦੇ ਪੁਜਾਰੀ। ਇਹ ਦੋਵੇਂ ਸਮੂਹ ਆਪਣੇ ਰਾਜੇ ਯਿਸੂ ਮਸੀਹ ਅਧੀਨ ਮਿਲ ਕੇ ਯਹੋਵਾਹ ਦੀ ਸੇਵਾ ਕਰਦੇ ਹਨ।—ਹਿਜ਼. 37:24.
“ਉਹ ਮੇਰੇ ਲੋਕ ਹੋਣਗੇ”
15. ਹਿਜ਼ਕੀਏਲ 37:26, 27 ਵਿਚ ਦੱਸੀਆਂ ਗੱਲਾਂ ਅੱਜ ਕਿਵੇਂ ਪੂਰੀਆਂ ਹੋ ਰਹੀਆਂ ਹਨ?
15 ਹਿਜ਼ਕੀਏਲ ਦੀ ਭਵਿੱਖਬਾਣੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸ਼ੁੱਧ ਭਗਤੀ ਕਰਨ ਲਈ ਚੁਣੇ ਹੋਏ ਮਸੀਹੀਆਂ ਦੇ ਨਾਲ ਬਹੁਤ ਸਾਰੇ ਲੋਕ ਰਲ਼ ਜਾਣਗੇ। ਯਹੋਵਾਹ ਨੇ ਆਪਣੇ ਲੋਕਾਂ ਬਾਰੇ ਕਿਹਾ: ‘ਮੈਂ ਉਨ੍ਹਾਂ ਦੀ ਗਿਣਤੀ ਵਧਾਵਾਂਗਾ’ ਅਤੇ ‘ਮੇਰਾ ਤੰਬੂ ਉਨ੍ਹਾਂ ਦੇ ਉੱਪਰ ਹੋਵੇਗਾ।’ (ਹਿਜ਼. 37:26, 27, ਫੁਟਨੋਟ) ਇਨ੍ਹਾਂ ਸ਼ਬਦਾਂ ਤੋਂ ਸਾਨੂੰ ਉਹ ਭਵਿੱਖਬਾਣੀ ਯਾਦ ਆਉਂਦੀ ਹੈ ਜੋ ਹਿਜ਼ਕੀਏਲ ਦੇ ਜ਼ਮਾਨੇ ਤੋਂ ਤਕਰੀਬਨ 700 ਸਾਲ ਬਾਅਦ ਯੂਹੰਨਾ ਰਸੂਲ ਨੂੰ ਦੱਸੀ ਗਈ ਸੀ। ਇਹ ਭਵਿੱਖਬਾਣੀ ਸੀ ਕਿ “ਪਰਮੇਸ਼ੁਰ ਜਿਹੜਾ ਸਿੰਘਾਸਣ ਉੱਤੇ ਬੈਠਾ ਹੋਇਆ ਹੈ,” “ਇਕ ਵੱਡੀ ਭੀੜ” ਉੱਤੇ ‘ਆਪਣਾ ਤੰਬੂ ਤਾਣੇਗਾ।’ (ਪ੍ਰਕਾ. 7:9, 15, ਫੁਟਨੋਟ) ਅੱਜ ਚੁਣੇ ਹੋਏ ਮਸੀਹੀ ਅਤੇ ਵੱਡੀ ਭੀੜ ਦੇ ਲੋਕ ਇਕ ਕੌਮ ਵਾਂਗ ਪਰਮੇਸ਼ੁਰ ਦੇ ਤੰਬੂ ਹੇਠ ਮਹਿਫੂਜ਼ ਵੱਸਦੇ ਹਨ।
16. ਜ਼ਕਰਯਾਹ ਨੇ ਚੁਣੇ ਹੋਏ ਮਸੀਹੀਆਂ ਅਤੇ ਵੱਡੀ ਭੀੜ ਦੀ ਏਕਤਾ ਬਾਰੇ ਕਿਹੜੀ ਭਵਿੱਖਬਾਣੀ ਕੀਤੀ?
16 ਚੁਣੇ ਹੋਏ ਮਸੀਹੀਆਂ ਅਤੇ ਧਰਤੀ ʼਤੇ ਰਹਿਣ ਦੀ ਉਮੀਦ ਰੱਖਣ ਵਾਲੇ ਲੋਕਾਂ ਵਿਚ ਏਕਤਾ ਬਾਰੇ ਜ਼ਕਰਯਾਹ ਨੇ ਵੀ ਭਵਿੱਖਬਾਣੀ ਕੀਤੀ ਸੀ। ਜ਼ਕਰਯਾਹ ਵੀ ਉਨ੍ਹਾਂ ਲੋਕਾਂ ਵਿੱਚੋਂ ਸੀ ਜੋ ਗ਼ੁਲਾਮੀ ਤੋਂ ਛੁੱਟ ਕੇ ਵਾਪਸ ਆਏ ਸਨ। ਉਸ ਨੇ ਕਿਹਾ ਕਿ “ਕੌਮਾਂ . . . ਦੇ ਦਸ ਆਦਮੀ ਇਕ ਯਹੂਦੀ ਦੇ ਕੱਪੜੇ ਦਾ ਸਿਰਾ ਘੁੱਟ ਕੇ ਫੜਨਗੇ . . . ਤੇ ਕਹਿਣਗੇ: ‘ਅਸੀਂ ਤੁਹਾਡੇ ਨਾਲ ਜਾਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਨਾਲ ਹੈ।’” (ਜ਼ਕ. 8:23) ਗੌਰ ਕਰੋ ਕਿ ਇਸ ਆਇਤ ਵਿਚ “ਤੁਹਾਡੇ ਨਾਲ” ਲਿਖਿਆ ਗਿਆ ਹੈ, ਨਾ ਕਿ “ਤੇਰੇ ਨਾਲ।” ਇਸ ਤੋਂ ਪਤਾ ਲੱਗਦਾ ਹੈ ਕਿ ਭਵਿੱਖਬਾਣੀ ਵਿਚ ਦੱਸਿਆ ਗਿਆ “ਇਕ ਯਹੂਦੀ” ਕਿਸੇ ਇਕ ਵਿਅਕਤੀ ਨੂੰ ਨਹੀਂ, ਬਲਕਿ ਇਕ ਸਮੂਹ ਨੂੰ ਦਰਸਾਉਂਦਾ ਹੈ। ਇਹ ਸਮੂਹ ਬਾਕੀ ਬਚੇ ਚੁਣੇ ਹੋਏ ਮਸੀਹੀਆਂ ਨੂੰ ਦਰਸਾਉਂਦਾ ਹੈ। (ਰੋਮੀ. 2:28, 29) “ਦਸ ਆਦਮੀ” ਧਰਤੀ ਉੱਤੇ ਰਹਿਣ ਦੀ ਉਮੀਦ ਰੱਖਣ ਵਾਲੇ ਲੋਕਾਂ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਚੁਣੇ ਹੋਏ ਮਸੀਹੀਆਂ ਦੇ ਕੱਪੜੇ ਨੂੰ ‘ਘੁੱਟ ਕੇ ਫੜਿਆ ਹੋਇਆ’ ਹੈ ਤੇ ਉਹ ਉਨ੍ਹਾਂ ‘ਨਾਲ ਜਾਂਦੇ’ ਹਨ। (ਯਸਾ. 2:2, 3; ਮੱਤੀ 25:40) “ਘੁੱਟ ਕੇ ਫੜਨਗੇ” ਅਤੇ “ਤੁਹਾਡੇ ਨਾਲ ਜਾਣਾ ਚਾਹੁੰਦੇ ਹਾਂ” ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਦੋਹਾਂ ਸਮੂਹਾਂ ਵਿਚ ਏਕਤਾ ਦਾ ਬੰਧਨ ਬਹੁਤ ਮਜ਼ਬੂਤ ਹੈ।
17. ਅੱਜ ਅਸੀਂ ਜਿਸ ਏਕਤਾ ਦਾ ਆਨੰਦ ਮਾਣ ਰਹੇ ਹਾਂ, ਉਸ ਬਾਰੇ ਯਿਸੂ ਨੇ ਕੀ ਕਿਹਾ ਸੀ?
17 ਸ਼ਾਇਦ ਏਕਤਾ ਬਾਰੇ ਹਿਜ਼ਕੀਏਲ ਦੀ ਇਸ ਭਵਿੱਖਬਾਣੀ ਨੂੰ ਧਿਆਨ ਵਿਚ ਰੱਖਦੇ ਹੋਏ ਯਿਸੂ ਨੇ ਆਪਣੇ ਆਪ ਨੂੰ ਇਕ ਚਰਵਾਹਾ ਕਿਹਾ ਜਿਸ ਦੀ ਨਿਗਰਾਨੀ ਅਧੀਨ ਉਸ ਦੀਆਂ ਭੇਡਾਂ (ਚੁਣੇ ਹੋਏ ਮਸੀਹੀ) ਅਤੇ “ਹੋਰ ਭੇਡਾਂ” (ਧਰਤੀ ʼਤੇ ਰਹਿਣ ਦੀ ਉਮੀਦ ਰੱਖਣ ਵਾਲੇ) “ਇੱਕੋ ਝੁੰਡ” ਵਿਚ ਇਕੱਠੀਆਂ ਹੋਣਗੀਆਂ। (ਯੂਹੰ. 10:16; ਹਿਜ਼. 34:23; 37:24, 25) ਚਾਹੇ ਸਾਡੀ ਉਮੀਦ ਸਵਰਗ ਜਾਣ ਦੀ ਹੈ ਜਾਂ ਧਰਤੀ ʼਤੇ ਰਹਿਣ ਦੀ, ਪਰ ਸਾਡੇ ਵਿਚ ਉਹੀ ਏਕਤਾ ਹੈ ਜਿਸ ਬਾਰੇ ਯਿਸੂ ਨੇ ਅਤੇ ਪੁਰਾਣੇ ਜ਼ਮਾਨੇ ਦੇ ਨਬੀਆਂ ਨੇ ਦੱਸਿਆ ਸੀ। ਅੱਜ ਝੂਠੇ ਧਰਮਾਂ ਦੇ ਅਣਗਿਣਤ ਗੁੱਟ ਬਣਦੇ ਜਾ ਰਹੇ ਹਨ, ਪਰ ਸਾਡੇ ਵਿਚ ਕਮਾਲ ਦੀ ਏਕਤਾ ਹੈ।
“ਮੇਰਾ ਪਵਿੱਤਰ-ਸਥਾਨ ਹਮੇਸ਼ਾ ਲਈ ਉਨ੍ਹਾਂ ਵਿਚ ਕਾਇਮ ਹੋਵੇਗਾ”
18. ਹਿਜ਼ਕੀਏਲ 37:28 ਮੁਤਾਬਕ ਪਰਮੇਸ਼ੁਰ ਦੇ ਲੋਕਾਂ ਨੂੰ ਕਿਉਂ ਦੁਨੀਆਂ ਦੇ ਨਹੀਂ ਹੋਣਾ ਚਾਹੀਦਾ?
18 ਏਕਤਾ ਬਾਰੇ ਹਿਜ਼ਕੀਏਲ ਦੀ ਭਵਿੱਖਬਾਣੀ ਦੇ ਆਖ਼ਰੀ ਸ਼ਬਦਾਂ ਤੋਂ ਪਤਾ ਚੱਲਦਾ ਹੈ ਕਿ ਸਾਡੀ ਏਕਤਾ ਹਮੇਸ਼ਾ ਕਾਇਮ ਰਹੇਗੀ। (ਹਿਜ਼ਕੀਏਲ 37:28 ਪੜ੍ਹੋ।) ਯਹੋਵਾਹ ਦੇ ਲੋਕਾਂ ਵਿਚ ਏਕਤਾ ਇਸ ਲਈ ਹੈ ਕਿਉਂਕਿ ਉਸ ਦਾ ਪਵਿੱਤਰ-ਸਥਾਨ “ਉਨ੍ਹਾਂ ਵਿਚ” ਹੈ ਜੋ ਸ਼ੁੱਧ ਭਗਤੀ ਨੂੰ ਦਰਸਾਉਂਦਾ ਹੈ। ਇਹ ਪਵਿੱਤਰ-ਸਥਾਨ ਉਨ੍ਹਾਂ ਵਿਚ ਉਦੋਂ ਤਕ ਰਹੇਗਾ ਜਦ ਤਕ ਉਹ ਖ਼ੁਦ ਨੂੰ ਪਵਿੱਤਰ ਰੱਖਣਗੇ ਯਾਨੀ ਸ਼ੈਤਾਨ ਦੀ ਦੁਨੀਆਂ ਤੋਂ ਅਲੱਗ ਰਹਿਣਗੇ। (1 ਕੁਰਿੰ. 6:11; ਪ੍ਰਕਾ. 7:14) ਯਿਸੂ ਨੇ ਵੀ ਦੁਨੀਆਂ ਤੋਂ ਅਲੱਗ ਰਹਿਣ ਦੀ ਅਹਿਮੀਅਤ ʼਤੇ ਜ਼ੋਰ ਦਿੱਤਾ। ਆਪਣੇ ਚੇਲਿਆਂ ਲਈ ਪ੍ਰਾਰਥਨਾ ਕਰਦੇ ਹੋਏ ਉਸ ਨੇ ਕਿਹਾ: ‘ਹੇ ਪਵਿੱਤਰ ਪਿਤਾ, ਉਨ੍ਹਾਂ ਦੀ ਰੱਖਿਆ ਕਰ ਤਾਂਕਿ ਉਨ੍ਹਾਂ ਵਿਚ ਏਕਤਾ ਹੋਵੇ। ਉਹ ਦੁਨੀਆਂ ਦੇ ਨਹੀਂ ਹਨ, ਉਨ੍ਹਾਂ ਨੂੰ ਸੱਚਾਈ ਨਾਲ ਪਵਿੱਤਰ ਕਰ।’ (ਯੂਹੰ. 17:11, 16, 17) ਧਿਆਨ ਦਿਓ ਕਿ ਜਦੋਂ ਯਿਸੂ ਨੇ ਚੇਲਿਆਂ ਦੀ “ਏਕਤਾ” ਬਾਰੇ ਗੱਲ ਕੀਤੀ, ਤਾਂ ਉਸ ਨੇ ਇਹ ਵੀ ਕਿਹਾ ਕਿ ਉਹ “ਦੁਨੀਆਂ ਦੇ ਨਹੀਂ ਹਨ।”
19. (ੳ) ਅਸੀਂ ਕਿਵੇਂ ‘ਪਰਮੇਸ਼ੁਰ ਦੀ ਰੀਸ’ ਕਰ ਸਕਦੇ ਹਾਂ? (ਅ) ਯਿਸੂ ਨੇ ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਏਕਤਾ ਬਾਰੇ ਕਿਹੜੀ ਅਹਿਮ ਗੱਲ ਦੱਸੀ?
19 ਬਾਈਬਲ ਵਿਚ ਸਿਰਫ਼ ਇਹੀ ਆਇਤ ਹੈ ਜਿੱਥੇ ਯਿਸੂ ਨੇ ਪਰਮੇਸ਼ੁਰ ਨੂੰ “ਪਵਿੱਤਰ ਪਿਤਾ” ਕਿਹਾ। ਯਹੋਵਾਹ ਪੂਰੀ ਤਰ੍ਹਾਂ ਪਵਿੱਤਰ ਅਤੇ ਖਰਾ ਹੈ। ਯਹੋਵਾਹ ਨੇ ਇਜ਼ਰਾਈਲੀਆਂ ਨੂੰ ਹੁਕਮ ਦਿੱਤਾ ਸੀ: “ਤੁਸੀਂ ਪਵਿੱਤਰ ਬਣੋ ਕਿਉਂਕਿ ਮੈਂ ਪਵਿੱਤਰ ਹਾਂ।” (ਲੇਵੀ. 11:45) ਅਸੀਂ ‘ਪਰਮੇਸ਼ੁਰ ਦੀ ਰੀਸ’ ਕਰਦੇ ਹੋਏ ਹਰ ਮਾਮਲੇ ਵਿਚ ਆਪਣਾ ਚਾਲ-ਚਲਣ ਸ਼ੁੱਧ ਰੱਖਣਾ ਚਾਹੁੰਦੇ ਹਾਂ। (ਅਫ਼. 5:1; 1 ਪਤ. 1:14, 15) ਬਾਈਬਲ ਵਿਚ ਜਦੋਂ ਵੀ “ਪਵਿੱਤਰ” ਸ਼ਬਦ ਇਨਸਾਨਾਂ ਲਈ ਵਰਤਿਆ ਗਿਆ ਹੈ, ਤਾਂ ਉਸ ਦਾ ਮਤਲਬ ਹੈ, “ਵੱਖਰਾ ਕੀਤਾ ਗਿਆ।” ਇਸ ਲਈ ਯਿਸੂ ਨੇ ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਪ੍ਰਾਰਥਨਾ ਵਿਚ ਕਿਹਾ ਕਿ ਉਸ ਦੇ ਚੇਲਿਆਂ ਵਿਚ ਏਕਤਾ ਉਦੋਂ ਤਕ ਰਹੇਗੀ ਜਦੋਂ ਤਕ ਉਹ ਦੁਨੀਆਂ ਤੋਂ ਅਲੱਗ ਰਹਿਣਗੇ ਅਤੇ ਆਪਣੇ ਵਿਚ ਫੁੱਟ ਨਹੀਂ ਪੈਣ ਦੇਣਗੇ।
‘ਤੂੰ ਸ਼ੈਤਾਨ ਤੋਂ ਉਨ੍ਹਾਂ ਦੀ ਰੱਖਿਆ ਕਰ’
20, 21. (ੳ) ਯਹੋਵਾਹ ʼਤੇ ਸਾਡਾ ਭਰੋਸਾ ਕਿਉਂ ਵਧਦਾ ਹੈ? (ਅ) ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?
20 ਦੁਨੀਆਂ ਭਰ ਵਿਚ ਰਹਿੰਦੇ ਯਹੋਵਾਹ ਦੇ ਗਵਾਹਾਂ ਦੀ ਏਕਤਾ ਇਸ ਗੱਲ ਦਾ ਸਬੂਤ ਹੈ ਕਿ ਯਹੋਵਾਹ ਨੇ ਯਿਸੂ ਦੀ ਇਸ ਪ੍ਰਾਰਥਨਾ ਦਾ ਜਵਾਬ ਦਿੱਤਾ ਹੈ: ‘ਤੂੰ ਸ਼ੈਤਾਨ ਤੋਂ ਉਨ੍ਹਾਂ ਦੀ ਰੱਖਿਆ ਕਰ।’ (ਯੂਹੰਨਾ 17:14, 15 ਪੜ੍ਹੋ।) ਸ਼ੈਤਾਨ ਸਾਡੀ ਏਕਤਾ ਨੂੰ ਤੋੜਨ ਵਿਚ ਨਾਕਾਮ ਰਿਹਾ ਹੈ। ਇਸ ਕਾਰਨ ਪਰਮੇਸ਼ੁਰ ʼਤੇ ਸਾਡਾ ਭਰੋਸਾ ਵਧਦਾ ਹੈ ਕਿ ਉਹ ਹਮੇਸ਼ਾ ਸਾਡੀ ਹਿਫਾਜ਼ਤ ਕਰੇਗਾ। ਹਿਜ਼ਕੀਏਲ ਦੀ ਭਵਿੱਖਬਾਣੀ ਵਿਚ ਯਹੋਵਾਹ ਨੇ ਕਿਹਾ ਸੀ ਕਿ ਦੋ ਸੋਟੀਆਂ ਉਸ ਦੇ ਹੱਥ ਵਿਚ ਇਕ ਬਣ ਜਾਣਗੀਆਂ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਹੀ ਆਪਣੇ ਲੋਕਾਂ ਨੂੰ ਇਕਮੁੱਠ ਕੀਤਾ ਹੈ। ਉਹ ਸ਼ੈਤਾਨ ਦੀ ਪਹੁੰਚ ਤੋਂ ਬਹੁਤ ਦੂਰ ਯਹੋਵਾਹ ਦੇ ਹੱਥਾਂ ਵਿਚ ਸੁਰੱਖਿਅਤ ਹਨ।
21 ਤਾਂ ਫਿਰ ਸਾਨੂੰ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ? ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਏਕਤਾ ਨੂੰ ਬਣਾਈ ਰੱਖਣ ਵਿਚ ਯੋਗਦਾਨ ਪਾਈਏ ਅਤੇ ਇਸ ਦੇ ਲਈ ਸਖ਼ਤ ਮਿਹਨਤ ਕਰਦੇ ਰਹੀਏ। ਸਾਡੇ ਵਿੱਚੋਂ ਹਰੇਕ ਜਣਾ ਇਸ ਤਰ੍ਹਾਂ ਕਿਵੇਂ ਕਰ ਸਕਦਾ ਹੈ? ਇਕ ਤਰੀਕਾ ਹੈ ਕਿ ਅਸੀਂ ਯਹੋਵਾਹ ਦੇ ਮੰਦਰ ਵਿਚ ਸ਼ੁੱਧ ਭਗਤੀ ਲਗਾਤਾਰ ਕਰਦੇ ਰਹੀਏ। ਅਗਲੇ ਅਧਿਆਵਾਂ ਵਿਚ ਅਸੀਂ ਦੇਖਾਂਗੇ ਕਿ ਇਸ ਭਗਤੀ ਵਿਚ ਕੀ ਕੁਝ ਸ਼ਾਮਲ ਹੈ।
a ਦਸ-ਗੋਤੀ ਰਾਜ ਯਾਨੀ “ਇਫ਼ਰਾਈਮ ਦੀ ਸੋਟੀ” ਦੇ ਲੋਕਾਂ ਨੂੰ ਜਿਸ ਸਾਲ ਅੱਸ਼ੂਰੀ ਗ਼ੁਲਾਮ ਬਣਾ ਕੇ ਲੈ ਗਏ ਸਨ, ਉਸ ਤੋਂ ਤਕਰੀਬਨ 200 ਸਾਲਾਂ ਬਾਅਦ ਹਿਜ਼ਕੀਏਲ ਨੂੰ ਇਹ ਭਵਿੱਖਬਾਣੀ ਦੱਸੀ ਗਈ ਸੀ।—2 ਰਾਜ. 17:23.