ਮੱਤੀ ਮੁਤਾਬਕ ਖ਼ੁਸ਼ ਖ਼ਬਰੀ
19 ਇਹ ਸਭ ਗੱਲਾਂ ਕਹਿਣ ਤੋਂ ਬਾਅਦ ਯਿਸੂ ਗਲੀਲ ਤੋਂ ਚਲਾ ਗਿਆ ਤੇ ਯਰਦਨ ਦਰਿਆ ਪਾਰ ਕਰ ਕੇ ਯਹੂਦਿਯਾ ਦੇ ਸਰਹੱਦੀ ਇਲਾਕਿਆਂ ਵਿਚ ਆਇਆ।+ 2 ਭੀੜਾਂ ਦੀਆਂ ਭੀੜਾਂ ਉਸ ਦੇ ਪਿੱਛੇ ਆਈਆਂ ਅਤੇ ਉਸ ਨੇ ਉਨ੍ਹਾਂ ਨੂੰ ਠੀਕ ਕੀਤਾ।
3 ਫਿਰ ਫ਼ਰੀਸੀ ਉੱਥੇ ਉਸ ਦੀ ਪਰੀਖਿਆ ਲੈਣ ਦੇ ਇਰਾਦੇ ਨਾਲ ਆਏ ਅਤੇ ਉਨ੍ਹਾਂ ਨੇ ਪੁੱਛਿਆ: “ਕੀ ਕਿਸੇ ਆਦਮੀ ਲਈ ਆਪਣੀ ਪਤਨੀ ਨੂੰ ਕਿਸੇ ਵੀ ਗੱਲ ʼਤੇ ਤਲਾਕ ਦੇਣਾ ਠੀਕ ਹੈ?”+ 4 ਉਸ ਨੇ ਜਵਾਬ ਦਿੱਤਾ: “ਕੀ ਤੁਸੀਂ ਨਹੀਂ ਪੜ੍ਹਿਆ ਕਿ ਜਿਸ ਨੇ ਇਨਸਾਨਾਂ ਨੂੰ ਬਣਾਇਆ ਸੀ, ਉਸ ਨੇ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਆਦਮੀ ਅਤੇ ਔਰਤ ਬਣਾਇਆ ਸੀ+ 5 ਅਤੇ ਕਿਹਾ ਸੀ: ‘ਇਸ ਕਰਕੇ ਆਦਮੀ ਆਪਣੇ ਮਾਂ-ਬਾਪ ਨੂੰ ਛੱਡ ਕੇ ਆਪਣੀ ਪਤਨੀ ਨਾਲ ਰਹੇਗਾ ਅਤੇ ਉਹ ਦੋਵੇਂ ਇਕ ਸਰੀਰ ਹੋਣਗੇ’?+ 6 ਇਸ ਲਈ ਉਹ ਦੋ ਨਹੀਂ, ਸਗੋਂ ਇਕ ਸਰੀਰ ਹਨ। ਇਸ ਕਰਕੇ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਸ ਬੰਧਨ* ਵਿਚ ਬੰਨ੍ਹਿਆ ਹੈ, ਕੋਈ ਵੀ ਇਨਸਾਨ ਉਨ੍ਹਾਂ ਨੂੰ ਅੱਡ ਨਾ ਕਰੇ।”+ 7 ਉਨ੍ਹਾਂ ਨੇ ਉਸ ਨੂੰ ਪੁੱਛਿਆ: “ਤਾਂ ਫਿਰ ਮੂਸਾ ਨੇ ਆਦਮੀ ਨੂੰ ਆਪਣੀ ਪਤਨੀ ਨੂੰ ਤਲਾਕਨਾਮਾ ਲਿਖ ਕੇ ਛੱਡਣ ਦੀ ਇਜਾਜ਼ਤ ਕਿਉਂ ਦਿੱਤੀ ਸੀ?”+ 8 ਉਸ ਨੇ ਉਨ੍ਹਾਂ ਨੂੰ ਕਿਹਾ: “ਮੂਸਾ ਨੇ ਤੁਹਾਡੀ ਪੱਥਰਦਿਲੀ ਕਰਕੇ ਤੁਹਾਨੂੰ ਆਪਣੀਆਂ ਪਤਨੀਆਂ ਨੂੰ ਤਲਾਕ ਦੇਣ ਦੀ ਇਜਾਜ਼ਤ ਦਿੱਤੀ ਸੀ,+ ਪਰ ਸ਼ੁਰੂਆਤ ਤੋਂ ਇਸ ਤਰ੍ਹਾਂ ਨਹੀਂ ਸੀ।+ 9 ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜਿਹੜਾ ਆਪਣੀ ਪਤਨੀ ਨੂੰ ਹਰਾਮਕਾਰੀ* ਤੋਂ ਸਿਵਾਇ ਕਿਸੇ ਹੋਰ ਕਾਰਨ ਕਰਕੇ ਤਲਾਕ ਦਿੰਦਾ ਹੈ ਅਤੇ ਕਿਸੇ ਹੋਰ ਨਾਲ ਵਿਆਹ ਕਰਾਉਂਦਾ ਹੈ, ਤਾਂ ਉਹ ਹਰਾਮਕਾਰੀ ਕਰਦਾ ਹੈ।”+
10 ਫਿਰ ਚੇਲਿਆਂ ਨੇ ਉਸ ਨੂੰ ਕਿਹਾ: “ਜੇ ਤੀਵੀਂ-ਆਦਮੀ ਦਾ ਇਹੀ ਹਾਲ ਹੁੰਦਾ ਹੈ, ਤਾਂ ਵਿਆਹ ਕਰਾਉਣਾ ਹੀ ਨਹੀਂ ਚਾਹੀਦਾ।” 11 ਉਸ ਨੇ ਉਨ੍ਹਾਂ ਨੂੰ ਕਿਹਾ: “ਹਰ ਕੋਈ ਇਸ ਗੱਲ ਨੂੰ ਕਬੂਲ ਨਹੀਂ ਕਰਦਾ, ਸਿਰਫ਼ ਉਹੀ ਕਰਦੇ ਹਨ ਜਿਨ੍ਹਾਂ ਕੋਲ ਇਹ ਦਾਤ ਹੈ।+ 12 ਕਿਉਂਕਿ ਕਈ ਲੋਕ ਜਨਮ ਤੋਂ ਹੀ ਨਾਮਰਦ ਹੁੰਦੇ ਹਨ, ਕਈਆਂ ਨੂੰ ਹੋਰ ਲੋਕ ਨਾਮਰਦ ਬਣਾ ਦਿੰਦੇ ਹਨ ਅਤੇ ਕਈ ਸਵਰਗ ਦੇ ਰਾਜ ਦੀ ਖ਼ਾਤਰ ਕੁਆਰੇ ਰਹਿੰਦੇ ਹਨ। ਜਿਹੜਾ ਕੁਆਰਾ ਰਹਿ ਸਕਦਾ ਹੈ, ਉਹ ਕੁਆਰਾ ਰਹੇ।”+
13 ਫਿਰ ਲੋਕ ਆਪਣੇ ਨਿਆਣਿਆਂ ਨੂੰ ਉਸ ਕੋਲ ਲਿਆਏ ਤਾਂਕਿ ਉਹ ਉਨ੍ਹਾਂ ਦੇ ਸਿਰਾਂ ʼਤੇ ਹੱਥ ਰੱਖੇ ਅਤੇ ਉਨ੍ਹਾਂ ਲਈ ਪ੍ਰਾਰਥਨਾ ਕਰੇ, ਪਰ ਚੇਲਿਆਂ ਨੇ ਲੋਕਾਂ ਨੂੰ ਝਿੜਕਿਆ।+ 14 ਤਦ ਯਿਸੂ ਨੇ ਕਿਹਾ: “ਨਿਆਣਿਆਂ ਨੂੰ ਕੁਝ ਨਾ ਕਹੋ, ਉਨ੍ਹਾਂ ਨੂੰ ਮੇਰੇ ਕੋਲ ਆਉਣ ਤੋਂ ਨਾ ਰੋਕੋ ਕਿਉਂਕਿ ਸਵਰਗ ਦਾ ਰਾਜ ਇਨ੍ਹਾਂ ਵਰਗਿਆਂ ਦਾ ਹੈ।”+ 15 ਅਤੇ ਉਸ ਨੇ ਉਨ੍ਹਾਂ ਦੇ ਸਿਰਾਂ ʼਤੇ ਹੱਥ ਰੱਖੇ। ਫਿਰ ਉਹ ਉੱਥੋਂ ਚਲਾ ਗਿਆ।
16 ਦੇਖੋ! ਇਕ ਨੌਜਵਾਨ ਨੇ ਉਸ ਕੋਲ ਆ ਕੇ ਪੁੱਛਿਆ: “ਗੁਰੂ ਜੀ, ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਮੈਂ ਕਿਹੜੇ ਚੰਗੇ ਕੰਮ ਕਰਾਂ?”+ 17 ਉਸ ਨੇ ਨੌਜਵਾਨ ਨੂੰ ਕਿਹਾ: “ਤੂੰ ਮੇਰੇ ਤੋਂ ਕਿਉਂ ਪੁੱਛਦਾ ਹੈਂ ਕਿ ਚੰਗਾ ਕੀ ਹੈ? ਇਕੱਲਾ ਪਰਮੇਸ਼ੁਰ ਹੀ ਚੰਗਾ ਹੈ।+ ਪਰ ਜੇ ਤੂੰ ਜ਼ਿੰਦਗੀ ਪਾਉਣੀ ਚਾਹੁੰਦਾ ਹੈਂ, ਤਾਂ ਹੁਕਮਾਂ ਦੀ ਪਾਲਣਾ ਕਰਦਾ ਰਹਿ।”+ 18 ਨੌਜਵਾਨ ਨੇ ਉਸ ਨੂੰ ਪੁੱਛਿਆ: “ਕਿਹੜੇ ਹੁਕਮ?” ਯਿਸੂ ਨੇ ਕਿਹਾ: “ਇਹ ਕਿ ਤੂੰ ਖ਼ੂਨ ਨਾ ਕਰ,+ ਤੂੰ ਹਰਾਮਕਾਰੀ ਨਾ ਕਰ,+ ਤੂੰ ਚੋਰੀ ਨਾ ਕਰ,+ ਤੂੰ ਝੂਠੀ ਗਵਾਹੀ ਨਾ ਦੇ,+ 19 ਤੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰ+ ਅਤੇ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।”+ 20 ਨੌਜਵਾਨ ਨੇ ਉਸ ਨੂੰ ਕਿਹਾ: “ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਤਾਂ ਮੈਂ ਕਰਦਾ ਹਾਂ; ਫਿਰ ਮੇਰੇ ਵਿਚ ਕਿਸ ਗੱਲ ਦੀ ਕਮੀ ਹੈ?” 21 ਯਿਸੂ ਨੇ ਉਸ ਨੂੰ ਕਿਹਾ: “ਜੇ ਤੂੰ ਚਾਹੁੰਦਾ ਹੈਂ ਕਿ ਤੇਰੇ ਵਿਚ ਕੋਈ ਕਮੀ ਨਾ ਰਹੇ, ਤਾਂ ਜਾਹ, ਆਪਣਾ ਸਾਰਾ ਕੁਝ ਵੇਚ ਕੇ ਪੈਸੇ ਗ਼ਰੀਬਾਂ ਵਿਚ ਵੰਡ ਦੇ ਅਤੇ ਤੈਨੂੰ ਸਵਰਗ ਵਿਚ ਖ਼ਜ਼ਾਨਾ ਮਿਲੇਗਾ;+ ਅਤੇ ਆ ਕੇ ਮੇਰਾ ਚੇਲਾ ਬਣ ਜਾ।”+ 22 ਜਦ ਉਸ ਨੌਜਵਾਨ ਨੇ ਇਹ ਗੱਲ ਸੁਣੀ, ਤਾਂ ਉਹ ਉਦਾਸ ਹੋ ਕੇ ਚਲਾ ਗਿਆ ਕਿਉਂਕਿ ਉਸ ਕੋਲ ਬਹੁਤ ਧਨ-ਦੌਲਤ ਸੀ।+ 23 ਫਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਕਿਸੇ ਅਮੀਰ ਆਦਮੀ ਲਈ ਸਵਰਗ ਦੇ ਰਾਜ ਵਿਚ ਜਾਣਾ ਬਹੁਤ ਔਖਾ ਹੋਵੇਗਾ।+ 24 ਮੈਂ ਤੁਹਾਨੂੰ ਫਿਰ ਕਹਿੰਦਾ ਹਾਂ, ਕਿਸੇ ਅਮੀਰ ਲਈ ਪਰਮੇਸ਼ੁਰ ਦੇ ਰਾਜ ਵਿਚ ਜਾਣ ਨਾਲੋਂ ਊਠ ਵਾਸਤੇ ਸੂਈ ਦੇ ਨੱਕੇ ਵਿੱਚੋਂ ਲੰਘਣਾ ਜ਼ਿਆਦਾ ਸੌਖਾ ਹੈ।”+
25 ਜਦੋਂ ਚੇਲਿਆਂ ਨੇ ਇਹ ਗੱਲ ਸੁਣੀ, ਤਾਂ ਉਨ੍ਹਾਂ ਨੇ ਬਹੁਤ ਹੈਰਾਨ ਹੋ ਕੇ ਪੁੱਛਿਆ: “ਤਾਂ ਫਿਰ ਕੌਣ ਬਚੂ?”+ 26 ਯਿਸੂ ਨੇ ਸਿੱਧਾ ਉਨ੍ਹਾਂ ਵੱਲ ਦੇਖਦੇ ਹੋਏ ਕਿਹਾ: “ਇਨਸਾਨਾਂ ਲਈ ਤਾਂ ਇਹ ਨਾਮੁਮਕਿਨ ਹੈ, ਪਰ ਪਰਮੇਸ਼ੁਰ ਸਭ ਕੁਝ ਕਰ ਸਕਦਾ ਹੈ।”+
27 ਫਿਰ ਪਤਰਸ ਨੇ ਉਸ ਨੂੰ ਕਿਹਾ: “ਦੇਖ! ਅਸੀਂ ਸਾਰਾ ਕੁਝ ਛੱਡ ਕੇ ਤੇਰੇ ਪਿੱਛੇ-ਪਿੱਛੇ ਤੁਰ ਪਏ ਹਾਂ; ਫਿਰ ਸਾਨੂੰ ਕੀ ਮਿਲੂ?”+ 28 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਜਦੋਂ ਸਭ ਕੁਝ ਨਵਾਂ ਬਣਾਇਆ ਜਾਵੇਗਾ ਅਤੇ ਮਨੁੱਖ ਦਾ ਪੁੱਤਰ ਆਪਣੇ ਸ਼ਾਨਦਾਰ ਸਿੰਘਾਸਣ ਉੱਤੇ ਬੈਠੇਗਾ, ਤਾਂ ਤੁਸੀਂ ਵੀ ਜਿਹੜੇ ਮੇਰੇ ਪਿੱਛੇ-ਪਿੱਛੇ ਚੱਲ ਰਹੇ ਹੋ, 12 ਸਿੰਘਾਸਣਾਂ ਉੱਤੇ ਬੈਠ ਕੇ ਇਜ਼ਰਾਈਲ ਦੇ 12 ਗੋਤਾਂ ਦਾ ਨਿਆਂ ਕਰੋਗੇ।+ 29 ਜਿਸ ਨੇ ਵੀ ਮੇਰੇ ਨਾਂ ਦੀ ਖ਼ਾਤਰ ਘਰ ਜਾਂ ਭਰਾਵਾਂ ਜਾਂ ਭੈਣਾਂ ਜਾਂ ਮਾਂ ਜਾਂ ਪਿਉ ਜਾਂ ਬੱਚਿਆਂ ਜਾਂ ਜ਼ਮੀਨਾਂ ਨੂੰ ਛੱਡਿਆ ਹੈ, ਉਹ ਇਹ ਸਭ ਕੁਝ 100 ਗੁਣਾ ਪਾਵੇਗਾ, ਨਾਲੇ ਹਮੇਸ਼ਾ ਦੀ ਜ਼ਿੰਦਗੀ।+
30 “ਪਰ ਕਈ ਲੋਕ ਜਿਹੜੇ ਅੱਗੇ ਹਨ, ਉਹ ਪਿੱਛੇ ਹੋ ਜਾਣਗੇ ਅਤੇ ਪਿਛਲੇ ਅੱਗੇ ਹੋ ਜਾਣਗੇ।+