ਅਧਿਆਇ 13
“ਮੰਦਰ ਬਾਰੇ ਇਕ-ਇਕ ਗੱਲ ਦੱਸ”
ਮੁੱਖ ਗੱਲ: ਹਿਜ਼ਕੀਏਲ ਦੁਆਰਾ ਦਰਸ਼ਣ ਵਿਚ ਦੇਖੇ ਸ਼ਾਨਦਾਰ ਮੰਦਰ ਦਾ ਮਤਲਬ
1-3. (ੳ) ਪਰਮੇਸ਼ੁਰ ਦੇ ਵਿਸ਼ਾਲ ਮੰਦਰ ਦਾ ਦਰਸ਼ਣ ਦੇਖ ਕੇ ਹਿਜ਼ਕੀਏਲ ਨੂੰ ਦਿਲਾਸਾ ਕਿਉਂ ਮਿਲਿਆ ਹੋਣਾ? (ਪਹਿਲੀ ਤਸਵੀਰ ਦੇਖੋ।) (ਅ) ਇਸ ਅਧਿਆਇ ਵਿਚ ਅਸੀਂ ਕਿਨ੍ਹਾਂ ਗੱਲਾਂ ʼਤੇ ਗੌਰ ਕਰਾਂਗੇ?
ਕਲਪਨਾ ਕਰੋ ਕਿ ਹਿਜ਼ਕੀਏਲ ਹੁਣ 50 ਸਾਲਾਂ ਦਾ ਹੈ। ਉਹ ਗ਼ੁਲਾਮੀ ਵਿਚ ਕੱਟੇ 25 ਸਾਲਾਂ ਬਾਰੇ ਸੋਚ ਰਿਹਾ ਹੈ। ਯਰੂਸ਼ਲਮ ਦਾ ਮੰਦਰ ਕਾਫ਼ੀ ਸਾਲਾਂ ਤੋਂ ਢਹਿ-ਢੇਰੀ ਹੋਇਆ ਪਿਆ ਹੈ। ਜੇ ਹਿਜ਼ਕੀਏਲ ਨੇ ਕਦੇ ਸੋਚਿਆ ਹੋਣਾ ਕਿ ਉਹ ਵਾਪਸ ਜਾ ਕੇ ਪਰਮੇਸ਼ੁਰ ਦੇ ਮੰਦਰ ਵਿਚ ਪੁਜਾਰੀ ਦੇ ਤੌਰ ਤੇ ਸੇਵਾ ਕਰੇਗਾ, ਤਾਂ ਉਸ ਦਾ ਇਹ ਸੁਪਨਾ ਵੀ ਚਕਨਾਚੂਰ ਹੋ ਗਿਆ ਹੋਣਾ। ਯਹੂਦੀਆਂ ਨੂੰ ਬਾਬਲ ਦੀ ਗ਼ੁਲਾਮੀ ਵਿਚ ਹਾਲੇ ਹੋਰ 56 ਸਾਲ ਰਹਿਣਾ ਪੈਣਾ। ਇਸ ਲਈ ਹਿਜ਼ਕੀਏਲ ਜਾਣਦਾ ਹੈ ਕਿ ਉਹ ਆਪਣੇ ਜੀਉਂਦੇ-ਜੀ ਕਦੇ ਵੀ ਪਰਮੇਸ਼ੁਰ ਦੇ ਲੋਕਾਂ ਨੂੰ ਆਪਣੇ ਦੇਸ਼ ਵਾਪਸ ਜਾਂਦੇ ਨਹੀਂ ਦੇਖ ਸਕੇਗਾ। ਨਾਲੇ ਉਹ ਮੰਦਰ ਨੂੰ ਦੁਬਾਰਾ ਬਣਦੇ ਦੇਖਣ ਬਾਰੇ ਤਾਂ ਕਦੇ ਸੋਚ ਵੀ ਨਹੀਂ ਸਕਦਾ। (ਯਿਰ. 25:11) ਕੀ ਉਹ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਸੋਚ ਕੇ ਬਹੁਤ ਦੁਖੀ ਹੋ ਜਾਂਦਾ ਹੈ?
2 ਯਹੋਵਾਹ ਇਸ ਸਮੇਂ ਹਿਜ਼ਕੀਏਲ ਨੂੰ ਇਕ ਅਜਿਹਾ ਦਰਸ਼ਣ ਦਿਖਾਉਂਦਾ ਹੈ ਜਿਸ ਤੋਂ ਉਸ ਨੂੰ ਬਹੁਤ ਦਿਲਾਸਾ ਤੇ ਉਮੀਦ ਮਿਲਦੀ ਹੈ। ਹਿਜ਼ਕੀਏਲ ਨੂੰ ਦਰਸ਼ਣ ਵਿਚ ਆਪਣੇ ਦੇਸ਼ ਲਿਆਇਆ ਜਾਂਦਾ ਹੈ ਤੇ ਉਸ ਨੂੰ ਇਕ ਉੱਚੇ ਪਹਾੜ ʼਤੇ ਖੜ੍ਹਾ ਕਰ ਦਿੱਤਾ ਜਾਂਦਾ ਹੈ। ਉੱਥੇ ਉਹ “ਇਕ ਆਦਮੀ” ਨੂੰ ਮਿਲਦਾ ਹੈ “ਜਿਸ ਦਾ ਰੂਪ ਤਾਂਬੇ ਵਰਗਾ” ਹੈ। ਉਹ ਦੂਤ ਉਸ ਨੂੰ ਇਕ ਵਿਸ਼ਾਲ ਮੰਦਰ ਅਤੇ ਉਸ ਦੇ ਅਲੱਗ-ਅਲੱਗ ਹਿੱਸੇ ਦਿਖਾਉਂਦਾ ਹੈ। (ਹਿਜ਼ਕੀਏਲ 40:1-4 ਪੜ੍ਹੋ।) ਦਰਸ਼ਣ ਵਿਚ ਹਿਜ਼ਕੀਏਲ ਨੂੰ ਜੋ ਵੀ ਦਿਖਾਇਆ ਜਾਂਦਾ ਹੈ, ਉਹ ਸਾਰਾ ਕੁਝ ਉਸ ਨੂੰ ਅਸਲੀ ਲੱਗਦਾ ਹੈ। ਦਰਸ਼ਣ ਦੇਖ ਕੇ ਉਸ ਦੀ ਨਿਹਚਾ ਜ਼ਰੂਰ ਮਜ਼ਬੂਤ ਹੁੰਦੀ ਹੈ ਤੇ ਉਹ ਥੋੜ੍ਹਾ ਹੈਰਾਨ ਵੀ ਰਹਿ ਜਾਂਦਾ ਤੇ ਥੋੜ੍ਹਾ ਉਲਝਣ ਵਿਚ ਵੀ ਪੈ ਜਾਂਦਾ ਹੈ। ਯਰੂਸ਼ਲਮ ਦੇ ਮੰਦਰ ਅਤੇ ਦਰਸ਼ਣ ਵਿਚ ਦਿਖਾਏ ਮੰਦਰ ਵਿਚ ਚਾਹੇ ਕਾਫ਼ੀ ਗੱਲਾਂ ਮਿਲਦੀਆਂ-ਜੁਲਦੀਆਂ ਹਨ, ਪਰ ਫਿਰ ਵੀ ਦਰਸ਼ਣ ਵਿਚ ਦਿਖਾਏ ਮੰਦਰ ਵਿਚ ਕਈ ਚੀਜ਼ਾਂ ਬਹੁਤ ਅਲੱਗ ਹਨ।
3 ਇਹ ਸ਼ਾਨਦਾਰ ਦਰਸ਼ਣ ਹਿਜ਼ਕੀਏਲ ਦੀ ਕਿਤਾਬ ਦੇ ਆਖ਼ਰੀ ਨੌਂ ਅਧਿਆਵਾਂ ਵਿਚ ਦਰਜ ਹੈ। ਆਓ ਆਪਾਂ ਦੇਖੀਏ ਕਿ ਇਸ ਦਰਸ਼ਣ ਵਿਚ ਦੱਸੀਆਂ ਗੱਲਾਂ ਦਾ ਮਤਲਬ ਸਮਝਣ ਵੇਲੇ ਸਾਡਾ ਰਵੱਈਆ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਫਿਰ ਆਪਾਂ ਦੇਖਾਂਗੇ ਕਿ ਹਿਜ਼ਕੀਏਲ ਨੇ ਜੋ ਮੰਦਰ ਦੇਖਿਆ, ਕੀ ਇਹ ਉਹੀ ਮੰਦਰ ਸੀ ਜਿਸ ਬਾਰੇ ਪੌਲੁਸ ਨੇ ਸਦੀਆਂ ਬਾਅਦ ਖੋਲ੍ਹ ਕੇ ਸਮਝਾਇਆ ਸੀ। ਫਿਰ ਅਸੀਂ ਦੇਖਾਂਗੇ ਕਿ ਇਹ ਦਰਸ਼ਣ ਹਿਜ਼ਕੀਏਲ ਤੇ ਹੋਰ ਗ਼ੁਲਾਮ ਲੋਕਾਂ ਲਈ ਕੀ ਮਾਅਨੇ ਰੱਖਦਾ ਸੀ।
ਵੱਖਰੇ ਤਰੀਕੇ ਨਾਲ ਸਮਝਣ ਦੀ ਲੋੜ
4. ਮੰਦਰ ਦੇ ਦਰਸ਼ਣ ਦਾ ਪਹਿਲਾਂ ਕੀ ਮਤਲਬ ਸਮਝਾਇਆ ਜਾਂਦਾ ਸੀ ਤੇ ਹੁਣ ਕੀ ਕਰਨ ਦੀ ਲੋੜ ਹੈ?
4 ਪਹਿਲਾਂ ਸਾਡੇ ਪ੍ਰਕਾਸ਼ਨਾਂ ਵਿਚ ਸਮਝਾਇਆ ਜਾਂਦਾ ਸੀ ਕਿ ਹਿਜ਼ਕੀਏਲ ਦੁਆਰਾ ਦੇਖਿਆ ਮੰਦਰ ਉਹੀ ਮਹਾਨ ਮੰਦਰ ਸੀ ਜਿਸ ਦਾ ਜ਼ਿਕਰ ਪੌਲੁਸ ਰਸੂਲ ਨੇ ਇਬਰਾਨੀਆਂ ਨੂੰ ਲਿਖੀ ਚਿੱਠੀ ਵਿਚ ਕੀਤਾ ਸੀ।a ਇਸ ਚਿੱਠੀ ਵਿਚ ਪੌਲੁਸ ਨੇ ਡੇਰੇ ਬਾਰੇ ਜੋ ਕੁਝ ਸਮਝਾਇਆ, ਉਸ ਆਧਾਰ ʼਤੇ ਅਸੀਂ ਮੰਦਰ ਦੇ ਕਈ ਹੋਰ ਹਿੱਸਿਆਂ ਦਾ ਮਤਲਬ ਕੱਢਣਾ ਠੀਕ ਸਮਝਿਆ। ਪਰ ਜਦੋਂ ਇਸ ਬਾਰੇ ਪ੍ਰਾਰਥਨਾ ਕਰ ਕੇ ਗਹਿਰਾਈ ਨਾਲ ਅਧਿਐਨ ਅਤੇ ਮਨਨ ਕੀਤਾ, ਤਾਂ ਅਸੀਂ ਦੇਖਿਆ ਕਿ ਹਿਜ਼ਕੀਏਲ ਨੇ ਦਰਸ਼ਣ ਵਿਚ ਉਹ ਮੰਦਰ ਨਹੀਂ ਦੇਖਿਆ ਜਿਸ ਬਾਰੇ ਪੌਲੁਸ ਨੇ ਗੱਲ ਕੀਤੀ ਸੀ।
5, 6. (ੳ) ਡੇਰੇ ਬਾਰੇ ਸਮਝਾਉਂਦਿਆਂ ਪੌਲੁਸ ਨੇ ਨਿਮਰਤਾ ਕਿਵੇਂ ਦਿਖਾਈ? (ਅ) ਡੇਰੇ ਦੀਆਂ ਚੀਜ਼ਾਂ ਬਾਰੇ ਉਸ ਨੇ ਕੀ ਸਮਝਾਇਆ? (ੲ) ਦਰਸ਼ਣ ਦੇ ਮੰਦਰ ਦਾ ਮਤਲਬ ਸਮਝਦਿਆਂ ਅਸੀਂ ਪੌਲੁਸ ਵਾਂਗ ਨਿਮਰ ਕਿਵੇਂ ਹੋ ਸਕਦੇ ਹਾਂ?
5 ਇਸ ਲਈ ਹਿਜ਼ਕੀਏਲ ਨੇ ਦਰਸ਼ਣ ਵਿਚ ਜੋ ਮੰਦਰ ਦੇਖਿਆ, ਉਸ ਦੀ ਹਰ ਛੋਟੀ-ਛੋਟੀ ਚੀਜ਼ ਦਾ ਸੰਬੰਧ ਭਵਿੱਖ ਨਾਲ ਜੋੜਨਾ ਜਾਂ ਉਸ ਦਾ ਮਤਲਬ ਕੱਢਣਾ ਸਹੀ ਨਹੀਂ ਹੋਵੇਗਾ। ਇੱਦਾਂ ਕਿਉਂ? ਜ਼ਰਾ ਇਕ ਮਿਸਾਲ ʼਤੇ ਗੌਰ ਕਰੋ। ਪੌਲੁਸ ਨੇ ਡੇਰੇ ਅਤੇ ਮਹਾਨ ਮੰਦਰ ਦੀ ਗੱਲ ਕਰਦਿਆਂ ਡੇਰੇ ਦੀਆਂ ਕੁਝ ਚੀਜ਼ਾਂ ਬਾਰੇ ਦੱਸਿਆ, ਜਿਵੇਂ ਸੋਨੇ ਦਾ ਧੂਪਦਾਨ, ਸੰਦੂਕ ਦਾ ਢੱਕਣ ਅਤੇ ਮੰਨ ਨਾਲ ਭਰਿਆ ਸੋਨੇ ਦਾ ਮਰਤਬਾਨ। ਕੀ ਉਸ ਨੇ ਇਨ੍ਹਾਂ ਚੀਜ਼ਾਂ ਦਾ ਕੋਈ ਮਤਲਬ ਦੱਸਿਆ ਸੀ? ਨਹੀਂ, ਪਵਿੱਤਰ ਸ਼ਕਤੀ ਨੇ ਉਸ ਨੂੰ ਇਸ ਤਰ੍ਹਾਂ ਕਰਨ ਲਈ ਨਹੀਂ ਪ੍ਰੇਰਿਆ ਸੀ। ਇਸ ਦੀ ਬਜਾਇ, ਪੌਲੁਸ ਨੇ ਲਿਖਿਆ: “ਹੁਣ ਇਨ੍ਹਾਂ ਚੀਜ਼ਾਂ ਬਾਰੇ ਖੋਲ੍ਹ ਕੇ ਗੱਲ ਕਰਨ ਦਾ ਸਮਾਂ ਨਹੀਂ ਹੈ।” (ਇਬ. 9:4, 5) ਪੌਲੁਸ ਪਵਿੱਤਰ ਸ਼ਕਤੀ ਦੇ ਅਧੀਨ ਚੱਲਿਆ ਅਤੇ ਉਸ ਨੇ ਨਿਮਰਤਾ ਨਾਲ ਯਹੋਵਾਹ ਦੇ ਸਹੀ ਸਮੇਂ ਦਾ ਇੰਤਜ਼ਾਰ ਕੀਤਾ।—ਇਬ. 9:8.
6 ਇਸ ਦਰਸ਼ਣ ਦੇ ਮੰਦਰ ਦਾ ਮਤਲਬ ਸਮਝਦੇ ਵੇਲੇ ਸਾਡਾ ਰਵੱਈਆ ਪੌਲੁਸ ਵਰਗਾ ਹੋਣਾ ਚਾਹੀਦਾ ਹੈ। ਇਸ ਮੰਦਰ ਦੀਆਂ ਬਹੁਤ ਸਾਰੀਆਂ ਗੱਲਾਂ ਦਾ ਮਤਲਬ ਸਮਝਣ ਲਈ ਵਧੀਆ ਹੋਵੇਗਾ ਕਿ ਅਸੀਂ ਯਹੋਵਾਹ ਦੇ ਸਮੇਂ ਦੀ ਉਡੀਕ ਕਰੀਏ। ਜੇ ਲੋੜ ਹੈ, ਤਾਂ ਯਹੋਵਾਹ ਸਹੀ ਸਮੇਂ ਤੇ ਇਨ੍ਹਾਂ ਦਾ ਮਤਲਬ ਸਮਝਾਵੇਗਾ। (ਮੀਕਾਹ 7:7 ਪੜ੍ਹੋ।) ਤਾਂ ਫਿਰ, ਕੀ ਸਾਨੂੰ ਇਹ ਸਿੱਟਾ ਕੱਢਣਾ ਚਾਹੀਦਾ ਹੈ ਕਿ ਪਵਿੱਤਰ ਸ਼ਕਤੀ ਨੇ ਇਸ ਦਰਸ਼ਣ ਬਾਰੇ ਹੋਰ ਸਮਝ ਨਹੀਂ ਦਿੱਤੀ? ਇਸ ਤਰ੍ਹਾਂ ਨਹੀਂ ਹੈ।
ਕੀ ਹਿਜ਼ਕੀਏਲ ਨੇ ਮਹਾਨ ਮੰਦਰ ਦੇਖਿਆ ਸੀ?
7, 8. (ੳ) ਮੰਦਰ ਬਾਰੇ ਸਾਡੀ ਸਮਝ ਵਿਚ ਕੀ ਬਦਲਾਅ ਹੋਇਆ ਹੈ? (ਅ) ਦਰਸ਼ਣ ਵਿਚਲਾ ਮੰਦਰ ਮਹਾਨ ਮੰਦਰ ਨਾਲੋਂ ਕਿਵੇਂ ਵੱਖਰਾ ਸੀ?
7 ਕਈ ਸਾਲਾਂ ਤਕ ਸਾਡੇ ਪ੍ਰਕਾਸ਼ਨਾਂ ਵਿਚ ਸਮਝਾਇਆ ਜਾਂਦਾ ਰਿਹਾ ਕਿ ਹਿਜ਼ਕੀਏਲ ਨੇ ਦਰਸ਼ਣ ਵਿਚ ਯਹੋਵਾਹ ਦਾ ਮਹਾਨ ਮੰਦਰ ਦੇਖਿਆ ਸੀ ਜਿਸ ਦਾ ਜ਼ਿਕਰ ਪੌਲੁਸ ਰਸੂਲ ਨੇ ਇਬਰਾਨੀਆਂ ਨੂੰ ਲਿਖੀ ਚਿੱਠੀ ਵਿਚ ਕੀਤਾ ਸੀ। ਪਰ ਹੋਰ ਅਧਿਐਨ ਕਰ ਕੇ ਪਤਾ ਲੱਗਾ ਕਿ ਹਿਜ਼ਕੀਏਲ ਨੇ ਯਹੋਵਾਹ ਦਾ ਮਹਾਨ ਮੰਦਰ ਨਹੀਂ ਸੀ ਦੇਖਿਆ। ਅਸੀਂ ਇਹ ਗੱਲ ਕਿਉਂ ਕਹਿ ਸਕਦੇ ਹਾਂ?
8 ਇਸ ਦਾ ਇਕ ਕਾਰਨ ਇਹ ਹੈ ਕਿ ਪੌਲੁਸ ਨੇ ਮਹਾਨ ਮੰਦਰ ਬਾਰੇ ਜੋ ਗੱਲਾਂ ਸਮਝਾਈਆਂ, ਉਹ ਹਿਜ਼ਕੀਏਲ ਦੇ ਮੰਦਰ ਨਾਲ ਮੇਲ ਨਹੀਂ ਖਾਂਦੀਆਂ। ਗੌਰ ਕਰੋ: ਪੌਲੁਸ ਨੇ ਦੱਸਿਆ ਕਿ ਮੂਸਾ ਦੇ ਜ਼ਮਾਨੇ ਦਾ ਡੇਰਾ ਭਵਿੱਖ ਵਿਚ ਹੋਣ ਵਾਲੀ ਕਿਸੇ ਮਹਾਨ ਚੀਜ਼ ਦਾ ਨਮੂਨਾ ਅਤੇ ਪਰਛਾਵਾਂ ਹੈ। ਮੂਸਾ ਦਾ ਡੇਰਾ, ਸੁਲੇਮਾਨ ਤੇ ਜ਼ਰੁਬਾਬਲ ਦਾ ਮੰਦਰ ਇੱਕੋ ਜਿਹੇ ਨਮੂਨੇ ʼਤੇ ਬਣਾਏ ਗਏ ਸਨ ਜਿਨ੍ਹਾਂ ਵਿਚ “ਅੱਤ ਪਵਿੱਤਰ ਕਮਰਾ” ਵੀ ਸੀ। ਪੌਲੁਸ ਨੇ ਇਸ ਕਮਰੇ ਬਾਰੇ ਕਿਹਾ ਕਿ ਇਹ ‘ਇਨਸਾਨੀ ਹੱਥਾਂ ਨਾਲ ਬਣਿਆ ਪਵਿੱਤਰ ਸਥਾਨ ਸੀ’ ਜੋ ਕਿ “ਅਸਲ ਦੀ ਨਕਲ ਹੈ।” ਤਾਂ ਫਿਰ ਅਸਲ ਕੀ ਹੈ? ਪੌਲੁਸ ਨੇ ਸਮਝਾਇਆ ਕਿ ਉਹ “ਸਵਰਗ” ਹੈ। (ਇਬ. 9:3, 24) ਕੀ ਹਿਜ਼ਕੀਏਲ ਨੇ ਦਰਸ਼ਣ ਵਿਚ ਸਵਰਗ ਦੇਖਿਆ ਸੀ? ਨਹੀਂ। ਹਿਜ਼ਕੀਏਲ ਦੇ ਦਰਸ਼ਣ ਤੋਂ ਅਜਿਹਾ ਕੋਈ ਸਬੂਤ ਨਹੀਂ ਮਿਲਦਾ ਕਿ ਉਸ ਨੇ ਸਵਰਗ ਦੀਆਂ ਚੀਜ਼ਾਂ ਦੇਖੀਆਂ ਸਨ।—ਦਾਨੀਏਲ 7:9, 10, 13, 14 ਵਿਚ ਨੁਕਤਾ ਦੇਖੋ।
9, 10. ਬਲ਼ੀਆਂ ਦੇ ਮਾਮਲੇ ਵਿਚ ਦਰਸ਼ਣ ਵਿਚਲੇ ਮੰਦਰ ਅਤੇ ਮਹਾਨ ਮੰਦਰ ਵਿਚ ਕੀ ਫ਼ਰਕ ਹੈ?
9 ਬਲ਼ੀਆਂ ਚੜ੍ਹਾਉਣ ਦੇ ਮਾਮਲੇ ਵਿਚ ਦਰਸ਼ਣ ਵਿਚਲੇ ਮੰਦਰ ਅਤੇ ਮਹਾਨ ਮੰਦਰ ਵਿਚ ਇਕ ਵੱਡਾ ਫ਼ਰਕ ਹੈ। ਹਿਜ਼ਕੀਏਲ ਨੇ ਦਰਸ਼ਣ ਵਿਚ ਸੁਣਿਆ ਸੀ ਕਿ ਲੋਕਾਂ, ਮੁਖੀਆਂ ਅਤੇ ਪੁਜਾਰੀਆਂ ਨੂੰ ਬਲ਼ੀਆਂ ਚੜ੍ਹਾਉਣ ਦੇ ਮਾਮਲੇ ਵਿਚ ਬਹੁਤ ਸਾਰੀਆਂ ਹਿਦਾਇਤਾਂ ਦਿੱਤੀਆਂ ਗਈਆਂ। ਉਨ੍ਹਾਂ ਨੇ ਆਪਣੇ ਪਾਪਾਂ ਲਈ ਬਲ਼ੀਆਂ ਚੜ੍ਹਾਉਣੀਆਂ ਸਨ। ਉਨ੍ਹਾਂ ਨੇ ਸ਼ਾਂਤੀ-ਬਲ਼ੀਆਂ ਵੀ ਚੜ੍ਹਾਉਣੀਆਂ ਸਨ ਅਤੇ ਉਹ ਇਹ ਬਲ਼ੀਆਂ ਮੰਦਰ ਦੇ ਰੋਟੀ ਖਾਣ ਵਾਲੇ ਕਮਰਿਆਂ ਵਿਚ ਮਿਲ ਕੇ ਖਾ ਸਕਦੇ ਸਨ। (ਹਿਜ਼. 43:18, 19; 44:11, 15, 27; 45:15-20, 22-25) ਪਰ ਕੀ ਮਹਾਨ ਮੰਦਰ ਵਿਚ ਵੀ ਵਾਰ-ਵਾਰ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਹਨ?
ਹਿਜ਼ਕੀਏਲ ਦੇ ਦਰਸ਼ਣ ਵਿਚਲਾ ਮੰਦਰ ਮਹਾਨ ਮੰਦਰ ਨਹੀਂ ਸੀ
10 ਇਸ ਦਾ ਜਵਾਬ ਬਹੁਤ ਸੌਖਾ ਹੈ। ਪੌਲੁਸ ਨੇ ਦੱਸਿਆ: “ਹੁਣ ਮਸੀਹ ਮਹਾਂ ਪੁਜਾਰੀ ਬਣ ਗਿਆ ਜਿਸ ਕਰਕੇ ਸਾਨੂੰ ਹੁਣ ਬਰਕਤਾਂ ਮਿਲ ਰਹੀਆਂ ਹਨ। ਮਹਾਂ ਪੁਜਾਰੀ ਦੇ ਤੌਰ ਤੇ ਉਹ ਜ਼ਿਆਦਾ ਮਹੱਤਵਪੂਰਣ ਅਤੇ ਉੱਤਮ ਤੰਬੂ ਵਿਚ ਗਿਆ ਜਿਸ ਨੂੰ ਇਨਸਾਨੀ ਹੱਥਾਂ ਨੇ ਨਹੀਂ ਬਣਾਇਆ ਯਾਨੀ ਇਹ ਧਰਤੀ ਉੱਤੇ ਨਹੀਂ ਹੈ। ਉਹ ਬੱਕਰਿਆਂ ਜਾਂ ਬਲਦਾਂ ਦਾ ਖ਼ੂਨ ਲੈ ਕੇ ਨਹੀਂ, ਸਗੋਂ ਆਪਣਾ ਖ਼ੂਨ ਲੈ ਕੇ ਇੱਕੋ ਵਾਰ ਹਮੇਸ਼ਾ ਲਈ ਉਸ ਪਵਿੱਤਰ ਸਥਾਨ ਵਿਚ ਗਿਆ ਅਤੇ ਉਸ ਨੇ ਸਾਨੂੰ ਹਮੇਸ਼ਾ ਲਈ ਮੁਕਤੀ ਦੇ ਦਿੱਤੀ ਹੈ।” (ਇਬ. 9:11, 12) ਇਸ ਤੋਂ ਪਤਾ ਚੱਲਦਾ ਹੈ ਕਿ ਮਹਾਨ ਮੰਦਰ ਵਿਚ ਹਮੇਸ਼ਾ ਲਈ ਇੱਕੋ ਹੀ ਬਲ਼ੀ ਚੜ੍ਹਾਈ ਗਈ। ਉਹ ਸੀ ਯਿਸੂ ਦੀ ਕੁਰਬਾਨੀ ਜੋ ਰਿਹਾਈ ਦੀ ਕੀਮਤ ਦੇ ਤੌਰ ਤੇ ਦਿੱਤੀ ਗਈ ਸੀ। ਇਹ ਬਲ਼ੀ ਉੱਤਮ ਮਹਾਂ ਪੁਜਾਰੀ ਯਿਸੂ ਮਸੀਹ ਨੇ ਖ਼ੁਦ ਚੜ੍ਹਾਈ। ਪਰ ਹਿਜ਼ਕੀਏਲ ਦੇ ਮੰਦਰ ਵਿਚ ਬੱਕਰਿਆਂ ਅਤੇ ਬਲਦਾਂ ਦੀਆਂ ਕਈ ਬਲ਼ੀਆਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਦਰਸ਼ਣ ਵਿਚਲਾ ਮੰਦਰ ਮਹਾਨ ਮੰਦਰ ਨਹੀਂ ਸੀ।
11. ਹਿਜ਼ਕੀਏਲ ਦੇ ਦਿਨਾਂ ਵਿਚ ਪਰਮੇਸ਼ੁਰ ਨੇ ਮਹਾਨ ਮੰਦਰ ਬਾਰੇ ਕਿਉਂ ਨਹੀਂ ਦੱਸਿਆ?
11 ਇਸ ਤੋਂ ਸਾਨੂੰ ਦੂਸਰਾ ਕਾਰਨ ਪਤਾ ਚੱਲਦਾ ਹੈ ਕਿ ਹਿਜ਼ਕੀਏਲ ਨੇ ਜੋ ਮੰਦਰ ਦੇਖਿਆ, ਉਹ ਮਹਾਨ ਮੰਦਰ ਕਿਉਂ ਨਹੀਂ ਸੀ: ਹਿਜ਼ਕੀਏਲ ਦੇ ਦਿਨਾਂ ਵਿਚ ਪਰਮੇਸ਼ੁਰ ਨੇ ਮਹਾਨ ਮੰਦਰ ਬਾਰੇ ਕੁਝ ਨਹੀਂ ਦੱਸਿਆ ਸੀ। ਯਾਦ ਰੱਖੋ ਕਿ ਹਿਜ਼ਕੀਏਲ ਦੇ ਦਰਸ਼ਣ ਦੀਆਂ ਗੱਲਾਂ ਸਭ ਤੋਂ ਪਹਿਲਾਂ ਬਾਬਲ ਵਿਚ ਗ਼ੁਲਾਮ ਯਹੂਦੀਆਂ ਨੂੰ ਦੱਸੀਆਂ ਗਈਆਂ ਸਨ। ਉਹ ਮੂਸਾ ਦੇ ਕਾਨੂੰਨ ਦੇ ਅਧੀਨ ਸਨ। ਗ਼ੁਲਾਮੀ ਤੋਂ ਛੁੱਟਣ ਤੋਂ ਬਾਅਦ ਉਨ੍ਹਾਂ ਨੇ ਯਰੂਸ਼ਲਮ ਵਾਪਸ ਜਾਣਾ ਸੀ ਅਤੇ ਉੱਥੇ ਦੁਬਾਰਾ ਮੰਦਰ ਅਤੇ ਵੇਦੀ ਬਣਾ ਕੇ ਮੂਸਾ ਦੇ ਕਾਨੂੰਨ ਮੁਤਾਬਕ ਸ਼ੁੱਧ ਭਗਤੀ ਕਰਨੀ ਸੀ। ਫਿਰ ਉਨ੍ਹਾਂ ਨੇ ਉੱਥੇ ਬਲ਼ੀਆਂ ਚੜ੍ਹਾਉਣੀਆਂ ਸਨ। ਉਹ ਲਗਭਗ 600 ਸਾਲਾਂ ਤਕ ਇਸ ਤਰ੍ਹਾਂ ਕਰਦੇ ਰਹੇ। ਜ਼ਰਾ ਕਲਪਨਾ ਕਰੋ ਕਿ ਜੇ ਦਰਸ਼ਣ ਵਿਚਲਾ ਮੰਦਰ ਮਹਾਨ ਮੰਦਰ ਹੁੰਦਾ, ਤਾਂ ਯਹੂਦੀਆਂ ʼਤੇ ਇਸ ਦਾ ਕੀ ਅਸਰ ਪੈਂਦਾ! ਉਸ ਮਹਾਨ ਮੰਦਰ ਵਿਚ ਮਹਾਂ ਪੁਜਾਰੀ ਨੇ ਆਪਣੀ ਹੀ ਬਲ਼ੀ ਚੜ੍ਹਾਈ ਅਤੇ ਉਸ ਤੋਂ ਬਾਅਦ ਸਾਰੇ ਬਲੀਦਾਨ ਚੜ੍ਹਾਉਣ ਦਾ ਪ੍ਰਬੰਧ ਖ਼ਤਮ ਹੋ ਗਿਆ। ਯਹੂਦੀ ਇਸ ਦਾ ਕੀ ਮਤਲਬ ਸਮਝਦੇ? ਕੀ ਮੂਸਾ ਦੇ ਕਾਨੂੰਨ ਨੂੰ ਮੰਨਣ ਦਾ ਉਨ੍ਹਾਂ ਦਾ ਇਰਾਦਾ ਕਮਜ਼ੋਰ ਨਹੀਂ ਪੈ ਜਾਣਾ ਸੀ? ਅਸੀਂ ਜਾਣਦੇ ਹਾਂ ਕਿ ਯਹੋਵਾਹ ਹਮੇਸ਼ਾ ਸਹੀ ਸਮੇਂ ਤੇ ਆਪਣੇ ਲੋਕਾਂ ʼਤੇ ਸੱਚਾਈ ਜ਼ਾਹਰ ਕਰਦਾ ਹੈ ਅਤੇ ਉਦੋਂ ਕਰਦਾ ਹੈ ਜਦੋਂ ਉਸ ਦੇ ਲੋਕ ਇਸ ਨੂੰ ਸਮਝਣ ਦੇ ਕਾਬਲ ਹੋਣ।
12-14. ਦਰਸ਼ਣ ਵਿਚਲੇ ਮੰਦਰ ਅਤੇ ਮਹਾਨ ਮੰਦਰ ਵਿਚ ਕੀ ਸੰਬੰਧ ਹੈ? (“ਦੋ ਵੱਖੋ-ਵੱਖਰੇ ਮੰਦਰ, ਵੱਖੋ-ਵੱਖਰੇ ਸਬਕ” ਨਾਂ ਦੀ ਡੱਬੀ ਦੇਖੋ।)
12 ਤਾਂ ਫਿਰ, ਦਰਸ਼ਣ ਵਿਚਲੇ ਮੰਦਰ ਅਤੇ ਮਹਾਨ ਮੰਦਰ ਵਿਚ ਕੀ ਸੰਬੰਧ ਹੈ? ਯਾਦ ਰੱਖੋ ਕਿ ਪੌਲੁਸ ਨੇ ਪਰਮੇਸ਼ੁਰ ਦੇ ਮਹਾਨ ਮੰਦਰ ਬਾਰੇ ਜੋ ਜਾਣਕਾਰੀ ਦਿੱਤੀ ਸੀ, ਉਹ ਮੂਸਾ ਦੇ ਜ਼ਮਾਨੇ ਦੇ ਡੇਰੇ ʼਤੇ ਆਧਾਰਿਤ ਸੀ, ਨਾ ਕਿ ਹਿਜ਼ਕੀਏਲ ਦੁਆਰਾ ਦੇਖੇ ਮੰਦਰ ʼਤੇ। ਇਹ ਸੱਚ ਹੈ ਕਿ ਉਸ ਨੇ ਅਜਿਹੀਆਂ ਕਈ ਗੱਲਾਂ ਦਾ ਜ਼ਿਕਰ ਕੀਤਾ ਜੋ ਸੁਲੇਮਾਨ ਅਤੇ ਜ਼ਰੁਬਾਬਲ ਦੁਆਰਾ ਬਣਾਏ ਮੰਦਰ ਵਿਚ ਸਨ ਅਤੇ ਹਿਜ਼ਕੀਏਲ ਦੁਆਰਾ ਦੇਖੇ ਮੰਦਰ ਵਿਚ ਵੀ ਸਨ। ਪਰ ਜੇ ਗੌਰ ਕਰੀਏ, ਤਾਂ ਹਿਜ਼ਕੀਏਲ ਅਤੇ ਪੌਲੁਸ ਨੇ ਵੱਖੋ-ਵੱਖਰੀਆਂ ਗੱਲਾਂ ʼਤੇ ਜ਼ੋਰ ਦਿੱਤਾ, ਇੱਕੋ ਗੱਲ ʼਤੇ ਨਹੀਂ।b ਭਾਵੇਂ ਦੋਵਾਂ ਨੇ ਵੱਖੋ-ਵੱਖਰੀ ਜਾਣਕਾਰੀ ਦਿੱਤੀ, ਪਰ ਇਨ੍ਹਾਂ ਦੋਹਾਂ ਮੰਦਰਾਂ ਦਾ ਆਪਸ ਵਿਚ ਸੰਬੰਧ ਹੈ। ਉਹ ਕੀ ਹੈ?
13 ਅਸੀਂ ਕਹਿ ਸਕਦੇ ਹਾਂ ਕਿ ਹਿਜ਼ਕੀਏਲ ਅਤੇ ਪੌਲੁਸ ਨੇ ਮੰਦਰ ਬਾਰੇ ਜੋ ਦੱਸਿਆ, ਉਸ ਦਾ ਆਪਸ ਵਿਚ ਇਹ ਸੰਬੰਧ ਹੈ: ਪੌਲੁਸ ਦੁਆਰਾ ਦਿੱਤੀ ਜਾਣਕਾਰੀ ਤੋਂ ਅਸੀਂ ਭਗਤੀ ਲਈ ਯਹੋਵਾਹ ਦੇ ਇੰਤਜ਼ਾਮ ਬਾਰੇ ਸਿੱਖਦੇ ਹਾਂ ਅਤੇ ਹਿਜ਼ਕੀਏਲ ਦੇ ਦਰਸ਼ਣ ਤੋਂ ਅਸੀਂ ਭਗਤੀ ਲਈ ਯਹੋਵਾਹ ਦੇ ਮਿਆਰਾਂ ਬਾਰੇ ਸਿੱਖਦੇ ਹਾਂ। ਸ਼ੁੱਧ ਭਗਤੀ ਲਈ ਯਹੋਵਾਹ ਦੇ ਇੰਤਜ਼ਾਮ ਬਾਰੇ ਦੱਸਣ ਲਈ ਪੌਲੁਸ ਨੇ ਮਹਾਨ ਮੰਦਰ ਦੀਆਂ ਕੁਝ ਗੱਲਾਂ ਦੇ ਮਤਲਬ ਸਮਝਾਏ, ਜਿਵੇਂ ਮਹਾਂ ਪੁਜਾਰੀ, ਬਲ਼ੀਆਂ, ਵੇਦੀ ਅਤੇ ਅੱਤ ਪਵਿੱਤਰ ਕਮਰਾ। ਦੂਜੇ ਪਾਸੇ, ਹਿਜ਼ਕੀਏਲ ਨੇ ਮੰਦਰ ਬਾਰੇ ਬਾਰੀਕੀ ਨਾਲ ਜੋ ਜਾਣਕਾਰੀ ਦਿੱਤੀ, ਉਸ ਤੋਂ ਸਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆਉਂਦੀ ਹੈ ਕਿ ਭਗਤੀ ਲਈ ਯਹੋਵਾਹ ਦੇ ਮਿਆਰ ਬਹੁਤ ਉੱਚੇ ਹਨ। ਦਰਸ਼ਣ ਵਿਚਲੇ ਮੰਦਰ ਤੋਂ ਅਸੀਂ ਉਸ ਦੇ ਮਿਆਰਾਂ ਬਾਰੇ ਕਈ ਅਹਿਮ ਗੱਲਾਂ ਸਿੱਖਦੇ ਹਾਂ।
14 ਹਿਜ਼ਕੀਏਲ ਦੇ ਦਰਸ਼ਣ ਬਾਰੇ ਸਾਡੀ ਸਮਝ ਵਿਚ ਜੋ ਸੁਧਾਰ ਕੀਤਾ ਗਿਆ, ਉਸ ਕਰਕੇ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਦਰਸ਼ਣ ਅੱਜ ਸਾਡੇ ਲਈ ਮਾਅਨੇ ਨਹੀਂ ਰੱਖਦਾ। ਅੱਜ ਅਸੀਂ ਇਸ ਦਰਸ਼ਣ ਤੋਂ ਕੀ ਸਿੱਖ ਸਕਦੇ ਹਾਂ, ਇਹ ਜਾਣਨ ਲਈ ਆਓ ਆਪਾਂ ਦੇਖੀਏ ਕਿ ਹਿਜ਼ਕੀਏਲ ਦੇ ਦਿਨਾਂ ਵਿਚ ਅਤੇ ਬਾਅਦ ਵਿਚ ਵਫ਼ਾਦਾਰ ਯਹੂਦੀਆਂ ਨੇ ਇਸ ਦਰਸ਼ਣ ਤੋਂ ਕੀ ਸਿੱਖਿਆ।
ਇਹ ਦਰਸ਼ਣ ਗ਼ੁਲਾਮ ਯਹੂਦੀਆਂ ਲਈ ਕੀ ਮਾਅਨੇ ਰੱਖਦਾ ਸੀ?
15. (ੳ) ਇਸ ਦਰਸ਼ਣ ਰਾਹੀਂ ਯਹੂਦੀਆਂ ਨੂੰ ਕਿਹੜਾ ਖ਼ਾਸ ਸੰਦੇਸ਼ ਦਿੱਤਾ ਗਿਆ ਸੀ? (ਅ) ਹਿਜ਼ਕੀਏਲ ਅਧਿਆਇ 8 ਅਤੇ ਅਧਿਆਇ 40-48 ਵਿਚ ਕੀ ਫ਼ਰਕ ਹੈ?
15 ਬਾਈਬਲ ਤੋਂ ਇਸ ਦਾ ਜਵਾਬ ਜਾਣਨ ਲਈ ਆਓ ਆਪਾਂ ਇਸ ਨਾਲ ਜੁੜੇ ਕੁਝ ਸਵਾਲਾਂ ʼਤੇ ਗੌਰ ਕਰੀਏ। ਪਹਿਲਾ ਸਵਾਲ, ਇਸ ਦਰਸ਼ਣ ਰਾਹੀਂ ਯਹੂਦੀਆਂ ਨੂੰ ਕਿਹੜਾ ਖ਼ਾਸ ਸੰਦੇਸ਼ ਦਿੱਤਾ ਗਿਆ ਸੀ? ਥੋੜ੍ਹੇ ਸ਼ਬਦਾਂ ਵਿਚ ਕਹੀਏ, ਤਾਂ ਸੰਦੇਸ਼ ਇਹ ਸੀ ਕਿ ਸ਼ੁੱਧ ਭਗਤੀ ਬਹਾਲ ਕੀਤੀ ਜਾਵੇਗੀ। ਹਿਜ਼ਕੀਏਲ ਨੂੰ ਵੀ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਹੋਣੀ। ਯਹੋਵਾਹ ਨੇ ਉਸ ਨੂੰ ਇਹ ਦਰਸ਼ਣ ਦਿਖਾਉਣ ਤੋਂ ਕਾਫ਼ੀ ਸਮਾਂ ਪਹਿਲਾਂ ਇਕ ਹੋਰ ਦਰਸ਼ਣ ਵਿਚ ਦਿਖਾਇਆ ਸੀ ਕਿ ਯਰੂਸ਼ਲਮ ਦੇ ਮੰਦਰ ਵਿਚ ਕਿੰਨੇ ਭੈੜੇ ਕੰਮ ਹੋ ਰਹੇ ਸਨ। ਉਸ ਨੇ ਇਨ੍ਹਾਂ ਭੈੜੇ ਕੰਮਾਂ ਬਾਰੇ ਲਿਖਿਆ ਸੀ ਜੋ ਹਿਜ਼ਕੀਏਲ ਦੀ ਕਿਤਾਬ ਦੇ ਅਧਿਆਇ 8 ਵਿਚ ਦਰਜ ਹਨ। ਪਰ ਹੁਣ ਦਰਸ਼ਣ ਵਿਚ ਦੇਖੇ ਮੰਦਰ ਬਾਰੇ ਜਾਣਕਾਰੀ ਲਿਖਦੇ ਹੋਏ ਹਿਜ਼ਕੀਏਲ ਨੂੰ ਕਿੰਨੀ ਖ਼ੁਸ਼ੀ ਹੋ ਰਹੀ ਹੋਣੀ ਜੋ ਉਸ ਦੀ ਕਿਤਾਬ ਦੇ ਅਧਿਆਇ 40-48 ਵਿਚ ਦਰਜ ਹੈ। ਇਨ੍ਹਾਂ ਅਧਿਆਵਾਂ ਵਿਚ ਦੱਸੇ ਦਰਸ਼ਣ ਵਿਚ ਅਸੀਂ ਦੇਖਦੇ ਹਾਂ ਕਿ ਯਹੋਵਾਹ ਦੀ ਸ਼ੁੱਧ ਭਗਤੀ ਪਹਿਲਾਂ ਵਾਂਗ ਭ੍ਰਿਸ਼ਟ ਨਹੀਂ ਹੋ ਰਹੀ, ਸਗੋਂ ਉਸੇ ਤਰ੍ਹਾਂ ਕੀਤੀ ਜਾ ਰਹੀ ਹੈ ਜਿਵੇਂ ਕੀਤੀ ਜਾਣੀ ਚਾਹੀਦੀ ਹੈ, ਹਾਂ, ਬਿਲਕੁਲ ਉਸੇ ਤਰ੍ਹਾਂ ਜਿਵੇਂ ਮੂਸਾ ਦੇ ਕਾਨੂੰਨ ਵਿਚ ਦੱਸਿਆ ਗਿਆ ਹੈ।
16. ਹਿਜ਼ਕੀਏਲ ਦੇ ਦਰਸ਼ਣ ਨੇ ਯਸਾਯਾਹ ਦੀ ਭਵਿੱਖਬਾਣੀ ਦਾ ਸਮਰਥਨ ਕਿਵੇਂ ਕੀਤਾ?
16 ਸ਼ੁੱਧ ਭਗਤੀ ਦੀ ਬਹਾਲੀ ਲਈ ਇਹ ਜ਼ਰੂਰੀ ਹੈ ਕਿ ਇਸ ਨੂੰ ਬੁਲੰਦ ਕੀਤਾ ਜਾਵੇ। ਹਿਜ਼ਕੀਏਲ ਦੇ ਜ਼ਮਾਨੇ ਤੋਂ 100 ਤੋਂ ਵੀ ਜ਼ਿਆਦਾ ਸਾਲ ਪਹਿਲਾਂ ਯਸਾਯਾਹ ਨਬੀ ਨੇ ਲਿਖਿਆ ਸੀ: “ਆਖ਼ਰੀ ਦਿਨਾਂ ਵਿਚ ਇਵੇਂ ਹੋਵੇਗਾ, ਉਹ ਪਹਾੜ ਜਿਸ ਉੱਤੇ ਯਹੋਵਾਹ ਦਾ ਘਰ ਹੈ, ਸਾਰੇ ਪਹਾੜਾਂ ਤੋਂ ਉੱਪਰ ਪੱਕੇ ਤੌਰ ਤੇ ਕਾਇਮ ਹੋਵੇਗਾ ਅਤੇ ਉਹ ਸਾਰੀਆਂ ਪਹਾੜੀਆਂ ਨਾਲੋਂ ਉੱਚਾ ਕੀਤਾ ਜਾਵੇਗਾ।” (ਯਸਾ. 2:2) ਯਸਾਯਾਹ ਨੂੰ ਇਸ ਗੱਲ ਦੀ ਝਲਕ ਮਿਲੀ ਸੀ ਕਿ ਯਹੋਵਾਹ ਦੀ ਸ਼ੁੱਧ ਭਗਤੀ ਬਹਾਲ ਹੋਵੇਗੀ ਅਤੇ ਬੁਲੰਦ ਕੀਤੀ ਜਾਵੇਗੀ ਯਾਨੀ ਉਸ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਦਿੱਤੀ ਜਾਵੇਗੀ ਜਿਵੇਂ ਕਿ ਉਸ ਨੂੰ ਸਭ ਤੋਂ ਉੱਚੇ ਪਹਾੜ ਉੱਤੇ ਕਾਇਮ ਕੀਤਾ ਗਿਆ ਹੋਵੇ। ਯਾਦ ਕਰੋ ਕਿ ਜਦੋਂ ਹਿਜ਼ਕੀਏਲ ਨੇ ਦਰਸ਼ਣ ਦੇਖਿਆ, ਉਦੋਂ ਉਹ ਕਿੱਥੇ ਸੀ। ਉਹ “ਇਕ ਬਹੁਤ ਉੱਚੇ ਪਹਾੜ” ਉੱਤੇ ਖੜ੍ਹਾ ਸੀ ਜਿੱਥੇ ਯਹੋਵਾਹ ਦਾ ਮੰਦਰ ਸੀ। (ਹਿਜ਼. 40:2) ਇਸ ਤਰ੍ਹਾਂ ਹਿਜ਼ਕੀਏਲ ਦੇ ਦਰਸ਼ਣ ਨੇ ਯਸਾਯਾਹ ਦੀ ਭਵਿੱਖਬਾਣੀ ਦਾ ਸਮਰਥਨ ਕੀਤਾ ਕਿ ਸ਼ੁੱਧ ਭਗਤੀ ਬਹਾਲ ਕੀਤੀ ਜਾਵੇਗੀ।
17. ਹਿਜ਼ਕੀਏਲ ਅਧਿਆਇ 40-48 ਦਾ ਸਾਰ ਦੱਸੋ।
17 ਆਓ ਹਿਜ਼ਕੀਏਲ ਅਧਿਆਇ 40-48 ਵਿਚ ਦੱਸੇ ਮੰਦਰ ਦੀ ਇਕ ਝਲਕ ਦੇਖੀਏ ਅਤੇ ਜਾਣੀਏ ਕਿ ਹਿਜ਼ਕੀਏਲ ਨੇ ਕੀ-ਕੀ ਦੇਖਿਆ ਤੇ ਸੁਣਿਆ। ਉਹ ਦੇਖਦਾ ਹੈ ਕਿ ਇਕ ਦੂਤ ਮੰਦਰ ਦੇ ਦਰਵਾਜ਼ਿਆਂ, ਕੰਧ, ਵਿਹੜਿਆਂ ਅਤੇ ਪਵਿੱਤਰ ਸਥਾਨ ਨੂੰ ਮਿਣ ਰਿਹਾ ਹੈ। (ਹਿਜ਼. 40-42) ਇਸ ਤੋਂ ਬਾਅਦ ਇਕ ਸ਼ਾਨਦਾਰ ਘਟਨਾ ਘਟਦੀ ਹੈ: ਯਹੋਵਾਹ ਮਹਿਮਾ ਨਾਲ ਮੰਦਰ ਵਿਚ ਆਉਂਦਾ ਹੈ! ਫਿਰ ਯਹੋਵਾਹ ਆਪਣੇ ਭਟਕੇ ਹੋਏ ਲੋਕਾਂ, ਪੁਜਾਰੀਆਂ ਅਤੇ ਮੁਖੀਆਂ ਨੂੰ ਹਿਦਾਇਤਾਂ ਤੇ ਸਲਾਹਾਂ ਦਿੰਦਾ ਹੈ। (ਹਿਜ਼. 43:1-12; 44:10-31; 45:9-12) ਹਿਜ਼ਕੀਏਲ ਦੇਖਦਾ ਹੈ ਕਿ ਪਵਿੱਤਰ ਸਥਾਨ ਤੋਂ ਇਕ ਨਦੀ ਵਹਿ ਰਹੀ ਹੈ। ਇਹ ਨਦੀ ਜਿੱਥੇ ਵੀ ਵਹਿੰਦੀ ਹੈ, ਉੱਥੇ ਜੀਵਨ ਅਤੇ ਬਰਕਤਾਂ ਲਿਆਉਂਦੀ ਹੈ। ਆਖ਼ਰ ਵਿਚ ਇਹ ਨਦੀ ਮ੍ਰਿਤ ਸਾਗਰ ਵਿਚ ਜਾ ਮਿਲਦੀ ਹੈ। (ਹਿਜ਼. 47:1-12) ਹਿਜ਼ਕੀਏਲ ਦੇਖਦਾ ਹੈ ਕਿ ਸਾਰੇ ਗੋਤਾਂ ਵਿਚ ਜ਼ਮੀਨ ਸਹੀ-ਸਹੀ ਵੰਡੀ ਜਾਂਦੀ ਹੈ ਅਤੇ ਸ਼ੁੱਧ ਭਗਤੀ ਦੀ ਜਗ੍ਹਾ ਦੇਸ਼ ਦੇ ਲਗਭਗ ਵਿਚਕਾਰ ਹੈ। (ਹਿਜ਼. 45:1-8; 47:13–48:35) ਯਹੋਵਾਹ ਨੇ ਇਹ ਸਭ ਕੁਝ ਕਿਉਂ ਦਿਖਾਇਆ? ਯਹੋਵਾਹ ਆਪਣੇ ਲੋਕਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਸੀ ਕਿ ਸ਼ੁੱਧ ਭਗਤੀ ਜ਼ਰੂਰ ਬਹਾਲ ਹੋਵੇਗੀ ਅਤੇ ਬੁਲੰਦ ਕੀਤੀ ਜਾਵੇਗੀ। ਉਹ ਆਪਣੇ ਮੰਦਰ ਵਿਚ ਮੌਜੂਦ ਹੋਵੇਗਾ ਅਤੇ ਉੱਥੋਂ ਆਪਣੇ ਲੋਕਾਂ ਲਈ ਬਰਕਤਾਂ ਦੀ ਨਦੀ ਵਹਾਵੇਗਾ। ਉਹ ਉਨ੍ਹਾਂ ਨੂੰ ਤੰਦਰੁਸਤ ਕਰੇਗਾ, ਉਨ੍ਹਾਂ ਨੂੰ ਜ਼ਿੰਦਗੀ ਦੇਵੇਗਾ ਅਤੇ ਮੁੜ ਵਸਾਏ ਗਏ ਦੇਸ਼ ਵਿਚ ਸ਼ਾਂਤੀ ਕਾਇਮ ਕਰੇਗਾ।
18. ਕੀ ਦਰਸ਼ਣ ਦਾ ਇਹ ਮਤਲਬ ਸੀ ਕਿ ਅਜਿਹਾ ਮੰਦਰ ਸੱਚ-ਮੁੱਚ ਬਣਾਇਆ ਜਾਵੇਗਾ? ਸਮਝਾਓ।
18 ਦੂਸਰਾ ਸਵਾਲ, ਕੀ ਦਰਸ਼ਣ ਦਾ ਇਹ ਮਤਲਬ ਸੀ ਕਿ ਅਜਿਹਾ ਮੰਦਰ ਸੱਚ-ਮੁੱਚ ਬਣਾਇਆ ਜਾਵੇਗਾ? ਨਹੀਂ। ਹਿਜ਼ਕੀਏਲ ਤੇ ਬਾਕੀ ਗ਼ੁਲਾਮ ਯਹੂਦੀਆਂ ਨੇ ਇਹ ਨਹੀਂ ਸਮਝਿਆ ਹੋਣਾ ਕਿ ਦਰਸ਼ਣ ਵਿਚ ਦਿਖਾਏ ਮੰਦਰ ਵਰਗਾ ਕੋਈ ਮੰਦਰ ਸੱਚ-ਮੁੱਚ ਬਣਾਇਆ ਜਾਵੇਗਾ। ਅਸੀਂ ਇਹ ਕਿਵੇਂ ਕਹਿ ਸਕਦੇ ਹਾਂ? ਯਾਦ ਕਰੋ ਕਿ ਹਿਜ਼ਕੀਏਲ ਨੇ ਜੋ ਮੰਦਰ ਦੇਖਿਆ, ਉਹ “ਇਕ ਬਹੁਤ ਉੱਚੇ ਪਹਾੜ” ਉੱਤੇ ਸੀ। ਯਸਾਯਾਹ ਨੇ ਆਪਣੀ ਭਵਿੱਖਬਾਣੀ ਵਿਚ ਜਿਸ ਮੰਦਰ ਦਾ ਜ਼ਿਕਰ ਕੀਤਾ, ਉਹ ਵੀ ਇਕ ਉੱਚੇ ਪਹਾੜ ਉੱਤੇ ਸੀ। ਪਰ ਯਰੂਸ਼ਲਮ ਵਿਚ ਮੰਦਰ ਪਹਿਲਾਂ ਜਿਸ ਜਗ੍ਹਾ ʼਤੇ ਸੀ, ਉੱਥੇ ਇੰਨਾ ਵੱਡਾ ਮੰਦਰ ਬਣਾਉਣਾ ਸੰਭਵ ਨਹੀਂ ਸੀ। ਸੁਲੇਮਾਨ ਦਾ ਮੰਦਰ ਯਰੂਸ਼ਲਮ ਵਿਚ ਮੋਰੀਆਹ ਪਹਾੜ ਉੱਤੇ ਸੀ ਅਤੇ ਜਦੋਂ ਯਹੂਦੀਆਂ ਨੇ ਗ਼ੁਲਾਮੀ ਤੋਂ ਵਾਪਸ ਆਉਣਾ ਸੀ, ਤਾਂ ਉਨ੍ਹਾਂ ਨੇ ਇੱਥੇ ਹੀ ਮੰਦਰ ਨੂੰ ਦੁਬਾਰਾ ਉਸਾਰਨਾ ਸੀ। ਪਰ ਕੀ ਮੋਰੀਆਹ ਪਹਾੜ “ਬਹੁਤ ਉੱਚਾ ਪਹਾੜ” ਸੀ? ਨਹੀਂ। ਮੋਰੀਆਹ ਪਹਾੜ ਦੇ ਆਲੇ-ਦੁਆਲੇ ਅਜਿਹੇ ਕਈ ਪਹਾੜ ਸਨ ਜੋ ਜਾਂ ਤਾਂ ਉਸ ਦੇ ਬਰਾਬਰ ਸਨ ਜਾਂ ਉਸ ਤੋਂ ਵੀ ਉੱਚੇ ਸਨ। ਇੰਨਾ ਹੀ ਨਹੀਂ, ਹਿਜ਼ਕੀਏਲ ਨੇ ਜਿਹੜਾ ਮੰਦਰ ਦੇਖਿਆ, ਉਸ ਦੇ ਆਲੇ-ਦੁਆਲੇ ਦੀ ਜਗ੍ਹਾ ਬਹੁਤ ਵੱਡੀ ਸੀ ਅਤੇ ਉਸ ਦੇ ਚਾਰੇ ਪਾਸੇ ਇਕ ਕੰਧ ਸੀ। ਇਸ ਲਈ ਇਹ ਵਿਸ਼ਾਲ ਮੰਦਰ ਮੋਰੀਆਹ ਪਹਾੜ ʼਤੇ ਨਹੀਂ ਸਮਾ ਸਕਦਾ ਸੀ। ਅਸਲ ਵਿਚ ਸੁਲੇਮਾਨ ਦੇ ਦਿਨਾਂ ਵਿਚ ਯਰੂਸ਼ਲਮ ਸ਼ਹਿਰ ਦਾ ਜਿੰਨਾ ਇਲਾਕਾ ਸੀ, ਉਹ ਵੀ ਇਸ ਮੰਦਰ ਨੂੰ ਬਣਾਉਣ ਲਈ ਛੋਟਾ ਪੈ ਜਾਣਾ ਸੀ। ਇਸ ਤੋਂ ਇਲਾਵਾ, ਗ਼ੁਲਾਮ ਯਹੂਦੀਆਂ ਨੇ ਇਹ ਵੀ ਨਹੀਂ ਸੋਚਿਆ ਹੋਣਾ ਕਿ ਮੰਦਰ ਦੇ ਪਵਿੱਤਰ ਸਥਾਨ ਤੋਂ ਸੱਚ-ਮੁੱਚ ਦੀ ਇਕ ਨਦੀ ਵਹੇਗੀ ਜੋ ਮ੍ਰਿਤ ਸਾਗਰ ਵਿਚ ਜਾ ਮਿਲੇਗੀ ਅਤੇ ਉਸ ਦੇ ਖਾਰੇ ਪਾਣੀ ਨੂੰ ਮਿੱਠਾ ਬਣਾ ਦੇਵੇਗੀ। ਇਕ ਹੋਰ ਗੱਲ ਇਹ ਹੈ ਕਿ ਵਾਅਦਾ ਕੀਤੇ ਗਏ ਦੇਸ਼ ਦਾ ਇਲਾਕਾ ਪਹਾੜੀ ਸੀ, ਜਦ ਕਿ ਦਰਸ਼ਣ ਵਿਚ ਦੇਖੀ ਗਈ ਜ਼ਮੀਨ ਪੱਧਰੀ ਸੀ ਅਤੇ ਸਾਰੇ ਗੋਤਾਂ ਨੂੰ ਦਿੱਤੀ ਜ਼ਮੀਨ ਦੀਆਂ ਸਰਹੱਦਾਂ ਸਿੱਧੀਆਂ ਸਨ। ਇਨ੍ਹਾਂ ਸਾਰੀਆਂ ਗੱਲਾਂ ਤੋਂ ਸਾਬਤ ਹੁੰਦਾ ਹੈ ਕਿ ਯਹੂਦੀਆਂ ਨੇ ਇਹ ਨਹੀਂ ਸੋਚਿਆ ਹੋਣਾ ਕਿ ਦਰਸ਼ਣ ਵਿਚਲੇ ਮੰਦਰ ਵਰਗਾ ਕੋਈ ਮੰਦਰ ਸੱਚ-ਮੁੱਚ ਬਣਾਇਆ ਜਾਵੇਗਾ।
19-21. ਯਹੋਵਾਹ ਇਸ ਦਰਸ਼ਣ ਰਾਹੀਂ ਲੋਕਾਂ ʼਤੇ ਕੀ ਅਸਰ ਪਾਉਣਾ ਚਾਹੁੰਦਾ ਸੀ ਅਤੇ ਉਨ੍ਹਾਂ ਉੱਤੇ ਇਹ ਅਸਰ ਕਿਉਂ ਪੈਣਾ ਚਾਹੀਦਾ ਸੀ?
19 ਤੀਸਰਾ ਸਵਾਲ, ਹਿਜ਼ਕੀਏਲ ਦੇ ਜ਼ਮਾਨੇ ਦੇ ਲੋਕਾਂ ʼਤੇ ਇਸ ਦਰਸ਼ਣ ਦਾ ਕੀ ਅਸਰ ਪੈਣਾ ਸੀ? ਜਦੋਂ ਲੋਕਾਂ ਨੇ ਸ਼ੁੱਧ ਭਗਤੀ ਬਾਰੇ ਯਹੋਵਾਹ ਦੇ ਉੱਚੇ ਮਿਆਰਾਂ ʼਤੇ ਸੋਚ-ਵਿਚਾਰ ਕਰਨਾ ਸੀ, ਤਾਂ ਉਨ੍ਹਾਂ ਨੂੰ ਆਪਣੇ ਆਪ ʼਤੇ ਸ਼ਰਮ ਆਉਣੀ ਚਾਹੀਦੀ ਸੀ। ਯਹੋਵਾਹ ਨੇ ਹਿਜ਼ਕੀਏਲ ਨੂੰ ਕਿਹਾ ਕਿ “ਇਜ਼ਰਾਈਲ ਦੇ ਘਰਾਣੇ ਨੂੰ ਮੰਦਰ ਬਾਰੇ ਇਕ-ਇਕ ਗੱਲ ਦੱਸ।” ਉਸ ਨੇ ਮੰਦਰ ਬਾਰੇ ਇੰਨੀ ਬਾਰੀਕੀ ਨਾਲ ਜਾਣਕਾਰੀ ਦੇਣੀ ਸੀ ਕਿ ਲੋਕ “ਮੰਦਰ ਦੇ ਨਮੂਨੇ ਦੀ ਜਾਂਚ” ਕਰ ਸਕਦੇ ਸਨ। ਉਨ੍ਹਾਂ ਨੇ ਇੱਦਾਂ ਕਿਉਂ ਕਰਨਾ ਸੀ? ਇਸ ਲਈ ਨਹੀਂ ਕਿ ਉਨ੍ਹਾਂ ਨੇ ਦਰਸ਼ਣ ਵਿਚ ਦੇਖੇ ਮੰਦਰ ਵਰਗਾ ਕੋਈ ਮੰਦਰ ਬਣਾਉਣਾ ਸੀ, ਸਗੋਂ ਉਨ੍ਹਾਂ ਨੇ “ਆਪਣੇ ਗੁਨਾਹਾਂ ਕਰਕੇ ਸ਼ਰਮਿੰਦੇ” ਹੋਣਾ ਸੀ, ਜਿਵੇਂ ਯਹੋਵਾਹ ਨੇ ਕਿਹਾ ਸੀ।—ਹਿਜ਼ਕੀਏਲ 43:10-12 ਪੜ੍ਹੋ।
20 ਇਸ ਦਰਸ਼ਣ ਬਾਰੇ ਜਾਣ ਕੇ ਨੇਕਦਿਲ ਲੋਕਾਂ ਦੀ ਜ਼ਮੀਰ ਨੇ ਉਨ੍ਹਾਂ ਨੂੰ ਕਿਉਂ ਕੋਸਣਾ ਸੀ ਅਤੇ ਉਨ੍ਹਾਂ ਨੇ ਸ਼ਰਮਿੰਦੇ ਕਿਉਂ ਹੋਣਾ ਸੀ? ਗੌਰ ਕਰੋ ਕਿ ਹਿਜ਼ਕੀਏਲ ਨੂੰ ਕਿਹਾ ਗਿਆ ਸੀ: “ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਯਹੋਵਾਹ ਦੇ ਮੰਦਰ ਬਾਰੇ ਜੋ ਵੀ ਨਿਯਮ ਅਤੇ ਕਾਨੂੰਨ ਦੱਸ ਰਿਹਾ ਹਾਂ, ਤੂੰ ਉਨ੍ਹਾਂ ਵੱਲ ਧਿਆਨ ਦੇ, ਉਨ੍ਹਾਂ ਨੂੰ ਧਿਆਨ ਨਾਲ ਦੇਖ ਅਤੇ ਸੁਣ।” (ਹਿਜ਼. 44:5) ਹਿਜ਼ਕੀਏਲ ਨੂੰ ਯਹੋਵਾਹ ਦੇ ਨਿਯਮਾਂ ਅਤੇ ਕਾਨੂੰਨਾਂ ਬਾਰੇ ਵਾਰ-ਵਾਰ ਦੱਸਿਆ ਗਿਆ। (ਹਿਜ਼. 43:11, 12; 44:24; 46:14) ਉਸ ਨੂੰ ਯਹੋਵਾਹ ਦੇ ਮਿਆਰ ਵੀ ਵਾਰ-ਵਾਰ ਯਾਦ ਕਰਾਏ ਗਏ, ਇੱਥੋਂ ਤਕ ਕਿ ਉਸ ਨੂੰ ਇਹ ਵੀ ਸਹੀ-ਸਹੀ ਦੱਸਿਆ ਗਿਆ ਸੀ ਕਿ ਇਕ ਹੱਥ ਦੀ ਲੰਬਾਈ ਅਤੇ ਵੱਟਿਆਂ ਦਾ ਭਾਰ ਕਿੰਨਾ ਹੋਣਾ ਚਾਹੀਦਾ ਸੀ। (ਹਿਜ਼. 40:5; 45:10-12; ਕਹਾਉਤਾਂ 16:11 ਵਿਚ ਨੁਕਤਾ ਦੇਖੋ।) ਇਸੇ ਦਰਸ਼ਣ ਵਿਚ ਹਿਜ਼ਕੀਏਲ ਨੇ “ਮਿਣਨਾ,” “ਮਾਪ” ਅਤੇ “ਨਾਪ” ਵਰਗੇ ਸ਼ਬਦ 50 ਤੋਂ ਵੀ ਜ਼ਿਆਦਾ ਵਾਰ ਵਰਤੇ।
21 ਮਿਣਤੀ, ਵੱਟਿਆਂ, ਕਾਨੂੰਨਾਂ ਤੇ ਨਿਯਮਾਂ ਬਾਰੇ ਗੱਲ ਕਰ ਕੇ ਯਹੋਵਾਹ ਆਪਣੇ ਲੋਕਾਂ ਨੂੰ ਕੀ ਦੱਸ ਰਿਹਾ ਸੀ? ਸ਼ਾਇਦ ਉਹ ਉਨ੍ਹਾਂ ਦਾ ਧਿਆਨ ਇਸ ਅਹਿਮ ਸੱਚਾਈ ਵੱਲ ਖਿੱਚ ਰਿਹਾ ਸੀ: ਸ਼ੁੱਧ ਭਗਤੀ ਲਈ ਮਿਆਰ ਤੈਅ ਕਰਨ ਦਾ ਹੱਕ ਸਿਰਫ਼ ਯਹੋਵਾਹ ਦਾ ਹੀ ਹੈ। ਜਿਨ੍ਹਾਂ ਲੋਕਾਂ ਨੇ ਉਸ ਦੇ ਮਿਆਰਾਂ ʼਤੇ ਚੱਲਣਾ ਛੱਡ ਦਿੱਤਾ ਸੀ, ਉਨ੍ਹਾਂ ਸਾਰਿਆਂ ਨੂੰ ਸ਼ਰਮਿੰਦਾ ਮਹਿਸੂਸ ਕਰਾਉਣ ਲਈ ਇਹ ਸਭ ਕੁਝ ਦੱਸਿਆ ਗਿਆ ਸੀ। ਪਰ ਸਵਾਲ ਇਹ ਹੈ ਕਿ ਇਸ ਦਰਸ਼ਣ ਨੇ ਯਹੂਦੀਆਂ ਨੂੰ ਇਹ ਗੱਲਾਂ ਕਿਵੇਂ ਸਿਖਾਈਆਂ। ਅਗਲੇ ਅਧਿਆਇ ਵਿਚ ਅਸੀਂ ਅਜਿਹੀਆਂ ਕੁਝ ਗੱਲਾਂ ʼਤੇ ਗੌਰ ਕਰਾਂਗੇ। ਫਿਰ ਅਸੀਂ ਹੋਰ ਵੀ ਚੰਗੀ ਤਰ੍ਹਾਂ ਜਾਣ ਸਕਾਂਗੇ ਕਿ ਇਹ ਅਨੋਖਾ ਦਰਸ਼ਣ ਅੱਜ ਸਾਡੇ ਲਈ ਕੀ ਮਾਅਨੇ ਰੱਖਦਾ ਹੈ।
a ਮਹਾਨ ਮੰਦਰ ਮਸੀਹ ਦੀ ਕੁਰਬਾਨੀ ਦੇ ਆਧਾਰ ʼਤੇ ਸ਼ੁੱਧ ਭਗਤੀ ਲਈ ਕੀਤਾ ਯਹੋਵਾਹ ਦਾ ਇੰਤਜ਼ਾਮ ਹੈ। ਅਸੀਂ ਮੰਨਦੇ ਹਾਂ ਕਿ ਇਹ ਇੰਤਜ਼ਾਮ 29 ਈਸਵੀ ਵਿਚ ਸ਼ੁਰੂ ਹੋਇਆ।