ਪਰਮੇਸ਼ੁਰ ਦੀ ਹੈਕਲ “ਤੇ ਦਿਲ ਲਾ”!
“ਹੇ ਆਦਮੀ ਦੇ ਪੁੱਤ੍ਰ, ਜੋ ਕੁਝ ਮੈਂ ਤੈਨੂੰ ਵਿਖਾਵਾਂ ਉਸ ਸਾਰੇ ਤੇ ਦਿਲ ਲਾ . . . ਜੋ ਕੁਝ ਤੂੰ ਵੇਖਦਾ ਹੈਂ ਇਸਰਾਏਲ ਦੇ ਘਰਾਣੇ ਨੂੰ ਦੱਸ।”—ਹਿਜ਼ਕੀਏਲ 40:4.
1. ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਨੇ 593 ਸਾ.ਯੁ.ਪੂ. ਵਿਚ ਆਪਣੇ ਆਪ ਨੂੰ ਕਿਸ ਸਥਿਤੀ ਵਿਚ ਪਾਇਆ?
ਸਾਲ ਸੀ 593 ਸਾ.ਯੁ.ਪੂ., ਯਾਨੀ ਕਿ ਇਸਰਾਏਲ ਦੀ ਜਲਾਵਤਨੀ ਦਾ 14ਵਾਂ ਸਾਲ। ਬਾਬਲ ਵਿਚ ਰਹਿੰਦੇ ਯਹੂਦੀਆਂ ਨੂੰ, ਆਪਣਾ ਪਿਆਰਾ ਵਤਨ ਬਹੁਤ ਹੀ ਦੂਰ ਜਾਪਿਆ ਹੋਵੇਗਾ। ਜਦੋਂ ਉਨ੍ਹਾਂ ਵਿੱਚੋਂ ਜ਼ਿਆਦਾਤਰ ਯਹੂਦੀਆਂ ਨੇ ਆਖ਼ਰੀ ਵਾਰ ਯਰੂਸ਼ਲਮ ਨੂੰ ਦੇਖਿਆ ਸੀ, ਤਾਂ ਉਹ ਲਟ-ਲਟ ਬਲ ਰਿਹਾ ਸੀ। ਉਸ ਦੀ ਮਜ਼ਬੂਤ ਕੰਧ ਟੁੱਟੀ-ਭੱਜੀ ਪਈ ਸੀ ਅਤੇ ਉਸ ਦੀਆਂ ਸ਼ਾਨਦਾਰ ਇਮਾਰਤਾਂ ਢਹਿ-ਢੇਰੀ ਹੋ ਗਈਆਂ ਸਨ। ਯਹੋਵਾਹ ਦੀ ਹੈਕਲ, ਜੋ ਸ਼ਹਿਰ ਦੀ ਸ਼ਾਨ ਹੁੰਦੀ ਸੀ ਅਤੇ ਪੂਰੀ ਧਰਤੀ ਉੱਤੇ ਸ਼ੁੱਧ ਉਪਾਸਨਾ ਦਾ ਇੱਕੋ-ਇਕ ਕੇਂਦਰ ਸੀ, ਹੁਣ ਢਾਹ ਦਿੱਤੀ ਗਈ ਸੀ। ਹੁਣ ਇਸਰਾਏਲ ਦੀ ਜਲਾਵਤਨੀ ਦੇ ਕਾਫ਼ੀ ਸਾਲ ਅਜੇ ਬਾਕੀ ਸਨ। ਵਾਅਦਾ ਕੀਤੇ ਗਏ ਛੁਟਕਾਰੇ ਲਈ ਅਜੇ 56 ਸਾਲ ਬਾਕੀ ਰਹਿੰਦੇ ਸਨ।—ਯਿਰਮਿਯਾਹ 29:10.
2. ਯਰੂਸ਼ਲਮ ਵਿਚ ਪਰਮੇਸ਼ੁਰ ਦੀ ਹੈਕਲ ਦੀਆਂ ਯਾਦਾਂ ਨੇ ਹਿਜ਼ਕੀਏਲ ਨੂੰ ਕਿਉਂ ਉਦਾਸ ਕੀਤਾ ਹੋਵੇਗਾ?
2 ਵਫ਼ਾਦਾਰ ਨਬੀ ਹਿਜ਼ਕੀਏਲ, ਸੈਂਕੜੇ ਕਿਲੋਮੀਟਰ ਦੂਰ ਪਰਮੇਸ਼ੁਰ ਦੀ ਢਹਿ-ਢੇਰੀ ਹੋਈ ਹੈਕਲ ਬਾਰੇ ਸੋਚ-ਸੋਚ ਕੇ ਜ਼ਰੂਰ ਉਦਾਸ ਹੋਇਆ ਹੋਵੇਗਾ। ਹੈਕਲ ਜੰਗਲੀ ਜਾਨਵਰਾਂ ਲਈ ਉਜੜਿਆ ਹੋਇਆ ਟਿਕਾਣਾ ਬਣ ਗਈ ਸੀ। (ਯਿਰਮਿਯਾਹ 9:11) ਉਸ ਦੇ ਪਿਤਾ ਬੂਜ਼ੀ ਨੇ ਉੱਥੇ ਇਕ ਜਾਜਕ ਵਜੋਂ ਸੇਵਾ ਕੀਤੀ ਸੀ। (ਹਿਜ਼ਕੀਏਲ 1:3) ਹਿਜ਼ਕੀਏਲ ਨੇ ਵੀ ਉਹੀ ਵਿਸ਼ੇਸ਼-ਸਨਮਾਨ ਪਾਉਣਾ ਸੀ, ਪਰ ਜਦੋਂ ਉਹ ਅਜੇ ਛੋਟਾ ਹੀ ਸੀ ਤਾਂ ਉਸ ਨੂੰ 617 ਸਾ.ਯੁ.ਪੂ. ਵਿਚ ਯਰੂਸ਼ਲਮ ਦੇ ਉੱਚੇ ਘਰਾਣਿਆਂ ਸਮੇਤ ਜਲਾਵਤਨ ਕਰ ਦਿੱਤਾ ਗਿਆ ਸੀ। ਹੁਣ ਉਹ 50 ਕੁ ਸਾਲਾਂ ਦਾ ਸੀ, ਅਤੇ ਹਿਜ਼ਕੀਏਲ ਸ਼ਾਇਦ ਜਾਣਦਾ ਸੀ ਕਿ ਉਹ ਯਰੂਸ਼ਲਮ ਨੂੰ ਦੁਬਾਰਾ ਕਦੀ ਨਹੀਂ ਦੇਖੇਗਾ ਅਤੇ ਨਾ ਹੀ ਹੈਕਲ ਦੀ ਮੁੜ-ਉਸਾਰੀ ਵਿਚ ਹਿੱਸਾ ਲਵੇਗਾ। ਫਿਰ ਕਲਪਨਾ ਕਰੋ ਕਿ ਹਿਜ਼ਕੀਏਲ ਇਕ ਸ਼ਾਨਦਾਰ ਹੈਕਲ ਦਾ ਦਰਸ਼ਣ ਦੇਖ ਕੇ ਕਿੰਨਾ ਖ਼ੁਸ਼ ਹੋਇਆ ਹੋਵੇਗਾ!
3. (ੳ) ਹੈਕਲ ਬਾਰੇ ਹਿਜ਼ਕੀਏਲ ਦੇ ਦਰਸ਼ਣ ਦਾ ਕੀ ਉਦੇਸ਼ ਸੀ? (ਅ) ਦਰਸ਼ਣ ਦੇ ਚਾਰ ਮੁੱਖ ਪਹਿਲੂ ਕਿਹੜੇ-ਕਿਹੜੇ ਸਨ?
3 ਹਿਜ਼ਕੀਏਲ ਦੀ ਪੋਥੀ ਦੇ ਨੌਂ ਅਧਿਆਵਾਂ ਵਿਚ ਪਾਏ ਜਾਂਦੇ ਇਸ ਵੱਡੇ ਦਰਸ਼ਣ ਨੇ ਜਲਾਵਤਨ ਕੀਤੇ ਗਏ ਯਹੂਦੀਆਂ ਦੀ ਨਿਹਚਾ ਨੂੰ ਇਕ ਵਾਅਦੇ ਦੁਆਰਾ ਮਜ਼ਬੂਤ ਕੀਤਾ। ਸ਼ੁੱਧ ਉਪਾਸਨਾ ਦੁਬਾਰਾ ਸਥਾਪਿਤ ਕੀਤੀ ਜਾਵੇਗੀ! ਉਸ ਸਮੇਂ ਤੋਂ ਬਾਅਦ ਦੀਆਂ ਸਦੀਆਂ ਦੌਰਾਨ, ਸਾਡੇ ਦਿਨਾਂ ਵਿਚ ਵੀ, ਇਹ ਦਰਸ਼ਣ ਯਹੋਵਾਹ ਦੇ ਪ੍ਰੇਮੀਆਂ ਨੂੰ ਉਤਸ਼ਾਹ ਦਿੰਦਾ ਰਿਹਾ ਹੈ। ਕਿਸ ਤਰ੍ਹਾਂ? ਚਲੋ ਆਪਾਂ ਦੇਖੀਏ ਕਿ ਜਲਾਵਤਨ ਕੀਤੇ ਗਏ ਇਸਰਾਏਲੀਆਂ ਲਈ ਹਿਜ਼ਕੀਏਲ ਦੇ ਭਵਿੱਖ-ਸੂਚਕ ਦਰਸ਼ਣ ਦਾ ਕੀ ਮਤਲਬ ਸੀ। ਇਸ ਦੇ ਚਾਰ ਮੁੱਖ ਪਹਿਲੂ ਹਨ: ਹੈਕਲ, ਜਾਜਕਾਈ, ਰਾਜਕੁਮਾਰ, ਅਤੇ ਦੇਸ਼।
ਹੈਕਲ ਮੁੜ ਉਸਾਰੀ ਗਈ
4. ਦਰਸ਼ਣ ਦੇ ਸ਼ੁਰੂ ਵਿਚ ਹਿਜ਼ਕੀਏਲ ਨੂੰ ਕਿੱਥੇ ਲਿਜਾਇਆ ਜਾਂਦਾ ਹੈ, ਅਤੇ ਉਸ ਨੂੰ ਹੈਕਲ ਦਾ ਪੂਰਾ ਦੌਰਾ ਕਿਸ ਨੇ ਕਰਵਾਇਆ?
4 ਪਹਿਲਾਂ, ਹਿਜ਼ਕੀਏਲ ਨੂੰ “ਇੱਕ ਵੱਡੇ ਉੱਚੇ ਪਰਬਤ” ਉੱਤੇ ਲਿਜਾਇਆ ਜਾਂਦਾ ਹੈ। ਪਰਬਤ ਉੱਤੇ ਦੱਖਣ ਵੱਲ ਇਕ ਬਹੁਤ ਵੱਡੀ ਹੈਕਲ ਹੈ, ਇਕ ਚਾਰ-ਚੁਫੇਰੀ ਕੰਧ ਵਾਲੇ ਸ਼ਹਿਰ ਵਾਂਗ। ਇਕ ਦੂਤ, ਜਿਸ ਦਾ “ਰੂਪ ਪਿੱਤਲ ਵਰਗਾ ਸੀ,” ਨਬੀ ਨੂੰ ਉਸ ਜਗ੍ਹਾ ਦਾ ਪੂਰਾ ਦੌਰਾ ਕਰਾਉਂਦਾ ਹੈ। (ਹਿਜ਼ਕੀਏਲ 40:2, 3) ਜਿਉਂ-ਜਿਉਂ ਦਰਸ਼ਣ ਜਾਰੀ ਰਹਿੰਦਾ ਹੈ, ਹਿਜ਼ਕੀਏਲ ਦੂਤ ਨੂੰ ਹੈਕਲ ਦੇ ਇੱਕੋ ਜਿਹੇ ਦਰਵਾਜ਼ਿਆਂ ਦੇ ਤਿੰਨ ਜੋੜਿਆਂ ਨੂੰ ਅਤੇ ਉਨ੍ਹਾਂ ਦੀਆਂ ਕੋਠੜੀਆਂ, ਬਾਹਰਲੇ ਵਿਹੜੇ, ਅੰਦਰਲੇ ਵਿਹੜੇ, ਭੋਜਨ ਖਾਣ ਲਈ ਕੋਠੜੀਆਂ, ਜਗਵੇਦੀ, ਪਵਿੱਤਰ ਅਤੇ ਅੱਤ ਪਵਿੱਤਰ ਕਮਰਿਆਂ ਸਮੇਤ ਹੈਕਲ ਦੇ ਪਵਿੱਤਰ ਸਥਾਨ ਨੂੰ ਬੜੇ ਧਿਆਨ ਨਾਲ ਮਿਣਦਿਆਂ ਦੇਖਦਾ ਹੈ।
5. (ੳ) ਯਹੋਵਾਹ ਹਿਜ਼ਕੀਏਲ ਨੂੰ ਕਿਸ ਗੱਲ ਦੀ ਤਸੱਲੀ ਦਿੰਦਾ ਹੈ? (ਅ) “ਪਾਤਸ਼ਾਹਾਂ ਦੀਆਂ ਲੋਥਾਂ” ਜਿਨ੍ਹਾਂ ਨੂੰ ਹੈਕਲ ਵਿੱਚੋਂ ਹਟਾਉਣਾ ਜ਼ਰੂਰੀ ਸੀ ਕੀ ਸਨ, ਅਤੇ ਇੰਜ ਕਰਨਾ ਕਿਉਂ ਮਹੱਤਵਪੂਰਣ ਸੀ?
5 ਫਿਰ, ਯਹੋਵਾਹ ਖ਼ੁਦ ਦਰਸ਼ਣ ਵਿਚ ਪ੍ਰਗਟ ਹੁੰਦਾ ਹੈ। ਉਹ ਹੈਕਲ ਵਿਚ ਦਾਖ਼ਲ ਹੋ ਕੇ ਹਿਜ਼ਕੀਏਲ ਨੂੰ ਤਸੱਲੀ ਦਿੰਦਾ ਹੈ ਕਿ ਯਹੋਵਾਹ ਉੱਥੇ ਵੱਸੇਗਾ। ਪਰ ਉਹ ਆਪਣੇ ਭਵਨ ਨੂੰ ਸਾਫ਼ ਕਰਨ ਦਾ ਹੁਕਮ ਦਿੰਦੇ ਹੋਏ ਕਹਿੰਦਾ ਹੈ: “ਸੋ ਹੁਣ ਓਹ ਆਪਣੇ ਵਿਭਚਾਰਾਂ ਨੂੰ ਅਤੇ ਆਪਣੇ ਪਾਤਸ਼ਾਹਾਂ ਦੀਆਂ ਲੋਥਾਂ ਨੂੰ ਮੇਰੇ ਤੋਂ ਦੂਰ ਕਰ ਦੇਣ, ਤਾਂ ਮੈਂ ਸਦਾ ਤੀਕਰ ਉਨ੍ਹਾਂ ਦੇ ਵਿਚਕਾਰ ਵੱਸਾਂਗਾ।” (ਹਿਜ਼ਕੀਏਲ 43:2-4, 7, 9) ਪ੍ਰਤੱਖ ਤੌਰ ਤੇ ਇਹ “ਪਾਤਸ਼ਾਹਾਂ ਦੀਆਂ ਲੋਥਾਂ” ਮੂਰਤੀਆਂ ਨੂੰ ਸੰਕੇਤ ਕਰਦੀਆਂ ਹਨ। ਯਰੂਸ਼ਲਮ ਦੇ ਦੁਸ਼ਟ ਰਾਜਿਆਂ ਅਤੇ ਲੋਕਾਂ ਨੇ ਪਰਮੇਸ਼ੁਰ ਦੀ ਹੈਕਲ ਨੂੰ ਮੂਰਤੀਆਂ ਨਾਲ ਅਪਵਿੱਤਰ ਕਰ ਦਿੱਤਾ ਸੀ, ਅਤੇ ਇਕ ਤਰੀਕੇ ਨਾਲ, ਉਨ੍ਹਾਂ ਨੇ ਇਨ੍ਹਾਂ ਮੂਰਤੀਆਂ ਨੂੰ ਆਪਣਾ ਰਾਜਾ ਬਣਾ ਲਿਆ ਸੀ। (ਆਮੋਸ 5:26 ਦੀ ਤੁਲਨਾ ਕਰੋ।) ਜੀਉਂਦੇ-ਜਾਗਦੇ ਦੇਵਤੇ ਜਾਂ ਰਾਜੇ ਹੋਣ ਦੀ ਬਜਾਇ, ਯਹੋਵਾਹ ਦੀਆਂ ਨਜ਼ਰਾਂ ਵਿਚ ਇਹ ਬੇਜਾਨ ਅਤੇ ਗੰਦੀਆਂ ਚੀਜ਼ਾਂ ਸਨ। ਇਨ੍ਹਾਂ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਸੀ।—ਲੇਵੀਆਂ 26:30; ਯਿਰਮਿਯਾਹ 16:18.
6. ਹੈਕਲ ਨੂੰ ਮਾਪਣਾ ਕਿਸ ਗੱਲ ਦਾ ਸੰਕੇਤ ਦਿੰਦਾ ਸੀ?
6 ਦਰਸ਼ਣ ਦੇ ਇਸ ਹਿੱਸੇ ਦਾ ਕੀ ਮਤਲਬ ਸੀ? ਇਸ ਨੇ ਜਲਾਵਤਨੀਆਂ ਨੂੰ ਹੌਸਲਾ ਦਿੱਤਾ ਕਿ ਪਰਮੇਸ਼ੁਰ ਦੀ ਹੈਕਲ ਵਿਚ ਸ਼ੁੱਧ ਉਪਾਸਨਾ ਪੂਰੀ ਤਰ੍ਹਾਂ ਨਾਲ ਦੁਬਾਰਾ ਸਥਾਪਿਤ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਹੈਕਲ ਨੂੰ ਮਾਪਣਾ ਇਕ ਈਸ਼ਵਰੀ ਗਾਰੰਟੀ ਸੀ ਕਿ ਦਰਸ਼ਣ ਯਕੀਨਨ ਪੂਰਾ ਹੋਵੇਗਾ। (ਯਿਰਮਿਯਾਹ 31:39, 40; ਜ਼ਕਰਯਾਹ 2:2-8 ਦੀ ਤੁਲਨਾ ਕਰੋ।) ਮੂਰਤੀ-ਪੂਜਾ ਪੂਰੀ ਤਰ੍ਹਾਂ ਨਾਲ ਖ਼ਤਮ ਕਰ ਦਿੱਤੀ ਜਾਵੇਗੀ। ਯਹੋਵਾਹ ਫਿਰ ਤੋਂ ਆਪਣੇ ਭਵਨ ਨੂੰ ਬਰਕਤ ਦੇਵੇਗਾ।
ਜਾਜਕਾਈ ਅਤੇ ਰਾਜਕੁਮਾਰ
7. ਲੇਵੀਆਂ ਅਤੇ ਜਾਜਕਾਂ ਬਾਰੇ ਕਿਹੜੀ ਜਾਣਕਾਰੀ ਦਿੱਤੀ ਗਈ ਹੈ?
7 ਜਾਜਕਾਈ ਦੀ ਵੀ ਸਫ਼ਾਈ, ਜਾਂ ਸੁਧਾਈ ਕੀਤੀ ਜਾਣੀ ਸੀ। ਮੂਰਤੀ-ਪੂਜਾ ਕਰਨ ਕਰਕੇ ਲੇਵੀਆਂ ਨੂੰ ਤਾੜਿਆ ਜਾਣਾ ਸੀ, ਜਦ ਕਿ ਸ਼ੁੱਧ ਰਹਿਣ ਲਈ ਸਦੋਕ ਦੇ ਜਾਜਕੀ ਪੁੱਤਰਾਂ ਦੀ ਸਿਫ਼ਤ ਕੀਤੀ ਜਾਣੀ ਸੀ ਅਤੇ ਉਨ੍ਹਾਂ ਨੂੰ ਚੰਗੇ ਪ੍ਰਤਿਫਲ ਮਿਲਣੇ ਸਨ।a ਫਿਰ ਵੀ, ਲੇਵੀ ਅਤੇ ਜਾਜਕ ਦੋਵੇਂ ਪਰਮੇਸ਼ੁਰ ਦੇ ਮੁੜ-ਬਹਾਲ ਭਵਨ ਵਿਚ ਸੇਵਾ ਕਰਨਗੇ। ਨਿਸ਼ਚੇ ਹੀ, ਇਹ ਉਨ੍ਹਾਂ ਦੀ ਵਫ਼ਾਦਾਰੀ ਤੇ ਨਿਰਭਰ ਹੋਵੇਗਾ। ਇਸ ਤੋਂ ਇਲਾਵਾ, ਯਹੋਵਾਹ ਨੇ ਹੁਕਮ ਦਿੱਤਾ: “ਅਤੇ ਓਹ ਮੇਰੇ ਲੋਕਾਂ ਨੂੰ ਪਵਿੱਤ੍ਰ ਅਤੇ ਅਪਵਿੱਤ੍ਰ ਵਿੱਚ ਫਰਕ ਦੱਸਣਗੇ ਅਤੇ ਉਨ੍ਹਾਂ ਨੂੰ ਸ਼ੁੱਧ ਅਤੇ ਅਸ਼ੁੱਧ ਦੀ ਪਛਾਣ ਕਰਨਾ ਸਿਖਾਉਣਗੇ।” (ਹਿਜ਼ਕੀਏਲ 44:10-16, 23) ਸੋ ਜਾਜਕਾਈ ਦੁਬਾਰਾ ਸਥਾਪਿਤ ਕੀਤੀ ਜਾਣੀ ਸੀ, ਅਤੇ ਵਫ਼ਾਦਾਰ ਜਾਜਕਾਂ ਨੂੰ ਆਪਣੇ ਸਬਰ ਦਾ ਫਲ ਜ਼ਰੂਰ ਮਿਲਣਾ ਸੀ।
8. (ੳ) ਪ੍ਰਾਚੀਨ ਇਸਰਾਏਲ ਦੇ ਰਾਜਕੁਮਾਰ ਕੌਣ ਸਨ? (ਅ) ਕਿਨ੍ਹਾਂ ਤਰੀਕਿਆਂ ਨਾਲ ਹਿਜ਼ਕੀਏਲ ਦੇ ਦਰਸ਼ਣ ਵਿਚ ਰਾਜਕੁਮਾਰ ਸ਼ੁੱਧ ਉਪਾਸਨਾ ਵਿਚ ਸਰਗਰਮ ਸੀ?
8 ਇਹ ਦਰਸ਼ਣ ਕਿਸੇ ਰਾਜਕੁਮਾਰ ਦਾ ਵੀ ਜ਼ਿਕਰ ਕਰਦਾ ਹੈ। ਮੂਸਾ ਦੇ ਜ਼ਮਾਨੇ ਤੋਂ, ਇਸਰਾਏਲ ਕੌਮ ਵਿਚ ਰਾਜਕੁਮਾਰ ਰਹੇ ਸਨ। ਰਾਜਕੁਮਾਰ ਲਈ ਇਸਤੇਮਾਲ ਕੀਤਾ ਗਿਆ ਇਬਰਾਨੀ ਸ਼ਬਦ ਨਾਸੀ, ਇਕ ਪਿਤਾ-ਪ੍ਰਧਾਨ ਘਰਾਣੇ, ਗੋਤ, ਜਾਂ ਕੌਮ ਦੇ ਸਰਦਾਰ ਨੂੰ ਸੰਕੇਤ ਕਰ ਸਕਦਾ ਹੈ। ਹਿਜ਼ਕੀਏਲ ਦੇ ਦਰਸ਼ਣ ਵਿਚ, ਲੋਕਾਂ ਉੱਤੇ ਜ਼ੁਲਮ ਕਰਨ ਕਰਕੇ ਇਸਰਾਏਲ ਦੇ ਹਾਕਮ ਵਰਗ ਨੂੰ ਤਾੜਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਖਰੇ ਅਤੇ ਈਮਾਨਦਾਰ ਬਣਨ ਲਈ ਕਿਹਾ ਜਾਂਦਾ ਹੈ। ਰਾਜਕੁਮਾਰ ਸ਼ੁੱਧ ਉਪਾਸਨਾ ਵਿਚ ਵੱਧ-ਚੜ੍ਹ ਕੇ ਹਿੱਸਾ ਲੈਂਦਾ ਹੈ ਭਾਵੇਂ ਕਿ ਉਹ ਜਾਜਕੀ ਵਰਗ ਵਿੱਚੋਂ ਨਹੀਂ ਹੈ। ਉਹ ਗ਼ੈਰ-ਜਾਜਕੀ ਗੋਤਾਂ ਨਾਲ ਬਾਹਰਲੇ ਵਿਹੜੇ ਵਿੱਚੋਂ ਅੰਦਰ ਬਾਹਰ ਜਾਂਦਾ ਹੈ, ਪੂਰਬੀ ਫਾਟਕ ਦੀ ਡਿਉੜ੍ਹੀ ਉੱਤੇ ਬਹਿੰਦਾ ਹੈ ਅਤੇ ਚੜ੍ਹਾਵਿਆਂ ਵਾਸਤੇ ਲੋਕਾਂ ਨੂੰ ਕੁਝ ਬਲੀਆਂ ਮੁਹੱਈਆ ਕਰਦਾ ਹੈ। (ਹਿਜ਼ਕੀਏਲ 44:2, 3; 45:8-12, 17) ਇਸ ਤਰ੍ਹਾਂ ਦਰਸ਼ਣ ਨੇ ਹਿਜ਼ਕੀਏਲ ਦੇ ਲੋਕਾਂ ਨੂੰ ਦਿਲਾਸਾ ਦਿੱਤਾ ਕਿ ਮੁੜ ਸਥਾਪਿਤ ਕੀਤੀ ਗਈ ਕੌਮ ਨੂੰ ਮਿਸਾਲੀ ਆਗੂ ਦਿੱਤੇ ਜਾਣਗੇ ਜੋ ਪਰਮੇਸ਼ੁਰ ਦੇ ਲੋਕਾਂ ਨੂੰ ਸੰਗਠਿਤ ਕਰਨ ਵਿਚ ਜਾਜਕਾਂ ਦੀ ਮਦਦ ਕਰਨਗੇ ਅਤੇ ਰੂਹਾਨੀ ਮਾਮਲਿਆਂ ਵਿਚ ਚੰਗੀ ਮਿਸਾਲ ਕਾਇਮ ਕਰਨਗੇ।
ਦੇਸ਼
9. (ੳ) ਦੇਸ਼ ਨੂੰ ਕਿਸ ਤਰ੍ਹਾਂ ਵੰਡਿਆ ਜਾਣਾ ਸੀ, ਪਰ ਕਿਨ੍ਹਾਂ ਨੂੰ ਮਿਰਾਸ ਨਹੀਂ ਮਿਲਣੀ ਸੀ? (ਅ) ਪਵਿੱਤਰ ਭੇਟਾ ਕੀ ਸੀ, ਅਤੇ ਇਸ ਵਿਚ ਕੀ ਸ਼ਾਮਲ ਸੀ?
9 ਅਖ਼ੀਰ ਵਿਚ, ਹਿਜ਼ਕੀਏਲ ਨੇ ਦਰਸ਼ਣ ਵਿਚ ਪੂਰਾ ਇਸਰਾਏਲ ਦੇਸ਼ ਦੇਖਿਆ। ਦੇਸ਼ ਨੂੰ ਇਵੇਂ ਵੰਡਿਆ ਜਾਣਾ ਸੀ ਕਿ ਹਰ ਗੋਤ ਨੂੰ ਹਿੱਸਾ ਮਿਲਣਾ ਸੀ। ਰਾਜਕੁਮਾਰ ਲਈ ਵੀ ਵਿਰਸਾ, ਜਾਂ ਮਿਰਾਸ ਹੋਵੇਗੀ। ਪਰ ਜਾਜਕਾਂ ਲਈ ਨਹੀਂ, ਕਿਉਂ ਜੋ ਯਹੋਵਾਹ ਨੇ ਕਿਹਾ, “ਮੈਂ ਹੀ ਉਨ੍ਹਾਂ ਦੀ ਮਿਰਾਸ ਹਾਂ।” (ਹਿਜ਼ਕੀਏਲ 44:10, 28; ਗਿਣਤੀ 18:20) ਦਰਸ਼ਣ ਨੇ ਦਿਖਾਇਆ ਕਿ ਰਾਜਕੁਮਾਰ ਦੀ ਜ਼ਮੀਨ ਪਵਿੱਤਰ ਭੇਟਾ ਨਾਮਕ ਖ਼ਾਸ ਇਲਾਕੇ ਦੇ ਦੋਵੇਂ ਪਾਸੇ ਹੋਵੇਗੀ। ਪਵਿੱਤਰ ਭੇਟਾ ਦੀ ਇਹ ਚੌਰਸ ਜ਼ਮੀਨ ਤਿੰਨ ਹਿੱਸਿਆਂ ਵਿਚ ਵੰਡੀ ਹੋਈ ਸੀ—ਉਪਰਲਾ ਹਿੱਸਾ ਪਸ਼ਚਾਤਾਪੀ ਲੇਵੀਆਂ ਲਈ, ਵਿਚਕਾਰਲਾ ਹਿੱਸਾ ਜਾਜਕਾਂ ਲਈ, ਅਤੇ ਹੇਠਲਾ ਹਿੱਸਾ ਸ਼ਹਿਰ ਅਤੇ ਖੇਤੀ-ਬਾੜੀ ਲਈ ਸੀ। ਯਹੋਵਾਹ ਦੀ ਹੈਕਲ ਚੌਰਸ ਭੇਟਾ ਦੇ ਗੱਭੇ, ਯਾਨੀ ਜਾਜਕਾਂ ਦੇ ਹਿੱਸੇ ਵਿਚ ਹੋਵੇਗੀ।—ਹਿਜ਼ਕੀਏਲ 45:1-7
10. ਜ਼ਮੀਨ ਨੂੰ ਵੰਡਣ ਬਾਰੇ ਕੀਤੀ ਗਈ ਭਵਿੱਖਬਾਣੀ, ਜਲਾਵਤਨ ਕੀਤੇ ਗਏ ਵਫ਼ਾਦਾਰ ਯਹੂਦੀਆਂ ਲਈ ਕੀ ਮਹੱਤਵ ਰੱਖਦੀ ਸੀ?
10 ਇਸ ਸਾਰੇ ਨੇ ਉਨ੍ਹਾਂ ਜਲਾਵਤਨੀਆਂ ਨੂੰ ਕਿੰਨਾ ਹੌਸਲਾ ਦਿੱਤਾ ਹੋਣਾ! ਹਰੇਕ ਪਰਿਵਾਰ ਨੂੰ ਯਕੀਨ ਸੀ ਕਿ ਮਿਰਾਸ ਵਜੋਂ ਉਨ੍ਹਾਂ ਨੂੰ ਵੀ ਜ਼ਮੀਨ ਦਾ ਹਿੱਸਾ ਮਿਲੇਗਾ। (ਮੀਕਾਹ 4:4 ਦੀ ਤੁਲਨਾ ਕਰੋ।) ਉੱਥੇ ਸ਼ੁੱਧ ਉਪਾਸਨਾ ਦਾ ਇਕ ਉੱਚਾ ਅਤੇ ਮੁੱਖ ਦਰਜਾ ਹੋਵੇਗਾ। ਅਤੇ ਧਿਆਨ ਦਿਓ ਕਿ ਹਿਜ਼ਕੀਏਲ ਦੇ ਦਰਸ਼ਣ ਵਿਚ ਜਾਜਕਾਂ ਵਾਂਗ, ਰਾਜਕੁਮਾਰ ਵੀ ਲੋਕਾਂ ਦੁਆਰਾ ਭੇਟ ਕੀਤੇ ਹੋਏ ਇਲਾਕੇ ਵਿਚ ਰਹੇਗਾ। (ਹਿਜ਼ਕੀਏਲ 45:16) ਇਸ ਦਾ ਅਰਥ ਸੀ ਕਿ ਮੁੜ-ਬਹਾਲ ਦੇਸ਼ ਵਿਚ, ਲੋਕਾਂ ਨੇ ਯਹੋਵਾਹ ਦੁਆਰਾ ਨਿਯੁਕਤ ਕੀਤੇ ਗਏ ਆਗੂਆਂ ਦੀ ਮਦਦ ਕਰਨੀ ਸੀ, ਅਤੇ ਉਨ੍ਹਾਂ ਦੇ ਨਿਰਦੇਸ਼ਨ ਅਨੁਸਾਰ ਚੱਲਣ ਦੁਆਰਾ ਉਨ੍ਹਾਂ ਦਾ ਸਮਰਥਨ ਕਰਨਾ ਸੀ। ਕਿਹਾ ਜਾਏ ਤਾਂ, ਇਹ ਦੇਸ਼ ਸੁਵਿਵਸਥਾ, ਮਿਲਵਰਤਨ, ਅਤੇ ਸੁਰੱਖਿਆ ਦੀ ਇਕ ਜੀਉਂਦੀ-ਜਾਗਦੀ ਤਸਵੀਰ ਸੀ।
11, 12. (ੳ) ਯਹੋਵਾਹ ਨੇ ਕਿਸ ਤਰ੍ਹਾਂ ਭਵਿੱਖਬਾਣੀ ਕਰ ਕੇ ਆਪਣੇ ਲੋਕਾਂ ਨੂੰ ਭਰੋਸਾ ਦਿਲਾਇਆ ਕਿ ਉਹ ਉਨ੍ਹਾਂ ਦੀ ਮੁੜ ਬਹਾਲ ਕੀਤੀ ਗਈ ਜਨਮ-ਭੂਮੀ ਨੂੰ ਬਰਕਤ ਦੇਵੇਗਾ? (ਅ) ਨਦੀ ਦੇ ਕਿਨਾਰੇ ਲੱਗੇ ਰੁੱਖ ਕੀ ਦਰਸਾਉਂਦੇ ਹਨ?
11 ਕੀ ਯਹੋਵਾਹ ਉਨ੍ਹਾਂ ਦੇ ਦੇਸ਼ ਨੂੰ ਬਰਕਤ ਦੇਵੇਗਾ? ਇਸ ਸਵਾਲ ਦੇ ਜਵਾਬ ਵਿਚ, ਇਹ ਭਵਿੱਖਬਾਣੀ ਦਿਲ ਨੂੰ ਖ਼ੁਸ਼ ਕਰਨ ਵਾਲੀ ਇਕ ਤਸਵੀਰ ਖਿੱਚਦੀ ਹੈ। ਹੈਕਲ ਤੋਂ ਇਕ ਧਾਰਾ ਵਗਦੀ ਹੈ, ਅਤੇ ਵਹਿੰਦੀ-ਵਹਿੰਦੀ ਚੌੜੀ ਹੁੰਦੀ ਜਾਂਦੀ ਹੈ। ਉਹ ਮ੍ਰਿਤ ਸਾਗਰ ਤਕ ਪਹੁੰਚਣ ਤਕ ਇਕ ਤੇਜ਼ ਵਹਾਅ ਵਾਲਾ ਨਾਲ਼ਾ ਬਣ ਜਾਂਦੀ ਹੈ। ਉੱਥੇ ਉਹ ਬੇਜਾਨ ਪਾਣੀ ਵਿਚ ਜਾਨ ਪਾਉਂਦੀ ਹੈ, ਅਤੇ ਸਾਗਰ ਦੇ ਕੰਢੇ ਤੇ ਮੱਛੀ-ਵਪਾਰ ਵਧਣ-ਫੁੱਲਣ ਲੱਗਦਾ ਹੈ। ਨਾਲੇ ਦੇ ਕਿਨਾਰੇ ਤੇ ਅਨੇਕ ਦਰਖ਼ਤ ਹਨ ਜੋ ਖਾਣ ਲਈ ਅਤੇ ਦਵਾਈ ਲਈ ਸਾਲ ਭਰ ਫਲ ਦਿੰਦੇ ਹਨ।—ਹਿਜ਼ਕੀਏਲ 47:1-12.
12 ਇਸ ਵਾਅਦੇ ਨੇ ਮੁੜ-ਬਹਾਲੀ ਦੀਆਂ ਉਨ੍ਹਾਂ ਪਹਿਲੀਆਂ ਭਵਿੱਖਬਾਣੀਆਂ ਨੂੰ ਹੂ-ਬਹੂ ਦੁਹਰਾਇਆ ਅਤੇ ਪੱਕਾ ਕੀਤਾ ਜੋ ਜਲਾਵਤਨੀਆਂ ਨੂੰ ਬਹੁਤ ਪਿਆਰੀਆਂ ਸਨ। ਯਹੋਵਾਹ ਦੇ ਪ੍ਰੇਰਿਤ ਨਬੀਆਂ ਨੇ ਪਹਿਲਾਂ ਵੀ ਕਈ ਵਾਰ ਮੁੜ ਬਹਾਲ ਅਤੇ ਮੁੜ ਆਬਾਦ ਕੀਤੇ ਗਏ ਇਸਰਾਏਲ ਦੇਸ਼ ਨੂੰ ਇਕ ਫਿਰਦੌਸ ਦੀ ਤਰ੍ਹਾਂ ਵਰਣਨ ਕੀਤਾ ਸੀ। ਭਵਿੱਖਬਾਣੀਆਂ ਵਿਚ ਵਿਰਾਨ ਇਲਾਕਿਆਂ ਦੇ ਆਬਾਦ ਹੋਣ ਦਾ ਵਿਸ਼ਾ ਵਾਰ-ਵਾਰ ਦੁਹਰਾਇਆ ਗਿਆ ਸੀ। (ਯਸਾਯਾਹ 35:1, 6, 7; 51:3; ਹਿਜ਼ਕੀਏਲ 36:35; 37:1-14) ਇਸ ਕਰਕੇ ਲੋਕ ਆਸ ਕਰ ਸਕਦੇ ਸਨ ਕਿ ਮੁੜ-ਬਹਾਲ ਹੈਕਲ ਤੋਂ ਯਹੋਵਾਹ ਦੀਆਂ ਜੀਵਨਦਾਇਕ ਬਰਕਤਾਂ ਨਦੀ ਵਾਂਗ ਵਹਿਣਗੀਆਂ। ਨਤੀਜੇ ਵਜੋਂ, ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਮੋਈ ਕੌਮ ਫਿਰ ਤੋਂ ਸੁਰਜੀਤ ਹੋ ਜਾਵੇਗੀ। ਮੁੜ ਸਥਾਪਿਤ ਕੀਤੇ ਗਏ ਲੋਕਾਂ ਨੂੰ ਰੂਹਾਨੀ ਤੌਰ ਤੇ ਗੁਣਵੰਤ ਆਦਮੀਆਂ ਦੇ ਰੂਪ ਵਿਚ ਬਰਕਤ ਮਿਲੇਗੀ—ਆਦਮੀ ਜੋ ਦਰਸ਼ਣ ਵਿਚ ਨਦੀ ਦੇ ਕਿਨਾਰਿਆਂ ਤੇ ਲੱਗੇ ਬਲੂਤ ਦੇ ਰੁੱਖਾਂ ਵਾਂਗ ਮਜ਼ਬੂਤ ਅਤੇ ਧਰਮੀ ਹੋਣਗੇ, ਅਤੇ ਜੋ ਬਰਬਾਦ ਕੀਤੇ ਗਏ ਦੇਸ਼ ਨੂੰ ਮੁੜ ਉਸਾਰਨ ਵਿਚ ਅਗਵਾਈ ਕਰਨਗੇ। ਯਸਾਯਾਹ ਨੇ ਵੀ ‘ਧਰਮ ਦੇ ਬਲੂਤਾਂ’ ਬਾਰੇ ਲਿਖਿਆ ਸੀ ਜੋ “ਪਰਾਚੀਨ ਬਰਬਾਦੀਆਂ ਨੂੰ ਬਣਾਉਣਗੇ।”—ਯਸਾਯਾਹ 61:3, 4.
ਦਰਸ਼ਣ ਕਦੋਂ ਪੂਰਾ ਹੁੰਦਾ ਹੈ?
13. (ੳ) ਯਹੋਵਾਹ ਨੇ ਆਪਣੇ ਮੁੜ-ਸਥਾਪਿਤ ਲੋਕਾਂ ਨੂੰ ਕਿਸ ਅਰਥ ਵਿਚ ‘ਧਰਮ ਦੇ ਬਲੂਤਾਂ’ ਦੀ ਅਸੀਸ ਦਿੱਤੀ? (ਅ) ਮ੍ਰਿਤ ਸਾਗਰ ਬਾਰੇ ਭਵਿੱਖਬਾਣੀ ਕਿਵੇਂ ਪੂਰੀ ਹੋਈ?
13 ਕੀ ਵਾਪਸ ਆਉਣ ਵਾਲੇ ਜਲਾਵਤਨੀ ਨਿਰਾਸ਼ ਹੋਏ ਸਨ? ਹਰਗਿਜ਼ ਨਹੀਂ! 537 ਸਾ.ਯੁ.ਪੂ. ਵਿਚ ਮੁੜ ਸਥਾਪਿਤ ਕੀਤਾ ਗਿਆ ਬਕੀਆ ਆਪਣੇ ਪਿਆਰੇ ਵਤਨ ਵਾਪਸ ਆਇਆ। ਆਖ਼ਰਕਾਰ, ਅਜ਼ਰਾ ਗ੍ਰੰਥੀ, ਹੱਜਈ ਅਤੇ ਜ਼ਕਰਯਾਹ ਨਬੀ, ਅਤੇ ਪ੍ਰਧਾਨ ਜਾਜਕ ਯਹੋਸ਼ੁਆ ਵਰਗੇ ‘ਧਰਮ ਦੇ ਬਲੂਤਾਂ’ ਦੀ ਅਗਵਾਈ ਅਧੀਨ, ਬਹੁਤ ਚਿਰ ਤੋਂ ਬਰਬਾਦ ਪਏ ਸ਼ਹਿਰ ਨੂੰ ਮੁੜ ਉਸਾਰਿਆ ਗਿਆ ਸੀ। ਨਹਮਯਾਹ ਅਤੇ ਜ਼ਰੁੱਬਾਬਲ ਵਰਗੇ ਰਾਜਕੁਮਾਰਾਂ ਨੇ ਦੇਸ਼ ਉੱਤੇ ਇਨਸਾਫ਼ ਨਾਲ ਅਤੇ ਉਚਿਤ ਢੰਗ ਨਾਲ ਰਾਜ ਕੀਤਾ। ਯਹੋਵਾਹ ਦੀ ਹੈਕਲ ਦੀ ਮੁਰੰਮਤ ਕੀਤੀ ਗਈ, ਅਤੇ ਜੀਵਨ ਸੰਬੰਧੀ ਉਸ ਦੇ ਪ੍ਰਬੰਧ, ਅਰਥਾਤ ਨੇਮ ਅਨੁਸਾਰ ਜੀਉਣ ਦੀਆਂ ਬਰਕਤਾਂ, ਨਦੀ ਵਾਂਗ ਫਿਰ ਤੋਂ ਵਹਿਣ ਲੱਗ ਪਈਆਂ। (ਬਿਵਸਥਾ ਸਾਰ 30:19; ਯਸਾਯਾਹ 48:17-20) ਇਕ ਬਰਕਤ ਸੀ ਗਿਆਨ। ਜਾਜਕਾਂ ਨੂੰ ਉਨ੍ਹਾਂ ਦਾ ਕੰਮ ਫਿਰ ਤੋਂ ਸੌਂਪਿਆ ਗਿਆ, ਅਤੇ ਉਨ੍ਹਾਂ ਨੇ ਲੋਕਾਂ ਨੂੰ ਬਿਵਸਥਾ ਵਿੱਚੋਂ ਸਿੱਖਿਆ ਦਿੱਤੀ। (ਮਲਾਕੀ 2:7) ਨਤੀਜੇ ਵਜੋਂ, ਲੋਕ ਰੂਹਾਨੀ ਤੌਰ ਤੇ ਸੁਰਜੀਤ ਹੋਏ, ਅਤੇ ਫਿਰ ਤੋਂ ਯਹੋਵਾਹ ਦੇ ਫਲਦਾਇਕ ਸੇਵਕ ਬਣੇ, ਜਿਵੇਂ ਕਿ ਦਰਸ਼ਣ ਵਿਚ ਮ੍ਰਿਤ ਸਾਗਰ ਦੇ ਪਾਣੀਆਂ ਦੇ ਤਾਜ਼ਾ ਹੋਣ ਅਤੇ ਮੱਛੀ-ਵਪਾਰ ਦੇ ਵਧਣ-ਫੁੱਲਣ ਦੁਆਰਾ ਦਰਸਾਇਆ ਗਿਆ ਸੀ।
14. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਬਾਬਲ ਦੀ ਕੈਦ ਤੋਂ ਯਹੂਦੀਆਂ ਦੀ ਵਾਪਸੀ ਤੋਂ ਬਾਅਦ, ਹਿਜ਼ਕੀਏਲ ਦੀ ਭਵਿੱਖਬਾਣੀ ਦੀ ਜੋ ਪੂਰਤੀ ਹੋਈ, ਉਸ ਨਾਲੋਂ ਵੀ ਵੱਡੀ ਪੂਰਤੀ ਅਜੇ ਹੋਵੇਗੀ?
14 ਕੀ ਸਿਰਫ਼ ਇਹ ਹੀ ਘਟਨਾਵਾਂ ਹਿਜ਼ਕੀਏਲ ਦੇ ਦਰਸ਼ਣ ਦੀ ਪੂਰਤੀ ਸਨ? ਨਹੀਂ; ਇਹ ਇਕ ਬਹੁਤ ਵੱਡੀ ਪੂਰਤੀ ਵੱਲ ਸੰਕੇਤ ਕਰਦਾ ਹੈ। ਜ਼ਰਾ ਸੋਚੋ: ਹਿਜ਼ਕੀਏਲ ਨੇ ਜਿਹੜੀ ਹੈਕਲ ਦੇਖੀ ਸੀ, ਉਸ ਨੂੰ ਵਰਣਨ ਅਨੁਸਾਰ ਉਸਾਰਨਾ ਸੰਭਵ ਨਹੀਂ ਸੀ। ਇਹ ਸੱਚ ਹੈ ਕਿ ਯਹੂਦੀਆਂ ਨੇ ਇਸ ਦਰਸ਼ਣ ਬਾਰੇ ਗੰਭੀਰਤਾ ਨਾਲ ਸੋਚਿਆ ਅਤੇ ਇਸ ਦੀਆਂ ਕੁਝ ਗੱਲਾਂ ਦਾ ਸ਼ਾਬਦਿਕ ਅਰਥ ਕੱਢਿਆ।b ਪਰ ਦਰਸ਼ਣ ਵਿਚ ਦੇਖੀ ਗਈ ਪੂਰੀ ਹੈਕਲ ਦਾ ਨਾਪ ਮੋਰੀਯਾਹ ਪਹਾੜ ਨਾਲੋਂ ਬਹੁਤ ਵੱਡਾ ਸੀ ਜਿੱਥੇ ਕਿ ਪਹਿਲੀ ਹੈਕਲ ਸੀ। ਇਸ ਤੋਂ ਇਲਾਵਾ, ਹਿਜ਼ਕੀਏਲ ਦੀ ਹੈਕਲ, ਸ਼ਹਿਰ ਵਿਚ ਨਹੀਂ ਸੀ ਪਰ ਉਸ ਤੋਂ ਕੁਝ ਦੂਰੀ ਤੇ ਜ਼ਮੀਨ ਦੇ ਇਕ ਵੱਖਰੇ ਹਿੱਸੇ ਉੱਤੇ ਸੀ, ਹਾਲਾਂਕਿ ਦੂਸਰੀ ਹੈਕਲ ਪਹਿਲੀ ਹੈਕਲ ਦੀ ਜਗ੍ਹਾ ਉੱਤੇ, ਅਰਥਾਤ ਯਰੂਸ਼ਲਮ ਸ਼ਹਿਰ ਦੇ ਅੰਦਰ ਉਸਾਰੀ ਗਈ ਸੀ। (ਅਜ਼ਰਾ 1:1, 2) ਨਾਲੇ, ਯਰੂਸ਼ਲਮ ਦੀ ਹੈਕਲ ਵਿੱਚੋਂ ਕੋਈ ਨਦੀ ਕਦੇ ਨਹੀਂ ਵਗੀ। ਇਸ ਲਈ, ਪ੍ਰਾਚੀਨ ਇਸਰਾਏਲ ਨੇ ਹਿਜ਼ਕੀਏਲ ਦੀ ਭਵਿੱਖਬਾਣੀ ਦੀ ਸਿਰਫ਼ ਇਕ ਛੋਟੀ ਜਿਹੀ ਪੂਰਤੀ ਹੀ ਦੇਖੀ। ਇਸ ਦਾ ਅਰਥ ਇਹ ਹੋਇਆ ਕਿ ਇਕ ਵੱਡੀ, ਰੂਹਾਨੀ ਪੂਰਤੀ ਵੀ ਹੋਵੇਗੀ।
15. (ੳ) ਯਹੋਵਾਹ ਦੀ ਰੂਹਾਨੀ ਹੈਕਲ ਦਾ ਕੰਮ ਕਦੋਂ ਸ਼ੁਰੂ ਹੋਇਆ ਸੀ? (ਅ) ਕਿਹੜੀ ਗੱਲ ਦਿਖਾਉਂਦੀ ਹੈ ਕਿ ਜਦੋਂ ਮਸੀਹ ਧਰਤੀ ਉੱਤੇ ਸੀ, ਉਦੋਂ ਹਿਜ਼ਕੀਏਲ ਦੇ ਦਰਸ਼ਣ ਦੀ ਪੂਰਤੀ ਨਹੀਂ ਹੋਈ ਸੀ?
15 ਇਹ ਸਪੱਸ਼ਟ ਹੈ ਕਿ ਸਾਨੂੰ ਹਿਜ਼ਕੀਏਲ ਦੇ ਦਰਸ਼ਣ ਦੀ ਮੁੱਖ ਪੂਰਤੀ ਲਈ ਯਹੋਵਾਹ ਦੀ ਵੱਡੀ ਰੂਹਾਨੀ ਹੈਕਲ ਵੱਲ ਦੇਖਣਾ ਪਵੇਗਾ, ਜਿਸ ਬਾਰੇ ਪੌਲੁਸ ਰਸੂਲ ਇਬਰਾਨੀਆਂ ਦੀ ਪੋਥੀ ਵਿਚ ਵੇਰਵੇ ਦਿੰਦਾ ਹੈ। ਇਸ ਹੈਕਲ ਦਾ ਕੰਮ 29 ਸਾ.ਯੁ. ਵਿਚ ਸ਼ੁਰੂ ਹੋਇਆ, ਜਦੋਂ ਯਿਸੂ ਮਸੀਹ ਨੂੰ ਇਸ ਦੇ ਪ੍ਰਧਾਨ ਜਾਜਕ ਵਜੋਂ ਮਸਹ ਕੀਤਾ ਗਿਆ। ਲੇਕਿਨ ਕੀ ਹਿਜ਼ਕੀਏਲ ਦੇ ਦਰਸ਼ਣ ਦੀ ਪੂਰਤੀ ਯਿਸੂ ਦੇ ਜ਼ਮਾਨੇ ਵਿਚ ਹੋਈ ਸੀ? ਯਕੀਨਨ ਨਹੀਂ। ਪ੍ਰਧਾਨ ਜਾਜਕ ਵਜੋਂ, ਯਿਸੂ ਨੇ ਪ੍ਰਾਸਚਿਤ ਦੇ ਦਿਨ ਦਾ ਭਵਿੱਖ-ਸੂਚਕ ਅਰਥ ਪੂਰਾ ਕੀਤਾ। ਇਹ ਉਸ ਨੇ ਆਪਣੇ ਬਪਤਿਸਮੇ ਦੁਆਰਾ, ਆਪਣੀ ਬਲੀਦਾਨ-ਰੂਪੀ ਮੌਤ ਦੁਆਰਾ, ਅਤੇ ਪਵਿੱਤਰ ਸਥਾਨ, ਅਰਥਾਤ ਸਵਰਗ ਵਿਚ ਜਾਣ ਦੁਆਰਾ ਕੀਤਾ। (ਇਬਰਾਨੀਆਂ 9:24) ਪਰ ਦਿਲਚਸਪੀ ਦੀ ਗੱਲ ਹੈ ਕਿ ਹਿਜ਼ਕੀਏਲ ਦਾ ਦਰਸ਼ਣ ਪ੍ਰਧਾਨ ਜਾਜਕ ਜਾਂ ਪ੍ਰਾਸਚਿਤ ਦੇ ਦਿਨ ਦਾ ਕੋਈ ਵੀ ਜ਼ਿਕਰ ਨਹੀਂ ਕਰਦਾ। ਇਸ ਲਈ, ਇਹ ਦਰਸ਼ਣ ਪਹਿਲੀ ਸਦੀ ਸਾ.ਯੁ. ਵੱਲ ਸੰਕੇਤ ਨਹੀਂ ਕਰ ਸਕਦਾ ਸੀ। ਤਾਂ ਫਿਰ, ਇਹ ਕਦੋਂ ਪੂਰਾ ਹੁੰਦਾ ਹੈ?
16. ਹਿਜ਼ਕੀਏਲ ਦੇ ਦਰਸ਼ਣ ਵਿਚ ਦੇਖੀ ਗਈ ਜਗ੍ਹਾ ਸਾਨੂੰ ਹੋਰ ਕਿਹੜੀ ਭਵਿੱਖਬਾਣੀ ਦੀ ਯਾਦ ਦਿਲਾਉਂਦੀ ਹੈ, ਅਤੇ ਇਹ ਹਿਜ਼ਕੀਏਲ ਦੇ ਦਰਸ਼ਣ ਦੀ ਮੁੱਖ ਪੂਰਤੀ ਦੇ ਸਮੇਂ ਨੂੰ ਸਮਝਣ ਵਿਚ ਸਾਡੀ ਮਦਦ ਕਿਵੇਂ ਕਰਦੀ ਹੈ?
16 ਜਵਾਬ ਹਾਸਲ ਕਰਨ ਲਈ, ਚਲੋ ਆਪਾਂ ਫਿਰ ਤੋਂ ਦਰਸ਼ਣ ਨੂੰ ਪੜ੍ਹੀਏ। ਹਿਜ਼ਕੀਏਲ ਨੇ ਲਿਖਿਆ: “ਉਹ ਮੈਨੂੰ ਪਰਮੇਸ਼ੁਰ ਦਿਆਂ ਦਰਸ਼ਣਾਂ ਵਿੱਚ ਇਸਰਾਏਲ ਦੇ ਦੇਸ ਵਿੱਚ ਲੈ ਆਇਆ ਅਤੇ ਉਹ ਨੇ ਮੈਨੂੰ ਇੱਕ ਵੱਡੇ ਉੱਚੇ ਪਰਬਤ ਤੇ ਲਾਹਿਆ ਅਤੇ ਉਸੇ ਉੱਤੇ ਦੱਖਣ ਵੱਲ ਜਾਣੋ ਇੱਕ ਸ਼ਹਿਰ ਦਾ ਅਕਾਰ ਸੀ।” (ਹਿਜ਼ਕੀਏਲ 40:2) ਇਸ ਦਰਸ਼ਣ ਵਿਚ ਦੇਖੀ ਗਈ ਜਗ੍ਹਾ, ਅਰਥਾਤ ‘ਵੱਡਾ ਉੱਚਾ ਪਰਬਤ,’ ਸਾਨੂੰ ਮੀਕਾਹ 4:1 ਦੀ ਯਾਦ ਦਿਲਾਉਂਦਾ ਹੈ: “ਆਖਰੀ ਦਿਨਾਂ ਵਿੱਚ ਇਉਂ ਹੋਵੇਗਾ ਕਿ ਯਹੋਵਾਹ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰ ਤੇ ਕਾਇਮ ਕੀਤਾ ਜਾਵੇਗਾ, ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਉੱਮਤਾਂ ਉਸ ਦੀ ਵੱਲ ਵਗਣਗੀਆਂ।” ਇਸ ਭਵਿੱਖਬਾਣੀ ਦੀ ਪੂਰਤੀ ਕਦੋਂ ਹੁੰਦੀ ਹੈ? ਮੀਕਾਹ 4:5 ਦਿਖਾਉਂਦਾ ਹੈ ਕਿ ਇਹ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਅਜੇ ਕੌਮਾਂ ਝੂਠੇ ਦੇਵਤਿਆਂ ਨੂੰ ਪੂਜਦੀਆਂ ਹੋਣਗੀਆਂ। ਅਸਲ ਵਿਚ, ਸ਼ੁੱਧ ਉਪਾਸਨਾ “ਆਖਰੀ ਦਿਨਾਂ” ਵਿਚ, ਯਾਨੀ ਕਿ ਸਾਡੇ ਦਿਨਾਂ ਵਿਚ ਉੱਚੀ ਕੀਤੀ ਗਈ ਹੈ। ਇਸ ਨੂੰ ਪਰਮੇਸ਼ੁਰ ਦੇ ਸੇਵਕਾਂ ਦੀਆਂ ਜ਼ਿੰਦਗੀਆਂ ਵਿਚ ਆਪਣਾ ਸਹੀ ਦਰਜਾ ਦਿੱਤਾ ਜਾ ਰਿਹਾ ਹੈ।
17. ਹਿਜ਼ਕੀਏਲ ਦੇ ਦਰਸ਼ਣ ਵਾਲੀ ਹੈਕਲ ਕਦੋਂ ਸ਼ੁੱਧ ਕੀਤੀ ਗਈ ਸੀ, ਇਸ ਨੂੰ ਸਮਝਣ ਵਿਚ ਮਲਾਕੀ 3:1-5 ਵਿਚ ਦਿੱਤੀ ਗਈ ਭਵਿੱਖਬਾਣੀ ਸਾਡੀ ਮਦਦ ਕਿਵੇਂ ਕਰਦੀ ਹੈ?
17 ਕਿਸ ਚੀਜ਼ ਨੇ ਇਸ ਪੁਨਰ-ਸਥਾਪਨਾ ਨੂੰ ਸੰਭਵ ਬਣਾਇਆ? ਯਾਦ ਕਰੋ ਕਿ ਹਿਜ਼ਕੀਏਲ ਦੇ ਦਰਸ਼ਣ ਦੀ ਸਭ ਤੋਂ ਮਹੱਤਵਪੂਰਣ ਘਟਨਾ ਵਿਚ, ਯਹੋਵਾਹ ਹੈਕਲ ਵਿਚ ਆਉਂਦਾ ਹੈ ਅਤੇ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਉਸ ਦਾ ਭਵਨ ਮੂਰਤੀ-ਪੂਜਾ ਤੋਂ ਸ਼ੁੱਧ ਕੀਤਾ ਜਾਵੇ। ਪਰਮੇਸ਼ੁਰ ਦੀ ਰੂਹਾਨੀ ਹੈਕਲ ਕਦੋਂ ਸ਼ੁੱਧ ਕੀਤੀ ਗਈ ਸੀ? ਮਲਾਕੀ 3:1-5 ਵਿਚ, ਯਹੋਵਾਹ ਪਹਿਲਾਂ ਤੋਂ ਹੀ ਉਸ ਸਮੇਂ ਬਾਰੇ ਦੱਸਦਾ ਹੈ ਜਦੋਂ ਉਹ ‘ਨੇਮ ਦੇ ਦੂਤ,’ ਅਰਥਾਤ, ਯਿਸੂ ਮਸੀਹ ਨਾਲ “ਆਪਣੀ ਹੈਕਲ ਵਿੱਚ ਆ ਜਾਵੇਗਾ।” ਆਉਣ ਦਾ ਮਕਸਦ? “ਉਹ ਸੁਨਿਆਰੇ ਦੀ ਅੱਗ ਅਤੇ ਧੋਬੀ ਦੇ ਸਾਬਣ ਵਰਗਾ” ਹੋਵੇਗਾ। ਅੱਗ ਦੁਆਰਾ ਦਰਸਾਈ ਗਈ ਸੁਧਾਈ ਪਹਿਲੇ ਵਿਸ਼ਵ ਯੁੱਧ ਦੇ ਸਮੇਂ ਦੌਰਾਨ ਸ਼ੁਰੂ ਹੋਈ ਸੀ। ਇਸ ਦਾ ਨਤੀਜਾ? 1919 ਤੋਂ ਯਹੋਵਾਹ ਆਪਣੇ ਭਵਨ ਵਿਚ ਰਹਿ ਰਿਹਾ ਹੈ ਅਤੇ ਆਪਣੇ ਲੋਕਾਂ ਦੇ ਰੂਹਾਨੀ ਦੇਸ਼ ਨੂੰ ਬਰਕਤ ਦੇ ਰਿਹਾ ਹੈ। (ਯਸਾਯਾਹ 66:8) ਤਾਂ ਫਿਰ, ਅਸੀਂ ਇਸ ਸਿੱਟੇ ਤੇ ਪਹੁੰਚ ਸਕਦੇ ਹਾਂ ਕਿ ਹੈਕਲ ਬਾਰੇ ਹਿਜ਼ਕੀਏਲ ਦੀ ਭਵਿੱਖਬਾਣੀ ਦੀ ਅੰਤ ਦਿਆਂ ਦਿਨਾਂ ਦੌਰਾਨ ਇਕ ਮਹੱਤਵਪੂਰਣ ਪੂਰਤੀ ਹੁੰਦੀ ਹੈ।
18. ਹੈਕਲ ਸੰਬੰਧੀ ਦਰਸ਼ਣ ਦੀ ਆਖ਼ਰੀ ਪੂਰਤੀ ਕਦੋਂ ਹੋਵੇਗੀ?
18 ਮੁੜ-ਬਹਾਲੀ ਦੀਆਂ ਦੂਸਰੀਆਂ ਭਵਿੱਖਬਾਣੀਆਂ ਵਾਂਗ, ਹਿਜ਼ਕੀਏਲ ਦੇ ਦਰਸ਼ਣ ਦੀ ਇਕ ਹੋਰ ਪੂਰਤੀ, ਯਾਨੀ ਕਿ, ਇਕ ਆਖ਼ਰੀ ਪੂਰਤੀ ਉਦੋਂ ਹੋਵੇਗੀ ਜਦੋਂ ਇਹ ਧਰਤੀ ਇਕ ਫਿਰਦੌਸ ਬਣੇਗੀ। ਸਿਰਫ਼ ਉਦੋਂ ਹੀ ਧਰਮੀ ਮਨੁੱਖ ਪਰਮੇਸ਼ੁਰ ਦੀ ਹੈਕਲ ਦੇ ਬੰਦੋਬਸਤ ਦਾ ਪੂਰਾ ਲਾਭ ਹਾਸਲ ਕਰਨਗੇ। ਤਦ ਮਸੀਹ ਆਪਣੇ 1,44,000 ਸਵਰਗੀ ਜਾਜਕਾਂ ਨਾਲ ਮਿਲ ਕੇ ਆਪਣੇ ਰਿਹਾਈ-ਕੀਮਤ ਬਲੀਦਾਨ ਦਾ ਲਾਭ ਮੁਹੱਈਆ ਕਰੇਗਾ। ਮਸੀਹ ਦੀ ਹਕੂਮਤ ਅਧੀਨ ਪੂਰੀ ਆਗਿਆਕਾਰ ਮਨੁੱਖੀ ਪਰਜਾ ਸੰਪੂਰਣ ਬਣਾਈ ਜਾਵੇਗੀ। (ਪਰਕਾਸ਼ ਦੀ ਪੋਥੀ 20:5, 6) ਪਰ, ਹਿਜ਼ਕੀਏਲ ਦੇ ਦਰਸ਼ਣ ਦੀ ਪੂਰਤੀ ਦਾ ਮੁੱਖ ਸਮਾਂ ਫਿਰਦੌਸ ਵਿਚ ਨਹੀਂ ਹੋ ਸਕਦਾ ਹੈ। ਕਿਉਂ ਨਹੀਂ?
ਦਰਸ਼ਣ ਸਾਡੇ ਜ਼ਮਾਨੇ ਵੱਲ ਧਿਆਨ ਕੇਂਦ੍ਰਿਤ ਕਰਦਾ ਹੈ
19, 20. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਦਰਸ਼ਣ ਦੀ ਮੁੱਖ ਪੂਰਤੀ ਫਿਰਦੌਸ ਵਿਚ ਨਹੀਂ, ਸਗੋਂ ਸਾਡੇ ਸਮੇਂ ਵਿਚ ਹੋਵੇਗੀ?
19 ਹਿਜ਼ਕੀਏਲ ਨੇ ਅਜਿਹੀ ਹੈਕਲ ਦੇਖੀ ਸੀ ਜਿਸ ਵਿੱਚੋਂ ਮੂਰਤੀ-ਪੂਜਾ ਅਤੇ ਧਾਰਮਿਕ ਵਿਭਚਾਰ ਸਾਫ਼ ਕਰਨ ਦੀ ਜ਼ਰੂਰਤ ਸੀ। (ਹਿਜ਼ਕੀਏਲ 43:7-9) ਨਿਸ਼ਚੇ ਹੀ, ਇਹ ਫਿਰਦੌਸ ਵਿਚ ਯਹੋਵਾਹ ਦੀ ਉਪਾਸਨਾ ਤੇ ਲਾਗੂ ਨਹੀਂ ਹੋ ਸਕਦੀ। ਇਸ ਤੋਂ ਇਲਾਵਾ, ਦਰਸ਼ਣ ਵਿਚ ਦੇਖੇ ਗਏ ਜਾਜਕ, ਮਸਹ ਕੀਤੇ ਹੋਏ ਜਾਜਕ ਵਰਗ ਨੂੰ ਧਰਤੀ ਉੱਤੇ ਵੱਸਦੇ ਹੋਏ ਦਰਸਾਉਂਦੇ ਹਨ, ਨਾ ਕਿ ਉਨ੍ਹਾਂ ਦੇ ਸਵਰਗੀ ਪੁਨਰ-ਉਥਾਨ ਤੋਂ ਬਾਅਦ ਜਾਂ ਹਜ਼ਾਰ ਵਰ੍ਹਿਆਂ ਦੇ ਰਾਜ ਦੌਰਾਨ। ਕਿਉਂ? ਧਿਆਨ ਦਿਓ ਕਿ ਜਾਜਕ ਅੰਦਰਲੇ ਵਿਹੜੇ ਵਿਚ ਸੇਵਾ ਕਰਦੇ ਦੇਖੇ ਜਾਂਦੇ ਹਨ। ਪਹਿਰਾਬੁਰਜ ਦੇ ਪਿਛਲੇ ਅੰਕਾਂ ਵਿਚ ਛਪੇ ਲੇਖਾਂ ਨੇ ਦਿਖਾਇਆ ਹੈ ਕਿ ਇਹ ਵਿਹੜਾ ਮਸੀਹ ਦੇ ਉਪ-ਜਾਜਕਾਂ ਦੀ ਨਿਰਾਲੀ ਅਤੇ ਧਾਰਮਿਕ ਪਦਵੀ ਨੂੰ ਦਰਸਾਉਂਦਾ ਹੈ ਜਦੋਂ ਉਹ ਅਜੇ ਧਰਤੀ ਉੱਤੇ ਹੁੰਦੇ ਹਨ।c ਇਸ ਗੱਲ ਵੱਲ ਵੀ ਧਿਆਨ ਦਿਓ ਕਿ ਦਰਸ਼ਣ ਜਾਜਕਾਂ ਦੀ ਅਪੂਰਣਤਾ ਤੇ ਜ਼ੋਰ ਦਿੰਦਾ ਹੈ। ਉਨ੍ਹਾਂ ਨੂੰ ਆਪਣੇ ਪਾਪਾਂ ਲਈ ਬਲੀਆਂ ਚੜ੍ਹਾਉਣ ਲਈ ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਧਾਰਮਿਕ ਅਤੇ ਨੈਤਿਕ ਰੂਪ ਵਿਚ ਅਸ਼ੁੱਧ ਹੋਣ ਤੋਂ ਖ਼ਬਰਦਾਰ ਕੀਤਾ ਜਾਂਦਾ ਹੈ। ਤਾਂ ਫਿਰ ਉਹ ਪੁਨਰ-ਉਥਿਤ ਮਸਹ ਕੀਤੇ ਹੋਇਆਂ ਨੂੰ ਨਹੀਂ ਦਰਸਾਉਂਦੇ ਹਨ, ਜਿਨ੍ਹਾਂ ਬਾਰੇ ਪੌਲੁਸ ਰਸੂਲ ਨੇ ਲਿਖਿਆ ਸੀ: “ਤੁਰ੍ਹੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸੀ ਹੋ ਕੇ ਜੀ ਉੱਠਣਗੇ।” (1 ਕੁਰਿੰਥੀਆਂ 15:52, ਟੇਢੇ ਟਾਈਪ ਸਾਡੇ; ਹਿਜ਼ਕੀਏਲ 44:21, 22, 25, 27) ਦਰਸ਼ਣ ਵਿਚ ਜਾਜਕ ਲੋਕਾਂ ਨਾਲ ਰਲਦੇ-ਮਿਲਦੇ ਹਨ ਅਤੇ ਸਿੱਧੇ ਰੂਪ ਵਿਚ ਉਨ੍ਹਾਂ ਦੀ ਸੇਵਾ ਕਰਦੇ ਹਨ। ਧਰਤੀ ਉੱਤੇ ਕਿਸੇ ਫਿਰਦੌਸ ਵਿਚ ਇੰਜ ਨਹੀਂ ਹੋਵੇਗਾ, ਕਿਉਂਕਿ ਜਾਜਕੀ ਵਰਗ ਸਵਰਗ ਵਿਚ ਹੋਵੇਗਾ। ਇਸ ਵਾਸਤੇ, ਦਰਸ਼ਣ ਬਹੁਤ ਸੁੰਦਰ ਤਰੀਕੇ ਨਾਲ ਚਿੱਤ੍ਰਿਤ ਕਰਦਾ ਹੈ ਕਿ ਅੱਜ ਧਰਤੀ ਉੱਤੇ ਮਸਹ ਕੀਤੇ ਹੋਏ ਮਸੀਹੀ ਕਿਵੇਂ “ਵੱਡੀ ਭੀੜ” ਦੇ ਨਾਲ ਇਕੱਠੇ ਮਿਲ ਕੇ ਕੰਮ ਕਰਦੇ ਹਨ।—ਪਰਕਾਸ਼ ਦੀ ਪੋਥੀ 7:9; ਹਿਜ਼ਕੀਏਲ 42:14.
20 ਇਸ ਤਰ੍ਹਾਂ, ਹੈਕਲ ਬਾਰੇ ਹਿਜ਼ਕੀਏਲ ਦਾ ਦਰਸ਼ਣ ਉਸ ਧਾਰਮਿਕ ਸੁਧਾਈ ਦੇ ਫ਼ਾਇਦਿਆਂ ਨੂੰ ਸੰਕੇਤ ਕਰਦਾ ਹੈ ਜੋ ਅੱਜ-ਕੱਲ੍ਹ ਕੀਤੀ ਜਾ ਰਹੀ ਹੈ। ਪਰ ਇਸ ਦਾ ਤੁਹਾਡੇ ਲਈ ਕੀ ਅਰਥ ਹੈ? ਇਹ ਸਿਰਫ਼ ਕੋਈ ਧਰਮ-ਸ਼ਾਸਤਰ ਸੰਬੰਧੀ ਔਖੀ ਬੁਝਾਰਤ ਨਹੀਂ ਹੈ। ਇਸ ਦਰਸ਼ਣ ਦਾ ਇੱਕੋ-ਇਕ ਸੱਚੇ ਪਰਮੇਸ਼ੁਰ ਯਹੋਵਾਹ ਦੀ ਤੁਹਾਡੀ ਰੋਜ਼ਾਨਾ ਦੀ ਉਪਾਸਨਾ ਨਾਲ ਵੱਡਾ ਸੰਬੰਧ ਹੈ। ਅਸੀਂ ਆਪਣੇ ਅਗਲੇ ਲੇਖ ਵਿਚ ਦੇਖਾਂਗੇ ਕਿ ਇਹ ਕਿਵੇਂ ਹੈ।
[ਫੁਟਨੋਟ]
a ਹਿਜ਼ਕੀਏਲ ਤੇ ਸ਼ਾਇਦ ਇਸ ਦਾ ਨਿੱਜੀ ਤੌਰ ਤੇ ਅਸਰ ਪਿਆ ਹੋਵੇ, ਕਿਉਂਕਿ ਕਿਹਾ ਗਿਆ ਹੈ ਕਿ ਉਹ ਖ਼ੁਦ ਸਦੋਕ ਦੇ ਜਾਜਕੀ ਘਰਾਣੇ ਵਿੱਚੋਂ ਸੀ।
b ਉਦਾਹਰਣ ਲਈ, ਪ੍ਰਾਚੀਨ ਮਿਸ਼ਨਾ ਸੰਕੇਤ ਕਰਦਾ ਹੈ ਕਿ ਮੁੜ-ਉਸਾਰੀ ਹੈਕਲ ਵਿਚ ਜਗਵੇਦੀ, ਦਰਵਾਜ਼ੇ, ਅਤੇ ਭੋਜਨ ਪਕਾਉਣ ਵਾਲੇ ਥਾਂ ਬਿਲਕੁਲ ਹਿਜ਼ਕੀਏਲ ਦੇ ਦਰਸ਼ਣ ਮੁਤਾਬਕ ਬਣਾਏ ਗਏ ਸਨ।
c ਪਹਿਰਾਬੁਰਜ 1 ਜੁਲਾਈ 1996, ਸਫ਼ਾ 16 ਅਤੇ 1 ਦਸੰਬਰ 1972 (ਅੰਗ੍ਰੇਜ਼ੀ), ਸਫ਼ਾ 718, ਵੇਖੋ।
ਕੀ ਤੁਹਾਨੂੰ ਯਾਦ ਹੈ?
◻ ਹੈਕਲ ਅਤੇ ਜਾਜਕਾਈ ਬਾਰੇ ਹਿਜ਼ਕੀਏਲ ਦੇ ਦਰਸ਼ਣ ਦੀ ਪਹਿਲੀ ਪੂਰਤੀ ਕਿਸ ਤਰ੍ਹਾਂ ਹੋਈ?
◻ ਦੇਸ਼ ਦੀ ਵੰਡਾਈ ਬਾਰੇ ਹਿਜ਼ਕੀਏਲ ਦੇ ਦਰਸ਼ਣ ਦੀ ਪਹਿਲੀ ਪੂਰਤੀ ਕਿਵੇਂ ਹੋਈ?
◻ ਪ੍ਰਾਚੀਨ ਇਸਰਾਏਲ ਦੀ ਪੁਨਰ-ਸਥਾਪਨਾ ਵਿਚ, ਕਿਨ੍ਹਾਂ ਨੇ ਰਾਜਕੁਮਾਰਾਂ ਦੀ ਅਤੇ ਕਿਨ੍ਹਾਂ ਨੇ ‘ਧਰਮ ਦੇ ਬਲੂਤਾਂ’ ਦੀ ਭੂਮਿਕਾ ਅਦਾ ਕੀਤੀ?
◻ ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਹੈਕਲ ਬਾਰੇ ਹਿਜ਼ਕੀਏਲ ਦੇ ਦਰਸ਼ਣ ਦੀ ਮੁੱਖ ਪੂਰਤੀ ਅੰਤ ਦਿਆਂ ਦਿਨਾਂ ਵਿਚ ਹੋਵੇਗੀ?