ਸਾਡੇ “ਦੇਸ” ਉੱਤੇ ਯਹੋਵਾਹ ਦੀ ਬਰਕਤ
“ਜਿੱਥੇ ਕਿੱਥੇ ਏਹ ਨਾਲੇ ਪੁੱਜਣਗੇ ਜੀਵਨ ਬਖ਼ਸਣਗੇ।”—ਹਿਜ਼ਕੀਏਲ 47:9.
1, 2. (ੳ) ਪਾਣੀ ਕਿੰਨਾ ਕੁ ਜ਼ਰੂਰੀ ਹੈ? (ਅ) ਹਿਜ਼ਕੀਏਲ ਦੇ ਦਰਸ਼ਣ ਵਿਚ ਦੇਖੀ ਗਈ ਨਦੀ ਦਾ ਪਾਣੀ ਕਿਸ ਚੀਜ਼ ਨੂੰ ਦਰਸਾਉਂਦਾ ਹੈ?
ਪਾਣੀ ਇਕ ਅਨੋਖਾ ਤਰਲ ਪਦਾਰਥ ਹੈ। ਸਾਰਾ ਭੌਤਿਕ ਜੀਵਨ ਇਸ ਉੱਤੇ ਨਿਰਭਰ ਹੈ। ਸਾਡੇ ਵਿੱਚੋਂ ਕੋਈ ਵੀ ਇਸ ਤੋਂ ਬਗੈਰ ਜ਼ਿਆਦਾ ਦੇਰ ਤਕ ਜੀਉਂਦਾ ਨਹੀਂ ਰਹਿ ਸਕਦਾ। ਸਫ਼ਾਈ ਲਈ ਵੀ ਅਸੀਂ ਇਸ ਤੇ ਨਿਰਭਰ ਕਰਦੇ ਹਾਂ, ਕਿਉਂ ਜੋ ਪਾਣੀ ਗੰਦਗੀ ਨੂੰ ਧੋਣ ਦੀ ਸਮਰਥਾ ਰੱਖਦਾ ਹੈ। ਇਸ ਕਰਕੇ ਅਸੀਂ ਇਸ ਨਾਲ ਆਪਣੇ ਸਰੀਰਾਂ ਨੂੰ, ਆਪਣੇ ਕੱਪੜਿਆਂ ਨੂੰ, ਅਤੇ ਆਪਣੀਆਂ ਖਾਣ ਦੀਆਂ ਚੀਜ਼ਾਂ ਨੂੰ ਵੀ ਧੋਂਦੇ ਹਾਂ। ਇੰਜ ਕਰਨ ਨਾਲ ਸਾਡੀਆਂ ਜਾਨਾਂ ਬਚ ਸਕਦੀਆਂ ਹਨ।
2 ਬਾਈਬਲ, ਜੀਵਨ ਲਈ ਯਹੋਵਾਹ ਦੇ ਰੂਹਾਨੀ ਪ੍ਰਬੰਧਾਂ ਨੂੰ ਪਾਣੀ ਦੁਆਰਾ ਦਰਸਾਉਂਦੀ ਹੈ। (ਯਿਰਮਿਯਾਹ 2:13; ਯੂਹੰਨਾ 4:7-15) ਇਨ੍ਹਾਂ ਪ੍ਰਬੰਧਾਂ ਵਿਚ ਉਸ ਦੇ ਲੋਕਾਂ ਦੀ ਸੁਧਾਈ ਸ਼ਾਮਲ ਹੈ। ਉਨ੍ਹਾਂ ਨੂੰ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਦੁਆਰਾ ਅਤੇ ਪਰਮੇਸ਼ੁਰ ਦੇ ਬਚਨ ਵਿਚ ਪਾਏ ਜਾਂਦੇ ਗਿਆਨ ਦੁਆਰਾ ਸ਼ੁੱਧ ਕੀਤਾ ਜਾਂਦਾ ਹੈ। (ਅਫ਼ਸੀਆਂ 5:25-27) ਹੈਕਲ ਬਾਰੇ ਹਿਜ਼ਕੀਏਲ ਦੇ ਦਰਸ਼ਣ ਵਿਚ, ਹੈਕਲ ਤੋਂ ਜਿਹੜੀ ਚਮਤਕਾਰੀ ਨਦੀ ਵਗਦੀ ਹੈ ਉਹ ਅਜਿਹੀਆਂ ਜੀਵਨਦਾਇਕ ਬਰਕਤਾਂ ਦਾ ਪ੍ਰਤੀਕ ਹੈ। ਪਰ ਉਹ ਨਦੀ ਕਦੋਂ ਵਗਦੀ ਹੈ, ਅਤੇ ਇਸ ਦਾ ਅੱਜ ਸਾਡੇ ਲਈ ਕੀ ਮਤਲਬ ਹੈ?
ਮੁੜ-ਬਹਾਲ ਦੇਸ਼ ਵਿਚ ਇਕ ਨਦੀ ਵਗਦੀ ਹੈ
3. ਹਿਜ਼ਕੀਏਲ 47:2-12 ਦੇ ਅਨੁਸਾਰ, ਹਿਜ਼ਕੀਏਲ ਨੇ ਕੀ ਅਨੁਭਵ ਕੀਤਾ?
3 ਬਾਬਲ ਵਿਚ ਕੈਦੀਆਂ ਵਜੋਂ, ਹਿਜ਼ਕੀਏਲ ਦੇ ਲੋਕਾਂ ਨੂੰ ਯਹੋਵਾਹ ਦੇ ਪ੍ਰਬੰਧਾਂ ਦੀ ਸਖ਼ਤ ਜ਼ਰੂਰਤ ਸੀ। ਤਾਂ ਫਿਰ, ਹਿਜ਼ਕੀਏਲ ਲਈ ਪਵਿੱਤਰ ਸਥਾਨ ਤੋਂ ਪਾਣੀ ਨਿਕਲਦਾ ਅਤੇ ਦਰਸ਼ਣ ਵਾਲੀ ਹੈਕਲ ਤੋਂ ਬਾਹਰ ਵਗਦਾ ਦੇਖਣਾ ਕਿੰਨਾ ਹੌਸਲਾ ਵਧਾਉਣ ਵਾਲੀ ਗੱਲ ਸੀ! ਇਕ ਦੂਤ ਪਾਣੀ ਨੂੰ 1,000 ਹੱਥ ਦੇ ਫ਼ਾਸਲੇ ਤੇ ਮਿਣਦਾ ਹੈ। ਉਸ ਦੀ ਡੂੰਘਾਈ ਗਿੱਟਿਆਂ ਤੋਂ ਲੈ ਕੇ ਗੋਡਿਆਂ ਤੀਕਰ ਅਤੇ ਗੋਡਿਆਂ ਤੋਂ ਲੈ ਕੇ ਲੱਕ ਤੀਕਰ ਵੱਧ ਜਾਂਦੀ ਹੈ। ਇਸ ਤੋਂ ਬਾਅਦ, ਇਸ ਦੀ ਡੂੰਘਾਈ ਇੰਨੀ ਵੱਧ ਜਾਂਦੀ ਹੈ ਕਿ ਇਸ ਵਿਚ ਤੈਰਨ ਦੀ ਲੋੜ ਪੈਂਦੀ ਹੈ। ਇਹ ਨਦੀ ਜਾਨ ਅਤੇ ਉਪਜਾਇਕਤਾ ਬਖ਼ਸ਼ਦੀ ਹੈ। (ਹਿਜ਼ਕੀਏਲ 47:2-11) ਹਿਜ਼ਕੀਏਲ ਨੂੰ ਦੱਸਿਆ ਜਾਂਦਾ ਹੈ: “ਨਾਲੇ ਦੇ ਨੇੜੇ ਉਹ ਦੇ ਦੋਨਾਂ ਕੰਢਿਆਂ ਤੇ ਹਰ ਪਰਕਾਰ ਦੇ ਮੇਵੇ ਵਾਲੇ ਰੁੱਖ ਉੱਗਣਗੇ।” (ਹਿਜ਼ਕੀਏਲ 47:12ੳ) ਜਿਉਂ ਹੀ ਨਾਲ਼ਾ ਬੇਜਾਨ ਪਾਣੀ ਵਾਲੇ ਮ੍ਰਿਤ ਸਾਗਰ ਵਿਚ ਜਾ ਪੈਂਦਾ ਹੈ, ਤਾਂ ਉਸ ਵਿਚ ਜਾਨ ਪੈ ਜਾਂਦੀ ਹੈ! ਉਹ ਮੱਛੀਆਂ ਨਾਲ ਭਰ ਜਾਂਦਾ ਹੈ। ਮੱਛੀ-ਵਪਾਰ ਵਧਦਾ-ਫੁੱਲਦਾ ਹੈ।
4, 5. ਨਦੀ ਬਾਰੇ ਯੋਏਲ ਦੀ ਭਵਿੱਖਬਾਣੀ ਹਿਜ਼ਕੀਏਲ ਦੀ ਭਵਿੱਖਬਾਣੀ ਨਾਲ ਕਿਵੇਂ ਮਿਲਦੀ-ਜੁਲਦੀ ਹੈ, ਅਤੇ ਇਹ ਇੰਨੀ ਮਹੱਤਵਪੂਰਣ ਕਿਉਂ ਹੈ?
4 ਇਸ ਸੋਹਣੀ ਭਵਿੱਖਬਾਣੀ ਨੇ ਸ਼ਾਇਦ ਯਹੂਦੀ ਜਲਾਵਤਨੀਆਂ ਨੂੰ ਇਕ ਹੋਰ ਭਵਿੱਖਬਾਣੀ ਦੀ ਯਾਦ ਦਿਲਾਈ ਹੋਵੇ, ਜੋ ਦੋ ਸਦੀਆਂ ਨਾਲੋਂ ਜ਼ਿਆਦਾ ਸਮਾਂ ਪਹਿਲਾਂ ਲਿਖੀ ਗਈ ਸੀ: “ਯਹੋਵਾਹ ਦੇ ਭਵਨ ਤੋਂ ਇੱਕ ਚਸ਼ਮਾ ਨਿੱਕਲੇਗਾ, ਅਤੇ ਸ਼ਿੱਟੀਮ ਦੀ ਵਾਦੀ ਨੂੰ ਸਿੰਜੇਗਾ।”a (ਯੋਏਲ 3:18) ਹਿਜ਼ਕੀਏਲ ਦੀ ਭਵਿੱਖਬਾਣੀ ਵਾਂਗ, ਯੋਏਲ ਦੀ ਭਵਿੱਖਬਾਣੀ ਦੱਸਦੀ ਹੈ ਕਿ ਪਰਮੇਸ਼ੁਰ ਦੇ ਭਵਨ, ਅਰਥਾਤ ਹੈਕਲ ਤੋਂ, ਇਕ ਨਦੀ ਵਗੇਗੀ ਅਤੇ ਇਕ ਬੰਜਰ ਇਲਾਕੇ ਨੂੰ ਹਰਾ-ਭਰਾ ਕਰੇਗੀ।
5 ਪਹਿਰਾਬੁਰਜ ਰਸਾਲਾ ਕਾਫ਼ੀ ਸਾਲਾਂ ਤੋਂ ਸਮਝਾਉਂਦਾ ਆਇਆ ਹੈ ਕਿ ਯੋਏਲ ਦੀ ਭਵਿੱਖਬਾਣੀ ਸਾਡੇ ਜ਼ਮਾਨੇ ਵਿਚ ਪੂਰੀ ਹੋ ਰਹੀ ਹੈ।b ਫਿਰ, ਨਿਸ਼ਚੇ ਹੀ, ਹਿਜ਼ਕੀਏਲ ਦੇ ਮਿਲਦੇ-ਜੁਲਦੇ ਦਰਸ਼ਣ ਬਾਰੇ ਵੀ ਇਹ ਸੱਚ ਹੈ। ਠੀਕ ਜਿਵੇਂ ਪ੍ਰਾਚੀਨ ਇਸਰਾਏਲ ਵਿਚ ਸੀ, ਅੱਜ ਵੀ ਪਰਮੇਸ਼ੁਰ ਦੇ ਲੋਕਾਂ ਦੇ ਮੁੜ-ਬਹਾਲ ਦੇਸ਼ ਵਿਚ, ਯਹੋਵਾਹ ਦੀਆਂ ਬਰਕਤਾਂ ਇਕ ਨਦੀ ਵਾਂਗ ਵਗੀਆਂ ਹਨ।
ਭਰਪੂਰ ਬਰਕਤਾਂ ਦਾ ਵਹਾਅ
6. ਦਰਸ਼ਣ ਵਾਲੀ ਜਗਵੇਦੀ ਉੱਤੇ ਖ਼ੂਨ ਦੇ ਛਿੜਕਾਅ ਨੂੰ ਯਹੂਦੀਆਂ ਨੂੰ ਕੀ ਯਾਦ ਦਿਲਾਉਣਾ ਚਾਹੀਦਾ ਸੀ?
6 ਪਰਮੇਸ਼ੁਰ ਦੇ ਪੁਨਰ-ਸਥਾਪਿਤ ਲੋਕਾਂ ਉੱਤੇ ਇਨ੍ਹਾਂ ਬਰਕਤਾਂ ਦਾ ਸੋਮਾ ਕੀ ਹੈ? ਗੌਰ ਕਰੋ ਕਿ ਪਾਣੀ ਪਰਮੇਸ਼ੁਰ ਦੀ ਹੈਕਲ ਤੋਂ ਵਗਦਾ ਹੈ। ਇਸੇ ਤਰ੍ਹਾਂ ਅੱਜ, ਬਰਕਤਾਂ ਯਹੋਵਾਹ ਵੱਲੋਂ ਉਸ ਦੀ ਵੱਡੀ ਰੂਹਾਨੀ ਹੈਕਲ, ਅਰਥਾਤ ਸ਼ੁੱਧ ਉਪਾਸਨਾ ਦੇ ਇੰਤਜ਼ਾਮ ਦੇ ਜ਼ਰੀਏ ਆਉਂਦੀਆਂ ਹਨ। ਹਿਜ਼ਕੀਏਲ ਦਾ ਦਰਸ਼ਣ ਇਕ ਹੋਰ ਮਹੱਤਵਪੂਰਣ ਗੱਲ ਦੱਸਦਾ ਹੈ। ਅੰਦਰਲੇ ਵਿਹੜੇ ਵਿਚ, ਨਦੀ ਜਗਵੇਦੀ ਦੇ ਇਕ ਪਾਸਿਓਂ, ਅਰਥਾਤ ਉਸ ਦੇ ਦੱਖਣੀ ਪਾਸਿਓਂ ਵਗਦੀ ਹੈ। (ਹਿਜ਼ਕੀਏਲ 47:1) ਜਗਵੇਦੀ ਦਰਸ਼ਣ ਵਾਲੀ ਹੈਕਲ ਦੇ ਐਨ ਗੱਭੇ ਹੈ। ਯਹੋਵਾਹ ਹਿਜ਼ਕੀਏਲ ਨੂੰ ਜਗਵੇਦੀ ਦਾ ਪੂਰਾ ਵੇਰਵਾ ਦਿੰਦਾ ਹੈ ਅਤੇ ਹੁਕਮ ਦਿੰਦਾ ਹੈ ਕਿ ਬਲੀ ਦੇ ਜਾਨਵਰਾਂ ਦਾ ਖ਼ੂਨ ਉਸ ਉੱਤੇ ਛਿੜਕਿਆ ਜਾਵੇ। (ਹਿਜ਼ਕੀਏਲ 43:13-18, 20) ਉਹ ਜਗਵੇਦੀ ਸਾਰੇ ਇਸਰਾਏਲੀਆਂ ਲਈ ਵੱਡਾ ਅਰਥ ਰੱਖਦੀ ਸੀ। ਯਹੋਵਾਹ ਨਾਲ ਉਨ੍ਹਾਂ ਦਾ ਨੇਮ ਕਾਫ਼ੀ ਸਮਾਂ ਪਹਿਲਾਂ ਬੰਨ੍ਹਿਆ ਜਾ ਚੁੱਕਾ ਸੀ, ਜਦੋਂ ਮੂਸਾ ਨੇ ਸੀਨਈ ਪਹਾੜ ਦੇ ਹੇਠ ਇਕ ਜਗਵੇਦੀ ਉੱਤੇ ਖ਼ੂਨ ਛਿੜਕਿਆ ਸੀ। (ਕੂਚ 24:4-8) ਦਰਸ਼ਣ ਵਾਲੀ ਜਗਵੇਦੀ ਉੱਤੇ ਖ਼ੂਨ ਦੇ ਛਿੜਕਾਅ ਨੂੰ ਉਨ੍ਹਾਂ ਨੂੰ ਯਾਦ ਦਿਲਾਉਣਾ ਚਾਹੀਦਾ ਸੀ ਕਿ ਆਪਣੇ ਮੁੜ-ਬਹਾਲ ਦੇਸ਼ ਨੂੰ ਵਾਪਸ ਜਾਣ ਮਗਰੋਂ, ਯਹੋਵਾਹ ਦੀਆਂ ਬਰਕਤਾਂ ਉੱਨੀ ਦੇਰ ਤਕ ਉਨ੍ਹਾਂ ਨੂੰ ਮਿਲਦੀਆਂ ਰਹਿਣਗੀਆਂ ਜਿੰਨੀ ਦੇਰ ਤਕ ਉਹ ਉਸ ਨਾਲ ਬੰਨ੍ਹੇ ਆਪਣੇ ਨੇਮ ਉੱਤੇ ਪੂਰਾ ਉਤਰਨਗੇ।—ਬਿਵਸਥਾ ਸਾਰ 28:1-14.
7. ਪ੍ਰਤੀਕਾਤਮਕ ਜਗਵੇਦੀ ਮਸੀਹੀਆਂ ਲਈ ਅੱਜ ਕੀ ਅਰਥ ਰੱਖਦੀ ਹੈ?
7 ਇਸੇ ਤਰ੍ਹਾਂ, ਪਰਮੇਸ਼ੁਰ ਦੇ ਲੋਕਾਂ ਨੂੰ ਵੀ ਅੱਜ ਇਕ ਨੇਮ ਦੇ ਜ਼ਰੀਏ ਬਰਕਤਾਂ ਮਿਲਦੀਆਂ ਹਨ। ਇਹ ਇਕ ਬਿਹਤਰ ਨੇਮ ਹੈ ਜਿਸ ਨੂੰ ਨਵਾਂ ਨੇਮ ਵੀ ਸੱਦਿਆ ਜਾਂਦਾ ਹੈ। (ਯਿਰਮਿਯਾਹ 31:31-34) ਇਹ ਵੀ ਕਾਫ਼ੀ ਸਮਾਂ ਪਹਿਲਾਂ ਯਿਸੂ ਮਸੀਹ ਦੇ ਖ਼ੂਨ ਦੁਆਰਾ ਬੰਨ੍ਹਿਆ ਗਿਆ ਸੀ। (ਇਬਰਾਨੀਆਂ 9:15-20) ਅੱਜ, ਭਾਵੇਂ ਅਸੀਂ ਮਸਹ ਕੀਤੇ ਹੋਇਆਂ ਵਿੱਚੋਂ ਹਾਂ, ਜੋ ਉਸ ਨੇਮ ਵਿਚ ਸ਼ਰੀਕ ਹਨ, ਜਾਂ ‘ਹੋਰ ਭੇਡਾਂ’ ਵਿੱਚੋਂ ਹਾਂ, ਜੋ ਉਸ ਦੇ ਲਾਭ-ਪਾਤਰ ਹਨ, ਪਰ ਹੈਕਲ ਵਾਲੀ ਜਗਵੇਦੀ ਸਾਡੇ ਲਈ ਵੱਡਾ ਅਰਥ ਰੱਖਦੀ ਹੈ। ਜਗਵੇਦੀ ਮਸੀਹ ਦੇ ਬਲੀਦਾਨ ਦੇ ਸੰਬੰਧ ਵਿਚ ਪਰਮੇਸ਼ੁਰ ਦੀ ਮਰਜ਼ੀ ਦਾ ਪ੍ਰਤੀਕ ਹੈ। (ਯੂਹੰਨਾ 10:16; ਇਬਰਾਨੀਆਂ 10:10) ਠੀਕ ਜਿਵੇਂ ਪ੍ਰਤੀਕਾਤਮਕ ਜਗਵੇਦੀ ਰੂਹਾਨੀ ਹੈਕਲ ਦੇ ਬਿਲਕੁਲ ਗੱਭੇ ਹੈ, ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਦੀ ਵੀ ਸ਼ੁੱਧ ਉਪਾਸਨਾ ਵਿਚ ਇਕ ਕੇਂਦਰੀ ਥਾਂ ਹੈ। ਇਹ ਸਾਡੇ ਪਾਪਾਂ ਦੀ ਮਾਫ਼ੀ ਦਾ ਆਧਾਰ ਹੈ ਅਤੇ ਇਸ ਕਰਕੇ ਭਵਿੱਖ ਲਈ ਸਾਡੀਆਂ ਸਾਰੀਆਂ ਉਮੀਦਾਂ ਦਾ ਵੀ ਆਧਾਰ ਹੈ। (1 ਯੂਹੰਨਾ 2:2) ਇਸ ਲਈ ਅਸੀਂ ਨਵੇਂ ਨੇਮ ਨਾਲ ਸੰਬੰਧਿਤ ਨਿਯਮ, ਅਰਥਾਤ “ਮਸੀਹ ਦੀ ਸ਼ਰਾ” ਅਨੁਸਾਰ ਜੀਉਣ ਦੀ ਕੋਸ਼ਿਸ਼ ਕਰਦੇ ਹਾਂ। (ਗਲਾਤੀਆਂ 6:2) ਜਿੰਨਾ ਚਿਰ ਅਸੀਂ ਇੰਜ ਕਰਦੇ ਹਾਂ, ਅਸੀਂ ਜੀਵਨ ਲਈ ਯਹੋਵਾਹ ਦੇ ਪ੍ਰਬੰਧਾਂ ਤੋਂ ਲਾਭ ਹਾਸਲ ਕਰਾਂਗੇ।
8. (ੳ) ਦਰਸ਼ਣ ਵਿਚ ਹੈਕਲ ਦੇ ਅੰਦਰਲੇ ਵਿਹੜੇ ਵਿਚ ਕਿਹੜੀ ਚੀਜ਼ ਨਜ਼ਰ ਨਹੀਂ ਆਉਂਦੀ? (ਅ) ਦਰਸ਼ਣ ਵਿਚ ਦੇਖੀ ਗਈ ਹੈਕਲ ਵਿਚ ਜਾਜਕ ਕਿਸ ਤਰ੍ਹਾਂ ਆਪਣੇ ਮੂੰਹ-ਹੱਥ ਧੋਣਗੇ?
8 ਅਜਿਹਾ ਇਕ ਲਾਭ ਯਹੋਵਾਹ ਅੱਗੇ ਸਾਡੀ ਸ਼ੁੱਧ ਸਥਿਤੀ ਹੈ। ਦਰਸ਼ਣ ਵਿਚਲੀ ਹੈਕਲ ਦੇ ਅੰਦਰਲੇ ਵਿਹੜੇ ਵਿਚ ਇਕ ਚੀਜ਼ ਨਜ਼ਰ ਨਹੀਂ ਆਉਂਦੀ ਜੋ ਡੇਹਰੇ ਅਤੇ ਸੁਲੇਮਾਨ ਦੀ ਹੈਕਲ ਦੇ ਵਿਹੜੇ ਵਿਚ ਕਾਫ਼ੀ ਉੱਘੀ ਸੀ, ਅਰਥਾਤ, ਜਾਜਕਾਂ ਦੇ ਮੂੰਹ-ਹੱਥ ਧੋਣ ਲਈ ਇਕ ਵੱਡਾ ਚੁਬੱਚਾ, ਜਿਸ ਨੂੰ ਬਾਅਦ ਵਿਚ ਸਾਗਰੀ ਹੌਦ ਸੱਦਿਆ ਗਿਆ ਸੀ। (ਕੂਚ 30:18-21; 2 ਇਤਹਾਸ 4:2-6) ਹਿਜ਼ਕੀਏਲ ਦੇ ਦਰਸ਼ਣ ਵਾਲੀ ਹੈਕਲ ਵਿਚ ਜਾਜਕ ਮੂੰਹ-ਹੱਥ ਧੋਣ ਲਈ ਕੀ ਵਰਤਣਗੇ? ਅੰਦਰਲੇ ਵਿਹੜੇ ਵਿੱਚੋਂ ਵਗਦੀ ਚਮਤਕਾਰੀ ਨਦੀ! ਜੀ ਹਾਂ, ਯਹੋਵਾਹ ਉਨ੍ਹਾਂ ਨੂੰ ਕੋਈ ਸਾਧਨ ਪ੍ਰਦਾਨ ਕਰੇਗਾ ਜਿਸ ਦੁਆਰਾ ਉਹ ਇਕ ਸ਼ੁੱਧ, ਜਾਂ ਪਵਿੱਤਰ ਸਥਿਤੀ ਹਾਸਲ ਕਰ ਸਕਣਗੇ।
9. ਮਸਹ ਕੀਤੇ ਹੋਏ ਮਸੀਹੀ ਅਤੇ ਵੱਡੀ ਭੀੜ ਦੇ ਮੈਂਬਰ ਅੱਜ ਇਕ ਸ਼ੁੱਧ ਸਥਿਤੀ ਕਿਵੇਂ ਰੱਖ ਸਕਦੇ ਹਨ?
9 ਅੱਜ ਵੀ, ਮਸਹ ਕੀਤੇ ਹੋਇਆਂ ਨੂੰ ਯਹੋਵਾਹ ਅੱਗੇ ਸ਼ੁੱਧ ਸਥਿਤੀ ਬਖ਼ਸ਼ੀ ਗਈ ਹੈ। ਯਹੋਵਾਹ ਉਨ੍ਹਾਂ ਨੂੰ ਪਵਿੱਤਰ ਸਮਝਦਾ ਹੈ ਅਤੇ ਉਨ੍ਹਾਂ ਨੂੰ ਧਰਮੀ ਠਹਿਰਾਉਂਦਾ ਹੈ। (ਰੋਮੀਆਂ 5:1, 2) ਗ਼ੈਰ-ਜਾਜਕੀ ਗੋਤਾਂ ਦੁਆਰਾ ਦਰਸਾਈ ਗਈ “ਵੱਡੀ ਭੀੜ” ਬਾਰੇ ਕੀ? ਉਹ ਬਾਹਰਲੇ ਵਿਹੜੇ ਵਿਚ ਉਪਾਸਨਾ ਕਰਦੀ ਹੈ, ਅਤੇ ਦਰਸ਼ਣ ਵਿਚ ਉਹੀ ਨਦੀ ਹੈਕਲ ਦੇ ਉਸੇ ਹਿੱਸੇ ਵਿੱਚੋਂ ਵਗਦੀ ਹੈ। ਤਾਂ ਫਿਰ ਇਹ ਕਿੰਨਾ ਢੁਕਵਾਂ ਹੈ ਕਿ ਯੂਹੰਨਾ ਰਸੂਲ ਨੇ ਵੱਡੀ ਭੀੜ ਨੂੰ ਚਿੱਟੇ, ਸਾਫ਼ ਬਸਤਰ ਪਹਿਨੇ ਹੋਏ ਵੇਖਿਆ ਜਦ ਉਹ ਰੂਹਾਨੀ ਹੈਕਲ ਦੇ ਵਿਹੜੇ ਵਿਚ ਉਪਾਸਨਾ ਕਰਦੇ ਹਨ! (ਪਰਕਾਸ਼ ਦੀ ਪੋਥੀ 7:9-14) ਇਸ ਭ੍ਰਿਸ਼ਟ ਸੰਸਾਰ ਨੇ ਭਾਵੇਂ ਉਨ੍ਹਾਂ ਨਾਲ ਕਿੰਨੇ ਹੀ ਭੈੜੇ ਤਰੀਕੇ ਨਾਲ ਸਲੂਕ ਕਿਉਂ ਨਾ ਕੀਤਾ ਹੋਵੇ, ਪਰ ਉਹ ਯਕੀਨ ਕਰ ਸਕਦੇ ਹਨ ਕਿ ਜਿੰਨੀ ਦੇਰ ਤਕ ਉਹ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਵਿਚ ਨਿਹਚਾ ਕਰਦੇ ਹਨ, ਯਹੋਵਾਹ ਉਨ੍ਹਾਂ ਨੂੰ ਸਾਫ਼ ਅਤੇ ਸ਼ੁੱਧ ਸਮਝਦਾ ਹੈ। ਉਹ ਨਿਹਚਾ ਕਿਸ ਤਰ੍ਹਾਂ ਕਰਦੇ ਹਨ? ਯਿਸੂ ਦੇ ਕਦਮਾਂ ਉੱਤੇ ਚੱਲ ਕੇ ਅਤੇ ਰਿਹਾਈ-ਕੀਮਤ ਬਲੀਦਾਨ ਵਿਚ ਪੂਰਾ ਵਿਸ਼ਵਾਸ ਕਰ ਕੇ।—1 ਪਤਰਸ 2:21.
10, 11. ਪ੍ਰਤੀਕਾਤਮਕ ਪਾਣੀ ਦੀ ਇਕ ਮਹੱਤਵਪੂਰਣ ਵਿਸ਼ੇਸ਼ਤਾ ਕੀ ਹੈ, ਅਤੇ ਇਹ ਨਦੀ ਦੇ ਤੇਜ਼ ਹੁੰਦੇ ਵਹਾਅ ਨਾਲ ਕਿਵੇਂ ਸੰਬੰਧਿਤ ਹੈ?
10 ਜਿਵੇਂ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਇਸ ਪ੍ਰਤੀਕਾਤਮਕ ਪਾਣੀ ਦੀ ਇਕ ਹੋਰ ਅਤਿ-ਮਹੱਤਵਪੂਰਣ ਵਿਸ਼ੇਸ਼ਤਾ ਹੈ—ਗਿਆਨ। ਮੁੜ-ਬਹਾਲ ਇਸਰਾਏਲ ਵਿਚ, ਯਹੋਵਾਹ ਨੇ ਆਪਣੇ ਲੋਕਾਂ ਨੂੰ ਜਾਜਕਾਈ ਦੇ ਜ਼ਰੀਏ ਸ਼ਾਸਤਰ-ਸੰਬੰਧੀ ਹਿਦਾਇਤ ਦੀ ਬਰਕਤ ਦਿੱਤੀ। (ਹਿਜ਼ਕੀਏਲ 44:23) ਮਿਲਦੇ-ਜੁਲਦੇ ਤਰੀਕੇ ਨਾਲ, ਯਹੋਵਾਹ ਨੇ ਅੱਜ ਆਪਣੇ ਲੋਕਾਂ ਨੂੰ “ਜਾਜਕਾਂ ਦੀ ਸ਼ਾਹੀ ਮੰਡਲੀ” ਦੇ ਜ਼ਰੀਏ, ਆਪਣੇ ਸੱਚਾਈ ਦੇ ਬਚਨ ਬਾਰੇ ਕਾਫ਼ੀ ਹਿਦਾਇਤ ਦਿੱਤੀ ਹੈ। (1 ਪਤਰਸ 2:9) ਇਨ੍ਹਾਂ ਅੰਤ ਦਿਆਂ ਦਿਨਾਂ ਵਿਚ, ਯਹੋਵਾਹ ਪਰਮੇਸ਼ੁਰ ਬਾਰੇ, ਮਨੁੱਖਜਾਤੀ ਲਈ ਉਸ ਦੇ ਮਕਸਦਾਂ ਬਾਰੇ, ਅਤੇ ਖ਼ਾਸ ਕਰਕੇ ਯਿਸੂ ਮਸੀਹ ਅਤੇ ਮਸੀਹਾਈ ਰਾਜ ਬਾਰੇ ਗਿਆਨ ਇਕ ਨਦੀ ਵਾਂਗ ਵਧਦਾ ਜਾ ਰਿਹਾ ਹੈ। ਵਧਦੀ ਮਾਤਰਾ ਵਿਚ ਰੂਹਾਨੀ ਜਲ-ਪਾਣੀ ਹਾਸਲ ਕਰਨਾ ਕਿੰਨਾ ਚੰਗਾ ਹੈ!—ਦਾਨੀਏਲ 12:4.
11 ਠੀਕ ਜਿਵੇਂ ਦੂਤ ਦੁਆਰਾ ਮਿਣੀ ਗਈ ਨਦੀ ਡੂੰਘੀ ਹੁੰਦੀ ਗਈ, ਉਸੇ ਤਰ੍ਹਾਂ ਸਾਡੇ ਪਵਿੱਤਰ ਅਤੇ ਧਾਰਮਿਕ ਦੇਸ਼ ਵਿਚ ਲੋਕਾਂ ਦੇ ਹੜ੍ਹ ਦੇ ਕਾਰਨ, ਯਹੋਵਾਹ ਵੱਲੋਂ ਜੀਵਨਦਾਇਕ ਬਰਕਤਾਂ ਦਾ ਵਹਾਅ ਬਹੁਤ ਜ਼ਿਆਦਾ ਵੱਧ ਗਿਆ ਹੈ। ਮੁੜ-ਬਹਾਲੀ ਦੀ ਇਕ ਹੋਰ ਭਵਿੱਖਬਾਣੀ ਨੇ ਦੱਸਿਆ ਸੀ: “ਨਿੱਕਾ ਜਿਹਾ ਹਜ਼ਾਰ ਹੋ ਜਾਵੇਗਾ ਅਤੇ ਛੋਟਾ ਇੱਕ ਬਲਵੰਤ ਕੌਮ, ਮੈਂ ਯਹੋਵਾਹ ਵੇਲੇ ਸਿਰ ਏਹ ਨੂੰ ਛੇਤੀ ਕਰਾਂਗਾ।” (ਯਸਾਯਾਹ 60:22) ਇਹ ਬਾਣੀ ਸੱਚ ਨਿੱਕਲੀ ਹੈ—ਲੱਖਾਂ ਹੀ ਲੋਕ ਸਾਡੇ ਨਾਲ ਸ਼ੁੱਧ ਉਪਾਸਨਾ ਵਿਚ ਇਕੱਠੇ ਹੋਏ ਹਨ! ਸਾਰਿਆਂ ਲਈ, ਜੋ ਉਸ ਵੱਲ ਮੁੜਦੇ ਹਨ, ਯਹੋਵਾਹ ਨੇ ਚੋਖਾ “ਪਾਣੀ” ਮੁਹੱਈਆ ਕੀਤਾ ਹੈ। (ਪਰਕਾਸ਼ ਦੀ ਪੋਥੀ 22:17) ਉਹ ਨਿਸ਼ਚਿਤ ਕਰਦਾ ਹੈ ਕਿ ਉਸ ਦਾ ਜ਼ਮੀਨੀ ਸੰਗਠਨ ਦੁਨੀਆਂ ਭਰ ਵਿਚ ਸੈਂਕੜਿਆਂ ਭਾਸ਼ਾਵਾਂ ਵਿਚ ਬਾਈਬਲਾਂ ਅਤੇ ਬਾਈਬਲ ਸਾਹਿੱਤ ਵੰਡੇ। ਇਸੇ ਤਰ੍ਹਾਂ, ਮਸੀਹੀ ਸਭਾਵਾਂ ਅਤੇ ਮਹਾਂ-ਸੰਮੇਲਨਾਂ ਦਾ ਦੁਨੀਆਂ ਭਰ ਵਿਚ ਇੰਤਜ਼ਾਮ ਕੀਤਾ ਗਿਆ ਹੈ ਤਾਂਕਿ ਸਾਰਿਆਂ ਲਈ ਸੱਚਾਈ ਦਾ ਸਾਫ਼ ਅਤੇ ਸੁੱਚਾ ਪਾਣੀ ਮੁਹੱਈਆ ਕੀਤਾ ਜਾਵੇ। ਅਜਿਹੇ ਪ੍ਰਬੰਧ ਲੋਕਾਂ ਤੇ ਕੀ ਅਸਰ ਪਾਉਂਦੇ ਹਨ?
ਪਾਣੀ ਜਾਨ ਬਖ਼ਸ਼ਦਾ ਹੈ
12. (ੳ) ਹਿਜ਼ਕੀਏਲ ਦੇ ਦਰਸ਼ਣ ਵਿਚ ਦਰਖ਼ਤਾਂ ਨੂੰ ਇੰਨੇ ਸਾਰੇ ਫਲ ਕਿਉਂ ਲੱਗਦੇ ਹਨ? (ਅ) ਅੰਤ ਦਿਆਂ ਦਿਨਾਂ ਵਿਚ ਇਹ ਫਲਦਾਰ ਦਰਖ਼ਤ ਕਿਸ ਚੀਜ਼ ਨੂੰ ਦਰਸਾਉਂਦੇ ਹਨ?
12 ਹਿਜ਼ਕੀਏਲ ਦੇ ਦਰਸ਼ਣ ਦੀ ਨਦੀ ਜਾਨ ਅਤੇ ਤੰਦਰੁਸਤੀ ਬਖ਼ਸ਼ਦੀ ਹੈ। ਜਦੋਂ ਹਿਜ਼ਕੀਏਲ ਨੂੰ ਪਤਾ ਲੱਗਦਾ ਹੈ ਕਿ ਨਦੀ ਦੇ ਨਾਲ-ਨਾਲ ਦਰਖ਼ਤ ਲੱਗੇ ਹੋਣਗੇ, ਤਾਂ ਉਸ ਨੂੰ ਦੱਸਿਆ ਜਾਂਦਾ ਹੈ: ‘ਉਨ੍ਹਾਂ ਦੇ ਪੱਤਰ ਕਦੇ ਨਾ ਸੁੱਕਣਗੇ ਅਤੇ ਉਨ੍ਹਾਂ ਦੇ ਮੇਵੇ ਕਦੇ ਨਾ ਮੁੱਕਣਗੇ ਅਤੇ ਉਨ੍ਹਾਂ ਦੇ ਮੇਵੇ ਖਾਣ ਲਈ ਅਤੇ ਉਨ੍ਹਾਂ ਦੇ ਪੱਤਰ ਦਵਾਈ ਦੇ ਕੰਮ ਆਉਣਗੇ।’ ਇਨ੍ਹਾਂ ਦਰਖ਼ਤਾਂ ਨੂੰ ਇਸ ਅਸਚਰਜ ਤਰੀਕੇ ਨਾਲ ਫਲ ਕਿਉਂ ਲੱਗਦੇ ਹਨ? “ਕਿਉਂ ਜੋ ਉਨ੍ਹਾਂ ਨੂੰ ਓਹ ਪਾਣੀ ਲੱਗਦੇ ਹਨ ਜਿਹੜੇ ਪਵਿੱਤ੍ਰ ਅਸਥਾਨ ਵਿੱਚੋਂ ਤੁਰਦੇ ਹਨ।” (ਹਿਜ਼ਕੀਏਲ 47:12ਅ) ਇਹ ਪ੍ਰਤੀਕਾਤਮਕ ਦਰਖ਼ਤ ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਦੇ ਆਧਾਰ ਤੇ, ਮਨੁੱਖਜਾਤੀ ਨੂੰ ਸੰਪੂਰਣਤਾ ਤਕ ਵਾਪਸ ਲੈ ਜਾਣ ਲਈ ਪਰਮੇਸ਼ੁਰ ਦੇ ਸਾਰੇ ਪ੍ਰਬੰਧਾਂ ਦਾ ਪੂਰਵ-ਪਰਛਾਵਾਂ ਹਨ। ਇਸ ਵੇਲੇ ਧਰਤੀ ਉੱਤੇ, ਮਸਹ ਕੀਤਾ ਹੋਇਆ ਬਕੀਆ ਰੂਹਾਨੀ ਖ਼ੁਰਾਕ ਅਤੇ ਤੰਦਰੁਸਤੀ ਪਹੁੰਚਾਉਣ ਵਿਚ ਅਗਵਾਈ ਕਰਦਾ ਹੈ। ਪਰ ਜਦੋਂ 1,44,000 ਵਿੱਚੋਂ ਹਰੇਕ ਵਿਅਕਤੀ ਨੂੰ ਆਪਣਾ ਸਵਰਗੀ ਪ੍ਰਤਿਫਲ ਪ੍ਰਾਪਤ ਹੋ ਜਾਵੇਗਾ, ਉਦੋਂ ਉਹ ਮਸੀਹ ਨਾਲ ਸਾਂਝੇ-ਰਾਜਿਆਂ ਵਜੋਂ ਜਾਜਕੀ ਸੇਵਾ ਕਰਨਗੇ। ਇਸ ਸੇਵਾ ਦੇ ਲਾਭ ਭਵਿੱਖ ਵਿਚ ਜਾਰੀ ਰਹਿਣਗੇ ਅਤੇ ਆਖ਼ਰਕਾਰ ਆਦਮ ਦੁਆਰਾ ਆਈ ਮੌਤ ਉੱਤੇ ਪੂਰੀ ਤਰ੍ਹਾਂ ਜਿੱਤ ਪਾਈ ਜਾਵੇਗੀ।—ਪਰਕਾਸ਼ ਦੀ ਪੋਥੀ 5:9, 10; 21:2-4.
13. ਸਾਡੇ ਸਮੇਂ ਵਿਚ ਲੋਕਾਂ ਨੂੰ ਕਿਸ ਤਰ੍ਹਾਂ ਰਾਜ਼ੀ ਕੀਤਾ ਜਾ ਰਿਹਾ ਹੈ?
13 ਦਰਸ਼ਣ ਵਾਲੀ ਨਦੀ ਬੇਜਾਨ ਮ੍ਰਿਤ ਸਾਗਰ ਵਿਚ ਜਾ ਪੈਂਦੀ ਹੈ ਅਤੇ ਜਿੱਥੇ ਵੀ ਇਹ ਵਗਦੀ ਹੈ, ਉੱਥੇ ਇਹ ਸਭ ਜੀਵਾਂ ਨੂੰ ਰਾਜ਼ੀ ਕਰ ਦਿੰਦੀ ਹੈ। ਇਹ ਸਾਗਰ ਧਾਰਮਿਕ ਤੌਰ ਤੇ ਮੋਏ ਮਾਹੌਲ ਨੂੰ ਦਰਸਾਉਂਦਾ ਹੈ। ਪਰ, ‘ਜਿੱਥੇ ਇਹ ਨਾਲੇ ਜਾਂਦੇ ਹਨ,’ ਉੱਥੇ ਇਹ ਜੀਵਨ ਬਖ਼ਸ਼ਦੇ ਹਨ। (ਹਿਜ਼ਕੀਏਲ 47:9) ਇਸੇ ਤਰ੍ਹਾਂ, ਅੰਤ ਦਿਆਂ ਦਿਨਾਂ ਵਿਚ, ਜਿੱਥੇ ਕਿਤੇ ਵੀ ਜੀਵਨ ਦਾ ਪਾਣੀ ਵਗਿਆ ਹੈ, ਉੱਥੇ ਲੋਕ ਧਾਰਮਿਕ ਤੌਰ ਤੇ ਜ਼ਿੰਦਾ ਹੋ ਗਏ ਹਨ। ਸਭ ਤੋਂ ਪਹਿਲਾਂ, 1919 ਵਿਚ ਮਸਹ ਕੀਤੇ ਹੋਏ ਬਕੀਏ ਵਿਚ ਦੁਬਾਰਾ ਜਾਨ ਆਈ। ਮਰੀ ਹੋਈ ਅਤੇ ਸੁਸਤ ਦਸ਼ਾ ਤੋਂ ਉਹ ਧਾਰਮਿਕ ਤੌਰ ਤੇ ਜੀ ਉੱਠੇ। (ਹਿਜ਼ਕੀਏਲ 37:1-14; ਪਰਕਾਸ਼ ਦੀ ਪੋਥੀ 11:3, 7-12) ਉਦੋਂ ਤੋਂ ਲੈ ਕੇ ਹੁਣ ਤਕ, ਇਹ ਜਾਨ ਪਾਉਣ ਵਾਲੇ ਪਾਣੀ ਧਾਰਮਿਕ ਤੌਰ ਤੇ ਮਰੇ ਹੋਏ ਦੂਸਰੇ ਲੋਕਾਂ ਤਕ ਵੀ ਪਹੁੰਚੇ ਹਨ, ਅਤੇ ਉਹ ਜੀ ਉੱਠੇ ਹਨ। ਇਹ ਉਨ੍ਹਾਂ ਹੋਰ ਭੇਡਾਂ ਦੀ ਵੱਧ ਰਹੀ ਵੱਡੀ ਭੀੜ ਹਨ ਜੋ ਯਹੋਵਾਹ ਨਾਲ ਪ੍ਰੇਮ ਕਰਦੀਆਂ ਹਨ ਅਤੇ ਉਸ ਦੀ ਸੇਵਾ ਕਰਦੀਆਂ ਹਨ। ਹੁਣ ਛੇਤੀ ਹੀ, ਵੱਡੀ ਗਿਣਤੀ ਵਿਚ ਪੁਨਰ-ਉਥਿਤ ਹੋਣ ਵਾਲੇ ਲੋਕ ਵੀ ਇਸ ਪ੍ਰਬੰਧ ਤੋਂ ਲਾਭ ਉਠਾਉਣਗੇ।
14. ਮ੍ਰਿਤ ਸਾਗਰ ਦੇ ਕੰਢੇ ਤੇ ਮੱਛੀ-ਵਪਾਰ ਦਾ ਵਧਣਾ-ਫੁੱਲਣਾ ਅੱਜ ਕਿਸ ਗੱਲ ਨੂੰ ਦਰਸਾਉਂਦਾ ਹੈ?
14 ਧਾਰਮਿਕ ਚੁਸਤੀ ਦਾ ਨਤੀਜਾ ਉਪਜਾਇਕਤਾ ਹੈ। ਇਹ ਇਸ ਗੱਲ ਤੋਂ ਦੇਖਿਆ ਜਾ ਸਕਦਾ ਹੈ ਕਿ ਮ੍ਰਿਤ ਸਾਗਰ, ਜੋ ਕਦੇ ਬੇਜਾਨ ਹੋਇਆ ਕਰਦਾ ਸੀ, ਦੇ ਕੰਢਿਆਂ ਤੇ ਮੱਛੀ-ਵਪਾਰ ਵਧਣ-ਫੁੱਲਣ ਲੱਗਦਾ ਹੈ। ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਕਿਹਾ ਸੀ: “ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ।” (ਮੱਤੀ 4:19) ਅੰਤ ਦਿਆਂ ਦਿਨਾਂ ਵਿਚ, ਮੱਛੀ ਫੜਨ ਦਾ ਕੰਮ ਮਸਹ ਕੀਤੇ ਹੋਇਆਂ ਦੇ ਬਕੀਏ ਨੂੰ ਇਕੱਠਾ ਕਰਨ ਨਾਲ ਸ਼ੁਰੂ ਹੋਇਆ, ਪਰ ਇਹ ਇੱਥੇ ਹੀ ਖ਼ਤਮ ਨਹੀਂ ਹੋਇਆ। ਯਹੋਵਾਹ ਦੀ ਰੂਹਾਨੀ ਹੈਕਲ ਤੋਂ ਵਗਦਾ ਜੀਵਨਦਾਇਕ ਪਾਣੀ, ਜਿਸ ਵਿਚ ਸਹੀ ਗਿਆਨ ਦੀ ਬਰਕਤ ਵੀ ਸ਼ਾਮਲ ਹੈ, ਸਾਰੀਆਂ ਕੌਮਾਂ ਦੇ ਲੋਕਾਂ ਉੱਤੇ ਅਸਰ ਪਾਉਂਦਾ ਹੈ। ਜਿੱਥੇ ਕਿਤੇ ਉਹ ਨਾਲ਼ਾ ਪਹੁੰਚਿਆ, ਨਤੀਜਾ ਰੂਹਾਨੀ ਜੀਵਨ ਹੋਇਆ ਹੈ।
15. ਕਿਹੜੀ ਗੱਲ ਦਿਖਾਉਂਦੀ ਹੈ ਕਿ ਜੀਵਨ ਲਈ ਪਰਮੇਸ਼ੁਰ ਦੇ ਪ੍ਰਬੰਧਾਂ ਨੂੰ ਹਰ ਕੋਈ ਸਵੀਕਾਰ ਨਹੀਂ ਕਰੇਗਾ, ਅਤੇ ਅੰਤ ਵਿਚ ਇਹੋ ਜਿਹੇ ਲੋਕਾਂ ਦਾ ਕੀ ਹੋਵੇਗਾ?
15 ਇਹ ਸੱਚ ਹੈ ਕਿ ਹੁਣ ਸਾਰੇ ਲੋਕ ਜੀਵਨ ਦਾ ਸੰਦੇਸ਼ ਸੁਣਨਾ ਨਹੀਂ ਚਾਹੁੰਦੇ ਹਨ; ਨਾ ਹੀ ਮਸੀਹ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੌਰਾਨ ਜੀ ਉਠਾਏ ਜਾਣ ਵਾਲਿਆਂ ਵਿੱਚੋਂ ਸਾਰੇ ਲੋਕ ਸੁਣਨਾ ਚਾਹੁਣਗੇ। (ਯਸਾਯਾਹ 65:20; ਪਰਕਾਸ਼ ਦੀ ਪੋਥੀ 21:8) ਦੂਤ ਕਹਿੰਦਾ ਹੈ ਕਿ ਸਾਗਰ ਦੇ ਕੁਝ ਹਿੱਸੇ ਤਾਜ਼ਾ ਨਹੀਂ ਕੀਤੇ ਜਾਂਦੇ ਹਨ। ਇਹ ਚਿੱਕੜ ਭਰੀਆਂ, ਬੇਜਾਨ ਥਾਵਾਂ “ਲੂਣ ਵਾਲੀਆਂ ਹੀ ਰਹਿਣਗੀਆਂ।” (ਹਿਜ਼ਕੀਏਲ 47:11) ਸਾਡੇ ਦਿਨਾਂ ਦੇ ਲੋਕਾਂ ਵਿੱਚੋਂ ਵੀ ਸਾਰੇ ਯਹੋਵਾਹ ਦੇ ਜੀਵਨਦਾਇਕ ਪਾਣੀ ਨੂੰ ਸਵੀਕਾਰ ਨਹੀਂ ਕਰਦੇ ਹਨ। (ਯਸਾਯਾਹ 6:10) ਆਰਮਾਗੇਡਨ ਦੇ ਸਮੇਂ, ਜਿਨ੍ਹਾਂ ਵਿਅਕਤੀਆਂ ਨੇ ਰੂਹਾਨੀ ਤੌਰ ਤੇ ਬੇਜਾਨ ਅਤੇ ਬੀਮਾਰ ਦਸ਼ਾ ਵਿਚ ਰਹਿਣਾ ਚੁਣਿਆ ਹੈ, ਉਹ ਲੂਣ ਵਾਲੇ ਹੀ ਰਹਿਣਗੇ, ਯਾਨੀ ਕਿ, ਸਦਾ ਲਈ ਨਸ਼ਟ ਕੀਤੇ ਜਾਣਗੇ। (ਪਰਕਾਸ਼ ਦੀ ਪੋਥੀ 19:11-21) ਲੇਕਿਨ, ਇਨ੍ਹਾਂ ਪਾਣੀਆਂ ਨੂੰ ਵਫ਼ਾਦਾਰੀ ਨਾਲ ਪੀਣ ਵਾਲੇ ਵਿਅਕਤੀ ਬਚ ਕੇ ਇਸ ਭਵਿੱਖਬਾਣੀ ਦੀ ਆਖ਼ਰੀ ਪੂਰਤੀ ਦੇਖਣ ਦੀ ਆਸ ਰੱਖ ਸਕਦੇ ਹਨ।
ਫਿਰਦੌਸ ਵਿਚ ਨਦੀ ਵਗਦੀ ਹੈ
16. ਹੈਕਲ ਬਾਰੇ ਹਿਜ਼ਕੀਏਲ ਦੇ ਦਰਸ਼ਣ ਦੀ ਆਖ਼ਰੀ ਪੂਰਤੀ ਕਦੋਂ ਅਤੇ ਕਿਵੇਂ ਹੋਵੇਗੀ?
16 ਮੁੜ-ਬਹਾਲੀ ਦੀਆਂ ਹੋਰ ਭਵਿੱਖਬਾਣੀਆਂ ਵਾਂਗ, ਹੈਕਲ ਬਾਰੇ ਹਿਜ਼ਕੀਏਲ ਦੇ ਦਰਸ਼ਣ ਦੀ ਵੀ ਹਜ਼ਾਰ ਵਰ੍ਹਿਆਂ ਦੇ ਰਾਜ ਦੌਰਾਨ ਆਖ਼ਰੀ ਪੂਰਤੀ ਹੁੰਦੀ ਹੈ। ਉਦੋਂ ਜਾਜਕੀ ਵਰਗ ਇੱਥੇ ਧਰਤੀ ਤੇ ਨਹੀਂ ਹੋਵੇਗਾ। “ਓਹ ਪਰਮੇਸ਼ੁਰ ਅਤੇ ਮਸੀਹ ਦੇ ਜਾਜਕ ਹੋਣਗੇ ਅਤੇ ਉਹ ਦੇ ਨਾਲ [ਸਵਰਗ ਵਿਚ] ਹਜ਼ਾਰ ਵਰ੍ਹੇ ਰਾਜ ਕਰਨਗੇ।” (ਪਰਕਾਸ਼ ਦੀ ਪੋਥੀ 20:6) ਇਹ ਸਵਰਗੀ ਜਾਜਕ ਮਸੀਹ ਦੇ ਨਾਲ ਮਿਲ ਕੇ ਉਸ ਦੇ ਰਿਹਾਈ-ਕੀਮਤ ਬਲੀਦਾਨ ਦਾ ਲਾਭ ਮੁਹੱਈਆ ਕਰਨਗੇ। ਇਸ ਤਰ੍ਹਾਂ, ਧਰਮੀ ਮਨੁੱਖਜਾਤੀ ਬਚਾਈ ਜਾਵੇਗੀ ਅਤੇ ਸੰਪੂਰਣਤਾ ਤਕ ਵਾਪਸ ਲਿਆਂਦੀ ਜਾਵੇਗੀ!—ਯੂਹੰਨਾ 3:17.
17, 18. (ੳ) ਪਰਕਾਸ਼ ਦੀ ਪੋਥੀ 22:1, 2 ਵਿਚ ਜੀਵਨਦਾਇਕ ਨਦੀ ਦਾ ਵਰਣਨ ਕਿਸ ਤਰ੍ਹਾਂ ਕੀਤਾ ਗਿਆ ਹੈ, ਅਤੇ ਇਸ ਦਰਸ਼ਣ ਦੀ ਮੁੱਖ ਪੂਰਤੀ ਕਦੋਂ ਹੋਵੇਗੀ? (ਅ) ਫਿਰਦੌਸ ਵਿਚ ਅਮ੍ਰਿਤ ਜਲ ਦੀ ਨਦੀ ਦਾ ਵੱਡਾ ਵਿਸਤਾਰ ਕਿਉਂ ਹੋਵੇਗਾ?
17 ਅਸਲ ਵਿਚ, ਹਿਜ਼ਕੀਏਲ ਦੁਆਰਾ ਦੇਖੀ ਗਈ ਨਦੀ ਦਾ ਪਾਣੀ ਉਦੋਂ ਸਭ ਤੋਂ ਅਸਰਦਾਰ ਤਰੀਕੇ ਨਾਲ ਜੀਵਨ ਬਖ਼ਸ਼ੇਗਾ। ਪਰਕਾਸ਼ ਦੀ ਪੋਥੀ 22:1, 2 ਵਿਚ ਦਰਜ ਭਵਿੱਖਬਾਣੀ ਦੇ ਲਾਗੂ ਹੋਣ ਦਾ ਇਹ ਮੁੱਖ ਸਮਾਂ ਹੈ: “ਓਸ ਨੇ ਅੰਮ੍ਰਿਤ ਜਲ ਦੀ ਇੱਕ ਨਦੀ ਬਲੌਰ ਵਾਂਙੁ ਉੱਜਲ ਪਰਮੇਸ਼ੁਰ ਅਤੇ ਲੇਲੇ ਦੇ ਸਿੰਘਾਸਣ ਵਿੱਚੋਂ ਨਿੱਕਲਦੀ ਓਸ ਨਗਰੀ ਦੇ ਚੌਂਕ ਦੇ ਵਿਚਕਾਰ ਮੈਨੂੰ ਵਿਖਾਈ। ਓਸ ਨਦੀ ਦੇ ਉਰਾਰ ਪਾਰ ਜੀਵਨ ਦਾ ਬਿਰਛ ਹੈ ਜਿਹ ਨੂੰ ਬਾਰਾਂ ਪਰਕਾਰ ਦੇ ਫਲ ਲੱਗਦੇ ਹਨ ਅਤੇ ਓਹ ਆਪਣਾ ਫਲ ਮਹੀਨਾ ਮਹੀਨਾ ਦਿੰਦਾ ਹੈ ਅਤੇ ਓਸ ਬਿਰਛ ਦੇ ਪੱਤੇ ਕੌਮਾਂ ਦੇ ਇਲਾਜ ਦੇ ਲਈ ਹਨ।”
18 ਹਜ਼ਾਰ ਵਰ੍ਹਿਆਂ ਦੇ ਰਾਜ ਦੌਰਾਨ, ਸਾਰੀਆਂ ਬੀਮਾਰੀਆਂ—ਸਰੀਰਕ, ਮਾਨਸਿਕ, ਅਤੇ ਭਾਵਾਤਮਕ—ਠੀਕ ਕੀਤੀਆਂ ਜਾਣਗੀਆਂ। ਇਹ ਪ੍ਰਤੀਕਾਤਮਕ ਦਰਖ਼ਤਾਂ ਦੇ ਜ਼ਰੀਏ “ਕੌਮਾਂ ਦੇ ਇਲਾਜ” ਦੁਆਰਾ ਦਰਸਾਇਆ ਗਿਆ ਹੈ। ਮਸੀਹ ਅਤੇ 1,44,000 ਵਿਅਕਤੀਆਂ ਰਾਹੀਂ ਲਾਗੂ ਕੀਤੇ ਗਏ ਪ੍ਰਬੰਧਾਂ ਸਦਕਾ, “ਕੋਈ ਵਾਸੀ ਨਾ ਆਖੇਗਾ, ਮੈਂ ਬੀਮਾਰ ਹਾਂ।” (ਯਸਾਯਾਹ 33:24) ਅਤੇ ਉਸ ਸਮੇਂ ਨਦੀ ਦਾ ਸਭ ਤੋਂ ਜ਼ਿਆਦਾ ਵਿਸਤਾਰ ਹੋਵੇਗਾ। ਉਸ ਨੂੰ ਜੀ ਉੱਠਣ ਵਾਲੇ ਲੱਖਾਂ, ਸ਼ਾਇਦ ਅਰਬਾਂ ਹੀ ਇਨਸਾਨਾਂ ਦੀ ਲੋੜ ਪੂਰੀ ਕਰਨ ਲਈ ਹੋਰ ਜ਼ਿਆਦਾ ਚੌੜੀ ਅਤੇ ਡੂੰਘੀ ਹੋਣਾ ਪਵੇਗਾ। ਉਹ ਜੀਵਨ ਦਾ ਸੁੱਚਾ ਪਾਣੀ ਇਸ ਵਿੱਚੋਂ ਪੀਣਗੇ। ਦਰਸ਼ਣ ਵਿਚ, ਨਦੀ ਨੇ ਮ੍ਰਿਤ ਸਾਗਰ ਨੂੰ ਤਾਜ਼ਾ ਕੀਤਾ ਅਤੇ ਜਿੱਥੇ ਕਿਤੇ ਵੀ ਉਸ ਦੇ ਪਾਣੀ ਗਏ ਉੱਥੇ ਉਨ੍ਹਾਂ ਨੇ ਜਾਨ ਬਖ਼ਸ਼ੀ। ਫਿਰਦੌਸ ਵਿਚ, ਆਦਮੀ ਅਤੇ ਔਰਤਾਂ ਪੂਰੇ ਅਰਥ ਵਿਚ ਜ਼ਿੰਦਾ ਕੀਤੇ ਜਾਣਗੇ। ਜੇਕਰ ਉਹ ਰਿਹਾਈ-ਕੀਮਤ ਦੇ ਲਾਭਾਂ ਵਿਚ ਨਿਹਚਾ ਕਰਨਗੇ, ਤਾਂ ਉਹ ਉਸ ਮੌਤ ਤੋਂ ਮੁਕਤ ਕੀਤੇ ਜਾਣਗੇ ਜੋ ਉਨ੍ਹਾਂ ਨੇ ਆਦਮ ਤੋਂ ਵਿਰਸੇ ਵਿਚ ਪਾਈ ਹੈ। ਪਰਕਾਸ਼ ਦੀ ਪੋਥੀ 20:12 ਪਹਿਲਾਂ ਹੀ ਦੱਸਦੀ ਹੈ ਕਿ ਉਨ੍ਹਾਂ ਦਿਨਾਂ ਵਿਚ “ਪੋਥੀਆਂ” ਖੋਲ੍ਹੀਆਂ ਜਾਣਗੀਆਂ, ਜੋ ਸਮਝ ਉੱਤੇ ਹੋਰ ਚਾਨਣ ਪਾਉਣਗੀਆਂ, ਜਿਸ ਤੋਂ ਜੀ ਉੱਠਣ ਵਾਲੇ ਇਨਸਾਨ ਲਾਭ ਪ੍ਰਾਪਤ ਕਰਨਗੇ। ਪਰ ਦੁੱਖ ਦੀ ਗੱਲ ਹੈ ਕਿ ਫਿਰਦੌਸ ਵਿਚ ਵੀ ਕੁਝ ਇਨਸਾਨ ਤੰਦਰੁਸਤ ਹੋਣ ਤੋਂ ਇਨਕਾਰ ਕਰਨਗੇ। ਇਹ ਬਾਗ਼ੀ ‘ਲੂਣ ਵਾਲੇ ਹੀ ਰਹਿਣਗੇ’ ਅਤੇ ਹਮੇਸ਼ਾ ਲਈ ਨਸ਼ਟ ਕੀਤੇ ਜਾਣਗੇ।—ਪਰਕਾਸ਼ ਦੀ ਪੋਥੀ 20:15.
19. (ੳ) ਦੇਸ਼ ਦੀ ਵੰਡਾਈ ਦੀ ਭਵਿੱਖਬਾਣੀ ਫਿਰਦੌਸ ਵਿਚ ਕਿਸ ਤਰ੍ਹਾਂ ਪੂਰੀ ਹੋਵੇਗੀ? (ਅ) ਫਿਰਦੌਸ ਵਿਚ ਸ਼ਹਿਰ ਕਿਸ ਪ੍ਰਬੰਧ ਨੂੰ ਦਰਸਾਉਂਦਾ ਹੈ? (ੲ) ਇਸ ਦੀ ਕੀ ਮਹੱਤਤਾ ਹੈ ਕਿ ਸ਼ਹਿਰ ਹੈਕਲ ਤੋਂ ਕੁਝ ਦੂਰੀ ਤੇ ਹੈ?
19 ਹਿਜ਼ਕੀਏਲ ਦੇ ਦਰਸ਼ਣ ਵਾਲੇ ਦੇਸ਼ ਦੀ ਵੰਡਾਈ ਦੀ ਆਖ਼ਰੀ ਪੂਰਤੀ ਵੀ ਉਸ ਵੇਲੇ ਹੀ ਹੋਵੇਗੀ। ਹਿਜ਼ਕੀਏਲ ਨੇ ਦੇਸ਼ ਨੂੰ ਸਹੀ ਤਰ੍ਹਾਂ ਵੰਡਿਆ ਜਾਂਦਾ ਦੇਖਿਆ; ਇਸੇ ਤਰ੍ਹਾਂ ਹਰੇਕ ਵਫ਼ਾਦਾਰ ਮਸੀਹੀ ਯਕੀਨ ਕਰ ਸਕਦਾ ਹੈ ਕਿ ਫਿਰਦੌਸ ਵਿਚ ਉਸ ਲਈ ਜ਼ਮੀਨ, ਇਕ ਵਿਰਾਸਤ, ਹੋਵੇਗੀ। ਸਭ ਦਾ ਆਪਣਾ-ਆਪਣਾ ਘਰ ਹੋਣ ਦੀ ਅਤੇ ਉਸ ਦੀ ਦੇਖ-ਭਾਲ ਕਰਨ ਦੀ ਇੱਛਾ ਇਕ ਵਿਵਸਥਿਤ ਤਰੀਕੇ ਨਾਲ ਪੂਰੀ ਕੀਤੀ ਜਾਵੇਗੀ। (ਯਸਾਯਾਹ 65:21; 1 ਕੁਰਿੰਥੀਆਂ 14:33) ਹਿਜ਼ਕੀਏਲ ਨੇ ਜਿਹੜਾ ਸ਼ਹਿਰ ਦੇਖਿਆ ਸੀ, ਉਹ ਉਸ ਪ੍ਰਬੰਧਕੀ ਇੰਤਜ਼ਾਮ ਨੂੰ ਦਰਸਾਉਂਦਾ ਹੈ ਜੋ ਯਹੋਵਾਹ ਨਵੀਂ ਧਰਤੀ ਉੱਤੇ ਕਾਇਮ ਕਰਨ ਦਾ ਇਰਾਦਾ ਰੱਖਦਾ ਹੈ। ਮਸਹ ਕੀਤਾ ਹੋਇਆ ਜਾਜਕੀ ਵਰਗ ਸਰੀਰਕ ਤੌਰ ਤੇ ਮਨੁੱਖਜਾਤੀ ਵਿਚ ਮੌਜੂਦ ਨਹੀਂ ਹੋਵੇਗਾ। ਇਸ ਗੱਲ ਦਾ ਸੰਕੇਤ ਦਰਸ਼ਣ ਵਿਚ ਦਿੱਤਾ ਗਿਆ ਹੈ, ਜਿਸ ਵਿਚ ਸ਼ਹਿਰ ਨੂੰ “ਸ਼ਾਮਲਾਤ” ਇਲਾਕੇ ਵਿਚ ਦਿਖਾਇਆ ਗਿਆ ਹੈ ਜੋ ਕਿ ਹੈਕਲ ਤੋਂ ਕੁਝ ਦੂਰੀ ਤੇ ਹੈ। (ਹਿਜ਼ਕੀਏਲ 48:15) ਹਾਲਾਂਕਿ ਮਸੀਹ ਦੇ ਨਾਲ 1,44,000 ਸਵਰਗ ਵਿਚ ਰਾਜ ਕਰਨਗੇ, ਪਰ ਉਸ ਸਮੇਂ ਧਰਤੀ ਉੱਤੇ ਵੀ ਰਾਜੇ ਦੇ ਪ੍ਰਤਿਨਿਧ ਹੋਣਗੇ। ਉਸ ਦੀ ਮਾਨਵੀ ਪਰਜਾ ਨੂੰ ਰਾਜਕੁਮਾਰ ਵਰਗ ਦੀ ਪ੍ਰੇਮਮਈ ਅਗਵਾਈ ਅਤੇ ਨਿਗਰਾਨੀ ਤੋਂ ਪੂਰਾ ਲਾਭ ਮਿਲੇਗਾ। ਪਰ ਸਰਕਾਰ ਦੀ ਅਸਲੀ ਰਾਜਧਾਨੀ ਧਰਤੀ ਤੇ ਨਹੀਂ, ਬਲਕਿ ਸਵਰਗ ਵਿਚ ਹੋਵੇਗੀ। ਧਰਤੀ ਉੱਤੇ ਸਾਰੇ ਲੋਕ ਅਤੇ ਰਾਜਕੁਮਾਰ ਵਰਗ ਵੀ ਮਸੀਹਾਈ ਰਾਜ ਦੇ ਅਧੀਨ ਹੋਣਗੇ।—ਦਾਨੀਏਲ 2:44; 7:14, 18, 22.
20, 21. (ੳ) ਸ਼ਹਿਰ ਦਾ ਨਾਂ ਕਿਉਂ ਢੁਕਵਾਂ ਹੈ? (ਅ) ਹਿਜ਼ਕੀਏਲ ਦੇ ਦਰਸ਼ਣ ਨੂੰ ਸਮਝਣ ਤੋਂ ਬਾਅਦ ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
20 ਹਿਜ਼ਕੀਏਲ ਦੀ ਭਵਿੱਖਬਾਣੀ ਦੇ ਆਖ਼ਰੀ ਸ਼ਬਦਾਂ ਵੱਲ ਧਿਆਨ ਦਿਓ: “ਸ਼ਹਿਰ ਦਾ ਨਾਉਂ ਉਸੇ ਦਿਨ ਤੋਂ ਇਹ ਹੋਵੇਗਾ ਕਿ ‘ਯਹੋਵਾਹ ਉੱਥੇ ਹੈ’।” (ਹਿਜ਼ਕੀਏਲ 48:35) ਇਹ ਸ਼ਹਿਰ ਮਨੁੱਖਾਂ ਨੂੰ ਸੱਤਾ ਜਾਂ ਸ਼ਕਤੀ ਦੇਣ ਲਈ ਨਹੀਂ ਹੈ; ਨਾ ਹੀ ਇਹ ਕਿਸੇ ਮਾਨਵ ਦੀ ਮਰਜ਼ੀ ਪੂਰੀ ਕਰਨ ਲਈ ਹੈ। ਇਹ ਯਹੋਵਾਹ ਦਾ ਸ਼ਹਿਰ ਹੈ, ਜੋ ਹਮੇਸ਼ਾ ਉਸ ਦੀ ਸੋਚ ਅਤੇ ਉਸ ਦੇ ਪ੍ਰੇਮਮਈ ਅਤੇ ਉਚਿਤ ਤਰੀਕਿਆਂ ਨੂੰ ਪ੍ਰਗਟ ਕਰਦਾ ਹੈ। (ਯਾਕੂਬ 3:17) ਇਸ ਤੋਂ ਸਾਨੂੰ ਨਿੱਘਾ ਹੌਸਲਾ ਮਿਲਦਾ ਹੈ ਕਿ ਯਹੋਵਾਹ ਮਨੁੱਖਜਾਤੀ ਦੀ ਵਿਵਸਥਿਤ “ਨਵੀਂ ਧਰਤੀ” ਦੇ ਸਮਾਜ ਨੂੰ ਸਦਾ ਲਈ ਬਰਕਤ ਦੇਵੇਗਾ।—2 ਪਤਰਸ 3:13.
21 ਕੀ ਅਸੀਂ ਅਜਿਹੇ ਭਵਿੱਖ ਬਾਰੇ ਸੋਚ ਕੇ ਉਤੇਜਿਤ ਨਹੀਂ ਹੁੰਦੇ? ਤਾਂ ਫਿਰ, ਸਾਡੇ ਵਿੱਚੋਂ ਹਰੇਕ ਲਈ ਇਹ ਪੁੱਛਣਾ ਚੰਗਾ ਹੋਵੇਗਾ: ‘ਮੈਂ ਹਿਜ਼ਕੀਏਲ ਦੇ ਦਰਸ਼ਣ ਵਿਚ ਦਿਖਾਈਆਂ ਗਈਆਂ ਸ਼ਾਨਦਾਰ ਬਰਕਤਾਂ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦਾ ਹਾਂ? ਕੀ ਮੈਂ ਪ੍ਰੇਮਮਈ ਨਿਗਾਹਬਾਨਾਂ ਦੁਆਰਾ ਕੀਤੇ ਜਾ ਰਹੇ ਕੰਮ ਨੂੰ ਵਫ਼ਾਦਾਰੀ ਨਾਲ ਸਮਰਥਨ ਦਿੰਦਾ ਹਾਂ, ਜਿਨ੍ਹਾਂ ਵਿਚ ਮਸਹ ਕੀਤੇ ਹੋਏ ਬਕੀਏ ਦਾ ਕੰਮ ਅਤੇ ਰਾਜਕੁਮਾਰ ਵਰਗ ਦੇ ਸੰਭਾਵੀ ਮੈਂਬਰਾਂ ਦਾ ਕੰਮ ਵੀ ਸ਼ਾਮਲ ਹੈ? ਕੀ ਸ਼ੁੱਧ ਉਪਾਸਨਾ ਮੇਰੀ ਜ਼ਿੰਦਗੀ ਵਿਚ ਸਭ ਤੋਂ ਮਹੱਤਵਪੂਰਣ ਚੀਜ਼ ਹੈ? ਕੀ ਮੈਂ ਜੀਵਨ ਦੇ ਪਾਣੀ ਦਾ ਪੂਰਾ ਲਾਭ ਉੱਠਾ ਰਿਹਾ ਹਾਂ, ਜੋ ਅੱਜ ਬਹੁਤਾਤ ਵਿਚ ਵਗ ਰਿਹਾ ਹੈ?’ ਆਓ ਆਪਾਂ ਸਾਰੇ ਇਸੇ ਤਰ੍ਹਾਂ ਕਰਦੇ ਰਹੀਏ ਅਤੇ ਯਹੋਵਾਹ ਦੇ ਪ੍ਰਬੰਧਾਂ ਦਾ ਆਨੰਦ ਸਦਾ ਲਈ ਮਾਣਦੇ ਰਹੀਏ!
[ਫੁਟਨੋਟ]
a ਇਹ ਵਾਦੀ ਸ਼ਾਇਦ ਕਿਦਰੋਨ ਦੀ ਵਾਦੀ ਹੈ, ਜੋ ਯਰੂਸ਼ਲਮ ਤੋਂ ਸ਼ੁਰੂ ਹੋ ਕੇ ਦੱਖਣ-ਪੂਰਬ ਵੱਲ ਮ੍ਰਿਤ ਸਾਗਰ ਤਕ ਜਾ ਕੇ ਖ਼ਤਮ ਹੁੰਦੀ ਹੈ। ਇਸ ਦੇ ਹੇਠਲੇ ਹਿੱਸੇ ਵਿਚ ਇਹ ਸਾਲ ਭਰ ਸੁੱਕੀ ਹੀ ਰਹਿੰਦੀ ਹੈ।
b ਪਹਿਰਾਬੁਰਜ 1 ਮਈ 1881 ਅਤੇ 1 ਜੂਨ 1981, (ਅੰਗ੍ਰੇਜ਼ੀ) ਦੇਖੋ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ਹੈਕਲ ਤੋਂ ਵਗਦਾ ਪਾਣੀ ਕਿਸ ਚੀਜ਼ ਨੂੰ ਦਰਸਾਉਂਦਾ ਹੈ?
◻ ਯਹੋਵਾਹ ਨੇ ਪ੍ਰਤੀਕਾਤਮਕ ਨਦੀ ਦੁਆਰਾ ਲੋਕਾਂ ਨੂੰ ਕਿਸ ਤਰ੍ਹਾਂ ਚੰਗਾ ਕੀਤਾ ਹੈ, ਅਤੇ ਇਸ ਨਦੀ ਦਾ ਵਹਾਅ ਤੇਜ਼ ਕਿਉਂ ਹੋਇਆ ਹੈ?
◻ ਨਦੀ ਦੇ ਕੰਢੇ ਤੇ ਲੱਗੇ ਹੋਏ ਦਰਖ਼ਤ ਕਿਸ ਚੀਜ਼ ਨੂੰ ਦਰਸਾਉਂਦੇ ਹਨ?
◻ ਹਜ਼ਾਰ ਵਰ੍ਹਿਆਂ ਦੇ ਰਾਜ ਦੌਰਾਨ ਸ਼ਹਿਰ ਕਿਸ ਚੀਜ਼ ਨੂੰ ਦਰਸਾਵੇਗਾ, ਅਤੇ ਸ਼ਹਿਰ ਦਾ ਨਾਂ ਕਿਉਂ ਢੁਕਵਾਂ ਹੈ?
[ਸਫ਼ੇ 18 ਉੱਤੇ ਤਸਵੀਰਾਂ]
ਅਮ੍ਰਿਤ ਜਲ ਦੀ ਨਦੀ, ਮੁਕਤੀ ਲਈ ਪਰਮੇਸ਼ੁਰ ਦੇ ਪ੍ਰਬੰਧ ਨੂੰ ਦਰਸਾਉਂਦੀ ਹੈ