ਅਧਿਆਇ 20
‘ਦੇਸ਼ ਦੀ ਜ਼ਮੀਨ ਦੀ ਵੰਡ ਕਰ ਕੇ ਵਿਰਾਸਤ ਵਜੋਂ ਦਿਓ’
ਮੁੱਖ ਗੱਲ: ਦੇਸ਼ ਦੀ ਜ਼ਮੀਨ ਦੀ ਵੰਡ ਕਰਨ ਦਾ ਕੀ ਮਤਲਬ ਹੈ
1, 2. (ੳ) ਯਹੋਵਾਹ ਤੋਂ ਹਿਜ਼ਕੀਏਲ ਨੂੰ ਕਿਹੜੀਆਂ ਹਿਦਾਇਤਾਂ ਮਿਲੀਆਂ? (ਅ) ਅਸੀਂ ਕਿਨ੍ਹਾਂ ਸਵਾਲਾਂ ʼਤੇ ਗੌਰ ਕਰਾਂਗੇ?
ਹਿਜ਼ਕੀਏਲ ਨੇ ਹੁਣੇ-ਹੁਣੇ ਇਕ ਦਰਸ਼ਣ ਦੇਖਿਆ ਹੈ ਜਿਸ ਤੋਂ ਉਸ ਨੂੰ ਮੂਸਾ ਅਤੇ ਯਹੋਸ਼ੁਆ ਦਾ ਜ਼ਮਾਨਾ ਯਾਦ ਆ ਗਿਆ। ਤਕਰੀਬਨ 900 ਸਾਲ ਪਹਿਲਾਂ ਯਹੋਵਾਹ ਨੇ ਮੂਸਾ ਨੂੰ ਦੱਸਿਆ ਸੀ ਕਿ ਵਾਅਦਾ ਕੀਤੇ ਗਏ ਦੇਸ਼ ਦੀਆਂ ਸਰਹੱਦਾਂ ਕਿੱਥੋਂ ਲੈ ਕੇ ਕਿੱਥੇ ਤਕ ਸਨ। ਬਾਅਦ ਵਿਚ ਪਰਮੇਸ਼ੁਰ ਨੇ ਯਹੋਸ਼ੁਆ ਨੂੰ ਦੱਸਿਆ ਕਿ ਉਸ ਨੂੰ ਜ਼ਮੀਨ ਇਜ਼ਰਾਈਲ ਦੇ ਗੋਤਾਂ ਵਿਚ ਕਿਵੇਂ ਵੰਡਣੀ ਚਾਹੀਦੀ ਸੀ। (ਗਿਣ. 34:1-15; ਯਹੋ. 13:7; 22:4, 9) ਪਰ ਹੁਣ 593 ਈਸਵੀ ਪੂਰਵ ਵਿਚ ਯਹੋਵਾਹ ਨੇ ਹਿਜ਼ਕੀਏਲ ਅਤੇ ਗ਼ੁਲਾਮ ਯਹੂਦੀਆਂ ਨੂੰ ਕਿਹਾ ਕਿ ਵਾਅਦਾ ਕੀਤੇ ਗਏ ਦੇਸ਼ ਦੀ ਜ਼ਮੀਨ ਫਿਰ ਤੋਂ ਇਜ਼ਰਾਈਲ ਦੇ ਗੋਤਾਂ ਵਿਚ ਵੰਡੀ ਜਾਵੇ।—ਹਿਜ਼. 45:1; 47:14; 48:29.
2 ਇਹ ਦਰਸ਼ਣ ਹਿਜ਼ਕੀਏਲ ਅਤੇ ਬਾਕੀ ਗ਼ੁਲਾਮ ਯਹੂਦੀਆਂ ਲਈ ਕੀ ਮਾਅਨੇ ਰੱਖਦਾ ਸੀ? ਅੱਜ ਪਰਮੇਸ਼ੁਰ ਦੇ ਲੋਕਾਂ ਨੂੰ ਇਸ ਦਰਸ਼ਣ ਦੀਆਂ ਗੱਲਾਂ ਜਾਣ ਕੇ ਕਿਵੇਂ ਹੌਸਲਾ ਮਿਲਦਾ ਹੈ? ਕੀ ਇਹ ਭਵਿੱਖਬਾਣੀ ਅੱਗੇ ਚੱਲ ਕੇ ਵੱਡੇ ਪੈਮਾਨੇ ʼਤੇ ਪੂਰੀ ਹੋਵੇਗੀ?
ਦਰਸ਼ਣ ਵਿਚ ਚਾਰ ਬਰਕਤਾਂ ਦਾ ਵਾਅਦਾ ਕੀਤਾ ਗਿਆ
3, 4. (ੳ) ਹਿਜ਼ਕੀਏਲ ਦੇ ਆਖ਼ਰੀ ਦਰਸ਼ਣ ਵਿਚ ਯਹੋਵਾਹ ਨੇ ਕਿਹੜੇ ਚਾਰ ਵਾਅਦੇ ਕੀਤੇ? (ਅ) ਇਸ ਅਧਿਆਇ ਵਿਚ ਅਸੀਂ ਕਿਸ ਵਾਅਦੇ ਬਾਰੇ ਗੱਲ ਕਰਾਂਗੇ?
3 ਹਿਜ਼ਕੀਏਲ ਦੁਆਰਾ ਦੇਖਿਆ ਆਖ਼ਰੀ ਦਰਸ਼ਣ ਉਸ ਦੀ ਕਿਤਾਬ ਦੇ ਨੌਂ ਅਧਿਆਵਾਂ ਵਿਚ ਦਰਜ ਹੈ। (ਹਿਜ਼. 40:1–48:35) ਇਸ ਦਰਸ਼ਣ ਜ਼ਰੀਏ ਗ਼ੁਲਾਮ ਯਹੂਦੀਆਂ ਨੂੰ ਚਾਰ ਗੱਲਾਂ ਦਾ ਭਰੋਸਾ ਦਿਵਾਇਆ ਗਿਆ। ਉਹ ਕਿਹੜੀਆਂ ਚਾਰ ਗੱਲਾਂ ਸਨ? ਪਹਿਲੀ ਇਹ ਸੀ ਕਿ ਮੁੜ ਬਹਾਲ ਹੋਏ ਇਜ਼ਰਾਈਲ ਦੇਸ਼ ਵਿਚ ਪਰਮੇਸ਼ੁਰ ਦੇ ਮੰਦਰ ਵਿਚ ਫਿਰ ਤੋਂ ਸ਼ੁੱਧ ਭਗਤੀ ਕੀਤੀ ਜਾਵੇਗੀ। ਦੂਜੀ, ਪਰਮੇਸ਼ੁਰ ਦੇ ਮਿਆਰਾਂ ʼਤੇ ਚੱਲਣ ਵਾਲੇ ਪੁਜਾਰੀ ਅਤੇ ਚਰਵਾਹੇ ਇਸ ਕੌਮ ਦੀ ਅਗਵਾਈ ਕਰਨਗੇ। ਤੀਜੀ, ਇਜ਼ਰਾਈਲ ਵਾਪਸ ਆਉਣ ਵਾਲੇ ਸਾਰੇ ਲੋਕਾਂ ਨੂੰ ਜ਼ਮੀਨ ਮਿਲੇਗੀ। ਚੌਥੀ, ਯਹੋਵਾਹ ਫਿਰ ਤੋਂ ਉਨ੍ਹਾਂ ਨਾਲ ਹੋਵੇਗਾ, ਹਾਂ, ਉਨ੍ਹਾਂ ਵਿਚ ਵੱਸੇਗਾ।
4 ਇਸ ਕਿਤਾਬ ਦੇ 13ਵੇਂ ਅਤੇ 14ਵੇਂ ਅਧਿਆਇ ਵਿਚ ਅਸੀਂ ਦੋ ਵਾਅਦਿਆਂ ਬਾਰੇ ਦੇਖਿਆ ਸੀ ਕਿ ਸ਼ੁੱਧ ਭਗਤੀ ਬਹਾਲ ਕੀਤੀ ਜਾਵੇਗੀ ਤੇ ਨੇਕ ਚਰਵਾਹੇ ਲੋਕਾਂ ਦੀ ਅਗਵਾਈ ਕਰਨਗੇ। ਇਸ ਅਧਿਆਇ ਵਿਚ ਅਸੀਂ ਤੀਜੇ ਵਾਅਦੇ ʼਤੇ ਗੌਰ ਕਰਾਂਗੇ ਜੋ ਜ਼ਮੀਨ ਵੰਡਣ ਬਾਰੇ ਹੈ। ਅਗਲੇ ਅਧਿਆਇ ਵਿਚ ਚੌਥੇ ਵਾਅਦੇ ਬਾਰੇ ਗੱਲ ਕਰਾਂਗੇ ਕਿ ਯਹੋਵਾਹ ਕਿਵੇਂ ਆਪਣੇ ਲੋਕਾਂ ਵਿਚ ਵੱਸੇਗਾ।—ਹਿਜ਼. 47:13-21; 48:1-7, 23-29.
‘ਇਹ ਦੇਸ਼ ਤੁਹਾਨੂੰ ਵਿਰਾਸਤ ਵਜੋਂ ਦਿੱਤਾ ਜਾਂਦਾ ਹੈ’
5, 6. (ੳ) ਹਿਜ਼ਕੀਏਲ ਦੇ ਦਰਸ਼ਣ ਵਿਚ ਦੱਸਿਆ ਉਹ ਇਲਾਕਾ ਕੀ ਸੀ ਜੋ ਵੰਡਿਆ ਜਾਣਾ ਸੀ? (ਪਹਿਲੀ ਤਸਵੀਰ ਦੇਖੋ।) (ਅ) ਜ਼ਮੀਨ ਵੰਡਣ ਬਾਰੇ ਦਿਖਾਏ ਦਰਸ਼ਣ ਦਾ ਕੀ ਮਕਸਦ ਸੀ?
5 ਹਿਜ਼ਕੀਏਲ 47:14 ਪੜ੍ਹੋ। ਦਰਸ਼ਣ ਵਿਚ ਯਹੋਵਾਹ ਨੇ ਹਿਜ਼ਕੀਏਲ ਦਾ ਧਿਆਨ ਉਸ ਇਲਾਕੇ ਵੱਲ ਖਿੱਚਿਆ ਜੋ ਜਲਦੀ ਹੀ “ਅਦਨ ਦੇ ਬਾਗ਼” ਵਰਗਾ ਬਣਨ ਵਾਲਾ ਸੀ। (ਹਿਜ਼. 36:35) ਫਿਰ ਯਹੋਵਾਹ ਨੇ ਕਿਹਾ: “ਇਹ ਉਹ ਇਲਾਕਾ ਹੈ ਜੋ ਤੁਸੀਂ ਇਜ਼ਰਾਈਲ ਦੇ 12 ਗੋਤਾਂ ਨੂੰ ਵਿਰਾਸਤ ਵਜੋਂ ਦਿਓਗੇ।” (ਹਿਜ਼. 47:13) ਇਹ “ਇਲਾਕਾ” ਇਜ਼ਰਾਈਲ ਦੇਸ਼ ਸੀ ਜਿੱਥੇ ਗ਼ੁਲਾਮੀ ਵਿੱਚੋਂ ਵਾਪਸ ਆਉਣ ਵਾਲੇ ਇਜ਼ਰਾਈਲੀਆਂ ਨੇ ਵੱਸਣਾ ਸੀ। ਫਿਰ ਜਿਵੇਂ ਹਿਜ਼ਕੀਏਲ 47:15-21 ਵਿਚ ਲਿਖਿਆ ਹੈ, ਯਹੋਵਾਹ ਨੇ ਸਾਫ਼-ਸਾਫ਼ ਦੱਸਿਆ ਕਿ ਦੇਸ਼ ਦੀਆਂ ਸਰਹੱਦਾਂ ਕਿੱਥੋਂ ਲੈ ਕੇ ਕਿੱਥੇ ਤਕ ਹੋਣਗੀਆਂ।
6 ਦਰਸ਼ਣ ਵਿਚ ਜ਼ਮੀਨ ਦੀ ਵੰਡ ਬਾਰੇ ਦੱਸਣ ਦਾ ਕੀ ਮਕਸਦ ਸੀ? ਸਹੀ ਢੰਗ ਨਾਲ ਠਹਿਰਾਈਆਂ ਸਰਹੱਦਾਂ ਬਾਰੇ ਜਾਣਕਾਰੀ ਦੇ ਕੇ ਯਹੋਵਾਹ ਨੇ ਹਿਜ਼ਕੀਏਲ ਅਤੇ ਬਾਕੀ ਗ਼ੁਲਾਮ ਯਹੂਦੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਪਿਆਰਾ ਦੇਸ਼ ਦੁਬਾਰਾ ਵਸਾਇਆ ਜਾਵੇਗਾ। ਜ਼ਰਾ ਸੋਚੋ ਕਿ ਉਹ ਕਿੰਨੇ ਖ਼ੁਸ਼ ਹੋਏ ਹੋਣੇ ਜਦੋਂ ਉਨ੍ਹਾਂ ਨੂੰ ਯਹੋਵਾਹ ਨੇ ਦੱਸਿਆ ਕਿ ਸਰਹੱਦਾਂ ਕਿੱਥੋਂ ਲੈ ਕੇ ਕਿੱਥੋਂ ਤਕ ਹੋਣਗੀਆਂ ਤੇ ਜ਼ਮੀਨ ਕਿਵੇਂ ਵੰਡੀ ਜਾਵੇਗੀ। ਕੀ ਪਰਮੇਸ਼ੁਰ ਦੇ ਉਨ੍ਹਾਂ ਲੋਕਾਂ ਨੂੰ ਵਾਕਈ ਵਿਰਾਸਤ ਵਿਚ ਜ਼ਮੀਨ ਮਿਲੀ ਸੀ? ਬਿਲਕੁਲ।
7. (ੳ) 537 ਈਸਵੀ ਪੂਰਵ ਵਿਚ ਕੀ ਹੋਣ ਲੱਗਾ ਤੇ ਇਸ ਤੋਂ ਸਾਨੂੰ ਕਿਹੜੀ ਗੱਲ ਯਾਦ ਦਿਵਾਈ ਜਾਂਦੀ ਹੈ? (ਅ) ਅਸੀਂ ਪਹਿਲਾਂ ਕਿਸ ਸਵਾਲ ਦਾ ਜਵਾਬ ਜਾਣਾਂਗੇ?
7 ਹਿਜ਼ਕੀਏਲ ਦੁਆਰਾ ਦਰਸ਼ਣ ਦੇਖਣ ਤੋਂ ਲਗਭਗ 56 ਸਾਲਾਂ ਬਾਅਦ 537 ਈਸਵੀ ਪੂਰਵ ਵਿਚ ਯਹੂਦੀ ਇਜ਼ਰਾਈਲ ਦੇਸ਼ ਨੂੰ ਮੁੜਨ ਲੱਗ ਪਏ ਅਤੇ ਉੱਥੇ ਵੱਸਣ ਲੱਗੇ। ਪੁਰਾਣੇ ਸਮੇਂ ਦੀਆਂ ਇਹ ਘਟਨਾਵਾਂ ਸਾਨੂੰ ਅੱਜ ਦੇ ਜ਼ਮਾਨੇ ਵਿਚ ਹੋਈ ਇਸੇ ਤਰ੍ਹਾਂ ਦੀ ਘਟਨਾ ਯਾਦ ਦਿਵਾਉਂਦੀਆਂ ਹਨ। ਅੱਜ ਵੀ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਇਕ “ਦੇਸ਼” ਦਿੱਤਾ ਹੈ ਜਿੱਥੇ ਰਹਿ ਕੇ ਉਹ ਉੱਚੇ-ਸੁੱਚੇ ਤਰੀਕੇ ਨਾਲ ਉਸ ਦੀ ਭਗਤੀ ਕਰ ਸਕਦੇ ਹਨ। ਇਸ ਕਰਕੇ ਪੁਰਾਣੇ ਜ਼ਮਾਨੇ ਵਿਚ ਹੋਈ ਬਹਾਲੀ ਤੋਂ ਅਸੀਂ ਅੱਜ ਪਰਮੇਸ਼ੁਰ ਦੇ ਲੋਕਾਂ ਵਿਚ ਹੋਈ ਬਹਾਲੀ ਬਾਰੇ ਕਾਫ਼ੀ ਕੁਝ ਜਾਣ ਸਕਦੇ ਹਾਂ। ਪਰ ਇਸ ਤੋਂ ਪਹਿਲਾਂ ਆਓ ਆਪਾਂ ਇਕ ਸਵਾਲ ਦਾ ਜਵਾਬ ਜਾਣੀਏ, “ਅਸੀਂ ਕਿਉਂ ਕਹਿ ਸਕਦੇ ਹਾਂ ਕਿ ਅੱਜ ਪਰਮੇਸ਼ੁਰ ਦੇ ਲੋਕਾਂ ਦਾ ‘ਦੇਸ਼’ ਸੱਚ-ਮੁੱਚ ਹੈ?”
8. (ੳ) ਯਹੋਵਾਹ ਨੇ ਪੈਦਾਇਸ਼ੀ ਇਜ਼ਰਾਈਲ ਨੂੰ ਠੁਕਰਾ ਕੇ ਕਿਸ ਕੌਮ ਨੂੰ ਚੁਣਿਆ? (ਅ) ਪਰਮੇਸ਼ੁਰ ਦੇ ਲੋਕਾਂ ਦਾ “ਦੇਸ਼” ਕੀ ਹੈ? (ੲ) ਇਹ ਕਦੋਂ ਹੋਂਦ ਵਿਚ ਆਇਆ ਤੇ ਇਸ ਵਿਚ ਕੌਣ ਰਹਿੰਦੇ ਹਨ?
8 ਹਿਜ਼ਕੀਏਲ ਨੂੰ ਪਹਿਲਾਂ ਦਿਖਾਏ ਗਏ ਇਕ ਦਰਸ਼ਣ ਵਿਚ ਯਹੋਵਾਹ ਨੇ ਦੱਸਿਆ ਸੀ ਕਿ ਜਦੋਂ ਉਸ ਦਾ “ਸੇਵਕ ਦਾਊਦ” ਯਾਨੀ ਯਿਸੂ ਮਸੀਹ ਰਾਜ ਕਰਨਾ ਸ਼ੁਰੂ ਕਰੇਗਾ, ਉਸ ਤੋਂ ਬਾਅਦ ਇਜ਼ਰਾਈਲ ਦੀ ਬਹਾਲੀ ਬਾਰੇ ਭਵਿੱਖਬਾਣੀਆਂ ਵੱਡੇ ਪੈਮਾਨੇ ʼਤੇ ਪੂਰੀਆਂ ਹੋਣਗੀਆਂ। (ਹਿਜ਼. 37:24) ਯਿਸੂ 1914 ਵਿਚ ਰਾਜਾ ਬਣਿਆ। ਉਸ ਸਮੇਂ ਤੋਂ ਸਦੀਆਂ ਪਹਿਲਾਂ ਯਹੋਵਾਹ ਨੇ ਪੈਦਾਇਸ਼ੀ ਇਜ਼ਰਾਈਲੀਆਂ ਨੂੰ ਠੁਕਰਾ ਦਿੱਤਾ ਸੀ ਅਤੇ ਉਨ੍ਹਾਂ ਦੀ ਜਗ੍ਹਾ ਉਸ ਕੌਮ ਨੂੰ ਚੁਣਿਆ ਜੋ ਪਵਿੱਤਰ ਸ਼ਕਤੀ ਨਾਲ ਚੁਣੇ ਮਸੀਹੀਆਂ ਨਾਲ ਬਣੀ ਹੈ। (ਮੱਤੀ 21:43; 1 ਪਤਰਸ 2:9 ਪੜ੍ਹੋ।) ਨਾਲੇ ਯਹੋਵਾਹ ਨੇ ਇਸ ਕੌਮ ਨੂੰ ਸੱਚ-ਮੁੱਚ ਦੇ ਇਜ਼ਰਾਈਲ ਵਿਚ ਵਸਾਉਣ ਦੀ ਬਜਾਇ ਕਿਸੇ ਹੋਰ ਦੇਸ਼ ਵਿਚ ਵਸਾਇਆ ਹੈ। (ਯਸਾ. 66:8) ਜਿਵੇਂ ਅਸੀਂ ਇਸ ਕਿਤਾਬ ਦੇ 17ਵੇਂ ਅਧਿਆਇ ਵਿਚ ਦੇਖਿਆ ਸੀ, 1919 ਤੋਂ ਬਾਕੀ ਬਚੇ ਚੁਣੇ ਹੋਏ ਮਸੀਹੀ ਇਸ “ਦੇਸ਼” ਵਿਚ ਵੱਸਣ ਲੱਗੇ ਯਾਨੀ ਉਹ ਇਸ ਹੱਦ ਤਕ ਸ਼ੁੱਧ ਹੋ ਗਏ ਕਿ ਉਹ ਉੱਚੇ-ਸੁੱਚੇ ਤਰੀਕੇ ਨਾਲ ਯਹੋਵਾਹ ਦੀ ਭਗਤੀ ਕਰ ਸਕਦੇ ਸਨ। (9ਅ, “1919 ਹੀ ਕਿਉਂ?” ਨਾਂ ਦੀ ਡੱਬੀ ਦੇਖੋ।) ਬਾਅਦ ਵਿਚ “ਹੋਰ ਭੇਡਾਂ” ਯਾਨੀ ਧਰਤੀ ਉੱਤੇ ਜੀਉਣ ਦੀ ਉਮੀਦ ਰੱਖਣ ਵਾਲੇ ਲੋਕ ਵੀ ਇਸ “ਦੇਸ਼” ਵਿਚ ਆ ਕੇ ਵੱਸਣ ਲੱਗੇ। (ਯੂਹੰ. 10:16) ਅੱਜ ਇਸ “ਦੇਸ਼” ਦੀਆਂ ਸਰਹੱਦਾਂ ਵਧਦੀਆਂ ਜਾ ਰਹੀਆਂ ਹਨ ਤੇ ਸਾਨੂੰ ਬਰਕਤਾਂ ਮਿਲ ਰਹੀਆਂ ਹਨ। ਪਰ ਆਰਮਾਗੇਡਨ ਤੋਂ ਬਾਅਦ ਅਸੀਂ ਹੋਰ ਵੀ ਬਹੁਤ ਸਾਰੀਆਂ ਬਰਕਤਾਂ ਦਾ ਆਨੰਦ ਮਾਣਾਂਗੇ।
ਦੇਸ਼ ਦੀ ਬਰਾਬਰ ਤੇ ਸਹੀ-ਸਹੀ ਵੰਡ
9. ਯਹੋਵਾਹ ਨੇ ਜ਼ਮੀਨ ਦੀ ਵੰਡ ਬਾਰੇ ਕਿਹੜੀਆਂ ਹਿਦਾਇਤਾਂ ਦਿੱਤੀਆਂ?
9 ਹਿਜ਼ਕੀਏਲ 48:1, 28 ਪੜ੍ਹੋ। ਦੇਸ਼ ਦੀਆਂ ਸਰਹੱਦਾਂ ਬਾਰੇ ਦੱਸਣ ਤੋਂ ਬਾਅਦ ਯਹੋਵਾਹ ਨੇ ਦੱਸਿਆ ਕਿ ਜ਼ਮੀਨ ਦੀ ਵੰਡ ਕਿਵੇਂ ਕੀਤੀ ਜਾਣੀ ਸੀ। ਉਸ ਨੇ ਦੱਸਿਆ ਕਿ ਇਜ਼ਰਾਈਲ ਦੇ 12 ਗੋਤਾਂ ਵਿਚ ਉੱਤਰ ਤੋਂ ਲੈ ਕੇ ਦੱਖਣ ਤਕ ਜ਼ਮੀਨ ਵੰਡੀ ਜਾਵੇ। ਦੇਸ਼ ਦੇ ਉੱਤਰੀ ਸਿਰੇ ਦੀ ਜ਼ਮੀਨ ਦਾਨ ਦੇ ਗੋਤ ਨੂੰ ਅਤੇ ਦੱਖਣੀ ਸਿਰੇ ਦੀ ਜ਼ਮੀਨ ਗਾਦ ਦੇ ਗੋਤ ਨੂੰ ਦਿੱਤੀ ਜਾਵੇ ਤੇ ਵਿਚਕਾਰਲਾ ਹਿੱਸਾ ਬਾਕੀ ਗੋਤਾਂ ਨੂੰ ਦਿੱਤਾ ਜਾਵੇ। 12 ਗੋਤਾਂ ਦੀ ਜ਼ਮੀਨ ਪੂਰਬ ਤੋਂ ਲੈ ਕੇ ਪੱਛਮ ਵਿਚ ਵੱਡੇ ਸਾਗਰ ਯਾਨੀ ਭੂਮੱਧ ਸਾਗਰ ਤਕ ਫੈਲੀ ਹੋਈ ਸੀ।—ਹਿਜ਼. 47:20; “ਜ਼ਮੀਨ ਦੀ ਵੰਡ” ਨਾਂ ਦੀ ਡੱਬੀ ਵਿਚ ਦਿੱਤਾ ਨਕਸ਼ਾ ਦੇਖੋ।
10. ਦਰਸ਼ਣ ਦੇ ਇਸ ਹਿੱਸੇ ਬਾਰੇ ਜਾਣ ਕੇ ਗ਼ੁਲਾਮ ਯਹੂਦੀਆਂ ਨੂੰ ਕਿਸ ਗੱਲ ਦਾ ਯਕੀਨ ਹੋ ਗਿਆ?
10 ਦਰਸ਼ਣ ਦੇ ਇਸ ਹਿੱਸੇ ਬਾਰੇ ਜਾਣ ਕੇ ਗ਼ੁਲਾਮ ਯਹੂਦੀਆਂ ਨੂੰ ਕਿਸ ਗੱਲ ਦਾ ਯਕੀਨ ਹੋ ਗਿਆ? ਹਿਜ਼ਕੀਏਲ ਨੇ ਦੇਸ਼ ਦੀ ਜ਼ਮੀਨ ਦੀ ਵੰਡ ਬਾਰੇ ਜੋ ਜਾਣਕਾਰੀ ਦਿੱਤੀ, ਉਸ ਤੋਂ ਗ਼ੁਲਾਮ ਯਹੂਦੀਆਂ ਨੂੰ ਯਕੀਨ ਹੋ ਗਿਆ ਹੋਣਾ ਕਿ ਜ਼ਮੀਨ ਨੂੰ ਸਹੀ ਢੰਗ ਨਾਲ ਵੰਡਿਆ ਜਾਵੇਗਾ। ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਸੀ ਕਿ 12 ਗੋਤਾਂ ਨੂੰ ਕਿੱਥੋਂ ਲੈ ਕੇ ਕਿੱਥੇ ਤਕ ਜ਼ਮੀਨ ਦਿੱਤੀ ਜਾਵੇਗੀ। ਇਸ ਲਈ ਹਰ ਯਹੂਦੀ ਨੂੰ ਭਰੋਸਾ ਹੋ ਗਿਆ ਕਿ ਜਦੋਂ ਉਹ ਆਪਣੇ ਦੇਸ਼ ਵਾਪਸ ਜਾਵੇਗਾ, ਤਾਂ ਉਸ ਨੂੰ ਜ਼ਮੀਨ ਜ਼ਰੂਰ ਮਿਲੇਗੀ। ਇਸ ਤਰ੍ਹਾਂ ਹਰ ਕਿਸੇ ਕੋਲ ਜ਼ਮੀਨ ਹੋਣੀ ਸੀ ਤੇ ਕਿਸੇ ਨੇ ਵੀ ਬੇਘਰ ਨਹੀਂ ਹੋਣਾ ਸੀ।
11. ਵੰਡ ਬਾਰੇ ਇਸ ਦਰਸ਼ਣ ਤੋਂ ਅਸੀਂ ਕਿਹੜੇ ਸਬਕ ਸਿੱਖਦੇ ਹਾਂ? (“ਜ਼ਮੀਨ ਦੀ ਵੰਡ” ਨਾਂ ਦੀ ਡੱਬੀ ਦੇਖੋ।)
11 ਇਸ ਦਰਸ਼ਣ ਤੋਂ ਅਸੀਂ ਅੱਜ ਕੀ ਸਿੱਖਦੇ ਹਾਂ? ਜਦੋਂ ਵਾਅਦਾ ਕੀਤਾ ਗਿਆ ਦੇਸ਼ ਬਹਾਲ ਹੋਇਆ ਸੀ, ਤਾਂ ਉੱਥੇ ਨਾ ਸਿਰਫ਼ ਪੁਜਾਰੀਆਂ, ਲੇਵੀਆਂ ਅਤੇ ਮੁਖੀਆਂ ਨੂੰ ਜ਼ਮੀਨ ਦਿੱਤੀ ਗਈ, ਸਗੋਂ 12 ਗੋਤਾਂ ਦੇ ਸਾਰੇ ਲੋਕਾਂ ਨੂੰ ਜ਼ਮੀਨ ਮਿਲੀ ਸੀ। (ਹਿਜ਼. 45:4, 5, 7, 8) ਉਸੇ ਤਰ੍ਹਾਂ ਅੱਜ ਪਰਮੇਸ਼ੁਰ ਦੇ ਲੋਕਾਂ ਦੇ “ਦੇਸ਼” ਵਿਚ, ਜਿੱਥੇ ਉਹ ਉੱਚੇ-ਸੁੱਚੇ ਤਰੀਕੇ ਨਾਲ ਉਸ ਦੀ ਭਗਤੀ ਕਰ ਸਕਦੇ ਹਨ, ਨਾ ਸਿਰਫ਼ ਚੁਣੇ ਹੋਏ ਮਸੀਹੀਆਂ ਨੂੰ ਅਤੇ “ਵੱਡੀ ਭੀੜ” ਵਿੱਚੋਂ ਅਗਵਾਈ ਕਰਨ ਵਾਲੇ ਭਰਾਵਾਂ ਨੂੰ ਜਗ੍ਹਾ ਮਿਲੀ ਹੈ, ਸਗੋਂ ਵੱਡੀ ਭੀੜ ਦੇ ਸਾਰੇ ਲੋਕਾਂ ਨੂੰ ਵੀ ਮਿਲੀ ਹੈ।a (ਪ੍ਰਕਾ. 7:9) ਯਹੋਵਾਹ ਦੇ ਸੰਗਠਨ ਵਿਚ ਭਾਵੇਂ ਸਾਡੀ ਭੂਮਿਕਾ ਛੋਟੀ ਜਿਹੀ ਕਿਉਂ ਨਾ ਹੋਵੇ, ਫਿਰ ਵੀ ਸਾਡੀ ਸਾਰਿਆਂ ਦੀ ਸੇਵਾ ਅਨਮੋਲ ਹੈ ਅਤੇ ਇਸ ਵਿਚ ਹਰ ਕਿਸੇ ਦੀ ਇਕ ਅਹਿਮ ਜਗ੍ਹਾ ਹੈ। ਇਹ ਜਾਣ ਕੇ ਸਾਨੂੰ ਕਿੰਨੀ ਤਸੱਲੀ ਮਿਲਦੀ ਹੈ!
ਦੋ ਖ਼ਾਸ ਫ਼ਰਕ—ਇਹ ਸਾਡੇ ਲਈ ਕੀ ਮਾਅਨੇ ਰੱਖਦੇ ਹਨ?
12, 13. ਬਾਰਾਂ ਗੋਤਾਂ ਵਿਚ ਜ਼ਮੀਨ ਵੰਡਣ ਬਾਰੇ ਯਹੋਵਾਹ ਨੇ ਕਿਹੜੀਆਂ ਖ਼ਾਸ ਹਿਦਾਇਤਾਂ ਦਿੱਤੀਆਂ?
12 ਜ਼ਮੀਨ ਵੰਡਣ ਬਾਰੇ ਯਹੋਵਾਹ ਦੀਆਂ ਕੁਝ ਹਿਦਾਇਤਾਂ ਸੁਣ ਕੇ ਹਿਜ਼ਕੀਏਲ ਹੈਰਾਨ ਰਹਿ ਗਿਆ ਹੋਣਾ ਕਿਉਂਕਿ ਇਹ ਮੂਸਾ ਨੂੰ ਦਿੱਤੀਆਂ ਹਿਦਾਇਤਾਂ ਨਾਲੋਂ ਵੱਖਰੀਆਂ ਸਨ। ਆਓ ਆਪਾਂ ਇਨ੍ਹਾਂ ਵਿਚ ਦੋ ਫ਼ਰਕ ਦੇਖੀਏ। ਇਕ ਫ਼ਰਕ ਜ਼ਮੀਨ ਦੇ ਸੰਬੰਧ ਵਿਚ ਸੀ ਤੇ ਦੂਜਾ ਉੱਥੋਂ ਦੇ ਵਾਸੀਆਂ ਦੇ ਸੰਬੰਧ ਵਿਚ।
13 ਪਹਿਲਾ ਫ਼ਰਕ, ਜ਼ਮੀਨ। ਮੂਸਾ ਨੂੰ ਹਿਦਾਇਤ ਦਿੱਤੀ ਗਈ ਸੀ ਕਿ ਵੱਡੇ ਗੋਤਾਂ ਨੂੰ ਜ਼ਿਆਦਾ ਜ਼ਮੀਨ ਦਿੱਤੀ ਜਾਵੇ ਤੇ ਛੋਟੇ ਗੋਤਾਂ ਨੂੰ ਘੱਟ। (ਗਿਣ. 26:52-54) ਪਰ ਹਿਜ਼ਕੀਏਲ ਦੇ ਦਰਸ਼ਣ ਵਿਚ ਯਹੋਵਾਹ ਨੇ ਖ਼ਾਸ ਹਿਦਾਇਤਾਂ ਦਿੱਤੀਆਂ ਕਿ ਸਾਰੇ ਗੋਤਾਂ ਨੂੰ “ਬਰਾਬਰ ਹਿੱਸਾ [“ਹਰੇਕ ਨੂੰ ਆਪਣੇ ਭਰਾ ਵਾਂਗ,” ਫੁਟਨੋਟ]” ਦਿੱਤਾ ਜਾਵੇ। (ਹਿਜ਼. 47:14) ਇਸ ਦਾ ਮਤਲਬ ਹੈ ਕਿ ਹਰ ਗੋਤ ਦੀ ਜ਼ਮੀਨ ਉੱਤਰੀ ਸਿਰੇ ਤੋਂ ਲੈ ਕੇ ਦੱਖਣੀ ਸਿਰੇ ਤਕ ਬਰਾਬਰ ਹੋਣੀ ਸੀ। ਇਸ ਲਈ ਸਾਰੇ ਇਜ਼ਰਾਈਲੀਆਂ ਨੂੰ, ਭਾਵੇਂ ਉਹ ਕਿਸੇ ਵੀ ਗੋਤ ਦੇ ਸਨ, ਵਾਅਦਾ ਕੀਤੇ ਹੋਏ ਦੇਸ਼ ਦੀ ਉਪਜਾਊ ਜ਼ਮੀਨ ਅਤੇ ਪਾਣੀ ਦੀ ਬਹੁਤਾਤ ਤੋਂ ਬਰਾਬਰ ਫ਼ਾਇਦਾ ਹੋਣਾ ਸੀ।
14. ਯਹੋਵਾਹ ਨੇ ਪਰਦੇਸੀਆਂ ਬਾਰੇ ਜੋ ਹਿਦਾਇਤਾਂ ਦਿੱਤੀਆਂ ਸਨ, ਉਹ ਮੂਸਾ ਦੇ ਕਾਨੂੰਨ ਤੋਂ ਕਿਵੇਂ ਵੱਖਰੀਆਂ ਸਨ?
14 ਦੂਜਾ ਫ਼ਰਕ, ਉੱਥੋਂ ਦੇ ਵਾਸੀ। ਮੂਸਾ ਦੇ ਕਾਨੂੰਨ ਵਿਚ ਪਰਦੇਸੀਆਂ ਦੀ ਰਾਖੀ ਲਈ ਕੁਝ ਨਿਯਮ ਦਿੱਤੇ ਗਏ ਸਨ ਤੇ ਉਨ੍ਹਾਂ ਨੂੰ ਯਹੋਵਾਹ ਦੀ ਭਗਤੀ ਕਰਨ ਦੀ ਇਜਾਜ਼ਤ ਸੀ, ਪਰ ਉਨ੍ਹਾਂ ਨੂੰ ਦੇਸ਼ ਵਿਚ ਕੋਈ ਜ਼ਮੀਨ ਨਹੀਂ ਦਿੱਤੀ ਗਈ। (ਲੇਵੀ. 19:33, 34) ਹਿਜ਼ਕੀਏਲ ਨੂੰ ਯਹੋਵਾਹ ਨੇ ਜੋ ਹਿਦਾਇਤ ਦਿੱਤੀ, ਉਹ ਮੂਸਾ ਦੇ ਕਾਨੂੰਨ ਤੋਂ ਬਿਲਕੁਲ ਵੱਖਰੀ ਸੀ। ਯਹੋਵਾਹ ਨੇ ਉਸ ਨੂੰ ਕਿਹਾ: “ਤੁਸੀਂ ਪਰਦੇਸੀ ਨੂੰ ਉਸ ਗੋਤ ਦੇ ਇਲਾਕੇ ਵਿਚ ਵਿਰਾਸਤ ਦੇਣੀ ਜਿੱਥੇ ਉਹ ਰਹਿੰਦਾ ਹੈ।” ਯਹੋਵਾਹ ਨੇ ਇਹ ਹੁਕਮ ਦੇ ਕੇ “ਪੈਦਾਇਸ਼ੀ ਇਜ਼ਰਾਈਲੀਆਂ” ਅਤੇ ਪਰਦੇਸੀਆਂ ਵਿਚ ਫ਼ਰਕ ਮਿਟਾ ਦਿੱਤਾ। (ਹਿਜ਼. 47:22, 23) ਹਿਜ਼ਕੀਏਲ ਨੇ ਦਰਸ਼ਣ ਵਿਚ ਦੇਖਿਆ ਕਿ ਮੁੜ ਆਬਾਦ ਕੀਤੇ ਦੇਸ਼ ਵਿਚ ਸਾਰਿਆਂ ਨਾਲ ਇੱਕੋ ਜਿਹਾ ਸਲੂਕ ਕੀਤਾ ਜਾਂਦਾ ਸੀ ਤੇ ਉਹ ਸਾਰੇ ਜਣੇ ਮਿਲ ਕੇ ਯਹੋਵਾਹ ਦੀ ਭਗਤੀ ਕਰ ਰਹੇ ਸਨ।—ਲੇਵੀ. 25:23.
15. ਦੇਸ਼ ਦੀ ਜ਼ਮੀਨ ਅਤੇ ਇਸ ਦੇ ਵਾਸੀਆਂ ਬਾਰੇ ਦਿੱਤੀਆਂ ਹਿਦਾਇਤਾਂ ਤੋਂ ਯਹੋਵਾਹ ਬਾਰੇ ਕਿਹੜੀ ਗੱਲ ਹੋਰ ਵੀ ਪੱਕੀ ਹੁੰਦੀ ਹੈ?
15 ਦੇਸ਼ ਦੀ ਜ਼ਮੀਨ ਅਤੇ ਇਸ ਦੇ ਵਾਸੀਆਂ ਬਾਰੇ ਹਿਜ਼ਕੀਏਲ ਨੂੰ ਦਿੱਤੀਆਂ ਦੋ ਵਧੀਆ ਹਿਦਾਇਤਾਂ ਕਰਕੇ ਗ਼ੁਲਾਮ ਇਜ਼ਰਾਈਲੀਆਂ ਦਾ ਭਰੋਸਾ ਵਧਿਆ ਹੋਣਾ। ਉਨ੍ਹਾਂ ਨੂੰ ਯਕੀਨ ਸੀ ਕਿ ਯਹੋਵਾਹ ਸਾਰੇ ਲੋਕਾਂ ਨੂੰ ਦੇਸ਼ ਵਿਚ ਬਰਾਬਰ ਹਿੱਸਾ ਦੇਵੇਗਾ, ਚਾਹੇ ਉਹ ਪੈਦਾਇਸ਼ੀ ਇਜ਼ਰਾਈਲੀ ਸਨ ਜਾਂ ਉਸ ਦੀ ਭਗਤੀ ਕਰਨ ਵਾਲੇ ਪਰਦੇਸੀ। (ਅਜ਼. 8:20; ਨਹ. 3:26; 7:6, 25; ਯਸਾ. 56:3, 8) ਇਨ੍ਹਾਂ ਹਿਦਾਇਤਾਂ ਤੋਂ ਇਹ ਗੱਲ ਹੋਰ ਵੀ ਪੱਕੀ ਹੋ ਗਈ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਉਸ ਦੇ ਸਾਰੇ ਸੇਵਕ ਅਨਮੋਲ ਹਨ। (ਹੱਜਈ 2:7 ਪੜ੍ਹੋ।) ਇਹ ਇਕ ਅਜਿਹੀ ਸੱਚਾਈ ਹੈ ਜੋ ਕਦੇ ਨਹੀਂ ਬਦਲਦੀ। ਅੱਜ ਸਾਨੂੰ ਵੀ ਇਸ ਗੱਲ ਤੋਂ ਖ਼ੁਸ਼ੀ ਮਿਲਦੀ ਹੈ, ਫਿਰ ਚਾਹੇ ਸਾਡੀ ਉਮੀਦ ਸਵਰਗ ਜਾਣ ਦੀ ਹੈ ਜਾਂ ਧਰਤੀ ਉੱਤੇ ਰਹਿਣ ਦੀ।
16, 17. (ੳ) ਦੇਸ਼ ਦੀ ਜ਼ਮੀਨ ਅਤੇ ਇਸ ਦੇ ਵਾਸੀਆਂ ਬਾਰੇ ਦਿੱਤੀ ਜਾਣਕਾਰੀ ʼਤੇ ਗੌਰ ਕਰ ਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ? (ਅ) ਅਗਲੇ ਅਧਿਆਇ ਵਿਚ ਅਸੀਂ ਕੀ ਦੇਖਾਂਗੇ?
16 ਦੇਸ਼ ਦੀ ਜ਼ਮੀਨ ਅਤੇ ਇਸ ਦੇ ਵਾਸੀਆਂ ਬਾਰੇ ਹੁਣ ਤਕ ਅਸੀਂ ਜੋ ਜਾਣਿਆ ਹੈ, ਉਸ ਉੱਤੇ ਗੌਰ ਕਰ ਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ? ਸਾਨੂੰ ਇਹ ਗੱਲ ਯਾਦ ਕਰਾਈ ਗਈ ਹੈ ਕਿ ਸਾਡੇ ਵਿਚ ਏਕਤਾ ਹੋਵੇ ਤੇ ਅਸੀਂ ਸਾਰਿਆਂ ਨਾਲ ਇੱਕੋ ਜਿਹਾ ਸਲੂਕ ਕਰੀਏ। ਯਹੋਵਾਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ। ਇਸ ਲਈ ਸਾਨੂੰ ਆਪਣੇ ਤੋਂ ਪੁੱਛਣਾ ਚਾਹੀਦਾ: ‘ਕੀ ਮੈਂ ਯਹੋਵਾਹ ਵਾਂਗ ਸਾਰਿਆਂ ਨਾਲ ਇੱਕੋ ਜਿਹਾ ਸਲੂਕ ਕਰਦਾ ਹਾਂ? ਕੀ ਮੈਂ ਯਹੋਵਾਹ ਦੇ ਹਰ ਸੇਵਕ ਦਾ ਦਿਲੋਂ ਆਦਰ ਕਰਦਾ ਹਾਂ, ਫਿਰ ਚਾਹੇ ਉਹ ਕਿਸੇ ਵੀ ਪਿਛੋਕੜ ਦਾ ਹੋਵੇ ਜਾਂ ਜ਼ਿੰਦਗੀ ਵਿਚ ਉਸ ਦੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ?’ (ਰੋਮੀ. 12:10) ਅਸੀਂ ਪਰਮੇਸ਼ੁਰ ਦੇ ਲੋਕਾਂ ਦੇ “ਦੇਸ਼” ਵਿਚ ਉੱਚੇ-ਸੁੱਚੇ ਤਰੀਕੇ ਨਾਲ ਉਸ ਦੀ ਭਗਤੀ ਕਰ ਸਕਦੇ ਹਾਂ। ਅਸੀਂ ਖ਼ੁਸ਼ ਹਾਂ ਕਿ ਯਹੋਵਾਹ ਨੇ ਇਸ “ਦੇਸ਼” ਵਿਚ ਸਾਨੂੰ ਸਾਰਿਆਂ ਨੂੰ ਬਰਾਬਰ ਮੌਕਾ ਦਿੱਤਾ ਹੈ ਕਿ ਅਸੀਂ ਜੀ-ਜਾਨ ਨਾਲ ਆਪਣੇ ਸਵਰਗੀ ਪਿਤਾ ਦੀ ਪਵਿੱਤਰ ਸੇਵਾ ਕਰੀਏ ਅਤੇ ਉਸ ਤੋਂ ਬਰਕਤਾਂ ਦਾ ਆਨੰਦ ਮਾਣੀਏ।—ਗਲਾ. 3:26-29; ਪ੍ਰਕਾ. 7:9.
17 ਅਸੀਂ ਹਿਜ਼ਕੀਏਲ ਦੇ ਆਖ਼ਰੀ ਦਰਸ਼ਣ ਦੇ ਆਖ਼ਰੀ ਭਾਗ ਵਿਚ ਦੱਸੇ ਚੌਥੇ ਵਾਅਦੇ ʼਤੇ ਗੌਰ ਕਰਾਂਗੇ ਕਿ ਯਹੋਵਾਹ ਆਪਣੇ ਲੋਕਾਂ ਨਾਲ ਰਹੇਗਾ। ਅਸੀਂ ਇਸ ਵਾਅਦੇ ਤੋਂ ਕੀ ਸਿੱਖ ਸਕਦੇ ਹਾਂ? ਇਸ ਸਵਾਲ ਦਾ ਜਵਾਬ ਅਸੀਂ ਅਗਲੇ ਅਧਿਆਇ ਵਿਚ ਦੇਖਾਂਗੇ।