ਸਾਡੇ ਜ਼ਮਾਨੇ ਵਿਚ “ਹੈਕਲ” ਅਤੇ “ਰਾਜਕੁਮਾਰ”
“ਜਦੋਂ ਓਹ ਅੰਦਰ ਜਾਣਗੇ ਤਾਂ ਰਾਜਕੁਮਾਰ ਵੀ ਉਨ੍ਹਾਂ ਦੇ ਵਿੱਚ ਮਿਲ ਕੇ ਜਾਵੇਗਾ ਅਤੇ ਜਦੋਂ ਓਹ ਬਾਹਰ ਨਿੱਕਲਣਗੇ ਤਾਂ ਸਾਰੇ ਇਕੱਠੇ ਜਾਣਗੇ।”—ਹਿਜ਼ਕੀਏਲ 46:10.
1, 2. ਹੈਕਲ ਬਾਰੇ ਹਿਜ਼ਕੀਏਲ ਦੇ ਦਰਸ਼ਣ ਨੂੰ ਕਾਫ਼ੀ ਹੱਦ ਤਕ ਸਮਝਣ ਵਿਚ ਕਿਹੜੀ ਮੁੱਖ ਸੱਚਾਈ ਸਾਡੀ ਮਦਦ ਕਰਦੀ ਹੈ?
ਪੁਰਾਣੇ ਜ਼ਮਾਨੇ ਦੇ ਕੁਝ ਯਹੂਦੀ ਧਰਮ-ਸ਼ਾਸਤਰੀ ਹਿਜ਼ਕੀਏਲ ਦੀ ਪੋਥੀ ਨੂੰ ਜ਼ਿਆਦਾ ਪਸੰਦ ਨਹੀਂ ਕਰਦੇ ਸਨ। ਤਾਲਮੂਦ ਦੇ ਅਨੁਸਾਰ, ਉਨ੍ਹਾਂ ਵਿੱਚੋਂ ਕਈਆਂ ਨੇ ਇਸ ਪੋਥੀ ਨੂੰ ਪਵਿੱਤਰ ਸ਼ਾਸਤਰ ਦੀ ਗ੍ਰੰਥ-ਸੂਚੀ ਵਿੱਚੋਂ ਕੱਢ ਦੇਣ ਬਾਰੇ ਵੀ ਸੋਚਿਆ। ਉਨ੍ਹਾਂ ਲਈ ਹੈਕਲ ਦਾ ਦਰਸ਼ਣ ਸਮਝਣਾ ਮੁਸ਼ਕਲ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਮਾਨਵੀ ਸਮਝ ਤੋਂ ਬਾਹਰ ਹੈ। ਹੈਕਲ ਬਾਰੇ ਹਿਜ਼ਕੀਏਲ ਦੇ ਦਰਸ਼ਣ ਨੇ ਬਾਈਬਲ ਦੇ ਦੂਸਰੇ ਵਿਦਵਾਨਾਂ ਨੂੰ ਵੀ ਉਲਝਣ ਵਿਚ ਪਾਇਆ ਹੈ। ਸਾਡੇ ਬਾਰੇ ਕੀ?
2 ਸ਼ੁੱਧ ਉਪਾਸਨਾ ਦੀ ਪੁਨਰ-ਸਥਾਪਨਾ ਤੋਂ, ਯਹੋਵਾਹ ਨੇ ਆਪਣੇ ਲੋਕਾਂ ਲਈ ਕਈਆਂ ਰੂਹਾਨੀ ਗੱਲਾਂ ਉੱਤੇ ਚਾਨਣ ਪਾਇਆ ਹੈ। ਇਨ੍ਹਾਂ ਵਿਚ ਇਹ ਸਮਝਣਾ ਵੀ ਸ਼ਾਮਲ ਹੈ ਕਿ ਪਰਮੇਸ਼ੁਰ ਦੀ ਰੂਹਾਨੀ ਹੈਕਲ ਕੀ ਹੈ—ਸ਼ੁੱਧ ਉਪਾਸਨਾ ਲਈ ਯਹੋਵਾਹ ਦਾ ਹੈਕਲ-ਰੂਪੀ ਬੰਦੋਬਸਤ।a ਹੈਕਲ ਬਾਰੇ ਹਿਜ਼ਕੀਏਲ ਦੇ ਦਰਸ਼ਣ ਨੂੰ ਕਾਫ਼ੀ ਹੱਦ ਤਕ ਸਮਝਣ ਵਿਚ ਇਹ ਮੁੱਖ ਸੱਚਾਈ ਸਾਡੀ ਮਦਦ ਕਰਦੀ ਹੈ। ਆਓ ਆਪਾਂ ਇਸ ਦਰਸ਼ਣ ਦੇ ਚਾਰ ਪਹਿਲੂਆਂ ਵੱਲ ਚੰਗੀ ਤਰ੍ਹਾਂ ਧਿਆਨ ਦੇਈਏ—ਹੈਕਲ, ਜਾਜਕਾਈ, ਰਾਜਕੁਮਾਰ, ਅਤੇ ਦੇਸ਼। ਇਨ੍ਹਾਂ ਦਾ ਅੱਜ ਕੀ ਅਰਥ ਹੈ?
ਹੈਕਲ ਅਤੇ ਤੁਸੀਂ
3. ਅਸੀਂ ਪ੍ਰਵੇਸ਼-ਦੁਆਰ ਦੀ ਉੱਚੀ ਛੱਤ ਅਤੇ ਕੰਧਾਂ ਦੀ ਉਕਰਾਈ ਤੋਂ ਕੀ ਸਿੱਖ ਸਕਦੇ ਹਾਂ?
3 ਫ਼ਰਜ਼ ਕਰੋ ਕਿ ਅਸੀਂ ਇਸ ਦਰਸ਼ਣ ਦੀ ਹੈਕਲ ਦਾ ਦੌਰਾ ਕਰ ਰਹੇ ਹਾਂ। ਅਸੀਂ ਸੱਤ ਪੌੜੀਆਂ ਚੜ੍ਹ ਕੇ ਇਕ ਵੱਡੇ ਦਰਵਾਜ਼ੇ ਤਕ ਪਹੁੰਚਦੇ ਹਾਂ। ਇਸ ਪ੍ਰਵੇਸ਼-ਦੁਆਰ ਦੇ ਅੰਦਰ ਖੜ੍ਹੇ ਹੋ ਕੇ, ਅਸੀਂ ਹੈਰਾਨੀ ਨਾਲ ਉੱਪਰ ਦੇਖਦੇ ਹਾਂ। ਇਸ ਦੀ ਛੱਤ ਸਾਡੇ ਸਿਰਾਂ ਤੋਂ ਤੀਹ ਮੀਟਰ ਤੋਂ ਵੀ ਉੱਚੀ ਹੈ! ਇਸ ਤਰ੍ਹਾਂ ਸਾਨੂੰ ਯਾਦ ਦਿਲਾਇਆ ਜਾਂਦਾ ਹੈ ਕਿ ਉਪਾਸਨਾ ਲਈ ਯਹੋਵਾਹ ਦੇ ਬੰਦੋਬਸਤ ਵਿਚ ਸ਼ਾਮਲ ਹੋਣ ਦੇ ਮਿਆਰ ਬੜੇ ਉੱਚੇ ਹਨ। ਖਿੜਕੀਆਂ ਵਿੱਚੋਂ ਰੌਸ਼ਨੀ ਦੀਆਂ ਕਿਰਨਾਂ ਕੰਧਾਂ ਉੱਤੇ ਉਕਰੇ ਖਜੂਰ ਦੇ ਦਰਖ਼ਤਾਂ ਨੂੰ ਉਜਾਗਰ ਕਰਦੀਆਂ ਹਨ। ਬਾਈਬਲ ਵਿਚ ਖਜੂਰ ਦੇ ਦਰਖ਼ਤ ਧਾਰਮਿਕਤਾ ਨੂੰ ਦਰਸਾਉਂਦੇ ਹਨ। (ਜ਼ਬੂਰ 92:12; ਹਿਜ਼ਕੀਏਲ 40:14, 16, 22) ਇਹ ਪਵਿੱਤਰ ਥਾਂ ਉਨ੍ਹਾਂ ਵਿਅਕਤੀਆਂ ਲਈ ਹੈ ਜੋ ਨੈਤਿਕ ਅਤੇ ਰੂਹਾਨੀ ਤੌਰ ਤੇ ਧਰਮੀ ਹਨ। ਇਸੇ ਤਰ੍ਹਾਂ ਅਸੀਂ ਵੀ ਯਹੋਵਾਹ ਦੇ ਸਾਮ੍ਹਣੇ ਧਰਮੀ ਬਣੇ ਰਹਿਣਾ ਚਾਹੁੰਦੇ ਹਾਂ ਤਾਂਕਿ ਸਾਡੀ ਉਪਾਸਨਾ ਉਸ ਨੂੰ ਕਬੂਲ ਹੋਵੇ।—ਜ਼ਬੂਰ 11:7.
4. ਕਿਸ ਤਰ੍ਹਾਂ ਦੇ ਲੋਕਾਂ ਨੂੰ ਹੈਕਲ ਦੇ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੈ, ਅਤੇ ਇਹ ਗੱਲ ਸਾਨੂੰ ਕੀ ਸਿਖਾਉਂਦੀ ਹੈ?
4 ਲਾਂਘੇ ਦੇ ਦੋਵੇਂ ਪਾਸੇ, ਚੌਕੀਦਾਰਾਂ ਦੀਆਂ ਤਿੰਨ ਕੋਠੜੀਆਂ ਹਨ। ਕੀ ਚੌਕੀਦਾਰ ਸਾਨੂੰ ਹੈਕਲ ਦੇ ਅੰਦਰ ਜਾਣ ਦੀ ਇਜਾਜ਼ਤ ਦੇਣਗੇ? ਯਹੋਵਾਹ ਹਿਜ਼ਕੀਏਲ ਨੂੰ ਦੱਸਦਾ ਹੈ ਕਿ “ਦਿਲ ਦਾ ਬੇਸੁੰਨਤਾ” ਕੋਈ ਵੀ ਓਪਰਾ ਵਿਅਕਤੀ ਅੰਦਰ ਦਾਖ਼ਲ ਨਹੀਂ ਹੋ ਸਕਦਾ। (ਹਿਜ਼ਕੀਏਲ 40:10; 44:9) ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਕਿ ਪਰਮੇਸ਼ੁਰ ਸਿਰਫ਼ ਉਨ੍ਹਾਂ ਨੂੰ ਉਪਾਸਕਾਂ ਵਜੋਂ ਸਵੀਕਾਰ ਕਰਦਾ ਹੈ ਜੋ ਉਸ ਦੇ ਨਿਯਮਾਂ ਨੂੰ ਪਿਆਰ ਕਰਦੇ ਹਨ ਅਤੇ ਇਨ੍ਹਾਂ ਦੇ ਅਨੁਸਾਰ ਜੀਵਨ ਬਤੀਤ ਕਰਦੇ ਹਨ। (ਯਿਰਮਿਯਾਹ 4:4; ਰੋਮੀਆਂ 2:29) ਉਹ ਆਪਣੇ ਰੂਹਾਨੀ ਡੇਹਰੇ ਵਿਚ, ਯਾਨੀ ਕਿ ਆਪਣੇ ਉਪਾਸਨਾ ਦੇ ਭਵਨ ਵਿਚ ਅਜਿਹਿਆਂ ਲੋਕਾਂ ਦਾ ਸੁਆਗਤ ਕਰਦਾ ਹੈ। (ਜ਼ਬੂਰ 15:1-5) ਜਦੋਂ ਤੋਂ 1919 ਵਿਚ ਸ਼ੁੱਧ ਉਪਾਸਨਾ ਪੁਨਰ-ਸਥਾਪਿਤ ਕੀਤੀ ਗਈ ਸੀ, ਉਦੋਂ ਤੋਂ ਯਹੋਵਾਹ ਦੇ ਜ਼ਮੀਨੀ ਸੰਗਠਨ ਨੇ ਉਸ ਦੇ ਨੈਤਿਕ ਨਿਯਮਾਂ ਦੀ ਪੁਸ਼ਟੀ ਕੀਤੀ ਹੈ ਅਤੇ ਇਨ੍ਹਾਂ ਨੂੰ ਸਪੱਸ਼ਟ ਕੀਤਾ ਹੈ। ਜੋ ਵਿਅਕਤੀ ਜਾਣ-ਬੁੱਝ ਕੇ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰਦੇ ਹਨ, ਯਹੋਵਾਹ ਦੇ ਲੋਕਾਂ ਦੀ ਸੰਗਤ ਵਿਚ ਉਨ੍ਹਾਂ ਦਾ ਸੁਆਗਤ ਨਹੀਂ ਕੀਤਾ ਜਾਂਦਾ ਹੈ। ਅੱਜ, ਅਪਸ਼ਚਾਤਾਪੀ ਪਾਪੀਆਂ ਨੂੰ ਛੇਕਣ ਦਾ ਬਾਈਬਲ-ਆਧਾਰਿਤ ਰਿਵਾਜ ਸਾਡੀ ਉਪਾਸਨਾ ਨੂੰ ਸਾਫ਼ ਅਤੇ ਸ਼ੁੱਧ ਰੱਖਦਾ ਹੈ।—1 ਕੁਰਿੰਥੀਆਂ 5:13.
5. (ੳ) ਹਿਜ਼ਕੀਏਲ ਦੇ ਦਰਸ਼ਣ ਅਤੇ ਪਰਕਾਸ਼ ਦੀ ਪੋਥੀ 7:9-15 ਵਿਚ ਦਰਜ ਯੂਹੰਨਾ ਦੇ ਦਰਸ਼ਣ ਵਿਚ ਕਿਹੜੀਆਂ ਸਮਾਨਤਾਵਾਂ ਹਨ? (ਅ) ਹਿਜ਼ਕੀਏਲ ਦੇ ਦਰਸ਼ਣ ਵਿਚ ਬਾਹਰਲੇ ਵਿਹੜੇ ਵਿਚ ਉਪਾਸਨਾ ਕਰ ਰਹੇ 12 ਗੋਤ ਕਿਨ੍ਹਾਂ ਨੂੰ ਦਰਸਾਉਂਦੇ ਸਨ?
5 ਲਾਂਘਾ ਬਾਹਰਲੇ ਵਿਹੜੇ ਵਿਚ ਲੈ ਜਾਂਦਾ ਹੈ, ਜਿੱਥੇ ਲੋਕ ਯਹੋਵਾਹ ਦੀ ਉਪਾਸਨਾ ਅਤੇ ਉਸਤਤ ਕਰਦੇ ਹਨ। ਇਹ ਸਾਨੂੰ ਯੂਹੰਨਾ ਰਸੂਲ ਦੇ ਦਰਸ਼ਣ ਵਿਚ ਦੇਖੀ ਗਈ “ਵੱਡੀ ਭੀੜ” ਬਾਰੇ ਯਾਦ ਦਿਲਾਉਂਦਾ ਹੈ, ਜੋ ਯਹੋਵਾਹ ਦੀ ਉਪਾਸਨਾ “ਉਹ ਦੀ ਹੈਕਲ ਵਿੱਚ ਰਾਤ ਦਿਨ ਕਰਦੇ ਹਨ।” ਦੋਨਾਂ ਦਰਸ਼ਣਾਂ ਵਿਚ ਖਜੂਰ ਦੇ ਦਰਖ਼ਤ ਦੇਖੇ ਜਾਂਦੇ ਹਨ। ਹਿਜ਼ਕੀਏਲ ਦੇ ਦਰਸ਼ਣ ਵਿਚ ਲਾਂਘੇ ਦੀਆਂ ਕੰਧਾਂ ਉੱਤੇ ਖਜੂਰ ਦੇ ਦਰਖ਼ਤ ਉਕਰੇ ਹੋਏ ਹਨ। ਯੂਹੰਨਾ ਦੇ ਦਰਸ਼ਣ ਵਿਚ ਉਪਾਸਕਾਂ ਦੇ ਹੱਥਾਂ ਵਿਚ ਖਜੂਰ ਦੀਆਂ ਟਾਹਣੀਆਂ ਹਨ, ਜੋ ਯਹੋਵਾਹ ਦੀ ਉਸਤਤ ਕਰਨ ਅਤੇ ਯਿਸੂ ਦਾ ਸੁਆਗਤ ਆਪਣੇ ਰਾਜੇ ਵਜੋਂ ਕਰਨ ਵਿਚ ਉਨ੍ਹਾਂ ਦੇ ਆਨੰਦ ਦਾ ਪ੍ਰਤੀਕ ਹਨ। (ਪਰਕਾਸ਼ ਦੀ ਪੋਥੀ 7:9-15) ਹਿਜ਼ਕੀਏਲ ਦੇ ਦਰਸ਼ਣ ਦੇ ਪ੍ਰਸੰਗ ਵਿਚ, ਇਸਰਾਏਲ ਦੇ 12 ਗੋਤ, ‘ਹੋਰ ਭੇਡਾਂ’ ਨੂੰ ਦਰਸਾਉਂਦੇ ਹਨ। (ਯੂਹੰਨਾ 10:16. ਲੂਕਾ 22:28-30 ਦੀ ਤੁਲਨਾ ਕਰੋ।) ਕੀ ਤੁਸੀਂ ਵੀ ਉਨ੍ਹਾਂ ਵਿਅਕਤੀਆਂ ਵਿੱਚੋਂ ਹੋ ਜੋ ਯਹੋਵਾਹ ਦੇ ਰਾਜ ਦਾ ਐਲਾਨ ਕਰਨ ਦੁਆਰਾ ਉਸ ਦੀ ਉਸਤਤ ਕਰ ਕੇ ਖ਼ੁਸ਼ ਹੁੰਦੇ ਹਨ?
6. ਬਾਹਰਲੇ ਵਿਹੜੇ ਵਿਚ ਭੋਜਨ ਖਾਣ ਲਈ ਕੋਠੜੀਆਂ ਬਣਾਉਣ ਦਾ ਕੀ ਉਦੇਸ਼ ਸੀ, ਅਤੇ ਇਹ ਹੋਰ ਭੇਡਾਂ ਨੂੰ ਕਿਹੜੇ ਵਿਸ਼ੇਸ਼-ਸਨਮਾਨ ਦੀ ਯਾਦ ਦਿਲਾਉਂਦਾ ਹੈ?
6 ਜਿਉਂ-ਜਿਉਂ ਅਸੀਂ ਬਾਹਰਲੇ ਵਿਹੜੇ ਦਾ ਦੌਰਾ ਕਰਦੇ ਹਾਂ, ਅਸੀਂ ਉਹ 30 ਕੋਠੜੀਆਂ ਦੇਖਦੇ ਹਾਂ ਜਿੱਥੇ ਲੋਕ ਆਪਣੀਆਂ ਖ਼ੁਸ਼ੀ ਦੀਆਂ ਭੇਟਾਂ ਛਕਦੇ ਹਨ। (ਹਿਜ਼ਕੀਏਲ 40:17) ਅੱਜ-ਕੱਲ੍ਹ, ਹੋਰ ਭੇਡਾਂ ਦਾ ਸਮੂਹ, ਪਸ਼ੂਆਂ ਦੀਆਂ ਬਲੀਆਂ ਨਹੀਂ ਚੜ੍ਹਾਉਂਦਾ ਹੈ, ਪਰ ਉਹ ਰੂਹਾਨੀ ਹੈਕਲ ਵਿਚ ਖਾਲੀ ਹੱਥ ਨਹੀਂ ਆਉਂਦੇ ਹਨ। (ਕੂਚ 23:15 ਦੀ ਤੁਲਨਾ ਕਰੋ।) ਪੌਲੁਸ ਰਸੂਲ ਨੇ ਲਿਖਿਆ ਸੀ: “ਅਸੀਂ [ਯਿਸੂ] ਦੇ ਦੁਆਰਾ ਉਸਤਤ ਦਾ ਬਲੀਦਾਨ ਅਰਥਾਤ ਉਨ੍ਹਾਂ ਬੁੱਲ੍ਹਾਂ ਦਾ ਫਲ ਜਿਹੜੇ ਉਹ ਦੇ ਨਾਮ ਨੂੰ ਮੰਨ ਲੈਂਦੇ ਹਨ ਪਰਮੇਸ਼ੁਰ ਦੇ ਅੱਗੇ ਸਦਾ ਚੜ੍ਹਾਇਆ ਕਰੀਏ। ਪਰ ਭਲਾ ਕਰਨੋਂ ਅਤੇ ਪਰਉਪਕਾਰ ਕਰਨੋਂ ਨਾ ਭੁੱਲਿਓ ਕਿਉਂਕਿ ਅਜੇਹਿਆਂ ਬਲੀਦਾਨਾਂ ਤੋਂ ਪਰਮੇਸ਼ੁਰ ਪਰਸੰਨ ਹੁੰਦਾ ਹੈ।” (ਇਬਰਾਨੀਆਂ 13:15, 16; ਹੋਸ਼ੇਆ 14:2) ਯਹੋਵਾਹ ਨੂੰ ਅਜਿਹੇ ਬਲੀਦਾਨ ਚੜ੍ਹਾਉਣੇ ਇਕ ਵੱਡਾ ਵਿਸ਼ੇਸ਼-ਸਨਮਾਨ ਹੈ।—ਕਹਾਉਤਾਂ 3:9, 27.
7. ਹੈਕਲ ਦਾ ਮਿਣਿਆ ਜਾਣਾ, ਸਾਨੂੰ ਕਿਸ ਗੱਲ ਦਾ ਯਕੀਨ ਦਿਲਾਉਂਦਾ ਹੈ?
7 ਹਿਜ਼ਕੀਏਲ ਦੇ ਦੇਖਦਿਆਂ, ਇਕ ਦੂਤ ਇਸ ਦਰਸ਼ਣ ਦੀ ਹੈਕਲ ਨੂੰ ਮਿਣਦਾ ਹੈ। (ਹਿਜ਼ਕੀਏਲ 40:3) ਇਸੇ ਤਰ੍ਹਾਂ, ਯੂਹੰਨਾ ਰਸੂਲ ਨੂੰ ਕਿਹਾ ਗਿਆ ਸੀ: “ਉੱਠ, ਪਰਮੇਸ਼ੁਰ ਦੀ ਹੈਕਲ ਨੂੰ ਅਤੇ ਜਗਵੇਦੀ ਨੂੰ ਅਤੇ ਓਹਨਾਂ ਨੂੰ ਜਿਹੜੇ ਉੱਥੇ ਭਜਨ ਕਰਦੇ ਹਨ ਮਿਣ ਲੈ।” (ਪਰਕਾਸ਼ ਦੀ ਪੋਥੀ 11:1) ਹੈਕਲ ਨੂੰ ਮਿਣਨ ਦਾ ਕੀ ਮਤਲਬ ਹੈ? ਜ਼ਾਹਰ ਹੈ ਕਿ ਦੋਹਾਂ ਮੌਕਿਆਂ ਤੇ ਹੈਕਲ ਨੂੰ ਮਿਣਨਾ ਇਕ ਗਾਰੰਟੀ ਸੀ, ਅਰਥਾਤ ਇਕ ਚਿੰਨ੍ਹ ਕਿ ਯਹੋਵਾਹ ਨੂੰ ਸ਼ੁੱਧ ਉਪਾਸਨਾ ਸੰਬੰਧੀ ਆਪਣੇ ਮਕਸਦਾਂ ਨੂੰ ਪੂਰਾ ਕਰਨ ਤੋਂ ਕੋਈ ਵੀ ਨਹੀਂ ਰੋਕ ਸਕਦਾ। ਇਸੇ ਤਰ੍ਹਾਂ ਅੱਜ, ਅਸੀਂ ਯਕੀਨ ਕਰ ਸਕਦੇ ਹਾਂ ਕਿ ਕੋਈ ਵੀ ਚੀਜ਼—ਤਾਕਤਵਰ ਹਕੂਮਤਾਂ ਦਾ ਸਖ਼ਤ ਵਿਰੋਧ ਵੀ—ਸ਼ੁੱਧ ਉਪਾਸਨਾ ਦੀ ਪੁਨਰ-ਸਥਾਪਨਾ ਨੂੰ ਨਹੀਂ ਰੋਕ ਸਕਦੀ।
8. ਫਾਟਕਾਂ ਰਾਹੀਂ ਅੰਦਰਲੇ ਵਿਹੜੇ ਵਿਚ ਕੌਣ ਦਾਖ਼ਲ ਹੁੰਦੇ ਹਨ, ਅਤੇ ਇਹ ਫਾਟਕ ਸਾਨੂੰ ਕਿਸ ਗੱਲ ਦੀ ਯਾਦ ਦਿਲਾਉਂਦੇ ਹਨ?
8 ਬਾਹਰਲੇ ਵਿਹੜੇ ਵਿੱਚੋਂ ਲੰਘਦਿਆਂ, ਅਸੀਂ ਦੇਖਦੇ ਹਾਂ ਕਿ ਅੰਦਰਲੇ ਵਿਹੜੇ ਵਿਚ ਜਾਣ ਲਈ ਤਿੰਨ ਫਾਟਕ ਹਨ; ਅੰਦਰਲੇ ਅਤੇ ਬਾਹਰਲੇ ਫਾਟਕ ਬਰਾਬਰ ਮਾਪ ਦੇ ਹਨ ਅਤੇ ਇਕ ਦੂਜੇ ਦੇ ਆਮ੍ਹੋ-ਸਾਮ੍ਹਣੇ ਹਨ। (ਹਿਜ਼ਕੀਏਲ 40:6, 20, 23, 24, 27) ਅੰਦਰਲੇ ਵਿਹੜੇ ਵਿਚ ਸਿਰਫ਼ ਜਾਜਕ ਦਾਖ਼ਲ ਹੋ ਸਕਦੇ ਹਨ। ਅੰਦਰਲੇ ਫਾਟਕ ਸਾਨੂੰ ਯਾਦ ਦਿਲਾਉਂਦੇ ਹਨ ਕਿ ਮਸਹ ਕੀਤੇ ਹੋਇਆਂ ਲਈ ਈਸ਼ਵਰੀ ਮਿਆਰਾਂ ਅਤੇ ਨਿਯਮਾਂ ਉੱਤੇ ਪੂਰਾ ਉਤਰਨਾ ਜ਼ਰੂਰੀ ਹੈ, ਪਰ ਸਾਰੇ ਸੱਚੇ ਮਸੀਹੀਆਂ ਨੂੰ ਇਹੋ ਨਿਯਮ ਅਤੇ ਮਿਆਰ ਮਾਰਗ-ਦਰਸ਼ਿਤ ਕਰਦੇ ਹਨ। ਪਰ ਜਾਜਕਾਂ ਦਾ ਕੰਮ ਕੀ ਹੈ, ਅਤੇ ਇਹ ਸਾਡੇ ਜ਼ਮਾਨੇ ਲਈ ਕੀ ਅਰਥ ਰੱਖਦਾ ਹੈ?
ਇਕ ਵਫ਼ਾਦਾਰ ਜਾਜਕਾਈ
9, 10. ਹਿਜ਼ਕੀਏਲ ਦੇ ਦਰਸ਼ਣ ਦੇ ਜਾਜਕਾਈ ਵਰਗ ਦੁਆਰਾ ਪੂਰਵ-ਸੂਚਿਤ ਕੀਤੀ ਗਈ “ਜਾਜਕਾਂ ਦੀ ਸ਼ਾਹੀ ਮੰਡਲੀ” ਨੇ ਸਾਨੂੰ ਧਾਰਮਿਕ ਸਿੱਖਿਆ ਕਿਵੇਂ ਦਿੱਤੀ ਹੈ?
9 ਮਸੀਹ ਦੇ ਜ਼ਮਾਨੇ ਤੋਂ ਪਹਿਲਾਂ, ਹੈਕਲ ਵਿਚ ਜਾਜਕ ਸਖ਼ਤ ਮਿਹਨਤ ਕਰਦੇ ਸਨ। ਬਲੀ ਦੇ ਪਸ਼ੂਆਂ ਨੂੰ ਵੱਢਣਾ, ਜਗਵੇਦੀ ਉੱਤੇ ਉਨ੍ਹਾਂ ਦੀ ਬਲੀ ਚੜ੍ਹਾਉਣੀ, ਅਤੇ ਸੰਗੀ ਜਾਜਕਾਂ ਅਤੇ ਲੋਕਾਂ ਦੀ ਟਹਿਲ ਕਰਨਾ ਇਕ ਔਖਾ ਕੰਮ ਹੁੰਦਾ ਸੀ। ਪਰ ਉਨ੍ਹਾਂ ਦਾ ਹੋਰ ਜ਼ਰੂਰੀ ਕੰਮ ਵੀ ਸੀ। ਯਹੋਵਾਹ ਨੇ ਜਾਜਕਾਂ ਬਾਰੇ ਹੁਕਮ ਦਿੱਤਾ ਸੀ: “ਓਹ ਮੇਰੇ ਲੋਕਾਂ ਨੂੰ ਪਵਿੱਤ੍ਰ ਅਤੇ ਅਪਵਿੱਤ੍ਰ ਵਿੱਚ ਫਰਕ ਦੱਸਣਗੇ ਅਤੇ ਉਨ੍ਹਾਂ ਨੂੰ ਸ਼ੁੱਧ ਅਤੇ ਅਸ਼ੁੱਧ ਦੀ ਪਛਾਣ ਕਰਨਾ ਸਿਖਾਉਣਗੇ।”—ਹਿਜ਼ਕੀਏਲ 44:23; ਮਲਾਕੀ 2:7.
10 ਕੀ ਤੁਸੀਂ ਉਸ ਮਿਹਨਤ ਅਤੇ ਨਿਮਰ ਸੇਵਾ ਦੀ ਕਦਰ ਕਰਦੇ ਹੋ, ਜੋ ਮਸਹ ਕੀਤੇ ਹੋਇਆਂ ਮਸੀਹੀਆਂ ਨੇ, ਅਰਥਾਤ “ਜਾਜਕਾਂ ਦੀ ਸ਼ਾਹੀ ਮੰਡਲੀ” ਨੇ ਸ਼ੁੱਧ ਉਪਾਸਨਾ ਵਾਸਤੇ ਕੀਤੀ ਹੈ? (1 ਪਤਰਸ 2:9) ਪ੍ਰਾਚੀਨ ਸਮੇਂ ਦੀ ਲੇਵੀ ਜਾਜਕਾਈ ਵਾਂਗ, ਇਨ੍ਹਾਂ ਨੇ ਧਾਰਮਿਕ ਸਿੱਖਿਆ ਦੇਣ ਵਿਚ ਅਗਵਾਈ ਕੀਤੀ ਹੈ। ਇਨ੍ਹਾਂ ਨੇ ਲੋਕਾਂ ਦੀ ਇਹ ਸਮਝਣ ਵਿਚ ਮਦਦ ਕੀਤੀ ਹੈ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਕੀ ਸ਼ੁੱਧ ਅਤੇ ਉਚਿਤ ਹੈ ਅਤੇ ਕੀ ਨਹੀਂ ਹੈ। (ਮੱਤੀ 24:45) ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦੇ ਜ਼ਰੀਏ ਅਤੇ ਮਸੀਹੀ ਸਭਾਵਾਂ ਅਤੇ ਮਹਾਂ-ਸੰਮੇਲਨਾਂ ਦੇ ਜ਼ਰੀਏ, ਅਜਿਹੀ ਸਿੱਖਿਆ ਨੇ ਲੱਖਾਂ ਹੀ ਲੋਕਾਂ ਦੀ ਪਰਮੇਸ਼ੁਰ ਨਾਲ ਮੇਲ-ਮਿਲਾਪ ਕਰਾਉਣ ਵਿਚ ਮਦਦ ਕੀਤੀ ਹੈ।—2 ਕੁਰਿੰਥੀਆਂ 5:20.
11. (ੳ) ਹਿਜ਼ਕੀਏਲ ਦਾ ਦਰਸ਼ਣ ਜਾਜਕਾਂ ਦੀ ਸ਼ੁੱਧਤਾ ਦੀ ਮਹੱਤਤਾ ਤੇ ਕਿਵੇਂ ਜ਼ੋਰ ਦਿੰਦਾ ਹੈ? (ਅ) ਅੰਤ ਦਿਆਂ ਦਿਨਾਂ ਵਿਚ ਮਸਹ ਕੀਤੇ ਹੋਏ ਮਸੀਹੀ ਧਾਰਮਿਕ ਤੌਰ ਤੇ ਕਿਵੇਂ ਸ਼ੁੱਧ ਕੀਤੇ ਗਏ ਹਨ?
11 ਪਰ ਜਾਜਕਾਂ ਨੂੰ ਦੂਸਰਿਆਂ ਨੂੰ ਸ਼ੁੱਧ ਹੋਣ ਦੀ ਸਿੱਖਿਆ ਦੇਣ ਤੋਂ ਵੱਧ ਕੁਝ ਹੋਰ ਕਰਨ ਦੀ ਲੋੜ ਹੈ; ਉਨ੍ਹਾਂ ਨੂੰ ਖ਼ੁਦ ਸ਼ੁੱਧ ਹੋਣਾ ਚਾਹੀਦਾ ਹੈ। ਇਸ ਲਈ, ਹਿਜ਼ਕੀਏਲ ਨੇ ਦੇਖਿਆ ਕਿ ਇਸਰਾਏਲ ਦੀ ਜਾਜਕਾਈ ਨੂੰ ਸੋਧਿਆ ਜਾਵੇਗਾ। (ਹਿਜ਼ਕੀਏਲ 44:10-16) ਇਸੇ ਤਰ੍ਹਾਂ, ਇਤਿਹਾਸ ਦਿਖਾਉਂਦਾ ਹੈ ਕਿ 1918 ਵਿਚ, ਯਹੋਵਾਹ ‘ਤਾਉਣ ਵਾਲੇ’ ਵਜੋਂ ਆਪਣੀ ਰੂਹਾਨੀ ਹੈਕਲ ਵਿਚ ਬੈਠਿਆ ਅਤੇ ਉਸ ਨੇ ਮਸਹ ਕੀਤੇ ਹੋਏ ਜਾਜਕੀ ਵਰਗ ਦੀ ਜਾਂਚ ਕੀਤੀ। (ਮਲਾਕੀ 3:1-5) ਜਿਨ੍ਹਾਂ ਨੂੰ ਧਾਰਮਿਕ ਤੌਰ ਤੇ ਸ਼ੁੱਧ ਗਿਣਿਆ ਗਿਆ ਜਾਂ ਜਿਨ੍ਹਾਂ ਨੇ ਮੂਰਤੀ-ਪੂਜਾ ਕਰਨ ਤੋਂ ਤੋਬਾ ਕੀਤੀ ਉਨ੍ਹਾਂ ਨੂੰ ਉਸ ਦੀ ਰੂਹਾਨੀ ਹੈਕਲ ਵਿਚ ਸੇਵਾ ਕਰਦੇ ਰਹਿਣ ਦਾ ਵਿਸ਼ੇਸ਼-ਸਨਮਾਨ ਮਿਲਿਆ। ਫਿਰ ਵੀ, ਬਾਕੀ ਸਾਰਿਆਂ ਵਾਂਗ, ਮਸਹ ਕੀਤੇ ਹੋਏ ਮਸੀਹੀ ਨਿੱਜੀ ਤੌਰ ਤੇ ਧਾਰਮਿਕ ਅਤੇ ਨੈਤਿਕ ਰੂਪ ਵਿਚ ਅਸ਼ੁੱਧ ਬਣ ਸਕਦੇ ਹਨ। (ਹਿਜ਼ਕੀਏਲ 44:22, 25-27) ਉਨ੍ਹਾਂ ਨੂੰ “ਜਗਤ ਤੋਂ ਨਿਹਕਲੰਕ” ਰਹਿਣ ਲਈ ਸਖ਼ਤ ਮਿਹਨਤ ਕਰਨੀ ਪਈ ਹੈ।—ਯਾਕੂਬ 1:27. ਮਰਕੁਸ 7:20-23 ਦੀ ਤੁਲਨਾ ਕਰੋ।
12. ਸਾਨੂੰ ਮਸਹ ਕੀਤੇ ਹੋਏ ਮਸੀਹੀਆਂ ਦੇ ਕੰਮ ਦੀ ਕਦਰ ਕਿਉਂ ਕਰਨੀ ਚਾਹੀਦੀ ਹੈ?
12 ਸਾਡੇ ਵਿੱਚੋਂ ਹਰੇਕ ਵਿਅਕਤੀ ਆਪਣੇ ਆਪ ਨੂੰ ਪੁੱਛ ਸਕਦਾ ਹੈ, ‘ਕੀ ਮੈਂ ਉਸ ਮਿਸਾਲ ਦੀ ਕਦਰ ਕਰਦਾ ਹਾਂ ਜੋ ਮਸਹ ਕੀਤੇ ਹੋਇਆਂ ਨੇ ਇੰਨੇ ਸਾਲਾਂ ਤੋਂ ਆਪਣੀ ਵਫ਼ਾਦਾਰ ਸੇਵਾ ਦੁਆਰਾ ਕਾਇਮ ਕੀਤੀ ਹੈ? ਕੀ ਮੈਂ ਉਨ੍ਹਾਂ ਦੀ ਨਿਹਚਾ ਦੀ ਰੀਸ ਕਰਦਾ ਹਾਂ?’ ਵੱਡੀ ਭੀੜ ਦੇ ਲੋਕਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਮਸਹ ਕੀਤੇ ਹੋਏ ਮਸੀਹੀ ਉਨ੍ਹਾਂ ਨਾਲ ਧਰਤੀ ਉੱਤੇ ਹਮੇਸ਼ਾ ਲਈ ਨਹੀਂ ਹੋਣਗੇ। ਹਿਜ਼ਕੀਏਲ ਦੇ ਦਰਸ਼ਣ ਦੇ ਜਾਜਕਾਂ ਬਾਰੇ ਯਹੋਵਾਹ ਨੇ ਕਿਹਾ: “ਤੁਸੀਂ ਇਸਰਾਏਲ ਵਿੱਚ ਉਨ੍ਹਾਂ ਨੂੰ ਕੋਈ [ਜ਼ਮੀਨ ਦੀ] ਮਿਲਖ ਨਾ ਦੇਣਾ,—ਮੈਂ ਹੀ ਉਨ੍ਹਾਂ ਦੀ ਮਿਲਖ ਹਾਂ।” (ਹਿਜ਼ਕੀਏਲ 44:28) ਇਸੇ ਤਰ੍ਹਾਂ, ਮਸਹ ਕੀਤੇ ਹੋਇਆਂ ਲਈ ਧਰਤੀ ਉੱਤੇ ਕੋਈ ਸਥਾਈ ਜਗ੍ਹਾ ਨਹੀਂ ਹੈ। ਉਨ੍ਹਾਂ ਦੀ ਵਿਰਾਸਤ ਸਵਰਗ ਵਿਚ ਹੈ, ਅਤੇ ਜਦ ਤਕ ਉਹ ਧਰਤੀ ਉੱਤੇ ਹਨ, ਵੱਡੀ ਭੀੜ ਦੇ ਲੋਕ ਉਨ੍ਹਾਂ ਦੀ ਮਦਦ ਕਰਨਾ ਅਤੇ ਉਨ੍ਹਾਂ ਨੂੰ ਹੌਸਲਾ ਦੇਣਾ ਇਕ ਵਿਸ਼ੇਸ਼-ਸਨਮਾਨ ਸਮਝਦੇ ਹਨ।—ਮੱਤੀ 25:34-40; 1 ਪਤਰਸ 1:3, 4.
ਰਾਜਕੁਮਾਰ ਕੌਣ ਹੈ?
13, 14. (ੳ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਰਾਜਕੁਮਾਰ ਹੋਰ ਭੇਡਾਂ ਵਿੱਚੋਂ ਹੈ? (ਅ) ਰਾਜਕੁਮਾਰ ਕਿਸ ਨੂੰ ਦਰਸਾਉਂਦਾ ਹੈ?
13 ਹੁਣ ਇਕ ਦਿਲਚਸਪ ਸਵਾਲ ਉੱਠਦਾ ਹੈ। ਰਾਜਕੁਮਾਰ ਕਿਸ ਨੂੰ ਦਰਸਾਉਂਦਾ ਹੈ? ਕਿਉਂਕਿ ਉਸ ਨੂੰ ਇਕ ਵਿਅਕਤੀ ਵਜੋਂ ਅਤੇ ਇਕ ਸਮੂਹ ਵਜੋਂ ਦਰਸਾਇਆ ਗਿਆ ਹੈ, ਅਸੀਂ ਸੋਚ ਸਕਦੇ ਹਾਂ ਕਿ ਉਹ ਆਦਮੀਆਂ ਦੇ ਇਕ ਵਰਗ ਨੂੰ ਦਰਸਾਉਂਦਾ ਹੈ। (ਹਿਜ਼ਕੀਏਲ 44:3; 45:8, 9) ਪਰ ਕਿਨ੍ਹਾਂ ਨੂੰ? ਉਹ ਨਿਸ਼ਚੇ ਹੀ ਮਸਹ ਕੀਤੇ ਹੋਇਆਂ ਨੂੰ ਨਹੀਂ ਦਰਸਾਉਂਦਾ। ਦਰਸ਼ਣ ਵਿਚ ਉਹ ਜਾਜਕਾਂ ਦੇ ਨਾਲ-ਨਾਲ ਕੰਮ ਕਰਦਾ ਹੈ, ਪਰ ਉਹ ਉਨ੍ਹਾਂ ਵਿੱਚੋਂ ਨਹੀਂ ਹੈ। ਜਾਜਕੀ ਵਰਗ ਤੋਂ ਭਿੰਨ, ਉਸ ਨੂੰ ਦੇਸ਼ ਵਿਚ ਵਿਰਾਸਤ ਦਿੱਤੀ ਜਾਂਦੀ ਹੈ ਅਤੇ ਉਸ ਦਾ ਭਵਿੱਖ ਧਰਤੀ ਉੱਤੇ ਹੈ, ਸਵਰਗ ਵਿਚ ਨਹੀਂ। (ਹਿਜ਼ਕੀਏਲ 48:21) ਇਸ ਤੋਂ ਇਲਾਵਾ, ਹਿਜ਼ਕੀਏਲ 46:10 ਕਹਿੰਦਾ ਹੈ: “ਜਦੋਂ ਓਹ [ਗ਼ੈਰ-ਜਾਜਕੀ ਗੋਤ] ਅੰਦਰ [ਹੈਕਲ ਦੇ ਬਾਹਰਲੇ ਵਿਹੜੇ ਵਿਚ] ਜਾਣਗੇ ਤਾਂ ਰਾਜਕੁਮਾਰ ਵੀ ਉਨ੍ਹਾਂ ਦੇ ਵਿੱਚ ਮਿਲ ਕੇ ਜਾਵੇਗਾ ਅਤੇ ਜਦੋਂ ਓਹ ਬਾਹਰ ਨਿੱਕਲਣਗੇ ਤਾਂ ਸਾਰੇ ਇਕੱਠੇ ਜਾਣਗੇ।” ਉਹ ਅੰਦਰਲੇ ਵਿਹੜੇ ਵਿਚ ਦਾਖ਼ਲ ਨਹੀਂ ਹੁੰਦਾ ਹੈ, ਪਰ ਬਾਹਰਲੇ ਵਿਹੜੇ ਵਿਚ ਉਪਾਸਨਾ ਕਰਦਾ ਹੈ। ਉਹ ਲੋਕਾਂ ਨਾਲ ਹੈਕਲ ਵਿਚ ਆਉਂਦਾ ਜਾਂਦਾ ਹੈ। ਇਨ੍ਹਾਂ ਕਾਰਨਾਂ ਨੂੰ ਦੇਖਦੇ ਹੋਏ ਇਹ ਸਪੱਸ਼ਟ ਹੈ ਕਿ ਰਾਜਕੁਮਾਰ, ਹੋਰ ਭੇਡਾਂ ਦੀ ਵੱਡੀ ਭੀੜ ਵਿੱਚੋਂ ਹੋਵੇਗਾ।
14 ਸਪੱਸ਼ਟ ਤੌਰ ਤੇ, ਪਰਮੇਸ਼ੁਰ ਦੇ ਲੋਕਾਂ ਵਿਚਕਾਰ ਰਾਜਕੁਮਾਰ ਦੀ ਕਾਫ਼ੀ ਜ਼ਿੰਮੇਵਾਰੀ ਹੈ। ਬਾਹਰਲੇ ਵਿਹੜੇ ਵਿਚ, ਉਹ ਪੂਰਬੀ ਫਾਟਕ ਦੀ ਡਿਉੜ੍ਹੀ ਉੱਤੇ ਬੈਠਦਾ ਹੈ। (ਹਿਜ਼ਕੀਏਲ 44:2, 3) ਇਸ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਨਿਗਰਾਨੀ ਕਰਨ ਦੀ ਪਦਵੀ ਸੀ, ਜਿਵੇਂ ਇਸਰਾਏਲ ਦੇ ਬਜ਼ੁਰਗਾਂ ਦੀ ਪਦਵੀ ਹੁੰਦੀ ਸੀ ਜੋ ਸ਼ਹਿਰ ਦੇ ਫਾਟਕ ਵਿਚ ਬੈਠ ਕੇ ਲੋਕਾਂ ਦਾ ਨਿਆਉਂ ਕਰਦੇ ਸਨ। (ਰੂਥ 4:1-12; ਕਹਾਉਤਾਂ 22:22) ਹੋਰ ਭੇਡਾਂ ਵਿੱਚੋਂ ਅੱਜ-ਕੱਲ੍ਹ ਕੌਣ ਨਿਗਰਾਨੀ ਦੀਆਂ ਪਦਵੀਆਂ ਸੰਭਾਲਦੇ ਹਨ? ਜ਼ਮੀਨੀ ਉਮੀਦ ਵਾਲੇ ਬਜ਼ੁਰਗ ਇਹ ਪਦਵੀਆਂ ਸੰਭਾਲਦੇ ਹਨ, ਜਿਨ੍ਹਾਂ ਨੂੰ ਪਵਿੱਤਰ ਸ਼ਕਤੀ ਰਾਹੀਂ ਨਿਯੁਕਤ ਕੀਤਾ ਗਿਆ ਹੈ। (ਰਸੂਲਾਂ ਦੇ ਕਰਤੱਬ 20:28) ਇਸ ਤਰ੍ਹਾਂ ਰਾਜਕੁਮਾਰ ਵਰਗ ਨੂੰ ਹੁਣ ਤੋਂ ਤਿਆਰ ਕੀਤਾ ਜਾ ਰਿਹਾ ਹੈ, ਤਾਂਕਿ ਉਹ ਨਵੀਂ ਦੁਨੀਆਂ ਵਿਚ ਪ੍ਰਬੰਧਕੀ ਹੈਸੀਅਤ ਵਿਚ ਸੇਵਾ ਕਰ ਸਕਣ।
15. (ੳ) ਹਿਜ਼ਕੀਏਲ ਦਾ ਦਰਸ਼ਣ ਵੱਡੀ ਭੀੜ ਵਿੱਚੋਂ ਲਏ ਗਏ ਬਜ਼ੁਰਗਾਂ ਅਤੇ ਮਸਹ ਕੀਤੇ ਹੋਏ ਜਾਜਕਾਈ ਵਰਗ ਦੇ ਆਪਸੀ ਰਿਸ਼ਤੇ ਉੱਤੇ ਕਿਵੇਂ ਰੌਸ਼ਨੀ ਪਾਉਂਦਾ ਹੈ? (ਅ) ਪਰਮੇਸ਼ੁਰ ਦੇ ਜ਼ਮੀਨੀ ਸੰਗਠਨ ਵਿਚ ਮਸਹ ਕੀਤੇ ਹੋਏ ਬਜ਼ੁਰਗਾਂ ਨੇ ਕਿਵੇਂ ਅਗਵਾਈ ਕੀਤੀ ਹੈ?
15 ਲੇਕਿਨ, ਅੱਜ ਮਸਹ ਕੀਤੇ ਹੋਏ ਜਾਜਕੀ ਵਰਗ ਅਤੇ ਉਨ੍ਹਾਂ ਬਜ਼ੁਰਗਾਂ ਵਿਚਕਾਰ ਕਿਹੋ ਜਿਹਾ ਰਿਸ਼ਤਾ ਹੈ ਜੋ ਵੱਡੀ ਭੀੜ ਦਾ ਹਿੱਸਾ ਹਨ ਅਤੇ ਨਿਗਰਾਨੀ ਦੀ ਜ਼ਿੰਮੇਵਾਰੀ ਸਾਂਭ ਰਹੇ ਹਨ? ਹਿਜ਼ਕੀਏਲ ਦਾ ਦਰਸ਼ਣ ਸੰਕੇਤ ਕਰਦਾ ਹੈ ਕਿ ਬਜ਼ੁਰਗ ਜੋ ਵੱਡੀ ਭੀੜ ਦੇ ਮੈਂਬਰ ਹਨ, ਉਹ ਸਹਾਇਕ ਅਤੇ ਅਧੀਨ ਸੇਵਕਾਂ ਵਜੋਂ ਕੰਮ ਕਰਦੇ ਹਨ, ਜਦ ਕਿ ਮਸਹ ਕੀਤੇ ਹੋਏ ਮਸੀਹੀ ਧਾਰਮਿਕ ਅਗਵਾਈ ਕਰਦੇ ਹਨ। ਉਹ ਕਿਸ ਤਰ੍ਹਾਂ? ਯਾਦ ਕਰੋ ਕਿ ਦਰਸ਼ਣ ਵਿਚ ਜਾਜਕਾਂ ਨੂੰ ਰੂਹਾਨੀ ਮਾਮਲਿਆਂ ਵਿਚ ਲੋਕਾਂ ਨੂੰ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਉਨ੍ਹਾਂ ਨੂੰ ਮੁਕੱਦਮਿਆਂ ਵਿਚ ਨਿਆਂਕਾਰਾਂ ਵਜੋਂ ਕੰਮ ਕਰਨ ਲਈ ਵੀ ਕਿਹਾ ਗਿਆ ਸੀ। ਇਸ ਤੋਂ ਇਲਾਵਾ, ਹੈਕਲ ਦੇ ਫਾਟਕਾਂ ਤੇ ਲੇਵੀ “ਰਾਖੀ” ਕਰਨ ਲਈ ਠਹਿਰਾਏ ਗਏ ਸਨ। (ਹਿਜ਼ਕੀਏਲ 44:11, 23, 24) ਇਹ ਸਪੱਸ਼ਟ ਹੈ ਕਿ ਰਾਜਕੁਮਾਰ ਨੇ ਜਾਜਕਾਂ ਦੀਆਂ ਧਾਰਮਿਕ ਸੇਵਾਵਾਂ ਅਤੇ ਉਨ੍ਹਾਂ ਦੀ ਅਗਵਾਈ ਦੇ ਅਧੀਨ ਰਹਿਣਾ ਸੀ। ਫਿਰ ਇਹ ਉਚਿਤ ਹੈ ਕਿ ਸਾਡੇ ਜ਼ਮਾਨੇ ਵਿਚ ਮਸਹ ਕੀਤੇ ਹੋਇਆਂ ਨੇ ਸ਼ੁੱਧ ਉਪਾਸਨਾ ਵਿਚ ਅਗਵਾਈ ਕੀਤੀ ਹੈ। ਉਦਾਹਰਣ ਵਜੋਂ, ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਇਨ੍ਹਾਂ ਵਿੱਚੋਂ ਚੁਣੇ ਗਏ ਹਨ। ਇਹ ਮਸਹ ਕੀਤੇ ਹੋਏ ਵਫ਼ਾਦਾਰ ਬਜ਼ੁਰਗ ਦਹਾਕਿਆਂ ਤੋਂ ਰਾਜਕੁਮਾਰ ਵਰਗ ਨੂੰ ਸਿਖਲਾਈ ਦਿੰਦੇ ਆਏ ਹਨ, ਅਤੇ ਇਸ ਵਰਗ ਦੇ ਸੰਭਾਵੀ ਮੈਂਬਰਾਂ ਨੂੰ ਉਸ ਦਿਨ ਲਈ ਤਿਆਰ ਕਰ ਰਹੇ ਹਨ, ਜਦੋਂ ਉਹ ਪਰਮੇਸ਼ੁਰ ਦੇ ਆਉਣ ਵਾਲੇ ਨਵੇਂ ਸੰਸਾਰ ਵਿਚ ਪੂਰਾ ਇਖ਼ਤਿਆਰ ਸਾਂਭਣਗੇ।
16. ਯਸਾਯਾਹ 32:1, 2 ਦੇ ਮੁਤਾਬਕ, ਸਾਰੇ ਬਜ਼ੁਰਗਾਂ ਨੂੰ ਕਿਹੋ ਜਿਹੇ ਹੋਣਾ ਚਾਹੀਦਾ ਹੈ?
16 ਇਹ ਸੰਭਾਵੀ ਮੈਂਬਰ, ਕਿਹੋ ਜਿਹੇ ਨਿਗਾਹਬਾਨ ਹਨ ਜਿਨ੍ਹਾਂ ਨੂੰ ਰਾਜਕੁਮਾਰ ਵਰਗ ਵਜੋਂ ਜ਼ਿਆਦਾ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ? ਯਸਾਯਾਹ 32:1, 2 ਵਿਚ ਪਾਈ ਜਾਂਦੀ ਭਵਿੱਖਬਾਣੀ ਦੱਸਦੀ ਹੈ: “ਵੇਖੋ, ਇੱਕ ਪਾਤਸ਼ਾਹ ਧਰਮ ਨਾਲ ਪਾਤਸ਼ਾਹੀ ਕਰੇਗਾ, ਅਤੇ ਸਰਦਾਰ ਨਿਆਉਂ ਨਾਲ ਸਰਦਾਰੀ ਕਰਨਗੇ। ਹਰੇਕ ਪੌਣ ਤੋਂ ਲੁੱਕਣ ਦੇ ਥਾਂ ਜਿਹਾ ਹੋਵੇਗਾ, ਵਾਛੜ ਤੋਂ ਓਟ, ਸੁੱਕੇ ਵਿੱਚ ਪਾਣੀ ਦੀਆਂ ਨਾਲੀਆਂ ਜਿਹਾ, ਹੁੱਸੀ ਧਰਤੀ ਵਿੱਚ ਵੱਡੀ ਚਟਾਨ ਦੇ ਸਾਯੇ ਜਿਹਾ।” ਇਹ ਭਵਿੱਖਬਾਣੀ ਅੱਜ ਪੂਰੀ ਹੁੰਦੀ ਹੈ, ਜਦੋਂ ਮਸਹ ਕੀਤੇ ਹੋਇਆਂ ਵਿੱਚੋਂ ਅਤੇ ਹੋਰ ਭੇਡਾਂ ਵਿੱਚੋਂ ਲਏ ਗਏ ਮਸੀਹੀ ਬਜ਼ੁਰਗ, ਸਤਾਹਟ ਅਤੇ ਨਿਰਾਸ਼ਾ ਵਰਗੀਆਂ ‘ਪੌਣਾਂ’ ਤੋਂ ਇੱਜੜ ਦੀ ਰੱਖਿਆ ਕਰਨ ਦਾ ਜਤਨ ਕਰਦੇ ਹਨ।
17. ਮਸੀਹੀ ਚਰਵਾਹਿਆਂ ਨੂੰ ਆਪਣੇ ਆਪ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ, ਅਤੇ ਇੱਜੜ ਨੂੰ ਉਨ੍ਹਾਂ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?
17 ਇਬਰਾਨੀ ਭਾਸ਼ਾ ਵਿਚ “ਸਰਦਾਰ” ਅਤੇ “ਰਾਜਕੁਮਾਰ” ਸ਼ਬਦਾਂ ਦਾ ਇੱਕੋ ਜਿਹਾ ਅਰਥ ਹੈ। ਇਹ ਆਦਮੀਆਂ ਨੂੰ ਵਡਿਆਉਣ ਲਈ ਦਿੱਤੇ ਗਏ ਖ਼ਿਤਾਬ ਨਹੀਂ ਹਨ। ਸਗੋਂ, ਇਹ ਦਿਖਾਉਂਦੇ ਹਨ ਕਿ ਇਨ੍ਹਾਂ ਆਦਮੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਪਰਮੇਸ਼ੁਰ ਦੀਆਂ ਭੇਡਾਂ ਦੀ ਦੇਖ-ਭਾਲ ਕਰਨ। ਯਹੋਵਾਹ ਸਖ਼ਤ ਚੇਤਾਵਨੀ ਦਿੰਦਾ ਹੈ: “ਹੇ ਇਸਰਾਏਲ ਦੇ ਰਾਜਕੁਮਾਰੋ, ਤੁਹਾਡੇ ਲਈ ਇਹੀ ਬਹੁਤਾ ਹੈ। ਅਤਿਯਾਚਾਰ ਅਤੇ ਲੁੱਟ ਮਾਰ ਨੂੰ ਬੰਦ ਕਰੋ। ਨਿਆਉਂ ਅਤੇ ਧਰਮ ਦੀ ਵਰਤੋਂ ਕਰੋ।” (ਹਿਜ਼ਕੀਏਲ 45:9) ਅੱਜ ਸਾਰੇ ਬਜ਼ੁਰਗਾਂ ਨੂੰ ਅਜਿਹੀ ਸਲਾਹ ਦਿਲ ਨੂੰ ਲਾ ਲੈਣੀ ਚਾਹੀਦੀ ਹੈ। (1 ਪਤਰਸ 5:2, 3) ਬਦਲੇ ਵਿਚ, ਇੱਜੜ ਵੀ ਇਸ ਗੱਲ ਨੂੰ ਸਮਝਦਾ ਹੈ ਕਿ ਯਿਸੂ ਨੇ ਇਨ੍ਹਾਂ ਚਰਵਾਹਿਆਂ ਨੂੰ ‘ਮਨੁੱਖਾਂ ਵਿਚ ਦਾਨ’ ਵਜੋਂ ਦਿੱਤਾ ਹੈ। (ਅਫ਼ਸੀਆਂ 4:8) ਉਨ੍ਹਾਂ ਦੀਆਂ ਯੋਗਤਾਵਾਂ ਪਰਮੇਸ਼ੁਰ ਦੇ ਪ੍ਰੇਰਿਤ ਬਚਨ ਵਿਚ ਦਰਜ ਹਨ। (1 ਤਿਮੋਥਿਉਸ 3:1-7; ਤੀਤੁਸ 1:5-9) ਇਸ ਕਰਕੇ ਮਸੀਹੀ, ਬਜ਼ੁਰਗਾਂ ਦੀ ਅਗਵਾਈ ਅਨੁਸਾਰ ਚੱਲਦੇ ਹਨ।—ਇਬਰਾਨੀਆਂ 13:7.
18. ਭਾਵੀ ਰਾਜਕੁਮਾਰ ਵਰਗ ਦੀਆਂ ਅੱਜ ਕੁਝ ਜ਼ਿੰਮੇਵਾਰੀਆਂ ਕੀ ਹਨ, ਅਤੇ ਭਵਿੱਖ ਵਿਚ ਇਸ ਦੀ ਕਿਹੜੀ ਜ਼ਿੰਮੇਵਾਰੀ ਹੋਵੇਗੀ?
18 ਬਾਈਬਲ ਦੇ ਜ਼ਮਾਨੇ ਵਿਚ ਕੁਝ ਰਾਜਕੁਮਾਰਾਂ ਕੋਲ ਕਾਫ਼ੀ, ਅਤੇ ਦੂਜਿਆਂ ਕੋਲ ਘੱਟ ਇਖ਼ਤਿਆਰ ਸੀ। ਅੱਜ-ਕੱਲ੍ਹ, ਵੱਡੀ ਭੀੜ ਵਿੱਚੋਂ ਲਏ ਗਏ ਬਜ਼ੁਰਗਾਂ ਦੀਆਂ ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਹਨ। ਕੁਝ ਇਕ ਕਲੀਸਿਯਾ ਵਿਚ ਸੇਵਾ ਕਰਦੇ ਹਨ; ਦੂਸਰੇ ਸਫ਼ਰੀ ਨਿਗਾਹਬਾਨਾਂ ਵਜੋਂ ਕਈਆਂ ਕਲੀਸਿਯਾਵਾਂ ਵਿਚ ਸੇਵਾ ਕਰਦੇ ਹਨ; ਦੂਸਰੇ ਬ੍ਰਾਂਚ ਕਮੇਟੀ ਦੇ ਮੈਂਬਰਾਂ ਵਜੋਂ ਪੂਰੇ ਦੇਸ਼ ਦੀ ਸੇਵਾ ਕਰਦੇ ਹਨ; ਦੂਸਰੇ ਪ੍ਰਬੰਧਕ ਸਭਾ ਦੀਆਂ ਵੱਖਰੋ-ਵੱਖਰੀਆਂ ਕਮੇਟੀਆਂ ਦੀ ਸਿੱਧੇ ਤੌਰ ਤੇ ਮਦਦ ਕਰਦੇ ਹਨ। ਨਵੇਂ ਸੰਸਾਰ ਵਿਚ, ਯਿਸੂ “ਸਾਰੀ ਧਰਤੀ ਉੱਤੇ ਸਰਦਾਰ” ਨਿਯੁਕਤ ਕਰੇਗਾ ਜੋ ਧਰਤੀ ਉੱਤੇ ਯਹੋਵਾਹ ਦੇ ਉਪਾਸਕਾਂ ਵਿਚਕਾਰ ਅਗਵਾਈ ਕਰਨਗੇ। (ਜ਼ਬੂਰ 45:16) ਕੋਈ ਸ਼ੱਕ ਨਹੀਂ ਕਿ ਉਹ ਅੱਜ-ਕੱਲ੍ਹ ਦੇ ਵਫ਼ਾਦਾਰ ਬਜ਼ੁਰਗਾਂ ਵਿੱਚੋਂ ਕਈਆਂ ਨੂੰ ਇਸ ਕੰਮ ਲਈ ਚੁਣੇਗਾ। ਕਿਉਂਕਿ ਇਹ ਆਦਮੀ ਹੁਣ ਆਪਣੀ ਵਫ਼ਾਦਾਰੀ ਸਾਬਤ ਕਰ ਰਹੇ ਹਨ, ਭਵਿੱਖ ਵਿਚ ਯਿਸੂ ਕਈਆਂ ਨੂੰ ਹੋਰ ਵੀ ਜ਼ਿਆਦਾ ਜ਼ਿੰਮੇਵਾਰੀਆਂ ਸੌਂਪੇਗਾ, ਜਦੋਂ ਉਹ ਨਵੇਂ ਸੰਸਾਰ ਵਿਚ ਰਾਜਕੁਮਾਰ ਵਰਗ ਦੀ ਭੂਮਿਕਾ ਨੂੰ ਸਪੱਸ਼ਟ ਕਰੇਗਾ।
ਅੱਜ ਪਰਮੇਸ਼ੁਰ ਦੇ ਲੋਕਾਂ ਦਾ ਦੇਸ਼
19. ਹਿਜ਼ਕੀਏਲ ਦੇ ਦਰਸ਼ਣ ਵਿਚ ਦਿਖਾਇਆ ਗਿਆ ਦੇਸ਼ ਕਿਸ ਚੀਜ਼ ਨੂੰ ਦਰਸਾਉਂਦਾ ਹੈ?
19 ਹਿਜ਼ਕੀਏਲ ਦਾ ਦਰਸ਼ਣ ਇਸਰਾਏਲ ਦੇ ਮੁੜ-ਬਹਾਲ ਦੇਸ਼ ਦਾ ਵਰਣਨ ਵੀ ਕਰਦਾ ਹੈ। ਦਰਸ਼ਣ ਦਾ ਇਹ ਪਹਿਲੂ ਕੀ ਦਰਸਾਉਂਦਾ ਹੈ? ਮੁੜ-ਬਹਾਲੀ ਬਾਰੇ ਦੂਸਰੀਆਂ ਭਵਿੱਖਬਾਣੀਆਂ ਨੇ ਦੱਸਿਆ ਕਿ ਦੇਸ਼, ਅਰਥਾਤ ਇਸਰਾਏਲ, ਅਦਨ ਦੇ ਬਾਗ਼ ਵਰਗਾ ਫਿਰਦੌਸ ਹੋਵੇਗਾ। (ਹਿਜ਼ਕੀਏਲ 36:34, 35) ਅੱਜ, ਅਸੀਂ ਇਕ ਮੁੜ-ਬਹਾਲ ਦੇਸ਼ ਦਾ ਆਨੰਦ ਲੈਂਦੇ ਹਾਂ, ਅਤੇ ਇਹ ਵੀ ਇਕ ਤਰ੍ਹਾਂ ਨਾਲ ਅਦਨ ਵਰਗਾ ਹੀ ਹੈ। ਇਸੇ ਤਰ੍ਹਾਂ, ਅਸੀਂ ਅਕਸਰ ਰੂਹਾਨੀ ਦ੍ਰਿਸ਼ਟੀ ਤੋਂ ਇਕ ਫਿਰਦੌਸ ਦਾ ਜ਼ਿਕਰ ਕਰਦੇ ਹਾਂ। ਪਹਿਰਾਬੁਰਜ ਨੇ ਸਾਡੇ ‘ਦੇਸ਼’ ਨੂੰ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਦੇ “ਕਾਰਜ ਖੇਤਰ” ਵਜੋਂ ਸਮਝਾਇਆ ਹੈ।b ਯਹੋਵਾਹ ਦਾ ਸੇਵਕ ਭਾਵੇਂ ਜਿੱਥੇ ਕਿਤੇ ਵੀ ਹੋਵੇ, ਜਿੰਨਾ ਚਿਰ ਉਹ ਯਿਸੂ ਮਸੀਹ ਦੇ ਕਦਮਾਂ ਵਿਚ ਚੱਲ ਕੇ ਸੱਚੀ ਉਪਾਸਨਾ ਦੀ ਪੈਰਵੀ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ, ਉਹ ਇਸ ਮੁੜ-ਬਹਾਲ ਦੇਸ਼ ਵਿਚ ਰਹਿੰਦਾ ਹੈ।—1 ਪਤਰਸ 2:21.
20. ਹਿਜ਼ਕੀਏਲ ਦੇ ਦਰਸ਼ਣ ਵਿਚ ਦੇਖੇ ਗਏ ‘ਪਵਿੱਤਰ ਭੇਟਾ’ ਤੋਂ ਅਸੀਂ ਕਿਹੜਾ ਸਿਧਾਂਤ ਸਿੱਖ ਸਕਦੇ ਹਾਂ, ਅਤੇ ਇਸ ਸਿਧਾਂਤ ਨੂੰ ਅਸੀਂ ਕਿਵੇਂ ਲਾਗੂ ਕਰ ਸਕਦੇ ਹਾਂ?
20 ਜ਼ਮੀਨ ਦੇ ਉਸ ਹਿੱਸੇ ਬਾਰੇ ਕੀ ਜਿਸ ਨੂੰ “ਪਵਿੱਤ੍ਰ ਭੇਟਾ” ਕਿਹਾ ਗਿਆ ਹੈ? ਲੋਕਾਂ ਨੇ ਇਹ ਜ਼ਮੀਨ ਜਾਜਕਾਈ ਅਤੇ ਸ਼ਹਿਰ ਦੇ ਸਮਰਥਨ ਲਈ ਦਿੱਤੀ ਸੀ। ਇਸੇ ਤਰ੍ਹਾਂ, ‘ਦੇਸ ਦੇ ਸਾਰੇ ਲੋਕਾਂ’ ਨੇ ਰਾਜਕੁਮਾਰ ਲਈ ਜ਼ਮੀਨ ਦਾ ਹਿੱਸਾ ਦੇਣਾ ਸੀ। ਅੱਜ ਇਸ ਦਾ ਕੀ ਮਤਲਬ ਹੈ? ਯਕੀਨਨ ਇਸ ਦਾ ਇਹ ਮਤਲਬ ਨਹੀਂ ਕਿ ਪਰਮੇਸ਼ੁਰ ਦੇ ਲੋਕ ਇਕ ਤਨਖ਼ਾਹਦਾਰ ਪਾਦਰੀ ਵਰਗ ਦਾ ਬੋਝ ਚੁੱਕਣ। (2 ਥੱਸਲੁਨੀਕੀਆਂ 3:8) ਸਗੋਂ, ਬਜ਼ੁਰਗਾਂ ਨੂੰ ਜੋ ਸਹਾਰਾ ਦਿੱਤਾ ਜਾਂਦਾ ਹੈ, ਉਹ ਮੁੱਖ ਤੌਰ ਤੇ ਧਾਰਮਿਕ ਹੈ। ਇਸ ਵਿਚ ਸ਼ਾਮਲ ਹੈ ਅਜੋਕੇ ਕੰਮ ਵਿਚ ਮਦਦ ਕਰਨਾ ਅਤੇ ਬਜ਼ੁਰਗਾਂ ਨੂੰ ਸਹਿਯੋਗ ਦੇਣਾ ਤੇ ਉਨ੍ਹਾਂ ਦੇ ਅਧੀਨ ਰਹਿਣਾ। ਫਿਰ ਵੀ, ਹਿਜ਼ਕੀਏਲ ਦੇ ਜ਼ਮਾਨੇ ਵਾਂਗ, ਇਹ ਭੇਟ “ਯਹੋਵਾਹ ਲਈ” ਦਿੱਤੀ ਜਾਂਦੀ ਸੀ, ਕਿਸੇ ਆਦਮੀ ਲਈ ਨਹੀਂ।—ਹਿਜ਼ਕੀਏਲ 45:1, 7, 16.
21. ਹਿਜ਼ਕੀਏਲ ਦੇ ਦਰਸ਼ਣ ਵਿਚ ਕੀਤੀ ਗਈ ਦੇਸ਼ ਦੀ ਵੰਡਾਈ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
21 ਇਸ ਮੁੜ-ਬਹਾਲ ਦੇਸ਼ ਵਿਚ ਸਿਰਫ਼ ਰਾਜਕੁਮਾਰ ਅਤੇ ਜਾਜਕਾਂ ਲਈ ਹੀ ਥਾਂ ਨਹੀਂ ਹੈ। ਦੇਸ਼ ਦਾ ਵੰਡਿਆ ਜਾਣਾ ਦਿਖਾਉਂਦਾ ਹੈ ਕਿ 12 ਗੋਤਾਂ ਵਿੱਚੋਂ ਹਰ ਇਕ ਲਈ ਪੱਕੀ ਵਿਰਾਸਤ ਹੈ। (ਹਿਜ਼ਕੀਏਲ 47:13, 22, 23) ਇਸ ਲਈ, ਵੱਡੀ ਭੀੜ ਨੂੰ ਅੱਜ ਸਿਰਫ਼ ਰੂਹਾਨੀ ਦ੍ਰਿਸ਼ਟੀ ਤੋਂ ਇਕ ਫਿਰਦੌਸ ਵਿਚ ਹੀ ਨਹੀਂ ਪਰ ਉਦੋਂ ਵੀ ਜ਼ਮੀਨ ਦਾ ਹਿੱਸਾ ਮਿਲੇਗਾ, ਜਦੋਂ ਉਹ ਪਰਮੇਸ਼ੁਰ ਦੇ ਰਾਜ ਦੇ ਜ਼ਮੀਨੀ ਖੇਤਰ ਦੇ ਵਾਰਸ ਹੋਣਗੇ।
22. (ੳ) ਹਿਜ਼ਕੀਏਲ ਦੇ ਦਰਸ਼ਣ ਵਿਚ ਦੇਖਿਆ ਗਿਆ ਸ਼ਹਿਰ ਕਿਸ ਚੀਜ਼ ਨੂੰ ਦਰਸਾਉਂਦਾ ਹੈ? (ਅ) ਸ਼ਹਿਰ ਦੇ ਚਾਰੇ ਪਾਸੇ ਲੱਗੇ ਫਾਟਕਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
22 ਅਖ਼ੀਰ ਵਿਚ, ਦਰਸ਼ਣ ਵਿਚ ਦੇਖਿਆ ਗਿਆ ਸ਼ਹਿਰ ਕੀ ਦਰਸਾਉਂਦਾ ਹੈ? ਇਹ ਕੋਈ ਸਵਰਗੀ ਸ਼ਹਿਰ ਨਹੀਂ ਹੈ, ਕਿਉਂਕਿ ਇਹ “ਸ਼ਾਮਲਾਤ” ਜ਼ਮੀਨ (ਜਿਸ ਨੂੰ ਪਵਿੱਤਰ ਨਹੀਂ ਠਹਿਰਾਇਆ ਗਿਆ) ਦੇ ਵਿਚਕਾਰ ਸਥਿਤ ਹੈ। (ਹਿਜ਼ਕੀਏਲ 48:15-17) ਤਾਂ ਫਿਰ ਇਹ ਕੋਈ ਜ਼ਮੀਨੀ ਚੀਜ਼ ਹੋਵੇਗੀ। ਵੈਸੇ, ਇਕ ਸ਼ਹਿਰ ਹੁੰਦਾ ਕੀ ਹੈ? ਕੀ ਇਹ ਲੋਕਾਂ ਦੁਆਰਾ ਇਕੱਠੇ ਹੋ ਕੇ ਇਕ ਤਰਤੀਬਵਾਰ ਅਤੇ ਸੁਵਿਵਸਥਿਤ ਚੀਜ਼ ਬਣਾਉਣ ਦਾ ਭਾਵ ਨਹੀਂ ਦਿੰਦਾ? ਜੀ ਹਾਂ। ਇਸ ਕਰਕੇ, ਜਾਪਦਾ ਹੈ ਕਿ ਇਹ ਸ਼ਹਿਰ ਧਰਤੀ ਉੱਤੇ ਉਸ ਪ੍ਰਬੰਧਕੀ ਵਿਵਸਥਾ ਨੂੰ ਦਰਸਾਉਂਦਾ ਹੈ ਜੋ ਜ਼ਮੀਨ ਉੱਤੇ ਪੂਰੇ ਧਰਮੀ ਭਾਈਚਾਰੇ ਨੂੰ ਲਾਭ ਪਹੁੰਚਾਏਗੀ। ਇਹ ਵਿਵਸਥਾ ਆ ਰਹੀ “ਨਵੀਂ ਧਰਤੀ” ਉੱਤੇ ਪੂਰੀ ਤਰ੍ਹਾਂ ਅਮਲ ਵਿਚ ਲਿਆਂਦੀ ਜਾਵੇਗੀ। (2 ਪਤਰਸ 3:13) ਸ਼ਹਿਰ ਦੇ ਸਾਰੇ ਪਾਸਿਆਂ ਤੇ ਹਰ ਗੋਤ ਲਈ ਇਕ ਫਾਟਕ ਹੋਣਾ ਖੁੱਲ੍ਹੇਪਣ ਨੂੰ ਦਰਸਾਉਂਦਾ ਹੈ। ਅੱਜ, ਪਰਮੇਸ਼ੁਰ ਦੇ ਲੋਕ ਕਿਸੇ ਗੁਪਤ ਜਾਂ ਲੁਕਵੇਂ ਪ੍ਰਬੰਧ ਦੇ ਅਧੀਨ ਨਹੀਂ ਹਨ। ਜ਼ਿੰਮੇਵਾਰ ਭਰਾਵਾਂ ਨੂੰ ਪਹੁੰਚਯੋਗ ਹੋਣਾ ਚਾਹੀਦਾ ਹੈ; ਜਿਨ੍ਹਾਂ ਸਿਧਾਂਤਾਂ ਅਨੁਸਾਰ ਉਹ ਚੱਲਦੇ ਹਨ, ਉਨ੍ਹਾਂ ਤੋਂ ਸਾਰੇ ਲੋਕ ਚੰਗੀ ਤਰ੍ਹਾਂ ਵਾਕਫ਼ ਹਨ। ਇਹ ਅਸਲੀਅਤ ਕਿ ਸਾਰੇ ਗੋਤਾਂ ਦੇ ਲੋਕ ਸ਼ਹਿਰ ਦੇ ਸਮਰਥਨ ਲਈ ਜ਼ਮੀਨ ਵਾਹੁੰਦੇ ਹਨ ਸਾਨੂੰ ਯਾਦ ਦਿਲਾਉਂਦੀ ਹੈ ਕਿ ਹੋਰ ਭੇਡਾਂ, ਭੌਤਿਕ ਤੌਰ ਤੇ ਵੀ ਸੰਸਾਰ ਭਰ ਵਿਚ ਕੀਤੇ ਗਏ ਪ੍ਰਬੰਧਕੀ ਇੰਤਜ਼ਾਮਾਂ ਨੂੰ ਸਮਰਥਨ ਦਿੰਦੀਆਂ ਹਨ।—ਹਿਜ਼ਕੀਏਲ 48:19, 30-34.
23. ਅਗਲੇ ਲੇਖ ਵਿਚ ਅਸੀਂ ਕਿਸ ਗੱਲ ਤੇ ਵਿਚਾਰ ਕਰਾਂਗੇ?
23 ਪਰ, ਹੈਕਲ ਦੇ ਪਵਿੱਤਰ ਸਥਾਨ ਤੋਂ ਵਹਿੰਦੀ ਨਦੀ ਬਾਰੇ ਕੀ? ਉਹ ਅੱਜ ਅਤੇ ਭਵਿੱਖ ਵਿਚ ਜਿਸ ਚੀਜ਼ ਨੂੰ ਦਰਸਾਉਂਦੀ ਹੈ, ਉਹ ਇਸ ਲੜੀ ਵਿਚ ਸਾਡੇ ਤੀਜੇ ਅਤੇ ਆਖ਼ਰੀ ਲੇਖ ਦਾ ਵਿਸ਼ਾ ਹੋਵੇਗਾ।
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ) ਦੇ ਸਫ਼ਾ 64 ਤੇ ਪੈਰਾ 22 ਵੇਖੋ।
b ਪਹਿਰਾਬੁਰਜ 1 ਜੁਲਾਈ 1995, (ਅੰਗ੍ਰੇਜ਼ੀ) ਸਫ਼ਾ 20 ਵੇਖੋ।
ਪੁਨਰ-ਵਿਚਾਰ ਲਈ ਨੁਕਤੇ
◻ ਹਿਜ਼ਕੀਏਲ ਦੇ ਦਰਸ਼ਣ ਵਿਚ ਦੇਖੀ ਗਈ ਹੈਕਲ ਕਿਸ ਚੀਜ਼ ਨੂੰ ਦਰਸਾਉਂਦੀ ਹੈ?
◻ ਹੈਕਲ ਵਿਚ ਸੇਵਾ ਕਰ ਰਹੇ ਜਾਜਕ ਕਿਸ ਨੂੰ ਦਰਸਾਉਂਦੇ ਹਨ?
◻ ਰਾਜਕੁਮਾਰ ਵਰਗ ਕੌਣ ਹੈ, ਅਤੇ ਇਸ ਦੀਆਂ ਕੁਝ ਜ਼ਿੰਮੇਵਾਰੀਆਂ ਕੀ ਹਨ?
◻ ਹਿਜ਼ਕੀਏਲ ਦੇ ਦਰਸ਼ਣ ਵਿਚ ਦੇਸ਼ ਕੀ ਹੈ, ਅਤੇ ਇਹ ਕਿਸ ਅਰਥ ਵਿਚ 12 ਗੋਤਾਂ ਵਿਚ ਵੰਡਿਆ ਗਿਆ ਹੈ?
◻ ਸ਼ਹਿਰ ਕਿਸ ਚੀਜ਼ ਨੂੰ ਦਰਸਾਉਂਦਾ ਹੈ?
[ਸਫ਼ਾ 10 ਉੱਤੇ ਡਾਇਆਗ੍ਰਾਮ/ਨਕਸ਼ਾ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਹਿਜ਼ਕੀਏਲ ਦੇ ਦਰਸ਼ਣ ਵਿਚ ਜ਼ਮੀਨ ਦੀ ਵੰਡਾਈ
ਬਾਰਾਂ ਗੋਤ
ਵੱਡਾ ਸਾਗਰ
ਗਲੀਲ ਦੀ ਝੀਲ
ਯਰਦਨ ਨਦੀ
ਖਾਰਾ ਸਾਗਰ
ਦਾਨ
ਆਸ਼ੇਰ
ਨਫ਼ਥਾਲੀ
ਮਨੱਸ਼ਹ
ਇਫ਼ਰਾਈਮ
ਰਊਬੇਨ
ਯਹੂਦਾਹ
ਰਾਜਕੁਮਾਰ
ਬਿਨਯਾਮੀਨ
ਸ਼ਿਮਓਨ
ਯਿੱਸਾਕਾਰ
ਜ਼ਬੂਲੁਨ
ਗਾਦ
[ਡਾਇਆਗ੍ਰਾਮ]
ਪਵਿੱਤਰ ਭੇਟਾ ਦਾ ਵੱਡਾ ਆਕਾਰ
ੳ. “ਯਹੋਵਾਹ ਉੱਥੇ ਹੈ” (ਯਹੋਵਾਹ-ਸ਼ਾਮਾਹ); ਅ. ਸ਼ਹਿਰ ਦੀ ਖੇਤੀ-ਬਾੜੀ ਜ਼ਮੀਨ
ਲੇਵੀਆਂ ਦਾ ਹਿੱਸਾ
ਯਹੋਵਾਹ ਦਾ ਪਵਿੱਤਰ ਸਥਾਨ
ਜਾਜਕਾਂ ਦਾ ਹਿੱਸਾ
ਅ ਉ ਅ