ਯਹੋਵਾਹ ਦਾ ਬਚਨ ਜੀਉਂਦਾ ਹੈ
ਹਿਜ਼ਕੀਏਲ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ—ਦੂਜਾ ਭਾਗ
ਹਿਜ਼ਕੀਏਲ ਨੇ ਇਸਰਾਏਲੀਆਂ ਨੂੰ ਯਹੋਵਾਹ ਦਾ ਸੰਦੇਸ਼ ਦਿੱਤਾ ਕਿ ਯਰੂਸ਼ਲਮ ਨੂੰ ਜਲਦ ਹੀ ਨਾਸ਼ ਕੀਤਾ ਜਾਵੇਗਾ। ਬਾਬਲ ਦੇ ਰਾਜੇ ਨੇ ਦਸੰਬਰ 609 ਈ.ਪੂ. ਵਿਚ ਯਰੂਸ਼ਲਮ ਦੇ ਆਲੇ-ਦੁਆਲੇ ਘੇਰਾ ਪਾਇਆ ਤੇ ਉਹ ਯਰੂਸ਼ਲਮ ਦਾ ਨਾਸ਼ ਕਰਨ ਲਈ ਤਿਆਰ ਸੀ। ਇਸ ਸਮੇਂ ਤੋਂ ਹਿਜ਼ਕੀਏਲ ਨੇ ਭਵਿੱਖਬਾਣੀ ਕਰਨੀ ਸ਼ੁਰੂ ਕੀਤੀ ਕਿ ਯਰੂਸ਼ਲਮ ਦੀ ਤਬਾਹੀ ਦਾ ਮਜ਼ਾਕ ਉਡਾਉਣ ਵਾਲੀਆਂ ਕੌਮਾਂ ਦਾ ਯਹੋਵਾਹ ਨਾਸ਼ ਕਰੇਗਾ। 18 ਮਹੀਨੇ ਬਾਅਦ ਯਰੂਸ਼ਲਮ ਡਿੱਗ ਪਿਆ। ਫਿਰ ਹਿਜ਼ਕੀਏਲ ਨੇ ਯਹੋਵਾਹ ਦੀ ਭਗਤੀ ਨੂੰ ਦੁਬਾਰਾ ਸਥਾਪਿਤ ਕੀਤੇ ਜਾਣ ਬਾਰੇ ਦੱਸਿਆ।
ਹਿਜ਼ਕੀਏਲ 25:1–48:35 ਵਿਚ ਇਸਰਾਏਲ ਦੇ ਆਲੇ-ਦੁਆਲੇ ਵੱਸ ਰਹੀਆਂ ਕੌਮਾਂ ਦੇ ਨਾਸ਼ ਬਾਰੇ ਅਤੇ ਬਾਬਲ ਤੋਂ ਪਰਮੇਸ਼ੁਰ ਦੇ ਲੋਕਾਂ ਦੇ ਛੁਟਕਾਰੇ ਬਾਰੇ ਭਵਿੱਖਬਾਣੀਆਂ ਹਨ।a ਹਿਜ਼ਕੀਏਲ 29:17-20 ਨੂੰ ਛੱਡ ਕੇ ਬਾਕੀ ਸਾਰੀਆਂ ਆਇਤਾਂ ਵਿਸ਼ੇ ਅਤੇ ਸਮੇਂ ਅਨੁਸਾਰ ਪੇਸ਼ ਕੀਤੀਆਂ ਗਈਆਂ ਹਨ। ਪਰ ਇਹ ਚਾਰ ਆਇਤਾਂ ਸਿਰਫ਼ ਵਿਸ਼ੇ ਅਨੁਸਾਰ ਹਨ। ਹਿਜ਼ਕੀਏਲ ਦੀ ਪੋਥੀ ਪਰਮੇਸ਼ੁਰ ਦੇ ਬਚਨ ਦਾ ਹਿੱਸਾ ਹੈ ਜੋ “ਜੀਉਂਦਾ ਅਤੇ ਗੁਣਕਾਰ” ਹੈ।—ਇਬਰਾਨੀਆਂ 4:12.
‘ਓਹ ਧਰਤੀ ਅਦਨ ਦੇ ਬਾਗ਼ ਵਾਂਙੁ ਹੋ ਗਈ’
ਯਹੋਵਾਹ ਨੂੰ ਪਹਿਲਾਂ ਹੀ ਪਤਾ ਸੀ ਕਿ ਆਮੋਨ, ਮੋਆਬ, ਅਦੋਮ, ਫਲਿਸਤ, ਸੂਰ ਤੇ ਸੀਦੋਨ ਨੇ ਯਰੂਸ਼ਲਮ ਦੇ ਨਾਸ਼ ਉੱਤੇ ਖ਼ੁਸ਼ ਹੋਣਾ ਸੀ, ਇਸ ਲਈ ਉਸ ਨੇ ਹਿਜ਼ਕੀਏਲ ਰਾਹੀਂ ਇਨ੍ਹਾਂ ਕੌਮਾਂ ਖ਼ਿਲਾਫ਼ ਭਵਿੱਖਬਾਣੀਆਂ ਲਿਖਵਾਈਆਂ। ਭਵਿੱਖਬਾਣੀ ਅਨੁਸਾਰ ਮਿਸਰ ਦੇਸ਼ ਨੂੰ ਵੀ ਲੁੱਟਿਆ ਜਾਣਾ ਸੀ। “ਮਿਸਰ ਦੇ ਰਾਜਾ ਫ਼ਿਰਊਨ ਅਤੇ ਉਸ ਦੀ ਭੀੜ” ਦੀ ਤੁਲਨਾ ਦਿਆਰ ਦੇ ਦਰਖ਼ਤ ਨਾਲ ਕੀਤੀ ਗਈ ਜੋ “ਬਾਬਲ ਦੇ ਪਾਤਸ਼ਾਹ ਦੀ ਤਲਵਾਰ” ਨਾਲ ਕੱਟਿਆ ਜਾਣਾ ਸੀ।—ਹਿਜ਼ਕੀਏਲ 31:2, 3, 12; 32:11, 12.
607 ਈ.ਪੂ. ਵਿਚ ਯਰੂਸ਼ਲਮ ਦੇ ਨਾਸ਼ ਤੋਂ ਲਗਭਗ ਛੇ ਮਹੀਨੇ ਬਾਅਦ ਉਸ ਵਿੱਚੋਂ ਬਚ ਨਿਕਲੇ ਇਕ ਬੰਦੇ ਨੇ ਹਿਜ਼ਕੀਏਲ ਨੂੰ ਆਣ ਕੇ ਕਿਹਾ: “ਸ਼ਹਿਰ ਮਾਰਿਆ ਗਿਆ ਹੈ!” ਫਿਰ ਹਿਜ਼ਕੀਏਲ ਨਬੀ “ਗੁੰਗਾ ਨਾ ਰਿਹਾ।” (ਹਿਜ਼ਕੀਏਲ 33:21, 22) ਕਹਿਣ ਦਾ ਭਾਵ ਕਿ ਉਸ ਨੇ ਯਹੋਵਾਹ ਦੀ ਭਗਤੀ ਦੁਬਾਰਾ ਕੀਤੀ ਜਾਣ ਬਾਰੇ ਭਵਿੱਖਬਾਣੀਆਂ ਕਰਨੀਆਂ ਸ਼ੁਰੂ ਕੀਤੀਆਂ। ਉਸ ਨੇ ਕਿਹਾ ਕਿ ਯਹੋਵਾਹ ਆਪਣੇ ਲੋਕਾਂ ਉੱਤੇ “ਇੱਕ ਆਜੜੀ ਕਾਇਮ ਕਰਾਂਗਾ ਅਤੇ ਉਹ ਉਨ੍ਹਾਂ ਨੂੰ ਚਾਰੇਗਾ ਅਰਥਾਤ [ਉਸ ਦਾ] ਦਾਸ ਦਾਊਦ।” (ਹਿਜ਼ਕੀਏਲ 34:23) ਅਦੋਮ ਵਿਰਾਨ ਕੀਤਾ ਜਾਵੇਗਾ, ਪਰ ਯਹੂਦਾਹ ਦਾ ਦੇਸ਼ “ਅਦਨ ਦੇ ਬਾਗ਼ ਵਾਂਙੁ” ਹੋ ਜਾਵੇਗਾ। (ਹਿਜ਼ਕੀਏਲ 36:35) ਯਹੋਵਾਹ ਨੇ ਵਾਅਦਾ ਕੀਤਾ ਕਿ ਉਹ ਆਪਣੇ ਲੋਕਾਂ ਨੂੰ “ਗੋਗ” ਦੇ ਹਮਲੇ ਤੋਂ ਬਚਾਵੇਗਾ।—ਹਿਜ਼ਕੀਏਲ 38:2.
ਕੁਝ ਸਵਾਲਾਂ ਦੇ ਜਵਾਬ:
29:8-12—ਮਿਸਰ 40 ਸਾਲਾਂ ਤਕ ਕਦ ਉੱਜੜਿਆ ਰਿਹਾ ਸੀ? 607 ਈ.ਪੂ. ਵਿਚ ਯਰੂਸ਼ਲਮ ਦੇ ਨਾਸ਼ ਤੋਂ ਬਾਅਦ, ਯਿਰਮਿਯਾਹ ਨਬੀ ਦੀ ਚੇਤਾਵਨੀ ਦੇ ਬਾਵਜੂਦ ਯਹੂਦਾਹ ਦੇ ਬਚੇ ਹੋਏ ਲੋਕ ਮਿਸਰ ਨੂੰ ਭੱਜ ਗਏ ਸਨ। (ਯਿਰਮਿਯਾਹ 24:1, 8-10; 42:7-22) ਫਿਰ ਵੀ ਉਹ ਬਾਬਲੀਆਂ ਦੇ ਹੱਥੋਂ ਨਾ ਬਚ ਸਕੇ ਕਿਉਂਕਿ ਨਬੂਕਦਨੱਸਰ ਮਿਸਰ ਨਾਲ ਲੜਨ ਲਈ ਆਇਆ ਤੇ ਉਸ ਨੇ ਮਿਸਰ ਉੱਤੇ ਜਿੱਤ ਪ੍ਰਾਪਤ ਕੀਤੀ। ਹੋ ਸਕਦਾ ਹੈ ਕਿ ਇਸ ਤੋਂ ਬਾਅਦ ਮਿਸਰ 40 ਸਾਲਾਂ ਤਕ ਉੱਜੜਿਆ ਰਿਹਾ। ਭਾਵੇਂ ਇਤਿਹਾਸ ਤੋਂ ਸਾਨੂੰ ਇਸ ਦਾ ਕੋਈ ਸਬੂਤ ਨਹੀਂ ਮਿਲਦਾ, ਫਿਰ ਵੀ ਸਾਨੂੰ ਪੱਕਾ ਯਕੀਨ ਹੈ ਕਿ ਇਸ ਤਰ੍ਹਾਂ ਹੋਇਆ ਸੀ ਕਿਉਂਕਿ ਯਹੋਵਾਹ ਹਮੇਸ਼ਾ ਆਪਣਾ ਬਚਨ ਪੂਰਾ ਕਰਦਾ ਹੈ।—ਯਸਾਯਾਹ 55:11.
29:18—ਕਿਸ ਭਾਵ ਵਿਚ “ਹਰੇਕ ਦਾ ਸਿਰ ਗੰਜਾ ਹੋ ਗਿਆ ਅਤੇ ਹਰੇਕ ਦਾ ਮੋਢਾ ਛਿੱਲਿਆ ਗਿਆ” ਸੀ? ਸੂਰ ਦੇ ਮੁੱਖ ਸ਼ਹਿਰ ਦੀ ਘੇਰਾਬੰਦੀ ਦੌਰਾਨ ਨਬੂਕਦਨੱਸਰ ਦੇ ਫ਼ੌਜੀਆਂ ਨੂੰ ਇੰਨੀ ਹੱਡ-ਤੋੜ ਮਿਹਨਤ ਕਰਨੀ ਪਈ ਕਿ ਉਨ੍ਹਾਂ ਦੇ ਸਿਰ ਟੋਪਾਂ ਨਾਲ ਰਗੜ-ਰਗੜ ਕੇ ਗੰਜੇ ਹੋ ਗਏ ਅਤੇ ਜੰਗੀ ਸਾਮਾਨ ਚੁੱਕਣ ਕਰਕੇ ਉਨ੍ਹਾਂ ਦੇ ਮੋਢੇ ਛਿੱਲੇ ਗਏ।—ਹਿਜ਼ਕੀਏਲ 26:7-12.
ਸਾਡੇ ਲਈ ਸਬਕ:
29:19, 20. ਸੂਰ ਸ਼ਹਿਰ ਦੇ ਮਾਲ ਦਾ ਵੱਡਾ ਹਿੱਸਾ ਉਸ ਦੇ ਇਕ ਛੋਟੇ ਜਿਹੇ ਟਾਪੂ ਨੂੰ ਲਿਜਾਇਆ ਗਿਆ ਜਿਸ ਕਰਕੇ ਜ਼ਿਆਦਾ ਕੁਝ ਨਬੂਕਦਨੱਸਰ ਦੇ ਹੱਥ ਨਹੀਂ ਲੱਗਾ। ਭਾਵੇਂ ਨਬੂਕਦਨੱਸਰ ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਾਲਾ ਇਕ ਘਮੰਡੀ ਤੇ ਖ਼ੁਦਗਰਜ਼ ਰਾਜਾ ਸੀ, ਫਿਰ ਵੀ ਯਹੋਵਾਹ ਨੇ ਉਸ ਦੇ ਕੰਮ ਵਾਸਤੇ ਮਿਸਰ ਨੂੰ “ਉਸ ਦੀ ਫੌਜ ਦੀ ਕਮਾਈ” ਲਈ ਦੇ ਦਿੱਤਾ। ਸਾਨੂੰ ਵੀ ਸੱਚੇ ਪਰਮੇਸ਼ੁਰ ਦੀ ਰੀਸ ਕਰ ਕੇ ਸਰਕਾਰਾਂ ਨੂੰ ਟੈਕਸ ਦੇਣਾ ਚਾਹੀਦਾ ਹੈ ਕਿਉਂਕਿ ਉਹ ਸਾਡੇ ਭਲੇ ਲਈ ਕਈ ਕੰਮ ਕਰਦੀਆਂ ਹਨ। ਸਾਨੂੰ ਆਪਣਾ ਇਹ ਫ਼ਰਜ਼ ਉਦੋਂ ਵੀ ਪੂਰਾ ਕਰਨਾ ਚਾਹੀਦਾ ਹੈ ਜਦ ਅਧਿਕਾਰੀਆਂ ਦਾ ਚਾਲ-ਚਲਣ ਮਾੜਾ ਹੋਵੇ ਜਾਂ ਪੈਸਾ ਗ਼ਲਤ ਕੰਮਾਂ ਲਈ ਵਰਤਿਆ ਜਾਵੇ।—ਰੋਮੀਆਂ 13:4-7.
33:7-9. ਅੱਜ ਧਰਤੀ ਉੱਤੇ ਮਸਹ ਕੀਤੇ ਹੋਏ ਮਸੀਹੀ ਇਕ ਰਾਖੇ ਵਰਗੇ ਹਨ। ਮਸਹ ਕੀਤੇ ਹੋਏ ਮਸੀਹੀਆਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਖ਼ੁਸ਼ ਖ਼ਬਰੀ ਸੁਣਾਉਣ ਅਤੇ ਆਉਣ ਵਾਲੇ ‘ਵੱਡੇ ਕਸ਼ਟ’ ਬਾਰੇ ਲੋਕਾਂ ਨੂੰ ਚੇਤਾਵਨੀ ਦੇਣ ਤੋਂ ਕਦੀ ਪਿੱਛੇ ਨਹੀਂ ਹਟਣਾ ਚਾਹੀਦਾ।—ਮੱਤੀ 24:21.
33:10-20. ਸਾਡੀ ਮੁਕਤੀ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਅਸੀਂ ਭੈੜੇ ਰਾਹ ਤੋਂ ਮੁੜੀਏ ਅਤੇ ਪਰਮੇਸ਼ੁਰ ਦੇ ਰਾਹਾਂ ਤੇ ਚੱਲੀਏ। ਯਹੋਵਾਹ ਦਾ ਰਾਹ ਹੀ ਸਹੀ ਹੈ।
36:20, 21. ਇਸਰਾਏਲੀ “ਯਹੋਵਾਹ ਦੀ ਪਰਜਾ” ਵਜੋਂ ਜਾਣੇ ਜਾਂਦੇ ਸਨ। ਸੋ ਜਦ ਉਨ੍ਹਾਂ ਨੇ ਗ਼ਲਤ ਕੰਮ ਕੀਤੇ, ਤਾਂ ਉਨ੍ਹਾਂ ਨੇ ਕੌਮਾਂ ਵਿਚਕਾਰ ਯਹੋਵਾਹ ਦੇ ਨਾਂ ਨੂੰ ਬਦਨਾਮ ਕੀਤਾ। ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਸਿਰਫ਼ ਯਹੋਵਾਹ ਦੇ ਗਵਾਹ ਹੀ ਨਾ ਕਹਿਲਾਈਏ, ਸਗੋਂ ਆਪਣੇ ਕੰਮਾਂ ਰਾਹੀਂ ਇਹ ਸਾਬਤ ਵੀ ਕਰੀਏ।
38:1-23. ਸਾਨੂੰ ਇਹ ਜਾਣ ਕੇ ਕਿੰਨਾ ਹੌਸਲਾ ਮਿਲਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਨੂੰ ਮਾਗੋਗ ਦੇ ਦੇਸ਼ ਦੇ ਗੋਗ ਦੇ ਹਮਲੇ ਤੋਂ ਬਚਾਵੇਗਾ! ਗੋਗ ਕੌਣ ਹੈ? ਇਹ “ਜਗਤ ਦਾ ਸਰਦਾਰ” ਸ਼ਤਾਨ ਹੈ। ਉਸ ਨੂੰ ਇਹ ਨਾਂ ਉਦੋਂ ਦਿੱਤਾ ਗਿਆ ਸੀ ਜਦ ਉਸ ਨੂੰ ਸਵਰਗੋਂ ਕੱਢਿਆ ਗਿਆ। ਮਾਗੋਗ ਦਾ ਦੇਸ਼ ਧਰਤੀ ਹੈ ਜਿੱਥੇ ਸ਼ਤਾਨ ਤੇ ਉਸ ਦੇ ਬੁਰੇ ਦੂਤ ਸੁੱਟੇ ਗਏ ਹਨ।—ਯੂਹੰਨਾ 12:31; ਪਰਕਾਸ਼ ਦੀ ਪੋਥੀ 12:7-12.
“ਜਿਹੜਾ ਕੁਝ ਮੈਂ ਤੈਨੂੰ ਵਿਖਾਵਾਂ ਉਸ ਸਾਰੇ ਤੇ ਦਿਲ ਲਾ”
ਯਰੂਸ਼ਲਮ ਸ਼ਹਿਰ ਦੇ ਨਾਸ਼ ਨੂੰ 14 ਸਾਲ ਹੋ ਚੁੱਕੇ ਸਨ। (ਹਿਜ਼ਕੀਏਲ 40:1) ਬਾਬਲ ਦੀ ਗ਼ੁਲਾਮੀ ਦੇ ਅਜੇ 56 ਸਾਲ ਬਾਕੀ ਸਨ। (ਯਿਰਮਿਯਾਹ 29:10) ਹਿਜ਼ਕੀਏਲ ਦੀ ਉਮਰ 50 ਦੇ ਕਰੀਬ ਸੀ। ਇਕ ਦਰਸ਼ਣ ਵਿਚ ਉਸ ਨੂੰ ਇਸਰਾਏਲ ਦੇਸ਼ ਦਿਖਾਇਆ ਗਿਆ ਤੇ ਉਸ ਨੂੰ ਕਿਹਾ ਗਿਆ: “ਹੇ ਆਦਮੀ ਦੇ ਪੁੱਤ੍ਰ, ਆਪਣੀਆਂ ਅੱਖਾਂ ਨਾਲ ਵੇਖ ਅਤੇ ਕੰਨਾਂ ਨਾਲ ਸੁਣ ਅਤੇ ਜਿਹੜਾ ਕੁਝ ਮੈਂ ਤੈਨੂੰ ਵਿਖਾਵਾਂ ਉਸ ਸਾਰੇ ਤੇ ਦਿਲ ਲਾ।” (ਹਿਜ਼ਕੀਏਲ 40:2-4) ਦਰਸ਼ਣ ਵਿਚ ਯਹੋਵਾਹ ਦਾ ਨਵਾਂ ਭਵਨ ਜਾਂ ਹੈਕਲ ਦੇਖ ਕੇ ਹਿਜ਼ਕੀਏਲ ਕਿੰਨਾ ਖ਼ੁਸ਼ ਹੋਇਆ ਹੋਣਾ!
ਦਰਸ਼ਣ ਵਿਚ ਜਿਹੜਾ ਸ਼ਾਨਦਾਰ ਭਵਨ ਹਿਜ਼ਕੀਏਲ ਨੇ ਦੇਖਿਆ ਸੀ ਉਸ ਦੇ 6 ਫਾਟਕ ਸਨ, 30 ਕੋਠੜੀਆਂ, ਪਵਿੱਤਰ ਸਥਾਨ, ਅੱਤ ਪਵਿੱਤਰ ਸਥਾਨ, ਲੱਕੜ ਦੀ ਜਗਵੇਦੀ ਅਤੇ ਹੋਮ ਦੀਆਂ ਬਲੀਆਂ ਲਈ ਜਗਵੇਦੀ ਸੀ। ਹੈਕਲ “ਦੇ ਹੇਠੋਂ” ਪਾਣੀ ਵਗ ਰਿਹਾ ਸੀ ਜੋ ਬਹੁਤ ਵੱਡੀ ਨਦੀ ਬਣ ਗਿਆ। (ਹਿਜ਼ਕੀਏਲ 47:1) ਹਿਜ਼ਕੀਏਲ ਨੇ ਦਰਸ਼ਣ ਵਿਚ ਇਹ ਵੀ ਦੇਖਿਆ ਕਿ ਇਸਰਾਏਲ ਦੇ ਗੋਤਾਂ ਨੂੰ ਦੇਸ਼ ਦੇ ਹਿੱਸੇ ਵੰਡੇ ਗਏ। ਹਰ ਹਿੱਸਾ ਪੂਰਬ ਤੋਂ ਪੱਛਮ ਵੱਲ ਵੰਡਿਆ ਗਿਆ। ਇਸ ਤੋਂ ਇਲਾਵਾ ਯਹੂਦਾਹ ਅਤੇ ਬਿਨਯਾਮੀਨ ਦੇ ਹਿੱਸਿਆਂ ਵਿਚਕਾਰ ਇਕ ਹਿੱਸਾ ਦੇਸ਼ ਦੀ ਰਾਜਧਾਨੀ ਲਈ ਛੱਡਿਆ ਗਿਆ ਸੀ। ਇੱਥੇ “ਯਹੋਵਾਹ ਦਾ ਪਵਿੱਤ੍ਰ ਅਸਥਾਨ” ਅਤੇ ਯਹੋਵਾਹ ਸ਼ਾਮਾਹ ਨਾਂ ਦਾ “ਸ਼ਹਿਰ” ਵੀ ਸੀ।—ਹਿਜ਼ਕੀਏਲ 48:9, 10, 15, 35, ਫੁਟਨੋਟ।
ਕੁਝ ਸਵਾਲਾਂ ਦੇ ਜਵਾਬ:
40:3–47:12—ਹਿਜ਼ਕੀਏਲ ਨੇ ਦਰਸ਼ਣ ਵਿਚ ਜੋ ਭਵਨ ਦੇਖਿਆ ਸੀ ਉਹ ਕਿਸ ਚੀਜ਼ ਨੂੰ ਦਰਸਾਉਂਦਾ ਹੈ? ਇਹ ਲੰਬਾ-ਚੌੜਾ ਭਵਨ ਕਦੀ ਬਣਾਇਆ ਨਹੀਂ ਗਿਆ ਸੀ। ਇਹ ਯਹੋਵਾਹ ਦੀ ਰੂਹਾਨੀ ਹੈਕਲ ਨੂੰ ਦਰਸਾਉਂਦਾ ਹੈ ਜੋ ਅੱਜ ਯਹੋਵਾਹ ਦੀ ਭਗਤੀ ਕਰਨ ਦਾ ਪ੍ਰਬੰਧ ਹੈ। (ਹਿਜ਼ਕੀਏਲ 40:2; ਮੀਕਾਹ 4:1; ਇਬਰਾਨੀਆਂ 8:2; 9:23, 24) ਇਸ ਦਰਸ਼ਣ ਦੀ ਪੂਰਤੀ “ਅੰਤ ਦਿਆਂ ਦਿਨਾਂ” ਦੌਰਾਨ ਹੁੰਦੀ ਹੈ ਜਦ ਜਾਜਕਾਈ ਨੂੰ ਸ਼ੁੱਧ ਕੀਤਾ ਜਾਂਦਾ ਹੈ। (2 ਤਿਮੋਥਿਉਸ 3:1; ਹਿਜ਼ਕੀਏਲ 44:10-16; ਮਲਾਕੀ 3:1-3) ਪਰ ਇਸ ਦੀ ਆਖ਼ਰੀ ਪੂਰਤੀ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਹੋਵੇਗੀ। ਪਰ ਭਵਨ ਦੇ ਇਸ ਦਰਸ਼ਣ ਨੇ ਯਹੂਦੀ ਗ਼ੁਲਾਮਾਂ ਨੂੰ ਆਸ ਦਿੱਤੀ ਕਿ ਯਹੋਵਾਹ ਦੀ ਭਗਤੀ ਦੁਬਾਰਾ ਕੀਤੀ ਜਾਵੇਗੀ ਅਤੇ ਹਰ ਯਹੂਦੀ ਪਰਿਵਾਰ ਨੂੰ ਇਸਰਾਏਲ ਵਿਚ ਰਹਿਣ ਲਈ ਜਗ੍ਹਾ ਦਿੱਤੀ ਜਾਵੇਗੀ।
40:3–43:17—ਭਵਨ ਕਿਉਂ ਮਾਪਿਆ ਗਿਆ ਸੀ? ਭਵਨ ਮਾਪਣਾ ਇਸ ਗੱਲ ਦੀ ਗਾਰੰਟੀ ਸੀ ਕਿ ਯਹੋਵਾਹ ਦੀ ਭਗਤੀ ਦੇ ਸੰਬੰਧ ਵਿਚ ਉਸ ਦਾ ਮਕਸਦ ਜ਼ਰੂਰ ਪੂਰਾ ਹੋਵੇਗਾ।
43:2-4, 7, 9—“ਪਾਤਸ਼ਾਹਾਂ ਦੀਆਂ ਲੋਥਾਂ” ਕੀ ਸਨ ਜਿਨ੍ਹਾਂ ਨੂੰ ਭਵਨ ਵਿੱਚੋਂ ਕੱਢਣਾ ਪਿਆ? ਲੱਗਦਾ ਹੈ ਕਿ ਇਹ ਮੂਰਤੀਆਂ ਸਨ। ਯਰੂਸ਼ਲਮ ਦੇ ਹਾਕਮਾਂ ਅਤੇ ਵਾਸੀਆਂ ਨੇ ਪਰਮੇਸ਼ੁਰ ਦੇ ਭਵਨ ਨੂੰ ਮੂਰਤੀਆਂ ਨਾਲ ਭ੍ਰਿਸ਼ਟ ਕੀਤਾ ਸੀ। ਉਨ੍ਹਾਂ ਨੇ ਇਨ੍ਹਾਂ ਮੂਰਤੀਆਂ ਨੂੰ ਆਪਣੇ ਪਾਤਸ਼ਾਹ ਬਣਾਇਆ ਹੋਇਆ ਸੀ।
43:13-20—ਹਿਜ਼ਕੀਏਲ ਦੇ ਦਰਸ਼ਣ ਦੀ ਜਗਵੇਦੀ ਕੀ ਦਰਸਾਉਂਦੀ ਹੈ? ਇਹ ਜਗਵੇਦੀ ਯਿਸੂ ਮਸੀਹ ਦੇ ਬਲੀਦਾਨ ਦੇ ਸੰਬੰਧ ਵਿਚ ਪਰਮੇਸ਼ੁਰ ਦੀ ਮਰਜ਼ੀ ਦਰਸਾਉਂਦੀ ਹੈ। ਇਸ ਪ੍ਰਬੰਧ ਕਰਕੇ ਮਸਹ ਕੀਤੇ ਹੋਏ ਮਸੀਹੀ ਧਰਮੀ ਠਹਿਰਾਏ ਜਾਂਦੇ ਹਨ ਅਤੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ “ਵੱਡੀ ਭੀੜ” ਸ਼ੁੱਧ ਹੈ। (ਪਰਕਾਸ਼ ਦੀ ਪੋਥੀ 7:9-14; ਰੋਮੀਆਂ 5:1, 2) ਸ਼ਾਇਦ ਇਸੇ ਲਈ ਇਸ ਦਰਸ਼ਣ ਵਿਚ ਹਿਜ਼ਕੀਏਲ ਨੇ ਸੁਲੇਮਾਨ ਦੇ ਭਵਨ ਵਾਂਗ “ਇੱਕ ਸਾਗਰੀ ਹੌਦ” ਯਾਨੀ ਪਾਣੀ ਦਾ ਹੌਜ਼ ਨਹੀਂ ਦੇਖਿਆ ਸੀ।—1 ਰਾਜਿਆਂ 7:23-26.
44:10-16—ਜਾਜਕ ਕਿਨ੍ਹਾਂ ਨੂੰ ਦਰਸਾਉਂਦੇ ਹਨ? ਇਹ ਜਾਜਕ ਅੱਜ ਮਸਹ ਕੀਤੇ ਹੋਏ ਮਸੀਹੀਆਂ ਦੇ ਸਮੂਹ ਨੂੰ ਦਰਸਾਉਂਦੇ ਹਨ। ਯਹੋਵਾਹ 1918 ਵਿਚ ਉਨ੍ਹਾਂ ਨੂੰ ਸ਼ੁੱਧ ਕਰਨ ਲਈ ਆਪਣੀ ਰੂਹਾਨੀ ਹੈਕਲ ਵਿਚ “ਤਾਉਣ ਅਤੇ ਸਾਫ਼ ਕਰਨ ਲਈ” ਬੈਠਾ ਸੀ। (ਮਲਾਕੀ 3:1-5) ਜਿਹੜੇ ਸ਼ੁੱਧ ਸਨ ਜਾਂ ਜਿਨ੍ਹਾਂ ਨੇ ਤੋਬਾ ਕੀਤੀ, ਉਨ੍ਹਾਂ ਨੂੰ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣ ਦਾ ਸਨਮਾਨ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਆਪ ਨੂੰ “ਜਗਤ ਤੋਂ ਨਿਹਕਲੰਕ” ਰੱਖਣ ਲਈ ਮਿਹਨਤ ਕਰਨੀ ਪੈਣੀ ਸੀ। ਇਸ ਤਰ੍ਹਾਂ ਉਨ੍ਹਾਂ ਨੇ “ਵੱਡੀ ਭੀੜ” ਲਈ ਚੰਗੀ ਮਿਸਾਲ ਕਾਇਮ ਕੀਤੀ ਜਿਸ ਨੂੰ ਇਸਰਾਏਲ ਦੇ ਬਾਕੀ ਗੋਤਾਂ ਦੁਆਰਾ ਦਰਸਾਇਆ ਗਿਆ।—ਯਾਕੂਬ 1:27; ਪਰਕਾਸ਼ ਦੀ ਪੋਥੀ 7:9, 10.
45:1; 47:13–48:29—“ਦੇਸ” ਅਤੇ ਉਸ ਦਾ ਵੰਡਣਾ ਕੀ ਦਰਸਾਉਂਦਾ ਹੈ? ਦੇਸ਼ ਪਰਮੇਸ਼ੁਰ ਦੇ ਲੋਕਾਂ ਦੇ ਕੰਮਾਂ ਨੂੰ ਦਰਸਾਉਂਦਾ ਹੈ। ਯਹੋਵਾਹ ਦਾ ਸੇਵਕ ਚਾਹੇ ਜਿੱਥੇ ਮਰਜ਼ੀ ਹੋਵੇ, ਜਿਨ੍ਹਾਂ ਚਿਰ ਉਹ ਯਹੋਵਾਹ ਦੀ ਭਗਤੀ ਕਰਦਾ ਰਹਿੰਦਾ ਹੈ, ਉੱਨਾ ਚਿਰ ਕਿਹਾ ਜਾ ਸਕਦਾ ਹੈ ਕਿ ਉਹ ਇਸ ਦੇਸ਼ ਵਿਚ ਹੈ। ਦੇਸ਼ ਵੰਡਣ ਦੀ ਆਖ਼ਰੀ ਪੂਰਤੀ ਨਵੇਂ ਸੰਸਾਰ ਵਿਚ ਹੋਵੇਗੀ ਜਦ ਹਰ ਵਫ਼ਾਦਾਰ ਵਿਅਕਤੀ ਨੂੰ ਰਹਿਣ ਲਈ ਆਪੋ-ਆਪਣੀ ਜਗ੍ਹਾ ਦਿੱਤੀ ਜਾਵੇਗੀ।—ਯਸਾਯਾਹ 65:17, 21.
45:7, 16—ਲੋਕਾਂ ਨੇ ਜਾਜਕਾਈ ਅਤੇ ਰਾਜਕੁਮਾਰ ਲਈ ਜੋ ਭੇਟਾ ਦਿੱਤਾ ਉਸ ਦਾ ਕੀ ਅਰਥ ਹੈ? ਰੂਹਾਨੀ ਹੈਕਲ ਵਿਚ ਇਸ ਦਾ ਅਰਥ ਹੈ ਪਰਮੇਸ਼ੁਰ ਦੀ ਸੇਵਾ ਵਿਚ ਇਕ-ਦੂਜੇ ਨਾਲ ਮਿਲ ਕੇ ਕੰਮ ਕਰਨਾ ਤੇ ਇਕ-ਦੂਜੇ ਦੀ ਮਦਦ ਕਰਨੀ।
47:1-5—ਦਰਸ਼ਣ ਵਿਚ ਨਦੀ ਦਾ ਪਾਣੀ ਕੀ ਦਰਸਾਉਂਦਾ ਹੈ? ਇਹ ਪਾਣੀ ਜ਼ਿੰਦਗੀ ਲਈ ਯਹੋਵਾਹ ਦੇ ਪ੍ਰਬੰਧਾਂ ਨੂੰ ਦਰਸਾਉਂਦਾ ਹੈ। ਇਨ੍ਹਾਂ ਵਿਚ ਯਿਸੂ ਮਸੀਹ ਦਾ ਬਲੀਦਾਨ ਤੇ ਬਾਈਬਲ ਵਿਚ ਪਾਇਆ ਜਾਂਦਾ ਪਰਮੇਸ਼ੁਰ ਦਾ ਗਿਆਨ ਸ਼ਾਮਲ ਹੈ। (ਯਿਰਮਿਯਾਹ 2:13; ਯੂਹੰਨਾ 4:7-26; ਅਫ਼ਸੀਆਂ 5:25-27) ਜਿਉਂ-ਜਿਉਂ ਹੋਰ ਲੋਕ ਯਹੋਵਾਹ ਦੀ ਭਗਤੀ ਕਰਨ ਲੱਗਦੇ ਹਨ, ਤਿਉਂ-ਤਿਉਂ ਇਹ ਨਦੀ ਹੋਰ ਡੂੰਘੀ ਹੁੰਦੀ ਜਾਂਦੀ ਹੈ। (ਯਸਾਯਾਹ 60:22) ਇਸ ਨਦੀ ਦਾ ਸਭ ਤੋਂ ਜ਼ਿਆਦਾ ਫ਼ਾਇਦਾ ਯਿਸੂ ਦੇ ਹਜ਼ਾਰ ਸਾਲਾਂ ਦੇ ਰਾਜ ਦੌਰਾਨ ਹੋਵੇਗਾ। ਉਸ ਸਮੇਂ ਨਵੀਆਂ “ਪੋਥੀਆਂ” ਖੋਲ੍ਹੀਆਂ ਜਾਣਗੀਆਂ ਜਿਨ੍ਹਾਂ ਤੋਂ ਸਾਨੂੰ ਪਰਮੇਸ਼ੁਰ ਦਾ ਹੋਰ ਗਿਆਨ ਮਿਲੇਗਾ।—ਪਰਕਾਸ਼ ਦੀ ਪੋਥੀ 20:12; 22:1, 2.
47:12—ਮੇਵੇ ਵਾਲੇ ਰੁੱਖ ਕੀ ਦਰਸਾਉਂਦੇ ਹਨ? ਇਹ ਰੁੱਖ ਮਨੁੱਖਜਾਤੀ ਨੂੰ ਸੰਪੂਰਣ ਬਣਾਉਣ ਲਈ ਪਰਮੇਸ਼ੁਰ ਦੇ ਪ੍ਰਬੰਧਾਂ ਨੂੰ ਦਰਸਾਉਂਦੇ ਹਨ।
48:15-19, 30-35, ਫੁਟਨੋਟ—ਹਿਜ਼ਕੀਏਲ ਦੇ ਦਰਸ਼ਣ ਵਿਚ ਸ਼ਹਿਰ ਕਿਸ ਨੂੰ ਦਰਸਾਉਂਦਾ ਹੈ? “ਯਹੋਵਾਹ ਸ਼ਾਮਾਹ” ਧਰਤੀ ਉੱਤੇ ਕਿਸੇ ਚੀਜ਼ ਨੂੰ ਦਰਸਾਉਂਦਾ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਇਹ ਸ਼ਹਿਰ ਧਰਤੀ ਉੱਤੇ ਪਰਮੇਸ਼ੁਰ ਦਾ ਪ੍ਰਬੰਧ ਹੈ ਜਿਸ ਤੋਂ “ਨਵੀਂ ਧਰਤੀ” ਤੇ ਰਹਿਣ ਵਾਲੇ ਧਰਮੀ ਇਨਸਾਨਾਂ ਨੂੰ ਲਾਭ ਮਿਲਣਗੇ। (2 ਪਤਰਸ 3:13) ਸ਼ਹਿਰ ਦੇ ਚਾਰੇ ਪਾਸੇ ਦੇ ਫਾਟਕਾਂ ਤੋਂ ਪਤਾ ਲੱਗਦਾ ਹੈ ਕਿ ਲੋਕ ਸੌਖਿਆਂ ਹੀ ਅੰਦਰ ਆ ਸਕਦੇ ਸਨ। ਇਸੇ ਤਰ੍ਹਾਂ ਨਿਗਾਹਬਾਨਾਂ ਨੂੰ ਵੀ ਚਾਹੀਦਾ ਹੈ ਕਿ ਲੋਕ ਉਨ੍ਹਾਂ ਨਾਲ ਆਸਾਨੀ ਨਾਲ ਗੱਲਬਾਤ ਕਰ ਸਕਣ।
ਸਾਡੇ ਲਈ ਸਬਕ:
40:14, 16, 22, 26. ਹੈਕਲ ਦੇ ਚਾਰ-ਚੁਫੇਰੇ ਥੰਮ੍ਹਾਂ ਤੇ ਖਜੂਰ ਦੇ ਰੁੱਖਾਂ ਦੀਆਂ ਮੂਰਤਾਂ ਦਾ ਮਤਲਬ ਸੀ ਕਿ ਸਿਰਫ਼ ਨੇਕ ਲੋਕ ਅੰਦਰ ਆ ਸਕਦੇ ਸਨ। (ਜ਼ਬੂਰਾਂ ਦੀ ਪੋਥੀ 92:12) ਇਸ ਤੋਂ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਸਾਡੀ ਭਗਤੀ ਸਿਰਫ਼ ਉਦੋਂ ਕਬੂਲ ਕਰਦਾ ਹੈ ਜੇ ਅਸੀਂ ਨੇਕ ਇਨਸਾਨ ਹਾਂ।
44:23. ਅਸੀਂ ਅੱਜ ਦੇ ਜਾਜਕਾਂ ਦੀ ਸੇਵਕਾਈ ਲਈ ਕਿੰਨੇ ਧੰਨਵਾਦੀ ਹਾਂ! “ਮਾਤਬਰ ਅਤੇ ਬੁੱਧਵਾਨ ਨੌਕਰ” ਸਮੇਂ ਸਿਰ ਸਾਨੂੰ ਆਤਮਿਕ ਖ਼ੁਰਾਕ ਦਿੰਦਾ ਹੈ ਜਿਸ ਨਾਲ ਅਸੀਂ ਜਾਣ ਸਕਦੇ ਹਾਂ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਕੀ ਸ਼ੁੱਧ ਅਤੇ ਕੀ ਅਸ਼ੁੱਧ ਹੈ।—ਮੱਤੀ 24:45.
47:9, 11. ਇੱਥੇ ਜ਼ਿਕਰ ਕੀਤੇ ਗਏ ਪਾਣੀ ਦਾ ਇਕ ਮਤਲਬ ਪਰਮੇਸ਼ੁਰ ਦਾ ਗਿਆਨ ਹੈ ਜਿਸ ਦਾ ਸਾਡੇ ਸਮੇਂ ਵਿਚ ਲੋਕਾਂ ਨੂੰ ਫ਼ਾਇਦਾ ਹੋ ਰਿਹਾ ਹੈ। ਜਦ ਵੀ ਲੋਕ ਇਹ ਗਿਆਨ ਲੈਂਦੇ ਹਨ, ਤਾਂ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਮਿਲਦੀ ਹੈ। (ਯੂਹੰਨਾ 17:3) ਦੂਜੇ ਪਾਸੇ, ਜਿਹੜੇ ਲੋਕ ਇਹ ਪਾਣੀ ਪੀਣ ਤੋਂ ਇਨਕਾਰ ਕਰਦੇ ਹਨ ਉਨ੍ਹਾਂ ਨੂੰ ਹਮੇਸ਼ਾ ਲਈ ਖ਼ਤਮ ਕੀਤਾ ਜਾਵੇਗਾ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ “ਸਚਿਆਈ ਦੇ ਬਚਨ” ਦਾ ਸਹੀ ਇਸਤੇਮਾਲ ਕਰਨ ਵਾਲੇ ਹੋਈਏ!—2 ਤਿਮੋਥਿਉਸ 2:15.
‘ਮੈਂ ਆਪਣੇ ਵੱਡੇ ਨਾਮ ਨੂੰ ਪਵਿੱਤ੍ਰ ਕਰਾਂਗਾ’
ਦਾਊਦ ਦੀ ਵੰਸ ਵਿੱਚੋਂ ਆਖ਼ਰੀ ਰਾਜੇ ਨੂੰ ਹਟਾਉਣ ਤੋਂ ਬਾਅਦ ਅਤੇ ਉਸ ਦੇ ਆਉਣ ਤੋਂ ਪਹਿਲਾਂ ਜਿਸ ਦਾ ਰਾਜ ਕਰਨ ਦਾ ਹੱਕ ਸੀ ਪਰਮੇਸ਼ੁਰ ਨੇ ਬਹੁਤ ਸਮਾਂ ਲੰਘਣ ਦਿੱਤਾ। ਪਰ ਇਸ ਦੌਰਾਨ ਪਰਮੇਸ਼ੁਰ ਦਾਊਦ ਨਾਲ ਬੰਨ੍ਹੇ ਨੇਮ ਨੂੰ ਨਹੀਂ ਭੁੱਲਿਆ। (ਹਿਜ਼ਕੀਏਲ 21:27; 2 ਸਮੂਏਲ 7:11-16) ਭਵਿੱਖਬਾਣੀ ਵਿਚ ਹਿਜ਼ਕੀਏਲ ਨੇ ‘ਮੇਰੇ ਦਾਸ ਦਾਊਦ’ ਬਾਰੇ ਗੱਲ ਕੀਤੀ ਸੀ ਜਿਸ ਨੇ “ਆਜੜੀ” ਅਤੇ “ਪਾਤਸ਼ਾਹ” ਬਣਨਾ ਸੀ। (ਹਿਜ਼ਕੀਏਲ 34:23, 24; 37:22, 24, 25) ਇਹ ਰਾਜਾ ਯਿਸੂ ਮਸੀਹ ਹੈ। (ਪਰਕਾਸ਼ ਦੀ ਪੋਥੀ 11:15) ਇਸ ਰਾਜ ਰਾਹੀਂ ਯਹੋਵਾਹ ਆਪਣੇ ‘ਵੱਡੇ ਨਾਮ ਨੂੰ ਪਵਿੱਤ੍ਰ’ ਕਰੇਗਾ।—ਹਿਜ਼ਕੀਏਲ 36:23.
ਹੁਣ ਥੋੜ੍ਹਾ ਹੀ ਸਮਾਂ ਰਹਿੰਦਾ ਹੈ ਜਦ ਪਰਮੇਸ਼ੁਰ ਦੇ ਪਵਿੱਤਰ ਨਾਮ ਨੂੰ ਬਦਨਾਮ ਕਰਨ ਵਾਲੇ ਹਮੇਸ਼ਾ ਲਈ ਖ਼ਤਮ ਕੀਤੇ ਜਾਣਗੇ। ਪਰ ਜਿਹੜੇ ਲੋਕ ਯਹੋਵਾਹ ਦੀ ਭਗਤੀ ਕਰ ਕੇ ਉਸ ਦੇ ਨਾਮ ਦੀ ਵਡਿਆਈ ਕਰਦੇ ਹਨ ਉਹ ਹਮੇਸ਼ਾ ਲਈ ਜੀਉਣਗੇ। ਤਾਂ ਫਿਰ, ਆਓ ਆਪਾਂ ਯਹੋਵਾਹ ਦੀ ਭਗਤੀ ਨੂੰ ਪਹਿਲ ਦੇ ਕੇ ਜੀਵਨ ਦੇ ਪਾਣੀ ਦਾ ਪੂਰਾ ਫ਼ਾਇਦਾ ਉਠਾਈਏ ਜੋ ਸਾਡੇ ਸਮੇਂ ਵਿਚ ਜ਼ੋਰ ਨਾਲ ਵਗ ਰਿਹਾ ਹੈ।
[ਫੁਟਨੋਟ]
a ਹਿਜ਼ਕੀਏਲ 1:1–24:27 ਬਾਰੇ ਜਾਣਕਾਰੀ ਲੈਣ ਲਈ 1 ਜੁਲਾਈ 2007 ਦੇ ਪਹਿਰਾਬੁਰਜ ਵਿਚ “ਹਿਜ਼ਕੀਏਲ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ” ਦੇਖੋ।
[ਸਫ਼ਾ 9 ਉੱਤੇ ਤਸਵੀਰ]
ਹਿਜ਼ਕੀਏਲ ਨੇ ਦਰਸ਼ਣ ਵਿਚ ਯਹੋਵਾਹ ਦਾ ਸ਼ਾਨਦਾਰ ਭਵਨ ਦੇਖਿਆ
[ਸਫ਼ਾ 10 ਉੱਤੇ ਤਸਵੀਰ]
ਹਿਜ਼ਕੀਏਲ ਦੇ ਦਰਸ਼ਣ ਵਿਚ ਜੀਵਨ ਦੀ ਨਦੀ ਕੀ ਦਰਸਾਉਂਦੀ ਹੈ?
[ਕ੍ਰੈਡਿਟ ਲਾਈਨ]
Pictorial Archive (Near Eastern History) Est.