ਛੇਵਾਂ ਅਧਿਆਇ
ਵੱਡੇ ਰੁੱਖ ਦਾ ਭੇਤ ਖੋਲ੍ਹਣਾ
1. ਰਾਜਾ ਨਬੂਕਦਨੱਸਰ ਨਾਲ ਕੀ ਹੋਇਆ ਅਤੇ ਇਹ ਕਿਹੜੇ ਸਵਾਲ ਪੈਦਾ ਕਰਦਾ ਹੈ?
ਯਹੋਵਾਹ ਨੇ ਰਾਜਾ ਨਬੂਕਦਨੱਸਰ ਨੂੰ ਦੁਨੀਆਂ ਦਾ ਬਾਦਸ਼ਾਹ ਬਣਨ ਦਿੱਤਾ। ਬਾਬਲ ਦੇ ਬਾਦਸ਼ਾਹ ਵਜੋਂ, ਉਹ ਦੇ ਕੋਲ ਬੇਸ਼ੁਮਾਰ ਧਨ-ਦੌਲਤ, ਵਧੀਆ ਤੋਂ ਵਧੀਆ ਖਾਣਾ-ਪੀਣਾ ਅਤੇ ਇਕ ਆਲੀਸ਼ਾਨ ਮਹਿਲ ਸੀ। ਦਰਅਸਲ, ਉਹ ਹਰ ਮਨ-ਪਸੰਦ ਚੀਜ਼ ਦਾ ਮਾਲਕ ਸੀ। ਪਰ ਅਚਾਨਕ ਉਸ ਦਾ ਬਹੁਤ ਅਪਮਾਨ ਹੋਇਆ। ਨਬੂਕਦਨੱਸਰ ਨੂੰ ਦਿਮਾਗ਼ੀ ਬੀਮਾਰੀ ਲੱਗ ਗਈ ਅਤੇ ਉਹ ਪਸ਼ੂ ਵਰਗਾ ਬਣ ਗਿਆ! ਉਸ ਨੂੰ ਹੁਣ ਸ਼ਾਹੀ ਘਰਾਣੇ ਵਿੱਚੋਂ ਕੱਢ ਦਿੱਤਾ ਗਿਆ ਅਤੇ ਉਸ ਨੂੰ ਵਧੀਆ ਖਾਣੇ-ਪੀਣੇ ਦੇ ਯੋਗ ਨਹੀਂ ਸਮਝਿਆ ਗਿਆ। ਉਹ ਖੇਤਾਂ ਵਿਚ ਰਹਿੰਦਾ ਸੀ ਅਤੇ ਬਲਦ ਵਾਂਗ ਘਾਹ ਖਾਂਦਾ ਸੀ। ਉਸ ਉੱਤੇ ਇਹ ਬਿਪਤਾ ਕਿੱਥੋਂ ਆ ਪਈ? ਸਾਡਾ ਇਸ ਨਾਲ ਕੀ ਸੰਬੰਧ ਹੈ?—ਅੱਯੂਬ 12:17-19; ਉਪਦੇਸ਼ਕ ਦੀ ਪੋਥੀ 6:1, 2 ਦੀ ਤੁਲਨਾ ਕਰੋ।
ਰਾਜਾ ਅੱਤ ਮਹਾਨ ਪਰਮੇਸ਼ੁਰ ਦੀ ਵਡਿਆਈ ਕਰਦਾ ਹੈ
2, 3. ਬਾਬਲ ਦਾ ਰਾਜਾ ਆਪਣੀ ਪਰਜਾ ਲਈ ਕੀ ਚਾਹੁੰਦਾ ਸੀ, ਅਤੇ ਅੱਤ ਮਹਾਨ ਪਰਮੇਸ਼ੁਰ ਬਾਰੇ ਉਸ ਦਾ ਕੀ ਵਿਚਾਰ ਸੀ?
2 ਉਸ ਦਿਮਾਗ਼ੀ ਬੀਮਾਰੀ ਤੋਂ ਠੀਕ ਹੋਣ ਤੋਂ ਥੋੜ੍ਹਾ ਚਿਰ ਬਾਅਦ, ਨਬੂਕਦਨੱਸਰ ਨੇ ਆਪਣੇ ਪੂਰੇ ਰਾਜ ਵਿਚ ਉਸ ਨਾਲ ਬੀਤੀਆਂ ਘਟਨਾਵਾਂ ਦੀ ਇਕ ਹੈਰਾਨਕੁਨ ਖ਼ਬਰ ਸੁਣਵਾਈ। ਯਹੋਵਾਹ ਨੇ ਆਉਣ ਵਾਲੇ ਸਮੇਂ ਲਈ ਦਾਨੀਏਲ ਨਬੀ ਨੂੰ ਇਨ੍ਹਾਂ ਘਟਨਾਵਾਂ ਦਾ ਸਹੀ-ਸਹੀ ਰਿਕਾਰਡ ਸੰਭਾਲ ਕੇ ਰੱਖਣ ਲਈ ਪ੍ਰੇਰਿਆ। ਇਹ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦਾ ਹੈ: “ਨਬੂਕਦਨੱਸਰ ਰਾਜਾ ਦੀ ਵੱਲੋਂ ਸਾਰੇ ਲੋਕਾਂ, ਕੌਮਾਂ ਤੇ ਭਾਖਿਆਂ ਨੂੰ ਜਿਹੜੀਆਂ ਕੁਲ ਧਰਤੀ ਵਿੱਚ ਵੱਸਦੀਆਂ ਹਨ,—ਤੁਹਾਡੀ ਸ਼ਾਂਤੀ ਵਾਫ਼ਰ ਹੋਵੇ! ਮੈਂ ਏਹ ਅੱਛਾ ਸਮਝਿਆ ਭਈ ਉਨ੍ਹਾਂ ਨਿਸ਼ਾਨੀਆਂ ਤੇ ਅਚੰਭਿਆਂ ਨੂੰ ਪਰਗਟ ਕਰਾਂ ਜਿਹੜੇ ਅੱਤ ਮਹਾਨ ਪਰਮੇਸ਼ੁਰ ਨੇ ਮੇਰੇ ਨਾਲ ਕਰ ਕੇ ਵਿਖਾਏ। ਉਹ ਦੀਆਂ ਨਿਸ਼ਾਨੀਆਂ ਕਿਹੋ ਜਿਹੀਆਂ ਵੱਡੀਆਂ, ਅਤੇ ਉਹ ਦੇ ਅਚੰਭੇ ਕਿਹੋ ਜਿਹੇ ਸ਼ਕਤੀਵਾਨ ਹਨ! ਉਹ ਦਾ ਰਾਜ ਸਦੀਪਕ ਰਾਜ ਹੈ, ਅਤੇ ਉਹ ਦੀ ਸਰਦਾਰੀ ਪੀੜ੍ਹੀਓਂ ਪੀੜ੍ਹੀ ਤੀਕ!”—ਦਾਨੀਏਲ 4:1-3.
3 ਨਬੂਕਦਨੱਸਰ ਦੀ ਪਰਜਾ ‘ਕੁਲ ਧਰਤੀ ਵਿੱਚ ਵੱਸਦੀ’ ਸੀ ਅਤੇ ਬਾਈਬਲ ਦੇ ਮੁਤਾਬਕ ਸੰਸਾਰ ਦੇ ਵੱਡੇ ਹਿੱਸੇ ਉੱਤੇ ਉਸ ਦਾ ਕਬਜ਼ਾ ਸੀ। ਰਾਜੇ ਨੇ ਦਾਨੀਏਲ ਦੇ ਪਰਮੇਸ਼ੁਰ ਬਾਰੇ ਕਿਹਾ: “ਉਹ ਦਾ ਰਾਜ ਸਦੀਪਕ ਰਾਜ ਹੈ।” ਇਨ੍ਹਾਂ ਸ਼ਬਦਾਂ ਨੇ ਪੂਰੇ ਬਾਬਲੀ ਸਾਮਰਾਜ ਵਿਚ ਯਹੋਵਾਹ ਦੀ ਕਿੰਨੀ ਵਡਿਆਈ ਕੀਤੀ! ਇਸ ਤੋਂ ਇਲਾਵਾ, ਨਬੂਕਦਨੱਸਰ ਨੂੰ ਇਹ ਦੂਜੀ ਵਾਰ ਦਿਖਾਇਆ ਗਿਆ ਸੀ ਕਿ ਪਰਮੇਸ਼ੁਰ ਦਾ ਰਾਜ “ਸਦੀਪਕ” ਹੈ।—ਦਾਨੀਏਲ 2:44.
4. ਨਬੂਕਦਨੱਸਰ ਦੇ ਸੰਬੰਧ ਵਿਚ, ਯਹੋਵਾਹ ਦੀਆਂ ‘ਨਿਸ਼ਾਨੀਆਂ ਅਤੇ ਅਚੰਭੇ’ ਕਿਵੇਂ ਸ਼ੁਰੂ ਹੋਏ?
4 “ਅੱਤ ਮਹਾਨ ਪਰਮੇਸ਼ੁਰ” ਨੇ ਕਿਹੜੀਆਂ ‘ਨਿਸ਼ਾਨੀਆਂ ਅਤੇ ਅਚੰਭੇ’ ਦਿਖਾਏ? ਇਹ ਰਾਜੇ ਦੇ ਨਿੱਜੀ ਤਜਰਬੇ ਨਾਲ ਸ਼ੁਰੂ ਹੋਏ ਅਤੇ ਇਨ੍ਹਾਂ ਸ਼ਬਦਾਂ ਵਿਚ ਦੱਸੇ ਗਏ ਹਨ: “ਮੈਂ ਨਬੂਕਦਨੱਸਰ ਆਪਣੇ ਘਰ ਵਿੱਚ ਅਰਾਮ ਨਾਲ ਅਤੇ ਆਪਣੇ ਮਹਿਲ ਵਿੱਚ ਭਾਗਵਾਨ ਸਾਂ। ਮੈਂ ਇੱਕ ਸੁਫ਼ਨਾ ਡਿੱਠਾ ਜਿਹ ਦੇ ਕਾਰਨ ਮੈਂ ਡਰਿਆ ਅਤੇ ਉਨ੍ਹਾਂ ਖਿਆਲਾਂ ਦੇ ਸਬੱਬੋਂ ਜੋ ਮੈਂ ਆਪਣੇ ਪਲੰਘ ਉੱਤੇ ਕੀਤੇ ਅਤੇ ਆਪਣੇ ਸਿਰ ਦੀਆਂ ਦਿਰਸ਼ਟੀਆਂ ਤੋਂ ਮੈਂ ਘਾਬਰ ਗਿਆ।” (ਦਾਨੀਏਲ 4:4, 5) ਬਾਬਲੀ ਰਾਜੇ ਨੇ ਇਸ ਡਰਾਉਣੇ ਸੁਪਨੇ ਬਾਰੇ ਕੀ ਕੀਤਾ?
5. ਨਬੂਕਦਨੱਸਰ ਦਾਨੀਏਲ ਬਾਰੇ ਕੀ ਸੋਚਦਾ ਸੀ, ਅਤੇ ਕਿਉਂ?
5 ਨਬੂਕਦਨੱਸਰ ਨੇ ਬਾਬਲ ਦੇ ਗਿਆਨੀਆਂ ਨੂੰ ਸੱਦਿਆ ਅਤੇ ਉਨ੍ਹਾਂ ਨੂੰ ਆਪਣਾ ਸੁਪਨਾ ਸੁਣਾਇਆ। ਪਰ ਉਹ ਰਾਜੇ ਨੂੰ ਉਸ ਦੇ ਸੁਪਨੇ ਦਾ ਅਰਥ ਨਹੀਂ ਦੱਸ ਸਕੇ ਕਿਉਂਕਿ ਉਹ ਬਿਲਕੁਲ ਅਣਜਾਣ ਸਨ! ਸਾਨੂੰ ਅੱਗੇ ਦੱਸਿਆ ਜਾਂਦਾ ਹੈ ਕਿ “ਓੜਕ ਨੂੰ ਦਾਨੀਏਲ ਜਿਹ ਦਾ ਨਾਉਂ ਮੇਰੇ ਦਿਓਤੇ ਦੇ ਨਾਉਂ ਦੇ ਅਨੁਸਾਰ ਬੇਲਟਸ਼ੱਸਰ ਹੈ ਮੇਰੇ ਦਰਬਾਰ ਆਇਆ ਅਤੇ ਉਸ ਵਿੱਚ ਪਵਿੱਤ੍ਰ ਦਿਓਤਿਆਂ ਦਾ ਆਤਮਾ ਹੈ, ਸੋ ਮੈਂ ਉਹ ਦੇ ਅੱਗੇ ਸੁਫ਼ਨਾ ਸੁਣਾਇਆ।” (ਦਾਨੀਏਲ 4:6-8) ਦਾਨੀਏਲ ਦਾ ਦਰਬਾਰੀ ਨਾਂ ਬੇਲਟਸ਼ੱਸਰ ਸੀ, ਅਤੇ ਜਿਸ ਦੇਵਤੇ ਨੂੰ ਰਾਜਾ ‘ਆਪਣਾ ਦਿਓਤਾ’ ਸੱਦਦਾ ਸੀ ਉਹ ਝੂਠਾ ਦੇਵਤਾ ਬੈੱਲ ਜਾਂ ਨਬੋ ਜਾਂ ਮਾਰਦੁੱਕ ਹੋ ਸਕਦਾ ਸੀ। ਬਹੁਤ ਸਾਰੇ ਦੇਵਤਿਆਂ ਦਾ ਪੁਜਾਰੀ ਹੋਣ ਕਰਕੇ, ਨਬੂਕਦਨੱਸਰ ਨੂੰ ਲੱਗਦਾ ਸੀ ਕਿ ਦਾਨੀਏਲ ਵਿਚ “ਪਵਿੱਤ੍ਰ ਦਿਓਤਿਆਂ ਦਾ ਆਤਮਾ ਹੈ।” ਅਤੇ ਬਾਬਲ ਦੇ ਸਾਰੇ ਗਿਆਨੀਆਂ ਦਾ ਸਰਦਾਰ ਹੋਣ ਕਰਕੇ, ਰਾਜਾ ਉਹ ਨੂੰ ‘ਜਾਦੂਗਰਾਂ ਦਾ ਸਰਦਾਰ’ ਸੱਦਦਾ ਸੀ। (ਦਾਨੀਏਲ 2:48; 4:9. ਦਾਨੀਏਲ 1:20 ਦੀ ਤੁਲਨਾ ਕਰੋ।) ਪਰ ਵਫ਼ਾਦਾਰ ਦਾਨੀਏਲ ਨੇ ਜਾਦੂ-ਟੂਣਾ ਕਰਨ ਲਈ ਯਹੋਵਾਹ ਦੀ ਉਪਾਸਨਾ ਨੂੰ ਕਦੀ ਨਹੀਂ ਛੱਡਿਆ ਸੀ।—ਲੇਵੀਆਂ 19:26; ਬਿਵਸਥਾ ਸਾਰ 18:10-12.
ਇਕ ਵੱਡਾ ਰੁੱਖ
6, 7. ਤੁਸੀਂ ਉਸ ਦਾ ਕਿਵੇਂ ਵਰਣਨ ਕਰੋਗੇ ਜੋ ਨਬੂਕਦਨੱਸਰ ਨੇ ਆਪਣੇ ਸੁਪਨੇ ਵਿਚ ਦੇਖਿਆ ਸੀ?
6 ਬਾਬਲੀ ਰਾਜੇ ਦਾ ਡਰਾਉਣਾ ਸੁਪਨਾ ਕੀ ਸੀ? “ਮੇਰੇ ਸਿਰ ਦੀਆਂ ਦਰਿਸ਼ਟਾਂ ਜੋ ਮੈਂ ਆਪਣੇ ਪਲੰਘ ਉੱਤੇ ਡਿੱਠੀਆਂ ਐਉਂ ਸਨ,—ਜਾਂ ਮੈਂ ਨਜ਼ਰ ਕੀਤੀ ਤਾਂ ਕੀ ਵੇਖਦਾ ਹਾਂ ਕਿ ਧਰਤੀ ਦੇ ਵਿਚਕਾਰ ਇੱਕ ਰੁੱਖ ਹੈਸੀ ਜਿਹ ਦੀ ਉੱਚਿਆਈ ਬਹੁਤ ਵੱਡੀ ਸੀ। ਉਹ ਰੁੱਖ ਵਧਿਆ ਤੇ ਤਕੜਾ ਹੋ ਗਿਆ ਅਤੇ ਉਹ ਦੀ ਚੋਟੀ ਅਕਾਸ਼ ਤੀਕ ਅੱਪੜ ਪਈ, ਉਹ ਧਰਤੀ ਦੇ ਕੰਢਿਆਂ ਤੀਕ ਵਿਖਾਈ ਦੇਣ ਲੱਗਾ। ਉਹ ਦੇ ਪੱਤੇ ਸੋਹਣੇ ਅਤੇ ਉਹ ਦਾ ਫਲ ਬਹੁਤਾ ਸੀ ਤੇ ਉਹ ਦੇ ਵਿੱਚ ਸਭਨਾਂ ਲਈ ਭੋਜਨ ਸੀ। ਜੰਗਲੀ ਜਨਾਉਰ ਉਹ ਦੀ ਛਾਂ ਵਿੱਚ ਅਤੇ ਅਕਾਸ਼ ਦੇ ਪੰਛੀ ਉਹ ਦੀਆਂ ਟਹਿਣੀਆਂ ਉੱਤੇ ਵਸੇਰਾ ਕਰਦੇ ਸਨ ਅਤੇ ਸਾਰੇ ਬਸ਼ਰ ਉਸ ਤੋਂ ਪਾਲੇ ਜਾਂਦੇ ਸਨ।” (ਦਾਨੀਏਲ 4:10-12) ਇਹ ਕਿਹਾ ਜਾਂਦਾ ਹੈ ਕਿ ਨਬੂਕਦਨੱਸਰ ਨੂੰ ਲੇਬਨਾਨ ਦੇ ਵੱਡੇ-ਵੱਡੇ ਦਿਆਰਾਂ ਦੇ ਰੁੱਖ ਬਹੁਤ ਪਸੰਦ ਸਨ। ਉਹ ਉਨ੍ਹਾਂ ਨੂੰ ਦੇਖਣ ਗਿਆ ਸੀ ਅਤੇ ਉਸ ਨੇ ਉਨ੍ਹਾਂ ਦੀ ਲੱਕੜ ਬਾਬਲ ਵਿਚ ਮੰਗਵਾਈ ਸੀ। ਪਰ ਉਸ ਨੇ ਆਪਣੇ ਸੁਪਨੇ ਵਿਚਲੇ ਰੁੱਖ ਵਰਗਾ ਕਦੇ ਵੀ ਕੋਈ ਰੁੱਖ ਨਹੀਂ ਦੇਖਿਆ ਸੀ। ਉਹ “ਧਰਤੀ ਦੇ ਵਿਚਕਾਰ” ਖੜ੍ਹਾ ਸੀ ਅਤੇ ਪੂਰੀ ਧਰਤੀ ਵਿਚ ਦੇਖਿਆ ਜਾ ਸਕਦਾ ਸੀ ਅਤੇ ਇੰਨਾ ਫਲਦਾਰ ਸੀ ਕਿ ਸਾਰੇ ਉਸ ਤੋਂ ਖਾਂਦੇ ਸਨ।
7 ਸੁਪਨੇ ਵਿਚ ਹੋਰ ਬਹੁਤ ਕੁਝ ਸੀ, ਕਿਉਂ ਜੋ ਨਬੂਕਦਨੱਸਰ ਨੇ ਅੱਗੇ ਦੱਸਿਆ: “ਮੈਂ ਆਪਣੇ ਪਲੰਘ ਉੱਤੇ ਆਪਣੇ ਸਿਰ ਦੀਆਂ ਦਰਿਸ਼ਟਾਂ ਵਿੱਚ ਨਜ਼ਰ ਕੀਤੀ ਤਾਂ ਕੀ ਵੇਖਦਾ ਹਾਂ ਭਈ ਇੱਕ ਰਾਖਾ, ਹਾਂ, ਇੱਕ ਪਵਿੱਤ੍ਰ ਜਨ ਅਕਾਸ਼ੋਂ ਉਤਰਿਆ। ਉਹ ਨੇ ਉੱਚੀ ਹਾਕ ਮਾਰ ਕੇ ਇਉਂ ਆਖਿਆ ਕਿ ਰੁੱਖ ਨੂੰ ਕੱਟ ਕੇ ਢਾਹ ਦਿਓ ਅਤੇ ਉਹ ਦੀਆਂ ਟਹਿਣੀਆਂ ਛਾਂਗ ਸੁੱਟੋ ਅਤੇ ਉਹ ਦੇ ਪੱਤੇ ਝਾੜ ਲਓ ਅਤੇ ਉਹ ਦਾ ਫਲ ਖਲਾਰ ਦਿਓ! ਜਨਾਉਰ ਉਹ ਦੇ ਹੇਠੋਂ ਤੇ ਪੰਛੀ ਉਹ ਦੀਆਂ ਟਹਿਣੀਆਂ ਦੇ ਉੱਤੋਂ ਚੱਲੇ ਜਾਣ। ਪਰ ਉਹ ਦੀਆਂ ਜੜ੍ਹਾਂ ਦਾ ਮੁੱਢ ਜ਼ਮੀਨ ਵਿੱਚ ਛੱਡ ਦਿਓ ਸਗੋਂ ਲੋਹੇ ਤੇ ਪਿੱਤਲ ਦੇ ਸੰਮਾਂ ਨਾਲ ਬੰਨ੍ਹਿਆ ਹੋਇਆ ਜੰਗਲ ਦੇ ਹਰੇ ਘਾਹ ਵਿੱਚ ਰਹਿਣ ਦਿਓ ਅਤੇ ਉਹ ਅਕਾਸ਼ ਦੀ ਤ੍ਰੇਲ ਨਾਲ ਤਰ ਹੋਵੇ ਅਤੇ ਉਹ ਦਾ ਹਿੱਸਾ ਜ਼ਮੀਨ ਦੇ ਘਾਹ ਵਿੱਚ ਪਸੂਆਂ ਦੇ ਨਾਲ ਹੋਵੇ।”—ਦਾਨੀਏਲ 4:13-15.
8. “ਰਾਖਾ” ਕੋਣ ਸੀ?
8 ਸਵਰਗ ਤੋਂ ਉਤਰਿਆ ਇਹ “ਰਾਖਾ,” ਜਾਂ ਪਹਿਰੇਦਾਰ ਕੌਣ ਸੀ? ਦੇਵੀ-ਦੇਵਤਿਆਂ ਬਾਰੇ ਬਾਬਲੀ ਲੋਕਾਂ ਦੇ ਆਪਣੇ ਹੀ ਵਿਚਾਰ ਹੁੰਦੇ ਸਨ ਕਿ ਕਿਹੜੇ ਚੰਗੇ ਅਤੇ ਕਿਹੜੇ ਦੁਸ਼ਟ ਹਨ। ਪਰ ਉਹ ਜਿਸ ਨੂੰ “ਇੱਕ ਪਵਿੱਤ੍ਰ ਜਨ” ਸੱਦਿਆ ਗਿਆ, ਅਸਲ ਵਿਚ ਇਕ ਧਰਮੀ ਦੂਤ ਸੀ ਜੋ ਪਰਮੇਸ਼ੁਰ ਦੀ ਪ੍ਰਤਿਨਿਧਤਾ ਕਰ ਰਿਹਾ ਸੀ। (ਜ਼ਬੂਰ 103:20, 21 ਦੀ ਤੁਲਨਾ ਕਰੋ।) ਉਨ੍ਹਾਂ ਸਵਾਲਾਂ ਦਾ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰੋ ਜਿਨ੍ਹਾਂ ਨੇ ਨਬੂਕਦਨੱਸਰ ਨੂੰ ਪਰੇਸ਼ਾਨ ਕੀਤਾ ਹੋਣਾ! ਇਹ ਰੁੱਖ ਕਿਉਂ ਕੱਟਿਆ ਜਾਣਾ ਹੈ? ਲੋਹੇ ਤੇ ਪਿੱਤਲ ਦੇ ਸੰਮਾਂ ਨਾਲ ਬੰਨ੍ਹੇ ਹੋਏ ਜੜ੍ਹਾਂ ਦੇ ਇਸ ਮੁੱਢ ਦਾ ਕੀ ਫ਼ਾਇਦਾ ਜੋ ਵੱਧ ਨਾ ਸਕੇ? ਅਸਲ ਵਿਚ, ਇਕ ਰੁੱਖ ਦੇ ਡੁੰਡ ਦਾ ਕੀ ਫ਼ਾਇਦਾ ਹੈ?
9. ਰਾਖੇ ਨੇ ਕੀ ਕਿਹਾ, ਅਤੇ ਕਿਹੜੇ ਸਵਾਲ ਪੈਦਾ ਹੁੰਦੇ ਹਨ?
9 ਨਬੂਕਦਨੱਸਰ ਬਿਲਕੁਲ ਬੌਂਦਲ ਗਿਆ ਹੋਣਾ ਜਦੋਂ ਉਸ ਨੇ ਰਾਖੇ ਦੇ ਅਗਲੇ ਸ਼ਬਦ ਸੁਣੇ ਹੋਣੇ: “ਉਹ ਦਾ ਦਿੱਲ ਮਨੁੱਖ ਦਾ ਦਿੱਲ ਨਾ ਰਹੇ ਸਗੋਂ ਉਹ ਨੂੰ ਪਸੂ ਦਾ ਦਿਲ ਦਿੱਤਾ ਜਾਵੇ ਅਤੇ ਉਸ ਉੱਤੇ ਸੱਤ ਸਮੇ ਬੀਤ ਜਾਣ। ਏਹ ਹੁਕਮ ਰਾਖਿਆਂ ਦੇ ਫ਼ੈਸਲੇ ਤੋਂ ਹੈ ਅਤੇ ਪਵਿੱਤ੍ਰ ਜਨਾਂ ਦੇ ਬਚਨ ਤੋਂ ਹੈ ਤਾਂ ਜੋ ਸਾਰੇ ਜੀਵ ਜਾਣ ਲੈਣ ਕਿ ਅੱਤ ਮਹਾਨ ਮਨੁੱਖਾਂ ਦੇ ਰਾਜ ਵਿੱਚ ਸਰਦਾਰੀ ਕਰਦਾ ਹੈ ਅਤੇ ਜਿਸ ਕਿਸੇ ਨੂੰ ਚਾਹੁੰਦਾ ਉਹ ਨੂੰ ਦਿੰਦਾ ਹੈ ਸਗੋਂ ਸਭਨਾਂ ਤੋਂ ਨੀਵੇਂ ਆਦਮੀ ਨੂੰ ਉਸ ਉੱਤੇ ਖੜਾ ਕਰਦਾ ਹੈ।” (ਦਾਨੀਏਲ 4:16, 17) ਇਕ ਰੁੱਖ ਦੇ ਜੜ੍ਹਾਂ ਦੇ ਮੁੱਢ ਦੇ ਅੰਦਰ ਮਨੁੱਖੀ ਦਿਲ ਨਹੀਂ ਧੜਕਦਾ। ਅਸਲ ਵਿਚ, ਇਕ ਰੁੱਖ ਦੇ ਜੜ੍ਹਾਂ ਦੇ ਮੁੱਢ ਨੂੰ ਕਿਸੇ ਪਸ਼ੂ ਦਾ ਦਿਲ ਕਿਵੇਂ ਦਿੱਤਾ ਜਾ ਸਕਦਾ ਹੈ? “ਸੱਤ ਸਮੇ” ਕੀ ਹਨ? ਇਸ ਸਭ ਦਾ “ਮਨੁੱਖਾਂ ਦੇ ਰਾਜ” ਵਿਚ ਹਕੂਮਤ ਨਾਲ ਕੀ ਸੰਬੰਧ ਹੈ? ਨਿਸ਼ਚੇ ਹੀ ਨਬੂਕਦਨੱਸਰ ਇਹ ਜਾਣਨਾ ਚਾਹੁੰਦਾ ਸੀ।
ਰਾਜੇ ਲਈ ਬੁਰੀ ਖ਼ਬਰ
10. (ੳ) ਬਾਈਬਲ ਦੇ ਅਨੁਸਾਰ, ਰੁੱਖ ਕਿਨ੍ਹਾਂ ਚੀਜ਼ਾਂ ਨੂੰ ਦਰਸਾ ਸਕਦੇ ਹਨ? (ਅ) ਵੱਡਾ ਰੁੱਖ ਕੀ ਦਰਸਾਉਂਦਾ ਹੈ?
10 ਸੁਪਨਾ ਸੁਣਨ ਤੇ, ਦਾਨੀਏਲ ਪਹਿਲਾਂ ਹੈਰਾਨ ਹੋਇਆ, ਅਤੇ ਫਿਰ ਡਰ ਗਿਆ। ਜਦੋਂ ਨਬੂਕਦਨੱਸਰ ਨੇ ਉਹ ਨੂੰ ਸੁਪਨੇ ਦਾ ਅਰਥ ਦੱਸਣ ਲਈ ਹੌਸਲਾ ਦਿੱਤਾ, ਤਾਂ ਨਬੀ ਨੇ ਕਿਹਾ: “ਹੇ ਮੇਰੇ ਪਿਰਥਵੀ ਨਾਥ, ਸੁਫ਼ਨਾ ਤੇਰੇ ਨਾਲ ਵੈਰ ਰੱਖਣ ਵਾਲਿਆਂ ਦੇ ਲਈ ਤੇ ਉਹ ਦਾ ਅਰਥ ਤੇਰੇ ਵਿਰੋਧੀਆਂ ਲਈ ਹੋਵੇ! ਉਹ ਰੁੱਖ ਜੋ ਤੁਸਾਂ ਡਿੱਠਾ ਕਿ ਉਹ ਵਧਿਆ ਤੇ ਤਕੜਾ ਹੋਇਆ . . . ਹੇ ਰਾਜਨ, ਉਹ ਤੁਸੀਂ ਹੀ ਹੋ ਜਿਹੜੇ ਵਧੇ ਤੇ ਤਕੜੇ ਹੋਏ ਕਿਉਂ ਜੋ ਤੁਹਾਡੀ ਬਜ਼ੁਰਗੀ ਵਧੀ ਹੋਈ ਤੇ ਅਕਾਸ਼ ਤਾਈਂ ਅੱਪੜ ਪਈ ਹੈ ਤੇ ਤੁਹਾਡਾ ਰਾਜ ਧਰਤੀ ਦੇ ਕੰਢਿਆਂ ਤੀਕ ਪਹੁੰਚਾ ਹੈ।” (ਦਾਨੀਏਲ 4:18-22) ਬਾਈਬਲ ਵਿਚ ਰੁੱਖ ਬੰਦਿਆਂ, ਹਾਕਮਾਂ, ਅਤੇ ਰਾਜਾਂ ਨੂੰ ਦਰਸਾ ਸਕਦੇ ਹਨ। (ਜ਼ਬੂਰ 1:3; ਯਿਰਮਿਯਾਹ 17:7, 8; ਹਿਜ਼ਕੀਏਲ ਦਾ 31ਵਾਂ ਅਧਿਆਇ) ਆਪਣੇ ਸੁਪਨੇ ਵਿਚਲੇ ਵੱਡੇ ਰੁੱਖ ਵਾਂਗ, ਵਿਸ਼ਵ ਸ਼ਕਤੀ ਦੇ ਸ਼ਾਸਕ ਵਜੋਂ, ਨਬੂਕਦਨੱਸਰ ‘ਵੱਧ ਕੇ ਤਕੜਾ ਹੋ ਗਿਆ’ ਸੀ। ਪਰ ਇਸ ਵੱਡੇ ਰੁੱਖ ਵਿਚ ਮਨੁੱਖਾਂ ਦਾ ਸਾਰਾ ਰਾਜ ਸ਼ਾਮਲ ਹੈ ਕਿਉਂਕਿ ਇਹ ‘ਰਾਜ ਧਰਤੀ ਦੇ ਕੰਢਿਆਂ ਤੀਕ ਪਹੁੰਚੇਗਾ।’ ਤਾਂ ਫਿਰ, ਇਹ ਰੁੱਖ, ਖ਼ਾਸ ਕਰਕੇ ਧਰਤੀ ਦੇ ਸੰਬੰਧ ਵਿਚ, ਯਹੋਵਾਹ ਦੀ ਵਿਸ਼ਵ ਸਰਬਸੱਤਾ ਨੂੰ ਦਰਸਾਉਂਦਾ ਹੈ।—ਦਾਨੀਏਲ 4:17.
11. ਰਾਜੇ ਦੇ ਸੁਪਨੇ ਨੇ ਕਿਵੇਂ ਦਿਖਾਇਆ ਕਿ ਉਸ ਦੀ ਹਾਲਤ ਮੰਦੀ ਹੋਣ ਵਾਲੀ ਸੀ?
11 ਨਬੂਕਦਨੱਸਰ ਦੀ ਹਾਲਤ ਮੰਦੀ ਹੋਣ ਵਾਲੀ ਸੀ। ਇਸ ਵਾਪਰਨ ਵਾਲੀ ਘਟਨਾ ਵੱਲ ਇਸ਼ਾਰਾ ਕਰਦੇ ਹੋਏ, ਦਾਨੀਏਲ ਨੇ ਅੱਗੇ ਕਿਹਾ: “ਜੋ ਮਹਾਰਾਜ ਨੇ ਇੱਕ ਰਾਖੇ, ਹਾਂ, ਇੱਕ ਪਵਿੱਤ੍ਰ ਜਨ ਨੂੰ ਅਕਾਸ਼ੋਂ ਉਤਰਦੇ ਅਤੇ ਏਹ ਆਖਦੇ ਵੇਖਿਆ ਕਿ ਰੁੱਖ ਨੂੰ ਕੱਟ ਕੇ ਢਾਹ ਦਿਓ ਅਤੇ ਉਹ ਦਾ ਸਤਿਆ ਨਾਸ ਕਰ ਸੁੱਟੋ ਤਾਂ ਵੀ ਜ਼ਮੀਨ ਵਿੱਚ ਉਹ ਦੀਆਂ ਜੜ੍ਹਾਂ ਦਾ ਮੁੱਢ ਛੱਡ ਦਿਓ ਸਗੋਂ ਉਹ ਨੂੰ ਲੋਹੇ ਤੇ ਪਿੱਤਲ ਦੇ ਸੰਮਾਂ ਨਾਲ ਬੰਨ੍ਹਿਆ ਹੋਇਆ ਜੰਗਲ ਦੇ ਹਰੇ ਘਾਹ ਵਿੱਚ ਰਹਿਣ ਦਿਓ ਕਿ ਉਹ ਅਕਾਸ਼ ਦੀ ਤ੍ਰੇਲ ਨਾਲ ਤਰ ਹੋਵੇ ਅਤੇ ਜਦ ਤੀਕ ਸੱਤ ਸਮੇ ਉਹ ਦੇ ਉੱਤੇ ਨਾ ਬੀਤਣ ਉਹ ਦਾ ਹਿੱਸਾ ਖੇਤ ਦੇ ਪਸੂਆਂ ਨਾਲ ਹੋਵੇ। ਹੇ ਰਾਜਨ, ਉਹ ਦਾ ਅਰਥ ਤੇ ਅੱਤ ਮਹਾਨ ਦਾ ਹੁਕਮ ਜੋ ਮਹਾਰਾਜ ਮੇਰੇ ਪਿਰਥਵੀ ਨਾਥ ਲਈ ਹੋਇਆ ਹੈ ਇਹੋ ਹੈ।” (ਦਾਨੀਏਲ 4:23, 24) ਸ਼ਕਤੀਸ਼ਾਲੀ ਮਹਾਰਾਜੇ ਨੂੰ ਇਹ ਸੰਦੇਸ਼ ਸੁਣਾਉਣ ਲਈ ਸੱਚ-ਮੁੱਚ ਕਾਫ਼ੀ ਹੌਸਲੇ ਦੀ ਜ਼ਰੂਰਤ ਸੀ!
12. ਨਬੂਕਦਨੱਸਰ ਨਾਲ ਕੀ ਹੋਣ ਵਾਲਾ ਸੀ?
12 ਨਬੂਕਦਨੱਸਰ ਨਾਲ ਕੀ ਹੋਣ ਵਾਲਾ ਸੀ? ਉਸ ਦੇ ਰਵੱਈਏ ਦਾ ਅੰਦਾਜ਼ਾ ਲਗਾਓ ਜਿਉਂ ਹੀ ਦਾਨੀਏਲ ਨੇ ਅੱਗੇ ਕਿਹਾ: “ਤੁਸੀਂ ਮਨੁੱਖਾਂ ਵਿੱਚੋਂ ਹਕੇ ਜਾਓਗੇ ਅਤੇ ਖੇਤ ਦੇ ਪਸੂਆਂ ਵਿੱਚ ਵੱਸੋਗੇ ਤੇ ਤੁਹਾਨੂੰ ਘਾਹ ਖਵਾਇਆ ਜਾਵੇਗਾ ਜਿਵੇਂ ਬਲਦਾਂ ਨੂੰ ਖਵਾਈਦਾ ਹੈ ਅਤੇ ਅਕਾਸ਼ ਦੀ ਤ੍ਰੇਲ ਨਾਲ ਤਰ ਕੀਤੇ ਜਾਓਗੇ ਅਤੇ ਤੁਹਾਡੇ ਉੱਤੇ ਸੱਤ ਸਮੇ ਬੀਤ ਜਾਣਗੇ, ਤਦ ਤੁਸੀਂ ਜਾਣੋਗੇ ਕਿ ਅੱਤ ਮਹਾਨ ਮਨੁੱਖਾਂ ਦੇ ਰਾਜ ਵਿੱਚ ਸਰਦਾਰੀ ਕਰਦਾ ਹੈ ਤੇ ਜਿਹ ਨੂੰ ਚਾਹੁੰਦਾ ਹੈ ਉਹ ਨੂੰ ਦਿੰਦਾ ਹੈ!” (ਦਾਨੀਏਲ 4:25) ਇਵੇਂ ਲੱਗਦਾ ਹੈ ਕਿ ਨਬੂਕਦਨੱਸਰ ਦੇ ਦਰਬਾਰੀ ਸੇਵਕ ਹੀ ‘ਉਹ ਨੂੰ ਮਨੁੱਖਾਂ ਵਿੱਚੋਂ ਹਕ ਦੇਣਗੇ।’ ਪਰ ਕੀ ਹਮਦਰਦ ਚਰਵਾਹੇ ਉਸ ਦੀ ਦੇਖ-ਭਾਲ ਕਰਨਗੇ? ਨਹੀਂ, ਕਿਉਂਕਿ ਪਰਮੇਸ਼ੁਰ ਨੇ ਹੁਕਮ ਦਿੱਤਾ ਸੀ ਕਿ ਨਬੂਕਦਨੱਸਰ ‘ਪਸੂਆਂ ਵਿੱਚ ਵੱਸੇਗਾ’ ਅਤੇ ਘਾਹ ਖਾਵੇਗਾ।
13. ਰੁੱਖ ਦੇ ਸੁਪਨੇ ਨੇ ਕੀ ਦਿਖਾਇਆ ਕਿ ਦੁਨੀਆਂ ਦੇ ਬਾਦਸ਼ਾਹ ਵਜੋਂ ਨਬੂਕਦਨੱਸਰ ਨਾਲ ਕੀ ਹੋਵੇਗਾ?
13 ਜਿਵੇਂ ਰੁੱਖ ਕੱਟਿਆ ਗਿਆ ਸੀ, ਤਿਵੇਂ ਨਬੂਕਦਨੱਸਰ ਵਿਸ਼ਵ ਹਕੂਮਤ ਤੋਂ ਹਟਾ ਦਿੱਤਾ ਜਾਵੇਗਾ—ਪਰ ਸਿਰਫ਼ ਥੋੜ੍ਹੇ ਸਮੇਂ ਲਈ। ਦਾਨੀਏਲ ਨੇ ਸਮਝਾਇਆ ਕਿ “ਏਹ ਜੋ ਉਨ੍ਹਾਂ ਨੇ ਹੁਕਮ ਕੀਤਾ ਕਿ ਰੁੱਖ ਦੀਆਂ ਜੜ੍ਹਾਂ ਦਾ ਮੁੱਢ ਛੱਡ ਦਿਓ, ਅਰਥ ਏਹ ਹੈ ਭਈ ਜਦੋਂ ਤੁਹਾਨੂੰ ਪਤਾ ਲਗੇਗਾ ਕਿ ਰਾਜ ਦਾ ਅਧੀਕਾਰ ਅਸਮਾਨੋਂ ਹੁੰਦਾ ਹੈ ਤਾਂ ਤੁਹਾਡਾ ਰਾਜ ਤੁਹਾਡੇ ਲਈ ਫੇਰ ਪੱਕਾ ਕੀਤਾ ਜਾਵੇਗਾ।” (ਦਾਨੀਏਲ 4:26) ਨਬੂਕਦਨੱਸਰ ਦੇ ਸੁਪਨੇ ਵਿਚ ਕੱਟੇ ਗਏ ਰੁੱਖ ਦੀਆਂ ਜੜ੍ਹਾਂ ਦੇ ਮੁੱਢ, ਜਾਂ ਡੁੰਡ ਨੂੰ ਛੱਡਿਆ ਗਿਆ ਸੀ, ਭਾਵੇਂ ਕਿ ਉਸ ਦੇ ਵਾਧੇ ਨੂੰ ਰੋਕਣ ਲਈ ਉਸ ਨੂੰ ਬੰਨ੍ਹਿਆ ਗਿਆ ਸੀ। ਇਸੇ ਭਾਵ ਵਿਚ ਬਾਬਲ ਦੇ ਰਾਜੇ ਦੀਆਂ ਜੜ੍ਹਾਂ ਦਾ ਮੁੱਢ ਰਹੇਗਾ, ਭਾਵੇਂ ਕਿ ਉਹ ‘ਸੱਤ ਸਮਿਆਂ’ ਲਈ ਬੰਨ੍ਹਿਆ ਹੋਇਆ ਸੀ ਤਾਂਕਿ ਉਹ ਵੱਧ-ਫੁਲ ਨਾ ਸਕੇ। ਦੁਨੀਆਂ ਦੇ ਬਾਦਸ਼ਾਹ ਵਜੋਂ ਉਸ ਦੀ ਪਦਵੀ ਬੰਨ੍ਹੇ ਹੋਏ ਰੁੱਖ ਦੇ ਡੁੰਡ ਵਰਗੀ ਹੋਵੇਗੀ। ਉਹ ਸੁਰੱਖਿਅਤ ਰੱਖੀ ਜਾਵੇਗੀ ਜਦ ਤਕ ਸੱਤ ਸਮੇਂ ਨਾ ਲੰਘ ਜਾਣ। ਯਹੋਵਾਹ ਇਹ ਨਿਸ਼ਚਿਤ ਕਰੇਗਾ ਕਿ ਉਸ ਸਮੇਂ ਦੌਰਾਨ ਬਾਬਲ ਦੇ ਇੱਕੋ-ਇਕ ਹਾਕਮ ਵਜੋਂ ਕੋਈ ਵੀ ਨਬੂਕਦਨੱਸਰ ਦੀ ਥਾਂ ਨਾ ਲਵੇਗਾ, ਭਾਵੇਂ ਕਿ ਉਸ ਦੇ ਪੁੱਤਰ, ਅਵੀਲ ਮਰੋਦਕ ਨੇ ਸ਼ਾਇਦ ਉਸ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਹੋਣ।
14. ਦਾਨੀਏਲ ਨੇ ਨਬੂਕਦਨੱਸਰ ਨੂੰ ਕੀ ਕਰਨ ਲਈ ਅਰਜ਼ ਕੀਤਾ ਸੀ?
14 ਉਸ ਨੂੰ ਧਿਆਨ ਵਿਚ ਰੱਖਦੇ ਹੋਏ ਜੋ ਨਬੂਕਦਨੱਸਰ ਬਾਰੇ ਪਹਿਲਾਂ ਦੱਸਿਆ ਗਿਆ ਸੀ, ਦਾਨੀਏਲ ਨੇ ਦਲੇਰੀ ਨਾਲ ਰਾਜੇ ਮੋਹਰੇ ਅਰਜ਼ ਕੀਤੀ ਕਿ “ਏਸੇ ਕਾਰਨ ਹੇ ਰਾਜਨ, ਮੇਰੀ ਸਲਾਹ ਤੁਹਾਡੇ ਮਨ ਪਸੰਦ ਹੋਵੇ! ਤੁਸੀਂ ਆਪਣੇ ਪਾਪਾਂ ਨੂੰ ਧਰਮ ਨਾਲ ਅਤੇ ਆਪਣੀਆਂ ਬਦੀਆਂ ਨੂੰ ਗਰੀਬਾਂ ਉੱਤੇ ਦਯਾ ਕਰਨ ਨਾਲ ਟਾਲ ਦਿਓ। ਸ਼ਾਇਤ ਇਉਂ ਤੁਹਾਡਾ ਸੁਖ ਚਿਰ ਤੀਕ ਬਣਿਆ ਰਹੇ।” (ਦਾਨੀਏਲ 4:27) ਜੇ ਨਬੂਕਦਨੱਸਰ ਆਪਣੇ ਜ਼ੁਲਮੀ ਕੰਮਾਂ ਅਤੇ ਆਪਣੇ ਘਮੰਡ ਨੂੰ ਛੱਡ ਦੇਵੇ, ਤਾਂ ਸ਼ਾਇਦ ਉਸ ਨੂੰ ਮਿਲਣ ਵਾਲੀ ਸਜ਼ਾ ਟਲ ਜਾਵੇ। ਆਖ਼ਰਕਾਰ, ਕੁਝ ਦੋ ਸਦੀਆਂ ਪਹਿਲਾਂ, ਕੀ ਯਹੋਵਾਹ ਨੇ ਅੱਸ਼ੂਰ ਦੀ ਰਾਜਧਾਨੀ, ਨੀਨਵਾਹ ਦੇ ਲੋਕਾਂ ਨੂੰ ਨਾਸ਼ ਕਰਨ ਬਾਰੇ ਨਹੀਂ ਸੀ ਸੋਚਿਆ? ਪਰ ਉਸ ਨੇ ਉਨ੍ਹਾਂ ਦਾ ਨਾਸ਼ ਨਹੀਂ ਕੀਤਾ ਸੀ ਕਿਉਂਕਿ ਉਸ ਦੇ ਰਾਜੇ ਅਤੇ ਉਸ ਦੀ ਪਰਜਾ ਨੇ ਤੋਬਾ ਕਰ ਲਈ ਸੀ। (ਯੂਨਾਹ 3:4, 10; ਲੂਕਾ 11:32) ਘਮੰਡੀ ਨਬੂਕਦਨੱਸਰ ਕੀ ਕਰੇਗਾ? ਕੀ ਉਹ ਆਪਣੇ ਤੌਰ-ਤਰੀਕਿਆਂ ਨੂੰ ਬਦਲੇਗਾ?
ਸੁਪਨੇ ਦੀ ਪਹਿਲੀ ਪੂਰਤੀ
15. (ੳ) ਨਬੂਕਦਨੱਸਰ ਦਾ ਕੀ ਰਵੱਈਆ ਰਿਹਾ? (ਅ) ਪ੍ਰਾਚੀਨ ਲੇਖ ਨਬੂਕਦਨੱਸਰ ਦੀਆਂ ਕਾਰਵਾਈਆਂ ਬਾਰੇ ਕੀ ਪ੍ਰਗਟ ਕਰਦੇ ਹਨ?
15 ਪਰ ਨਬੂਕਦਨੱਸਰ ਨੇ ਘਮੰਡ ਨਹੀਂ ਛੱਡਿਆ। ਰੁੱਖ ਦੇ ਸੁਪਨੇ ਤੋਂ 12 ਮਹੀਨਿਆਂ ਬਾਅਦ, ਸ਼ਾਹੀ ਮਹਿਲ ਦੀ ਛੱਤ ਉੱਤੇ ਟਹਿਲਦਿਆਂ, ਉਸ ਨੇ ਸ਼ੇਖੀ ਮਾਰੀ “ਕੀ ਏਹ ਉਹ ਵੱਡਾ ਬਾਬਲ ਨਹੀਂ ਜਿਹ ਨੂੰ ਮੈਂ ਆਪਣੀ ਸ਼ਕਤੀ ਦੇ ਬਲ ਨਾਲ ਮਹਾਰਾਜੇ ਦੇ ਵਾਸ ਲਈ ਬਣਾਇਆ ਹੈ ਭਈ ਮੇਰੀ ਮਹਿਮਾ ਦੀ ਵੱਡਿਆਈ ਹੋਵੇ?” (ਦਾਨੀਏਲ 4:28-30) ਬਾਬਲ ਦਾ ਮੋਢੀ ਨਿਮਰੋਦ ਸੀ, ਪਰ ਨਬੂਕਦਨੱਸਰ ਨੇ ਉਸ ਦੀ ਸ਼ਾਨੋ-ਸ਼ੌਕਤ ਵਧਾਈ। (ਉਤਪਤ 10:8-10) ਪ੍ਰਾਚੀਨ ਲਿਪੀ ਦੇ ਇਕ ਲੇਖ ਵਿਚ ਉਹ ਸ਼ੇਖੀ ਮਾਰਦਾ ਹੈ ਕਿ “ਮੈਂ ਨਬੂਕਦਰੱਸਰ ਬੈਬੀਲੋਨ ਦਾ ਬਾਦਸ਼ਾਹ, ਨਬੋਪੋਲੱਸਰ ਦਾ ਪੁੱਤਰ ਹਾਂ, ਮੈਂ ਏਸਾਗਿਲਾ ਅਤੇ ਏਜ਼ੀਡਾ ਨੂੰ ਮੁੜ ਕੇ ਉਸਾਰਿਆ। . . . ਮੈਂ ਏਸਾਗਿਲਾ ਅਤੇ ਬੈਬੀਲੋਨ ਦੀਆਂ ਕਿਲਾਬੰਦੀਆਂ ਨੂੰ ਮਜ਼ਬੂਤ ਕੀਤਾ ਅਤੇ ਆਪਣੇ ਰਾਜ ਦੇ ਨਾਂ ਨੂੰ ਸਦਾ ਲਈ ਸਥਾਪਿਤ ਕੀਤਾ।” (ਜੌਰਜ ਏ. ਬਾਰਟਨ ਦੁਆਰਾ ਆਰਕਿਓਲੋਜੀ ਐਂਡ ਦ ਬਾਈਬਲ, 1949, ਸਫ਼ੇ 478-9) ਇਕ ਹੋਰ ਲੇਖ ਉਨ੍ਹਾਂ ਤਕਰੀਬਨ 20 ਮੰਦਰਾਂ ਦਾ ਜ਼ਿਕਰ ਕਰਦਾ ਹੈ ਜਿਨ੍ਹਾਂ ਦੀ ਉਸ ਨੇ ਮੁਰੰਮਤ ਕੀਤੀ ਜਾਂ ਜਿਨ੍ਹਾਂ ਨੂੰ ਉਸ ਨੇ ਮੁੜ ਕੇ ਬਣਾਇਆ। ਦ ਵਰਲਡ ਬੁੱਕ ਐਨਸਾਈਕਲੋਪੀਡੀਆ ਕਹਿੰਦਾ ਹੈ ਕਿ “ਨਬੂਕਦਨੱਸਰ ਦੀ ਹਕੂਮਤ ਦੇ ਅਧੀਨ, ਪ੍ਰਾਚੀਨ ਸੰਸਾਰ ਵਿਚ ਬੈਬੀਲੋਨ ਇਕ ਕਹਿੰਦਾ-ਕਹਾਉਂਦਾ ਸ਼ਹਿਰ ਬਣ ਗਿਆ। ਆਪਣੇ ਰਿਕਾਰਡਾਂ ਵਿਚ, ਉਸ ਨੇ ਆਪਣੀਆਂ ਸੈਨਿਕ ਕਾਰਵਾਈਆਂ ਦਾ ਬਹੁਤ ਘੱਟ ਜ਼ਿਕਰ ਕੀਤਾ, ਪਰ ਆਪਣੇ ਉਸਾਰੀ ਪ੍ਰਾਜੈਕਟਾਂ ਅਤੇ ਬੈਬੀਲੋਨੀਆ ਦੇ ਦੇਵੀ-ਦੇਵਤਿਆਂ ਬਾਰੇ ਲਿਖਿਆ। ਨਬੂਕਦਨੱਸਰ ਨੇ ਹੀ ਸ਼ਾਇਦ ਬੈਬੀਲੋਨ ਦੇ ਝੂਲਦੇ ਬਗੀਚੇ ਬਣਾਏ ਹੋਣ, ਜੋ ਕਿ ਪ੍ਰਾਚੀਨ ਸੰਸਾਰ ਦੇ ਸੱਤ ਅਜੂਬਿਆਂ ਵਿੱਚੋਂ ਇਕ ਗਿਣਿਆ ਜਾਂਦਾ ਹੈ।”
16. ਨਬੂਕਦਨੱਸਰ ਦਾ ਅਪਮਾਨ ਕਿਵੇਂ ਹੋਣ ਵਾਲਾ ਸੀ?
16 ਹਾਲਾਂਕਿ ਉਸ ਨੇ ਸ਼ੇਖੀ ਮਾਰੀ, ਘਮੰਡੀ ਨਬੂਕਦਨੱਸਰ ਦਾ ਅਪਮਾਨ ਹੋਣ ਵਾਲਾ ਸੀ। ਪ੍ਰੇਰਿਤ ਬਿਰਤਾਂਤ ਦੱਸਦਾ ਹੈ ਕਿ “ਰਾਜਾ ਏਹ ਗੱਲ ਕਰ ਹੀ ਰਿਹਾ ਸੀ ਕਿ ਅਕਾਸ਼ੋਂ ਇੱਕ ਅਵਾਜ਼ ਆਈ ਕਿ ਹੇ ਨਬੂਕਦਨੱਸਰ ਰਾਜਾ, ਤੇਰੇ ਵਿਖੇ ਏਹ ਹੁਕਮ ਹੋ ਚੁੱਕਿਆ ਹੈ ਕਿ ਰਾਜ ਤੈਥੋਂ ਲੈ ਲਿਆ ਗਿਆ ਹੈ। ਤੂੰ ਮਨੁੱਖਾਂ ਵਿੱਚੋਂ ਹਕਿਆ ਜਾਵੇਂਗਾ ਤੇ ਤੇਰਾ ਵਾਸ ਖੇਤ ਦੇ ਪਸੂਆਂ ਨਾਲ ਹੋਵੇਗਾ ਤੇ ਤੈਨੂੰ ਘਾਹ ਖਵਾਇਆ ਜਾਵੇਗਾ ਜਿਵੇਂ ਬਲਦਾਂ ਨੂੰ ਖਵਾਈਦਾ ਹੈ ਤੇ ਸੱਤ ਸਮੇ ਤੇਰੇ ਉੱਤੇ ਬੀਤਣਗੇ ਤਾਂ ਤੈਨੂੰ ਪਤਾ ਲਗੇਗਾ ਕਿ ਅੱਤ ਮਹਾਨ ਮਨੁੱਖਾਂ ਦੇ ਰਾਜ ਵਿੱਚ ਸਰਦਾਰੀ ਕਰਦਾ ਹੈ ਅਤੇ ਜਿਹ ਨੂੰ ਚਾਹੁੰਦਾ ਹੈ ਉਹ ਨੂੰ ਦਿੰਦਾ ਹੈ!”—ਦਾਨੀਏਲ 4:31, 32.
17. ਘਮੰਡੀ ਨਬੂਕਦਨੱਸਰ ਨਾਲ ਕੀ ਹੋਇਆ, ਅਤੇ ਉਸ ਨੇ ਜਲਦੀ ਹੀ ਆਪਣੇ ਆਪ ਨੂੰ ਕਿਨ੍ਹਾਂ ਹਾਲਤਾਂ ਵਿਚ ਪਾਇਆ?
17 ਨਬੂਕਦਨੱਸਰ ਤੁਰੰਤ ਪਾਗਲ ਹੋ ਗਿਆ। ਉਸ ਨੂੰ ਮਨੁੱਖਾਂ ਵਿੱਚੋਂ ਭਜਾ ਦਿੱਤਾ ਗਿਆ ਅਤੇ ਉਹ ਘਾਹ ਖਾਣ ਲੱਗ ਪਿਆ ‘ਜਿਵੇਂ ਬਲਦ’ ਖਾਂਦੇ ਹਨ। ਖੇਤ ਦੇ ਪਸ਼ੂਆਂ ਵਿਚਕਾਰ, ਉਹ ਕਿਸੇ ਬਾਗ਼ ਵਿਚ ਵਿਹਲਾ ਬੈਠਾ ਠੰਢੀਆਂ ਛਾਵਾਂ ਦਾ ਆਨੰਦ ਨਹੀਂ ਮਾਣ ਰਿਹਾ ਸੀ। ਪ੍ਰਾਚੀਨ ਬਾਬਲ, ਆਧੁਨਿਕ ਸਮੇਂ ਦੇ ਇਰਾਕ ਵਿਚ ਸਥਿਤ ਸੀ ਜਿੱਥੇ ਗਰਮੀਆਂ ਦਾ ਤਾਪਮਾਨ 50 ਡਿਗਰੀ ਸੈਲਸੀਅਸ ਅਤੇ ਸਰਦੀਆਂ ਵਿਚ ਬਰਫ਼ਾਨੀ ਹੁੰਦਾ ਹੈ। ਉੱਥੇ ਨਬੂਕਦਨੱਸਰ ਦੀ ਟਹਿਲ ਕਰਨ ਵਾਲਾ ਕੋਈ ਨਹੀਂ ਸੀ ਅਤੇ ਨਾ ਹੀ ਧੁੱਪ-ਠੰਢ ਤੋਂ ਉਸ ਲਈ ਕੋਈ ਬਚਾਅ ਸੀ। ਇਨ੍ਹਾਂ ਹਾਲਤਾਂ ਵਿਚ ਉਸ ਦੀਆਂ ਲੰਬੀਆਂ ਜਟਾਂ ਉਕਾਬ ਦੇ ਖੰਭਾਂ ਵਾਂਗ ਲੱਗਦੀਆਂ ਸਨ ਅਤੇ ਉਸ ਦੇ ਪੈਰਾਂ ਦੇ ਨਹੁੰ ਪੰਛੀਆਂ ਦੀਆਂ ਨਹੁੰਦਰਾਂ ਵਾਂਗ ਵੱਧ ਗਏ। (ਦਾਨੀਏਲ 4:33) ਦੁਨੀਆਂ ਦੇ ਇਸ ਘਮੰਡੀ ਬਾਦਸ਼ਾਹ ਦਾ ਕਿੰਨਾ ਅਪਮਾਨ ਹੋਇਆ!
18. ਸੱਤ ਸਮਿਆਂ ਦੇ ਦੌਰਾਨ, ਬਾਬਲ ਦੇ ਸਿੰਘਾਸਣ ਦੇ ਸੰਬੰਧ ਵਿਚ ਕੀ ਹੋਇਆ?
18 ਨਬੂਕਦਨੱਸਰ ਦੇ ਸੁਪਨੇ ਵਿਚ, ਉਹ ਵੱਡਾ ਰੁੱਖ ਵੱਢਿਆ ਗਿਆ ਅਤੇ ਉਸ ਦਾ ਡੁੰਡ ਸੱਤ ਸਮਿਆਂ ਲਈ ਬੰਨ੍ਹਿਆ ਗਿਆ ਸੀ ਤਾਂਕਿ ਉਹ ਹੋਰ ਨਾ ਵੱਧ ਸਕੇ। ਇਸੇ ਤਰ੍ਹਾਂ, ਨਬੂਕਦਨੱਸਰ ਨੂੰ ਉਦੋਂ “ਆਪਣੇ ਰਾਜ ਸਿੰਘਾਸਣ ਤੋਂ ਲਾਹਿਆ ਗਿਆ” ਜਦੋਂ ਯਹੋਵਾਹ ਨੇ ਉਸ ਨੂੰ ਪਾਗਲ ਬਣਾ ਦਿੱਤਾ ਸੀ। (ਦਾਨੀਏਲ 5:20) ਅਸਲ ਵਿਚ, ਇਸ ਘਟਨਾ ਨੇ ਰਾਜੇ ਦੇ ਮਨੁੱਖੀ ਦਿਲ ਨੂੰ ਇਕ ਬਲਦ ਦੇ ਦਿਲ ਵਿਚ ਬਦਲ ਦਿੱਤਾ। ਪਰ ਪਰਮੇਸ਼ੁਰ ਨੇ ਨਬੂਕਦਨੱਸਰ ਦਾ ਸਿੰਘਾਸਣ ਉਸ ਦੇ ਲਈ ਸਾਂਭ ਕੇ ਰੱਖਿਆ ਜਦ ਤਕ ਸੱਤ ਸਮੇਂ ਖ਼ਤਮ ਨਹੀਂ ਹੋ ਗਏ। ਉਸ ਸਮੇਂ ਦੌਰਾਨ ਸ਼ਾਇਦ ਅਵੀਲ ਮਰੋਦਕ ਕੰਮ ਸਾਰਣ ਲਈ ਸਰਕਾਰ ਦਾ ਪ੍ਰਧਾਨ ਬਣਿਆ ਹੋਵੇ, ਜਦ ਕਿ ਦਾਨੀਏਲ ਨੇ ‘ਬਾਬਲ ਦੇ ਸਾਰੇ ਸੂਬੇ ਉੱਤੇ ਹੁਕਮਰਾਨੀ ਕੀਤੀ ਅਤੇ ਉਹ ਬਾਬਲ ਦੇ ਸਾਰੇ ਗਿਆਨੀਆਂ ਉੱਤੇ ਸਰਦਾਰ ਬਣਿਆ।’ ਉਸ ਦੇ ਤਿੰਨ ਇਬਰਾਨੀ ਸਾਥੀ ਸੂਬੇ ਦੇ ਕਾਰ-ਵਿਹਾਰ ਚਲਾਉਂਦੇ ਰਹੇ। (ਦਾਨੀਏਲ 1:11-19; 2:48, 49; 3:30) ਇਨ੍ਹਾਂ ਚਾਰਾਂ ਜਲਾਵਤਨਾਂ ਨੇ ਨਬੂਕਦਨੱਸਰ ਦੀ ਉਡੀਕ ਕੀਤੀ ਕਿ ਉਹ ਸਹੀ-ਸਲਾਮਤ ਦੁਬਾਰਾ ਆਪਣੇ ਸਿੰਘਾਸਣ ਉੱਤੇ ਬੈਠੇ, ਜਿਸ ਨੇ ਹੁਣ ਇਹ ਸਬਕ ਸਿੱਖ ਲਿਆ ਸੀ ਕਿ “ਅੱਤ ਮਹਾਨ ਮਨੁੱਖਾਂ ਦੇ ਰਾਜ ਵਿੱਚ ਸਰਦਾਰੀ ਕਰਦਾ ਹੈ ਅਤੇ ਜਿਹ ਨੂੰ ਚਾਹੁੰਦਾ ਹੈ ਉਹ ਨੂੰ ਦਿੰਦਾ ਹੈ!”
ਨਬੂਕਦਨੱਸਰ ਦੀ ਵਾਪਸੀ
19. ਜਦੋਂ ਯਹੋਵਾਹ ਨੇ ਨਬੂਕਦਨੱਸਰ ਨੂੰ ਉਸ ਦੀ ਸਮਝ ਵਾਪਸ ਦਿੱਤੀ, ਤਾਂ ਇਸ ਬਾਬਲੀ ਰਾਜੇ ਨੂੰ ਕੀ ਪਤਾ ਚੱਲ ਗਿਆ ਸੀ?
19 ਯਹੋਵਾਹ ਨੇ ਸੱਤ ਸਮਿਆਂ ਦੇ ਖ਼ਤਮ ਹੋਣ ਤੇ ਨਬੂਕਦਨੱਸਰ ਨੂੰ ਉਸ ਦੀ ਸਮਝ ਵਾਪਸ ਦੇ ਦਿੱਤੀ। ਫਿਰ ਅੱਤ ਮਹਾਨ ਪਰਮੇਸ਼ੁਰ ਦੀ ਕਦਰ ਕਰਦਿਆਂ, ਰਾਜੇ ਨੇ ਕਿਹਾ: “ਉਨ੍ਹਾਂ ਦਿਨਾਂ ਦੇ ਬੀਤਣ ਉੱਤੇ ਮੈਂ ਨਬੂਕਦਨੱਸਰ ਨੇ ਆਪਣੀਆਂ ਅੱਖੀਆਂ ਅਕਾਸ਼ ਵੱਲ ਚੁੱਕੀਆਂ ਅਤੇ ਮੇਰੀ ਸਮਝ ਫੇਰ ਮੇਰੇ ਵਿੱਚ ਮੁੜ ਆਈ ਤਾਂ ਮੈਂ ਅੱਤ ਮਹਾਨ ਦਾ ਧੰਨਵਾਦ ਕੀਤਾ ਅਤੇ ਉਹ ਦਾ ਜੋ ਸਦਾ ਜੀਉਂਦਾ ਹੈ ਵੱਡਿਆਈ ਤੇ ਆਦਰ ਕੀਤਾ। ਜਿਹ ਦੀ ਸਰਦਾਰੀ ਸਦੀਪਕ ਸਰਦਾਰੀ, ਅਤੇ ਜਿਹ ਦਾ ਰਾਜ ਪੀੜ੍ਹੀਓਂ ਪੀੜ੍ਹੀ ਹੈ! ਧਰਤੀ ਦੇ ਸਾਰੇ ਵਸਨੀਕ ਕੁਝ ਨਹੀਂ ਗਿਣੇ ਜਾਂਦੇ, ਅਤੇ ਉਹ ਸੁਰਗ ਦੀਆਂ ਫੌਜਾਂ ਵਿੱਚ ਅਤੇ ਜਗਤ ਦੇ ਸਾਰੇ ਵਸਨੀਕਾਂ ਨਾਲ ਜੋ ਕੁਝ ਚਾਹੁੰਦਾ ਹੈ ਕਰਦਾ ਹੈ, ਅਤੇ ਕੋਈ ਨਹੀਂ ਜੋ ਉਹ ਦੇ ਹੱਥ ਨੂੰ ਰੋਕ ਸੱਕੇ, ਯਾ ਉਹ ਨੂੰ ਆਖੇ ਕਿ ਤੂੰ ਕੀ ਕਰਦਾ ਹੈਂ?” (ਦਾਨੀਏਲ 4:34, 35) ਜੀ ਹਾਂ, ਨਬੂਕਦਨੱਸਰ ਨੂੰ ਹੁਣ ਪਤਾ ਚੱਲ ਗਿਆ ਕਿ ਅੱਤ ਮਹਾਨ ਸੱਚ-ਮੁੱਚ ਮਨੁੱਖਾਂ ਦੇ ਰਾਜ ਵਿਚ ਸਰਬਸ਼ਕਤੀਮਾਨ ਹਾਕਮ ਹੈ।
20, 21. (ੳ) ਸੁਪਨੇ ਵਿਚਲੇ ਰੁੱਖ ਦੇ ਡੁੰਡ ਦੁਆਲਿਓਂ ਲੋਹੇ ਦੇ ਸੰਮਾਂ ਨੂੰ ਲਾਹ ਦੇਣ ਅਤੇ ਜੋ ਨਬੂਕਦਨੱਸਰ ਨਾਲ ਹੋਇਆ, ਦੋਹਾਂ ਵਿਚ ਕੀ ਸਮਾਨਤਾ ਦੇਖੀ ਜਾਂਦੀ ਹੈ? (ਅ) ਨਬੂਕਦਨੱਸਰ ਨੇ ਕੀ ਕਬੂਲ ਕੀਤਾ ਅਤੇ ਕੀ ਇਸ ਨਾਲ ਉਹ ਯਹੋਵਾਹ ਦਾ ਉਪਾਸਕ ਬਣ ਗਿਆ?
20 ਨਬੂਕਦਨੱਸਰ ਦਾ ਆਪਣੇ ਸਿੰਘਾਸਣ ਉੱਤੇ ਦੁਬਾਰਾ ਬੈਠਣਾ, ਸੁਪਨੇ ਵਿਚਲੇ ਰੁੱਖ ਦੁਆਲਿਓਂ ਲੋਹੇ ਦੇ ਸੰਮ ਲਾਉਣ ਦੇ ਬਰਾਬਰ ਸੀ। ਆਪਣੀ ਵਾਪਸੀ ਬਾਰੇ ਉਸ ਨੇ ਕਿਹਾ: “ਉਸੇ ਵੇਲੇ ਮੇਰੀ ਸਮਝ ਮੇਰੇ ਵਿੱਚ ਫੇਰ ਮੁੜ ਆਈ ਅਤੇ ਮੇਰੇ ਰਾਜ ਦੇ ਪਰਤਾਪ ਲਈ ਮੇਰਾ ਆਦਰ ਅਤੇ ਮੇਰਾ ਦਬਕਾ ਫੇਰ ਮੇਰੇ ਵਿੱਚ ਆ ਗਿਆ ਅਤੇ ਮੇਰੇ ਸਲਾਹਕਾਰਾਂ ਤੇ ਪਰਧਾਨਾਂ ਨੇ ਮੈਨੂੰ ਫੇਰ ਲੱਭ ਲਿਆ ਅਤੇ ਮੈਂ ਆਪਣੇ ਰਾਜ ਵਿੱਚ ਕਾਇਮ ਹੋ ਗਿਆ ਅਤੇ ਚੰਗਾ ਪਰਤਾਪ ਮੈਨੂੰ ਮਿਲਦਾ ਜਾਂਦਾ ਸੀ।” (ਦਾਨੀਏਲ 4:36) ਜੇ ਕੋਈ ਸਲਾਹਕਾਰ, ਪਾਗਲ ਰਾਜੇ ਨੂੰ ਨਫ਼ਰਤ ਵੀ ਕਰਦਾ ਸੀ, ਹੁਣ ਉਹ ਪੂਰੀ ਤਰ੍ਹਾਂ ਅਧੀਨ ਹੋ ਕੇ ਉਸ ਨੂੰ ‘ਫੇਰ ਲੱਭਦਾ’ ਸੀ।
21 ਅੱਤ ਮਹਾਨ ਨੇ ਕਿੰਨੀਆਂ ਵੱਡੀਆਂ ‘ਨਿਸ਼ਾਨੀਆਂ ਤੇ ਅਚੰਭੇ’ ਕੀਤੇ ਸਨ! ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਵਾਪਸ ਆਏ ਬਾਬਲੀ ਰਾਜੇ ਨੇ ਕਿਹਾ ਕਿ “ਹੁਣ ਮੈਂ ਨਬੂਕਦਨੱਸਰ ਅਕਾਸ਼ ਦੇ ਮਹਾਰਾਜੇ ਦੀ ਵੱਡਿਆਈ ਤੇ ਮਹਿਮਾ ਤੇ ਆਦਰ ਕਰਦਾ ਹਾਂ ਕਿਉਂ ਜੋ ਉਹ ਆਪਣੇ ਸਭਨਾਂ ਕੰਮਾਂ ਵਿੱਚ ਸਤ ਤੇ ਆਪਣੇ ਸਾਰੇ ਰਾਹਾਂ ਵਿੱਚ ਨਿਆਉਂਕਾਰ ਹੈ ਅਤੇ ਜਿਹੜੇ ਘੁਮੰਡ ਨਾਲ ਚੱਲਦੇ ਹਨ ਉਨ੍ਹਾਂ ਨੂੰ ਨੀਵਾਂ ਕਰ ਸੱਕਦਾ ਹੈ!” (ਦਾਨੀਏਲ 4:2, 37) ਪਰ ਇਹ ਕਹਿਣ ਤੋਂ ਬਾਅਦ ਵੀ, ਨਬੂਕਦਨੱਸਰ ਯਹੋਵਾਹ ਦਾ ਗ਼ੈਰ-ਯਹੂਦੀ ਉਪਾਸਕ ਨਹੀਂ ਬਣਿਆ।
ਬਾਈਬਲ ਤੋਂ ਇਲਾਵਾ ਹੋਰ ਕੋਈ ਸਬੂਤ ਹੈ?
22. ਕੁਝ ਵਿਅਕਤੀਆਂ ਦੇ ਅਨੁਸਾਰ ਨਬੂਕਦਨੱਸਰ ਨੂੰ ਕਿਹੜੀ ਬੀਮਾਰੀ ਲੱਗੀ ਸੀ, ਪਰ ਸਾਨੂੰ ਉਸ ਦੇ ਪਾਗਲਪਣ ਦੇ ਕਾਰਨ ਬਾਰੇ ਕੀ ਯਾਦ ਰੱਖਣਾ ਚਾਹੀਦਾ ਹੈ?
22 ਕੁਝ ਵਿਅਕਤੀਆਂ ਦੇ ਅਨੁਸਾਰ ਨਬੂਕਦਨੱਸਰ ਦੀ ਬੀਮਾਰੀ ਦਾ ਨਾਂ ਲਾਈਕੈਂਥ੍ਰਪੀ ਹੈ। ਇਕ ਫਰਾਂਸੀਸੀ ਡਾਕਟਰੀ ਸ਼ਬਦ-ਕੋਸ਼ ਕਹਿੰਦਾ ਹੈ ਕਿ ‘ਲਾਈਕੈਂਥ੍ਰਪੀ ਸ਼ਬਦ, [ਲਾਈਕੌਸ], ਲੂਪਸ, ਬਘਿਆੜ; [ਐਂਥ੍ਰਪਸ], ਹੋਮੋ, ਮਨੁੱਖ ਤੋਂ ਬਣਦਾ ਹੈ। ਇਹ ਉਸ ਬੀਮਾਰੀ ਦਾ ਨਾਂ ਹੈ ਜਿਸ ਵਿਚ ਰੋਗੀ ਆਪਣੇ ਆਪ ਨੂੰ ਕੋਈ ਜਾਨਵਰ ਸਮਝਣ ਲੱਗ ਪੈਂਦਾ ਹੈ, ਅਤੇ ਉਸ ਜਾਨਵਰ ਦੀ ਆਵਾਜ਼ ਅਤੇ ਉਸ ਦੀ ਸ਼ਕਲ ਦੀ ਸਾਂਗ ਲਾਉਂਦਾ ਹੈ ਅਤੇ ਉਸ ਵਰਗੀਆਂ ਹਰਕਤਾਂ ਕਰਦਾ ਹੈ। ਆਮ ਤੌਰ ਤੇ ਰੋਗੀ ਆਪਣੇ ਆਪ ਨੂੰ ਬਘਿਆੜ, ਕੁੱਤਾ ਜਾਂ ਬਿੱਲੀ, ਅਤੇ ਨਬੂਕਦਨੱਸਰ ਵਾਂਗ, ਕਦੇ-ਕਦੇ ਬਲਦ ਵੀ ਸਮਝਣ ਲੱਗ ਪੈਂਦਾ ਹੈ।’ (ਡਾਕਟਰਾਂ ਅਤੇ ਸਰਜਨਾਂ ਦੀ ਇਕ ਸੰਸਥਾ ਦੁਆਰਾ, ਡਾਕਟਰੀ ਵਿਗਿਆਨਾਂ ਦਾ ਸ਼ਬਦ-ਕੋਸ਼, ਪੈਰਿਸ, 1818, ਖੰਡ 29, ਸਫ਼ਾ 246) ਲਾਈਕੈਂਥ੍ਰਪੀ ਦੀਆਂ ਨਿਸ਼ਾਨੀਆਂ ਨਬੂਕਦਨੱਸਰ ਦੇ ਪਾਗਲਪਣ ਨਾਲ ਮਿਲਦੀਆਂ-ਜੁਲਦੀਆਂ ਹਨ। ਪਰ ਇਹ ਪੂਰੇ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਹੈ ਕਿ ਨਬੂਕਦਨੱਸਰ ਨੂੰ ਕਿਹੜੀ ਖ਼ਾਸ ਦਿਮਾਗ਼ੀ ਬੀਮਾਰੀ ਲੱਗੀ ਸੀ, ਕਿਉਂਕਿ ਉਹ ਪਰਮੇਸ਼ੁਰ ਦੇ ਹੁਕਮ ਨਾਲ ਹੀ ਰੋਗੀ ਹੋਇਆ ਸੀ।
23. ਬਾਈਬਲ ਤੋਂ ਇਲਾਵਾ, ਨਬੂਕਦਨੱਸਰ ਦੇ ਪਾਗਲਪਣ ਦਾ ਹੋਰ ਕਿੱਥੇ ਸਬੂਤ ਮਿਲਦਾ ਹੈ?
23 ਜੌਨ ਈ. ਗੋਲਡਿੰਗੇ ਨਾਮਕ ਇਕ ਵਿਦਵਾਨ, ਨਬੂਕਦਨੱਸਰ ਦੇ ਪਾਗਲਪਣ ਅਤੇ ਫਿਰ ਉਸ ਦੇ ਠੀਕ ਹੋ ਜਾਣ ਵਰਗਿਆਂ ਕਈਆਂ ਮਾਮਲਿਆਂ ਬਾਰੇ ਦੱਸਦਾ ਹੈ। ਮਿਸਾਲ ਲਈ, ਉਹ ਕਹਿੰਦਾ ਹੈ ਕਿ “ਪ੍ਰਾਚੀਨ ਲਿਪੀ ਵਿਚ ਲਿਖਿਆ ਇਕ ਟੁਕੜਾ ਜ਼ਾਹਰਾ ਤੌਰ ਤੇ ਨਬੂਕਦਨੱਸਰ ਦੀ ਪਾਗਲ ਹਾਲਤ ਬਾਰੇ ਜ਼ਿਕਰ ਕਰਦਾ ਹੈ, ਅਤੇ ਇਹ ਵੀ ਦੱਸਦਾ ਹੈ ਕਿ ਸ਼ਾਇਦ ਉਸ ਨੇ ਬੈਬੀਲੋਨ ਦੀ ਦੇਖ-ਭਾਲ ਕਿਉਂ ਨਹੀਂ ਕੀਤੀ ਅਤੇ ਉਹ ਸ਼ਹਿਰ ਕਿਉਂ ਛੱਡ ਗਿਆ ਸੀ।” ਗੋਲਡਿੰਗੇ ਇਕ ਲੇਖ ਬਾਰੇ ਦੱਸਦਾ ਹੈ ਜਿਸ ਨੂੰ “ਬੈਬੀਲੋਨੀ ਅੱਯੂਬ” ਕਿਹਾ ਗਿਆ। ਇਹ ਲੇਖ ਉਸ ਵਿਅਕਤੀ ਬਾਰੇ ਦੱਸਦਾ ਹੈ ਜਿਸ ਨੇ ‘ਪਰਮੇਸ਼ੁਰ ਦੁਆਰਾ ਸਜ਼ਾ ਝੱਲੀ, ਅਪਮਾਨ ਸਹੇ ਅਤੇ ਜੋ ਬੀਮਾਰ ਹੋਇਆ। ਉਸ ਨੇ ਇਕ ਡਰਾਉਣੇ ਸੁਪਨੇ ਦਾ ਅਰਥ ਭਾਲਿਆ, ਅਤੇ ਉਹ ਇਕ ਰੁੱਖ ਵਾਂਗ ਕੱਟਿਆ ਗਿਆ। ਉਹ ਨੂੰ ਬਾਹਰ ਕੱਢਿਆ ਗਿਆ ਅਤੇ ਉਸ ਨੇ ਘਾਹ ਖਾਧਾ, ਆਪਣੀ ਸਮਝ ਗੁਆਈ, ਬਲਦ ਵਰਗਾ ਬਣਿਆ, ਮਾਰਦੁੱਕ ਦੁਆਰਾ ਮੀਂਹ ਵਿਚ ਭਿੱਜਿਆ। ਉਹ ਦੇ ਨਹੁੰ ਖ਼ਰਾਬ ਹੋਏ, ਉਸ ਦੇ ਵਾਲ ਜਟਾਂ ਬਣ ਗਏ ਅਤੇ ਉਸ ਦੇ ਬੇੜੀਆਂ ਪਾਈਆਂ ਗਈਆਂ, ਉਸ ਨੇ ਦੁਬਾਰਾ ਸੁਰਤ ਸੰਭਾਲੀ, ਜਿਸ ਲਈ ਉਸ ਨੇ ਈਸ਼ਵਰ ਦੀ ਵਡਿਆਈ ਕੀਤੀ।’
ਸੱਤ ਸਮਿਆਂ ਦਾ ਸਾਡੇ ਨਾਲ ਸੰਬੰਧ
24. (ੳ) ਸੁਪਨੇ ਵਿਚਲਾ ਵੱਡਾ ਰੁੱਖ ਕਿਸ ਚੀਜ਼ ਨੂੰ ਦਰਸਾਉਂਦਾ ਹੈ? (ਅ) ਸੱਤ ਸਮਿਆਂ ਲਈ ਕੀ ਰੋਕਿਆ ਗਿਆ ਸੀ, ਅਤੇ ਇਹ ਕਿਵੇਂ ਹੋਇਆ?
24 ਜਿਵੇਂ ਵੱਡੇ ਰੁੱਖ ਨਾਲ ਦਿਖਾਇਆ ਗਿਆ ਸੀ, ਨਬੂਕਦਨੱਸਰ ਵਿਸ਼ਵ ਹਕੂਮਤ ਨੂੰ ਦਰਸਾਉਂਦਾ ਸੀ। ਪਰ ਯਾਦ ਰੱਖੋ ਕਿ ਰੁੱਖ ਬਾਬਲ ਦੇ ਰਾਜੇ ਦੀ ਹਕੂਮਤ ਅਤੇ ਸਰਬਸੱਤਾ ਨਾਲੋਂ ਕਿਤੇ ਹੀ ਸ਼ਾਨਦਾਰ ਹਕੂਮਤ ਅਤੇ ਸਰਬਸੱਤਾ ਨੂੰ ਦਰਸਾਉਂਦਾ ਹੈ। ਖ਼ਾਸ ਕਰਕੇ ਧਰਤੀ ਦੇ ਸੰਬੰਧ ਵਿਚ ਉਹ ਰੁੱਖ ਯਹੋਵਾਹ, ਅਰਥਾਤ “ਅਕਾਸ਼ ਦੇ ਮਹਾਰਾਜੇ” ਦੀ ਵਿਸ਼ਵ ਸਰਬਸੱਤਾ ਨੂੰ ਦਰਸਾਉਂਦਾ ਹੈ। ਬਾਬਲੀਆਂ ਦੁਆਰਾ ਯਰੂਸ਼ਲਮ ਦੀ ਤਬਾਹੀ ਤੋਂ ਪਹਿਲਾਂ, ਇਹ ਸ਼ਹਿਰ ਰਾਜ ਦਾ ਕੇਂਦਰ ਸੀ ਅਤੇ ਉੱਥੇ ਦਾਊਦ ਅਤੇ ਉਸ ਦੇ ਵਾਰਸ “ਯਹੋਵਾਹ ਦੇ ਸਿੰਘਾਸਣ” ਉੱਤੇ ਬੈਠਦੇ ਸਨ। ਧਰਤੀ ਦੇ ਸੰਬੰਧ ਵਿਚ ਇਹ ਰਾਜ ਪਰਮੇਸ਼ੁਰ ਦੀ ਸਰਬਸੱਤਾ ਨੂੰ ਦਰਸਾਉਂਦਾ ਸੀ। (1 ਇਤਹਾਸ 29:23) ਪਰਮੇਸ਼ੁਰ ਨੇ ਖ਼ੁਦ ਅਜਿਹੀ ਸਰਬਸੱਤਾ ਨੂੰ 607 ਸਾ.ਯੁ.ਪੂ. ਵਿਚ ਕਟਵਾ ਦਿੱਤਾ ਅਤੇ ਉਸ ਦੇ ਦੁਆਲੇ ਸੰਮ ਬੰਨ੍ਹਵਾਏ ਜਦੋਂ ਉਸ ਨੇ ਯਰੂਸ਼ਲਮ ਨੂੰ ਤਬਾਹ ਕਰਨ ਲਈ ਨਬੂਕਦਨੱਸਰ ਨੂੰ ਵਰਤਿਆ। ਧਰਤੀ ਉੱਤੇ ਦਾਊਦ ਦੇ ਵੰਸ਼ ਦੁਆਰਾ ਈਸ਼ਵਰੀ ਸਰਬਸੱਤਾ ਹੁਣ ਸੱਤ ਸਮਿਆਂ ਲਈ ਰੋਕੀ ਗਈ ਸੀ। ਇਹ ਸੱਤ ਸਮੇਂ ਕਿੰਨੇ ਲੰਬੇ ਸਨ? ਉਹ ਕਦੋਂ ਸ਼ੁਰੂ ਅਤੇ ਕਦੋਂ ਖ਼ਤਮ ਹੋਏ?
25, 26. (ੳ) ਨਬੂਕਦਨੱਸਰ ਦੇ ਮਾਮਲੇ ਵਿਚ, “ਸੱਤ ਸਮੇ” ਕਿੰਨੇ ਲੰਬੇ ਸਨ, ਅਤੇ ਇਸ ਦਾ ਕੀ ਕਾਰਨ ਹੈ? (ਅ) ਵੱਡੀ ਪੂਰਤੀ ਵਿਚ, ਇਹ “ਸੱਤ ਸਮੇ” ਕਦੋਂ ਅਤੇ ਕਿਵੇਂ ਸ਼ੁਰੂ ਹੋਏ?
25 ਨਬੂਕਦਨੱਸਰ ਦੇ ਪਾਗਲਪਣ ਦੌਰਾਨ, “ਉਹ ਦੇ ਵਾਲ ਉਕਾਬਾਂ ਦੇ ਪਰਾਂ ਵਾਂਙੁ ਅਤੇ ਉਹ ਦੇ ਨੌਂਹ ਪੰਛੀਆਂ ਦੇ ਨੌਂਹਾਂ ਵਰਗੇ ਵੱਧ ਗਏ!” (ਦਾਨੀਏਲ 4:33) ਅਜਿਹੀ ਦਸ਼ਾ ਹੋਣ ਲਈ ਸੱਤ ਦਿਨਾਂ ਜਾਂ ਸੱਤ ਹਫ਼ਤਿਆਂ ਨਾਲੋਂ ਜ਼ਿਆਦਾ ਸਮਾਂ ਲੱਗਾ। ਕਈ ਤਰਜਮੇ “ਸੱਤ ਸਮੇ” ਕਹਿੰਦੇ ਹਨ, ਅਤੇ ਇਹੀ ਦੱਸਣ ਲਈ ਦੂਜੇ ਤਰਜਮੇ “ਪਰਾਈਆਂ ਕੌਮਾਂ ਦੇ ਸਮੇ” ਜਾਂ “ਸੱਤ ਕਾਲ” ਕਹਿੰਦੇ ਹਨ। (ਦਾਨੀਏਲ 4:16, 23, 25, 32) ਇਕ ਹੋਰ ਪੁਰਾਣਾ ਯੂਨਾਨੀ ਤਰਜਮਾ (ਸੈਪਟੁਜਿੰਟ) “ਸੱਤ ਸਾਲ” ਕਹਿੰਦਾ ਹੈ। ਪਹਿਲੀ ਸਦੀ ਦੇ ਯਹੂਦੀ ਇਤਿਹਾਸਕਾਰ ਜੋਸੀਫ਼ਸ ਨੇ “ਸੱਤ ਸਮੇ,” “ਸੱਤ ਸਾਲ” ਸਮਝੇ ਸਨ। (ਯਹੂਦੀਆਂ ਦਾ ਪੁਰਾਤਨ ਸਭਿਆਚਾਰ [ਅੰਗ੍ਰੇਜ਼ੀ] ਪੁਸਤਕ 10, ਅਧਿਆਇ 10, ਪੈਰਾ 6) ਅਤੇ ਕਈ ਇਬਰਾਨੀ ਵਿਦਵਾਨ ਇਨ੍ਹਾਂ ‘ਸਮਿਆਂ’ ਨੂੰ “ਸਾਲ” ਸਮਝਦੇ ਸਨ। ਐਨ ਅਮੈਰੀਕਨ ਟ੍ਰਾਂਸਲੇਸ਼ਨ, ਟੂਡੇਜ਼ ਇੰਗਲਿਸ਼ ਵਰਯਨ, ਅਤੇ ਜੇਮਜ਼ ਮੌਫ਼ਟ ਦਾ ਤਰਜਮਾ ਇਸ ਨੂੰ “ਸੱਤ ਸਾਲ” ਕਹਿੰਦੇ ਹਨ।
26 ਜ਼ਾਹਰ ਹੈ ਕਿ ਨਬੂਕਦਨੱਸਰ ਦੇ ‘ਸੱਤ ਸਮਿਆਂ’ ਵਿਚ ਸੱਤ ਸਾਲ ਸ਼ਾਮਲ ਸਨ। ਭਵਿੱਖਬਾਣੀਆਂ ਵਿਚ, ਇਕ ਸਾਲ ਵਿਚ ਔਸਤ 360 ਦਿਨ, ਜਾਂ ਤੀਹ-ਤੀਹ ਦਿਨਾਂ ਨਾਲ ਬਣੇ 12 ਮਹੀਨੇ ਹੁੰਦੇ ਹਨ। (ਪਰਕਾਸ਼ ਦੀ ਪੋਥੀ 12:6, 14 ਦੀ ਤੁਲਨਾ ਕਰੋ।) ਇਸ ਲਈ ਰਾਜੇ ਦੇ “ਸੱਤ ਸਮੇ” ਜਾਂ ਸੱਤ ਸਾਲ, 360 ਗੁਣਾ 7 ਸਨ, ਅਰਥਾਤ 2,520 ਦਿਨ। ਪਰ ਇਸ ਸੁਪਨੇ ਦੀ ਵੱਡੀ ਪੂਰਤੀ ਬਾਰੇ ਕੀ ਕਿਹਾ ਜਾ ਸਕਦਾ ਹੈ? ਭਵਿੱਖ-ਸੂਚਕ “ਸੱਤ ਸਮੇ” 2,520 ਦਿਨਾਂ ਨਾਲੋਂ ਕਿਤੇ ਹੀ ਜ਼ਿਆਦਾ ਲੰਬੇ ਸਨ। ਇਹ ਯਿਸੂ ਦੇ ਇਨ੍ਹਾਂ ਸ਼ਬਦਾਂ ਤੋਂ ਪਤਾ ਚੱਲਦਾ ਹੈ: “ਯਰੂਸ਼ਲਮ ਪਰਾਈਆਂ ਕੌਮਾਂ ਤੋਂ ਲਤਾੜਿਆ ਜਾਵੇਗਾ ਜਦ ਤੀਕੁਰ ਪਰਾਈਆਂ ਕੌਮਾਂ ਦੇ ਸਮੇ ਪੂਰੇ ਨਾ ਹੋਣ।” (ਲੂਕਾ 21:24) ਯਰੂਸ਼ਲਮ ਦਾ ‘ਲਤਾੜਿਆ ਜਾਣਾ’ 607 ਸਾ.ਯੁ.ਪੂ. ਵਿਚ ਸ਼ੁਰੂ ਹੋਇਆ ਜਦੋਂ ਉਹ ਤਬਾਹ ਕੀਤਾ ਗਿਆ ਅਤੇ ਯਹੂਦਾਹ ਵਿਚ ਪਰਮੇਸ਼ੁਰ ਦਾ ਨਮੂਨਾ ਰਾਜ ਖ਼ਤਮ ਹੋ ਗਿਆ। ਉਸ ਦਾ ਲਤਾੜਿਆ ਜਾਣਾ ਕਦੋਂ ਖ਼ਤਮ ਹੋਣਾ ਸੀ? ‘ਸਾਰੀਆਂ ਚੀਜ਼ਾਂ ਦੇ ਸੁਧਾਰੇ ਜਾਣ ਦੇ ਸਮੇਂ,’ ਜਦੋਂ ਪ੍ਰਤੀਕਾਤਮਕ ਯਰੂਸ਼ਲਮ ਰਾਹੀਂ, ਅਰਥਾਤ ਪਰਮੇਸ਼ੁਰ ਦੇ ਰਾਜ ਰਾਹੀਂ, ਸਾਰੀ ਧਰਤੀ ਉੱਤੇ ਈਸ਼ਵਰੀ ਸਰਬਸੱਤਾ ਦੁਬਾਰਾ ਪ੍ਰਗਟ ਕੀਤੀ ਜਾਵੇਗੀ।—ਰਸੂਲਾਂ ਦੇ ਕਰਤੱਬ 3:21.
27. ਤੁਹਾਡੀ ਸਮਝ ਅਨੁਸਾਰ 607 ਸਾ.ਯੁ.ਪੂ. ਵਿਚ ਸ਼ੁਰੂ ਹੋਏ “ਸੱਤ ਸਮੇ,” 2,520 ਅਸਲੀ ਦਿਨਾਂ ਬਾਅਦ ਕਿਉਂ ਨਹੀਂ ਖ਼ਤਮ ਹੋਏ?
27 ਜੇ ਅਸੀਂ 607 ਸਾ.ਯੁ.ਪੂ. ਵਿਚ ਯਰੂਸ਼ਲਮ ਦੀ ਤਬਾਹੀ ਤੋਂ 2,520 ਅਸਲੀ ਦਿਨ ਗਿਣਦੇ ਹਾਂ, ਤਾਂ ਇਸ ਅਨੁਸਾਰ ਅਸੀਂ ਸਿਰਫ਼ 600 ਸਾ.ਯੁ.ਪੂ. ਤਕ ਪਹੁੰਚਦੇ ਹਾਂ। ਬਾਈਬਲ ਵਿਚ ਇਸ ਸਾਲ ਦੀ ਕੋਈ ਵੀ ਮਹੱਤਤਾ ਨਹੀਂ ਹੈ। ਸਾਲ 537 ਸਾ.ਯੁ.ਪੂ. ਵਿਚ ਵੀ, ਜਦੋਂ ਆਜ਼ਾਦ ਹੋਏ ਯਹੂਦੀ, ਯਹੂਦਾਹ ਵਿਚ ਵਾਪਸ ਆ ਗਏ ਸਨ, ਧਰਤੀ ਉੱਤੇ ਯਹੋਵਾਹ ਦੀ ਸਰਬਸੱਤਾ ਪ੍ਰਗਟ ਨਹੀਂ ਹੋਈ ਸੀ। ਇਸ ਦਾ ਕਾਰਨ ਸੀ ਕਿ ਦਾਊਦ ਦੀ ਰਾਜ-ਗੱਦੀ ਦਾ ਵਾਰਸ, ਜ਼ਰੁੱਬਾਬਲ, ਯਹੂਦਾਹ ਦੇ ਫ਼ਾਰਸੀ ਸੂਬੇ ਦਾ ਰਾਜਾ ਨਹੀਂ, ਸਿਰਫ਼ ਗਵਰਨਰ ਹੀ ਠਹਿਰਾਇਆ ਗਿਆ ਸੀ।
28. (ੳ) ਭਵਿੱਖ-ਸੂਚਕ ‘ਸੱਤ ਸਮਿਆਂ’ ਦੇ 2,520 ਦਿਨਾਂ ਉੱਤੇ ਕਿਹੜਾ ਅਸੂਲ ਲਾਗੂ ਕਰਨਾ ਚਾਹੀਦਾ ਹੈ? (ਅ) ਭਵਿੱਖ-ਸੂਚਕ “ਸੱਤ ਸਮੇ” ਕਿੰਨੇ ਲੰਬੇ ਸਨ, ਅਤੇ ਉਹ ਕਦੋਂ ਸ਼ੁਰੂ ਹੋਏ ਅਤੇ ਕਦੋਂ ਖ਼ਤਮ ਹੋਏ?
28 ਇਹ ਦੇਖਦੇ ਹੋਏ ਕਿ “ਸੱਤ ਸਮੇ” ਭਵਿੱਖ-ਸੂਚਕ ਹਨ, ਸਾਨੂੰ 2,520 ਦਿਨਾਂ ਉੱਤੇ ਬਾਈਬਲ ਦਾ ਅਸੂਲ ਲਾਗੂ ਕਰਨਾ ਚਾਹੀਦਾ ਹੈ ਕਿ ‘ਇੱਕ ਦਿਨ ਬਦਲੇ ਇੱਕ ਵਰ੍ਹਾ ਹੁੰਦਾ ਹੈ।’ ਇਹ ਅਸੂਲ ਇਕ ਭਵਿੱਖਬਾਣੀ ਵਿਚ ਦਿੱਤਾ ਗਿਆ ਸੀ ਜੋ ਕਿ ਯਰੂਸ਼ਲਮ ਦੁਆਲੇ ਪੈਣ ਵਾਲੀ ਬਾਬਲੀ ਘੇਰਾਬੰਦੀ ਦੇ ਸੰਬੰਧ ਵਿਚ ਕੀਤੀ ਗਈ ਸੀ। (ਹਿਜ਼ਕੀਏਲ 4:6, 7. ਗਿਣਤੀ 14:34 ਦੀ ਤੁਲਨਾ ਕਰੋ।) ਇਸ ਲਈ, ਪਰਮੇਸ਼ੁਰ ਦੇ ਰਾਜ ਦੇ ਬਿਨਾਂ ਕਿਸੇ ਦਖ਼ਲ ਦੇ, ਧਰਤੀ ਉੱਤੇ ਗ਼ੈਰ-ਯਹੂਦੀ ਸ਼ਕਤੀਆਂ ਨੇ ‘ਸੱਤ ਸਮਿਆਂ,’ ਅਰਥਾਤ 2,520 ਸਾਲਾਂ ਲਈ ਹਕੂਮਤ ਕੀਤੀ। ਇਹ ਸਮੇਂ 607 ਸਾ.ਯੁ.ਪੂ. ਦੇ ਚੰਦਰ ਕਲੰਡਰ ਦੇ ਸੱਤਵੇਂ ਮਹੀਨੇ (15 ਤਿਸ਼ਰੀ) ਵਿਚ, ਯਹੂਦਾਹ ਅਤੇ ਯਰੂਸ਼ਲਮ ਦੀ ਤਬਾਹੀ ਨਾਲ ਸ਼ੁਰੂ ਹੋਏ। (2 ਰਾਜਿਆਂ 25:8, 9, 25, 26) ਉਦੋਂ ਤੋਂ ਲੈ ਕੇ 1 ਸਾ.ਯੁ.ਪੂ. ਤਕ 606 ਸਾਲ ਬਣਦੇ ਹਨ। ਬਾਕੀ ਦੇ 1,914 ਸਾਲ ਉਦੋਂ ਤੋਂ ਲੈ ਕੇ 1914 ਸਾ.ਯੁ. ਤਕ ਹਨ। ਇਸ ਤਰ੍ਹਾਂ, “ਸੱਤ ਸਮੇ” ਜਾਂ 2,520 ਸਾਲ, 15 ਤਿਸ਼ਰੀ, ਜਾਂ 4/5 ਅਕਤੂਬਰ 1914 ਸਾ.ਯੁ. ਵਿਚ ਖ਼ਤਮ ਹੋ ਗਏ।
29. ‘ਸਭਨਾਂ ਤੋਂ ਨੀਵਾਂ ਆਦਮੀ’ ਕੋਣ ਹੈ, ਅਤੇ ਉਸ ਨੂੰ ਸਿੰਘਾਸਣ ਤੇ ਬਿਠਾਉਣ ਲਈ ਯਹੋਵਾਹ ਨੇ ਕੀ ਕੀਤਾ?
29 ਉਸ ਸਾਲ “ਪਰਾਈਆਂ ਕੌਮਾਂ ਦੇ ਸਮੇ” ਪੂਰੇ ਹੋ ਗਏ ਸਨ, ਅਤੇ ਪਰਮੇਸ਼ੁਰ ਨੇ “ਸਭਨਾਂ ਤੋਂ ਨੀਵੇਂ ਆਦਮੀ,” ਯਿਸੂ ਮਸੀਹ ਨੂੰ ਹਕੂਮਤ ਸੌਂਪ ਦਿੱਤੀ, ਜਿਸ ਨੂੰ ਉਸ ਦੇ ਦੁਸ਼ਮਣਾਂ ਨੇ ਇੰਨਾ ਘਟੀਆ ਸਮਝਿਆ ਕਿ ਉਨ੍ਹਾਂ ਨੇ ਉਸ ਨੂੰ ਸੂਲੀ ਤੇ ਚੜ੍ਹਾ ਦਿੱਤਾ। (ਦਾਨੀਏਲ 4:17) ਇਸ ਮਸੀਹਾਈ ਰਾਜੇ ਨੂੰ ਸਿੰਘਾਸਣ ਤੇ ਬਿਠਾਉਣ ਲਈ, ਯਹੋਵਾਹ ਨੇ ਆਪਣੀ ਸਰਬਸੱਤਾ ਦੀਆਂ ‘ਜੜਾਂ ਦੇ ਮੁੱਢ’ ਦੁਆਲਿਓਂ ਲੋਹੇ ਤੇ ਪਿੱਤਲ ਦੇ ਪ੍ਰਤੀਕਾਤਮਕ ਸੰਮਾਂ ਨੂੰ ਲਾਹ ਦਿੱਤਾ। ਇਸ ਮੁੱਢ ਤੋਂ ਅੱਤ ਮਹਾਨ ਪਰਮੇਸ਼ੁਰ ਨੇ ਇਕ ਸ਼ਾਹੀ “ਟਹਿਣਾ” ਉੱਗਣ ਦਿੱਤਾ। ਇਹ ਦਾਊਦ ਦੇ ਸਭ ਤੋਂ ਮਹਾਨ ਵਾਰਸ, ਯਿਸੂ ਮਸੀਹ ਦੇ ਹੱਥਾਂ ਵਿਚ ਸਵਰਗੀ ਰਾਜ ਦੁਆਰਾ ਇਸ ਧਰਤੀ ਪ੍ਰਤੀ ਈਸ਼ਵਰੀ ਸਰਬਸੱਤਾ ਦਾ ਪ੍ਰਗਟਾਵਾ ਹੈ। (ਯਸਾਯਾਹ 11:1, 2; ਅੱਯੂਬ 14:7-9; ਹਿਜ਼ਕੀਏਲ 21:27) ਇਨ੍ਹਾਂ ਘਟਨਾਵਾਂ ਲਈ ਅਤੇ ਵੱਡੇ ਰੁੱਖ ਦਾ ਭੇਤ ਖੋਲ੍ਹਣ ਲਈ ਅਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ!
ਅਸੀਂ ਕੀ ਸਿੱਖਿਆ?
• ਨਬੂਕਦਨੱਸਰ ਦੇ ਸੁਪਨੇ ਵਿਚਲੇ ਵੱਡੇ ਰੁੱਖ ਨੇ ਕਿਸ ਚੀਜ਼ ਨੂੰ ਦਰਸਾਇਆ?
• ਰੁੱਖ ਦੇ ਸੁਪਨੇ ਦੀ ਪਹਿਲੀ ਪੂਰਤੀ ਵਿਚ ਨਬੂਕਦਨੱਸਰ ਨਾਲ ਕੀ ਹੋਇਆ?
• ਆਪਣੇ ਸੁਪਨੇ ਦੀ ਪੂਰਤੀ ਤੋਂ ਬਾਅਦ, ਨਬੂਕਦਨੱਸਰ ਨੇ ਕੀ ਕਬੂਲ ਕੀਤਾ?
• ਰੁੱਖ ਦੇ ਭਵਿੱਖ-ਸੂਚਕ ਸੁਪਨੇ ਦੀ ਵੱਡੀ ਪੂਰਤੀ ਵਿਚ, “ਸੱਤ ਸਮੇ” ਕਿੰਨੇ ਲੰਬੇ ਸਨ, ਅਤੇ ਉਹ ਕਦੋਂ ਸ਼ੁਰੂ ਹੋਏ ਅਤੇ ਕਦੋਂ ਖ਼ਤਮ ਹੋਏ?
[ਪੂਰੇ ਸਫ਼ੇ 83 ਉੱਤੇ ਤਸਵੀਰ]
[ਪੂਰੇ ਸਫ਼ੇ 91 ਉੱਤੇ ਤਸਵੀਰ]