ਯਹੋਵਾਹ ਦੱਸਦਾ ਹੈ ਕਿ “ਬਹੁਤ ਜਲਦੀ ਕੀ-ਕੀ ਹੋਣ ਵਾਲਾ ਹੈ”
“ਇਹ ਉਹ ਗੱਲਾਂ ਹਨ ਜਿਹੜੀਆਂ ਯਿਸੂ ਮਸੀਹ ਰਾਹੀਂ ਪ੍ਰਗਟ ਕੀਤੀਆਂ ਗਈਆਂ ਹਨ। ਪਰਮੇਸ਼ੁਰ ਨੇ ਉਸ ਨੂੰ ਇਹ ਗੱਲਾਂ ਦੱਸੀਆਂ ਸਨ ਤਾਂਕਿ ਉਹ ਪਰਮੇਸ਼ੁਰ ਦੇ ਸੇਵਕਾਂ ਨੂੰ ਦਿਖਾ ਸਕੇ ਕਿ ਬਹੁਤ ਜਲਦੀ ਕੀ-ਕੀ ਹੋਣ ਵਾਲਾ ਹੈ।”—ਪ੍ਰਕਾ. 1:1.
ਤੁਸੀਂ ਕੀ ਜਵਾਬ ਦਿਓਗੇ?
ਵੱਡੀ ਮੂਰਤ ਦੇ ਕਿਹੜੇ ਹਿੱਸੇ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨੂੰ ਦਰਸਾਉਂਦੇ ਹਨ?
ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਅਤੇ ਸੰਯੁਕਤ ਰਾਸ਼ਟਰ-ਸੰਘ ਦੇ ਆਪਸੀ ਸੰਬੰਧ ਬਾਰੇ ਯੂਹੰਨਾ ਨੇ ਕੀ ਦੱਸਿਆ ਸੀ?
ਦਾਨੀਏਲ ਅਤੇ ਯੂਹੰਨਾ ਅਨੁਸਾਰ ਇਨਸਾਨੀ ਸਰਕਾਰਾਂ ਦਾ ਅੰਤ ਕਿਵੇਂ ਹੋਵੇਗਾ?
1, 2. (ੳ) ਦਾਨੀਏਲ ਅਤੇ ਯੂਹੰਨਾ ਦੀਆਂ ਭਵਿੱਖਬਾਣੀਆਂ ਤੋਂ ਸਾਨੂੰ ਕੀ ਪਤਾ ਲੱਗਦਾ ਹੈ? (ਅ) ਵਹਿਸ਼ੀ ਦਰਿੰਦੇ ਦੇ ਛੇ ਸਿਰ ਕਿਨ੍ਹਾਂ ਨੂੰ ਦਰਸਾਉਂਦੇ ਹਨ?
ਦਾਨੀਏਲ ਅਤੇ ਯੂਹੰਨਾ ਦੀਆਂ ਭਵਿੱਖਬਾਣੀਆਂ ਉੱਤੇ ਗੌਰ ਕਰ ਕੇ ਅਸੀਂ ਹੁਣ ਅਤੇ ਭਵਿੱਖ ਵਿਚ ਵਾਪਰਨ ਵਾਲੀਆਂ ਘਟਨਾਵਾਂ ਦਾ ਮਤਲਬ ਸਮਝ ਸਕਦੇ ਹਾਂ। ਯੂਹੰਨਾ ਨੇ ਵਹਿਸ਼ੀ ਦਰਿੰਦੇ ਦਾ ਦਰਸ਼ਣ ਅਤੇ ਦਾਨੀਏਲ ਨੇ ਦਸ ਸਿੰਗਾਂ ਵਾਲੇ ਡਰਾਉਣੇ ਦਰਿੰਦੇ ਦਾ ਦਰਸ਼ਣ ਦੇਖਿਆ ਸੀ। ਨਾਲੇ ਦਾਨੀਏਲ ਨੇ ਵੱਡੀ ਮੂਰਤ ਦਾ ਮਤਲਬ ਸਮਝਾਇਆ ਸੀ। ਅਸੀਂ ਇਨ੍ਹਾਂ ਭਵਿੱਖਬਾਣੀਆਂ ਤੋਂ ਕੀ ਸਿੱਖ ਸਕਦੇ ਹਾਂ? ਅਤੇ ਇਨ੍ਹਾਂ ਭਵਿੱਖਬਾਣੀਆਂ ਦੀ ਸਪੱਸ਼ਟ ਜਾਣਕਾਰੀ ਲੈਣ ਤੋਂ ਬਾਅਦ ਸਾਨੂੰ ਕੀ ਕਰਨਾ ਚਾਹੀਦਾ ਹੈ?
2 ਆਓ ਆਪਾਂ ਯੂਹੰਨਾ ਦੇ ਦਰਸ਼ਣ ਬਾਰੇ ਗੱਲ ਕਰੀਏ ਜਿਸ ਵਿਚ ਉਸ ਨੇ ਇਕ ਵਹਿਸ਼ੀ ਦਰਿੰਦਾ ਦੇਖਿਆ ਸੀ। (ਪ੍ਰਕਾ. 13) ਜਿਵੇਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ, ਇਸ ਦਰਿੰਦੇ ਦੇ ਪਹਿਲੇ ਛੇ ਸਿਰ ਮਿਸਰ, ਅੱਸ਼ੂਰ, ਬਾਬਲ, ਮਾਦੀ-ਫਾਰਸੀ ਹਕੂਮਤ, ਯੂਨਾਨ ਤੇ ਰੋਮ ਨੂੰ ਦਰਸਾਉਂਦੇ ਹਨ। ਇਨ੍ਹਾਂ ਸਾਰਿਆਂ ਨੇ ਤੀਵੀਂ ਦੀ ਸੰਤਾਨ ਨਾਲ ਵੈਰ ਰੱਖਿਆ। (ਉਤ. 3:15) ਯੂਹੰਨਾ ਦੁਆਰਾ ਇਹ ਦਰਸ਼ਣ ਲਿਖਣ ਤੋਂ ਕਈ ਸਦੀਆਂ ਬਾਅਦ ਤਕ ਛੇਵਾਂ ਸਿਰ ਰੋਮ ਸ਼ਕਤੀਸ਼ਾਲੀ ਰਿਹਾ। ਪਰ ਸੱਤਵੇਂ ਸਿਰ ਨੇ ਇਸ ਦੀ ਜਗ੍ਹਾ ਲੈਣੀ ਸੀ। ਕਿਹੜੀ ਰਾਜਨੀਤਿਕ ਤਾਕਤ ਸੱਤਵਾਂ ਸਿਰ ਸਾਬਤ ਹੋਈ ਅਤੇ ਇਸ ਨੇ ਤੀਵੀਂ ਦੀ ਸੰਤਾਨ ਨਾਲ ਕੀ ਸਲੂਕ ਕੀਤਾ?
ਇੰਗਲੈਂਡ ਅਤੇ ਅਮਰੀਕਾ ਸ਼ਕਤੀਸ਼ਾਲੀ ਬਣੇ
3. ਦਸ ਸਿੰਗਾਂ ਵਾਲਾ ਡਰਾਉਣਾ ਦਰਿੰਦਾ ਅਤੇ ਦਸ ਸਿੰਗ ਕਿਸ ਨੂੰ ਦਰਸਾਉਂਦੇ ਹਨ?
3 ਪ੍ਰਕਾਸ਼ ਦੀ ਕਿਤਾਬ ਦੇ 13ਵੇਂ ਅਧਿਆਇ ਵਿਚ ਦੱਸੇ ਗਏ ਵਹਿਸ਼ੀ ਦਰਿੰਦੇ ਦੇ ਸੱਤਵੇਂ ਸਿਰ ਦੀ ਪਛਾਣ ਕਰਨ ਲਈ ਯੂਹੰਨਾ ਦੇ ਦਰਸ਼ਣ ਅਤੇ ਦਾਨੀਏਲ ਦੁਆਰਾ ਦੇਖੇ ਦਸ ਸਿੰਗਾਂ ਵਾਲੇ ਡਰਾਉਣੇ ਦਰਿੰਦੇ ਉੱਤੇ ਗੌਰ ਕਰਨ ਦੀ ਲੋੜ ਹੈ।a (ਦਾਨੀਏਲ 7:7, 8, 23, 24 ਪੜ੍ਹੋ।) ਦਾਨੀਏਲ ਨੇ ਜਿਹੜਾ ਦਰਿੰਦਾ ਦੇਖਿਆ ਸੀ, ਉਹ ਰੋਮੀ ਵਿਸ਼ਵ ਸ਼ਕਤੀ ਨੂੰ ਦਰਸਾਉਂਦਾ ਹੈ। (ਸਫ਼ਾ 12-13 ʼਤੇ ਚਾਰਟ ਦੇਖੋ।) ਪੰਜਵੀਂ ਸਦੀ ਵਿਚ ਰੋਮੀ ਸਾਮਰਾਜ ਟੁੱਟਣਾ ਸ਼ੁਰੂ ਹੋ ਗਿਆ। ਇਸ ਡਰਾਉਣੇ ਦਰਿੰਦੇ ਦੇ ਸਿਰ ਉੱਤੇ ਉੱਗੇ ਦਸ ਸਿੰਗ ਉਨ੍ਹਾਂ ਹਕੂਮਤਾਂ ਨੂੰ ਦਰਸਾਉਂਦੇ ਹਨ ਜਿਹੜੀਆਂ ਰੋਮੀ ਸਾਮਰਾਜ ਵਿੱਚੋਂ ਨਿਕਲੀਆਂ ਸਨ।
4, 5. (ੳ) ਿਨੱਕੇ ਸਿੰਗ ਨੇ ਕੀ ਕੀਤਾ? (ਅ) ਵਹਿਸ਼ੀ ਦਰਿੰਦੇ ਦਾ ਸੱਤਵਾਂ ਸਿਰ ਕੌਣ ਹੈ?
4 ਡਰਾਉਣੇ ਦਰਿੰਦੇ ਦੇ ਸਿਰ ਉੱਤੇ ਉੱਗੇ ਸਿੰਗਾਂ ਵਿੱਚੋਂ ਚਾਰ ਸਿੰਗਾਂ ਜਾਂ ਹਕੂਮਤਾਂ ਦਾ ਭਵਿੱਖਬਾਣੀ ਵਿਚ ਖ਼ਾਸ ਤੌਰ ਤੇ ਜ਼ਿਕਰ ਕੀਤਾ ਗਿਆ ਹੈ। ਤਿੰਨ ਸਿੰਗਾਂ ਨੂੰ ‘ਇਕ ਹੋਰ ਿਨੱਕੇ ਸਿੰਙ’ ਨੇ ਪੁੱਟ ਦਿੱਤਾ। ਇਸ ਗੱਲ ਦੀ ਪੂਰਤੀ ਉਦੋਂ ਹੋਈ ਜਦੋਂ ਇੰਗਲੈਂਡ ਸ਼ਕਤੀਸ਼ਾਲੀ ਬਣਿਆ। ਇੰਗਲੈਂਡ ਪਹਿਲਾਂ ਰੋਮੀ ਸਾਮਰਾਜ ਦੀ ਇਕ ਬਸਤੀ ਸੀ ਤੇ 17ਵੀਂ ਸਦੀ ਤਕ ਇਹ ਮਾਮੂਲੀ ਜਿਹਾ ਰਾਜ ਸੀ। ਪਰ ਪੁਰਾਣੇ ਰੋਮੀ ਸਾਮਰਾਜ ਵਿੱਚੋਂ ਨਿਕਲੇ ਤਿੰਨ ਹੋਰ ਰਾਜ ਸਪੇਨ, ਨੀਦਰਲੈਂਡਜ਼ ਤੇ ਫਰਾਂਸ ਇੰਗਲੈਂਡ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਸਨ। ਇੰਗਲੈਂਡ ਨੇ ਇਕ-ਇਕ ਕਰ ਕੇ ਇਨ੍ਹਾਂ ਤਿੰਨਾਂ ਦੀ ਤਾਕਤ ਖ਼ਤਮ ਕਰ ਦਿੱਤੀ। 18ਵੀਂ ਸਦੀ ਦੇ ਮੱਧ ਤਕ ਇੰਗਲੈਂਡ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਰਾਜ ਬਣਨਾ ਸ਼ੁਰੂ ਹੋ ਗਿਆ ਸੀ। ਪਰ ਉਦੋਂ ਅਜੇ ਇਹ ਵਹਿਸ਼ੀ ਦਰਿੰਦੇ ਦਾ ਸੱਤਵਾਂ ਸਿਰ ਨਹੀਂ ਬਣਿਆ ਸੀ।
5 ਭਾਵੇਂ ਇੰਗਲੈਂਡ ਸ਼ਕਤੀਸ਼ਾਲੀ ਬਣ ਗਿਆ ਸੀ, ਪਰ ਉੱਤਰੀ ਅਮਰੀਕਾ ਵਿਚ ਇਸ ਦੀਆਂ ਬਸਤੀਆਂ ਨੇ ਬਗਾਵਤ ਕਰ ਦਿੱਤੀ। ਫਿਰ ਵੀ ਇੰਗਲੈਂਡ ਦੀ ਸਮੁੰਦਰੀ ਸੈਨਾ ਦੀ ਸੁਰੱਖਿਆ ਅਧੀਨ ਅਮਰੀਕਾ ਸ਼ਕਤੀਸ਼ਾਲੀ ਬਣਦਾ ਗਿਆ। ਜਦੋਂ 1914 ਵਿਚ ਪ੍ਰਭੂ ਦਾ ਦਿਨ ਸ਼ੁਰੂ ਹੋਇਆ, ਉਸ ਵੇਲੇ ਤਕ ਇੰਗਲੈਂਡ ਦੁਨੀਆਂ ਦਾ ਸਭ ਤੋਂ ਵੱਡਾ ਸਾਮਰਾਜ ਬਣ ਚੁੱਕਾ ਸੀ ਅਤੇ ਅਮਰੀਕਾ ਦੁਨੀਆਂ ਦੀ ਸਭ ਤੋਂ ਵੱਡੀ ਉਦਯੋਗਿਕ ਤਾਕਤ ਬਣ ਚੁੱਕਾ ਸੀ।b ਪਹਿਲੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਅਤੇ ਇੰਗਲੈਂਡ ਨੇ ਇਕ-ਦੂਜੇ ਨਾਲ ਖ਼ਾਸ ਦੋਸਤੀ ਕਾਇਮ ਕੀਤੀ। ਉਸ ਸਮੇਂ ਦਰਿੰਦੇ ਦਾ ਸੱਤਵਾਂ ਸਿਰ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਦੇ ਰੂਪ ਵਿਚ ਸਾਮ੍ਹਣੇ ਆਇਆ। ਇਸ ਨੇ ਤੀਵੀਂ ਦੀ ਸੰਤਾਨ ਨਾਲ ਕੀ ਸਲੂਕ ਕੀਤਾ?
6. ਸੱਤਵੇਂ ਸਿਰ ਨੇ ਪਰਮੇਸ਼ੁਰ ਦੇ ਲੋਕਾਂ ਨਾਲ ਕੀ ਸਲੂਕ ਕੀਤਾ?
6 ਪ੍ਰਭੂ ਦਾ ਦਿਨ ਸ਼ੁਰੂ ਹੋਣ ਤੋਂ ਜਲਦੀ ਬਾਅਦ ਸੱਤਵੇਂ ਸਿਰ ਨੇ ਪਰਮੇਸ਼ੁਰ ਦੇ ਲੋਕਾਂ ਯਾਨੀ ਧਰਤੀ ਉੱਤੇ ਬਾਕੀ ਰਹਿੰਦੇ ਮਸੀਹ ਦੇ ਭਰਾਵਾਂ ਉੱਤੇ ਹਮਲਾ ਕੀਤਾ। (ਮੱਤੀ 25:40) ਯਿਸੂ ਨੇ ਦੱਸਿਆ ਸੀ ਕਿ ਉਸ ਦੀ ਮੌਜੂਦਗੀ ਦੌਰਾਨ ਤੀਵੀਂ ਦੀ ਸੰਤਾਨ ਵਿੱਚੋਂ ਕੁਝ ਜਣੇ ਧਰਤੀ ਉੱਤੇ ਪਰਮੇਸ਼ੁਰ ਦਾ ਕੰਮ ਕਰ ਰਹੇ ਹੋਣਗੇ। (ਮੱਤੀ 24:45-47; ਗਲਾ. 3:26-29) ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨੇ ਇਨ੍ਹਾਂ ਪਵਿੱਤਰ ਸੇਵਕਾਂ ਨਾਲ ਲੜਾਈ ਕੀਤੀ। (ਪ੍ਰਕਾ. 13:3, 7) ਪਹਿਲੇ ਵਿਸ਼ਵ ਯੁੱਧ ਦੌਰਾਨ ਇਸ ਨੇ ਪਰਮੇਸ਼ੁਰ ਦੇ ਲੋਕਾਂ ਉੱਤੇ ਜ਼ੁਲਮ ਕੀਤੇ, ਉਨ੍ਹਾਂ ਦੇ ਕਿਤਾਬਾਂ-ਰਸਾਲਿਆਂ ਉੱਤੇ ਪਾਬੰਦੀਆਂ ਲਾਈਆਂ ਅਤੇ ਉਨ੍ਹਾਂ ਦੇ ਖ਼ਾਸ ਆਗੂਆਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ। ਇਸ ਨੇ ਕੁਝ ਸਮੇਂ ਲਈ ਪ੍ਰਚਾਰ ਦੇ ਕੰਮ ਨੂੰ ਲਗਭਗ ਬੰਦ ਹੀ ਕਰ ਦਿੱਤਾ ਸੀ। ਯਹੋਵਾਹ ਨੇ ਇਹ ਸਭ ਕੁਝ ਪਹਿਲਾਂ ਹੀ ਦੇਖ ਲਿਆ ਸੀ ਅਤੇ ਉਸ ਨੇ ਇਸ ਬਾਰੇ ਯੂਹੰਨਾ ਨੂੰ ਦੱਸਿਆ ਸੀ। ਪਰਮੇਸ਼ੁਰ ਨੇ ਯੂਹੰਨਾ ਨੂੰ ਇਹ ਵੀ ਦੱਸਿਆ ਸੀ ਕਿ ਪ੍ਰਚਾਰ ਦਾ ਕੰਮ ਦੁਬਾਰਾ ਸ਼ੁਰੂ ਹੋਵੇਗਾ। (ਪ੍ਰਕਾ. 11:3, 7-11) ਜਿਵੇਂ ਯਹੋਵਾਹ ਨੇ ਕਿਹਾ ਸੀ, ਇਨ੍ਹਾਂ ਪਵਿੱਤਰ ਸੇਵਕਾਂ ਨੇ ਦੁਬਾਰਾ ਇਹ ਕੰਮ ਜ਼ੋਰ-ਸ਼ੋਰ ਨਾਲ ਕਰਨਾ ਸ਼ੁਰੂ ਕੀਤਾ।
ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਅਤੇ ਲੋਹੇ ਤੇ ਮਿੱਟੀ ਦੇ ਪੈਰ
7. ਵਹਿਸ਼ੀ ਦਰਿੰਦੇ ਦੇ ਸੱਤਵੇਂ ਸਿਰ ਅਤੇ ਵੱਡੀ ਮੂਰਤ ਦਾ ਆਪਸ ਵਿਚ ਕੀ ਸੰਬੰਧ ਹੈ?
7 ਵਹਿਸ਼ੀ ਦਰਿੰਦੇ ਦੇ ਸੱਤਵੇਂ ਸਿਰ ਅਤੇ ਵੱਡੀ ਮੂਰਤ ਦਾ ਆਪਸ ਵਿਚ ਕੀ ਸੰਬੰਧ ਹੈ? ਇੰਗਲੈਂਡ ਰੋਮੀ ਸਾਮਰਾਜ ਵਿੱਚੋਂ ਨਿਕਲਿਆ ਸੀ। ਅਮਰੀਕਾ ਇੰਗਲੈਂਡ ਦਾ ਹਿੱਸਾ ਹੁੰਦਾ ਸੀ, ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਅਮਰੀਕਾ ਵੀ ਰੋਮੀ ਸਾਮਰਾਜ ਵਿੱਚੋਂ ਨਿਕਲਿਆ ਸੀ। ਪਰ ਮੂਰਤ ਦੇ ਪੈਰਾਂ ਬਾਰੇ ਕੀ ਕਿਹਾ ਜਾ ਸਕਦਾ ਹੈ? ਇਸ ਦੇ ਪੈਰ ਲੋਹੇ ਅਤੇ ਮਿੱਟੀ ਦੇ ਹਨ। (ਦਾਨੀਏਲ 2:41-43 ਪੜ੍ਹੋ।) ਦਾਨੀਏਲ ਨੇ ਮੂਰਤ ਦੇ ਪੈਰਾਂ ਬਾਰੇ ਜੋ ਕਿਹਾ ਅਤੇ ਯੂਹੰਨਾ ਨੇ ਵਹਿਸ਼ੀ ਦਰਿੰਦੇ ਦੇ ਸੱਤਵੇਂ ਸਿਰ ਬਾਰੇ ਜੋ ਕਿਹਾ ਸੀ ਉਸ ਦੀ ਪੂਰਤੀ ਉਦੋਂ ਹੋਈ ਜਦੋਂ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਬਣੀ। ਜਿਵੇਂ ਲੋਹੇ ਅਤੇ ਮਿੱਟੀ ਨਾਲ ਬਣੀ ਚੀਜ਼ ਸ਼ੁੱਧ ਲੋਹੇ ਨਾਲ ਬਣੀ ਚੀਜ਼ ਤੋਂ ਕਮਜ਼ੋਰ ਹੁੰਦੀ ਹੈ, ਉਸੇ ਤਰ੍ਹਾਂ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਰੋਮੀ ਵਿਸ਼ਵ ਸ਼ਕਤੀ ਨਾਲੋਂ ਕਮਜ਼ੋਰ ਹੈ ਜਿਸ ਵਿੱਚੋਂ ਇਹ ਨਿਕਲੀ ਸੀ। ਇਹ ਰੋਮੀ ਵਿਸ਼ਵ ਸ਼ਕਤੀ ਨਾਲੋਂ ਕਮਜ਼ੋਰ ਕਿਵੇਂ ਹੈ?
8, 9. (ੳ) ਸੱਤਵੀਂ ਵਿਸ਼ਵ ਸ਼ਕਤੀ ਨੇ ਆਪਣੀ ਤਾਕਤ ਦਾ ਲੋਹਾ ਕਿਵੇਂ ਮਨਵਾਇਆ ਸੀ? (ਅ) ਮੂਰਤ ਦੇ ਪੈਰਾਂ ਵਿਚ ਮਿੱਟੀ ਕਿਸ ਨੂੰ ਦਰਸਾਉਂਦੀ ਹੈ?
8 ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨੇ ਕਈ ਵਾਰ ਆਪਣੀ ਲੋਹੇ ਵਰਗੀ ਤਾਕਤ ਦਾ ਸਬੂਤ ਦਿੱਤਾ। ਮਿਸਾਲ ਲਈ, ਇਸ ਨੇ ਪਹਿਲਾ ਵਿਸ਼ਵ ਯੁੱਧ ਜਿੱਤ ਕੇ ਆਪਣੀ ਤਾਕਤ ਦਿਖਾਈ। ਦੂਸਰੇ ਵਿਸ਼ਵ ਯੁੱਧ ਦੌਰਾਨ ਵੀ ਇਸ ਨੇ ਆਪਣੀ ਤਾਕਤ ਦਾ ਲੋਹਾ ਮਨਵਾਇਆ।c ਉਸ ਯੁੱਧ ਤੋਂ ਬਾਅਦ ਵੀ ਇਸ ਨੇ ਕਈ ਵਾਰ ਆਪਣੀ ਤਾਕਤ ਨੂੰ ਇਸਤੇਮਾਲ ਕੀਤਾ। ਇਹ ਵੀ ਯਾਦ ਰੱਖੋ ਕਿ ਸ਼ੁਰੂ ਤੋਂ ਹੀ ਲੋਹੇ ਵਿਚ ਮਿੱਟੀ ਵੀ ਰਲ਼ੀ ਹੋਈ ਹੈ।
9 ਯਹੋਵਾਹ ਦੇ ਸੇਵਕਾਂ ਨੇ ਲੰਬੇ ਸਮੇਂ ਤੋਂ ਮੂਰਤ ਦੇ ਪੈਰਾਂ ਦਾ ਮਤਲਬ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਦਾਨੀਏਲ 2:41 ਵਿਚ ਦੱਸਿਆ ਗਿਆ ਹੈ ਕਿ ਲੋਹਾ ਅਤੇ ਮਿੱਟੀ ਇੱਕੋ “ਰਾਜ” ਨੂੰ ਦਰਸਾਉਂਦੇ ਹਨ, ਨਾ ਕਿ ਬਹੁਤ ਸਾਰਿਆਂ ਨੂੰ। ਮਿੱਟੀ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਦੇ ਅਧਿਕਾਰ ਹੇਠ ਉਨ੍ਹਾਂ ਲੋਕਾਂ ਨੂੰ ਦਰਸਾਉਂਦੀ ਹੈ ਜਿਹੜੇ ਇਸ ਨੂੰ ਲੋਹੇ ਵਰਗੇ ਬਲਵਾਨ ਰੋਮੀ ਸਾਮਰਾਜ ਨਾਲੋਂ ਕਮਜ਼ੋਰ ਬਣਾਉਂਦੇ ਹਨ। ਮਿੱਟੀ “ਮਨੁੱਖ ਦੀ ਅੰਸ” ਯਾਨੀ ਆਮ ਲੋਕ ਹਨ। (ਦਾਨੀ. 2:43) ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਵਿਚ ਆਮ ਲੋਕ ਨਾਗਰਿਕ ਹੱਕ ਮੁਹਿੰਮਾਂ ਤੇ ਮਜ਼ਦੂਰ ਯੂਨੀਅਨਾਂ ਦੇ ਜ਼ਰੀਏ ਅਤੇ ਆਜ਼ਾਦੀ ਦੀ ਲੜਾਈ ਲੜ ਕੇ ਆਪਣੇ ਹੱਕ ਲੈਣ ਲਈ ਖੜ੍ਹੇ ਹੋਏ ਹਨ। ਆਮ ਲੋਕਾਂ ਦੇ ਵਿਰੋਧ ਕਰਕੇ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਆਪਣੀ ਲੋਹੇ ਵਰਗੀ ਤਾਕਤ ਨੂੰ ਪੂਰੀ ਤਰ੍ਹਾਂ ਇਸਤੇਮਾਲ ਨਹੀਂ ਕਰ ਸਕਦੀ ਹੈ। ਇਸ ਦੇ ਲੋਕ ਵੱਖੋ-ਵੱਖਰੀਆਂ ਰਾਜਨੀਤਿਕ ਪਾਰਟੀਆਂ ਨੂੰ ਸਮਰਥਨ ਦਿੰਦੇ ਹਨ ਜਿਸ ਕਰਕੇ ਕੋਈ ਵੀ ਨੇਤਾ ਵੋਟਾਂ ਵਿਚ ਵੱਡੇ ਫ਼ਰਕ ਨਾਲ ਨਹੀਂ ਜਿੱਤਦਾ। ਇਸ ਕਰਕੇ ਸਰਕਾਰ ਕੋਲ ਆਪਣੀਆਂ ਨੀਤੀਆਂ ਲਾਗੂ ਕਰਨ ਦਾ ਪੂਰਾ ਅਧਿਕਾਰ ਨਹੀਂ ਹੁੰਦਾ। ਦਾਨੀਏਲ ਦੀ ਇਹ ਗੱਲ ਸਹੀ ਸਾਬਤ ਹੋਈ ਹੈ: “ਰਾਜ ਕੁਝ ਤਕੜਾ ਅਤੇ ਕੁਝ ਕਮਜ਼ੋਰ ਹੋਵੇਗਾ।”—ਦਾਨੀ. 2:42; 2 ਤਿਮੋ. 3:1-3.
10, 11. (ੳ) “ਪੈਰਾਂ” ਦਾ ਕੀ ਹਸ਼ਰ ਹੋਵੇਗਾ? (ਅ) ਅਸੀਂ ਪੈਰਾਂ ਦੀਆਂ ਉਂਗਲੀਆਂ ਦੀ ਗਿਣਤੀ ਬਾਰੇ ਕੀ ਨਤੀਜਾ ਕੱਢ ਸਕਦੇ ਹਾਂ?
10 ਇੱਕਵੀਂ ਸਦੀ ਵਿਚ ਵੀ ਇੰਗਲੈਂਡ ਅਤੇ ਅਮਰੀਕਾ ਨੇ ਆਪਣੀ ਖ਼ਾਸ ਦੋਸਤੀ ਕਾਇਮ ਰੱਖੀ ਹੈ ਅਤੇ ਇਹ ਦੋਵੇਂ ਰਲ਼ ਕੇ ਦੁਨੀਆਂ ਦੇ ਵੱਖੋ-ਵੱਖਰੇ ਮਾਮਲਿਆਂ ਨੂੰ ਨਜਿੱਠਦੇ ਹਨ। ਵੱਡੀ ਮੂਰਤ ਅਤੇ ਵਹਿਸ਼ੀ ਦਰਿੰਦੇ ਬਾਰੇ ਭਵਿੱਖਬਾਣੀਆਂ ਤੋਂ ਪਤਾ ਲੱਗਦਾ ਹੈ ਕਿ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਤੋਂ ਬਾਅਦ ਕੋਈ ਹੋਰ ਵਿਸ਼ਵ ਸ਼ਕਤੀ ਨਹੀਂ ਆਵੇਗੀ। ਭਾਵੇਂ ਇਹ ਆਖ਼ਰੀ ਵਿਸ਼ਵ ਸ਼ਕਤੀ ਰੋਮੀ ਵਿਸ਼ਵ ਸ਼ਕਤੀ ਨਾਲੋਂ ਕਮਜ਼ੋਰ ਹੈ, ਪਰ ਇਹ ਆਪਣੇ ਆਪ ਖ਼ਤਮ ਨਹੀਂ ਹੋਵੇਗੀ।
11 ਕੀ ਮੂਰਤ ਦੇ ਪੈਰਾਂ ਦੀਆਂ ਉਂਗਲੀਆਂ ਦੀ ਗਿਣਤੀ ਦਾ ਵੀ ਕੋਈ ਖ਼ਾਸ ਅਰਥ ਹੈ? ਗੌਰ ਕਰੋ: ਦੂਸਰੇ ਦਰਸ਼ਣਾਂ ਵਿਚ ਦਾਨੀਏਲ ਨੇ ਗਿਣਤੀ ਦਾ ਖ਼ਾਸ ਤੌਰ ਤੇ ਜ਼ਿਕਰ ਕੀਤਾ ਸੀ, ਜਿਵੇਂ ਕਿ ਵੱਖੋ-ਵੱਖਰੇ ਦਰਿੰਦਿਆਂ ਦੇ ਸਿੰਗਾਂ ਅਤੇ ਸਿਰਾਂ ਦੀ ਗਿਣਤੀ। ਉਨ੍ਹਾਂ ਦੀ ਗਿਣਤੀ ਦਾ ਖ਼ਾਸ ਅਰਥ ਹੈ। ਪਰ ਜਦੋਂ ਉਸ ਨੇ ਮੂਰਤ ਦੀ ਗੱਲ ਕੀਤੀ ਸੀ, ਤਾਂ ਉਸ ਨੇ ਪੈਰਾਂ ਦੀਆਂ ਉਂਗਲੀਆਂ ਦੀ ਗਿਣਤੀ ਦਾ ਜ਼ਿਕਰ ਨਹੀਂ ਕੀਤਾ ਸੀ। ਇਸ ਲਈ ਇੱਥੇ ਇਸ ਗਿਣਤੀ ਦਾ ਕੋਈ ਖ਼ਾਸ ਅਰਥ ਨਹੀਂ ਹੈ ਜਿਵੇਂ ਮੂਰਤ ਦੀਆਂ ਬਾਹਾਂ, ਹੱਥਾਂ, ਉਂਗਲੀਆਂ, ਲੱਤਾਂ ਤੇ ਪੈਰਾਂ ਦੀ ਗਿਣਤੀ ਦਾ ਕੋਈ ਅਰਥ ਨਹੀਂ ਹੈ। ਪਰ ਦਾਨੀਏਲ ਨੇ ਇਹ ਜ਼ਰੂਰ ਦੱਸਿਆ ਕਿ ਉਂਗਲੀਆਂ ਲੋਹੇ ਅਤੇ ਮਿੱਟੀ ਦੀਆਂ ਬਣੀਆਂ ਹੋਈਆਂ ਹਨ। ਪੈਰਾਂ ਬਾਰੇ ਦਾਨੀਏਲ ਦੀ ਗੱਲ ਤੋਂ ਪਤਾ ਲੱਗਦਾ ਹੈ ਕਿ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਦੀ ਹਕੂਮਤ ਦੌਰਾਨ ਇਕ “ਪੱਥਰ” ਮੂਰਤ ਦੇ ਪੈਰਾਂ ਵਿਚ ਵੱਜੇਗਾ। ਇਹ ਪੱਥਰ ਪਰਮੇਸ਼ੁਰ ਦੇ ਰਾਜ ਨੂੰ ਦਰਸਾਉਂਦਾ ਹੈ।—ਦਾਨੀ. 2:45.
ਐਂਗਲੋ-ਅਮਰੀਕਾ ਅਤੇ ਦੋ ਸਿੰਗਾਂ ਵਾਲਾ ਵਹਿਸ਼ੀ ਦਰਿੰਦਾ
12, 13. ਦੋ ਸਿੰਗਾਂ ਵਾਲਾ ਦਰਿੰਦਾ ਕਿਸ ਨੂੰ ਦਰਸਾਉਂਦਾ ਹੈ ਅਤੇ ਇਹ ਕੀ ਕਰਦਾ ਹੈ?
12 ਭਾਵੇਂ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਕਮਜ਼ੋਰ ਹੈ, ਫਿਰ ਵੀ ਯਿਸੂ ਦੁਆਰਾ ਯੂਹੰਨਾ ਨੂੰ ਦਿਖਾਏ ਦਰਸ਼ਣਾਂ ਅਨੁਸਾਰ ਇਹ ਵਿਸ਼ਵ ਸ਼ਕਤੀ ਅੰਤ ਦੇ ਦਿਨਾਂ ਵਿਚ ਇਕ ਖ਼ਾਸ ਕੰਮ ਕਰੇਗੀ। ਯੂਹੰਨਾ ਨੇ ਦਰਸ਼ਣ ਵਿਚ ਦੋ ਸਿੰਗਾਂ ਵਾਲੇ ਵਹਿਸ਼ੀ ਦਰਿੰਦੇ ਨੂੰ ਦੇਖਿਆ ਜਿਹੜਾ ਅਜਗਰ ਵਾਂਗ ਗੱਲ ਕਰਦਾ ਸੀ। ਇਹ ਅਜੀਬ ਦਰਿੰਦਾ ਕਿਸ ਨੂੰ ਦਰਸਾਉਂਦਾ ਹੈ? ਇਸ ਦੇ ਦੋ ਸਿੰਗ ਹਨ ਇਸ ਲਈ ਇਹ ਦੋਹਰੀ ਵਿਸ਼ਵ ਸ਼ਕਤੀ ਯਾਨੀ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਹੈ। ਯੂਹੰਨਾ ਨੇ ਦੇਖਿਆ ਕਿ ਇਸ ਰੂਪ ਵਿਚ ਇਹ ਵਿਸ਼ਵ ਸ਼ਕਤੀ ਇਕ ਖ਼ਾਸ ਕੰਮ ਕਰੇਗੀ।—ਪ੍ਰਕਾਸ਼ ਦੀ ਕਿਤਾਬ 13:11-15 ਪੜ੍ਹੋ।
13 ਇਹ ਦੋ ਸਿੰਗਾਂ ਵਾਲਾ ਵਹਿਸ਼ੀ ਦਰਿੰਦਾ ਲੋਕਾਂ ਨੂੰ ਸੱਤ ਸਿਰਾਂ ਵਾਲੇ ਵਹਿਸ਼ੀ ਦਰਿੰਦੇ ਦੀ ਮੂਰਤੀ ਬਣਾਉਣ ਲਈ “ਕਹਿੰਦਾ” ਹੈ। ਯੂਹੰਨਾ ਨੇ ਲਿਖਿਆ ਕਿ ਇਹ ਮੂਰਤੀ ਹੋਂਦ ਵਿਚ ਆਉਂਦੀ ਹੈ, ਫਿਰ ਖ਼ਤਮ ਹੋ ਜਾਂਦੀ ਹੈ ਤੇ ਫਿਰ ਦੁਬਾਰਾ ਹੋਂਦ ਵਿਚ ਆਉਂਦੀ ਹੈ। ਇੰਗਲੈਂਡ ਅਤੇ ਅਮਰੀਕਾ ਦੇ ਕਹਿਣ ʼਤੇ ਦੁਨੀਆਂ ਦੇ ਦੇਸ਼ਾਂ ਨੇ ਇਕ ਸੰਗਠਨ ਬਣਾਇਆ ਸੀ ਅਤੇ ਉਸ ਨਾਲ ਇਸੇ ਤਰ੍ਹਾਂ ਹੋਇਆ ਸੀ। ਇਹ ਸੰਗਠਨ ਇਸ ਲਈ ਬਣਾਇਆ ਗਿਆ ਸੀ ਤਾਂਕਿ ਦੁਨੀਆਂ ਦੇ ਦੇਸ਼ ਇਕਜੁੱਟ ਹੋ ਸਕਣ ਅਤੇ ਇਸ ਰਾਹੀਂ ਆਪਣੀ ਗੱਲ ਕਹਿ ਸਕਣ।d ਇਹ ਸੰਗਠਨ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਬਣਾਇਆ ਗਿਆ ਸੀ ਅਤੇ ਇਸ ਦਾ ਨਾਂ ਰਾਸ਼ਟਰ-ਸੰਘ (League of Nations) ਸੀ। ਦੂਸਰਾ ਵਿਸ਼ਵ ਯੁੱਧ ਸ਼ੁਰੂ ਹੋਣ ਤੋਂ ਬਾਅਦ ਇਹ ਸੰਗਠਨ ਖ਼ਤਮ ਹੋ ਗਿਆ। ਇਸੇ ਯੁੱਧ ਦੌਰਾਨ, ਪਰਮੇਸ਼ੁਰ ਦੇ ਲੋਕਾਂ ਨੇ ਐਲਾਨ ਕੀਤਾ ਕਿ ਪ੍ਰਕਾਸ਼ ਦੀ ਕਿਤਾਬ ਵਿਚ ਦਰਜ ਭਵਿੱਖਬਾਣੀ ਮੁਤਾਬਕ ਵਹਿਸ਼ੀ ਦਰਿੰਦੇ ਦੀ ਮੂਰਤੀ ਦੁਬਾਰਾ ਹੋਂਦ ਵਿਚ ਆਵੇਗੀ ਅਤੇ ਇਸੇ ਤਰ੍ਹਾਂ ਹੋਇਆ। ਇਸ ਸੰਗਠਨ ਨੂੰ ਦੁਬਾਰਾ ਬਣਾਇਆ ਗਿਆ ਅਤੇ ਇਸ ਦਾ ਨਾਂ ਰੱਖਿਆ ਗਿਆ ਸੰਯੁਕਤ ਰਾਸ਼ਟਰ ਸੰਘ (United Nations)।—ਪ੍ਰਕਾ. 17:8.
14. ਕਿਸ ਅਰਥ ਵਿਚ ਵਹਿਸ਼ੀ ਦਰਿੰਦੇ ਦੀ ਮੂਰਤੀ “ਅੱਠਵਾਂ ਰਾਜਾ” ਹੈ?
14 ਯੂਹੰਨਾ ਦਰਿੰਦੇ ਦੀ ਮੂਰਤੀ ਨੂੰ “ਅੱਠਵਾਂ ਰਾਜਾ” ਕਹਿੰਦਾ ਹੈ। ਕਿਸ ਅਰਥ ਵਿਚ? ਇਹ ਵਹਿਸ਼ੀ ਦਰਿੰਦੇ ਦਾ ਅੱਠਵਾਂ ਸਿਰ ਨਹੀਂ ਹੈ। ਇਹ ਉਸ ਦਰਿੰਦੇ ਦੀ ਸਿਰਫ਼ ਮੂਰਤੀ ਹੈ। ਇਸ ਮੂਰਤੀ ਯਾਨੀ ਸੰਗਠਨ ਕੋਲ ਜੋ ਵੀ ਤਾਕਤ ਹੈ, ਉਹ ਇਸ ਨੂੰ ਇਸ ਦੇ ਮੈਂਬਰ ਦੇਸ਼ਾਂ ਖ਼ਾਸ ਕਰਕੇ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਤੋਂ ਮਿਲੀ ਹੈ। (ਪ੍ਰਕਾ. 17:10, 11) ਪਰ ਇਸ ਨੂੰ ਇਕ ਖ਼ਾਸ ਕੰਮ ਕਰਨ ਲਈ ਰਾਜੇ ਦੇ ਤੌਰ ਤੇ ਅਧਿਕਾਰ ਦਿੱਤਾ ਜਾਵੇਗਾ ਅਤੇ ਇਹ ਕੰਮ ਹੋਣ ਨਾਲ ਦੁਨੀਆਂ ਹੀ ਬਦਲ ਜਾਵੇਗੀ।
ਦਰਿੰਦੇ ਦੀ ਮੂਰਤੀ ਕੰਜਰੀ ਨੂੰ ਖਾ ਜਾਂਦੀ ਹੈ
15, 16. ਕੰਜਰੀ ਕਿਸ ਨੂੰ ਦਰਸਾਉਂਦੀ ਹੈ ਅਤੇ ਅੱਜ ਲੋਕਾਂ ਦਾ ਧਰਮ ਪ੍ਰਤੀ ਕੀ ਰਵੱਈਆ ਹੈ?
15 ਯੂਹੰਨਾ ਨੇ ਦੱਸਿਆ ਕਿ ਗੂੜ੍ਹੇ ਲਾਲ ਰੰਗ ਦੇ ਵਹਿਸ਼ੀ ਦਰਿੰਦੇ ਉੱਤੇ ਇਕ ਕੰਜਰੀ ਬੈਠੀ ਹੋਈ ਹੈ ਅਤੇ ਇਸ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ। ਇਹ ਲਾਲ ਰੰਗ ਦਾ ਦਰਿੰਦਾ ਸੱਤ ਸਿਰਾਂ ਵਾਲੇ ਦਰਿੰਦੇ ਦੀ ਮੂਰਤੀ ਹੈ ਅਤੇ ਉਸ ਕੰਜਰੀ ਦਾ ਨਾਂ “ਮਹਾਂ ਬਾਬਲ” ਹੈ। (ਪ੍ਰਕਾ. 17:1-6) ਇਹ ਕੰਜਰੀ ਦੁਨੀਆਂ ਦੇ ਉਨ੍ਹਾਂ ਸਾਰੇ ਧਰਮਾਂ ਨੂੰ ਦਰਸਾਉਂਦੀ ਹੈ ਜਿਹੜੇ ਯਹੋਵਾਹ ਦੀ ਭਗਤੀ ਨਹੀਂ ਕਰਦੇ ਹਨ ਜਿਨ੍ਹਾਂ ਵਿੱਚੋਂ ਈਸਾਈ-ਜਗਤ ਮੁੱਖ ਹੈ। ਇਸ ਭਵਿੱਖਬਾਣੀ ਦੀ ਪੂਰਤੀ ਅਨੁਸਾਰ ਧਰਮ ਇਸ ਸੰਗਠਨ ਨੂੰ ਆਪਣਾ ਸਮਰਥਨ ਦਿੰਦੇ ਹਨ ਅਤੇ ਇਸ ਉੱਤੇ ਆਪਣਾ ਅਧਿਕਾਰ ਚਲਾਉਣ ਦੀ ਕੋਸ਼ਿਸ਼ ਕਰਦੇ ਹਨ।
16 ਪ੍ਰਕਾਸ਼ ਦੀ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਮਹਾਂ ਬਾਬਲ ਬਹੁਤ ਸਾਰੇ ਪਾਣੀਆਂ ਉੱਤੇ ਬੈਠਾ ਹੋਇਆ ਹੈ। ਪਰ ਪ੍ਰਭੂ ਦੇ ਦਿਨ ਦੌਰਾਨ ਇਹ ਪਾਣੀ ਸੁੱਕ ਜਾਣਗੇ। ਪਾਣੀ ਧਰਮਾਂ ਦਾ ਸਮਰਥਨ ਕਰਨ ਵਾਲੇ ਲੋਕਾਂ ਨੂੰ ਦਰਸਾਉਂਦੇ ਹਨ। (ਪ੍ਰਕਾ. 16:12; 17:15) ਮਿਸਾਲ ਲਈ, ਜਦੋਂ ਪਹਿਲੀ ਵਾਰ ਮੂਰਤੀ ਯਾਨੀ ਸੰਗਠਨ ਬਣਾਇਆ ਗਿਆ ਸੀ, ਉਦੋਂ ਪੱਛਮੀ ਦੇਸ਼ਾਂ ਉੱਤੇ ਚਰਚਾਂ ਦਾ ਬਹੁਤ ਪ੍ਰਭਾਵ ਸੀ। ਪਰ ਅੱਜ ਜ਼ਿਆਦਾਤਰ ਲੋਕ ਚਰਚਾਂ ਅਤੇ ਪਾਦਰੀਆਂ ਦਾ ਆਦਰ ਤੇ ਸਮਰਥਨ ਨਹੀਂ ਕਰਦੇ ਹਨ। ਅਸਲ ਵਿਚ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਧਰਮ ਸਾਰੀਆਂ ਲੜਾਈਆਂ ਦੀ ਜੜ੍ਹ ਹੈ। ਪੱਛਮੀ ਦੇਸ਼ਾਂ ਵਿਚ ਅਜਿਹੇ ਲੋਕਾਂ ਦੀ ਗਿਣਤੀ ਵਧ ਰਹੀ ਹੈ ਜਿਹੜੇ ਖੁੱਲ੍ਹੇ-ਆਮ ਜ਼ੋਰ-ਸ਼ੋਰ ਨਾਲ ਕਹਿ ਰਹੇ ਹਨ ਕਿ ਧਰਮਾਂ ਨੂੰ ਦੁਨੀਆਂ ਵਿੱਚੋਂ ਖ਼ਤਮ ਕਰ ਦਿੱਤਾ ਜਾਣਾ ਚਾਹੀਦਾ ਹੈ।
17. ਧਰਮਾਂ ਨਾਲ ਕੀ ਹੋਵੇਗਾ ਅਤੇ ਕਿਉਂ?
17 ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਧਰਮ ਹੌਲੀ-ਹੌਲੀ ਖ਼ਤਮ ਹੋਵੇਗਾ। ਇਹ ਕੰਜਰੀ ਆਪਣਾ ਅਧਿਕਾਰ ਚਲਾਉਂਦੀ ਰਹੇਗੀ ਅਤੇ ਉਦੋਂ ਤਕ ਦੁਨੀਆਂ ਦੇ ਰਾਜਿਆਂ ਤੋਂ ਆਪਣੀ ਗੱਲ ਮਨਵਾਉਂਦੀ ਰਹੇਗੀ ਜਦੋਂ ਤਕ ਪਰਮੇਸ਼ੁਰ ਰਾਜਿਆਂ ਦੇ ਮਨਾਂ ਵਿਚ ਇਕ ਵਿਚਾਰ ਨਹੀਂ ਪਾਉਂਦਾ। (ਪ੍ਰਕਾਸ਼ ਦੀ ਕਿਤਾਬ 17:16, 17 ਪੜ੍ਹੋ।) ਯਹੋਵਾਹ ਜਲਦੀ ਹੀ ਸ਼ੈਤਾਨ ਦੀ ਦੁਨੀਆਂ ਦੀਆਂ ਸਰਕਾਰਾਂ ਨੂੰ ਧਰਮਾਂ ਉੱਤੇ ਹਮਲਾ ਕਰਨ ਲਈ ਉਕਸਾਵੇਗਾ। ਸਰਕਾਰਾਂ ਇਸ ਨੂੰ ਅਤੇ ਇਸ ਦੀ ਅਮੀਰੀ ਨੂੰ ਖ਼ਤਮ ਕਰ ਦੇਣਗੀਆਂ। 20-30 ਸਾਲ ਪਹਿਲਾਂ ਅਜਿਹੀ ਗੱਲ ਸੋਚਣੀ ਵੀ ਨਾਮੁਮਕਿਨ ਸੀ। ਪਰ ਅੱਜ ਇਹ ਕੰਜਰੀ ਗੂੜ੍ਹੇ ਲਾਲ ਰੰਗ ਦੇ ਵਹਿਸ਼ੀ ਦਰਿੰਦੇ ਉੱਤੇ ਬੈਠੀ ਹਿਚਕੋਲੇ ਖਾ ਰਹੀ ਹੈ। ਫਿਰ ਵੀ ਇਹ ਹੌਲੀ-ਹੌਲੀ ਖਿੱਸਕ ਕੇ ਆਪਣੇ ਆਪ ਥੱਲੇ ਨਹੀਂ ਡਿਗੇਗੀ, ਇਸ ਨੂੰ ਅਚਾਨਕ ਸੁੱਟਿਆ ਜਾਵੇਗਾ ਅਤੇ ਇਸ ਦਾ ਬਹੁਤ ਬੁਰਾ ਹਾਲ ਕੀਤਾ ਜਾਵੇਗਾ।—ਪ੍ਰਕਾ. 18:7, 8, 15-19.
ਦਰਿੰਦਿਆਂ ਦਾ ਅੰਤ
18. (ੳ) ਵਹਿਸ਼ੀ ਦਰਿੰਦਾ ਕੀ ਕਰੇਗਾ ਅਤੇ ਇਸ ਦਾ ਨਤੀਜਾ ਕੀ ਨਿਕਲੇਗਾ? (ਅ) ਦਾਨੀਏਲ 2:44 ਅਨੁਸਾਰ ਪਰਮੇਸ਼ੁਰ ਦਾ ਰਾਜ ਕਿਨ੍ਹਾਂ ਹਕੂਮਤਾਂ ਨੂੰ ਖ਼ਤਮ ਕਰਦਾ ਹੈ? (ਸਫ਼ਾ 17 ਉੱਤੇ ਦਿੱਤੀ ਡੱਬੀ ਦੇਖੋ।)
18 ਧਰਮਾਂ ਦੇ ਖ਼ਤਮ ਹੋਣ ਤੋਂ ਬਾਅਦ ਵਹਿਸ਼ੀ ਦਰਿੰਦੇ ਨੂੰ, ਜੋ ਕਿ ਸ਼ੈਤਾਨ ਦਾ ਰਾਜਨੀਤਿਕ ਸੰਗਠਨ ਹੈ, ਪਰਮੇਸ਼ੁਰ ਦੇ ਰਾਜ ਉੱਤੇ ਹਮਲਾ ਕਰਨ ਲਈ ਉਕਸਾਇਆ ਜਾਵੇਗਾ। ਪਰ ਧਰਤੀ ਦੇ ਰਾਜੇ ਸਵਰਗ ਤਕ ਨਹੀਂ ਪਹੁੰਚ ਸਕਣਗੇ, ਇਸ ਲਈ ਉਹ ਧਰਤੀ ਉੱਤੇ ਉਨ੍ਹਾਂ ਲੋਕਾਂ ʼਤੇ ਹਮਲਾ ਕਰਨਗੇ ਜਿਹੜੇ ਪਰਮੇਸ਼ੁਰ ਦੇ ਰਾਜ ਦਾ ਸਮਰਥਨ ਕਰਦੇ ਹਨ। ਇਸ ਕਰਕੇ ਪਰਮੇਸ਼ੁਰ ਨਾਲ ਦਰਿੰਦੇ ਦੀ ਆਖ਼ਰੀ ਲੜਾਈ ਸ਼ੁਰੂ ਹੋਵੇਗੀ। (ਪ੍ਰਕਾ. 16:13-16; 17:12-14) ਦਾਨੀਏਲ ਸਾਨੂੰ ਇਸ ਲੜਾਈ ਬਾਰੇ ਇਕ ਗੱਲ ਦੱਸਦਾ ਹੈ। (ਦਾਨੀਏਲ 2:44 ਪੜ੍ਹੋ।) ਪ੍ਰਕਾਸ਼ ਦੀ ਕਿਤਾਬ 13:1 ਵਿਚ ਜ਼ਿਕਰ ਕੀਤਾ ਗਿਆ ਵਹਿਸ਼ੀ ਦਰਿੰਦਾ, ਉਸ ਦੀ ਮੂਰਤੀ ਅਤੇ ਦੋ ਸਿੰਗਾਂ ਵਾਲਾ ਦਰਿੰਦਾ ਉਸ ਲੜਾਈ ਵਿਚ ਖ਼ਤਮ ਕਰ ਦਿੱਤੇ ਜਾਣਗੇ।
19. ਸਾਨੂੰ ਕਿਸ ਗੱਲ ਦਾ ਭਰੋਸਾ ਹੈ ਅਤੇ ਹੁਣ ਕੀ ਕਰਨ ਦਾ ਸਮਾਂ ਹੈ?
19 ਅਸੀਂ ਸੱਤਵੇਂ ਸਿਰ ਦੇ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ। ਇਸ ਦੀ ਤਬਾਹੀ ਤੋਂ ਬਾਅਦ ਇਸ ਦਰਿੰਦੇ ʼਤੇ ਹੋਰ ਕੋਈ ਸਿਰ ਨਹੀਂ ਨਿਕਲੇਗਾ। ਜਦੋਂ ਧਰਮਾਂ ਨੂੰ ਖ਼ਤਮ ਕੀਤਾ ਜਾਵੇਗਾ, ਉਸ ਵੇਲੇ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਦੀ ਹਕੂਮਤ ਹੋਵੇਗੀ। ਦਾਨੀਏਲ ਅਤੇ ਯੂਹੰਨਾ ਦੀਆਂ ਭਵਿੱਖਬਾਣੀਆਂ ਦੀ ਹਰ ਛੋਟੀ-ਛੋਟੀ ਗੱਲ ਪੂਰੀ ਹੋਈ ਹੈ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਜਲਦੀ ਹੀ ਧਰਮਾਂ ਦਾ ਨਾਸ਼ ਹੋਵੇਗਾ ਅਤੇ ਆਰਮਾਗੇਡਨ ਦੀ ਲੜਾਈ ਹੋਵੇਗੀ। ਪਰਮੇਸ਼ੁਰ ਨੇ ਇਹ ਸਾਰੀਆਂ ਗੱਲਾਂ ਪਹਿਲਾਂ ਹੀ ਦੱਸੀਆਂ ਹਨ। ਕੀ ਅਸੀਂ ਭਵਿੱਖਬਾਣੀਆਂ ਵਿਚ ਦਿੱਤੀਆਂ ਚੇਤਾਵਨੀਆਂ ਵੱਲ ਧਿਆਨ ਦੇਵਾਂਗੇ? (2 ਪਤ. 1:19) ਯਹੋਵਾਹ ਵੱਲ ਹੋਣ ਅਤੇ ਉਸ ਦੇ ਰਾਜ ਦਾ ਸਮਰਥਨ ਕਰਨ ਦਾ ਹੁਣ ਹੀ ਸਮਾਂ ਹੈ।—ਪ੍ਰਕਾ. 14:6, 7.
[ਫੁਟਨੋਟ]
a ਕਿਸੇ ਚੀਜ਼ ਦੀ ਪੂਰੀ ਗਿਣਤੀ ਨੂੰ ਦਰਸਾਉਣ ਲਈ ਬਾਈਬਲ ਵਿਚ ਅਕਸਰ ਦਸ ਨੰਬਰ ਵਰਤਿਆ ਜਾਂਦਾ ਹੈ। ਮਿਸਾਲ ਲਈ, ਦਸ ਸਿੰਗ ਉਹ ਸਾਰੀਆਂ ਹਕੂਮਤਾਂ ਹਨ ਜੋ ਰੋਮੀ ਸਾਮਰਾਜ ਵਿੱਚੋਂ ਨਿਕਲੀਆਂ ਸਨ।
b ਭਾਵੇਂ ਇੰਗਲੈਂਡ ਅਤੇ ਅਮਰੀਕਾ ਦੀਆਂ ਹਕੂਮਤਾਂ 18ਵੀਂ ਸਦੀ ਤੋਂ ਸਨ, ਪਰ ਯੂਹੰਨਾ ਨੇ ਦੱਸਿਆ ਕਿ ਪ੍ਰਭੂ ਦੇ ਦਿਨ ਦੇ ਸ਼ੁਰੂ ਵਿਚ ਇਹ ਦੋਵੇਂ ਮਿਲ ਕੇ ਵਿਸ਼ਵ ਸ਼ਕਤੀ ਬਣਨਗੇ। ਅਸਲ ਵਿਚ, ਪ੍ਰਕਾਸ਼ ਦੀ ਕਿਤਾਬ ਵਿਚ ਦਰਜ ਦਰਸ਼ਣਾਂ ਦੀ ਪੂਰਤੀ “ਪ੍ਰਭੂ ਦੇ ਦਿਨ” ਵਿਚ ਹੁੰਦੀ ਹੈ। (ਪ੍ਰਕਾ. 1:10) ਪਹਿਲੇ ਵਿਸ਼ਵ ਯੁੱਧ ਦੌਰਾਨ ਇੰਗਲੈਂਡ ਅਤੇ ਅਮਰੀਕਾ ਨੇ ਵਿਸ਼ਵ ਸ਼ਕਤੀ ਵਜੋਂ ਕੰਮ ਕਰਨਾ ਸ਼ੁਰੂ ਕੀਤਾ।
c ਦਾਨੀਏਲ ਨੇ ਦਰਸ਼ਣ ਵਿਚ ਦੇਖਿਆ ਕਿ ਇਹ ਰਾਜਾ ਇਸ ਯੁੱਧ ਦੌਰਾਨ ਕਿੰਨੀ ਤਬਾਹੀ ਮਚਾਵੇਗਾ। ਉਸ ਨੇ ਲਿਖਿਆ: “ਉਹ ਭਿਅੰਕਰ ਤਬਾਹੀ ਮਚਾਵੇਗਾ।” (ਦਾਨੀ. 8:24, CL) ਮਿਸਾਲ ਲਈ, ਅਮਰੀਕਾ ਨੇ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਦੇ ਇਕ ਦੁਸ਼ਮਣ ਦੇਸ਼ ਦੇ ਸ਼ਹਿਰਾਂ ਉੱਤੇ ਦੋ ਪ੍ਰਮਾਣੂ ਬੰਬ ਸੁੱਟ ਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸ ਕਰ ਦਿੱਤਾ।
d ਪ੍ਰਕਾਸ਼ ਦੀ ਕਿਤਾਬ—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ), ਸਫ਼ੇ 240, 241 ਤੇ 253 ਦੇਖੋ।
[ਸਫ਼ਾ 17 ਉੱਤੇ ਡੱਬੀ]
“ਏਹਨਾਂ ਸਾਰੀਆਂ ਪਾਤਸ਼ਾਹੀਆਂ” ਵਿਚ ਕੌਣ-ਕੌਣ ਹੈ?
ਦਾਨੀਏਲ 2:44 ਅਨੁਸਾਰ ਪਰਮੇਸ਼ੁਰ ਦਾ ਰਾਜ “ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ।” ਇਸ ਭਵਿੱਖਬਾਣੀ ਵਿਚ ਸਿਰਫ਼ ਉਨ੍ਹਾਂ ਸਰਕਾਰਾਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਨੂੰ ਮੂਰਤ ਦੇ ਵੱਖੋ-ਵੱਖਰੇ ਹਿੱਸਿਆਂ ਦੁਆਰਾ ਦਰਸਾਇਆ ਗਿਆ ਹੈ।
ਹੋਰ ਇਨਸਾਨੀ ਸਰਕਾਰਾਂ ਬਾਰੇ ਕੀ? ਇਸ ਦਾ ਜਵਾਬ ਸਾਨੂੰ ਪ੍ਰਕਾਸ਼ ਦੀ ਕਿਤਾਬ ਵਿਚ ਦਰਜ ਭਵਿੱਖਬਾਣੀ ਤੋਂ ਮਿਲਦਾ ਹੈ। ਇਸ ਵਿਚ ਦੱਸਿਆ ਹੈ ਕਿ “ਸਾਰੀ ਧਰਤੀ ਦੇ ਰਾਜਿਆਂ” ਨੂੰ “ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ʼਤੇ” ਯਹੋਵਾਹ ਨਾਲ ਲੜਨ ਲਈ ਇਕੱਠਾ ਕੀਤਾ ਜਾਵੇਗਾ। (ਪ੍ਰਕਾ. 16:14; 19:19-21) ਇਸ ਲਈ ਆਰਮਾਗੇਡਨ ਵਿਚ ਨਾ ਸਿਰਫ਼ ਮੂਰਤ ਦੁਆਰਾ ਦਰਸਾਈਆਂ ਗਈਆਂ ਮਨੁੱਖੀ ਸਰਕਾਰਾਂ ਨੂੰ ਖ਼ਤਮ ਕੀਤਾ ਜਾਵੇਗਾ, ਸਗੋਂ ਬਾਕੀ ਸਾਰੀਆਂ ਸਰਕਾਰਾਂ ਨੂੰ ਵੀ ਖ਼ਤਮ ਕੀਤਾ ਜਾਵੇਗਾ।