ਯੂਹੰਨਾ ਨੂੰ ਗਿਆਨ ਦਾ ਪ੍ਰਕਾਸ਼
18 ਇਨ੍ਹਾਂ ਗੱਲਾਂ ਤੋਂ ਬਾਅਦ ਮੈਂ ਸਵਰਗੋਂ ਇਕ ਹੋਰ ਦੂਤ ਨੂੰ ਥੱਲੇ ਉੱਤਰਦੇ ਦੇਖਿਆ ਜਿਸ ਕੋਲ ਵੱਡਾ ਅਧਿਕਾਰ ਸੀ; ਧਰਤੀ ਉਸ ਦੀ ਮਹਿਮਾ ਦੇ ਚਾਨਣ ਨਾਲ ਭਰ ਗਈ। 2 ਉਸ ਨੇ ਉੱਚੀ ਤੇ ਦਮਦਾਰ ਆਵਾਜ਼ ਵਿਚ ਕਿਹਾ: “ਉਹ ਸ਼ਹਿਰ ਢਹਿ ਗਿਆ ਹੈ! ਮਹਾਂ ਬਾਬਲ ਢਹਿ ਗਿਆ ਹੈ!+ ਇਹ ਸ਼ਹਿਰ ਦੁਸ਼ਟ ਦੂਤਾਂ ਦਾ ਅੱਡਾ ਬਣ ਗਿਆ ਹੈ ਅਤੇ ਇੱਥੇ ਦੁਸ਼ਟ ਦੂਤਾਂ* ਅਤੇ ਹਰ ਪ੍ਰਕਾਰ ਦੇ ਅਸ਼ੁੱਧ ਅਤੇ ਘਿਣਾਉਣੇ ਪੰਛੀਆਂ ਦਾ ਟਿਕਾਣਾ ਹੈ!+ 3 ਕਿਉਂਕਿ ਇਹ ਸ਼ਹਿਰ ਇਕ ਬਦਚਲਣ ਤੀਵੀਂ ਵਰਗਾ ਹੈ ਜਿਸ ਦੀ ਹਰਾਮਕਾਰੀ* ਦੀ ਹਵਸ* ਦਾ ਦਾਖਰਸ ਪੀ ਕੇ ਸਾਰੀਆਂ ਕੌਮਾਂ ਸ਼ਰਾਬੀ ਹੋ ਚੁੱਕੀਆਂ ਹਨ+ ਅਤੇ ਧਰਤੀ ਦੇ ਰਾਜਿਆਂ ਨੇ ਉਸ ਨਾਲ ਹਰਾਮਕਾਰੀ ਕੀਤੀ ਹੈ+ ਅਤੇ ਧਰਤੀ ਦੇ ਵਪਾਰੀ ਉਸ ਦੀ ਬੇਸ਼ਰਮੀ ਭਰੀ ਐਸ਼ਪਰਸਤੀ ਕਰਕੇ ਅਮੀਰ ਹੋ ਗਏ ਹਨ।”
4 ਮੈਂ ਸਵਰਗੋਂ ਇਕ ਹੋਰ ਆਵਾਜ਼ ਸੁਣੀ ਜਿਸ ਨੇ ਕਿਹਾ: “ਹੇ ਮੇਰੇ ਲੋਕੋ, ਜੇ ਤੁਸੀਂ ਉਸ ਦੇ ਪਾਪਾਂ ਦੇ ਹਿੱਸੇਦਾਰ ਨਹੀਂ ਬਣਨਾ ਚਾਹੁੰਦੇ ਅਤੇ ਨਹੀਂ ਚਾਹੁੰਦੇ ਕਿ ਉਸ ਉੱਤੇ ਆਈਆਂ ਆਫ਼ਤਾਂ ਤੁਹਾਡੇ ਉੱਤੇ ਆਉਣ,+ ਤਾਂ ਉਸ ਵਿੱਚੋਂ ਨਿਕਲ ਆਓ।+ 5 ਕਿਉਂਕਿ ਉਸ ਦੇ ਪਾਪਾਂ ਦਾ ਢੇਰ ਆਕਾਸ਼ ਤਕ ਲੱਗ ਗਿਆ ਹੈ+ ਅਤੇ ਪਰਮੇਸ਼ੁਰ ਨੇ ਉਸ ਦੇ ਬੁਰੇ ਕੰਮਾਂ* ਨੂੰ ਚੇਤੇ ਕੀਤਾ ਹੈ।+ 6 ਜਿਹੋ ਜਿਹਾ ਸਲੂਕ ਉਸ ਨੇ ਦੂਸਰਿਆਂ ਨਾਲ ਕੀਤਾ ਹੈ, ਉਸ ਨਾਲ ਵੀ ਉਹੋ ਜਿਹਾ ਸਲੂਕ ਕਰੋ।+ ਹਾਂ, ਉਸ ਨੇ ਜੋ ਵੀ ਦੂਸਰਿਆਂ ਨਾਲ ਕੀਤਾ, ਉਸ ਤੋਂ ਉਸ ਦਾ ਦੁਗਣਾ ਬਦਲਾ ਲਓ।+ ਉਸ ਨੇ ਦਾਖਰਸ ਦੇ ਪਿਆਲੇ+ ਵਿਚ ਜੋ ਰਲ਼ਾਇਆ ਹੈ, ਉਸ ਤੋਂ ਦੁਗਣਾ ਉਸ ਲਈ ਰਲ਼ਾਓ।+ 7 ਉਸ ਨੇ ਆਪਣੀ ਜਿੰਨੀ ਮਹਿਮਾ ਕੀਤੀ ਅਤੇ ਬੇਸ਼ਰਮ ਹੋ ਕੇ ਆਪਣੀ ਜ਼ਿੰਦਗੀ ਵਿਚ ਜਿੰਨੀ ਅਯਾਸ਼ੀ ਕੀਤੀ, ਉਸ ਨੂੰ ਉੱਨਾ ਹੀ ਕਸ਼ਟ ਅਤੇ ਦੁੱਖ ਦਿਓ। ਉਹ ਆਪਣੇ ਦਿਲ ਵਿਚ ਕਹਿੰਦੀ ਹੈ, ‘ਮੈਂ ਤਾਂ ਰਾਣੀ ਬਣ ਕੇ ਰਾਜ ਕਰਦੀ ਹਾਂ ਅਤੇ ਮੈਂ ਵਿਧਵਾ ਨਹੀਂ ਹਾਂ ਅਤੇ ਮੈਨੂੰ ਕਦੇ ਸੋਗ ਨਹੀਂ ਮਨਾਉਣਾ ਪਵੇਗਾ।’+ 8 ਇਸੇ ਕਰਕੇ ਇੱਕੋ ਦਿਨ ਉਸ ਉੱਤੇ ਇਹ ਆਫ਼ਤਾਂ ਆ ਪੈਣਗੀਆਂ, ਮੌਤ, ਸੋਗ ਅਤੇ ਕਾਲ਼। ਉਸ ਨੂੰ ਅੱਗ ਨਾਲ ਸਾੜ ਕੇ ਸੁਆਹ ਕਰ ਦਿੱਤਾ ਜਾਵੇਗਾ+ ਕਿਉਂਕਿ ਯਹੋਵਾਹ* ਪਰਮੇਸ਼ੁਰ ਤਾਕਤਵਰ ਹੈ ਜਿਸ ਨੇ ਉਸ ਦਾ ਨਿਆਂ ਕੀਤਾ ਹੈ।+
9 “ਉਸ ਨਾਲ ਹਰਾਮਕਾਰੀ* ਕਰਨ ਵਾਲੇ ਅਤੇ ਬੇਸ਼ਰਮ ਹੋ ਕੇ ਉਸ ਨਾਲ ਅਯਾਸ਼ੀ ਦੀ ਜ਼ਿੰਦਗੀ ਜੀਉਣ ਵਾਲੇ ਧਰਤੀ ਦੇ ਰਾਜੇ ਉਸ ਦੇ ਸੜਨ ਦਾ ਧੂੰਆਂ ਉੱਠਦਾ ਦੇਖ ਕੇ ਰੋਣਗੇ ਅਤੇ ਗਮ ਦੇ ਮਾਰੇ ਆਪਣੀ ਛਾਤੀ ਪਿੱਟਣਗੇ। 10 ਉਹ ਉਸ ਦੇ ਕਸ਼ਟ ਤੋਂ ਡਰ ਕੇ ਦੂਰ ਖੜ੍ਹੇ ਹੋਣਗੇ ਅਤੇ ਕਹਿਣਗੇ: ‘ਹਾਇ! ਹਾਇ! ਬਾਬਲ,+ ਤੂੰ ਵੱਡਾ ਅਤੇ ਮਜ਼ਬੂਤ ਸ਼ਹਿਰ ਸੀ, ਪਰ ਇੱਕੋ ਘੰਟੇ ਵਿਚ ਤੈਨੂੰ ਸਜ਼ਾ ਮਿਲ ਗਈ ਹੈ!’
11 “ਨਾਲੇ ਧਰਤੀ ਦੇ ਵਪਾਰੀ ਉਸ ਉੱਤੇ ਰੋਣਗੇ ਅਤੇ ਸੋਗ ਮਨਾਉਣਗੇ ਕਿਉਂਕਿ ਹੁਣ ਉਨ੍ਹਾਂ ਦੇ ਸਾਮਾਨ ਦੇ ਭੰਡਾਰਾਂ ਨੂੰ ਖ਼ਰੀਦਣ ਵਾਲਾ ਕੋਈ ਨਹੀਂ ਹੈ। 12 ਉਨ੍ਹਾਂ ਕੋਲ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਭੰਡਾਰ ਹਨ: ਸੋਨਾ, ਚਾਂਦੀ, ਹੀਰੇ-ਜਵਾਹਰ, ਮੋਤੀ, ਵਧੀਆ ਮਲਮਲ, ਬੈਂਗਣੀ ਕੱਪੜੇ,* ਰੇਸ਼ਮ, ਗੂੜ੍ਹੇ ਲਾਲ ਰੰਗ ਦੇ ਕੱਪੜੇ, ਸੁਗੰਧਿਤ ਲੱਕੜ ਦੀਆਂ ਬਣੀਆਂ ਚੀਜ਼ਾਂ ਅਤੇ ਹਾਥੀ-ਦੰਦ ਦੀਆਂ ਬਣੀਆਂ ਹਰ ਤਰ੍ਹਾਂ ਦੀਆਂ ਚੀਜ਼ਾਂ, ਬੇਸ਼ਕੀਮਤੀ ਲੱਕੜ, ਤਾਂਬੇ, ਲੋਹੇ ਅਤੇ ਸੰਗਮਰਮਰ ਦੀਆਂ ਬਣੀਆਂ ਹਰ ਤਰ੍ਹਾਂ ਦੀਆਂ ਚੀਜ਼ਾਂ; 13 ਨਾਲੇ ਦਾਲਚੀਨੀ, ਇਲਾਇਚੀ, ਧੂਪ, ਖ਼ੁਸ਼ਬੂਦਾਰ ਤੇਲ, ਲੋਬਾਨ, ਦਾਖਰਸ, ਜ਼ੈਤੂਨ ਦਾ ਤੇਲ, ਮੈਦੇ ਅਤੇ ਕਣਕ ਦੇ ਭੰਡਾਰ ਲੱਗੇ ਹੋਏ ਹਨ ਅਤੇ ਉਨ੍ਹਾਂ ਕੋਲ ਗਾਂਵਾਂ-ਬਲਦ, ਭੇਡਾਂ, ਘੋੜੇ, ਰਥ, ਗ਼ੁਲਾਮ ਅਤੇ ਹੋਰ ਲੋਕ ਹਨ। 14 ਹਾਂ, ਤੂੰ ਜਿਹੜੀਆਂ ਵੀ ਵਧੀਆ-ਵਧੀਆ ਚੀਜ਼ਾਂ* ਦੀ ਚਾਹਵਾਨ ਸੀ, ਉਹ ਸਭ ਤੇਰੇ ਤੋਂ ਲੈ ਲਈਆਂ ਗਈਆਂ ਅਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਅਤੇ ਸ਼ਾਨਦਾਰ ਚੀਜ਼ਾਂ ਵੀ ਤੇਰੇ ਕੋਲ ਨਹੀਂ ਰਹੀਆਂ ਅਤੇ ਨਾ ਹੀ ਤੈਨੂੰ ਦੁਬਾਰਾ ਕਦੇ ਮਿਲਣਗੀਆਂ।
15 “ਇਨ੍ਹਾਂ ਚੀਜ਼ਾਂ ਦੇ ਵਪਾਰੀ ਉਸ ਤੀਵੀਂ ਕਰਕੇ ਅਮੀਰ ਹੋਏ ਸਨ, ਉਹ ਉਸ ਦੇ ਕਸ਼ਟ ਤੋਂ ਡਰ ਕੇ ਦੂਰ ਖੜ੍ਹੇ ਹੋਣਗੇ ਅਤੇ ਰੋਣ-ਪਿੱਟਣਗੇ 16 ਅਤੇ ਕਹਿਣਗੇ: ‘ਤੂੰ ਵਧੀਆ ਮਲਮਲ, ਬੈਂਗਣੀ ਅਤੇ ਗੂੜ੍ਹੇ ਲਾਲ ਰੰਗ ਦੇ ਕੱਪੜਿਆਂ ਨਾਲ ਅਤੇ ਸੋਨੇ ਦੇ ਗਹਿਣਿਆਂ, ਹੀਰੇ-ਜਵਾਹਰਾਂ ਅਤੇ ਮੋਤੀਆਂ ਨਾਲ ਸ਼ਿੰਗਾਰੀ ਹੋਈ ਸੀ।+ ਹਾਇ! ਹਾਇ! ਵੱਡੇ ਸ਼ਹਿਰ 17 ਕਿਉਂਕਿ ਇੱਕੋ ਘੰਟੇ ਵਿਚ ਤੇਰੀ ਸਾਰੀ ਧਨ-ਦੌਲਤ ਤਬਾਹ ਹੋ ਗਈ!’
“ਅਤੇ ਸਾਰੇ ਸਮੁੰਦਰੀ ਜਹਾਜ਼ਾਂ ਦੇ ਕਪਤਾਨ, ਸਮੁੰਦਰੀ ਜਹਾਜ਼ਾਂ ਵਿਚ ਸਫ਼ਰ ਕਰਨ ਵਾਲੇ, ਮਲਾਹ ਅਤੇ ਸਮੁੰਦਰੀ ਵਪਾਰ ਰਾਹੀਂ ਰੋਜ਼ੀ-ਰੋਟੀ ਕਮਾਉਣ ਵਾਲੇ ਦੂਰ ਖੜ੍ਹੇ ਹੋ ਗਏ 18 ਅਤੇ ਉਨ੍ਹਾਂ ਨੇ ਉਸ ਦੇ ਸੜਨ ਦਾ ਧੂੰਆਂ ਉੱਠਦਾ ਦੇਖ ਕੇ ਉੱਚੀ ਆਵਾਜ਼ ਵਿਚ ਕਿਹਾ, ‘ਇਸ ਵੱਡੇ ਸ਼ਹਿਰ ਵਰਗਾ ਹੋਰ ਕਿਹੜਾ ਸ਼ਹਿਰ ਹੈ?’ 19 ਅਤੇ ਉਨ੍ਹਾਂ ਨੇ ਆਪਣੇ ਸਿਰਾਂ ʼਤੇ ਮਿੱਟੀ ਪਾਈ ਅਤੇ ਰੋਏ-ਪਿੱਟੇ ਅਤੇ ਉੱਚੀ ਆਵਾਜ਼ ਵਿਚ ਕਿਹਾ: ‘ਹਾਇ! ਹਾਇ! ਇਸ ਵੱਡੇ ਸ਼ਹਿਰ ʼਤੇ, ਇਸ ਦੀ ਧਨ-ਦੌਲਤ ਕਰਕੇ ਸਾਰੇ ਸਮੁੰਦਰੀ ਜਹਾਜ਼ਾਂ ਦੇ ਮਾਲਕ ਅਮੀਰ ਹੋਏ ਸਨ, ਪਰ ਇੱਕੋ ਘੰਟੇ ਵਿਚ ਇਸ ਨੂੰ ਤਬਾਹ ਕਰ ਦਿੱਤਾ ਗਿਆ!’+
20 “ਹੇ ਸਵਰਗ ਵਿਚ ਰਹਿਣ ਵਾਲਿਓ, ਨਾਲੇ ਪਵਿੱਤਰ ਸੇਵਕੋ,+ ਰਸੂਲੋ ਤੇ ਨਬੀਓ, ਇਸ ਦੀ ਤਬਾਹੀ ʼਤੇ ਖ਼ੁਸ਼ੀਆਂ ਮਨਾਓ+ ਕਿਉਂਕਿ ਪਰਮੇਸ਼ੁਰ ਨੇ ਇਸ ਨੂੰ ਸਜ਼ਾ ਦੇ ਕੇ ਤੁਹਾਡਾ ਬਦਲਾ ਲਿਆ ਹੈ!”+
21 ਇਕ ਤਾਕਤਵਰ ਦੂਤ ਨੇ ਚੱਕੀ ਦੇ ਵੱਡੇ ਪੁੜ ਵਰਗਾ ਇਕ ਪੱਥਰ ਲੈ ਕੇ ਸਮੁੰਦਰ ਵਿਚ ਸੁੱਟਿਆ ਅਤੇ ਕਿਹਾ: “ਇਸੇ ਤਰ੍ਹਾਂ ਮਹਾਂ ਬਾਬਲ ਨੂੰ ਇੰਨੀ ਹੀ ਤੇਜ਼ੀ ਨਾਲ ਢਾਹਿਆ ਜਾਵੇਗਾ ਅਤੇ ਇਸ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ।+ 22 ਰਬਾਬ ਵਜਾ ਕੇ ਨਾਲ-ਨਾਲ ਗਾਉਣ ਵਾਲੇ ਗਾਇਕਾਂ ਦੀ ਆਵਾਜ਼, ਸੰਗੀਤਕਾਰਾਂ ਦੀ ਆਵਾਜ਼, ਬੰਸਰੀਆਂ ਵਜਾਉਣ ਵਾਲਿਆਂ ਦੀ ਆਵਾਜ਼ ਅਤੇ ਤੁਰ੍ਹੀਆਂ ਵਜਾਉਣ ਵਾਲਿਆਂ ਦੀ ਆਵਾਜ਼ ਦੁਬਾਰਾ ਕਦੇ ਤੇਰੇ ਵਿਚ ਸੁਣਾਈ ਨਹੀਂ ਦੇਵੇਗੀ। ਕੋਈ ਵੀ ਕਾਰੀਗਰ ਤੇਰੇ ਵਿਚ ਦੁਬਾਰਾ ਨਹੀਂ ਹੋਵੇਗਾ ਅਤੇ ਚੱਕੀ ਦੀ ਆਵਾਜ਼ ਤੇਰੇ ਵਿਚ ਦੁਬਾਰਾ ਕਦੇ ਨਹੀਂ ਸੁਣਾਈ ਦੇਵੇਗੀ। 23 ਤੇਰੇ ਵਿਚ ਦੁਬਾਰਾ ਕਦੇ ਵੀ ਦੀਵਾ ਨਹੀਂ ਬਲ਼ੇਗਾ ਅਤੇ ਤੇਰੇ ਵਿਚ ਲਾੜੇ ਅਤੇ ਲਾੜੀ ਦੀ ਆਵਾਜ਼ ਦੁਬਾਰਾ ਕਦੇ ਸੁਣਾਈ ਨਹੀਂ ਦੇਵੇਗੀ। ਤੇਰੇ ਵਪਾਰੀ ਧਰਤੀ ਦੇ ਮੰਨੇ-ਪ੍ਰਮੰਨੇ ਲੋਕ ਸਨ ਅਤੇ ਤੂੰ ਆਪਣੀਆਂ ਜਾਦੂਗਰੀਆਂ+ ਨਾਲ ਸਾਰੀਆਂ ਕੌਮਾਂ ਨੂੰ ਗੁਮਰਾਹ ਕੀਤਾ ਸੀ। 24 ਇਸ ਸ਼ਹਿਰ ਵਿਚ ਨਬੀਆਂ ਅਤੇ ਪਵਿੱਤਰ ਸੇਵਕਾਂ ਅਤੇ ਉਨ੍ਹਾਂ ਸਾਰਿਆਂ ਦਾ ਖ਼ੂਨ ਪਾਇਆ ਗਿਆ+ ਜਿਨ੍ਹਾਂ ਨੂੰ ਧਰਤੀ ਉੱਤੇ ਬੇਰਹਿਮੀ ਨਾਲ ਜਾਨੋਂ ਮਾਰਿਆ ਗਿਆ ਸੀ।”+