ਅਧਿਐਨ ਲੇਖ 42
ਯਹੋਵਾਹ ਪ੍ਰਤੀ ‘ਖਰਿਆਈ ਬਣਾਈ ਰੱਖਣ ਵਾਲੇ ਖ਼ੁਸ਼ ਹਨ’
‘ਖ਼ੁਸ਼ ਹਨ ਉਹ ਲੋਕ ਜਿਹੜੇ ਖਰਿਆਈ ਬਣਾਈ ਰੱਖਦੇ ਹਨ ਅਤੇ ਯਹੋਵਾਹ ਦੇ ਕਾਨੂੰਨ ਦੀ ਪਾਲਣਾ ਕਰਦੇ ਹਨ।’—ਜ਼ਬੂ. 119:1, ਫੁਟਨੋਟ।
ਗੀਤ 129 ਅਸੀਂ ਧੀਰਜ ਨਾਲ ਸਹਿੰਦੇ ਰਹਾਂਗੇ
ਖ਼ਾਸ ਗੱਲਾਂa
1-2. (ੳ) ਕੁਝ ਸਰਕਾਰਾਂ ਯਹੋਵਾਹ ਦੇ ਲੋਕਾਂ ਖ਼ਿਲਾਫ਼ ਕੀ ਕਰਦੀਆਂ ਹਨ, ਪਰ ਯਹੋਵਾਹ ਦੇ ਲੋਕ ਕੀ ਕਰਦੇ ਹਨ? (ਅ) ਸਤਾਏ ਜਾਣ ਦੇ ਬਾਵਜੂਦ ਵੀ ਇਹ ਭੈਣ-ਭਰਾ ਖ਼ੁਸ਼ ਕਿਉਂ ਹਨ? (ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ।)
ਅੱਜ ਦੁਨੀਆਂ ਭਰ ਵਿਚ 30 ਤੋਂ ਵੀ ਜ਼ਿਆਦਾ ਦੇਸ਼ਾਂ ਵਿਚ ਸਾਡੇ ਕੰਮ ʼਤੇ ਰੋਕ ਜਾਂ ਪਾਬੰਦੀ ਲਾਈ ਗਈ ਹੈ। ਇਨ੍ਹਾਂ ਵਿੱਚੋਂ ਕੁਝ ਦੇਸ਼ਾਂ ਦੇ ਅਧਿਕਾਰੀਆਂ ਨੇ ਸਾਡੇ ਭੈਣਾਂ-ਭਰਾਵਾਂ ਨੂੰ ਜੇਲ੍ਹਾਂ ਵਿਚ ਬੰਦ ਕੀਤਾ ਹੋਇਆ ਹੈ। ਕੀ ਇਨ੍ਹਾਂ ਭੈਣਾਂ-ਭਰਾਵਾਂ ਨੇ ਕੁਝ ਗ਼ਲਤ ਕੀਤਾ ਹੈ? ਨਹੀਂ, ਇਨ੍ਹਾਂ ਨੇ ਯਹੋਵਾਹ ਦੀਆਂ ਨਜ਼ਰਾਂ ਵਿਚ ਕੁਝ ਵੀ ਗ਼ਲਤ ਨਹੀਂ ਕੀਤਾ। ਇਹ ਸਾਰੇ ਭੈਣ-ਭਰਾ ਬਾਈਬਲ ਪੜ੍ਹਦੇ ਤੇ ਇਸ ਦਾ ਅਧਿਐਨ ਕਰਦੇ ਹਨ, ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਦੇ ਹਨ ਅਤੇ ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਸਭਾਵਾਂ ਵਿਚ ਇਕੱਠੇ ਹੁੰਦੇ ਹਨ। ਉਹ ਰਾਜਨੀਤਿਕ ਮਾਮਲਿਆਂ ਵਿਚ ਕਿਸੇ ਦਾ ਪੱਖ ਨਹੀਂ ਲੈਂਦੇ। ਸਖ਼ਤ ਵਿਰੋਧ ਦੇ ਬਾਵਜੂਦ ਉਹ ਵਫ਼ਾਦਾਰ ਰਹਿ ਕੇ ਦਿਖਾਉਂਦੇ ਹਨ ਕਿ ਉਹ ਸਿਰਫ਼ ਤੇ ਸਿਰਫ਼ ਯਹੋਵਾਹ ਦੀ ਹੀ ਭਗਤੀ ਕਰਦੇ ਹਨ। ਯਹੋਵਾਹ ਪ੍ਰਤੀ ਵਫ਼ਾਦਾਰ ਰਹਿ ਕੇ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਹੈ।
2 ਸੱਚ-ਮੁੱਚ ਇਹ ਭੈਣ-ਭਰਾ ਬਹੁਤ ਦਲੇਰ ਹਨ। ਤੁਸੀਂ ਇਨ੍ਹਾਂ ਵਿੱਚੋਂ ਕੁਝ ਜਣਿਆਂ ਦੀਆਂ ਤਸਵੀਰਾਂ ਦੇਖੀਆਂ ਹੋਣੀਆਂ ਅਤੇ ਗੌਰ ਕੀਤਾ ਹੋਣਾ ਕਿ ਇਨ੍ਹਾਂ ਦੇ ਚਿਹਰਿਆਂ ʼਤੇ ਮੁਸਕਾਨ ਹੈ। ਇਹ ਇੰਨੇ ਖ਼ੁਸ਼ ਕਿਉਂ ਹਨ? ਕਿਉਂਕਿ ਇਹ ਭੈਣ-ਭਰਾ ਚੰਗੀ ਤਰ੍ਹਾਂ ਜਾਣਦੇ ਹਨ ਕਿ ਯਹੋਵਾਹ ਉਨ੍ਹਾਂ ਦੀ ਖਰਿਆਈ ਯਾਨੀ ਵਫ਼ਾਦਾਰੀ ਦੇਖ ਕੇ ਬਹੁਤ ਖ਼ੁਸ਼ ਹੈ। (1 ਇਤਿ. 29:17ੳ) ਯਿਸੂ ਨੇ ਕਿਹਾ ਸੀ: “ਖ਼ੁਸ਼ ਹਨ ਜਿਹੜੇ ਸਹੀ ਕੰਮ ਕਰਨ ਕਰਕੇ ਸਤਾਏ ਜਾਂਦੇ ਹਨ . . . ਆਨੰਦ ਮਨਾਓ ਤੇ ਖ਼ੁਸ਼ ਹੋਵੋ ਕਿਉਂਕਿ ਸਵਰਗ ਵਿਚ ਤੁਹਾਨੂੰ ਵੱਡਾ ਇਨਾਮ ਮਿਲੇਗਾ।”—ਮੱਤੀ 5:10-12.
ਰਸੂਲਾਂ ਦੀ ਸਾਡੇ ਲਈ ਮਿਸਾਲ
3. ਰਸੂਲਾਂ ਦੇ ਕੰਮ 4:19, 20 ਮੁਤਾਬਕ ਪਹਿਲੀ ਸਦੀ ਵਿਚ ਰਸੂਲਾਂ ਨੇ ਅਤਿਆਚਾਰ ਹੋਣ ਤੇ ਕੀ ਕੀਤਾ ਅਤੇ ਕਿਉਂ?
3 ਅੱਜ ਸਾਡੇ ਭੈਣਾਂ-ਭਰਾਵਾਂ ʼਤੇ ਉਸੇ ਤਰ੍ਹਾਂ ਹੀ ਅਤਿਆਚਾਰ ਕੀਤੇ ਜਾਂਦੇ ਹਨ ਜਿੱਦਾਂ ਪਹਿਲੀ ਸਦੀ ਵਿਚ ਰਸੂਲਾਂ ʼਤੇ ਕੀਤੇ ਜਾਂਦੇ ਸਨ। ਯਿਸੂ ਬਾਰੇ ਪ੍ਰਚਾਰ ਕਰਨ ਕਰਕੇ ਉਨ੍ਹਾਂ ʼਤੇ ਅਤਿਆਚਾਰ ਕੀਤੇ ਜਾਂਦੇ ਸਨ। ਯਹੂਦੀ ਮਹਾਸਭਾ ਦੇ ਨਿਆਂਕਾਰਾਂ ਨੇ ਵਾਰ-ਵਾਰ ਰਸੂਲਾਂ ਨੂੰ “ਹੁਕਮ ਦਿੱਤਾ ਕਿ ਉਹ ਯਿਸੂ ਦੇ ਨਾਂ ਬਾਰੇ ਨਾ ਤਾਂ ਗੱਲ ਕਰਨ ਅਤੇ ਨਾ ਹੀ ਸਿੱਖਿਆ ਦੇਣ।” (ਰਸੂ. 4:18; 5:27, 28, 40) ਪਰ ਰਸੂਲਾਂ ਨੇ ਕੀ ਕੀਤਾ? (ਰਸੂਲਾਂ ਦੇ ਕੰਮ 4:19, 20 ਪੜ੍ਹੋ।) ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਯਹੋਵਾਹ ਕੋਲ ਸਭ ਤੋਂ ਜ਼ਿਆਦਾ ਅਧਿਕਾਰ ਹੈ ਅਤੇ ਉਸੇ ਨੇ ਉਨ੍ਹਾਂ ਨੂੰ ‘ਹੁਕਮ ਦਿੱਤਾ ਕਿ ਉਹ ਲੋਕਾਂ ਨੂੰ ਪ੍ਰਚਾਰ ਕਰਨ’ ਅਤੇ ਮਸੀਹ ਬਾਰੇ ‘ਚੰਗੀ ਤਰ੍ਹਾਂ ਗਵਾਹੀ ਦੇਣ।’ (ਰਸੂ. 10:42) ਸਾਰੇ ਰਸੂਲਾਂ ਵੱਲੋਂ ਪਤਰਸ ਤੇ ਯੂਹੰਨਾ ਨੇ ਦਲੇਰੀ ਨਾਲ ਜਵਾਬ ਦਿੱਤਾ ਕਿ ਉਹ ਨਿਆਂਕਾਰਾਂ ਦੀ ਬਜਾਇ ਪਰਮੇਸ਼ੁਰ ਦਾ ਕਹਿਣਾ ਮੰਨਣਗੇ ਅਤੇ ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਯਿਸੂ ਬਾਰੇ ਦੂਜਿਆਂ ਨੂੰ ਦੱਸਣਾ ਬੰਦ ਨਹੀਂ ਕਰਨਗੇ। ਰਸੂਲ ਇਹ ਗੱਲ ਕਹਿ ਕੇ ਇਕ ਤਰੀਕੇ ਨਾਲ ਮਹਾਸਭਾ ਦੇ ਨਿਆਂਕਾਰਾਂ ਨੂੰ ਪੁੱਛ ਰਹੇ ਸਨ, ‘ਕੀ ਤੁਹਾਡੇ ਕੋਲ ਪਰਮੇਸ਼ੁਰ ਨਾਲੋਂ ਵੀ ਜ਼ਿਆਦਾ ਅਧਿਕਾਰ ਹੈ ਕਿ ਅਸੀਂ ਤੁਹਾਡਾ ਕਹਿਣਾ ਮੰਨੀਏ?’
4. ਰਸੂਲਾਂ ਦੇ ਕੰਮ 5:27-29 ਮੁਤਾਬਕ ਸਾਰੇ ਰਸੂਲਾਂ ਨੇ ਸੱਚੇ ਮਸੀਹੀਆਂ ਲਈ ਕਿਹੜੀ ਮਿਸਾਲ ਕਾਇਮ ਕੀਤੀ ਅਤੇ ਅਸੀਂ ਉਨ੍ਹਾਂ ਦੀ ਮਿਸਾਲ ʼਤੇ ਕਿਵੇਂ ਚੱਲ ਸਕਦੇ ਹਾਂ?
4 ਰਸੂਲਾਂ ਨੇ ਇਕ ਵਧੀਆਂ ਮਿਸਾਲ ਕਾਇਮ ਕੀਤੀ। ਉਦੋਂ ਤੋਂ ਲੈ ਕੇ ਅੱਜ ਤਕ ਸਾਰੇ ਸੱਚੇ ਮਸੀਹੀ ਰਸੂਲਾਂ ਵਾਂਗ ਮੰਨਦੇ ਆਏ ਹਨ ਕਿ ‘ਪਰਮੇਸ਼ੁਰ ਹੀ ਉਨ੍ਹਾਂ ਦਾ ਰਾਜਾ ਹੈ, ਇਸ ਕਰਕੇ ਉਹ ਇਨਸਾਨਾਂ ਦੀ ਬਜਾਇ ਉਸ ਦਾ ਹੀ ਹੁਕਮ ਮੰਨਦੇ ਹਨ।’ (ਰਸੂਲਾਂ ਦੇ ਕੰਮ 5:27-29 ਪੜ੍ਹੋ।) ਰਸੂਲਾਂ ਨੇ ਕੁੱਟ ਖਾਣ ਦੇ ਬਾਵਜੂਦ ਆਪਣੀ ਵਫ਼ਾਦਾਰੀ ਬਣਾਈ ਰੱਖੀ। ਜਦੋਂ ਰਸੂਲ ਯਹੂਦੀ ਮਹਾਸਭਾ ਤੋਂ ਬਾਹਰ ਆਏ, ਤਾਂ ਉਹ “ਇਸ ਗੱਲੋਂ ਖ਼ੁਸ਼ ਸਨ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਯਿਸੂ ਦੇ ਨਾਂ ਦੀ ਖ਼ਾਤਰ ਬੇਇੱਜ਼ਤ ਕੀਤੇ ਜਾਣ ਦਾ ਸਨਮਾਨ ਬਖ਼ਸ਼ਿਆ।” ਇਸ ਕਰਕੇ ਉਹ ਪ੍ਰਚਾਰ ਕਰਨ ਵਿਚ ਲੱਗੇ ਰਹੇ।—ਰਸੂ. 5:40-42.
5. ਸਾਡੇ ਮਨ ਵਿਚ ਸ਼ਾਇਦ ਕਿਹੜੇ ਸਵਾਲ ਆਉਣ?
5 ਰਸੂਲਾਂ ਵਾਂਗ ਅੱਜ ਅਸੀਂ ਵੀ ਇਨਸਾਨਾਂ ਦੀ ਬਜਾਇ ਪਰਮੇਸ਼ੁਰ ਦਾ ਹੁਕਮ ਮੰਨਦੇ ਹਾਂ। ਪਰ ਬਾਈਬਲ ਵਿਚ ਇਹ ਵੀ ਹੁਕਮ ਦਿੱਤਾ ਗਿਆ ਹੈ ਕਿ ਅਸੀਂ “ਉੱਚ ਅਧਿਕਾਰੀਆਂ ਦੇ ਅਧੀਨ” ਰਹੀਏ। (ਰੋਮੀ. 13:1) ਇਸ ਲਈ ਸਾਡੇ ਮਨ ਵਿਚ ਇਹ ਸਵਾਲ ਖੜ੍ਹੇ ਹੁੰਦੇ ਹਨ: ਕੀ ਪਹਿਲੀ ਸਦੀ ਦੇ ਮਸੀਹੀਆਂ ਲਈ ਪਰਮੇਸ਼ੁਰ ਦਾ ਕਹਿਣਾ ਮੰਨਣ ਦੇ ਨਾਲ-ਨਾਲ ਉੱਚ ਅਧਿਕਾਰੀਆਂ ਦੇ ਅਧੀਨ ਰਹਿਣਾ ਮੁਮਕਿਨ ਸੀ? ਕੀ ਅੱਜ ਸਾਡੇ ਲਈ ਵੀ ਇਹ ਮੁਮਕਿਨ ਹੈ ਕਿ ਅਸੀਂ ਪੌਲੁਸ ਦੇ ਕਹੇ ਮੁਤਾਬਕ “ਸਰਕਾਰਾਂ ਅਤੇ ਅਧਿਕਾਰੀਆਂ ਦੇ ਅਧੀਨ” ਰਹੀਏ ਅਤੇ ਪੂਰੀ ਦੁਨੀਆਂ ਦੇ ਮਾਲਕ ਯਹੋਵਾਹ ਦਾ ਵੀ ਕਹਿਣਾ ਮੰਨੀਏ?—ਤੀਤੁ. 3:1.
‘ਉੱਚ ਅਧਿਕਾਰੀ’
6. (ੳ) ਰੋਮੀਆਂ 13:1 ਵਿਚ ਦੱਸੇ ‘ਉੱਚ ਅਧਿਕਾਰੀ’ ਕੌਣ ਹਨ ਅਤੇ ਸਾਨੂੰ ਕਿਹੜਾ ਹੁਕਮ ਦਿੱਤਾ ਗਿਆ ਹੈ? (ਅ) ਸਾਰੇ ਇਨਸਾਨੀ ਅਧਿਕਾਰੀਆਂ ਬਾਰੇ ਕਿਹੜੀ ਗੱਲ ਸੱਚ ਹੈ?
6 ਰੋਮੀਆਂ 13:1 ਪੜ੍ਹੋ। ਇਸ ਆਇਤ ਵਿਚ ਸ਼ਬਦ ‘ਉੱਚ ਅਧਿਕਾਰੀ’ ਇਨਸਾਨੀ ਅਧਿਕਾਰੀਆਂ ਨੂੰ ਦਰਸਾਉਂਦੇ ਹਨ ਜਿਨ੍ਹਾਂ ਕੋਲ ਤਾਕਤ ਅਤੇ ਦੂਜਿਆਂ ʼਤੇ ਅਧਿਕਾਰ ਹੁੰਦਾ ਹੈ। ਮਸੀਹੀ ਇਨ੍ਹਾਂ ਦੇ ਅਧੀਨ ਰਹਿੰਦੇ ਹਨ। ਅਧਿਕਾਰੀ ਧਿਆਨ ਰੱਖਦੇ ਹਨ ਕਿ ਸ਼ਾਂਤੀ ਬਣੀ ਰਹੇ ਅਤੇ ਲੋਕ ਕਾਨੂੰਨਾਂ ਦੀ ਪਾਲਣਾ ਕਰਨ। ਨਾਲੇ ਕਈ ਵਾਰ ਤਾਂ ਇਹ ਅਧਿਕਾਰੀ ਯਹੋਵਾਹ ਦੇ ਲੋਕਾਂ ਦੇ ਪੱਖ ਵਿਚ ਫ਼ੈਸਲੇ ਵੀ ਕਰਦੇ ਹਨ। (ਪ੍ਰਕਾ. 12:16) ਇਸ ਲਈ ਸਾਨੂੰ ਹੁਕਮ ਦਿੱਤਾ ਗਿਆ ਹੈ ਕਿ ਅਸੀਂ ਸਰਕਾਰਾਂ ਨੂੰ ਟੈਕਸ ਜਾਂ ਚੁੰਗੀ ਦੇਈਏ, ਉਨ੍ਹਾਂ ਦਾ ਡਰ ਰੱਖੀਏ ਅਤੇ ਉਨ੍ਹਾਂ ਦਾ ਆਦਰ ਕਰੀਏ। (ਰੋਮੀ. 13:7) ਪਰ ਇਨਸਾਨੀ ਸਰਕਾਰਾਂ ਕੋਲ ਸਿਰਫ਼ ਇਸ ਲਈ ਅਧਿਕਾਰ ਹੈ ਕਿਉਂਕਿ ਯਹੋਵਾਹ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਦਿੰਦਾ ਹੈ। ਯਿਸੂ ਨੇ ਵੀ ਇਹ ਗੱਲ ਸਪੱਸ਼ਟ ਕੀਤੀ ਜਦੋਂ ਰੋਮੀ ਰਾਜਪਾਲ ਪੁੰਤੀਅਸ ਪਿਲਾਤੁਸ ਨੇ ਉਸ ਤੋਂ ਪੁੱਛ-ਗਿੱਛ ਕੀਤੀ ਸੀ। ਜਦੋਂ ਪਿਲਾਤੁਸ ਨੇ ਯਿਸੂ ਦੀ ਜਾਨ ਬਚਾਉਣ ਜਾਂ ਉਸ ਨੂੰ ਮੌਤ ਦੇ ਘਾਟ ਉਤਾਰਨ ਦੇ ਆਪਣੇ ਅਧਿਕਾਰ ਬਾਰੇ ਦੱਸਿਆ, ਤਾਂ ਯਿਸੂ ਨੇ ਉਸ ਨੂੰ ਕਿਹਾ: “ਜੇ ਤੈਨੂੰ ਇਹ ਅਧਿਕਾਰ ਪਰਮੇਸ਼ੁਰ ਤੋਂ ਨਾ ਮਿਲਿਆ ਹੁੰਦਾ, ਤਾਂ ਤੈਨੂੰ ਮੇਰੇ ਉੱਤੇ ਕੋਈ ਅਧਿਕਾਰ ਨਾ ਹੁੰਦਾ।” (ਯੂਹੰ. 19:11) ਇਸ ਤੋਂ ਪਤਾ ਲੱਗਦਾ ਹੈ ਕਿ ਪਿਲਾਤੁਸ ਵਾਂਗ ਅੱਜ ਸਾਰੇ ਇਨਸਾਨੀ ਰਾਜਿਆਂ ਅਤੇ ਹਕੂਮਤਾਂ ਕੋਲ ਕੁਝ ਹੱਦ ਤਕ ਹੀ ਅਧਿਕਾਰ ਹੈ।
7. (ੳ) ਸਾਨੂੰ ਕਦੋਂ ਇਨਸਾਨੀ ਅਧਿਕਾਰੀਆਂ ਦੇ ਹੁਕਮ ਨਹੀਂ ਮੰਨਣੇ ਚਾਹੀਦੇ? (ਅ) ਅਧਿਕਾਰੀਆਂ ਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?
7 ਮਸੀਹੀ ਇਨਸਾਨੀ ਅਧਿਕਾਰੀਆਂ ਦੇ ਉਨ੍ਹਾਂ ਸਾਰੇ ਕਾਨੂੰਨਾਂ ਦੀ ਪਾਲਣਾ ਕਰਦੇ ਹਨ ਜੋ ਪਰਮੇਸ਼ੁਰ ਦੇ ਕਾਨੂੰਨਾਂ ਦੇ ਖ਼ਿਲਾਫ਼ ਨਹੀਂ ਹਨ। ਪਰ ਅਸੀਂ ਉਦੋਂ ਇਨਸਾਨੀ ਅਧਿਕਾਰੀਆਂ ਦੇ ਹੁਕਮ ਨਹੀਂ ਮੰਨਦੇ ਜਦੋਂ ਉਹ ਸਾਨੂੰ ਪਰਮੇਸ਼ੁਰ ਦੀ ਮਰਜ਼ੀ ਦੇ ਉਲਟ ਕੁਝ ਕਰਨ ਲਈ ਕਹਿੰਦੇ ਹਨ। ਉਦਾਹਰਣ ਲਈ, ਹੋ ਸਕਦਾ ਹੈ ਕਿ ਉਹ ਕਾਨੂੰਨ ਬਣਾ ਦੇਣ ਕਿ ਨੌਜਵਾਨਾਂ ਨੂੰ ਦੇਸ਼ ਦੀ ਖ਼ਾਤਰ ਹਥਿਆਰ ਚੁੱਕਣੇ ਪੈਣੇ ਅਤੇ ਲੜਨਾ ਪੈਣਾ।b ਜਾਂ ਹੋ ਸਕਦਾ ਹੈ ਕਿ ਉਹ ਸਾਡੀ ਨਵੀਂ ਦੁਨੀਆਂ ਅਨੁਵਾਦ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ʼਤੇ ਪਾਬੰਦੀ ਲਾ ਦੇਣ ਅਤੇ ਸਾਨੂੰ ਪ੍ਰਚਾਰ ਕਰਨ ਅਤੇ ਭਗਤੀ ਲਈ ਇਕੱਠੇ ਹੋਣ ਤੇ ਰੋਕ ਲਾ ਦੇਣ। ਕਈ ਵਾਰੀ ਅਧਿਕਾਰੀ ਆਪਣੇ ਅਧਿਕਾਰ ਦੀ ਗ਼ਲਤ ਵਰਤੋਂ ਕਰਦੇ ਹਨ, ਜਿਵੇਂ ਕਿ ਮਸੀਹ ਦੇ ਚੇਲਿਆਂ ʼਤੇ ਅਤਿਆਚਾਰ ਕਰਦੇ ਹਨ। ਪਰ ਉਨ੍ਹਾਂ ਨੂੰ ਪਰਮੇਸ਼ੁਰ ਨੂੰ ਲੇਖਾਂ ਦੇਣਾ ਪੈਣਾ ਕਿਉਂਕਿ ਉਹ ਸਭ ਕੁਝ ਦੇਖ ਰਿਹਾ ਹੈ!—ਉਪ. 5:8.
8. ਯਹੋਵਾਹ ਅਤੇ “ਉੱਚ ਅਧਿਕਾਰੀਆਂ” ਵਿਚ ਕੀ ਫ਼ਰਕ ਹੈ?
8 ‘ਉੱਚ ਅਧਿਕਾਰੀ’ ਸ਼ਬਦ ਉਸ ਵਿਅਕਤੀ ਲਈ ਵਰਤਿਆਂ ਜਾਂਦਾ ਜਿਸ ਕੋਲ ਉੱਚਾ ਅਹੁਦਾ ਹੁੰਦਾ ਹੈ। ਪਰ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਉਹ ਸਾਰਿਆਂ ਤੋਂ ਉੱਚੇ ਅਹੁਦੇ ʼਤੇ ਹੈ। ਬਾਈਬਲ ਵਿਚ ਇਨਸਾਨੀ ਸਰਕਾਰਾਂ ਨੂੰ ‘ਉੱਚ ਅਧਿਕਾਰੀ’ ਕਿਹਾ ਗਿਆ ਹੈ। ਪਰ ਉਨ੍ਹਾਂ ਤੋਂ ਵੀ ਉੱਪਰ ਕੋਈ ਹੈ ਜਿਸ ਕੋਲ ਸਭ ਤੋਂ ਜ਼ਿਆਦਾ ਅਧਿਕਾਰ ਹੈ। ਉਹ ਕੋਈ ਹੋਰ ਨਹੀਂ, ਬਲਕਿ ਪਰਮੇਸ਼ੁਰ ਯਹੋਵਾਹ ਹੈ ਜਿਸ ਨੂੰ ਬਾਈਬਲ ਵਿਚ ਕਈ ਵਾਰ “ਅੱਤ ਮਹਾਨ” ਕਿਹਾ ਗਿਆ ਹੈ।—ਦਾਨੀ. 7:18, 22, 25, 27.
“ਅੱਤ ਮਹਾਨ”
9. ਦਾਨੀਏਲ ਨਬੀ ਨੇ ਦਰਸ਼ਣਾਂ ਵਿਚ ਕੀ ਦੇਖਿਆ?
9 ਦਾਨੀਏਲ ਨਬੀ ਨੇ ਜੋ ਦਰਸ਼ਣ ਦੇਖੇ ਸਨ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਕੋਲ ਹੀ ਸਭ ਤੋਂ ਜ਼ਿਆਦਾ ਅਧਿਕਾਰ ਹੈ। ਦਾਨੀਏਲ ਨੇ ਸਭ ਤੋਂ ਪਹਿਲਾਂ ਚਾਰ ਵਹਿਸ਼ੀ ਦਰਿੰਦਿਆਂ ਨੂੰ ਦੇਖਿਆ ਜੋ ਵਿਸ਼ਵ ਸ਼ਕਤੀਆਂ ਨੂੰ ਦਰਸਾਉਂਦੇ ਹਨ ਯਾਨੀ ਬਾਬਲ, ਮਾਦੀ-ਫਾਰਸੀ, ਯੂਨਾਨ, ਰੋਮ ਅਤੇ ਇਸ ਵਿੱਚੋਂ ਨਿਕਲੀ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਜੋ ਹੁਣ ਰਾਜ ਕਰ ਰਹੀ ਹੈ। (ਦਾਨੀ. 7:1-3, 17) ਫਿਰ ਦਾਨੀਏਲ ਨੇ ਦੇਖਿਆ ਕਿ ਯਹੋਵਾਹ ਆਪਣੇ ਸਵਰਗੀ ਸਿੰਘਾਸਣ ʼਤੇ ਬੈਠਾ ਹੋਇਆ ਹੈ ਅਤੇ ਉਸ ਅੱਗੇ ਅਦਾਲਤ ਦੀ ਕਾਰਵਾਈ ਸ਼ੁਰੂ ਕੀਤੀ ਗਈ। (ਦਾਨੀ. 7:9, 10) ਦਾਨੀਏਲ ਨਬੀ ਨੇ ਅੱਗੇ ਦੇਖਿਆ ਕਿ ਅੱਜ ਦੀਆਂ ਸਰਕਾਰਾਂ ਦਾ ਕੀ ਹਸ਼ਰ ਹੋਵੇਗਾ।
10. ਦਾਨੀਏਲ 7:13, 14, 27 ਮੁਤਾਬਕ ਯਹੋਵਾਹ ਕਿਨ੍ਹਾਂ ਨੂੰ ਰਾਜ ਦੇਵੇਗਾ ਅਤੇ ਇਸ ਤੋਂ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ?
10 ਦਾਨੀਏਲ 7:13, 14, 27 ਪੜ੍ਹੋ। ਪਰਮੇਸ਼ੁਰ ਇਨਸਾਨੀ ਹਕੂਮਤਾਂ ਤੋਂ ਰਾਜ ਲੈ ਕੇ ਉਨ੍ਹਾਂ ਨੂੰ ਦੇਵੇਗਾ ਜਿਹੜੇ ਇਸ ਦੇ ਕਾਬਲ ਹਨ ਅਤੇ ਜਿਨ੍ਹਾਂ ਕੋਲ ਇਨਸਾਨੀ ਹਕੂਮਤਾਂ ਨਾਲੋਂ ਕਿਤੇ ਜ਼ਿਆਦਾ ਤਾਕਤ ਹੈ। ਪਰਮੇਸ਼ੁਰ ਕਿਨ੍ਹਾਂ ਨੂੰ ਇਹ ਰਾਜ ਦੇਵੇਗਾ? ਉਹ ਇਹ ਰਾਜ ‘ਮਨੁੱਖ ਦੇ ਪੁੱਤਰ ਵਰਗੇ’ ਯਾਨੀ ਯਿਸੂ ਮਸੀਹ ਨੂੰ ਅਤੇ “ਅੱਤ ਮਹਾਨ ਦੇ ਪਵਿੱਤਰ ਸੇਵਕਾਂ” ਯਾਨੀ 1,44,000 ਨੂੰ ਦੇਵੇਗਾ ਤੇ ਉਹ “ਹਮੇਸ਼ਾ-ਹਮੇਸ਼ਾ ਲਈ” ਰਾਜ ਕਰਨਗੇ। (ਦਾਨੀ. 7:18) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਹੀ “ਅੱਤ ਮਹਾਨ” ਹੈ ਅਤੇ ਸਿਰਫ਼ ਉਸ ਕੋਲ ਹੀ ਇੱਦਾਂ ਕਰਨ ਦਾ ਅਧਿਕਾਰ ਹੈ।
11. ਦਾਨੀਏਲ ਨੇ ਜੋ ਲਿਖਿਆ ਉਸ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਅੱਤ ਮਹਾਨ ਹੈ?
11 ਦਾਨੀਏਲ ਨੇ ਦਰਸ਼ਣ ਵਿਚ ਜੋ ਦੇਖਿਆ ਸੀ, ਉਸ ਨਾਲ ਮਿਲਦੀ-ਜੁਲਦੀ ਗੱਲ ਉਸ ਨੇ ਪਹਿਲਾਂ ਕਹੀ ਸੀ। ਉਸ ਨੇ ਕਿਹਾ ਸੀ: ‘ਸਵਰਗ ਦਾ ਪਰਮੇਸ਼ੁਰ ਰਾਜਿਆਂ ਨੂੰ ਗੱਦੀ ʼਤੇ ਬਿਠਾਉਂਦਾ ਅਤੇ ਲਾਹੁੰਦਾ ਹੈ।’ ਉਸ ਨੇ ਇਹ ਵੀ ਕਿਹਾ: “ਅੱਤ ਮਹਾਨ ਪਰਮੇਸ਼ੁਰ ਇਨਸਾਨੀ ਹਕੂਮਤਾਂ ʼਤੇ ਰਾਜ ਕਰਦਾ ਹੈ। ਉਹ ਜਿਸ ਨੂੰ ਚਾਹੇ, ਰਾਜ ਦਿੰਦਾ ਹੈ।” (ਦਾਨੀ. 2:19-21; 4:17) ਕੀ ਕਦੇ ਇੱਦਾਂ ਹੋਇਆ ਹੈ ਕਿ ਯਹੋਵਾਹ ਨੇ ਕਿਸੇ ਕੋਲੋਂ ਹਕੂਮਤ ਲਈ ਹੋਵੇ ਜਾਂ ਕਿਸੇ ਨੂੰ ਦਿੱਤੀ ਹੋਵੇ? ਜੀ ਹਾਂ, ਬਿਲਕੁਲ ਇੱਦਾਂ ਹੋਇਆ ਹੈ।
12. ਪੁਰਾਣੇ ਸਮੇਂ ਵਿਚ ਯਹੋਵਾਹ ਨੇ ਕਿਨ੍ਹਾਂ ਰਾਜਿਆਂ ਤੋਂ ਹਕੂਮਤ ਲੈ ਲਈ ਸੀ? ਮਿਸਾਲਾਂ ਦਿਓ। (ਤਸਵੀਰ ਦੇਖੋ।)
12 ਯਹੋਵਾਹ ਨੇ ਇਹ ਗੱਲ ਸਾਫ਼ ਜ਼ਾਹਰ ਕੀਤੀ ਕਿ ਉਹ ਦੁਨੀਆਂ ਦੇ “ਉੱਚ ਅਧਿਕਾਰੀਆਂ” ਨਾਲੋਂ ਕਿਤੇ ਜ਼ਿਆਦਾ ਮਹਾਨ ਹੈ। ਇਸ ਬਾਰੇ ਤਿੰਨ ਮਿਸਾਲਾਂ ʼਤੇ ਗੌਰ ਕਰੋ। ਪਹਿਲੀ, ਮਿਸਰ ਦੇ ਫਿਰਊਨ ਨੇ ਯਹੋਵਾਹ ਦੇ ਲੋਕਾਂ ਨੂੰ ਗ਼ੁਲਾਮ ਬਣਾਇਆ ਸੀ ਅਤੇ ਉਹ ਵਾਰ-ਵਾਰ ਉਨ੍ਹਾਂ ਨੂੰ ਆਜ਼ਾਦ ਕਰਨ ਤੋਂ ਮਨ੍ਹਾ ਕਰ ਰਿਹਾ ਸੀ। ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਜ਼ਾਦ ਕਰਾ ਲਿਆ ਅਤੇ ਫਿਰਊਨ ਨੂੰ ਲਾਲ ਸਮੁੰਦਰ ਵਿਚ ਡੁਬੋ ਕੇ ਮਾਰ ਦਿੱਤਾ। (ਕੂਚ 14:26-28; ਜ਼ਬੂ. 136:15) ਦੂਜੀ, ਬਾਬਲ ਦੇ ਰਾਜਾ ਬੇਲਸ਼ੱਸਰ ਨੇ “ਖ਼ੁਦ ਨੂੰ ਸਵਰਗ ਦੇ ਮਾਲਕ ਦੇ ਖ਼ਿਲਾਫ਼ ਉੱਚਾ ਕੀਤਾ।” ਉਸ ਨੇ ਯਹੋਵਾਹ ਦੀ ਬਜਾਇ “ਆਪਣੇ ਚਾਂਦੀ, ਸੋਨੇ” ਦੇ ਦੇਵੀ-ਦੇਵਤਿਆਂ ਦੀ ਵਡਿਆਈ ਕੀਤੀ। (ਦਾਨੀ. 5:22, 23) ਪਰ ਯਹੋਵਾਹ ਨੇ ਉਸ ਘਮੰਡੀ ਰਾਜੇ ਦਾ ਘਮੰਡ ਚੂਰ-ਚੂਰ ਕਰ ਦਿੱਤਾ। “ਉਸੇ ਰਾਤ” ਬੇਲਸ਼ੱਸਰ ਮਾਰਿਆ ਗਿਆ ਅਤੇ ਉਸ ਦਾ ਰਾਜ ਮਾਦੀਆਂ ਤੇ ਫਾਰਸੀਆਂ ਨੂੰ ਦੇ ਦਿੱਤਾ ਗਿਆ। (ਦਾਨੀ. 5:28, 30, 31) ਤੀਜੀ, ਫਲਸਤੀਨ ਦੇ ਰਾਜੇ ਹੇਰੋਦੇਸ ਅਗ੍ਰਿੱਪਾ ਪਹਿਲੇ ਨੇ ਰਸੂਲ ਯਾਕੂਬ ਨੂੰ ਮਰਵਾ ਦਿੱਤਾ ਅਤੇ ਰਸੂਲ ਪਤਰਸ ਨੂੰ ਵੀ ਮਰਵਾਉਣ ਦੇ ਇਰਾਦੇ ਨਾਲ ਜੇਲ੍ਹ ਵਿਚ ਬੰਦ ਕਰ ਦਿੱਤਾ ਸੀ। ਪਰ ਯਹੋਵਾਹ ਨੇ ਹੇਰੋਦੇਸ ਦੀ ਸਕੀਮ ʼਤੇ ਪਾਣੀ ਫੇਰ ਦਿੱਤਾ। “ਯਹੋਵਾਹ ਦੇ ਦੂਤ ਨੇ ਉਸ ਨੂੰ ਸਜ਼ਾ ਦਿੱਤੀ” ਅਤੇ ਉਹ ਮਰ ਗਿਆ।—ਰਸੂ. 12:1-5, 21-23.
13. ਜਦੋਂ ਬਹੁਤ ਸਾਰੇ ਰਾਜਿਆਂ ਨੇ ਯਹੋਵਾਹ ਦੇ ਲੋਕਾਂ ʼਤੇ ਹਮਲਾ ਕੀਤਾ, ਉਦੋਂ ਵੀ ਯਹੋਵਾਹ ਨੇ ਕੀ ਸਾਬਤ ਕੀਤਾ? ਮਿਸਾਲਾਂ ਦਿਓ।
13 ਇਕ ਵਾਰ ਜਦੋਂ ਬਹੁਤ ਸਾਰੇ ਰਾਜੇ ਮਿਲ ਕੇ ਯਹੋਵਾਹ ਦੇ ਲੋਕਾਂ ਖ਼ਿਲਾਫ਼ ਲੜਨ ਆਏ, ਤਾਂ ਉਦੋਂ ਵੀ ਉਸ ਨੇ ਦਿਖਾਇਆ ਕਿ ਉਹ ਇਨਸਾਨੀ ਰਾਜਿਆਂ ਨਾਲੋਂ ਕਿਤੇ ਜ਼ਿਆਦਾ ਮਹਾਨ ਹੈ। ਪਰਮੇਸ਼ੁਰ ਇਜ਼ਰਾਈਲੀਆਂ ਲਈ 31 ਕਨਾਨੀ ਰਾਜਿਆਂ ਨਾਲ ਲੜਿਆ ਅਤੇ ਵਾਅਦਾ ਕੀਤੇ ਦੇਸ਼ ਦੇ ਕਾਫ਼ੀ ਹਿੱਸੇ ਉੱਤੇ ਕਬਜ਼ਾ ਕਰਨ ਵਿਚ ਉਨ੍ਹਾਂ ਦੀ ਮਦਦ ਕੀਤੀ। (ਯਹੋ. 11:4-6, 20; 12:1, 7, 24) ਇਕ ਵਾਰ ਜਦੋਂ ਬਨ-ਹਦਦ ਸੀਰੀਆ ਦੇ 32 ਰਾਜਿਆਂ ਨਾਲ ਮਿਲ ਕੇ ਇਜ਼ਰਾਈਲੀਆਂ ਨਾਲ ਯੁੱਧ ਲੜਨ ਆਇਆ ਸੀ, ਤਾਂ ਯਹੋਵਾਹ ਨੇ ਇਨ੍ਹਾਂ ਰਾਜਿਆਂ ਨੂੰ ਬੁਰੀ ਤਰ੍ਹਾਂ ਹਰਾਉਣ ਵਿਚ ਇਜ਼ਰਾਈਲੀਆਂ ਦੀ ਮਦਦ ਕੀਤੀ।—1 ਰਾਜ. 20:1, 26-29.
14-15. (ੳ) ਰਾਜਾ ਨਬੂਕਦਨੱਸਰ ਅਤੇ ਰਾਜਾ ਦਾਰਾ ਨੇ ਯਹੋਵਾਹ ਦੇ ਰਾਜ ਕਰਨ ਦੇ ਹੱਕ ਬਾਰੇ ਕੀ ਕਿਹਾ? (ਅ) ਜ਼ਬੂਰਾਂ ਦੇ ਲਿਖਾਰੀ ਨੇ ਯਹੋਵਾਹ ਅਤੇ ਉਸ ਦੀ ਕੌਮ ਬਾਰੇ ਕੀ ਕਿਹਾ?
14 ਇਕ ਵਾਰ ਫਿਰ ਯਹੋਵਾਹ ਨੇ ਸਾਬਤ ਕੀਤਾ ਕਿ ਉਹੀ ਅੱਤ ਮਹਾਨ ਹੈ। ਬਾਬਲ ਦੇ ਰਾਜੇ ਨਬੂਕਦਨੱਸਰ ਨੇ ਘਮੰਡੀ ਹੋਣ ਕਰਕੇ ਇਹ ਗੱਲ ਸਵੀਕਾਰ ਨਹੀਂ ਕੀਤੀ ਕਿ ਸਿਰਫ਼ ਯਹੋਵਾਹ ਹੀ ਮਹਿਮਾ ਦਾ ਹੱਕਦਾਰ ਹੈ। ਉਸ ਨੇ ਆਪਣੀ ‘ਤਾਕਤ ਅਤੇ ਸ਼ਾਨੋ-ਸ਼ੌਕਤ’ ਬਾਰੇ ਸ਼ੇਖ਼ੀਆਂ ਮਾਰੀਆਂ। ਇਸ ਕਰਕੇ ਯਹੋਵਾਹ ਨੇ ਉਸ ਨੂੰ ਸਜ਼ਾ ਦੇ ਕੇ ਦਿਮਾਗ਼ੀ ਤੌਰ ਤੇ ਪਾਗਲ ਕਰ ਦਿੱਤਾ। ਪਰ ਜਦੋਂ ਨਬੂਕਦਨੱਸਰ ਠੀਕ ਹੋਇਆ, ਤਾਂ ਉਸ ਨੇ “ਅੱਤ ਮਹਾਨ ਦੀ ਮਹਿਮਾ ਅਤੇ ਵਡਿਆਈ ਕੀਤੀ।” ਉਸ ਨੇ ਇਹ ਵੀ ਮੰਨਿਆ ਕਿ “[ਯਹੋਵਾਹ] ਦੀ ਹਕੂਮਤ ਹਮੇਸ਼ਾ-ਹਮੇਸ਼ਾ ਕਾਇਮ ਰਹਿੰਦੀ ਹੈ।” ਉਸ ਨੇ ਅੱਗੇ ਕਿਹਾ: “ਉਸ ਨੂੰ ਕੋਈ ਰੋਕ ਨਹੀਂ ਸਕਦਾ।” (ਦਾਨੀ. 4:30, 33-35) ਯਾਦ ਕਰੋ, ਉਦੋਂ ਕੀ ਹੋਇਆ ਸੀ ਜਦੋਂ ਦਾਨੀਏਲ ਦੀ ਵਫ਼ਾਦਾਰੀ ਪਰਖੀ ਗਈ ਅਤੇ ਉਸ ਨੂੰ ਸ਼ੇਰਾਂ ਦੇ ਘੁਰਨੇ ਵਿਚ ਸੁੱਟ ਦਿੱਤਾ ਗਿਆ ਸੀ? ਯਹੋਵਾਹ ਨੇ ਦਾਨੀਏਲ ਨੂੰ ਮੌਤ ਦੇ ਮੂੰਹੋਂ ਬਚਾ ਲਿਆ। ਇਹ ਸਭ ਦੇਖ ਕੇ ਰਾਜਾ ਦਾਰਾ ਨੇ ਐਲਾਨ ਕਰਵਾਇਆ: “ਲੋਕ ਦਾਨੀਏਲ ਦੇ ਪਰਮੇਸ਼ੁਰ ਤੋਂ ਡਰਨ ਅਤੇ ਉਸ ਦਾ ਆਦਰ ਕਰਨ ਕਿਉਂਕਿ ਉਹ ਜੀਉਂਦਾ ਪਰਮੇਸ਼ੁਰ ਹੈ ਅਤੇ ਹਮੇਸ਼ਾ ਰਹਿੰਦਾ ਹੈ। ਉਸ ਦੇ ਰਾਜ ਨੂੰ ਕਦੇ ਵੀ ਖ਼ਤਮ ਨਹੀਂ ਕੀਤਾ ਜਾਵੇਗਾ ਅਤੇ ਉਹ ਸਦਾ ਹਕੂਮਤ ਕਰੇਗਾ।”—ਦਾਨੀ. 6:7-10, 19-22, 26, 27, ਫੁਟਨੋਟ।
15 ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਯਹੋਵਾਹ ਨੇ ਕੌਮਾਂ ਦੀਆਂ ਸਾਜ਼ਸ਼ਾਂ ਨੂੰ ਨਾਕਾਮ ਕੀਤਾ ਹੈ; ਉਸ ਨੇ ਲੋਕਾਂ ਦੀਆਂ ਯੋਜਨਾਵਾਂ ʼਤੇ ਪਾਣੀ ਫੇਰ ਦਿੱਤਾ ਹੈ।” ਉਸ ਨੇ ਅੱਗੇ ਕਿਹਾ: “ਖ਼ੁਸ਼ ਹੈ ਉਹ ਕੌਮ ਜਿਸ ਦਾ ਪਰਮੇਸ਼ੁਰ ਯਹੋਵਾਹ ਹੈ, ਉਹ ਲੋਕ ਜਿਨ੍ਹਾਂ ਨੂੰ ਉਸ ਨੇ ਆਪਣੀ ਪਰਜਾ ਬਣਾਇਆ ਹੈ।” (ਜ਼ਬੂ. 33:10, 12) ਸੱਚ-ਮੁੱਚ, ਸਾਡੇ ਕੋਲ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਬਣਾਈ ਰੱਖਣ ਦਾ ਕਿੰਨਾ ਹੀ ਵਧੀਆ ਕਾਰਨ ਹੈ!
ਆਖ਼ਰੀ ਯੁੱਧ
16. “ਮਹਾਂਕਸ਼ਟ” ਦੌਰਾਨ ਅਸੀਂ ਕੀ ਭਰੋਸਾ ਰੱਖ ਸਕਾਂਗੇ ਅਤੇ ਕਿਉਂ? (ਤਸਵੀਰ ਦੇਖੋ।)
16 ਹੁਣ ਤਕ ਅਸੀਂ ਦੇਖਿਆ ਕਿ ਯਹੋਵਾਹ ਨੇ ਬੀਤੇ ਸਮੇਂ ਵਿਚ ਕੀ ਕੁਝ ਕੀਤਾ ਹੈ। ਤਾਂ ਫਿਰ ਅਸੀਂ ਭਵਿੱਖ ਲਈ ਕੀ ਉਮੀਦ ਰੱਖ ਸਕਦੇ ਹਾਂ? ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਆਉਣ ਵਾਲੇ “ਮਹਾਂਕਸ਼ਟ” ਵਿਚ ਆਪਣੇ ਲੋਕਾਂ ਨੂੰ ਬਚਾਵੇਗਾ। (ਮੱਤੀ 24:21; ਦਾਨੀ. 12:1) ਜਦੋਂ ਮਾਗੋਗ ਦਾ ਗੋਗ ਯਾਨੀ ਕੌਮਾਂ ਦਾ ਗਠਜੋੜ ਪੂਰੀ ਦੁਨੀਆਂ ਵਿਚ ਯਹੋਵਾਹ ਦੇ ਵਫ਼ਾਦਾਰ ਸੇਵਕਾਂ ʼਤੇ ਹਮਲਾ ਕਰੇਗਾ, ਉਦੋਂ ਵੀ ਯਹੋਵਾਹ ਆਪਣੇ ਸੇਵਕਾਂ ਨੂੰ ਬਚਾਵੇਗਾ। ਚਾਹੇ ਸੰਯੁਕਤ ਰਾਸ਼ਟਰ ਸੰਘ ਦੇ 193 ਮੈਂਬਰ ਇਕੱਠੇ ਹੋ ਕੇ ਯਹੋਵਾਹ ਦੇ ਖ਼ਿਲਾਫ਼ ਕਿਉਂ ਨਾ ਆ ਜਾਣ, ਫਿਰ ਵੀ ਉਹ ਕਦੇ ਅੱਤ ਮਹਾਨ ਪਰਮੇਸ਼ੁਰ ਅਤੇ ਉਸ ਦੀਆਂ ਫ਼ੌਜਾਂ ਦਾ ਮੁਕਾਬਲਾ ਨਹੀਂ ਕਰ ਸਕਣਗੇ। ਯਹੋਵਾਹ ਵਾਅਦਾ ਕਰਦਾ ਹੈ: “ਮੈਂ ਜ਼ਰੂਰ ਬਹੁਤ ਸਾਰੀਆਂ ਕੌਮਾਂ ਸਾਮ੍ਹਣੇ ਆਪਣੇ ਆਪ ਨੂੰ ਉੱਚਾ ਕਰਾਂਗਾ, ਆਪਣੇ ਆਪ ਨੂੰ ਪਵਿੱਤਰ ਕਰਾਂਗਾ ਅਤੇ ਜ਼ਾਹਰ ਕਰਾਂਗਾ ਕਿ ਮੈਂ ਕੌਣ ਹਾਂ। ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।”—ਹਿਜ਼. 38:14-16, 23; ਜ਼ਬੂ. 46:10.
17. ਭਵਿੱਖ ਵਿਚ ਧਰਤੀ ਦੇ ਰਾਜਿਆਂ ਅਤੇ ਯਹੋਵਾਹ ਦੇ ਵਫ਼ਾਦਾਰ ਲੋਕਾਂ ਨਾਲ ਕੀ ਹੋਵੇਗਾ?
17 ਜਦੋਂ ਗੋਗ ਯਹੋਵਾਹ ਦੇ ਲੋਕਾਂ ʼਤੇ ਹਮਲਾ ਕਰੇਗਾ, ਤਾਂ ਆਰਮਾਗੇਡਨ ਦਾ ਯੁੱਧ ਸ਼ੁਰੂ ਹੋਵੇਗਾ। ਇਸ ਯੁੱਧ ਵਿਚ ਉਹ “ਸਾਰੀ ਧਰਤੀ ਦੇ ਰਾਜਿਆਂ” ਦਾ ਖ਼ਾਤਮਾ ਕਰ ਦੇਵੇਗਾ। (ਪ੍ਰਕਾ. 16:14, 16; 19:19-21) ਪਰ ਸਿਰਫ਼ ‘ਨੇਕ ਲੋਕ ਹੀ ਧਰਤੀ ਉੱਤੇ ਵੱਸਣਗੇ ਅਤੇ ਜੋ ਵਫ਼ਾਦਾਰੀ ਬਣਾਈ ਰੱਖਦੇ ਹਨ ਉਹੀ ਇਸ ਉੱਤੇ ਰਹਿ ਜਾਣਗੇ।’—ਕਹਾ. 2:21, ਫੁਟਨੋਟ।
ਸਾਨੂੰ ਖਰਿਆਈ ਬਣਾਈ ਰੱਖਣੀ ਚਾਹੀਦੀ ਹੈ
18. ਬਹੁਤ ਸਾਰੇ ਸੱਚੇ ਮਸੀਹੀ ਕੀ ਕਰਦੇ ਆਏ ਹਨ ਅਤੇ ਕਿਉਂ? (ਦਾਨੀਏਲ 3:28)
18 ਸਦੀਆਂ ਤੋਂ ਬਹੁਤ ਸਾਰੇ ਸੱਚੇ ਮਸੀਹੀ ਮੰਨਦੇ ਆਏ ਹਨ ਕਿ ਸਾਰੇ ਜਹਾਨ ਦੇ ਮਾਲਕ ਯਹੋਵਾਹ ਕੋਲ ਹੀ ਰਾਜ ਕਰਨ ਦਾ ਹੱਕ ਹੈ ਅਤੇ ਉਹ ਉਸ ਨੂੰ ਪਿਆਰ ਕਰਦੇ ਹਨ। ਇਸ ਕਰਕੇ ਉਨ੍ਹਾਂ ਨੇ ਆਪਣੀ ਆਜ਼ਾਦੀ, ਇੱਥੋਂ ਤਕ ਕਿ ਆਪਣੀਆਂ ਜਾਨਾਂ ਵੀ ਖ਼ਤਰੇ ਵਿਚ ਪਾਈਆਂ ਹਨ। ਇਨ੍ਹਾਂ ਵਫ਼ਾਦਾਰ ਮਸੀਹੀਆਂ ਨੇ ਯਹੋਵਾਹ ਲਈ ਆਪਣੀ ਖਰਿਆਈ ਯਾਨੀ ਵਫ਼ਾਦਾਰੀ ਬਣਾਈ ਰੱਖਣ ਦਾ ਪੱਕਾ ਇਰਾਦਾ ਕੀਤਾ ਹੋਇਆ ਹੈ। ਇਹ ਵਫ਼ਾਦਾਰ ਮਸੀਹੀ ਉਨ੍ਹਾਂ ਤਿੰਨ ਇਬਰਾਨੀ ਮੁੰਡਿਆਂ ਵਾਂਗ ਹਨ ਜਿਨ੍ਹਾਂ ਦੀ ਵਫ਼ਾਦਾਰੀ ਕਰਕੇ ਅੱਤ ਮਹਾਨ ਪਰਮੇਸ਼ੁਰ ਨੇ ਉਨ੍ਹਾਂ ਨੂੰ ਬਲ਼ਦੀ ਹੋਈ ਭੱਠੀ ਵਿੱਚੋਂ ਬਚਾਇਆ ਸੀ।—ਦਾਨੀਏਲ 3:28 ਪੜ੍ਹੋ।
19. ਯਹੋਵਾਹ ਕਿਸ ਆਧਾਰ ʼਤੇ ਆਪਣੇ ਲੋਕਾਂ ਦਾ ਨਿਆਂ ਕਰਦਾ ਹੈ ਅਤੇ ਸਾਨੂੰ ਕੀ ਕਰਨਾ ਚਾਹੀਦਾ ਹੈ?
19 ਜ਼ਬੂਰਾਂ ਦਾ ਲਿਖਾਰੀ ਦਾਊਦ ਜਾਣਦਾ ਸੀ ਕਿ ਪਰਮੇਸ਼ੁਰ ਪ੍ਰਤੀ ਖਰਿਆਈ ਬਣਾਈ ਰੱਖਣੀ ਕਿੰਨੀ ਜ਼ਿਆਦਾ ਜ਼ਰੂਰੀ ਹੈ, ਇਸ ਲਈ ਉਸ ਨੇ ਕਿਹਾ: “ਯਹੋਵਾਹ ਦੇਸ਼-ਦੇਸ਼ ਦੇ ਲੋਕਾਂ ਨੂੰ ਸਜ਼ਾ ਸੁਣਾਵੇਗਾ। ਹੇ ਯਹੋਵਾਹ, ਮੇਰੀ ਨੇਕੀ ਅਤੇ ਵਫ਼ਾਦਾਰੀ ਦੇ ਅਨੁਸਾਰ ਮੇਰਾ ਨਿਆਂ ਕਰ।” (ਜ਼ਬੂ. 7:8) ਦਾਊਦ ਨੇ ਫਿਰ ਤੋਂ ਲਿਖਿਆ: “ਮੇਰੀ ਵਫ਼ਾਦਾਰੀ ਅਤੇ ਨੇਕ ਚਾਲ-ਚਲਣ ਮੇਰੀ ਰੱਖਿਆ ਕਰਨ।” (ਜ਼ਬੂ. 25:21) ਸਾਡੀ ਜ਼ਿੰਦਗੀ ਵਿਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਅਸੀਂ ਹਰ ਹਾਲਾਤ ਵਿਚ ਯਹੋਵਾਹ ਪ੍ਰਤੀ ਆਪਣੀ ਖਰਿਆਈ ਅਤੇ ਵਫ਼ਾਦਾਰੀ ਬਣਾਈ ਰੱਖੀਏ। ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਅਸੀਂ ਵੀ ਜ਼ਬੂਰਾਂ ਦੇ ਲਿਖਾਰੀ ਵਾਂਗ ਇਹ ਗੱਲ ਕਹਿ ਸਕਾਂਗੇ: “ਖ਼ੁਸ਼ ਹਨ ਉਹ ਲੋਕ ਜਿਹੜੇ ਖਰਿਆਈ ਬਣਾਈ ਰੱਖਦੇ ਹਨ ਅਤੇ ਯਹੋਵਾਹ ਦੇ ਕਾਨੂੰਨ ਦੀ ਪਾਲਣਾ ਕਰਦੇ ਹਨ।”—ਜ਼ਬੂ. 119:1, ਫੁਟਨੋਟ।
ਗੀਤ 122 ਤਕੜੇ ਹੋਵੋ, ਦ੍ਰਿੜ੍ਹ ਬਣੋ!
a ਬਾਈਬਲ ਵਿਚ ਹੁਕਮ ਦਿੱਤਾ ਗਿਆ ਹੈ ਕਿ ਸੱਚੇ ਮਸੀਹੀਆਂ ਨੂੰ ਉੱਚ ਅਧਿਕਾਰੀਆਂ ਯਾਨੀ ਦੁਨੀਆਂ ਦੀਆਂ ਸਰਕਾਰਾਂ ਦੇ ਅਧੀਨ ਰਹਿਣਾ ਚਾਹੀਦਾ ਹੈ। ਪਰ ਕੁਝ ਸਰਕਾਰਾਂ ਯਹੋਵਾਹ ਅਤੇ ਉਸ ਦੇ ਸੇਵਕਾਂ ਦਾ ਖੁੱਲ੍ਹੇ-ਆਮ ਵਿਰੋਧ ਕਰਦੀਆਂ ਹਨ। ਤਾਂ ਫਿਰ ਇਹ ਕਿੱਦਾਂ ਮੁਮਕਿਨ ਹੋ ਸਕਦਾ ਹੈ ਕਿ ਅਸੀਂ ਸਰਕਾਰਾਂ ਦੇ ਵੀ ਅਧੀਨ ਰਹੀਏ ਅਤੇ ਯਹੋਵਾਹ ਲਈ ਵੀ ਖਰਿਆਈ ਯਾਨੀ ਵਫ਼ਾਦਾਰੀ ਬਣਾਈ ਰੱਖੀਏ?
b ਇਸੇ ਅੰਕ ਵਿਚ “ਪੁਰਾਣੇ ਸਮੇਂ ਦੇ ਇਜ਼ਰਾਈਲੀ ਯੁੱਧ ਲੜਦੇ ਸਨ, ਪਰ ਅਸੀਂ ਕਿਉਂ ਨਹੀਂ ਲੜਦੇ?” ਨਾਂ ਦਾ ਲੇਖ ਦੇਖੋ।