ਤੇਰ੍ਹਵਾਂ ਅਧਿਆਇ
ਦੋ ਰਾਜਿਆਂ ਦਾ ਆਪਸ ਵਿਚ ਵਿਰੋਧ
1, 2. ਸਾਨੂੰ ਦਾਨੀਏਲ ਦੇ ਗਿਆਰ੍ਹਵੇਂ ਅਧਿਆਇ ਦੀ ਭਵਿੱਖਬਾਣੀ ਵਿਚ ਕਿਉਂ ਦਿਲਚਸਪੀ ਰੱਖਣੀ ਚਾਹੀਦੀ ਹੈ?
ਦੋ ਵਿਰੋਧੀ ਰਾਜੇ ਇਕ ਸਿਰ-ਤੋੜ ਸੰਘਰਸ਼ ਵਿਚ ਜਕੜੇ ਹੋਏ ਹਨ। ਉਹ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਉਨ੍ਹਾਂ ਦੋਹਾਂ ਵਿੱਚੋਂ ਕੌਣ ਜ਼ਿਆਦਾ ਤਕੜਾ ਹੈ। ਜਿਉਂ-ਜਿਉਂ ਸਮਾਂ ਬੀਤਦਾ ਹੈ, ਪਹਿਲਾਂ ਇਕ, ਫਿਰ ਦੂਜਾ ਪ੍ਰਧਾਨ ਬਣ ਜਾਂਦਾ ਹੈ। ਸਮੇਂ-ਸਮੇਂ ਤੇ ਇਕ ਰਾਜਾ ਸਰਬ ਉੱਚਾ ਹੁੰਦਾ ਹੈ, ਜਦ ਕਿ ਦੂਜਾ ਰਾਜਾ ਸੰਘਰਸ਼ ਵਿਚ ਸ਼ਾਮਲ ਨਹੀਂ ਹੁੰਦਾ, ਅਤੇ ਫਿਰ ਅਜਿਹੇ ਸਮੇਂ ਵੀ ਬੀਤਦੇ ਹਨ ਜਦੋਂ ਉਨ੍ਹਾਂ ਦੋਹਾਂ ਦਾ ਆਪਸ ਵਿਚ ਕੋਈ ਵਿਰੋਧ ਨਹੀਂ ਹੁੰਦਾ। ਪਰ ਫਿਰ ਅਚਾਨਕ ਹੀ ਇਕ ਹੋਰ ਲੜਾਈ ਛਿੜ ਪੈਂਦੀ ਹੈ ਅਤੇ ਸੰਘਰਸ਼ ਜਾਰੀ ਰਹਿੰਦਾ ਹੈ। ਇਸ ਨਾਟਕ ਵਿਚ ਸੀਰੀਆਈ ਰਾਜਾ ਸਿਲੂਕਸ ਪਹਿਲਾ ਨਿਕੇਟਰ, ਮਿਸਰੀ ਰਾਜਾ ਟਾਲਮੀ ਲੈਗਸ, ਸੀਰੀਆਈ ਰਾਜਕੁਮਾਰੀ ਜੋ ਕਿ ਮਿਸਰੀ ਮਹਾਰਾਣੀ ਕਲੀਓਪੇਟਰਾ ਪਹਿਲੀ ਬਣੀ, ਰੋਮੀ ਸ਼ਹਿਨਸ਼ਾਹ ਅਗਸਟਸ ਅਤੇ ਟਾਈਬੀਰੀਅਸ, ਅਤੇ ਪੈਲਮਾਈਰਾ ਦੀ ਮਹਾਰਾਣੀ ਜ਼ਨੋਬੀਆ ਸ਼ਾਮਲ ਹੋ ਚੁੱਕੇ ਹਨ। ਜਿਉਂ ਹੀ ਸੰਘਰਸ਼ ਖ਼ਤਮ ਹੋਣ ਲੱਗਦਾ ਹੈ, ਨਾਜ਼ੀ ਜਰਮਨੀ, ਕਮਿਊਨਿਸਟ ਕੌਮਾਂ, ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ, ਰਾਸ਼ਟਰ-ਸੰਘ, ਅਤੇ ਸੰਯੁਕਤ ਰਾਸ਼ਟਰ-ਸੰਘ ਵੀ ਸ਼ਾਮਲ ਹੁੰਦੇ ਹਨ। ਇਸ ਸੰਘਰਸ਼ ਦੇ ਨਤੀਜੇ ਬਾਰੇ ਇਨ੍ਹਾਂ ਰਾਜਨੀਤਿਕ ਸੰਸਥਾਵਾਂ ਵਿੱਚੋਂ ਕਿਸੇ ਨੂੰ ਵੀ ਕੁਝ ਨਹੀਂ ਪਤਾ। ਯਹੋਵਾਹ ਦੇ ਦੂਤ ਨੇ ਕੁਝ 2,500 ਸਾਲ ਪਹਿਲਾਂ ਇਹ ਉਤੇਜਕ ਭਵਿੱਖਬਾਣੀ ਦਾਨੀਏਲ ਨੂੰ ਦੱਸੀ ਸੀ।—ਦਾਨੀਏਲ ਦਾ ਗਿਆਰ੍ਹਵਾਂ ਅਧਿਆਇ।
2 ਦਾਨੀਏਲ ਕਿੰਨਾ ਉਤੇਜਿਤ ਹੋਇਆ ਹੋਣਾ ਜਦੋਂ ਦੂਤ ਨੇ ਉਸ ਨੂੰ ਆਉਣ ਵਾਲੇ ਇਨ੍ਹਾਂ ਦੋਹਾਂ ਰਾਜਿਆਂ ਦੇ ਆਪਸ ਵਿਚ ਵਿਰੋਧ ਬਾਰੇ ਕਈ ਗੱਲਾਂ ਦੱਸੀਆਂ! ਇਸ ਨਾਟਕ ਵਿਚ ਸਾਨੂੰ ਵੀ ਦਿਲਚਸਪੀ ਹੈ, ਕਿਉਂਕਿ ਇਨ੍ਹਾਂ ਦੋਹਾਂ ਰਾਜਿਆਂ ਵਿਚਕਾਰ ਸੱਤਾ ਲਈ ਸੰਘਰਸ਼ ਸਾਡੇ ਜ਼ਮਾਨੇ ਤਕ ਜਾਰੀ ਰਿਹਾ ਹੈ। ਇਹ ਦੇਖਣ ਨਾਲ ਕਿ ਇਤਿਹਾਸ ਨੇ ਇਸ ਭਵਿੱਖਬਾਣੀ ਦੇ ਪਹਿਲੇ ਹਿੱਸੇ ਨੂੰ ਕਿਵੇਂ ਸੱਚ ਸਾਬਤ ਕੀਤਾ ਹੈ, ਸਾਡਾ ਭਰੋਸਾ ਇਸ ਭਵਿੱਖ-ਸੂਚਕ ਬਿਰਤਾਂਤ ਦੇ ਅਖ਼ੀਰਲੇ ਹਿੱਸੇ ਦੇ ਸੰਬੰਧ ਵਿਚ ਵੀ ਵਧੇਗਾ। ਇਸ ਭਵਿੱਖਬਾਣੀ ਵੱਲ ਧਿਆਨ ਦੇਣ ਨਾਲ ਸਾਨੂੰ ਇਹ ਸਾਫ਼-ਸਾਫ਼ ਪਤਾ ਚੱਲੇਗਾ ਕਿ ਅਸੀਂ ਸਮੇਂ ਦੀ ਧਾਰਾ ਵਿਚ ਹੁਣ ਕਿੱਥੇ ਹਾਂ। ਇਹ ਸਾਨੂੰ ਇਸ ਲੜਾਈ ਵਿਚ ਨਿਰਪੱਖ ਰਹਿਣ ਦੇ ਆਪਣੇ ਇਰਾਦੇ ਵਿਚ ਮਜ਼ਬੂਤ ਵੀ ਕਰੇਗਾ ਜਿਉਂ ਹੀ ਅਸੀਂ ਧੀਰਜ ਨਾਲ ਪਰਮੇਸ਼ੁਰ ਉੱਤੇ ਭਰੋਸਾ ਕਰਦੇ ਹਾਂ ਕਿ ਉਹ ਸਾਡੀ ਰਾਖੀ ਕਰੇਗਾ। (ਜ਼ਬੂਰ 146:3, 5) ਫਿਰ ਆਓ ਅਸੀਂ ਬੜੇ ਧਿਆਨ ਨਾਲ ਸੁਣੀਏ ਜਿਉਂ ਹੀ ਯਹੋਵਾਹ ਦਾ ਦੂਤ ਦਾਨੀਏਲ ਨਾਲ ਗੱਲ ਕਰਦਾ ਹੈ।
ਯੂਨਾਨ ਦੇ ਰਾਜ ਦਾ ਸਾਮ੍ਹਣਾ
3. “ਦਾਰਾ ਮਾਦੀ ਦੇ ਰਾਜ ਦੇ ਪਹਿਲੇ ਵਰ੍ਹੇ ਵਿੱਚ” ਦੂਤ ਨੇ ਕਿਸ ਦੀ ਮਦਦ ਕੀਤੀ?
3 ਦੂਤ ਦੱਸਦਾ ਹੈ ਕਿ “ਦਾਰਾ ਮਾਦੀ ਦੇ ਰਾਜ ਦੇ ਪਹਿਲੇ ਵਰ੍ਹੇ [539/538 ਸਾ.ਯੁ.ਪੂ.] ਵਿੱਚ ਮੈਂ ਹੀ ਸਾਂ ਜੋ ਖਲੋਤਾ ਸਾਂ, ਇਸ ਕਰਕੇ ਜੋ ਉਹ ਨੂੰ ਪੱਕਾ ਕਰਾਂ ਅਤੇ ਜ਼ੋਰ ਦੇਵਾਂ।” (ਦਾਨੀਏਲ 11:1) ਦਾਰਾ ਤਾਂ ਹੁਣ ਤਕ ਮਰ ਚੁੱਕਾ ਸੀ, ਪਰ ਦੂਤ ਨੇ ਇਹ ਭਵਿੱਖ-ਸੂਚਕ ਸੰਦੇਸ਼ ਉਸ ਦੇ ਸ਼ਾਸਨ ਦੇ ਆਰੰਭ ਤੋਂ ਸ਼ੁਰੂ ਕੀਤਾ। ਦਾਰਾ ਹੀ ਉਹ ਰਾਜਾ ਸੀ ਜਿਸ ਨੇ ਦਾਨੀਏਲ ਨੂੰ ਸ਼ੇਰਾਂ ਦੇ ਘੁਰੇ ਵਿੱਚੋਂ ਬਾਹਰ ਕੱਢਣ ਦਾ ਹੁਕਮ ਦਿੱਤਾ ਸੀ। ਦਾਰਾ ਨੇ ਇਸ ਦਾ ਵੀ ਹੁਕਮ ਦਿੱਤਾ ਸੀ ਕਿ ਉਸ ਦੀ ਸਾਰੀ ਪਰਜਾ ਦਾਨੀਏਲ ਦੇ ਪਰਮੇਸ਼ੁਰ ਤੋਂ ਡਰੇ। (ਦਾਨੀਏਲ 6:21-27) ਪਰ ਇਹ ਦੂਤ ਦਾਰਾ ਮਾਦੀ ਦੀ ਮਦਦ ਕਰਨ ਲਈ ਨਹੀਂ ਸੀ ਖਲੋਤਾ ਪਰ ਉਹ ਦਾਨੀਏਲ ਦੇ ਲੋਕਾਂ ਦੇ ਪ੍ਰਧਾਨ, ਅਰਥਾਤ ਆਪਣੇ ਸਾਥੀ ਮੀਕਾਏਲ ਲਈ ਖਲੋਤਾ ਸੀ। (ਦਾਨੀਏਲ 10:12-14 ਦੀ ਤੁਲਨਾ ਕਰੋ।) ਪਰਮੇਸ਼ੁਰ ਦੇ ਦੂਤ ਨੇ ਇਹ ਮਦਦ ਉਦੋਂ ਦਿੱਤੀ ਜਦੋਂ ਕਿ ਮੀਕਾਏਲ ਮਾਦੀ-ਫ਼ਾਰਸ ਦੇ ਸ਼ਤਾਨੀ ਪ੍ਰਧਾਨ ਨਾਲ ਮੁਕਾਬਲਾ ਕਰਦਾ ਸੀ।
4, 5. ਫ਼ਾਰਸ ਦੇ ਕਿਨ੍ਹਾਂ ਚਾਰ ਰਾਜਿਆਂ ਬਾਰੇ ਭਵਿੱਖਬਾਣੀ ਕੀਤੀ ਗਈ ਸੀ?
4 ਪਰਮੇਸ਼ੁਰ ਦਾ ਦੂਤ ਅੱਗੇ ਕਹਿੰਦਾ ਹੈ ਕਿ “ਵੇਖ, ਫਾਰਸ ਵਿੱਚ ਤ੍ਰੈ ਰਾਜੇ ਹੋਰ ਵੀ ਉੱਠਣਗੇ ਅਤੇ ਚੌਥਾ ਸਭਨਾਂ ਨਾਲੋਂ ਵਧੀਕ ਧਨੀ ਹੋਵੇਗਾ ਅਤੇ ਜਦ ਉਹ ਆਪਣੇ ਧਨ ਕਰਕੇ ਜ਼ੋਰਾਵਰ ਹੋਵੇਗਾ ਤਾਂ ਉਹ ਸਭਨਾਂ ਨੂੰ ਚੁੱਕੇਗਾ ਭਈ ਯੂਨਾਨ ਦੇ ਰਾਜ ਦਾ ਸਾਹਮਣਾ ਕਰਨ।” (ਦਾਨੀਏਲ 11:2) ਮਗਰ ਇਹ ਫ਼ਾਰਸੀ ਰਾਜੇ ਕੌਣ ਸਨ?
5 ਪਹਿਲੇ ਤਿੰਨ ਰਾਜੇ ਖੋਰਸ ਮਹਾਨ, ਕੈਮਬਾਈਸੀਜ਼ ਦੂਜਾ, ਅਤੇ ਦਾਰਾ ਪਹਿਲਾ (ਹਿਸਟਾਸਪੀਜ਼) ਸਨ। ਕਿਉਂਕਿ ਬਾਰਡੀਆ (ਜਾਂ ਸ਼ਾਇਦ ਗੋਮਾਟਾ ਨਾਮਕ ਇਕ ਢੌਂਗੀ ਰਾਜੇ) ਨੇ ਸਿਰਫ਼ ਸੱਤਾਂ ਮਹੀਨਿਆਂ ਲਈ ਹੀ ਰਾਜ ਕੀਤਾ, ਭਵਿੱਖਬਾਣੀ ਉਸ ਦੇ ਥੋੜ੍ਹੇ ਚਿਰ ਦੇ ਸ਼ਾਸਨ ਦਾ ਜ਼ਿਕਰ ਨਹੀਂ ਕਰਦੀ। ਸੰਨ 490 ਸਾ.ਯੁ.ਪੂ. ਵਿਚ, ਤੀਜੇ ਰਾਜੇ, ਅਰਥਾਤ ਦਾਰਾ ਪਹਿਲੇ ਨੇ ਯੂਨਾਨ ਉੱਤੇ ਦੂਜੀ ਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਮਰਾਥਨ ਵਿਖੇ, ਫ਼ਾਰਸੀ ਹਰਾਏ ਗਏ ਸਨ ਅਤੇ ਉਨ੍ਹਾਂ ਨੂੰ ਏਸ਼ੀਆ ਮਾਈਨਰ ਨੂੰ ਵਾਪਸ ਮੁੜਨਾ ਪਿਆ। ਭਾਵੇਂ ਕਿ ਦਾਰਾ ਨੇ ਯੂਨਾਨ ਦੇ ਵਿਰੁੱਧ ਇਕ ਹੋਰ ਲੜਾਈ ਲਈ ਚੰਗੀ ਤਿਆਰੀ ਕੀਤੀ, ਪਰ ਚਾਰ ਸਾਲ ਬਾਅਦ ਉਸ ਦੀ ਮੌਤ ਹੋ ਗਈ ਅਤੇ ਉਸ ਨੂੰ ਚੜ੍ਹਾਈ ਕਰਨ ਦਾ ਮੌਕਾ ਨਹੀਂ ਮਿਲਿਆ। ਉਸ ਨੇ ਇਹ ਕੰਮ ਆਪਣੇ ਪੁੱਤਰ, ਮਤਲਬ ਕਿ ਆਪਣੇ ਵਾਰਸ, “ਚੌਥੇ” ਰਾਜੇ, ਜ਼ਰਕਸੀਜ਼ ਪਹਿਲੇ ਲਈ ਛੱਡ ਦਿੱਤਾ ਸੀ। ਉਹ ਰਾਜਾ ਅਹਸ਼ਵੇਰੋਸ਼ ਸੀ ਜਿਸ ਨੇ ਅਸਤਰ ਨਾਲ ਵਿਆਹ ਕੀਤਾ ਸੀ।—ਅਸਤਰ 1:1; 2:15-17.
6, 7. (ੳ) ਚੌਥੇ ਰਾਜੇ ਨੇ ਕਿਵੇਂ ‘ਉਨ੍ਹਾਂ ਸਭਨਾਂ ਨੂੰ ਚੁੱਕਿਆਂ ਭਈ ਉਹ ਯੂਨਾਨ ਦੇ ਰਾਜ ਦਾ ਸਾਹਮਣਾ ਕਰਨ’? (ਅ) ਯੂਨਾਨ ਦੇ ਵਿਰੁੱਧ ਜ਼ਰਕਸੀਜ਼ ਦੇ ਹਮਲਿਆਂ ਦਾ ਕੀ ਨਤੀਜਾ ਨਿਕਲਿਆ?
6 ਜ਼ਰਕਸੀਜ਼ ਪਹਿਲੇ ਨੇ ਅਸਲ ਵਿਚ ‘ਸਭਨਾਂ ਨੂੰ ਚੁੱਕਿਆ ਭਈ ਉਹ ਯੂਨਾਨ ਦੇ ਰਾਜ ਦਾ ਸਾਹਮਣਾ ਕਰਨ,’ ਅਰਥਾਤ ਇਕ ਸਮੂਹ ਵਜੋਂ ਆਜ਼ਾਦ ਯੂਨਾਨੀ ਰਾਜਕੀਆਂ ਦਾ ਸਾਮ੍ਹਣਾ ਕਰਨ। ਮਾਦੀ ਅਤੇ ਫ਼ਾਰਸੀ—ਜੇਤੂ ਅਤੇ ਨੀਤੀਵਾਨ (ਅੰਗ੍ਰੇਜ਼ੀ) ਨਾਂ ਦੀ ਪੁਸਤਕ ਕਹਿੰਦੀ ਹੈ ਕਿ “ਅਭਿਲਾਸ਼ੀ ਦਰਬਾਰੀਆਂ ਨੇ ਜ਼ਰਕਸੀਜ਼ ਨੂੰ ਪ੍ਰੇਰਿਆ ਅਤੇ ਉਸ ਨੇ ਆਪਣੀ ਫ਼ੌਜ ਅਤੇ ਜਲ ਸੈਨਾ ਦੇ ਜ਼ਰੀਏ ਹਮਲਾ ਕੀਤਾ।” ਪੰਜਵੀਂ ਸਦੀ ਸਾ.ਯੁ.ਪੂ. ਦੇ ਯੂਨਾਨੀ ਇਤਿਹਾਸਕਾਰ ਹੈਰੋਡੋਟਸ ਨੇ ਲਿਖਿਆ ਕਿ “ਇਸ ਹਮਲੇ ਦੀ ਤੁਲਨਾ ਵਿਚ ਹੋਰ ਕੋਈ ਵੀ ਹਮਲਾ ਇਸ ਤੋਂ ਵੱਡਾ ਨਹੀਂ ਹੋ ਸਕਦਾ।” ਹੈਰੋਡੋਟਸ ਦੇ ਰਿਕਾਰਡ ਅਨੁਸਾਰ ਜਲ ਸੈਨਾ ਵਿਚ “ਕੁੱਲ 5,17,610 ਬੰਦੇ ਸਨ। ਪੈਦਲ ਸੈਨਿਕਾਂ ਦੀ ਗਿਣਤੀ 17,00,000 ਸੀ; 80,000 ਘੋੜਸਵਾਰ ਫ਼ੌਜੀ ਸਨ; ਜਿਨ੍ਹਾਂ ਵਿਚ ਊਠਸਵਾਰ ਅਰਬੀ ਫ਼ੌਜ, ਅਤੇ ਲਿਬੀਆ ਦੇ ਉਨ੍ਹਾਂ ਸੈਨਿਕਾਂ ਨੂੰ ਗਿਣਨਾ ਚਾਹੀਦਾ ਹੈ ਜਿਨ੍ਹਾਂ ਨੇ ਰੱਥਾਂ ਵਿੱਚੋਂ ਲੜਾਈ ਕੀਤੀ, ਮੇਰੇ ਹਿਸਾਬ ਨਾਲ ਇਨ੍ਹਾਂ ਦੀ ਗਿਣਤੀ 20,000 ਸੀ। ਇਸ ਲਈ, ਫ਼ੌਜੀਆਂ ਅਤੇ ਜਲ ਸੈਨਿਕਾਂ ਦੀ ਕੁੱਲ ਗਿਣਤੀ 23,17,610 ਹੈ।”
7 ਜ਼ਰਕਸੀਜ਼ ਪਹਿਲੇ ਨੇ ਪੂਰੀ ਤਰ੍ਹਾਂ ਹਰਾਉਣ ਦਾ ਇਰਾਦਾ ਬਣਾਇਆ ਸੀ, ਅਤੇ ਇਸ ਕਰਕੇ 480 ਸਾ.ਯੁ.ਪੂ. ਵਿਚ ਉਸ ਨੇ ਯੂਨਾਨ ਦੇ ਵਿਰੁੱਧ ਆਪਣੀ ਵੱਡੀ ਸੈਨਾ ਲਿਆਂਦੀ। ਯੂਨਾਨੀ ਸੈਨਾ ਫ਼ਾਰਸੀਆਂ ਨੂੰ ਥਰਮੋਪਿਲੀ ਵਿਖੇ ਅਟਕਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹ ਉਨ੍ਹਾਂ ਨੂੰ ਰੋਕ ਨਹੀਂ ਸਕੀ, ਅਤੇ ਉਨ੍ਹਾਂ ਨੇ ਐਥਿਨਜ਼ ਨੂੰ ਤਬਾਹ ਕਰ ਦਿੱਤਾ। ਪਰ ਸਲਾਮਿਸ ਵਿਖੇ ਉਹ ਬੁਰੀ ਤਰ੍ਹਾਂ ਹਾਰ ਗਏ ਸਨ। ਯੂਨਾਨੀਆਂ ਨੂੰ ਪਲੇਟੀਆ ਵਿਖੇ 479 ਸਾ.ਯੁ.ਪੂ. ਵਿਚ ਇਕ ਹੋਰ ਜਿੱਤ ਪ੍ਰਾਪਤ ਹੋਈ। ਅਗਲੇ 143 ਸਾਲਾਂ ਦੌਰਾਨ, ਜ਼ਰਕਸੀਜ਼ ਤੋਂ ਬਾਅਦ ਫ਼ਾਰਸੀ ਸਾਮਰਾਜ ਦੇ ਸਿੰਘਾਸਣ ਉੱਤੇ ਬੈਠਣ ਵਾਲਿਆਂ ਸੱਤਾਂ ਰਾਜਿਆਂ ਵਿੱਚੋਂ ਕਿਸੇ ਨੇ ਵੀ ਯੂਨਾਨ ਉੱਤੇ ਹਮਲਾ ਨਹੀਂ ਕੀਤਾ। ਪਰ ਫਿਰ ਯੂਨਾਨ ਵਿਚ ਇਕ ਸ਼ਕਤੀਸ਼ਾਲੀ ਰਾਜਾ ਉੱਠਿਆ।
ਇਕ ਵੱਡਾ ਰਾਜ ਚਾਰ ਹਿੱਸਿਆਂ ਵਿਚ ਵੰਡਿਆਂ ਜਾਂਦਾ ਹੈ
8. ਕਿਹੜਾ “ਵੱਡਾ ਡਾਢਾ ਰਾਜਾ” ਉੱਠਿਆ, ਅਤੇ ਉਸ ਨੇ ਕਿਵੇਂ “ਵੱਡੀ ਸਮਰੱਥਾ ਨਾਲ ਰਾਜ” ਕੀਤਾ?
8 ਦੂਤ ਦੱਸਦਾ ਹੈ ਕਿ “ਇੱਕ ਵੱਡਾ ਡਾਢਾ ਰਾਜਾ ਉੱਠੇਗਾ ਅਤੇ ਵੱਡੀ ਸਮਰੱਥਾ ਨਾਲ ਰਾਜ ਕਰੇਗਾ ਅਤੇ ਜੋ ਚਾਹੇਗਾ ਸੋਈ ਕਰੇਗਾ।” (ਦਾਨੀਏਲ 11:3) ਸੰਨ 336 ਸਾ.ਯੁ.ਪੂ. ਵਿਚ 20-ਸਾਲਾ ਸਿਕੰਦਰ ਮਕਦੂਨਿਯਾ ਦੇ ਰਾਜੇ ਵਜੋਂ ‘ਉੱਠਿਆ’। ਉਹ ਸੱਚ-ਮੁੱਚ “ਇੱਕ ਵੱਡਾ ਡਾਢਾ ਰਾਜਾ,” ਬਣਿਆ, ਅਰਥਾਤ ਸਿਕੰਦਰ ਮਹਾਨ। ਉਹ ਆਪਣੇ ਪਿਤਾ, ਫਿਲਿਪ ਦੂਜੇ ਦੀ ਯੋਜਨਾ ਤੋਂ ਪ੍ਰੇਰਿਤ ਹੋਇਆ ਅਤੇ ਉਸ ਨੇ ਮੱਧ ਪੂਰਬ ਵਿਚ ਫ਼ਾਰਸੀ ਸੂਬਿਆਂ ਉੱਤੇ ਕਬਜ਼ਾ ਕੀਤਾ। ਫਰਾਤ ਅਤੇ ਟਾਈਗ੍ਰਿਸ ਦਰਿਆਵਾਂ ਤੋਂ ਪਾਰ ਲੰਘ ਕੇ ਉਸ ਦੇ 47,000 ਬੰਦਿਆਂ ਨੇ ਗੋਗਾਮੀਲਾ ਵਿਖੇ ਦਾਰਾ ਤੀਜੇ ਦੇ 2,50,000 ਫ਼ੌਜੀਆਂ ਨੂੰ ਤਿੱਤਰ-ਬਿੱਤਰ ਕਰ ਦਿੱਤਾ। ਇਸ ਤੋਂ ਬਾਅਦ, ਦਾਰਾ ਭੱਜ ਗਿਆ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ ਜਿਸ ਨਾਲ ਫ਼ਾਰਸੀ ਰਾਜ-ਘਰਾਣਾ ਖ਼ਤਮ ਹੋ ਗਿਆ। ਯੂਨਾਨ ਹੁਣ ਵਿਸ਼ਵ ਸ਼ਕਤੀ ਬਣ ਗਿਆ, ਅਤੇ ਸਿਕੰਦਰ ਨੇ ‘ਵੱਡੀ ਸਮਰੱਥਾ ਨਾਲ ਰਾਜ ਕੀਤਾ ਅਤੇ ਜੋ ਚਾਹਿਆ ਸੋਈ ਕੀਤਾ।’
9, 10. ਭਵਿੱਖਬਾਣੀ ਕਿਵੇਂ ਸੱਚ ਸਾਬਤ ਹੋਈ ਕਿ ਸਿਕੰਦਰ ਦਾ ਰਾਜ ਉਸ ਦੇ ਵੰਸੀਆਂ ਨੂੰ ਨਹੀਂ ਮਿਲੇਗਾ?
9 ਸੰਸਾਰ ਉੱਪਰ ਸਿਕੰਦਰ ਦੀ ਹਕੂਮਤ ਥੋੜ੍ਹੇ ਹੀ ਚਿਰ ਲਈ ਹੋਣੀ ਸੀ, ਕਿਉਂਕਿ ਪਰਮੇਸ਼ੁਰ ਦੇ ਦੂਤ ਨੇ ਅੱਗੇ ਦੱਸਿਆ ਕਿ “ਜਦੋਂ ਉਹ ਉੱਠੇਗਾ ਤਦ ਉਹ ਦਾ ਰਾਜ ਟੁੱਟ ਪਏਗਾ ਅਤੇ ਅਕਾਸ਼ ਦੀਆਂ ਚਹੁੰਵਾਂ ਪੌਣਾਂ ਵੱਲ ਵੰਡਿਆ ਜਾਏਗਾ ਪਰ ਉਸ ਦੇ ਵੰਸੀਆਂ ਕੋਲ ਨਾ ਜਾਏਗਾ ਅਤੇ ਉਸ ਦੀ ਸਮਰੱਥਾ ਦੇ ਸਮਾਨ ਜਿਹ ਦੇ ਨਾਲ ਉਹ ਰਾਜ ਕਰਦਾ ਸੀ ਵੀ ਨਾ ਹੋਵੇਗਾ ਕਿਉਂ ਜੋ ਉਹ ਦਾ ਰਾਜ ਮੁੱਢੋਂ ਪੁੱਟਿਆ ਜਾਏਗਾ ਅਤੇ ਜੋ ਉਸ ਥੀਂ ਵੱਖਰੇ ਹਨ ਉਹ ਉਨ੍ਹਾਂ ਲਈ ਹੋਵੇਗਾ।” (ਦਾਨੀਏਲ 11:4) ਸਿਕੰਦਰ ਹਾਲੇ 32 ਸਾਲਾਂ ਦਾ ਹੀ ਸੀ ਜਦੋਂ 323 ਸਾ.ਯੁ.ਪੂ. ਵਿਚ ਬਾਬਲ ਵਿਚ ਅਚਾਨਕ ਬੀਮਾਰੀ ਨੇ ਉਸ ਦੀ ਜਾਨ ਲੈ ਲਈ।
10 ਸਿਕੰਦਰ ਦਾ ਵਿਸ਼ਾਲ ਸਾਮਰਾਜ “ਉਸ ਦੇ ਵੰਸੀਆਂ” ਨੂੰ ਨਹੀਂ ਮਿਲਿਆ। ਉਸ ਦੇ ਭਰਾ ਫਿਲਿਪ ਤੀਜੇ ਅਰਿਡੀਅਸ ਨੇ ਮਸੀਂ ਸੱਤ ਸਾਲ ਰਾਜ ਕੀਤਾ ਅਤੇ 317 ਸਾ.ਯੁ.ਪੂ. ਵਿਚ ਸਿਕੰਦਰ ਦੀ ਮਾਤਾ ਓਲਿੰਪੀਅਸ ਦੇ ਕਹਿਣੇ ਤੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਸਿਕੰਦਰ ਦੇ ਪੁੱਤਰ ਸਿਕੰਦਰ ਚੌਥੇ ਨੇ 311 ਸਾ.ਯੁ.ਪੂ. ਤਕ ਰਾਜ ਕੀਤਾ ਜਦੋਂ ਉਹ ਆਪਣੇ ਪਿਤਾ ਦੇ ਇਕ ਜਨਰਲ, ਕਸੈਂਡਰ ਦੇ ਹੱਥੋਂ ਮਾਰਿਆ ਗਿਆ। ਸਿਕੰਦਰ ਦੇ ਨਾਜਾਇਜ਼ ਪੁੱਤਰ, ਹੇਰਾਕਲੀਜ਼ ਨੇ ਆਪਣੇ ਪਿਤਾ ਦੇ ਨਾਂ ਵਿਚ ਰਾਜ ਕਰਨ ਦੀ ਕੋਸ਼ਿਸ਼ ਕੀਤੀ ਪਰ 309 ਸਾ.ਯੁ.ਪੂ. ਵਿਚ ਉਸ ਦਾ ਵੀ ਕਤਲ ਕੀਤਾ ਗਿਆ। ਇਸ ਤਰ੍ਹਾਂ ਸਿਕੰਦਰ ਦੀ “ਸਮਰੱਥਾ” ਉਸ ਦੇ ਪਰਿਵਾਰ ਨੂੰ ਨਹੀਂ ਮਿਲੀ ਅਤੇ ਉਸ ਦੀ ਵੰਸ਼ਾਵਲੀ ਖ਼ਤਮ ਹੋ ਗਈ।
11. ਸਿਕੰਦਰ ਦਾ ਰਾਜ ਕਿਵੇਂ “ਅਕਾਸ਼ ਦੀਆਂ ਚਹੁੰਵਾਂ ਪੌਣਾਂ ਵੱਲ ਵੰਡਿਆ” ਗਿਆ ਸੀ?
11 ਸਿਕੰਦਰ ਦੀ ਮੌਤ ਤੋਂ ਬਾਅਦ, ਉਸ ਦਾ ਰਾਜ “ਚਹੁੰਵਾਂ ਪੌਣਾਂ ਵੱਲ ਵੰਡਿਆ” ਗਿਆ ਸੀ। ਉਸ ਦੇ ਅਨੇਕ ਜਨਰਲਾਂ ਨੇ ਆਪਸ ਵਿਚ ਝਗੜਾ ਕੀਤਾ ਅਤੇ ਰਾਜ-ਖੇਤਰ ਨੂੰ ਆਪੋ-ਆਪਣੇ ਕਬਜ਼ੇ ਵਿਚ ਕਰਨ ਦੀ ਕੋਸ਼ਿਸ਼ ਕੀਤੀ। ਕਾਣੇ ਜਨਰਲ ਐਂਟਿਗੋਨਸ ਪਹਿਲੇ ਨੇ ਸਿਕੰਦਰ ਦੇ ਸਾਰੇ ਸਾਮਰਾਜ ਨੂੰ ਆਪਣੀ ਲਪੇਟ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ। ਪਰ ਉਹ ਫ੍ਰਿਜੀਆ ਵਿਚ ਇਪਸੱਸ ਵਿਖੇ ਇਕ ਯੁੱਧ ਵਿਚ ਮਾਰਿਆ ਗਿਆ। ਸਾਲ 301 ਸਾ.ਯੁ.ਪੂ. ਤਕ ਸਿਕੰਦਰ ਦੇ ਚਾਰ ਜਨਰਲ ਉਸ ਵਿਸ਼ਾਲ ਰਾਜ-ਖੇਤਰ ਉੱਪਰ ਰਾਜ ਕਰ ਰਹੇ ਸਨ ਜੋ ਉਨ੍ਹਾਂ ਦੇ ਸੈਨਾਪਤੀ ਨੇ ਜਿੱਤਿਆ ਸੀ। ਕਸੈਂਡਰ ਨੇ ਮਕਦੂਨਿਯਾ ਅਤੇ ਯੂਨਾਨ ਉੱਤੇ ਰਾਜ ਕੀਤਾ। ਲਾਈਸਿਮਿਕਸ ਨੇ ਏਸ਼ੀਆ ਮਾਈਨਰ ਅਤੇ ਥ੍ਰੇਸ ਨੂੰ ਹਾਸਲ ਕਰ ਲਿਆ। ਮੇਸੋਪੋਟੇਮੀਆ ਅਤੇ ਸੀਰੀਆ ਦੇਸ਼ ਸਿਲੂਕਸ ਪਹਿਲਾ ਨਿਕੇਟਰ ਦੇ ਅਧੀਨ ਆ ਗਏ। ਅਤੇ ਟਾਲਮੀ ਲੈਗਸ ਨੇ ਮਿਸਰ ਅਤੇ ਫਲਸਤੀਨ ਉੱਤੇ ਰਾਜ ਕੀਤਾ। ਭਵਿੱਖਬਾਣੀ ਦੇ ਅਨੁਸਾਰ, ਸਿਕੰਦਰ ਦਾ ਵੱਡਾ ਸਾਮਰਾਜ ਚਾਰ ਹੈਲਨਵਾਦੀ ਰਾਜਾਂ ਵਿਚ ਵੰਡਿਆ ਗਿਆ ਸੀ।
ਦੋ ਵਿਰੋਧੀ ਰਾਜੇ ਉੱਠਦੇ ਹਨ
12, 13. (ੳ) ਚਾਰ ਹੈਲਨਵਾਦੀ ਰਾਜਾਂ ਤੋਂ ਦੋ ਰਾਜ ਕਿਵੇਂ ਬਣੇ? (ਅ) ਸਿਲੂਕਸ ਨੇ ਸੀਰੀਆ ਵਿਚ ਕਿਹੜੇ ਸ਼ਾਹੀ ਖ਼ਾਨਦਾਨ ਨੂੰ ਸਥਾਪਿਤ ਕੀਤਾ ਸੀ?
12 ਰਾਜ ਸੱਤਾ ਵਿਚ ਆਉਣ ਤੋਂ ਕੁਝ ਹੀ ਸਾਲਾਂ ਬਾਅਦ, ਕਸੈਂਡਰ ਦੀ ਮੌਤ ਹੋ ਗਈ, ਅਤੇ 285 ਸਾ.ਯੁ.ਪੂ. ਵਿਚ ਲਾਈਸਿਮਿਕਸ ਯੂਨਾਨੀ ਸਾਮਰਾਜ ਦੇ ਯੂਰਪੀ ਹਿੱਸੇ ਉੱਤੇ ਰਾਜ ਕਰਨ ਲੱਗ ਪਿਆ। ਸਿਲੂਕਸ ਪਹਿਲਾ ਨਿਕੇਟਰ ਨੇ 281 ਸਾ.ਯੁ.ਪੂ. ਵਿਚ ਲਾਈਸਿਮਿਕਸ ਨੂੰ ਯੁੱਧ ਵਿਚ ਮਾਰ ਸੁੱਟਿਆ ਅਤੇ ਇਸ ਤਰ੍ਹਾਂ ਸਿਲੂਕਸ ਨੂੰ ਏਸ਼ੀਆਈ ਰਾਜ-ਖੇਤਰਾਂ ਦਾ ਵੱਡਾ ਹਿੱਸਾ ਮਿਲ ਗਿਆ। ਸਿਕੰਦਰ ਦੇ ਇਕ ਜਨਰਲ ਦਾ ਦੋਹਤਾ, ਐਂਟਿਗੋਨਸ ਦੂਜਾ ਗੋਨਾਟਸ, 276 ਸਾ.ਯੁ.ਪੂ. ਵਿਚ ਮਕਦੂਨਿਯਾ ਦਾ ਰਾਜਾ ਬਣਿਆ। ਸਮਾਂ ਆਉਣ ਤੇ, ਮਕਦੂਨਿਯਾ ਰੋਮ ਉੱਤੇ ਨਿਰਭਰ ਹੋ ਗਿਆ ਅਤੇ ਫਿਰ 146 ਸਾ.ਯੁ.ਪੂ. ਵਿਚ ਇਕ ਰੋਮੀ ਸੂਬਾ ਬਣ ਗਿਆ।
13 ਉਨ੍ਹਾਂ ਚਾਰਾਂ ਹੈਲਨਵਾਦੀ ਰਾਜਾਂ ਵਿੱਚੋਂ ਹੁਣ ਸਿਰਫ਼ ਦੋ ਰਾਜ ਹੀ ਮਸ਼ਹੂਰ ਰਹੇ—ਇਕ ਸਿਲੂਕਸ ਪਹਿਲਾ ਨਿਕੇਟਰ ਦੇ ਅਧੀਨ ਅਤੇ ਦੂਜਾ ਟਾਲਮੀ ਲੈਗਸ ਦੇ ਅਧੀਨ। ਸਿਲੂਕਸ ਨੇ ਸੀਰੀਆ ਵਿਚ ਸਿਲੂਕਸੀ ਸ਼ਾਹੀ ਖ਼ਾਨਦਾਨ ਨੂੰ ਸਥਾਪਿਤ ਕੀਤਾ। ਉਸ ਨੇ ਕਈ ਸ਼ਹਿਰ ਸਥਾਪਿਤ ਕੀਤੇ ਜਿਵੇਂ ਕਿ ਅੰਤਾਕਿਯਾ, ਜੋ ਸੀਰੀਆ ਦੀ ਨਵੀਂ ਰਾਜਧਾਨੀ ਸੀ, ਅਤੇ ਸਿਲੂਕਿਯਾ ਦੀ ਬੰਦਰਗਾਹ। ਬਾਅਦ ਵਿਚ ਪੌਲੁਸ ਰਸੂਲ ਨੇ ਅੰਤਾਕਿਯਾ ਵਿਚ ਉਪਦੇਸ਼ ਕੀਤਾ ਸੀ ਜਿੱਥੇ ਯਿਸੂ ਦੇ ਚੇਲੇ ਪਹਿਲੀ ਵਾਰ ਮਸੀਹੀ ਸੱਦੇ ਗਏ ਸਨ। (ਰਸੂਲਾਂ ਦੇ ਕਰਤੱਬ 11:25, 26; 13:1-4) ਸੰਨ 281 ਸਾ.ਯੁ.ਪੂ. ਵਿਚ ਸਿਲੂਕਸ ਦਾ ਕਤਲ ਕਰ ਦਿੱਤਾ ਗਿਆ ਸੀ, ਪਰ ਉਸ ਦੇ ਸ਼ਾਹੀ ਖ਼ਾਨਦਾਨ ਨੇ 64 ਸਾ.ਯੁ.ਪੂ. ਤਕ ਰਾਜ ਕੀਤਾ, ਜਦੋਂ ਰੋਮੀ ਜਨਰਲ ਨੀਅਸ ਪੌਂਪੀ ਨੇ ਸੀਰੀਆ ਨੂੰ ਇਕ ਰੋਮੀ ਸੂਬਾ ਬਣਾ ਲਿਆ ਸੀ।
14. ਮਿਸਰ ਵਿਚ ਟਾਲਮੀ ਸ਼ਾਹੀ ਖ਼ਾਨਦਾਨ ਕਦੋਂ ਸਥਾਪਿਤ ਕੀਤਾ ਗਿਆ ਸੀ?
14 ਚਾਰਾਂ ਹੈਲਨਵਾਦੀ ਰਾਜਾਂ ਵਿੱਚੋਂ ਟਾਲਮੀ ਲੈਗਸ, ਜਾਂ ਟਾਲਮੀ ਪਹਿਲੇ ਦਾ ਰਾਜ ਸਭ ਤੋਂ ਜ਼ਿਆਦਾ ਸਮੇਂ ਲਈ ਜਾਰੀ ਰਿਹਾ। ਟਾਲਮੀ ਪਹਿਲਾ 305 ਸਾ.ਯੁ.ਪੂ. ਵਿਚ ਰਾਜਾ ਬਣਿਆ ਸੀ। ਉਸ ਦੁਆਰਾ ਸਥਾਪਿਤ ਕੀਤਾ ਗਿਆ ਟਾਲਮੀ ਸ਼ਾਹੀ ਖ਼ਾਨਦਾਨ 30 ਸਾ.ਯੁ.ਪੂ. ਤਕ ਰਾਜ ਕਰਦਾ ਰਿਹਾ ਜਦੋਂ ਮਿਸਰ ਰੋਮ ਦੇ ਕਬਜ਼ੇ ਵਿਚ ਆ ਗਿਆ।
15. ਚਾਰਾਂ ਹੈਲਨਵਾਦੀ ਰਾਜਾਂ ਵਿੱਚੋਂ ਕਿਹੜੇ ਦੋ ਤਕੜੇ ਰਾਜੇ ਉੱਠੇ, ਅਤੇ ਉਨ੍ਹਾਂ ਨੇ ਕਿਹੜਾ ਸੰਘਰਸ਼ ਸ਼ੁਰੂ ਕੀਤਾ?
15 ਇਸ ਤਰ੍ਹਾਂ ਉਨ੍ਹਾਂ ਚਾਰਾਂ ਹੈਲਨਵਾਦੀ ਰਾਜਾਂ ਵਿੱਚੋਂ ਦੋ ਤਕੜੇ ਰਾਜੇ ਉੱਠੇ—ਸੀਰੀਆ ਦਾ ਰਾਜਾ ਸਿਲੂਕਸ ਪਹਿਲਾ ਨਿਕੇਟਰ ਅਤੇ ਮਿਸਰ ਦਾ ਰਾਜਾ ਟਾਲਮੀ ਪਹਿਲਾ। ਇਨ੍ਹਾਂ ਦੋਹਾਂ ਰਾਜਿਆਂ ਨਾਲ “ਉੱਤਰ ਦੇ ਰਾਜੇ” ਅਤੇ ‘ਦੱਖਣ ਦੇ ਰਾਜੇ’ ਵਿਚਕਾਰ ਲੰਬੇ ਸਮੇਂ ਦਾ ਸੰਘਰਸ਼ ਸ਼ੁਰੂ ਹੋਇਆ, ਜਿਸ ਬਾਰੇ ਦਾਨੀਏਲ ਦੇ ਗਿਆਰ੍ਹਵੇਂ ਅਧਿਆਇ ਵਿਚ ਦੱਸਿਆ ਗਿਆ ਹੈ। ਯਹੋਵਾਹ ਦੇ ਦੂਤ ਨੇ ਇਨ੍ਹਾਂ ਦੋਹਾਂ ਰਾਜਿਆਂ ਦੇ ਨਾਂ ਨਹੀਂ ਦੱਸੇ, ਕਿਉਂਕਿ ਸਦੀਆਂ ਦੇ ਦੌਰਾਨ ਇਨ੍ਹਾਂ ਦਾ ਭੇਸ ਅਤੇ ਕੌਮੀਅਤ ਬਦਲ ਜਾਣਗੇ। ਦੂਤ ਨੇ ਬੇਲੋੜੀਆਂ ਗੱਲਾਂ ਸ਼ਾਮਲ ਨਹੀਂ ਕੀਤੀਆਂ, ਉਸ ਨੇ ਸਿਰਫ਼ ਉਨ੍ਹਾਂ ਹਾਕਮਾਂ ਅਤੇ ਘਟਨਾਵਾਂ ਦਾ ਹੀ ਜ਼ਿਕਰ ਕੀਤਾ ਜਿਨ੍ਹਾਂ ਦਾ ਇਸ ਸੰਘਰਸ਼ ਨਾਲ ਸੰਬੰਧ ਹੈ।
ਵਿਰੋਧ ਸ਼ੁਰੂ ਹੁੰਦਾ ਹੈ
16. (ੳ) ਦੋ ਰਾਜੇ ਕਿਨ੍ਹਾਂ ਦੇ ਉੱਤਰ ਅਤੇ ਦੱਖਣ ਵਿਚ ਸਨ? (ਅ) “ਉੱਤਰ ਦਾ [ਪਹਿਲਾ] ਰਾਜਾ” ਅਤੇ “ਦੱਖਣ ਦਾ [ਪਹਿਲਾ] ਰਾਜਾ” ਕੌਣ ਸਨ?
16 ਹੁਣ ਧਿਆਨ ਨਾਲ ਸੁਣੋ! ਇਸ ਜ਼ਬਰਦਸਤ ਸੰਘਰਸ਼ ਦੇ ਆਰੰਭ ਬਾਰੇ ਦੱਸਦੇ ਹੋਏ, ਯਹੋਵਾਹ ਦਾ ਦੂਤ ਕਹਿੰਦਾ ਹੈ ਕਿ “ਦੱਖਣ ਦਾ ਰਾਜਾ ਜ਼ੋਰ ਪਾਏਗਾ ਅਤੇ ਉਹ ਦੇ ਨਾਲੋਂ ਉਹ [ਸਿਕੰਦਰ] ਦੇ ਸਰਦਾਰਾਂ ਵਿੱਚੋਂ ਇੱਕ [ਉੱਤਰ ਦਾ ਰਾਜਾ] ਵਧੀਕ ਜ਼ੋਰਾਵਰ ਹੋਵੇਗਾ ਅਤੇ ਸਮਰੱਥਾ ਪਾਏਗਾ ਅਤੇ ਉਸ ਦਾ ਰਾਜ ਇੱਕ ਵੱਡਾ ਰਾਜ ਹੋਵੇਗਾ।” (ਦਾਨੀਏਲ 11:5) ਇਹ ਨਾਂ “ਉੱਤਰ ਦਾ ਰਾਜਾ” ਅਤੇ “ਦੱਖਣ ਦਾ ਰਾਜਾ” ਦਾਨੀਏਲ ਦੇ ਲੋਕਾਂ ਤੋਂ ਉੱਤਰ ਅਤੇ ਦੱਖਣ ਦਿਸ਼ਾਵਾਂ ਵਿਚ ਰਾਜਿਆਂ ਦਾ ਜ਼ਿਕਰ ਕਰਦੇ ਹਨ। ਯਹੂਦੀ ਲੋਕ ਉਸ ਸਮੇਂ ਬਾਬਲੀ ਕੈਦ ਤੋਂ ਆਜ਼ਾਦ ਕੀਤੇ ਗਏ ਸਨ ਅਤੇ ਯਹੂਦਾਹ ਦੇ ਦੇਸ਼ ਵਿਚ ਵਾਪਸ ਲਿਆਂਦੇ ਗਏ ਸਨ। “ਦੱਖਣ ਦਾ [ਪਹਿਲਾ] ਰਾਜਾ” ਮਿਸਰ ਦਾ ਟਾਲਮੀ ਪਹਿਲਾ ਸੀ। ਸੀਰੀਆਈ ਰਾਜਾ ਸਿਲੂਕਸ ਪਹਿਲਾ ਨਿਕੇਟਰ ਸਿਕੰਦਰ ਦੇ ਜਨਰਲਾਂ ਵਿੱਚੋਂ ਇਕ ਸੀ ਅਤੇ ਉਸ ਨੇ ਟਾਲਮੀ ਪਹਿਲੇ ਉੱਤੇ ਪ੍ਰਬਲ ਹੋ ਕੇ “ਵੱਡੀ ਸਮਰੱਥਾ ਨਾਲ” ਰਾਜ ਕੀਤਾ। ਉਹ “ਉੱਤਰ ਦਾ ਰਾਜਾ” ਸਾਬਤ ਹੋਇਆ।
17. ਉੱਤਰ ਅਤੇ ਦੱਖਣ ਦੇ ਰਾਜਿਆਂ ਵਿਚਕਾਰ ਸੰਘਰਸ਼ ਦੇ ਸ਼ੁਰੂ ਵਿਚ, ਯਹੂਦਾਹ ਦਾ ਦੇਸ਼ ਕਿਸ ਦੇ ਅਧੀਨ ਸੀ?
17 ਇਸ ਸੰਘਰਸ਼ ਦੇ ਸ਼ੁਰੂ ਵਿਚ ਯਹੂਦਾਹ ਦਾ ਦੇਸ਼ ਦੱਖਣ ਦੇ ਰਾਜੇ ਦੇ ਅਧੀਨ ਸੀ। ਲਗਭਗ 320 ਸਾ.ਯੁ.ਪੂ. ਤੋਂ ਟਾਲਮੀ ਪਹਿਲੇ ਨੇ ਯਹੂਦੀਆਂ ਉੱਤੇ ਪ੍ਰਭਾਵ ਪਾਇਆ ਕਿ ਉਹ ਬਸਤੀਵਾਸੀਆਂ ਵਜੋਂ ਮਿਸਰ ਵਿਚ ਆ ਕੇ ਰਹਿਣ। ਸਿਕੰਦਰੀਆ ਵਿਚ ਇਕ ਯਹੂਦੀ ਬਸਤੀ ਵਧੀ-ਫੁੱਲੀ, ਜਿੱਥੇ ਟਾਲਮੀ ਪਹਿਲੇ ਨੇ ਇਕ ਪ੍ਰਸਿੱਧ ਲਾਇਬ੍ਰੇਰੀ ਸਥਾਪਿਤ ਕੀਤੀ। ਯਹੂਦਾਹ ਵਿਚ ਵੱਸਦੇ ਯਹੂਦੀ 198 ਸਾ.ਯੁ.ਪੂ. ਤਕ ਟਾਲਮੀਆਂ ਅਧੀਨ ਮਿਸਰ, ਅਰਥਾਤ ਦੱਖਣ ਦੇ ਰਾਜੇ ਦੇ ਅਧੀਨ ਰਹੇ।
18, 19. ਸਮੇਂ ਦੇ ਬੀਤਣ ਨਾਲ, ਉਨ੍ਹਾਂ ਦੋਹਾਂ ਵਿਰੋਧੀ ਰਾਜਿਆਂ ਨੇ “ਏਕਤਾ” ਲਈ ਇਕ ਸਮਝੌਤਾ ਕਿਵੇਂ ਕੀਤਾ?
18 ਦੋਹਾਂ ਰਾਜਿਆਂ ਦੇ ਸੰਬੰਧ ਵਿਚ ਦੂਤ ਨੇ ਭਵਿੱਖਬਾਣੀ ਕੀਤੀ ਕਿ “ਵਰਿਹਾਂ ਦੇ ਪਿੱਛੋਂ ਓੜਕ ਨੂੰ ਉਹ ਆਪਸ ਵਿੱਚ ਮੇਲ ਕਰਨਗੇ ਕਿਉਂ ਜੋ ਦੱਖਣ ਦੇ ਰਾਜੇ ਦੀ ਧੀ ਉੱਤਰ ਦੇ ਰਾਜੇ ਕੋਲ ਆਵੇਗੀ ਤਾਂ ਜੋ ਏਕਤਾ ਕਰੇ ਪਰ ਉਹ ਆਪਣੀਆਂ ਬਾਂਹਾਂ ਦੇ ਜ਼ੋਰ ਨੂੰ ਨਾ ਰੱਖੇਗੀ ਅਤੇ ਉਹ ਵੀ ਨਾ ਖਲੋਵੇਗਾ ਅਤੇ ਨਾ ਹੀ ਉਹ ਦੀ ਬਾਂਹ, ਸਗੋਂ ਜੋ ਉਹ ਨੂੰ ਲਿਆਏ ਸਨ ਉਨ੍ਹਾਂ ਸਣੇ ਅਤੇ ਉਹ ਦੇ ਪਿਉ ਸਣੇ ਅਤੇ ਜਿਸ ਨੇ ਉਨ੍ਹਾਂ ਦਿਨਾਂ ਵਿੱਚ ਉਹ ਨੂੰ ਜ਼ੋਰ ਦਿੱਤਾ ਸੀ ਉਸ ਦੇ ਸਣੇ ਛੱਡ ਦਿੱਤੀ ਜਾਏਗੀ।” (ਦਾਨੀਏਲ 11:6) ਇਹ ਭਵਿੱਖਬਾਣੀ ਕਿਵੇਂ ਪੂਰੀ ਹੋਈ?
19 ਭਵਿੱਖਬਾਣੀ ਨੇ ਸਿਲੂਕਸ ਪਹਿਲਾ ਨਿਕੇਟਰ ਦੇ ਪੁੱਤਰ ਅਤੇ ਉਸ ਦੇ ਵਾਰਸ, ਐਂਟੀਓਕਸ ਪਹਿਲੇ ਦਾ ਜ਼ਿਕਰ ਨਹੀਂ ਕੀਤਾ, ਕਿਉਂਕਿ ਉਸ ਨੇ ਦੱਖਣ ਦੇ ਰਾਜੇ ਦੇ ਵਿਰੁੱਧ ਕੋਈ ਖ਼ਾਸ ਯੁੱਧ ਨਹੀਂ ਲੜਿਆ। ਪਰ ਉਸ ਦਾ ਵਾਰਸ, ਐਂਟੀਓਕਸ ਦੂਜਾ, ਟਾਲਮੀ ਪਹਿਲੇ ਦੇ ਪੁੱਤਰ ਟਾਲਮੀ ਦੂਜੇ ਦੇ ਵਿਰੁੱਧ ਕਾਫ਼ੀ ਚਿਰ ਲਈ ਲੜਾਈ ਕਰਦਾ ਰਿਹਾ। ਫਿਰ ਐਂਟੀਓਕਸ ਦੂਜਾ ਉੱਤਰ ਦਾ ਰਾਜਾ ਸਾਬਤ ਹੋਇਆ ਅਤੇ ਟਾਲਮੀ ਦੂਜਾ ਦੱਖਣ ਦਾ ਰਾਜਾ ਸਾਬਤ ਹੋਇਆ। ਐਂਟੀਓਕਸ ਦੂਜਾ, ਲੇਓਡੀਸ ਨਾਲ ਵਿਆਹਿਆ ਹੋਇਆ ਸੀ, ਅਤੇ ਉਨ੍ਹਾਂ ਦਾ ਇਕ ਪੁੱਤਰ ਸੀ ਜਿਸ ਦਾ ਨਾਂ ਸਿਲੂਕਸ ਦੂਜਾ ਸੀ, ਜਦ ਕਿ ਟਾਲਮੀ ਦੂਜੇ ਦੀ ਇਕ ਲੜਕੀ ਸੀ ਜਿਸ ਦਾ ਨਾਂ ਬੇਰੇਨਾਈਸੀ ਸੀ। ਇਨ੍ਹਾਂ ਦੋਹਾਂ ਰਾਜਿਆਂ ਨੇ 250 ਸਾ.ਯੁ.ਪੂ. ਵਿਚ “ਏਕਤਾ” ਲਈ ਇਕ ਸਮਝੌਤਾ ਕੀਤਾ। ਇਸ ਮਿੱਤਰਤਾ ਦੀ ਕੀਮਤ ਭਰਨ ਲਈ ਐਂਟੀਓਕਸ ਦੂਜੇ ਨੇ ਆਪਣੀ ਪਤਨੀ ਲੇਓਡੀਸ ਨੂੰ ਤਲਾਕ ਦੇ ਕੇ “ਦੱਖਣ ਦੇ ਰਾਜੇ ਦੀ ਧੀ,” ਬੇਰੇਨਾਈਸੀ ਨਾਲ ਵਿਆਹ ਕਰ ਲਿਆ। ਬੇਰੇਨਾਈਸੀ ਤੋਂ ਉਸ ਦਾ ਇਕ ਪੁੱਤਰ ਪੈਦਾ ਹੋਇਆ ਜੋ ਕਿ ਲੇਓਡੀਸ ਦੇ ਪੁੱਤਰਾਂ ਦੀ ਬਜਾਇ, ਸੀਰੀਆਈ ਰਾਜ ਦਾ ਵਾਰਸ ਬਣਿਆ।
20. (ੳ) ਬੇਰੇਨਾਈਸੀ ਦੀਆਂ “ਬਾਂਹਾਂ” ਕਿਵੇਂ ਖੜ੍ਹੀਆਂ ਨਹੀਂ ਰਹੀਆਂ? (ਅ) ਬੇਰੇਨਾਈਸੀ, ਨਾਲੇ ਉਹ “ਜੋ ਉਹ ਨੂੰ ਲਿਆਏ ਸਨ,” ਅਤੇ ‘ਜਿਸ ਨੇ ਉਹ ਨੂੰ ਜ਼ੋਰ ਦਿੱਤਾ ਸੀ’ ਕਿਵੇਂ ਛੱਡੇ ਗਏ ਸਨ? (ੲ) ਐਂਟੀਓਕਸ ਦੂਜੇ ਦੇ ‘ਆਪਣੀ ਬਾਂਹ,’ ਜਾਂ ਜ਼ੋਰ ਨੂੰ ਖੋਹਣ ਤੋਂ ਬਾਅਦ ਸੀਰੀਆਈ ਰਾਜਾ ਕੌਣ ਬਣਿਆ?
20 ਬੇਰੇਨਾਈਸੀ ਦੀਆਂ “ਬਾਂਹਾਂ” ਜਾਂ ਉਸ ਨੂੰ ਸਹਾਰਾ ਦੇਣ ਵਾਲਾ ਉਸ ਦਾ ਪਿਤਾ, ਟਾਲਮੀ ਦੂਜਾ ਸੀ। ਜਦੋਂ ਉਹ 246 ਸਾ.ਯੁ.ਪੂ. ਵਿਚ ਮਰ ਗਿਆ, ਉਹ ਆਪਣੇ ਪਤੀ ਦੇ ਸੰਬੰਧ ਵਿਚ “ਆਪਣੀਆਂ ਬਾਂਹਾਂ ਦੇ ਜ਼ੋਰ ਨੂੰ” ਨਹੀਂ ਰੱਖ ਸਕੀ। ਐਂਟੀਓਕਸ ਦੂਜੇ ਨੇ ਉਸ ਨੂੰ ਠੁਕਰਾ ਦਿੱਤਾ, ਲੇਓਡੀਸ ਨਾਲ ਮੁੜ ਕੇ ਵਿਆਹ ਕਰ ਲਿਆ, ਅਤੇ ਇਨ੍ਹਾਂ ਦਾ ਆਪਣਾ ਪੁੱਤਰ ਵਾਰਸ ਵਜੋਂ ਠਹਿਰਾਇਆ। ਲੇਓਡੀਸ ਦੀ ਯੋਜਨਾ ਅਨੁਸਾਰ, ਬੇਰੇਨਾਈਸੀ ਅਤੇ ਉਸ ਦੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ। ਜ਼ਾਹਰ ਹੈ ਕਿ ਜਿਨ੍ਹਾਂ ਸੇਵਾਦਾਰਾਂ ਨੇ ਬੇਰੇਨਾਈਸੀ ਨੂੰ ਮਿਸਰ ਤੋਂ ਸੀਰੀਆ ਨੂੰ ਲਿਆਂਦਾ ਸੀ, ਅਰਥਾਤ “ਜੋ ਉਹ ਨੂੰ ਲਿਆਏ ਸਨ” ਉਨ੍ਹਾਂ ਦਾ ਵੀ ਇਸੇ ਤਰ੍ਹਾਂ ਕਤਲ ਕੀਤਾ ਗਿਆ ਸੀ। ਅਤੇ ਲੇਓਡੀਸ ਨੇ ਐਂਟੀਓਕਸ ਦੂਜੇ ਨੂੰ ਜ਼ਹਿਰ ਦੇ ਦਿੱਤੀ, ਤਾਂ ਇਸ ਤਰ੍ਹਾਂ “[ਐਂਟੀਓਕਸ] ਦੀ ਬਾਂਹ,” ਜਾਂ ਉਸ ਦਾ ਜ਼ੋਰ ਵੀ ‘ਨਹੀਂ ਖਲੋਇਆ।’ ਇਸ ਤਰ੍ਹਾਂ, ਬੇਰੇਨਾਈਸੀ ਦਾ “ਪਿਉ,” ਅਤੇ ਉਸ ਦਾ ਸੀਰੀਆਈ ਪਤੀ, ਜਿਸ ਨੇ ਉਸ ਨੂੰ ਥੋੜ੍ਹੇ ਸਮੇਂ ਲਈ “ਜ਼ੋਰ” ਦਿੱਤਾ ਸੀ, ਦੋਨੋਂ ਮਰ ਗਏ। ਇਸ ਤੋਂ ਬਾਅਦ ਲੇਓਡੀਸ ਦਾ ਪੁੱਤਰ, ਸਿਲੂਕਸ ਦੂਜਾ, ਅਗਲਾ ਸੀਰੀਆਈ ਰਾਜਾ ਬਣਿਆ। ਇਨ੍ਹਾਂ ਸਾਰਿਆਂ ਮਾਮਲਿਆਂ ਦੇ ਸੰਬੰਧ ਵਿਚ ਅਗਲੇ ਟਾਲਮੀ ਰਾਜੇ ਦਾ ਕੀ ਰਵੱਈਆ ਹੋਵੇਗਾ?
ਇਕ ਰਾਜਾ ਆਪਣੀ ਭੈਣ ਦੇ ਕਤਲ ਦਾ ਬਦਲਾ ਲੈਂਦਾ ਹੈ
21. (ੳ) ਬੇਰੇਨਾਈਸੀ ਦੀਆਂ “ਜੜ੍ਹਾਂ” ਦੀ “ਟਹਿਣੀ ਤੋਂ ਇੱਕ” ਕੌਣ ਸੀ, ਅਤੇ ਉਹ ਕਿਵੇਂ ‘ਉੱਠਿਆ’? (ਅ) ਟਾਲਮੀ ਤੀਜਾ ‘ਉੱਤਰ ਦੇ ਰਾਜੇ ਦੇ ਗੜ੍ਹ ਵਿਰੁੱਧ’ ਕਿਵੇਂ ਆਇਆ ਅਤੇ ਜਿੱਤਿਆ?
21 ਦੂਤ ਕਹਿੰਦਾ ਹੈ ਕਿ “ਉਹ ਦੀਆਂ ਜੜ੍ਹਾਂ ਵਿੱਚੋਂ ਦੀ ਟਹਿਣੀ ਤੋਂ ਇੱਕ ਉਹ ਦੇ ਥਾਂ ਉੱਠੇਗਾ। ਉਹ ਇੱਕ ਫੌਜ ਨਾਲ ਆਵੇਗਾ ਅਤੇ ਉੱਤਰ ਦੇ ਰਾਜੇ ਦੇ ਗੜ੍ਹ ਵਿੱਚ ਵੜੇਗਾ ਅਤੇ ਹੱਲਾ ਕਰ ਕੇ ਉਨ੍ਹਾਂ ਨੂੰ ਹਰਾਵੇਗਾ।” (ਦਾਨੀਏਲ 11:7) ਬੇਰੇਨਾਈਸੀ ਦੇ ਮਾਪਿਆਂ, ਜਾਂ “ਜੜ੍ਹਾਂ” ਦੀ “ਟਹਿਣੀ ਤੋਂ ਇੱਕ” ਉਸ ਦਾ ਭਰਾ ਸੀ। ਆਪਣੇ ਪਿਤਾ ਦੀ ਮੌਤ ਹੋਣ ਤੇ, ਉਹ ਦੱਖਣ ਦੇ ਰਾਜੇ, ਅਰਥਾਤ ਮਿਸਰੀ ਫ਼ਿਰਊਨ ਟਾਲਮੀ ਤੀਜੇ ਵਜੋਂ ‘ਉੱਠਿਆ।’ ਉਹ ਤੁਰੰਤ ਹੀ ਆਪਣੀ ਭੈਣ ਦੇ ਕਤਲ ਦਾ ਬਦਲਾ ਲੈਣ ਨਿਕਲਿਆ। ਉਹ ਸੀਰੀਆਈ ਰਾਜਾ ਸਿਲੂਕਸ ਦੂਜੇ ਦੇ ਵਿਰੁੱਧ ਆਇਆ। ਇਸ ਰਾਜੇ ਨੇ ਲੇਓਡੀਸ ਦੀ ਚੁੱਕ ਵਿਚ ਆ ਕੇ ਬੇਰੇਨਾਈਸੀ ਅਤੇ ਉਸ ਦੇ ਪੁੱਤਰ ਦਾ ਕਤਲ ਕੀਤਾ ਸੀ। ਇਸ ਤਰ੍ਹਾਂ ਉਹ “ਉੱਤਰ ਦੇ ਰਾਜੇ ਦੇ ਗੜ੍ਹ” ਵਿਰੁੱਧ ਆਇਆ। ਟਾਲਮੀ ਤੀਜੇ ਨੇ ਅੰਤਾਕਿਯਾ ਦਾ ਕਿਲਾਬੰਦ ਹਿੱਸਾ ਜਿੱਤ ਲਿਆ ਅਤੇ ਲੇਓਡੀਸ ਨੂੰ ਮਾਰ ਦਿੱਤਾ। ਉਹ ਪੂਰਬ ਵੱਲ ਵਧਦਾ-ਵਧਦਾ ਉੱਤਰ ਦੇ ਰਾਜੇ ਦੇ ਖੇਤਰ ਵਿੱਚੋਂ ਲੰਘਿਆ ਅਤੇ ਬੈਬੀਲੋਨੀਆ ਨੂੰ ਲੁੱਟ ਕੇ ਉਹ ਭਾਰਤ ਪਹੁੰਚ ਗਿਆ।
22. ਟਾਲਮੀ ਤੀਜੇ ਨੇ ਮਿਸਰ ਨੂੰ ਵਾਪਸ ਕੀ ਲਿਆਂਦਾ, ਅਤੇ ਉਹ ਕਿਵੇਂ ‘ਕਈਆਂ ਵਰਿਹਾਂ ਤੀਕਰ ਉੱਤਰ ਦੇ ਰਾਜੇ ਨੂੰ ਛੇੜਨ ਤੋਂ ਰਿਹਾ’?
22 ਅੱਗੇ ਕੀ ਹੋਇਆ? ਪਰਮੇਸ਼ੁਰ ਦਾ ਦੂਤ ਸਾਨੂੰ ਦੱਸਦਾ ਹੈ ਕਿ “ਉਹ ਉਨ੍ਹਾਂ ਦੇ ਦਿਓਤਿਆਂ ਨੂੰ ਉਨ੍ਹਾਂ ਦੀਆਂ ਢਾਲੀਆਂ ਹੋਈਆਂ ਮੂਰਤਾਂ ਸਣੇ ਅਤੇ ਉਨ੍ਹਾਂ ਦੇ ਸੋਨੇ ਚਾਂਦੀ ਦੇ ਚੰਗੇ ਭਾਂਡਿਆਂ ਸਣੇ ਕੈਦ ਕਰ ਕੇ ਮਿਸਰ ਨੂੰ ਲੈ ਜਾਵੇਗਾ ਅਤੇ ਕਈਆਂ ਵਰਿਹਾਂ ਤੀਕਰ ਉਹ ਉੱਤਰ ਦੇ ਰਾਜੇ ਨੂੰ ਛੇੜਨ ਤੋਂ ਰਹੇਗਾ।” (ਦਾਨੀਏਲ 11:8) ਕੁਝ 200 ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ, ਫ਼ਾਰਸੀ ਰਾਜਾ ਕੈਮਬਾਈਸੀਜ਼ ਦੂਜਾ, ਮਿਸਰ ਉੱਪਰ ਹਮਲਾ ਕਰ ਕੇ “ਉਨ੍ਹਾਂ ਦੀਆਂ ਢਾਲੀਆਂ ਹੋਈਆਂ ਮੂਰਤਾਂ,” ਮਤਲਬ ਕਿ ਮਿਸਰੀ ਦੇਵੀ-ਦੇਵਤਿਆਂ ਨੂੰ ਆਪਣੇ ਦੇਸ਼ ਲੈ ਆਇਆ ਸੀ। ਟਾਲਮੀ ਤੀਜੇ ਨੇ ਫ਼ਾਰਸ ਦੀ ਪਹਿਲੀ ਸ਼ਾਹੀ ਰਾਜਧਾਨੀ ਸੂਸਾ ਨੂੰ ਲੁੱਟ ਕੇ ਇਨ੍ਹਾਂ ਦੇਵੀ-ਦੇਵਤਿਆਂ ਨੂੰ ਮੁੜ ਹਾਸਲ ਕਰ ਲਿਆ ਅਤੇ ਉਨ੍ਹਾਂ ਨੂੰ “ਕੈਦ ਕਰ ਕੇ” ਮਿਸਰ ਨੂੰ ਲਿਆਂਦਾ। ਉਸ ਨੇ ਲੜਾਈ ਵਿੱਚੋਂ ਲੁੱਟੇ “ਸੋਨੇ ਚਾਂਦੀ ਦੇ [ਅਨੇਕ] ਚੰਗੇ ਭਾਂਡਿਆਂ” ਨੂੰ ਵੀ ਵਾਪਸ ਲਿਆਂਦਾ। ਟਾਲਮੀ ਤੀਜੇ ਨੂੰ ਆਪਣੇ ਦੇਸ਼ ਵਿਚ ਇਕ ਘਰੇਲੂ ਬਗਾਵਤ ਨਿਪਟਾਉਣ ਲਈ ਵਾਪਸ ਮਿਸਰ ਜਾਣਾ ਪਿਆ, ਇਸ ਕਰਕੇ ‘ਉਹ ਉੱਤਰ ਦੇ ਰਾਜੇ ਨੂੰ ਛੇੜਨ ਤੋਂ ਰਹਿ ਗਿਆ’ ਅਤੇ ਉਸ ਨੂੰ ਹੋਰ ਨੁਕਸਾਨ ਨਹੀਂ ਪਹੁੰਚਾ ਸਕਿਆ।
ਸੀਰੀਆਈ ਰਾਜਾ ਬਦਲਾ ਲੈਂਦਾ ਹੈ
23. ਦੱਖਣ ਦੇ ਰਾਜੇ ਦੇ ਖੇਤਰ ਵਿਚ ਆਉਣ ਤੋਂ ਬਾਅਦ, ਉੱਤਰ ਦਾ ਰਾਜਾ ਕਿਉਂ ‘ਆਪਣੇ ਦੇਸ ਵਿੱਚ ਮੁੜ ਗਿਆ’ ਸੀ?
23 ਉੱਤਰ ਦੇ ਰਾਜੇ ਨੇ ਫਿਰ ਕੀ ਕੀਤਾ? ਦਾਨੀਏਲ ਨੂੰ ਦੱਸਿਆ ਜਾਂਦਾ ਹੈ ਕਿ “ਉਹ ਦੱਖਣ ਦੇ ਪਾਤਸ਼ਾਹ ਦੇ ਰਾਜ ਵਿੱਚ ਵੜੇਗਾ ਪਰ ਆਪਣੇ ਦੇਸ ਵਿੱਚ ਮੁੜ ਆਵੇਗਾ।” (ਦਾਨੀਏਲ 11:9) ਉੱਤਰ ਦਾ ਰਾਜਾ—ਸੀਰੀਆਈ ਰਾਜਾ ਸਿਲੂਕਸ ਦੂਜਾ—ਬਦਲਾ ਲੈਣ ਲਈ ਦੱਖਣ ਦੇ ਮਿਸਰੀ ਰਾਜੇ ਦੇ “ਰਾਜ,” ਜਾਂ ਰਾਜ ਖੇਤਰ ਵਿਚ ਵੜਿਆ ਪਰ ਹਾਰ ਗਿਆ। ਲਗਭਗ 242 ਸਾ.ਯੁ.ਪੂ. ਵਿਚ ਸਿਲੂਕਸ ਦੂਜਾ, ਆਪਣੀ ਫ਼ੌਜ ਦੇ ਥੋੜ੍ਹੇ ਹੀ ਬਾਕੀ ਰਹਿੰਦੇ ਸੈਨਿਕਾਂ ਨਾਲ ਸੀਰੀਆ ਦੀ ਰਾਜਧਾਨੀ, ਅੰਤਾਕਿਯਾ ਨੂੰ ਵਾਪਸ ‘ਆਪਣੇ ਦੇਸ ਵਿਚ ਮੁੜ ਗਿਆ।’ ਉਸ ਦੀ ਮੌਤ ਤੇ ਉਸ ਦੇ ਪੁੱਤਰ ਸਿਲੂਕਸ ਤੀਜੇ ਨੇ ਉਸ ਦੀ ਥਾਂ ਲੈ ਲਈ।
24. (ੳ) ਸਿਲੂਕਸ ਤੀਜੇ ਨੂੰ ਕੀ ਹੋਇਆ? (ਅ) ਸੀਰੀਆਈ ਰਾਜਾ ਐਂਟੀਓਕਸ ਤੀਜਾ, ਦੱਖਣ ਦੇ ਰਾਜੇ ਦੇ ਖੇਤਰ ਵਿੱਚੋਂ ਕਿਵੇਂ ‘ਵਗਿਆ ਤੇ ਫੈਲਿਆ ਤੇ ਲੰਘਿਆ’?
24 ਸੀਰੀਆਈ ਰਾਜੇ ਸਿਲੂਕਸ ਦੂਜੇ ਦੀ ਸੰਤਾਨ ਬਾਰੇ ਕੀ ਪੂਰਵ-ਸੂਚਿਤ ਕੀਤਾ ਗਿਆ ਸੀ? ਦੂਤ ਨੇ ਦਾਨੀਏਲ ਨੂੰ ਦੱਸਿਆ ਕਿ “ਉਹ ਦੇ ਪੁੱਤ੍ਰ ਜੁੱਧ ਕਰਨਗੇ ਅਤੇ ਇੱਕ ਵੱਡੀ ਭੀੜ ਵਾਲੀ ਫੌਜ ਇਕੱਠੀ ਕਰਨਗੇ ਜਿਹੜੀ ਵਗੀ ਆਏਗੀ ਤੇ ਫੈਲੇਗੀ ਤੇ ਲੰਘੇਗੀ ਅਤੇ ਓਹ ਮੁੜਨਗੇ ਤੇ ਇਹ ਦੇ ਕੋਟ ਤੋੜੀ ਲੜਨਗੇ।” (ਦਾਨੀਏਲ 11:10) ਸਿਲੂਕਸ ਤੀਜੇ ਨੂੰ ਤਿੰਨਾਂ ਸਾਲਾਂ ਦੇ ਅੰਦਰ-ਅੰਦਰ ਕਤਲ ਕਰ ਦਿੱਤਾ ਗਿਆ ਅਤੇ ਉਸ ਦਾ ਰਾਜ ਸਮਾਪਤ ਹੋ ਗਿਆ। ਉਸ ਦਾ ਭਰਾ ਐਂਟੀਓਕਸ ਤੀਜਾ ਉਸ ਦੀ ਥਾਂ ਸੀਰੀਆਈ ਰਾਜ-ਗੱਦੀ ਉੱਤੇ ਬੈਠਾ। ਸਿਲੂਕਸ ਦੂਜੇ ਦੇ ਇਸ ਪੁੱਤਰ ਨੇ ਦੱਖਣ ਦੇ ਰਾਜੇ ਉੱਤੇ ਹਮਲਾ ਕਰਨ ਲਈ ਭਾਰੀ ਫ਼ੌਜ ਤਿਆਰ ਕੀਤੀ। ਉਸ ਸਮੇਂ ਟਾਲਮੀ ਚੌਥਾ ਦੱਖਣ ਦਾ ਰਾਜਾ ਸੀ। ਉੱਤਰ ਦਾ ਨਵਾਂ ਸੀਰੀਆਈ ਰਾਜਾ ਮਿਸਰ ਦੇ ਵਿਰੁੱਧ ਲੜਾਈ ਵਿਚ ਕਾਮਯਾਬ ਹੋਇਆ ਅਤੇ ਉਸ ਨੇ ਸਿਲੂਕਿਯਾ ਦੀ ਬੰਦਰਗਾਹ, ਕੋਲ-ਸੀਰੀਆ ਦਾ ਸੂਬਾ, ਸੂਰ ਅਤੇ ਟਾਲਮੇਅਸ ਅਤੇ ਨੇੜੇ-ਤੇੜੇ ਦੇ ਨਗਰ ਜਿੱਤ ਲਏ। ਉਸ ਨੇ ਰਾਜਾ ਟਾਲਮੀ ਚੌਥੇ ਦੀ ਫ਼ੌਜ ਨੂੰ ਹਰਾ ਦਿੱਤਾ ਅਤੇ ਯਹੂਦਾਹ ਦੇ ਕਈ ਸ਼ਹਿਰ ਆਪਣੇ ਕਬਜ਼ੇ ਵਿਚ ਕਰ ਲਏ। ਐਂਟੀਓਕਸ ਤੀਜਾ 217 ਸਾ.ਯੁ.ਪੂ. ਦੀ ਬਸੰਤ ਵਿਚ ਹੁਣ ਟਾਲਮੇਅਸ ਸ਼ਹਿਰ ਛੱਡ ਕੇ ਉੱਤਰ ਨੂੰ ਸੀਰੀਆ ਵਿਚ ‘ਆਪਣੇ ਕੋਟ ਤੋੜੀ’ ਗਿਆ। ਪਰ ਇਕ ਤਬਦੀਲੀ ਨਜ਼ਦੀਕ ਸੀ।
ਸਥਿਤੀ ਪਲਟ ਜਾਂਦੀ ਹੈ
25. ਟਾਲਮੀ ਚੌਥਾ ਯੁੱਧ ਵਿਚ ਐਂਟੀਓਕਸ ਤੀਜੇ ਨੂੰ ਕਿੱਥੇ ਮਿਲਿਆ ਸੀ, ਅਤੇ ਦੱਖਣ ਦੇ ਮਿਸਰੀ ਰਾਜੇ ਦੇ “ਹੱਥ ਵਿੱਚ” ਕੀ “ਦਿੱਤਾ” ਗਿਆ ਸੀ?
25 ਦਾਨੀਏਲ ਦੇ ਵਾਂਗ, ਅਸੀਂ ਵੀ ਧਿਆਨ ਨਾਲ ਸੁਣਦੇ ਹਾਂ ਜਿਉਂ ਹੀ ਯਹੋਵਾਹ ਦਾ ਦੂਤ ਅੱਗੇ ਭਵਿੱਖਬਾਣੀ ਕਰਦਾ ਹੈ: “ਦੱਖਣ ਦੇ ਰਾਜੇ ਦਾ ਕ੍ਰੋਧ ਜਾਗੇਗਾ ਅਤੇ ਉਹ ਨਿੱਕਲ ਕੇ ਉਸ ਦੇ ਨਾਲ, ਹਾਂ, ਉੱਤਰ ਦੇ ਰਾਜੇ ਨਾਲ ਲੜਾਈ ਕਰੇਗਾ ਅਤੇ ਵੱਡਾ ਦਲ ਲੈ ਕੇ ਆਵੇਗਾ ਅਤੇ ਉਹ ਵੱਡਾ ਦਲ ਉਸ ਦੇ ਹੱਥ ਵਿੱਚ ਦਿੱਤਾ ਜਾਏਗਾ।” (ਦਾਨੀਏਲ 11:11) ਦੱਖਣ ਦਾ ਰਾਜਾ ਟਾਲਮੀ ਚੌਥਾ 75,000 ਸੈਨਿਕਾਂ ਸਮੇਤ ਉੱਤਰ ਵੱਲ ਆਪਣੇ ਦੁਸ਼ਮਣ ਦੇ ਵਿਰੁੱਧ ਵਧਿਆ। ਉੱਤਰ ਦੇ ਸੀਰੀਆਈ ਰਾਜੇ, ਐਂਟੀਓਕਸ ਤੀਜੇ ਨੇ ਉਸ ਦੇ ਵਿਰੁੱਧ ਲੜਨ ਲਈ 68,000 ਸੈਨਿਕਾਂ ਦਾ “ਵੱਡਾ ਦਲ” ਤਿਆਰ ਕੀਤਾ ਹੋਇਆ ਸੀ। ਪਰ ਉਹ “ਦਲ” ਮਿਸਰ ਦੀ ਸਰਹੱਦ ਦੇ ਨਜ਼ਦੀਕ, ਯੁੱਧ ਦੌਰਾਨ ਰਫੀਆ ਨਾਂ ਦੇ ਤਟਵਰਤੀ ਸ਼ਹਿਰ ਵਿਖੇ ਦੱਖਣ ਦੇ ਰਾਜੇ ਦੇ “ਹੱਥ ਵਿੱਚ ਦਿੱਤਾ” ਗਿਆ।
26. (ੳ) ਰਫੀਆ ਦੇ ਯੁੱਧ ਵਿਚ, ਦੱਖਣ ਦੇ ਰਾਜੇ ਦੁਆਰਾ ਕਿਹੜੀ “ਭੀੜ” ਚੁੱਕੀ ਗਈ ਸੀ, ਅਤੇ ਉੱਥੇ ਕੀਤੀ ਗਈ ਸ਼ਾਂਤੀ-ਸੰਧੀ ਦੀਆਂ ਕੀ ਸ਼ਰਤਾਂ ਸਨ? (ਅ) ਟਾਲਮੀ ਚੌਥੇ ਨੇ ‘ਜੇਤੂ’ ਦੀ ਆਪਣੀ ਪਦਵੀ ਕਿਵੇਂ ਨਹੀਂ ਵਰਤੀ? (ੲ) ਦੱਖਣ ਦਾ ਅਗਲਾ ਰਾਜਾ ਕੌਣ ਬਣਿਆ?
26 ਭਵਿੱਖਬਾਣੀ ਅੱਗੇ ਕਹਿੰਦੀ ਹੈ ਕਿ “ਭੀੜ ਚੁੱਕੀ ਜਾਏਗੀ ਅਤੇ ਉਹ ਦੇ ਦਿਲ ਵਿੱਚ ਹੰਕਾਰ ਹੋਵੇਗਾ ਅਤੇ ਉਹ ਦਸਾਂ ਹਜ਼ਾਰਾਂ ਨੂੰ ਡੇਗੇਗਾ ਪਰ ਉਹ ਜਿੱਤੇਗਾ ਨਾ।” (ਦਾਨੀਏਲ 11:12) ਦੱਖਣ ਦੇ ਰਾਜੇ ਟਾਲਮੀ ਚੌਥੇ ਨੇ 10,000 ਪੈਦਲ ਅਤੇ 300 ਘੋੜ-ਸਵਾਰ ਸੈਨਿਕਾਂ ਨੂੰ ‘ਚੁੱਕ ਲਿਆ’ ਜਾਂ ਜਾਨੋਂ ਮਾਰ ਦਿੱਤਾ, ਅਤੇ 4,000 ਨੂੰ ਕੈਦੀ ਬਣਾ ਲਿਆ। ਫਿਰ ਰਾਜਿਆਂ ਨੇ ਇਕ ਸੰਧੀ ਕੀਤੀ ਜਿਸ ਵਿਚ ਐਂਟੀਓਕਸ ਤੀਜੇ ਨੇ ਆਪਣੀ ਸੀਰੀਆਈ ਬੰਦਰਗਾਹ ਸਿਲੂਕਿਯਾ ਨਹੀਂ ਹਾਰੀ, ਪਰ ਫਨੀਸ਼ੀਆ ਅਤੇ ਕੋਲ-ਸੀਰੀਆ ਉਸ ਦੇ ਹੱਥੋਂ ਨਿਕਲ ਗਏ। ਇਸ ਜਿੱਤ ਕਰਕੇ, ਦੱਖਣ ਦੇ ਮਿਸਰੀ ਰਾਜੇ ਦੇ ਦਿਲ ਵਿਚ ‘ਹੰਕਾਰ ਹੋ ਗਿਆ,’ ਖ਼ਾਸ ਕਰਕੇ ਯਹੋਵਾਹ ਦੇ ਵਿਰੁੱਧ। ਯਹੂਦਾਹ, ਟਾਲਮੀ ਚੌਥੇ ਦੇ ਕਬਜ਼ੇ ਵਿਚ ਰਿਹਾ। ਪਰ ਉਸ ਨੇ ਉੱਤਰ ਦੇ ਸੀਰੀਆਈ ਰਾਜੇ ਦੇ ਵਿਰੁੱਧ, ‘ਜੇਤੂ’ ਦੀ ਆਪਣੀ ਪਦਵੀ ਨਹੀਂ ਵਰਤੀ। ਇਸ ਦੀ ਬਜਾਇ, ਟਾਲਮੀ ਚੌਥਾ ਅੱਯਾਸ਼ੀ ਭਰਿਆ ਜੀਵਨ ਬਤੀਤ ਕਰਨ ਲੱਗ ਪਿਆ, ਅਤੇ ਉਸ ਦਾ ਪੰਜਾਂ ਸਾਲਾਂ ਦਾ ਪੁੱਤਰ ਟਾਲਮੀ ਪੰਜਵਾਂ, ਐਂਟੀਓਕਸ ਤੀਜੇ ਦੀ ਮੌਤ ਤੋਂ ਕੁਝ ਸਾਲ ਪਹਿਲਾਂ ਦੱਖਣ ਦਾ ਅਗਲਾ ਰਾਜਾ ਬਣ ਗਿਆ।
ਹਮਲਾਵਰ ਵਾਪਸ ਆਉਂਦਾ ਹੈ
27. ਉੱਤਰ ਦਾ ਰਾਜਾ “ਕਈਆਂ ਵਰਿਹਾਂ ਪਿੱਛੋਂ,” ਮਿਸਰ ਤੋਂ ਆਪਣੇ ਇਲਾਕਿਆਂ ਨੂੰ ਵਾਪਸ ਲੈਣ ਲਈ ਕਿਵੇਂ ਨਿਕਲਿਆ?
27 ਉਸ ਦੀਆਂ ਸਾਰੀਆਂ ਕਾਮਯਾਬੀਆਂ ਦੇ ਕਾਰਨ, ਐਂਟੀਓਕਸ ਤੀਜੇ ਨੂੰ ਐਂਟੀਓਕਸ ਮਹਾਨ ਸੱਦਿਆ ਗਿਆ। ਉਸ ਬਾਰੇ ਦੂਤ ਨੇ ਕਿਹਾ ਕਿ “ਉੱਤਰ ਦਾ ਰਾਜਾ ਮੁੜੇਗਾ ਅਤੇ ਇੱਕ ਦਲ ਨੂੰ ਜੋ ਪਹਿਲੇ ਨਾਲੋਂ ਡਾਢਾ ਹੋਵੇਗਾ ਇਕੱਠਿਆਂ ਕਰੇਗਾ ਅਤੇ ਕਈਆਂ ਵਰਿਹਾਂ ਪਿੱਛੋਂ ਉਹ ਆਪਣੀ ਵੱਡੀ ਫੌਜ ਅਤੇ ਢੇਰ ਸਾਰੇ ਮਾਲ ਸਣੇ ਆਵੇਗਾ।” (ਦਾਨੀਏਲ 11:13) ਇਹ ‘ਕਈ ਵਰ੍ਹੇ,’ ਰਫੀਆ ਵਿਖੇ ਸੀਰੀਆਈਆਂ ਨੂੰ ਮਿਸਰੀਆਂ ਦੁਆਰਾ ਹਰਾਏ ਜਾਣ ਤੋਂ ਬਾਅਦ 16 ਜਾਂ ਉਸ ਤੋਂ ਜ਼ਿਆਦਾ ਸਾਲ ਸਨ। ਜਦੋਂ ਛੋਟੀ ਉਮਰ ਤੇ ਟਾਲਮੀ ਪੰਜਵਾਂ ਦੱਖਣ ਦਾ ਰਾਜਾ ਬਣਿਆ, ਤਾਂ ਐਂਟੀਓਕਸ ਤੀਜਾ ‘ਪਹਿਲੇ ਨਾਲੋਂ ਇੱਕ ਡਾਢਾ ਦਲ’ ਲੈ ਕੇ ਨਿਕਲਿਆ, ਤਾਂਕਿ ਉਹ ਉਨ੍ਹਾਂ ਇਲਾਕਿਆਂ ਨੂੰ ਵਾਪਸ ਲੈ ਸਕੇ ਜੋ ਦੱਖਣ ਦੇ ਮਿਸਰੀ ਰਾਜੇ ਨੇ ਉਸ ਤੋਂ ਜਿੱਤੇ ਸਨ। ਉਹ ਇਸ ਮਕਸਦ ਕਰਕੇ ਹੀ ਮਕਦੂਨੀ ਰਾਜਾ ਫਿਲਿਪ ਪੰਜਵੇਂ ਦੀਆਂ ਫ਼ੌਜਾਂ ਨਾਲ ਇਕਮੁੱਠ ਹੋ ਗਿਆ।
28. ਦੱਖਣ ਦੇ ਿਨੱਕੇ ਰਾਜੇ ਦੇ ਸਾਮ੍ਹਣੇ ਕਿਹੜੀਆਂ ਸਮੱਸਿਆਵਾਂ ਖੜ੍ਹੀਆਂ ਸਨ?
28 ਦੱਖਣ ਦੇ ਰਾਜੇ ਨੂੰ ਵੀ ਉਸ ਦੇ ਰਾਜ ਵਿਚ ਸਮੱਸਿਆਵਾਂ ਪੇਸ਼ ਆ ਰਹੀਆਂ ਸਨ। ਦੂਤ ਕਹਿੰਦਾ ਹੈ: “ਉਨ੍ਹੀਂ ਦਿਨੀਂ ਬਥੇਰੇ ਦੱਖਣ ਦੇ ਰਾਜੇ ਦੇ ਵਿਰੁੱਧ ਉੱਠ ਖਲੋਣਗੇ।” (ਦਾਨੀਏਲ 11:14ੳ) ਅਸਲ ਵਿਚ “ਦੱਖਣ ਦੇ ਰਾਜੇ ਦੇ ਵਿਰੁੱਧ” ਕਈ ‘ਉੱਠ ਖਲੋਏ।’ ਐਂਟੀਓਕਸ ਤੀਜੇ ਅਤੇ ਉਸ ਦੇ ਮਕਦੂਨੀ ਮਿੱਤਰ ਦੀਆਂ ਫ਼ੌਜਾਂ ਦਾ ਸਾਮ੍ਹਣਾ ਕਰਨ ਤੋਂ ਇਲਾਵਾ, ਦੱਖਣ ਦੇ ਇਸ ਿਨੱਕੇ ਰਾਜੇ ਦੇ ਸਾਮ੍ਹਣੇ ਆਪਣੇ ਦੇਸ਼ ਮਿਸਰ ਵਿਚ ਹੀ ਕਈ ਸਮੱਸਿਆਵਾਂ ਖੜ੍ਹੀਆਂ ਸਨ। ਅਗੈਥੱਕਲੀਜ਼ ਰਾਜੇ ਦੀ ਦੇਖ-ਭਾਲ ਕਰਦਾ ਹੁੰਦਾ ਸੀ। ਉਹ ਰਾਜੇ ਦੇ ਨਾਂ ਤੇ ਰਾਜ ਕਰਦਾ ਸੀ, ਪਰ ਜਦੋਂ ਉਸ ਨੇ ਮਿਸਰੀਆਂ ਨਾਲ ਬੁਰਾ ਸਲੂਕ ਕੀਤਾ ਤਾਂ ਕਈਆਂ ਨੇ ਵਿਦਰੋਹ ਕੀਤਾ। ਦੂਤ ਨੇ ਅੱਗੇ ਕਿਹਾ ਕਿ “ਤੇਰਿਆਂ ਲੋਕਾਂ ਦੇ ਧਾੜਵੀ ਵੀ ਉੱਠਣਗੇ ਜੋ ਉਸ ਦਰਸ਼ਣ ਨੂੰ ਪੂਰਾ ਕਰਨ ਪਰ ਓਹ ਡਿੱਗ ਪੈਣਗੇ।” (ਦਾਨੀਏਲ 11:14ਅ) ਦਾਨੀਏਲ ਦੇ ਲੋਕਾਂ ਵਿੱਚੋਂ ਵੀ ਕੁਝ “ਧਾੜਵੀ,” ਜਾਂ ਇਨਕਲਾਬੀ ਬਣ ਗਏ ਸਨ। ਪਰ ਅਜਿਹੇ ਯਹੂਦੀ ਮਨੁੱਖਾਂ ਦੁਆਰਾ ਕੋਈ ਵੀ “ਦਰਸ਼ਣ” ਕਿ ਉਨ੍ਹਾਂ ਦੇ ਜੱਦੀ ਦੇਸ਼ ਉੱਪਰ ਗ਼ੈਰ-ਯਹੂਦੀ ਰਾਜ ਖ਼ਤਮ ਹੋ ਜਾਵੇ ਝੂਠਾ ਹੀ ਸੀ, ਅਤੇ ਉਹ ਅਸਫ਼ਲ ਰਹਿਣਗੇ, ਜਾਂ “ਡਿੱਗ” ਪੈਣਗੇ।
29, 30. (ੳ) “ਦੱਖਣ ਦੀਆਂ ਬਾਂਹਾਂ” ਉੱਤਰ ਤੋਂ ਆਏ ਹਮਲੇ ਅੱਗੇ ਕਿਵੇਂ ਹਾਰ ਗਈਆਂ? (ਅ) ਉੱਤਰ ਦਾ ਰਾਜਾ ‘ਪਰਤਾਪਵਾਨ ਦੇਸ ਵਿੱਚ ਕਿਵੇਂ ਖਲੋਣ’ ਲੱਗਾ?
29 ਯਹੋਵਾਹ ਦੇ ਦੂਤ ਨੇ ਅੱਗੇ ਪੂਰਵ-ਸੂਚਿਤ ਕੀਤਾ ਕਿ “ਉੱਤਰ ਦਾ ਰਾਜਾ ਆਵੇਗਾ ਅਤੇ ਦਮਦਮਾ ਬਣਾਵੇਗਾ ਅਤੇ ਪੱਕੇ ਪੱਕੇ ਸ਼ਹਿਰਾਂ ਨੂੰ ਲੈ ਲਵੇਗਾ ਅਤੇ ਦੱਖਣ ਦੀਆਂ ਬਾਂਹਾਂ ਨਾ ਅੜਨਗੀਆਂ ਅਤੇ ਨਾ ਹੀ ਉਹ ਦੇ ਚੁਣੇ ਹੋਏ ਲੋਕਾਂ ਵਿੱਚ ਅੜਨ ਦਾ ਜ਼ੋਰ ਹੋਵੇਗਾ। ਅਤੇ ਉਹ ਜੋ ਉਸ ਦੇ ਉੱਤੇ ਚੜ੍ਹ ਕੇ ਆਵੇਗਾ ਸੋ ਆਪਣੀ ਇੱਛਿਆ ਦੇ ਅਨੁਸਾਰ ਕੰਮ ਕਰੇਗਾ ਅਤੇ ਉਹ ਦਾ ਸਾਹਮਣਾ ਕੋਈ ਨਾ ਕਰ ਸੱਕੇਗਾ। ਉਹ ਉਸ ਪਰਤਾਪਵਾਨ ਦੇਸ ਵਿੱਚ ਖਲੋਵੇਗਾ ਅਤੇ ਉਹ ਦੇ ਹੱਥ ਵਿੱਚ ਨਾਸ ਹੋਵੇਗਾ।”—ਦਾਨੀਏਲ 11:15, 16.
30 “ਦੱਖਣ ਦੀਆਂ ਬਾਂਹਾਂ” ਜਾਂ ਟਾਲਮੀ ਪੰਜਵੇਂ ਦੀਆਂ ਫ਼ੌਜਾਂ ਉੱਤਰ ਤੋਂ ਆਏ ਹਮਲੇ ਅੱਗੇ ਹਾਰ ਗਈਆਂ। ਪਨੀਅਸ (ਕੈਸਰਿਯਾ ਫ਼ਿਲਿੱਪੈ) ਵਿਖੇ, ਐਂਟੀਓਕਸ ਤੀਜੇ ਨੇ ਮਿਸਰ ਦੇ ਜਨਰਲ ਸਕੋਪਸ ਨੂੰ ਅਤੇ 10,000 ਚੋਣਵੇਂ ਜਾਂ “ਚੁਣੇ ਹੋਏ” ਮਨੁੱਖਾਂ ਨੂੰ ਸਾਈਡਨ, ਅਰਥਾਤ ‘ਪੱਕੇ ਸ਼ਹਿਰ’ ਵਿਚ ਨਠਾ ਦਿੱਤਾ। ਉੱਥੇ ਐਂਟੀਓਕਸ ਤੀਜੇ ਨੇ ‘ਦਮਦਮਾ ਬਣਾਇਆ’ ਅਤੇ 198 ਸਾ.ਯੁ.ਪੂ. ਵਿਚ ਉਸ ਫਨੀਸ਼ੀਆਈ ਬੰਦਰਗਾਹ ਉੱਪਰ ਕਬਜ਼ਾ ਕਰ ਲਿਆ। ਉਸ ਨੇ “ਆਪਣੀ ਇੱਛਿਆ ਦੇ ਅਨੁਸਾਰ” ਕੰਮ ਕੀਤਾ ਕਿਉਂਕਿ ਦੱਖਣ ਦੇ ਮਿਸਰੀ ਰਾਜੇ ਦੀਆਂ ਫ਼ੌਜਾਂ ਉਸ ਦੇ ਸਾਮ੍ਹਣੇ ਖਲੋ ਨਹੀਂ ਸਕੀਆਂ। ਐਂਟੀਓਕਸ ਤੀਜੇ ਨੇ ਫਿਰ ਯਰੂਸ਼ਲਮ ਉੱਤੇ ਹਮਲਾ ਕੀਤਾ, ਜੋ ਯਹੂਦਾਹ, ਅਰਥਾਤ “ਪਰਤਾਪਵਾਨ ਦੇਸ,” ਦੀ ਰਾਜਧਾਨੀ ਸੀ। ਸੰਨ 198 ਸਾ.ਯੁ.ਪੂ. ਵਿਚ ਯਰੂਸ਼ਲਮ ਅਤੇ ਯਹੂਦਾਹ, ਦੱਖਣ ਦੇ ਮਿਸਰੀ ਰਾਜੇ ਦੇ ਅਧਿਕਾਰ ਹੇਠੋਂ ਉੱਤਰ ਦੇ ਸੀਰੀਆਈ ਰਾਜੇ ਦੇ ਅਧੀਨ ਆ ਗਏ। ਅਤੇ ਉੱਤਰ ਦਾ ਰਾਜਾ, ਐਂਟੀਓਕਸ ਤੀਜਾ ‘ਪਰਤਾਪਵਾਨ ਦੇਸ ਵਿੱਚ ਖਲੋਣ’ ਲੱਗਾ। ਸਾਰੇ ਯਹੂਦੀ ਅਤੇ ਮਿਸਰੀ ਵਿਰੋਧੀਆਂ ਲਈ, “ਉਹ ਦੇ ਹੱਥ ਵਿੱਚ ਨਾਸ” ਸੀ। ਉੱਤਰ ਦਾ ਇਹ ਰਾਜਾ ਕਿੰਨੇ ਚਿਰ ਲਈ ਆਪਣੀ ਮਰਜ਼ੀ ਕਰ ਸਕੇਗਾ?
ਰੋਮ ਹਮਲਾਵਰ ਨੂੰ ਰੋਕਦਾ ਹੈ
31, 32. ਉੱਤਰ ਦੇ ਰਾਜੇ ਨੂੰ ਅੰਤ ਵਿਚ ਦੱਖਣ ਦੇ ਰਾਜੇ ਸਾਮ੍ਹਣੇ ਸ਼ਾਂਤੀ ਦੀਆਂ “ਸਹੀ ਸ਼ਰਤਾਂ” ਕਿਉਂ ਰੱਖਣੀਆਂ ਪਈਆਂ?
31 ਯਹੋਵਾਹ ਦਾ ਦੂਤ ਸਾਨੂੰ ਇਹ ਜਵਾਬ ਦਿੰਦਾ ਹੈ: “ਉਹ [ਉੱਤਰ ਦਾ ਰਾਜਾ] ਆਪਣੇ ਸਾਰੇ ਰਾਜ ਦੇ ਜ਼ੋਰ ਨਾਲ ਆਉਣ ਨੂੰ ਆਪਣਾ ਮੁਹਾਣਾ ਮੋੜੇਗਾ ਅਤੇ ਉਹ ਦੇ ਨਾਲ ਸਹੀ ਸ਼ਰਤਾਂ ਹੋਣਗੀਆਂ। ਉਨ੍ਹਾਂ ਨੂੰ ਪੂਰਾ ਕਰੇਗਾ ਅਤੇ ਉਹ ਉਸ ਨੂੰ ਤੀਵੀਆਂ ਦੀ ਧੀ ਦੇਵੇਗਾ ਭਈ ਉਹ ਉਸ ਨੂੰ ਵਿਗਾੜੇ ਪਰ ਉਹ ਨਾ ਤਾਂ ਖਲੋਵੇਗੀ ਨਾ ਉਹ ਉਸ ਦੇ ਲਈ ਹੋਵੇਗੀ।”—ਦਾਨੀਏਲ 11:17.
32 ਉੱਤਰ ਦੇ ਰਾਜੇ, ਐਂਟੀਓਕਸ ਤੀਜੇ ਨੇ ਮਿਸਰ ਉੱਪਰ ਰਾਜ ਕਰਨ ਲਈ, ‘ਆਪਣੇ ਸਾਰੇ ਰਾਜ ਦੇ ਜ਼ੋਰ ਨਾਲ ਆਉਣ ਲਈ ਆਪਣਾ ਮੁਹਾਣਾ ਮੋੜਿਆ।’ ਪਰ ਅੰਤ ਵਿਚ ਉਹ ਦੱਖਣ ਦੇ ਰਾਜੇ, ਟਾਲਮੀ ਪੰਜਵੇਂ ਸਾਮ੍ਹਣੇ ਸ਼ਾਂਤੀ ਦੀਆਂ “ਸਹੀ ਸ਼ਰਤਾਂ” ਹੀ ਰੱਖ ਸਕਿਆ। ਰੋਮ ਦੇ ਕਹਿਣ ਤੇ ਐਂਟੀਓਕਸ ਤੀਜੇ ਨੂੰ ਆਪਣੀ ਯੋਜਨਾ ਬਦਲਣੀ ਪਈ ਸੀ। ਜਦੋਂ ਉਹ ਅਤੇ ਮਕਦੂਨਿਯਾ ਦਾ ਰਾਜਾ ਫਿਲਿਪ ਪੰਜਵਾਂ ਇਕੱਠੇ ਹੋ ਕੇ, ਛੋਟੀ ਉਮਰ ਦੇ ਮਿਸਰੀ ਰਾਜੇ ਦੇ ਵਿਰੁੱਧ ਉਸ ਦੇ ਰਾਜ-ਖੇਤਰਾਂ ਨੂੰ ਆਪਣੀ ਲਪੇਟ ਵਿਚ ਲੈਣ ਲਈ ਆਏ, ਤਾਂ ਟਾਲਮੀ ਪੰਜਵੇਂ ਦੀ ਦੇਖ-ਭਾਲ ਕਰਨ ਵਾਲਿਆਂ ਨੇ ਰੋਮ ਤੋਂ ਸਹਾਇਤਾ ਮੰਗੀ। ਆਪਣਾ ਪ੍ਰਭਾਵ ਵਧਾਉਣ ਦੇ ਇਸ ਸੁਨਹਿਰੇ ਮੌਕੇ ਦਾ ਪੂਰਾ ਫ਼ਾਇਦਾ ਉਠਾਉਂਦੇ ਹੋਏ, ਰੋਮ ਨੇ ਆਪਣਾ ਬਲ ਦਿਖਾਇਆ।
33. (ੳ) ਐਂਟੀਓਕਸ ਤੀਜੇ ਅਤੇ ਟਾਲਮੀ ਪੰਜਵੇਂ ਦੇ ਵਿਚਕਾਰ ਸ਼ਾਂਤੀ ਦੀਆਂ ਕਿਹੜੀਆਂ ਸ਼ਰਤਾਂ ਸਨ? (ਅ) ਕਲੀਓਪੇਟਰਾ ਪਹਿਲੀ ਅਤੇ ਟਾਲਮੀ ਪੰਜਵੇਂ ਦੇ ਵਿਆਹ ਦਾ ਕੀ ਮਕਸਦ ਸੀ, ਅਤੇ ਇਹ ਯੋਜਨਾ ਕਿਉਂ ਅਸਫ਼ਲ ਹੋਈ?
33 ਰੋਮ ਦੇ ਦਬਾਅ ਹੇਠਾਂ ਆ ਕੇ, ਐਂਟੀਓਕਸ ਤੀਜੇ ਨੇ ਸ਼ਾਂਤੀ ਦੀਆਂ ਸ਼ਰਤਾਂ ਦੱਖਣ ਦੇ ਰਾਜੇ ਸਾਮ੍ਹਣੇ ਲਿਆਂਦੀਆਂ। ਕਬਜ਼ੇ ਵਿਚ ਲਏ ਗਏ ਰਾਜ-ਖੇਤਰਾਂ ਨੂੰ ਮੋੜ ਦੇਣ ਦੀ ਬਜਾਇ, ਜਿਵੇਂ ਰੋਮ ਨੇ ਹੁਕਮ ਦਿੱਤਾ ਸੀ, ਐਂਟੀਓਕਸ ਤੀਜੇ ਨੇ ਯੋਜਨਾ ਬਣਾਈ ਕਿ ਉਹ ਆਪਣੀ ਲੜਕੀ ਕਲੀਓਪੇਟਰਾ ਪਹਿਲੀ—“ਤੀਵੀਆਂ ਦੀ ਧੀ”—ਦਾ ਟਾਲਮੀ ਪੰਜਵੇਂ ਨਾਲ ਵਿਆਹ ਕਰ ਕੇ ਸੂਬਿਆਂ ਦੀ ਨਾਮਾਤਰ ਅਦਲਾ-ਬਦਲੀ ਕਰ ਦੇਵੇਗਾ। ਉਸ ਦੇ ਦਾਜ ਵਿਚ ਸੂਬੇ ਦਿੱਤੇ ਜਾਣਗੇ ਜਿਨ੍ਹਾਂ ਵਿਚ ਯਹੂਦਾਹ, ਉਹ “ਪਰਤਾਪਵਾਨ ਦੇਸ” ਵੀ ਸ਼ਾਮਲ ਹੋਵੇਗਾ। ਪਰ 193 ਸਾ.ਯੁ.ਪੂ. ਵਿਚ ਵਿਆਹ ਦੇ ਮੌਕੇ ਤੇ ਸੀਰੀਆਈ ਰਾਜੇ ਨੇ ਇਹ ਸੂਬੇ ਟਾਲਮੀ ਪੰਜਵੇਂ ਨੂੰ ਨਹੀਂ ਦਿੱਤੇ। ਇਹ ਇਕ ਰਾਜਨੀਤਿਕ ਵਿਆਹ ਹੀ ਸੀ ਜਿਸ ਨਾਲ ਮਿਸਰ ਨੂੰ ਸੀਰੀਆ ਦੇ ਅਧੀਨ ਲਿਆਂਦਾ ਜਾਣਾ ਸੀ। ਪਰ ਇਹ ਯੋਜਨਾ ਅਸਫ਼ਲ ਹੋਈ ਕਿਉਂਕਿ ਕਲੀਓਪੇਟਰਾ ਪਹਿਲੀ ‘ਉਸ ਦੇ ਲਈ ਨਹੀਂ ਰਹੀ,’ ਕਿਉਂ ਜੋ ਬਾਅਦ ਵਿਚ ਉਸ ਨੇ ਆਪਣੇ ਪਤੀ ਦਾ ਸਾਥ ਦਿੱਤਾ। ਜਦੋਂ ਐਂਟੀਓਕਸ ਤੀਜੇ ਅਤੇ ਰੋਮੀਆਂ ਵਿਚਕਾਰ ਲੜਾਈ ਸ਼ੁਰੂ ਹੋਈ, ਤਾਂ ਮਿਸਰ ਨੇ ਰੋਮ ਦਾ ਸਾਥ ਦਿੱਤਾ।
34, 35. (ੳ) ਉੱਤਰ ਦੇ ਰਾਜੇ ਨੇ ਕਿਹੜੇ “ਟਾਪੂਆਂ” ਵੱਲ ਆਪਣਾ ਮੂੰਹ ਕੀਤਾ? (ਅ) ਰੋਮ ਨੇ ਉੱਤਰ ਦੇ ਰਾਜੇ ਵੱਲੋਂ “ਉਲਾਂਭੇ ਨੂੰ” ਕਿਵੇਂ ਮੁਕਾਇਆ? (ੲ) ਐਂਟੀਓਕਸ ਤੀਜਾ ਕਿਵੇਂ ਮਰਿਆ, ਅਤੇ ਉੱਤਰ ਦਾ ਅਗਲਾ ਰਾਜਾ ਕੌਣ ਬਣਿਆ?
34 ਉੱਤਰ ਦੇ ਰਾਜੇ ਦੀ ਹਾਰ ਬਾਰੇ ਜ਼ਿਕਰ ਕਰਦਿਆਂ, ਦੂਤ ਨੇ ਅੱਗੇ ਕਿਹਾ ਕਿ “ਉਹ [ਐਂਟੀਓਕਸ ਤੀਜਾ] ਆਪਣਾ ਮੂੰਹ ਟਾਪੂਆਂ ਵੱਲ ਕਰੇਗਾ ਅਤੇ ਬਹੁਤਿਆਂ ਨੂੰ ਲੈ ਲਵੇਗਾ ਪਰ ਇੱਕ ਪਰਧਾਨ [ਰੋਮ] ਉਸ ਉਲਾਂਭੇ ਨੂੰ ਜੋ ਉਸ [ਰੋਮ] ਨੇ ਉਹ [ਐਂਟੀਓਕਸ ਤੀਜਾ] ਦੀ ਵੱਲੋਂ ਲਿਆ ਸੀ ਹਟਾ ਦੇਵੇਗਾ ਸਗੋਂ [ਰੋਮ] ਉਸ ਉਲਾਂਭੇ ਨੂੰ ਉਸੇ ਉੱਤੇ ਫੇਰ ਦੇਵੇਗਾ। ਤਦੋਂ [ਐਂਟੀਓਕਸ ਤੀਜਾ] ਆਪਣੇ ਦੇਸ ਦੇ ਕੋਟਾਂ ਵੱਲ ਮੂੰਹ ਮੋੜੇਗਾ ਪਰ ਉਹ ਟੱਕਰ ਖਾਏਗਾ ਅਤੇ ਡਿੱਗ ਪਏਗਾ, ਫੇਰ ਉਹ ਲੱਭਿਆ ਨਾ ਜਾਏਗਾ।”—ਦਾਨੀਏਲ 11:18, 19.
35 ਇਹ ਮਕਦੂਨਿਯਾ, ਯੂਨਾਨ, ਅਤੇ ਏਸ਼ੀਆ ਮਾਈਨਰ ਦੇ ‘ਟਾਪੂ’ ਸਨ। ਸੰਨ 192 ਸਾ.ਯੁ.ਪੂ. ਵਿਚ ਯੂਨਾਨ ਵਿਚ ਯੁੱਧ ਸ਼ੁਰੂ ਹੋ ਗਿਆ ਅਤੇ ਐਂਟੀਓਕਸ ਤੀਜੇ ਨੂੰ ਯੂਨਾਨ ਆਉਣਾ ਪਿਆ। ਕਿਉਂ ਜੋ ਸੀਰੀਆਈ ਰਾਜਾ ਵਾਧੂ ਰਾਜ-ਖੇਤਰਾਂ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਰੋਮ ਉਸ ਤੋਂ ਪ੍ਰਸੰਨ ਨਹੀਂ ਸੀ ਅਤੇ ਰੋਮ ਨੇ ਉਸ ਦੇ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਥਰਮੋਪਿਲੀ ਵਿਖੇ ਉਹ ਰੋਮ ਦੇ ਹੱਥੋਂ ਹਾਰ ਗਿਆ। ਸੰਨ 190 ਸਾ.ਯੁ.ਪੂ. ਵਿਚ ਮੈਗਨੀਜ਼ੀਆ ਦੀ ਜੰਗ ਹਾਰਨ ਤੋਂ ਇਕ ਕੁ ਸਾਲ ਬਾਅਦ, ਉਸ ਨੂੰ ਯੂਨਾਨ, ਏਸ਼ੀਆ ਮਾਈਨਰ, ਅਤੇ ਟੋਰਸ ਪਹਾੜਾਂ ਦੇ ਪੱਛਮ ਵਿਚ ਇਲਾਕੇ ਛੱਡਣੇ ਪਏ। ਰੋਮ ਨੇ ਭਾਰਾ ਜੁਰਮਾਨਾ ਲਾਇਆ ਅਤੇ ਉੱਤਰ ਦੇ ਸੀਰੀਆਈ ਰਾਜੇ ਉੱਪਰ ਆਪਣਾ ਰਾਜ ਸਥਾਪਿਤ ਕਰ ਲਿਆ। ਯੂਨਾਨ ਅਤੇ ਏਸ਼ੀਆ ਮਾਈਨਰ ਤੋਂ ਭਜਾਏ ਜਾਣ ਤੇ ਅਤੇ ਆਪਣੀ ਤਕਰੀਬਨ ਸਾਰੀ ਜਲ-ਸੈਨਾ ਗਵਾਉਣ ਤੇ, ਐਂਟੀਓਕਸ ਤੀਜੇ ਨੇ ਸੀਰੀਆ, ਅਰਥਾਤ ‘ਆਪਣੇ ਦੇਸ ਦੇ ਕੋਟਾਂ ਵੱਲ ਮੂੰਹ ਮੋੜਿਆ।’ ਰੋਮੀਆਂ ਨੇ ‘ਉਸ ਦੇ ਉਲਾਂਭੇ ਨੂੰ ਉਸੇ ਉੱਤੇ ਫੇਰ ਦਿੱਤਾ।’ ਏਲੀਮੇਅਸ, ਫ਼ਾਰਸ ਵਿਖੇ, ਇਕ ਮੰਦਰ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਹੋਏ ਐਂਟੀਓਕਸ ਤੀਜਾ ਮਰ ਗਿਆ। ਇਸ ਤਰ੍ਹਾਂ ਉਹ ਮੌਤ ਵਿਚ ‘ਡਿੱਗ’ ਪਿਆ ਅਤੇ ਉਸ ਦਾ ਪੁੱਤਰ ਸਿਲੂਕਸ ਚੌਥਾ, ਉੱਤਰ ਦਾ ਅਗਲਾ ਰਾਜਾ ਬਣ ਗਿਆ।
ਵਿਰੋਧ ਜਾਰੀ ਰਹਿੰਦਾ ਹੈ
36. (ੳ) ਦੱਖਣ ਦੇ ਰਾਜੇ ਨੇ ਸੰਘਰਸ਼ ਜਾਰੀ ਰੱਖਣ ਦੀ ਕਿਵੇਂ ਕੋਸ਼ਿਸ਼ ਕੀਤੀ, ਪਰ ਉਸ ਨਾਲ ਕੀ ਹੋਇਆ? (ਅ) ਸਿਲੂਕਸ ਚੌਥਾ ਕਿਵੇਂ ਮਰਿਆ, ਅਤੇ ਉਸ ਦੀ ਥਾਂ ਤੇ ਕੌਣ ਰਾਜਾ ਬਣਿਆ?
36 ਦੱਖਣ ਦੇ ਰਾਜੇ ਵਜੋਂ ਟਾਲਮੀ ਪੰਜਵੇਂ ਨੇ ਉਨ੍ਹਾਂ ਸੂਬਿਆਂ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜੋ ਉਸ ਨੂੰ ਕਲੀਓਪੇਟਰਾ ਦੇ ਦਾਜ ਵਿਚ ਮਿਲਣੇ ਚਾਹੀਦੇ ਸਨ, ਪਰ ਉਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ। ਉਸ ਦੀ ਥਾਂ ਤੇ ਟਾਲਮੀ ਛੇਵਾਂ ਆਇਆ। ਸਿਲੂਕਸ ਚੌਥੇ ਨੂੰ ਕੀ ਹੋਇਆ? ਰੋਮ ਵੱਲੋਂ ਲਾਏ ਗਏ ਭਾਰੇ ਜੁਰਮਾਨੇ ਦੇ ਕਾਰਨ ਪੈਸਿਆਂ ਦੀ ਥੁੜ ਪੂਰੀ ਕਰਨ ਲਈ, ਉਸ ਨੇ ਹੀਲੀਓਡੋਰਸ ਨਾਂ ਦੇ ਆਪਣੇ ਖ਼ਜ਼ਾਨਚੀ ਨੂੰ ਉਹ ਦੌਲਤ ਜ਼ਬਤ ਕਰਨ ਲਈ ਘੱਲਿਆ ਜੋ ਉਸ ਦੇ ਅਨੁਸਾਰ ਯਰੂਸ਼ਲਮ ਦੀ ਹੈਕਲ ਵਿਚ ਜਮ੍ਹਾ ਸੀ। ਹੀਲੀਓਡੋਰਸ ਆਪ ਹੀ ਰਾਜਾ ਬਣਨਾ ਚਾਹੁੰਦਾ ਸੀ, ਅਤੇ ਇਸ ਕਰਕੇ ਉਸ ਨੇ ਸਿਲੂਕਸ ਚੌਥੇ ਦਾ ਕਤਲ ਕਰ ਦਿੱਤਾ। ਪਰ ਪਰਗਮੁਮ ਦੇ ਰਾਜੇ ਯੂਮਨੀਜ਼ ਅਤੇ ਉਸ ਦੇ ਭਰਾ ਐਟਾਲੱਸ ਨੇ ਕਤਲ ਕੀਤੇ ਗਏ ਰਾਜੇ ਦੇ ਭਰਾ ਐਂਟੀਓਕਸ ਚੌਥੇ ਨੂੰ ਰਾਜਾ ਬਣਵਾਇਆ।
37. (ੳ) ਐਂਟੀਓਕਸ ਚੌਥੇ ਨੇ ਆਪਣੇ ਆਪ ਨੂੰ ਯਹੋਵਾਹ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਦਿਖਾਉਣ ਦੀ ਕੋਸ਼ਿਸ਼ ਕਿਵੇਂ ਕੀਤੀ? (ਅ) ਯਰੂਸ਼ਲਮ ਵਿਚ ਐਂਟੀਓਕਸ ਚੌਥੇ ਦੁਆਰਾ ਹੈਕਲ ਨੂੰ ਅਪਵਿੱਤਰ ਕਰਨ ਦਾ ਨਤੀਜਾ ਕੀ ਹੋਇਆ?
37 ਉੱਤਰ ਦੇ ਨਵੇਂ ਰਾਜੇ, ਐਂਟੀਓਕਸ ਚੌਥੇ ਨੇ ਯਹੋਵਾਹ ਦੀ ਉਪਾਸਨਾ ਦੇ ਪ੍ਰਬੰਧ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਕੇ, ਆਪਣੇ ਆਪ ਨੂੰ ਪਰਮੇਸ਼ੁਰ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਦਿਖਾਉਣਾ ਚਾਹਿਆ। ਉਸ ਨੇ ਯਹੋਵਾਹ ਦਾ ਵਿਰੋਧ ਕੀਤਾ ਅਤੇ ਯਰੂਸ਼ਲਮ ਦੀ ਹੈਕਲ ਜ਼ਿਊਸ ਜਾਂ ਜੁਪੀਟਰ ਦੇਵਤੇ ਨੂੰ ਸਮਰਪਿਤ ਕਰ ਦਿੱਤੀ। ਦਸੰਬਰ, 167 ਸਾ.ਯੁ.ਪੂ. ਵਿਚ ਹੈਕਲ ਦੇ ਵੇਹੜੇ ਦੀ ਵੱਡੀ ਜਗਵੇਦੀ ਉੱਤੇ, ਜਿੱਥੇ ਯਹੋਵਾਹ ਨੂੰ ਰੋਜ਼ਾਨਾ ਬਲੀਆਂ ਚੜ੍ਹਾਈਆਂ ਜਾਂਦੀਆਂ ਸਨ, ਬੁੱਤ ਪੂਜਾ ਲਈ ਇਕ ਜਗਵੇਦੀ ਬਣਾਈ ਗਈ। ਦਸ ਦਿਨ ਬਾਅਦ, ਇਸ ਜਗਵੇਦੀ ਉੱਤੇ ਜ਼ਿਊਸ ਨੂੰ ਇਕ ਚੜ੍ਹਾਵਾ ਚੜ੍ਹਾਇਆ ਗਿਆ ਸੀ। ਇਸ ਅਪਵਿੱਤਰਤਾ ਕਰਕੇ, ਮੈਕਾਬੀਆਂ ਦੀ ਅਗਵਾਈ ਦੇ ਅਧੀਨ ਯਹੂਦੀਆਂ ਨੇ ਬਗਾਵਤ ਕੀਤੀ। ਐਂਟੀਓਕਸ ਚੌਥੇ ਨੇ ਤਿੰਨਾਂ ਸਾਲਾਂ ਲਈ ਯਹੂਦੀਆਂ ਨਾਲ ਲੜਾਈ ਕੀਤੀ। ਸੰਨ 164 ਸਾ.ਯੁ.ਪੂ. ਵਿਚ ਇਸ ਅਪਵਿੱਤਰਤਾ ਦੀ ਵਰ੍ਹੇ-ਗੰਢ ਤੇ, ਜੂਡਸ ਮੈਕਾਬੀਅਸ ਨੇ ਹੈਕਲ ਨੂੰ ਮੁੜ ਕੇ ਯਹੋਵਾਹ ਨੂੰ ਸਮਰਪਿਤ ਕੀਤਾ ਅਤੇ ਹਨੂਕਾਹ ਨਾਮਕ ਸਮਰਪਣ ਦੇ ਤਿਉਹਾਰ ਨੂੰ ਸਥਾਪਿਤ ਕੀਤਾ।—ਯੂਹੰਨਾ 10:22.
38. ਮੈਕਾਬੀ ਹਕੂਮਤ ਕਿਵੇਂ ਖ਼ਤਮ ਹੋਈ?
38 ਮੈਕਾਬੀਆਂ ਨੇ 161 ਸਾ.ਯੁ.ਪੂ. ਵਿਚ ਰੋਮ ਨਾਲ ਸ਼ਾਇਦ ਇਕ ਸੰਧੀ ਕੀਤੀ ਅਤੇ 104 ਸਾ.ਯੁ.ਪੂ. ਵਿਚ ਰਾਜ ਸਥਾਪਿਤ ਕਰ ਲਿਆ। ਪਰ ਉਨ੍ਹਾਂ ਅਤੇ ਉੱਤਰ ਦੇ ਸੀਰੀਆਈ ਰਾਜੇ ਵਿਚਕਾਰ ਲਾਗਬਾਜ਼ੀ ਜਾਰੀ ਰਹੀ। ਅੰਤ ਵਿਚ ਮਾਮਲਾ ਸੁਧਾਰਨ ਲਈ ਰੋਮ ਨੂੰ ਸੱਦਿਆ ਗਿਆ। ਤਿੰਨਾਂ ਮਹੀਨਿਆਂ ਦੀ ਘੇਰਾਬੰਦੀ ਤੋਂ ਬਾਅਦ, ਰੋਮੀ ਜਨਰਲ ਨੀਅਸ ਪੌਂਪੀ ਨੇ 63 ਸਾ.ਯੁ.ਪੂ. ਵਿਚ ਯਰੂਸ਼ਲਮ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਸੰਨ 39 ਸਾ.ਯੁ.ਪੂ. ਵਿਚ ਰੋਮੀ ਰਾਜ-ਸਭਾ ਨੇ ਹੇਰੋਦੇਸ ਨੂੰ, ਜੋ ਕਿ ਇਕ ਅਦੋਮੀ ਸੀ, ਯਹੂਦਿਯਾ ਦਾ ਰਾਜਾ ਬਣਾ ਦਿੱਤਾ। ਉਸ ਨੇ 37 ਸਾ.ਯੁ.ਪੂ. ਵਿਚ ਮੈਕਾਬੀ ਹਕੂਮਤ ਨੂੰ ਖ਼ਤਮ ਕਰ ਕੇ ਯਰੂਸ਼ਲਮ ਵਿਚ ਰਾਜ ਕਰਨਾ ਸ਼ੁਰੂ ਕੀਤਾ।
39. ਦਾਨੀਏਲ 11:1-19 ਵੱਲ ਧਿਆਨ ਦੇਣ ਨਾਲ ਤੁਹਾਨੂੰ ਕੀ ਲਾਭ ਹੋਇਆ ਹੈ?
39 ਅਸੀਂ ਕਿੰਨੇ ਉਤੇਜਿਤ ਹੁੰਦੇ ਹਾਂ ਜਦੋਂ ਅਸੀਂ ਦੋ ਰਾਜਿਆਂ ਦੇ ਆਪਸੀ ਵਿਰੋਧ ਬਾਰੇ ਭਵਿੱਖਬਾਣੀ ਦੀ ਹਰ ਗੱਲ ਨੂੰ ਪੂਰਾ ਹੁੰਦਾ ਦੇਖਦੇ ਹਾਂ! ਦਾਨੀਏਲ ਨੂੰ ਦਿੱਤੇ ਗਏ ਭਵਿੱਖ-ਸੂਚਕ ਸੰਦੇਸ਼ ਦੇ ਪਹਿਲੇ ਹਿੱਸੇ ਨੂੰ ਪੂਰਾ ਹੋਣ ਲਈ ਕੁਝ 500 ਸਾਲ ਲੱਗੇ। ਵਾਕਈ ਹੀ, ਇਸ ਇਤਿਹਾਸ ਵੱਲ ਧਿਆਨ ਦੇਣਾ ਅਤੇ ਉੱਤਰ ਅਤੇ ਦੱਖਣ ਦੇ ਰਾਜਿਆਂ ਦੀ ਪਛਾਣ ਕਰਨੀ, ਸਾਡੇ ਲਈ ਕਿੰਨੀ ਉਤੇਜਨਾ ਵਾਲੀ ਗੱਲ ਹੈ। ਪਰ, ਇਨ੍ਹਾਂ ਦੋਹਾਂ ਰਾਜਿਆਂ ਦੇ ਰਾਜਨੀਤਿਕ ਭੇਸ ਬਦਲਦੇ ਜਾਂਦੇ ਹਨ ਜਿਉਂ-ਜਿਉਂ ਇਨ੍ਹਾਂ ਦੀ ਆਪਸੀ ਲੜਾਈ ਯਿਸੂ ਮਸੀਹ ਦੇ ਸਮੇਂ ਤੋਂ ਸਾਡੇ ਸਮੇਂ ਤਕ ਜਾਰੀ ਰਹਿੰਦੀ ਹੈ। ਇਸ ਭਵਿੱਖਬਾਣੀ ਵਿਚ ਦੱਸੀਆਂ ਗਈਆਂ ਦਿਲਚਸਪ ਗੱਲਾਂ ਨੂੰ ਇਤਿਹਾਸਕ ਘਟਨਾਵਾਂ ਨਾਲ ਮਿਲਾ ਕੇ ਅਸੀਂ ਇਨ੍ਹਾਂ ਝਗੜ ਰਹੇ ਦੋਹਾਂ ਰਾਜਿਆਂ ਦੀ ਪਛਾਣ ਕਰ ਸਕਾਂਗੇ।
ਅਸੀਂ ਕੀ ਸਿੱਖਿਆ?
• ਯੂਨਾਨੀ ਰਾਜਾਂ ਵਿੱਚੋਂ ਤਕੜੇ ਰਾਜਿਆਂ ਦੇ ਕਿਹੜੇ ਦੋ ਖ਼ਾਨਦਾਨ ਨਿਕਲੇ, ਅਤੇ ਇਨ੍ਹਾਂ ਰਾਜਿਆਂ ਨੇ ਕਿਹੜਾ ਸੰਘਰਸ਼ ਸ਼ੁਰੂ ਕੀਤਾ?
• ਜਿਵੇਂ ਦਾਨੀਏਲ 11:6 ਵਿਚ ਪਹਿਲਾਂ ਹੀ ਦੱਸਿਆ ਗਿਆ ਸੀ, ਇਨ੍ਹਾਂ ਦੋਹਾਂ ਰਾਜਿਆਂ ਨੇ “ਏਕਤਾ” ਲਈ ਇਕ ਸਮਝੌਤਾ ਕਿਵੇਂ ਕੀਤਾ?
• ਇਨ੍ਹਾਂ ਰਾਜਿਆਂ ਦਾ ਆਪਸ ਵਿਚ ਵਿਰੋਧ ਕਿਵੇਂ ਜਾਰੀ ਰਿਹਾ?
ਸਿਲੂਕਸ ਦੂਜਾ ਅਤੇ ਟਾਲਮੀ ਤੀਜਾ (ਦਾਨੀਏਲ 11:7-9)
ਐਂਟੀਓਕਸ ਤੀਜਾ ਅਤੇ ਟਾਲਮੀ ਚੌਥਾ (ਦਾਨੀਏਲ 11:10-12)
ਐਂਟੀਓਕਸ ਤੀਜਾ ਅਤੇ ਟਾਲਮੀ ਪੰਜਵਾਂ (ਦਾਨੀਏਲ 11:13-16)
• ਕਲੀਓਪੇਟਰਾ ਪਹਿਲੀ ਅਤੇ ਟਾਲਮੀ ਪੰਜਵੇਂ ਦੇ ਵਿਆਹ ਦਾ ਕੀ ਮਕਸਦ ਸੀ ਅਤੇ ਇਹ ਯੋਜਨਾ ਕਿਉਂ ਅਸਫ਼ਲ ਹੋਈ (ਦਾਨੀਏਲ 11:17-19)?
• ਦਾਨੀਏਲ 11:1-19 ਦੀ ਚਰਚਾ ਤੋਂ ਤੁਹਾਨੂੰ ਕੀ ਲਾਭ ਹੋਇਆ ਹੈ?
[ਸਫ਼ਾ 228 ਉੱਤੇ ਚਾਰਟ/ਤਸਵੀਰ]
ਦਾਨੀਏਲ 11:5-19 ਵਿਚ ਪਾਏ ਜਾਂਦੇ ਰਾਜੇ
ਉੱਤਰ ਦਾ ਦੱਖਣ ਦਾ
ਰਾਜਾ ਰਾਜਾ
ਦਾਨੀਏਲ 11:5 ਸਿਲੂਕਸ ਪਹਿਲਾ ਨਿਕੇਟਰ ਟਾਲਮੀ ਪਹਿਲਾ
ਦਾਨੀਏਲ 11:6 ਐਂਟੀਓਕਸ ਦੂਜਾ ਟਾਲਮੀ ਦੂਜਾ
(ਪਤਨੀ ਲੇਓਡੀਸ) (ਧੀ ਬੇਰੇਨਾਈਸੀ)
ਦਾਨੀਏਲ 11:7-9 ਸਿਲੂਕਸ ਦੂਜਾ ਟਾਲਮੀ ਤੀਜਾ
ਦਾਨੀਏਲ 11:10-12 ਐਂਟੀਓਕਸ ਤੀਜਾ ਟਾਲਮੀ ਚੌਥਾ
ਦਾਨੀਏਲ 11:13-19 ਐਂਟੀਓਕਸ ਤੀਜਾ ਟਾਲਮੀ ਪੰਜਵਾਂ
(ਧੀ ਕਲੀਓਪੇਟਰਾ) ਵਾਰਸ:
ਵਾਰਸ: ਟਾਲਮੀ ਛੇਵਾਂ
ਸਿਲੂਕਸ ਚੌਥਾ ਅਤੇ
ਐਂਟੀਓਕਸ ਚੌਥਾ
[ਤਸਵੀਰ]
ਟਾਲਮੀ ਦੂਜਾ ਅਤੇ ਉਸ ਦੀ ਪਤਨੀ ਦੀ ਤਸਵੀਰ ਵਾਲਾ ਸਿੱਕਾ
[ਤਸਵੀਰ]
ਸਿਲੂਕਸ ਪਹਿਲਾ ਨਿਕੇਟਰ
[ਤਸਵੀਰ]
ਐਂਟੀਓਕਸ ਤੀਜਾ
[ਤਸਵੀਰ]
ਟਾਲਮੀ ਛੇਵਾਂ
[ਤਸਵੀਰ]
ਟਾਲਮੀ ਤੀਜਾ ਅਤੇ ਉਸ ਦੇ ਵਾਰਸਾਂ ਨੇ ਇਡਫੂ, ਉਪਰਲੇ ਮਿਸਰ ਵਿਖੇ ਹੋਰਸ ਦਾ ਇਹ ਮੰਦਰ ਬਣਾਇਆ ਸੀ
[ਸਫ਼ੇ 216, 217 ਉੱਤੇ ਨਕਸ਼ਾ/ਤਸਵੀਰ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਇਹ ਨਾਂ “ਉੱਤਰ ਦਾ ਰਾਜਾ” ਅਤੇ “ਦੱਖਣ ਦਾ ਰਾਜਾ” ਦਾਨੀਏਲ ਦੇ ਲੋਕਾਂ ਦੇ ਦੇਸ਼ ਤੋਂ ਉੱਤਰ ਅਤੇ ਦੱਖਣ ਦੇ ਰਾਜਿਆਂ ਨੂੰ ਸੰਕੇਤ ਕਰਦੇ ਹਨ
ਮਕਦੂਨਿਯਾ
ਯੂਨਾਨ
ਏਸ਼ੀਆ ਮਾਈਨਰ
ਇਸਰਾਈਲ
ਲਿਬੀਆ
ਮਿਸਰ
ਈਥੀਓਪੀਆ
ਸੀਰੀਆ
ਬਾਬਲ
ਅਰਬ
[ਤਸਵੀਰ]
ਟਾਲਮੀ ਦੂਜਾ
[ਤਸਵੀਰ]
ਐਂਟੀਓਕਸ ਮਹਾਨ
[ਤਸਵੀਰ]
ਇਕ ਸਿਲ ਜਿਸ ਉੱਤੇ ਐਂਟੀਓਕਸ ਮਹਾਨ ਦੁਆਰਾ ਜਾਰੀ ਕੀਤੇ ਸਰਕਾਰੀ ਫ਼ਰਮਾਨ ਦਰਜ ਹਨ
[ਤਸਵੀਰ]
ਟਾਲਮੀ ਪੰਜਵੇਂ ਨੂੰ ਦਰਸਾਉਂਦਾ ਸਿੱਕਾ
[ਤਸਵੀਰ]
ਕਾਰਨਕ, ਮਿਸਰ ਵਿਖੇ ਟਾਲਮੀ ਤੀਜੇ ਦਾ ਫਾਟਕ
[ਪੂਰੇ ਸਫ਼ੇ 210 ਉੱਤੇ ਤਸਵੀਰ]
[ਸਫ਼ਾ 215 ਉੱਤੇ ਤਸਵੀਰ]
ਸਿਲੂਕਸ ਪਹਿਲਾ ਨਿਕੇਟਰ
[ਸਫ਼ਾ 218 ਉੱਤੇ ਤਸਵੀਰ]
ਟਾਲਮੀ ਪਹਿਲਾ