ਦਾਨੀਏਲ
11 “ਦਾਰਾ+ ਮਾਦੀ ਦੇ ਰਾਜ ਦੇ ਪਹਿਲੇ ਸਾਲ ਮੈਂ ਉਸ* ਦਾ ਹੌਸਲਾ ਵਧਾਉਣ ਅਤੇ ਉਸ ਦੀ ਹਿਫਾਜ਼ਤ ਕਰਨ ਲਈ* ਖੜ੍ਹਾ ਹੋਇਆ। 2 ਹੁਣ ਮੈਂ ਤੈਨੂੰ ਜੋ ਦੱਸਣ ਜਾ ਰਿਹਾ ਹਾਂ, ਉਹ ਸੱਚ ਹੈ:
“ਦੇਖ! ਫਾਰਸ ਦੇਸ਼ ਵਿਚ ਹੋਰ ਤਿੰਨ ਰਾਜੇ ਖੜ੍ਹੇ ਹੋਣਗੇ ਅਤੇ ਚੌਥਾ ਬਾਕੀਆਂ ਨਾਲੋਂ ਜ਼ਿਆਦਾ ਧਨ-ਦੌਲਤ ਇਕੱਠੀ ਕਰੇਗਾ। ਜਦ ਉਹ ਆਪਣੀ ਧਨ-ਦੌਲਤ ਦੇ ਦਮ ʼਤੇ ਤਾਕਤਵਰ ਹੋ ਜਾਵੇਗਾ, ਤਾਂ ਉਹ ਹਰ ਕਿਸੇ ਨੂੰ ਯੂਨਾਨ ਦੇ ਰਾਜ+ ਦੇ ਖ਼ਿਲਾਫ਼ ਭੜਕਾਵੇਗਾ।
3 “ਇਕ ਬਲਵਾਨ ਰਾਜਾ ਉੱਠੇਗਾ ਅਤੇ ਆਪਣੀ ਤਾਕਤ ਦੇ ਦਮ* ʼਤੇ ਰਾਜ ਕਰੇਗਾ+ ਅਤੇ ਆਪਣੀ ਮਨ-ਮਰਜ਼ੀ ਕਰੇਗਾ। 4 ਪਰ ਜਦੋਂ ਉਹ ਖੜ੍ਹਾ ਹੋ ਜਾਵੇਗਾ, ਤਾਂ ਉਸ ਦੇ ਰਾਜ ਦੇ ਟੋਟੇ-ਟੋਟੇ ਹੋ ਜਾਣਗੇ ਅਤੇ ਉਸ ਦਾ ਰਾਜ ਚਾਰ ਦਿਸ਼ਾਵਾਂ* ਵਿਚ ਵੰਡਿਆ ਜਾਵੇਗਾ।+ ਪਰ ਉਸ ਦਾ ਰਾਜ ਉਸ ਦੀ ਔਲਾਦ* ਨੂੰ ਨਹੀਂ ਮਿਲੇਗਾ। ਉਸ ਦਾ ਰਾਜ ਜੜ੍ਹੋਂ ਉਖਾੜਿਆ ਜਾਵੇਗਾ ਅਤੇ ਦੂਜਿਆਂ ਦਾ ਹੋ ਜਾਵੇਗਾ। ਪਰ ਜਿੰਨੀ ਤਾਕਤ ਨਾਲ ਉਹ ਰਾਜ ਕਰਦਾ ਸੀ, ਉੱਨੀ ਤਾਕਤ ਨਾਲ ਉਹ ਰਾਜ ਨਹੀਂ ਕਰਨਗੇ।*
5 “ਦੱਖਣ ਦਾ ਰਾਜਾ ਯਾਨੀ ਉਸ ਦਾ ਇਕ ਸੈਨਾਪਤੀ ਤਾਕਤਵਰ ਹੋ ਜਾਵੇਗਾ। ਪਰ ਉਹ* ਉਸ ʼਤੇ ਹਾਵੀ ਹੋ ਜਾਵੇਗਾ ਅਤੇ ਆਪਣੀ ਤਾਕਤ ਦੇ ਦਮ* ʼਤੇ ਰਾਜ ਕਰੇਗਾ ਅਤੇ ਉਸ ਦਾ ਅਧਿਕਾਰ ਉਸ* ਨਾਲੋਂ ਜ਼ਿਆਦਾ ਹੋਵੇਗਾ।
6 “ਕੁਝ ਸਾਲਾਂ ਬਾਅਦ ਉਹ ਦੋਵੇਂ ਇਕ ਗਠਜੋੜ ਕਰਨਗੇ ਅਤੇ ਦੱਖਣ ਦੇ ਰਾਜੇ ਦੀ ਧੀ ਉੱਤਰ ਦੇ ਰਾਜੇ ਨਾਲ ਸਮਝੌਤਾ ਕਰਨ ਆਵੇਗੀ। ਪਰ ਉਸ ਦੀ ਧੀ ਦੀ ਬਾਂਹ ਦਾ ਜ਼ੋਰ ਨਹੀਂ ਰਹੇਗਾ ਅਤੇ ਰਾਜਾ ਆਪ ਵੀ ਡਿਗ ਜਾਵੇਗਾ ਅਤੇ ਉਹ ਵੀ ਆਪਣੀ ਤਾਕਤ ਗੁਆ ਬੈਠੇਗਾ। ਇਨ੍ਹਾਂ ਸਾਰਿਆਂ ਨੂੰ ਦੂਜਿਆਂ ਦੇ ਹਵਾਲੇ ਕੀਤਾ ਜਾਵੇਗਾ ਯਾਨੀ ਧੀ ਤੇ ਉਸ ਨੂੰ ਲਿਆਉਣ ਵਾਲਿਆਂ ਨੂੰ, ਉਸ ਦੇ ਪਿਤਾ ਨੂੰ* ਅਤੇ ਜਿਸ ਨੇ ਉਸ ਨੂੰ ਉਨ੍ਹਾਂ ਸਮਿਆਂ ਵਿਚ ਤਕੜਾ ਕੀਤਾ ਸੀ। 7 ਉਸ ਧੀ ਦੀਆਂ ਜੜ੍ਹਾਂ ਵਿੱਚੋਂ ਇਕ ਨਿਕਲੇਗਾ ਜੋ ਉਸ* ਦੀ ਜਗ੍ਹਾ ਲਵੇਗਾ ਅਤੇ ਉਹ ਫ਼ੌਜ ਦੇ ਖ਼ਿਲਾਫ਼ ਅਤੇ ਉੱਤਰ ਦੇ ਰਾਜੇ ਦੇ ਕਿਲੇ ਖ਼ਿਲਾਫ਼ ਆਵੇਗਾ ਅਤੇ ਉਨ੍ਹਾਂ ਦੇ ਵਿਰੁੱਧ ਕਾਰਵਾਈ ਕਰੇਗਾ ਅਤੇ ਜਿੱਤ ਹਾਸਲ ਕਰੇਗਾ। 8 ਨਾਲੇ ਉਹ ਉਨ੍ਹਾਂ ਦੇ ਦੇਵਤਿਆਂ, ਉਨ੍ਹਾਂ ਦੀਆਂ ਧਾਤ ਦੀਆਂ ਮੂਰਤਾਂ,* ਉਨ੍ਹਾਂ ਦੀਆਂ ਸੋਨੇ-ਚਾਂਦੀ ਦੀਆਂ ਕੀਮਤੀ* ਚੀਜ਼ਾਂ ਅਤੇ ਗ਼ੁਲਾਮਾਂ ਸਣੇ ਮਿਸਰ ਜਾਵੇਗਾ। ਉਹ ਕੁਝ ਸਾਲ ਉੱਤਰ ਦੇ ਰਾਜੇ ਤੋਂ ਦੂਰ ਰਹੇਗਾ 9 ਜੋ ਦੱਖਣ ਦੇ ਰਾਜੇ ਦੇ ਖ਼ਿਲਾਫ਼ ਆਵੇਗਾ, ਪਰ ਫਿਰ ਆਪਣੇ ਦੇਸ਼ ਵਾਪਸ ਮੁੜ ਜਾਵੇਗਾ।
10 “ਉਸ* ਦੇ ਪੁੱਤਰ ਯੁੱਧ ਦੀ ਤਿਆਰੀ ਕਰਨਗੇ ਅਤੇ ਇਕ ਵਿਸ਼ਾਲ ਫ਼ੌਜ ਇਕੱਠੀ ਕਰਨਗੇ। ਉਨ੍ਹਾਂ ਵਿੱਚੋਂ ਇਕ* ਜ਼ਰੂਰ ਅੱਗੇ ਵਧੇਗਾ ਅਤੇ ਹੜ੍ਹ ਵਾਂਗ ਤਬਾਹੀ ਮਚਾਵੇਗਾ। ਪਰ ਫਿਰ ਉਹ ਵਾਪਸ ਮੁੜ ਜਾਵੇਗਾ ਅਤੇ ਲੜਾਈ ਕਰਦਾ ਹੋਇਆ ਆਪਣੇ ਕਿਲੇ ਵਿਚ ਵਾਪਸ ਚਲਾ ਜਾਵੇਗਾ।
11 “ਅਤੇ ਦੱਖਣ ਦਾ ਰਾਜਾ ਗੁੱਸੇ ਨਾਲ ਭਰ ਜਾਵੇਗਾ ਅਤੇ ਜਾ ਕੇ ਉਸ ਨਾਲ ਯਾਨੀ ਉੱਤਰ ਦੇ ਰਾਜੇ ਨਾਲ ਲੜੇਗਾ ਅਤੇ ਉਹ ਇਕ ਵੱਡੀ ਭੀੜ ਇਕੱਠੀ ਕਰੇਗਾ, ਪਰ ਭੀੜ ਉਸ ਰਾਜੇ* ਦੇ ਹੱਥ ਵਿਚ ਕਰ ਦਿੱਤੀ ਜਾਵੇਗੀ। 12 ਨਾਲੇ ਭੀੜ ਨੂੰ ਹਰਾ ਦਿੱਤਾ ਜਾਵੇਗਾ।* ਉਸ ਦਾ ਦਿਲ ਘਮੰਡ ਨਾਲ ਫੁੱਲ ਜਾਵੇਗਾ ਅਤੇ ਉਹ* ਹਜ਼ਾਰਾਂ ਨੂੰ ਡੇਗੇਗਾ, ਪਰ ਉਹ ਆਪਣੀ ਤਾਕਤ ਦਾ ਫ਼ਾਇਦਾ ਨਹੀਂ ਉਠਾਵੇਗਾ।
13 “ਅਤੇ ਉੱਤਰ ਦਾ ਰਾਜਾ ਦੁਬਾਰਾ ਆਵੇਗਾ ਅਤੇ ਉਹ ਪਹਿਲਾਂ ਨਾਲੋਂ ਵੀ ਵੱਡੀ ਭੀੜ ਇਕੱਠੀ ਕਰੇਗਾ ਅਤੇ ਅੰਤ ਵਿਚ ਯਾਨੀ ਕੁਝ ਸਾਲਾਂ ਬਾਅਦ ਉਹ ਜ਼ਰੂਰ ਇਕ ਵੱਡੀ ਫ਼ੌਜ ਲੈ ਕੇ ਪੂਰੀ ਤਿਆਰੀ ਨਾਲ ਆਵੇਗਾ। 14 ਉਨ੍ਹਾਂ ਸਮਿਆਂ ਵਿਚ ਬਹੁਤ ਸਾਰੇ ਦੱਖਣ ਦੇ ਰਾਜੇ ਦੇ ਖ਼ਿਲਾਫ਼ ਖੜ੍ਹੇ ਹੋਣਗੇ।
“ਅਤੇ ਤੇਰੇ ਲੋਕਾਂ ਵਿੱਚੋਂ ਬਾਗ਼ੀ* ਉੱਠਣਗੇ ਅਤੇ ਦੂਜਿਆਂ ਦੇ ਮਗਰ ਲੱਗ ਕੇ ਦਰਸ਼ਣ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ, ਪਰ ਉਹ ਠੋਕਰ ਖਾ ਕੇ ਡਿਗ ਪੈਣਗੇ।
15 “ਅਤੇ ਉੱਤਰ ਦਾ ਰਾਜਾ ਆਵੇਗਾ ਅਤੇ ਇਕ ਕਿਲੇਬੰਦ ਸ਼ਹਿਰ ਦੇ ਆਲੇ-ਦੁਆਲੇ ਘੇਰਾਬੰਦੀ ਉਸਾਰ ਕੇ ਇਸ ʼਤੇ ਕਬਜ਼ਾ ਕਰ ਲਵੇਗਾ। ਨਾ ਤਾਂ ਦੱਖਣ ਦੀਆਂ ਫ਼ੌਜਾਂ* ਟਿਕਣਗੀਆਂ ਅਤੇ ਨਾ ਹੀ ਉਸ ਦੇ ਸਭ ਤੋਂ ਵਧੀਆ ਸਿਪਾਹੀ ਅਤੇ ਉਨ੍ਹਾਂ ਵਿਚ ਮੁਕਾਬਲਾ ਕਰਨ ਦੀ ਤਾਕਤ ਨਹੀਂ ਹੋਵੇਗੀ। 16 ਉਸ* ਦੇ ਖ਼ਿਲਾਫ਼ ਆਉਣ ਵਾਲਾ ਆਪਣੀ ਮਨ-ਮਰਜ਼ੀ ਕਰੇਗਾ ਅਤੇ ਉਸ ਦੇ ਸਾਮ੍ਹਣੇ ਕੋਈ ਨਹੀਂ ਟਿਕ ਸਕੇਗਾ। ਉਹ ਸੋਹਣੇ ਦੇਸ਼+ ਵਿਚ ਖੜ੍ਹਾ ਹੋਵੇਗਾ ਅਤੇ ਉਸ ਕੋਲ ਨਾਸ਼ ਕਰਨ ਦੀ ਤਾਕਤ ਹੋਵੇਗੀ। 17 ਉਹ* ਆਪਣੇ ਰਾਜ ਦੀ ਪੂਰੀ ਤਾਕਤ ਲੈ ਕੇ ਪੱਕੇ ਇਰਾਦੇ ਨਾਲ ਆਵੇਗਾ ਅਤੇ ਉਸ* ਨਾਲ ਇਕਰਾਰਨਾਮਾ ਕੀਤਾ ਜਾਵੇਗਾ ਅਤੇ ਉਹ ਕਦਮ ਚੁੱਕੇਗਾ। ਉਸ ਨੂੰ ਇਕ ਧੀ ਨੂੰ ਨਾਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਉਹ ਟਿਕ ਨਹੀਂ ਸਕੇਗੀ ਅਤੇ ਉਹ ਉਸ* ਪ੍ਰਤੀ ਵਫ਼ਾਦਾਰ ਨਹੀਂ ਰਹੇਗੀ। 18 ਉਹ ਆਪਣਾ ਮੂੰਹ ਸਮੁੰਦਰੀ ਕੰਢੇ ਦੇ ਇਲਾਕਿਆਂ ਵੱਲ ਕਰੇਗਾ ਅਤੇ ਬਹੁਤ ਸਾਰੇ ਇਲਾਕਿਆਂ ʼਤੇ ਕਬਜ਼ਾ ਕਰੇਗਾ। ਇਕ ਸੈਨਾਪਤੀ ਉਸ ਰਾਜੇ ਵੱਲੋਂ ਕੀਤੀ ਗਈ ਬੇਇੱਜ਼ਤੀ ਦਾ ਬਦਲਾ ਲੈ ਕੇ ਉਸ ਦਾ ਘਮੰਡ ਚੂਰ-ਚੂਰ ਕਰ ਦੇਵੇਗਾ। ਇਸ ਤਰ੍ਹਾਂ ਉਸ ਸੈਨਾਪਤੀ ਦੀ ਬਦਨਾਮੀ ਦੂਰ ਹੋ ਜਾਵੇਗੀ। 19 ਫਿਰ ਉਹ* ਆਪਣੇ ਦੇਸ਼ ਦੇ ਕਿਲਿਆਂ ਵੱਲ ਆਪਣਾ ਮੂੰਹ ਕਰੇਗਾ ਅਤੇ ਉਹ ਠੇਡਾ ਖਾ ਕੇ ਡਿਗੇਗਾ ਅਤੇ ਉਹ ਕਿਤੇ ਨਾ ਲੱਭੇਗਾ।
20 “ਅਤੇ ਉਸ ਦੀ ਥਾਂ ਇਕ ਜਣਾ ਖੜ੍ਹਾ ਹੋਵੇਗਾ ਜੋ ਸ਼ਾਨਦਾਰ ਰਾਜ ਵਿਚ ਟੈਕਸ ਵਸੂਲ ਕਰਨ ਵਾਲੇ ਨੂੰ* ਭੇਜੇਗਾ। ਕੁਝ ਹੀ ਦਿਨਾਂ ਵਿਚ ਉਸ ਨੂੰ ਨਾਸ਼ ਕਰ ਦਿੱਤਾ ਜਾਵੇਗਾ, ਪਰ ਨਾ ਤਾਂ ਗੁੱਸੇ ਵਿਚ ਅਤੇ ਨਾ ਹੀ ਲੜਾਈ ਵਿਚ।
21 “ਅਤੇ ਉਸ ਦੀ ਜਗ੍ਹਾ ਇਕ ਤੁੱਛ* ਵਿਅਕਤੀ ਖੜ੍ਹਾ ਹੋਵੇਗਾ ਅਤੇ ਉਹ ਉਸ ਨੂੰ ਸ਼ਾਹੀ ਮਾਣ-ਸਨਮਾਨ ਨਹੀਂ ਬਖ਼ਸ਼ਣਗੇ। ਉਹ ਅਮਨ-ਚੈਨ ਦੇ ਸਮੇਂ ਦੌਰਾਨ* ਆਵੇਗਾ ਅਤੇ ਚਾਪਲੂਸੀ ਕਰ ਕੇ ਰਾਜ ਲੈ ਲਵੇਗਾ। 22 ਉਹ ਹੜ੍ਹ ਵਾਂਗ ਆਉਂਦੀਆਂ ਫ਼ੌਜਾਂ* ਨੂੰ ਜਿੱਤ ਲਵੇਗਾ ਅਤੇ ਉਨ੍ਹਾਂ ਨੂੰ ਖ਼ਤਮ ਕਰ ਦੇਵੇਗਾ। ਨਾਲੇ ਇਕਰਾਰ+ ਦੇ ਆਗੂ+ ਨੂੰ ਵੀ ਖ਼ਤਮ ਕਰ ਦੇਵੇਗਾ। 23 ਉਨ੍ਹਾਂ ਨਾਲ ਕੀਤੇ ਗਠਜੋੜ ਕਰਕੇ ਉਹ ਧੋਖਾ ਕਰਦਾ ਰਹੇਗਾ ਅਤੇ ਉੱਪਰ ਉੱਠੇਗਾ ਤੇ ਇਕ ਛੋਟੀ ਜਿਹੀ ਕੌਮ ਦੇ ਦਮ ʼਤੇ ਤਾਕਤਵਰ ਹੋ ਜਾਵੇਗਾ। 24 ਉਹ ਅਮਨ-ਚੈਨ ਦੇ ਸਮੇਂ* ਜ਼ਿਲ੍ਹੇ ਦੇ ਖ਼ੁਸ਼ਹਾਲ ਇਲਾਕਿਆਂ* ਵਿਚ ਆਵੇਗਾ ਅਤੇ ਉਹ ਅਜਿਹੇ ਕੰਮ ਕਰੇਗਾ ਜੋ ਉਸ ਦੇ ਪਿਉ-ਦਾਦਿਆਂ ਨੇ ਨਹੀਂ ਕੀਤੇ ਸਨ। ਉਹ ਲੁੱਟ ਦਾ ਸਾਰਾ ਮਾਲ ਅਤੇ ਚੀਜ਼ਾਂ ਲੋਕਾਂ ਵਿਚ ਵੰਡੇਗਾ। ਉਹ ਕਿਲੇਬੰਦ ਇਲਾਕਿਆਂ ਖ਼ਿਲਾਫ਼ ਸਾਜ਼ਸ਼ਾਂ ਘੜੇਗਾ, ਪਰ ਕੁਝ ਸਮੇਂ ਲਈ।
25 “ਉਹ ਇਕ ਵੱਡੀ ਫ਼ੌਜ ਇਕੱਠੀ ਕਰੇਗਾ ਅਤੇ ਆਪਣੀ ਤਾਕਤ ਤੇ ਹਿੰਮਤ ਦੇ ਦਮ ʼਤੇ ਦੱਖਣ ਦੇ ਰਾਜੇ ਦੇ ਵਿਰੁੱਧ ਆਵੇਗਾ। ਦੱਖਣ ਦਾ ਰਾਜਾ ਇਕ ਬਹੁਤ ਵੱਡੀ ਅਤੇ ਤਾਕਤਵਰ ਫ਼ੌਜ ਦੇ ਨਾਲ ਲੜਾਈ ਦੀ ਤਿਆਰੀ ਕਰੇਗਾ। ਉਹ* ਟਿਕ ਨਹੀਂ ਸਕੇਗਾ ਕਿਉਂਕਿ ਉਹ ਉਸ ਦੇ ਖ਼ਿਲਾਫ਼ ਸਾਜ਼ਸ਼ਾਂ ਘੜਨਗੇ। 26 ਜੋ ਉਸ ਨਾਲ ਸ਼ਾਹੀ ਭੋਜਨ ਖਾਂਦੇ ਸਨ, ਉਹ ਉਸ ਨੂੰ ਡੇਗਣਗੇ।
“ਉਸ ਦੀ ਫ਼ੌਜ ਦਾ ਸਫ਼ਾਇਆ ਹੋ ਜਾਵੇਗਾ* ਅਤੇ ਬਹੁਤ ਸਾਰੇ ਵੱਢੇ ਜਾਣਗੇ।
27 “ਇਨ੍ਹਾਂ ਦੋਵੇਂ ਰਾਜਿਆਂ ਦੇ ਮਨ ਬੁਰਾਈ ਕਰਨ ਵੱਲ ਲੱਗੇ ਹੋਣਗੇ ਅਤੇ ਉਹ ਇੱਕੋ ਮੇਜ਼ ਦੁਆਲੇ ਬੈਠ ਕੇ ਇਕ-ਦੂਜੇ ਨਾਲ ਝੂਠ ਬੋਲਣਗੇ। ਪਰ ਉਨ੍ਹਾਂ ਦੀਆਂ ਸਾਜ਼ਸ਼ਾਂ ਨਾਕਾਮ ਹੋਣਗੀਆਂ ਕਿਉਂਕਿ ਅੰਤ ਮਿਥੇ ਹੋਏ ਸਮੇਂ ਤੇ ਆਵੇਗਾ।+
28 “ਅਤੇ ਉਹ* ਬਹੁਤ ਸਾਰੀਆਂ ਚੀਜ਼ਾਂ ਲੈ ਕੇ ਆਪਣੇ ਦੇਸ਼ ਵਾਪਸ ਮੁੜ ਜਾਵੇਗਾ ਅਤੇ ਉਸ ਦਾ ਦਿਲ ਪਵਿੱਤਰ ਇਕਰਾਰ ਦੇ ਖ਼ਿਲਾਫ਼ ਹੋਵੇਗਾ। ਉਹ ਕਾਰਵਾਈ ਕਰੇਗਾ ਅਤੇ ਆਪਣੇ ਦੇਸ਼ ਵਾਪਸ ਚਲਾ ਜਾਵੇਗਾ।
29 “ਉਹ ਮਿਥੇ ਹੋਏ ਸਮੇਂ ਤੇ ਮੁੜੇਗਾ ਅਤੇ ਦੱਖਣ ʼਤੇ ਹਮਲਾ ਕਰੇਗਾ। ਪਰ ਇਸ ਵਾਰ ਹਾਲਾਤ ਪਹਿਲਾਂ ਵਰਗੇ ਨਹੀਂ ਹੋਣਗੇ 30 ਕਿਉਂਕਿ ਕਿੱਤੀਮ+ ਦੇ ਜਹਾਜ਼ ਉਸ ਦੇ ਖ਼ਿਲਾਫ਼ ਆਉਣਗੇ ਅਤੇ ਉਸ ਨੂੰ ਨੀਵਾਂ ਕੀਤਾ ਜਾਵੇਗਾ।
“ਉਹ ਵਾਪਸ ਜਾਵੇਗਾ ਅਤੇ ਪਵਿੱਤਰ ਇਕਰਾਰ ʼਤੇ ਆਪਣਾ ਗੁੱਸਾ ਕੱਢੇਗਾ+ ਅਤੇ ਕਾਰਵਾਈ ਕਰੇਗਾ। ਉਹ ਵਾਪਸ ਜਾਵੇਗਾ ਅਤੇ ਪਵਿੱਤਰ ਇਕਰਾਰ ਨੂੰ ਛੱਡਣ ਵਾਲਿਆਂ ʼਤੇ ਧਿਆਨ ਦੇਵੇਗਾ। 31 ਫ਼ੌਜਾਂ* ਉਸ ਤੋਂ ਨਿਕਲਣਗੀਆਂ ਅਤੇ ਖੜ੍ਹੀਆਂ ਹੋਣਗੀਆਂ ਅਤੇ ਉਹ ਕਿਲੇ ਯਾਨੀ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕਰਨਗੀਆਂ+ ਅਤੇ ਰੋਜ਼ ਚੜ੍ਹਾਈਆਂ ਜਾਂਦੀਆਂ ਭੇਟਾਂ ਬੰਦ ਕਰ ਦੇਣਗੀਆਂ।+
“ਅਤੇ ਉਹ ਤਬਾਹੀ ਮਚਾਉਣ ਵਾਲੀ ਘਿਣਾਉਣੀ ਚੀਜ਼ ਖੜ੍ਹੀ ਕਰਨਗੇ।+
32 “ਅਤੇ ਜਿਹੜੇ ਲੋਕ ਬੁਰੇ ਕੰਮ ਕਰ ਕੇ ਇਕਰਾਰ ਦੀ ਉਲੰਘਣਾ ਕਰਦੇ ਹਨ, ਉਹ* ਚਾਪਲੂਸੀ* ਕਰ ਕੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਕਰਨ ਲਈ ਉਕਸਾਵੇਗਾ। ਪਰ ਜਿਹੜੇ ਲੋਕ ਆਪਣੇ ਪਰਮੇਸ਼ੁਰ ਨੂੰ ਜਾਣਦੇ ਹਨ, ਉਹ ਮਜ਼ਬੂਤ ਸਾਬਤ ਹੋਣਗੇ ਅਤੇ ਕਦਮ ਚੁੱਕਣਗੇ। 33 ਲੋਕਾਂ ਵਿੱਚੋਂ ਜਿਹੜੇ ਡੂੰਘੀ ਸਮਝ ਰੱਖਦੇ ਹਨ,+ ਉਹ ਬਹੁਤ ਸਾਰਿਆਂ ਨੂੰ ਸਮਝ ਦੇਣਗੇ। ਉਨ੍ਹਾਂ ਨੂੰ ਕੁਝ ਦਿਨਾਂ ਤਕ ਤਲਵਾਰ, ਅੱਗ, ਗ਼ੁਲਾਮੀ ਅਤੇ ਲੁੱਟ-ਮਾਰ ਦੇ ਸ਼ਿਕਾਰ ਬਣਾਇਆ ਜਾਵੇਗਾ। 34 ਪਰ ਜਦ ਉਹ ਡਿਗਣਗੇ, ਤਾਂ ਉਨ੍ਹਾਂ ਦੀ ਥੋੜ੍ਹੀ ਜਿਹੀ ਮਦਦ ਕੀਤੀ ਜਾਵੇਗੀ ਅਤੇ ਬਹੁਤ ਸਾਰੇ ਚਾਪਲੂਸੀ* ਕਰ ਕੇ ਉਨ੍ਹਾਂ ਨਾਲ ਰਲ਼ ਜਾਣਗੇ। 35 ਜਿਨ੍ਹਾਂ ਨੂੰ ਡੂੰਘੀ ਸਮਝ ਹੈ, ਉਨ੍ਹਾਂ ਵਿੱਚੋਂ ਕੁਝ ਨੂੰ ਡੇਗਿਆ ਜਾਵੇਗਾ ਤਾਂਕਿ ਉਨ੍ਹਾਂ ਦੇ ਕਰਕੇ ਅੰਤ ਦੇ ਸਮੇਂ ਤਕ ਲੋਕਾਂ ਨੂੰ ਪਰਖਿਆ ਜਾ ਸਕੇ ਅਤੇ ਸਾਫ਼ ਤੇ ਸ਼ੁੱਧ ਕਰਨ+ ਦਾ ਕੰਮ ਕੀਤਾ ਜਾ ਸਕੇ ਕਿਉਂਕਿ ਇਹ ਮਿਥੇ ਹੋਏ ਸਮੇਂ ਤੇ ਹੋਵੇਗਾ।
36 “ਰਾਜਾ* ਆਪਣੀ ਮਨ-ਮਰਜ਼ੀ ਕਰੇਗਾ ਅਤੇ ਉਹ ਖ਼ੁਦ ਨੂੰ ਹਰ ਦੇਵਤੇ ਤੋਂ ਉੱਚਾ ਚੁੱਕੇਗਾ ਅਤੇ ਆਪਣੀ ਵਡਿਆਈ ਕਰੇਗਾ ਅਤੇ ਅੱਤ ਮਹਾਨ ਪਰਮੇਸ਼ੁਰ+ ਦੇ ਖ਼ਿਲਾਫ਼ ਹੰਕਾਰ ਭਰੀਆਂ ਗੱਲਾਂ ਕਹੇਗਾ। ਜਦ ਤਕ ਪਰਮੇਸ਼ੁਰ ਦਾ ਕ੍ਰੋਧ ਖ਼ਤਮ ਨਹੀਂ ਹੋ ਜਾਂਦਾ, ਤਦ ਤਕ ਉਹ ਕਾਮਯਾਬ ਹੋਵੇਗਾ; ਕਿਉਂਕਿ ਜੋ ਮਿਥਿਆ ਗਿਆ ਹੈ, ਉਹ ਹੋ ਕੇ ਹੀ ਰਹੇਗਾ। 37 ਉਹ ਆਪਣੇ ਪੂਰਵਜਾਂ ਦੇ ਪਰਮੇਸ਼ੁਰ ਲਈ ਕੋਈ ਆਦਰ ਨਹੀਂ ਦਿਖਾਵੇਗਾ। ਉਹ ਨਾ ਤਾਂ ਔਰਤਾਂ ਦੀ ਖ਼ਾਹਸ਼ ਵੱਲ ਧਿਆਨ ਦੇਵੇਗਾ ਤੇ ਨਾ ਹੀ ਕਿਸੇ ਹੋਰ ਦੇਵਤੇ ਪ੍ਰਤੀ ਆਦਰ ਦਿਖਾਵੇਗਾ, ਪਰ ਉਹ ਆਪਣੇ ਆਪ ਨੂੰ ਹਰ ਕਿਸੇ ਤੋਂ ਉੱਚਾ ਕਰੇਗਾ। 38 ਇਸ ਦੀ ਬਜਾਇ, ਉਹ ਉਸ ਦੇਵਤੇ ਦੀ ਮਹਿਮਾ ਕਰੇਗਾ ਜੋ ਕਿਲਿਆਂ ਦੀ ਰਾਖੀ ਕਰਦਾ ਹੈ। ਉਹ ਸੋਨੇ, ਚਾਂਦੀ ਅਤੇ ਕੀਮਤੀ* ਪੱਥਰਾਂ ਅਤੇ ਬਹੁਮੁੱਲੀਆਂ ਚੀਜ਼ਾਂ ਨਾਲ ਉਸ ਦੇਵਤੇ ਦੀ ਵਡਿਆਈ ਕਰੇਗਾ ਜਿਸ ਨੂੰ ਉਸ ਦੇ ਪਿਉ-ਦਾਦੇ ਜਾਣਦੇ ਤਕ ਨਹੀਂ ਸਨ। 39 ਉਹ ਇਕ ਪਰਾਏ ਦੇਵਤੇ ਨਾਲ ਮਿਲ ਕੇ* ਮਜ਼ਬੂਤ ਤੋਂ ਮਜ਼ਬੂਤ ਕਿਲਿਆਂ ਦੇ ਖ਼ਿਲਾਫ਼ ਕਾਰਵਾਈ ਕਰੇਗਾ। ਜਿਹੜੇ ਉਸ ਦਾ ਸਾਥ ਦਿੰਦੇ ਹਨ,* ਉਹ ਉਨ੍ਹਾਂ ਦੀ ਬਹੁਤ ਵਡਿਆਈ ਕਰੇਗਾ ਅਤੇ ਉਨ੍ਹਾਂ ਨੂੰ ਬਹੁਤ ਸਾਰੇ ਲੋਕਾਂ ʼਤੇ ਰਾਜ ਕਰਨ ਦਾ ਅਧਿਕਾਰ ਦੇਵੇਗਾ ਅਤੇ ਪੈਸੇ ਲੈ ਕੇ ਜ਼ਮੀਨ ਵੰਡੇਗਾ।
40 “ਅੰਤ ਦੇ ਸਮੇਂ ਵਿਚ ਦੱਖਣ ਦਾ ਰਾਜਾ ਅਤੇ ਉਹ ਇਕ-ਦੂਜੇ ਨਾਲ ਭਿੜਨਗੇ* ਅਤੇ ਉੱਤਰ ਦਾ ਰਾਜਾ ਰਥਾਂ, ਘੋੜਸਵਾਰਾਂ ਅਤੇ ਬਹੁਤ ਸਾਰੇ ਜਹਾਜ਼ਾਂ ਨੂੰ ਲੈ ਕੇ ਉਸ ਦੇ ਖ਼ਿਲਾਫ਼ ਤੂਫ਼ਾਨ ਵਾਂਗ ਆਵੇਗਾ ਅਤੇ ਉਹ* ਦੇਸ਼ਾਂ ਵਿਚ ਵੜ ਕੇ ਹੜ੍ਹ ਵਾਂਗ ਤਬਾਹੀ ਮਚਾਵੇਗਾ। 41 ਉਹ ਸੋਹਣੇ ਦੇਸ਼ ਵਿਚ ਵੀ ਦਾਖ਼ਲ ਹੋਵੇਗਾ+ ਅਤੇ ਬਹੁਤ ਸਾਰੇ ਦੇਸ਼ਾਂ ਨੂੰ ਹਰਾਵੇਗਾ। ਪਰ ਇਹ ਉਸ ਦੇ ਹੱਥੋਂ ਬਚ ਨਿਕਲਣਗੇ: ਅਦੋਮ, ਮੋਆਬ ਅਤੇ ਅੰਮੋਨੀਆਂ ਦਾ ਮੁੱਖ ਹਿੱਸਾ। 42 ਉਹ ਦੇਸ਼ਾਂ ʼਤੇ ਹਮਲਾ ਕਰਦਾ ਰਹੇਗਾ ਅਤੇ ਮਿਸਰ ਦੇਸ਼ ਨਹੀਂ ਬਚੇਗਾ। 43 ਉਹ ਮਿਸਰ ਦੇ ਗੁਪਤ ਖ਼ਜ਼ਾਨੇ ਯਾਨੀ ਸੋਨੇ, ਚਾਂਦੀ ਅਤੇ ਸਾਰੀਆਂ ਕੀਮਤੀ* ਚੀਜ਼ਾਂ ʼਤੇ ਰਾਜ ਕਰੇਗਾ। ਲਿਬੀਆ ਅਤੇ ਇਥੋਪੀਆ ਦੇ ਲੋਕ ਉਸ ਦੇ ਪਿੱਛੇ-ਪਿੱਛੇ ਜਾਣਗੇ।
44 “ਪਰ ਉਹ ਪੂਰਬ ਅਤੇ ਉੱਤਰ ਤੋਂ ਖ਼ਬਰਾਂ ਸੁਣ ਕੇ ਘਬਰਾ ਜਾਵੇਗਾ ਅਤੇ ਉਹ ਬੜੇ ਗੁੱਸੇ ਨਾਲ ਬਹੁਤਿਆਂ ਨੂੰ ਨਾਸ਼ ਕਰਨ ਅਤੇ ਖ਼ਤਮ ਕਰਨ ਲਈ ਨਿਕਲੇਗਾ। 45 ਉਹ ਵੱਡੇ ਸਮੁੰਦਰ ਅਤੇ ਸੋਹਣੇ ਦੇਸ਼ ਦੇ ਪਵਿੱਤਰ ਪਹਾੜ ਵਿਚਕਾਰ ਆਪਣਾ ਸ਼ਾਹੀ* ਤੰਬੂ ਲਾਵੇਗਾ+ ਅਤੇ ਅਖ਼ੀਰ ਵਿਚ ਉਸ ਦਾ ਅੰਤ ਹੋ ਜਾਵੇਗਾ ਅਤੇ ਉਸ ਦੀ ਮਦਦ ਕਰਨ ਲਈ ਕੋਈ ਨਹੀਂ ਹੋਵੇਗਾ।